ਹੜ੍ਹਾਂ ਦੀ ਮਾਰ ਖ਼ਬਰਾਂ ਸੁਣਦਿਆਂ ਅਹਿਸਾਸ ਤਾਂ ਹੁੰਦਾ ਹੀ ਹੈ ਕਿ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਹੈ ਪਰ ਅਸਲੀ ਹਾਲਾਤਾਂ ਦਾ ਤਾਂ ਪਤਾ ਲੱਗਦਾ ਹੈ ਜਦੋਂ ਤੁਸੀਂ ਆਪਣੀਆਂ ਅੱਖਾਂ ਨਾਲ ਜਾ ਕੇ ਦੇਖਦੇ ਹੋ। ਅੱਜ ਅਸੀਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ 2 ਸਤੰਬਰ 2025 ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਕੁੱਝ ਇਲਾਕਿਆਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚੇ। ਅਸੀਂ ਇਹ ਮਹਿਸੂਸ ਕੀਤਾ ਕਿ ਇੰਨੇ ਵੱਡੇ ਨੁਕਸਾਨ ਦੇ ਮੁਕਾਬਲੇ ਸਾਡੀ ਮਦਦ ਬਹੁਤ ਨਿਗੂਣੀ ਹੈ। ਇਕ ਗੱਲ ਹੋਰ ਸੋਚਣ ਵਾਲੀ ਹੈ ਕਿ ਸਾਡੇ ਵਿੱਚੋਂ ਬਹੁਤੇ ਕੇਵਲ ਰਾਸ਼ਣ ਭਾਵ ਆਟੇ ਦਾਲ ਦੇ ਰਾਹੀਂ ਹੀ ਮਦਦ ਕਰਨਾ ਚਾਹੁੰਦੇ ਹਨ। ਉਹ ਮਦਦ ਵੀ ਜ਼ਰੂਰੀ ਹੈ ਪਰ ਇਸ ਤਰ੍ਹਾਂ ਦੀ ਮਦਦ ਕਰਨ ਵਾਲਿਆਂ ਦੀ ਲਾਈਨਾਂ ਲੱਗੀਆਂ ਹੋਈਆਂ ਹਨ। ਜਿਨ੍ਹਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ, ਜਿਨ੍ਹਾਂ ਦੇ ਜੀਅ ਹੜ੍ਹਾਂ ਵਿਚ ਮਾਰੇ ਗਏ, ਜਿਨ੍ਹਾਂ ਦੇ ਘਰ ਢਹਿ ਗਏ, ਜਿਨ੍ਹਾਂ ਦੇ ਪਸ਼ੂ ਰੁੜ੍ਹ ਗਏ ਉਨ੍ਹਾਂ ਦੀ ਮਦਦ ਕਿਵੇਂ ਕੀਤੀ ਜਾਵੇ ਇਹ ਸਾਨੂੰ ਸੋਚਣਾ ਪਵੇਗਾ। ਥੋੜਾ ਜਿਹਾ ਰਾਸ਼ਣ ਲੈਣ ਲਈ ਲੱਗੀਆਂ ਲਾਈਨਾਂ ਵੇਖ ਕੇ ਤਰਸ ਆਉਂਦਾ ਹੈ। ਸਰਕਾਰੀ ਮੁਆਵਜ਼ਾ ਕਦੋਂ ਪਹੁੰਚਦਾ ਹੈ, ਪਹੁੰਚਦਾ ਵੀ ਹੈ ਕਿ ਨਹੀਂ ਇਸ ਦੀ ਉਮੀਦ ਵੀ ਘੱਟ ਹੈ। @ਹਾਈਲਾਈਟ ਕਰੋ