ਗੁਰਮਤਿ ਗਿਆਨ ਮਿਸ਼ਨਰੀ ਕਾਲਜ Gurmat Gian Missionary College

ਪ੍ਰਿੰ: ਗੁਰਬਚਨ ਸਿੰਘ

ਸਿੱਖ ਮਸਲਿਆਂ ਨੂੰ ਉਲਝਾਇਆ ਕਿਉਂ ਜਾਂਦਾ ਹੈ?

ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ— ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ॥ (ਵਾਰ-੧, ਪਉੜੀ-੪੫) “(ਸਾਰੇ) ਜਗਤ ਵਿਖੇ (ਹੁਕਮ ਦਾ) ਸਿੱਕਾ ਮਾਰਿਆ ਅਤੇ ਬਾਬੇ ਨਾਨਕ ਨੇ ਹਉਮੈ ਰੂਪੀ ਮੈਲ ਤੋਂ ਰਹਿਤ ਪੰਥ ਤੋਰਿਆ”। ਭਾਰਤ ਵਿਚ ਇਕ ਸਮਾਂ ਸੀ ਜਦੋਂ ਜੋਗ ਮਤ ਦਾ ਪੂਰਾ ਬੋਲਬਾਲਾ ਸੀ। ਯੋਗਮਤ ਦੇ ਸਾਧਨ ਏੰਨੇ ਕਠਨ ਹੋ ਗਏ ਕਿ ਆਮ ਲੋਕ ਇਸ ਦੇ ਧਾਰਨੀ ਨਾ ਹੋ ਸਕੇ। ਜੋਗ ਮਤ ਦੇ ਸਾਧਨ ਬਹੁਤ ਗੁੰਝਲ਼ਦਾਰ ਹੋਣ ਕਰਕੇ ਇਹ ਮਤ ਆਮ ਲੋਕਾਂ ਦਾ ਧਰਮ ਨਾ ਰਹਿ ਗਿਆ। ਆਮ ਲੋਕ ਸਿਧ ਜੋਗੀਆਂ ਨੂੰ ਮੰਨਦੇ ਤਾਂ ਜ਼ਰੂਰ ਸਨ ਪਰ ਉਹਨਾਂ ਦਾ ਮਤ ਧਾਰਨ ਕਰਨ ਲਈ ਤਿਆਰ ਨਹੀਂ ਸਨ। ਕਈ ਰਾਜੇ ਜੋਗੀ ਬਣ ਗਏ ਜਿਸ ਨਾਲ ਰਾਜਨੀਤੀ ਤੇ ਸਮਾਜ ਵਿਚ ਇਕ ਖਲਾਅ ਪੈਦਾ ਹੋ ਗਿਆ। ਰਾਜਨੀਤਿਕ ਲਡਿਰਸ਼ਿੱਪ ਕੰਮਜ਼ੋਰ ਪੈਣ ਨਾਲ ਮੁਲਕ ਦੀ ਸੁਰੱਖਿਆ ਦਾ ਢਾਂਚਾ ਢਹਿ ਢੇਰੀ ਹੋ ਗਿਆ।
ਆਰੀਆ ਲੋਕਾਂ ਨੇ ਭਾਰਤ ਵਿਚ ਆ ਕਿ ਮੂਲ ਭਾਰਤੀਆਂ ਨੂੰ ਹਰਾ ਦਿੱਤਾ। ਆਰੀਆਂ ਕੋਲ ਗਿਆਨ ਸੀ ਇਸ ਲਈ ਉਹਨਾਂ ਨੇ ਨਵੇਂ ਬਿਰਤਾਂਤ ਸਿਰਜਣ ਲਈ ਆਪਣੀ ਵਿਦਿਆ ਦੁਆਰਾ ਨਵੇਂ ਗ੍ਰੰਥਾਂ ਨੂੰ ਜਨਮ ਦਿੱਤਾ। ਜਿਸ ਦਾ ਪ੍ਰਭਾਵ ਭਾਰਤ ਵਾਸੀਆਂ ਨੇ ਸਹਿਜੇ ਕਬੂਲ ਕਰ ਲਿਆ। ਰਾਜ ਕਰਨ ਦੀ ਭਾਵਨਾ ਨਾਲ ਆਪਣੇ ਆਪ ਨੂੰ ਕਹਿ ਦਿੱਤਾ ਕਿ ਬ੍ਰਾਹਮਣ ਦੇ ਸਤਿਕਾਰ ਨਾਲ ਹੀ ਸਭ ਕੁਝ ਪ੍ਰਾਪਤ ਹੋ ਸਕਦਾ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਰੱਬ ਦੇ ਮੱਥੇ ਵਿਚੋਂ ਬ੍ਰਾਹਮਣ ਪੈਦਾ ਹੋਇਆ ਹੈ ਤੇ ਬਾਕੀ ਸਰੀਰ ਦੇ ਹੇਠਲੇ ਹਿੱਸੇ ਵਿਚੋਂ ਹੋਰ ਜਾਤਾਂ ਵਾਲੇ ਲੋਕ ਪੈਦਾ ਹੋਏ ਹਨ। ਭਾਰਤ ਦਾ ਪਹਿਲਾ ਰਹਿਬਰ ਗੁਰੂ ਨਾਨਕ ਹੋਇਆ ਜਿਸ ਨੇ ਲਲਕਾਰਾ ਮਾਰਦਿਆਂ ਧਾਰਮਿਕ ਆਗੂ ਬ੍ਰਾਹਮਣ ਨੂੰ ਕਿਹਾ ਕਿ ਸਦੀਆਂ ਤੋਂ ਚਲੀ ਆ ਰਹੀ ਤੇਰੀ ਮਰਯਾਦਾ ਨੂੰ ਮੈਂ ਮੰਨਣ ਲਈ ਤਿਆਰ ਨਹੀਂ ਹਾਂ ਤੇ ਨਾ ਹੀ ਮੈਂ ਤੈਨੂੰ ਗੁਰੂ ਮੰਨਦਾ ਹਾਂ– ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ॥ (੪੭੧)
ਸਦੀਆਂ ਤੋਂ ਇਹ ਮਰਿਯਾਦਾ ਤੁਰੀ ਆ ਰਹੀ ਸੀ ਕਿ ਨੌਂ ਸਾਲ ਦੀ ਉਮਰ ਵਿਚ ਹੀ ਬੱਚੇ ਨੂੰ ਇਹ ਦ੍ਰਿੜ ਕਰਾ ਦਿੱਤਾ ਜਾਂਦਾ ਸੀ ਕਿ ਅੱਜ ਤੋਂ ਬਾਅਦ ਬ੍ਰਾਹਮਣ ਹੀ ਤੇਰਾ ਗੁਰੂ ਹੋਵੇਗਾ। ਗੁਰੂ ਨਾਨਕ ਸਾਹਿਬ ਜੀ ਨੇ ਨਵੀਂ ਵਿਚਾਰਧਾਰਾ ਦੇ ਕੇ ਨਵੀਂ ਕੌਮ ਦਾ ਅਗਾਜ਼ ਕੀਤਾ। ਆਪਸੀ ਭਾਈਚਾਰਕ ਸਾਂਝ, ਸੇਵਾ, ਬੀਰਤਾ, ਜੱਥੇਬੰਦੀ ਤੇ ਕੁਰਬਾਨੀ ਵਾਲੇ ਗੁਣਾਂ ਨੂੰ ਨਵਾਂ ਜਨਮ ਦਿੱਤਾ। ਨਾਨਕਈ ਫਲਸਫੇ ਦੀ ਸਿੱਖਿਆ ਨੇ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਤੌਰ ‘ਤੇ ਬੜਾ ਭਾਰੀ ਇਨਕਲਾਬ ਪੈਦਾ ਕੀਤਾ। ਜਿਹੜੇ ਸਿਧਾਂਤ ਗੁਰੂ ਨਾਨਕ ਸਾਹਿਬ ਜੀ ਨੇ ਨਿਰਧਾਰਤ ਕੀਤੇ ਸਨ ਉਨ੍ਹਾਂ ਸਿਧਾਂਤਾਂ ਦੀ ਕਾਇਮੀ ਲਈ ਸਰਕਾਰੀ ਜਬਰ ਦਾ ਸ਼ਿਕਾਰ ਵੀ ਹੋਣਾ ਪਿਆ। ਗੁਰੂ ਅਰਜਨ ਪਾਤਸ਼ਾਹ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਨੇ ਇਹ ਸਾਬਤ ਕਰ ਦਿੱਤਾ ਕਿ ਜ਼ੁਲਮ ਦੇ ਵਿਰੋਧ ਡੱਟਿਆ ਜਾ ਸਕਦਾ ਹੈ। ਮਨੁੱਖਤਾ ਦੇ ਮੁੱਢਲੇ ਹੱਕਾਂ ਦੀ ਸਲਾਮਤੀ, ਅਣਖ਼, ਗੈਰਤ ਤੇ ਸਵੈਮਾਣ ਨੂੰ ਜਿਉਂਦਾ ਰੱਖਣ ਲਈ ਕੁਰਬਾਨੀ ਦੇਣੀ ਹੀ ਪੈਂਦੀ ਹੈ। ਰਾਜਸੀ ਸਤਾ ਵਾਲਿਆਂ ਨੂੰ ਇਹ ਡਰ ਅੰਦਰੋ-ਅੰਦਰੀ ਖਾਈ ਜਾ ਰਿਹਾ ਸੀ ਕਿ ਅਨੰਦਪੁਰ ਦੀਆਂ ਗਤੀ ਵਿਧੀਆਂ ਸਾਡੇ ਰਾਜ ਨੂੰ ਹਿਲਾ ਸਕਦੀਆਂ ਹਨ। ਜੇ ਇਹ ਲੋਕ ਆਪਣੇ ਹੱਕਾਂ ਲਈ ਜਾਗਰੂਕ ਹੋ ਗਏ ਤਾਂ ਸਾਡੇ ਵਾਸਤੇ ਸਮੱਸਿਆਂ ਪੈਦਾ ਕਰ ਸਕਦੇ ਹਨ ਤੇ ਇਹ ਡਰ ਉਨ੍ਹਾਂ ਲਈ ਹੈ ਵੀ ਸੱਚਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਨੰਦਪੁਰ ਦੇ ਕਿਲ੍ਹੇ ਵਿਚੋਂ ਸਮੇਂ ਦੀਆਂ ਸਰਕਾਰਾਂ ਨੂੰ ਆਪਣੇ ਜ਼ੁਲਮੀ ਰਾਜ ਦਾ ਸਰਵ ਨਾਸ਼ ਪਰਤੱਖ ਦਿਖਾਈ ਦਿਸ ਰਿਹਾ ਸੀ। ਮਨੁੱਖਤਾ ਦੀ ਅਜ਼ਾਦੀ ਲਈ, ਰਾਜਸੀ ਜ਼ੁਲਮ ਦੇ ਵਿਰੋਧ ਤੇ ਆਪਸੀ ਭਾਈਚਾਰਕ ਸਾਂਝ ਨੂੰ ਪੱਕਿਆਂ ਕਰਨ ਲਈ ਗੁਰਦੇਵ ਪਿਤਾ ਨੇ ਪਰਵਾਰ ਤਕ ਦੀ ਕੁਰਬਾਨੀ ਦੇ ਦਿੱਤੀ।
ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਪੰਜਾਬ ਦੀ ਅਜ਼ਾਦੀ ਲਈ ਨਾਦੇੜ ਤੋਂ ਭੇਜਿਆ। ਅੱਠ ਸਾਲ ਤਕ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਲੀ ਤੋਂ ਲਾਹੌਰ ਤਕ ਦੀਆਂ ਸਰਕਾਰਾਂ ਨੂੰ ਕੰਬਣ ਲਾ ਦਿੱਤਾ। ਮੇਰਾ ਸਿਰ ਜਾਏ ਤਾਂ ਜਾਏ ਪਰ ਮੇਰਾ ਸਿੱਖੀ ਸਿਦਕ ਨਾ ਜਾਏ ਗਉਂਦਿਆਂ ਗਉਂਦਿਆਂ ਚਾਰ ਸਾਲ ਦੇ ਬੱਚੇ ਸਮੇਤ ਸ਼ਹਾਦਤ ਦਾ ਉਹ ਜਾਮ ਪੀਤਾ, ਜਿਸ ਦਾ ਸੰਸਾਰ ਵਿਚ ਕੋਈ ਬਦਲ ਨਹੀਂ ਹੈ। ਅਬਦਾਲੀ ਵਰਗੇ ਲੁਟੇਰਿਆਂ ਨੂੰ ਠੱਲ ਪਾਈ, ਖੈਬਰ ਦੇ ਦਰਿਆਂ ਨੂੰ ਬੰਦ ਕਰਨ ਦਾ ਕਾਰਜ ਖਾਲਸੇ ਦੇ ਹੀ ਹਿੱਸੇ ਆਇਆ। ਇਸ ਸਾਰੇ ਬਿਰਤਾਂਤ ਤੇ ਬੰਦਾ ਸਿੰਘ ਦੀ ਸ਼ਹਾਦਤ ਨੂੰ ਡਾਕਟਰ ਦਿਲਗੀਰ ਜੀ ਲਿਖਦੇ ਹਨ ਕਿ ੧੭੬੫ ਤਕ ਸਿੱਖ ਹੋਮ ਲੈਂਡ ਦਾ ਰਾਹ ਪੱਧਰਾ ਹੋ ਗਿਆ ਸੀ। ਪੰਚਾਇਤੀ ਰਾਜ ਨੂੰ ਪ੍ਰਫੁੱਲਤ ਕਰਦਿਆਂ ੧੨ ਮਿਸਲਾਂ ਕਾਇਮ ਕਰ ਲਈਆਂ। ਇਹਨਾਂ ਰਿਆਸਤਾਂ ਨੂੰ ਇਕੱਠਾ ਕਰਨ ਵਿਚ ਮਹਾਂਰਾਜਾ ਰਣਜੀਤ ਸਿੰਘ ਨੇ ਪਹਿਲ ਕਰਦਿਆਂ ਖਾਲਸਾ ਸਰਕਾਰ ਦੇ ਰੂਪ ਵਿਚ ਸਾਕਾਰ ਕੀਤਾ ਗਿਆ। ਏੱਥੋਂ ਤਕ ਆਉਂਦਿਆਂ ਆਉਂਦਿਆਂ ਸਿੱਖ ਲੀਡਰਸ਼ਿੱਪ ਸਿੱਖੀ ਆਦਰਸ਼ ਤੋਂ ਦੂਰ ਵੀ ਹੋ ਗਈ ਸੀ। ਮਿਹਨਤ ਨਾਲ ਬਣਾਇਆ ਹੋਇਆ ਖਾਲਸਾ ਰਾਜ ਆਪਸੀ ਈਰਖਾ ਦੀ ਭੇਟ ਚੜ੍ਹ ਗਿਆ। ਸਿੱਖੀ ਸਿਧਾਂਤ ਵਿਚ ਵੀ ਸਨਾਤਨੀ ਮਤ ਦੀ ਪਾਅ ਚੜ੍ਹਨੀ ਸ਼ੁਰੂ ਹੋ ਚੁੱਕੀ ਸੀ। ਸਿੱਖੀ ਦੇ ਸੋਮੇ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਕੁਝ ਉਹਨਾਂ ਲੋਕਾਂ ਦਾ ਕਬਜ਼ਾ ਹੋ ਗਿਆ ਜਿਨ੍ਹਾਂ ਨੇ ਸਿੱਖ ਸਿਧਾਂਤ ਨੂੰ ਬ੍ਰਾਹਮਣੀ ਫਲਸਫੇ ਵਿਚ ਪੇਸ਼ ਕਰਨਾ ਸ਼ੂਰੂ ਕੀਤਾ।
ਪੰਜਾਬ ਦੇ ਸਮੁੱਚੇ ਮਸਲਿਆਂ ਨੂੰ ਸੁਲਝਾਉਣ ਦੀ ਥਾਂ ‘ਤੇ ਭਾਰਤੀ ਆਗੂ ਉਲਝਾਉਣ ਵਿਚ ਜ਼ਿਆਦਾ ਯਕੀਨ ਰੱਖਦੇ ਸਨ। ਹਿੰਦੂ ਆਗੂ, ਕਾਂਗਰਸੀ ਨੇਤਾ, ਆਰੀਆ ਸਮਾਜੀ (ਕ੍ਰਿਸ਼ਨ, ਖੁਸ਼ਹਾਲ ਚੰਦ, ਰਾਜਾ ਨਰਿੰਦਰ ਨਾਥ ਤੇ ਮਦਨ ਮੋਹਨ ਮਾਲਵੀਆ) ਆਦਿ ਆਗੂਆਂ ਨੇ ਸਿੱਖਾਂ ਨੂੰ ਆਪਣੇ ਨੇੜੇ ਜ਼ਰੂਰ ਰੱਖਿਆ ਪਰ ਕਿਸੇ ਵੀ ਸਿੱਖ ਸਮੱਸਿਆ ਦਾ ਹੱਲ ਨਹੀਂ ਕੀਤਾ। ਇੰਝ ਲੱਗਦਾ ਹੈ ਕਿ ਇਹ ਸਿੱਖਾਂ ਨੂੰ ਭਰਮਾ ਕਿ ਆਪਣਾ ਉੱਲੂ ਹੀ ਸਿੱਧਾ ਰੱਖਦੇ ਸਨ। ਡਾ. ਦਿਲਗੀਰ ਜੀ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੀ ਪੁਸਤਕ ਵਿਚ ਲਿਖਦੇ ਹਨ ਕਿ “ਇਸ ਮਾਰਸ਼ਲ ਕੌਮ ਨੂੰ, ਕੁਰਬਾਨੀਆਂ ਦੇਣ ਵਾਲੀ ਕੌਮ ਨੂੰ, ੧੯੨੯ ਤੋਂ ਲੈ ਕੇ ੧੯੪੭ ਤੱਕ ਗਿੜਗਿੜਾ ਕੇ ਹਿੰਦੂ ਲੀਡਰਾਂ ਰਾਹੀਂ ਅੰਗਰੇਜ਼ਾਂ ਤੋਂ ਫਾਇਦੇ ਤੇ ਰਿਆਇਤਾਂ ਮੰਗਣੀਆਂ ਪਈਆਂ। ੧੨੫ ਦੇ ਕਰੀਬ ਗੁਰਦੁਆਰੇ ਤੇ ਅਰਬਾਂ ਰੁਪਿਆਂ ਦੀ ਜਾਇਦਾਦ ਤੇ ਪ੍ਰਵਾਰਾਂ ਦੇ ਪ੍ਰਵਾਰ ਬਰਬਾਦੀ ਦੇ ਖੂਹ ਵਿਚ ਧੱਕੇ ਗਏ। ਵੈਸ਼ੀਅਤ ਦਾ ਨੰਗਾ ਨਾਚ ਹੋਇਆ। ਮਾਵਾਂ, ਧੀਆਂ ਤੇ ਭੈਣਾਂ ਨੂੰ ਨੋਚਿਆ ਗਿਆ, ਦਰਦਨਾਕ ਘਟਨਾਵਾਂ ਵਾਪਰੀਆਂ, ਜੋ ਕੁਝ ਵੀ ਹੋਇਆ ਉਹ ਪੰਜਾਬ ਦੇ ਸਭਿਆਚਾਰ ਦਾ ਹਿੱਸਾ ਨਹੀਂ ਸੀ। ਮੁਲਕ ਦੀ ਅਜ਼ਾਦੀ ਤੇ ਪੰਜਾਬੀਆਂ ਲਈ ਵੱਢ ਟੁੱਕ, ਚੋਂਦੇ ਖੂਨ, ਲਥ-ਪਥ ਜ਼ਖਮਾਂ ਨਾਲ ਲੱਖਾਂ ਦੀ ਗਿਣਤੀ ਵਿਚ ਆਪਣੀ ਧਰਤੀ ਦੇ ਜਾਏ ਇਧੱਰੋਂ ਉੱਧਰ ਤੇ ਉੱਧਰੋਂ ਇਧੱਰ ਆਏ। ਉਸਤਾਦ ਦਾਮਨ ਦੇ ਬੋਲ ਨੇ— ਲਾਲੀ ਅੱਖੀਆਂ ਦੀ ਭਈ ਦਸਦੀ ਏ, ਰੋਏ ਤੁਸੀਂ ਵੀ ਓ, ਤੇ ਰੋਏ ਅਸੀਂ ਵੀ ਆਂ। ਜਾਗਣ ਵਾਲਿਆਂ ਨੇ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਓ ਤੇ ਸੋਏ ਅਸੀਂ ਵੀ ਆਂ।
ਅਜ਼ਾਦ ਭਾਰਤ ਵਿਚ ਸਿੱਖ ਕੌਮ ਨੂੰ ਉਹ ਦਿਨ ਦੇਖਣੇ ਪਏ ਜਿਸ ਦੀ ਕਦੇ ਆਸ ਨਹੀਂ ਸੀ। ਸਿੱਖ ਕੌਮ ਨੂੰ ਦੂਜੇ ਤੀਜੇ ਦਰਜੇ ਦੇ ਸ਼ਹਿਰੀ ਬਣ ਕਿ ਰਹਿਣ ਲਈ ਮਜ਼ਬੂਰ ਹੋਣਾ ਪਿਆ। ਨਿਗੂਣੀਆਂ ਨਿਗੂਣੀਆਂ ਮੰਗਾਂ ਲਈ ਵੀ ਸਿੱਖ ਕੌਮ ਨੂੰ ਮੋਰਚਿਆਂ ਦਾ ਸਹਾਰਾ ਲੈਣਾ ਪਿਆ। ਪੰਜਾਬੀ ਸੂਬੇ ਲਈ ੧੯੪੭ ਤੋਂ ਲੈ ਕੇ ੧੯੬੬ ਤਕ ੧੯ ਸਾਲ ਸਿੱਖਾਂ ਨੂੰ ਜੇਲ੍ਹਾਂ ਭਰਨੀਆਂ ਪਈਆਂ। ਜਿੱਥੇ ਭਾਰਤੀ ਆਗੂਆਂ ਨੇ ਸਿੱਖਾਂ ਨਾਲ ਵਿਸਵਾਸ਼ਘਾਤ ਕੀਤਾ ਹੈ ਓੱਥੇ ਸਿੱਖ ਨੇਤਾਵਾਂ ਵਿਚ ਲੰਮੇਰੀ ਸੋਚ ਦੀ ਬਹੁਤ ਵੱਡੀ ਘਾਟ ਰੜਕਦੀ ਨਜ਼ਰ ਆਉਂਦੀ ਹੈ। ਉਨ੍ਹਾਂ ਆਗੂਆਂ ‘ਤੇ ਬਹੁਤ ਵੱਡਾ ਗਿਲਾ ਹੈ ਕਿ ਹਾਲਾਤ ਨੂੰ ਸਮਝਣ ਦੇ ਬਾਵਜੂਦ ਵੀ ਸਿੱਖ ਮੁੱਦਿਆਂ ਸਬੰਧੀ ਕਦੀ ਸੋਚਿਆ ਨਹੀਂ ਹੈ। ਹੈਰਾਨ ਹੋਣ ਦੀ ਗੱਲ ਨਹੀਂ, ਸਿੱਖ ਨੇਤਾ ਅੱਜ ਵੀ ਓੱਥੇ ਹੀ ਖੜੇ ਹਨ ਜਿੱਥੇ ਪਹਿਲਾਂ ਖੜੇ ਸੀ। ਅਜੇ ਉਹਨਾਂ ਨੇਤਾਵਾਂ ਵਿਚ ਮਾੜੀ ਮੋਟੀ ਸ਼ਰਮ ਹਯਾ ਸੀ ਪਰ ਹੁਣ ਵਾਲੇ ਤਾਂ ਬੇਸ਼੍ਰਮੀ ਦੀਆਂ ਹੱਦਾਂ ਹੀ ਪਾਰ ਚੁੱਕੇ ਹਨ। ਸਿੱਖ ਨੇਤਾ ਦੱਬ ਕੇ ਦੁਬਿਧਾ ਦੇ ਸ਼ਿਕਾਰ ਹਨ। ਕੌਮੀ ਕੱਦ ਵਾਲਾ ਕੋਈ ਵੀ ਸਿੱਖ ਨੇਤਾ ਨਹੀਂ ਹੈ ਜਿਸ ਨੇ ਆਪਣੀ ਕੋਈ ਧਾਂਕ ਵਾਲੀ ਸਾਖ ਬਣਾਈ ਹੋਵੇ। ਅਕਾਲੀ ਦਲ ਦੇ ਆਗੂ ਤੇ ਵਰਕਰ, ਪੰਥਕ ਸੋਚ ਛੱਡ ਕੇ ਨਿੱਜ ਲਾਭਾਂ ਤਕ ਸੀਮਤ ਹੋ ਕੇ ਰਹਿ ਗਏ ਹਨ। ਸਿੱਖ ਨੇਤਾ ਵੇਲਾ ਵਹਿ ਜਾਣ ‘ਤੇ ਹੀ ਫੋਕੇ ਭਾਸ਼ਨਾਂ ਤੱਕ ਸੀਮਤ ਤੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਵਿਚ ਲੱਗੇ ਹੋਏ ਹਨ। ਆਪਣੇ ਨਿੱਜੀ ਮੁਫਾਦ ਲਈ ਪੰਥ ਨੂੰ ਖਤਰਾ ਦੱਸਦੇ ਰਹੇ ਹਨ। ਮਸਲੇ ਸੁਲਝਣ ਦੀ ਬਜਾਏ ਉਲਝਦੇ ਹੀ ਆ ਰਹੇ ਹਨ। ਪੰਜਾਬ ਅਤੇ ਪੰਥ ਦੇ ਮੁੱਦਿਆਂ ਨੂੰ ਉਲਝਾਉਣ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਸਮੇਂ ਸਮੇਂ ਦੀਆਂ ਸਰਕਾਰਾਂ ਬਰਾਬਰ ਦੇ ਭਾਈਵਾਲ ਹਨ। ਵਰਤਮਾਨ ਸਮੇਂ ਵਿਚ ਸਿੱਖ ਆਗੂਆਂ ਕੋਲ ਕੋਈ ਮੁੱਦਾ ਹੀ ਨਹੀਂ ਰਹਿ ਗਿਆ ਜਾਪਦਾ। ਸ਼੍ਰੋਮਣੀ ਅਕਾਲੀ ਦਲ ਨੇ ਜੇ ਪੰਜਾਬ ਦੇ ਮੁੱਦਿਆਂ ਦੀ ਗੱਲ ਮਨੋ ਕੀਤੀ ਹੁੰਦੀ ਤਾਂ ਅੱਜ ਆਪਣੀ ਹੋਂਦ ਬਚਾਉਣ ਲਈ ਜਦੋ-ਜਹਿਦ ਨਾ ਕਰਨੀ ਪੈਂਦੀ। ਹੁਣ ਤਾਂ ਕੋਈ ਵੀ ਯੋਗ ਆਗੂ ਨਹੀਂ ਰਿਹਾ ਜਿਹੜਾ ਸਮੁੱਚੇ ਤੌਰ ‘ਤੇ ਸਿੱਖ ਮੁੱਦਿਆ ਦੀ ਤਰਜਮਾਨੀ ਕਰ ਸਕਦਾ ਹੋਵੇ। ਵਰਤਮਾਨ ਅਕਾਲੀਆਂ ਦੀ ਸੋਚ ਵਿਚੋਂ ਨਵੀਂ ਲੀਡਰਸ਼ਿੱਪ ਉਬਾਰਣ ਵਾਲਾ ਮੁਦਾ ਵੀ ਖਤਮ ਹੋ ਗਿਆ ਹੈ।
੭ ਜੁਲਾਈ ੧੯੨੩ ਨੂੰ ਮਹਾਰਾਜਾ ਰਿਪੂਦਮਨ ਸਿੰਘ ਨਾਭਾ ਨੂੰ ਰਾਜ ਗੱਦੀ ਤੋਂ ਉਤਾਰ ਦਿੱਤਾ, ਉਸ ਦੀ ਬਹਾਲੀ ਲਈ ਅਕਾਲੀ ਦਲ ਨੇ ਸ੍ਰੀ ਅਖੰਡ ਪਾਠ ਆਰੰਭ ਕਰਾਇਆ, ਜਿਹੜਾ ਅੰਗਰੇਜ਼ ਸਰਕਾਰ ਨੇ ਖੰਡਤ ਕਰ ਦਿੱਤਾ। ਹੁਣ ਮੋਰਚਾ ਅਖੰਡ ਪਾਠ ਦੀ ਬਹਾਲੀ ਲਈ ਸ਼ੁਰੂ ਹੋ ਗਿਆ। ੨੧ ਜੁਲਾਈ ੧੯੨੫ ਨੂੰ ਅਖੰਡ ਪਾਠ ‘ਤੇ ਲਾਈ ਪਾਬੰਧੀ ਨੂੰ ਅੰਗਰੇਜ਼ ਸਰਕਾਰ ਨੇ ਵਾਪਸ ਲੈ ਲਿਆ, ਇੰਝ ਨਾਭਾ ਮਹਾਰਾਜਾ ਦੀ ਬਾਹਲੀ ਵਾਲਾ ਮੁੱਦਾ ਸਦਾ ਲਈ ਗਾਇਬ ਹੋ ਗਿਆ। ਦੇਖਿਆ ਜਾਏ ਤਾਂ ਪੰਜਾਬ ਦੇ ਸਿੱਖ ਨੇਤਾ ਏਸੇ ਦੁਬਿਧਾ ਦੇ ਸ਼ਿਕਾਰ ਰਹੇ ਹਨ। ਮੁਲਕ ਅਜ਼ਾਦ ਹੋਣ ਉਪਰੰਤ, ਜਦੋਂ ਵੀ ਸਿੱਖ ਆਪਣੇ ਕੌਮੀ ਹੱਕਾਂ ਲਈ ਜਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਸਰਕਾਰ ਦੇ ਕੰਨ ‘ਤੇ ਜੂੰ ਨਾ ਸਰਕਦੀ। ਫਿਰ ਅਕਾਲੀ ਦਲ ਨੂੰ ਮੋਰਚਾ ਲਗਾਉਣਾ ਪੈਂਦਾ। ਕੇਂਦਰੀ ਸਰਕਾਰ ਅਕਾਲੀਆਂ ਨੂੰ ਚਵਾਨੀ ਦੇ ਕੇ ਬਾਰ੍ਹਾਂ ਆਨੇ ਖੋਹ ਲੈਂਦੀ ਰਹੀ ਹੈ ਜਾਂ ਕੇਂਦਰੀ ਸਰਕਾਰ ਅਕਾਲੀ ਲੀਡਰਾਂ ਨੂੰ ਹੋਰ ਮਸਲਿਆਂ ਵਿਚ ਉਲ਼ਝਾਅ ਲੈਂਦੀ ਰਹੀ। ਅੱਜ ਪੰਜਾਬ ਦਾ ਕੋਈ ਵੀ ਮੁੱਦਾ ਹੱਲ ਤਾਂ ਕੀ ਹੋਣਾ ਸੀ ਸਗੋਂ ਚਲ ਰਹੇ ਮੱਦਿਆਂ ਤੋਂ ਵੀ ਅਕਾਲੀ ਲੀਡਰਸ਼ਿੱਪ ਪਿੱਛੇ ਹੱਟ ਗਈ ਹੈ। ਜੇ ੨੦੨੨ ਦੀਆਂ ਪੰਜਾਬ ਅਸੈਂਬਲੀ ਚੋਣਾਂ ਵਿਚ ਅਕਾਲੀ ਦਲ ਹਾਰ ਜਾਂਦਾ ਹੈ ਤਾਂ ਅਕਾਲੀ ਦਲ ਦੇ ਲੀਡਰਾਂ ਨੇ ਉਸ ਦਾ ਕੋਈ ਸਥਾਈ ਚਿੰਤਨ ਨਹੀਂ ਕੀਤਾ। ਅਕਾਲ ਤੱਖਤ ਦਾ ਜੱਥੇਦਾਰ ਕੌਮੀ ਮਸਲਿਆਂ ਦੀ ਪੜਚੋਲ ਕਰਨ ਦੀ ਥਾਂ ‘ਤੇ ਕੌਮ ਨੂੰ ਬਤ-ਤਮੀਜ਼ ਵਰਗੇ ਸ਼ਬਦ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਹੁਣ ਤਾਂ ਅਕਾਲੀ ਦਲ ਵੀ ਕੁਝ ਪਰਿਵਾਰਾਂ ਦੀ ਜਗੀਰ ਬਣ ਗਿਆ ਹੈ। ਪੰਜਾਬੀ ਸੂਬਾ ਤਾਂ ਬਣ ਗਿਆ ਪਰ ਸਮੱਸਿਆਵਾਂ ਉਸ ਨਾਲੋਂ ਵੀ ਵੱਡੀਆਂ ਹੋ ਗਈਆਂ ਹਨ। ਭਾਖੜਾ ਡੈਮ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਤੇ ਪਾਣੀਆਂ ਦੀ ਕਾਣੀ ਵੰਡ ਨਾਲ ਪੰਜਾਬੀ ਸੂਬੇ ਨੂੰ ਇਕ ਵੱਡੀ ਮਿਊਂਸੀਪਲ ਕਮੇਟੀ ਵਰਗਾ ਬਣਾ ਧਰਿਆ ਹੈ। ਪੰਜਾਬ ਵਿਚੋਂ ਸੂਬੇ ਵਾਲੀ ਰੂਹ ਹੀ ਖਤਮ ਹੋ ਗਈ ਹੈ। ਜਿਹੜੇ ਜਨਸੰਘੀ ਜਾਂ ਹੋਰ ਨੇਤਾ ਕਹਿੰਦੇ ਸਨ ਕਿ ਪੰਜਾਬੀ ਸੂਬਾ ਸਾਡੀਆਂ ਲਾਸ਼ਾਂ ‘ਤੇ ਬਣੇਗਾ ਉਹੀ ਵਜ਼ੀਰੀਆਂ ਦਾ ਨਿੱਘ ਮਾਣਦੇ ਰਹੇ ਪਰ ਪੰਜਾਬ ਦੇ ਹੱਕਾਂ ਵਿਚ ਕਦੇ ਨਹੀਂ ਬੋਲੇ। ਅਜੇਹੇ ਦੋਗਲੇ ਲੀਡਰ ਪੰਜਾਬ ਦੀਆਂ ਹੱਕੀ ਮੰਗਾਂ ਦਾ ਵਿਰੋਧ ਹੀ ਕਰਦੇ ਰਹੇ ਹਨ।
ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ੍ਹ ਦੀ ਪ੍ਰਾਪਤੀ ਲਈ ਅਕਾਲੀ ਲੀਡਰਾਂ ਨੇ ਲੋਕ ਦਿਖਾਵੇ ਲਈ ਝੂਠੇ ਮਰਨ ਵਰਤ ਰੱਖੇ। ਮਸਲੇ ਸੁਲਝਣ ਦੀ ਬਜਾਏ ਹੋਰ ਉਲਝ ਗਏ। ਸਹੀ ਅਰਥਾਂ ਵਿਚ ਪੰਜਾਬ ਦੀਆਂ ਮੰਗਾਂ ਲਈ ਸਰਦਾਰ ਦਰਸ਼ਨ ਸਿੰਘ ਫੇਰੂਮਾਨ ੭੪ ਦਿਨਾਂ ਦੀ ਭੁੱਖ-ਹੜਤਾਲ ਉਪਰੰਤ ਸੰਸਾਰ ਨੂੰ ਸਦਾ ਲਈ ਛੱਡ ਗਏ ਪਰ ਅਕਾਲੀ ਲੀਡਰਾਂ ਨੇ ਮੁੜ ਕਦੇ ਵੀ ਚੰਡੀਗੜ੍ਹ ਜਾਂ ਪੰਜਾਬੀ ਬੋਲਦੇ ਇਲਾਕੇ ਜਾਂ ਹੋਰ ਮੰਗਾਂ ਦੀ ਗੱਲ ਨਹੀਂ ਕੀਤੀ। ਏੱਥੋਂ ਤਕ ਕੇ ਜੇ ਕੋਈ ਫੇਰੂਮਾਨ ਦਾ ਨਾਂ ਵੀ ਲੈਂਦਾ ਹੈ ਤਾਂ ਅਕਾਲੀ ਦਲ ਵਾਲੇ ਉਸ ਨੂੰ ਬਰਦਾਸਤ ਨਹੀਂ ਕਰਦੇ। ਅਕਾਲੀ ਦਲ ਦੇ ਲੀਡਰ ਕੇਵਲ ਵੋਟਾਂ ਲੈਣ ਲਈ ਪੰਜਾਬ ਦੇ ਮਸਲੇ ਦੁਹਰਾਉਂਦੇ ਰਹੇ ਪਰ ਆਪ ਇਹਨਾਂ ਮੰਗਾਂ ਤੋਂ ਖਿਸਕਦੇ ਹੀ ਰਹੇ। ਹੁਣ ਸਰਕਾਰਾਂ ਨੇ ਹਾਲਾਤ ਏਦਾਂ ਦੇ ਪੈਦਾ ਕਰ ਦਿੱਤੇ ਕਿ ਜਦੋਂ ਵੀ ਅਕਾਲੀ ਨੇਤਾ ਪੰਜਾਬ ਦੀ ਕੋਈ ਵੀ ਮੰਗ ਉਠਾਉਂਦੇ ਸਰਕਾਰ ਨਾਲ ਹੀ ਹੋਰ ਮੁੱਦਿਆਂ ਨੂੰ ਖੜਾ ਕਰਕੇ ਝੱਟ ਫਿਰਕੂ ਰੰਗਤ ਦੇ ਦਿੰਦੀ ਹੈ। ਪੰਜਾਬ ਦੀਆਂ ਹੱਕੀ ਮੰਗਾਂ ਨੂੰ ਤਾਰਪੀਡੋ ਕਰਨ ਲਈ ਸਰਕਾਰ ਆਪਣੇ ਵਲੋਂ ਇਕ ਨਵਾਂ ਜਾਲ ਵਿਛਾ ਦਿੰਦੀ ਹੈ। ਵੱਖੋ ਵੱਖਰੇ ਇਧਰੋਂ ਓਧਰੋਂ ਨਵੇਂ ਨਵੇਂ ਬਿਆਨ ਆਉਣੇ ਸ਼ੁਰੂ ਹੋ ਜਾਂਦੇ। ਵਿਚਾਰੇ ਅਕਾਲੀ ਦਲ ਆਪਣੇ ਸਟੈਂਡ ਤੋਂ ਖਿਸਕਣੇ ਸ਼ੁਰੂ ਹੋ ਜਾਂਦੇ। ਪਹਿਲਾ ਮਸਲਾ ਹੱਲ ਕਰਦਿਆਂ ਕਰਦਿਆਂ ਕਈ ਨਵੇਂ ਮਸਲੇ ਪੈਦਾ ਹੋ ਜਾਂਦੇ ਹਨ। ਮਸਲੇ ਸੁਲਝਣ ਦੀ ਬਜਾਏ ਹੋਰ ਉਲ਼ਝ ਜਾਂਦੇ ਰਹੇ ਹਨ।
੧੧ ਦਿਸੰਬਰ ੧੯੭੨ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿੱਪ ਨੇ ਅਨੰਦਪੁਰ ਦੇ ਮਤੇ ਰਾਹੀਂ ਰਾਜਾਂ ਲਈ ਵੱਧ ਅਧਿਕਾਰਾਂ ਦੀ ਮੰਗ ਕੀਤੀ। ਕਾਂਗਰਸ ਪਾਰਟੀ ਦੀ ਕੇਂਦਰੀ ਸਰਕਾਰ ਨੇ ਅਨੰਦਪੁਰ ਦੇ ਮਤੇ ਨੂੰ ਦੇਸ਼ ਵਿਰੋਧੀ ਜਾਂ ਦੇਸ਼ ਨੂੰ ਵੰਡਣ ਵਾਲਾ ਕਹਿ ਕੇ ਰੱਦ ਕੀਤਾ ਗਿਆ। ਹੌਲ਼ੀ ਹੌਲ਼ੀ ਸ਼੍ਰੋਮਣੀ ਅਕਾਲੀ ਦਲ ਰਾਜਸੀ ਪਉੜੀਆਂ ਚੜ੍ਹਦਾ ਗਿਆ, ਰਾਜ ਭਾਗ ਦਾ ਸੁੱਖ ਆਉਂਦਾ ਗਿਆ ਤੇ ਪੰਥਕ ਮੁੱਦਿਆਂ ਦਾ ਭੋਗ ਪਾਉਂਦਾ ਗਿਆ। ਅਕਾਲੀ ਦਲ ਦੀ ਤਰਾਸਦੀ ਦਾ ਜਲੂਸ ਓਦੋਂ ਨਿਕਲਿਆ ਜਦੋਂ ਇਹਨਾਂ ਦੀ ਸਰਕਾਰ ਹੋਣ ‘ਤੇ ਨਿਰੰਕਾਰੀਆਂ ਨੇ ਸ਼ਰੇਆਮ ੧੩ ਸਿੰਘ ਸ਼ਹੀਦ ਕੀਤੇ ਤੇ ਪੰਥਕ ਪ੍ਰੰਪਰਾਵਾਂ ਦਾ ਭੋਗ ਪਾਉਂਦਿਆਂ ਨਿਰੰਕਾਰੀਏ ਨੂੰ ਆਪਣੀ ਹਿਫ਼ਾਜ਼ਤ ਦੇ ਕੇ ਦਿੱਲੀ ਤੋਰ ਦਿੱਤਾ। ਮਸਲੇ ਸੁਲਝਾਉਣ ਦੀ ਬਜਾਏ ਪੰਜਾਬ ਦੇ ਮਸਲੇ ਉਲਝਾਉਣ ਨਾਲ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਹਾਸਲ ਹੁੰਦੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਾਕੀ ਲੀਡਰਾਂ ਦੇਖ ਲਿਆ ਕਿ ਮਸਲੇ ਹੱਲ ਕਰਨ ਨਾਲੋਂ ਉਲਝਾਉਣ ਨਾਲ ਸਾਨੂੰ ਤਾਕਤ ਮਿਲਦੀ ਹੈ ਤਾਂ ਇਹ ਸੌਦਾ ਕੋਈ ਮਹਿੰਗਾ ਨਹੀਂ ਹੈ। ਪੰਜਾਬ ਦੇ ਚੀਫ਼ ਮਨਿਸਟਰ ਦਰਬਾਰਾ ਸਿੰਘ ਨੇ ਇੰਦਰਾ ਗਾਂਧੀ ਦੇ ਦਬਾਅ ਹੇਠ ਆ ਕੇ ੮ ਅਪ੍ਰੈਲ ੧੯੮੨ ਨੂੰ ਕਪੂਰੀ ਵਿਖੇ ਸਤਲੁਜ ਜਮਨਾ ਨਹਿਰ ਦਾ ਟੱਕ ਲਾਇਆ। ਬਾਦਲ ਸਰਕਾਰ ਨੇ ਇਸ ਨਹਿਰ ਨੂੰ ਬਣਾਉਣ ਲਈ ੧੦੦ ਕਰੋੜ ਰੁਪਏ ਦੀ ਰਾਸ਼ੀ ਵੀ ਹਾਸਲ ਕੀਤੀ। ਫਿਰ ਮੁਕਰ ਵੀ ਗਏ ਪੈਸੇ ਵਾਪਸ ਕਰਨ ਦਾ ਢੌਂਗ ਵੀ ਰਚਿਆ। ਸ਼੍ਰੋਮਣੀ ਅਕਾਲੀ ਦਲ ਪਤਾ ਨਹੀਂ ਕੀ ਪਾਲਸੀ ਸੀ ਜਦੋਂ ਆਪਣੇ ਸਿਧਾਂਤ ਤੋਂ ਥਿੜਕਦਿਆਂ ਕਾਂਗਰਸੀ ਰਾਸ਼ਟਰਪਤੀ ਬਣਨ ਲਈ ਗਿਆਨੀ ਜ਼ੈਲ ਸਿੰਘ ਦੇ ਹੱਕ ਵਿਚ ਵੋਟਾਂ ਪਾਈਆਂ ਗਈਆਂ।ਕਾਂਗਰਸ ਨੂੰ ਗਾਲ਼ਾਂ ਕੱਢਣ ਵਾਲੇ ਕਾਂਗਰਸ ਦੇ ਹੱਕ ਵਿਚ ਭੁਗਤੇ। ਅਜੇਹੇ ਇਖ਼ਲਾਕ ਕਰਕੇ ਹੀ ਸਮੱਸਿਆਂ ਉਲਝਦੀਆਂ ਰਹੀਆਂ ਹਨ।
ਕੇਂਦਰੀ ਸਕਾਰ ਵਲੋਂ ਮਾਹੌਲ ਐਸਾ ਤਿਆਰ ਕੀਤਾ ਗਿਆ ਕਿ ਪਾਣੀਆਂ ਦੇ ਝਗੜੇ ਨੂੰ ਹੱਲ ਕਰਨ ਦੀ ਥਾਂ ‘ਤੇ ਰਾਜਾਂ ਨੂੰ ਵੱਧ ਅਧਿਕਾਰਾਂ ਦੇਣ ਤੋਂ ਹੱਟ ਕਿ ਪੰਜਾਬ ਵਿਚ ਨੌਜਵਾਨਾਂ ਦੀ ਕਤਲੋ-ਗਾਰਤ ਦਾ ਅਜੇਹਾ ਮਾਹੌਲ ਤਿਆਰ ਕੀਤਾ ਕਿ ਸਿੱਖ ਨੌਜਵਾਨਾਂ ਨੂੰ ਤਸੀਹੇ ਤੇ ਤਸੀਹੇ ਦੇ ਕੇ ਸ਼ਹੀਦ ਕਰਨਾ ਸ਼ੁਰੂ ਕੀਤਾ। ਪੰਜਾਬ ਦੀ ਰਾਜਧਾਨੀ ਚੰਗੀਗੜ੍ਹ, ਭਾਖੜਾ ਡੈਮ, ਪੰਜਾਬੀ ਬੋਲਦੇ ਇਲਾਕੇ ਤੇ ਹੋਰ ਮੁੱਦਿਆਂ ਵਲੋਂ ਧਿਆਨ ਹਟਾ ਕਿ ਕੇਂਦਰੀ ਸਰਕਾਰ ਪੰਜਾਬ ਦੇ ਗਲ਼ ਮੁੱਦਾ ਪਾ ਦਿੱਤਾ ਕਿ ਇਹ ਦੇਸ਼ ਨਾਲੋਂ ਵੱਖ ਹੋਣਾ ਚਾਹੁੰਦੇ ਹਨ, ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਹਨ। ਦਰਬਾਰ ਸਾਹਿਬ ਦੇ ਹਮਲਾ ਕਰਨ ਦਾ ਰਾਹ ਪੱਧਰਾ ਕੀਤਾ। ਮਸਲਾ ਸਲਝਾਉਣ ਦੀ ਬਜਾਏ ਪੰਜਾਬ ਨੂੰ ਬਲ਼ਦੀ ਭੱਠੀ ਵਿਚ ਝੋਕ ਦਿੱਤਾ। ਪੰਜਾਬ ਦਾ ਮਸਲਾ ਐਸਾ ਉਲ਼ਝਾਇਆ ਕਿ ਅਕਾਲੀ ਲੀਡਰਸ਼ਿੱਪ ਖੁਦ ਉਲ਼ਝ ਕੇ ਰਹਿ ਗਈ ਹੈ। ਪੰਜਾਬ ਵਿਚ 1970ਵਿਆਂ ਦੇ ਲਾਗੇ ਚਾਗੇ ਖੇਤੀਬਾੜੀ ਯੂਨੀਵਰਸਿਟੀ ਨੇ ਨਵੇਂ ਬੀਜ ਕਿਸਾਨਾਂ ਨੂੰ ਦਿੱਤੇ ਮਿੱਡੇ ਝੋਨੇ ਨੇ ਰਿਕਾਰਡ ਤੋੜ ਫਸਲਾਂ ਵਿਚ ਵਾਧਾ ਕੀਤਾ, ਹਰੀ ਕ੍ਰਾਂਤੀ ਚਿੱਟੀ ਕ੍ਰਾਂਤੀ ਨੇ ਕਿਸਾਨਾਂ ਦੀ ਆਮਦਨ ਵਿਚ ਚੋਖਾ ਵਾਧਾ ਕੀਤਾ। ਵੋਟਾਂ ਲੈਣ ਲਈ ਤੇ ਵੱਡੇ ਘਰਾਣਿਆਂ ਨੂੰ ਲਾਭ ਦੇਣ ਲਈ ਬਿਜਲੀ ਫਰੀ ਕਰ ਦਿੱਤੀ। ਪੰਜਾਹ ਸਾਲ ਵਿਚ ਹੀ ਪੰਜਾਬ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਥੱਲੇ ਚਲਾ ਗਿਆ ਹੈ। ਮੁਲਕ ਦੀ ਅਨਾਜ ਦੀ ਸਮੱਸਿਆ ਦਾ ਹੱਲ ਲੱਭਦਿਆਂ ਲੱਭਦਿਆਂ ਪੰਜਾਬ ਆਪ ਸਹੇੜੀ ਉਲਝਣ ਵਿਚ ਫਸ ਕੇ ਰਹਿ ਗਿਆ ਹੈ। ਪਾਣੀ ਦੀ ਬਹੁਤ ਵੱਡੀ ਉਲਝਣ ਪੈਦਾ ਹੋ ਗਈ ਹੈ। ਅਜ਼ਾਦੀ ਮਗਰੋਂ ਪੰਜਾਬੀ ਸੂਬੇ ਦੀਆਂ ਮੰਗਾਂ ਨੂੰ ਹਮੇਸ਼ਾਂ ਫਿਰਤੂ ਰੰਗਤ ਦਿੱਤੀ ਗਈ। ਸਮਾਂ ਬੀਤਣ ਨਾਲ 1984 ਦਾ ਕਹਿਰ ਵਾਪਰਿਆ ਉਸ ਦੀ ਕੋਈ ਭਰਪਾਈ ਨਹੀਂ ਹੋਈ ਸਗੋਂ ਵਿਧਵਾ ਕਲੋਨੀਆਂ ਦੀ ਨਵੀਂ ਉਸਾਰੀ ਹੋਈ ਜੋ ਅਜ਼ਾਦ ਮੁਲਕ ‘ਤੇ ਇਕ ਧੱਬਾ ਹੈ।
ਸੌਦਾ ਸਾਧ ਦੀ ਫਿਲਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਰਲੀਜ਼ ਹੋਣੀ ਸੀ। ਸਿੱਖ ਅਵਾਮ ਨੇ ਆਪਣਾ ਵਿਰੋਧ ਜਤਾਇਆ ਤਾਂ ਧਿਆਨ ਦੂਜੇ ਪਾਸੇ ਕਰਨ ਲਈ ਦਿਨ ਦਿਹਾੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਕਰਵਾ ਦਿੱਤੀ ਗਈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਕਰਨ ਵਾਲਿਆਂ ਨੂੰ ਸਜਾਵਾਂ ਦੇਣ ਦੀ ਥਾਂ ‘ਤੇ ਸ਼ਾਂਤ ਮਈ ਰੋਸ ਪਰਗਟ ਕਰ ਰਹੀਆਂ ਸੰਗਤਾਂ ‘ਤੇ ਗੋਲੀਆਂ ਚਲਾ ਦਿੱਤੀਆਂ ਸਿੰਘ ਸ਼ਹੀਦ ਹੋ ਗਏ। ਪੰਥਕ ਸਰਕਾਰ ਜਿਸ ਨੇ ਇਨਸਾਫ਼ ਕਰਨਾ ਸੀ ਪਰ ਉਹ ਸਾਰੀ ਸੂਈ ਸਿੱਖ ਨੌਜਵਾਨਾਂ ਦੇ ਇਰਦ ਗਿਰਦ ਘਮਾਉਣੀ ਸ਼ੁਰੂ ਕਰ ਦਿੱਤੀ। ਉਸ ਵੇਲਾ ਦਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤਾਂ ਸ਼ਰੇਆਮ ਕਹੀ ਜਾਂਦਾ ਸੀ ਇਹ ਸਾਰਾ ਕਾਰਾ ਪਾਕਿਸਤਾਨ ਨੇ ਕੀਤਾ ਹੈ। ਸਮੱਸਿਆ ਸੁਲਝਾਉਣ ਦੀ ਥਾਂ ‘ਤੇ ਆਪਣੀ ਹੀ ਸਰਕਾਰ ਵਲੋਂ ਹੋਰ ਉਲਝਾਈ ਗਈ ਜੋ ਅਜੇ ਤਕ ਵੀ ਉਲਝੀ ਹੋਈ ਹੈ। ਜਲਾ ਕਿ ਰੱਖ ਲੀਆ, ਹਾਥੋਂ ਕੇ ਸਾਥ ਦਾਮਨ ਕੇ ਤਕ, ਤੁਮਹੇ ਚਿਰਾਗ਼ ਬੁਝਾਨਾ ਭੀ ਤੋ ਨਹੀਂ ਆਤਾ। ਬੇੜਾ ਬਹਿਜੇ ਸਾਡੇ ਆਗੂਆਂ ਦਾ ਕਿੰਨੀ ਵਾਰ ਸਾਡੀਆਂ ਆਪਣੀਆਂ ਸਰਕਾਰਾਂ ਬਣੀਆਂ ਕਦੇ ਵੀ ਜੇਲ੍ਹਾਂ ਵਿਚ ਬੰਦ ਸਿੱਖ ਨੌ-ਜਵਾਨਾਂ ਦੀ ਰਿਹਾਈ ਦੀ ਮੰਗ ਨਹੀਂ ਕੀਤੀ ਜੇ ਕੀਤੀ ਹੈ ਤਾਂ ਏਹੋ ਹੀ ਕੀਤੀ ਹੈ ਕ ਇਹਨਾਂ ਨੂੰ ਪੰਜਾਬ ਤੋਂ ਦੂਰ ਹੀ ਰੱਖਿਆ ਜਾਏ ਨਹੀਂ ਤਾਂ ਫਿਰ ਆਤੰਕਵਾਦ ਪੈਦਾ ਹੋ ਸਕਦਾ ਹੈ। ਪੰਜਾਬ ਦੇ ਬਦਨਾਮ ਸੁਮੇਧ ਸੈਣੀ ਨੂੰ ਪੰਜਾਬ ਪੁਲੀਸ ਦਾ ਮੁਖੀ ਲਗਾ ਕੇ ਪੰਥਕ ਸਰਕਾਰ ਨੇ ਆਪਣੇ ਆਪ ਨੂੰ ਕਟਹਿਰੇ ਵਿਚ ਖੜਾ ਕਰ ਲਿਆ। ਪੰਜਾਬ ਦੀਆਂ ਸਮੱਸਿਆਵਾਂ ਨੂੰ ਸੁਲ਼ਝਾਉਣ ਲਈ ਪੰਜਾਬ ਦੇ ਲੀਡਰ ਹੀ ਸੁਹਿਰਦ ਨਹੀਂ ਹਨ। ਪੰਜਾਬ ਦੇ ਹੱਕਾਂ ਲਈ ਮਰ ਮਿਟਣ ਵਾਲਾ ਕੋਈ ਆਗੂ ਰਿਹਾ ਨਹੀਂ ਜਾਪਦਾ। ਜ਼ਿੰਦਗੀ ਦੀ ਭੀਖ ਮੰਗਣ ਵਾਲਿਓ! ਕੌਣ ਦੇਂਦਾ ਹੈ ਉਧਾਰੀ ਜ਼ਿੰਦਗੀ?