ਪ੍ਰਿੰ: ਗੁਰਬਚਨ ਸਿੰਘ

99155-29725

ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਆਗਮਨ ਦਿਵਸ ਤੇ ਵਿਸ਼ੇਸ਼
ਨਾਨਕਿ ਰਾਜੁ ਚਲਾਇਆ…………

ਗੁਰੂ ਨਾਨਕ ਸਾਹਿਬ ਜੀ ਦੇ ਆਤਮਿਕ ਅਨੁਭਵ ਨੇ ਇਹ ਮਹਿਸੂਸ ਕੀਤਾ ਤੇ ਸਮਝਿਆ ਕਿ ਦੇਸ਼ ਪੰਜਾਬ ਦੇ ਵਾਸੀਆਂ ਨੂੰ ਆਪਣੀ ਹੋਂਦ, ਗੈਰਤ, ਅਣਖ਼ ਦਾ ਅਹਿਸਾਸ ਕਰਾਉਣ ਲਈ ਠੋਸ ਵਿਚਾਰਾਂ ਤੇ ਉਪਰਾਲਿਆਂ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਇਖ਼ਲਾਕੀ ਗਿਰਾਵਟ ਦੀਆਂ ਚੁਣੌਤੀਆਂ ਨੂੰ ਸਾਹਮਣੇ ਰੱਖਿਆ—

ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ (722)

ਗ਼ਲਾਮੀ ਦੀ ਦਲਦਲ ਵਿੱਚ ਫਸੇ ਲੋਕਾਂ ਨੇ ਆਪਣਾ ਧਰਮ, ਈਮਾਨ, ਬੋਲੀ, ਰਵਾਇਤੀ ਪਹਿਰਾਵੇ ਦਾ ਹੀ ਤਿਆਗ ਕਰ ਦਿੱਤਾ ਹੈ। ਜਿਹਾ ਕਿ ਫੁਰਮਾਣ ਹੈ—

ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥
ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥ (663)

ਅਤੇ

ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥
ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥ (472)

ਇੱਜ਼ਤ ਗਵਾ ਕੇ ਜਿਊਣਾ, ਕਮਾਉਣਾ ਤੇ ਖਾਣਾ ਸਭ ਹਰਾਮ ਹੈ-

ਜੇ ਜੀਵੈ ਪਤਿ ਲਥੀ ਜਾਇ ॥
ਸਭੁ ਹਰਾਮੁ ਜੇਤਾ ਕਿਛੁ ਖਾਇ ॥ (142)

ਗੁਰੂ ਅਰਜਨ ਪਾਤਸ਼ਾਹ ਜੀ ਨੇ ਸੰਸਾਰ ਰੂਪੀ ਸਮੁੰਦਰ ਵਿਚੋਂ ਤਰਨ ਲਈ ਸੱਚੇ ਮਾਰਗ ‘ਤੇ ਤੁਰਨ ਲਈ ਮਨੁਖਾਂ ‘ਤੇ ਟੇਕ ਰੱਖਣ ਦੀ ਜ਼ਰੂਰਤ ਨੂੰ ਨਿਕਾਰਦਿਆਂ ਖ਼ੁਦ ਨੂੰ ਆਪਣੀ ਤਿਆਰੀ ਆਪ ਕਰਨੀ ਚਾਹੀਦੀ ਦਾ ਵਲ਼ ਸਮਝਾਇਆ ਹੈ—

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥

ਦੇਵਨ ਕਉ ਏਕੈ ਭਗਵਾਨੁ ॥ (281)

ਸੰਸਾਰ ਰੂਪੀ ਸਮੁੰਦਰ ਦੇ ਬੇੜੇ ਨੂੰ ਤਿਆਰ ਕਰਨ ਲਈ ਸੱਚ ਦੇ ਮਾਰਗ ਨੂੰ ਪਹਿਲ ਦਿੱਤੀ ਹੈ—

ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥ (136)

ਪਿਤਾ ਗੁਰੂ ਰਾਮਦਾਸ ਜੀ ਤੇ ਨਾਨਾ ਗੁਰੂ ਅਮਰਦਾਸ ਜੀ ਦੇ ਤਜਰਬੇ ਵਾਲੀਆਂ ਸਾਰੀਆਂ ਖੂਬੀਆਂ ਬਾਲਕ ਅਰਜਨ ਨੂੰ ਬਚਪਨ ਵਿਚ ਹੀ ਹਾਸਲ ਹੋ ਗਈਆਂ ਸਨ। ਸਭ ਤੋਂ ਪਹਿਲੀ ਗੱਲ ਕੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਘਰ ਵਿਚੋਂ ਵਿਦਿਆ ਦਾ ਪੂਰਾ ਮਾਹੌਲ ਮਿਲਿਆ ਜਿਸ ਸਦਕਾ ਉਨ੍ਹਾਂ ਨੇ ਤਮਾਮ ਭਗਤਾਂ ਦੀ ਬਾਣੀ ਤੇ ਹੋਰ ਧਰਮਾਂ ਦੇ ਧਾਰਮਕ ਗ੍ਰੰਥਾਂ ਅਧਿਐਨ, ਰਾਜਨੀਤੀ ਦੀਆਂ ਗੁੰਝਲ਼ਾਂ ਤੇ ਇੰਤਜ਼ਾਮ ਵਰਗੀਆਂ ਹਕੀਕਤਾਂ ਨੂੰ ਪੂਰੀ ਤਰ੍ਹਾਂ ਸਮਝਿਆ। ਭਾਰਤ ਵਿਚ ਇਸਲਾਮੀ ਰਾਜ ਹੋਣ ਕਰਕੇ ਇਸਲਾਮ ਦੇ ਧਾਰਮਿਕ ਆਗੂਆਂ ਦੀ ਸਰਕਾਰੇ ਦਰਬਾਰੇ ਪੂਰੀ ਪੁਛ ਪ੍ਰਤੀਤ ਹੁੰਦੀ ਸੀ। ਇਸਲਾਮ ਧਰਮ ਦੇ ਧਾਰਮਿਕ ਆਗੂਆਂ ਦੇ ਨਾਲ ਨਾਲ ਭਾਰਤੀ ਪੂਜਾਰੀ ਨੇ ਵੀ ਆਪਣੀ ਥਾਂ ‘ਤੇ ਪੂਰੀ ਤਰ੍ਹਾਂ ਲੋਕਾਂ ਨੂੰ ਕਰਮ ਕਾਂਡ ਵਿਚ ਉਲਝਾਅ ਕੇ ਰੱਖਿਆ ਹੋਇਆ ਸੀ। ਏਦਾਂ ਵੀ ਸਮਝਿਆ ਜਾ ਸਕਦਾ ਹੈ ਕਿ ਧਰਮ ਦੀਆਂ ਤਿੰਨ ਇਕਾਈਆਂ ਪੂਰੀ ਤਰ੍ਹਾਂ ਭ੍ਰਿਸ਼ਿਟ ਹੋ ਚੁਕੀਆਂ ਸਨ-

ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ (662)

ਰਾਜਸੀ ਜ਼ੁਲਮ ਦੀ ਇੰਤਾਹ, ਧਾਰਮਿਕ ਕੱਟੜਤਾ, ਵਹਿਮ ਭਰਮ, ਸਮਾਜਿਕ ਜੀਵਨ ਵਿਚ ਊਚ-ਨੀਚ, ਜਾਤ ਬ੍ਰਾਦਰੀ ਦੇ ਡੂੰਘੇ ਸਮੁੰਦਰ ਵਿਚ ਡੁਬਿਆ ਹੋਇਆ ਸੀ। ਭੱਟ ਮਥਰਾ ਜੀ ਗੁਰੂ ਅਰਜਨ ਪਾਤਸ਼ਾਹ ਸਬੰਧੀ ਫਰਮਾਉਂਦੇ ਹਨ ਕਿ ਇਹਨਾਂ ਨੇ ਹਰ ਖੇਤਰ ਦੇ ਅੰਧਕਾਰ ਵਿਚ ਡੁਬ ਰਹੇ ਸੰਸਾਰ ਨੂੰ ਸਤਿ, ਸੰਤੋਖ, ਸਹਿਜ ਤੇ ਵਿਚਾਰ ਦਾ ਬੇੜਾ ਤਿਆਰ ਕਰਕੇ ਤਰਨ ਦੀ ਜਾਚ ਸਿਖਾਈ ਹੈ-

ਸਤਿ ਰੂਪੁ ਸਤਿ ਨਾਮੁ ਸਤੁ ਸੰਤੋਖੁ ਧਰਿਓ ਉਰਿ॥
ਆਦਿ ਪੁਰਖਿ ਪਰਤਖਿ ਲਿਖ੍ਉ ਅਛਰੁ ਮਸਤਕਿ ਧੁਰਿ॥
ਪ੍ਰਗਟ ਜੋਤਿ ਜਗਮਗੈ ਤੇਜੁ ਭੂਅ ਮੰਡਲਿ ਛਾਯਉ॥
ਪਾਰਸੁ ਪਰਸਿ ਪਰਸੁ ਪਰਸਿ ਗੁਰਿ ਗੁਰੂ ਕਹਾਯਉ॥
ਭਨਿ ਮਥੁਰਾ ਮੂਰਤਿ ਸਦਾ ਥਿਰੁ ਲਾਇ ਚਿਤੁ ਸਨਮੁਖ ਰਹਹੁ॥
ਕਲਜੁਗਿ ਜਹਾਜੁ ਅਰਜੁਨੁ ਗੁਰੂ ਸਗਲ ਸ੍ਰਿਸ੍ਟਿ ਲਗਿ ਬਿਤਰਹੁ॥ (1408)

ਅਰਥ: (ਗੁਰੂ ਅਰਜਨ ਸਾਹਿਬ ਜੀ ਨੇ) ਸਤ ਸੰਤੋਖ ਹਿਰਦੇ ਵਿਚ ਧਾਰਨ ਕੀਤਾ ਹੈ ਤੇ ਉਸ ਹਰੀ ਨੂੰ ਆਪਣੇ ਅੰਦਰ ਟਿਕਾਇਆ ਹੈ ਜਿਸ ਦਾ ਰੂਪ ਸਤਿ ਹੈ ਤੇ ਨਾਮ ਸਦਾ-ਥਿਰ ਹੈ। ਪਰਤੱਖ ਤੌਰ ਤੇ ਅਕਾਲ ਪੁਰਖ ਨੇ ਧੁਰੋਂ ਹੀ ਆਪ ਦੇ ਮੱਥੇ ਤੇ ਲੇਖ ਲਿਖਿਆ ਹੈ।

(ਆਪ ਦੇ ਅੰਦਰ) ਪ੍ਰਗਟ ਤੌਰ ਤੇ (ਹਰੀ ਦੀ) ਜੋਤਿ ਜਗਮਗ ਜਗਮਗ ਕਰ ਰਹੀ ਹੈ, (ਆਪ ਦਾ) ਤੇਜ ਧਰਤੀ ਉਤੇ ਛਾਇਆ ਹੋਇਆ ਹੈ। ਪਾਰਸ (ਗੁਰੂ) ਨੂੰ ਤੇ ਪਰਸਣ-ਜੋਗ (ਗੁਰੂ) ਨੂੰ ਛੁਹ ਕੇ (ਆਪ) ਗੁਰੂ ਤੋਂ ਗੁਰੂ ਅਖਵਾਏ।

ਹੇ ਮਥੁਰਾ ! ਆਖ– (ਗੁਰੂ ਅਰਜੁਨ ਸਾਹਿਬ ਜੀ ਦੇ) ਸਰੂਪ ਵਿਚ ਮਨ ਭਲੀ ਪ੍ਰਕਾਰ ਜੋੜ ਕੇ ਸਨਮੁਖ ਰਹੋ। ਗੁਰੂ ਅਰਜੁਨ ਕਲਜੁਗ ਵਿਚ ਜਹਾਜ਼ ਹੈ। ਹੇ ਦੁਨੀਆਂ ਦੇ ਲੋਕੋ! ਉਸ ਦੀ ਚਰਨੀਂ ਲੱਗ ਕੇ (ਸੰਸਾਰ-ਸਾਗਰ) ਤੋਂ ਸਹੀ ਸਲਾਮਤ ਪਾਰ ਲੰਘੋ।

ਰਾਜਨੀਤਿਕ ਸਮੁੰਦਰ ਦੀਆਂ ਛੱਲਾਂ—

ਸਮੁਚੇ ਤੌਰ ‘ਤੇ ਦੇਖਣਾ ਹੋਵੇ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਕ ਆਦਰਸ਼ ਸਮਾਜ ਦੀ ਨੀਂਹ ਰੱਖੀ ਹੈ, ਜਿਸ ਵਿਚ ਹਰ ਇਨਸਾਨ ਨੂੰ ਸਚਿਆਰ ਬਣ ਕੇ ਜੀਵਨ ਜਿਉਣ ਦੀ ਜਾਚ ਸਿਖਾਈ ਹੈ। ਇਸ ਦੇ ਉਲਟ ਜਦੋਂ ਲੋਕਾਂ ਨੂੰ ਤਾਕਤ ਮਿਲ ਜਾਂਦੀ ਹੈ ਤਾਂ ਤਾਕਤ ਵਿਚ ਅੰਨ੍ਹੇ ਹੋ ਕੇ ਵਿਚਰਦੇ ਹਨ। ਰਾਜਸੀ ਤਾਕਤ ਹਾਸਲ ਕਰਨ ਵਾਲਾ ਹਮੇਸ਼ਾਂ ਏਸ ਸੋਚ ਵਿਚ ਲੱਗਿਆ ਰਹਿੰਦਾ ਹੈ ਕਿ ਮੈਨੂੰ ਕੋਈ ਚੁਨੌਤੀ ਦੇਣ ਵਾਲਾ ਨਾ ਹੋਵੇ। ਦੂਸਰਾ ਬਹੁਤ ਥੋੜੇ ਰਾਜੇ ਹੁੰਦੇ ਹਨ, ਜਿਹੜੇ ਆਪਣੇ ਦਿਮਾਗ ਤੋਂ ਕੰਮ ਲੈਂਦੇ ਹਨ, ਵਰਨਾ ਜ਼ਿਆਦਾਤਰ ਆਪਣੇ ਕੰਨਾਂ ਤੋਂ ਹੀ ਕੰਮ ਲੈਂਦੇ ਹਨ। ਭਾਵ ਚੁਗਲੀ ਦੇ ਅਧਾਰਤ ਹੀ ਫੈਸਲੇ ਕਰਦੇ ਨਜ਼ਰ ਆਉਂਦੇ ਹਨ। ਗੁਰੂ ਅਰਜਨ ਪਾਤਸ਼ਾਹ ਦੇ ਸਮੇਂ ਵੀ ਜਹਾਂਗੀਰ ਬਾਦਸ਼ਾਹ ਕੱਟੜ ਧਾਰਮਿਕ ਆਗੂਆਂ ਦੇ ਪ੍ਰਭਾਵ ਨੂੰ ਕਬੂਲ ਕੇ ਚੱਲਦਾ ਸੀ। ਜਹਾਂਗੀਰ ਨੇ ਸ਼ੇਖ ਅਹਿਮਦ ਸਰਹੰਦੀ ਵਰਗੇ ਕੱਟੜ ਤੇ ਸ਼ਰਈ ਲੋਕਾਂ ਦੇ ਪ੍ਰਭਾਵ ਨੂੰ ਕਬੂਲਿਆ ਹੋਇਆ ਸੀ। ਇਸ ਲਈ ਉਸ ਦੀ ਮਨ ਕਲਪਨਾ ਸੀ ਕਿ ਗੁਰੂ ਨਾਨਕ ਸਾਹਿਬ ਵਲੋਂ ਚਲਾਏ ਧਰਮ ਨੂੰ ਖਤਮ ਕਰਨਾ ਹੈ।

ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਬਹੁਤ ਸਰਲ ਤੇ ਸਿੱਧੀ ਸਾਧੀ ਹੋਣ ਕਰਕੇ ਆਮ ਲੋਕ ਸਿੱਖੀ ਵਿਚ ਸ਼ਾਮਿਲ ਹੋ ਰਹੇ ਸਨ। ਸ਼ਰਈ ਆਗੂ ਤੇ ਸਮੇਂ ਦੇ ਹਾਕਮ ਜਹਾਂਗੀਰ ਨੂੰ ਅਜਿਹਾ ਕੁਝ ਪ੍ਰਵਾਨ ਨਹੀਂ ਸੀ। ਸਮੇਂ ਦੇ ਹਾਕਮਾਂ ਨੇ ਲੋਕ ਭਲਾਈ ਦੇ ਕੰਮ ਛੱਡ ਕੇ ਆਪਣੇ ਰਾਜ ਨੂੰ ਪੱਕਿਆਂ ਕਰਨ ਲਈ ਹੌਛੀ ਰਾਜਨੀਤੀ ‘ਤੇ ਉੱਤਰ ਆਏ ਸਨ। ਅਜਿਹੀ ਹਫੜਾ ਦਫੜੀ ਵਿਚ ਰਾਜਨੀਤੀ ਡੂੰਘਾ ਸਮੁੰਦਰ ਬਣੀ ਹੋਈ ਸੀ। ਅਜਿਹੀ ਰਾਜਸੀ ਅਸਿੱਥਰਤਾ ਵਿਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਸ਼ਹਾਦਤ ਦੇ ਕੇ ਤਰਨ ਦੀ ਜਾਚ ਸਿਖਾਈ ਹੈ। ਰਾਜਨੀਤਿਕ ਸਮੁੰਦਰ ਦੀ ਦਲ਼ਦਲ਼ ਵਿਚ ਗੈਰ ਕੁਦਰਤੀ ਫੈਸਲੇ ਹੁੰਦੇ ਹਨ। ਇਹ ਉਹ ਸਮਾਂ ਸੀ ਜਦੋਂ ਸ਼ਰਈ ਧਾਰਮਿਕ ਆਗੂ ਹਾਕਮਾਂ ਨੂੰ ਕਹਿ ਕੇ ਆਮ ਲੋਕਾਂ ਨੂੰ ਮੁਸਲਮਾਨ ਬਣਾਉਣ ਦਾ ਪੂਰਾ ਜ਼ੋਰ ਲਗਾ ਰਹੇ ਸਨ। ਗੈਰ-ਮੁਸਲਮਾਨਾਂ ਤੇ ਵਾਧੂ ਟੈਕਸ ਲੱਗਿਆ ਹੋਇਆ ਸੀ। ਨੌਕਰੀਆਂ ਵੀ ਸਮਝੌਤੇ ਤਹਿਤ ਹੀ ਦਿੱਤੀਆਂ ਜਾਂਦੀਆਂ ਸਨ। ਸਭ ਤੋਂ ਅਹਿਮ ਗੱਲ ਕਿ ਜੇ ਹਾਕਮਾਂ ਨਾਲ ਮਿਲ ਕੇ ਚੱਲਿਆ ਜਾਏ ਤਾਂ ਦੁਨੀਆਂ ਦੇ ਸੁਖ ਅਰਾਮ ਵੀ ਸਾਰੇ ਹਾਜ਼ਰ ਹੁੰਦੇ ਸਨ। ਇਸ ਰਾਜਨੀਤੀ ਦੀ ਸ਼ਤਰੰਜ ਵਿਚ ਸਮਝੌਤਾ ਕਰਕੇ ਹੀ ਬਾਜ਼ੀ ਜਿੱਤੀ ਜਾ ਸਕਦੀ ਸੀ। ਗੁਰੂ ਅਰਜਨ ਪਾਤਸ਼ਾਹ ਜੀ ਨੇ ਨਿਵੇਕਲੀ ਪੈੜ ਕਾਇਮ ਕਰਦਿਆਂ ਰਾਜਸੀ ਹਾਕਮਾਂ ਦੇ ਸਾਹਮਣੇ ਉਹਨਾਂ ਦਾ ਅਸਲੀ ਚਿਹਰਾ ਦਿਖਾਇਆ ਹੈ-

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥
ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥ (145)

ਧਾਰਮਿਕ ਕੱਟੜਤਾ ਦਾ ਸਮੁੰਦਰ

ਜਿੱਥੇ ਇਸਲਾਮੀ ਰਾਜ ਵਿਚ ਧਾਰਮਿਕ ਆਗੂਆਂ ਦੀ ਪੂਰੀ ਸ਼ਮੂਲੀਅਤ ਨਜ਼ਰ ਆਉਂਦੀ ਹੈ, ਓੱਥੇ ਹਿੰਦੂ ਧਰਮ ਦੇ ਆਗੂ ਵੀ ਆਪਣੇ ਵਲੋਂ ਕੋਈ ਵੇਲਾ ਖੂੰਝਣ ਨਹੀਂ ਦਿੰਦੇ ਸਨ। ਜਦੋਂ ਵੀ ਮੌਕਾ ਮਿਲਦਾ ਸੀ ਤਾਂ ਓਸੇ ਵੇਲੇ ਰਾਜ ਦਰਬਾਰ ਵਿਚ ਆਪਣੀ ਸ਼ਿਕਾਇਤ ਦਰਜ਼ ਕਰਾਉਣ ਤੋਂ ਭੋਰਾ ਵੀ ਝਿਜਕ ਮਹਿਸੂਸ ਨਹੀਂ ਕਰਦੇ ਸਨ। ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੇ ਧਾਰਮਿਕ ਕੱਟੜਤਾ ਤੇ ਉਸ ਵਿਚਲੇ ਕਰਮ ਕਾਂਡਾ ਨੂੰ ਮੁਢੋਂ ਨਿਕਾਰਿਆ ਸੀ। ਬ੍ਰਾਹਮਣੀ ਵਿਚਾਰਧਾਰਾ ਇਸ ਨੂੰ ਆਪਣੇ ਲਈ ਖਤਰਾ ਸਮਝਦੀ ਸੀ। ਦੂਸਰਾ ਹਿੰਦੂ ਆਗੂ ਦੋਹਰੀ ਨੀਤੀ ਨਾਲ ਚਲ ਰਹੇ ਸਨ। ਸਰਕਾਰ ਕੋਲੋਂ ਲਾਭ ਲੈਣ ਲਈ ਰਾਜ ਦਰਬਾਰ ਵਿਚ ਹਾਕਮਾਂ ਨਾਲ ਰਲ਼ ਕੇ ਚਲਦੇ ਸਨ ਪਰ ਆਮ ਲੋਕਾਂ ਨੂੰ ਕਹਿੰਦੇ ਸਨ ਕਿ ਤੁਹਾਡੇ ਪਰਛਾਵੇਂ ਨਾਲ ਸਾਡਾ ਚੌਂਕਾ ਭਿੱਟਿਆ ਗਿਆ ਹੈ। ਐਸੀ ਦੁਬਿਧਾ ਵਾਲੀ ਮਾਨਸਿਕਤਾ ਦੇ ਸਬੰਧ ਵਿਚ ਗੁਰੂ ਨਾਨਕ ਸਾਹਿਬ ਜੀ ਫੁਰਮਾਉਂਦੇ ਹਨ-

ਮਾਣਸ ਖਾਣੇ ਕਰਹਿ ਨਿਵਾਜ॥
ਛੁਰੀ ਵਗਾਇਨਿ ਤਿਨ ਗਲਿ ਤਾਗ॥
ਤਿਨ ਘਰਿ ਬ੍ਰਹਮਣ ਪੂਰਹਿ ਨਾਦ॥
ਉਨ੍ਹ੍ਹਾ ਭਿ ਆਵਹਿ ਓਈ ਸਾਦ॥
ਕੂੜੀ ਰਾਸਿ ਕੂੜਾ ਵਾਪਾਰੁ॥
ਕੂੜੁ ਬੋਲਿ ਕਰਹਿ ਆਹਾਰੁ॥
ਸਰਮ ਧਰਮ ਕਾ ਡੇਰਾ ਦੂਰਿ॥
ਨਾਨਕ ਕੂੜੁ ਰਹਿਆ ਭਰਪੂਰਿ॥
ਮਥੈ ਟਿਕਾ ਤੇੜਿ ਧੋਤੀ ਕਖਾਈ॥
ਹਥਿ ਛੁਰੀ ਜਗਤ ਕਾਸਾਈ॥
ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥
ਮਲੇਛ ਧਾਨੁ ਲੇ ਪੂਜਹਿ ਪੁਰਾਣੁ॥
ਅਭਾਖਿਆ ਕਾ ਕੁਠਾ ਬਕਰਾ ਖਾਣਾ॥
ਚਉਕੇ ਉਪਰਿ ਕਿਸੈ ਨ ਜਾਣਾ॥
ਦੇ ਕੈ ਚਉਕਾ ਕਢੀ ਕਾਰ ॥
ਉਪਰਿ ਆਇ ਬੈਠੇ ਕੂੜਿਆਰ॥
ਮਤੁ ਭਿਟੈ ਵੇ ਮਤੁ ਭਿਟੈ॥
ਇਹੁ ਅੰਨੁ ਅਸਾਡਾ ਫਿਟੈ॥
ਤਨਿ ਫਿਟੈ ਫੇੜ ਕਰੇਨਿ॥
ਮਨਿ ਜੂਠੈ ਚੁਲੀ ਭਰੇਨਿ॥
ਕਹੁ ਨਾਨਕ ਸਚੁ ਧਿਆਈਐ॥
ਸੁਚਿ ਹੋਵੈ ਤਾ ਸਚੁ ਪਾਈਐ॥੨॥ (471-472)

ਧਾਰਮਿਕ ਕੱਟੜਤਾ ਦਾ ਡੂੰਘਾ ਸਮੁੰਦਰ ਬਣ ਚੁਕਿਆ ਸੀ।

ਜਾਤ ਅਭਿਮਾਨੀਆਂ ਦਾ ਸਮੁੰਦਰ

ਭਾਰਤ ਵਿਚ ਜਾਤ ਪ੍ਰਥਾ ਤਾਂ ਮੁਢ ਤੋਂ ਹੀ ਚਲੀ ਆ ਰਹੀ ਸੀ। ਬ੍ਰਾਹਮਣ ਭਾਊ ਨੇ ਮਨੁਖਤਾ ਦੀਆਂ ਚਾਰ ਲੀਰਾਂ ਕੀਤੀਆਂ ਹੋਈਆਂ ਸਨ। ਆਪ ਤਾਂ ਸਰਬ-ਸ਼੍ਰੇਸ਼ਟ ਬਣ ਬੈਠਾ ਤੇ ਬਾਕੀਆਂ ਨੂੰ ਆਪਣੀ ਸੇਵਾ ਵਿਚ ਲਗਾ ਲਿਆ। ਜਾਤ ਦੇ ਸਮੁੰਦਰ ਵਿਚ ਗਰੀਬੀ ਨਾਲ ਝੰਭੇ ਹੋਏ ਲੋਕ ਗੋਤੇ ਖਾ ਰਹੇ ਸਨ। ਨਕਸ਼ਬੰਦੀਆਂ, ਬੀਰਬਲ ਵਲੋਂ ਤਿਆਰ ਕੀਤਾ ਤਾਣਾ ਬਾਣਾ, ਘਰੇਲੂ ਕਲੇਸ਼ ਜੋ ਪ੍ਰਿਥੀ ਚੰਦ ਵਲੋਂ ਰਚਿਆ ਹੋਇਆ ਸੀ ਅਤੇ ਆਰਥਿਕਤਾ ਵਰਗੇ ਡੂੰਘੇ ਮੁਦੇ ਸਮੁੰਦਰ ਬਣੇ ਹੋਏ ਸਨ, ਜਿਸ ਵਿਚ ਲੋਕਾਂ ਨੂੰ ਤਰਨ ਦੀ ਜਾਚ ਗੁਰੂ ਅਰਜਨ ਪਾਤਸਾਹ ਜੀ ਨੇ ਸਿਖਾਈ-

ਰਾਜਨੀਤਿਕ, ਸਮਾਜਿਕ, ਧਾਰਮਿਕ, ਜਾਤ-ਅਭਿਮਾਨ ਤੇ ਆਰਥਿਕ ਪੱਖ ਵਿਚੋਂ ਉਭਾਰਨ ਲਈ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਿਹੜਾ ਜਹਾਜ਼ ਬਣਾਇਆ, ਉਸ ਬੇੜੇ ਵਿਚ ਬੈਠ ਕੇ ਸੰਸਾਰ ਦੀਆਂ ਬਰੀਕੀਆਂ ਨੂੰ ਸਮਝ ਕੇ ਤਰਿਆ ਜਾ ਸਕਦਾ ਹੈ। ਸੰਸਾਰ ਨੂੰ ਤਰਨ ਦੀ ਜਾਚ ਸਿੱਖਾਉਣ ਲਈ ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਜਿਹਾ ਬੇੜਾ ਤਿਆਰ ਕੀਤਾ, ਜਿਸ ਨੂੰ ਪੜ੍ਹ, ਸੁਣ-ਵਿਚਾਰ ਕੇ ਅਮਲ ਕੀਤਿਆਂ ਸੰਸਾਰ ਰੂਪੀ ਸਮੁੰਦਰ ਵਿਚ ਤਰਿਆ ਜਾ ਸਕਦਾ ਹੈ।

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥ (1429)

ਸੰਸਾਰ ਰੂਪੀ ਸਮੁੰਦਰ ਵਿਚੋਂ ਤਰਨ ਲਈ ਗੁਰਦੇਵ ਪਿਤਾ ਨੇ ਰਸਤਾ ਨਿਰਧਾਰਤ ਕਰਦੇ ਹਨ-

ਉਸਤਤਿ ਮਨ ਮਹਿ ਕਰਿ ਨਿਰੰਕਾਰ॥
ਕਰਿ ਮਨ ਮੇਰੇ ਸਤਿ ਬਿਉਹਾਰ॥ (281)

ਸੱਤ ਦਾ ਵਿਹਾਰ ਛੱਡ ਕੇ ਗੈਰ ਕੁਦਰਤੀ ਸਮਝੌਤਾ ਕਰਨ ਵਾਲੇ ਚੰਗੇ ਸਮਾਜ ਦੀ ਸਿਰਜਨਾ ਨਹੀਂ ਕਰ ਸਕਦੇ। ਅਜਿਹੇ ਮਨੁਖ ਆਪਣੀ ਇੱਜ਼ਤ ਗਵਾ ਕੇ ਚਲੇ ਜਾਂਦੇ ਹਨ ਜਿਹਾ ਕਿ-

ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥
ਨਾਨਕ ਅਵਰੁ ਨ ਜੀਵੈ ਕੋਇ॥
ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥
ਰਾਜਿ ਰੰਗੁ ਮਾਲਿ ਰੰਗੁ॥ ਰੰਗਿ ਰਤਾ ਨਚੈ ਨੰਗੁ॥
ਨਾਨਕ ਠਗਿਆ ਮੁਠਾ ਜਾਇ॥
ਵਿਣੁ ਨਾਵੈ ਪਤਿ ਗਇਆ ਗਵਾਇ ॥ (142)

ਗੁਰੂ ਅਰਜਨ ਪਾਤਸ਼ਾਹ ਜੀ ਤੱਤ ਦੀ ਗੱਲ ਸਮਝਾਉਂਦੇ ਹਨ ਕਿ ਸੱਚ ਰੂਪੀ ਧੁਰੇ ਨਾਲ ਜੁੜਿਆਂ ਹੋਇਆ ਮਨੁਖ ਹੀ ਸੰਸਾਰ ਰੂਪੀ ਸਮੁੰਦਰ ਵਿਚੋਂ ਤਰ ਸਕਦਾ ਹੈ ਤੇ ਸੱਚ ਨਾਲੋਂ ਟੁਟਿਆ ਹੋਇਆ ਅੱਕ ਦੀ ਖੱਖੜੀ ਵਾਂਗ ਤੂੰਬਾ ਤੂੰਬਾ ਹੋ ਕੇ ਹਵਾ ਵਿਚ ਉੱਡਦਾ ਰਹਿੰਦਾ ਹੈ-

ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ॥
ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ॥ (319)

ਜ਼ਿੰਦਗੀ ਦੀ ਸਫਲਤਾ ਦਾ ਰਾਜ਼ ਸਮਝਾਉਂਦਿਆਂ ਗੁਰਦੇਵ ਪਿਤਾ ਜੀ ਫੁਰਮਾਉਂਦੇ ਹਨ-

ਨਾਨਕ ਆਏ ਸੇ ਪਰਵਾਣੁ ਹੈ ਜਿਨ ਹਰਿ ਵੁਠਾ ਚਿਤਿ॥
ਗਾਲ੍ਹ੍ਹੀ ਅਲ ਪਲਾਲੀਆ ਕੰਮਿ ਨ ਆਵਹਿ ਮਿਤ॥ (320)

ਗੁਰੂ ਅਰਜਨ ਪਾਤਸ਼ਾਹ ਜੀ ਨੇ ਮਨੁਖਤਾ ਦੇ ਭਲੇ ਲਈ ਸ਼ਹਿਰਾਂ ਦਾ ਨਿਰਮਾਣ ਕਰਾਇਆ, ਲੋਕਾਂ ਦੀ ਆਰਥਿਕਤਾ ਵਿਚ ਵਾਧਾ ਕਰਨ ਤੇ ਕਿਰਸਾਨੀ ਨੂੰ ਸੰਭਾਲਣ ਲਈ ਖੂਹ ਲਵਾ ਕੇ ਦਿੱਤੇ। ਲਾਹੌਰ ਦੇ ਇਲਾਕੇ ਵਿਚ ਬਿਮਾਰੀ ਅਤੇ ਭੁਖਮਰੀ ਵਿਚ ਮਨੁਖਤਾ ਦੀ ਦਵਾ ਦਾਰੂ ਨਾਲ ਸੰਭਾਲ ਕਰਦਿਆਂ ਸਮਾਜ ਸੇਵਾ ਦੀ ਨਿਵੇਕਲੀ ਮਿਸਾਲ ਕਾਇਮ ਕੀਤੀ ਤੇ ਏਸੇ ਨੂੰ ਰੱਬ ਦੀ ਪ੍ਰਾਪਤੀ ਦੱਸੀ ਹੈ-

ਸੇਵਾ ਕਰਤ ਹੋਇ ਨਿਹਕਾਮੀ॥
ਤਿਸ ਕਉ ਹੋਤ ਪਰਾਪਤਿ ਸੁਆਮੀ॥ (286)

ਗੁਰੂ ਅਰਜਨ ਪਾਤਸ਼ਾਹ ਜੀ ਉਹ ਜਹਾਜ਼ ਹਨ, ਜਿਨ੍ਹਾਂ ਨੇ ਆਪਣੀ ਕੁਰਬਾਨੀ ਦੇ ਕੇ ਸੰਸਾਰ ਵਿਚੋਂ ਤਰਨ ਦੀ ਜਾਚ ਸਿਖਾਈ ਹੈ।

1. ਗੁਰੂ ਅਰਜਨ ਪਾਤਸ਼ਾਹ ਜੀ ਦਾ ਜਨਮ ਗੋਇੰਦਵਾਲ ਵਿਖੇ, ਮਾਤਾ ਭਾਨੀ ਜੀ ਦੀ ਕੁਖੋਂ ਗੁਰੂ ਰਾਮਦਾਸ ਜੀ ਦੇ ਘਰ 15 ਅਪ੍ਰੈਲ 1563 ਈਸਵੀ ਨੂੰ ਹੋਇਆ। ਪ੍ਰੋਫੈਸਰ ਸਾਹਿਬ ਸਿੰਘ ਜੀ ਇਕ ਲਿਖਦੇ ਹਨ ਕਿ “ਇਕ ਹੋਰ ਸੁਅਦਲੀ ਇਤਿਹਾਸਕ ਗੱਲ ਭੀ ਰੱਖਣੀ ਕਿ ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਅੰਗਦ ਸਾਹਿਬ ਜਨਮ ਭੀ ਵੈਸਾਖ ਦੇ ਮਹੀਨੇ ਹੋਇਆ ਸੀ। ਇੱਥੇ ਗੁਰੂ ਅਰਜਨ ਪਾਤਸ਼ਾਹ ਜੀ ਗਿਆਰਾਂ ਸਾਲ ਰਹੇ ਸਨ।

2. 1574 ਈਸਵੀ ਨੂੰ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਗਏ ਸਨ ਤਾਂ ਛੇਤੀ ਹੀ ਗੁਰੂ ਰਾਮਦਾਸ ਜੀ ਅੰਮ੍ਰਿਸਰ ਆ ਗਏ ਸਨ। ਇੱਥੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਸ਼ਹਿਰ ਦੀ ਉਸਾਰੀ ਵਿਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ।

3. 1581 ਈਸਵੀ ਨੂੰ 18 ਸਾਲ ਦੀ ਉਮਰ ਵਿਚ ਗੁਰਿਆਈ ਮਿਲੀ। ਗੁਰੂ ਰਾਮਦਾਸ ਜੀ ਦੇ ਵੱਡੇ ਸਪੁਤਰ ਪ੍ਰਿਥੀ ਚੰਦ ਨੂੰ ਗੁਰਿਆਈ ਨਾ ਮਿਲਣ ਕਰਕੇ ਅੰਦਰੋਂ ਬਹੁਤ ਦੁਖੀ ਹੋਇਆ। ਗੁਰੂ ਅਰਜਨ ਪਾਤਸ਼ਾਹ ਜੀ ਦੇ ਵਿਰੋਧ ਵਿਚ ਬਹੁਤ ਸਾਰੀਆਂ ਸਾਜ਼ਸ਼ਾਂ ਰਚੀਆਂ ਪਰ ਉਹ ਸਫਲ ਨਾ ਹੋ ਸਕਿਆ।

4. ਅਕਤੂਬਰ 1588 ਈਸਵੀ ਨੂੰ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ।

5. ਵਿਆਹ 1579 ਈਸਵੀ ਵਿਚ ਪਿੰਡ ਮਾਊ ਤਹਿਸੀਲ ਫਿਲੋਰ ਦੇ ਵਸਨੀਕ ਸ੍ਰੀ ਕ੍ਰਿਸ਼ਨ ਚੰਦ ਜੀ ਦੀ ਸਪੁਤਰੀ (ਮਾਤਾ) ਗੰਗਾ ਦੇਵੀ ਜੀ ਨਾਲ ਹੋਇਆ।

6. ਨਗਰ ਵਸਾਏ ਤਰਨ ਤਾਰਨ, ਕਰਤਾਰਪੁਰ ਨਵੇਂ ਸ਼ਹਿਰ ਵਸਾਏ।

7. ਖਡੂਰ, ਗੋਇੰਦਵਾਲ, ਸਰਹਾਲੀ, ਖਾਨਪੁਰ ਆਦਿ ਇਲਾਕਿਆਂ ਵਿਚ ਪ੍ਰਚਾਰ ਕੀਤਾ। ਦੁਆਬੇ ਵਿਚ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਸਖੀ ਸਰਵਰੀਏ ਸਿੱਖ ਬਣੇ। ਮਦਰ, ਜੰਬਰ, ਚੂਨੀਆਂ, ਬਹੜਵਾਲ, ਸਹਿੰਸਰਾ, ਡੇਰਾ ਬਾਬਾ ਨਾਨਕ, ਕਰਤਾਰਪੁਰ ਭਾਵ ਕਿ ਮਾਝੇ ਵਿਚ ਗੁਰੂ ਸਾਹਿਬ ਜੀ ਨਾਨਕਈ ਫਲਸਫੇ ਦੀ ਇਕ ਵੱਡੀ ਮੁਹਿੰਮ ਚਲਾਈ।

8. ਗੁਰੂ ਸਾਹਿਬ ਜੀ ਨੇ ਸਮਾਜਿਕ ਭਲਾਈ ਦੇ ਕੰਮਾਂ ਨੂੰ ਬੜ੍ਹਾਵਾ ਦੇਂਦਿਆਂ ਤੇ ਕੌਮ ਦਾ ਜੱਥੇਬੰਦਕ ਢਾਂਚਾ ਤਿਆਰ ਕਰਨ ਲਈ ਦਸਵੰਧ ਦੀ ਰਿਵਾਇਤ ਨੂੰ ਪੱਕਿਆਂ ਕੀਤਾ।

9. ਇਸਲਾਮੀ ਮੱਤ ਦੀ ਦਾਨਸ਼ਮੰਦ ਹਸਤੀ ਸਾਂਈਂ ਮੀਆਂ ਜੀ ਦਾ ਗੁਰੂ ਸਾਹਿਬ ਜੀ ਨਾਲ ਬਹੁਤ ਸਨੇਹ ਸੀ।

10. ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਵਲੋਂ ਇਕੱਤਰ ਕੀਤੀ ਹੋਈ ਰੱਬੀ ਰਚਨਾ ਤੇ ਪਹਿਲੇ ਹੋ ਚੁਕੇ ਗੁਰੂ ਸਾਹਿਬ ਜੀ ਦੇ ਰੱਬੀ ਕਲਾਮ ਨੂੰ ਇੱਕ ਥਾਂ ਇਕੱਠਾ ਕਰਕੇ ਵੱਡ ਅਕਾਰੀ ਗ੍ਰੰਥ ਤਿਆਰ ਕਰਾਇਆ।

11 ਸਰਕਾਰੀ ਦਮਨ ਨੂੰ ਠੱਲ ਪਉਣ ਲਈ ਗੁਰਦੇਵ ਪਿਤਾ ਜੀਨੇ ਸ਼ਹਾਦਤ ਦਿੱਤੀ।

ਕਹਿੰਦੈ, ਅੱਖਾਂ ਨੇ ਕਈ ਪਤੰਗਿਆਂ ਨੂੰ,
ਉਂਝ ਤੇ ਲਾਟ ‘ਤੇ ਸੜਦਿਆਂ ਵੇਖਿਆ ਏ।
ਮੈਂ ਕਈ ਵੇਰ ਚੁਪ ਕੀਤਿਆਂ ਗੁੰਚਿਆਂ ਨੂੰ,
ਦੇਗਾਂ ਵਿੱਚ ਵੀ ਕੜ੍ਹਦਿਆਂ ਵੇਖਿਆ ਏ।
ਸੜਦੀ ਰੇਤ ‘ਤੇ ਕਈ ਨਮਾਜੀਆਂ ਨੂੰ,
ਕਲਮਾ ਯਾਰ ਦਾ ਪੜ੍ਹਦਿਆਂ ਵੇਖਿਆ ਏ।
ਪਰ ਮੈਂ ਕੀ ਦੱਸਾਂ ਗੁਰੁ ਅਰਜਨ ਤਾਂਈ,
ਕਿਦਾਂ ਚਿਖਾ ‘ਤੇ ਚੜ੍ਹਦਿਆਂ ਵੇਖਿਆ ਏ।   (ਕਰਤਾਰ ਸਿੰਘ ‘ਬਲੱਗਣ’)