ਗੁਰੂ ਹਰਿ ਕਿਸ਼ਨ ਸਾਹਿਬ ਜੀ
ਪ੍ਰਿੰ: ਗੁਰਬਚਨ ਸਿੰਘ
ਜ਼ਮਾਨਾ ਬੜੀ ਤੇਜ਼ੀ ਨਾਲ ਬਦਲਿਆ ਹੈ। ਸਾਡੇ ਦੇਖਦਿਆਂ ਦੇਖਦਿਆਂ ਹੀ ਹਰ ਖੇਤਰ ਵਿੱਚ ਬਹੁਤ ਵੱਡੀ ਤਬਦੀਲੀ ਆਈ। ਸਾਡੇ ਖਾਣ ਪੀਣ, ਪਹਿਨਣ ਤੇ ਸਭਿਆਚਾਰ ਵਿਚ ਵੀ ਬਦਲਾਅ ਆਇਆ ਹੈ। ਨਵੇਂ ਜ਼ਮਾਨੇ ਦੇ ਪ੍ਰਭਾਵ ਨੂੰ ਹਰ ਬਸ਼ਰ ਨੇ ਬਾ-ਖੂਬੀ ਕਬੂਲਿਆ ਹੈ। ਸਮੇਂ ਅਨੁਸਾਰ ਮਨੁੱਖੀ ਜ਼ਿੰਦਗੀ ਵਿੱਚ ਵੀ ਬਹੁਤ ਵੱਡੇ ਫਰਕ ਆਏ ਹਨ। ਨਵੀਂ ਪੀੜ੍ਹੀ ਆਪਣੇ ਆਪ ਨੂੰ ਬਹੁਤ ਸਿਖਿਅਤ ਸਮਝਦੀ ਹੈ ਤੇ ਪੁਰਾਣੀ ਪੀੜ੍ਹੀ ਨੂੰ ਪਿਛਾਂਹ ਖਿੱਚੂ ਸਮਝਦੀ ਹੈ। ਜਿੱਥੇ ਕਿਤੇ ਆਪਸ ਵਿੱਚ ਵਿਚਾਰ ਟਕਰਾਉਂਦੇ ਹਨ ਤਾਂ ਝੱਟ ਕਹਿ ਦਿੱਤਾ ਜਾਂਦਾ ਹੈ ਕਿ ਨਵੀਂ ਪੀੜ੍ਹੀ ਤੇ ਪੁਰਾਣੀ ਪੀੜ੍ਹੀ ਦੇ ਵੀਚਾਰਾਂ ਦਾ ਟਕਰਾਅ ਹੈੇ।
ਸਿੱਖੀ ਦਾ ਇਹ ਨਿਵੇਕਲਾ ਪਨ ਹੈ ਕਿ ਇਸ ਵਿੱਚ ਨਵੀਂ ਪੀੜ੍ਹੀ ਤੇ ਪੁਰਾਣੀ ਪੀੜ੍ਹੀ ਵਿੱਚ ਕੋਈ ਅੰਤਰ ਨਹੀਂ ਤੇ ਨਾ ਹੀ ਕੋਈ ਟਕਰਾਅ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਚਾਂਦਨੀ ਚੌਂਕ ਵਿੱਚ ਸ਼ਹਾਦਤ ਦਿੰਦੇ ਹਨ ਤਾਂ ਉਨ੍ਹਾਂ ਦੇ ਸਭ ਤੋਂ ਛੋਟੇ ਸਪੋਤਰੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਹਿਬਜ਼ਾਦਾ ਫਤਿਹ ਸਿੰਘ ਸਰਹੰਦ ਵਿਖੇ ਕੰਧ ਵਿਚ ਚਿਣ ਕੇ ਸ਼ਹੀਦੀ ਦਿੰਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਨੂੰ ਜਾਣ ਸਮੇਂ ਆਪਣੇ ਬੇਟੇ ਬਾਲਕ ਗੋਬਿੰਦ ਰਾਇ ਨੂੰ ਨੌਂ ਸਾਲ ਦੀ ਉਮਰ ਵਿੱਚ ਗੁਰਿਆਈ ਦੀ ਜ਼ਿੰਮੇਵਾਰੀ ਸੌਂਪਦੇ ਹਨ।
ਸਿੱਖ ਇਤਿਹਾਸ ਦੀ ਚਮਕ ਬਹੁਤ ਕਮਾਲ ਦੀ ਹੈ। ਦਸ ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਨਾਂਹ ਕਰਕੇ ਨਵੇਂ ਇਨਕਲਾਬ ਨੂੰ ਜਨਮ ਦਿੱਤਾ। ਜ਼ਰਾ ਸੋਚੀਏ ਕਿ ਸਾਰੀ ਬਰਾਦਰੀ ਰਿਸ਼ਤੇਦਾਰ ਇਕੱਠੇ ਹੋਏ ਸਨ ਤਾਂ ਬਾਲਕ ਨਾਨਕ ਨੇ ਜਨੇਊ ਪਉਣ ਤੋਂ ਨਾਂਹ ਕਰਕੇ ਪੰਡਤ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ। ਸਮਝਿਆ ਜਾ ਸਕਦਾ ਹੈ ਕਿ ਸਿੱਖੀ ਵਿੱਚ ਉਮਰ ਦਾ ਤਕਾਜ਼ਾ ਨਹੀਂ ਹੈ ਇੱਥੇ ਤਾਂ ਸਗੋਂ ਸਿੱਖ ਸਿਧਾਂਤ ਨੂੰ ਸਮਝ ਕੇ ਅਪਨਾਉਣ ਦੀ ਗੱਲ ਆਉਂਦੀ ਹੈ। ਗੁਰੂ ਹਰਿ ਕਿਸ਼ਨ ਸਾਹਿਬ ਜੀ ਨੇ ਛੋਟੀ ਉਮਰ ਵਿੱਚ ਦ੍ਰਿੜ੍ਹਤਾ ਵਾਲੇ ਫੈਸਲੇ ਲਏ ਸਨ। ਸਮਾਜ ਵਿੱਚ ਇਹ ਵੀ ਵਰਤਾਰਾ ਮਿਲਦਾ ਹੈ ਕਿ ਕਈ ਵਾਰੀ ਲੰਮੀ ਉਮਰ ਵਾਲੇ ਵੀ ਸਾਰੀ ਜ਼ਿੰਦਗੀ ਕੋਈ ਜ਼ਿੰਮੇਵਾਰੀ ਨਹੀਂ ਨਿਭਾਅ ਸਕੇ। ਛੋਟੀ ਉਮਰ ਵਿੱਚ ਵੀ ਉਹ ਮਹਾਨ ਕਾਰਜ ਕਰਕੇ ਗਏ ਹਨ ਜੋ ਰਹਿੰਦੀ ਦੁਨੀਆਂ ਤੱਕ ਯਾਦ ਰਹਿਣਗੇ। ਗੁਰੂ ਹਰਿ ਕਿਸ਼ਨ ਸਾਹਿਬ ਜੀ ਦੀ ਉਮਰ ਭਾਵੇਂ ਛੋਟੀ ਹੈ ਪਰ ਉਨ੍ਹਾਂ ਦਾ ਕਾਰਜ ਖੇਤਰ ਸੂਰਜ ਦੀ ਰੋਸ਼ਨੀ ਵਾਂਗ ਚਮਕਦਾ ਤੇ ਪਹਾੜ ਵਰਗਾ ਜਿਗਰਾ ਤੇ ਸਮੁੰਦਰ ਵਾਂਗ ਵਿਸ਼ਾਲਤਾ ਦਾ ਸਬੂਤ ਹੈ।
ਗੁਰੂ ਹਰਿ ਰਾਇ ਸਾਹਿਬ ਜੀ ਦੇ ਦੋ ਸਪੱਤਰ ਬਾਬਾ ਰਾਮਰਾਇ ਤੇ ਗੁਰੂ ਹਰਿ ਕਿਸ਼ਨ ਸਾਹਿਬ ਜੀ ਸਨ। ਦਸ ਗੁਰੂ ਸਹਿਬਾਨ ਵਿਚੋਂ ਗੁਰੂ ਹਰਿ ਕਿਸ਼ਨ ਸਾਹਿਬ ਜੀ ਅੱਠਵੇਂ ਪਾਤਸ਼ਾਹ ਸਨ। ਸਿੱਖ ਤਵਾਰੀਖ਼ ਵਿੱਚ ਸਭ ਤੋਂ ਛੋਟੀ ਉਮਰ ਵਿੱਚ ਉਨ੍ਹਾਂ ਨੂੰ ਗੁਰੂ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਸਾਹਿਬ ਜੀ ਦੇ ਜਨਮ ਸਬੰਧੀ ਇੱਕ ਸਰੋਤ ਅਨੁਸਾਰ 8 ਸਾਵਣ ਸੰਮਤ 1713 ਚੰਦ੍ਰਮਾ ਦੇ ਹਿਸਾਬ ਨਾਲ ਸਾਵਣ ਵਦੀ 10 ਸੀ (ਭਾਵ ਹਾੜ੍ਹ ਦੀ ਪੂਰਨਮਾਸ਼ੀ ਤੋਂ ਪਿੱਛੋਂ ਦਸਵਾਂ ਦਿਨ ਹਨੇਰਾ ਪੱਖ ਸੀ) ਭਾਵ 7 ਜੁਲਾਈ 1656 ਈਸਵੀ ਸੀ। ਸੰਖੇਪ ਸਿੱਖ ਇਤਿਹਾਸ ਲਿਖਤ ਪਿਆਰਾ ਸਿੰਘ ਪਦਮ ਤੇ ਸਿੱਖ ਤਵਾਰੀਖ਼ ਲਿਖਤ ਡਾ. ਹਰਜਿੰਦਰ ਸਿੰਘ ਦਿਲਗੀਰ ਅਨੁਸਾਰ ਭੱਟ ਵਹੀਆਂ ਦੇ ਹਿਸਾਬ ਨਾਲ ਸਾਹਿਬਾਂ ਦਾ ਜਨਮ 20 ਜੁਲਾਈ 1652 ਈਸਵੀ ਨੂੰ ਹੋਇਆ। ਭੱਟ ਵਹੀਆਂ ਵਾਲੀ ਤਾਰੀਖ਼ ਜ਼ਿਆਦਾ ਢੁੱਕਵੀਂ ਹੈ।
ਚਉਪਈ-
ਸੰਮਤ ਬਰਸ ਬਾਲਕ ਸੈ ਯਾਰਾਂ ਕੇ ਗਏ।
ਗੁਰੂ ਹਰਿ ਕਿਸ਼ਨ ਜੀ ਜਨਮ ਤਬ ਕੇ ਲਏ।
ਸਾਵਣ ਦਿਨ ਨਉਂ ਜਬ ਕੇ ਕੀਤੇ।
ਚਾਨਣੇ ਪੱਖ ਸਭ ਨਛੱਤਰ ਨਿਸ ਅਢਾਈ ਜਾਮ ਬੀਤੇ।
ਗੁਰੂ ਹਰਿ ਕਿਸ਼ਨ ਸਾਹਿਬ ਜੀ ਨੇ ਜ਼ਿਆਦਾ ਸਮਾਂ ਕੀਰਤਪੁਰ ਵਿਖੇ ਬਿਤਾਇਆ। ਗੁਰੂ ਸਾਹਿਬ ਜੀ ਨੇ ਪੜ੍ਹਾਈ ਦੀਵਾਨ ਦਰਗਾਹ ਮੱਲ, ਭਾਈ ਅੜੂ ਰਾਮ (ਪਿਤਾ ਭਾਈ ਕਿਰਪਾ ਰਾਮ) ਅਤੇ ਭਾਈ ਬਿੰਨਾ ਉੱਪਲ (ਪਿਤਾ ਭਾਈ ਫੇਰੂ) ਦੀ ਨਿਗਰਾਨੀ ਹੇਠ ਹਾਸਿਲ ਕੀਤੀ। ਵਿਦਿਆ ਦੇ ਨਾਲ ਨਾਲ ਘੋੜ ਸਵਾਰੀ ਤੇ ਸ਼ਸਤਰ ਚਲਾਉਣ ਦੀ ਵੀ ਮੁਹਾਰਤ ਹਾਸਲ ਕੀਤੀ।
ਜਦੋਂ ਪਿਛਲੇ ਇਤਿਹਾਸ ਦੇ ਵਾਕਿਆਤ ਦੇਖਦੇ ਹਾਂ ਤਾਂ ਨਾਨਕਈ ਫਲਸਫੇ ਨਾਲ ਤਿੰਨ ਧਿਰਾਂ ਖਾਰ ਖਾਂਦੀਆਂ ਸਨ। ਪਹਿਲੀ ਧਿਰ ਇਸਲਾਮੀ ਪੁਜਾਰੀ ਦੂਜੀ ਧਿਰ ਬ੍ਰਹਾਮਣੀ ਫਲਸਫਾ ਤੇ ਤੀਜੀ ਧਿਰ ਇਸਲਾਮੀ ਸਰਕਾਰ ਦੀਆਂ ਪਾਲਸੀਆਂ ਸਨ। ਗੁਰੂ ਨਾਨਕ ਸਾਹਿਬ ਦੇ ਸਮੇਂ ਬਾਬਰ ਨੇ ਦਿੱਲੀ ‘ਤੇ ਕਬਜ਼ਾ ਤਾਂ ਕਰ ਲ਼ਿਆ ਪਰ ਹਮਾਯੂੰ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਵਾਪਸ ਚਲਾ ਗਿਆ। ਫਿਰ ਸਮਾਂ ਆਉਂਦਾ ਹੈ ਗੁਰੂ ਅੰਗਦ ਪਾਤਸ਼ਾਹ ਜੀ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਦਾ, ਜਿਸ ਸਮੇਂ ਅਕਬਰ ਦਿੱਲੀ ਤੱਖਤ ਤੇ ਬੈਠਾ ਸੀ। ਅਕਬਰ ਨੇ ਦੀਨੇ ਇਲਾਹੀ ਦਾ ਨਵਾਂ ਧਰਮ ਚਲਾ ਕੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ। ਅਕਬਰ ਬਾਦਸ਼ਾਹ ਦੀ ਨੀਤੀ ਇਸਲਾਮੀ ਕੱਟੜਤਾ ਵਾਲੀ ਨਹੀਂ ਸੀ। ਅਕਬਰ ਬਾਦਸ਼ਾਹ ਦੇ ਰਾਜ ਕਾਲ ਵਿੱਚ ਬ੍ਰਾਹਮਣ ਪੁਜਾਰੀ ਵਲੋਂ ਸ਼ਿਕਾਇਤਾਂ ਲਗਾਈਆਂ ਗਈਆਂ ਕਿ ਗੁਰੂ ਨਾਨਕ ਸਾਹਿਬ ਜੀ ਵਲੋਂ ਚਲਾਇਆ ਧਰਮ ਸਾਡੀਆਂ ਪੁਰਾਣੀਆਂ ਪ੍ਰੰਪਰਾਵਾਂ ਨੂੰ ਨਹੀਂ ਮੰਨਦਾ। ਲਾਹੌਰ ਦੇ ਸੂਬੇਦਾਰ ਵਲੋਂ ਗੁਰੂ ਅਮਰਦਾਸ ਨੂੰ ਲਾਹੌਰ ਸੱਦਿਆ ਗਿਆ। ਗੁਰੂ ਸਾਹਿਬ ਜੀ ਨੇ ਭਾਈ ਜੇਠਾ ਜੀ ਭਾਵ (ਗੁਰੂ ਰਾਮਦਾਸ ਜੀ) ਨੂੰ ਲਾਹੌਰ ਭੇਜਿਆ। ਓਦੋਂ ਅਕਬਰ ਬਾਦਸ਼ਾਹ ਵੀ ਲਾਹੌਰ ਆਇਆ ਹੋਇਆ ਸੀ। ਭਾਈ ਜੇਠਾ ਜੀ ਦੇ ਸਾਹਮਣੇ ਅਕਬਰ ਬਾਦਸ਼ਾਹ, ਲਾਹੌਰ ਦਾ ਸੂਬੇਦਾਰ ਤੇ ਹੋਰ ਅਫਸਰ ਬੈਠੇ ਸਨ ਜਦ ਕਿ ਭਾਈ ਜੇਠਾ ਜੀ ਇਕੱਲੇ ਸਨ। ਉਨ੍ਹਾਂ ਨੇ ਸਰਕਾਰ ਦੇ ਹਰੇਕ ਸਵਾਲ ਦਾ ਬੇਬਾਕੀ ਨਾਲ ਜਵਾਬ ਦੇ ਕੇ ਸ਼ਿਕਾਇਤਾਂ ਲਾਉਣ ਵਾਲਿਆਂ ਨੂੰ ਨਿਰਉੱਤਰ ਕਰ ਦਿੱਤਾ। ਅਕਬਰ ਬਾਦਸ਼ਾਹ ਭਾਈ ਜੇਠਾ ਜੀ ਦੀਆਂ ਦਲੀਲਾਂ ਤੋਂ ਐਨਾ ਪ੍ਰਭਾਵਿਤ ਹੋਇਆ ਕਿ ਉਹ ਖ਼ੁਦ ਗੋਇੰਦਵਾਲ ਆਇਆ। ਗੋਇੰਦਵਾਲ ਦੀ ਮਰਿਯਾਦਾ ਤੇ ਸਮਾਜ ਭਲਾਈ ਦੇ ਹੁੰਦੇ ਕੰਮ ਦੇਖ ਕੇ ਅਕਬਰ ਬਾਦਸ਼ਾਹ ਨੇ ਜਗੀਰ ਦੇਣੀ ਚਾਹੀ ਪਰ ਗੁਰੂ ਸਾਹਿਬ ਜੀ ਨੇ ਜਗੀਰ ਲੈਣ ਤੋਂ ਨਾਂਹ ਕਰ ਦਿੱਤੀ ਅਕਬਰ ਦੇ ਮਰਨ ਉਪਰੰਤ ਉਸ ਦਾ ਪੁੱਤਰ ਜਹਾਂਗੀਰ ਰਾਜ ਗੱਦੀ ‘ਤੇ ਬੈਠਾ। ਜਹਾਂਗੀਰ ਦੇ ਆਲੇ ਦੁਆਲੇ ਕੱਟੜ ਪੰਥੀਆਂ ਦਾ ਘੇਰਾ ਮਜ਼ਬੂਤ ਹੋ ਗਿਆ। ਉਹ ਖ਼ੁਦ ਆਪਣੀ ਸਵੈਜੀਵਨੀ ਵਿੱਚ ਨਾਨਕਈ ਫਲਸਫੇ ਸਬੰਧੀ ਲਿਖਦਾ ਹੈ ਕਿ ਮੈਂ ਇਹ ਝੂਠ ਦੀ ਦੁਕਾਨ ਬੰਦ ਕਰਨੀ ਹੈ ਜੋ ਤਿੰਨ ਚਾਰ ਪੀੜ੍ਹੀਆਂ ਤੋਂ ਚਲੀ ਆ ਰਹੀ ਹੈ। ਇਸਲਾਮੀ ਧਰਮ ਵਿੱਚ ਖ਼ੁਆਜ਼ਾ ਮੁਹੰਮਦ ਬਾਕੀ ਬਿੱਲਾ ਤੇ ਸ਼ੇਖ ਅਹਿਮਦ ਸਰਹੰਦੀ ਬੜੀ ਕੱਟੜਤਾ ਨਾਲ ਇਸਲਾਮ ਦਾ ਪਰਚਾਰ ਕਰ ਰਹੇ ਸਨ। ਰਾਜ ਦਰਬਾਰ ਵਿੱਚ ਇਨ੍ਹਾਂ ਦਾ ਬਹੁਤ ਪ੍ਰਭਾਵ ਸੀ। ਏਸੇ ਕੱਟੜਤਾ ਕਾਰਨ ਗੁਰੂ ਅਰਜਨ ਪਾਤਸ਼ਾਹ ਜੀ ਸ਼ਹੀਦ ਹੋਏ ਸਨ। ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਹਕੂਮਤ ਨੇ ਨਜ਼ਰਬੰਦ ਕੀਤਾ ਫਿਰ ਸਰਕਾਰ ਨਾਲ ਚਾਰ ਜੰਗਾਂ ਹੋਈਆਂ।
1657 ਵਿੱਚ ਮੁਗ਼ਲ ਬਾਦਸ਼ਾਹ ਸ਼ਾਹ ਜਹਾਨ ਬੀਮਾਰ ਪੈ ਗਿਆ। ਉਸ ਨੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਆਪਣਾ ਵਾਰਸ ਐਲਾਨ ਕਰ ਦਿੱਤਾ ਪਰ ਔਰੰਗਜ਼ੇਬ ਨੇ ਆਪਣੇ ਪਿਤਾ ਦੇ ਵਿਰੁੱਧ ਬਗਾਵਤ ਕਰ ਦਿੱਤੀ। ਅਖ਼ੀਰ ਔਰੰਗਜ਼ੇਬ ਜੇਤੂ ਹੋ ਗਿਆ ਤੇ ਉਸ ਨੇ ਦਿੱਲੀ ਦੇ ਰਾਜ ਭਾਗ ਤੇ ਕਬਜ਼ਾ ਕਰ ਲਿਆ। ਔਰੰਗਜ਼ੇਬ ਨੇ ਆਪਣੇ ਵਿਰੋਧੀਆਂ ਨੂੰ ਸਜ਼ਾਵਾਂ ਦੇਣੀਆਂ ਸ਼ੁਰੂ ਕੀਤੀਆਂ। ਏਸੇ ਸਿਲਸਿਲੇ ਵਿੱਚ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਵੀ ਦਿੱਲੀ ਵਿਖੇ ਤਲਬ ਕਰ ਲਿਆ ਕਿ ਇਨ੍ਹਾਂ ਨੇ ਦਾਰਾ ਸ਼ਿਕੋਹ ਦੀ ਮਦਦ ਕੀਤੀ ਹੈ। ਇਹ ਝੂਠੀ ਸ਼ਕਾਇਤ ਸੀ ਜੋ ਪੁਜਾਰੀਆਂ ਦੀ ਨਫਰਤ ਵਿਚੋਂ ਪੈਦਾ ਹੋਈ ਸੀ। ਉਂਝ ਦਾਰਾ ਸ਼ਿਕੋਹ ਵੀ ਗੁਰੂ ਘਰ ਨਾਲ ਸਾਂਝ ਰੱਖਦਾ ਸੀ।
ਗੁਰੂ ਹਰਿ ਰਾਏ ਸਾਹਿਬ ਜੀ ਨੇ ਆਪ ਜਾਣ ਦੀ ਬਜਾਏ ਆਪਣੇ ਵੱਡੇ ਬੇਟੇ ਰਾਮਰਾਇ ਨੂੰ ਦਿੱਲੀ ਭੇਜਿਆ। ਰਾਮਰਾਇ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਕਿ “ਪੁੱਤਰ ਸਰਕਾਰ ਦੇ ਕਿਸੇ ਵੀ ਦਬਾ ਥੱਲੇ ਨਹੀਂ ਆਉਣਾ। ਗੁਰੂ ਨਾਨਕ ਸਾਹਿਬ ਜੀ ਵਲੋਂ ਚਲਾਏ ਰਾਹ ਤੇ ਡੱਟ ਕੇ ਪਹਿਰਾ ਦੇਣਾ ਹੈ। ਦੇਖ ਬੇਟਾ! ਤੇਰੇ ਪੜ੍ਹਦਾਦਾ ਜੀ ਨੇ ਆਪਣੀ ਸ਼ਹਾਦਤ ਦਿੱਤੀ, ਪਰ ਸਰਕਾਰ ਦੀ ਈਨ ਨਹੀਂ ਮੰਨੀ”। ਰਾਮਰਾਇ ਸਾਰਾ ਕੁਝ ਸਮਝ ਕੇ ਦਿੱਲੀ ਪਹੁੰਚ ਗਿਆ। ਔਰੰਗਜ਼ੇਬ ਤਥਾ ਬਾਕੀ ਵਜ਼ੀਰਾਂ ਵਲੋਂ ਪੁੱਛੇ ਸਾਰੇ ਸੁਵਾਲਾਂ ਦੇ ਜੁਆਬ ਰਾਮਰਾਇ ਨੇ ਬ-ਦਲੀਲ ਦਿੱਤੇ। ਰਾਮ ਰਾਇ ਦੇ ਜੁਆਬਾਂ ਤੋਂ ਔਰੰਗਜ਼ੇਬ ਬੜਾ ਪ੍ਰਭਾਵਤ ਹੋਇਆ ਪਰ ਅਚਾਨਕ ਮੌਲਵੀ ਵਲੋਂ ਇੱਕ ਨੁਕਤਾ ਉਠਾਇਆ ਗਿਆ ਕਿ ਤੁਹਾਡੇ ਗ੍ਰੰਥ ਵਿੱਚ ਇਸਲਾਮੀ ਸ਼ਰਾਅ ਦੇ ਵਿਰੁੱਧ ਲਿਖਿਆ ਹੋਇਆ ਹੈ ਕਿ “ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ” ਰਾਮ ਰਾਇ ਨੇ ਔਰੰਗਜ਼ੇਬ ਦੀ
ਚਾਪਲੂਸੀ ਵਿੱਚ ਆ ਕੇ ਇਸ ਤੁਕ ਨੂੰ ਬਦਲ ਦਿੱਤਾ ਤੇ ਕਿਹਾ ਕਿ “ਬਾਦਸ਼ਾਹ ਓੱਥੇ ਮਿਟੀ ਮੁਸਲਮਾਨ ਕੀ ਨਹੀਂ ਬਲ ਕੇ ਮਿੱਟੀ ਬੇਈਮਾਨ ਕੀ ਲਿਖਿਆ ਹੋਇਆ ਹੈ”। ਰਾਮ ਰਾਇ ਖੁਸ਼ਾਮਦ ਵਿੱਚ ਆ ਕੇ ਵੱਡੀ ਗਲਤੀ ਕਰ ਗਿਆ, ਜਿਸ ਕਰਕੇ ਪਿਤਾ ਗੁਰੂ ਹਰਿ ਰਾਇ ਸਾਹਿਬ ਜੀ ਨੇ ਉਸ ਨੂੰ ਮੂੰਹ ਨਹੀ ਲ਼ਗਾਇਆ ਤੇ ਪਰਵਾਰਕ ਨਾਤਾ ਤੋੜ ਦਿੱਤਾ। ਰਾਮਰਾਇ ਨੂੰ ਔਰੰਗਜ਼ੇਬ ਨੇ ਡੇਰਾਦੂਨ ਜ਼ਮੀਨ ਵੀ ਦਿੱਤੀ।
6 ਅਕਤੂਬਰ 1661 ਨੂੰ ਹਰਿ ਰਾਇ ਸਾਹਿਬ ਜੀ ਜੋਤੀ ਜੋਤ ਸਮਾ ਗਏ ਤੇ ਗੁਰਿਆਈ ਗੁਰੂ ਹਰਿ ਕਿਸ਼ਨ ਸਾਹਿਬ ਜੀ ਨੂੰ ਦਿੱਤੀ ਗਈ। ਇਸ ਸਮੇਂ ਰਾਮਰਾਇ ਵੀ ਹਾਜ਼ਰ ਹੋਇਆ ਤੇ ਵੱਡਾ ਸਪੁੱਤਰ ਹੋਣ ਦੇ ਨਾਤੇ ਗੁਰਗੱਦੀ ‘ਤੇ ਆਪਣਾ ਹੱਕ ਜਿਤਾਉਣ ਲੱਗਾ। ਉਸ ਸਮੇਂ ਇੱਕ ਦੋ ਸਿੱਖਾਂ ਨੂੰ ਛੱਡ ਕੇ ਬਾਕੀ ਕਿਸੇ ਨੇ ਵੀ ਰਾਮਰਾਇ ਦਾ ਸਾਥ ਨਹੀਂ ਦਿੱਤਾ। ਰਾਮਰਾਇ ਨੇ ਗੁਰਗੱਦੀ ਦਾ ਹੱਕ ਲੈਣ ਲਈ ਆਜਿਜ਼ ਹੋ ਕੇ ਔਰੰਗਜ਼ੇਬ ਕੋਲ ਪਹੁੰਚ ਕੀਤੀ। ਔਰੰਗਜ਼ੇਬ ਨੇ ਰਾਮਰਾਇ ਦੀ ਮਦਦ ਕਰਨ ਦਾ ਭਰੋਸਾ ਦਿਵਾਇਆ। ਏਸੇ ਸਬੰਧ ਵਿੱਚ ਔਰੰਗਜ਼ੇਬ ਨੇ ਗੁਰੂ ਹਰਿ ਕਿਸ਼ਨ ਸਾਹਿਬ ਜੀ ਨੂੰ ਦਿੱਲੀ ਆਉਣ ਲਈ ਸੰਮਨ ਭੇਜਿਆ। ਗੁਰੂ ਸਾਹਿਬ ਜੀ ਨੂੰ ਕੀਰਤਪੁਰ ਤੋਂ ਲਿਆਉਣ ਦੀ ਜ਼ਿੰਮੇਵਾਰੀ ਰਾਜਾ ਜੈ ਸਿੰਹੁ ਮਿਰਜ਼ਾ ਦੇ ਦੀਵਾਨ ਪਰਸ ਰਾਮ ਦੀ ਡਿਊਟੀ ਲਗਾਈ ਗਈ ਤੇ ਉਹ 18 ਮਾਰਚ 1664 ਨੂੰ ਕੀਰਤਪੁਰ ਆਇਆ। ਇਸ ਤੋਂ ਪਹਿਲਾਂ ਵੀ ਉਹ ਕੀਰਤਪੁਰ ਆਉਂਦਾ ਜਾਂਦਾ ਸੀ।
ਅਗਲੇ ਦਿਨ ਗੁਰੂ ਸਾਹਿਬ ਜੀ ਕੀਰਤਪੁਰ ਤੋਂ ਦਿੱਲੀ ਨੂੰ ਚੱਲ ਪਏ। ਗੁਰੂ ਸਾਹਿਬ ਜੀ ਦੇ ਨਾਲ ਦਾਦੀ ਬਸੀ, ਮਾਤਾ ਸੁਲੱਖਣੀ, ਦੀਵਾਨ ਦਰਗਾਹ ਮੱਲ, ਭਾਈ ਦਰੀਆ ਪਰਮਾਰ, ਭਾਈ ਮਨੀ ਰਾਮ ਅਤੇ ਹੋਰ ਬਹੁਤ ਸਾਰੇ ਸਿੱਖ ਰੱਥ ‘ਤੇ ਸਵਾਰ ਹੋ ਕੇ ਦਿੱਲੀ ਨੂੰ ਚੱਲ ਪਏ। ਕੀਰਤਪੁਰ ਤੋਂ ਚੱਲ ਕੇ ਕੋਟਲਾ ਨਿਹੰਗ ਖ਼ਾਂ, ਰੋਪੜ, ਬਨੂੜ, ਰਾਜਪੁਰਾ ਤੇ ਅੰਬਾਲੇ ਤੋਂ ਹੁੰਦੇ ਹੋਏ ਪੰਜੋਖੜਾ ਪਹੁੰਚੇ। ਪੰਜੋਖੜਾ ਵਿਖੇ ਗੁਰੂ ਨਾਨਕ ਜੀ ਦੇ ਸਮੇਂ ਤੋਂ ਹੀ ਸੰਗਤ ਕਾਇਮ ਹੋ ਚੁੱਕੀ ਸੀ। ਉਨ੍ਹਾਂ ਮਗਰੋਂ ਗੁਰੂ ਅਮਰਦਾਸ ਜੀ ਇਸ ਅਸਥਾਨ ‘ਤੇ ਆਏ ਸਨ। ਗਵਾਲੀਆਰ ਦੇ ਕਿਲ੍ਹੇ ਵਿਚੋਂ ਜਦੋਂ ਗੁਰੂ ਹਰਿ ਗੋਬਿੰਦ ਸਾਹਿਬ ਜੀ ਰਿਹਾ ਹੋਏ ਸਨ ਤਾਂ 1619 ਈ. ਨੂੰ ਪੰਜੋਖੜਾ ਆਏ ਸਨ। ਪਰਚਾਰ ਪੱਖੋਂ ਬਹੁਤ ਵੱਡੀ ਧਰਮਸਾਲ ਕਾਇਮ ਹੋ ਚੁੱਕੀ ਸੀ। ਇਸ ਧਰਮਸਾਲ ਵਿੱਚ ਬਕਾਇਦਾ ਸੰਗਤ ਜੁੜਦੀ ਸੀ। ਉਹ ਲੋਕ ਵੀ ਸੰਗਤ ਵਿੱਚ ਆਉਂਦੇ ਸਨ ਜਿੰਨ੍ਹਾਂ ਨੂੰ ਸਦੀਆਂ ਤੋਂ ਲਿਤਾੜਿਆ ਹੋਇਆ ਸੀ, ਮੰਦਰਾਂ ਵਿੱਚ ਜਾਣ ਦਾ ਵੀ ਕੋਈ ਅਧਿਕਾਰ ਨਹੀਂ ਸੀ ਤੇ ਨਾ ਹੀ ਵਿਦਿਆ ਹਾਸਲ ਕਰਨ ਦਾ ਕੋਈ ਹੱਕ ਸੀ। ਇਸ ਧਰਮਸਾਲ ਵਿੱਚ ਜਿੱਥੇ ਸਿੱਖ ਸਿਧਾਂਤ ਦ੍ਰਿੜ ਕਰਾਇਆ ਜਾਂਦਾ ਸੀ ਉੱਥੇ ਵਿਦਿਆ ਵੀ ਪੜ੍ਹਾਈ ਜਾਂਦੀ ਸੀ। ਇੱਥੇ ਧਰਮਸਾਲ ਵਿੱਚ ਹਰੇਕ ਨੂੰ ਬਰਾਬਰ ਦੇ ਅਧਿਕਾਰ ਸਨ। ਇਹ ਖ਼ਿਆਲ ਰਹੇ ਕੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਲਈ ਵਿਦਿਆ ਦੇ ਨਾਲ ਨਾਲ ਮੱਲ ਅਖਾੜੇ ਵੀ ਬਣਾਏ ਸਨ। ਸਮਝਿਆ ਜਾ ਸਕਦਾ ਹੈ ਕਿ ਜਿਨ੍ਹਾਂ ਨੂੰ ਸਦੀਆਂ ਤੋਂ ਮਨੁੱਖੀ ਅਧਿਕਾਰਾਂ ਤੋਂ ਗੂੰਗਾ, ਬੋਲ਼ਾ, ਅੰਨ੍ਹਾ ਰੱਖਿਆ ਹੋਇਆ ਸੀ ਸਾਹਿਬ ਗੁਰੂ ਦੀ ਸੰਗਤ ਕਰਕੇ ਉਨ੍ਹਾਂ ਨੇ ਔਖੀ ਤੋਂ ਔਖੀ ਵਿਦਿਆ ਹਾਸਲ ਕਰ ਲਈ ਸੀ ਭਾਵ ਸੰਸਕ੍ਰਿਤ ‘ਤੇ ਕੇਵਲ ਬ੍ਰਾਹਮਣ ਦਾ ਅਧਿਕਾਰ ਸੀ. ਛੱਜੂ ਵਰਗੇ ਮਹਾਨ ਗੁਰਸਿੱਖਾਂ ਨੇ ਸੰਸਕ੍ਰਿਤ ਵਿਦਿਆ ਵੀ ਹਾਸਲ ਕਰ ਲਈ ਸੀ। ਅਸਲ ਵਿੱਚ ਪੰਜੋਖੜੇ ਦੇ ਸਿੱਖੀ ਪਰਚਾਰ ਕੇਂਦਰ ਤੋਂ ਬ੍ਰਾਹਮਣ ਬਹੁਤ ਔਖੇ ਸਨ, ਕਿਉਂਕਿ ਲੋਕ ਬ੍ਰਾਹਮਣ ਵਲੋਂ ਦੱਸੇ ਕਰਮ ਕਾਂਡ ਛੱਡਦੇ ਜਾ ਰਹੇ ਸਨ।
ਬ੍ਰਾਹਮਣ ਪੁਜਾਰੀ ਸਿੱਖੀ ਦੀ ਚੜ੍ਹਤ ਤੋਂ ਸੁਭਾਵਿਕ ਦੁੱਖੀ ਸੀ। ਕੋਈ ਨਾ ਕੋਈ ਬਹਾਨਾ ਚਾਹੁੰਦਾ ਸੀ ਕਿ ਇਸ ਲਹਿਰ ਨੂੰ ਬੰਦ ਕੀਤਾ ਜਾਏ। ਜਦੋਂ ਗੁਰੂ ਹਰਿ ਕਿਸ਼ਨ ਸਾਹਿਬ ਜੀ ਪੰਜੋਖੜੇ ਆਏ ਤਾਂ ਲਾਲ ਚੰਦ ਨੇ ਦੇਖਿਆ ਕਿ ਉਮਰ ਤਾਂ ਗੁਰੂ ਸਾਹਿਬ ਦੀ ਛੋਟੀ ਹੈ। ਉਸ ਦਾ ਤਰਕ ਸੀ ਕਿ ਏਨੀ ਛੋਟੀ ਉਮਰ ਵਿੱਚ ਗੁਰੂ ਹਰਿ ਕਿਸ਼ਨ ਸਾਹਿਬ ਜੀ ਕਿਵੇਂ ਗੁਰੂ ਹੋ ਸਕਦੇ ਹਨ? ਤਦ ਬ੍ਰਾਹਮਣ ਨੇ ਕਿਹਾ ਕਿ ਗੁਰੂ ਸਾਹਿਬ ਜੀ ਗੀਤਾ ਦੇ ਅਰਥ ਕਰਨ। ਗੁਰੂ ਸਾਹਿਬ ਜੀ ਨੇ ਬ੍ਰਹਾਮਣ ਨੂੰ ਕਿਹਾ ਕਿ “ਹੁਣ ਗੀਤਾ ਦੇ ਅਰਥ ਤਾਂ ਭਾਈ ਕੋਈ ਵੀ ਕਰ ਸਕਦਾ ਹੈ”। ਇਸ ਸਮੇਂ ਭਾਈ ਛੱਜੂ ਝੀਵਰ ਨੂੰ ਗੀਤਾ ਦੇ ਅਰਥ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਭਾਈ ਛੱਜੂ ਜੀ ਨੇ ਹੋਰ ਵਿਦਿਆ ਦੇ ਨਾਲ ਨਾਲ ਸੰਸਕ੍ਰਿਤ ਦੀ ਵਿਦਿਆ ਵੀ ਪੰਜੋਖਰੇ ਦੀ ਧਰਮਸਾਲ ਵਿਚੋਂ ਲਈ ਹੋਈ ਸੀ। ਭਾਈ ਛੱਜੂ ਜੀ ਨੇ ਗੀਤਾ ਦੇ ਅਰਥ ਬਹੁਤ ਹੀ ਵਿਸਥਾਰ ਪੂਰਵਕ ਕੀਤੇ। ਭਾਈ ਲਾਲ ਚੰਦ ਦੀ ਤਸੱਲੀ ਹੋਈ।
ਗੁਰੂ ਸਾਹਿਬ ਜੀ ਨੇ ਭਾਈ ਛੱਜੂ ਜੀ ਭਾਈ ਲਾਲ ਚੰਦ ਜੀ ਸਿੱਖੀ ਦੇ ਪ੍ਰਚਾਰਕ ਥਾਪਿਆ। ਇੱਕ ਇਤਿਹਾਸ ਵਿੱਚ ਇਹ ਵੀ ਦਰਜ ਹੈ ਕਿ ਭਾਈ ਲਾਲ ਚੰਦ ਜੀ ਨੇ ਕਲਗੀਧਰ ਪਿਤਾ ਜੀ ਤੋਂ ਖੰਡੇ ਦੀ ਪਾਹੁਲ ਲਈ ’ਤੇ ਚਮਕੌਰ ਸਾਹਿਬ ਜੀ ਦੀ ਧਰਤੀ ‘ਤੇ ਸ਼ਹਾਦਤ ਦਾ ਜਾਮ ਪੀਤਾ। ਦੂਸਰੇ ਪਾਸੇ ਭਾਈ ਛੱਜੂ ਜੀ ਦੀ ਵੰਸ਼ ਵਿਚੋਂ ਭਾਈ ਹਿੰਮਤ ਸਿੰਘ ਪੰਜਾਂ ਪਿਆਰਿਆਂ ਦੀ ਚੋਣ ਸਮੇਂ ਚੁਣੇ ਗਏ ਸਨ।
ਗੁਰੂ ਸਾਹਿਬ ਜੀ ਪੰਜੋਖੜਾ, ਕੁਰੂਕਸ਼ੇਤਰ ਅਤੇ ਪਾਨੀਪਤ ਤੋਂ ਹੁੰਦੇ ਹੋਏ ਦਿੱਲੀ ਪਹੁੰਚੇ। ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਟਿਕਾਣਾ ਕੀਤਾ। ਰਾਜਾ ਜੈ ਸਿੰਘ ਦੀ ਸੁਪਤਨੀ ਰਾਣੀ ਪੁਸ਼ਪਾ ਵਤੀ ਤੇ ਉਸ ਦਾ ਪੁੱਤਰ ਰਾਮ ਸਿੰਘ ਬੰਗਲੇ ਵਿੱਚ ਮੌਜੂਦ ਸਨ। ਏਸੇ ਅਸਥਾਨ ਨੂੰ ਗੁਰਦੁਆਰਾ ਬੰਗਲਾ ਸਾਹਿਬ ਕਿਹਾ ਜਾਂਦਾ ਹੈ। ਗੁਰੂ ਹਰਿ ਕਿਸ਼ਨ ਸਾਹਿਬ ਜੀ ਨੇ ਗੋਲੀਆਂ ਵਿਚੋਂ ਰਾਣੀ ਦੀ ਪਹਿਚਾਣ ਕੀਤੀ ਤੇ ਸੁਭਾਵਕ ਕਿਹਾ ਗੋਲੀਆਂ ਵਾਲੇ ਕਪੜੇ ਪਹਿਨਣ ਨਾਲ ਕੋਈ ਗੋਲੀ ਨਹੀਂ ਬਣ ਸਕਦੀ, ਰਾਣੀ ਤਾਂ ਰਾਣੀ ਹੀ ਰਹਿੰਦੀ ਹੈ। ਜਦੋਂ ਗੁਰੂ ਹਰਿ ਕਿਸ਼ਨ ਸਾਹਿਬ ਜੀ ਦਿੱਲੀ ਵਿੱਚ ਸਨ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਪੂਰਬ ਦੇ ਦੌਰੇ ਤੋਂ ਵਾਪਸ ਦਿੱਲੀ ਪਹੁੰਚੇ ਸਨ। ਉਹ ਦਿਲਵਾਲੀ ਮਹੱਲੇ ਭਾਈ ਕਲਿਆਣੇ ਦੀ ਧਰਮਸਾਲ ਵਿੱਚ ਠਹਿਰੇ ਸਨ। 22 ਮਾਰਚ 1664 ਨੂੰ ਰਾਜੇ ਦੇ ਬੰਗਲੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਹਰਿ ਕਿਸ਼ਨ ਸਾਹਿਬ ਜੀ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਬਾਬੇ ਤੇ ਪੋਤਰੇ ਦੀ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੋ ਦਿਨ ਇਸ ਬੰਗਲੇ ਵਿੱਚ ਰਹੇ। ਰਾਜਸੀ, ਧਾਰਮਿਕ, ਸਮਾਜਿਕ ਮੁੱਦਿਆਂ ‘ਤੇ ਡੂੰਘੀਆਂ ਵੀਚਾਰਾਂ ਹੋਈਆਂ। ਸਿੱਖੀ ਦੇ ਪ੍ਰਚਾਰ ਪਾਸਾਰ, ਜੱਥੇਬੰਦਕ ਢਾਂਚੇ ਸਬੰਧੀ, ਗੁਰਤਾ ਸਬੰਧੀ ਤੇ ਖਾਸ ਤੌਰ ‘ਤੇ ਔਰੰਗਜ਼ੇਬ ਦੀ ਧਾਰਮਿਕ ਪਾਲਸੀ ਸਬੰਧੀ ਖੁਲ੍ਹੀਆਂ ਵਿਚਾਰਾਂ ਹੋਈਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਔਰੰਗਜ਼ੇਬ ਸਬੰਧੀ ਬਹੁਤ ਡੂੰਘੀ ਜਾਣਕਾਰੀ ਸੀ, ਜਿਹੜੀ ਗੁਰੂ ਹਰਿ ਕਿਸ਼ਨ ਸਾਹਿਬ ਜੀ ਨਾਲ ਸਾਂਝੀ ਕੀਤੀ।
25 ਮਾਰਚ 1664 ਈਸਵੀ ਨੂੰ ਔਰੰਗਜ਼ੇਬ ਨੇ ਗੁਰੂ ਹਰਿ ਕਿਸ਼ਨ ਸਾਹਿਬ ਜੀ ਨੂੰ ਮੁਲਾਕਾਤ ਲਈ ਬੁਲਾਇਆ। ਰਾਜਾ ਜੈ ਸਿੰਘ ਮਿਰਜ਼ਾ ਦੇ ਘਰੋਂ ਗੁਰੂ ਸਾਹਿਬ ਜੀ ਪਾਲਕੀ ਵਿੱਚ ਬੈਠ ਕੇ ਰਾਜ ਦਰਬਾਰ ਭਾਵ ਲਾਲ ਕਿਲ੍ਹੇ ਪਹੁੰਚੇ। ਗੁਰੂ ਸਾਹਿਬ ਜੀ ਦੇ ਨਾਲ ਰਾਜਾ ਰਾਮ ਸਿੰਘ, ਭਾਈ ਮਨੀ ਰਾਮ, ਭਾਈ ਗੁਰਬਖਸ਼ ਅਤੇ ਕੁਝ ਹੋਰ ਸਿੱਖ ਨਾਲ ਸਨ। ਭੱਟ ਵਹੀ ਤਲਾਉਂਡਾ ਵਿੱਚ ਇੰਜ ਲਿਖਿਆ ਹੈ—
“ਗੁਰੂ ਹਰਿ ਕਿਸ਼ਨ ਸਾਹਿਬ ਜੀ ਮਹਿਲ ਅਠਵਾਂ, ਬੇਟਾ ਗੁਰੂ ਹਰਿ ਰਾਇ ਜੀ ਕਾ-ਸਾਲ ਸਤਰਾਂ ਸੈ ਇਕੀਸ ਚੇਤਰ ਮਾਸੇ ਸ਼ੁਕਲਾ ਪੱਖੇ, ਥਿੱਤ ਨਾਮੀ, ਗੁਰੂਵਾਰ ਕੇ ਦਿੰਹ, ਸਵਾ ਪਹਿਰ ਦਿਨ ਚੜ੍ਹੇ ਪਾਲਕੀ ਮੇਂ ਸਵਾਰ ਹੋਏ, ਦਿਹਲੀ ਬਾਦਸ਼ਾਹ ਕੇ ਦਰਬਾਰ ਮੈਂ ਆਏ। ਸਾਥ ਦੀਵਾਨ ਦਰਗਹ ਮੱਲ ਆਇਆ ਬੇਟਾ ਦਵਾਰਕਾ ਦਾਸ ਕਾ, ਕੰਵਰ ਰਾਮ ਸਿੰਹ ਆਇਆ ਬੇਟਾ ਰਾਮ ਸਿੰਹ ਅੰਬੇਰੀ ਕਾ, ਗੁਰਬਖਸ਼ ਆਇਆ ਬੇਟਾ ਬਾਘੇ ਛੀਪੇ ਕਾ, ਮਨੀ ਰਾਮ ਆਇਆ ਬੇਟਾ ਮਾਈ ਦਾਸ ਜਲਹਾਨੇ ਕਾ। ਹੋਰ ਸਿੱਖ ਫਕੀਰ ਆਏ”।
ਔਰੰਗਜ਼ੇਬ ਦੇ ਦਰਬਾਰ ਵਿੱਚ ਤਲਬ ਕੀਤੇ ਲੋਕਾਂ ਨੂੰ ਬੈਠਣ ਲਈ ਕੋਈ ਜਗ੍ਹਾ ਨਹੀਂ ਦਿੱਤੀ ਜਾਂਦੀ ਸੀ। ਪਰ ਗੁਰੂ ਹਰਿ ਕਿਸ਼ਨ ਸਾਹਿਬ ਜੀ ਨੂੰ ਸ਼ਾਨਦਾਰ ਕਢਾਈ ਵਾਲੇ ਗੱਦੇਦਾਰ ਉੱਚੇ ਮੂੜ੍ਹੇ ਤੇ ਬਿਠਾਇਆ ਗਿਆ। ਔਰੰਗਜ਼ੇਬ ਨੇ ਰਸਮੀ ਅਦਬ ਸਤਕਾਰ ਕੀਤਾ। ਹਾਲ ਚਾਲ ਪੁੱਛਣ ‘ਤੇ ਅਸਲ ਮਕਸਦ ਵੱਲ ਆ ਗਿਆ। ਉਸ ਦਾ ਪਹਿਲਾ ਸਵਾਲ ਸੀ ਕਿ ਤੁਹਾਡੇ ਵੱਡੇ ਭਰਾ ਰਾਮ ਰਾਇ ਨੂੰ ਗੁਰਿਆਈ ਕਿਉਂ ਨਹੀਂ ਦਿੱਤੀ ਗਈ? ਗੁਰੂ ਸਾਹਿਬ ਜੀ ਨੇ ਕਿਹਾ “ਗੁਰਿਆਈ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ ਇਹ ਤੇ ਰੂਹਾਨੀ ਸੇਵਾ ਹੈ”। ਬਾਕੀ ਪਿਤਾ ਗੁਰੂ ਹਰਿ ਰਾਇ ਸਾਹਿਬ ਜੀ ਨੇ ਜਿਸ ਨੂੰ ਯੋਗ ਸਮਝਿਆ ਉਸ ਨੂੰ ਸੇਵਾ ਸੌਂਪ ਦਿੱਤੀ। ਕਰਾਮਾਤ ਸਬੰਧੀ ਦਸਿਆ ਕਿ ਅਕਾਲ ਪੁਰਖ ਦੇ ਹੁਕਮ ਤੋਂ ਬਿਨਾ ਅਸੀਂ ਨਹੀਂ ਚੱਲ ਸਕਦੇ। ਔਰੰਗਜ਼ੇਬ ਨੇ ਪਹਿਲੀ ਮੁਲਾਕਾਤ ਸਮਾਪਤ ਕਰਕੇ ਕਿਹਾ ਕਿ ਜਲਦੀ ਹੀ ਦੂਜੀ ਮੁਲਾਕਾਤ ਕਰਾਂਗੇ। ਗੁਰੂ ਸਾਹਿਬ ਜੀ ਵਾਪਸ ਜੈ ਸਿੰਹੁ ਦੇ ਬੰਗਲੇ ਵਿੱਚ ਆ ਗਏ।
ਦਿੱਲੀ ਵਿੱਚ ਇਸ ਸਮੇਂ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ। ਚੇਚਕ ਛੂਤ ਦੀ ਬਿਮਾਰੀ ਹੋਣ ਕਰਕੇ ਗੁਰੂ ਸਾਹਿਬ ਵੀ ਇਸ ਬੀਮਾਰੀ ਦੀ ਲਪੇਟ ਵਿੱਚ ਆ ਗਏ। ਚੇਚਕ ਦੀ ਬਿਮਾਰੀ ਦੇ ਹਮਲੇ ਦਾ ਜ਼ੋਰ ਵੱਧ ਗਿਆ ਤੇ ਸਰੀਰ ਬਹੁਤ ਨਿਢਾਲ ਹੋ ਗਿਆ। ਪੰਜਵੇਂ ਦਿਨ ਗੁਰੂ ਸਾਹਿਬ ਜੀ ਨੇ ਕਿਹਾ ਕਿ ਮੇਰੇ ਜਾਣ ਦਾ ਸਮਾਂ ਆ ਗਿਆ ਹੈ। ਇਸ ‘ਤੇ ਸੰਗਤਾਂ ਨੇ ਪੁੱਛਿਆ ਕਿ ਸਾਨੂੰ ਕਿਸ ਦੇ ਲੜ ਲਾ ਚੱਲੇ ਹੋ? ਗੁਰੂ ਜੀ ਨੇ ਬਹੁਤ ਹੀ ਪਿਆਰ ਭਰੀ ਤੇ ਮੱਧਮ ਅਵਾਜ਼ ਵਿੱਚ ਕਿਹਾ ਕਿ ਸਾਡੇ ਪਿੱਛੋਂ ਗੁਰਗੱਦੀ ‘ਤੇ ਬਾਬੇ ਬਕਾਲੇ ਵਾਲੇ ਹੋਣਗੇ। ਮੇਰੇ ਜਾਣ ਉਪਰੰਤ ਉਨ੍ਹਾਂ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਆਉਣਾ। ਉਹੀ ਗੁਰੂ ਨਾਨਕ ਦੀ ਨੌਵੀਂ ਜੋਤ ਹੋਣਗੇ। ਇਹ ਕਹਿਣ ਪਿੱਛੋਂ ਗੁਰਦੇਵ ਪਿਤਾ ਜੀ ਜੋਤੀ ਜੋਤ ਸਮਾ ਗਏ।
ਗੁਰੂ ਹਰਿ ਕਿਸ਼ਨ ਸਾਹਿਬ ਜੀ ਦਾ ਸਸਕਾਰ ਭੋਗਲ ਪਿੰਡ ਵਿੱਚ ਜਮਨਾ ਦਰਿਆ ਦੇ ਕੰਢੇ ‘ਤੇ ਕੀਤਾ ਗਿਆ। ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਗੁਰੂ ਗ੍ਰੰਥ ਦਾ ਸਰੂਪ ਲਿਆ ਕੇ ਭੋਗ ਪਾਇਆ ਗਿਆ। ਭਾਈ ਗੁਰਦਾਸ ਦੇ ਪੁੱਤਰ ਭਾਈ ਬਹਿਲੋ, ਦੀਵਾਨ ਦਰਗਹ ਮੱਲ, ਮੁਨਸ਼ੀ ਕਲਿਆਣ ਦਾਸ ਅਤੇ ਭਾਈ ਮਨੀ ਰਾਮ ਨੇ ਸਾਰਾ ਪਾਠ ਕੀਤਾ। 11 ਅਗਸਤ 1664 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਿਆਈ ਦੀ ਸੌਂਪਣ ਦੀ ਅਰਦਾਸ ਕੀਤੀ ਗਈ।
ਗੁਰੂ ਹਰਿ ਕਿਸ਼ਨ ਸਾਹਿਬ ਜੀ ਸਰੀਰਕ ਤੌਰ ‘ਤੇ ਭੱਟ ਵਹੀਆਂ ਅਨੁਸਾਰ 11 ਸਾਲ 8 ਮਹੀਨੇ ਅਤੇ ਦਸ ਦਿਨ ਰਹੇ। 2 ਸਾਲ 5 ਮਹੀਨੇ 24 ਦਿਨ ਉਨ੍ਹਾਂ ਦਾ ਗੁਰਗੱਦੀ ਦਾ ਸਮਾਂ ਬਣਦਾ ਹੈ।
ਉਪਰਿ ਚੜ੍ਹਿਆ ਸਾਲ, ਸੰਮਤ ਸਤਾਰਾਂ ਸੈ ਇੱਕੀ।
ਚੇਤ ਸੁਦੀ ਚਉਦਸਿ ਭਈ ਬਿਧਾਤਾ ਦੀ ਲਿਖੀ।
ਤਿਆਗਿ ਦੇਹ ਸੁਰਪਰਿ ਨੂੰ ਗਏ।
ਅੱਠ ਸਾਲ ਜਗ ਮੋ ਰਹਿਤੋ ਭਏ।
ਦੇਖਿਆ ਜਾਏ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ 1469 ਈਸਵੀ ਨੂੰ ਹੁੰਦਾ ਹੈ ਤੇ ਗੁਰੂ ਹਰਿ ਕਿਸ਼ਨ ਸਾਹਿਬ ਜੀ 1664 ਨੂੰ ਜੋਤੀ ਜੋਤ ਸਮਾਉਂਦੇ ਹਨ। ਇਹ ਸਮਾਂ ਲਗ-ਪਗ ਦੋ ਸੌ ਸਾਲ ਦਾ ਬਣਦਾ ਹੈ। ਇਸ ਸਮੇਂ ਤੱਕ ਸਿੱਖੀ ਇੱਕ ਜੱਥੇਬੰਦਕ ਦੇ ਰੂਪ ਵਿੱਚ ਉਗੜ ਕੇ ਸਾਹਮਣੇ ਆਉਂਦੀ ਹੈ। ਉਸ ਵੇਲੇ ਸਿੱਖੀ ਗਜ਼ਨੀ ਤੇ ਕਾਬਲ ਤੋਂ ਲੈ ਕੇ ਅਸਾਮ ਤੱਕ ਪੂਰਬ ਵਿੱਚ ਜਗਨ ਨਾਥ ਪੁਰੀ ਤੱਕ ਦੱਖਣ ਵਿੱਚ ਅਤੇ ਬੁਹਾਰਨਪੁਰ, ਬਿਦਰ ਤੇ ਪੱਛਮ ਤਕ ਸਿੱਖੀ ਫੈਲੀ ਹੋਈ ਸੀ। ਪਿੱਛਲੇ ਡੇਢ ਸੌ ਸਾਲ ਤੋਂ ਵੱਧ ਸਮੇਂ ਵਿੱਚ ਸਿੱਖੀ ਇੱਕ ਵੱਡਾ ਭਾਈਚਾਰਾ ਬਣ ਚੁੱਕਿਆ ਸੀ। ਗੁਰੂ ਹਰਿ ਕਿਸ਼ਨ ਸਾਹਿਬ ਜੀ ਦੀ ਜਦੋਂ ਔਰੰਗਜ਼ੇਬ ਨਾਲ ਮੁਲਾਕਾਤ ਹੋਈ ਸੀ ਤਾਂ ਉਨ੍ਹਾਂ ਸਿਆਣੇ ਬਜ਼ੁਰਗਾਂ ਵਾਂਗ ਗੱਲ ਕੀਤੀ ਸੀ।
ਗੁਰੂ ਹਰਿ ਕਿਸ਼ਨ ਸਾਹਿਬ ਜੀ ਨੇ ਦ੍ਰਿੜ੍ਹਤਾ ਦਾ ਸਬੂਤ ਦਿੰਦਿਆਂ ਔਰੰਗਜ਼ੇਬ ਨਾਲ ਅੱਖ ਵਿੱਚ ਅੱਖ ਪਾ ਕੇ ਹਰੇਕ ਸਵਾਲ ਦਾ ਜੁਆਬ ਦਿੱਤਾ ਤੇ ਕਰਾਮਾਤ ਸਬੰਧੀ ਕਿਹਾ ਕਿ ਰੱਬੀ ਰਜ਼ਾ ਵਿੱਚ ਚਲਣਾ ਹੀ ਕਰਾਮਾਤ ਹੈ। ਗੁਰੂ ਸਾਹਿਬ ਜੀ ਨੇ ਦ੍ਰਿੜਤਾ ਨਾਲ ਗੁਰਿਆਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੌਂਪੀ ਸੀ। ਰਾਣੀ ਪੁਸ਼ਪਾ ਵਤੀ ਨੇ ਪਰਖ ਕਰਨੀ ਚਾਹੀ ਤਾਂ ਗੁਰੂ ਸਾਹਿਬ ਜੀ ਦੀ ਪਾਰਖੂ ਅੱਖ ਨੇ ਰਾਣੀ ਨੂੰ ਸਮਝਾ ਦਿੱਤਾ ਕਿ ਪਹਿਰਾਵਾ ਬਦਲਣ ਨਾਲ ਰਾਣੀ ਗੋਲੀ ਨਹੀਂ ਬਣ ਸਕਦੀ।
ਕੁਝ ਸਾਖੀਆਂ ਜਿਹੜੀਆਂ ਪੜਚੋਲ ਮੰਗਦੀਆਂ ਪਹਿਲੀ ਸਾਖੀ ਜਦੋਂ ਲਾਲ ਚੰਦ ਨੂੰ ਵਹਿਮ ਹੋ ਗਿਆ ਕਿ ਗੁਰੂ ਸਾਹਿਬ ਤਾਂ ਛੋਟੀ ਉਮਰ ਦੇ ਹਨ ਕੀ ਇਹ ਗੀਤਾ ਦੇ ਅਰਥ ਕਰ ਸਕਦੇ ਹਨ? ਇਹ ਵੀ ਕਹਿਆ ਜਾਂਦਾ ਹੈ ਕਿ ਛੱਜੂ ਝੀਵਰ ਗੂੰਗਾ ਤੇ ਬੋਲ਼ਾ ਸੀ ਉਸ ਦੇ ਸਿਰ ‘ਤੇ ਸੋਟੀ ਰੱਖੀ ਤੇ ਉਹ ਅਰਥ ਕਰਨ ਲੱਗ ਪਿਆ। ਅਸਲ ਵਿੱਚ ਮਾਨਸਿਕ ਤੌਰ ‘ਤੇ ਜਿੰਨ੍ਹਾਂ ਨੂੰ ਕੋਈ ਵਿਦਿਆ ਲੈਣ ਦਾ ਅਧਿਕਾਰ ਨਹੀਂ ਸੀ ਗੁਰੂ ਨਾਨਕ ਸਾਹਿਬ ਜੀ ਦੀ ਰਹਿਮਤ ਸਕਦਾ ਉਨ੍ਹਾਂ ਨੇ ਪ੍ਰਚੱਲਤ ਵਿਦਿਆ ਦੇ ਨਾਲ ਨਾਲ ਸੰਸਕ੍ਰਿਤ ਦੀ ਵਿਦਿਆ ਵੀ ਹਾਸਲ ਕੀਤੀ। ਪੰਜੋਖੜਾ ਵਿਖੇ ਧਰਮਸਾਲ ਹੋਣ ਕਰਕੇ ਹਰੇਕ ਨੂੰ ਵਿਦਿਆ ਲੈਣ ਦਾ ਹੱਕ ਹਾਸਲ ਸੀ ਕਿਉਂ ਕਿ ਗੁਰੂ ਨਾਨਕ ਸਾਹਿਬ ਦੇ ਘਰ ਜਾਤ ਕਰਕੇ ਕੋਈ ਵਿਤਕਰਾ ਨਹੀਂ ਸੀ।
ਗੁਰੂ ਹਰਿ ਕਿਸ਼ਨ ਸਾਹਿਬ ਜੀ ਦੇ ਜੀਵਨ ਨਾਲ ਇੱਕ ਕਹਾਣੀ ਵੀ ਜੋੜੀ ਹੋਈ ਹੈ ਕਿ ਰਾਜਾ ਜੈ ਸਿੰਹੁ ਦੇ ਬੰਗਲੇ ਵਿੱਚ ਖੂਹ ਸੀ ਜਿਸ ਅੱਗੇ ਇੱਕ ਚੁਬੱਚਾ ਸੀ ਉਸ ਵਿਚੋਂ ਗੁਰੂ ਸਾਹਿਬ ਜੀ ਨੇ ਚੇਚਕ ਦੇ ਮਰੀਜ਼ਾਂ ਨੂੰ ਪਾਣੀ ਪਿਲਾਇਆ ਜਾਂਦਾ ਸੀ ਤੇ ਚੇਚਕ ਦਾ ਰੋਗ ਦੂਰ ਹੋ ਜਾਂਦਾ ਸੀ। ਅੱਜ ਵੀ ਗੁਰ ਸ਼ਬਦ ਦੀ ਵਿਚਾਰ ਨਾਲੋਂ ਵੀ ਗੁਰਦੁਆਰਾ ਬੰਗਲਾ ਸਾਹਿਬ ਤੋਂ ਪਾਣੀ ਪੀਣਾ ਅਹਿਮ ਸਮਝਿਆ ਜਾ ਰਿਹਾ ਹੈ। ਇਸ ਖੂਹ ਦੇ ਪਾਣੀ ਨੂੰ ਅੰਮ੍ਰਿਤ ਕਿਹਾ ਜਾਂਦਾ ਹੈ ਜੋ ਸਿੱਖ ਪ੍ਰੰਪਰਾਵਾਂ ਨੂੰ ਖੋਰਾ ਹੈ।
-0-