ਗੁਰਮਤਿ ਗਿਆਨ ਮਿਸ਼ਨਰੀ ਕਾਲਜ
Gurmat Gian Missionary College

ਪ੍ਰਿੰ. ਗੁਰਬਚਨ ਸਿੰਘ ਪੰਨਵਾਂ # 99155-29725

ਪੰਜਾਬ ਦੀ ਉਖੜੀ ਹੋਈ ਸਿਆਸਤ

ਪੰਜਾਬ ਦੀ ਸਾਰੀ ਸਿਆਸਤ ਉਖੜੀ ਹੋਈ ਫਿਰਦੀ ਹੈ। ਕਿਸੇ ਵੀ ਰਾਜਨੀਤਿਕ ਪਾਰਟੀ ਕੋਲ ਪੰਜਾਬ ਲਈ ਨੀਤੀਵੱਤ ਪ੍ਰੋਗਰਾਮ ਨਹੀਂ ਹੈ। ਪੰਜਾਬ ਦੇ ਸੂਝਵਾਨ ਨੇਤਾ ਵੀ ਇਕ ਦੂਜੇ ਤੇ ਦੂਸ਼ਨਬਾਜ਼ੀ ਵਿੱਚ ਰੁਝੇ ਹੋਏ ਹਨ। ਭਾਰਤੀ ਜਨਤਾ ਪਾਰਟੀ ਇਸ ਵਕਤ ਤਕਰੀਬਨ ਸਾਰੇ ਭਾਰਤ ਵਿਚ ਰਾਜ ਕਰ ਰਹੀ ਹੈ। ਪੰਜਾਬ ਦੇ ਨੇਤਾ ਭੱਜ ਭੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ ਪਰ ਕੋਈ ਵੀ ਨੇਤਾ ਪੰਜਾਬ ਦੇ ਮਸਲੇ ਦੀ ਗੱਲ ਨਹੀਂ ਕਰਦਾ। ਸਾਰੇ ਭੰਭਲਭੂਸੇ ਵਿਚ ਪਏ ਹੋਏ ਹਨ।
ਭੰਭਲ ਭੂਸੇ ਦਾ ਅਰਥ ਹੈ ਅਵਾਰਾ ਫਿਰਨਾ। ਭਰਮ ਵਿਚ ਘਬਰਾਉਣਾ, ਇਹ ਪਤਾ ਨਾ ਲਗਣਾ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ। ਮਹਾਨ ਕੋਸ਼ ਵਿਚ ਅਰਥ ਹਨ ਜਿਵੇਂ ਕੁਤਾ ਸ਼ੀਸ਼ੇ ਦੇ ਮਕਾਨ ਵਿੱਚ ਧੋਖਾ ਖਾ ਕੇ ਆਪਣੇ ਅਕਸ ਨੂੰ ਦੇਖ ਕੇ ਭੌਂਕਦਾ ਹੈ, ਭਾਵ ਭੁਲੇਖੇ ਵਿੱਚ ਪੈਣਾ, ਜਿਹਾ ਕਿ ਚੌਥੇ ਪਾਤਸ਼ਾਹ ਜੀ ਦਾ ਸਪੱਸ਼ਟ ਫਰਮਾਣ ਹੈ–
ਜੋ ਸਤਿਗੁਰਿ ਫਿਟਕੇ ਸੇ ਸਭ ਜਗਤਿ ਫਿਟਕੇ ਨਿਤ ਭੰਭਲ ਭੂਸੇ ਖਾਹੀ ਪੰਨਾ 309
ਜਿਹੜਾ ਸਿਧਾਂਤ, ਨਿਯਮਾਂਵਲੀ, ਇਮਾਨਦਾਰੀ, ਵਫ਼ਾਦਾਰੀ, ਸਤਿ-ਸੰਤੋਖ ਆਦਿਕ ਦੈਵੀ ਗੁਣਾਂ ਤੇ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਛੱਡ ਜਾਂਦਾ ਹੈ ਉਹ ਭੰਭਲ ਭੂਸੇ ਵਿਚ ਪਿਆ ਹੋਇਆ ਹੈ। ਉਂਝ ਤਾਂ ਪੰਜਾਬ ਦੀ ਰਾਜਨੀਤੀ 1849 ਤੋਂ ਹੀ ਲੀਹੋਂ ਉੱਤਰ ਗਈ ਸੀ ਪਰ ਰਹਿੰਦੀ ਕਸਰ 1947 ਤੇ 1966 ਵਿੱਚ ਪੂਰੀ ਹੋ ਗਈ। ਇਹ ਅਵਸਥਾ ਸੁਧਰਨ ਦੀ ਬਜਾਏ ਦਿਨ-ਬ-ਦਿਨ ਵਿਗੜਦੀ ਹੀ ਗਈ ਹੈ। ਪੰਜਾਬ ਦੀ ਰਾਜਨੀਤੀ ਵਿਚ ਇਸ ਸਮੇਂ ਸਭ ਤੋਂ ਵੱਧ ਨਿਘਾਰ ਆਇਆ ਹੋਇਆ ਹੈ। ਨਿੱਜੀ ਲਾਲਚਾਂ ਤੇ ਪਰਿਵਾਰਵਾਦ ਵਿੱਚ ਫੱਸ ਕੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਤਹਿਸ਼-ਨਹਿਸ਼ ਹੋ ਗਈ ਹੈ। ਅਕਾਲੀ ਦਲ ਬਾਦਲ ਆਪਣੀ ਹੋਂਦ ਬਚਾਉਣ ਲਈ ਸਿਰਤੋੜ ਯਤਨ ਕਰ ਰਿਹਾ ਹੈ। ਚਾਰੇ ਪਾਸਿਉਂ ਨਿਰਾਸ਼ਾ ਹੀ ਪੱਲੇ ਪੈ ਰਹੀ ਹੈ। ਕਾਂਗਰਸ ਪਾਰਟੀ ਨੇ ਕਦੇ ਵੀ ਪੰਜਾਬ ਦੇ ਮੁਦਿਆਂ ਦੀ ਗੱਲ ਨਹੀਂ ਕੀਤੀ। ਆਮ ਪਾਰਟੀ ਦੇ 92 ਐਮ. ਐਲ. ਏ. ਸਾਹ-ਸਤ ਹੀ ਗਵਾ ਗਏ ਹਨ। ਪੰਜਾਬ ਦੇ ਹਾਲਾਤ ਪੂਰੀ ਤਰ੍ਹਾਂ ਉਖੜੇ ਹੋਏ ਹੀ ਦਿਸਦੇ ਹਨ ਤੇ ਅਗਾਂਹ ਵੀ ਪੰਜਾਬ ਦੀ ਸਿਆਸਤ ਵਿਚ ਹਨੇਰਾ ਹੀ ਹਨੇਰਾ ਦਿਸਦਾ ਹੈ। ਪੰਜਾਬ ਵਿੱਚ ਜ਼ਿੰਮੇਵਾਰ ਲੀਡਰ ਕੋਈ ਵੀ ਨਹੀਂ ਦਿਸਦਾ ਜਿਸ ਨੂੰ ਪੰਜਾਬ ਦੇ ਮੁਦਿਆਂ ਦੀ ਸਾਰ ਹੋਵੇ। ਸਭ ਦੀ ਡੰਗ ਟਪਾਊ ਤੇ ਪਰਵਾਰਵਾਦ ਦੀ ਨੀਤੀ ਹੈ।
ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰ ‘ਤੇ ਵਿਦੇਸ਼ੀ ਹਕੂਮਤ, ਮੁਗ਼ਲ ਸਲਤਨਤ, ਮੁਸਲਮਾਨੀ ਰਾਜ ਦੇ ਖ਼ਾਤਮੇ ਦੀ ਸ਼ੁਰੂਆਤ ਕਰਨ ਦਾ ਸਿਹਰਾ ਬੱਝਦਾ ਹੈ। ਇਨਾਂ ਤੋਂ ਮਗਰੋਂ ਭਾਈ ਨਾਨੂ ਸਿੰਘ ਦਿਲਵਾਲੀ ਦੇ ਸਪੁਤਰ ਭਾਈ ਦਰਬਾਰਾ ਸਿੰਘ ਨੇ ਸਿੱਖ ਫੋਜ ਦੀ ਕਮਾਂਡ ਸੰਭਾਲੀ। ਧਾਰਮਿਕ ਆਗੂ ਭਾਈ ਮਨੀ ਸਿੰਘ ਸਨ। 1716 ਤੋਂ ਲੈ ਕੇ 1733 ਤਕ ਸਿੱਖ ਫੌਜ ਦੀ ਬੜੀ ਸੁਜੱਚੀ ਅਗਵਾਈ ਕੀਤੀ। 1734 ਤੋਂ 1753 ਤਕ ਜੱਥੇਦਾਰੀ ਨਵਾਬ ਕਪੂਰ ਸਿੰਘ ਜੀ ਨੇ ਸੰਭਾਲੀ। ਛੋਟਾ ਘੱਲੂਘਾਰਾ ਹੁੰਦਾ ਹੈ। 1753 ਵਿਚ ਸਰਦਾਰ ਜੱਸਾ ਸਿੰਘ ਅਹਲੂਵਾਲੀਆਂ ਨੇ ਸਿੱਖ ਫੋਜ ਦੀ ਕਮਾਂਡ ਸੰਭਾਲੀ। 1783 ਵਿੱਚ ਜੱਸਾ ਸਿੰਘ ਅਹਾਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ ਤੇ ਸਰਦਾਰ ਬਘੇਲ ਸਿੰਘ ਦੀ ਅਗਵਾਈ ਵਿੱਚ 30 ਹਜ਼ਾਰ ਫੌਜ ਦੀ ਮਦਦ ਨਾਲ ਦਿੱਲੀ ਦੇ ਲਾਲ ਕਿਲ੍ਹੇ ’ਤੇ ਨੀਲਾ ਨਿਸ਼ਾਨ ਸਾਹਿਬ ਲਹਿਰਾਇਆ।
ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਨਿਰਸੰਦੇਹ ਬਹੁਤ ਵਧੀਆ ਸੀ ਪਰ ਅਗਾਂਹ ਲੀਡਰ ਪੈਦਾ ਨਹੀਂ ਕਰ ਸਕਿਆ। ਜਿਸ ਦਾ ਨਤੀਜਾ ਅੰਗਰੇਜ਼ਾਂ ਦਾ ਪੰਜਾਬ ‘ਤੇ ਕਬਜ਼ਾ ਹੋ ਗਿਆ।
1873 ਵਿਚ ਸਿੰਘ ਸਭਾ ਲਹਿਰ ਨੇ ਕਾਬਲ ਆਗੂ, ਵਿਦਵਾਨ, ਅਖ਼ਬਾਰ ਨਵੀਸ, ਉਸਤਾਦ-ਪ੍ਰੋਫੈਸਰ, ਲੇਖਕ, ਪ੍ਰਚਾਰਕ ਤੇ ਵਿਦਵਾਨ ਪੈਦਾ ਕੀਤੇ ਜਿੰਨ੍ਹਾਂ ਸਿੱਖ ਸਰੋਕਾਰਾਂ ਤੇ ਪੰਜਾਬ ਦੇ ਸਭਿਆਚਾਰ ਲਈ ਜਾਨ ਲਾ ਕੇ ਕੰਮ ਕੀਤਾ। ਸਕੂਲਾਂ ਕਾਲਜਾਂ ਦਾ ਹੜ੍ਹ ਲਿਆਂਦਾ।
ਦੇਸ਼ ਪੰਜਾਬ ਦੀ ਬੇਹਤਰੀ ਲਈ ਅਕਾਲੀ ਦਲ ਹੋਂਦ ਵਿਚ ਆਇਆ। ਇਹ ਇਕ ਅਜੇਹੀ ਖੇਤਰੀ ਪਾਰਟੀ ਸੀ ਜੋ ਪੰਜਾਬ ਦੇ ਸਹੀ ਤਥਾਂ ਨੂੰ ਸਮਝ ਕੇ ਦੇਸ਼ ਪੰਜਾਬ ਦੀ ਅਜ਼ਾਦੀ ਲਈ ਲੜੇ। ਪਰ ਛੇਤੀ ਹੀ ਕਰਮ ਚੰਦ ਤੇ ਨਹਿਰੂ ਵਰਗਿਆਂ ਦੇ ਢਹੇ ਚੜ੍ਹ ਕੇ ਦੇਸ਼ ਪੰਜਾਬ ਨੂੰ ਛੱਡ ਕੇ ਭਾਰਤ ਦੀ ਅਜ਼ਾਦੀ ਵਿਚ ਕੁਦ ਪਏ। ਅਕਾਲੀਏ ਹੁੰਦੇ ਹੋਏ ਕਾਂਗਰਸੀਏ ਬਣ ਗਏ। ਕਾਂਗਰਸ ਨੈਸ਼ਨਲ ਪਾਰਟੀ ਹੋਣ ਦੇ ਨਾਤੇ ਬਾਹਰੋਂ ਧਰਮ ਨਿਰਪੱਖਤਾ ਦਾ ਮੌਖਟਾ ਪਾਇਆ ਹੋਇਆ ਸੀ ਅੰਦਰਖਾਤੇ ਹਿੰਦੂਤਵ ਨਾਲ ਇਕ ਮਿਕ ਹੋਈ ਪਈ ਸੀ।
ਗੁਰਦੁਆਰਾ ਸੁਧਾਰ ਲਹਿਰ ਸਮੇਂ ਅਕਾਲੀ ਆਗੂਆਂ ਵਿਚ ਪ੍ਰਧਾਨਗੀ ਲੈਣ ਲਈ ਦੌੜ ਸ਼ੁਰੂ ਹੋ ਗਈ। ਏਦਾਂ ਵੀ ਕਹਿਆ ਜਾ ਸਕਦਾ ਹੈ ਕਿ ਸਿੱਖ ਆਗੂ ਪੂਰੀ ਤਰ੍ਹਾਂ ਈਰਖਾ ਦੇ ਸ਼ਿਕਾਰ ਹੋ ਗਏ ਸਨ। ਬੇ-ਸ਼ੱਕ ਅਕਾਲੀਏ ਧੜਿਆਂ ਵਿੱਚ ਵੰਡੇ ਗਏ ਪਰ ਸਿੱਖ ਸਰੋਕਾਰ ਅਜੇ ਬਰਕਰਾਰ ਸਨ। ਕੁਝ ਅਕਾਲੀਆਂ ਦੀ ਸੋਚ ਅਜ਼ਾਦ ਪੰਜਾਬ ਪ੍ਰਾਪਤ ਕਰਨ ਦੀ ਸੀ ਜੋ ਕਿ ਵਧੀਆ ਉਪਰਾਲਾ ਸੀ ਪਰ ਉਹ ਸਿਰੇ ਨਹੀਂ ਚੜ੍ਹ ਸਕੀ।
1947 ਤੋਂ ਮਗਰੋਂ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਦੇ ਹੱਕਾਂ ਵਾਸਤੇ ਵੱਡੀ ਜਦੋ-ਜਹਿਦ ਕੀਤੀ, ਜਦ ਕਿ ਸਾਥੀ ਵਜ਼ੀਰੀਆਂ ਅਤੇ ਤਾਕਤ ਵਾਸਤੇ ਕਾਂਗਰਸ ਦੀ ਝੋਲੀ ਪੈ ਕੇ ਪੰਥ ਨਾਲ ਗਦਾਰੀ ਕਰਨ ਲਈ ਤਿਆਰ ਹੋ ਗਏ। ਮਾਸਟਰ ਤਾਰਾ ਸਿੰਘ ਤੇ ਉਸ ਦੇ ਸਾਥੀ ਇਕੱਲੇ ਰਹਿ ਗਏ।
ਹੁਕਮ ਸਿੰਘ, ਬਲਦੇਵ ਸਿੰਘ, ਗਿਆਨ ਸਿੰਘ ਰਾੜੇਵਾਲੇ ਵਰਗੇ ਵਜ਼ੀਰੀਆਂ ਦੇ ਲਾਲਚ ਵਿਚ ਫਸ ਗਏ। ਕੱਟੜ-ਫਿਰਕੂ ਹਿੰਦੂਆਂ ਵਾਂਙ ਇਹ ਲੀਡਰ ਪੱਕੇ ਦੇਸ਼ ਭਗਤ ਬਣ ਗਏ ਸਨ। ਦੂਸਰੇ ਪਾਸੇ ਜਦੋਂ ਉਨ੍ਹਾਂ ਨੂੰ ਕੁਝ ਨਹੀਂ ਮਿਲਦਾ ਸੀ ਤਾਂ ਉਹ ਵਾਪਸ ਪੰਥ ਵਲ ਮੁੜ ਆਉਂਦੇ ਸਨ। ਹਾਲਾਤ ਏਦਾਂ ਦੇ ਬਣ ਗਏ ਦੋ ਦਹਾਕੇ ਵਜ਼ੀਰੀਆਂ ਦਾ ਨਿੱਘ ਮਾਣਦਿਆਂ ਪੂਰੀ ਤਰ੍ਹਾਂ ਪੰਥ ਅਤੇ ਪੰਜਾਬ ਵਲੋਂ ਪਿੱਠ ਮੋੜ ਗਏ ਸਨ। ਜ਼ੈਲ ਸਿੰਘ, ਦਰਬਾਰਾ ਸਿੰਘ, ਬੂਟਾ ਸਿੰਘ, ਸਵਰਨ ਸਿੰਘ, ਗੁਰਦਿਆਲ ਸਿੰਘ ਵਰਗੇ ਕਦੇ ਪੰਥ ਵਲ ਨਹੀਂ ਮੁੜੇ। ਇਹ ਅਜੇਹੇ ਲੀਡਰ ਸਨ ਜਿਹੜੇ ਪੰਥ ਅਤੇ ਪੰਜਾਬ ਨਾਲ ਗਦਾਰੀ ਵੱਧ ਵੱਧ ਕੇ ਕਰਦੇ ਸਨ। ਮੁਕਦੀ ਗੱਲ ਕਿ ਇਨ੍ਹਾਂ ਲੀਡਰਾਂ ਲਈ ਪੰਜਾਬ, ਪੰਜਾਬੀ, ਪੰਥ, ਤੇ ਸਿਖ ਸਰੋਕਾਰਾਂ ਲਈ ਕੋਈ ਥਾਂ ਨਹੀਂ ਸੀ। ਕਾਂਗਰਸੀ ਸਿੱਖ ਲੀਡਰਾਂ ਨੇ ਜਨਸੰਘ ਵਾਂਙ ਸਦਾ ਪੰਜਾਬੀ ਸੂਬੇ ਦੀ ਵਿਰੋਧਤਾ ਕੀਤੀ। ਕਮਿਉਨਿਸਟ ਪਾਰਟੀਆਂ ਨੇ ਕਦੇ ਵੀ ਪੰਜਾਬ ਦੇ ਮੁਦਿਆਂ ਦੀ ਗੱਲ ਨਹੀਂ ਕੀਤੀ ਹੈ।
1947 ਉਪਰੰਤ ਪੰਜਾਬ ਵਿਚ ਪਹਿਲਾ ਮੁਖ ਮੰਤ੍ਰੀ ਗੋਪੀ ਚੰਦ ਭਾਰਗਵ, ਭੀਮ ਚੰਦ ਸੱਚਰ,ਪ੍ਰਤਾਪ ਸਿੰਘ ਕੈਰੋਂ, ਰਾਮ ਕ੍ਰਿਸ਼ਨ, ਗਿਆਨੀ ਗੁਰਮੁਖ ਸਿੰਘ ਮੁਸਾਫ਼ਰ, ਗੁਰਨਾਮ ਸਿੰਘ ਜਸਟਿਸ, ਲਛਮਣ ਸਿੰਘ ਗਿੱਲ, ਪ੍ਰਕਾਸ਼ ਸਿੰਘ ਬਾਦਲ, ਗਿਆਨੀ ਜ਼ੈਲ ਸਿੰਘ, ਦਰਬਾਰਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਬੀਬੀ ਰਜਿੰਦਰ ਕੌਰ ਭੱਠਲ,ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਤੇ ਹੁਣ ਭਗਵੰਤ ਸਿੰਘ ਮਾਨ ਹਨ।
ਨਿਰਸੰਦੇਹ ਪ੍ਰਤਾਪ ਸਿੰਘ ਕੈਰੋਂ ਨੇ ਖੇਤੀ ਯੂਨੀਵਰਸਿਟੀ, ਪੱਕੀਆਂ ਸੜਕਾਂ, ਸਮਾਲ ਇੰਡਸਟਰੀ ਮੁਰੱਬੇ ਬੰਦੀ ਵਰਗੇ ਕੰਮਾਂ ਨੂੰ ਪਹਿਲ ਦਿੱਤੀ। ਇਹ ਸਾਰਾ ਕੁਝ ਸਾਂਝੇ ਪੰਜਾਬ ਦੇ ਸਮੇਂ ਹੋਇਆ। ਜਦੋਂ ਪੰਜਾਬੀ ਸੂਬਾ ਬਣਿਆਂ ਤਾਂ ਇਹ ਅਧੂਰਾ ਬਣਾਇਆ ਗਿਆ। ਪੰਜਾਬੀ ਸੂਬੇ ਦੀ ਵਿਰੋਧਤਾ ਵੀ ਪ੍ਰਤਾਪ ਸਿੰਘ ਕੈਰੋਂ ਕਰਦਾ ਰਿਹਾ। ਚੰਡੀਗੜ੍ਹ, ਭਾਖੜਾ ਡੈਮ, ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖੇ ਗਏ। ਅਕਾਲੀਏ ਇਨ੍ਹਾਂ ਦੀ ਪਰਾਪਤੀ ਲਈ ਮੋਰਚੇ ਲਗਾਉਂਦੇੇ ਰਹੇ ਤੇ ਪੰਜਾਬ ਦੀਆਂ ਬਾਕੀ ਸਾਰੀਆਂ ਰਾਜਸੀ ਪਾਰਟੀਆਂ ਅਕਾਲੀਆਂ ਦੀ ਇਸ ਮੰਗ ਦਾ ਵਿਰੋਧ ਕਰਦੀਆਂ ਰਹੀਆਂ। ਸਭ ਤੋਂ ਵੱਡੀ ਬਦ ਕਿਸਮਤੀ ਪੰਜਾਬ ਦੀ ਇਹ ਰਹੀ ਹੈ, ਕਿ ਜਿਹੜੇ ਅਕਾਲੀਏ ਰਾਜ ਸਤਾ ਹਾਸਲ ਕਰਨ ਲਈ ਪੰਜਾਬ ਦੀਆਂ ਹੱਕੀ ਮੰਗਾਂ ਦੀ ਗੱਲ ਕਰਦੇ ਸਨ ਪਰ ਰਾਜ ਭਾਗ ਦੇ ਮਾਲਕ ਬਣਦਿਆਂ ਹੀ ਸਾਰਾ ਕੁਝ ਭੁਲ ਭੁਲਾ ਜਾਂਦੇ ਸਨ।
1966 ਉਪਰੰਤ ਪੰਜਾਬ ਵਿਚ ਕਾਂਗਰਸੀਏ ਤੇ ਅਕਾਲੀਏ, ਵਾਰੀ ਵਾਰੀ ਪੰਜਾਬ ‘ਤੇ ਹਕੂਮਤ ਕਰਦੇ ਰਹੇ। ਇਹ ਦੋਵੇਂ ਪਾਰਟੀਆਂ ਰਾਜਸੀ ਸਤਾ ਦਾ ਪੂਰਾ ਅਨੰਦ ਮਾਣਦੀਆਂ ਰਹੀਆਂ ਪਰ ਪੰਜਾਬ ਲਈ ਕਿਸੇ ਵੀ ਕੁਝ ਨਹੀਂ ਕੀਤਾ। ਕਾਂਗਰਸ ਦਾ ਮੁਖ ਮੰਤ੍ਰੀ ਹੀ ਉਸ ਨੂੰ ਲਾਇਆ ਜਾਂਦਾ ਸੀ ਜਿਹੜਾ ਕਾਂਗਰਸੀ ਸੂਬਿਆਂ ਦੇ ਹੱਕ ਵਿਚ ਭੁਗਤੇ। ਹਰੀ ਕੇ ਪੱਤਣ ਤੋਂ ਨਹਿਰਾਂ ਦੀ ਪ੍ਰਵਾਨਗੀ ਪ੍ਰਤਾਪ ਸਿੰਘ ਕੈਰੋਂ ਨੇ ਦਿੱਤੀ ਤੇ ਦੂਜਾ ਸੁਪਰੀਮ ਕੋਰਟ ਵਿਚੋਂ ਪਾਣੀਆਂ ਦਾ ਕੇਸ ਕਾਂਗਰਸੀ ਦਰਬਾਰਾ ਸਿੰਘ ਨੇ ਵਾਪਸ ਲੈ ਕੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਪਰ ਚੀਫ਼ ਮਨਿਸਟਰੀ ਫਿਰ ਵੀ ਨਾ ਰਹੀ।
ਸ਼੍ਰੋਮਣੀ ਅਕਾਲੀ ਦਲ ਪੰਜਾਬ ਲਈ ਬਹੁਤ ਮਜ਼ਬੂਤ ਖੇਤਰੀ ਪਾਰਟੀ ਸੀ ਪਰ ਲਾਲਚ ਵੱਸ ਤੇ ਪ੍ਰਵਾਰਕ ਮੋਹ ਦੀ ਭੇਟ ਚੜ੍ਹ ਗਈ। ਸ਼੍ਰੋਮਣੀ ਅਕਾਲੀ ਦਲ ਇਖ਼ਲਾਕੀ ਕਿਰਦਾਰ ਤੋਂ ਕਿਨਾਰਾ ਕਰਦਿਆਂ ਚੀਫ਼ ਮਨਿਸਟਰੀ ਹਾਸਲ ਕਰਨ ਲਈ ਕੱਟੜ ਫਿਰਕੂ ਜਨਸੰਘ (ਭਾਰਤੀ ਜਨਤਾ ਪਾਰਟੀ) ਨਾਲ ਸਮਝੌਤਾ ਕਰਦੀ ਰਹੀ। ਅਕਾਲੀਏ ਕਾਮਰੇਡ ਖੱਬਿਆਂ ਤੇ ਸੱਜਿਆਂ ਨਾਲ ਵੀ ਸਮਝੋਤਾ ਕਰਦੇ ਰਹੇ ਜਦ ਕਿ ਧਾਰਮਿਕ ਤੇ ਪੰਜਾਬ ਦੇ ਸਰੋਕਾਰਾਂ ਸਬੰਧੀ ਕਾਮਰੇਡਾਂ ਤੇ ਅਕਾਲੀਆਂ ਦੀ ਸੋਚ ਦਾ ਬਹੁਤ ਵੱਡਾ ਅੰਤਰ ਹੈ। ਭਾਰਤੀ ਜਨਤਾ ਪਾਰਟੀ ਨੇ ਅਕਾਲੀਆਂ ਨੂੰ ਆਪਣੇ ਫਿਰਕੂ ਰੰਗ ਵਿਚ ਰੰਗ ਲਿਆ। ਪ੍ਰਕਾਸ਼ ਸਿੰਘ ਬਾਦਲ ਵੋਟਾਂ ਲਈ ਮੁਕਟ ਪਹਿਨ ਕੇ ਹਵਨ ਕਰਦੇ ਮੱਥੇ ‘ਤੇ ਤਿਲਕ ਲਗਾਉਂਦੇ ਰਹੇ, ਗੁਟਾਂ ‘ਤੇ ਮੌਲੀਆਂ ਬੰਨ੍ਹ ਲਈਆਂ। ਆਪਣੀਆਂ ਰਵਾਇਤਾਂ ਵਲੋਂ ਪੂਰੀ ਤਰ੍ਹਾਂ ਮੂੰਹ ਮੋੜ ਲਿਆ। ਡੇਰਾਵਾਦ ਦੇ ਸਭਿਆਚਾਰ ਨੂੰ ਸਿੱਖੀ ਵਿਹੜੇ ਵਿਚ ਬਾਦਲ ਪਰਿਵਾਰ ਨੇ ਸਥਾਪਿਤ ਕਰਕੇ ਸਿੱਖੀ ਨਾਲ ਧ੍ਰੋਹ ਕਮਾਇਆ। ਜੇ ਅਕਾਲੀਆਂ ਨੇ ਸਤਲੁਜ ਜਮਨਾ ਨਹਿਰ ਦੀ ਹਾਮੀ ਭਰੀ ਤਾਂ ਦਰਬਾਰਾ ਸਿੰਘ ਨੇ ਸੁਪਰੀਮ ਕੋਰਟ ਵਿਚੋਂ ਪਾਣੀਆਂ ਦਾ ਕੇਸ ਵਾਪਸ ਲੈ ਕੇ ਪੰਜਾਬ ਨਾਲ ਚਿੱਟੇ ਦਿਨ ਗਦਾਰੀ ਕੀਤੀ। ਬੇਅੰਤ ਸਿੰਘ ਦੇ ਰਾਜਕਾਲ ਵਿਚ ਨੌਜਵਾਨਾਂ ਦਾ ਚੁਣ ਚੁਣ ਕੇ ਸ਼ਿਕਾਰ ਕੀਤਾ ਜਾਂਦਾ ਰਿਹਾ।
ਪੰਜਾਬ ਨੂੰ ਲੀਹ ‘ਤੇ ਲਿਆਉਣ ਦੀ ਥਾਂ ‘ਤੇ ਅਣਖ਼ੀ ਪੰਜਾਬੀਆਂ ਨੂੰ ਮੁਫ਼ਤ ਦੀਆਂ ਸਹੂਲਤਾਂ ਦੇ ਕੇ ਵਿਹਲੜ ਬਣਾ ਧਰਿਆ। ਮਿਹਨਤ ਕੱਸ਼ ਲੋਕਾਂ ਨੂੰ ਆਟਾ ਦਾਲ ਮੁਫਤ ਦੇ ਕੇ ਪੰਜਾਬ ਸਿਰ ਅਰਬਾਂ ਦਾ ਕਰਜ਼ਾ ਚਾੜ੍ਹ ਦਿੱਤਾ। ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਂਦਿਆਂ ਆਪਣੇ ਕਾਰੋਬਾਰ ਸਥਾਪਿਤ ਕਰ ਲਏ। ਜਿਹੜੀ ਆਮਦਨ ਸਰਕਾਰ ਨੂੰ ਆਉਣੀ ਸੀ ਉਹ ਆਮਦਨ ਇਨ੍ਹਾਂ ਕੋਲ ਚਲੀ ਗਈ। ਵਿਕਾਸ ਦੀਆਂ ਸਕੀਮਾਂ ਫੇਲ੍ਹ ਹੁੰਦੀਆਂ ਗਈਆਂ। ਅਕਾਲੀਆਂ ਤੇ ਕਾਂਗਰਸੀਆਂ ਨੇ ਪੰਜਾਬ ਲਈ ਕੋਈ ਵੀ ਦੂਰ ਦ੍ਰਿਸ਼ਟੀ ਨਾਲ ਵਿਉਂਤ ਬੰਦੀ ਨਹੀਂ ਕੀਤੀ।

ਸਭ ਤੋਂ ਵੱਧ ਰੌਲ਼ਾ ਅਕਾਲੀਆਂ ਦੇ ਰਾਜ ਵਿਚ ਰੇਤ ਮਾਫੀਆ ਤੇ ਚਿੱਟੇ ਦੇ ਨਸ਼ੇ ਦਾ ਪਿਆ। ਸ਼ਰੋਮਣੀ ਅਕਾਲੀ ਦਲ ਬਾਦਲ ਨੇ ਪੰਜਾਬ ਲਈ ਕੁਝ ਕਰਨਾ ਸੀ ਪਰ ਇਹ ਆਪਣਾ ਵਪਾਰ ਵਧਾਉਣ ਵਿੱਚ ਲੱਗ ਗਏ।। ਅਜੇਹੇ ਸਮੇਂ ਵੀ ਆਏ ਜਦੋਂ ਬਾਦਲ ਦੀ ਕੇਂਦਰ ਵਿਚ ਪੂਰੀ ਤੂਤੀ ਬੋਲਦੀ ਸੀ ਪਰ ਬਾਦਲ ਨੇ ਸੀਨੀਅਰ ਅਕਾਲੀਆਂ ਨੂੰ ਦਰ-ਕਿਨਾਰ ਕਰਕੇ ਆਪਣੀ ਨੂੰਹ ਨੂੰ ਵਜ਼ੀਰੀ ਲੈ ਦਿੱਤੀ।

ਸੀਨੀਅਰ ਅਕਾਲੀਆਂ ਨਾਲੋਂ ਹਰਸਿਮਰਤ ਕੌਰ ਸਭ ਤੋਂ ਛੋਟੀ ਉਮਰ ਦੀ ਸੀ। ਬੀਬਾ ਹਰਸਿਮਰਤ ਕੌਰ ਦੀ ਪੰਥ ਤੇ ਪੰਜਾਬ ਪ੍ਰਤੀ ਕੋਈ ਕੁਰਬਾਨੀ ਨਹੀਂ ਤੇ ਨਾ ਹੀ ਉਸ ਨੂੰ ਕੋਈ ਤਜਰਬਾ ਸੀ।

1984 ਉਪਰੰਤ ਵਾਪਰੀਆਂ ਘਟਨਾਵਾਂ, ਜ਼ੁਲਮ ਕਰਨ ਵਾਲੇ ਪੁਲਸੀਆਂ ਨੂੰ ਸਜਾਵਾਂ, ਬੇ-ਕਸੂਰ ਨੌਜਵਾਨਾਂ ਦੇ ਕਤਲਾਂ ਦੀ ਪੜਤਾਲ, ਧਰਮੀ ਫੌਜੀਆਂ ਦੇ ਮੁੜ ਵਸੇਬੇ ਲਈ, ਸਿੱਖ ਰੈਫ੍ਰੈਂਸ ਲਾਇਬ੍ਰੇਰੀ ਦੀਆਂ ਪੁਸਤਕਾਂ ਆਦਿ ਸਬੰਧੀ ਅਕਾਲੀਆਂ ਕਦੇ ਕੋਈ ਗੱਲ ਨਹੀਂ ਕੀਤੀ। ਓਲਟਾ ਅਕਾਲੀ ਦਲ ਨੇ ਆਪਣਾ ਮੁਖ ਦਫਤਰ ਅੰਮ੍ਰਿਤਸਰ ਤੋਂ ਬਦਲ ਕੇ ਚੰਡੀਗੜ੍ਹ ਬਣਾ ਲਿਆ। ਅਜੇਹੇ ਵਰਤਾਰੇ ਵਿਚ ਅਕਾਲੀ ਦਲ ਬਾਦਲ ਨੇ ਪੂਰੀ ਤਰ੍ਹਾਂ ਪੰਥ ਵਲੋਂ ਪਿੱਠ ਮੋੜ ਲਈ। ਰਹਿੰਦੀ ਕਸਰ ਬਾਦਲ ਪੰਥਕ ਸਰੋਕਾਰਾਂ ਨੂੰ ਰੋਲਦਿਆਂ ਵੋਟਾਂ ਲੈਣ ਲਈ ਸੌਦਾ ਸਾਧ ਦੇ ਪੈਰਾਂ ਵਿੱਚ ਜਾ ਬੈਠਾ। ਬਾਦਲ ਨੇ ਏੱਥੇ ਬੱਸ ਨਹੀਂ ਕੀਤੀ, ਸੌਧਾ ਸਾਧ ਨੂੰ ਬਿਨਾਂ ਮੰਗਿਆਂ ਮੁਆਫੀ ਦਿੱਤੀ ਤੇ ਸ਼੍ਰੌਮਣੀ ਕਮੇਟੀ ਕੋਲੋਂ 90 ਲੱਖ ਦੇ ਇਸ਼ਤਿਹਾਰ ਦੇਣੇ ਦੇ ਕੇ ਆਪਣੀ ਅਕਲ ਦਾ ਜਲੂਸ ਕੱਢਿਆ।

ਪਿਉ ਮੁਖ ਮੰਤਰੀ ਪੁਤ ਗ੍ਰਹਿ ਮੰਤਰੀ ਹੋਵੇ ਤੇ ਇਨ੍ਹਾਂ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਗਿਣ ਮਿਥ ਕੇ ਬੇਅਦਬੀ ਹੋਵੇ ਪਰ ਬਾਦਲ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ, ਉਲਟਾ ਸਿੱਖ ਨੌਜਵਾਨਾਂ ‘ਤੇ ਹੀ ਨਜਾਇਜ਼ ਪਰਚੇ ਬਣਾ ਧਰੇ। ਏਦੂੰ ਵੱਧ ਹੋਰ ਬੇ-ਸ਼ਰਮੀ ਕਿਹੜੀ ਹੋ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੁਹਾਡੇ ਰਾਜ ਵਿਚ ਹੋਈ ਹੈ ਤੁਹਾਡੇ ਲਈ ਡੁਬ ਕੇ ਮਰਨ ਵਾਲੀ ਗੱਲ ਸੀ।

ਫਿਰ ਕਾਂਗਰਸ ਸਰਕਾਰ ਆਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਉਨ੍ਹਾਂ ਵੀ ਕੱਖ ਨਹੀਂ ਕੀਤਾ। ਮੁਕਦੀ ਗੱਲ 1966 ਤੋਂ ਲੈ ਕੇ 1922 ਤਕ ਕਾਂਗਰਸ ਤੇ ਅਕਾਲੀਏ ਉਤਰ ਕਾਂਟੋ ਮੈਂ ਚੜ੍ਹਾਂ ਵਾਲੀ ਖੇਡ ਖੇਡਦੇ ਰਹੇ। ਪੰਜਾਬ ਦੇ ਲੋਕ ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਬਹੁਤ ਅਵਾਜ਼ਾਰ ਹੋ ਚੁਕੇ ਸਨ।

ਕੇਂਦਰ ਵਿੱਚ ਡਾ. ਮਨਮੋਹਨ ਸਿੰਘ ਦੀ ਦੋ ਵਾਰ ਰਲ਼ੀ ਮਿਲ਼ੀ ਸਰਕਾਰ ਬਣੀ। ਅੰਨਾ ਹਜ਼ਾਰੇ ਨੂੰ ਚੇਤਾ ਆ ਗਿਆ ਕਿ ਮੈਂ ਵੀ ਆਪਣੇ ਬਾਰੇ ਲੋਕਾਂ ਨੂੰ ਕੁਝ ਦੱਸ ਦਿਆਂ। ਡਾ. ਮਨਮੋਹਨ ਸਿੰਘ ਦੀ ਸਰਕਾਰ ਨੂੰ ਲੀਹ ਤੋਂ ਲਾਹੁੰਣ ਲਈ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਜਨ ਲੋਕਪਾਲ ਬਿੱਲ ਲਿਆਉਣ ਲਈ ਅਗਸਤ 2011 ਨੂੰ ਦਿੱਲੀ ਵਿਚ ਅੰਦੋਲਨ ਸ਼ੁਰੂ ਕੀਤਾ। ਲਗ-ਪਗ ਬਹੁਤ ਸਾਰੀਆਂ ਪਾਰਟੀਆਂ ਸਮਰੱਥਨ ਵਿਚ ਆ ਗਈਆਂ। ਭਾਰਤੀ ਜਨਤਾ ਪਾਰਟੀ ਨੇ ਇਸ ਅੰਦੋਲਨ ਨੂੰ ਆਪਣੇ ਹੱਕ ਵਿਚ ਭੁਗਤਾਅ ਲਿਆ। ਅੰਨਾ ਹਜ਼ਾਰੇ ਦੇ ਅੰਦੋਲਨ ਚੋਂ ਕੇਜਰੀਵਾਲ ਪੈਦਾ ਹੋਇਆ। ਉਸ ਨੇ ਆਮ ਪਾਰਟੀ ਦੀ ਨੀਂਹ ਰੱਖੀ। ਆਮ ਪਾਰਟੀ ਵਿਚ ਬਹੁਤ ਹੀ ਦਾਨਸ਼ਵਰ, ਸੁਹਿਰਦ ਤੇ ਕੁਝ ਕਰਨ ਦੀ ਆਸ ਨਾਲ ਲੋਕ ਸ਼ਾਮਿਲ ਹੋਏ।

ਸਮਾਜ ਸੇਵੀ ਅੰਨਾ ਹਜ਼ਾਰੇ ਰਾਜਨੀਤਿਕ ਪਾਰਟੀ ਬਣਾਉਣ ਦੇ ਹੱਕ ਵਿਚ ਨਹੀਂ ਸੀ। ਫਿਰ ਵੀ ਆਮ ਪਾਰਟੀ ਦਾ ਜਨਮ ਹੋ ਗਿਆ। ਦੇਖਦਿਆਂ ਦੇਖਦਿਆਂ ਉਸ ਦੀ ਪਾਰਟੀ ਨੇ ਦਿੱਲੀ ਵਿੱਚ ਸੀਟਾਂ ਜਿੱਤੀਆਂ ਤੇ ਕਾਂਗਰਸ ਦੀ ਸਹਾਇਤਾ ਨਾਲ ਮੁਖ ਮੰਤ੍ਰੀ ਤਾਂ ਬਣ ਗਿਆ ਪਰ ਥੋੜੇ ਦਿਨਾਂ ਵਿਚ ਹੀ ਸਰਕਾਰ ਡਿੱਗ ਪਈ। ਦੁਬਾਰਾ ਚੋਣ ਵਿਚ ਕੇਜਰੀਵਾਲ ਦੀ ਪਾਰਟੀ ਨੂੰ ਪੂਰਨ ਬਹੁ-ਮਤ ਮਿਲ ਗਿਆ। ਪੂਰੀ ਤਾਕਤ ਹਾਸਲ ਕਰ ਲਈ ਪਰ ਦਿੱਲੀ ਨੂੰ ਪੂਰੇ ਸੂਬੇ ਦੇ ਅਧਿਕਾਰ ਨਹੀਂ ਹਨ।
ਸਰਕਾਰ ਦੇ ਭਰੋਸੇ ਮਗਰੋਂ ਅੰਨਾ ਹਜ਼ਾਰੇ ਨੇ ਆਪਣਾ ਅੰਦੋਲਨ ਖਤਮ ਕਰ ਦਿੱਤਾ। ਇਸ ਅੰਦੋਲਨ ਦਾ ਕੇਜਰੀਵਾਲ ਤੇ ਭਾਰਤੀ ਜਨਤਾ ਪਾਰਟੀ ਨੇ ਪੂਰਾ ਲਾਭ ਉਠਾਇਆ ਜਦ ਕਿ ਕਾਂਗਰਸ ਦਾ ਨੁਕਸਾਨ ਹੋਣਾ ਤਹਿ ਹੋ ਗਿਆ। ਦੂਸਰੇ ਪਾਸੇ ਸ਼ੀਲਾ ਦੀਕਸ਼ਤ ਦਿੱਲੀ ਵਿਚ ਤਿੰਨ ਵਾਰ ਤੋਂ ਮੁਖ ਮੰਤਰੀ ਬਣੀ ਹੋਈ ਸੀ ਆਮ ਪਾਰਟੀ ਇਸ ਖੜੋਤ ਨੂੰ ਤੋੜਨ ਵਿਚ ਕਾਮਯਾਬ ਹੋ ਗਈ ਸੀ।

ਦਿੱਲੀ ਵਿਚ ਕੇਜਰੀਵਾਲ ਨੇ ਹੂੰਝਾ ਫੇਰਵੀਂ ਜਿੱਤ ਹਾਸਲ ਕਰਕੇ ਬੁਲੰਦੀ ਦੇ ਝੰਡੇ ਗੱਡ ਦਿੱਤੇ। ਦਿੱਲੀ ਵਾਸੀਆਂ ਨੇ ਕੇਜਰੀਵਾਲ ਦੇ ਸ਼ਬਦੀ ਜਾਲ ਨੂੰ ਤਰਜੀਹ ਦਿੱਤੀ। ਹੁਣ ਕੇਜਰੀਵਾਲ ਨੇ ਪੰਜਾਬ ਵਲ ਨੂੰ ਮੂੰਹ ਕਰ ਲਿਆ। ਪੰਜਾਬ ਦੇ ਲੋਕਾਂ ਨੇ ਦੋ ਰਵੈਤੀ ਪਾਰਟੀਆਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਕੇਜਰੀਵਾਲ ਦੇ ਧੂੰਆਂਧਾਰ ਲੈਕਚਰ ਤੇ ਭਗਵੰਤ ਸਿੰਘ ਮਾਨ ਦੇ ਚੁਟਕਲਿਆਂ ਨੇ ਪੰਜਾਬ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਪ੍ਰਭਾਵਤ ਕੀਤਾ। ਪੰਜਾਬ ਦੇ ਲੋਕਾਂ ਨੂੰ ਭਾਵੇਂ ਆਮ ਪਾਰਟੀ ਸਬੰਧੀ ਕੋਈ ਬਹੁਤਾ ਭੁਲੇਖਾ ਨਹੀਂ ਸੀ ਫਿਰ ਵੀ ਆਪਣੇ ਸੂਬੇ ਦੀ ਕਿਸਮਤ ਅਜਮਾਉਣ ਲਈ ਰਵਾਇਤੀ ਪਾਰਟੀਆਂ ਨੂੰ ਖੂੰਝੇ ਲਾਉਂਦਿਆਂ 92 ਐਮ. ਐਲ. ਏ. ਜਿਤਾ ਦਿੱਤੇ ਤੇ ਪੰਜਾਬ ਦੇ ਰਾਜ ਭਾਗ ਦੀ ਡੋਰ ਆਮ ਪਾਰਟੀ ਨੂੰ ਫੜਾ ਦਿੱਤੀ। ਆਮ ਆਦਮੀ ਪਾਰਟੀ ਨੂੰ ਪਾਰਲੀਮੈਂਟ ਵਿਚ ਕੁਝ ਸੀਟਾਂ ਮਿਲੀਆਂ। ਆਮ ਆਦਮੀ ਪਾਰਟੀ ਦਾ ਭਾਂਡਾ ਛੋਟਾ ਸੀ ਪਰ ਦਾਣੇ ਬਹੁਤੇ ਪੈ ਗਏ। ਆਮ ਆਦਮੀ ਪਾਰਟੀ ਪੰਜਾਬ ਵਿਚ ਸਰਕਾਰ ਤਾਂ ਬਣਾ ਗਈ ਹੈ ਪਰ ਅਜੇ ਤਕ ਡਾਵਾਂ ਡੋਲ ਹੀ ਫਿਰ ਰਹੀ ਹੈ।

ਪੰਜਾਬ ਦੇ ਮੁਖ ਮੰਤਰੀ ਦੀ ਭਗਵੰਤ ਸਿੰਘ ਮਾਨ ਨੇ ਸੁੰਹ ਚੁਕ ਲਈ ਪਰ ਵਾਗਡੋਰ ਸਾਰੀ ਆਮ ਆਦਮੀ ਪਾਰਟੀ ਨੇ ਆਪਣੇ ਹੱਥ ਰੱਖੀ। ਅਜ਼ਾਦਾਨਾ ਤੌਰ ‘ਤੇ ਕੰਮ ਨਹੀਂ ਕਰਨ ਦਿੱਤਾ। ਮੁਖ ਮੰਤਰੀ ਦੇ ਨਾਲ ਦਿੱਲੀ ਤੋਂ ਆਏ ਪਾਰਟੀ ਕਾਰਕੁੰਨਾਂ ਨੂੰ ਬਹੁਤ ਸਾਰੀਆਂ ਤਾਕਤਾਂ ਦੇ ਕੇ ਸਰਕਾਰੀ ਕੰਟਰੋਲ ਉਨ੍ਹਾਂ ਨੂੰ ਦੇ ਦਿੱਤਾ। ਪੰਜਾਬ ਦੇ ਮੁਖ ਮੰਤਰੀ ਦੂਜਿਆਂ ਸੂਬਿਆਂ ਵਿੱਚ ਪਾਰਟੀ ਦੀ ਚੋਣ ਲੜਨ ਲਈ ਜ਼ਿਆਦਾ ਸਮਾਂ ਦੇਣ ਲੱਗ ਪਏ। ਸਟੇਜ ਤੇ ਧਮਾਕੇਦਾਰ ਭਾਸ਼ਨ ਦੇਣਾ ਹੋਰ ਹੈ ਪਰ ਸੂਬੇ ਲਈ ਬਰੀਕ ਰਾਜਨੀਤੀ ਦੀ ਸੂਝ ਹੋਣਾ ਹੋਰ ਹੈ। ਨਿਰਸੰਦੇਹ ਭਗਵੰਤ ਸਿੰਘ ਮਾਨ ਦੀ ਨਿਯਤ ‘ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ਦੇ ਕੰਮ ਕਰਨ ਦੀ ਸ਼ੈਲੀ ਆਮ ਲੋਕਾਂ ਨੂੰ ਪ੍ਰਭਾਵਤ ਨਹੀਂ ਕਰ ਸਕੀ।

ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਦਾ ਰੁਖ ਦੇਖ ਕੇ ਬਹੁਤ ਸਾਰੇ ਨੇਤਾ ਆਪ ਹੀ ਪਾਰਟੀ ਨੂੰ ਛੱਡ ਗਏ ਜਾਂ ਉਨ੍ਹਾਂ ਨੂੰ ਕੱਢ ਦਿੱਤਾ। ਆਮ ਪਾਰਟੀ ਦਾ ਢਾਂਚਾ ਤਾਂ ਜ਼ਰੂਰ ਖੜਾ ਹੋ ਗਿਆ ਪਰ ਤਾਕਤ ਸਾਰੀ ਆਮ ਪਾਰਟੀ ਦੇ ਸੁਪਰੀਮੋ ਨੇ ਆਪਣੇ ਹੱਥ ਵਿਚ ਹੀ ਰੱਖੀ। ਆਮ ਪਾਰਟੀ ਨੇ ਪੰਜਾਬ ਦੇ ਵਿਕਾਸ ਲਈ ਕੋਈ ਠੋਸ ਨੀਤੀ ਨਹੀਂ ਬਣਾਈ। ਆਮ ਪਾਰਟੀ ਦੇ ਆਗੂਆਂ ਨੂੰ ਪੰਜਾਬ ਦੇ ਸਭਿਆਚਾਰ ਤੇ ਸਰੋਕਾਰਾਂ ਦੀ ਵੀ ਸੂਝ ਨਹੀਂ ਹੈ। ਪੰਜਾਬ ਵੱਸਦਾ ਗੁਰਾਂ ਦੇ ਨਾਂ ‘ਤੇ ਅਮੁਲੇ ਸਿਧਾਂਤ ਨੂੰ ਤਿਲਾਂਜਲੀ ਦੇ ਕੇ ਆਪਣਾ ਨਵਾਂ ਫੋਟੋਆਂ ਦਾ ਸਭਿਆਚਾਰ ਘੜ ਲਿਆ। ਇਹ ਸਭਿਆਚਾਰ ਥੋੜੀਆਂ ਵੋਟਾਂ ਤਾਂ ਲੈ ਕੇ ਦੇ ਸਕਦਾ ਹੈ ਪਰ ਪੰਜਾਬ ਦੀ ਰੂਹ ਤੋਂ ਕੋਹਾਂ ਦੂਰ ਹੈ। ਪੰਜਾਬ ਦੇ ਲੋਕ ਗੁਰੂਆਂ ਦੀ ਰੂਹ ਨਾਲ ਜੁੜੇ ਹੋਏ ਹਨ।  

ਸੁਖਬੀਰ ਸਿੰਘ ਬਾਦਲ ਵਲੋਂ ਬਣਾਏ ਸੁਖ ਵਿਲਾਸ ਦੀ ਜਾਂਚ ਪੜਤਾਲ ਕਰਾਉਣ ਦੀ ਥਾਂ ‘ਤੇ ਜਾਂ ਕੇਸ ਦਰਜ ਕਰਨ ਤੋਂ ਪਹਿਲਾਂ ਹੀ ਧੂਆਂਧਾਰ ਬਿਆਨ ਦੇਣੇ, ਚੰਗੇ ਤਾਂ ਲਗਦੇ ਹਨ ਪਰ ਠੋਸ ਨਤੀਜੇ ਨਹੀਂ ਨਿਕਲਦੇ। ਅਜੇਹੇ ਕਾਹਲੀ ਵਿੱਚ ਦਿੱਤੇ ਬਿਆਨਾਂ ਨਾਲ ਸਥਿੱਤੀ ਹਾਸੋਹੀਣੀ ਬਣ ਗਈ ਹੈ। ਪੰਜਾਬ ਸਰਕਾਰ ਦੀ ਹੁਣ ਤਕ ਦੀ ਕਾਰਗੁਜ਼ਾਰੀ ਪੰਜਾਬੀਆਂ ਨੂੰ ਪ੍ਰਭਾਵਤ ਨਹੀਂ ਕਰ ਸਕੀ। ਮਹੱਲਾ ਕਲੀਨਕ ਬਣਾਉਣ ਦੀ ਥਾਂ ‘ਤੇ ਚੱਲ ਰਹੀਆਂ ਸਰਕਾਰੀ ਡਿਸਪੈਂਸਰੀਆਂ ਨੂੰ ਅਪਡੇਟ ਕਰ ਦੇਣਾ ਚਾਹੀਦਾ ਸੀ। ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਜਿਹੜੇ ਫੈਸਲੇ ਕੀਤੇ ਜਾਂਦੇ ਰਹੇ ਉਹ ਮੁੜ ਵਾਪਸ ਲੈਣੇ ਪਏ। ਤਿੰਨ ਸੌਂ ਯੂਨਿਟ ਬਿਜਲੀ ਸਭ ਨੂੰ ਫਰੀ ਦੇਣੀ ਪੰਜਾਬ ਦੀ ਆਰਥਿਕਤਾ ਦਾ ਲੱਕ ਤੋੜਨ ਦੇ ਬਰਾਬਰ ਹੈ। ਇਹ ਸਹੂਲਤ ਤਾਂ ਕਿਸੇ ਨੇ ਮੰਗੀ ਹੀ ਨਹੀਂ ਸੀ।

ਹੁਣ ਪਾਰਟੀ ਵਲੋਂ ਆਪਣੇ ਨਿਗਦੇ ਅਫ਼ਸਰਾਂ ਨੂੰ ਪੰਜਾਬ ਦੀ ਵਾਗਡੋਰ ਸੰਭਾਲ ਦੇਣੀ, ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਬਹੁਤ ਸਾਰੇ ਵਿਜੀਲੈਂਸ ਨੇ ਕੇਸ ਦਰਜ ਕੀਤੇ ਪਰ ਉਨ੍ਹਾਂ ਨੂੰ ਕਦੋਂ ਬੂਰ ਪਏਗਾ ਕੁਝ ਕਿਹਾ ਨਹੀਂ ਜਾ ਸਕਦਾ? ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਪੂਰੀ ਤਰ੍ਹਾਂ ਨੰਗਿਆ ਕੀਤਾ ਜਾਏਗਾ। ਇਸ ਸਬੰਧੀ ਕੁੰਵਰ ਵਿਜੇ ਪਰਤਾਪ ਸਿੰਘ ਵਿਧਾਨ ਸਭਾ ਵਿਚ ਸਮਾਂ ਮੰਗਦਾ ਆ ਰਿਹਾ ਹੈ ਉਸ ਨੂੰ ਹੁਣ ਤਕ ਬੇਅਦਬੀ ਮੁਆਮਲਿਆਂ ਸਬੰਧੀ ਬੋਲਣ ਦਾ ਸਮਾਂ ਹੀ ਨਹੀਂ ਮਿਲ ਸਕਿਆ। ਹੁਣ ਤਾਂ ਸੁਪਰੀਮ ਕੋਰਟ ਵਿਚੋਂ ਵੀ ਸੌਦਾ ਸਾਧ ਤੇ ਕੇਸ ਚਲਾਉਣ ਦੀ ਆਗਿਆ ਮਿਲ ਗਈ ਹੈ ਦੇਖੋ ਊਠ ਕਿਸ ਕਰਵੱਟ ਬੈਠਦਾ ਹੈ।

ਪੰਜਾਬ ਦੀ ਵਰਤਮਾਨ ਸਥਿੱਤੀ ਸਬੰਧੀ ਸ੍ਰ ਸੁਖਦੇਵ ਸਿੰਘ ਪਤਰਕਾਰ ਦੀ ਟਿੱਪਣੀ ਬੜੀ ਸਾਰਥਿਕ ਹੈ—

ਪ੍ਰਧਾਨ ਮੰਤਰੀ ਵਜੋਂ ਇੰਦਰਾ ਗਾਂਧੀ ਪੰਜਾਬ (ਅਤੇ ਹੋਰਨਾਂ ਸਟੇਟਾਂ) ਦੇ ਵਿਧਾਨਿਕ ਅਧਿਕਾਰ ਰੱਜ ਕੇ ਹਥਿਆਉਂਦੀ ਰਹਿੰਦੀ ਸੀ ਕਿਸੇ ਵੀ ਵਿਸ਼ੇ ਬਾਰੇ ਦਿੱਲੀ ਵਿੱਚ ਮੀਟਿੰਗ ਹੁੰਦੀ ਫਲਸਰੂਪ ਸੂਬਿਆਂ ਦੀ ਕੁਝ ਨਾ ਕੁਝ ਤਾਕਤ ਕੁਤਰਦੀ ਰਹਿੰਦੀ ਸੀ। ਪਰ ਉਹ ਸਭ ਕੁਝ ਇੱਕ ਤਰੀਕੇ, ਸਲੀਕੇ, ਵਿਧੀ ਰਾਹੀਂ ਕਰਦੀ ਸੀ। ਆਪਣੇ ਕਿਸੇ ਮੁਖ ਮੰਤਰੀ ਦੀ ਜਨਤਕ ਤੌਰ ‘ਤੇ ਖੇਹ ਨਹੀਂ ਉਡਾਉਂਦੀ ਸੀ। ਪਰ ਕੇਜਰੀਵਾਲ ਜੀ ਦਾ ਬਾਬਾ ਆਦਮ ਨਿਰਾਲਾ ਹੈ। ਪੰਜਾਬ ਦੇ ਦਿਨ-ਪ੍ਰਤੀ-ਦਿਨ ਦੇ ਰਾਜ ਪ੍ਰਬੰਧ ਕਾਰੋਬਾਰ ਵਿੱਚ ਜਿੰਨਾ ਦਖਲ ਆਮ ਆਦਮੀ ਪਾਰਟੀ ਦੇ ਇਸ ਸੁਪਰੀਮੋ ਦਾ ਹੈ ਇੰਨਾ ਅੱਜ ਤੱਕ 75 ਸਾਲਾਂ ਵਿੱਚ ਨਹੀਂ ਵੇਖਿਆ ਗਿਆ। ਇੰਝ ਲਗਦਾ ਹੈ ਕਿ ਹਰਿਆਣੇ ਦੀਆਂ ਸ਼ਰਮਨਾਕ ਹਾਰਾਂ ਪਿੱਛੋਂ ਤਾਂ ਬਿਲਕੁਲ ਹਫਲ ਗਿਆ ਹੈ। ਕੇਜਰੀਵਾਲ ਨੇ ਮੁਖ ਮੰਤਰੀ ਦੇ ਦਫਤਰ ਅੰਦਰ ਰਿਮੋਟ ਕੰਟਰੋਲ ਰਾਹੀਂ, ਇੱਕ ਢੰਗ ਨਾਲ ਖਰੂਦ ਮਚਾ ਰੱਖਿਆ ਹੈ। ਭਗਵੰਤ ਸਿੰਘ ਮਾਨ ਦੇ ਚਾਰ ਸੀਨੀਅਰ ਵਿਸ਼ਵਾਸ ਪਾਤਰ ਅਫ਼ਸਰਾਂ ਨੂੰ ਜਿਸ ਕੋਝੇ ਢੰਗ ਨਾਲ ਕੱਢਿਆ ਗਿਆ ਉਸ ਤਰ੍ਹਾਂ ਕਿਸੇ ਘਰ ਦੀ ਸੁਆਣੀ ਆਪਣੀ ਝਾੜੂ ਪੋਚਾ ਦੇਣ ਵਾਲੀ ਨੂੰ ਵੀ ਨਹੀਂ ਕੱਢਦੀ। ਪਤੰਦਰ ਕੇਜਰੀਵਾਲ ਨੇ ਹੱਦ ਹੀ ਮੁਕਾ ਦਿੱਤੀ ਹੈ।

ਭਗਵੰਤ ਸਿੰਘ ਮਾਨ ਦੇ ਦਫ਼ਤਰ ਵਿੱਚ ਸਭ ਤੋਂ ਅਹਿਮ ਪੁਜ਼ੀਸ਼ਨ ਤੇ ਆਪਣਾ ਇੱਕ ਪਾਲਤੂ ਬਾਉਂਸਰ ਬਿਠਾ ਦਿੱਤਾ ਜਿਸ ਤੋਂ ਉਸ ਨੇ ਆਪਣੀ ਹੀ ਪਾਰਟੀ ਦੀ ਔਰਤ ਰਾਜ ਸਭਾ ਮੈਂਬਰ ਉੱਪਰ ਕੁਟਾਪਾ ਚੜਵਾਇਆ ਸੀ। ਅਤੇ ਜਿਸ ਉਪਰ ਫੌਜਦਾਰੀ ਕੇਸ ਚੱਲ ਰਿਹਾ ਹੈ ਅਤੇ ਜੋ ਇਸ ਵੇਲੇ ਜ਼ਮਾਨਤ ਤੇ ਹੈ। ਇਹ ਬਾਉਂਸਰ ਹੁਣ ਚੀਫ਼ ਮਨਿਸਟਰ ਦੇ ਪ੍ਰਿਸੀਪਲ ਸਕੱਤਰ ਤਕ ਨੂੰ ਅੱਖਾਂ ਵਿਖਾਵੇਗਾ। ਤਾਨਾ ਸ਼ਾਹੀ ਇਸ ਹੱਦ ਤਕ ਚਲੀ ਗਈ ਕਿ ਰਾਤੋ ਰਾਤ ਕੇ. ਏ. ਪੀ. ਸਿਨਹਾ ਨਾਂ ਦਾ ਇੱਕ ਨਵਾਂ ਨਕੋਰ ਚੀਫ਼ ਸੈਕਟਰੀ ਬਿਠਾ ਦਿੱਤਾ। ਵਰਤਮਾਨ ਮੁਖ ਸਕੱਤਰ ਅਨੁਰਾਗ ਵਰਮਾ ਨੂੰ ਮੱਖਣ ਵਿੱਚੋਂ ਵਾਲ਼ ਵਾਂਙ ਬਾਹਰ ਕੱਢ ਮਾਰਿਆ। ਭਗਵੰਤ ਸਿੰਘ ਮਾਨ ਮੁਖ ਮੰਤਰੀ ਵਜੋਂ ਇਸ ਵਰਤਾਰੇ ਨੂੰ ਕਿਵੇਂ ਵੇਖਦਾ ਹੋਵੇਗਾ? ਕੀ ਉਸ ਨੂੰ ਕੋਈ ਹੇਠੀ ਮਹਿਸੂਸ ਨਹੀਂ ਹੋ ਰਹੀ? ਕੀ ਉਹ ਸ਼ਰਮਸਾਰ ਨਹੀਂ ਹੋ ਰਿਹਾ? ਕੀ ਉਹ ਇਸੇ ਤਨਖਾਹ ‘ਤੇ ਕੰਮ ਕਰਦਾ ਰਹੇਗਾ?

ਇਤਿਹਾਸ ਦੇ ਇਸ ਨਵੇਂ ਅਧਿਆਏ ਦੀ ਗੱਲ ਕਰਦਿਆਂ ਮੈਂ ਹੈਰਾਨ ਪਰੇਸ਼ਾਨ ਹਾਂ। ਪੰਜਾਬ ਨੇ ਆਪਣੀ ਅਜੇਹੀ ਦੁਰਦਸ਼ਾ 1849 ਤੋਂ ਇਲਾਵਾ ਪਹਿਲਾਂ ਜਾਂ ਬਾਅਦ ਵਿੱਚ ਸ਼ਾਇਦ ਕਦੇ ਦੇਖੀ ਵੀ ਨਾ ਹੋਵੇ”।

ਸਾਡਾ ਮੱਥਾ ਤਾਂ ਓਦੋਂ ਹੀ ਠਣਕ ਗਿਆ ਸੀ ਜਦੋਂ ਰਾਜ ਸਭਾ ਦੇ ਮੈਂਬਰ ਬਣਾਉਣ ਸਮੇਂ ਉਨ੍ਹਾਂ ਲੋਕਾਂ ਨੂੰ ਰਾਜ ਸਭਾ ਵਿਚ ਭੇਜ ਦਿੱਤਾ ਜਿੰਨ੍ਹਾਂ ਨੂੰ ਪੰਜਾਬ ਦੇ ਹਿੱਤਾਂ ਦੀ ਕੋਈ ਜਾਣਕਾਰੀ ਨਹੀਂ ਹੈ। 92 ਐਮ. ਐਲ. ਏ ਮਨਿਸਟਰਾਂ ਜਾਂ ਆਮ ਪਾਰਟੀ ਦੇ ਕਿਸੇ ਕਾਰਕੁੰਨ ਨੇ ਕਦੇ ਵੀ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ। ਹਾਲਤ ਏਦਾਂ ਦੇ ਪੈਦਾ ਹੋ ਗਏ ਹਨ ਕਿ ਭਗਵੰਤ ਸਿੰਘ ਮਾਨ ਹਸਪਤਾਲ ਵਿਚ ਦਾਖਲ ਹੋਇਆ ਕੋਈ ਪਤਾ ਲੈਣ ਵੀ ਨਹੀਂ ਗਿਆ।

ਅਸੀਂ ਪੰਜਾਬ ਇਕਾਈ ਦੀ ਆਮ ਪਾਰਟੀ ਨੂੰ ਸਲਾਹ ਦਿੰਦੇ ਹਾਂ ਕਿ ਅਜੇ ਵੀ ਸਮਾਂ ਹੈ ਕਿ ਪੰਜਾਬ ਦੇ ਪੁਤ ਬਣ ਕੇ ਕੋਈ ਪੰਜਾਬ ਲਈ ਸਖਤ ਸਟੈਂਡ ਲਓ। ਪੰਜਾਬ ਦੇ ਹਿੱਤਾਂ ਦੀ ਗੱਲ ਕਰੋ। ਕੇਂਦਰ ਨਾਲ ਟੱਕਰ ਲੈਣ ਦੀ ਥਾਂ ‘ਤੇ ਪੰਜਾਬ ਦੇ ਮਸਲੇ ਹੱਲ ਕਰਉਣ ਲਈ ਨੀਤੀਵਾਨ ਬਣੋ।

ਭਾਰਤੀ ਜਨਤਾ ਪਾਰਟੀ ਵਿਚ ਇਸ ਵੇਲੇ ਬਹੁਤੇ ਲੀਡਰ ਦੂਜੀਆਂ ਪਾਰਟੀਆਂ ਵਿਚੋਂ ਗਏ ਹਨ। ਜੇ ਕੋਈ ਪੰਜਾਬ ਦਾ ਦਰਦ ਰੱਖਦਾ ਹੈ ਤਾਂ ਜਨਤਾ ਪਾਰਟੀ ਵਿਚ ਰਹਿੰਦਿਆਂ ਕੋਈ ਪੰਜਾਬ ਲਈ ਪੈਕਜ ਲੈ ਲਓ ਨਹੀਂ ਤਾਂ ਇਤਿਹਾਸ ਤੂਹਾਨੂੰ ਵੀ ਮੁਆਫ਼ ਨਹੀਂ ਕਰੇਗਾ। ਪੰਜਾਬ ਦੇ ਮੁਦਿਆਂ ਲਈ ਸਾਰੀਆਂ ਪਾਰਟੀਆਂ ਨੂੰ ਆਪਣੇ ਵਖਰੇਵੇਂ ਛੱਡ ਕੇ ਪੰਜਾਬ ਨਾਲ ਜੁੜੇ ਮੁਦਿਆਂ ਦੀ ਗੱਲ ਕਰਨੀ ਚਾਹੀਦੀ ਹੈ। ਇਕ ਦੂਜੇ ਤੇ ਦੂਸ਼ਣਬਾਜ਼ੀ ਚੁਟਕਲਿਆਂ ਰਾਹੀਂ ਲਾਉਣੀ ਬੜੀ ਚੰਗੀ ਲਗਦੀ ਹੈ, ਪਰ ਇਹ ਪੰਜਾਬ ਦਾ ਕੁਝ ਵੀ ਸਵਾਰ ਨਹੀਂ ਸਕਦੀ।

ਪੰਜਾਬ ਦੀ ਸਮੁਚੀ ਲੀਡਰਸ਼ਿੱਪ ਵਿਚ ਇਖ਼ਲਾਕ ਪੱਖੋਂ ਬਹੁਤ ਵੱਡਾ ਨਿਘਾਰ ਆ ਚੁਕਾ ਹੈ।

ਇਕ ਚਾਕ ਹੋ ਤੋ ਸੀਂ ਲੂੰ, ਹਮਦਮ ਗਿਰੇਬਾਂ ਆਪਨਾ,

ਜ਼ਾਲਮ ਨੇ ਫਾੜ ਡਾਲਾ ਹੈ ਯਿਹ ਤਾਰ ਤਾਰ ਕਰ ਕੇ।