ੴ ਵਾਹਿਗੁਰੂ ਜੀ ਕੀ ਫ਼ਤਿਹ ॥
ਗੁਰੂ ਪਿਆਰਿਓ,
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥
ਆਪ ਸਭ ਇਹ ਭਲੀ-ਭਾਂਤ ਜਾਣਦੇ ਹੀ ਹੋ ਕਿ ਹਰ ਇਕ ਵਿਅਕਤੀ ਕਿਸੇ ਨਾ ਕਿਸੇ ਧਰਮ ਨਾਲ ਜੁੜਿਆ ਹੋਇਆ ਹੈ।ਧਰਮ, ਵਿਅਕਤੀ ਦੇ ਜੀਵਨ ਦਾ ਇਕ ਜ਼ਰੂਰੀ ਅੰਗ ਸਮਝਿਆ ਜਾਂਦਾ ਹੈ। ਇਸਦੀ ਸਹੀ ਜਾਣਕਾਰੀ ਵਿਅਕਤੀ ਅੰਦਰ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਕੇ ਇਸਨੂੰ ਵਿਕਾਸ ਦੀ ਦਿਸ਼ਾ ਵੱਲ ਲੈ ਜਾਂਦੀ ਹੈ। ਇਸਦੇ ਉਲਟ ਸਹੀ ਜਾਣਕਾਰੀ ਦੀ ਅਣਹੋਂਦ, ਵਿਅਕਤੀ ਅੰਦਰ ਨਫ਼ਰਤ ਅਤੇ ਘ੍ਰਿਣਾ ਦਾ ਵਾਧਾ ਕਰ ਦੇਵੇਗੀ, ਜਿਸ ਨਾਲ ਸਮਾਜ ਵਿਚ ਖੂਨ-ਖ਼ਰਾਬੇ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ।ਧਰਮ ਦੀ ਮੁਢਲੀ ਸਮੱਸਿਆ ਇਹ ਹੈ ਕਿ ਸਚਿਆਰਾ ਜੀਵਨ ਕਿਵੇਂ ਬਣਾਇਆ ਜਾਵੇ ? ਧਰਮ ਦਾ ਇਹ ਅਸੂਲ ਹਰ ਇਕ ਮਨੁੱਖੀ ਸਮਾਜ ਦਾ ਹਿੱਸਾ ਬਣਨਾ ਚਾਹੀਦਾ ਹੈ। ਮਨੁੱਖੀ ਸਮਾਜ ਦਾ ਇਹ ਸਿਧਾਂਤ ਤਾਂ ਹੀ ਹੋਂਦ ਵਿਚ ਆ ਸਕੇਗਾ ਜੇਕਰ ਵਿਅਕਤੀ ਸਚਿਆਰਾ ਜੀਵਨ ਬਣਾਉਣ ਵੱਲ ਰੁਚਿਤ ਹੋਵੇਗਾ ਅਤੇ ਉਸਨੂੰ ਠੀਕ ਸੇਧ ਮਿਲੇਗੀ। ਧਰਮ ਦੀ ਅਜਿਹੀ ਸੂਝ ਪੈਦਾ ਕਰਨ ਲਈ ਹੀ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆ ਵਿਚ ਪ੍ਰਚਾਰ ਦੌਰੇ ਕੀਤੇ। ਇਨ੍ਹਾਂ ਪ੍ਰਚਾਰ ਦੌਰਿਆਂ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਅੰਦਰ ਧਰਮ ਦੀ ਅਸਲ ਸੂਝ ਪੈਦਾ ਕਰਨ ਲਈ, ਉਨ੍ਹਾਂ ਨੂੰ ਇਕ ਅਕਾਲ ਪੁਰਖ ਨਾਲ ਜੋੜਨ ਦਾ ਕੰਮ ਕੀਤਾ। ਗੁਰੂ ਸਾਹਿਬ ਜੀ ਨੇ ਇਕ ਅਕਾਲ ਪੁਰਖੀ ਧਰਮ ਨੂੰ ਮੰਨਣ ਵਾਲੇ ਸਭ ਪੀਰਾਂ, ਭਗਤਾਂ ਦੀ ਬਾਣੀ ਇਕੱਤਰ ਕੀਤੀ, ਜੋ ਕਿ ਇਸ ਗੱਲ ਵੱਲ ਸਪੱਸ਼ਟ ਸੰਕੇਤ ਸੀ ਕਿ ਧਰਮ ਦਾ ਸਹੀ ਪ੍ਰਚਾਰ ਕਿਤੇ ਵੀ ਹੋ ਰਿਹਾ ਹੋਵੇ, ਕੋਈ ਵੀ ਕਰ ਰਿਹਾ ਹੋਵੇ, ਪ੍ਰਵਾਨ ਹੈ। ਮਨੁੱਖਤਾ ਹੀ ਅਸਲ ਧਰਮ ਹੈ, ਜਿਸ ਵਿਚ ਊਚ-ਨੀਚ ਅਤੇ ਜਾਤੀ ਭਿੰਨਤਾਵਾਂ ਨੂੰ ਕੋਈ ਥਾਂ ਨਹੀਂ। ਸਿਰਫ ਇਕੋ ਆਧਾਰ ਮਿਥਿਆ ਗਿਆ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥ (ਪੰਨਾ-1349)
ਗੁਰੂ ਨਾਨਕ ਸਾਹਿਬ ਜੀ ਦੁਆਰਾ ਸੰਗਠਿਤ ਕੀਤੇ ਮਾਨਵਤਾ ਦੇ ਧਰਮ ਨੂੰ ਮੰਨਣਾ ਅਤੇ ਉਸ ਉੱਤੇ ਚੱਲਣਾ ਸਾਡਾ ਸਾਰਿਆਂ ਦਾ ਫਰਜ਼ ਹੈ, ਤਾਂ ਹੀ ਭ੍ਰਿਸ਼ਟਾਚਾਰ, ਕਲ੍ਹਾ-ਕਲੇਸ਼, ਖੂਨੀ ਜੰਗਾਂ ਆਦਿ ਤੋਂ ਮੁਕਤ ਸੱਚੇ-ਸੁੱਚੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਆਪ ਸਭ ਵੱਡੇ ਭਾਗਾਂ ਵਾਲੇ ਹੋ, ਜੋ ਗੁਰੂ ਸਾਹਿਬ ਦੁਆਰਾ ਮਾਨਵ-ਕਲਿਆਣ ਹਿਤ ਪੇਸ਼ ਕੀਤੇ ਵਿਚਾਰਾਂ ਤੋਂ ਜਾਣੂ ਹੋਣ ਵਿਚ ਰੁਚੀ ਲੈਣ ਲਈ ਅੱਗੇ ਆਏ ਹੋ। ਆਪ ਜੀ ਨੂੰ ਗੁਰੂ ਸਾਹਿਬ ਜੀ ਦੇ ਫ਼ਲਸਫ਼ੇ ਅਤੇ ਇਤਿਹਾਸ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਵਿਅਕਤੀ ਦੇ ਸ਼ਖਸੀਅਤ ਵਿਕਾਸ ਵਿਚ ਕੰਮ ਆਉਣ ਵਾਲੇ ਵਿਚਾਰਾਂ ਬਾਬਤ ਜਾਣਕਾਰੀ ਵੀ ਇਸ ਕੋਰਸ ਵਿਚ ਦਿੱਤੀ ਜਾ ਰਹੀ ਹੈ। ਇਸ ਪੂਰੇ ਕੋਰਸ ਨੂੰ ਦਸ ਪਾਠਾਂ ਵਿਚ ਵੰਡਿਆ ਗਿਆ ਹੈ। ਇਕ ਪਾਠ ਵਿਚ ਗੁਰੂ ਸਾਹਿਬ ਦੁਆਰਾ ਰਚੀ ਗਈ ਬਾਣੀ ਦੇ ਚੋਣਵੇਂ ਸ਼ਬਦਾਂ ਦੇ ਨਾਲ, ਗੁਰ ਇਤਿਹਾਸ, ਗੁਰ ਦਰਸ਼ਨ ਤੇ ਫ਼ਲਸਫ਼ਾ ਰੋਜ਼ਾਨਾ ਜੀਵਨ ਵਿਚ ਕੰਮ ਆਉਣ ਵਾਲੀਆਂ ਗੱਲਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪਾਠ-ਪੁਸਤਕ ਦੇ ਅੰਤ ਵਿਚ ਕੁਝ ਪ੍ਰਸ਼ਨ ਦਿੱਤੇ ਗਏ ਹਨ, ਜਿਨ੍ਹਾਂ ਦੇ ਜਵਾਬ ਤੁਸੀਂ ਵੱਖਰੀ ਸ਼ੀਟ ਤੇ ਹੱਲ ਕਰਕੇ ਸਬੰਧਿਤ ਪਤੇ ਤੇ ਭੇਜਣੇ ਹਨ। ਕੋਰਸ ਮੁਕੰਮਲ ਹੋਣ ਤੇ ਆਪ ਜੀ ਨੂੰ ਕਾਲਜ ਵਲੋਂ ਸਰਟੀਫਿਕੇਟ ਦਿਤਾ ਜਾਵੇਗਾ।ਪੂਰਨ ਸਹਿਯੋਗ ਦੀ ਆਸ ਰੱਖਦੇ ਹੋਏ,
ਗੁਰੂ ਗ੍ਰੰਥ ਤੇ ਪੰਥ ਦਾ ਸੇਵਾਦਾਰ,
ਪ੍ਰਿੰਸੀਪਲ
ਪ੍ਰਿੰ: ਗੁਰਬਚਨ ਸਿੰਘ ਪੰਨਵਾਂ