ਗੁਰਮਤਿ ਗਿਆਨ ਮਿਸ਼ਨਰੀ ਕਾਲਜ
Gurmat Gian Missionary College

ਗੁਰਮਤਿ ਗਿਆਨ ਮਿਸ਼ਨਰੀ ਕਾਲਜ Gurmat Gian Missionary College

ਗੁਰਮਤਿ ਗਿਆਨ ਮਿਸ਼ਨਰੀ ਕਾਲਜ
Gurmat Gian Missionary College

ਕੈਪਟਨ ਅਵਤਾਰ ਸਿੰਘ

   97819-90206

ਦੀਵਾਲੀ ਤੇ ਬੰਦੀ ਛੋੜ ਦੀ ਅਸਲੀਅਤ

ਦੇਖਾ ਦੇਖੀ ਕਰਮ ਕਾਂਡ ਕਰਨੇ

ਗੁਰਬਾਣੀ ਦੀ ਵਿਚਾਰ ਭਾਵ ਸਿਧਾਂਤਕ ਪੱਖ ਨੂੰ ਨਾ ਸਮਝਣ ਕਰਕੇ ਅਸੀਂ ਦੇਖਾ ਦੇਖੀ ਅਨਮਤਾਂ ਵਾਲੇ ਕਰਮ-ਕਾਂਡ ਕਰਨ ਨੂੰ ਤਰਜੀਹ ਦਿੰਦੇ ਹਾਂ। ਹੌਲੀ ਹੌਲੀ ਇਹ ਕਰਮ-ਕਾਂਡ ਧਰਮ ਦੀਆਂ ਪੱਕੀਆਂ ਪੰ੍ਰਪਰਾਵਾਂ ਬਣ ਜਾਂਦੀਆਂ ਹਨ। ਸਾਡੀ ਹਾਲਤ ਏਨੀ ਪਤਲੀ ਹੋ ਗਈ ਹੈ ਕਿ ਜਿਹੜਾ ਵੀ ਕਿਸੇ ਧਰਮ ਦਾ ਕਰਮ ਅਸੀਂ ਦੇਖਦੇ ਹਾਂ, ਅਸੀਂ ਉਹੋ ਹੀ ਕਰਮ ਕਰਨ ਲੱਗ ਜਾਂਦੇ ਹਾਂ। ਦੂਜੇ ਧਰਮ ਕਰਮ ਨੂੰ ਅਸੀਂ ਸਿੱਖ ਸਿਧਾਂਤ ਦੇ ਢਾਂਚੇ ਫਿੱਟ ਕਰਨ ਦਾ ਪੂਰਾ ਪੂਰਾ ਯਤਨ ਕਰਦੇ ਹਾਂ। ਦਰਅਸਲ ਅਸੀਂ ਭੇਡ ਚਾਲ ਦੇ ਸ਼ਿਕਾਰ ਹੋ ਚੁੱਕੇ ਹਾਂ। ਅਸੀਂ ਆਪਣੇ ਨਿਆਰੇਪਨ ਵਲੋਂ ਕਿਨਾਰਾ ਕਰਕੇ ਬਹੁ ਗਿਣਤੀ ਵਾਲੇ ਲੋਕਾਂ ਦੇ ਕਰਮਾਂ ਨੂੰ ਤਰਜੀਹ ਦਿੰਦੇ ਹਾਂ। ਇਕ ਗੁਰਦੁਆਰਾ ਸਾਹਿਬ ਵਿਖੇ ਦੋ ਪੁਸਤਕਾਂ ਦੇ ਸਟਾਲ ਲੱਗੇ ਹੋਏ ਸਨ। ਇਕ ਸਟਾਲ ‘ਤੇ ਸਿਧਾਂਤਕ ਪੁਸਤਕਾਂ ਸਨ ਤੇ ਦੂਜੇ ਸਟਾਲ ‘ਤੇ ਮਾਲਾ, ਸੰਕਟ ਮੋਚਨ, ਦੁਖਭੰਜਨ ਭਗਤ ਮਾਲਾ, ਪੂਰਨਮਾਸ਼ੀ ਦੀ ਕਥਾ, ਗੁਰੂ ਸਾਹਿਬਾਨ ਦੀਆਂ ਰੰਗ ਬਰੰਗੀਆਂ ਫੋਟੋਆਂ ਤੇ ਪੰਜਾਬ ਦੇ ਮਰ ਚੁੱਕੇ ਸਾਧਾਂ ਦੀਆਂ ਮੂਰਤੀਆਂ ਪਈਆਂ ਹੋਈਆਂ ਸਨ। ਜਿੰਨ੍ਹਾਂ ਪਾਸ ਸਿਧਾਂਤਕ ਪੁਸਤਕਾਂ ਸਨ ਨਾ ਲਾਭ ਤੇ ਨਾ ਹਾਨੀ ਤੇ ਪੁਸਤਕਾਂ ਦੇ ਰਹੇ ਸਨ। ਇੰਝ ਇਹਨਾਂ ਦੀ ਕੁੱਲ ਵਿਕਰੀ ਸਾਰੇ ਦਿਨ ਵਿਚ ਚਾਰ ਹਜ਼ਾਰ ਦੀ ਹੋਈ, ਦੂਜੇ ਪਾਸੇ ਗੈਰ ਸਿਧਾਂਤਕ ਵਿਕਰੀ ਕਰਨ ਵਾਲਿਆਂ ਦੀ ਤੀਹ ਹਜ਼ਾਰ ਦੀ ਵਿਕਰੀ ਹੋਈ। ਇਸ ਦਾ ਅਰਥ ਹੈ ਕਿ ਸਾਨੂੰ ਗੁਰਬਾਣੀ ਦੇ ਮਹੱਤਵ ਜਾਂ ਗੁਰਬਾਣੀ ਸਿਧਾਂਤ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਲਗਦਾ ਹੈ ਅਸੀਂ ਗੁਰਬਾਣੀ ਸਿਧਾਂਤ ਤੋਂ ਬਹੁਤ ਦੂਰ ਚਲੇ ਗਏ ਹਾਂ ਤੇ ਦੇਖਾ-ਦੇਖੀ ਦੇ ਹੀ ਕਰਮਾਂ ਨੂੰ ਧਰਮ ਸਮਝੀ ਬੈਠੈ ਹਾਂ। ਇਹਨਾਂ ਕਰਮਾਂ ਨੂੰ ਹੀ ਅਸੀਂ ਪਰਮ ਧਰਮ ਸਮਝ ਲਿਆ ਹੈ।ਕਹਿੰਦੇ ਨੇ ਇਕ ਅਧਿਆਪਕ ਜਮਾਤ ਵਿਚ ਬੱਚਿਆਂ ਨੂੰ ਪੁੱਛਦਾ ਹੈ, ਕਿ “ਬੱਚਿਓ ਜੇ ਵਾੜੇ ਵਿਚ ਸੌ ਭੇਡ ਰਹਿੰਦੀ ਤਾਂ ਉਹਨਾਂ ਵਿਚੋਂ ਇਕ ਬਾਹਰ ਨਿਕਲ ਜਾਏ ਤਾਂ ਬਾਕੀ ਪਿੱਛੇ ਕਿੰਨੀਆਂ ਰਹਿ ਜਾਂਦੀਆਂ ਹਨ” ਤਾਂ ਸਾਰੀ ਜਮਾਤ ਦੇ ਬੱਚੇ ਕਹਿਣ ਲੱਗੇ, ਕਿ “ਉਸਤਾਦ ਜੀ ਉਸ ਵਾੜੇ ਵਿਚ ਨੜ੍ਹੇਨਵੇਂ ਭੇਡਾਂ ਰਹਿ ਜਾਣਗੀਆਂ”। ਸਾਰੀ ਜਮਾਤ ਵਿਚੋਂ ਇਕ ਬੱਚੇ ਨੇ ਕੋਈ ਜੁਆਬ ਨਾ ਦਿੱਤਾ ਤਾਂ ਅਧਿਆਪਕ ਨੇ ਦੁਬਾਰਾ ਪੁੱਛਿਆ, ਕਿ “ਕਾਕਾ ਤੈਨੂੰ ਸਵਾਲ ਦੀ ਸਮਝ ਨਹੀਂ ਆਈ ਤੂੰ ਇਸ ਗੱਲ ਦਾ ਕੋਈ ਉੱਤਰ ਨਹੀਂ ਦਿੱਤਾ”। ਤਾਂ ਅੱਗੋਂ ਬੱਚਾ ਕਹਿੰਦਾ, “ਉਸਤਾਦ ਜੀ ਇਹ ਮੇਰੇ ਸਾਥੀ ਝੂਠ ਬੋਲਦੇ ਹਨ, ਇਹਨਾਂ ਨੂੰ ਭੇਡਾਂ ਬਾਰੇ ਕੋਈ ਵੀ ਮੁੱਢਲਾ ਗਿਆਨ ਨਹੀਂ ਹੈ ਕਿਉਂਕਿ ਇਹਨਾਂ ਨੇ ਭੇਡਾਂ ਨਹੀਂ ਰੱਖੀਆਂ ਹੋਈਆਂ ਹਨ। ਦਰਅਸਲ ਉਸਤਾਦ ਜੀ ਜਦੋਂ ਵਾੜੇ ਵਿਚੋਂ ਇਕ ਭੇਡ ਬਾਹਰ ਨਿਕਲ ਜਾਂਦੀ ਹੈ ਤਾਂ ਪਿੱਛੇ ਕੋਈ ਭੇਡ ਵੀ ਨਹੀਂ ਰਹਿ ਜਾਂਦੀ ਕਿਉਂਕਿ ਸਾਰੀਆਂ ਭੇਡਾਂ ਉਸ ਭੇਡ ਦੇ ਪਿੱਛੇ ਚਲੀਆਂ ਜਾਂਦੀਆਂ ਹਨ”। ਸ਼ਾਇਦ ਏੱਥੋਂ ਹੀ ਭੇਡ ਚਾਲ ਮੁਹਾਵਰੇ ਦਾ ਮੁੱਢ ਬੱਝਿਆ ਹੈ। ਇਕ ਭੇਡ ਨੇ ਖੂਹ ਵਿਚ ਛਾਲ ਮਾਰ ਦਿੱਤੀ ਉਸ ਦੇ ਪਿੱਛੇ ਸਾਰੀਆਂ ਭੇਡਾਂ ਛਾਲਾਂ ਮਾਰ ਦਿੰਦੀਆਂ ਹਨ। ਚਾਲੀ ਕੁ ਸਾਲ ਪਹਿਲਾਂ ਦੀ ਗੱਲ ਹੈ ਉਦੋਂ ਅਜੇ ਮੈਂ ਨੌਕਰੀ ਕਰ ਰਿਹਾ ਸੀ। ਹਿਮਾਚਲ ਵਿਚ ਇਕ ਭੇੜ ਪਹਾੜ ਤੋਂ ਤਿਲਕ ਕੇ ਹੇਠਾਂ ਖਾਈ ਵਿਚ ਡਿੱਗ ਪਈ। ਉਸਦੇ ਪਿੱਛੇ 75 ਭੇੜਾਂ ਥੱਲੇ ਡਿੱਗ ਗਈਆਂ ਸਨ। ਸਿੱਖ ਕੌਮ ਦੀ ਤ੍ਰਾਸਦੀ ਵੀ ਕੁਝ ਏਹੋ ਜਿਹੀ ਹੀ ਹੈ ਕਿ ਆਪਣੇ ਮਹਾਨ ਵਿਰਸੇ ਨੂੰ ਛੱਡ ਕੇ ਪਿਛਲੱਗ ਬਣਨ ਵਿੱਚ ਫ਼ਕਰ ਮਹਿਸੂਸ ਕਰ ਰਹੀ ਹੈ। ਜਦੋਂ ਪਿੰਡ ਵਿਚੋਂ ਕੋਈ ਕਿਸੇ ਡੇਰੇ ‘ਤੇ ਜਾਂਦਾ ਹੈ ਬਾਕੀ ਲੋਕ ਵੀ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਨ ਕਿ ਜਦੋਂ ਦਾ ਇਹ ਡੇਰੇ ‘ਤੇ ਜਾਣ ਲੱਗਿਆ ਬੜਾ ਸੌਖਾ ਹੋ ਗਿਆ ਹੋਣਾ ਏਂ? ਕਿਉਂ ਨਾ ਆਪਾਂ ਵੀ ਇਕ ਵਾਰੀ ਜਾ ਆਈਏ ਖੋਰੇ ਕੋਈ ਸਾਡਾ ਵੀ ਕੰਮ ਸੌਰ ਜਾਏਗਾ। ਇੰਝ ਦੇਖਾ-ਦੇਖੀ ਟਰਾਲੀਆਂ ਭਰ ਭਰ ਮੂੰਹ ਚੁੱਕ ਕੇ ਇਕ ਦੂਜੇ ਨਾਲੋਂ ਪਹਿਲਾਂ ਪਹੁੰਚਣ ਵਿਚ ਫ਼ਕਰ ਮਹਿਸੂਸ ਕਰਦੇ ਹਾਂ।
ਦੇਖਾ-ਦੇਖੀ ਭਾਵ ਜੋ ਬਿਨਾਂ ਸੋਚੇ ਸਮਝੇ ਕਰਮ ਕਰਨੇ ਹਨ ਉਸ ਨੂੰ ਭੇਡ ਚਾਲ ਆਖਦੇ ਹਨ। ਗੁਰੂ ਨਾਨਕ ਸਾਹਿਬ ਜੀ ਫੁਰਮਾਉਂਦੇ ਹਨ

ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ॥
ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥ (28)

ਅੱਖਰੀਂ ਅਰਥ–ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈ, ਉਸ ਨੂੰ ਸਹੀ ਜੀਵਨ ਜੀਊਣ ਦੀ ਸਮਝ ਨਹੀਂ ਆਉਂਦੀ। (ਪਰ) ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ, ਉਹਨਾਂ ਦੀ ਘਾਲ-ਕਮਾਈ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦੀ ਹੈ।

ਬਾਹਰਲੇ ਮੁਲਕਾਂ ਵਿੱਚ ਵਿਆਹ ਦੇਖ ਲਓ ਜਿਸ ਤਰ੍ਹਾਂ ਚਰਚ ਵਿੱਚ ਵਿਆਹ ਕਰਨ ਲਈ ਉਹ ਜਾਂਦੇ ਹਨ ਓਸੇ ਤਰ੍ਹਾਂ ਹੀ ਅਸੀਂ ਗੁਰਦੁਆਰੇ ਵਿਚ ਆਉਂਦੇ ਹਾਂ। ਜਿਸ ਤਰ੍ਹਾਂ ਚਰਚ ਵਿੱਚ ਲਾੜੇ ਦੇ ਕਪੜਿਆਂ ਦਾ ਰੰਗ ਹੁੰਦਾ ਹੈ ਓਸੇ ਤਰ੍ਹਾਂ ਹੀ ਲਾੜੇ ਦੇ ਦੋਸਤਾਂ ਦੇ ਕਪੜੇ ਹੁੰਦੇ ਹਨ। ਇਸੇ ਤਰ੍ਹਾਂ ਹੀ ਵਿਆਹ ਵਾਲੀ ਬੱਚੀ ਜਿਸ ਰੰਗ ਦਾ ਕਪੜਾ ਪਾਇਆ ਹੁੰਦਾ ਹੈ ਓਸੇ ਤਰ੍ਹਾਂ ਦੇ ਹੀ ਬਾਕੀ ਬੱਚੀਆਂ ਨੇ ਕਪੜੇ ਪਹਿਨੇ ਹੁੰਦੇ ਹਨ। ਭਾਵ ਕਿ ਦੇਖਾ-ਦੇਖੀ ਅਸੀਂ ਝੱਟ ਭੀੜ ਵਿਚ ਸ਼ਾਮਿਲ ਹੋ ਗਏ। ਚਰਚ ਵਾਲਾ ਪਹਿਰਾਵਾ ਅਸੀਂ ਬਹੁਤ ਜਲਦੀ ਪਕੜਿਆ ਹੈ। ਭਾਵ ਕਿ ਚਰਚ ਵਾਲੀ ਗੱਲ ਨੂੰ ਅਸੀਂ ਗੁਰਦੁਆਰੇ ਵਿੱਚ ਵੀ ਲੈ ਆਉਂਦਾ ਹੈ। ਇਕ ਵਿਦਵਾਨ ਲਿਖਦਾ ਹੈ ਕਿ ਇਕ ਝੂਠ ਨੂੰ ਸੌ ਵਾਰ ਬੋਲਿਆ ਜਾਏ ਤਾਂ ਉਹ ਸੱਚ ਮਹਿਸੂਸ ਹੋਣ ਲਗਦਾ ਹੈ। ਸਿੱਖੀ ਦਾ ਨਿਆਰਾਪਨ ਹੀ ਇਹ ਹੈ ਕਿ ਇਸ ਦੇ ਆਪਣੇ ਸਿਧਾਂਤ ਹਨ ਜੋ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹਨ। ਗੁਰਬਾਣੀ ਸਿਧਾਂਤ ਵਾਲਾ ਕਦੇ ਦੁਨੀਆਂ ਨਾਲ ਸਮਝੌਤਾ ਨਹੀਂ ਕਰਦਾ। ਉਹ ਸ਼ਹੀਦੀਆਂ ਨੂੰ ਪਹਿਲ ਦੇਵੇਗਾ ਪਰ ਕਿਸੇ ਦੀ ਈਨ ਨਹੀਂ ਮੰਨੇਗਾ। ਉਹ ਸੱਚ ‘ਤੇ ਪਹਿਰਾ ਦਿੰਦਾ ਹੈ। ਗੁਰਬਾਣੀ ਦੇ ਇਹਨਾਂ ਵਾਕਾਂ ਨੂੰ ਸਮਝਣ ਦਾ ਯਤਨ ਕਰੀਏ

ਨਾਨਕ ਦੁਨੀਆ ਕੈਸੀ ਹੋਈ॥
ਸਾਲਕੁ ਮਿਤੁ ਨ ਰਹਿਓ ਕੋਈ॥
ਭਾਈ ਬੰਧੀ ਹੇਤੁ ਚੁਕਾਇਆ ॥
ਦੁਨੀਆ ਕਾਰਣਿ ਦੀਨੁ ਗਵਾਇਆ॥
(1410)

ਅੱਖਰੀਂ ਅਰਥ ਹੇ ਨਾਨਕ! ਦੁਨੀਆਂ (ਦੀ ਲੁਕਾਈ) ਅਜਬ ਨੀਵੇਂ ਪਾਸੇ ਜਾ ਰਹੀ ਹੈ। ਸਹੀ ਜੀਵਨ-ਰਸਤਾ ਦੱਸਣ ਵਾਲਾ ਮਿੱਤਰ ਕਿਤੇ ਕੋਈ ਲੱਭਦਾ ਨਹੀਂ। ਭਰਾਵਾਂ ਸਨਬੰਧੀਆਂ ਦੇ ਮੋਹ ਵਿਚ ਫਸ ਕੇ (ਮਨੁੱਖ ਪਰਮਾਤਮਾ ਦਾ) ਪਿਆਰ (ਆਪਣੇ ਅੰਦਰੋਂ ਮੁਕਾਈ ਬੈਠਾ ਹੈ) ਦੁਨੀਆ (ਦੀ ਮਾਇਆ) ਦੀ ਖ਼ਾਤਰ ਆਤਮਕ ਜੀਵਨ ਦਾ ਸਰਮਾਇਆ ਗੰਵਾਈ ਜਾ ਰਿਹਾ ਹੈ।

ਉਪਰੋਕਤ ਸਲੋਕ ਵਿਚ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਦੁਨੀਆਂ ਨਾਲ ਸਮਝੌਤਾ ਕਰਕੇ ਇਸ ਨੇ ਈਮਾਨ ਗਵਾ ਲਿਆ ਹੈ। ਜਿਹੜੀ ਦੁਨੀਆਂ ਖਾਤਰ ਇਸ ਨੇ ਆਪਣਾ ਇਮਾਨ ਗਵਾਇਆ ਹੈ ਉਸ ਨੇ ਇਸ ਦਾ ਸਾਥ ਨਹੀਂ ਦਿੱਤਾ।

ਕਬੀਰ ਦੀਨੁ ਗਵਾਇਆ ਦੁਨੀ ਸਿਉ
ਦੁਨੀ ਨ ਚਾਲੀ ਸਾਥਿ ॥
ਪਾਇ ਕੁਹਾੜਾ ਮਾਰਿਆ
ਗਾਫਲਿ ਅਪੁਨੈ ਹਾਥਿ ॥ (1365)

ਅੱਖਰੀ ਅਰਥ ਹੇ ਕਬੀਰ! ਗ਼ਾਫ਼ਲ ਮਨੁੱਖ ਨੇ ‘ਦੁਨੀਆਂ’ (ਦੇ ਧਨ-ਪਦਾਰਥ) ਦੀ ਖ਼ਾਤਰ ‘ਦੀਨ’ ਗਵਾ ਲਿਆ, (ਅਖ਼ੀਰ ਵੇਲੇ ਇਹ) ਦੁਨੀਆ ਭੀ ਮਨੁੱਖ ਦੇ ਨਾਲ ਨਾਹ ਤੁਰੀ। (ਸੋ) ਲਾ-ਪਰਵਾਹ ਬੰਦੇ ਨੇ ਆਪਣੇ ਪੈਰ ਉਤੇ ਆਪਣੇ ਹੀ ਹੱਥ ਨਾਲ ਕੁਹਾੜਾ ਮਾਰ ਲਿਆ (ਭਾਵ, ਆਪਣਾ ਨੁਕਸਾਨ ਆਪ ਹੀ ਕਰ ਲਿਆ)।

ਬ੍ਰਾਹਮਣ ਭਾਵ ਤੇਜ਼ ਤਰਾਰ ਪੁਜਾਰੀ ਦੀ ਨੀਤੀ ਹੈ ਕਿ ਮੈਨੂੰ ਕਰਨਾ ਕੁਝ ਨਾ ਪਏ, ਲੋਕ ਮੇਰੀ ਉਪਜੀਵਕਾ ਲਈ ਕਈ ਸਾਲਾਂ ਦਾ ਆਪੇ ਹੀ ਪ੍ਰਬੰਧ ਕਰ ਦੇਣ। ਬ੍ਰਾਹਮਣ ਨੇ ਤਿਉਹਾਰਾਂ ਦੀ ਬਣਤਰ ਇਸ ਤਰ੍ਹਾਂ ਦੀ ਕੀਤੀ ਹੋਈ ਹੈ ਕਿ ਲੋਕ ਆਪਣੇ ਆਪ ਹੀ ਇਹਨਾਂ ਤਿਉਹਾਰਾਂ ਵਿਚ ਸ਼ਾਮਿਲ ਹੋ ਜਾਂਦੇ ਹਨ। ਤਿਉਹਾਰਾਂ ਪਿੱਛੇ ਮਨਸ਼ਾ ਵੀ ਏਦਾਂ ਦੀ ਰੱਖੀ ਹੋਈ ਹੈ ਕਿ ਲੋਕ ਮਹਿਸੂਸ ਕਰਨ ਕਿ ਇਹ ਤਿਉਹਾਰ ਵੱਡੀ ਪੱਧਰ ‘ਤੇ ਮਨਾਉਣ ਨਾਲ ਸਾਡੇ ਘਰ ਵਿੱਚ ਸਭ ਖੁਸ਼ੀਆਂ ਆ ਜਾਣੀਆਂ ਹਨ।

ਤਿਉਹਾਰ

ਭਾਰਤ ਵਿਚ ਬਹੁਤ ਸਾਰੇ ਤਿਉਹਾਰਾਂ ਦਾ ਸਬੰਧ ਰੁੱਤਾਂ ਨਾਲ ਹੈ। ਕੁਝ ਤਿਉਹਾਰ ਇਸ ਤਰ੍ਹਾਂ ਦੇ ਵੀ ਹਨ ਜਿੰਨ੍ਹਾਂ ਦਾ ਸਬੰਧ ਵਰਣ ਆਸ਼ਰਮਾਂ ਨਾਲ ਹੈ। ਵੈਸਾਖੀ-ਬ੍ਰਾਹਮਣ, ਦੁਸਹਿਰਾ-ਖਤਰੀਆਂ ਲਈ, ਦੀਵਾਲੀ ਵੈਸ਼ਾਂ ਤੇ ਹੋਲੀ ਨੂੰ ਸ਼ੂਦਰਾਂ ਲਈ ਰਾਖਵਾਂ ਰੱਖਿਆ ਗਿਆ ਹੈ। ਇਹਨਾਂ ਵਿਚੋਂ ਬਹੁਤੇ ਤਿਉਹਾਰ ਮਿਥਿਹਾਸ ਨਾਲ ਸਬੰਧ ਰੱਖਦੇ ਹਨ। ਬ੍ਰਾਹਮਣ ਨੇ ਜਿਹੜੇ ਤਿਉਹਾਰ ਨਿਯਤ ਕੀਤੇ ਹਨ ਉਹਨਾਂ ਦੀ ਖਾਧ-ਖੁਰਾਕ ਵੀ ਵੱਖਰੀ ਵੱਖਰੀ ਹੈ। ਬ੍ਰਾਹਮਣ ਦੇ ਨਿਯਤ ਕੀਤੇ ਤਿਉਹਾਰਾਂ ਵਿਚ ਆਮ ਲੋਕ ਸ਼ਾਮਿਲ ਹੁੰਦੇ ਹਨ। ਇਹ ਤਿਉਹਾਰ ਆਪਣੇ ਆਪ ਵਿੱਚ ਇਕ ਬਹੁਤ ਵੱਡਾ ਪ੍ਰਚਾਰ ਕਰ ਜਾਂਦੇ ਹਨ। ਅਸਲ ਵਿੱਚ ਪੁਜਾਰੀ ਇਹ ਸਮਝਾਉਣ ਵਿੱਚ ਸਫਲ ਰਿਹਾ ਹੈ ਚੰਗੀਆਂ ਤੇ ਭੈੜੀਆਂ ਰੂਹਾਂ ਹੁੰਦੀਆਂ ਹਨ। ਉਹਨਾਂ ਦੀ ਪੂਜਾ ਕਰਨ ਨਾਲ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਪੂਜਾ ਨਾ ਕਰਨ ਕਰਕੇ ਉਹ ਕਰੋਪ ਹੋ ਜਾਂਦੀਆਂ ਹਨ। ਸਾਡੇ ਪਰਿਵਾਰਕ ਦੁੱਖਾਂ ਦਾ ਕਾਰਨ ਵੀ ਇਹੀ ਦਸਦੇ ਹਨ ਕਿ ਸਾਡੇ ਕੋਲੋਂ ਕਿਤੇ ਇਹਨਾਂ ਦੀ ਪੂਜਾ ਨਹੀਂ ਹੋਈ ਇਸ ਲਈ ਇਹ ਭੈੜੀਆਂ ਰੂਹਾਂ ਸਾਡੇ ਨਾਲ ਨਰਾਜ਼ ਚੱਲ ਰਹੀਆਂ ਹਨ। ਇੰਝ ਕੁਦਰਤ ਦੀਆਂ ਦਾਤਾਂ ਦੀ ਮਨੁੱਖ ਪਾਸੋਂ ਪੂਜਾ ਕਰਾਉਣੀ ਸ਼ੂਰੂ ਕਰ ਦਿੱਤੀ। ਡਰ ਜਾਂ ਲਾਭ ਕਰਕੇ ਪੁਜਾਰੀ ਨੇ ਕੁਦਰਤ ਦੀਆਂ ਸ਼ਕਤੀਆਂ ਚੰਦ੍ਰਮਾ, ਸੂਰਜ, ਅੱਗ, ਬੱਦਲਾਂ, ਹਨੇਰੀਆਂ, ਦਰੱਖਤਾਂ ਤੇ ਪਸ਼ੂ-ਪੰਛੀਆਂ ਆਦਿ ਦੀ ਪੂਜਾ ‘ਤੇ ਮਨੁੱਖ ਨੂੰ ਲਗਾ ਦਿੱਤਾ ਗਿਆ। ਇੰਝ ਭੈੜੀਆਂ ਰੂਹਾਂ ਤੋਂ ਬਚਣ ਲਈ ਇਨ੍ਹਾਂ ਦੀ ਪੂਜਾ ਅਰੰਭੀ ਗਈ।
ਇਸ ਦੇ ਇਲਾਵਾ ਦਸ ਪੁਰਬ ਤਿਆਰ ਕੀਤੇ ਗਏ ਜਿਹੜੇ ਮਹੀਨਾਵਾਰੀ ਜਾਂ ਸਾਲ ਬਾਅਦ ਆਉਂਦੇ ਹਨ

             ਸੂਰਜ ਚੰਦ੍ਰਮਾ ਨਾਲ ਸੰਬੰਧ ਰੱਖਣ ਵਾਲੇ ਹੇਠ-ਲਿਖੇ ਦਸ ਦਿਨ ਪਵਿੱਤਰ ਸਮਝੇ ਜਾ ਰਹੇ ਹਨ ਸੂਰਜ-ਗ੍ਰਹਿਣ, ਚੰਦ-ਗ੍ਰਹਿਣ, ਮੱਸਿਆ, ਪੁੰਨਿਆ, ਚਾਨਣਾ ਐਤਵਾਰ, ਸੰਗ੍ਰਾਂਦ, ਦੋ ਇਕਾਦਸ਼ੀਆਂ ਤੇ ਦੋ ਅਸ਼ਟਪਦੀਆਂ। ਇਹਨਾਂ ਦਸ ਦਿਨਾਂ ਨੂੰ ਪਵਿੱਤਰ ਦਿਨ ਮੰਨਿਆ ਜਾਂਦਾ ਹੈ। ਸੂਰਜ-ਦੇਵਤੇ ਨਾਲ ਸੰਬੰਧ ਰੱਖਣ ਵਾਲੇ ਇਨ੍ਹਾਂ ਵਿਚੋਂ ਸਿਰਫ਼ ਦੋ ਦਿਨ ਹਨ ਸੂਰਜ-ਗ੍ਰਹਿਣ ਅਤੇ ਸੰਗ੍ਰਾਂਦ। ਬਾਕੀ ਦੇ ਦਿਨ ਚੰਦ੍ਰਮਾ ਦੇ ਹਨ। ‘ਚਾਨਣਾ ਐਤਵਾਰ’ ਸੂਰਜ ਤੇ ਚੰਦ ਦੋਹਾਂ ਦਾ ਹੈ। ਵਖੋ-ਵਖ ਦੇਵਤਿਆਂ ਦੇ ਥਾਂ ਇਕ ਪਰਮਾਤਮਾ ਦੀ ਭਗਤੀ ਦਾ ਰਿਵਾਜ ਵਧਣ ਤੇ ਭੀ ਇਹਨਾਂ ਦਸ ਪੁਰਬਾਂ ਦੀ ਰਾਹੀਂ ਇਹਨਾਂ ਦੇਵਤਿਆਂ ਦੀ ਪੂਜਾ ਤੇ ਪਿਆਰ ਅਜੇ ਤਕ ਜੋਬਨ ਤੇ ਹੈ।
           ਇਸ ਪ੍ਰਭਾਵ ਦੀ ਡੂੰਘਾਈ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਤਾਲੀਮ ਦੀ ਬਰਕਤਿ ਨਾਲ ਜੋ ਲੋਕ ‘ਅੰਨ ਪੂਜਾ’ ਛੱਡ ਕੇ ਇਕ ਅਕਾਲ ਪੁਰਖ ਨੂੰ ਮੰਨਣ ਵਾਲੇ ਹੋ ਚੁੱਕੇ ਸਨ ਉਹ ਭੀ ਅਜੇ ਸੂਰਜ ਦੀ ਯਾਦ ਮਨਾਣੀ ਨਹੀਂ ਛੱਡ ਸਕੇ।
       ਤਿਉਹਾਰ ਦੇ ਅੱਖਰੀਂ ਅਰਥ ਹਨ ਤਿੱਥ, ਵਾਰ ਉਤਸਵ ਮਨਾਉਣ ਦਾ ਦਿਨ, ਪੁਰਬ ਦਾ ਦਿਨ, ਤਿਉਹਾਰ, ਵੈਸਾਖੀ, ਹੋਲੀ, ਈਦ ਅਤੇ ਕ੍ਰਿਸਮਿਸ ਆਦਿ।

ਗੁਰੂ ਅਮਰਦਾਸ ਜੀ ਦਾ ਬੜਾ ਪਿਆਰਾ ਵਾਕ ਹੈ ਕਿ ਹੇ ਮਨੁੱਖ ਜੇ ਤੂੰ ਆਪਣੇ ਜੀਵਨ ਵਿਚ ਪੁੱਤਰਾਂ ਤੋਂ ਸਪੁੱਤਰ ਬਣਨਾ ਚਾਹੁੰਦਾ ਏਂ ਤਾਂ ਆਪਣਿਆਂ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਤਥਾ ਉਹਨਾਂ ਵਲੋਂ ਸਿਰਜੇ ਵਿਰਸੇ ਨੂੰ ਯਾਦ ਕਰ ਲਿਆ ਕਰ

ਬਾਬਾਣੀਆ ਕਹਾਣੀਆ
ਪੁਤ ਸਪੁਤ ਕਰੇਨਿ॥ (951)

ਸਿੱਖੀ ਵਿਚ ਤਿਉਹਾਰਾਂ ਦੀ ਥਾਂ’ਤੇ ਪੁਰਬ ਸ਼ਬਦ ਵਰਤਿਆ ਗਿਆ ਹੈ। ਪੁਰਬਾਂ ਸਬੰਧੀ ਭਾਈ ਗੁਰਦਾਸ ਸਾਹਿਬ ਜੀ ਫੁਰਮਾਉਂਦੇ ਹਨ ਕਿ ਗੁਰਸਿੱਖ ਭੈ-ਭੈਵਨੀ ਵਿੱਚ ਆ ਕੇ ਆਪਣੇ ਗੁਰੂਆਂ ਦੇ ਪੁਰਬ ਮਨਾਉਂਦੇ ਹਨ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ
ਕੁਰਬਾਣੀ ਤਿਨਾਂ ਗੁਰਸਿਖਾਂ
ਭਾਇ ਭਗਤਿ ਗੁਰਪੁਰਬ ਕਰੰਦੇ॥
(ਵਾਰ-12, ਪਉੜੀ-2)

ਗੁਰੂ ਅਮਰਦਾਸ ਜੀ ਨੇ ਭਾਈ ਪਾਰੋ ਜੀ ਦੀ ਸਲਾਹ’ਤੇ ਵਿਸਾਖੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ‘ਤੇ ਗੋਇੰਦਵਾਲ ਵਿਖੇ ਸੰਗਤਾਂ ਨੂੰ ਇਕੱਠੇ ਹੋਣ ਲਈ ਕਿਹਾ ਜੋ ਇਤਿਹਾਸ ਦੇ ਪੰਨਿਆਂ’ਤੇ ਅੰਕਿਤ ਹੈ। ਇਸ ਇਕੱਠ ਵਿਚ ਭਵਿੱਖਤ ਦੀਆਂ ਨੀਤੀਆਂ ਤਿਆਰ ਕੀਤੀਆਂ ਗਈਆਂ।

ਦੀਵਾਲੀ

ਮਹਾਨ ਕੋਸ਼ ਵਿਚ ਦੀਵਾਲੀ ਦੇ ਅੱਖਰੀਂ ਅਰਥ ਇਸ ਪ੍ਰਕਾਰ ਲਿਖੇ ਹੋਏ ਹਨਸੰਗਯਾਦੀਵਾਰ ਕੰਧ ਜਾਂ ਚਾਰ ਦੀਵਾਰੀ ਬੈਠੇ ਜਾਇ ਸਮੀਪ ਦੀਵਾਲੀ (ਨ ਪ੍ਰ) 2 ਦੀਪਮਾਲਿਕਾ, ਦੀਪਵਲਿ, ਕਤਕ ਬਦੀ ਦਾ 30 ਦਾ ਤਿਉਹਾਰ ਹਿੰਦੂਮਤ ਵਿਚ ਇਹ ਲੱਛਮੀ ਪੂਜਨ ਦਾ ਪੁਰਵ ਹੈ। ਹਿੰਦੀ ਡਿਕਸ਼ਨਰੀ ਵਿੱਚ ਲਿਖਿਆ ਹੈਕਾਰਤਿਕ ਕੀ ਅਮਾਵਸ ਕੋ ਪੜ੍ਹਨੇ ਵਾਲਾ ਹਿੰਦੂਓ ਕਾ ਏਕ ਤਿਉਹਾਰ ਜਿਸ ਮੇਂ ਲਕਛਮੀ ਪੂਜਨ ਹੋਤਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋ ਹਿੰਦੂ ਇਹ ਤਿਉਹਾਰ ਮਨਾਉਂਦੇ ਆਏ ਹਨ। ਦੇਖਾ-ਦੇਖੀ ਸਿੱਖ ਆਪ ਵੀ ਇਸ ਵਿੱਚ ਸ਼ਾਮਿਲ ਹੋ ਗਏ ਹਨ।
ਦੀਵਾਲੀ ਨਾਲ ਬਹੁਤ ਸਾਰੀਆਂ ਮਿਥਿਹਾਸਿਕ ਕਹਾਣੀਆਂ ਜੁੜੀਆਂ ਹੋਈਆਂ ਹਨ। ਜਿਸ ਤਰ੍ਹਾਂ ਕ੍ਰਿਸ਼ਨ ਵਲੋਂ ਕੰਸ ਨੂੰ ਕੇਸਾਂ ਤੋਂ ਫੜ ਕੇ ਮਾਰਨਾ ਦੂਜਾ ਬਿਕਰਮਾ ਦਿੱਤ ਦਾ ਤਖਤ ‘ਤੇ ਬੈਠਣਾ ਤੀਜਾ ਰਾਮ ਚੰਦ੍ਰ ਦਾ ਬਨਵਾਸ ਕੱਟ ਕੇ ਵਾਪਸ ਅਯੁੱਧਿਆ ਆਉਣ ਦੀ ਖੁਸ਼ੀ ਵਿੱਚ ਲੋਕਾਂ ਨੇ ਆਪਣਿਆਂ ਘਰਾਂ ਵਿੱਚ ਦੀਪਮਾਲਾ ਕੀਤੀ। ਉਂਝ ਜਦੋਂ ਵੀ ਘਰ ਵਿੱਚ ਕੋਈ ਖੁਸ਼ੀ ਹੁੰਦੀ ਹੈ ਤਾਂ ਲੋਕ ਦੀਵੇ ਜਗਾ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹਨ। ਪੁਜਾਰੀ ਨੇ ਸਿੱਖਾਂ ਨੂੰ ਸ਼ਾਮਿਲ ਕਰਨ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾ ਹੋਣ ਵਾਲੀ ਸਾਖੀ ਜੋੜ ਦਿੱਤੀ ਹੈ। ਜਦ ਕਿ ਇਤਿਹਾਸਕ ਤੱਥਾਂ ‘ਤੇ ਇਹ ਸਾਖੀ ਪੂਰੀ ਨਹੀਂ ਉਤਰਦੀ ਹੈ। ਦੀਵਾਲੀ ਦਾ ਤਿਉਹਾਰ ਸਦੀਆਂ ਤੋਂ ਮਨਾਇਆ ਜਾ ਰਿਹਾ ਹੈ ਤੇ ਸਿੱਖ ਇਸ ਵਿਚ ਧੱਕੇ ਨਾਲ ਹੀ ਸ਼ਾਮਿਲ ਹੋ ਗਏ ਹਨ ਜਾਂ ਕਰਾ ਦਿੱਤੇ ਗਏ।

ਦੀਵਾਲੀ ਤਥਾ ਲਛਮੀ ਦੀ ਪੂਜਾ

ਜਿਸ ਤਰ੍ਹਾਂ ਅੱਜ ਕਲ੍ਹ ਸਾਲ ਵਿੱਚ ਦੋ ਵਾਰੀ ਆਪਣੀ ਆਮਦਨੀ ਦਾ ਚਿੱਠਾ ਸਰਕਾਰ ਨੂੰ ਦਿਖਾਉਣਾ ਪੈਂਦਾ ਹੈ ਕੁਝ ਏਸੇ ਤਰ੍ਹਾਂ ਹੀ ਆਰੀਆ ਲੋਕਾਂ ਦੇ ਆਉਣ ਤੋਂ ਪਹਿਲਾਂ ਆਮ ਜਨਤਾ ਨੂੰ ਦੀਵਾਲੀ ‘ਤੇ ਆਪਣਾ ਸਾਰਾ ਹਿਸਾਬ ਕਿਤਾਬ ਰੱਖਣਾ ਪੈਂਦਾ ਸੀ ਇਹ ਵੀ ਦੇਖਿਆ ਜਾਂਦਾ ਸੀ ਇਸ ਵਪਾਰੀ ਨੇ ਸਰਕਾਰੀ ਖ਼ਜ਼ਾਨੇ ਵਿੱਚ ਕਿੰਨਾ ਕੁਝ ਜਮ੍ਹਾਂ ਕਰਾਇਆ। ਵਪਾਰੀ ਲੋਕ ਇਸੇ ਦਿਨ ਆਪਣੇ ਵਹੀ ਖਾਤੇ ਦੀਆਂ ਨਵੀਆਂ ਵਹੀਆਂ ਸ਼ੁਰੂ ਕਰਦੇ ਸਨ। ਮੱਧ ਪ੍ਰਦੇਸ, ਗੁਜਰਾਤ ਤੇ ਮਹਾਂਰਾਸ਼ਟਰਾ ਦੇ ਵਪਾਰੀ ਤੇ ਆਮ ਲੋਕ ਆਪਣੇ ਨਵੇਂ ਵਹੀ ਖਾਤੇ ਲਗਾਉਂਦੇ ਸਨ। ਆਰੀਆ ਲੋਕਾਂ ਨੇ ਇਸ ਨੂੰ ਲਛਮੀ ਪੂਜਾ ਵਜੋਂ ਮਨਾਉਣਾ ਸ਼ੂਰੂ ਕਰ ਦਿੱਤਾ। ਇਹ ਕਹਿਣਾ ਸ਼ੁਰੂ ਦਿੱਤਾ ਕਿ ਦੀਵਾਲੀ ਵਾਲੇ ਦਿਨ ਆਪਣੇ ਘਰ ਵਿਚ ਦੀਵੇ ਬਾਲ ਕੇ ਰੱਖੇ ਜਾਣ ਤਾਂ ਕਿ ਲਛਮੀ ਲੋਅ ਅਤੇ ਖੁਲ੍ਹਾ ਘਰ ਦੇਖ ਆਪਣੇ ਆਪ ਹੀ ਘਰ ਵਿਚ ਪ੍ਰਵੇਸ਼ ਕਰ ਜਾਂਦੀ ਹੈ ਫਿਰ ਬੰਦੇ ਨੂੰ ਸਾਰੀ ਜ਼ਿੰਦਗੀ ਕੰਮ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਵਰਤਮਾਨ ਸਮੇਂ ਅੰਦਰ ਵੀ ਦੀਵਾਲੀ ਨੂੰ ਲੱਛਮੀ ਪੂਜਾ ਕਰਕੇ ਪੂਜਿਆ ਜਾਂਦਾ ਹੈ। ਇਹ ਸਾਰੀਆਂ ਮਨੌਤਾਂ ਹੀ ਹਨ ਇੰਝ ਕਦੇ ਵੀ ਕਿਸੇ ਘਰ ਵਿਚ ਲੱਛਮੀ ਨਹੀਂ ਆ ਸਕਦੀ ਪਰ ਦੀਵਾਲੀ ‘ਤੇ ਨਾ ਚਾਹੁੰਦਿਆਂ ਹੋਇਆਂ ਵੀ ਬੇ-ਲੋੜਾ ਖਰਚਾ ਲੋਕ ਕਰ ਲੈਂਦੇ ਹਨ।

ਕੀ ਗੁਰਮਤਿ ਲਛਮੀ ਦੀ ਪੂਜਾ ਕਰਨ ਦੀ ਆਗਿਆ ਦਿੰਦੀ ਹੈ?

ਜਦੋਂ ਸਿੱਖ ਅਰਦਾਸ ਕਰਦਾ ਹੈ ਤਾਂ ਦੇਗ ਤੇਗ ਫਤਹਿ ਵਾਲੇ ਸ਼ਬਦਾਂ ਨੂੰ ਦੋ ਵਾਰ ਪੜ੍ਹਦਾ ਹੈ। ਦੇਗ ਦਾ ਅਰਥ ਹੈ ਕਿਰਤ ਕਰਕੇ ਨਿਰਬਾਹ ਕਰਨਾ ਤੇ ਆਪਣੀ ਕਿਰਤ ਵਿਚੋਂ ਲੋੜਵੰਦਾਂ ਦੀ ਸਹਾਇਤਾ ਕਰਨਾ। ਤੇਗ ਦੇ ਅਰਥ ਵਿਚੋਂ ਹਰੇਕ ਮਨੁੱਖ ਨੂੰ ਪੂਰਨ ਅਜ਼ਾਦੀ, ਤਥਾ ਖੁਦਮੁਖਤਿਆਰੀ ਦਾ ਸੁਨੇਹਾ ਮਿਲਦਾ ਹੈ। ਦੌਲਤ ਗੁਜ਼ਰਾਨ ਹੈ ਦੱਬ ਕੇ ਕਿਰਤ ਕਰਨੀ ਚਾਹੀਦੀ ਹੈ ਪਰ ਇਹ ਨਹੀਂ ਕਿ ਸਿੱਖ ਇਕ ਅਕਾਲ ਪੁਰਖ ਦਾ ਪੁਜਾਰੀ ਹੋਣ ਦੀ ਥਾਂ ‘ਤੇ ਲੱਛਮੀ ਦੀ ਪੂਜਾ ਕਰਨ ਲੱਗ ਜਾਏ।
ਲਛਮੀ ਸਬੰਧੀ ਗੁਰਬਾਣੀ ਫੁਰਮਾਣਾਂ ਨੂੰ ਸਮਝਣ ਦਾ ਯਤਨ ਕੀਤਾ ਜਾਏਗਾ।
ਜਿਹੜੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਨੂੰ ਭੁਲਾ ਕੇ ਆਪਣੀ ਆਗਿਆਨਤਾ ਕਾਰਣ ਦੀਵਾਲੀ ਮਨਾਉਂਦੇ ਹਨ ਉਹਨਾਂ ਪ੍ਰਤੀ ਗੁਰਬਾਣੀ ਦਾ ਬੜਾ ਪਿਆਰਾ ਵਾਕ ਹੈ

ਜਿਨੀ ਗੁਰਮੁਖਿ ਹਰਿ ਨਾਮ ਧਨੁ ਨ ਖਟਿਓ
ਸੇ ਦੇਵਾਲੀਏ ਜੁਗ ਮਾਹਿ॥
ਓਇ ਮੰਗਦੇ ਫਿਰਹਿ ਸਭ ਜਗਤ ਮਹਿ
ਕੋਈ ਮੁਹਿ ਥੁਕ ਨ ਤਿਨ ਕਉ ਪਾਹਿ ॥
(852)

ਅੱਖਰੀਂ ਅਰਥ ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਧਨ ਨਹੀਂ ਕਮਾਇਆ, ਉਹ ਜਗਤ ਵਿਚ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਚੁਕੇ ਸਮਝੋ (ਜਿਵੇਂ ਜੁਆਰੀਆ ਜੂਏ ਵਿਚ ਹਾਰ ਕੇ ਕੰਗਾਲ ਹੋ ਜਾਂਦਾ ਹੈ)। ਇਹੋ ਜਿਹੇ ਮਨੁੱਖ (ਉਹਨਾਂ ਮੰਗਤਿਆਂ ਵਰਗੇ ਹਨ ਜੋ) ਸਾਰੇ ਸੰਸਾਰ ਵਿਚ ਮੰਗਦੇ ਫਿਰਦੇ ਹਨ, ਪਰ ਉਹਨਾਂ ਦੇ ਮੂੰਹ ਉਤੇ ਕੋਈ ਥੁੱਕਦਾ ਭੀ ਨਹੀਂ।
ਜਿਹੜਾ ਮਨੁੱਖ ਗੁਰੂ ਸਾਹਿਬ ਜੀ ਦੀ ਮਤ ‘ਤੇ ਤੁਰਦਾ ਹੈ ਉਹ ਗੁਣਾਂ ਰੂਪੀ ਨਾਮ ਧਨ ਇਕੱਠਾ ਕਰ ਲੈਂਦਾ ਹੈ। ਇਕ ਗੱਲ ਹੋਰ ਸਮਝਣੀ ਚਾਹੀਦੀ ਹੈ ਕਿ ਗੁਰਬਾਣੀ ਸਿਧਾਂਤ ਧਨ ਕਮਾਉਣ ਤੋਂ ਮਨ੍ਹਾ ਨਹੀਂ ਕਰਦੀ ਪਰ ਇਹ ਵੀ ਨਸੀਹਤ ਦਿੰਦੀ ਹੈ ਭਲੇ ਦੂਜੇ ਦਾ ਹੱਕ ਨਾ ਮਾਰ ਅਜਿਹਾ ਕਰਨ ਨਾਲ ਤੈਨੂੰ ਅੰਤਰ-ਆਤਮੇ’ਤੇ ਜ਼ਲੀਲ ਹੋਣਾ ਪਏਗਾ—
ਕਾਚਾ ਧਨੁ ਸੰਚਹਿ ਮੂਰਖ ਗਾਵਾਰ॥ ਮਨਮੁਖ ਭੂਲੇ ਅੰਧ ਗਾਵਾਰ ॥ ਬਿਖਿਆ ਕੈ ਧਨਿ ਸਦਾ ਦੁਖੁ ਹੋਇ ॥ ਨਾ ਸਾਥਿ ਜਾਇ ਨ ਪਰਾਪਤਿ ਹੋਇ॥ ਸਾਚਾ ਧਨੁ ਗੁਰਮਤੀ ਪਾਏ ॥ ਕਾਚਾ ਧਨੁ ਫੁਨਿ ਆਵੈ ਜਾਏ ॥ (665)
ਅੱਖਰੀਂ ਅਰਥ -ਜਿਹੜਾ ਮਨੁੱਖ ਗੁਰੂ ਦੀ ਮਤਿ ਉਤੇ ਤੁਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ-ਧਨ ਹਾਸਲ ਕਰ ਲੈਂਦਾ ਹੈ। (ਪਰ ਦੁਨੀਆਂ ਵਾਲਾ) ਨਾਸਵੰਤ ਧਨ ਕਦੇ ਮਨੁੱਖ ਨੂੰ ਮਿਲ ਜਾਂਦਾ ਹੈ ਕਦੇ ਹੱਥੋਂ ਨਿਕਲ ਜਾਂਦਾ ਹੈ। ਰਹਾਉ। ਹੇ ਭਾਈ ! ਮੂਰਖ ਅੰਞਾਣ ਲੋਕ (ਸਿਰਫ਼ ਦੁਨੀਆ ਵਾਲਾ) ਨਾਸਵੰਤ ਧਨ (ਹੀ) ਜੋੜਦੇ ਰਹਿੰਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਮਨੁੱਖ ਕੁਰਾਹੇ ਪਏ ਰਹਿੰਦੇ ਹਨ। ਹੇ ਭਾਈ! ਮਾਇਆ ਦੇ ਧਨ ਨਾਲ ਸਦਾ ਦੁੱਖ (ਹੀ) ਮਿਲਦਾ ਹੈ। ਇਹ ਧਨ ਨਾਹ ਹੀ ਮਨੁੱਖ ਦੇ ਨਾਲ ਜਾਂਦਾ ਹੈ, ਅਤੇ, ਨਾਹ ਹੀ (ਇਸ ਨੂੰ ਜੋੜ ਜੋੜ ਕੇ) ਸੰਤੋਖ ਪ੍ਰਾਪਤ ਹੁੰਦਾ ਹੈ।
ਗੁਰਬਾਣੀ ਸਿਧਾਂਤ ਸਾਨੂੰ ਇਕ ਅਕਾਲ ਨਾਲ ਜੋੜਦੀ ਹੈ। ਧਨ ਕਮਾਉਣਾ ਕੋਈ ਮਾੜੀ ਗੱਲ ਨਹੀਂ ਪਰ ਧਨ ਦੀ ਪੂਜਾ ਕਰਨਾ ਸਿੱਖ ਸਿਧਾਂਤ ਨਹੀਂ ਹੈ। ਗੁਰੂ ਸਿਧਾਂਤ ਨੇ ਸਿੱਖ ਨੂੰ ਕਿਰਤੀ ਬਣਾਇਆ ਹੈ।

ਦੀਵਾਲੀ ਦਾ ਵਪਾਰੀਕਰਨ

ਜਿਸ ਤਰ੍ਹਾਂ ਸਾਲ ਵਿਚ ਸਰਕਾਰ ਇਹ ਦੇਖ ਲੈਂਦੀ ਸੀ ਲੋਕਾਂ ਪਾਸ ਕਿੰਨੀ ਧੰਨ ਦੌਲਤ ਹੈ ਸਰਕਾਰੀ ਖਜ਼ਾਨੇ ਵਿਚ ਕਿੰਨੀ ਜਮ੍ਹਾਂ ਹੋਈ ਹੈ। ਦੂਸਰਾ ਇਸ ਤਿਉਹਾਰ ਨੂੰ ਵਪਾਰੀ ਲੋਕਾਂ ਨੇ ਆਪਣੇ ਫਾਇਦੇ ਲਈ ਵਰਤਿਆ ਹੈ। ਦੀਵਾਲੀ ਦੇ ਦਸ ਦਿਨ ਪਹਿਲਾਂ ਹੀ ਦੁਕਾਨਦਾਰ ਆਪਣੀਆਂ ਦੁਕਾਨਾਂ ਸਜਾਉਣੀਆਂ ਸ਼ੁਰੂ ਕਰ ਦਿੰਦੇ ਹਨ। ਕਿਹਾ ਜਾਂਦਾ ਹੈ ਕਿ ਦੀਵਾਲੀ ਵਾਲੇ ਦਿਨ ਲਛਮੀ ਲੋਕਾਂ ਦਿਆਂ ਘਰਾਂ ਵਿਚ ਪਰਵੇਸ਼ ਕਰਦੀ ਹੈ ਪਰ ਇਹ ਕਿੱਡਾ ਵੱਡਾ ਧੋਖਾ ਹੈ ਇਸ ਦਿਨ ਤਾਂ ਲਛਮੀ ਆਮ ਘਰਾਂ ਵਿਚੋਂ ਨਿਕਲ ਕੇ ਦੁਕਾਨਦਾਰਾਂ ਅਤੇ ਵਪਾਰੀਆਂ ਦੀਆਂ ਦੁਕਾਨਾਂ ਵਿਚ ਵੜ ਜਾਂਦੀ ਹੈ। ਦੁਕਾਨਦਾਰ ਲੋਕਾਂ ਵਿਚ ਐਨਾ ਉਤਸ਼ਾਹ ਭਰ ਦਿੰਦੇ ਹਨ ਕਿ ਹਰੇਕ ਮਨੁੱਖ ਦੀਵਾਲੀ ਨੂੰ ਕੁਝ ਨਾ ਕੁਝ ਖਰੀਦਦਾ ਹੀ ਹੈ। ਇੰਝ ਦੀਵਾਲੀ ਨੂੰ ਵਪਾਰੀ ਲੋਕ ਸਸਤੀ ਵਸਤੂ ਵੀ ਮਹਿੰਗੇ ਭਾਅ ਵੇਚ ਕੇ ਆਪਣਾ ਹੀ ਘਰ ਭਰਦੇ ਹਨ। ਘਟੀਆ ਤੋਂ ਘਟੀਆ ਕਿਸਮ ਦੀ ਮਠਿਆਈ ਲੋਕ ਆਪਣਿਆਂ ਘਰਾਂ ਵਿਚ ਲੈ ਜਾਂਦੇ ਹਨ।
ਹੈਰਾਨਗੀ ਦੀ ਗੱਲ ਦੇਖੋ, ਦੇਸ਼-ਵਿਦੇਸ਼ ਦੇ ਤਮਾਮ ਗੁਰਦੁਆਰਿਆਂ ਵਿਚ ਬੇ-ਲੋੜੀ ਤੇ ਬੇ-ਓੜਕੀ ਮਠਿਆਈ ਚੜ੍ਹਦੀ ਹੈ। ਗੁਰਦੁਆਰੇ ਵਿਚ ਤਾਂ ਦਸ ਪੰਦਰ੍ਹਾਂ ਹੀ ਸੇਵਾ ਕਰਨ ਵਾਲੇ ਹੋਣਗੇ, ਤਿੰਨ ਕੁ ਡੱਬਿਆਂ ਨਾਲ ਹੀ ਸਰ ਸਕਦਾ ਹੈ। ਪਰ ਲੋਕ ਗੁਰਦੁਆਰਿਆਂ ਵਿਚ ਮਠਿਆਈ ਦੇ ਅੰਬਾਰ ਲਗਾ ਦਿੰਦੇ ਹਨ। ਜਦੋਂ ਸਿਹਤ ਵਿਭਾਗ ਵਾਲੇ ਮਠਿਆਈ ਦੇ ਨਮੂਨੇ ਭਰਦੇ ਹਨ ਬਹੁਤੇ ਨਮੂਨੇ ਫੇਲ੍ਹ ਹੀ ਹੁੰਦੇ ਹਨ। ਦੀਵਾਲੀ’ਤੇ ਵਪਾਰੀਆਂ ਤੇ ਪੁਜਾਰੀਆਂ ਨੇ ਲੋਕਾਂ ਨੂੰ ਪੂਰਾ ਪੂਰਾ ਲੁੱਟਣ ਦਾ ਪ੍ਰਬੰਧ ਕੀਤਾ ਹੋਇਆ ਹੈ। ਕਿਹਾ ਜਾ ਸਕਦਾ ਹੈ ਇਸ ਤਿਉਹਾਰ ਦਾ ਵਪਾਰੀਆਂ ਨੇ ਪੂਰਾ ਵਪਾਰੀ-ਕਰਨ ਕਰ ਦਿੱਤਾ ਹੈ।
-0-

ਸੱਪ ਦੇ ਸਿਰ ਵਿਚੋਂ ਮਣੀ ਲੈਣ ਲਈ ਸੱਪ ਨੂੰ ਮਾਰਨਾ ਹੀ ਪਏਗਾ। ਮਿਰਗ ਨੂੰ ਮਾਰ ਕੇ ਹੀ ਕਸਤੂਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਤਿਲ਼ਾਂ ਨੂੰ ਕੋਹਲੂ ਵਿੱਚ ਪੀੜਨ ਨਾਲ ਹੀ ਤੇਲ ਦੀ ਪ੍ਰਾਪਤੀ ਹੁੰਦੀ ਹੈ। ਵਿੰਗੇ ਟੇਢੇ ਲੋਹੇ ਨੂੰ ਅੱਗ ਵਿੱਚ ਪਾ ਕੇ ਕੋਈ ਸੰਦ ਬਣਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਸੱਚ ਦਾ ਕਿਲ੍ਹਾ (ਭਾਵ ਸੁਚੱਜਾ ਸਮਾਜ ਤੇ ਰਾਜ ਪ੍ਰਬੰਧ) ਉਸਾਰਨ ਲਈ ਤਿਆਗ, ਦ੍ਰਿੜਤਾ, ਵਫ਼ਾਦਾਰੀ ਤੇ ਸ਼ਹੀਦੀਆਂ ਦੀ ਜ਼ਰੂਰਤ ਪਏਗੀ। ਗੁਰੂ ਸਾਹਿਬ ਜੀ ਨੇ ਦੇਖ ਲਿਆ ਸੀ ਕਿ ਹੁਣ ਸ਼ਸਤਰਧਾਰੀ ਹੋਣ ਤੋਂ ਬਿਨਾਂ ਕੌਮ ਅੱਗੇ ਨਹੀਂ ਵੱਧ ਸਕਦੀ। ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਮੀਰੀ ਤੇ ਪੀਰੀ ਦੇ ਰੂਪ ਵਿੱਚ ਸਾਕਾਰ ਕੀਤਾ।

ਜ਼ੁਲਮ ਨੂੰ ਠੱਲ ਪਾਉਣ ਲਈ ਤੇ ਲੋਕਾਂ ਨੂੰ ਸੱਚ ਦਾ ਰਾਜ ਦੇਣ ਲਈ ਕੁਰਬਾਨੀਆਂ ਤਾਂ ਕਰਨੀਆਂ ਪੈਣਗੀਆਂ। ਨਾਨਕਈ ਫਲਸਫੇ ਨੂੰ ਸਾਕਾਰਤਾ ਦਾ ਰੂਪ ਦਿੰਦਿਆਂ ਕੀਰਤਨ-ਕਥਾ ਵਖਿਆਨ ਦੇ ਨਾਲ ਢਾਡੀ ਵਾਰਾਂ ਸ਼ੁਰੂ ਕੀਤੀਆਂ। ਢਾਡੀਆਂ ਰਾਹੀਂ ਜੋਸ਼ ਭਰੀਆਂ ਵਾਰਾਂ ਦੀ ਪ੍ਰੰਪਰਾ ਸ਼ੁਰੂ ਕੀਤੀ ਤਾਂ ਕਿ ਦੇਸ਼ ਪੰਜਾਬ ਦੇ ਬਸੰਦਿਆਂ ਦੇ ਡੌਲ਼ਿਆਂ ਵਿੱਚ ਜੰਮਿਆ ਖੂਨ ਪਿਘਲ ਸਕੇ। ਭਾਈ ਨੱਥੂ ਮੱਲ ਜੀ ਤੇ ਭਾਈ ਅਬਦੁਲਾ ਜੀ ਨੇ ਵਾਰਾਂ ਗਾਉਂਦਿਆ ਕਿਹਾ—

ਦੋ ਤਲਵਾਰੀ ਬੱਧੀਆਂ,
ਇੱਕ ਮੀਰ ਦੀ ਇੱਕ ਪੀਰ ਦੀ।
ਇੱਕ ਅਜ਼ਮਤ ਦੀ ਇੱਕ ਰਾਜ ਦੀ।
ਇੱਕ ਰਾਖੀ ਕਰੇ ਵਜ਼ੀਰ ਦੀ।
ਪੱਗ ਤੇਰੀ, ਕੀ ਜਹਾਂਗੀਰ ਦੀ।

ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਸੰਗਤਾਂ ਨੂੰ ਸੁਨੇਹੇ ਭੇਜੇ ਕਿ ਧਰਮ, ਇਨਸਾਨੀਅਤ ਤੇ ਸੱਚ ਦੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਲਈ ਤੇ ਹਰ ਪ੍ਰਕਾਰ ਦੇ ਜ਼ੁਲਮ ਨੂੰ ਠੱਲ ਪਾਉਣ ਲਈ ਫੌਜ ਤਿਆਰ ਕਰਨੀ ਹੈ। ਮੇਰੀ ਭੇਟਾ ਚੜ੍ਹਦੀ ਜਵਾਨੀ, ਨਿਰੋਏ ਘੋੜੇ ਤੇ ਤੇਜ਼ਧਾਰ ਸ਼ਸਤਰ ਹਨ। ਕੁਝ ਹੀ ਸਮੇਂ ਵਿੱਚ ਇੱਕ ਹਜ਼ਾਰ ਦੀ ਫੌਜ ਇਕੱਠੀ ਹੋ ਗਈ। ਸਾਰੀ ਫੌਜ ਨੂੰ ਵਿਉਂਤਬੰਦੀ ਨਾਲ ਜੱਥਿਆਂ ਵਿੱਚ ਵੰਡ ਦਿੱਤਾ। ਇਨ੍ਹਾਂ ਜੱਥਿਆਂ ਨੂੰ ਭਾਈ ਪਰਾਣਾ, ਭਾਈ ਜੇਠਾ, ਭਾਈ ਬਿੱਧੀ ਚੰਦ, ਭਾਈ ਪਰਾਗਾ ਤੇ ਭਾਈ ਲੰਗਾਹ ਦੀ ਕਮਾਨ ਹੇਠ ਸ਼ਸਤਰਾਂ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ।

1609 ਵਿੱਚ ਗੁਰੂ ਕਾ ਚੱਕ ਵਿਖੇ ਲੋਹਗੜ੍ਹ ਕਿਲ੍ਹੇ ਦੀ ਤਾਮੀਰ ਕਰਦਿਆਂ 1612 ਤੱਕ ਸ਼ਹਿਰ ਦੇ ਚਾਰ ਚੁਫੇਰੇ ਦੀਵਾਰ ਬਣਾ ਦਿੱਤੀ। ਸਿੱਖ ਰਾਜ ਦਾ ਇਹ ਪਹਿਲਾ ਕਿਲ੍ਹਾ ਸੀ, ਜਿਸ ਨੇ ਸੱਚੇ ਰਾਜ, ਦੇਸ਼ ਪੰਜਾਬ ਦੇ ਲੋਕਾਂ ਨੂੰ ਧੁਰ ਅੰਦਰੋਂ ਆਜ਼ਾਦੀ ਦਾ ਅਹਿਸਾਸ ਕਰਾਇਆ।

ਜਿਉਂ ਜਿਉਂ ਗੁਰੂ ਹਰਿ ਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਸ਼ਸਤ੍ਹ੍ਹ-ਧਾਰੀ ਬਣਾਉਣ ਦੇ ਜਤਨ ਤੇਜ਼ ਕੀਤੇ, ਤਿਉਂ ਤਿਉਂ ਥੋੜ-ਵਿਤੇ ਬੰਦਿਆਂ ਦੇ ਅੰਦਰ ਹੌਲ ਪੈਣ ਲੱਗੇ। ਅਸੀ ਪਿਛੇ ਵੇਖ ਆਏ ਹਾਂ ਕਿ ਸਤਿਗੁਰੂ ਜੀ ਨੇ ਦੁਆਬੇ ਮਾਲਵੇ ਵਿਚ ਜਾਣ ਵੇਲੇ ਕਰਤਾਰਪੁਰ ਅੱਪੜ ਕੇ ਕੁਝ ਪਠਾਣ ਗੱਭਰੂ ਭੀ ਭਰਤੀ ਕਰ ਲਏ ਸਨ, ਉਹਨਾਂ ਵਿਚੋਂ ਪੈਂਦੇ ਖ਼ਾਂ ਉਤੇ ਸਤਿਗੁਰੂ ਜੀ ਦੀ ਉਚੇਚੀ ਮਿਹਰ ਸੀ। ਸਦੀਆਂ ਤੋਂ ਸੁਚ-ਭਿਟ ਦੇ ਭਰਮੀਆਂ ਨੂੰ ਇਹ ਗੱਲ ਭੀ ਪਸੰਦ ਨਹੀਂ ਸੀ ਆਉਂਦੀ। ਕਈ ਸਿੱਖ ਕਦੇ ਕਦੇ ਡੋਲ ਕੇ ਆਪੋ ਵਿਚ ਇਹ ਘੋਰ-ਮਸੋਰੇ ਕਰਿਆ ਕਰਦੇ ਸਨ ਕਿ ਗੁਰੂ ਹਰਿ ਗੋਬਿੰਦ ਸਾਹਿਬ ਦੇ ਕਰਤੱਬ ਪਹਿਲੇ ਗੁਰੂ-ਵਿਅਕਤੀਆਂ ਦੇ ਕਰਤੱਬਾਂ ਨਾਲ ਮੇਲ ਨਹੀਂ ਖਾਂਦੇ। ਪਹਿਲੇ ਗੁਰੂ ਬਾਣੀ ਉਚਾਰਦੇ ਸਨ, ਧਰਮ-ਸਾਲ ਵਿਚ ਬੈਠਦੇ ਸਨ, ਰਾਜੇ ਮਹਾਰਾਜੇ ਆ ਕੇ ਉਹਨਾਂ ਅੱਗੇ ਸਿਰ ਨਿਵਾਂਦੇ ਸਨ। ਪਰ ਗੁਰੂ ਹਰਿ ਗੋਬਿੰਦ ਸਾਹਿਬ ਨੇ ਸ਼ਿਕਾਰੀ ਕੁਤੇ ਰੱਖੇ ਹੋਏ ਹਨ, ਸ਼ਿਕਾਰ ਖੇਡਦੇ ਫਿਰਦੇ ਹਨ ਅਤੇ ਖੰਡੇ ਖੜਕਾਣ ਦਾ ਅਭਿਆਸ ਕਰਦੇ ਹਨ। ਉਂਞ ਸਿਆਣੇ ਸਿੱਖ ਜਾਣਦੇ ਸਨ ਕਿ ਤਲਵਾਰ ਅਤੇ ਕੀਰਤਨ ਦੋ ਵੱਖ-ਵੱਖ ਰਸਤੇ ਨਹੀਂ ਹਨ। ਭਾਈ ਗੁਰਦਾਸ ਜੀ ਆਦਿਕ ਵਿਦਵਾਨ ਤੇ ਸ਼ਰਧਾਲੂ ਸਿੱਖ, ਭੁਲੜਾਂ ਨੂੰ ਸਮਝਾ ਕੇ ਉਹਨਾਂ ਦੇ ਤੌਖਲੇ ਦੂਰ ਕਰਨ ਦੇ ਜਤਨ ਕਰਦੇ ਹੀ ਰਹਿੰਦੇ ਸਨ।

ਧਰਮਸਾਲ ਕਰਿ ਬਹੀਦਾ ਇਕਤ ਥਾਉਂ ਨ ਟਿਕੈ ਟਿਕਾਇਆ।
ਪਾਤਿਸਾਹ ਘਰਿ ਆਵਦੇ ਗੜਿ ਚੜਿਆ ਪਾਤਿਸਾਹ ਚੜਾਇਆ।
ਉਮਤਿ ਮਹਲੁ ਨਾ ਪਾਵਦੀ ਨਠਾ ਫਿਰੈ ਨ ਡਰੈ ਡਰਾਇਆ।
ਮੰਜੀ ਬਹਿ ਸੰਤੋਖਦਾ ਕੁਤੇ ਰਖਿ ਸਿਕਾਰੁ ਖਿਲਾਇਆ।
ਬਾਣੀ ਕਰਿ ਸੁਣਿ ਗਾਂਵਦਾ ਕਥੈ ਨ ਸੁਣੈ ਨ ਗਾਵਿ ਸੁਣਾਇਆ।
ਸੇਵਕ ਪਾਸ ਨ ਰਖੀਅਨਿ ਦੋਖੀ ਦੁਸਟ ਆਗੂ ਮੁਹਿ ਲਾਇਆ।
ਸਚੁ ਨ ਲੁਕੈ ਲੁਕਾਇਆ ਚਰਣ ਕਵਲ ਸਿਖ ਭਵਰ ਲੁਭਾਇਆ।
ਅਜਰੁ ਜਰੈ ਨ ਆਪੁ ਜਣਾਇਆ। (ਵਾਰ-26, ਪਉੜੀ-24)

ਕੁਦਰਤੀ ਗੱਲ ਹੈ ਕਿ ਗੁਰੂ ਕੇ ਚੱਕ ਦੀਆਂ ਸਰਗਰਮੀਆਂ ਦੀ ਰਿਪੋਰਟ ਲਾਹੌਰ ਅਤੇ ਦਿੱਲੀ ਦਰਬਾਰ ਵਿੱਚ ਪਹੁੰਚੀਆਂ। ਜਹਾਂਗੀਰ ਵਲੋਂ ਦਿੱਲੀ ਤੋਂ ਸੰਮਣ ਭੇਜੇ। 31 ਦਸੰਬਰ 1612 ਨੂੰ ਗੁਰੂ ਕੇ ਚੱਕ ਤੋਂ ਚੱਲੇ ਤੇ ਜਨਵਰੀ 1613 ਵਿੱਚ ਪਹੁੰਚੇ। ਗੁਰੂ ਸਾਹਿਬ ਜੀ ਨੂੰ ਗ਼੍ਰਿਫ਼ਤਾਰ ਕਰਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ। ਭਾਵੇਂ 12 ਸਾਲ ਦੀ ਨਜ਼ਰਬੰਦੀ ਸੁਣਾਈ ਸੀ ਪਰ ਸੰਗਤੀ ਦਬਾ ਕਰਕੇ ਇਹ ਬੰਦੀ ਥੋੜ ਚਿਰੀ ਰਹੀ। ਇਹ ਕਿਲ੍ਹਾ ਰਾਜਸੀ ਕੈਦੀਆਂ ਲਈ ਬਦਨਾਮ ਸੀ। ਇੱਕ ਸੌ ਤੋਂ ਉਪਰ ਇਸ ਕਿਲ੍ਹੇ ਵਿੱਚ ਰਾਜਸੀ ਰਾਜੇ ਕੈਦ ਕੱਟ ਰਹੇ ਸਨ। ਗੁਰੂ ਸਾਹਿਬ ਜੀ ਦੀ ਸੰਗਤ ਸਦਕਾ ਰਾਜਸੀ ਕੈਦੀਆਂ ਵਿੱਚ ਨਵੀਂ ਜਾਨ ਆਈ। ਕਿਲ੍ਹੇ ਅੰਦਰ ਗੁਰੂ ਸਾਹਿਬ ਜੀ ਨੇ ਸਵੇਰ ਸ਼ਾਮ ਦੇ ਦੀਵਾਨ ਲਗਾਉਣੇ ਸ਼ੁਰੂ ਕੀਤੇ। ਸੱਚ ਦੀ ਮਰਿਯਾਦਾ ਸਮਝਾਈ। ਸਵੈਮਾਣ ਤੇ ਗੁਲਾਮੀ ਦਾ ਅਹਿਸਾਸ ਕਰਾਇਆ। ਗੁਰੂ ਸਾਹਿਬ ਦੀ ਸੰਗਤ ਕਰਕੇ ਜੇਲ੍ਹ ਦਾ ਦਰੋਗਾ ਹਰੀ ਦਾਸ ਯਾਦਵ ਵੀ ਗੁਰੂ ਸਾਹਿਬ ਜੀ ਦਾ ਪੱਕਾ ਸ਼ਰਧਾਲੂ ਬਣ ਗਿਆ। ਜਦੋਂ ਕਿਲ੍ਹੇ ਵਿਚੋਂ ਗੁਰੂ ਸਾਹਿਬ ਜੀ ਦੀ ਰਿਹਾਈ ਹੋਈ ਸੀ ਤਾਂ ਜੇਲ੍ਹ ਦੇ ਦਰੋਗੇ ਨੇ ਆਪਣੇ ਘਰ ਦੀਪਮਾਲਾ ਕੀਤੀ ਸੀ।

ਜਦੋਂ ਗੁਰੂ ਸਾਹਿਬ ਜੀ ਕਿਲ੍ਹੇ ਵਿੱਚ ਨਜ਼ਰਬੰਦ ਹੋਏ ਸਨ ਤਾਂ ਬਾਬਾ ਬੁਢਾ ਜੀ, ਭਾਈ ਗੁਰਦਾਸ ਜੀ ਨੇ ਪਿੰਡ ਪਿੰਡ ਜਾ ਕੇ ਸਰਕਾਰ ਦੇ ਵਿਰੋਧ ਵਿੱਚ ਤਕੜੀ ਲਹਿਰ ਖੜੀ ਕੀਤੀ। ਸਿੱਖ ਗਵਾਲੀਅਰ ਦੇ ਕਿਲ੍ਹੇ ਤੋਂ ਬਾਹਰੋਂ ਹੀ ਨਮਸਕਾਰ ਕਰਕੇ ਮੁੜ ਜਾਂਦੇ ਸਨ। ਨਿਤਾ ਪ੍ਰਤੀ ਦੀਆਂ ਰਿਪੋਰਟਾਂ ਵੀ ਸਰਕਾਰ ਨੂੰ ਪਹੁੰਚਦੀਆਂ ਸਨ ਕਿ ਗੁਰੂ ਸਾਹਿਬ ਜੀ ਹੱਕ ਵਿੱਚ ਤੇ ਸਰਕਾਰ ਦੇ ਵਿਰੋਧ ਲੋਕ ਆਪ ਮੁਹਾਰੇ ਖੜੇ ਹੋ ਰਹੇ ਸਨ।

ਸਮਾਂ ਪਾ ਕੇ ਹਾਲਾਤ ਬਦਲ ਜਾਂਦੇ ਹਨ। ਲਾਹੌਰ ਦੇ ਸੂਬੇਦਾਰ ਮੁਰਤਜ਼ਾ ਖ਼ਾਂ ਦੀ ਮੌਤ ਹੋ ਗਈ। ਦੂਸਰਾ ਸਭ ਤੋਂ ਅਹਿਮ ਨੁਕਤਾ ਕਿ ਜਹਾਂਗੀਰ ਹੁਣ ਮੁਤਸਬੀ ਮੁਸਲਮਾਨਾਂ ਤੋਂ ਦੂਰ ਹੋ ਗਿਆ ਸੀ। ਸਾਂਈਂ ਮੀਆਂ ਮੀਰ ਤੇ ਮਲਕਾ ਨੂਰ ਜਹਾਂ ਨੇ ਵੀ ਗੁਰੂ ਸਾਹਿਬ ਦੀ ਰਿਹਾਈ ਲਈ ਆਪਣਾ ਅਸਰ ਰਸੂਖ ਵਰਤਿਆ। ਰਾਜਸੀ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ। ਗੁਰੂ ਸਾਹਿਬ ਜੀ ਦਾ ਐਨਾ ਪ੍ਰਭਾਵ ਸੀ ਕਿ 52 ਹੋਰ ਰਾਜਸੀ ਕੈਦੀਆਂ ਨੂੰ ਵੀ ਰਿਹਾ ਕਰਵਾਇਆ ਗਿਆ। 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਤਾਂ ਕਿ ਸਾਰੇ ਰਾਜਸੀ ਕੈਦੀ ਬਾਹਰ ਆ ਸਕਣ। ਇਸ ਗੱਲ ਦਾ ਜ਼ਿਕਰ ਭੱਟ ਵਹੀਆਂ ਵਿਚੋਂ ਮਿਲਦਾ ਹੈ।

ਗੁਰੂ ਸਾਹਿਬ ਜੀ ਵੱਖ-ਵੱਖ ਨਗਰਾਂ ਵਿੱਚ ਪ੍ਰਚਾਰ ਕਰਦੇ ਗੋਇੰਦਵਾਲ ਪਹੁੰਚੇ ਸਨ। ਦੂਸਰੀ ਮੁਲਾਕਾਤ ਜਹਾਂਗੀਰ ਨਾਲ ਗੁਰਦੇਵ ਪਿਤਾ ਜੀ ਦੀ ਕਲਾਨੌਰ 8 ਫਰਵਰੀ 1620 ਨੂੰ ਹੋਈ। ਇਥੋਂ ਹੀ ਚੰਦੂ ਸਿੱਖਾਂ ਦੇ ਹਵਾਲੇ ਕੀਤਾ ਗਿਆ। ਜਿਸ ਨੂੰ ਬਣਦੀ ਸਜਾ ਦਿੱਤੀ ਗਈ। ਇਥੋਂ ਗੁਰੂ ਸਾਹਿਬ ਜੀ ਜਹਾਂਗੀਰ ਨਾਲ ਕਸ਼ਮੀਰ ਦਾ ਦਾ ਦੌਰਾ ਵੀ ਕੀਤਾ। ਕਸ਼ਮੀਰ ਤੋਂ ਵਾਪਸੀ 28 ਦਿਸੰਬਰ 1620 ਨੂੰ ਗੁਰੂ ਕਾ ਚੱਕ ਆਏ।

ਇਹ ਉਹ ਸਮਾਂ ਸੀ ਜਦੋਂ ਗੁਰੂ ਸਾਹਿਬ ਜੀ ਦੇ ਸਬੰਧ ਜਹਾਂਗੀਰ ਨਾਲ ਸੁਖਾਵੇਂ ਸਨ। 1627 ਵਿੱਚ ਜਹਾਂਗੀਰ ਮਰ ਗਿਆ ਤੇ ਸ਼ਾਹ ਜਹਾਨ ਰਾਜ ਭਾਗ ਦਾ ਮਾਲਕ ਬਣ ਗਿਆ। ਨਕਸ਼ਬੰਦੀ ਲਹਿਰ ਦੇ ਪੈਰੋਕਾਰ ਫ਼ਰੀਦ ਬੁਖਾਰੀ, ਮੁਰਤਜ਼ਾ ਖ਼ਾਂ, ਲੱਲਾ ਬੇਗ ਤੇ ਕਮਰ ਬੇਗ ਨੇ ਸਿੱਖ ਲਹਿਰ ਦੇ ਵਿਰੋਧ ਵਿੱਚ ਤੁਅਸੱਬ, ਤੰਗ ਦਿਲੀ, ਈਰਖਾ, ਤੇ ਜਨੂੰਨ ਭਰੀ ਸੋਚ ਖੜੀ ਸੀ।

ਗੁਰੂ ਸਾਹਿਬ ਜੀ ਦੇ ਹਕੂਮਤ ਨਾਲ ਪੰਜ ਜੰਗ ਹੋਏ ਹਨ-

ਪਹਿਲਾ ਜੰਗ

ਪਹਿਲਾ ਜੰਗ ਗੋਬਿੰਦ ਪੁਰੇ ਦਾ ਸੀ ਜਿਸ ਨੂੰ ਗੁਰੂ ਅਰਜਨ ਪਾਤਸ਼ਾਹ ਜੀ 1587 ਵਿੱਚ ਵਸਾਇਆ ਸੀ। ਹੁਣ ਇਸ ਸ਼ਹਿਰ ਨੂੰ ਹਰਿ ਗੋਬਿੰਦ ਪੁਰ ਸਾਹਿਬ ਕਿਹਾ ਜਾਂਦਾ ਹੈ। ਇਸ ਸ਼ਹਿਰ ‘ਤੇ ਚੰਦੂ ਦੇ ਕੁੜਮ ਭਗਵਾਨ ਦਾਸ ਘੇਰੜ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਇਹ ਜੰਗ 28 ਸਤੰਬਰ ਤੋਂ 3 ਅਕਤੂਬਰ 1621 ਨੂੰ ਹੋਈ ਸੀ। ਕਾਹਨੇ ਦੇ ਮਿੱਤਰ ਭਗਵਾਨ ਦਾਸ ਘੇਰੜ ਦਾ ਪੁਤਰ ਰਤਨ ਚੰਦ ਤੇ ਚੰਦੂ ਦਾ ਪੁਤਰ ਕਰਮ ਚੰਦ ਵੀ ਆ ਰਲ਼ਿਆ। ਜਲੰਧਰ ਦਾ ਫ਼ੌਜਦਾਰ ਵੀ ਇਸ ਲੜਾਈ ਵਿੱਚ ਸ਼ਾਮਿਲ ਹੋਇਆ। ਇਹ ਤਿੰਨੋਂ ਇਸ ਲਾੜਾਈ ਵਿੱਚ ਮਾਰੇ ਗਏ। ਭਾਈ ਨਾਨੂ ਜੀ ਭਾਈ ਮਨੀ ਸਿੰਘ ਦੇ ਦਾਦੇ ਦੇ ਭਰਾ, ਭਾਈ ਪਰਾਗਾ ਜੀ, ਭਾਈ ਮਤੀ ਦਾਸ ਜੀ ਤੇ ਸਤੀ ਦਾਸ ਜੀ ਦੇ ਪੜਦਾਦਾ ਜੀ ਸ਼ਹੀਦ ਹੋਏ।

ਦੂਜੀ ਜੰਗ

ਦੂਸਰੀ ਜੰਗ 14 ਅਪ੍ਰੈਲ 1634 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਈ। ਲਾਹੌਰ ’ਤੇ ਅੰਮ੍ਰਿਤਸਰ ਦੇ ਆਲੇ ਦੁਆਲੇ ਜੰਗਲ ਸਨ। ਸਿੱਖ ਜੰਗਲ਼ਾਂ ਵਿੱਚ ਅਕਸਰ ਜੰਗ ਦਾ ਅਭਿਆਸ ਕਰਦੇ ਰਹਿੰਦੇ ਸਨ। ਸਰਕਾਰ ਦੇ ਸ਼ਾਹੀ ਬਾਜ਼ ਨੂੰ ਸਿੱਖਾਂ ਦੇ ਰੱਖੇ ਹੋਏ ਬਾਜ਼ ਨੇ ਦਬੋਚ ਲਿਆ। ਸਿੱਖਾਂ ਵਿੱਚ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦਾ ਬੜਾ ਵੱਡਾ ਰੋਸ ਸੀ। ਭਾਈ ਬੱਲੂ ਜੀ ਕਦੋਂ ਦੇ ਕਚੀਚੀਆਂ ਵੱਟ ਰਹੇ ਸਨ। ਸਿੱਖ ਫੌਜਾਂ ਨੇ ਸ਼ਾਹੀ ਬਾਜ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਜੰਗ ਸ਼ੁਰੂ ਹੋਈ। ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲੇ ਮੁਰਤਜ਼ਾ ਖ਼ਾਂ ਨੂੰ ਭਾਈ ਬੱਲੂ ਜੀ ਨੇ ਆਪਣਾ ਸ਼ਿਕਾਰ ਬਣਾਇਆ। ਭਾਈ ਬੱਲੂ ਜੀ ਵੀ ਇਸ ਜੰਗ ਵਿੱਚ ਸ਼ਹੀਦ ਹੋਏ ਸਨ। ਸ਼ਾਹੀ ਫੌਜ ਦੀ ਕਰਾਰੀ ਹਾਰ ਹੋਈ।

ਤੀਜੀ ਜੰਗ

ਇਹ ਜੰਗ ਮਹਿਰਾਜ ਵਿਖੇ ਹੋਈ ਸੀ। ਇਸ ਦਾ ਕਾਰਨ ਦੋ ਘੋੜੇ ਸਨ। ਪਿਸ਼ਾਵਰ ਦੇ ਸਿੱਖ ਨੇ ਦੋ ਘੋੜੇ ਦਿਲਬਾਗ ਦੇ ਗੁਲਬਾਗ ਗੁਰੂ ਸਾਹਿਬ ਨੂੰ ਭੇਟ ਕਰਨੇ ਸਨ ਪਰ ਸ਼ਾਹੀ ਫੌਜਾਂ ਨੇ ਰਾਹ ਵਿਚੋਂ ਹੀ ਖੋਹ ਲਏ। ਜਿਸ ਨੂੰ ਭਾਈ ਬਿੱਧੀ ਚੰਦ ਨੇ ਬੜੀ ਜੁਗਤੀ ਨਾਲ ਦੋਵੇਂ ਘੋੜੇ ਵਾਪਸ ਲਿਆਂਦੇ ਸਨ। ਲੱਲਾ ਬੇਗ, ਕਮਰ ਬੇਗ ਤੇ ਇਬਰਾਹੀਮ ਖਾਂ ਨੇ ਬਦਲੇ ਦੀ ਭਾਵਨਾ ਨਾਲ ਜੰਗ ਸ਼ੁਰੂ ਕੀਤੀ। ਇਸ ਲੜਾਈ ਵਿੱਚ ਮੁਗਲਾਂ ਦੇ ਤਿੰਨੇ ਜਰਨੈਲ ਮਾਰੇ ਗਏ। ਸਿੱਖ ਜਰਨੈਲ ਵੀ ਸ਼ਹੀਦ ਹੋਏ ਸਨ। ਅਖੀਰ ਸ਼ਾਹੀ ਫੌਜ ਹਾਰ ਖਾ ਕੇ ਭੱਜ ਗਈ।

ਚੌਥੀ ਜੰਗ

ਚੌਥੀ ਜੰਗ ਕਰਤਾਰਪੁਰ ਵਿਖੇ ਹੋਈ ਸੀ। ਇਸ ਜੰਗ ਵਿੱਚ ਨਿੱਜੀ ਸੁਆਰਥ ਲਈ ਪੈਂਦੇ ਖ਼ਾਂ ਗਦਾਰੀ ਕਰਨ ਲੱਗ ਪਿਆ ਸੀ। ਇਹ ਜੰਗ 26 ਅਪ੍ਰੈਲ ਤੋਂ 28 ਅਪ੍ਰੈਲ 1635 ਨੂੰ ਹੋਈ ਸੀ, ਇਸ ਜੰਗ ਵਿੱਚ ਬਾਬਾ (ਗੁਰੂ) ਤੇਗ ਬਹਾਦਰ ਸਾਹਿਬ ਜੀ ਨੇ ਤੇਗ ਦੇ ਜੋਹਰ ਵਿਖਾਏ ਸਨ। ਪੈਂਦੇ ਖ਼ਾਂ ਤੇ ਨਾਮੀ ਮੁਸਲਮਾਨ ਜਰਨੈਲ ਇਸ ਜੰਗ ਵਿੱਚ ਮਾਰੇ ਗਏ। ਕਰਤਾਰਪੁਰ ਸ਼ਹਿਰ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ 1593 ਈਸਵੀ ਨੂੰ ਵਸਾਇਆ ਸੀ।

ਪੰਜਵਾਂ ਜੰਗ, ਇੱਕ ਝੜਪ

ਕਰਤਾਰਪੁਰ ਦੀ ਜੰਗ ਮਗਰੋਂ ਬਚੀਆਂ-ਖੁਚੀਆਂ ਫੌਜਾਂ ਨੇ ਫਗਵਾੜੇ ਦੇ ਨੇੜੇ ਪਲਾਹੀ ਦੇ ਅਸਥਾਨ ‘ਤੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਤੇ ਸਿੱਖਾਂ ਨੂੰ ਪੰਜਵੇਂ ਜੰਗ ਦਾ ਬਾਨ੍ਹਣੂੰ ਬੰਨ੍ਹ ਕੇ ਦਬੋਚਣਾ ਚਾਹਿਆ। ਇਸ ਕਰੜੀ ਤੇ ਸਖਤ ਜੰਗ ਵਿੱਚ ਬੱਲੂ ਜੀ ਦੇ ਪੁਤਰ ਦਾਸਾ ਜੀ, ਸੁਹੇਲਾ ਜੀ ਤੇ ਧਰਮਚੰਦ ਦੇ ਸਪੁਤਰ ਜੱਗੂ ਜੀ ਵੀ ਸ਼ਹੀਦ ਹੋਏ। ਇਸ ਝੜਪ ਵਿੱਚ ਮੁਗਲ ਫੌਜਾਂ ਦੀ ਹਾਰ ਹੋਈ।

ਕੁਝ ਘਟਨਾਵਾਂ-

28 ਮਾਰਚ 1634 ਨੂੰ ਗੁਰੂ ਕਾ ਚੱਕ ਵਿਖੇ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਇਆ ਜਿਸ ਵਿੱਚ ਬਿਲਾਸਪੁਰ ਹੰਡੂਰ ਤੇ ਹੋਰ ਰਿਆਸਤਾਂ ਦੇ ਰਾਜੇ ਵੀ ਸ਼ਾਮਿਲ ਹੋਏ ਤੇ ਉਨ੍ਹਾਂ ਅਰਜ਼ ਕੀਤੀ ਕਿ ਹਜ਼ੂਰ ਇਕ ਕੇਂਦਰ ਸਾਡੇ ਪਹਾੜੀ ਖਿਤੇ ਵਿੱਚ ਵੀ ਬਣਾਓ। ਗੁਰੂ ਸਾਹਿਬ ਜੀ ਨਵਾਂ ਕੇਂਦਰ ਸਥਾਪਿਤ ਕਰਨ ਲਈ ਬਾਬਾ ਗੁਰਦਿੱਤਾ ਜੀ ਦੀ ਜ਼ਿੰਮੇਵਾਰੀ ਲਗਾਈ ਇੰਝ ਮਈ 1624 ਨੂੰ ਨਵੇਂ ਨਗਰ ਦੀ ਮੋਹੜੀ ਗੱਡੀ।

1624 ਤੋਂ 1631 ਤੱਕ ਗੁਰੂ ਕਾ ਚੱਕ ਰਹੇ। 1628 ਵਿੱਚ ਬਿਬੇਕਸਰ ਬਣਵਾਇਆ।

ਗਰੀਬ ਘਾਹੀ ਦੀ ਜੁਅਰਤ ਨੇ ਸਮੇਂ ਦੇ ਹਾਕਮ ਜਹਾਂਗੀਰ ਦੇ ਅੱਗੋਂ ਪੈਸਾ ਇਸ ਲਈ ਚੁਕ ਲਿਆ ਕਿ ਤੂੰ ਸੱਚਾ ਪਾਤਸ਼ਾਹ ਨਹੀਂ ਹੈ। ਮੇਰੀ ਭੇਟਾ ਕੇਵਲ ਸੱਚੇ ਪਾਤਸ਼ਾਹ ਅੱਗੇ ਹੀ ਹੋਏਗੀ।

ਉਦਾਸੀ ਮੱਤ ਨੂੰ ਗੁਰਮਤਿ ਦੇ ਪ੍ਰਚਾਰ ਲਈ ਆਪਣੇ ਬੇਟੇ ਗੁਰਦਿੱਤਾ ਜੀ ਨੂੰ ਸੌਂਪਣਾ ਕੀਤੀ। ਚਾਰ ਪ੍ਰਚਾਰਕ ਤੇ ਚਾਰ ਪ੍ਰਚਾਰ ਕੇਂਦਰ ਸਥਾਪਿਤ ਕੀਤੇ।

ਕਸ਼ਮੀਰ ਵਿੱਚ ਗਿਲਟੀ ਤਾਪ ਨਾਲ ਗ੍ਰਸੇ ਲੋਕਾਂ ਦੀ ਸੇਵਾ ਕੀਤੀ।

ਗੁਰੂ ਸਾਹਿਬ ਜੀ ਨੇ ਦੁਆਬੇ ਵਿੱਚ ਕੀਰਤਪੁਰ, ਮਾਲਵੇ ਵਿੱਚ ਡਰੋਲੀ ਤੇ ਉੱਤਰ ਪ੍ਰਦੇਸ਼ ਵਿੱਚ ਨਾਨਕ ਮਤੇ ਪ੍ਰਚਾਰ ਕੇਂਦਰ ਸਥਾਪਿਤ ਕੀਤੇ।

ਪੈਂਦੇ ਖ਼ਾਂ ਨੇ ਭਾਵੇਂ ਬੇਵਫ਼ਾਈ ਕੀਤੀ ਸੀ, ਪਰ ਫਿਰ ਵੀ ਗੁਰਦੇਵ ਪਿਤਾ ਜੀ ਨੇ ਢਾਲ ਦੀ ਛਾਂ ਕਰਕੇ ਕਿਹਾ ਕਿ ਪੈਂਦੇ ਖਾਂ ਕਲਮਾ ਪੜ੍ਹ ਲੈ।

ਭਾਗਭਰੀ ਨੂੰ ਕਸ਼ਮੀਰ ਤੇ ਮਾਲਵੇ ਵਿੱਚ ਭਾਈ ਸਾਧੂ ਤੇ ਰੂਪਾ ਜੀ ਨੂੰ ਗੁਰਦੇਵ ਪਿਤਾ ਜੀ ਉਚੇਚੇ ਤੌਰ ਤੇ ਮਿਲਣ ਲਈ ਗਏ।

ਲੰਮੀ ਉਮਰ ਦਾ ਝਾਂਸਾ ਦੇਣ ਵਾਲੇ ਜੋਗੀ ਨੂੰ ਭਾਈ ਤਿਲਕੇ ਨੇ ਹੀ ਸਮਝਾ ਦਿੱਤਾ ਸੀ ਕਿ ਮਿੱਤਰ ਲੰਮੀਆਂ ਉਮਰਾਂ ਵਿੱਚ ਕੀ ਰੱਖਿਆ ਹੈ। ਜੋਗੀ ਨੇ ਗੁਰੂ ਸਾਹਿਬ ਜੀ ਤੋਂ ਸਿੱਖੀ ਪ੍ਰਾਪਤ ਕਰਕੇ ਰਹਿੰਦਾ ਆਪਣਾ ਜੀਵਨ ਸਿੱਖੀ ਦੇ ਪ੍ਰਚਾਰ ਲਈ ਲਾ ਦਿੱਤਾ।

ਪੰਡਤ ਨਿਤਿਆਨੰਦ ਨੂੰ ਸਮਝ ਆ ਗਈ ਸੀ ਕਿ ਹੁਣ ਗਰੜ ਪੁਰਾਣ ਦਾ ਸਮਾਂ ਲੰਘ ਗਿਆ ਕਿਉਂਕਿ ਸਿੱਖ ਗੁਰੂ ਦੀ ਹਜ਼ੂਰੀ ਵਿੱਚ ਹੀ ਗੁਰਮਤਿ ਦੱਸਣ ਲੱਗ ਪਏ ਸਨ।

1635 ਵਿੱਚ ਗੁਰਦੇਵ ਪਿਤਾ ਜੀ ਕੀਰਤਪੁਰ ਚਲੇ ਗਏ ਤੇ 1644 ਤੱਕ ਇੱਥੇ ਰਹੇ।

1644 ਵਿੱਚ ਗੁਰਦੇਵ ਪਿਤਾ ਜੀ ਜੋਤੀ ਜੋਤ ਸਮਾਏ। ਡਾ. ਦਿਲਗੀਰ ਸਾਹਿਬ ਜੀ ਦੀ ਲਿਖਤ ਅਨੁਸਾਰ ਉਨ੍ਹਾਂ ਦੀ ਕੁਲ ਉਮਰ 54 ਸਾਲ ਬਣਦੀ ਹੈ। 40 ਕੁ ਸਾਲ ਗੁਰਤਾ ਦੀਆਂ ਜ਼ਿੰਮੇਵਾਰੀਆਂ ਨਿਭਾ ਕੇ ਸੱਚ ਦਾ ਰਾਜ ਪ੍ਰਗਟ ਕਰ ਦਿੱਤਾ।

ਜਿਦ੍ਹੇ ਪੈਰਾਂ ‘ਚ ਰੁਲਦੀਆਂ ਪਾਤਸ਼ਾਹੀਆਂ,
ਡਿੱਠਾ ਓਸ ਸੱਚੀ ਪਾਤਸ਼ਾਹੀ ਨੂੰ ਮੈਂ।
ਪੜ੍ਹੇ ਪੰਡਤਾਂ ਦੀ ਨਹੀਂ ਪਹੁੰਚ ਜਿਥੇ,
ਓਥੇ ਪੁਜਦਾ ਵੇਖਿਆ ਘਾਹੀ ਨੂੰ ਮੈਂ।