ਪ੍ਰਿੰ: ਗੁਰਬਚਨ ਸਿੰਘ

99155-29725

ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਨੂੰ ਨਾ ਮੰਨਣ ਵਾਲੇ ਪੰਥ ਹਤੈਸ਼ੀ ਨਹੀਂ ਹੋ ਸਕਦੇ

ਸਿੱਖ ਕੌਮ ਨਾਲ ਸਬੰਧ ਰੱਖਣ ਵਾਲੇ ਤੱਖਤਾਂ ਦੀ ਕੁਲ ਗਿਣਤੀ ਪੰਜ ਹੈ। ਇਨ੍ਹਾ ਵਿਚੋਂ ਤਖ਼ਤ ਹਜ਼ੂਰ ਸਾਹਿਬ ਨਾਦੇੜ ਤੇ ਤਖ਼ਤ ਪਟਨਾ ਸਾਹਿਬ ਦੇਸ ਪੰਜਾਬ ਤੋਂ ਬਾਹਰ ਹਨ, ਜਦ ਕਿ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ, ਤਖ਼ਤ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੇ ਪ੍ਰਮੁਖ ਤਖ਼ਤ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ ਸੁਭਾਏਮਾਨ ਹੈ। ਤਖ਼ਤ ਫ਼ਾਰਸੀ ਦਾ ਸ਼ਬਦ ਹੈ ਇਸ ਦਾ ਅਰਥ ਹੈ-ਸ਼ਾਹੀ ਸਿੰਘਾਸਣ, ਜਿਸ ਉੱਤੇ ਬੈਠ ਕੇ ਰਾਜੇ ਮਹਾਰਾਜੇ ਆਪਣਾ ਸਾਸ਼ਨ ਚਲਾਉਂਦੇ ਹਨ।

ਅਕਾਲ ਤਖ਼ਤ ਦਾ ਮੁਢ ਥੜਾ ਸਾਹਿਬ ਤੋਂ ਬੱਝਦਾ ਹੋਇਆ ਅਕਾਲ ਬੁੰਗਾ ਬਣਿਆ ਤੇ ਫਿਰ ਅਕਾਲ ਤਖ਼ਤ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਇਹ ਤਖ਼ਤ ਸਮੇਂ ਦੀ ਪਾਬੰਦੀ ਵਿੱਚ ਨਹੀਂ ਆਉਂਦਾ ਤੇ ਨਾ ਹੀ ਨਾਸ਼ਮਾਨ ਹੈ। ਇਸ ਦਾ ਫਲਸਫਾ ਸੱਚ ਸਰੂਪ ਤੇ ਰੱਬੀ ਗੁਣਾਂ ਦੇ ਅਧਾਰਤ ਹੈ। ਤਖਤ ਸਬੰਧੀ ਵਿਦਵਾਨਾਂ ਦੀ ਆਪਣੀ ਆਪਣੀ ਰਾਏ ਹੋ ਸਕਦੀ ਹੈ ਪਰ ਅਸੀਂ ਚੱਲ ਰਹੇ ਵਰਤਾਰੇ ਸਬੰਧੀ ਵਿਚਾਰ ਕਰਨੀ ਹੈ। ਇੱਕ ਵਿਦਵਾਨ ਦੇ ਬੋਲ ਬਹੁਤ ਭਾਵਪੂਰਤ ਹਨ—“ਸਿੱਖੀ ਵਿੱਚ ਅਕਾਲ ਤਖ਼ਤ ਕੋਈ ਵਿਆਕਤੀ ਸਮੂਹ ਦੀਆਂ ਗਤੀ ਵਿਧੀਆਂ ਦਾ ਕੇਂਦਰ ਨਹੀਂ ਹੈ। ਇਹ ‘ਤੇ ਗੁਰੂ ਪੰਥ ਦੀ ਨਿਰਪੱਖ-ਸੁਤੰਤਰ ਪ੍ਰਭੂਸਤਾ ਤੇ ਸੰਪੰਨ ਸੰਸਥਾ ਹੈ”। ਇਸ ਦਾ ਬੋਲਬਾਲਾ ਨਿਰਪੱਖ, ਨਿਰਭਉ, ਨਿਰਵੈਰ ਤੇ ਦੁਖੀਏ ਦੀ ਫਰਿਆਦ ਸੁਣਨ ਵਿੱਚ ਸਾਕਾਰ ਹੁੰਦਾ ਹੈ। ਬੇ-ਇਨਸਾਫ਼ੀ, ਜ਼ੁਲਮ ਦੇ ਵਿਰੋਧ ਤੇ ਧੱਕੇਸ਼ਾਹੀ ਅੱਗੇ ਅੜਦਾ, ਡਟਦਾ ਤੇ ਖੜਦਾ ਹੈ। ਅਣਖ਼, ਸਵੈਮਾਣ, ਗ਼ੈਰਤ ਤੇ ਖ਼ੁਦਮੁਖਤਿਆਰੀ ਦਾ ਪ੍ਰਤੀਕ ਹੈ। ਹਰ ਵਰਤਾਰੇ ਵਿੱਚ ਅਕਾਲ ਤੱਖਤ ਤੋਂ ਆਏ ਹੁਕਮਨਾਮੇ ਨੂੰ ਸਿੱਖ ਅਵਾਮ ਮੰਨਦਾ ਆ ਰਿਹਾ ਹੈ। ਸ਼ਰਤ ਇਹ ਹੈ ਕਿ ਆਇਆ ਹੁਕਮ ਨਾਮਾ ਇੱਕ ਪਾਸੜ ਨਾ ਹੋਵੇ।

ਦੁਖ ਇਸ ਗੱਲ ਦਾ ਹੈ ਕਿ ਪਿੱਛਲੇ ਕੁਝ ਸਮੇਂ ਤੋਂ ਰਾਜਨੀਤਿਕ ਝੋਲੀਚੁਕ ਨੇ ਅਕਾਲ ਤਖ਼ਤ ਦੀ ਮਹਾਨਤਾ ਨੂੰ ਆਪਣੇ ਨਿੱਜੀ ਸੌੜੇ ਹਿੱਤਾਂ ਲਈ ਵਰਤਿਆ ਹੈ। ਇਹ ਸਾਰਾ ਕੁਝ ਇਤਿਹਾਸ ਦੀ ਹਿੱਕ ਵਿੱਚ ਪਿਆ ਹੋਇਆ ਹੈ।ਅਕਾਲੀ ਦਲ ਬਾਦਲ ਨੇ ਸਚਾਈ ਦੀਆਂ ਕਦਰਾਂ ਕੀਮਤਾਂ ਨੂੰ ਇੱਕ ਪਾਸੇ ਰੱਖ ਕੇ ਆਪਣੇ ਰਾਜਸੀ ਹਿੱਤਾਂ ਤੋਂ ਵੀ ਅਗਾਂਹ ਜਾਂਦਿਆਂ ਕਿੜ੍ਹਾਂ ਕੱਢਣ ਲਈ ਅਕਾਲ ਤੱਖਤ ਨੂੰ ਰੱਜ ਕੇ ਵਰਤਿਆ ਹੈ। ਜੇ 328 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਪ੍ਰਿੰਟਿੰਗ ਪ੍ਰੈਸ ਵਿਚੋੱ ਗਾਇਬ ਹੁੰਦੇ ਹਨ ਤਾਂ ਤੱਤਕਾਲੀ ਜੱਥੇਦਾਰ ਨੇ ਗੋਂਗਲੂਆਂ ਤੋਂ ਮਿੱਟੀ ਝਾੜੀ ਹੈ। ਵਿਧਾਨ ਸਭਾ ਦੀਆਂ ਚੋਣਾਂ ਸਮੇਂ ਅਕਾਲੀ ਦਲ ਬਾਦਲ ਹਾਰ ਗਿਆ ਪਰ ਚਾਪਲੂਸੀ ਦੀ ਹੱਦ ਮਕਾਉਂਦਿਆਂ ਤੱਤਕਾਲੀ ਜੱਥੇਦਾਰ ਸਿੱਖ ਅਵਾਮ ਨੂੰ ਬਤਮੀਜ਼ ਸ਼ਬਦਾਂ ਨਾਲ ਸੰਬੋਧਨ ਹੁੰਦਾ ਹੈ। ਸਭ ਤੋਂ ਅਹਿਮ ਨੁਕਤਾ ਕਿ ਅਕਾਲ ਤੱਖਤ ‘ਤੇ ਅਕਾਲੀ ਦਲ ਬਾਦਲ ਨੇ ਆਪਣਾ ਪ੍ਰਭਾਵ ਵਰਤਦਿਆਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਵਾਇਆ ਤੇ ਜੱਥੇਦਾਰ ਰਾਜਨੀਤਿਕ ਨੇਤਾਵਾਂ ਅੱਗੇ ਕੱਠ ਪੁਤਲੀਆਂ ਵਾਂਗ ਅੱਗੇ ਨੱਚਦੇ ਰਹੇ।

1925 ਤੋਂ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ਼ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਹੋਂਦ ਵਿੱਚ ਆ ਗਈ। ਨਿਰ ਸੰਦੇਹ ਸ਼੍ਰੋਮਣੀ ਕਮੇਟੀ ਨੇ ਬਹੁਤ ਹੀ ਉੱਚ ਪਾਏ ਦੇ ਕੰਮ ਕੀਤੇ। ਦੇਸ ਪੰਜਾਬ ਦੋ ਟੋਟਿਆਂ ਵਿੱਚ ਵੰਡਿਆ ਗਿਆ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਪੱਛਮੀ ਪੰਜਾਬ ਵਿੱਚ ਰਹਿ ਗਏ ਤੇ ਥੋੜੇ ਇਤਿਹਾਸਕ ਗੁਰਦੁਆਰੇ ਕੁਝ ਪੰਜਾਬ ਵਿਚ ਅਤੇ ਕੁਝ ਬਾਕੀ ਸੂਬਿਆਂ ਵਿੱਚ ਆ ਗਏ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਲੱਗ ਪਈ ਤੇ ਇਸ ਦੀ ਰਹਿਨੁਮਾਈ ਹੇਠ ਸੇਵਕ ਜੱਥਾ ਭਾਵ ਸ਼੍ਰੋਮਣੀ ਅਕਾਲੀ ਦਲ ਸਿੱਖੀ ਦੇ ਪ੍ਰਚਾਰ ਵਿੱਚ ਲੱਗ ਗਿਆ। ਹੌਲ਼ੀ ਹੌਲ਼ੀ ਅਕਾਲੀ ਦਲ ਨੇ ਰਾਜਨੀਤੀ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਅਕਾਲੀਏ ਦੇਸ਼ ਪੰਜਾਬ ਦੀ ਅਜ਼ਾਦੀ ਦੀ ਗੱਲ ਕਰਦਿਆਂ ਮੁਲਕ ਦੀ ਅਜ਼ਾਦੀ ਵਿੱਚ ਕੁਦ ਪਏ। ਦੂਸਰਾ ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਆਪਣਾ ਸੁੰਦਰ ਇਤਿਹਾਸ ਸਿਰਜਿਆ ਹੈ ਓੱਥੇ ਸ਼੍ਰੋਮਣੀ ਅਕਾਲੀ ਦਲ ਈਰਖਾ ਵੱਸ ਧੜਿਆਂ ਵਿੱਚ ਹਮੇਸ਼ਾਂ ਵੰਡਿਆ ਨਜ਼ਰ ਆਉਂਦਾ ਰਿਹਾ ਹੈ। ਇਹ ਵਰਤਾਰਾ ਅੱਜ ਵੀ ਬਾ-ਦਸਤੂਰ ਓਦਾਂ ਹੀ ਚੱਲ ਰਿਹਾ ਹੈ।

ਮੌਜੂਦਾ ਦੌਰ ਵਿੱਚ ਅਕਾਲੀ ਦਲ ਦੇ ਲੀਡਰਾਂ ਵਿੱਚ ਆਏ ਨਿਘਾਰ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਸਿੱਖੀ ਸਰੋਕਾਰ ਤੇ ਸਿੱਖੀ ਸਭਿਆਚਾਰ ਤੋਂ ਕੋਰੇ ਲੋਕ ਅਕਾਲੀ ਦਲ ਦੇ ਨੇਤਾ ਬਣ ਗਏ। ਵਰਤਮਾਨ ਵਰਤਾਰੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਇਤਿਹਾਸਕ ਤੇ ਸਿਧਾਂਤਿਕ ਹੋਂਦ ਨੂੰ ਬਹੁਤ ਵੱਡਾ ਖਤਰਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨੇ ਮੋਗਾ ਵਿਖੇ ਪੰਜਾਬੀ ਪਾਰਟੀ ਬਣਾ ਧਰਿਆ। ਸਭ ਤੋਂ ਮਾੜੇ ਹਾਲਾਤ ਕਿ ਬਾਦਲ ਪ੍ਰਵਾਰ ਨੇ ਸਮੁਚੇ ਤੌਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਕਬਜ਼ੇ ਅਧੀਨ ਕਰ ਲਿਆ। ਸਿੱਖੀ ਦੀ ਜੜ੍ਹੀਂ ਤੇਲ ਦੇਣ ਲਈ 2011 ਵਿੱਚ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਤੀਹ ਡੇਰੇਦਾਰਾਂ ਨੂੰ ਟਿਕਟਾਂ ਦੇ ਕੇ ਸਿੱਖੀ ਸਿਧਾਂਤ ਨੂੰ ਪੁਠਾ ਗੇੜਾ ਦੇ ਦਿੱਤਾ। ਉਹ ਡੇਰੇਦਾਰ ਸਿੱਖੀ ਦੇ ਵਿਹੜੇ ਵਿੱਚ ਆ ਗਏ ਜਿਹੜੇ ਸਿੱਖ ਰਹਿਤ ਮਰਿਯਾਦਾ ਨੂੰ ਖਰੜਾ ਦਸਦੇ ਹਨ।

ਸਾਰੇ ਹਾਲਾਤ ਤੋਂ ਸਿੱਖ ਕੌਮ ਚੰਗੀ ਤਰ੍ਹਾਂ ਵਾਕਫ਼ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗ ਡੋਰ ਉਨ੍ਹਾਂ ਹੱਥਾਂ ਵਿੱਚ ਆ ਗਈ ਜਿਨ੍ਹਾਂ ਨੂੰ ਸਿੱਖ ਸਿਧਾਂਤ ਨਾਲ ਕੋਈ ਸਰੋਕਾਰ ਨਹੀਂ ਸੀ। ਜੇ ਜਾਣਕਾਰੀ ਸੀ ਤਾਂ ਇਹੋ ਜਾਣਕਾਰੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਵਰਤ ਕੇ ਪੰਜਾਬ ਦੀ ਸਤਾ ਹਾਸਲ ਕਰਨੀ ਤੇ ਆਪਣੇ ਘਰ ਭਰਨੇ। ਅਕਾਲੀ ਦਲ ਬਾਦਲ ਨੂੰ ਰਾਜ ਚਾਹੀਦਾ ਸੀ ਸਿੱਖ ਸਿਧਾਂਤ ਤੋਂ ਇਨ੍ਹਾਂ ਨੇ ਕੀ ਕਰਾਉਣਾ ਸੀ। ਗੁਰੂ ਗ੍ਰੰਥ ਸਾਹਿਬ ਦੀਆਂ ਬੇ-ਅਦਬੀਆਂ ਹੋਈਆਂ ਬਾਦਲ ਸਰਕਾਰ ਦੇ ਸਮੇਂ, ਨਸ਼ਿਆਂ ਦਾ ਵਪਾਰ ਵੱਧਿਆ ਇਨ੍ਹਾਂ ਦੇ ਰਾਜ ਵਿੱਚ, ਰੇਤ-ਬੱਜਰੀ ਮਾਫ਼ੀਆ ਪੈਦਾ ਹੋਇਆ ਇਨ੍ਹਾਂ ਦੇ ਰਾਜ ਵਿੱਚ। ਪੰਜਾਬ ਵਿੱਚ ਨਸ਼ੇ ਨੇ ਤਬਾਹੀ ਮਚਾਈ ਇਨ੍ਹਾਂ ਦੇ ਰਾਜ ਵਿੱਚ। ਨਸ਼ਿਆਂ ਦੇ ਬਿਰਤਾਂਤ ਵਿੱਚ ਸਭ ਤੋਂ ਨਖਿੱਧ ਕਾਰਗ਼ੁਜ਼ਾਰੀ ਅਕਾਲੀ ਦਲ ਬਾਦਲ ਦੇ ਹਿੱਸੇ ਹੀ ਆਉਂਦੀ ਹੈ। 

ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਤਾ ਦੇ ਨਸ਼ੇ ਵਿੱਚ ਜੱਥੇਦਾਰਾਂ ਨੂੰ ਆਪਣੀ ਕੋਠੀ ਸੱਦ ਕਿ ਕਿਹਾ ਕਿ ਸੌਦਾ ਸਾਧ ਨੂੰ ਮੁਆਫੀ ਦਿਓ। ਗੈਰਤਹੀਣ, ਅਣਖ਼ਹੀਣ ਬੇ-ਲੱਜੇ ਜੱਥੇਦਾਰਾਂ ਨੇ ਸੌਦਾ ਸਾਧ ਨੂੰ ਮੁਆਫ਼ੀ ਦੇਣ ਵਿੱਚ ਇੱਕ ਮਿੰਟ ਨਹੀਂ ਲਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 92 ਲੱਖ ਦੇ ਇਸ਼ਤਿਹਾਰ ਗੁਰੂ ਦੀ ਗੋਲਕ ਵਿਚੋਂ ਅਖ਼ਬਾਰਾਂ ਨੂੰ ਦੇ ਦਿੱਤੇ, ਅਖੇ ਸੌਦਾ ਸਾਧ ਤਾਂ ਹੈ ਈ ਬਹੁਤ ਵਧੀਆ। ਹਾਅ ਤੁਹਾਡਾ ਬੇੜਾ ਬਹਿਜੇ ਅਕਾਲੀਓ! ਅਜੇਹੀ ਸਥਿਤੀ ਵਿੱਚ ਜੱਥੇਦਾਰ ਕੱਖੋਂ ਹੌਲ਼ੇ ਹੋ ਕੇ ਘਰਾਂ ਵਿੱਚ ਬੰਦ ਹੋ ਗਏ। ਆਖ਼ਰ ਬੇਸ਼ਰਮੀ ਨਾਲ ਇਨ੍ਹਾਂ ਨੂੰ ਆਪਣੇ ਅਹੁਦਿਆਂ ਤੋਂ ਆਪ ਹੀ ਹਟਣਾ ਪਿਆ।

ਬਾਦਲ ਦਲੀਆਂ ਨੇ ਅਕਾਲ ਤੱਖਤ ਦੇ ਜੱਥੇਦਾਰਾਂ ਦੀ ਜਦੋਂ ਜੀਅ ਕੀਤਾ ਫੱਟੀ ਪੋਚਤੀ। ਛੱਤਰ ਨਾਲ ਲਿਆਉਂਦੇ ਰਹੇ ਤੇ ਮੁੜ ਛੱਤਰ ਨੂੰ ਸਿਹਾਰੀ ਲਾ ਕੇ ਛਿੱਤਰ ਨਾਲ ਤੋਰਦੇ ਰਹੇ। ਬੇ-ਸ਼ੱਕ ਬਾਦਲ ਪ੍ਰਵਾਰ ਅਕਾਲ ਤੱਖਤ ਨੂੰ ਆਪਣੇ ਹਿੱਤਾਂ ਲਈ ਵਰਤਦਾ ਆ ਰਿਹਾ ਸੀ ਪਰ ਸਿੱਖ ਅਵਾਮ ਨੇ ਤਿੰਨ ਚੋਣਾਂ ਵਿੱਚ ਬਾਦਲ ਦਲ ਨੂੰ ਘਰ ਬੈਠਣ ਲਈ ਮਜ਼ਬੂਰ ਕਰ ਦਿੱਤਾ ਹੈ। 

ਇਨ੍ਹਾਂ ਨੇ ਸੋਚਿਆ ਕਿ ਇੱਕ ਵਾਰ ਫਿਰ ਅਕਾਲ ਤਖ਼ਤ ਦੀ ਵਰਤੋਂ ਕਰਕੇ ਆਪਣੇ ਹੱਕ ਵਿੱਚ ਭੁਗਤਾ ਲਈਏ। ਇਸ ਵਾਰ ਬਾਜ਼ੀ ਉਲਟੀ ਪੈ ਗਈ। ਇੱਕ ਸਮੇਂ ਤੱਕ ਕਾਰਜਕਾਰੀ ਜੱਥੇਦਾਰ ਹਰਪ੍ਰੀਤ ਸਿੰਘ ਇਨ੍ਹਾਂ ਦੇ ਹੁਕਮਾਂ ਦੀ ਤਾਮੀਰ ਕਰਦਾ ਰਿਹਾ ਪਰ ਜਦੋਂ ਉਸ ਦੇਖਿਆ ਕੇ ਮੇਰਾ ਹਾਲ ਵੀ ਪਹਿਲੇ ਜੱਥੇਦਾਰਾਂ ਵਰਗਾ ਹੋਣਾ ਤਹਿ ਹੈ ਤਾਂ ਪਾਸਾ ਵੱਟਣ ਲੱਗ ਪਿਆ। ਅਕਾਲੀ ਦਲ ਬਾਦਲ ਨੇ ਵੀ ਸਮਝ ਲਿਆ ਕਿ ਜੱਥੇਦਾਰ ਹਰਪ੍ਰੀਤ ਸਿੰਘ ਹੁਣ ਸਾਡੇ ਕੰਮ ਦਾ ਨਹੀਂ ਰਿਹਾ, ਇਸ ਲਈ ਨਵਾਂ ਜੱਥੇਦਾਰ ਰਘਬੀਰ ਸਿੰਘ ਲੱਭ ਲਿਆ। ਅਕਾਲੀ ਦਲ ਬਾਦਲ ਨੇ ਸੋਚਿਆ ਕਿ ਨਵੇਂ ਜੱਥੇਦਾਰਾਂ ਨੂੰ ਆਪਣੇ ਹੱਕ ਵਿੱਚ ਭੁਗਤਾ ਲੈਂਦੇ ਹਾਂ। ਇਸ ਵਾਰੀ ਬਾਦਲ ਦਲ ਤੋਂ ਬਾਗੀ ਹੋ ਕੇ ਕੁਝ ਅਕਾਲੀ ਨੇਤਾ ਨੇ ਆਕਾਲ ਤੱਖਤ ‘ਤੇ ਪਹੁੰਚ ਕੇ ਆਪਣੀਆਂ ਗਲਤੀਆਂ ਸਵੀਕਾਰ ਕੀਤੀਆਂ। ਅੱਕ ਚੱਬਣ ਵਾਂਗ ਬਾਦਲ ਦਲੀਆਂ ਨੂੰ ਵੀ ਹਾਜ਼ਰ ਹੋਣਾ ਪਿਆ।

ਇਸ ਵਾਰ ਜੱਥੇਦਾਰਾਂ ਨੇ ਥੋੜੀ ਜੇਹੀ ਤੜ੍ਹ ਦਿਖਾਉਂਦਿਆਂ ਥੋੜੇ ਜੇਹੇ ਠੋਸ ਫੈਸਲੇ ਲੈਣ ਦਾ ਜਤਨ ਕੀਤਾ। 2 ਦਸੰਬਰ 2024 ਨੂੰ ਅਕਾਲ ਤੱਖਤ ਦੀ ਫਸੀਲ ਤੋਂ ਜੋ ਹੁਕਮਨਾਮਾ ਆਇਆ ਉਸ ਨੇ ਬਾਦਲ ਦਲ ਤੇ ਬਾਕੀ ਅਕਲਾੀ ਦਲ ਨੂੰ ਪੈਰਾਂ ‘ਤੇ ਖੜੇ ਹੋਣ ਦਾ ਮੌਕਾ ਪ੍ਰਦਾਨ ਕਰਦਾ ਨਜ਼ਰ ਆਉਂਦਾ ਹੈ। ਪਰ ਬਾਦਲ ਦਲੀਏ ਪੂਰੀ ਤਰ੍ਹਾਂ ਅਕਾਲ ਤੱਖਤ ਦੇ ਹੁਕਨਾਮੇ ਤੋਂ ਭਗੌੜੇ ਹੋ ਗਏ। ਸਭ ਤੋਂ ਘਟੀਆ ਰਾਜਨੀਤੀ ਕਰਦਿਆ ਆਪਣੇ ਬੁਣੇ ਜਾਲ ਵਿੱਚ ਆਪੇ ਹੀ ਫਸ ਗਏ। ਸੁਖਬੀਰ ਸਿੰਘ ਬਾਦਲ ਚਾਹੁੰਦਾ ਸੀ ਕਿ ਅਕਾਲ ਤਖਤ ਤੋਂ ਮਾੜਾ ਮੋਟਾ ਫੈਸਲਾ ਕਰਾ ਕੇ ਪਿਛਲੇ ਸਾਰੇ ‘ਤੇ ਮਿੱਟੀ ਪਾ ਦਿੱਤੀ ਜਾਏ। ਸਾਰੇ ਵਰਤਾਰੇ ਵਿੱਚ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਕਦੇ ਵੀ ਨਹੀਂ ਛੱਡਣੀ ਚਾਹੁੰਦਾ ਸੀ। 2 ਦਸੰਬਰ 2024 ਦੇ ਫੈਸਲੇ ਅਨੁਸਾਰ ਇੱਕ ਤਾਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡਣ ਲਈ ਕਹਿੰਦਾ ਹੈ ਦੂਜਾ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਹੋਇਆ ਫਕਰ-ਏ-ਕੌਮ ਅਵਾਰਡ ਵਾਪਸ ਲਿਆ ਜਾਂਦਾ ਹੈ। ਤੀਜਾ ਸੱਤ ਮੈਂਬਰੀ ਕਮੇਟੀ ਬਣਾ ਕੇ ਅਕਾਲੀ ਦਲ ਦੀ ਨਵੀਂ ਭਰਤੀ ਕੀਤੀ ਜਾਏ ਤੇ ਨਵਾਂ ਪ੍ਰਧਾਨ ਚੁਣਿਆ ਜਾਏ। ਇਹ ਸਾਰਾ ਕੁਝ ਸੁਖਬੀਰ ਸਿੰਘ ਦੀ ਜੁੰਡਲੀ ਨੂੰ ਪ੍ਰਵਾਨ ਨਾ ਹੋਇਆ। ਸੱਤ ਮੈਂਬਰੀ ਕਮੇਟੀ ਤੋਂ ਜੱਥੇਦਾਰ ਧਾਮੀ ਤੇ ਬਡੂੰਗਰ ਧੂੰਆਂ ਮਾਰ ਗਏ ਪਿੱਛੇ ਰਹਿ ਗਈ ਪੰਜ ਮੈਂਬਰੀ ਕਮੇਟੀ।

ਅਕਾਲ ਤੱਖ਼ਤ ਤੋਂ ਹੁਕਮ ਨਾਮੇ ਨੂੰ ਤਾਰਪੀਡੇ ਕਰਨ ਵਿੱਚ ਪ੍ਰਮੁਖ ਜੱਥੇਦਾਰ ਰਘਬੀਰ ਸਿੰਘ ਦਾ ਬਹੁਤ ਘਟੀਆ ਰੋਲ ਸਾਬਤ ਹੁੰਦਾ ਹੈ। ਪੰਜ ਮੈਂਬਰੀ ਕਮੇਟੀ ਨੂੰ ਕਹੀ ਜਾਣ ਭਰਤੀ ਕਰਾਓ, ਦੂਜੇ ਪਾਸੇ ਡਾਕਟਰ ਚੀਮੇ ਨੂੰ ਕਹੀ ਜਾਣ ਤੁਸੀਂ ਵੀ ਭਰਤੀ ਕਰੀ ਜਾਓ। ਏੱਥੇ ਜੱਥੇਦਾਰ ਰਘਬੀਰ ਸਿੰਘ ਵੀ ਤਿਲਕ ਗਏ। ਜੱਥੇਦਾਰ ਰਘਬੀਰ ਸਿੰਘ ਦੇ ਘਟੀਆ ਕਿਸਮ ਦੇ ਸਲਾਹਕਾਰਾਂ ਨੇ ਹਾਈ ਕੋਰਟ ਵਿੱਚ ਕੇਸ ਦਰਜ ਕਰਾਕੇ ਜੱਥੇਦਾਰ ਦੀ ਪੂਰੀ ਮਿੱਟੀ ਪੁਟੀ। ਅਖ਼ੀਰ ਜੱਥੇਦਾਰ ਨੂੰ ਕੇਸ ਵਾਪਸ ਲੈਣਾ ਪਿਆ।

ਜੱਥੇਦਾਰ ਨੇ ਪੂਰੀ ਤਰ੍ਹਾਂ ਕੜ੍ਹੀ ਘੋਲ਼ਦਿਆਂ ਦੋਹਾਂ ਧਿਰਾਂ ਨੂੰ ਕਹੀ ਜਾਣਾ ਕਿ ਤੁਸੀਂ ਵੀ ਠੀਕ ਹੋ, ਤੁਸੀਂ ਵੀ ਠੀਕ ਹੋ ਆਪਣਾ ਜਲੂਸ ਆਪ ਹੀ ਕੱਢ ਲਿਆ। ਦੁਬਿਧਾ ਵਾਲੀ ਸਥਿੱਤੀ ਵਿੱਚ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੇ ਦੋ ਜਥੇਦਾਰਾਂ ਨੂੰ ਇੱਕ ਪਾਸੇ ਕਰ ਦਿੱਤਾ। ਅਵਾਜ਼ਾਂ ਉੱਠੀਆਂ ਜੱਥੇਦਾਰਾਂ ਨੂੰ ਹਟਾਉਣ ਤੇ ਲਾਹੁਣ ਲਈ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਹੈ। ਜੱਥੇਦਾਰ ਧਾਮੀ ਨੇ ਕੱਦੂ ਵਿੱਚ ਤੀਰ ਮਾਰਦਿਆਂ ਜੱਥੇਦਾਰਾਂ ਦੀ ਚੋਣ ਲਈ ਜਿਹੜੀ ਚੋਣ ਕਮੇਟੀ ਬਣਾਈ ਉਸ ਵਿੱਚ ਉਨ੍ਹਾਂ ਲੋਕਾਂ ਨੂੰ ਸ਼ਾਮਿਲ ਕੀਤਾ ਜਿਹੜੇ ਸਿੱਖੀ ਸਰੋਕਾਰਾਂ ਤੋਂ ਪੂਰੀ ਤਰ੍ਹਾਂ ਮੁਨਕਰ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਧਾਮੀ ਨੇ ਡੇਰੇਦਾਰਾਂ ਨਾਲ ਯਾਰੀ ਪੁਗਾਉਂਦਿਆਂ ਜੱਥੇਦਾਰਾਂ ਦੀ ਚੋਣ ਕਮੇਟੀ ਵਿਚ ਸ਼ਾਮਿਲ ਕਰਕੇ ਰਹਿੰਦਾ ਜਲੂਸ ਵੀ ਕੱਢ ਲਿਆ। ਜੇ ਮਾਂ ਹੀ ਪੁਤ ਨੂੰ ਜ਼ਹਿਰ ਦੇਣ ਲੱਗ ਪਏ ਤਾਂ ਪੁਤ ਦੀ ਕੋਈ ਵੀ ਰਖਵਾਲੀ ਨਹੀਂ ਕਰ ਸਕਦਾ। ਧਾਮੀ ਸਾਹਿਬ ਕਿਹੜੇ ਨਿਯਮਾਂ ਦੀ ਗੱਲ ਕਰ ਰਹੇ ਹੋ, ਕੀ ਜਿਹੜੇ ਪਹਿਲੇ ਬਣੇ ਹਨ ਉਨ੍ਹਾਂ ਨੂੰ ਲਾਗੂ ਕਰ ਲਿਆ ਜੇ?

ਇਸ ਵਿਧੀ ਵਿਧਾਨ ਸਬੰਧੀ ਸੁਖਵਿੰਦਰ ਸਿੰਘ ਦਦੇਹਰ ਵਾਈਸ ਪ੍ਰਿੰਸੀਪਲ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਹੁਰਾਂ ਦੀ ਟਿੱਪਣੀ ਬੜੀ ਭਾਵ ਪੂਰਤ ਹੈ—

ਜਿਥੇਦਾਰਾਂ ਬਾਰੇ ਵਿਧੀ ਵਿਧਾਨ ਕਮੇਟੀ…..

ਹੁਕਮ, ਨਿਯਮ, ਅਸੂਲ, ਮਰਿਯਾਦਾ ਇਹ ਸ਼ਬਦ ਅਕਾਲ ਪੁਰਖ ਦੀ ਕੁਦਰਤ ਦੇ ਸੁਹਣੇ ਵਰਤਾਰੇ ਦੀ ਖੁਬਸੂਰਤੀ ਪ੍ਰਗਟ ਕਰਦੇ ਹਨ ।

ਕੋਈ ਵੀ ਵਰਤਾਰਾ ਮਰਿਯਾਦਾ ਬਿਨਾਂ ਨਹੀਂ ਚੱਲ ਸਕਦਾ ।

ਹਰੇਕ ਚੀਜ ਦੇ ਕੋਈ ਅਸੂਲ ਨਿਸਚਤ ਹਨ ਉਹ ਚਾਹੇ ਕੁਦਰਤ ਦਾ ਸਿਲਸਿਲਾ ਹੋਵੇ ਜਾਂ ਕੋਈ ਬੰਦੇ ਦੀ ਆਪਣੀ ਸਿਰਜਣਾ ਹੋਵੇ। ਬੰਦੇ ਨੇ ਜਿਨੀਆਂ ਵੀ ਸੁਖ ਸਹੂਲਤਾਂ ਪੈਦਾ ਕੀਤੀਆਂ ਸਭ ਦਾ ਕੋਈ ਵਿਧੀ ਵਿਧਾਨ ਹੈ।

ਸਿੱਖ ਧਰਮ ਦਾ ਮੂਲ ਗੁਰਬਾਣੀ ਹੈ। ਸਿੱਖ ਧਰਮ ਦੀ ਮਰਿਆਦਾ ਗੁਰਬਾਣੀ ਹੈ। ਸਿੱਖ ਧਰਮ ਦੇ ਅਸੂਲਾਂ ਦੀ ਵਿਆਖਿਆ ਗੁਰਬਾਣੀ ਕਰਦੀ ਹੈ। ਗੁਰਬਾਣੀ ਲਿਖਣ ਪੜ੍ਹਨ ਸਮਝਣ ਦੇ ਅਸੂਲ (ਵਿਆਕਰਨ ਨਿਯਮ) ਗੁਰੂ ਅਰਜੁਨ ਸਾਹਿਬ ਜੀ ਨੇ ਗੁਰਬਾਣੀ ਸੰਪਾਦਨਾ ਵੇਲੇ 1604 ਈਸਵੀ ‘ਚ ਇਕਸਾਰ ਨਿਸ਼ਚਿਤ ਕੀਤੇ ਹਨ। ਗੁਰਬਾਣੀ ਵਿਚਲੇ ਅਸੂਲ ਸਿੱਖ ਰਹਿਤ ਮਰਿਯਾਦਾ ਰਾਹੀ ਪੰਥ ਨੇ ਸੌਖੇ ਕਰਕੇ ਲਿਖ ਦਿੱਤੇ ਹਨ। ਹੁਕਮ ਅਸੂਲ ਬਹੁਤ ਵੱਡੀ ਮਹੱਤਤਾ ਰਖਦੇ ਹਨ ।

ਹੁਣ 25 ਜੂਨ 2025 ਨੂੰ ਡਿੱਗਦਿਆਂ ਢਹਿੰਦਿਆਂ 34 ਮੈਂਬਰੀ ਕਮੇਟੀ ਬਣਾ ਦਿੱਤੀ ਹੈ । 34 ਮੈਂਬਰੀ ਕਮੇਟੀ ਦੀ ਲਿਸਟ ਚ ਜਿਹੜੇ ਮੈਂਬਰ ਪਾਏ ਗਏ ਉਹਨਾਂ ’ਚ ਬਹੁਤੇ ਤਾਂ ਉਹ ਹਨ ਜਿਹੜੇ ਕਿਸੇ ਵੀ ਪੰਥਕ ਫੈਸਲੇ ਨੂੰ ਮੰਨਣ ਤੋਂ ਇਨਕਾਰੀ ਨੇ। ਨਾ ਮਰਿਯਾਦਾ ਮੰਨਣ, ਨਾ ਗੁਰਬਾਣੀ ਦੇ ਨੇਮ ਮੰਨਣ, ਨਾ ਨਾਨਕਸ਼ਾਹੀ ਕੈਲੰਡਰ ਮੰਨਣ ।

ਹਰੇਕ ਜਥੇਬੰਦੀ ਦਾ ਕਹਿਣਾ ਹੈ ਕਿ ਜਥੇਦਾਰਾਂ ਲਈ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਹੈ ।

ਹੁਣ ਕੁਝ ਚਰਚਾ ਹੋਰ ਅੱਗੇ ਕਰਦੇ ਹਾਂ …

ਵਿਧੀ ਵਿਧਾਨ ਕਿੰਨਾ ਵੀ ਮਜਬੂਤ ਹੋਵੇ ਜੇਕਰ ਉਹ ਵਿਧੀ ਵਿਧਾਨ ਲਾਗੂ ਕਰਨ ਵਾਲੇ ਈਮਾਨਦਾਰ ਨਹੀਂ ਹੋਣਗੇ ਤਾਂ ਵਿਧੀ ਵਿਧਾਨ ਕੁਝ ਨਹੀਂ ਕਰ ਸਕਦੇ ।

ਭਾਰਤ ਦਾ ਕਨੂੰਨ ਬਣਿਆ ਹੈ ਲਿਖਤੀ ਵੀ ਹੈ , ਜਿਥੇ ਲੋੜ ਪੈਂਦੀ ਨਾਲ ਦੀ ਨਾਲ ਸੋਧ ਸੁਧਾਈ ਵੀ ਹੋ ਜਾਂਦੀ । ਪਰ ਉਸ ਕਨੂੰਨ ਨੂੰ ਲਾਗੂ ਕਰਨ ਵਾਲਿਆਂ ਦੀ ਅੱਖ ’ਚ ਨੁਕਸ ਹੈ । ਸ਼ਕਲ, ਧਰਮ, ਬੋਲੀ, ਅਮੀਰ ਗਰੀਬ ਵੇਖਕੇ ਕਨੂੰਨ ਦੀ ਪਾਲਣਾ ਹੁੰਦੀ ਹੈ । ਸਭ ਦੇ ਸਾਹਮਣੇ ਹੈ ਕਿਦਾਂ ਇੱਕੇ ਹੀ ਕਨੂੰਨ ਦੀ ਵਰਤੋਂ ਆਵਦਿਆਂ ਲਈ ਹੋਰ ਹੈ ਤੇ ਪਰਾਇਆਂ ਲਈ ਹੋਰ ਹੈ ।

ਸਿੱਖ ਧਰਮ ਦਾ ਮੂਲ ਗੁਰਬਾਣੀ ਹੈ। ਪਰ ਜੇਕਰ ਗੁਰਬਾਣੀ ਦੀ ਵਿਆਖਿਆ ਏਧਰੋਂ ਓਧਰੋਂ ਜਾਂ ਮਨ ਮਰਜੀ ਨਾਲ ਕਰੋਗੇ ਤਾਂ ਨਿਘਾਰ ਜਰੂਰ ਆਵੇਗਾ । ਗੁਰਬਾਣੀ ਸੰਪਾਦਨ ਵੇਲੇ ਗੁਰਬਾਣੀ ਵਿਆਕਰਨ ਦੇ ਮਜਬੂਤ ਨਿਯਮ ਹਨ, ਸ਼੍ਰੋਮਣੀ ਕਮੇਟੀ 70-80 ਸਾਲ ਤੋਂ ਆਪ ਹੀ ਛਾਪਦੀ ਆਉਂਦੀ ਹੈ ਪਰ ਸ਼੍ਰੋਮਣੀ ਕਮੇਟੀ ਆਪ ਹੀ ਨਹੀਂ ਮੰਨਦੀ। ਪੰਥਕ ਇਕਸਾਰਤਾ ਲਈ ਸਿੱਖ ਰਹਿਤ ਮਰਿਆਦਾ ਹੈ ਪਰ ਲਾਗੂ ਕੌਣ ਕਰੇ? ਹੁਣ ਜਥੇਦਾਰਾਂ ਦੇ ਲਾਹੁਣ ਅਤੇ ਹਟਾਉਣ ਦੇ ਨਿਯਮ ਬਣ ਜਾਣਗੇ ਪਰ ਵਰਤਣੇ ਕਿਸ ਨੇ? ਜਦੋਂ ਦੀ ਸਿੱਖ ਰਹਿਤ ਮਰਿਯਾਦਾ ਬਣਨ ਤੋਂ ਬਾਅਦ ਅਤੇ ਗੁਰਬਾਣੀ ਵਿਆਕਰਣ ਦੇ ਸਰਲ ਨੇਮ (ਸ਼ਬਦਾਰਥ ਪੋਥੀ ਪਹਿਲੀ ਦੇ ਅਰੰਭ ‘ਚ ਵੀ ਹੈ) ਲੱਖਾਂ ਦੀ ਗਿਣਤੀ ‘ਚ ਛਾਪਣ ਤੇ ਵੰਡਣ ਤੋਂ ਬਾਅਦ ਵੀ ਪਾਠ ਫਿਰ ਮਨਮਰਜੀ ਨਾਲ ਹੀ ਕਰਨਾ ਹੈ। ਜਥੇਦਾਰਾਂ ਬਾਰੇ ਵਿਧੀ ਵਿਧਾਨ ਲਿਖ ਕੇ ਛਾਪੀ ਜਾਓ, ਪੜੀ ਜਾਓ।

ਕਿਹੜੇ ਵਿਧੀ ਵਿਧਾਨ ਦੀ ਪਾਲਣਾ ਹੋ ਰਹੀ …..

1. ਗੁਰਬਾਣੀ ਦੇ ਵਿਆਕਰਣ ਨੇਮ ਛਾਪਣ ਤੋਂ ਬਾਅਦ ਸ਼੍ਰੋਮਣੀ
ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਿਆਂ ‘ਚ ਉਹ ਲਾਗੂ
ਕਿਉਂ ਨਹੀਂ?

2. ਸਿੱਖ ਰਹਿਤ ਮਰਿਆਦਾ ਲਾਗੂ ਕਰਨ ਦੀ ਥਾਂ ਸਿੱਖ ਰਹਿਤ
ਮਰਿਯਾਦਾ ਦੀਆਂ ਹੀ ਧੱਜੀਆਂ ਕੌਣ ਉਡਾ ਰਿਹਾ ?

3. ਜਥੇਦਾਰਾਂ ਬਾਰੇ ਨਿਯਮ ਬਣ ਜਾਣਗੇ ਪਰ ਲਾਗੂ ਉਹਨਾਂ ਹੀ
ਕਰਨੇ ਨੇ ਜਿਨਾਂ ਨੇ ਆਪੇ ਬਣਾ ਕੇ ਛਾਪ ਕੇ ਸਿੱਖ ਰਹਿਤ
ਮਰਿਯਾਦਾ ਨਹੀਂ ਮੰਨੀ । ਜਿਨ੍ਹਾਂ ਨੇ ਗੁਰਬਾਣੀ ਪੜ੍ਹਨ
ਸਮਝਣ ਦੇ ਨੇਮ ਲਿਖੇ ਛਾਪੇ ਪਰ ਆਪ ਹੀ ਨਹੀਂ ਮੰਨੇ ।

ਜਦੋਂ ਕੰਮ ਹੀ ਰਾਜਸੀ ਦਬਾ ਥੱਲੇ ਹੋਣਾ ਉਤਲਿਆਂ ਦਾ ਹੁਕਮ ਹੀ ਮੰਨਣਾ , ਜਾਂ ਵੋਟਾਂ ਖਾਤਰ ਡੇਰਿਆਂ ਦੀਆਂ ਹੀ ਲਿਲਕੜੀਆਂ ਕੱਢਣੀਆਂ ਫਿਰ ਕਾਹਦੇ ਨਿਯਮ ? 

ਨਾਨਕਸ਼ਾਹੀ ਕੈਲੰਡਰ ਪਾਸ ਨਹੀਂ ਹੋਇਆ ਸੀ ? ਕਿੰਨੇ ਪਾਸ ਕੀਤਾ ਸੀ ? ਰੱਦ ਕਿੱਦਾਂ ਹੋਇਆ ? ਕੌਣ ਸੀ ਰੱਦ ਕਰਵਾਉਣ ਵਾਲਾ ? ਸੌਦੇ ਸਾਦ ਦੀ ਬਿਨ ਮੰਗਿਆਂ ਮੁਆਫੀ ਕਿਦਾਂ ਹੋਈ , ਕੌਣ ਮੁਆਫੀ ਦੇ ਗਿਆ , ਨਿਯਮ ਕਿਥੇ ਸੀ ? ਸ਼੍ਰੋਮਣੀ ਕਮੇਟੀ ਇਸ ਵਰਤਾਰੇ ਨੂੰ ਠੀਕ ਸਾਬਤ ਕਰਦੀ ਹੋਈ ਇਸ਼ਤਿਹਾਰਾਂ ਉਤੇ ੯੨ ਲੱਖ ਰੁਪਿਆ ਖਰਚਤਾ , ਕਿਥੇ ਸੀ ਨਿਯਮ ? ੨ ਦਸੰਬਰ ਤੋਂ ਬਾਅਦ ਜਥੇਦਾਰ ਨਿਸ਼ਾਨੇ ਤੇ ਕਿਉਂ ਆ ਗਏ ? ਕਿਉਂਕਿ ਮੁਖੀਏ ਲਈ ਸਜਾ ਸਖਤ ਸੀ ? ਕਿਉਂਕਿ ਮੁਖੀਆ ਨਰਾਜ ਹੋ ਗਿਆ ਸੀ ? ਗਿਆਨੀ ਹਰਪ੍ਰੀਤ ਸਿੰਘ ਨੂੰ ਜਲੀਲ ਕਰਨ ਲਈ ਕੀ ਕੁਝ ਕੋਲੋਂ ਘੜ ਲਿਆ , ਕਿਉਂਕਿ ਹਟਾਉਣਾ ਸੀ । ਦੂਜੇ ਦੋ ਜਥੇਦਾਰ ਕੀ ਕਹਿ ਕੇ ਲਾਹੇ ਸੀ ?

ਸੋ ਨਿਯਮ , ਮਰਿਯਾਦਾ , ਅਸੂਲ ਕਿਉਂ ਲਿਖੀ ਜਾਣੇ , ਛਾਪੀ ਜਾਣੇ ਜਦੋਂ ਕਿ ਕਰਨੀ ਤਾਂ ਮਨ ਮਰਜੀ ਆ ?

ਦਰਬਾਰ ਸਾਹਿਬ ਦੇ ਗ੍ਰੰਥੀ ਲਾਉਣ ਲੱਗਿਆਂ ਪਿੱਛਲੇ ਸਮੇਂ ਨਿਯਮ ਵਰਤੇ ਸੀ ਕਿ ਮੁਖੀਏ ਦੇ ਹੁਕਮ ? ਡੇਰੇਦਾਰ ਕਿਦਾਂ ਲੱਗ ਗਏ ਰਾਤੋ ਰਾਤ ਪੱਗਾਂ ਬਦਲ ਕੇ ? ਰਹਿਤ ਮਰਿਆਦਾ ਅਤੇ ਗੁਰਬਾਣੀ ਨੇਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਪਾਸ ਕਿਦਾਂ ਹੋ ਗਏ ?

ਐਵੇਂ ਲੋਕਾਂ ਨੂੰ ਕਮਲੇ ਨਾ ਬਣਾਓ ਕੰਮ ਚਲਾਈ ਜਾਓ ਜਿਦਾਂ ਚੱਲਦਾ?

ਕੁਝ ਜਥੇਬੰਦੀਆਂ ਜਾਂ ਪ੍ਰਚਾਰਕਾਂ ਵਾਸਤੇ ਸ਼੍ਰੋਮਣੀ ਕਮੇਟੀ ਮੱਥੇ ਵੱਟ ਪਾਈ ਰੱਖਦੀ ਹੈ, ਪਰ ਰਹਿਤ ਮਰਿਆਦਾ ਅਤੇ ਗੁਰਮਤਿ ਸਿਧਾਤਾਂ ਦੀਆਂ ਧੱਜੀਆਂ ਉਡਾਉਣ ਵਾਲੇ, ਸ਼੍ਰੋਮਣੀ ਕਮੇਟੀ ਦੀਆਂ ਹੀ ਜੜਾਂ ਵੱਢਣ ਵਾਲੇ ਸ਼੍ਰੋਮਣੀ ਕਮੇਟੀ ਦੀਆਂ ਸਟੇਜਾਂ ਦਾ ਸ਼ਿੰਗਾਰ ਹੁੰਦੇ ਨੇ । ਕਿਥੇ ਨੇ ਨਿਯਮ?

ਕਾਪੀਆਂ ਕਾਲੀਆਂ ਕਰ ਕਰ ਰੱਖੀ ਜਾਓ।

ਪਹਿਲਾਂ ਨਿਯਮ ਮੰਨਣ ਵਾਲੀ ਸੂਝ ਬੂਝ ਅਤੇ ਦ੍ਰਿੜ੍ਹਤਾ ਹਾਸਲ ਕਰੋ ।

ਜਥੇਦਾਰ ਲਾਉਣ ਵੇਲੇ ਜੇਕਰ ਲੀਡਰਾਂ ਦੀ ਨਦਰ ਸਵੱਲੀ ਹੋਈ ਸ਼ਿਫਾਰਸ਼ ਤਕੜੀ ਹੋਈ ਤਾਂ ਫੇਲ ਨੇ ਵੀ ਪਾਸ ਹੋ ਜਾਣਾ , ਜੇਕਰ ਹਟਾਉਣਾ ਹੋਇਆ ਤਾਂ ਕਿਤਿਓਂ ਵੀ ਕੋਈ ਵੀ ਨਿੱਕਾ ਮੋਟਾ ਕੇਸ ਤਿਆਰ ਕਰ ਲੈਣਾ ਤੇ ਲਾਹ ਦੇਣਾ । ਵਿਆਖਿਆ ਤਾਂ ਨਿਯਮਾਂ ਦੀ ਇਹਨਾਂ ਹੀ ਕਰਨੀ ਆ । ਸੌਦੇ ਸਾਧ ਦੀ ਮੁਆਫੀ ਵਾਂਗੂੰ ਜਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਵਾਂਗੂੰ । ਤੁਹਾਡਾ ਆਪਣਾ ਹੀ ਰਾਜ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 34 ਮੈਂਬਰੀ ਜੋ ਕਮੇਟੀ ਗਠਨ ਕੀਤੀ ਗਈ ਹੈ ਉਸ ਵਿੱਚ ਅਜੇਹੀਆਂ ਸੰਸਥਾਵਾਂ ਦੇ ਨੁਮਾਇਮਦੇ ਪਾਏ ਗਏ ਹਨ ਜੋ ਪੰਥ ਰਹਿਤ ਮਰਿਯਾਦਾ ਨੂੰ ਮੰਨਦੇ ਹੀ ਨਹੀਂ ਹਨ। ਅਜੇਹੀ ਸਥਿਤੀ ਵਿੱਚ ਉਹ ਨੁਮਾਇੰਦੇ ਪੰਥਕ ਸੋਚ ’ਤੇ ਕਿਦਾਂ ਪਹਿਰਾ ਦੇਣਗੇ? ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁਰਜ਼ੋਰ ਬੇਨਤੀ ਹੈ ਕਿ ਇਸ ਕਮੇਟੀ ਵਿੱਚ ਨਿਰੋਲ ਪੰਥ ਹਤਾਇਸ਼ੀ ਵਿਦਵਾਨ ਹੀ ਹੋਣੇ ਚਾਹੀਦੇ ਹਨ।