ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ
ਪ੍ਰਿੰ: ਗੁਰਬਚਨ ਸਿੰਘ
ਸਿੱਖ ਧਰਮ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਆਪ ਕੀਤੀ ਜੋ ਕਿ ਦੁਨੀਆਂ ਦੇ ਧਾਰਮਿਕ ਇਤਿਹਾਸ ਵਿੱਚ ਇੱਕ ਵਿਲੱਖਣ ਗੱਲ ਹੈ। ਭਾਵਂੇ ਸ਼ਬਦ ਨੂੰ ਵਡਿਆਈ ਗੁਰੂ ਨਾਨਕ ਸਾਹਿਬ ਜੀ ਹੀ ਦੇ ਗਏ ਸਨ ਪਰ ਪੱਕੇ ਤੌਰ ‘ਤੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਦਿੱਤੀ।
ਦੁਨੀਆਂ ਦੇ ਬਾਕੀ ਧਰਮਾਂ (ਜਿਵੇਂ ਬੁੱਧ ਧਰਮ, ਈਸਾਈ ਧਰਮ ਅਤੇ ਇਸਲਾਮ ਧਰਮ) ਦੇ ਆਗੂਆਂ ਨੇ ਆਪਣੇ ਜੀਵਨ ਕਾਲ ਵਿੱਚ ਆਪਣੇ ਹੱਥੀਂ ਕੋਈ ਗ੍ਰੰਥ ਨਹੀਂ ਲਿਖਿਆ ਅਤੇ ਨਾ ਹੀ ਕੋਈ ਅਧਿਕਾਰਤ ਬੀੜ ਤਿਆਰ ਕਰਾਈ ਸੀ। ਉਨ੍ਹਾਂ ਦੇ ਮੁਖਾਰਬਿੰਦ ਤੋਂ ਨਿਕਲੇ ਬਚਨਾਂ ਨੂੰ ਉਹਨਾਂ ਦੇ ਜਾਣ ਤੋਂ ਕਈ ਸੌ ਸਾਲਾਂ (ਜਾਂ ਸਦੀਆਂ) ਬਾਅਦ ਉਨ੍ਹਾਂ ਦੇ ਪੈਰੋਕਾਰਾਂ ਵਲੋਂ ਲਿਖੇ ਗਏ।
ਹਜ਼ਰਤ ਮੁਹੰਮਦ ਸਾਹਿਬ ਨੂੰ ਜੋ ਇਲਾਹੀ ਬਾਣੀ (ਵਹੀ) ਉਤਰਦੀ ਸੀ, ਉਸ ਨੂੰ ਉਨ੍ਹਾਂ ਦੇ ਸਾਥੀ ਪੱਥਰਾਂ, ਚਮੜੇ ਜਾਂ ਖਜੂਰਾਂ ਦੇ ਪੱਤਿਆਂ ਤੇ ਲਿਖ ਲੈਂਦੇ ਸਨ ਤੇ ਜ਼ਬਾਨੀ ਯਾਦ ਰੱਖਦੇ ਸਨ। ਮੁਹੰਮਦ ਸਾਹਿਬ ਦੇ ਜੀਵਨ ਕਾਲ ਵਿੱਚ ਇਸ ਨੂੰ ਕਿਤਾਬੀ ਰੂਪ ਨਹੀਂ ਦਿੱਤਾ ਗਿਆ ਸੀ। ਮੁੰਹਮਦ ਸਾਹਿਬ ਦੇ ਅਕਾਲ ਚਲਾਣੇ ਉਪਰੰਤ ਪਹਿਲੇ ਖ਼ਲੀਫ਼ਾ ਹਜ਼ਰਤ ਅਬੂ ਬੱਕਰ ਦੇ ਸਮੇਂ ਸਾਰੇ ਹਿੱਸਿਆਂ ਨੂੰ ਇਕੱਠਾ ਕੀਤਾ ਗਿਆ ਸੀ। ਅਖ਼ੀਰ ਤੀਜੇ ਖ਼ਲੀਫ਼ੇ ਹਜ਼ਰਤ ਉਸਮਾਨ ਦੇ ਰਾਜ ਦੌਰਾਨ ਕੁਰਾਨ ਦਾ ਇੱਕ ਪ੍ਰਮਾਣਿਕ ਕਿਤਾਬੀ ਰੂਪ ਤਿਆਰ ਕੀਤਾ ਗਿਆ।

ਹਜ਼ਰਤ ਯਿਸੂ ਮਸੀਹ ਨੇ ਆਪ ਕੋਈ ਕਿਤਾਬ ਨਹੀਂ ਲਿਖੀ ਤੇ ਨਾ ਹੀ ਆਪਣੇ ਸਾਹਮਣੇ ਲਿਖਾਈ। ਉਨ੍ਹਾਂ ਦੇ ਚੇਲਿਆਂ ਮੱਤੀ, ਮਾਰਕਸ, ਯੂਹੰਨਾ ਅਤੇ ਪੌਲੂਸ ਦੁਆਰਾ ਵੱਖ ਵੱਖ ਥਾਵਾਂ ਤੇ ਲਿਖਿਆ ਗਿਆ। ਕਈ ਸਦੀਆਂ ਬਾਅਦ ਚਰਚ ਦੀਆਂ ਕੌਂਸਿਲ ਨੇ ਤੈਅ ਕੀਤਾ ਕਿ ਇਨ੍ਹਾਂ ਲਿਖਤਾਂ ਨੂੰ ਪਵਿੱਤਰ ਬਾਈਬਲ ਵਿੱਚ ਸ਼ਾਮਿਲ ਕੀਤਾ ਜਾਏ।
ਏਸੇ ਤਰ੍ਹਾਂ ਮਹਾਤਮਾ ਬੁੱਧ ਦਾ ਮਸ਼ਹੂਰ ਧਮਪਦ ਗ੍ਰੰਥ ਵੀ ਕਈ ਸੌ ਸਾਲ ਬਾਅਦ ਲਿਖਿਆ ਗਿਆ ਹੈ। ਹਿੰਦੂ ਧਰਮ ਦੇ ਗ੍ਰੰਥ ਕਿਸੇ ਇੱਕ ਆਗੂ ਦੁਆਰਾ ਨਹੀਂ ਲਿਖੇ ਗਏ ਬਲਕਿ ਵੱਖ-ਵੱਖ ਰਿਸ਼ੀਆਂ ਮੁਨੀਆਂ ਨੂੰ ਹੋਏ ਅਨੁਭਵ ਤੇ ਉਨ੍ਹਾਂ ਨੂੰ ਅਗਾਂਹ ਦੀ ਅਗਾਂਹ ਸੁਣ ਸੁਣ ਕੇ ਲਿਖੇ ਗਏ ਹਨ।
ਸਾਰੀ ਦੁਨੀਆਂ ਦਾ ਧਰਮ ਇਕ ਹੀ ਹੈ, ਕਿ ਮਨੁੱਖ ਨੇ ਆਪਣੇ ਜੀਵਨ ਵਿੱਚ ਸਚਿਆਰ ਬਣਨਾ ਹੈ। ਸਚਿਆਰ ਉਸ ਨੂੰ ਕਿਹਾ ਗਿਆ ਹੈ ਜੋ ਸੱਚ ਦਾ ਧਾਰਨੀ ਹੋ ਕੇ ਚਲਦਾ ਹੈ। ਸੱਚ ਨੂੰ ਜਾਨਣ ਲਈ ਵੱਖੋ ਵੱਖਰੇ ਰਸਤੇ ਹਨ ਜਿੰਨ੍ਹਾਂ ਨੂੰ ਮਜ਼ਹਬ ਕਿਹਾ ਗਿਆ ਹੈ। ਉਂਝ ਤਾਂ ਸਾਰੀ ਦੁਨੀਆਂ ਦੇ ਧਾਰਮਿਕ ਗ੍ਰੰਥ ਸਤਿਕਾਰ ਯੋਗ ਹਨ ਪਰ ਸੱਚ ਨੂੰ ਸਮਝਣ ਦਾ ਜੋ ਰਸਤਾ ਗੁਰਬਾਣੀ ਨਿਰਧਾਰਤ ਕਰਦੀ ਹੈ ਉਹ ਬਹੁਤ ਹੀ ਸਰਲ ਤੇ ਸਿੱਧਾ ਸਾਦਾ ਹੈ। ਦੋ ਅੱਖਰਾਂ ਵਿੱਚ ਗੱਲ ਕਰਨੀ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਜੀਵਨ ਜਾਚ ਦਾ ਖ਼ਜ਼ਾਨਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਾਜਿਕ, ਧਾਰਮਿਕ, ਭਾਈਚਾਰਕ ਸਾਂਝ ਦਾ ਉਹ ਉਚਤਮ ਨਮੂਨਾ ਹੈ, ਜਿਹੜਾ ਹਰੇਕ ਵਰਗ ਨੂੰ ਪਿਆਰ ਗਲਵੱਕੜੀ ਵਿੱਚ ਲੈਂਦਾ ਹੈ। ਅੱਜ ਵਿਗਿਆਨ ਦਾ ਯੁੱਗ ਹੈ ਜਿਸ ਵਿੱਚ ਓਸੇ ਵਿਚਾਰ ਨੂੰ ਸਹੀ ਮੰਨਿਆ ਜਾਂਦਾ ਹੈ ਜਿਹੜਾ ਤਰਕ ਦੀ ਕਸਵੱਟੀ ‘ਤੇ ਪੂਰਾ ਉੱਤਰਦਾ ਹੈ। ਜਿਹੜਾ ਵਿਚਾਰ ਵਿਗਿਆਨ ਨਾਲ ਮੇਲ ਨਹੀਂ ਖਾਂਦਾ, ਤਰਕ ਦੀ ਕਸਵੱਟੀ ‘ਤੇ ਪੂਰਾ ਨਹੀਂ ਉੱਤਰਦਾ ਉਹ ਅੰਧ-ਵਿਸ਼ਵਾਸ ਪੈਦਾ ਕਰਦਾ ਹੈ। ਨਿਰਸੰਦੇਹ ਮਨੁੱਖ ਨੇ 1990 ਤੋਂ ਲੈ ਕੇ 2026 ਤੱਕ ਜੋ ਤਰੱਕੀ ਕੀਤੀ ਹੈ, ਉਸ ਨੇ ਸਿੱਖਰਾਂ ਨੂੰ ਛੋਹਿਆ ਹੈ। ਹਰੇਕ ਕਰਮ ਲਈ ਤੇ ਮਨੁੱਖ ਨੇ ਆਪਣੀ ਸਹੂਲਤ ਲਈ ਵੱਖ-ਵੱਖ ਮਸ਼ੀਨਾਂ ਤਿਆਰ ਕਰ ਲਈਆਂ ਹਨ। ਮਨੁੱਖੀ ਸੁੱਖ ਅਰਾਮ ਦੀਆਂ ਸਹੂਲਤਾਂ, ਆਵਾਜਾਈ ਦੇ ਸਾਧਨਾਂ ਤੇ ਟੈਲੀਫੂਨ ਦੀ ਸਹੂਲਤ ਨੇ ਸਾਰੀ ਦੁਨੀਆਂ ਇੱਕ ਮੁੱਠ ਵਿੱਚ ਕਰ ਦਿੱਤੀ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਕੁਝ ਵੀ ਵਾਪਰ ਰਿਹਾ ਹੋਵੇ ਅੱਧੇ ਸੈਕਿੰਡ ਵਿੱਚ ਸਾਰੀ ਜਾਣਕਾਰੀ ਮਿਲ ਜਾਂਦੀ ਹੈ। ਵਪਾਰ ਦੇ ਖੇਤਰ ਵਿੱਚ ਹੱਦੋਂ ਵੱਧ ਤਰੱਕੀ ਹੋਈ ਹੈ। ਘਰ ਬੈਠਿਆਂ ਹਰੇਕ ਵਸਤੂ ਮੰਗਵਾਈ ਜਾ ਸਕਦੀ ਹੈ। ਮਨੱਖ ਨੇ ਆਪਣੀ ਸਿਹਤ ਸਹੂਲਤ ਲਈ ਨਵੀਂ ਤੋਂ ਨਵੀਂ ਬਿਮਾਰੀ ਲੱਭ ਕੇ ਉਸ ਦਾ ਇਲਾਜ ਵੀ ਲੱਭਿਆ ਹੈ। ਅਸਮਾਨ ਤੇ ਸਮੁੰਦਰ ਦੀ ਗਹਿਰਾਈ ਨੂੰ ਗਾਹ ਮਾਰਿਆ ਹੈ। ਜਿਸ ਚੰਦ੍ਰਮਾ ਨੂੰ ਪੂਜਿਆ ਜਾਂਦਾ ਸੀ ਵੱਖ-ਵੱਖ ਮੁਲਕਾਂ ਨੇ ਉਸ ਦੀ ਖੋਜ ਕਰਕੇ ਨਵੀਆਂ ਇਕਾਈਆਂ ਨੂੰ ਜਨਮ ਦਿੱਤਾ ਹੈ। ਹੁਣ ਤਾਂ ਇਹ ਸਮਝ ਆਉਂਦੀ ਹੈ ਕਿ ਸ਼ਾਇਦ ਪੜ੍ਹਾਈ ਵੀ ਮਸ਼ੀਨਾਂ ਹੀ ਕਰਾਉਣਗੀਆਂ। ਤੁਸੀਂ ਕੋਈ ਲੇਖ ਲਿਖਣਾ ਜਾਂ ਕੋਈ ਜਾਣਕਾਰੀ ਲੈਣੀ ਹੈ ਤਾਂ ਮਿੰਟ ਤੋਂ ਪਹਿਲਾਂ ਸਾਰੀ ਲਿਖਤ ਤੁਹਾਡੇ ਹੱਥ ਵਿੱਚ ਹੁੰਦੀ ਹੈ।
ਜੇ ਇੱਕ ਦੇਸ਼ ਹਮਲਾ ਕਰਦਾ ਤਾਂ ਦੂਸਰਾ ਉਸ ਨੂੰ ਰੋਕਣ ਦੀ ਸਮਰੱਥਾ ਵੀ ਰੱਖਦਾ ਹੈ। ਅਸਮਾਨ ਦੀ ਲੜਾਈ ਨੇ ਤਾਂ ਮਨੁੱਖ ਨੂੰ ਹੈਰਾਨ ਹੀ ਕਰ ਦਿੱਤਾ ਹੈ। ਪੈਨਸਲ ਦੇ ਨੁਕਤੇ ਜਿੰਨੀ ਥਾਂ ਤੇ ਵੀ ਮਜ਼ਾਇਲ ਸੁੱਟੀ ਜਾ ਸਕਦੀ ਹੈ। ਐਨਾ ਕੁਝ ਹੋਣ ਦੇ ਬਾਵਜੂਦ ਵੀ ਇਹ ਮਨੁੱਖ ਅਸ਼ਾਂਤ ਹੈ, ਅਕਾਲ ਪੁਰਖ ਦੀ ਪ੍ਰੀਤ ਤੋਂ ਸੱਖਣਾ ਹੀ ਨਹੀਂ, ਸਗੋਂ ਤਲਖ਼ੀ ਭਰੀ ਜ਼ਿੰਦਗੀ ਜਿਉ ਰਿਹਾ ਹੈ। ਰਾਜਨੀਤਿਕ ਖੇਤਰ ਵਿੱਚ ਮੱਚੀ ਹਫੜਾ-ਦਫੜੀ, ਝੂਠ ਫਰੇਬ ਨਾਲ ਭਿੱਜੀਆਂ ਤਕਰੀਰਾਂ ਨੇ ਮਨੁੱਖਤਾ ਦਾ ਘਾਣ ਕੀਤਾ ਹੋਇਆ ਹੈ। ਸਮਾਜਿਕ ਵਰਤਾਰੇ ਵਿੱਚ ਭਗਦੜ ਮੱਚੀ ਹੋਈ ਹੈ ਇਕ ਦੂਜੇ ਨਾਲੋਂ ਅੱਗੇ ਲੰਘਣ ਦੀ ਦੌੜ ਲੱਗੀ ਹੋਈ ਹੈ। ਪਰਿਵਾਰਕ ਰਿਸ਼ਤੇ ਕੇਵਲ ਹੈਲੋ ਤੱਕ ਸੀਮਤ ਹੋ ਗਏ ਹਨ। ਇਕੱਲੇ ਰਹਿਣਾ ਹਰੇਕ ਪਸੰਦ ਕਰਦਾ ਹੈ। ਸਾਂਝੇ ਪਰਿਵਾਰਾਂ ਵਾਲੀ ਬਿਰਤੀ ਦਾ ਇੱਕ ਕਿਸਮ ਨਾਲ ਭੋਗ ਹੀ ਪੈ ਗਿਆ ਹੈ। ਧਾਰਮਿਕ ਦੁਨੀਆਂ ਦੇ ਆਗੂ ਜਿਨ੍ਹਾਂ ਨੇ ਸੱਚ ਅਚਾਰ ਦੀ ਗੱਲ ਕਰਨੀ ਸੀ, ਉਹ ਰਾਜਨੀਤਿਕ ਲੋਕਾਂ ਦੀਆਂ ਰਖੇਲਾਂ ਬਣ ਕੇ ਰਹਿ ਗਏ ਹਨ।
ਇਸ ਅਸ਼ਾਂਤ ਮਾਹੌਲ ਵਿੱਚ ਇੱਕ ਸਕੂਨ ਵਾਲੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਿਧਾਂਤ ਹਰੇਕ ਪ੍ਰਸ਼ਨ ਦਾ ਉੱਤਰ ਦੇ ਕੇ ਨਿਰੋਏ ਜੀਵਨ ਤੇ ਸਮਾਜ ਦੀ ਸਿਰਜਣਾ ਕਰਦਾ ਹੈ। ਦੁੱਖ ਇਸ ਗੱਲ ਦਾ ਹੈ ਅਸਾਂ ਇਸ ਗ੍ਰੰਥ ਨੂੰ ਕੇਵਲ ਇੱਕ ਮੂਰਤੀ ਵਾਂਗ ਪੂਜਣਾ ਸ਼ੁਰੂ ਕਰ ਦਿੱਤਾ ਹੈ ਜਦ ਕਿ ਬਾਣੀ ਦੀ ਨਿਰੋਈ ਵਿਚਾਰ ਕਰਨੀ ਸੀ।
ਸਭ ਤੋਂ ਪਹਿਲਾਂ ਇਹ ਦੇਖਾਂਗੇ ਕਿ ਗੁਰਬਾਣੀ ਦਾ ਆਸ਼ਾ ਸੱਚ ਦੇ ਅਧਾਰਤ ਹੈ। ਗੁਰਬਾਣੀ ਦੀਆਂ ਸਦਾਚਾਰਕ ਕਦਰਾਂ ਕੀਮਤਾਂ ਵਿਗਿਆਨ ਨੂੰ ਵੀ ਸਹੀ ਰਸਤਾ ਦਿਖਾਲਦੀਆਂ ਹਨ। ਗੁਰਬਾਣੀ ਆਖਦੀ ਹੈ ਕਿ ਕਿਸੇ ਦਾ ਸੁੱਖ ਖੋਹਣਾ ਨਹੀਂ ਹੈ ਸਗੋਂ ਦੂਜੇ ਦਾ ਦਰਦ ਵੰਡਾਉਣਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਪਹਿਲੀ ਸਿੱਖਿਆ ਕਿ ਇਸ ਦਾ ਆਸ਼ਾ ਸੱਚ ਦੇ ਅਧਾਰਤ ਹੈ ਸੱਚ ਕਦੇ ਵੀ ਪੁਰਾਣਾ ਨਹੀਂ ਹੁੰਦਾ-
ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ ॥
ਗੁਰ ਕੈ ਭਾਣੈ ਜੇ ਚਲੈ ਬਹੁੜਿ ਨ ਆਵਣੁ ਹੋਇ ॥ (1248)

ਗੁਰੂ ਗ੍ਰੰਥ ਸਾਹਿਬ ਜੀ ਨੇ ਜੀਵਨ ਦੇ ਹਰੇਕ ਖੇਤਰ ਵਿੱਚ ਬਿਬੇਕ ਵਿਚਾਰ ਨੂੰ ਮੁੱਖ ਰੱਖਿਆ ਹੈ। ਵਿਚਾਰ ਨੂੰ ਪੜ੍ਹਨਾ ਭੇਦ ਨੂੰ ਸਮਝਣਾ ਤੇ ਗਿਆਨ ਦੇ ਰਸਤੇ ਨੂੰ ਅਖਤਿਆਰ ਕਰਨ ਤੇ ਜ਼ੋਰ ਦਿੱਤਾ ਹੈ। ਇਸ ਪ੍ਰਥਾਏ ਗੁਰੂ ਨਾਨਕ ਸਾਹਿਬ ਨੇ ਉਹ ਖ਼ਿਆਲ ਦਿੱਤਾ ਹੈ ਜੋ ਸਾਡਾ ਹੀ ਨਹੀਂ ਸਗੋਂ ਕੁੱਲ ਦੁਨੀਆਂ ਦੇ ਆਲਮ ਦਾ ਰਾਹ ਰੋਸ਼ਨ ਕਰਦਾ ਹੈ-
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥
ਅਕਲੀ ਪੜ੍‍ ਿਕੈ ਬੁਝੀਐ ਅਕਲੀ ਕੀਚੈ ਦਾਨੁ ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥ (1245)

ਗੁਰੂ ਗ੍ਰੰਥ ਸਾਹਿਬ ਵਿੱਚ ਉਹ ਸਚਾਈਆਂ ਹਨ ਜਿਹੜੀਆਂ ਸਾਰੀ ਮਨੁੱਖਤਾ ਨੂੰ ਆਦਰਸ਼ਕ ਮਨੁੱਖ ਬਣਨ ਦਾ ਅਹਿਸਾਸ ਕਰਾਉਂਦੀਆਂ ਹਨ। ਕੁਝ ਕੁ ਵੰਨਗੀਆਂ ਹੇਠਾਂ ਅੰਕਤ ਹਨ-
1. ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ (470)
2. ਕਹੁ ਨਾਨਕ ਸਚੁ ਧਿਆਈਐ ॥ ਸੁਚਿ ਹੋਵੈ ਤਾ ਸਚੁ ਪਾਈਐ ॥ (472)
3. ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥ (474)
4. ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥ (1384)
5. ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥
ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥ (1410)
6. ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥ (3)
7. ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥ (953)
8. ਨਾਨਕ ਦੁਖੀਆ ਸਭੁ ਸੰਸਾਰੁ ॥ (954)
9. ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ ॥ (1411)

ਗੁਰਬਾਣੀ ਦੀ ਦੂਜੀ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਦੇਸ਼ ਦੀਆਂ 12 ਕੁ ਬੋਲੀਆਂ ਦਾ ਮਿਸ਼ਰਨ ਹੈ ਅਤੇ ਬਹੁਤਾ ਲੋਕ ਬੋਲੀ ਵਿੱਚ ਹੈ। ਅਲ਼ੰਕਾਰ ਵਸਤਾਂ ਹਵਾਲੇ ਉਹ ਲਏ ਗਏ ਹਨ ਜਿੰਨ੍ਹਾਂ ਦਾ ਲੋਕਾਂ ਨਾਲ ਨਿੱਤ ਦਾ ਸਬੰਧ ਹੈ। ਪਪੀਹਾ, ਚਾਤ੍ਰਿਕ, ਮੋਰ, ਹਰਨੀ, ਕੋਇਲ, ਵਣ, ਬਾਰ, ਭੌਰਾ, ਅੱਕ, ਟਿੱਡਾ, ਚੰਦਨ, ਚੰਦ, ਸੂਰਜ, ਤਾਰੇ, ਪਉਣ, ਪਾਣੀ, ਅਗਨੀ, ਮਾਤਾ ਪਿਤਾ, ਪੁੱਤਰ, ਜਨਨੀ, ਮਾਂ ਬਾਪ, ਲੁਹਾਰ, ਭਾਂਡੇ, ਸੁਤਕ ਪਾਤਕ, ਰਾਜਾ ਪਰਜਾ ਆਦਿਕ ਜਦੋਂ ਅਕਾਲ ਪੁਰਖ ਦੀ ਸਰਬ ਵਿਅਪਕਤਾ ਦੀ ਗੱਲ ਕਰਦੇ ਹਨ ਕਿੰਨੀ ਸੁੰਦਰ ਮਿਸਾਲ ਦਿੰਦੇ ਹਨ ਕਿ ਜਿਸ ਤਰ੍ਹਾਂ ਕਈ ਪਾਣੀ ਵਾਲੇ ਘੜੇ ਵਿਚੋਂ ਚੰਦ੍ਰਮਾ ਦਾ ਅਕਸ ਇਕਸਾਰ ਦੇਖਿਆ ਜਾ ਸਕਦਾ ਹੈ ਏਸੇ ਤਰ੍ਹਾਂ ਅਕਾਲ ਪੁਰਖ ਦੀ ਨਿਯਮਾਂਵਲੀ ਹਰੇਕ ਥਾਂ ਵਰਤ ਰਹੀ ਹੈ-
ਹਭ ਸਮਾਣੀ ਜੋਤਿ ਜਿਉ ਜਲ ਘਟਾਊ ਚੰਦ੍ਰਮਾ ॥
ਪਰਗਟੁ ਥੀਆ ਆਪਿ ਨਾਨਕ ਮਸਤਕਿ ਲਿਖਿਆ॥ (1099)

ਗੁਰੂ ਗ੍ਰੰਥ ਸਾਹਿਬ ਜੀ ਤੀਜੀ ਵੱਡੀ ਵਿਸ਼ੇਸ਼ਤਾ ਇਸ ਵਿਚ ਵਹਿਮ ਭਰਮ, ਅੰਧ-ਵਿਸ਼ਵਾਸ ਤੇ ਮਨੋਕਲਪਤ ਗੱਲਾਂ ਨੂੰ ਕੋਈ ਥਾਂ ਨਹੀਂ ਹੈ। ਸੂਤਕ-ਪਾਤਕ, ਸੁੱਚ-ਭਿੱਟ, ਲਿੰਗ ਭੇਦ, ਜਾਤ-ਪਾਤ, ਖਾਣ-ਪੀਣ ਤੇ ਪਹਿਨਣ ਦੇ ਵਿਤਕਰਿਆਂ ਤੇ ਪਾਬੰਧੀਆਂ ਨੂੰ ਕੋਈ ਥਾਂ ਨਹੀਂ।
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥ (16)

ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥
ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ ॥ (401)

ਗੁਰੂ ਗ੍ਰੰਥ ਸਾਹਿਬ ਜੀ ਦੀ ਚੌਥੀ ਵੱਡੀ ਵਿਸ਼ੇਸਤਾ ਹੈ ਕਿ ਇਸ ਗ੍ਰੰਥ ਵਿੱਚ ਉਨ੍ਹਾਂ ਮਹਾਂਪੁਰਸ਼ਾਂ ਦੀ ਬਾਣੀ ਅੰਕਤ ਕੀਤੀ ਗਈ ਹੈ। ਜਿਸ ਦਾ ਸਿਧਾਂਤ ਇੱਕ ਅਕਾਲ ਪੁਰਖ ਦੇ ਗੁਣਾਂ ਨਾਲ ਭਰਿਆ ਹੋਇਆ ਸੀ। ਭਾਰਤ ਦੇ ਸਭਿਆਚਾਰ ਵਿੱਚ ਮਲੇਸ਼ ਤੇ ਕਾਫ਼ਰ ਸ਼ਬਦਾਂ ਨੇ ਨਫਰਤ ਵਾਲੀ ਥਾਂ ਬਿਠਾਈ ਹੋਈ ਸੀ।
ਗੁਰੂ ਨਾਨਕ ਸਾਹਿਬ ਜੀ ਨੇ ਇਸ ਵਲਗਣ ਨੂੰ ਤੋੜਿਆ ਹੀ ਨਹੀਂ, ਸਗੋਂ ਸ਼ੂਦਰ ਅਖਵਾਉਣ ਵਾਲਿਆਂ ਨੂੰ ਆਪਣੇ ਬਰਾਬਰ ਬਿਠਾਇਆ ਹੈ। ਭਗਤ ਰਵਿਦਾਸ ਜੀ, ਕਬੀਰ ਜੀ, ਸੈਣ ਜੀ, ਸਧਨਾ ਜੀ, ਨਾਮਦੇਵ ਜੀ, ਤ੍ਰਿਲੋਚਣ ਜੀ, ਫਰੀਦ ਜੀ, ਧੰਨਾ ਜੀ, ਬੇਣੀ ਜੀ, ਰਾਮਾ ਨੰਦ ਜੀ, ਭੀਖਨ ਜੀ, ਜੈ ਦੇਵ ਜੀ, ਪੀਪਾ ਜੀ, ਸੱਤਾ ਜੀ, ਬਲਵੰਡ ਜੀ, ਸੁੰਦਰ ਜੀ ਅਤੇ ਗਿਆਰਾਂ ਭੱਟਾਂ ਦੀ ਬਾਣੀ ਅੰਕਤ ਕੀਤੀ ਹੈ; ਜਾਤੀ ਬੰਧਨ ਤੋੜਿਆ ਹੈ। ਸ਼ੂਦਰ ਅਖਵਾਉਣ ਵਾਲਿਆਂ ਨੂੰ ਸਿੰਘਾਸਣ ਤੇ ਬਿਠਾਇਆ ਹੈ। ਉੱਚੀ ਜਾਤ ਦਾ ਹੰਕਾਰ ਪਾਲਣ ਵਾਲੇ ਬ੍ਰਾਹਮਣ ਨੂੰ ਕਬੀਰ ਸਾਹਿਬ ਜੀ ਨੇ ਵਿੰਆਗਾਤਿਮਕ ਢੰਗ ਨਾਲ ਪੁਛਿਆ ਹੈ, ਕਿ ਐ ਬ੍ਰਾਹਮਣ ਦੇਵਤਾ ਜੀ ਕੀ ਆਪ ਜੀ ਦੇ ਜਨਮ ਲੈਣ ਦਾ ਤਰੀਕਾ ਕੋਈ ਦੁਨੀਆਂ ਨਾਲੋਂ ਵੱਖਰਾ ਹੈ? ਜਿਸ ਤਰ੍ਹਾਂ ਇੱਕ ਆਮ ਆਦਮੀ ਜਨਮ ਲੈਂਦਾ ਹੈ, ਓਸੇ ਤਰ੍ਹਾਂ ਤੂੰ ਸੰਸਾਰ ਵਿੱਚ ਆਇਆ ਏਂ। ਕੀ ਤੇਰੇ ਸਰੀਰ ਵਿੱਚ ਖ਼ੂਨ ਦੀ ਥਾਂ ਤੇ ਦੁੱਧ ਚੱਲ ਰਿਹਾ ਹੈ? ਅਸਲ ਬ੍ਰਾਹਮਣ ਤਾਂ ਉਹ ਹੈ ਜੋ ਰੱਬੀ ਗੁਣਾਂ ਦੀ ਵੀਚਾਰ ਕਰਕੇ ਆਪਣੇ ਜੀਵਨ ਨੂੰ ਉਸ ਅਨੁਸਾਰ ਢਾਲ ਲੈਂਦਾ ਹੈ। ਊਚ-ਨੀਚ, ਜਾਤ-ਪਾਤ ਦੇ ਵਖਰੇਵੇਂ ਨੂੰ ਤਾਰ ਤਾਰ ਕਰਦਾ ਸ਼ਬਦ ਰਾਗ ਗਉੜੀ ਅੰਦਰ ਅੰਕਤ ਹੈ:—
ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥
ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥1॥
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥
ਬਾਮਨ ਕਹਿ ਕਹਿ ਜਨਮੁ ਮਤ ਖੋਏ ॥1॥ ਰਹਾਉ ॥
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥
ਤਉ ਆਨ ਬਾਟ ਕਾਹੇ ਨਹੀ ਆਇਆ ॥2॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥
ਹਮ ਕਤ ਲੋਹੂ ਤੁਮ ਕਤ ਦੂਧ ॥3॥
ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥
ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥ (324)

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਊਚ-ਨੀਚ, ਜਾਤ-ਪਾਤ ਦੀ ਵੰਡ ਨੂੰ ਮੁੱਢੋਂ ਖਤਮ ਕਰਦੀ ਹੈ। ਇਹ ਉਪਦੇਸ਼ ਉਘੜ ਕੇ ਸਾਹਮਣੇ ਆਉਂਦਾ ਹੈ– “ਏਕੁ ਪਿਤਾ ਏਕਸ ਕੇ ਹਮ ਬਾਰਿਕ” ਅਤੇ ਅਸੀਂ ਸਾਰੇ ਇੱਕ ਪਰਮਾਤਮਾ ਦੇ ਨੂਰ ਤੋਂ ਪੈਦਾ ਹੋਏ ਹਾਂ। ਅਸੀਂ ਆਪਣਿਆਂ ਕਰਮਾਂ ਕਰਕੇ ਉੱਚੇ ਨੀਵੇਂ ਹੋ ਸਕਦੇ ਹਾਂ, ਨਾ ਕਿ ਜਨਮ ਕਰਕੇ।
ਇਸ ਮਹਾਨ ਗ੍ਰੰਥ ਅੰਦਰ ਪੰਜਵਾਂ ਨੁਕਤਾ ਬਹੁਤ ਹੀ ਮਹੱਤਵਪੂਰਨ ਹੈ। ਸਮਾਜ ਅਤੇ ਧਰਮ ਅੰਦਰ ਆਈ ਗਿਰਾਵਟ ਨੂੰ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ। ਧਰਮ ਦੇ ਨਾਂ ‘ਤੇ ਸਮਾਜ ਵਿੱਚ ਹੋ ਰਹੀ ਲੁੱਟ ਦਾ ਜ਼ਿਕਰ ਕਰਕੇ ਇੱਕ ਸੁੰਦਰ ਸਮਾਜ ਦੀ ਸਿਰਜਣਾ ਕੀਤੀ ਗਈ ਹੈ। ਧਰਮੀ ਮਨੁੱਖ ਨੂੰ ਬਾਹਰਲੀ ਦਿਖਾਵਟ ਬੰਦ ਕਰਨ ਲਈ ਆਖਿਆ ਹੈ। ਅੰਦਰਲਾ ਹਿਰਦਾ ਧਰਮੀ ਬਣਾਉਣ ਦਾ ਉਪਦੇਸ਼ ਸਾਡੇ ਸਾਹਮਣੇ ਹੈ। ਮਨੁੱਖ ਦੇ ਪਰਛਾਵਿਆਂ ਤੋਂ ਡਰਨ ਵਾਲੇ ਨੂੰ ਨਕਲੀ ਲਕੀਰਾਂ ਕੱਢਦਿਆਂ ਜਦੋਂ ਗੁਰੂ ਨਾਨਕ ਸਹਿਬ ਜੀ ਦੇਖਦੇ ਹਨ ਤਾਂ ਉਸੇ ਵੇਲੇ ਹੀ ਉਸ ਦੇ ਪਾਖੰਡ ਨੂੰ ਉਸ ਦੇ ਸਾਹਮਣੇ ਰੱਖਦੇ ਹਨ-
ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥
ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥
ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥
ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥ (91)

ਕਾਜ਼ੀ, ਬ੍ਰਾਹਮਣ, ਮੁਲਾਂ ਤੇ ਜੋਗੀ ਆਪਣੇ ਫ਼ਰਜ਼ਾਂ ਤੋਂ ਬੁਰੀ ਤਰ੍ਹਾਂ ਤਿਲਕ ਚੁੱਕੇ ਸਨ। ਝੂਠ ਤੇ ਵੱਢੀ ਇਹਨਾਂ ਦੇ ਜੀਵਨ ਦਾ ਅਧਾਰ ਬਣ ਚੁੱਕਿਆ ਸੀ। ਜੋਗੀ ਜੀਵਨ ਜੁਗਤ ਤੋਂ ਬਹੁਤ ਪਿੱਛੇ ਰਹਿ ਗਿਆ ਸੀ।
ਇਨ੍ਹਾਂ ਤਿੰਨਾਂ ਇਕਾਈਆਂ ਸਬੰਧੀ ਗੁਰਦੇਵ ਪਿਤਾ ਜੀ ਦਾ ਵਾਕ ਹੈ-
ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥
ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥ (662)

ਛੇਵਾਂ ਆਰਥਿਕ ਪਹਿਲੂ ਦਾ ਵੀ, ਜੋ ਅੱਜ ਕਲ੍ਹ ਭੱਖਵਾਂ ਮਸਲਾ ਹੈ, ਸਪੱਸ਼ਟ ਹੱਲ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਹੁੰਦਾ ਹੈ। ਗੁਰਬਾਣੀ ਬਿਨਾਂ ਕਿਸੇ ਲਪਟ-ਲਪੇਟ ਦੇ, ਸਪੱਸ਼ਟ ਤੌਰ ਤੇ, ਕਿਰਤ ਦੀ ਮਹਾਨਤਾ ਤੇ ਉੱਦਮ, ਸੇਵਾ, ਸੰਤੋਖ ਅਤੇ ਵੰਡ ਛੱਕਣ ਦਾ ਮਾਰਗ ਇਉਂ ਦਸਦੀ ਹੈ-
ਘਾਲਿ ਖਾਇ ਕਿਛੁ ਹਥਹੁ ਦੇਇ ॥
ਨਾਨਕ ਰਾਹੁ ਪਛਾਣਹਿ ਸੇਇ ॥ (1245)

ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥ (417)

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ (141)

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥ (522)

ਗੁਰੂ ਸਾਹਿਬ ਜੀ ਵਪਾਰ, ਵਾਹੀ-ਖੇਤੀ, ਚਾਕਰੀ ਆਦਿ ਸਭ ਕਿਰਤਾਂ ਨੂੰ ਕਿਵੇਂ ਸੱਚੇ ਤੇ ਸੁੱਚੇ ਢੰਗ ਨਾਲ ਕਰਨਾ ਤੇ ਜੀਵਨ ਵਿੱਚ ਨਿਭਾਉਣਾ ਹੈ।
ਸੰਸਾਰ ਦੇ ਕਲਿਆਣ ਲਈ ਤੇ ਸਰਵਨਾਸ਼ਤਾ ਤੋਂ ਬਚਣ ਲਈ, ਜੇ ਕੋਈ ਉਪਾਅ ਹੈ ਤਾਂ ਉਹ ਕੇਵਲ ਗੁਰਬਾਣੀ ਦੀ ਰੋਸ਼ਨੀ ਵਿੱਚ ਤੁਰ ਕੇ ਹੋ ਸਕਦਾ ਹੈ-
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥ (522)