ਪ੍ਰਿੰ: ਗੁਰਬਚਨ ਸਿੰਘ
99155-29725
ਗੁਰਪੁਰਬ ਮਨਾਉਣ ਦਾ ਮਕਸਦ ਕੀ ਹੋਣਾ ਚਾਹੀਦਾ?
ਅੱਜ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਕੋਈ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਧਰਮ ਦੇ ਨਾਂ ‘ਤੇ ਜਾਂ ਸਤਿਕਾਰ ਦੇ ਨਾਂ ‘ਤੇ ਐਸਾ ਹਊਆ ਖੜਾ ਕਰ ਦਿੱਤਾ ਗਿਆ ਹੈ ਕਿ ਸਿੱਖੀ ਦਾ ਵਿਕਾਸ ਹੋਣ ਦੀ ਥਾਂ ‘ਤੇ ਆਪਸ ਵਿਚ ਪਾਟੋਧਾੜ ਵਾਲੀ ਸਥਿੱਤੀ ਬਣ ਗਈ ਹੈ। ਕਈ ਵਾਰੀ ਸੋਚੀ ਦਾ ਹੈ ਕਿ ਜਦੋਂ ਪੰਥ ਨੂੰ ਜੰਗਲ਼ਾਂ ਵਿਚ ਰਹਿਣ ਲਈ ਮਜ਼ਬੂਰ ਹੋਣਾ ਪਿਆ ਸੀ ਤਾਂ ਓਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਿੰਝ ਕਰਦੇ ਹੋਣਗੇ? ਆਵਾਜਾਈ ਦੇ ਸਾਧਨ ਵੀ ਕੇਵਲ ਘੋੜਿਆਂ ਦੀਆਂ ਕਾਠੀਆਂ ਹੀ ਹੁੰਦੀਆਂ ਸਨ ਤੇ ਰੈਣ ਬਸੇਰੇ ਲਈ ਤੰਬੂ ਹੁੰਦੇ ਸਨ ਪਰ ਪਾਠ ਕਰਨਾ ਗੁਰੂ ਦੇ ਸਿੱਖ ਨਹੀਂ ਭੁਲਦੇ ਸਨ। ਪਹਿਲੀ ਸੰਸਾਰ ਯੁਧ ਵਿਚ ਵੀ ਸਿੱਖ ਰਜ਼ਮੈਂਟਾਂ ਪਾਸ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੁੰਦਾ ਸੀ। ਉਨ੍ਹਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਥਾਂ ਤੋਂ ਦੂਜੀ ਥਾਂ ‘ਤੇ ਲਿਜਾਣ ਸਮੇਂ ਪੈਰੀਂ ਜੋੜੇ ਪਾਏ ਹੋਏ ਦੀਆਂ ਤਸਵੀਰਾਂ ਮਿਲਦੀਆਂ ਹਨ। ਅੱਜ ਸਤਿਕਾਰ ਦੀ ਕੋਈ ਕਮੀ ਨਹੀਂ ਹੈ ਪਰ ਸਾਡੀਆਂ ਆਪਸ ਵਿਚ ਵੰਡੀਆਂ ਐਨੀਆਂ ਪੈ ਗਈਆ ਹਨ ਕਿ ਮਰਨ ਮਾਰਨ ਤੱਕ ਵੀ ਚਲੇ ਜਾਂਦੇ ਹਾਂ। ਜ਼ਰਾ ਕੁ ਗੁਰਬਾਣੀ ਦੇ ਇਸ ਵਾਕ ਵਲ ਧਿਆਨ ਦੇਵਾਂਗੇ?
ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥
ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥1॥
ਸਲੋਕ ਮ: 1 ਪੰਨਾ 1245
ਅੱਖਰੀਂ ਅਰਥ–ਅਕਲ ਵਿਅਰਥ ਗਵਾ ਲੈਣਾ—ਇਸ ਨੂੰ ਅਕਲ ਨਹੀਂ ਆਖੀਦਾ। ਅਕਲ ਇਹ ਹੈ ਕਿ ਪਰਮਾਤਮਾ ਦਾ ਸਿਮਰਨ ਕਰੀਏ ਤੇ ਇੱਜ਼ਤ ਖੱਟੀਏ, ਅਕਲ ਇਹ ਹੈ ਕਿ (ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ) ਪੜ੍ਹੀਏ (ਇਸ ਦੇ ਡੂੰਘੇ ਭੇਤ) ਸਮਝੀਏ ਤੇ ਹੋਰਨਾਂ ਨੂੰ ਸਮਝਾਈਏ। ਨਾਨਕ ਆਖਦਾ ਹੈ—ਜ਼ਿੰਦਗੀ ਦਾ ਸਹੀ ਰਸਤਾ ਸਿਰਫ਼ ਇਹੀ ਹੈ, (ਗੁਰ-ਗਿਆਨ ਤੋਂ) ਲਾਂਭੇ ਦੀਆਂ ਗੱਲਾਂ (ਦੱਸਣ ਵਾਲਾ) ਸ਼ੈਤਾਨ ਹੈ।
ਸਿਆਣੇ ਲੋਕਾਂ ਨੇ ਪਾਣੀ ਦੇ ਹੜ੍ਹਾਂ ਨੂੰ ਰੋਕ ਕੇ ਬਿਜਲੀ ਪੈਦਾ ਕਰਕੇ ਤੇ ਨਹਿਰਾਂ ਬਣਾ ਦਿੱਤੀਆਂ। ਅੱਗ ਨੂੰ ਆਪਣੇ ਅਧੀਨ ਕਰਦਿਆਂ ਭਾਰੀਆਂ ਤੋਂ ਭਾਰੀਆਂ ਮਸ਼ੀਨਾਂ ਗੇੜਨ ਦੇ ਕੰਮ ਲਾ ਦਿੱਤਾ ਹੈ। ਤੇਲ ਨੂੰ ਬਰੀਕ ਤੋਂ ਬਰੀਕ ਕਰਦਿਆਂ ਸੜਕਾਂ ‘ਤੇ ਦੋੜਨ ਤੇ ਅਸਮਾਨ ਵਿੱਚ ਉੱਡਣ ਲਾ ਦਿੱਤਾ ਹੈ। ਵਿਗਿਆਨ ਨੇ ਤਰੱਕੀ ਬਹੁਤ ਕੀਤੀ ਹੈ ਪਰ ਸਿੱਖ ਧਰਮ ਅਧੁਨਿਕ ਹੁੰਦਾ ਹੋਇਆ ਵੀ ਕਰਮ-ਕਾਂਡੀ ਤੇ ਪਾਖੰਡ ਵੱਲ ਵੱਧ ਗਿਆ ਹੈ। ਸਿੱਖ ਕੌਮ ਵਿੱਚ ਗੁਰਬਾਣੀ ਵਿਚਾਰ ਤੇ ਆਪਸੀ ਤਾਲਮੇਲ ਦੀ ਘਾਟ ਕਰਕੇ ਜੱਥੇਬੰਦੀਆਂ ਦਾ ਹੜ੍ਹ ਆਇਆ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤੱਖਤਾਂ ਦੇ ਜੱਥੇਦਾਰ ਸਮੁਚੇ ਤੌਰ ‘ਤੇ ਫੇਲ੍ਹ ਹੋ ਚੁਕੇ ਹਨ।
ਸਿੱਖ ਪੰਥ ਦੀ ਅਥਾਹ ਸ਼ਕਤੀ ਨੂੰ ਅੱਜ ਖਿੰਡਾ ਕੇ ਰੱਖ ਦਿੱਤਾ ਹੈ। ਸਿੱਖ ਕੌਮ ਦੇ ਵਿਦਵਾਨ ਅਜੇਹੀ ਆਪਾ ਧਾਪੀ ਵਿੱਚ ਚੁਪਚਾਪ ਤਮਾਸ਼ਾ ਦੇਖ ਰਹੇ ਹਨ। ਸਾਡੀਆਂ ਸਿਰਮੌਰ ਜੱਥੇਬੰਦੀਆਂ ਕੌਮ ਨੂੰ ਠੋਸ ਪ੍ਰੋਗਰਾਮ ਦੇਣ ਦੇ ਸਮਰੱਥ ਨਹੀਂ ਰਹੀਆਂ। ਅੱਜ ਕੌਮ ਵਿਚ ਪ੍ਰੋਗਰਾਮ ਏੰਨੇ ਖਿਲਾਰ ਦਿੱਤੇ ਹਨ ਇਕ ਪ੍ਰੋਗਰਾਮ ਮੁਕਦਾ ਹੈ ਦੂਜਾ ਖੜਾ ਹੁੰਦਾ ਹੈ। ਗੁਰਦੁਆਰਿਆਂ ਵਿਚ ਏਨੇ ਦਿਹਾੜੇ ਮਨਾਏ ਜਾ ਰਹੇ ਹਨ, ਜਿੰਨਾ ਦੀ ਗਣਤੀ ਕਰਨੀ ਵਸ ਤੋਂ ਬਾਹਰ ਦੀ ਗੱਲ ਹੈ। ਹਰ ਰੋਜ਼ ਕੋਈ ਨਾ ਕੋਈ ਦਿਨ ਦਿਹਾੜਾ ਮਨਾਉਣ ਲਈ ਸੰਗਤਾਂ ਵਿਚ ਪੈਸਿਆਂ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਨਾਲ ਹੀ ਜਨਮ ਸਫਲਾ ਕਰਨ ਦਾ ਸਰਟੀਫੀਕੇਟ ਦਿੱਤਾ ਜਾਂਦਾ ਹੈ। ਇਹ ਵੀ ਸਮਝਾਇਆ ਜਾਂਦਾ ਹੈ ਏਸੇ ਦਾਨ ਪੁੰਨ ਨਾਲ ਹੀ ਅਗਾਂਹ ਤੁਹਾਨੂੰ ਰਾਖਵੀਂ ਸੀਟ ਮਿਲੇਗੀ ਵਰਨਾ ਥੱਲੇ ਹੀ ਬਹਿਣਾ ਪਏਗਾ ਜਾਂ ਨਰਕਾਂ ਦੇ ਭਾਗੀਦਾਰ ਹੋਵੋਗੇ। ਸੰਗਤ ਵੀ ਇੰਜ ਹੀ ਸਮਝਦੀ ਹੈ ਕਿ ਸ਼ਾਇਦ ਅੱਜ ਦਾ ਦਿੱਤਾ ਦਾਨ ਹੀ ਸਾਡੇ ਕੰਮ ਆਏਗਾ। ਇਹ ਠੀਕ ਹੈ ਕਿ ਪੰਥ ਦੀਆਂ ਨਿਆਰੀਆਂ ਰਹੁਰੀਤਾਂ ਹਨ। ਪਰ ਅੱਜ ਇਨ੍ਹਾਂ ਰਹੁਰੀਤਾਂ ਤੇ ਪੰਥਕ ਸਰੋਕਾਰਾਂ ਨੂੰ ਬਹੁਤ ਨੀਵੇਂ ਪੱਧਰ ’ਤੇ ਲੈ ਆਏ ਹਾਂ।
ਜਦੋਂ ਮੈਂ ਆਪਣੇ ਪਿੰਡ ਵਾਲੇ ਜੀਵਨ ਵਲ ਵੇਖਦਾ ਹਾਂ ਸਾਡੇ ਪਿੰਡ ਵਿਚ ਕੇਵਲ ਗੁਰੂ ਨਾਨਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ, ਇੱਕ ਵਿਸਾਖੀ ਦੂਜਾ ਛਬੀਲਾਂ ਵਾਲਾ ਗੁਰਪੁਰਬ ਹੀ ਮਨਾਇਆ ਜਾਂਦਾ ਸੀ। ਜਦੋਂ ਮੈਂ 1973 ਨੂੰ ਲੁਧਿਆਣੇ ਸ਼ਹਿਰ ਵਿੱਚ ਆਇਆ ਤਾਂ ਇਥੇ ਵੀ ਕੇਵਲ ਐਨੇ ਕੁ ਹੀ ਪੁਰਬ ਮਨਾਏ ਜਾਂਦੇ ਸਨ। ਹਾਂ ਵੱਡਿਆਂ ਗੁਰਦੁਆਰਿਆਂ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਆਦਿ ਹੀ ਮਨਾਏ ਜਾਂਦੇ ਸਨ। ਹੌਲ਼ੀ ਹੌਲ਼ੀ ਸਾਰੇ ਗੁਰੂਆਂ ਦੇ ਆਗਮਨ ਦਿਹਾੜੇ, ਗੁਰਗੱਦੀ, ਵਿਆਹ, ਜੋਤੀ ਜੋਤ ਸਮਾਉਣ, ਵੈਸਾਖੀ, ਦੀਵਾਲੀ, ਸਿੰਘਾਂ ਦੀਆਂ ਸ਼ਹੀਦੀਆਂ, ਗੁਰਗੱਦੀ ਤੇ ਪਹਿਲਾ ਪ੍ਰਕਾਸ਼ ਅਤੇ ਜਾਤਾਂ ਦੇ ਅਧਾਰਤ ਭਗਤਾਂ ਦੇ ਦਿਨ ਦਿਹਾਰ ਵੀ ਮਨਾਏ ਜਾਣ ਲੱਗ ਪਏ ਹਨ।
ਜਿਉਂਦੀਆਂ ਕੌਮਾਂ ਆਪਣੇ ਪੁਰਖਿਆਂ ਦੇ ਦਿਨ-ਦਿਉਹਾਰ ਮਨਾਉਂਦੀਆਂ ਹਨ। ਕਿਸੇ ਵਿਦਵਾਨ ਨੇ ਠੀਕ ਕਿਹਾ ਕਿ ਐ ਬੰਦੇ ਜੇ ਤੂੰ ਤਰੱਕੀ ਕਰਨਾ ਚਹੁੰਦੇ ਏਂ ਤਾਂ ਕਦੇ ਕਦੇ ਪੁਰਾਣੇ ਕਿੱਸਿਆਂ ਨੂੰ ਜ਼ਰੂਰ ਫੋਲ ਲਿਆ ਕਰ-
ਤਾਜ਼ਾ ਖਾਹੀ ਦਾਸਤਾਨ ਗ਼ਰ ਦਾਗ ਰਾਏ ਹਾਏ ਸੀਨਾ ਰਾ,
ਗਾਹੇ ਗਾਹੇ ਬਾਜ਼ ਖਾਂ ਈਂ ਕਿੱਸਾ ਰਾਏ ਹਾਏ ਪਰੀਨਾ ਰਾ।
ਗੁਰੂ ਅਮਰਦਾਸ ਜੀ ਦਾ ਵਾਕ ਹੈ ਕਿ ਬਜ਼ੁਰਗਾਂ ਦੀਆਂ ਗਾਥਾਵਾਂ ਸਾਨੂੰ ਪੁਤਰਾਂ ਤੋਂ ਸਪੁਤਰ ਬਣਾ ਦੇਂਦੀਆਂ ਹਨ।
ਬਾਬਾਣੀਆਂ ਕਹਾਣੀਆਂ ਪੁਤ ਸਪੁਤ ਕਰੇਨ।
ਗੁਰ ਪੁਰਬ ਮਨਾਉਣੇ ਕੋਈ ਮਾੜੀ ਗੱਲ ਨਹੀਂ ਹੈ, ਪਰ ਸਾਨੂੰ ਢੰਗ ਤਰੀਕੇ ਬਦਲਣੇ ਚਾਹੀਦੇ ਹਨ। ਅੱਜ ਗੁਰਪੁਰਬ ਮਨਾਉਣ ਸਬੰਧੀ ਸਾਡੀ ਹਾਸੋਹੀਣੀ ਸਥਿੱਤੀ ਬਣੀ ਹੋਈ ਹੈ। ਇਸ ਸਾਲ 27 ਦਿਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਸੀ ਪਰ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਦਿਵਸ ਮਨਾਇਆ ਜਾ ਰਿਹਾ ਸੀ। ਸ਼੍ਰੋਮਣੀ ਕਮੇਟੀ ਤੇ ਤੱਖਤਾਂ ਦੇ ਜੱਥੇਦਾਰ ਮੂਕ ਦਰਸ਼ਕ ਬਣ ਕੇ ਡੇਰਾਵਾਦੀਆਂ ਦੇ ਪ੍ਰਭਾਵ ਨੂੰ ਕਬੂਲ ਕੇ ਚੱਲ ਰਹੇ ਹਨ। ਕੋਈ ਠੋਸ ਫੈਸਲਾ ਨਹੀਂ ਲੈ ਰਹੇ। ਡੰਗ ਟਪਾਊ ਨੀਤੀ ਨਾਲ ਕੌਮਾਂ ਬਰਬਾਦ ਹੋ ਜਾਂਦੀਆਂ ਹਨ।
ਜੇ ਸਿੱਖੀ ਦਾ ਸਿਧਾਂਤਿਕ ਪੱਖ ਦੇਖਿਆ ਜਾਏ ਤਾਂ ਗੁਰੂ ਨਾਨਕ ਸਾਹਿਬ ਜੀ ਮੁਢੋਂ ਗੁਰੂ ਹਨ ਜਦ ਕਿ ਭਾਈ ਲਹਿਣੇ ਜੀ ਓਦੋਂ ਗੁਰੂ ਬਣੇ ਹਨ ਜਦ ਉਹਨਾਂ ਨੂੰ ਗੁਰਿਆਈ ਮਿਲੀ ਹੈ। ਜਨਮ ਕਰਕੇ ਭਾਈ ਲਹਿਣਾ ਜੀ ਦੇਵੀ ਦੇ ਦੀਦਾਰ ਨੂੰ ਜਾਂਦੇ ਰਹੇ ਹਨ। ਗੁਰੂ ਅਮਰਦਾਸ ਜੀ ਜਨਮ ਕਰਕੇ ਗੰਗਾ ਦੀ ਯਾਤਰਾ ਕਰਦੇ ਰਹੇ ਹਨ। ਭਾਈ ਜੇਠਾ ਜੀ ਦਾ ਬਚਪਨਾ ਮਾਤਾ ਪਿਤਾ ਦੇ ਸਾਏ ਤੋਂ ਬਿਨਾ ਗੁਜ਼ਰਿਆ ਹੈ। ਇਸ ਤੋਂ ਸ਼ਪਸ਼ੱਟ ਹੈ ਕਿ ਆਗਮਨ ਕਰਕੇ ਗੁਰੂ ਨਾਨਕ ਸਾਹਿਬ ਜੀ ਹੀ ਗੁਰੂ ਹਨ, ਜਦ ਕਿ ਬਾਕੀ ਨੌ ਗੁਰੂ ਸਾਹਿਬਾਨ ਓਦੋਂ ਗੁਰੂ ਬਣੇ ਹਨ, ਜਦ ਉਹਨਾਂ ਨੂੰ ਗੁਰਿਆਈ ਮਿਲੀ ਹੈ। ਸਿਧਾਂਤਿਕ ਤੌਰ ਤੇ ਦਸ ਗੁਰੂ ਸਾਹਿਬਾਨ ਦੀ ਇਕ ਵਿਚਾਰਧਾਰਾ ਭਾਵ ਇਕ ਜੋਤ ਹੈ। ਇਹ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਤ ਹੈ।
ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਗੁਰੂਆਂ ਦੇ ਗੁਰਪੁਰਬਾਂ ਨਾਲ ਕੋਈ ਬਹੁਤਾ ਸਰੋਕਾਰ ਨਹੀਂ ਹੈ। ਉਹਨਾਂ ਦਾ ਤਾਂ ਮਹੀਨੇ ਵਿਚ ਕਈ ਕਈ ਧਾਰਮਿਕ ਦਿਹਾੜੇ ਮਨਾਉਣ ਨਾਲ ਆਮਦਨ ਵਿੱਚ ਵਾਧਾ ਹੁੰਦਾ ਹੈ। ਇਹ ਤਾਂ ਕਮੇਟੀਆਂ ਐਨੀਆਂ ਗੁਜ਼ਰ ਗਈਆਂ ਹਨ ਕਿ ਮਰ ਚੁਕੇ ਸਾਧਾਂ ਦੀਆਂ ਬਰਸੀਆਂ ਤੇ ਉਹਨਾਂ ਦੇ ਜਨਮ ਦਿਹਾੜੇ ਵੀ ਗੁਰੂਆਂ ਦੀ ਤਰਜ਼ ‘ਤੇ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਗਏ ਗੁਜ਼ਰੇ ਸਾਧਾਂ ਦੀਆਂ ਬਰਸੀਆਂ ਜਾਂ ਉਹਨਾਂ ਦੇ ਜਨਮ ਦਿਹਾੜੇ ਮਨਾਉਣ ਦੀ ਆਗਿਆ ਦੇਣ ਵਾਲੇ ਪ੍ਰਬੰਧਕਾਂ ਦੀ ਜ਼ਮੀਰ ਮਰ ਚੁਕੀ ਹੈ। ਹੁਣ ਬਹੁਤੀ ਥਾਂਈ ਵੱਡੇ ਗੁਰਦੁਆਰਿਆਂ ਵਿਚ ਗੁਰੂਆਂ ਨਾਲੋਂ ਸਾਧਾਂ ਦੀਆਂ ਬਰਸੀਆਂ ਜ਼ਿਆਦਾ ਮਨਾਈਆਂ ਜਾ ਰਹੀਆਂ ਹਨ। ਲੰਗਰ ਵੀ ਉਸ ਦਿਨ ਜਲੇਬੀਆਂ ਪਕੌੜਿਆਂ ਦਾ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਕਥਨ ਅਨੁਸਾਰ ਇਹਨਾਂ ਪ੍ਰਬੰਧਕਾਂ ਨੂੰ ਪੈਸੇ ਚਾਹੀਦੇ ਹਨ ਜਿਵੇਂ ਮਰਜ਼ੀ ਆਉਣ।
ਇਸਤ੍ਰੀ ਪੁਰਖੇ ਦਾਮ ਹਿੱਤ ਭਾਵੇਂ ਥਾਏਂ ਕੁਥਾਏਂ ਜਾਈ
ਭਾਵ ਇਹਨਾਂ ਨੂੰ ਪੈਸੇ ਚਾਹੀਦੇ ਹਨ, ਭਾਵੇਂ ਕਾਲੇ ਚੋਰ ਪਾਸੋਂ ਆਉਣ ਇਹਨਾਂ ਨੂੰ ਸਿੱਖੀ ਸਿਧਾਂਤ ਨਾਲ ਕੋਈ ਸਰੋਕਾਰ ਨਹੀਂ ਹੈ। ਖੈਰ ਅੱਜ ਦਿਹਾੜੇ ਤਾਂ ਜ਼ਰੂਰ ਮਨਾਏ ਜਾ ਰਹੇ ਹਨ, ਪਰ ਇਹਨਾਂ ਵਿਚੋਂ ਸਿੱਖੀ ਵਾਲਾ ਤੱਤ, ਸਿੱਖੀ ਪ੍ਰਤੀ ਦ੍ਰਿੜਤਾ, ਵਫ਼ਾਦਾਰੀ, ਸਿਧਾਂਤਿਕ ਪੱਖ ਸਾਰਾ ਹੀ ਖਤਮ ਹੋ ਰਿਹਾ ਹੈ। ਦੇਖਣ ਨੂੰ ਅਸੀਂ ਸਿੱਖ ਲੱਗਦੇ ਹਾਂ ਪਰ ਕਰਮ ਸਾਰੇ ਬਿੱਪਰਵਾਦੀ ਕਰ ਰਹੇ ਹਾਂ।
ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਾ ਰੇੜਕਾ—
ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਹੋਇਆ ਸੀ ਤਾਂ ਓਦੋਂ ਸੂਰਜੀ ਕੈਲੰਡਰ 23 ਪੋਹ ਤੇ ਚੰਦ੍ਰਮਾ ਕੈਲੰਡਰ ਦੀ ਪੋਹ ਸੁਦੀ ਸਤਵੀਂ ਦੋ ਤਰੀਕਾਂ ਇਕੋ ਦਿਨ ਆਈਆਂ ਸਨ। ੧੬੬੬ ਉਪਰੰਤ ਪੋਹ ਸੁਦੀ ੭ ਤੇ ੨੩ ਪੋਹ ੧੬੮੫ ਨੂੰ ਇਕੋ ਦਿਨ ਆਏ ਸਨ। ਪਿਛਲੀ ਸਦੀ ਵਿੱਚ ਪੋਹ ਸੁਦੀ ੭ ਤੇ ੨੩ ਪੋਹ ੧੯੦੩, ੪੮, ੬੮ ਤੇ ੮੭ ਵਿੱਚ ਇਕੱਠੀਆਂ ਆਈਆਂ ਸਨ। ਉਂਝ ਅਸੀਂ ਸਾਹਿਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸੂਰਜੀ ਕੈਲੰਡਰ ਨਾਲ ਮਨਾ ਰਹੇ ਹੁੰਦੇ ਹਾਂ ਜਦ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਦਿਹਾੜਾ ਚੰਦ੍ਰਮਾ ਦੇ ਹਿਸਾਬ ਨਾਲ ਮਨਾ ਰਹੇ ਹਾਂ। ਕੀ ਕੌਮ ਦੇ ਜੱਥੇਦਾਰਾਂ ਨੂੰ ਸੂਰਜੀ ਤੇ ਚੰਦ੍ਰਮਾ ਕੈਲੰਡਰ ਸਬੰਧੀ ਐਨੀ ਕੁ ਗੱਲ ਦੀ ਵੀ ਸਮਝ ਨਹੀਂ ਆ ਰਹੀ? ਜੇ ਕੌਮ ਦੇ ਜੱਥੇਦਾਰ ਗੁਰੂ ਗੋਬਿੰਦ ਸਿੰਘ ਦੇ ਆਗਮਨ ਦਿਹਾੜੇ ਪ੍ਰਤੀ ਸੁਚੇਤ ਨਹੀਂ ਹਨ ਤਾਂ ਬਾਕੀ ਇਨ੍ਹਾਂ ਕੋਲੋਂ ਕੀ ਆਸ ਰੱਖੀ ਜਾ ਸਕਦੀ ਹੈ? ਇਹ ਸਾਰੇ ਦਿਖਾਵੇ ਦੇ ਅਹੁਦੇ ਜਾਂ ਬਾਦਲ ਅਕਾਲੀ ਦਲ ਨੂੰ ਖੁਸ਼ ਕਰਨ ਰਹਿ ਗਏ ਹਨ।
ਨਿੱਤ ਨਵੇਂ ਨਵੇਂ ਕਰਮ ਕਾਂਡ—
ਗੁਰਪੁਰਬ ਦੇ ਨਾਂ ‘ਤੇ ਹਰ ਸਾਲ ਨਿੱਤ ਨਵੇਂ ਨਵੇਂ ਕਰਮ ਕਾਂਡ ਦੇਖਣ ਨੂੰ ਮਿਲਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਮੌਕੇ ਹਰੇਕ ਗੁਰਦੁਆਰਾ ਪ੍ਰਭਾਤ ਫੇਰੀਆਂ ਨੂੰ ਤਰਜੀਹ ਦਿੰਦਾ ਹੈ। ਇਨ੍ਹਾਂ ਪ੍ਰਭਾਤ ਫੇਰੀਆਂ ਵਿੱਚ ਸਾਰਾ ਬਚਿੱਤ੍ਰ ਨਾਟਕ ਸੁਣਾਇਆ ਜਾਂਦਾ ਹੈ। ਕੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਲਕਾ ਅਰਾਧੀ ਸੀ? ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲੀਓ ਆਦਿ ਘਰੋੜ ਘਰੋੜ ਕੇ ਸੁਣਾਇਆ ਜਾਂਦਾ ਹੈ। ਕੀ ਇਹ ਗੁਰਬਾਣੀ ਹੈ? ਕੀ ਇਹ ਰਚਨਾ ਗੁਰਬਾਣੀ ਸਿਧਾਂਤ ਦੇ ਨੇੜੇ ਹੈ? ਕਦੇ ਸੋਚਿਆ ਹੈ ਕਿ ਅਸੀਂ ਕੌਮ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਹਾਂ?
ਕੁਝ ਕੁ ਸੂਝਵਾਨ ਪ੍ਰਚਾਰਕ ਗ੍ਰੰਥੀ ਰਾਗੀ ਢਾਡੀ ਛੱਡ ਕੇ ਬਾਕੀ ਸਭ ਨੇ ਗੈਰ-ਕੁਦਰਤੀ ਹੇਮਕੁੰਟ ਵਾਲੀ ਮਨਘੜਤ ਰਚਨਾ ਸੁਣਾਈ। ਅਜੇ ਤੱਕ ਅਸੀਂ ਐਨੀ ਕੁ ਗੱਲ ਵੀ ਨਹੀਂ ਸਮਝ ਸਕੇ ਕਿ ਹੇਮਕੁੰਟ ਵੀ ਏਸੇ ਧਰਤੀ ‘ਤੇ ਹੀ ਹੈ।
ਦਸਵੇਂ ਪਾਤਸ਼ਾਹ ਜੀ ਨੂੰ ਦੁਸ਼ਟ ਦਮਨ ਦੇ ਨਾਂ ਨਾਲ ਵੀ ਯਾਦ ਕੀਤਾ ਗਿਆ। ਦੁਸ਼ਠ ਦਮਨ ਕੀ ਹੈ ਸੁਣ ਕੇ ਕਚਿਆਣ ਆਉਂਦੀ ਹੈ। ਮਿਥਿਹਾਸ ਅਨੁਸਾਰ ਬਲ ਤੇ ਸੁਬੇਲ ਨਾਮ ਦੇ ਦੋ ਦੈਂਤ ਫ਼ੌਜ ਲੈ ਕੇ ਦੁਰਗਾ ਨੂੰ ਲੱਭਦੇ ਹੇਮਕੁੰਟ ਪਹਾੜ ਉੱਤੇ ਆ ਗਏ। ਅੱਗੇ ਇੱਕ ਤਪਸਵੀ ਬੈਠਾ ਸੀ। ਉਸ ਨੂੰ ਦੈਂਤ ਪੁਛਣ ਲੱਗੇ ਕਿ ਦੁਰਗਾ ਕਿੱਥੇ ਰਹਿੰਦੀ? ਤਪਸਵੀ ਗੁਸੇ ਵਿੱਚ ਆ ਗਿਆ ਤਾਂ ਦੈਂਤ ਤਪਸਵੀ ਨੂੰ ਮਾਰਨ ਲਈ ਦੌੜੇ। ਅੱਗੋਂ ਤਪਸਵੀ ਵੀ ਸਿੱਧਾ ਹੋ ਗਿਆ। ਉਸ ਨੇ ਸ਼ੇਰ ਦੀ ਖੱਲ ਵਾਲੇ ਆਸਣ ਨੂੰ ਝਾੜਿਆ ਤਾਂ ਵਿਚੋਂ ਦੁਸ਼ਟ ਦਮਨ ਪੈਦਾ ਹੋਇਆ। ਅਨੇਕਾਂ ਵਰ੍ਹੇ ਜੰਗ ਹੁੰਦਾ ਰਿਹਾ ਅਖੀਰ ਦੁਸ਼ਟ ਦਮਨ ਨੇ ਦੈਂਤਾਂ ਦਾ ਖਾਤਮਾ ਕੀਤਾ। ਫਿਰ ਦੁਰਗਾ ਨੇ ਕਿਹਾ ਤੁਸਾਂ ਮਾਤ ਲੋਕ ਵਿੱਚ ਜਾ ਕੇ ਫਿਰ ਜ਼ੁਲਮ ਦਾ ਨਾਸ਼ ਕਰਨਾ ਹੈ। ਹਾਸੋਹੀਣੀਆਂ ਗੱਲਾਂ ਸੁਣਾਈਆਂ ਗਈਆਂ ਸੰਗਤਾਂ ਸੁਣੀ ਗਈਆਂ ਤੇ ਗੁਰਪੁਰਬ ਮਨਾਇਆ ਗਿਆ।
ਕੀਰਤਨ ਦਰਬਾਰ-
ਕੀਰਤਨ ਰੂਹ ਦੀ ਖ਼ੁਰਾਕ ਹੈ। ਗੁਰਬਾਣੀ ਨਾਲ ਜੋੜਨ ਲਈ ਕੀਰਤਨ ਬਹੁਤ ਸੁੰਦਰ ਸਾਧਨ ਹੈ। ਕੀਰਤਨ ਦੀ ਆਪਣੀ ਸ਼ੈਲੀ ਹੈ ਜਿਸ ਦੁਆਰਾ ਸੰਗਤ ਨੂੰ ਗੁਰਬਾਣੀ ਸੰਦੇਸ਼ ਦ੍ਰਿੜ ਕਰਾਇਆ ਜਾਂਦਾ ਹੈ। ਵਰਤਮਾਨ ਸਥਿਤੀ ਵਿੱਚ ਬਹੁਤਾਤ ਕੀਰਤਨੀਏ ਰਹਾਓ ਵਾਲੀ ਤੁਕ ਨੂੰ ਛੱਡ ਕੇ ਆਪਣੀ ਮਨ ਮਰਜ਼ੀ ਨਾਲ ਪੰਕਤੀ ਚੁਣ ਲੈਂਦੇ ਹਨ। ਜਿਸ ਨਾਲ ਅਸਲ ਉਪਦੇਸ਼ ਦੂਰ ਰਹਿ ਜਾਂਦਾ ਹੈ।
ਇਤਿਹਾਸ ਦੀ ਪੜਚੋਲ਼-
ਇਤਿਹਾਸ ਕਦੇ ਵੀ ਸਹੀ ਨਹੀਂ ਹੁੰਦਾ, ਇਤਿਹਾਸ ਵਿਚੋਂ ਸਹੀ ਤੱਥ ਲੱਭਣੇ ਪੈਂਦੇ ਹਨ।। ਸਮਾਂ ਪਾ ਕੇ ਕਈ ਬਦਲਾਅ ਆ ਜਾਂਦੇ ਹਨ। ਬਹੁਤਾਤ ਵਿੱਚ ਇਤਿਹਾਸ ਸ਼ਰਧਾ-ਭਾਵਨਾਂ ਵਾਲਾ ਸੁਣਾਇਆ ਜਾਂਦਾ ਹੈ, ਜਿਸ ਵਿਚੋਂ ਤੱਥ ਅਲੋਪ ਹੋ ਜਾਂਦੇ ਹਨ। ਹੁਣ ਤੱਕ ਅਸੀਂ ਏਹੀ ਸੁਣਦੇ ਆਏ ਹਾਂ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਨੇ ਫੜਾਇਆ ਹੈ। ਜਦ ਕਿ 1760-65 ਵਿੱਚ ਭਾਈ ਦੂਨਾ ਸਿੰਘ ਹਿੰਡੂਰੀਆ ਕਥਾ ਗੁਰੂ ਜੀ ਕੇ ਸੁਤਨ ਕੀ ਵਿੱਚ ਲਿਖਿਆ ਹੈ—
ਅਬੈ ਇਕ ਕਥਾ ਅਵਰ ਜਨਾਊਂ।
ਜੋ ਜੋ ਬੀਤੀ ਸਭੇ ਸੁਨਾਉਂ।
ਦੋਇ ਮਸੰਦ ਸਹੇੜੀ ਰਹੇ।
ਇਕ ਦਰਬਾਰੀ, ਧੁੰਮਾ ਕਹੇਂ।
ਸਮਝਿਆ ਜਾਂਦਾ ਹੈ ਕਿ ਦਰਬਾਰੀ ਨਾਂ ਦਾ ਮਸੰਦ ਹੀ ਗੰਗੂ ਸੀ।
ਚਮਕੌਰ ਸਾਹਿਬ ਗੁਰਦੁਆਰਾ ਵਿਖੇ ਬੋਰਡ ਲੱਗਿਆ ਹੋਇਆ ਹੈ ਕਿ ਕਲਗੀ ਗੁਰਦੇਵ ਪਿਤਾ ਜੀ ਨੇ ਭਾਈ ਸੰਗਤ ਸਿੰਘ ਜੀ ਦਿੱਤੀ। ਏਸੇ ਅਸਥਾਨ ‘ਤੇ ਥੋੜੀ ਦੂਰੀ ਤੇ ਇੱਕ ਹੋਰ ਬੋਰਡ ਲੱਗਿਆ ਹੋਇਆ ਹੈ ਕਿ ਕਲਗੀ ਭਾਈ ਜੀਵਨ ਸਿੰਘ ਜੀ ਦਿੱਤੀ ਗਈ। ਕਰ ਲਓ ਤੇਲ ਨੂੰ ਭਾਂਡਾ। ਹੁਣ ਦੋਵੇਂ ਜੱਥੇਬੰਦੀਆਂ ਇਕ ਦੂਜੇ ਵੱਲ ਸਿੱਧੀਆਂ ਹੋਈਆਂ ਹਨ।
ਸਾਡੇ ਦੇਖਦਿਆਂ ਦੇਖਦਿਆਂ ਹੀ ਇਤਿਹਾਸ ਵਿੱਚ ਕਈ ਨਵੇਂ ਨਵੇਂ ਪਾਤਰ ਪੈਦਾ ਹੋਏ ਹਨ, ਜਿਹੜੇ ਪਰਖ ਦੀ ਕਸਵੱਟੀ ‘ਤੇ ਪੂਰੇ ਨਹੀਂ ਉਤਰਦੇ। ਦੂਸਰਾ ਗੁਰਦੇਵ ਪਿਤਾ ਜੀ ਨੇ ਜਿਹੜੀਆਂ ਜਾਤ ਬਰਾਦਰੀਆਂ ਖਤਮ ਕੀਤੀਆਂ ਸਨ, ਉਹੀ ਜਾਤ ਬਰਾਦਰੀਆਂ ਅਸੀਂ ਕੌਮੀ ਸ਼ਹੀਦਾਂ ਦੇ ਨਾਵਾਂ ਨਾਲ ਜੋੜ ਕੇ ਉਨ੍ਹਾਂ ਦੇ ਕੱਦ ਬੌਣੇ ਕਰਨ ਵਿੱਚ ਲੱਗੇ ਹੋਏ ਹਾਂ। ਗੁਰੂ ਸਾਹਿਬ ਦੇ ਸਮੁਚੇ ਫਲਸਫੇ ਨੂੰ ਭੁਲ ਕੇ ਆਪਣੀ ਜਾਤ ਦੇ ਸ਼ਹੀਦਾਂ ਨੂੰ ਪਹਿਲ ਦੇ ਕੇ ਸਮੁਚੀ ਕੌਮ ਨਾਲ ਠੱਗੀ ਮਾਰ ਰਹੇ ਹਾਂ। ਜਿਸ ਕੋਹੜ ਵਿਚੋਂ ਗੁਰਦੇਵ ਪਿਤਾ ਜੀ ਨੇ ਸਾਨੂੰ ਕੱਢਿਆ ਸੀ ਅਸੀਂ ਉਸ ਵਿੱਚ ਹੀ ਫੱਸ ਕੇ ਰਹਿ ਗਏ ਹਾਂ।
ਗੁਰਪੁਰਬਾਂ ਦੇ ਸਮੇਂ ਗੁਰੂ ਸਾਹਿਬਾਨ ਵਲੋਂ ਕੀਤੇ ਪਰਉਕਾਰਾਂ ਨੂੰ ਸਮਝਣਾ ਸੀ ਪਰ ਅਸੀਂ ਪਾਖੰਡ ਤੇ ਕਰਮ ਕਾਡਾਂ ਵਲ ਨੂੰ ਵੱਧ ਗਏ ਹਾਂ। ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਬਹੁਤ ਵੱਡੀ ਅਤੇ ਭਾਵਕ ਹੈ ਜੋ ਸ਼ਬਦਾਂ ਦੀ ਪਕੜ ਵਿੱਚ ਨਹੀਂ ਆ ਸਕਦੀ। ਇਸ ਮਾਹਨ ਸ਼ਹਾਦਤ ਦੇ ਮਕਸਦ ਨੂੰ ਸਮਝਣ ਦੀ ਥਾਂ ‘ਤੇ ਠੰਡੇ ਪਾਣੀ ਵਿੱਚ ਤੁਰਨਾ ਜਾਂ ਬਰਫ ਵਾਲੇ ਡਰੱਮ ਵਿੱਚ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇ ਡੂੰਘਾਈ ਨਾਲ ਦੇਖਿਆ ਜਾਏ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਤੱਤੀ ਤਵੀ ‘ਤੇ ਬੈਠੇ ਸਨ ਕੀ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ?
ਗੁਰਪੁਰਬ ਮਨਾਉਣ ਦਾ ਕੋਈ ਢੰਗ ਤਰੀਕਾ-
ਆਪਣੀ ਵੱਖਰੀ ਪਹਿਚਾਨ ਦਾ ਢੰਢੋਰਾ ਤਾਂ ਜ਼ਰੂਰ ਪਿਟਦੇ ਹਾਂ, ਪਰ ਦੁਨੀਆਂ ਨੂੰ ਅਸੀਂ ਕੋਈ ਸੁਨੇਹਾਂ ਨਹੀਂ ਦੇ ਸਕੇ। ਇਕ ਤਾਂ ਅਸੀਂ ਸਤਿਕਾਰ ਦੇ ਨਾਂ ‘ਤੇ ਆਪਣੇ ਆਪ ਨੂੰ ਏਨਾ ਸੀਮਤ ਕਰ ਲਿਆ ਹੈ ਕਿ ਕੋਈ ਉਦਮ ਕਰਕੇ ਸਹੀ ਪਰਚਾਰ ਜਾਂ ਲਿਖਣ ਦਾ ਕੰਮ ਨਹੀਂ ਕਰ ਰਿਹਾ। ਜਿੱਥੇ ਨਗਰ ਕੀਰਤਨ ਨਿਕਲਦਾ ਹੈ, ਓੱਥੇ ਬੇ-ਲੋੜੇ ਜ਼ਮੀਨ ‘ਤੇ ਫੁਲ ਖਿਲਾਰਨੇ ਸ਼ੁਰੂ ਹੋ ਗਏ ਹਨ। ਹੁਣ ਅੱਗੇ ਟਾਟ ਵਛਾਉਣਾ ਸ਼ੁਰੂ ਹੋ ਗਿਆ ਹੈ। ਸਾਡੇ ਦੇਖਦਿਆਂ ਦੇਖਦਿਆਂ ਛੱਤਰ ਵੀ ਆ ਗਿਆ ਹੈ। ਸਾਡਾ ਸਾਰਾ ਜ਼ੋਰ ਪਾਲਕੀਆਂ ਸਜਾਉਣ ‘ਤੇ ਲੱਗ ਗਿਆ ਹੈ। ਗੁਰਬਾਣੀ ਉਪਦੇਸ਼ ਵਲੋਂ ਪੂਰੀ ਤਰ੍ਹਾਂ ਪਾਸਾ ਵੱਟ ਲਿਆ ਹੈ। ਹੈਰਾਨਗੀ ਦੀ ਗੱਲ ਦੇਖੋ ਥੋੜੇ ਸਮੇਂ ਤੋਂ ਹੀ ਨਗਰ ਕੀਰਤਨ ਦੇ ਅੱਗੇ ਸੈਂਕੜੇ ਨੌਜਵਾਨ ਬੱਚੇ ਬੱਚੀਆਂ ਝਾੜੂ ਫੇਰਨ ਤੇ ਪਾਣੀ ਦਾ ਛਿੜਕਾਅ ਕਰਦੇ ਨਜ਼ਰ ਆਉਂਦੇ ਹਨ। ਪਰ ਨਗਰ ਕੀਰਤਨ ਦੇ ਪਿੱਛੇ ਜੂਠੇ ਗਲਾਸ, ਕਾਗਜ਼ ਦੀਆਂ ਪਲੇਟਾਂ, ਕੇਲਿਆਂ ਦੇ ਛਿੱਲਕੇ ਅਤੇ ਰਹਿੰਦ ਖੂੰਹਦ ਖਿਲਾਰ ਰਹੇ ਹੁੰਦੇ ਹਾਂ।
ਨਗਰ ਕੀਰਤਨ ਸਮੇਂ ਲੰਗਰਾਂ ਦੀ ਪੂਰੀ ਭਰਮਾਰ ਹੁੰਦੀ ਹੈ। ਵੰਨ ਸੁਵੰਨੇ ਲੰਗਰਾਂ ਦੇ ਸਟਾਲ ਲੱਗੇ ਹੁੰਦੇ ਹਨ। ਚਾਰ ਚੁਫੇਰੇ ਭੀੜ ਹੀ ਭੀੜ ਦਿਸਦੀ ਹੈ। ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਸਮਝ ਲਿਆ ਹੈ ਕਿ ਚੰਗੇ ਪ੍ਰਚਾਰਕ ਬੁਲਾਉਣ ਦੀ ਲੋੜ ਨਹੀਂ, ਸਗੋਂ ਲੋਕ ਵਿਖਾਵਾ ਕਰਨ ਨਾਲ ਹੀ ਸਿੱਖੀ ਦੀ ਸੇਵਾ ਹੈ।
ਸਿਆਣੇ ਕਹਿੰਦੇ ਹਨ ਕਿਸੇ ਦੀ ਚੰਗੀ ਗੱਲ ਦੀ ਰੀਸ ਕਰਨੀ ਕੋਈ ਮਾੜੀ ਨਹੀਂ ਹੈ। ਹਿੰਦੂ ਧਰਮ ਨੂੰ ਅੱਜ ਪ੍ਰਚਾਰ ਦੀ ਲੋੜ ਨਹੀਂ ਹੈ ਕਿਉਂਕਿ ਉਸ ਦੇ ਆਗੂਆਂ ਨੇ ਤਿਉਹਾਰਾਂ ਦੀ ਬਣਤਰ ਹੀ ਇਸ ਤਰ੍ਹਾਂ ਦੀ ਬਣਾਈ ਹੈ ਕਿ ਜਿਸ ਵਿਚ ਸਾਰੇ ਲੋਕ ਸ਼ਾਮਿਲ ਹੁੰਦੇ ਹਨ। ਦੀਵਾਲੀ ਨੂੰ ਖਰੀਦੋ ਫਰੋਖਤ ਕਰਦੇ ਹਨ, ਘਰਾਂ ਦੀ ਸਫ਼ਾਈ ਕੀਤੀ ਜਾਂਦੀ ਹੈ। ਮਜ਼ਦੂਰੀ ਕਰਨ ਵਾਲੇ ਨੂੰ ਵੀ ਕੰਮ ਮਿਲ ਜਾਂਦਾ ਹੈੂ। ਪੱਕੇ ਤੌਰ ਤੇ ਤਿਉਹਾਰ ਬਣਾਏ ਹੋਏ ਹਨ। ਹਰ ਤਿਉਹਾਰ ਦੇ ਖਾਣ-ਪੀਣ ਦੀ ਸ਼ੈਲੀ ਵੱਖਰੀ ਹੈ। ਮੁਸਲਮਾਨ ਭਰਾਵਾਂ ਦੀਆਂ ਪੱਕੀਆਂ ਸਾਲ ਵਿਚ ਦੋ ਵਾਰ ਈਦਾਂ ਆਉਂਦੀਆਂ ਹਨ। ਕੀ ਬੱਚਾ ਕੀ ਬੁਢਾ ਹਰ ਮੁਸਲਮਾਨ ਈਦ ਦੇ ਮੌਕੇ ‘ਤੇ ਨਵੇਂ ਕਪੜੇ ਪਹਿਨਦਾ ਹੈ ਪੂਰੀ ਕੌਮ ਨਿਮਾਜ਼ ਪੜ੍ਹਦੀ ਹੈ। ਉਹਨਾਂ ਦਾ ਉਤਸ਼ਾਹ ਦੇਖਣ ਯੋਗ ਹੁੰਦਾ ਹੈ। ਈਸਾਈ ਧਰਮ ਵਾਲੇ ਸਾਲ ਉਪਰੰਤ ਕ੍ਰਿਸਮਿਸ ਮਨਾਉਂਦੇ ਹਨ। ਸਾਰਾ ਸੰਸਾਰ ਸ਼ਾਮਿਲ ਹੁੰਦਾ ਹੈ। ਦੂਜੀਆਂ ਕੌਮਾਂ ਵੀ ਕ੍ਰਿਸਮਿਸ ਦੀਆਂ ਛੁਟੀਆਂ ਵਿਚ ਸ਼ਾਮਿਲ ਹੁੰਦੀਆਂ ਹਨ। ਦੁਜਾ ਹਰ ਸਾਲ 25 ਦਸੰਬਰ ਦਾ ਦਿਨ ਬਝਵੇਂ ਨਿਯਮ ਵਿਚ ਆਉਂਦਾ ਹੈ। ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸਾਰਾ ਸਾਲ ਬੱਚੇ 25 ਦਸੰਬਰ ਨੂੰ ਉਡੀਕਦੇ ਰਹਿੰਦੇ ਹਨ। ਬਾਕੀ ਕੌਮਾਂ ਦੇ ਬੱਚੇ ਵੀ ਖੂਬ ਫੰਨ ਕਰਦੇ ਹਨ।
ਪਹਿਲੀ ਗੱਲ ਤਾਂ ਇਹ ਹੈ ਕੌਮਾਂਤਰੀ ਪੱਧਰ ‘ਤੇ ਕੁਝ ਦੇਣ ਲਈ ਇਤਿਹਾਸਕ ਦਿਹਾੜੇ ਸਾਨੂੰ ਪੱਕੇ ਕਰਨੇ ਚਾਹੀਦੇ ਹਨ ਤੇ ਉਹਨਾਂ ਦੇ ਦਿਨ ਵੀ ਬੱਝਵੇਂ ਸਮੇਂ ਵਿੱਚ ਆਉਣੇ ਚਾਹੀਦੇ ਹਨ। ਗੁਰਪੁਰਬਾਂ ਦੇ ਗਰੁਪ ਬਣਾ ਲੈਣੇ ਚਾਹੀਦੇ ਹਨ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਦਿਹਾੜਾ ਸਾਰੇ ਗੁਰੂਆਂ ਦੇ ਆਗਮਨ ਦਿਹਾੜੇ ਨੂੰ ਸਮਰਪਿਤ ਹੋਵੇ। ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ, ਵਿਸਾਖੀ, ਹੋਲਾ-ਮਹਲਾ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਸਾਰੀਆਂ ਸ਼ਹੀਦੀਆਂ ਸਮਰਪਤ ਹੋਣ। ਫਿਰ ਇਹਨਾਂ ਦੇ ਅਸਥਾਨ ਅਤੇ ਇਹਨਾਂ ਦੇ ਦਿਹਾੜੇ ਪੱਕੇ ਕੀਤੇ ਜਾਣੇ ਚਾਹੀਦੇ ਹਨ।
ਸ਼੍ਰੋਮਣੀ ਕਮੇਟੀ ਦੇ ਕਰਨ ਗੋਚਰੇ ਕੰਮ-
1 ਸ਼੍ਰੋਮਣੀ ਕਮੇਟੀ ਸਭ ਤੋਂ ਪਹਿਲਾਂ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਾਏ।
2 ਧਰਮ ਦੇ ਨਾਂ ‘ਤੇ ਚੁਪਹਿਰਿਆਂ, ਦੁਪਹਿਰਿਆਂ ਤੇ ਰੋਕ ਲਗਾਏ।
3 ਗੁਰੂ ਸਾਹਿਬਾਨ ਦੇ ਇਤਿਹਾਸ ਵਿੱਚ ਇੱਕਸਾਰਤਾ ਲਿਆਂਦੀ ਜਾਏ।
4 ਮਨਘੜਤ ਇਤਿਹਾਸ ਨੂੰ ਇੱਕਵਢਿਓਂ ਰੱਦ ਕੀਤਾ ਜਾਏ।
5 ਗੁਰੂ ਗ੍ਰੰਥ ਸਾਹਿਬ ਦੀ ਸਿਰਮੋਰਤਾ ਨੂੰ ਚੁਣੌਤੀ ਦੇਣ ਵਾਲੀਆਂ ਰਚਨਾਵਾਂ ‘ਤੇ ਲਗਾਮ ਲਾਈ ਜਾਏ।
6 ਗੁਰਪੁਰਬ ਮਨਾਉਣ ਦੇ ਢੰਗ ਤਰੀਕਿਆਂ ਨੂੰ ਨਵੀਂ ਦਿਸ਼ਾ ਦਿੱਤੀ ਜਾਏ ਤਾਂ ਕਿ ਨੌਜਵਾਨ ਵੱਧ ਤੋਂ ਵੱਧ
ਸ਼ਾਮਿਲ ਹੋ ਸਕਣ।
7 ਨਗਰ ਕੀਰਤਨ ਤੇ ਕੀਰਤਨ ਦਰਬਾਰਾਂ ਦੀ ਥਾਂ ‘ਤੇ ਸੈਮੀਨਾਰ, ਗੋਸ਼ਟੀਆਂ ਨੂੰ ਪਹਿਲ ਦਿੱਤੀ ਜਾਏ।
8 ਸਿੱਖ ਸਭਿਆਚਾਰ, ਸਰੋਕਾਰ ਸਬੰਧੀ ਕਿਤਾਬਚੇ ਤਿਆਰ ਕਰਕੇ ਸੰਗਤਾਂ ਨੂੰ ਆਪਣੇ ਵਿਰਸੇ ਦੀ ਜਾਣਕਾਰੀ ਦਿੱਤੀ ਜਾਏ।
ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਂਤੀ, ਪਿਆਰ, ਭਰਾਤਰੀ ਭਾਵ ਅਤੇ ਆਤਮਿਕ ਜੀਵਨ ਦੇਣ ਦਾ ਸੁਨੇਹਾ ਸੰਸਾਰ ਤਕ ਪਹੁੰਚਾਉਣਾ ਜ਼ਰੂਰੀ ਹੈ ਤਾਂ ਜੋ ਇਸ ਐਟਮੀ ਯੁਗ ਵਿਚ ਸ਼ਾਂਤੀ ਭਰਿਆ ਜੀਵਨ ਸੰਸਾਰ ਮਾਣ ਸਕੇ। ਇਸ ਦੀ ਪੂਰਤੀ ਲਈ 1996 ਵਿਚ ਗੁਰਮਤਿ ਗਿਆਨ (ਚੈਰੀਟੇਬਲ) ਟਰੱਸਟ ਕਾਇਮ ਕੀਤਾ ਗਿਆ ਹੈ।