ਗੁਰਮਤਿ ਗਿਆਨ ਮਿਸ਼ਨਰੀ ਕਾਲਜ
Gurmat Gian Missionary College

ਪ੍ਰਿੰ. ਗੁਰਬਚਨ ਸਿੰਘ ਪੰਨਵਾਂ # 99155-29725

ਸ਼ਾਨਾਮਤੀ ਵੈਸਾਖੀ ਦੇ ਪੈਗ਼ਾਮ

ਵੈਸਾਖੀ ਨਾਮ ਵੈਸਾਖ ਤੋਂ ਬਣਿਆ ਹੈ, ਜੋ ਕਿ ਦੇਸੀ ਮਹੀਨੇ ਦਾ ਨਾਮ ਹੈ। ਬਾਰ੍ਹਾਂ ਮਹੀਨਿਆਂ ਵਿਚੋਂ ਵੈਸਾਖ ਦਾ ਮਹੀਨਾ ਦੂਜੇ ਨੰਬਰ ‘ਤੇ ਆਉਂਦਾ ਹੈ। ਵੈਸਾਖੀ ਸਮੁੱਚੇ ਦੇਸ਼ ਪੰਜਾਬ ਦਾ ਹਰਮਨ ਪਿਆਰਾ ਤਿਉਹਾਰ ਹੈ। ਦੇਸ਼ ਪੰਜਾਬ ਦੀਆਂ ਸਰਹੱਦਾਂ ਕਾਬਲ ਕੰਧਾਰ, ਜੰਮੂ ਕਸ਼ਮੀਰ, ਤਿਬੱਤ ਤੇ ਦਿੱਲੀ ਤਕ ਲਗਦੀਆਂ ਸਨ। ਇਹ ਵੱਖਰੀ ਗੱਲ ਹੈ ਕਿ ਅੱਜ ਦੇਸ਼ ਪੰਜਾਬ ਸੁੰਗੜ ਕੇ ਇਕ ਛੋਟੀ ਜੇਹੀ ਸੂਬੀ ਰਹਿ ਗਿਆ ਹੈ। ਵੈਸਾਖੀ ‘ਤੇ ‘ਦੇਸ਼ ਪੰਜਾਬ’ ਦੇ ਕਿਰਸਾਨ ਹਾੜੀ ਦੀ ਫਸਲ ਕੱਟਣ ਸਮੇਂ ਬਹੁਤ ਜ਼ਿਆਦਾ ਖੁਸ਼ੀ ਮਨਾਉਂਦੇ ਹਨ। ਇਕੱਲਾ ਦੇਸ਼ ਪੰਜਾਬ ਨਹੀਂ ਸਗੋਂ ਇਸ ਦੇ ਆਲ਼ੇ ਦੁਆਲੇ ਦੇ ਪ੍ਰਦੇਸ ਵੀ ਵੈਸਾਖੀ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ।ਵੈਸਾਖੀ ਵਾਲੇ ਦਿਨ ਪੱਛਮੀ ਪੰਜਾਬ ਦੇ ਲੋਕ ਉਚੇਚੇ ਤੌਰ ‘ਤੇ ਤੁਰਲੇ ਵਾਲੀ ਪੱਗ ਬੰਨ੍ਹ ਕੇ ਆਪਣੇ ਪੁਰਾਣੇ ਸਭਿਆਚਾਰ ਨੂੰ ਯਾਦ ਕਰਦੇ ਹਨ। ਪੱਛਮੀ ਪੰਜਾਬ ਦੇ ਕਿਰਸਾਨ ਤੋਂ ਲੈ ਕੇ ਵਪਾਰੀ ਤਕ, ਇਕ ਚਪੜਾਸੀ ਤੋਂ ਲੈ ਕੇ ਆਲ੍ਹਾ ਅਫ਼ਸਰ ਤਕ ਤੇ ਸੰਤਰੀ ਤੋਂ ਲੈ ਕੇ ਮੰਤ੍ਰੀ ਤਕ ਵੈਸਾਖੀ ਵਾਲੇ ਦਿਨ ਆਪਣਿਆਂ ਸਿਰਾਂ ‘ਤੇ ਪੱਗਾਂ ਬੰਨ੍ਹ ਕੇ ਆਪਣੇ ਪੰਜਾਬੀ ਸਭਿਆਚਾਰ ਨੂੰ ਯਾਦ ਕਰਦੇ ਹਨ। ਝਨਾਂ ਦੇ ਪਾਣੀਆਂ ਵਿਚ ਭਿੱਜੇ ਬੋਲ ਸ਼ਾਇਰ ਦੇ ਬਕਮਾਲ ਹਨ– ਝਨਾਂ ਦੇ ਪਾਣੀਆਂ ਵਿਚ, ਹਿਲਾ ਆਪਣਾ ਅਕਸ ਘੋਲਾਂਗੀ, ਤੇ ਉਸ ਵਿਚ ਰੰਗ ਕੇ ਦੇਵਾਂਗੀ, ਫਿਰ ਦਸਤਾਰ ਮੈਂ ਤੈਨੂੰ।
ਸੁਮੱਚੇ ਤੌਰ ‘ਤੇ ਕਹਿਆ ਜਾ ਸਕਦਾ ਹੈ ਸ਼ਾਨਾਮਤੀ ਵੈਸਾਖੀ ਹਰੇਕ ਪੰਜਾਬੀ ਦਾ ਖੁਸ਼ੀਆਂ ਖੇੜਿਆਂ ਤੇ ਮਨ ਭਾਉਂਦਾ ਤਿਉਹਾਰ ਹੈ। ਵੈਸਾਖੀ ਸਬੰਧੀ ਧਨੀ ਰਾਮ ਚਾਤ੍ਰਿਕ ਦੀਆਂ ਪ੍ਰਸਿੱਧ ਸਤਰਾਂ ਹਨ— ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ, ਸੰਮਾ ਵਾਲੀ ਡਾਂਗ ਉੱਤੇ ਤੇਲ ਲਾਇ ਕੇ, ਕੱਛੇ ਮਾਰ ਵੰਝਲ਼ੀ ਅਨੰਦ ਛਾਅ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਹੁਣ ਆਪਣੇ ਦੇਸ਼ ਪੰਜਾਬ ਵਿਚ ਵੀ ਨੌਜਵਾਨ ਜਿੱਥੇ ਆਪਣੇ ਗੌਰਵਮਈ ਵਿਰਸੇ ਨੂੰ ਵੈਸਾਖੀ ਨੂੰ ਯਾਦ ਕਰਦੇ ਹਨ ਓੱਥੇ ਦਸਤਾਰ ਦਿਵਸ ਨੂੰ ਵੀ ਪ੍ਰਫੁੱਲਤ ਕਰ ਰਹੇ ਹਨ। ਨੌਜਵਾਨਾਂ ਵਿਚ ਸਿੱਖੀ ਦੀ ਨਵੀਂ ਰੂਹ ਫੂਕਣ ਲਈ ਦਸਤਾਰਾਂ ਦੇ ਮੁਕਾਬਲੇ ਕਰਾਏ ਜਾਂਦੇ ਹਨ। ਸ਼ਾਨਾਮਤੀ ਵੈਸਾਖੀ ਦੀਆਂ ਪ੍ਰੰਪਰਾਵਾਂ ਨੂੰ ਕਾਇਮ ਰੱਖਦਿਆਂ ਸਿੱਖੀ ਸਰੋਕਾਰਾਂ ਨਾਲ ਵੀ ਜੁੜਦੇ ਹਨ। ਇਕ ਹੋਰ ਸ਼ਾਇਰ ਦੇ ਬੋਲ ਹਨ— ਆ ਬਹਿਜਾ ਕੋਲ ਮੇਰੇ ਤੈਨੂੰ ਦੱਸਾਂ ਖੋਲ੍ਹ ਕਹਾਣੀ, ਸਦੀਆਂ ਤੋਂ ਆਉਂਦੀ ਏ ਮੇਰੀ ਗਾਥਾ ਬੜੀ ਪੁਰਾਣੀ। ਮੈਂ ਨਿਸ਼ਾਨੀ ਇੱਜ਼ਤ ਦੀ ਲੋਕੀਂ ਰੱਖਣ ਸਾਂਭ ਉਚੇਰੀ, ਸਿੱਖਾ ਭੁੱਲ ਜਾਵੀਂ ਨਾ ਮੈਂ ਦਸਤਾਰ ਬੋਲਦੀ ਤੇਰੀ। ਵੈਸਾਖੀ ਜਦੋਂ ਵੀ ਆਉਂਦੀ ਹੈ ਨਵਾਂ ਰੂਪ, ਨਵੀ ਅੰਗੜਾਈ, ਨਵਾਂ ਜੋਬਨ, ਨਵਾਂ ਉਤਸ਼ਾਹ ਲੈ ਕੇ ਆਉਂਦੀ ਹੈ। ਦੇਖਿਆ ਜਾਏ ਤਾਂ ਕੁਦਰਤ ਦੀ ਗੋਦ ਵਿਚ ਸਭ ਤੋਂ ਵੱਧ ਸੁਹਾਵਣਾ ਮਹੀਨਾ ਵੈਸਾਖ ਮੰਨਿਆ ਗਿਆ ਹੈ। ਵੈਸਾਖ ਦੇ ਮਹੀਨੇ ਵਿਚ ਕੁਦਰਤ ਰਾਣੀ ਨਵੇਂ ਫੁੱਲ ਪੱਤੀਆਂ ਨਾਲ ਪੂਰੀ ਤਰ੍ਹਾਂ ਸ਼ਿੰਗਾਰੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਪਿਆਰਾ ਵਾਕ ਹੈ— ਵੈਸਾਖੁ ਭਲਾ ਸਾਖਾ ਵੇਸ ਕਰੇ ॥ (1108)
ਵੈਸਾਖ ਦੇ ਮਹੀਨੇ ਵਿਚ ਬਸੰਤ ਰੁੱਤ ਪੂਰੀ ਤਰ੍ਹਾਂ ਖਿੜੀ ਹੁੰਦੀ ਹੈ। ਗੁਰੂ ਅਰਜਨ ਪਾਤਸ਼ਾਹ ਜੀ ਇਸ ਪ੍ਰਥਾਏ ਫਮਾਉਂਦੇ ਹਨ ਕਿ ਜੇ ਸਾਰੀ ਬਨਸਪਤੀ ਖਿੜ ਸਕਦੀ ਹੈ ਤਾਂ ਬੰਦਿਆ ਫਿਰ ਤੂੰ ਕਿਉਂ ਨਹੀਂ ਖੇੜੇ ਵਿਚ ਆ ਸਕਦਾ? ਅਰਸ਼ੀ ਅਰਸ਼ਾਦ ਹੈ— ਦੇਖੁ ਫੂਲ ਫੂਲ ਫੂਲੇ ॥ ਅਹੰ ਤਿਆਗਿ ਤਿਆਗੇ ॥ ਚਰਨ ਕਮਲ ਪਾਗੇ ॥ ਤੁਮ ਮਿਲਹੁ ਪ੍ਰਭ ਸਭਾਗੇ ॥ ਹਰਿ ਚੇਤਿ ਮਨ ਮੇਰੇ ॥ (1185) ਜਿਸ ਤਰ੍ਹਾਂ ਪਤਝੜ੍ਹ ਮਗਰੋਂ ਬਸੰਤ ਰੁੱਤ ਨਵੀਂ ਬਹਾਰ ਲੈ ਕੇ ਆਉਂਦੀ ਹੈ ਏਸੇ ਤਰ੍ਹਾਂ ਜਦੋਂ ਮਨੁੱਖੀ ਜੀਵਨ ਦੀਆਂ ਕਦਰਾਂ ਕੀਮਤਾਂ ਵਿਚ ਪਤਝੜ ਆਈ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਲਾਹੀ ਵਜਦ ਵਿਚ ਆ ਕੇ ਨਿਰਮਲ ਪੰਥ ਦੀ ਨੀਂਹ ਇਨ੍ਹਾਂ ਸਚਾਈਆਂ ‘ਤੇ ਰੱਖੀ—
1. ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥ (1) 2. ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥ (2) 3. ਹਰਿ ਬਿਨੁ ਜੀਉ ਜਲਿ ਬਲਿ ਜਾਉ ॥ ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥ (14) 4. ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ (470) 5. ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ (473) 6. ਨਾਨਕ ਦੁਖੀਆ ਸਭੁ ਸੰਸਾਰੁ ॥ (954) 7. ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥ (474) 8. ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥ (474) 9. ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥ ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥ (1410) 10. ਰੇ ਮਨ ਡੀਗਿ ਨ ਡੋਲੀਐ ਸੀਧੈ ਮਾਰਗਿ ਧਾਉ ॥ (1410)
ਸਿੱਖ ਧਰਮ ਦਾ ਸ਼ਾਨਾਮਤੀ ਵੈਸਾਖੀ ਨਾਲ ਪੁਰਾਣਾ ਸਬੰਧ ਤੁਰਿਆ ਆ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਦਿਹਾੜਾ ਇਤਫ਼ਾਕਨ ਵੈਸਾਖ ਸੁਦੀ ਤਿੰਨ ਨੂੰ ਮੰਨਿਆ ਗਿਆ ਹੈ। ਇਸ ਲਈ ਸਿੱਖਾਂ ਵਿਚ ਵੈਸਾਖੀ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। 39 ਸਾਲ ਦੀ ਉਮਰ ਤਕ ਗੁਰੂ ਨਾਨਕ ਸਾਹਿਬ ਜੀ ਨੇ ਸਨਾਤਨੀ ਮਤ ਦੀਆਂ ਪੁਰਾਣੀਆਂ ਪ੍ਰੰਪਰਾਵਾਂ ਨੂੰ ਮੁੱਢੋਂ ਹੀ ਨਿਕਾਰ ਦਿੱਤਾ ਸੀ। ਨੌਂ ਸਾਲ ਦੀ ਉਮਰ ਵਿਚ ਜਨੇਊ ਵਾਲੀ ਘਟਨਾ ਨੇ ਬ੍ਰਹਾਮਣ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਿਉਂਕਿ ਗੁਰੂ ਸਾਹਿਬ ਜੀ ਨੇ ਬ੍ਰਾਹਮਣ ਨੂੰ ਗੁਰੂ ਮੰਨਣੋਂ ਇਨਕਾਰ ਕਰ ਦਿੱਤਾ—ਜਨੇਊ ਪਉਣ ਸਮੇਂ ਪ੍ਰੋਹਤ (ਬ੍ਰਾਹਮਣ) ਇਹ ਪੱਕੀ ਕਰਾਉਂਦਾ ਸੀ ਅੱਜ ਤੋਂ ਮੈਂ ਤੇਰਾ ਗੁਰੂ ਹੋਇਆ ਹੁਣ ਮੈਨੂੰ ਹਰ ਕੰਮ ਪੁੱਛ ਕੇ ਕਰਨਾ ਹੈ। ਸਦੀਆਂ ਦੀ ਬਣੀ ਪ੍ਰੰਪਰਾ ਨੂੰ ਗੁਰੂ ਸਾਹਿਬ ਜੀ ਇਕੋ ਝਟਕੇ ਨਾਲ ਤੋੜ ਕੇ ਰੱਖ ਦਿੱਤਾ, ਕਿ, “ਮੈਂ ਤੈਨੂੰ ਗੁਰੂ ਮੰਨਣ ਲਈ ਤਿਆਰ ਨਹੀਂ ਹਾਂ”। ਗੁਰੁ ਸਾਹਿਬ ਜੀ ਨੇ ਕਿਹਾ ਕਿ ਮੈਂ ਉਹ ਕੌਮ ਪੈਦਾ ਕਰਾਂਗਾ ਜੋ ਖ਼ੁਦ-ਮੁਖ਼ਤਿਆਰ ਹੋਵੇਗੀ, ਸਨਾਨਤੀ ਮਤ ਦੇ ਅਧੀਨ ਨਹੀਂ ਹੋਏਗੀ। ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥ (471)
ਧਰਮ ਦੇ ਨਾਂ ‘ਤੇ ਹੋ ਰਹੇ ਪਾਖੰਡਾਂ ਨੂੰ ਗੁਰੂ ਸਾਹਿਬ ਜੀ ਨੇ ਨੰਗਿਆਂ ਕੀਤਾ। ਸਮਾਜ, ਰਾਜਨੀਤੀ ਤੇ ਧਰਮ ਨੂੰ ਨਵੀਂ ਦਿਸ਼ਾ ਦੇਣ ਲਈ ਉਦਾਸੀਆਂ ਅਰੰਭ ਕੀਤੀਆਂ। ਉਹਨਾਂ ਥਾਵਾਂ ਦੀ ਚੋਣ ਕੀਤੀ ਜਿੱਥੇ ਲੋਕ ਜ਼ਿਆਦਾ ਇਕੱਠੇ ਹੁੰਦੇ ਸਨ। ਵੈਸਾਖੀ ਨੂੰ ਲੋਕ ਹਰਿਦੁਆਰ ਜਾ ਕੇ ਆਪਣੇ ਮਰ ਚੁੱਕੇ ਪਿੱਤਰਾਂ ਨੂੰ ਪਾਣੀ ਦਿੰਦੇ ਸਨ। ਇਕੱਠ ਬਹੁਤ ਵੱਡਾ ਹੁੰਦਾ ਸੀ। ਗੁਰੂ ਸਾਹਿਬ ਜੀ ਨੇ ਲਲਕਾਰ ਕਿ ਕਿਹਾ, ਕਿ “ਭਲਿਓ! ਧਰਮ ਦੇ ਨਾਂ ‘ਤੇ ਤੁਹਾਡੇ ਕੋਲੋਂ ਕਰਮ-ਕਾਂਡ ਕਰਾਇਆ ਜਾ ਰਿਹਾ ਹੈ, ਜਿਉਂਦੇ ਮਾਪਿਆਂ ਦੀ ਸੇਵਾ ਕਰੋ”। ਜੁੜੇ ਹੋਏ ਇਕੱਠ ਨੂੰ ਗੁਰੂ ਸਾਹਿਬ ਜੀ ਸਮਝਾਉਂਦੇ ਹਨ, ਕਿ “ਜਦੋਂ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਤਾਂ ਉਸ ਦੇ ਸਰੀਰ ਨੂੰ ਸਭ ਦੇ ਸਾਹਮਣੇ ਅੱਗ ਨਾਲ ਸਾੜ ਦਿੱਤਾ ਜਾਂਦਾ ਹੈ। ਦੱਸੋ ਸਰੀਰ ਗਿਆ ਕਿੱਥੇ”? “ਜਿਹੜਾ ਪਾਣੀ ਤੁਸੀਂ ਦੇ ਰਹੇ ਹੋ ਇਹ ਪਹੁੰਚੇਗਾ ਕਿੱਥੇ”? ਜਦੋਂ ਬੰਦਾ ਫੂਕ ਹੀ ਦਿੱਤਾ ਤਾਂ ਇਹ ਪਾਣੀ ਕੌਣ ਪੀਏਗਾ? ਜਿਨ੍ਹਾਂ ਨੂੰ ਸਮਝ ਲੱਗ ਗਈ ਉਹ ਮੁੜ ਬਜ਼ੁਰਗਾਂ ਨੂੰ ਪਾਣੀ ਦੇਣ ਹਰਿਦੁਆਰ ਨਹੀਂ ਗਏ ਵਰਨਾ ਅੱਜ ਵੀ ਹਨੇਰਾ ਢੋਣ ਲਈ ਲੋਕ ਟੱਕਰਾਂ ਮਾਰ ਰਹੇ ਹਨ। ਗੁਰੂ ਨਾਨਕ ਸਾਹਿਬ ਜੀ ਦਾ ਇਹ ਉਹ ਪਹਿਲਾ ਪੈਗ਼ਾਮ ਸੀ ਜਿਹੜਾ ਭਰੇ ਇਕੱਠ ਵਿਚ ਦਿੱਤਾ। ਦੇਸ਼ ਪੰਜਾਬ ਵਿਚ ਇਕ ਨਵੇਂ ਇਨਕਲਾਬ ਦੀ ਸ਼ੁਰੂਆਤ ਹੋਈ। ਤੀਸਰੇ ਪਾਤਸ਼ਾਹ ਨੂੰ ਭਾਈ ਪਾਰੋ ਜੀ ਨੇ ਕਿਹਾ, ਕਿ “ਗੁਰਦੇਵ ਪਿਤਾ ਜੀ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਵੈਸਾਖੀ ‘ਤੇ ਦੇਸ ਪ੍ਰਦੇਸ ਦੀਆਂ ਸੰਗਤਾਂ ਦਾ ਵੱਡਾ ਇਕੱਠ ਕਰਕੇ ਅਗਲੀ ਰਣ ਨੀਤੀ ਦੱਸਣੀ ਚਾਹੀਦੀ ਹੈ”। ਇੰਝ ਵੈਸਾਖੀ ਨੂੰ ਇਹ ਪਹਿਲਾ ਵੱਡਾ ਸਮਾਗਮ ਗੋਇੰਦਵਾਲ ਦੀ ਧਰਤੀ ਤੇ ਹੋਇਆ। ਜਿੱਥੇ ਗੁਰੁ ਸਾਹਿਬ ਜੀ ਨੇ ਆਪਣੇ ਮਿਸ਼ਨ ਨੂੰ ਨਿਯਮਤ ਰੂਪ ਦੇ ਕੇ ਜੱਥੇਬੰਦਕ ਢਾਂਚਾ ਖੜਾ ਕੀਤਾ।
ਸ਼ਾਨਾਂਮਤੀ ਵੈਸਾਖੀ ਆਪਣੇ ਗਰਭ ਵਿਚ ਵੱਡਮੁੱਲਾ ਇਤਿਹਾਸ ਸੰਭਾਲ਼ੀ ਬੈਠੀ ਹੈ। ਅੱਜ ਉਹ ਸ਼ਾਨਾਮਤੀ ਵੈਸਾਖੀ ਆਈ ਜਿਸ ਦੀ ਪਿੱਛਲੇ 230 ਸਾਲ ਤੋਂ ਤਿਆਰੀ ਕੀਤੀ ਜਾ ਰਹੀ ਸੀ। 1469 ਤੋਂ ਲੈ ਕੇ 1699 ਤਕ ਦਾ ਸਫਰ ਤਹਿ ਕਰਦਿਆਂ ਅੱਜ ਉਹ ਸੁੰਦਰ ਇਮਾਰਤ ਦੀ ਸੰਪੂਨਤਾ ਕੀਤੀ ਜਾ ਰਹੀ ਸੀ ਜਿਸ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪਣੀ ਸ਼ਹਾਦਤ ਦੇ ਗਾੜੇ ਖ਼ੂਨ ਨਾਲ ਰੰਗਿਆ। ਤੱਤੀ ਤਵੀ ਤੇ ਉਬਲ਼ਦਾ ਪਾਣੀ ਰਾਹ ਨਾ ਰੋਕ ਸਕਿਆ। ਦੋ ਧਰਮਾਂ ਦੇ ਪੁਜਾਰੀਆਂ ਨੇ ਨਿਰਮਲ ਪੰਥ ਦਾ ਰਸਤਾ ਰੋਕਣ ਲਈ ਪੂਰੀ ਵਾਹ ਲਾ ਦਿੱਤੀ ਸੀ। ਉਨ੍ਹਾਂ ਭੁਲੇਖਾ ਸੀ ਕਿ ਸ਼ਾਇਦ ਗੁਰੁ ਅਰਜਨ ਪਾਤਸ਼ਾਹ ਜੀ ਨੂੰ ਸ਼ਹੀਦ ਕਰਾ ਨਾਨਕਈ ਫਲਸਫੇ ਨੂੰ ਰੋਕ ਦਿਤਾ ਜਾਏਗਾ। ਪਰਲੋ ਤੀਕ ਹੈ ਪੰਥ ਅਧੀਨ ਸਾਰਾ, ਪੰਚਮ ਗੁਰੂ ਦੀਆਂ ਮੇਹਰਬਾਨੀਆਂ ਦਾ ਦੁੱਖ ਝੱਲ ਕੇ ਆਪਣੀ ਜਾਨ ਉੱਤੇ, ਰਾਹ ਦੱਸ ਗਏ ਜਿਹੜੇ ਕੁਰਬਾਨੀਆਂ ਦਾ। ਫ਼ੀਰੋਜ਼ਦੀਨ ਸ਼ਰਫ਼ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਰਾਜਨੀਤਿਕ ਜਬਰ ਨੂੰ ਚਣੌਤੀ ਦਿੱਤੀ ਤੇ ਚਾਰ ਜੰਗਾਂ ਲੜ ਕੇ ਸਾਬਤ ਕੀਤਾ ਕਿ ਪੰਜਾਬ ਸਦਾ ਗੁਰਾਂ ਦੇ ਨਾਂ ‘ਤੇ ਵੱਸੇਗਾ। ਧਰਮ ਤੇ ਰਾਜਨੀਤੀ ਦੇ ਜਬਰ ਵਿਚੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਜਨਮ ਲੈਂਦੀ ਹੈ।
ਦਿੱਲੀ ਦੇ ਚਾਂਦਨੀ ਚੌਂਕ ਵਿਚ ਸਿੱਖੀ ਦਾ ਬੂਟਾ ਖਿੜ ਉਠਿਆ ਜਦੋਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਦਿਆਲਾ ਜੀ ਨੇ ਸਰਕਾਰੀ ਸਹੂਲਤਾਂ ਨੂੰ ਲੱਤ ਮਾਰਦਿਆਂ ਮਨੁੱਖਤਾ ਦੀ ਅਜ਼ਾਦੀ ਲਈ ਸ਼ਹਾਦਤਾਂ ਦਾ ਜਾਮ ਪੀ ਗਏ। 1675 ਈ. ਵਿਚ ਜਦੋਂ ਇਹ ਸਾਕਾ ਵਾਪਰਿਆ ਤਾਂ ਓਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕੇਵਲ ਨੌ ਸਾਲ ਦੀ ਸੀ। ਮਹਾਨ ਨੀਤੀ ਘਾੜੇ ਗੁਰੂ ਸਾਹਿਬ ਜੀ ਨੇ 17 ਸਾਲ ਦੀ ਉਮਰ ਤਕ ਪਹੁੰਚਦਿਆਂ ਰਣਜੀਤ ਨਗਾਰੇ ਤੇ ਚੋਟ ਲਾ ਦਿੱਤੀ। ਗੁਰੂ ਨਾਨਕ ਸਾਹਿਬ ਵਲੋਂ ਬੀਜੀ ਫਸਲ ਦੀ ਨੌਂ ਗੁਰੂ ਸਾਹਿਬਾਨ ਨੇ ਸੰਭਾਲ਼ ਕੀਤੀ। ਅਜੇ ਕੌਮ ਨੂੰ ਸਮੁੱਚੇ ਤੌਰ ਤੇ ਜੱਥੇਬੰਦ ਕਰਨ ਲਈ ਕੁਝ ਹੋਰ ਠੋਸ ਉਪਰਾਲਿਆਂ ਦੀ ਜ਼ਰੂਰਤ ਸੀ। ਸਿੱਖ ਪੰਥ ਦਾ ਜੱਥੇਬੰਦਕ ਢਾਂਚਾ, ਜੋ ਗੁਰੂ ਨਾਨਕ ਸਾਹਿਬ ਵੇਲੇ ਧਰਮਸਾਲ ਤੇ ਸੰਗਤ ਵਜੋਂ ਸ਼ੁਰੂ ਹੋਇਆ ਸੀ, ਗੁਰੂ ਅਮਰਦਾਸ ਸਾਹਿਬ ਵੇਲੇ ਮੰਜੀਆਂ ਤੇ ਪੀੜ੍ਹੀਆਂ ਦੇ ਰੂਪ ਵਿਚ ਵਿਸ਼ਾਲ ਰੂਪ ਵਿਚ ਫੈਲ ਗਿਆ ਸੀ। ਗੁਰੂ ਰਾਮਦਾਸ ਜੀ ਦੇ ਸਮੇਂ ਮਸੰਦ ਜਮਾਤ ਵਜੋਂ ਬੜੀ ਪ੍ਰਪੱਕਤਾ ਨਾਲ ਕਾਇਮ ਹੋ ਗਿਆ ਸੀ। ਮਸੰਦ ਪ੍ਰਥਾ ਨਾਲ ਸਿੱਖੀ ਦੀ ਵਿਚਾਰਧਾਰਾ ਦੂਰ ਦੂਰ ਤਕ ਫੈਲ ਚੁੱਕੀ ਸੀ। ਡਾਕਟਰ ਹਰਜਿੰਦਰ ਸਿੰਘ ਦਿਲਗੀਰ ਸਿੱਖ ਤਵਾਰੀਖ਼ ਦੇ ਪੰਨਾ 267 ‘ਤੇ ਲਿਖਦੇ ਹਨ ਕਿ “ਮਸੰਦ ਜਮਾਤ ਦੇ ਕਾਇਮ ਹੋਣ ਨਾਲ ਸਿੱਖ ਪੰਥ, ਸਿੱਖ ਧਰਮ ਤੇ ਸਿੱਖ ਕੌਮ ਇਕ ਸ਼ਾਨਦਾਰ ਜੱਥੇਬੰਦਕ ਢਾਂਚੇ ਵਿਚ ਪਰੋਈ ਗਈ”। ਸਿੱਖੀ ਦਾ ਧਾਰਮਿਕ ਪ੍ਰਚਾਰ ਅਤੇ ਮਾਲੀ ਨਿਜ਼ਾਮ ਇਕ-ਸਾਰ ਕੰਮ ਕਰਨ ਲੱਗ ਪਿਆ। ਡਾ. ਦਿਲਗੀਰ ਅੱਗੇ ਲਿਖਦੇ ਹਨ ਕਿ “ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੁਕਮਨਾਮਿਆਂ ਵਿਚ ਅਸਾਮ ਬੰਗਾਲ ਦੀ ਸੰਗਤ ਨੂੰ ਖਾਲਸਾ ਸ਼ਬਦ ਨਾਲ ਸੰਬੋਧਨ ਕੀਤਾ ਹੈ। ਇਸ ਦਾ ਅਰਥ ਇਹ ਹੋਇਆ ਕਿ ਖਾਲਸਾ ਸ਼ਬਦ ਦੀ ਵਰਤੋਂ ਆਮ ਹੋਣ ਲੱਗ ਪਈ ਸੀ।
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਮਸੰਦ ਪ੍ਰਣਾਲੀ ਵਿਚ ਨਿਘਾਰ ਆ ਚੁੱਕਾ ਸੀ ਜਿਸ ਕਰਕੇ ਕੌਮ ਨੂੰ ਨਵੇਂ ਸਿਰੇ ਤੋਂ ਜੱਥੇਬੰਦ ਕਰਨ ਦੀ ਪ੍ਰਮੁੱਖ ਲੋੜ ਸੀ। ਗੁਰੂ ਸਾਹਿਬ ਜੀ ਨੇ ਸੰਗਤ ਨੂੰ “ਮੇਰਾ ਖਾਲਸਾ” ਸ਼ਬਦ ਨਾਲ ਸੰਬੋਧਨ ਕਰਦਿਆਂ ਹੁਕਮਨਾਮੇ ਜਾਰੀ ਕੀਤੇ। ਹੁਕਮਨਾਮੇ ਨੂੰ ਸਿਰ ਮੱਥੇ ਮੰਨਦਿਆਂ ਦੂਰ-ਦਰਾਡ ਤੋਂ ਲੰਮੇ ਪੈਂਡੇ ਝਾਕਦੀਆਂ ਹੋਈਆਂ ਸੰਗਤਾਂ ਅਨੰਦਪੁਰ ਸਾਹਿਬ ਪਹੁੰਚੀਆਂ। ਗੁਰੂ ਸਾਹਿਬ ਦਾ ਇਰਾਦਾ ਸਪੱਸ਼ਟ ਸੀ ਕਿ ਦੇਸ਼ ਪੰਜਾਬ ਵਿਚ ਹਲੇਮੀ ਰਾਜ ਹਰ ਹਾਲ ਵਿਚ ਲਿਆਂਦਾ ਜਾਏ? ਅਗਲੇਰੀ ਰਣਨੀਤੀ ਬਣਾਉਣ ਲਈ ਅਨੰਦਪੁਰ ਦੀ ਧਰਤੀ ‘ਤੇ ਗੁਰਦੇਵ ਪਿਤਾ ਜੀ ਨੇ ਵੱਡਾ ਸਮਾਗਮ ਰਚਿਆ। ਹੁਕਮਨਾਮਾ ਸੁਣਦਿਆਂ ਹੀ ਹਜ਼ਾਰਾਂ ਸਿੱਖ ਸੰਗਤਾਂ ਅਨੰਦਪੁਰ ਪਹੁੰਚ ਗਈਆਂ। ਸੰਗਤਾਂ ਨਾਲ ਡੂੰਘੀਆਂ ਵਿਚਾਰਾਂ ਚਲੀਆਂ। 29 ਮਾਰਚ 1699 ਨੂੰ ਭਰੇ ਦੀਵਾਨ ਵਿਚੋਂ ਇਕ ਸਿਰ ਦੀ ਮੰਗ ਕੀਤੀ। ਇੰਜ ਗੁਰਦੇਵ ਪਿਤਾ ਜੀ ਨੇ ਵਾਰੀ ਵਾਰੀ ਪੰਜਾਂ ਪਿਆਰਿਆਂ ਦੀ ਚੋਣ ਕੀਤੀ। ਡਾਕਟਰ ਹਰਜਿੰਦਰ ਸਿੰਘ ਦਿਲਗੀਰ ਲਿਖਦੇ ਹਨ ਕਿ ਪਹਿਲਾਂ ਗੁਰਦੇਵ ਪਿਤਾ ਜੀ ਨੇ ਖੰਡੇ ਦੀ ਪਹੁਲ ਆਪ ਲਈ ਫਿਰ ਵਾਰੀ ਵਾਰੀ ਪੰਜਾਂ ਪਿਆਰਿਆਂ ਨੂੰ ਖੰਡੇ ਦੀ ਪਹੁਲ ਦਿੱਤੀ। ਫਿਰ ਉਹਨਾਂ ਪੰਜਾਂ ਪਿਆਰਿਆਂ ਖੰਡੇ ਦੀ ਪਹੁਲ ਦੀ ਮਰਯਾਦਾ ਨਿਭਾਈ। ਇੰਝ ਥੋੜੇ ਦਿਨਾਂ ਵਿਚ ਵੀਹ ਹਜ਼ਾਰ ਦੇ ਕਰੀਬ ਸੰਗਤਾਂ ਖੰਡੇ ਦੀ ਪਹੁਲ ਪ੍ਰਾਪਤ ਕੀਤੀ। ਪੰਜਾਂ ਪਿਆਰਿਆਂ ਦੀ ਚੋਣ ਕਰਕੇ ਖਾਲਸਾ ਪੰਥ ਸਾਕਾਰ ਕੀਤਾ। ਭਾਰਤ ਵਿਚ ਆਮ ਰਿਵਾਜ ਸੀ ਕਿ ਬਾਰ੍ਹਾਂ ਪੂਰਬੀਏ ਤੇਰ੍ਹਾਂ ਚੁੱਲ੍ਹੇ ਭਾਵ ਹਰੇਕ ਦਾ ਵੱਖੋ ਵੱਖਰਾ ਚੁੱਲ੍ਹਾ ਹੁੰਦਾ ਸੀ ਪਰ ਇਕ ਚੁੱਲ੍ਹਾ ਆਏ ਗਏ ਵਾਸਤੇ ਹੁੰਦਾ ਸੀ। ਇਹ ਉਹ ਕੂੜ ਭਰਿਆ ਸਮਾਂ ਸੀ ਜਦੋਂ ਸੱਚ ਦਾ ਕਾਲ਼ ਪਿਆ ਹੋਇਆ ਸੀ।
ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥ (468) ਭਾਵੇਂ ਤੀਜੇ ਪਾਤਸ਼ਾਹ ਦੇ ਸਮੇਂ ਬਰਾਬਰਤਾ ਵਾਲਾ ਪਹਿਲਾ ਪੈਗਾਮ ਪੰਗਤ ਦੇ ਰੂਪ ਵਿਚ ਪ੍ਰਗਟ ਹੋਇਆ ਸੀ ਪਰ ਜੰਗ ਦੇ ਮੈਦਾਨ ਵਿਚ ਜੂਝਣ ਲਈ ਅਜੇ ਹੋਰ ਪ੍ਰਪੱਕਤਾ ਦੀ ਜ਼ਰੂਰਤ ਸੀ। ਜਾਤ ਪਾਤ ਦਾ ਸਦਾ ਲਈ ਫਾਹਾ ਵੱਢ ਦਿੱਤਾ ਕਿ ਅੱਜ ਤੋਂ ਬਾਅਦ ਕਿਸੇ ਦੀ ਕੋਈ ਜਾਤ ਨਹੀਂ ਹੋਏਗੀ। ਸਦੀਆਂ ਪੁਰਾਣੀ ਪਰੰਪਰਾ ਨੂੰ ਤੋੜਦਿਆਂ ਹਰੇਕ ਨੂੰ ਬਰਾਬਰਤਾ ਦਾ ਹੱਕ ਦਿੱਤਾ। ਸਦੀਆਂ ਤੋਂ ਦਰਕਾਰੇ ਜਾਂਦੇ ਨੀਚਾਂ ਨੂੰ ਬਰਾਬਰ ਬਿਠਾ ਕੇ ਨਵਾਂ ਇਨਕਲਾਬ ਪੈਦਾ ਕੀਤਾ। ਨਵੇਂ ਸੱਜੇ ਖਾਲਸਾ ਨੂੰ ਗੁਰਦੇਵ ਪਿਤਾ ਜੀ ਨੇ ਪਿਆਰ ਨਾਲ ਗਲਵੱਕੜੀ ਵਿਚ ਲਿਆ। ਵੈਸਾਖੀ ਵਾਲੇ ਦਿਨ ਜਦੋਂ ਗੁਰਦੇਵ ਪਿਤਾ ਜੀ ਨੇ ਗੁਰਬਾਣੀ ਵਾਲੀ ਪ੍ਰਤਿੱਗਿਆ ਨੂੰ ਮੁੜ ਦੁਹਰਾਇਆ। ਨਿੱਗਰੀ ਤੇ ਢੱਠੀ ਮਨੁੱਖਤਾ ਨੂੰ ਹੁਣ ਸ਼ਾਹੀ ਸਿੰਘਾਸਣ ‘ਤੇ ਬਿਠਾਇਆ ਜਾਏਗਾ। ਮੈਂ ਆਪਣੇ ਅਕਾਲ ਪੁਰਖ ਦੀ ਬਰਕਤ ਸਦਕਾ ਦਲਤਾਂ, ਨੀਚਾਂ ਤੇ ਮਿੱਟੀ ਘੱਟੇ ਵਿਚ ਰੁਲ਼ ਕੀਟਾਂ ਵਾਂਗ ਸਰਦਾਰ ਬਣਾਵਾਂਗਾ ਤੇ ਦੁਨੀਆਂ ਯਾਦ ਕਰੇਗੀ ਕਿ ਕੋਈ ਧਰਤੀ ‘ਤੇ ਆਇਆ ਸੀ। ਮੈਂ ਆਪਣਾ ਨਾਂ ਗੋਬਿੰਦ ਸਿੰਘ ਰੱਖ ਲਿਆ ਹੈ। 33 ਸਾਲ ਦੀ ਉਮਰ ਵਿਚ ਖਾਲਸਾ ਪ੍ਰਗਟ ਕਰਨ ਦੀ ਨੀਤੀ ਦੇਖ ਕੇ ਦੁਨੀਆਂ ਦੰਗ ਰਹਿ ਗਈ। ਇਹ ਬਹੁਤ ਵੱਡਾ ਇਨਕਲਾਬ ਸੀ ਜਿਸ ਨੂੰ ਭਾਈ ਰਤਨ ਸਿੰਘ ਜੀ ਬਾ-ਕਮਾਲ ਲਿਖਿਆ ਹੈ— ਸਤ ਸਨਾਤ ਔਰ ਬਾਰ੍ਹਾਂ ਜਾਤ॥ ਜਾਨੇ ਨਾਹੀ ਰਾਜਨੀਤ ਕੀ ਬਾਤ॥ ਜੱਟ ਬੂਟ ਕਹਿ ਜਿਹ ਜਗ ਮਾਹੀ॥ ਬਾਣੀਏ ਬਕਾਲ ਕਿਰਾੜ ਖੱਤਰੀ ਸਦਾਹੀ॥ ਲੁਹਾਰ ਤ੍ਰਖਾਣ ਹੁਤ ਜਾਤ ਕਮੀਨੀ॥ ਛੀਪੇ ਕਲਾਲ ਨੀਚਨ ਪੈ ਕ੍ਰਿਪਾ ਕੀਨੀ॥ ਗੁੱਜਰ ਗਵਾਰ ਹੀਰ ਕਮਜਾਤ॥ ਕੰਬੋਇ ਸੂਦਨ ਕੋਇ ਨਾ ਪੂਛੇ ਬਾਤ॥ ਝੀਵਰ ਨਾਈ ਔ ਰੋੜੇ ਘੁਮਿਆਰ॥ ਸੈਣੀ ਸੁਨਿਆਰੇ ਚੂੜ੍ਹੇ ਚਮਿਆਰ॥ ਭੱਟ ਔ ਬ੍ਰਾਹਮਣ ਹੁਤੇ ਮੰਗਵਾਰ॥ ਬਹੁ ਰੂਪੀਏ ਲੁਬਾਣੇ ਔ ਘੁਮਿਆਰ॥ ਇਨ ਗਰੀਬ ਸਿੰਘਨ ਕੋ ਦਏ ਪਾਤਸ਼ਾਹੀ॥ ਏ ਯਾਦ ਰੱਖੇ ਹਮਰੀ ਗੁਰਿਆਈ॥ ਸ੍ਰੀ ਗੁਰੂ ਪੰਥ ਪ੍ਰਕਾਸ਼
ਸਰਸਰੀ ਨਜ਼ਰ ਨਾਲ ਦੇਖਿਆ ਜਾਏ ਤਾਂ ਸਿੱਖੀ ਸਿਧਾਂਤ ਸਾਰੇ ਭਾਰਤ ਵਿਚ ਫੈਲ ਚੁੱਕਿਆ ਸੀ। ਲਾਹੌਰ, ਦਿੱਲੀ, ਜਗਨਨਾਥ, ਦਵਾਰਕਾ ਤੇ ਬਿਦਰ ਦੇ ਸ਼ਹਿਰਾਂ ਵਿਚੋਂ ਕੇਵਲ ਪੰਜ ਪਿਆਰੇ ਹੀ ਨਹੀਂ ਆਏ ਸਨ ਸਗੋਂ ਸੰਗਤਾਂ ਵੀ ਬੜੇ ਉਤਸ਼ਾਹ ਨਾਲ ਆਈਆਂ ਸਨ। ਵੈਸਾਖੀ ਵਾਲੇ ਦਿਨ ਸਦਾ ਲਈ ਜਾਤ ਪਾਤ, ਊਚ-ਨੀਚ ਦਾ ਕੋਹੜ ਵੱਢ ਕੇ ਇਕ ਬਰਾਬਰਤਾ ਵਾਲਾ ਪੈਗ਼ਾਮ ਦ੍ਰਿੜ ਕਰਾ ਦਿੱਤਾ। ਗੁਰੂ ਸਾਹਿਬ ਜੀ ਨੇ ਕੁਝ ਹੋਰ ਪੈਗ਼ਾਮ ਸਮਝਾਏ ਤੇ ਕਹਿਆ ਕਿ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ। ਪਿੱਛਲੀਆਂ ਜਾਤਾਂ ਗੋਤਾਂ ਦੇ ਸਭ ਵਿਤਕਰੇ ਖਤਮ ਹੋਏ ਇਕ ਅਕਾਲ ਪੁਰਖ ‘ਤੇ ਟੇਕ ਰੱਖਣੀ ਹੈ ਤੇ ਕਿਸੇ ਦੇਵੀ ਦੇਵਤੇ, ਮੜੀ ਮਸਾਣੀ ਸਨਾਤਨੀ ਮਤ ਦੀਆਂ ਤਮਾਮ ਰਸਮਾਂ ਨੂੰ ਰੱਦ ਕਰ ਦਿਓ ਤੇ ਕਿਹਾ— ਮਾਇਆ ਮੋਹੇ ਦੇਵੀ ਸਭਿ ਦੇਵਾ ॥ (227) ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥ (637) ਸ਼ਾਨਾਮਤੀਆਂ ਵੈਸਾਖੀਆਂ ਆਉਂਦੀਆਂ ਗਈਆਂ ਤੇ ਇਤਿਹਾਸ ਵਿਚ ਪੈੜਾਂ ਛੱਡਦੀਆਂ ਗਈਆਂ। 29 ਮਾਰਚ 1748 ਦੀ ਵੈਸਾਖੀ ਸਦਾ ਯਾਦ ਰਹੇਗੀ ਜਦੋਂ ਦੂਰੋਂ ਦੂਰੋਂ ਸਿੰਘ ਦਰਬਾਰ ਸਾਹਿਬ ਅੰਮ੍ਰਿਤਸਰ ਪੁੱਜੇ। ਇਸ ਵੈਸਾਖੀ ਵਿਚ ਦੋ ਗੁਰਮਤੇ ਕੀਤੇ ਗਏ ਇਕ ਰਾਮ ਰੌਣੀ ਦਾ ਕਿਲ੍ਹਾ ਬਣਾਉਣਾ ਦੂਜਾ ਮਿਸਲਾਂ ਦੀ ਸਥਾਪਿਨਾ ਕਰਨਾ। 65 ਜੱਥਿਆਂ ਨੂੰ ਤੋੜ ਕੇ 11 ਮਿਸਲਾਂ ਦੀ ਬੁਨਿਆਦ ਰੱਖੀ। ਤੇ ਸਮੁੱਚੀ ਫੌਜੀ ਜੱਥੇਬੰਦੀ ਦਾ ਨਾਂ ਦਲ ਖਾਲਸਾ ਰੱਖਿਆ ਗਿਆ। ਅਪ੍ਰੈਲ 1763 ਦੀ ਵੈਸਾਖੀ ਕਦੇ ਵੀ ਨਹੀਂ ਭੁੱਲ ਸਕਦੀ ਜਦੋਂ ਕਸੂਰ ਦਾ ਦੁਖੀ ਬ੍ਰਾਹਮਣ ਫਰਿਆਦ ਲੈ ਕੇ ਆਇਆ ਕਿ ਉਸਮਾਨ ਖ਼ਾਂ ਨੇ ਮੇਰੀ ਘਰਵਾਲੀ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਲਿਆ ਹੈ। ਖਾਲਸਾ ਮੇਰੀ ਰੱਖਿਆ ਕਰੇ। ਕਸੂਰ ਉਸ ਵੇਲੇ ਬਹੁਤ ਵੱਡੀ ਤਾਕਤ ਰੱਖਦਾ ਸੀ। 12 ਕਿਲਿਆਂ ਵਾਲਾ ਸ਼ਹਿਰ ਜੰਗੀ ਪੱਖ ਤੋਂ ਬਹੁਤ ਮਜ਼ਬੂਤ ਗਿਣਿਆ ਜਾਂਦਾ ਸੀ। ਕਈ ਸਿਆਣਿਆਂ ਸਲਾਹ ਦਿੱਤੀ ਕਸੂਰ ਬਹੁਤ ਤਾਕਤਵਰ ਹੈ ਇਸ ‘ਤੇ ਹਮਲਾ ਨਾ ਕੀਤਾ ਜਾਏ ਪਰ ਸ੍ਰ ਹਰੀ ਭੰਗੀ ਮਿਸਲ ਤੇ ਸ੍ਰ ਚੜ੍ਹਤ ਸਿੰਘ ਅੜ ਗਏ ਇਸ ਵਿਚਾਰੇ ਦੀ ਬ੍ਰਾਹਮਣੀ ਛਡਾਉਣੀ ਚਾਹੀਦੀ ਹੈ। ਦੇਖਦਿਆਂ ਦੇਖਦਿਆਂ ਤਰੁਣਾ ਦਲ, ਭੰਗੀ ਮਿਸਲ, ਰਾਮਗੜ੍ਹੀਆ ਮਿਸਲ, ਸ਼ੁਕਰਚੱਕੀਆ ਮਿਸਲ, ਨਕੱਈ ਤੇ ਕਨ੍ਹਈਆ ਮਿਸਲਾਂ ਦੇ 24 ਹਜ਼ਾਰ ਸਿੰਘ ਚੜ੍ਹ ਕੇ ਕਸੂਰ ਦੀ ਤਬਾਹੀ ਕਰਨ ਤੁਰ ਪਏ। ਉਸਮਾਨ ਖ਼ਾਨ ਸਮੇਤ 500 ਦੇ ਕਰੀਬ ਇਸ ਜੰਗ ਵਿਚ ਮਾਰੇ ਗਏ। ਗਰੀਬ ਬ੍ਰਹਾਮਣ ਦੀ ਬ੍ਰਾਹਮਣੀ ਛਡਾਈ ਕੇ ਉਸ ਨੂੰ ਵਾਪਸ ਕੀਤੀ। ਕਸੂਰ ਦੇ ਹਾਕਮਾਂ ਨੂੰ ਮਹਿਸੂਸ ਹੋ ਕਿ ਦੇਸ਼ ਪੰਜਾਬ ਦੇ ਵਾਰਸ ਹੁਣ ਜਾਗ ਪਏ ਹਨ।
ਸ਼ਾਨਾਮਤੀ ਵੈਸਾਖੀ ਦੇ ਪੈਗ਼ਾਮ ਦਾ ਸਿਖ਼ਰ ਓਦੋਂ ਦੇਖਣ ਨੂੰ ਮਿਲਦਾ ਹੈ ਜਦੋਂ ਨਾਦਰ ਸ਼ਾਹ 9 ਮਾਰਚ 1739 ਦਿੱਲੀ ਪੁੱਜ ਕੇ ਖੁਲ੍ਹੀ ਲੁੱਟ ਤੇ ਕਤਲੇਆਮ ਦੀ ਆਗਿਆ ਦਿੰਦਾ ਹੈ। ਦਿੱਲੀ ਤੇ ਇਸ ਦੇ ਆਸ-ਪਾਸ ਇਲਾਕਿਆਂ ਨੂੰ ਨਾਦਰ ਦੇ ਸਿਪਾਹੀਆਂ ਨੇ ਪੂਰੀ ਲੁੱਟਮਾਰ ਕੀਤੀ। ਪ੍ਰੋ. ਪਿਆਰਾ ਸਿੰਘ ਪਦਮ ਦੇ ਕਥਨ ਅਨੁਸਾਰ ਜਿੱਥੇ ਨਾਦਰ ਸ਼ਾਹ ਨੇ ਕਤਲੋ ਗਾਰਦ ਕੀਤੀ ਓੱਥੇ 20 ਹਜ਼ਾਰ ਹਿੰਦੂ ਲੜਕੇ ਲੜਕੀਆਂ, 20 ਹਜ਼ਾਰ ਹਾਥੀ ਘੋੜੇ ਤੇ ਕ੍ਰੋੜਾਂ ਦੀ ਕਰੰਸੀ ਆਦਿ ਲੁੱਟ ਕੇ ਵਾਪਸ ਜਾ ਰਿਹਾ ਸੀ। ਨਾਦਰਸ਼ਾਹ ਦੀ ਲੁੱਟ ਸਬੰਧੀ ਸਿੰਘਾਂ ਨੂੰ ਸੋਅ ਮਿਲ ਗਈ ਸੀ,। ਗੁਰੀਲਾ ਯੁੱਧ ਦਾ ਸਹਾਰਾ ਲੈਂਦਿਆਂ ਰਸਤੇ ਵਿਚ ਨਵਾਬ ਕਪੂਰ ਸਿੰਘ ਜੱਸਾ ਸਿੰਘ ਆਹਲੂਵਾਲੀਆ, ਬਘੇਲ ਸਿੰਘ ਆਦਿ ਸਿੰਘਾਂ ਨੇ ਨਾਦਰ ਸ਼ਾਹ ਦੀ ਲੁੱਟ ਦਾ ਮਾਲ ਹੌਲ਼ਾ ਕੀਤਾ। ਹਿੰਦੂ ਲੜਕੇ ਲੜਕੀਆਂ ਨੂੰ ਨਾਦਰਸ਼ਾਹ ਦੀ ਕੈਦ ਵਿਚੋਂ ਛੁਡਵਾਇਆ। ਲਾਹੌਰ ਪਹੁੰਚ ਕੇ ਨਾਦਰਸ਼ਾਹ ਜ਼ਕਰੀਏ ਕੋਲੋਂ ਸਿੰਘਾਂ ਦੀ ਸਬੰਧੀ ਪੁੱਛਦਾ ਹੈ, ਕਿ, “ਇਹ ਲੋਕ ਕੌਣ ਹਨ ਜਿੰਨ੍ਹਾਂ ਮੈਨੂੰ ਹੀ ਲੁੱਟ ਲਿਆ ਹੈ”। ਅੱਗੋਂ ਜ਼ਕਰੀਆਂ ਖ਼ਾਂ ਸਾਰੇ ਹਲਾਤ ਦਸਦਾ ਹੈ, ਕਿ “ਇਨ੍ਹਾਂ ਨੇ ਆਪਣੇ ਮੁਰਸ਼ਦ ਕੋਲੋਂ ਆਬ੍ਹੇ ਹਯਾਤ ਲਿਆ ਹੋਇਆ ਹੈ ਦੂਸਰਾ ਇਹ ਰੱਬੀ ਕਲਾਮ ਪੜ੍ਹਦੇ ਰਹਿੰਦੇ ਹਨ ਜਿਸ ਕਰਕੇ ਇਹ ਸਰੀਰਕ ਮੌਤ ਨੂੰ ਮੌਤ ਹੀ ਨਹੀਂ ਸਮਝਦੇ”। ਇਸ ਸਾਰੇ ਬਿਰਤਾਂਤ ਨੂੰ ਗਿਆਨੀ ਗਿਆਨ ਸਿੰਘ ਨੇ ਬਾ-ਕਮਾਲ ਦਾ ਲਿਖਿਆ ਹੈ— ਮੁਰਸ਼ਦ ਇਨਕਾ ਵਲੀ ਭਇਓ ਹੈ, ਇਨ ਕੋ ਆਬੇ ਹਯਾਤ ਦਿਓ ਹੈ। ਗਜ਼ਬ ਅਸਰ ਤਿਸਕਾ ਹਮ ਦੇਖਾ, ਬੁਜ਼ਦਿਲ ਹੋਵਤ ਸ਼ੇਰ ਬਿਸੇਖਾ। ਕਾਣ ਨਾ ਕਾਹੂੰ ਕੀ ਰਾਖਤ, ਸ਼ਹਿਨਸ਼ਾਹ ਖ਼ੁਦ ਹੀ ਕੋ ਭਾਖਤ। ਔਰ ਸਭਨ ਕੋ ਜੀਵ ਚੁਰਾਸੀ, ਮਾਨਤ ਆਪ ਤਾਹਿ ਅਭਿਨਾਸੀ।
ਸ਼ਾਨਾਮੱਤੀ ਵੈਸਾਖੀ ਦੇ ਬਿਰਤਾਂਤ ਵਿਚ 1716 ਈ. ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਮੇਂ ਇਕ ਨੌਜਵਾਨ ਬੱਚੇ ਨੇ ਆਪਣੇ ਈਮਾਨ ਲਈ ਸ਼ਹਾਦਤ ਦਾ ਜਾਮ ਪੀਤਾ। ਤਰਲੇ ਲੈਂਦੀ ਮਾਂ ਨੂੰ ਕਹਿ ਦਿੱਤਾ ਸੀ ਕਿ ਮਾਂ ਕੌਮਾਂ ਅਮਰ ਤਾਹੀਂ ਰਹਿੰਦੀਆਂ ਹਨ ਜਦੋਂ ਕੌਮ ਦੇ ਬੱਚੇ ਵੀ ਬਾਬਾ ਫਤਿਹ ਸਿੰਘ ਵਾਂਗ ਇਤਿਹਾਸ ਸਿਰਜ ਦੇਣ। ਅਮਰ ਰਹਿੰਦੀਆਂ ਜੱਗ ‘ਤੇ ਉਹ ਕੌਮਾਂ, ਬੀਰ ਜਿਦ੍ਹੇ ਘਾਲਣਾ ਘਾਲਦੇ ਨੇ। ਛੰਨ੍ਹੇ ਖੋਪਰੀ ਫੜ ਕੇ ਪੁੱਤ ਜਿਦ੍ਹੇ, ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ ਨੇ। ਸਾਰੀ ਘਟਨਾ ਨੂੰ ਅੱਖੀਂ ਦੇਖ ਕੇ ਖ਼ਾਫ਼ੀ ਖ਼ਾਨ ਲਿਖਦਾ ਹੈ— ਮਾਦਰਮ ਦਰੋਗ਼ ਮੇ ਗੋਇਦ ਮਨ, ਬਦਿੱਲ ਜਾਨ, ਅਜ਼ ਮੋਅਤਕਿਦਾਂ। ਵ ਫ਼ਿਦਾਯਾਨਿ ਜਾਂ ਨਿਸਾਰਿ ਮੁਰਸ਼ਦਿ ਖ਼ੁਦਮ। ਮਰਾ ਜ਼ੂਦ ਬਾ ਰਫ਼ੀਕਾਨਿ ਮਨ ਰਸਾਨਦ। ਇਸ ਦਾ ਭਾਵ ਅਰਥ— ਮੇਰੀ ਮਾਂ ਝੂਠ ਬੋਲਦੀ ਹੈ (ਕਿ ਮੈਂ ਸਿੱਖ ਨਹੀਂ ਹਾਂ) ਮੈਂ ਗੁਰੂ ਗੋਬਿੰਦ ਸਿੰਘ ਜੀ ‘ਤੇ ਇਮਾਨ ਰੱਖਣ ਵਾਲਿਆਂ ਅਤੇ ਆਪਣੇ ਮੁਰਸ਼ਦ ਤੋਂ ਜਿੰਦ ਵਾਰਨ ਵਾਲਿਆਂ ਵਿੱਚੋਂ ਹੀ ਹਾਂ। ਇਸ ਲਈ ਮੈਨੂੰ ਛੇਤੀ ਮੇਰੇ ਸ਼ਹੀਦ ਹੋ ਚੁੱਕੇ ਸਾਥੀਆਂ ਪਾਸ ਪਹੁੰਚਾ ਦਿਓ।
ਸ਼ਾਨਾਮਤੀ ਵੈਸਾਖੀ ਦੀ ਕੁੱਖ ਵਿਚ ਉਹ ਵੈਸਾਖੀ ਵੀ ਆਉਂਦੀ ਹੈ ਜਦੋਂ ਜ਼ਲਿ੍ਹਆਂ ਵਾਲੇ ਬਾਗ ਵਿਚ 1919 ਨੂੰ ਨਿਹੱਥੇ ਪੰਜਾਬੀਆਂ ਨੂੰ ਜਨਰਲ ਅਡਵਾਇਰ ਨੇ ਗੋਲ਼ੀਆਂ ਨਾਲ ਭੁੱਨ ਦਿੱਤਾ ਸੀ। ਵੈਸਾਖੀ 1978 ਵਾਲੀ ਹਮੇਸ਼ਾਂ ਯਾਦ ਰਹੇਗੀ ਜਦੋਂ ਅੰਮ੍ਰਿਤਸਰ ਵਿਖੇ ਨਿਰੰਕਾਰੀਆਂ ਹੱਥੋਂ ਤੇਰਾਂ ਸਿੰਘ ਸ਼ਹੀਦ ਹੋਏ ਸਨ। ਆਓ ਸ਼ਾਨਾਮਤੀ ਵੈਸਾਖੀ ਦੇ ਪੈਗ਼ਾਮ ਨੂੰ ਸਮਝਣ ਦਾ ਯਤਨ ਕਰੀਏ– ਵੈਸਾਖੀ ਦਾ ਪਹਿਲਾ ਪੈਗ਼ਾਮ ਹੈ, ਪੱਥਰਾਂ ਤੇ ਕਾਗ਼ਜ਼ਾਂ ਦੀਆਂ ਬਣੀਆਂ ਹੋਈਆਂ ਮਨ ਘੜ੍ਹਤ ਰੱਬ ਤੇ ਗੁਰੂਆਂ ਦੀਆਂ ਮੂਰਤਾਂ ਨੂੰ ਛੱਡ ਕੇ, ਗੁਰਬਾਣੀ ਵਿਚਾਰ ਦੁਆਰਾ ਰੱਬੀ ਗੁਣਾਂ ਨੂੰ ਆਪਣੇ ਜੀਵਨ। ਵਿਚ ਅਪਨਾਉਣ ਦਾ ਯਤਨ ਕਰੀਏ। ਰੱਬ ਜੀ ਸਾਡੇ ਬਣੇ ਹੋਏ ਖਿਆਲਾਂ ਕਰਕੇ ਨਹੀਂ ਹਨ ਸਗੋਂ ਸਾਰੀ ਸਿਸ਼੍ਰਟੀ ਵਿਚੋਂ ਉਸ ਦੇ ਵਰਤ ਰਹੇ ਸਿਧਾਤਾਂ ਨੂੰ ਸਮਝਣਾ ਹੈ, ਵੈਸਾਖੀ ਦਾ ਪੈਗ਼ਾਮ ਸਾਡੀ ਰੋਜ਼ ਮਰਾ ਦੀ ਜ਼ਿੰਦਗੀ ਵਿੱਚ ਰੱਬੀ ਗੁਣਾਂ ਨੂੰ ਲੈ ਕੇ ਆਉਣ ਦਾ ਸੰਕਲਪ ਦ੍ਰਿੜ ਕਰਾਉਂਦੀ ਹੈ। ਪਰਮਾਤਮਾ ਸਦਾ ਰਹਿਣ ਵਾਲੀ ਕੁਦਰਤੀ ਨਿਯਮਾਵਲੀ ਹੈ ਨਾ ਕਿ ਬੁੱਤਾਂ ਮੂਰਤਾਂ ਵਿੱਚ ਕੋਈ ਰਹਿਣ ਵਾਲੀ ਹਸਤੀ ਹੈ। ਅਸੀਂ ਤੇ ਨਾ ਸਮਝੀ ਵਿੱਚ ਗੁਰੂਆਂ ਦੀਆਂ ਵੀ ਵੱਖ ਵੱਖ ਕਿਸਮ ਦੀਆਂ ਤਸਵੀਰਾਂ ਬਣਾ ਕਿ ਸਿੱਖੀ ਸਿਧਾਂਤ ਦਾ ਮਲੀਆ ਮੇਟ ਕਰਨ ਵਿੱਚ ਆਪ ਹੀ ਤੁਲੇ ਹੋਏ ਹਾਂ, ਕੀ ਇਸ ਮਹਾਨ ਵੈਸਾਖੀ ਦੇ ਪੈਗ਼ਾਮ ਵਿਚੋਂ ਅਸੀਂ ਕੁੱਝ ਸਿਖ ਪਾਵਾਂਗੇ ਕਿ ਨਹੀਂ, ਸੋਚਣ ਵਾਲਾ ਵਿਸ਼ਾ ਹੈ। ਵੈਸਾਖੀ ਦਾ ਦੂਜਾ ਪੈਗ਼ਾਮ ਹੈ ਮਨੁੱਖੀ ਬਰਾਬਰੀ ਦਾ ਜੋ ਜਾਤ ਪਾਤ ਦੇ ਵਿਤਕਰੇ ਨੂੰ ਖਤਮ ਕਰਦੀ ਹੈ। ਖਾਲਸਾ ਜੀ ਇਹ ਗੱਲ ਤਾਂ ਹੁਣ ਸਿਰਫ ਕਹਿਣ ਮਾਤਰ ਹੈ ਕਿਉਂਕਿ ਜਾਤ ਪਾਤ ਦੇ ਸਿੱਖਾਂ ਵਿਚੋਂ ਆਮ ਕਰਕੇ ਖੁਲ੍ਹੇ ਦਰਸ਼ਨ ਦੀਦਾਰੇ ਹੁੰਦੇ ਹਨ, ਹੁਣ ਤੇ ਜਾਤ ਪਾਤ ਦੀ ਕਹਾਣੀ ਵੀ ਓਰੇ ਰਹਿ ਗਈ ਹੈ, ਅਸੀਂ ਤਾਂ ਹੁਣ ਵੱਖ ਵੱਖ ਜੱਥੇਬੰਦੀਆਂ,ਟਕਸਾਲਾਂ ਤੇ ਡੇਰਿਆਂ ਦੇ ਰੂਪ ਵਿੱਚ ਕਈ ਕਈ ਟੁੱਕੜਿਆਂ ਵਿੱਚ ਵੰਡੇ ਹੋਏ ਹਾਂ। ਇਸ ਨਿਆਰੇ ਖਾਲਸਾ ਪੰਥ ਦੇ ਥੋਕ ਰੂਪ ਵਿੱਚ ਬ੍ਰਾਹਮਣੀ ਕਰਮਕਾਂਡ ਦੇ ਅਜੇਹੇ ਅਸਥਾਨਾਂ ਤੋਂ ਦਰਸ਼ਨ ਕੀਤੇ ਜਾ ਸਕਦੇ ਹਨ। ਦੁੱਖ ਇਸ ਗੱਲ ਦਾ ਹੈ ਕਿ ਹਰੇਕ ਟੁੱਕੜਾ ਅੱਜ ਆਪਣੇ ਆਪ ਨੂੰ ਪੰਥ ਦੱਸ ਰਿਹਾ ਹੈ ਤੇ ਆਪ ਬ੍ਰਾਹਮਣੀ ਦਲ਼ਦਲ਼ ਵਿੱਚ ਗਲ਼ ਗਲ਼ ਫਸਿਆ ਹੋਇਆ ਹੈ। ਕੀ ਅਸੀਂ ਇਸ ਮਹਾਨ ਵੈਸਾਖੀ ਤੋਂ ਆਪਸੀ ਵਿਤਕਰਿਆ ਦੀ ਦੀਵਾਰ ਨੂੰ ਤੋੜ ਨਹੀਂ ਸਕਦੇ?
ਵੈਸਾਖੀ ਦਾ ਤੀਜਾ ਸੁਨੇਹਾਂ ਨਿਰਭਉ ਹੋ ਕਿ ਨਿਰਵੈਰ ਦੇ ਸਫਰ ਨੂੰ ਤਹਿ ਕਰਨਾ ਹੈ ਪਰ ਅੱਜ ਸਿੱਖ ਗੁਰਬਾਣੀ ਪੜ੍ਹ ਕੇ ਕਰਮ ਕਾਂਡ ਦੀ ਦੁਨੀਆਂ ਤੋਂ ਨਿਰਭਉ ਨਹੀਂ ਹੋ ਸਕਿਆ। ਅੱਜ ਸਾਡੇ ਸੁਭਾਅ ਵਿੱਚ ਸੁੱਚ ਸ਼ਬਦ ਅੜਿਆ ਹੋਇਆ ਏ ਤੇ ਫਿਰ ਕੀ ਅਸੀਂ ਆਪਣੇ ਭਰਾਵਾਂ ਪ੍ਰਤੀ ਨਿਰਵੈਰ ਹੋ ਸਕਦੇ ਹਾਂ? ਵੈਰ ਭਾਵਨਾਂ ਤਾਂ ਇਤਨੀ ਗਹਿਰੀ ਸਾਡੇ ਵਿੱਚ ਵੱਸੀ ਪਈ ਏ ਕਿ ਹਰ ਸਿੱਖ ਇਹ ਹੀ ਕਹਿੰਦਾ ਸੁਣੀਦਾ ਹੈ ਕਿ ਮੈਂ ਫਲਾਣੇ ਡੇਰੇ ਦਾ ਅੰਮ੍ਰਿਤ ਛੱਕਿਆ ਹੋਇਆ ਹੈ। ਸਾਰੀ ਮਨੁੱਖਤਾ ਨੂੰ ਪਿਆਰ ਗਲਵੱਕੜੀ ਵਿੱਚ ਲੈਣ ਵਾਲਾ ਸੁਨੇਹਾਂ ਛੱਡ ਕੇ ਹੈਂਕੜ-ਬਾਜ਼ੀ ਤੇ ਚੌਧਰ ਦੀ ਆਪਸੀ ਭੁੱਖ ਕਰਕੇ ਨਿਰਵੈਰ ਨਹੀਂ ਹੋ ਸਕੇ। ਵੈਸਾਖੀ ਦਾ ਚੌਥਾ ਸੁਨੇਹਾਂ ਵਿਕਾਸ ਤਥਾ ਉਸਾਰੀ ਦਾ ਹੈ। ਆਓ ਇਸ ਵਿਸਾਖੀ ਦੇ ਦਿਹਾੜੇ ਤੇ ਨਿਆਰੇ ਸਮਾਜ ਦੀ ਸਿਰਜਣਾ ਕਰਨ ਵਿੱਚ ਆਪਣਾ ਨਿਗਰ ਯੋਗਦਾਨ ਪਾਈਏ, ਵੈਸਾਖੀ ਵਿਕਾਸ ਲੀਹਾਂ ਨੂੰ ਤਰਜੀਹ ਦੇਂਦੀ ਹੈ, ਘਸੀਆਂ ਪਿਟੀਆਂ ਲੀਹਾਂ ਵਿਚੋਂ ਬਾਹਰ ਆ ਕਿ ਸੁੰਦਰ ਰਸਤਿਆਂ ਦੇ ਪਾਂਧੀ ਬਣਾਉਂਦੀ ਹੈ। ਵੈਸਾਖੀ ਤਾਂ ਅਸੀਂ ਹਰ ਸਾਲ ਮਨਾਉਂਦੇ ਹਾਂ ਪਰ ਕੀ ਸਾਡੇ ਵਿੱਚ ਕੋਈ ਤਬਦੀਲੀ ਵੀ ਆਈ ਹੈ? ਜੇ ਸਾਡੇ ਮਾਨਸਿਕ, ਸਮਾਜਿਕ ਤੇ ਧਾਰਮਿਕ ਜੀਵਨ ਵਿੱਚ ਨਵ ਉਸਾਰੀ ਦਾ ਨਿਰਮਾਣ ਨਹੀਂ ਹੋ ਰਿਹਾ ਤਾਂ ਫਿਰ ਵੈਸਾਖੀ ਸਾਨੂੰ ਨਵੇਂ ਸਿਰੇ ਤੋਂ ਸੋਚਣ ਲਈ ਮਜ਼ਬੂਰ ਕਰਦੀ ਹੈ ਕਿਸੇ ਕਵੀ ਦੀਆਂ ਖੂਬਸੂਰਤ ਸਤਰਾਂ ਹਨ:– ਪਾਵਨ ਦਰਸ ਤੇ ਉਹੀ ਦੀਦਾਰ ਕਰਦੇ, ਉੱਠ ਰਾਹ ਪਿਆਰੇ ਦਾ ਮੱਲਦੇ ਜੋ। ਪਹੁੰਚਣ ਵਤਨ ਪਿਆਰੇ ਲਈ ਉਹੀ ਬੰਦੇ, ਪੀੜਾਂ ਵਿੱਚ ਮੁਸਾਫਰੀ ਝੱਲਦੇ ਜੋ।