ਪ੍ਰਿੰ: ਗੁਰਬਚਨ ਸਿੰਘ

99155-29725

ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਆਗਮਨ ਦਿਵਸ ਤੇ ਵਿਸ਼ੇਸ਼
ਨਾਨਕਿ ਰਾਜੁ ਚਲਾਇਆ…………

ਗੁਰੂ ਨਾਨਕ ਸਾਹਿਬ ਜੀ ਦੇ ਆਤਮਿਕ ਅਨੁਭਵ ਨੇ ਇਹ ਮਹਿਸੂਸ ਕੀਤਾ ਤੇ ਸਮਝਿਆ ਕਿ ਦੇਸ਼ ਪੰਜਾਬ ਦੇ ਵਾਸੀਆਂ ਨੂੰ ਆਪਣੀ ਹੋਂਦ, ਗੈਰਤ, ਅਣਖ਼ ਦਾ ਅਹਿਸਾਸ ਕਰਾਉਣ ਲਈ ਠੋਸ ਵਿਚਾਰਾਂ ਤੇ ਉਪਰਾਲਿਆਂ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਇਖ਼ਲਾਕੀ ਗਿਰਾਵਟ ਦੀਆਂ ਚੁਣੌਤੀਆਂ ਨੂੰ ਸਾਹਮਣੇ ਰੱਖਿਆ—

ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ (722)

ਗ਼ਲਾਮੀ ਦੀ ਦਲਦਲ ਵਿੱਚ ਫਸੇ ਲੋਕਾਂ ਨੇ ਆਪਣਾ ਧਰਮ, ਈਮਾਨ, ਬੋਲੀ, ਰਵਾਇਤੀ ਪਹਿਰਾਵੇ ਦਾ ਹੀ ਤਿਆਗ ਕਰ ਦਿੱਤਾ ਹੈ। ਜਿਹਾ ਕਿ ਫੁਰਮਾਣ ਹੈ—

ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥
ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥ (663)

ਅਤੇ

ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥
ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥ (472)

ਇੱਜ਼ਤ ਗਵਾ ਕੇ ਜਿਊਣਾ, ਕਮਾਉਣਾ ਤੇ ਖਾਣਾ ਸਭ ਹਰਾਮ ਹੈ-

ਜੇ ਜੀਵੈ ਪਤਿ ਲਥੀ ਜਾਇ ॥
ਸਭੁ ਹਰਾਮੁ ਜੇਤਾ ਕਿਛੁ ਖਾਇ ॥ (142)

ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ, ਜਿਸ ਵਿੱਚ ਸਵੈਮਾਣ, ਆਪਾ ਵਾਰਨ ਦਾ ਜਜ਼ਬਾ, ਕਿਸੇ ਦਾ ਦਰਦ ਵੰਡਾਉਣਾ ਤੇ ਸਿਰ ਉੱਚਾ ਰੱਖ ਕੇ ਚੱਲਣ ਦਾ ਅਹਿਦ ਹੈ—

ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥
ਨਾਨਕ ਅਵਰੁ ਨ ਜੀਵੈ ਕੋਇ ॥ (142)

ਗੁਰੂ ਨਾਨਕ ਸਾਹਿਬ ਜੀ ਨੇ ਦੇਸ਼ ਪੰਜਾਬ ਵਿੱਚ ਉਸ ਕਿਰਦਾਰ ਦੀ ਸਿਰਜਣਾ ਕੀਤੀ, ਜੋ ਕੇਵਲ ਸੱਚ ਦੇ ਅਧਾਰਤ ਹੈ-

ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ (966)

ਮਨੁਖ ਦੇ ਮੁਕੰਮਲ ਕਿਰਦਾਰ ਨੂੰ ਗੁਰੂ ਸਾਹਿਬ ਜੀ ਨੇ ‘ਸਚਿਆਰ’ ਦੇ ਨਾਂ ਦੀ ਪ੍ਰੀਭਾਸ਼ਾ ਦਿੱਤੀ। ‘ਸਚਿਆਰ’ ਕਿਰਦਾਰ ਨੇ ਹੀ ‘ਖਾਲਸਾ’ ਸ਼ਬਦ ਦਾ ਰੂਪ ਧਾਰਨ ਕਰ ਗਿਆ।

ਮਹਿਸੂਸ ਕੀਤਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮਿਸ਼ਨ ਨੂੰ ਦਸ ਭਾਗਾਂ ਵਿੱਚ ਵੰਡਿਆ, ਜੋ ਸਮੇਂ ਸਮੇਂ ਉਜਾਗਰ ਹੋਇਆ। ਗੁਰੂ ਨਾਨਕ ਪਾਤਸ਼ਾਹ ਦੀ ਬਣਾਈ ਵਿਉਂਤਬੰਦੀ ਅਨੁਸਾਰ ਗੁਰੂ ਅੰਗਦ ਪਾਤਸ਼ਾਹ ਜੀ ਨੇ ਮੁਢਲੇ ਤੌਰ ‘ਤੇ ਬੱਚਿਆਂ ਨੂੰ ਵਿਦਿਆ ਦੇਣ ਦੇ ਨਾਲ ਨਾਲ ਮੱਲ ਅਖਾੜੇ ਬਣਾਏ। ਤੀਜੇ ਪਾਤਸ਼ਾਹ ਜੀ ਨੇ ਜਾਤ-ਪਾਤ ਦਾ ਕੋਹੜ ਵੱਢਦਿਆਂ ਪੰਗਤ-ਸੰਗਤ ਦੇ ਸੰਕਲਪ ਨੂੰ ਦ੍ਰਿੜਤਾ ਦਿੱਤੀ। ਚੌਥੇ ਪਾਤਸ਼ਾਹ ਜੀ ਨੇ ਨਾਨਕਈ ਫਲਸਫੇ ਨੂੰ ਅੱਗੇ ਤੌਰਦਿਆਂ ਕੌਮ ਲਈ ਕੇਂਦਰੀ ਅਸਥਾਨ ਸਥਾਪਿਤ ਕਰਕੇ ਕਿਰਤੀਆਂ ਦੀ ਕਿਰਤ ਨੂੰ ਸੰਭਾਲਿਆ। ਕੌਮਾਂਤਰੀ ਪੱਧਰ ਦੇ ਵਪਾਰੀ ਬਣਾਇਆ। ਗੁਰੂ ਅਰਜਨ ਪਾਤਸ਼ਾਹ ਜੀ ਨੇ ਤੱਤੀ ਤਵੀ, ਤੱਤਾ ਰੇਤਾ, ਦੇਗ ਦੇ ਗਰਮ ਪਾਣੀ ਦਾ ਸਫਰ ਤਹਿ ਕਰਦਿਆਂ ਸੱਚ ਦੀ ਅਣਖ ਨੂੰ ਬਰਕਰਾਰ ਰੱਖਦਿਆਂ ਸ਼ਹਾਦਤ ਦਾ ਜਾਮ ਪੀਤਾ। ਗੁਰੂ ਸਾਹਿਬ ਜੀ ਦੀ ਸ਼ਹੀਦੀ ਦੇਸ਼ ਪੰਜਾਬ ਵਿਚ ਕੂਹਣੀ ਮੋੜ ਸੀ, ਜਿਸ ਵਿਚੋਂ ਸਮੇਂ ਅਨੁਸਾਰ ਸੱਚ ਦਾ ਰਾਜ ਕਾਇਮ ਕਰਨਾ ਪ੍ਰਗਟ ਹੋਇਆ। ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਨਾਨਕਈ ਫਲਸਫੇ ਨੂੰ ਸੱਚੇ ਰਾਜ ਭਾਗ ਵਿੱਚ ਪ੍ਰਗਟ ਕਰਦਿਆਂ ਫੌਜ ਦੀ ਤਿਆਰੀ ਸ਼ੁਰੂ ਕੀਤੀ। ਇਹ ਫੌਜ ਨਿਤਾਣਿਆਂ, ਨਿਮਾਣਿਆਂ, ਜ਼ੁਲਮ ਦੇ ਸਤਾਇਆਂ ਹੋਇਆਂ ਨੂੰ ਇਨਸਾਫ਼ ਦੇਣ ਲਈ ਸੀ।

ਉਨ੍ਹਾਂ ਦੇ ਜੀਵਨ ਨੂੰ ਸੰਖੇਪ ਵਿੱਚ ਸਮਝਣ ਦਾ ਯਤਨ ਕਰਦੇ ਹਾਂ।

ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਆਗਮਨ ਭੱਟ ਵਹੀਆਂ ਅਨੁਸਾਰ ਮਾਤਾ ਗੰਗਾ ਜੀ ਦੀ ਕੁਖ ਤੋਂ 19 ਜੂਨ 1590 ਨੂੰ ਹੋਇਆ। ਜਦ ਕਿ ਪ੍ਰਚੱਲਤ ਇਤਿਹਾਸ ਅਨੁਸਾਰ ਗੁਰੂ ਸਾਹਿਬ ਜੀ ਦਾ ਆਗਮਨ 9 ਜੂਨ 1595 ਦਾ ਲਿਖਿਆ ਹੈ, ਪਰ ਡਾ. ਹਰਜਿੰਦਰ ਸਿੰਘ ਦਿਲਗੀਰ ਸਿੱਖ ਤਵਾਰੀਖ ਦੇ ਪੰਨਾ 225 ‘ਤੇ ਕੀਰਤ ਭੱਟ ਦੀ ਵਹੀ ਮੁਲਤਾਨ ਸਿੰਧੀ ਦੇ ਹਵਾਲੇ ਨਾਲ ਲਿਖਦੇ ਹਨ ਕਿ—

ਬਧਾਈ ਲੀ ਹਰਿ ਗੋਬਿੰਦ ਕੀ, ਬੇਟਾ ਗੁਰੂ ਅਰਜਨ ਜੀ ਮਹਲ ਪੰਚਮ ਕਾ, ਪੋਤਾ ਗੁਰੂ ਰਾਮਦਾਸ ਜੀ ਕਾ ਸੰਮਤ ਸਤਰਾਂ ਸੈ ਸੰਤਾਲੀਸ, ਮਾਹ ਅਸਾੜ, ਦਿਹੁੰ ਇਕੀਸ ਗਿਆਂ, ਸਵਾ ਪਹਰ ਰੈਣ ਰਹੀ, ਮਾਤਾ ਗੰਗਾ ਜੀ ਕੇ ਉਦਰ ਥੀਂ, ਗਾਮ ਵਡਾਲ਼ੀ, ਪਰਗਣਾ ਗੁਰੂ ਚੱਕ ਮੇਂ ਏਕ ਚਮਤਕਾਰੀ ਬਾਲਕ ਪੈਦਾ ਹੂਆ, ਨਾਉਂ ਸ੍ਰੀ ਹਰਿ ਗੋਬਿੰਦ ਜੀ ਰਾਖਾ, ਕੁਲ ਪ੍ਰੋਹਤ ਸਿੰਘਾ ਕੋ ਮਾਨਾ। ਗੁਰੂ ਕੀ ਕੜਾਹੀ ਕੀ। ਅਤਿਥ ਗਰੀਬ ਗੁਰਬੇ ਕੋ ਦਾਨ ਦੀਆ।
(ਭੱਟ ਵਹੀ ਮੁਲਤਾਨੀ ਸਿੰਧੀ ਲਿਖਤ ਕੀਰਤ ਭੱਟ, ਬੇਟਾ ਭੱਟ ਭਿਖੇ ਕਾ)

ਗੁਰੂ ਹਰਿ ਗੋਬਿੰਦ ਸਾਹਿਬ ਜੀ ਕੁਝ ਸਮਾਂ ਵਡਾਲੀ, ਤਰਨਤਾਰਨ, ਅੰਮ੍ਰਿਤਸਰ ਤੇ ਕੁਝ ਸਮਾਂ ਲਾਹੌਰ ਵੀ ਬਿਤਾਇਆ। ਭਾਈ ਗੁਰਦਾਸ ਸਾਹਿਬ ਜੀ ਤੋਂ ਪੜਾ੍ਹਈ ਲਿਖਾਈ ਤੇ ਬਾਬਾ ਬੁਢਾ ਸਾਹਿਬ ਜੀ ਤੋਂ ਘੋੜ ਸਵਾਰੀ ਤੇ ਸ਼ਸਤ੍ਰ ਸਿਖਲਾਈ ਹਾਸਲ ਕੀਤੀ। ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਅਨੰਦ ਕਾਰਜ 1604 ਪਿੰਡ ਡੱਲਾ ਜ਼ਿਲ੍ਹਾ ਕਪੂਰਥਲਾ ਭਾਈ ਨਰਾਇਣ ਦਾਸ ਜੁਲਕਾ ਤੇ ਮਾਤਾ ਭਾਗ ਭਰੀ ਦੀ ਬੇਟੀ ਦਮੋਦਰੀ ਨਾਲ ਹੋਇਆ। ਗੁਰੂ ਸਾਹਿਬ ਜੀ ਦੀ ਬਰਾਤ ਵਿੱਚ ਬਾਬਾ ਬੁਢਾ ਜੀ, ਭੱਟ ਕੀਰਤ ਜੀ, ਭੱਟ ਮੱਥਰਾ ਜੀ, ਭਾਈ ਗੁਰਦਾਸ ਜੀ, ਭਾਈ ਪਰਾਣਾ ਜੀ ਭਾਈ ਜੇਠਾ ਜੀ ਸ਼ਾਮਿਲ ਹੋਏ।

ਰਾਜਨੀਤਿਕ ਪੱਖ ਦੇਖਿਆ ਜਾਏ ਤਾਂ ਅਕਬਰ ਬਾਦਸ਼ਾਹ ਦੀ ਨੀਤੀ ਸਦਾ ਸੁਲਾਹ ਕੁੰਨ ਰਹੀ ਸੀ ਜਦ ਕਿ ਜਹਾਂਗੀਰ ਉਸ ਤੋਂ ਉਲਟ ਚੱਲ ਰਿਹਾ ਸੀ। ਅਕਬਰ ਦੀ 17 ਅਕਤੂਬਰ 1605 ਈ ਨੂੰ ਮੌਤ ਹੋ ਗਈ ਸੀ, ਉਪਰੰਤ ਜਹਾਂਗੀਰ ਰਾਜ ਗੱਦੀ ਤੇ ਬੈਠਾ। ਜਹਾਂਗੀਰ ਨੇ ਅਕਬਰ ਵਾਲੀ ਨੀਤੀ ਤਿਆਗ ਕੇ ਕੱਟੜ ਪੰਥੀਆਂ ਅਨੁਸਾਰ ਚੱਲਣ ਲੱਗ ਪਿਆ। ਕੱਟੜ ਪੰਥੀਆਂ ਵਿੱਚ ਖ਼ੁਆਜ਼ਾ ਮੁਹੰਮਦ ਬਾਕੀ ਬਿੱਲਾ ਤੇ ਸ਼ੇਖ ਅਹਿਮਦ ਸਰਹੰਦੀ ਦਾ ਨਾਂ ਆਉਂਦਾ ਹੈ। ਇਨ੍ਹਾਂ ਦੋਹਾਂ ਦਾ ਮਿਲਾਪ 1599 ਨੂੰ ਦਿੱਲੀ ਵਿੱਚ ਹੋਇਆ। ਇਹ ਜਨੂੰਨੀ ਤੇ ਕੱਟੜਤਾ ਵਿੱਚ ਵਿਸ਼ਵਾਸ ਰੱਖਦੇ ਸਨ। ਜਹਾਂਗੀਰ ਇਨ੍ਹਾਂ ਦਾ ਪ੍ਰਭਾਵ ਕਬੂਲਦਾ ਸੀ। ਇਨ੍ਹਾਂ ਨੇ ਹੀ ਨਾਨਕਈ ਫਲਸਫੇ ਤੋਂ ਇਸਲਾਮ ਨੂੰ ਸਭ ਤੋਂ ਵੱਧ ਖਤਰਾ ਦੱਸਿਆ। ਕਟੱੜ ਪੰਥੀਆਂ ਨੇ ਇਸ ਸੱਚ ਦੀ ਲਹਿਰ ਨੂੰ ਦਬਾਉਣ ਦਾ ਯਤਨ ਆਰੰਭਿਆ। ਦੂਸਰੇ ਪਾਸੇ ਜਾਤ ਹੰਕਾਰੀ ਬ੍ਰਾਹਮਣ ਵੀ ਪਿਛਲੇ ਲੰਮੇ ਸਮੇਂ ਸਰਕਾਰੇ ਦਰਬਾਰੇ ਨਾਨਕਈ ਫਸਲਫੇ ਦੀਆਂ ਸ਼ਿਕਾਇਤਾਂ ਲਗਾਉਂਦੇ ਆ ਰਹੇ ਸਨ।

ਗੁਰੂ ਅਮਰਦਾਸ ਜੀ ਦੇ ਸਮੇਂ ਲਾਹੌਰ ਤੋਂ ਸੰਮਨ ਆਏ ਸਨ ਤਾਂ ਗੁਰੂ ਸਾਹਿਬ ਜੀ ਨੇ ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ) ਨੂੰ ਲਾਹੌਰ ਭੇਜਿਆ ਸੀ। ਜ਼ਰਾ ਸੋਚੀਏ ਤਾਂ ਸਮਝ ਆਉਂਦਾ ਹੈ ਕਿ ਇੱਕ ਪਾਸੇ ਬਾਦਸ਼ਾਹ ਅਕਬਰ, ਲਾਹੌਰ ਦਾ ਸੂਬੇਦਾਰ ਤੇ ਉਨ੍ਹਾਂ ਦੇ ਨਾਲ ਸਲਾਹਕਾਰ ਸਨ। ਜਦ ਕਿ ਦੂਜੇ ਪਾਸੇ ਭਾਈ ਜੇਠਾ ਜੀ ਇਕੱਲੇ ਸਨ, ਜਿਨ੍ਹਾਂ ਨੇ ਹਰੇਕ ਪ੍ਰਸ਼ਨ ਦਾ ਬ-ਦਲੀਲ ਉੱਤਰ ਦੇ ਕੇ ਸਭ ਨੂੰ ਨਿਰਤੁਰ ਕਰ ਦਿੱਤਾ। ਲਾਹੌਰ ਦੀ ਇਸ ਘਟਨਾ ਤੋਂ ਅਕਬਰ ਬਹੁਤ ਪ੍ਰਭਾਵਤ ਹੋਇਆ। ਅਕਬਰ ਬਾਦਸ਼ਾਹ ਗੋਇੰਦਵਾਲ ਦੀ ਸਾਰੀ ਮਰਿਯਾਦਾ ਦੇਖਣ ਲਈ ਖ਼ੁਦ ਆਇਆ ਸੀ।

ਅਕਬਰ ਬਾਦਸ਼ਾਹ ਤੱਕ ਦਾ ਸਮਾਂ ਬਹੁਤ ਸੁਖਾਵਾਂ ਰਿਹਾ ਸੀ। ਇਹ ਸਮਾਂ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦਾ ਰਿਹਾ ਸੀ। ਜਿਉਂ ਹੀ ਜਹਾਂਗੀਰ ਨੇ ਰਾਜ ਭਾਗ ਸੰਭਾਲਿਆ ਓਦੋਂ ਤੋਂ ਹੀ ਨਾਨਕਈ ਫਲਸਫੇ ਦਾ ਵਿਰੋਧ ਸ਼ੁਰੂ ਹੋ ਗਿਆ।

ਗੁਰੂ ਅਰਜਨ ਪਾਤਸ਼ਾਹ ਜੀ ਨੇ ਹਾਲਾਤ ਨੂੰ ਮੁਖ ਰੱਖਦਿਆਂ ਭਾਈ ਬਾਬਾ ਬੁਢਾ ਜੀ ਭਾਈ ਗੁਰਦਾਸ ਜੀ ਹੋਰ ਨਾਮੀ ਸਿੱਖਾਂ ਨਾਲ ਸਲਾਹ ਮਸ਼ਵਰਾ ਕੀਤਾ ਕਿ ਆਉਣ ਵਾਲਾ ਸਮਾਂ ਹਕੂਮਤ ਨਾਲ ਟੱਕਰ ਵਾਲਾ ਹੋਏਗਾ। ਉਹੀ ਹੋਇਆ ਜੋ ਕਟੱੜ ਪੰਥੀ ਕਰਨਾ ਚਾਹੁੰਦੇ ਸਨ। ਲਾਹੌਰ ਦਰਬਾਰ ਵਿੱਚ ਗੁਰੂ ਅਰਜਨ ਸਾਹਿਬ ਜੀ ਸਬੰਧੀ ਝੂਠੀਆਂ ਸ਼ਕਾਇਤਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਲਾਹੌਰ ਦਰਬਾਰ ਦੀਆਂ ਸਰਗਰਮੀਆਂ ਤੋਂ ਗੁਰੂ ਅਰਜਨ ਪਾਤਸ਼ਾਹ ਭਲੀ ਭਾਂਤ ਜਾਣੂੰ ਸਨ ਫਿਰ ਵੀ ਸਮਾਜ ਦੇ ਵਿਕਾਸ ਲਈ ਕਾਰਜ ਕਰ ਰਹੇ ਸਨ। ਗੁਰੂ ਅਰਜਨ ਪਾਤਸ਼ਾਹ ਜੀ ਨੇ ਚਾਰ ਨਵੇਂ ਨਗਰ ਵਸਾਏ ਜਦ ਕਿ ਕਈ ਖੂਹ ਤੇ ਬਉਲੀਆਂ ਬਣਵਾਈਆਂ। ਸਮਾਜ-ਵਿਕਾਸ ਦੇ ਕੰਮ ਦੇਖ ਕੇ ਬਹੁਤ ਸਾਰੇ ਮੁਸਲਮਾਨ ਵੀ ਸਿੱਖੀ ਵਿੱਚ ਸ਼ਾਮਿਲ ਹੋਏ।

ਦੂਸਰੇ ਪਾਸੇ ਜਹਾਂਗੀਰ ਦੇ ਕੱਟੜ ਪੰਥੀਆਂ ਨੇ ਅਜਿਹੇ ਕੰਨ ਭਰੇ, ਜੋ ਖ਼ੁਦ ਜਹਾਂਗੀਰ ਆਪਣੀ ਡਾਇਰੀ (ਤੌਜ਼ਕੇ ਜਹਾਂਗੀਰੀ) ਵਿੱਚ ਲਿਖਦਾ ਹੈ ਕਿ ਮੈਂ ਇਹ ਝੂਠ ਦੀ ਦੁਕਾਨ ਬੰਦ ਕਰਨੀ ਹੈ। ਦੂਸਰਾ ਬਹੁਤ ਸਾਰੇ ਮੁਲਾਂ ਮੌਲਾਣਿਆਂ ਤੇ ਦੇਸੀ ਬ੍ਰਾਹਮਣਾਂ ਨੇ ਵੀ ਹਕੂਮਤ ਨੂੰ ਨਾਨਕਈ ਫਲਸਫੇ ਦੇ ਵਿਰੁਧ ਭੜਕਾਇਆ। ਲਾਹੌਰ ਦਰਬਾਰ ਵਲੋਂ ਗੁਰੂ ਸਾਹਿਬ ਜੀ ਦੀ ਗ੍ਰਿਫ਼ਤਾਰੀ ਦਾ ਹੁਕਮ 22 ਮਈ 1606 ਨੂੰ ਹੋਇਆ।

25 ਮਈ 1606 ਨੂੰ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਦਰਬਾਰ ਸਾਹਿਬ ਦੇ ਸਾਹਮਣੇ ਦੀਵਾਨ ਸਜਾ ਕੇ ਗੁਰਿਆਈ ਦਿੱਤੀ ਗਈ। ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਬਾਬਾ ਬੁਢਾ ਜੀ, ਭਾਈ ਗੁਰਦਾਸ ਜੀ ਤੇ ਹੋਰ ਨਾਮੀ ਸਿੱਖਾਂ ਨੂੰ ਸੌਂਪਣਾ ਕਰਕੇ ਆਪ ਲਾਹੌਰ ਨੂੰ ਚੱਲ ਪਏ। 26 ਮਈ ਨੂੰ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਿਆ। ਇਕ ਮਨੁਖੀ ਰਾਜ ਹੋਣ ਕਰਕੇ ਬਹੁਤੇ ਇਨਸਾਫ਼ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਸੀ। ਗੁਰੂ ਸਾਹਿਬ ਜੀ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ, ਜੋ ਗੁਰੂ ਸਾਹਿਬ ਜੀ ਨੇ ਮੁਢੋਂ ਹੀ ਨਿਕਾਰ ਦਿੱਤਾ। ਚਾਰ ਦਿਨ ਤੱਤੀ ਰੇਤ, ਤੱਤੀ ਤਵੀ ਤੇ ਉਬਲ਼ਦੇ ਪਾਣੀ ਦੀ ਯਾਸਾ ਕਾਨੂੰਨ ਦੇ ਅਧਾਰਿਤ ਸਜਾ ਦਿੱਤੀ ਗਈ। ਗੁਰੂ ਸਾਹਿਬ ਜੀ ‘ਤੇ ਬਹੁਤ ਜ਼ਿਆਦਾ ਤਸ਼ੱਦਤ ਕੀਤਾ ਗਿਆ। ਅਖੀਰ ਰਾਵੀ ਦਰਿਆ ਵਿੱਚ ਰੋਹੜ ਕੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ।

ਸਿਰਦਾਰ ਕਪੂਰ ਸਿੰਘ ਦੀ ਸਾਚੀ ਸਾਖੀ ਅਨੁਸਾਰ ਸ਼ੇਖ ਅਹਿਮਦ ਸਰਹੰਦੀ ਨੇ ਸ਼ੁਕਰਾਨੇ ਦੀ ਚਿੱਠੀ ਜਹਾਂਗੀਰ ਨੂੰ ਲਿਖੀ।

ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਮਗਰੋਂ ਸਿੱਖਾਂ ਨੇ ਅੱਖੀਂ ਵੇਖ ਲਿਆ ਕਿ ਕਾਜ਼ੀ-ਹਾਕਮ, ਖੱਤ੍ਰੀ-ਕਰਮਚਾਰੀ ਅਤੇ ਜਾਤ ਅਭਿਮਾਨੀ ਬ੍ਰਾਹਮਣਾਂ ਨੂੰ ਗੁਰੂ ਨਾਨਕ ਜੀ ਦੀ ਤਾਲੀਮ ਚੁਭ ਰਹੀ ਸੀ। ਪੈਰਾਂ ਹੇਠ ਲਤਾੜੀਂਦੇ ਬੰਦਿਆਂ ਨੂੰ ਜਗਾਣਾ ਹੀ ਇਹਨਾਂ ਲੋਕਾਂ ਵਾਸਤੇ ਅਸਹਿ ਕੰਮ ਸੀ। ਨਿਰਦਈ ਸੁਆਰਥੀ ਲੋਕਾਂ ਨੇ ਗ਼ਰੀਬਾਂ ਦੇ ਦਰਦੀ ਪੰਜਵੇਂ ਗੁਰੂ ਅਰਜਨ ਪਾਤਿਸ਼ਾਹ ਨੂੰ ਸ਼ਹੀਦ ਕਰ ਕੇ ਜਾਗ ਪਈ ਮਨੁਖਤਾ ਨੂੰ ਵੰਗਾਰਿਆ। ਮਾਝੇ ਦੀ ਰਗ ਰਗ ਤੜਪ ਉੱਠੀ। ਗੱਭਰੂਆਂ ਦੇ ਡੌਲਿਆਂ ਵਿਚ ਲਹੂ ਨੇ ਜੋਸ਼ ਮਾਰਿਆ। ਗੁਰੂ ਨਾਨਕ ਸਾਹਿਬ ਅਤੇ ਉਹਨਾਂ ਦੇ ਜਾ-ਨਸ਼ੀਨ ਗੁਰ-ਵਿਅਕਤੀਆਂ ਦੇ ਜਗਾਏ ਹੋਏ ਬੰਦੇ, ਹੁਣ ਮੁੜ ਨਿਰਦਈ ਸੁਆਰਥੀਆਂ ਦੇ ਜ਼ੁਲਮ ਦਾ ਨਿਸ਼ਾਨਾ ਬਣਨ ਨੂੰ ਤਿਆਰ ਨਹੀਂ ਸਨ। ਅੱਤ ਦਾ ਇਲਾਜ ਘਸੁੰਨ ਹੀ ਹੈ। ਸਿੱਖਾਂ ਨੇ ਪੱਕਾ ਕਰ ਲਿਆ ਕਿ ਟਾਕਰਾ ਹੋ ਕੇ ਹੀ ਰਹੇਗਾ। ਸ਼ਸਤਧਾਰੀ ਬਣਨ ਦਾ ਸਮਾਂ ਆ ਗਿਆ ਹੈ।

ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਨਾਨਕਈ ਫਲਸਫੇ ਨੂੰ ਪ੍ਰਗਟ ਕਰਨ ਲਈ ਜੂਨ 1608 ਵਿੱਚ ਅਕਾਲ ਤਖਤ ਪ੍ਰਗਟ ਕੀਤਾ, ਜਿਸ ਨੂੰ ਪਹਿਲਾਂ ਥੜਾ ਸਾਹਿਬ ਅਕਾਲ ਬੁੰਗਾ ਕਿਹਾ ਗਿਆ। ਇੱਥੇ ਬੈਠ ਕੇ ਗੁਰਦੇਵ ਪਿਤਾ ਜੀ ਨੇ ਆਪ ਫੈਸਲੇ ਕਰਨੇ ਸ਼ੁਰੂ ਕੀਤੇ। ਹੁਣ ਸਮਾਂ ਆ ਗਿਆ ਸੀ ਕਿ ਨਾਨਕਈ ਫਲਸਫੇ ਨੂੰ ਇੱਕ ਸੱਚੇ ਰਾਜਸੀ ਸੰਕਲਪ ਵਜੋਂ ਸਾਕਾਰ ਕੀਤਾ ਜਾਏ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਜੇ ਖੂਹ ਵਿਚੋਂ ਪਾਣੀ ਕੱਢਣਾ ਹੈ ਤਾਂ ਪਹਿਲਾਂ ਘੜੇ ਦਾ ਮੂੰਹ ਲੱਜ ਨਾਲ ਬੰਨ੍ਹਣਾ ਪਏਗਾ।

ਜਿਉ ਕਰਿ ਖੂਹਹੁ ਨਿਕਲੈ ਗਲਿ ਬਧੇ ਪਾਣੀ।
ਜਿਉ ਮਣਿ ਕਾਲੇ ਸਪ ਸਿਰਿ ਹਸਿ ਦੇਇ ਨ ਜਾਣੀ।
ਜਾਣ ਕਥੂਰੀ ਮਿਰਗ ਤਨਿ ਮਰਿ ਮੁਕੈ ਆਣੀ।
ਤੇਲ ਤਿਲਹੁ ਕਿਉ ਨਿਕਲੈ ਵਿਣੁ ਪੀੜੇ ਘਾਣੀ।
ਜਿਉ ਮੁਹੁ ਭੰਨੇ ਗਰੀ ਦੇ ਨਲੀਏਰੁ ਨਿਸਾਣੀ।
ਬੇਮੁਖ ਲੋਹਾ ਸਾਧੀਐ ਵਗਦੀ ਵਾਦਾਣੀ। (ਵਾਰ-34, ਪਉੜੀ-13)

ਸੱਪ ਦੇ ਸਿਰ ਵਿਚੋਂ ਮਣੀ ਲੈਣ ਲਈ ਸੱਪ ਨੂੰ ਮਾਰਨਾ ਹੀ ਪਏਗਾ। ਮਿਰਗ ਨੂੰ ਮਾਰ ਕੇ ਹੀ ਕਸਤੂਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਤਿਲ਼ਾਂ ਨੂੰ ਕੋਹਲੂ ਵਿੱਚ ਪੀੜਨ ਨਾਲ ਹੀ ਤੇਲ ਦੀ ਪ੍ਰਾਪਤੀ ਹੁੰਦੀ ਹੈ। ਵਿੰਗੇ ਟੇਢੇ ਲੋਹੇ ਨੂੰ ਅੱਗ ਵਿੱਚ ਪਾ ਕੇ ਕੋਈ ਸੰਦ ਬਣਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਸੱਚ ਦਾ ਕਿਲ੍ਹਾ (ਭਾਵ ਸੁਚੱਜਾ ਸਮਾਜ ਤੇ ਰਾਜ ਪ੍ਰਬੰਧ) ਉਸਾਰਨ ਲਈ ਤਿਆਗ, ਦ੍ਰਿੜਤਾ, ਵਫ਼ਾਦਾਰੀ ਤੇ ਸ਼ਹੀਦੀਆਂ ਦੀ ਜ਼ਰੂਰਤ ਪਏਗੀ। ਗੁਰੂ ਸਾਹਿਬ ਜੀ ਨੇ ਦੇਖ ਲਿਆ ਸੀ ਕਿ ਹੁਣ ਸ਼ਸਤਰਧਾਰੀ ਹੋਣ ਤੋਂ ਬਿਨਾਂ ਕੌਮ ਅੱਗੇ ਨਹੀਂ ਵੱਧ ਸਕਦੀ। ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਮੀਰੀ ਤੇ ਪੀਰੀ ਦੇ ਰੂਪ ਵਿੱਚ ਸਾਕਾਰ ਕੀਤਾ।

ਜ਼ੁਲਮ ਨੂੰ ਠੱਲ ਪਾਉਣ ਲਈ ਤੇ ਲੋਕਾਂ ਨੂੰ ਸੱਚ ਦਾ ਰਾਜ ਦੇਣ ਲਈ ਕੁਰਬਾਨੀਆਂ ਤਾਂ ਕਰਨੀਆਂ ਪੈਣਗੀਆਂ। ਨਾਨਕਈ ਫਲਸਫੇ ਨੂੰ ਸਾਕਾਰਤਾ ਦਾ ਰੂਪ ਦਿੰਦਿਆਂ ਕੀਰਤਨ-ਕਥਾ ਵਖਿਆਨ ਦੇ ਨਾਲ ਢਾਡੀ ਵਾਰਾਂ ਸ਼ੁਰੂ ਕੀਤੀਆਂ। ਢਾਡੀਆਂ ਰਾਹੀਂ ਜੋਸ਼ ਭਰੀਆਂ ਵਾਰਾਂ ਦੀ ਪ੍ਰੰਪਰਾ ਸ਼ੁਰੂ ਕੀਤੀ ਤਾਂ ਕਿ ਦੇਸ਼ ਪੰਜਾਬ ਦੇ ਬਸੰਦਿਆਂ ਦੇ ਡੌਲ਼ਿਆਂ ਵਿੱਚ ਜੰਮਿਆ ਖੂਨ ਪਿਘਲ ਸਕੇ। ਭਾਈ ਨੱਥੂ ਮੱਲ ਜੀ ਤੇ ਭਾਈ ਅਬਦੁਲਾ ਜੀ ਨੇ ਵਾਰਾਂ ਗਾਉਂਦਿਆ ਕਿਹਾ—

ਦੋ ਤਲਵਾਰੀ ਬੱਧੀਆਂ,
ਇੱਕ ਮੀਰ ਦੀ ਇੱਕ ਪੀਰ ਦੀ।
ਇੱਕ ਅਜ਼ਮਤ ਦੀ ਇੱਕ ਰਾਜ ਦੀ।
ਇੱਕ ਰਾਖੀ ਕਰੇ ਵਜ਼ੀਰ ਦੀ।
ਪੱਗ ਤੇਰੀ, ਕੀ ਜਹਾਂਗੀਰ ਦੀ।

ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਸੰਗਤਾਂ ਨੂੰ ਸੁਨੇਹੇ ਭੇਜੇ ਕਿ ਧਰਮ, ਇਨਸਾਨੀਅਤ ਤੇ ਸੱਚ ਦੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਲਈ ਤੇ ਹਰ ਪ੍ਰਕਾਰ ਦੇ ਜ਼ੁਲਮ ਨੂੰ ਠੱਲ ਪਾਉਣ ਲਈ ਫੌਜ ਤਿਆਰ ਕਰਨੀ ਹੈ। ਮੇਰੀ ਭੇਟਾ ਚੜ੍ਹਦੀ ਜਵਾਨੀ, ਨਿਰੋਏ ਘੋੜੇ ਤੇ ਤੇਜ਼ਧਾਰ ਸ਼ਸਤਰ ਹਨ। ਕੁਝ ਹੀ ਸਮੇਂ ਵਿੱਚ ਇੱਕ ਹਜ਼ਾਰ ਦੀ ਫੌਜ ਇਕੱਠੀ ਹੋ ਗਈ। ਸਾਰੀ ਫੌਜ ਨੂੰ ਵਿਉਂਤਬੰਦੀ ਨਾਲ ਜੱਥਿਆਂ ਵਿੱਚ ਵੰਡ ਦਿੱਤਾ। ਇਨ੍ਹਾਂ ਜੱਥਿਆਂ ਨੂੰ ਭਾਈ ਪਰਾਣਾ, ਭਾਈ ਜੇਠਾ, ਭਾਈ ਬਿੱਧੀ ਚੰਦ, ਭਾਈ ਪਰਾਗਾ ਤੇ ਭਾਈ ਲੰਗਾਹ ਦੀ ਕਮਾਨ ਹੇਠ ਸ਼ਸਤਰਾਂ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ।

1609 ਵਿੱਚ ਗੁਰੂ ਕਾ ਚੱਕ ਵਿਖੇ ਲੋਹਗੜ੍ਹ ਕਿਲ੍ਹੇ ਦੀ ਤਾਮੀਰ ਕਰਦਿਆਂ 1612 ਤੱਕ ਸ਼ਹਿਰ ਦੇ ਚਾਰ ਚੁਫੇਰੇ ਦੀਵਾਰ ਬਣਾ ਦਿੱਤੀ। ਸਿੱਖ ਰਾਜ ਦਾ ਇਹ ਪਹਿਲਾ ਕਿਲ੍ਹਾ ਸੀ, ਜਿਸ ਨੇ ਸੱਚੇ ਰਾਜ, ਦੇਸ਼ ਪੰਜਾਬ ਦੇ ਲੋਕਾਂ ਨੂੰ ਧੁਰ ਅੰਦਰੋਂ ਆਜ਼ਾਦੀ ਦਾ ਅਹਿਸਾਸ ਕਰਾਇਆ।

ਜਿਉਂ ਜਿਉਂ ਗੁਰੂ ਹਰਿ ਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਸ਼ਸਤ੍ਹ੍ਹ-ਧਾਰੀ ਬਣਾਉਣ ਦੇ ਜਤਨ ਤੇਜ਼ ਕੀਤੇ, ਤਿਉਂ ਤਿਉਂ ਥੋੜ-ਵਿਤੇ ਬੰਦਿਆਂ ਦੇ ਅੰਦਰ ਹੌਲ ਪੈਣ ਲੱਗੇ। ਅਸੀ ਪਿਛੇ ਵੇਖ ਆਏ ਹਾਂ ਕਿ ਸਤਿਗੁਰੂ ਜੀ ਨੇ ਦੁਆਬੇ ਮਾਲਵੇ ਵਿਚ ਜਾਣ ਵੇਲੇ ਕਰਤਾਰਪੁਰ ਅੱਪੜ ਕੇ ਕੁਝ ਪਠਾਣ ਗੱਭਰੂ ਭੀ ਭਰਤੀ ਕਰ ਲਏ ਸਨ, ਉਹਨਾਂ ਵਿਚੋਂ ਪੈਂਦੇ ਖ਼ਾਂ ਉਤੇ ਸਤਿਗੁਰੂ ਜੀ ਦੀ ਉਚੇਚੀ ਮਿਹਰ ਸੀ। ਸਦੀਆਂ ਤੋਂ ਸੁਚ-ਭਿਟ ਦੇ ਭਰਮੀਆਂ ਨੂੰ ਇਹ ਗੱਲ ਭੀ ਪਸੰਦ ਨਹੀਂ ਸੀ ਆਉਂਦੀ। ਕਈ ਸਿੱਖ ਕਦੇ ਕਦੇ ਡੋਲ ਕੇ ਆਪੋ ਵਿਚ ਇਹ ਘੋਰ-ਮਸੋਰੇ ਕਰਿਆ ਕਰਦੇ ਸਨ ਕਿ ਗੁਰੂ ਹਰਿ ਗੋਬਿੰਦ ਸਾਹਿਬ ਦੇ ਕਰਤੱਬ ਪਹਿਲੇ ਗੁਰੂ-ਵਿਅਕਤੀਆਂ ਦੇ ਕਰਤੱਬਾਂ ਨਾਲ ਮੇਲ ਨਹੀਂ ਖਾਂਦੇ। ਪਹਿਲੇ ਗੁਰੂ ਬਾਣੀ ਉਚਾਰਦੇ ਸਨ, ਧਰਮ-ਸਾਲ ਵਿਚ ਬੈਠਦੇ ਸਨ, ਰਾਜੇ ਮਹਾਰਾਜੇ ਆ ਕੇ ਉਹਨਾਂ ਅੱਗੇ ਸਿਰ ਨਿਵਾਂਦੇ ਸਨ। ਪਰ ਗੁਰੂ ਹਰਿ ਗੋਬਿੰਦ ਸਾਹਿਬ ਨੇ ਸ਼ਿਕਾਰੀ ਕੁਤੇ ਰੱਖੇ ਹੋਏ ਹਨ, ਸ਼ਿਕਾਰ ਖੇਡਦੇ ਫਿਰਦੇ ਹਨ ਅਤੇ ਖੰਡੇ ਖੜਕਾਣ ਦਾ ਅਭਿਆਸ ਕਰਦੇ ਹਨ। ਉਂਞ ਸਿਆਣੇ ਸਿੱਖ ਜਾਣਦੇ ਸਨ ਕਿ ਤਲਵਾਰ ਅਤੇ ਕੀਰਤਨ ਦੋ ਵੱਖ-ਵੱਖ ਰਸਤੇ ਨਹੀਂ ਹਨ। ਭਾਈ ਗੁਰਦਾਸ ਜੀ ਆਦਿਕ ਵਿਦਵਾਨ ਤੇ ਸ਼ਰਧਾਲੂ ਸਿੱਖ, ਭੁਲੜਾਂ ਨੂੰ ਸਮਝਾ ਕੇ ਉਹਨਾਂ ਦੇ ਤੌਖਲੇ ਦੂਰ ਕਰਨ ਦੇ ਜਤਨ ਕਰਦੇ ਹੀ ਰਹਿੰਦੇ ਸਨ।

ਧਰਮਸਾਲ ਕਰਿ ਬਹੀਦਾ ਇਕਤ ਥਾਉਂ ਨ ਟਿਕੈ ਟਿਕਾਇਆ।
ਪਾਤਿਸਾਹ ਘਰਿ ਆਵਦੇ ਗੜਿ ਚੜਿਆ ਪਾਤਿਸਾਹ ਚੜਾਇਆ।
ਉਮਤਿ ਮਹਲੁ ਨਾ ਪਾਵਦੀ ਨਠਾ ਫਿਰੈ ਨ ਡਰੈ ਡਰਾਇਆ।
ਮੰਜੀ ਬਹਿ ਸੰਤੋਖਦਾ ਕੁਤੇ ਰਖਿ ਸਿਕਾਰੁ ਖਿਲਾਇਆ।
ਬਾਣੀ ਕਰਿ ਸੁਣਿ ਗਾਂਵਦਾ ਕਥੈ ਨ ਸੁਣੈ ਨ ਗਾਵਿ ਸੁਣਾਇਆ।
ਸੇਵਕ ਪਾਸ ਨ ਰਖੀਅਨਿ ਦੋਖੀ ਦੁਸਟ ਆਗੂ ਮੁਹਿ ਲਾਇਆ।
ਸਚੁ ਨ ਲੁਕੈ ਲੁਕਾਇਆ ਚਰਣ ਕਵਲ ਸਿਖ ਭਵਰ ਲੁਭਾਇਆ।
ਅਜਰੁ ਜਰੈ ਨ ਆਪੁ ਜਣਾਇਆ। (ਵਾਰ-26, ਪਉੜੀ-24)

ਕੁਦਰਤੀ ਗੱਲ ਹੈ ਕਿ ਗੁਰੂ ਕੇ ਚੱਕ ਦੀਆਂ ਸਰਗਰਮੀਆਂ ਦੀ ਰਿਪੋਰਟ ਲਾਹੌਰ ਅਤੇ ਦਿੱਲੀ ਦਰਬਾਰ ਵਿੱਚ ਪਹੁੰਚੀਆਂ। ਜਹਾਂਗੀਰ ਵਲੋਂ ਦਿੱਲੀ ਤੋਂ ਸੰਮਣ ਭੇਜੇ। 31 ਦਸੰਬਰ 1612 ਨੂੰ ਗੁਰੂ ਕੇ ਚੱਕ ਤੋਂ ਚੱਲੇ ਤੇ ਜਨਵਰੀ 1613 ਵਿੱਚ ਪਹੁੰਚੇ। ਗੁਰੂ ਸਾਹਿਬ ਜੀ ਨੂੰ ਗ਼੍ਰਿਫ਼ਤਾਰ ਕਰਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ। ਭਾਵੇਂ 12 ਸਾਲ ਦੀ ਨਜ਼ਰਬੰਦੀ ਸੁਣਾਈ ਸੀ ਪਰ ਸੰਗਤੀ ਦਬਾ ਕਰਕੇ ਇਹ ਬੰਦੀ ਥੋੜ ਚਿਰੀ ਰਹੀ। ਇਹ ਕਿਲ੍ਹਾ ਰਾਜਸੀ ਕੈਦੀਆਂ ਲਈ ਬਦਨਾਮ ਸੀ। ਇੱਕ ਸੌ ਤੋਂ ਉਪਰ ਇਸ ਕਿਲ੍ਹੇ ਵਿੱਚ ਰਾਜਸੀ ਰਾਜੇ ਕੈਦ ਕੱਟ ਰਹੇ ਸਨ। ਗੁਰੂ ਸਾਹਿਬ ਜੀ ਦੀ ਸੰਗਤ ਸਦਕਾ ਰਾਜਸੀ ਕੈਦੀਆਂ ਵਿੱਚ ਨਵੀਂ ਜਾਨ ਆਈ। ਕਿਲ੍ਹੇ ਅੰਦਰ ਗੁਰੂ ਸਾਹਿਬ ਜੀ ਨੇ ਸਵੇਰ ਸ਼ਾਮ ਦੇ ਦੀਵਾਨ ਲਗਾਉਣੇ ਸ਼ੁਰੂ ਕੀਤੇ। ਸੱਚ ਦੀ ਮਰਿਯਾਦਾ ਸਮਝਾਈ। ਸਵੈਮਾਣ ਤੇ ਗੁਲਾਮੀ ਦਾ ਅਹਿਸਾਸ ਕਰਾਇਆ। ਗੁਰੂ ਸਾਹਿਬ ਦੀ ਸੰਗਤ ਕਰਕੇ ਜੇਲ੍ਹ ਦਾ ਦਰੋਗਾ ਹਰੀ ਦਾਸ ਯਾਦਵ ਵੀ ਗੁਰੂ ਸਾਹਿਬ ਜੀ ਦਾ ਪੱਕਾ ਸ਼ਰਧਾਲੂ ਬਣ ਗਿਆ। ਜਦੋਂ ਕਿਲ੍ਹੇ ਵਿਚੋਂ ਗੁਰੂ ਸਾਹਿਬ ਜੀ ਦੀ ਰਿਹਾਈ ਹੋਈ ਸੀ ਤਾਂ ਜੇਲ੍ਹ ਦੇ ਦਰੋਗੇ ਨੇ ਆਪਣੇ ਘਰ ਦੀਪਮਾਲਾ ਕੀਤੀ ਸੀ।

ਜਦੋਂ ਗੁਰੂ ਸਾਹਿਬ ਜੀ ਕਿਲ੍ਹੇ ਵਿੱਚ ਨਜ਼ਰਬੰਦ ਹੋਏ ਸਨ ਤਾਂ ਬਾਬਾ ਬੁਢਾ ਜੀ, ਭਾਈ ਗੁਰਦਾਸ ਜੀ ਨੇ ਪਿੰਡ ਪਿੰਡ ਜਾ ਕੇ ਸਰਕਾਰ ਦੇ ਵਿਰੋਧ ਵਿੱਚ ਤਕੜੀ ਲਹਿਰ ਖੜੀ ਕੀਤੀ। ਸਿੱਖ ਗਵਾਲੀਅਰ ਦੇ ਕਿਲ੍ਹੇ ਤੋਂ ਬਾਹਰੋਂ ਹੀ ਨਮਸਕਾਰ ਕਰਕੇ ਮੁੜ ਜਾਂਦੇ ਸਨ। ਨਿਤਾ ਪ੍ਰਤੀ ਦੀਆਂ ਰਿਪੋਰਟਾਂ ਵੀ ਸਰਕਾਰ ਨੂੰ ਪਹੁੰਚਦੀਆਂ ਸਨ ਕਿ ਗੁਰੂ ਸਾਹਿਬ ਜੀ ਹੱਕ ਵਿੱਚ ਤੇ ਸਰਕਾਰ ਦੇ ਵਿਰੋਧ ਲੋਕ ਆਪ ਮੁਹਾਰੇ ਖੜੇ ਹੋ ਰਹੇ ਸਨ।

ਸਮਾਂ ਪਾ ਕੇ ਹਾਲਾਤ ਬਦਲ ਜਾਂਦੇ ਹਨ। ਲਾਹੌਰ ਦੇ ਸੂਬੇਦਾਰ ਮੁਰਤਜ਼ਾ ਖ਼ਾਂ ਦੀ ਮੌਤ ਹੋ ਗਈ। ਦੂਸਰਾ ਸਭ ਤੋਂ ਅਹਿਮ ਨੁਕਤਾ ਕਿ ਜਹਾਂਗੀਰ ਹੁਣ ਮੁਤਸਬੀ ਮੁਸਲਮਾਨਾਂ ਤੋਂ ਦੂਰ ਹੋ ਗਿਆ ਸੀ। ਸਾਂਈਂ ਮੀਆਂ ਮੀਰ ਤੇ ਮਲਕਾ ਨੂਰ ਜਹਾਂ ਨੇ ਵੀ ਗੁਰੂ ਸਾਹਿਬ ਦੀ ਰਿਹਾਈ ਲਈ ਆਪਣਾ ਅਸਰ ਰਸੂਖ ਵਰਤਿਆ। ਰਾਜਸੀ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ। ਗੁਰੂ ਸਾਹਿਬ ਜੀ ਦਾ ਐਨਾ ਪ੍ਰਭਾਵ ਸੀ ਕਿ 52 ਹੋਰ ਰਾਜਸੀ ਕੈਦੀਆਂ ਨੂੰ ਵੀ ਰਿਹਾ ਕਰਵਾਇਆ ਗਿਆ। 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਤਾਂ ਕਿ ਸਾਰੇ ਰਾਜਸੀ ਕੈਦੀ ਬਾਹਰ ਆ ਸਕਣ। ਇਸ ਗੱਲ ਦਾ ਜ਼ਿਕਰ ਭੱਟ ਵਹੀਆਂ ਵਿਚੋਂ ਮਿਲਦਾ ਹੈ।

ਗੁਰੂ ਸਾਹਿਬ ਜੀ ਵੱਖ-ਵੱਖ ਨਗਰਾਂ ਵਿੱਚ ਪ੍ਰਚਾਰ ਕਰਦੇ ਗੋਇੰਦਵਾਲ ਪਹੁੰਚੇ ਸਨ। ਦੂਸਰੀ ਮੁਲਾਕਾਤ ਜਹਾਂਗੀਰ ਨਾਲ ਗੁਰਦੇਵ ਪਿਤਾ ਜੀ ਦੀ ਕਲਾਨੌਰ 8 ਫਰਵਰੀ 1620 ਨੂੰ ਹੋਈ। ਇਥੋਂ ਹੀ ਚੰਦੂ ਸਿੱਖਾਂ ਦੇ ਹਵਾਲੇ ਕੀਤਾ ਗਿਆ। ਜਿਸ ਨੂੰ ਬਣਦੀ ਸਜਾ ਦਿੱਤੀ ਗਈ। ਇਥੋਂ ਗੁਰੂ ਸਾਹਿਬ ਜੀ ਜਹਾਂਗੀਰ ਨਾਲ ਕਸ਼ਮੀਰ ਦਾ ਦਾ ਦੌਰਾ ਵੀ ਕੀਤਾ। ਕਸ਼ਮੀਰ ਤੋਂ ਵਾਪਸੀ 28 ਦਿਸੰਬਰ 1620 ਨੂੰ ਗੁਰੂ ਕਾ ਚੱਕ ਆਏ।

ਇਹ ਉਹ ਸਮਾਂ ਸੀ ਜਦੋਂ ਗੁਰੂ ਸਾਹਿਬ ਜੀ ਦੇ ਸਬੰਧ ਜਹਾਂਗੀਰ ਨਾਲ ਸੁਖਾਵੇਂ ਸਨ। 1627 ਵਿੱਚ ਜਹਾਂਗੀਰ ਮਰ ਗਿਆ ਤੇ ਸ਼ਾਹ ਜਹਾਨ ਰਾਜ ਭਾਗ ਦਾ ਮਾਲਕ ਬਣ ਗਿਆ। ਨਕਸ਼ਬੰਦੀ ਲਹਿਰ ਦੇ ਪੈਰੋਕਾਰ ਫ਼ਰੀਦ ਬੁਖਾਰੀ, ਮੁਰਤਜ਼ਾ ਖ਼ਾਂ, ਲੱਲਾ ਬੇਗ ਤੇ ਕਮਰ ਬੇਗ ਨੇ ਸਿੱਖ ਲਹਿਰ ਦੇ ਵਿਰੋਧ ਵਿੱਚ ਤੁਅਸੱਬ, ਤੰਗ ਦਿਲੀ, ਈਰਖਾ, ਤੇ ਜਨੂੰਨ ਭਰੀ ਸੋਚ ਖੜੀ ਸੀ।

ਗੁਰੂ ਸਾਹਿਬ ਜੀ ਦੇ ਹਕੂਮਤ ਨਾਲ ਪੰਜ ਜੰਗ ਹੋਏ ਹਨ-

ਪਹਿਲਾ ਜੰਗ

ਪਹਿਲਾ ਜੰਗ ਗੋਬਿੰਦ ਪੁਰੇ ਦਾ ਸੀ ਜਿਸ ਨੂੰ ਗੁਰੂ ਅਰਜਨ ਪਾਤਸ਼ਾਹ ਜੀ 1587 ਵਿੱਚ ਵਸਾਇਆ ਸੀ। ਹੁਣ ਇਸ ਸ਼ਹਿਰ ਨੂੰ ਹਰਿ ਗੋਬਿੰਦ ਪੁਰ ਸਾਹਿਬ ਕਿਹਾ ਜਾਂਦਾ ਹੈ। ਇਸ ਸ਼ਹਿਰ ‘ਤੇ ਚੰਦੂ ਦੇ ਕੁੜਮ ਭਗਵਾਨ ਦਾਸ ਘੇਰੜ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਇਹ ਜੰਗ 28 ਸਤੰਬਰ ਤੋਂ 3 ਅਕਤੂਬਰ 1621 ਨੂੰ ਹੋਈ ਸੀ। ਕਾਹਨੇ ਦੇ ਮਿੱਤਰ ਭਗਵਾਨ ਦਾਸ ਘੇਰੜ ਦਾ ਪੁਤਰ ਰਤਨ ਚੰਦ ਤੇ ਚੰਦੂ ਦਾ ਪੁਤਰ ਕਰਮ ਚੰਦ ਵੀ ਆ ਰਲ਼ਿਆ। ਜਲੰਧਰ ਦਾ ਫ਼ੌਜਦਾਰ ਵੀ ਇਸ ਲੜਾਈ ਵਿੱਚ ਸ਼ਾਮਿਲ ਹੋਇਆ। ਇਹ ਤਿੰਨੋਂ ਇਸ ਲਾੜਾਈ ਵਿੱਚ ਮਾਰੇ ਗਏ। ਭਾਈ ਨਾਨੂ ਜੀ ਭਾਈ ਮਨੀ ਸਿੰਘ ਦੇ ਦਾਦੇ ਦੇ ਭਰਾ, ਭਾਈ ਪਰਾਗਾ ਜੀ, ਭਾਈ ਮਤੀ ਦਾਸ ਜੀ ਤੇ ਸਤੀ ਦਾਸ ਜੀ ਦੇ ਪੜਦਾਦਾ ਜੀ ਸ਼ਹੀਦ ਹੋਏ।

ਦੂਜੀ ਜੰਗ

ਦੂਸਰੀ ਜੰਗ 14 ਅਪ੍ਰੈਲ 1634 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਈ। ਲਾਹੌਰ ’ਤੇ ਅੰਮ੍ਰਿਤਸਰ ਦੇ ਆਲੇ ਦੁਆਲੇ ਜੰਗਲ ਸਨ। ਸਿੱਖ ਜੰਗਲ਼ਾਂ ਵਿੱਚ ਅਕਸਰ ਜੰਗ ਦਾ ਅਭਿਆਸ ਕਰਦੇ ਰਹਿੰਦੇ ਸਨ। ਸਰਕਾਰ ਦੇ ਸ਼ਾਹੀ ਬਾਜ਼ ਨੂੰ ਸਿੱਖਾਂ ਦੇ ਰੱਖੇ ਹੋਏ ਬਾਜ਼ ਨੇ ਦਬੋਚ ਲਿਆ। ਸਿੱਖਾਂ ਵਿੱਚ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦਾ ਬੜਾ ਵੱਡਾ ਰੋਸ ਸੀ। ਭਾਈ ਬੱਲੂ ਜੀ ਕਦੋਂ ਦੇ ਕਚੀਚੀਆਂ ਵੱਟ ਰਹੇ ਸਨ। ਸਿੱਖ ਫੌਜਾਂ ਨੇ ਸ਼ਾਹੀ ਬਾਜ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਜੰਗ ਸ਼ੁਰੂ ਹੋਈ। ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲੇ ਮੁਰਤਜ਼ਾ ਖ਼ਾਂ ਨੂੰ ਭਾਈ ਬੱਲੂ ਜੀ ਨੇ ਆਪਣਾ ਸ਼ਿਕਾਰ ਬਣਾਇਆ। ਭਾਈ ਬੱਲੂ ਜੀ ਵੀ ਇਸ ਜੰਗ ਵਿੱਚ ਸ਼ਹੀਦ ਹੋਏ ਸਨ। ਸ਼ਾਹੀ ਫੌਜ ਦੀ ਕਰਾਰੀ ਹਾਰ ਹੋਈ।

ਤੀਜੀ ਜੰਗ

ਇਹ ਜੰਗ ਮਹਿਰਾਜ ਵਿਖੇ ਹੋਈ ਸੀ। ਇਸ ਦਾ ਕਾਰਨ ਦੋ ਘੋੜੇ ਸਨ। ਪਿਸ਼ਾਵਰ ਦੇ ਸਿੱਖ ਨੇ ਦੋ ਘੋੜੇ ਦਿਲਬਾਗ ਦੇ ਗੁਲਬਾਗ ਗੁਰੂ ਸਾਹਿਬ ਨੂੰ ਭੇਟ ਕਰਨੇ ਸਨ ਪਰ ਸ਼ਾਹੀ ਫੌਜਾਂ ਨੇ ਰਾਹ ਵਿਚੋਂ ਹੀ ਖੋਹ ਲਏ। ਜਿਸ ਨੂੰ ਭਾਈ ਬਿੱਧੀ ਚੰਦ ਨੇ ਬੜੀ ਜੁਗਤੀ ਨਾਲ ਦੋਵੇਂ ਘੋੜੇ ਵਾਪਸ ਲਿਆਂਦੇ ਸਨ। ਲੱਲਾ ਬੇਗ, ਕਮਰ ਬੇਗ ਤੇ ਇਬਰਾਹੀਮ ਖਾਂ ਨੇ ਬਦਲੇ ਦੀ ਭਾਵਨਾ ਨਾਲ ਜੰਗ ਸ਼ੁਰੂ ਕੀਤੀ। ਇਸ ਲੜਾਈ ਵਿੱਚ ਮੁਗਲਾਂ ਦੇ ਤਿੰਨੇ ਜਰਨੈਲ ਮਾਰੇ ਗਏ। ਸਿੱਖ ਜਰਨੈਲ ਵੀ ਸ਼ਹੀਦ ਹੋਏ ਸਨ। ਅਖੀਰ ਸ਼ਾਹੀ ਫੌਜ ਹਾਰ ਖਾ ਕੇ ਭੱਜ ਗਈ।

ਚੌਥੀ ਜੰਗ

ਚੌਥੀ ਜੰਗ ਕਰਤਾਰਪੁਰ ਵਿਖੇ ਹੋਈ ਸੀ। ਇਸ ਜੰਗ ਵਿੱਚ ਨਿੱਜੀ ਸੁਆਰਥ ਲਈ ਪੈਂਦੇ ਖ਼ਾਂ ਗਦਾਰੀ ਕਰਨ ਲੱਗ ਪਿਆ ਸੀ। ਇਹ ਜੰਗ 26 ਅਪ੍ਰੈਲ ਤੋਂ 28 ਅਪ੍ਰੈਲ 1635 ਨੂੰ ਹੋਈ ਸੀ, ਇਸ ਜੰਗ ਵਿੱਚ ਬਾਬਾ (ਗੁਰੂ) ਤੇਗ ਬਹਾਦਰ ਸਾਹਿਬ ਜੀ ਨੇ ਤੇਗ ਦੇ ਜੋਹਰ ਵਿਖਾਏ ਸਨ। ਪੈਂਦੇ ਖ਼ਾਂ ਤੇ ਨਾਮੀ ਮੁਸਲਮਾਨ ਜਰਨੈਲ ਇਸ ਜੰਗ ਵਿੱਚ ਮਾਰੇ ਗਏ। ਕਰਤਾਰਪੁਰ ਸ਼ਹਿਰ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ 1593 ਈਸਵੀ ਨੂੰ ਵਸਾਇਆ ਸੀ।

ਪੰਜਵਾਂ ਜੰਗ, ਇੱਕ ਝੜਪ

ਕਰਤਾਰਪੁਰ ਦੀ ਜੰਗ ਮਗਰੋਂ ਬਚੀਆਂ-ਖੁਚੀਆਂ ਫੌਜਾਂ ਨੇ ਫਗਵਾੜੇ ਦੇ ਨੇੜੇ ਪਲਾਹੀ ਦੇ ਅਸਥਾਨ ‘ਤੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਤੇ ਸਿੱਖਾਂ ਨੂੰ ਪੰਜਵੇਂ ਜੰਗ ਦਾ ਬਾਨ੍ਹਣੂੰ ਬੰਨ੍ਹ ਕੇ ਦਬੋਚਣਾ ਚਾਹਿਆ। ਇਸ ਕਰੜੀ ਤੇ ਸਖਤ ਜੰਗ ਵਿੱਚ ਬੱਲੂ ਜੀ ਦੇ ਪੁਤਰ ਦਾਸਾ ਜੀ, ਸੁਹੇਲਾ ਜੀ ਤੇ ਧਰਮਚੰਦ ਦੇ ਸਪੁਤਰ ਜੱਗੂ ਜੀ ਵੀ ਸ਼ਹੀਦ ਹੋਏ। ਇਸ ਝੜਪ ਵਿੱਚ ਮੁਗਲ ਫੌਜਾਂ ਦੀ ਹਾਰ ਹੋਈ।

ਕੁਝ ਘਟਨਾਵਾਂ-

28 ਮਾਰਚ 1634 ਨੂੰ ਗੁਰੂ ਕਾ ਚੱਕ ਵਿਖੇ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਇਆ ਜਿਸ ਵਿੱਚ ਬਿਲਾਸਪੁਰ ਹੰਡੂਰ ਤੇ ਹੋਰ ਰਿਆਸਤਾਂ ਦੇ ਰਾਜੇ ਵੀ ਸ਼ਾਮਿਲ ਹੋਏ ਤੇ ਉਨ੍ਹਾਂ ਅਰਜ਼ ਕੀਤੀ ਕਿ ਹਜ਼ੂਰ ਇਕ ਕੇਂਦਰ ਸਾਡੇ ਪਹਾੜੀ ਖਿਤੇ ਵਿੱਚ ਵੀ ਬਣਾਓ। ਗੁਰੂ ਸਾਹਿਬ ਜੀ ਨਵਾਂ ਕੇਂਦਰ ਸਥਾਪਿਤ ਕਰਨ ਲਈ ਬਾਬਾ ਗੁਰਦਿੱਤਾ ਜੀ ਦੀ ਜ਼ਿੰਮੇਵਾਰੀ ਲਗਾਈ ਇੰਝ ਮਈ 1624 ਨੂੰ ਨਵੇਂ ਨਗਰ ਦੀ ਮੋਹੜੀ ਗੱਡੀ।

1624 ਤੋਂ 1631 ਤੱਕ ਗੁਰੂ ਕਾ ਚੱਕ ਰਹੇ। 1628 ਵਿੱਚ ਬਿਬੇਕਸਰ ਬਣਵਾਇਆ।

ਗਰੀਬ ਘਾਹੀ ਦੀ ਜੁਅਰਤ ਨੇ ਸਮੇਂ ਦੇ ਹਾਕਮ ਜਹਾਂਗੀਰ ਦੇ ਅੱਗੋਂ ਪੈਸਾ ਇਸ ਲਈ ਚੁਕ ਲਿਆ ਕਿ ਤੂੰ ਸੱਚਾ ਪਾਤਸ਼ਾਹ ਨਹੀਂ ਹੈ। ਮੇਰੀ ਭੇਟਾ ਕੇਵਲ ਸੱਚੇ ਪਾਤਸ਼ਾਹ ਅੱਗੇ ਹੀ ਹੋਏਗੀ।

ਉਦਾਸੀ ਮੱਤ ਨੂੰ ਗੁਰਮਤਿ ਦੇ ਪ੍ਰਚਾਰ ਲਈ ਆਪਣੇ ਬੇਟੇ ਗੁਰਦਿੱਤਾ ਜੀ ਨੂੰ ਸੌਂਪਣਾ ਕੀਤੀ। ਚਾਰ ਪ੍ਰਚਾਰਕ ਤੇ ਚਾਰ ਪ੍ਰਚਾਰ ਕੇਂਦਰ ਸਥਾਪਿਤ ਕੀਤੇ।

ਕਸ਼ਮੀਰ ਵਿੱਚ ਗਿਲਟੀ ਤਾਪ ਨਾਲ ਗ੍ਰਸੇ ਲੋਕਾਂ ਦੀ ਸੇਵਾ ਕੀਤੀ।

ਗੁਰੂ ਸਾਹਿਬ ਜੀ ਨੇ ਦੁਆਬੇ ਵਿੱਚ ਕੀਰਤਪੁਰ, ਮਾਲਵੇ ਵਿੱਚ ਡਰੋਲੀ ਤੇ ਉੱਤਰ ਪ੍ਰਦੇਸ਼ ਵਿੱਚ ਨਾਨਕ ਮਤੇ ਪ੍ਰਚਾਰ ਕੇਂਦਰ ਸਥਾਪਿਤ ਕੀਤੇ।

ਪੈਂਦੇ ਖ਼ਾਂ ਨੇ ਭਾਵੇਂ ਬੇਵਫ਼ਾਈ ਕੀਤੀ ਸੀ, ਪਰ ਫਿਰ ਵੀ ਗੁਰਦੇਵ ਪਿਤਾ ਜੀ ਨੇ ਢਾਲ ਦੀ ਛਾਂ ਕਰਕੇ ਕਿਹਾ ਕਿ ਪੈਂਦੇ ਖਾਂ ਕਲਮਾ ਪੜ੍ਹ ਲੈ।

ਭਾਗਭਰੀ ਨੂੰ ਕਸ਼ਮੀਰ ਤੇ ਮਾਲਵੇ ਵਿੱਚ ਭਾਈ ਸਾਧੂ ਤੇ ਰੂਪਾ ਜੀ ਨੂੰ ਗੁਰਦੇਵ ਪਿਤਾ ਜੀ ਉਚੇਚੇ ਤੌਰ ਤੇ ਮਿਲਣ ਲਈ ਗਏ।

ਲੰਮੀ ਉਮਰ ਦਾ ਝਾਂਸਾ ਦੇਣ ਵਾਲੇ ਜੋਗੀ ਨੂੰ ਭਾਈ ਤਿਲਕੇ ਨੇ ਹੀ ਸਮਝਾ ਦਿੱਤਾ ਸੀ ਕਿ ਮਿੱਤਰ ਲੰਮੀਆਂ ਉਮਰਾਂ ਵਿੱਚ ਕੀ ਰੱਖਿਆ ਹੈ। ਜੋਗੀ ਨੇ ਗੁਰੂ ਸਾਹਿਬ ਜੀ ਤੋਂ ਸਿੱਖੀ ਪ੍ਰਾਪਤ ਕਰਕੇ ਰਹਿੰਦਾ ਆਪਣਾ ਜੀਵਨ ਸਿੱਖੀ ਦੇ ਪ੍ਰਚਾਰ ਲਈ ਲਾ ਦਿੱਤਾ।

ਪੰਡਤ ਨਿਤਿਆਨੰਦ ਨੂੰ ਸਮਝ ਆ ਗਈ ਸੀ ਕਿ ਹੁਣ ਗਰੜ ਪੁਰਾਣ ਦਾ ਸਮਾਂ ਲੰਘ ਗਿਆ ਕਿਉਂਕਿ ਸਿੱਖ ਗੁਰੂ ਦੀ ਹਜ਼ੂਰੀ ਵਿੱਚ ਹੀ ਗੁਰਮਤਿ ਦੱਸਣ ਲੱਗ ਪਏ ਸਨ।

1635 ਵਿੱਚ ਗੁਰਦੇਵ ਪਿਤਾ ਜੀ ਕੀਰਤਪੁਰ ਚਲੇ ਗਏ ਤੇ 1644 ਤੱਕ ਇੱਥੇ ਰਹੇ।

1644 ਵਿੱਚ ਗੁਰਦੇਵ ਪਿਤਾ ਜੀ ਜੋਤੀ ਜੋਤ ਸਮਾਏ। ਡਾ. ਦਿਲਗੀਰ ਸਾਹਿਬ ਜੀ ਦੀ ਲਿਖਤ ਅਨੁਸਾਰ ਉਨ੍ਹਾਂ ਦੀ ਕੁਲ ਉਮਰ 54 ਸਾਲ ਬਣਦੀ ਹੈ। 40 ਕੁ ਸਾਲ ਗੁਰਤਾ ਦੀਆਂ ਜ਼ਿੰਮੇਵਾਰੀਆਂ ਨਿਭਾ ਕੇ ਸੱਚ ਦਾ ਰਾਜ ਪ੍ਰਗਟ ਕਰ ਦਿੱਤਾ।

ਜਿਦ੍ਹੇ ਪੈਰਾਂ ‘ਚ ਰੁਲਦੀਆਂ ਪਾਤਸ਼ਾਹੀਆਂ,
ਡਿੱਠਾ ਓਸ ਸੱਚੀ ਪਾਤਸ਼ਾਹੀ ਨੂੰ ਮੈਂ।
ਪੜ੍ਹੇ ਪੰਡਤਾਂ ਦੀ ਨਹੀਂ ਪਹੁੰਚ ਜਿਥੇ,
ਓਥੇ ਪੁਜਦਾ ਵੇਖਿਆ ਘਾਹੀ ਨੂੰ ਮੈਂ।