ਗੁਰਮਤਿ ਗਿਆਨ ਮਿਸ਼ਨਰੀ ਕਾਲਜ Gurmat Gian Missionary College

ਪ੍ਰਿੰ. ਗੁਰਬਚਨ ਸਿੰਘ ਪੰਨਵਾਂ # 99155-29725

ਤਾਲੋਂ ਖੁੰਝੀ ਡੂਮਣੀ ਗਾਵੇ ਆਲ ਪਤਾਲ

ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਜਾਂ ਮਰਜੀਵੜਿਆਂ ਦੀ ਜੱਥੇਬੰਦੀ ਮੰਨੀ ਜਾਂਦੀ ਸੀ। ਸਿੱਖੀ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾਂ ਕੁਰਬਾਨੀਆਂ ਕਰਨ ਲਈ ਤਿਆਰ ਰਹਿੰਦੀ ਸੀ। ਇਸ ਦੇ ਵਰਕਰਾਂ ਤੇ ਆਗੂਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸਿੱਖੀ ਫਲਸਫੇ ਤੇ ਅਡੋਲ ਰਹੇ। ਬਾਦਲ ਸਰਕਾਰਾਂ ਦੇ ਸਮੇਂ ਅਕਾਲੀਏ ਸੱਤਾ ਦੇ ਨਸ਼ੇ ਵਿਚ ਚੂਰ ਹੋ ਕੇ ਇਕ ਖੇਤਰੀ ਪਾਰਟੀ ਵਾਲੀ ਸ਼ਾਨ ਹੀ ਗਵਾ ਬੈਠੇ ਹਨ। ਸ਼ਹੀਦਾਂ ਦੀ ਜੱਥੇਬੰਦੀ ਨੂੰ ਬਾਦਲ ਪ੍ਰਵਾਰ ਨੇ ਪੂਰੀ ਤਰ੍ਹਾਂ ਹਿੰਦੂ ਪ੍ਰਭਾਵ ਵਿਚ ਰੰਗ ਦਿੱਤਾ ਹੈ। ਹੁਣ ਬਾਦਲ ਦਲੀਏ ਸਥਾਪਿਤ ਹੋਣ ਲਈ ਅੱਕੀ ਪਲਾਹੀਂ ਹੱਥ ਮਾਰ ਰਹੇ ਹਨ ਪਰ ਅਸਲ ਮੁੱਦੇ ਵਲ ਅਜੇ ਵੀ ਨਹੀਂ ਆ ਰਹੇ। ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਦੂਜਿਆਂ ਤੇ ਦੋਸ਼ ਲਾ ਰਹੇ ਹਨ। ਪੰਥ ਦਾ ਜਜ਼ਬਾ ਇਨ੍ਹਾਂ ਵਿਚੋਂ ਚਿਰੌਕਣਾ ਖਤਮ ਹੋ ਚੁੱਕਾ ਹੈ। ਸੁਖਬੀਰ ਸਿੰਘ ਬਾਦਲ ਨੇ ਮੁਆਫ਼ੀ ਮੰਗੀ ਹੈ ਪਰ ਇਹ ਨਹੀਂ ਦੱਸਿਆ ਕਿ ਮੁਆਫ਼ੀ ਕਿਸ ਗੱਲ ਦੀ ਮੰਗੀ ਹੈ। ਇਨ੍ਹਾਂ ਦੇ ਬੱਜਰ ਗੁਨਾਹਾਂ ਦੀ ਲਿਸਟ ਬਹੁਤ ਲੰਮੀ ਹੈ। ਪੰਥਕ ਪਉੜੀ ਵਰਤ ਕੇ ਪੰਥਕ ਸਰੋਕਾਰਾਂ ਨੂੰ ਹੀ ਰੋਲਿਆ ਗਿਆ ਹੈ।
ਇਤਿਹਾਸ ਦੇ ਇਕ ਤੱਥ ਤੋਂ ਗੱਲ ਸ਼ੁਰੂ ਕੀਤੀ ਜਾਏਗੀ। ਖੈਬਰ ਦੇ ਦਰੇ ਨੂੰ ਸਰ ਕਰਨ ਲਈ ਸ੍ਰ. ਹਰੀ ਸਿੰਘ ਨਲਵੇ ਨੇ ਓੱਥੇ ਹੀ ਡੇਰਾ ਲਾ ਲਿਆ। ਖ਼ਾਨ ਜ਼ਮਾਨ ਪਰਬਤ ਦੀ ਟੀਸੀ ‘ਤੇ ਬੈਠਾ ਸੀ ਪਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਸ ਦੇ ਕਿਲੇ੍ਹ ਦਾ ਰਾਹ ਨਹੀਂ ਲੱਭ ਰਿਹਾ ਸੀ। ਰੁੱਖੇ ਪਰਬਤ ਖੈਬਰੀਂ ਦਿੱਸੇ ਨਾ ਤੀਲਾ। ਖੱਡਾਂ ਵਾਛਾਂ ਅੱਡੀਆਂ ਸੱਜੇ ਤੇ ਖੱਬੇ, ਸਿਰ-ਤਲਵਾਇਆ ਘਾਟੀਆਂ ਨਾ ਚੱਲੇ ਹੀਲਾ, ਕਿਲੀ ਖ਼ਾਨ ਜ਼ਮਾਨ ਦੀ ਟੀਸੀ ਤੇ ਫਬੇ। ਸ. ਹਰੀ ਸਿੰਘ ਨਲਵੇ ਦੇ ਸਿਪਾਹੀਆਂ ਨੇ ਇਕ ਪਠਾਣ ਬਜ਼ੁਰਗ ਤੇ ਉਸ ਦੇ ਪੁੱਤਰ ਨੂੰ ਤੁਰੇ ਜਾਂਦਿਆਂ ਵੇਖਿਆ। ਦੋਹਾਂ ਨੂੰ ਫੜ ਕੇ ਹਰੀ ਸਿੰਘ ਨਲਵੇ ਦੇ ਪੇਸ਼ ਕੀਤਾ ਤੇ ਉਸ ਪਠਾਣ ਕੋਲੋਂ ਕਿਲ੍ਹੇ ਦਾ ਰਾਹ ਪੁੱਛਿਆ ਗਿਆ। ਸਾਰੇ ਬਿਰਤਾਂਤ ਨੂੰ ਪ੍ਰੋ. ਮੋਹਨ ਸਿੰਘ ਨੇ ਸਾਵੇ ਪੱਤਰ ਪੁਸਤਕ ਵਿਚ ਲਿਖਿਆ ਹੈ ਕਿ– ਰਾਹ ਕਿੱਲੀ ਦਾ ਲੁਕਵਾਂ ਸੀ ਐਸਾ ਕੋਈ, ਭੇਤੀ ਬਾਝੋਂ ਕਠਨ ਸੀ ਉਸ ਤਾਂਈ ਪਾਣਾ। ਚੱਪਾ ਚੱਪਾ ਖੋਜੀਆਂ ਨੇ ਧਰਤੀ ਟੋਹੀ, ਲੱਭਾ ਨਾ ਪਰ ਉਸ ਦਾ ਕੋਈ ਰਾਹ ਟਿਕਾਣਾ।
ਗ੍ਰਿਫਤਾਰ ਕੀਤਾ ਬਜ਼ੁਰਗ ਪਠਾਣ ਕਹਿੰਦਾ, ਕਿ “ਜੇ ਮੈਂ ਕਿਲ੍ਹੇ ਦਾ ਰਾਹ ਦੱਸ ਦਿਆਂ ਤਾਂ ਮੇਰਾ ਪੁੱਤਰ ਵੱਡਾ ਹੋ ਕੇ ਤਾਅਨੇ ਮੇਹਣੇ ਮਾਰੇਗਾ ਕਿ ਮੇਰੇ ਬਾਪ ਨੇ ਆਪਣੀ ਕੌਮ ਨਾਲ ਗਦਾਰੀ ਕਰਕੇ ਧਰੋਹ ਕਮਾਇਆ ਹੈ, ਇਸ ਲਈ ਮੇਰੇ ਪੁੱਤਰ ਨੂੰ ਪਹਿਲਾਂ ਪਹਾੜੀ ਦੇ ਥੱਲੇ ਸੁੱਟ ਦੇਵੋ, ਫਿਰ ਮੈਂ ਤੁਹਾਨੂੰ ਕਿਲ੍ਹੇ ਦਾ ਰਾਹ ਦੱਸ ਦੇਵਾਂਗਾ”— ਰਾਹ ਕਿੱਲੀ ਦਾ ਦੱਸਨਾਂ ਮੈਂ ਲੱਖ ਵੇਰੀ, ਖ਼ੌਫ਼ ਆਪਣੇ ਪੁੱਤ ਦਾ ਪਰ ਮੈਨੂੰ ਖਾਵੇ। ਬੀਬੀ ਦਾਹੜੀ ਰੱਖ ਕੇ ਕਿਦਾਂ ਵੇਚਾਂ, ਪੁੱਤਰ ਸਾਹਵੇਂ ਇੱਜ਼ਤਾਂ ਸਿੰਘਾ ਸਰਦਾਰਾ। ਸੁੱਟ ਦਿਓ ਇਸ ਨੂੰ ਤੰਦੀ ਦੇ ਹੇਠਾਂ, ਰਾਹ ਕਿੱਲੀ ਦਾ ਖੋਲ੍ਹ ਕੇ ਮੈਂ ਦੱਸਾਂ ਸਾਰਾ। ਦੇਖਦਿਆਂ ਦੇਖਦਿਆਂ ਉਸ ਦਾ ਪੁੱਤਰ ਸਿਪਾਹੀਆਂ ਨੇ ਪਹਾੜੀ ਦੇ ਥੱਲੇ ਸੁੱਟ ਦਿਤਾ। ਹੁਣ ਬੁੱਢਾ ਪਠਾਣ ਆਪਣੀਆਂ ਮੁੱਛਾਂ ‘ਤੇ ਹੱਥ ਫੇਰਦਾ ਹੋਇਆ ਪੱਟ ‘ਤੇ ਥਾਪੀ ਮਾਰ ਕੇ ਬੜੇ ਤਾਅ ਵਿਚ ਬੋਲਿਆ ਕਿ “ਸਰਦਾਰਾ ਮੈਨੂੰ ਡਰ ਸੀ ਕਿ ਕਿਤੇ ਮੇਰਾ ਅਲੂਆਂ ਪੁੱਤ ਨਾ ਦੱਸ ਦੇਵੇ, ਹੁਣ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈ, ਹੁਣ ਮੈਂ ਤੁਹਾਨੂੰ ਕਿਲ੍ਹੇ ਦਾ ਰਾਹ ਨਹੀਂ ਦੱਸਾਂਗਾ”।
ਵੱਟ ਕੇ ਮੁੱਛਾਂ ਬੁੱਢੜੇ ਲਲਕਾਰਾ ਲਾਇਆ, ਨਹੀਂ ਸੀ ਤੈਨੂੰ ਦੱਸਿਆ ਪਹਿਲਾਂ ਸਰਦਾਰਾ। ਆਪਣੇ ਨਿੱਕੇ ਪੁੱਤ ਦਾ ਡਰ ਮੈਨੂੰ ਖਾਵੇ, ਮਤਾ ਅਲੂਆਂ ਛੋਕਰਾ ਤੱਕ ਲਸ਼ਕਰ ਭਾਰਾ, ਆਪਣੀ ਅਣਖ਼ੀ ਕੌਮ ਨੂੰ ਨਾ ਵੱਟਾ ਲਾਵੇ। ਬੁੱਢੜੇ ਪਠਾਣ ਨੇ ਲਲਕਾਰ ਕੇ ਕਿਹਾ ਕਿ ਸਰਦਾਰਾ ਤੇਰੀ ਤਲਵਾਰ ਮੇਰੀ ਹਿੱਕ ਚੀਰੇਗੀ ਫਿਰ ਹੀ ਤੈਨੂੰ ਕਿੱਲੀ ਬੂਹਾ ਲੱਭ ਸਕਦਾ ਹੈ। ਨਾ ਹੁਣ ਖੱਡਾ ਪੋਹਂਦੀਆਂ ਨਾ ਧਮਕੀ ਕਾਈ, ਨਾ ਤਲਵਾਰਾਂ ਨੰਗੀਆਂ ਨਾ ਚੇਹਰਾ ਸੂਹਾ। ਹਿੱਕ ਬੁੱਢੇ ਦੀ ਚੀਰ ਕੇ ਤੇਰੀ ਸਰਵਾਹੀ, ਲੱਭੇਗੀ, ਹੁਣ ਸੋਹਣਿਆਂ ਕਿਲੀ ਦਾ ਬੂਹਾ। ਇਹ ਤੇ ਇਕ ਪਠਾਣ ਦੀ ਆਪਣੀ ਕੌਮ ਪ੍ਰਤੀ ਵਫ਼ਾਦਾਰੀ ਦੀ ਮਿਸਾਲ ਹੈ ਪਰ ਸਾਡਾ ਤਾਂ ਸਾਰਾ ਇਤਿਹਾਸ ਹੀ ਅਣਖ਼, ਗੈਰਤ ਤੇ ਕੌਮੀ ਭਾਵਨਾ ਨਾਲ ਭਰਿਆ ਪਿਆ। ਬੰਦਾ ਸਿੰਘ ਬਹਾਦਰ ਦਾ ਸਾਢੇ ਚਾਰ ਸਾਲ ਦਾ ਬੇਟਾ ਉਹਦੇ ਪੱਟਾਂ ‘ਤੇ ਰੱਖ ਕੇ ਜ਼ਾਲਮਾਂ ਨੇ ਚੀਰਿਆ, ਕੋਹਿਆ ਤੇ ਬੋਟੀ ਬੋਟੀ ਕਰ ਦਿੱਤੀ ਪਰ ਬੰਦੇ ਨੇ ਸੀਅ ਤੱਕ ਨਾ ਉਚਾਰੀ। ਭਾਈ ਸ਼ਾਹਬਾਜ਼ ਸਿੰਘ ਤੇ ਸੁਬੇਗ ਸਿੰਘ ਨੂੰ ਕੌਣ ਭੁੱਲ ਸਕਦਾ ਹੈ। ਆਪਣੀ ਕੌਮ, ਧਰਮ ਤੇ ਗੁਰੂ ‘ਤੇ ਭਰੋਸਾ ਰੱਖ ਕੇ ਬੱਚਿਆਂ ਦੇ ਟੁਕੜਿਆਂ ਦੇ ਹਾਰ ਆਪਣਿਆਂ ਗਲ਼ਾਂ ਵਿਚ ਪਵਾ ਲਏ ਪਰ ਕਿਸੇ ਇਕ ਵੀ ਭੈਣ ਨੇ ਆਪਣਾ ਈਮਾਨ ਨਹੀਂ ਵੇਚਿਆ। ਪੰਜਾਂ ਨਦੀਆਂ ਦੀ ਧਰਤ ਹੈ ਜੱਗ ਉੱਤੇ, ਜਿਹੜੀ ਮੌਤ ਦੀ ਹਿੱਕ ‘ਤੇ ਹੱਸਦੀ ਏ, ਇਕੋ ਮਾਂ ਪੰਜਾਬਣ ਹੈ ਅਣਖ਼ ਬਦਲੇ, ਜਿਹੜੀ ਪੁੱਤ ਮਰਵਾ ਕਿ ਵੀ ਹੱਸਦੀ ਏ। ਸਾਡੀ ਤਾਂ ਅਰਦਾਸ ਹੀ ਸਾਰੀ ਅਣਖ਼ੀ ਜ਼ਿੰਦਗੀ ਤੇ ਕੁਰਬਾਨੀਆਂ ਦੀ ਦਾਸਤਾਂ ਨਾਲ ਭਰੀ ਪਈ ਹੈ। ਕੀ ਤੁਸਾਂ ਅਰਦਾਸ ਦੇ ਬੋਲਾਂ ਨੂੰ ਕਦੇ ਸਮਝਿਆ ਹੈ?
ਕਹਿੰਦੇ ਨੇ ਇਕ ਮੀਰਜ਼ਾਦੇ ਨੇ ਮਹਾਂਰਾਣਾ ਪ੍ਰਤਾਪ ਨੂੰ ਆਪਣੀਆਂ ਨਕਲਾਂ ਰਾਹੀਂ ਖੁਸ਼ ਕੀਤਾ। ਮਹਾਂਰਾਣਾ ਕਹਿੰਦਾ, “ਮੀਰਜ਼ਾਦਿਆਂ ਤੂੰ ਮੈਨੂੰ ਖੁਸ਼ ਤਾਂ ਕੀਤਾ ਹੈ ਪਰ ਤੈਨੂੰ ਦੇਣ ਲਈ ਮੇਰੇ ਕੋਲ ਕੁਝ ਵੀ ਨਹੀਂ ਹੈ”। ਮੀਰਜ਼ਾਦਾ ਕਹਿੰਦਾ, “ਤੇਰੇ ਕੋਲ ਪੱਗ ਹੈ ਇਸ ਨਾਲੋਂ ਇਕ ਟੁਕੜਾ ਲਾਹ ਕੇ ਮੈਨੂੰ ਦੇਦੇ”। ਰਾਣਾ ਪ੍ਰਤਾਪ ਕਹਿੰਦਾ, “ਤੈਨੂੰ ਪੱਗ ਦਾ ਟੁਕੜਾ ਤਾਂ ਦੇ ਦਿਆਂ ਪਰ ਤੇਰਾ ਸਿਰ ਸਾਰਿਆਂ ਅੱਗੇ ਝੁਕਦਾ ਰਹਿੰਦੇ ਏਂ ਏਦ੍ਹੇ ਨਾਲ ਮੇਰੀ ਤੌਹੀਨ ਹੋਏਗੀ”। ਮੀਰਜ਼ਾਦਾ ਕਹਿੰਦਾ “ਮੇਰਾ ਸਿਰ ਹੀ ਝੁਕੇਗਾ ਇਹ ਦੋ ਗਜ਼ ਦਾ ਕਪੜਾ ਨਹੀਂ ਝੁਕੇਗਾ”। ਕਹਿੰਦੇ ਨੇ ਮੀਰਜ਼ਾਦਾ ਅਕਬਰ ਬਾਦਸ਼ਾਹ ਦੇ ਦਰਬਾਰ ਵਿਚ ਗਿਆ। ਮੀਰਜ਼ਾਦੇ ਨੇ ਸਿਰ ‘ਤੇ ਬੰਨਿ੍ਹਆਂ ਪੱਗ ਦਾ ਟੁਕੜਾ ਹੱਥ ਵਿਚ ਫੜ ਕੇ ਉੱਚਾ ਕਰ ਲਿਆ ਤੇ ਆਪਣਾ ਸਿਰ ਅਕਬਰ ਬਾਦਸ਼ਾਹ ਅੱਗੇ ਝੁਕਾਅ ਦਿੱਤਾ। ਅਕਬਰ ਬਾਦਸ਼ਾਹ ਕਹਿੰਦਾ, “ਮੀਰਜ਼ਾਦਿਆ ਇਹ ਕੀ ਮਰਿਯਾਦਾ ਹੈ”। ਤਾਂ ਅੱਗੋਂ ਮੀਰਜ਼ਾਦਾ ਕਹਿੰਦਾ, “ਬਾਦਸ਼ਾਹ ਸਲਾਮਤ ਸਿਰ ਮੇਰਾ ਹੈ ਇਹ ਝੁਕਾ ਦਿੱਤਾ ਪਰ ਸਿਰ “ਤੇ ਬੰਨਿ੍ਹਆਂ ਦੋ ਗਜ਼ ਦਾ ਕਪੜਾ ਮਹਾਰਾਣਾ ਪ੍ਰਤਾਪ ਦਾ ਹੈ ਉਸ ਨੇ ਤੇਰੀ ਈਨ ਨਹੀਂ ਮੰਨੀ ਮੈਂ ਉਸ ਵਲੋਂ ਦਿੱਤੇ ਸਨਮਾਨ ਨੂੰ ਕਿਦਾਂ ਝੁਕਾਅ ਦਿਆਂ? ਕਰਤਾਰ ਸਿੰਘ ਬਲੱਗਣ ਦੀਆਂ ਸਤਰਾਂ ਇਤਿਹਾਸ ਸਮੋਈ ਬੈਠੀਆਂ ਹਨ— ਕਿਉਂ ਕਰ ਉਸ ਦੀ ਪੱਗ ਨੂੰ ਮੈਂ ਕਿਤੇ ਨਿਵਾਵਾਂ, ਉਸ ਖ਼ਨਵਾਦੇ ਨਾਲ ਮੈਂ ਕਿਉਂ ਦਗਾ ਕਮਾਵਾਂ? ਸੁਣ ਕੇ ਗੱਲ ਮੁਸਾ੍ਹਬ ਨੇ, ਜਾ ਊਂਦ੍ਹੀ ਪਾਈ। ਅਕਬਰ ਨੇ ਵੀ ਮੁੜ ਮੱਥਿਓਂ ਮੁੜ ਘੂਰੀ ਲਾਹੀ। ਸ਼ਾਬਾਸ਼ ਉਸ ਭੱਟ ਦਾ, ਜਿਸ ਸ਼ਾਨ ਬਣਾਈ।
ਰਾਜਪੂਤਾਂ ਦੀ ਪੱਗ ਦੀ ਉਸ ਰੱਖ ਵਖਾਈ। ਕੀ ਸਾਡੇ ਅਕਾਲੀ ਲੀਡਰ ਆਪਣੇ ਸ਼ਾਨਾਮਤੀ ਇਤਿਹਾਸ ਜਾਂ ਦੁਨੀਆਂ ਦੇ ਇਤਿਹਾਸ ਤੋਂ ਕੋਈ ਸੇਧ ਲੈ ਸਕਦੇ ਹਨ? ਇਕੋ ਜਵਾਬ ਹੈ ਕਿ ਇਹ ਅਕਾਲੀਏ ਨਿੱਜੀ ਲਾਲਸਾਵਾਂ ਵਿਚ ਫਸ ਕੇ ਰਹਿ ਗਏ ਹਨ, ਇਹ ਆਪਣੇ ਪੁੱਤ, ਪੋਤਰੇ, ਨੂੰਹਾਂ ਭਤੀਜਿਆਂ ਤੇ ਘਰਵਾਲੀਆਂ ਦੇ ਮੋਹ ਜਾਲ ਵਿਚ ਫਸ ਕੇ ਕੌਮੀ ਜਜ਼ਬਾ ਹੀ ਭੁੱਲ ਗਏ ਹਨ। ਸਿੱਖੀ ਭਾਵਨਾ, ਧਰਮ ਪ੍ਰਤੀ ਇਮਾਨਦਾਰੀ, ਕੁਰਬਾਨੀ ਜਜ਼ਬਾ ਤੇ ਆਪਣੀ ਕੌਮ ਲਈ ਮਰ ਮਿਟਣ ਵਾਲੀ ਅਣਖ ਹੀ ਗਵਾ ਬੈਠੇ ਹਨ। ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ, ਜਿਹਦੇ ਬੀਰ ਕਦੇ ਘਾਲਣਾ ਘਾਲਦੇ ਨੇ ਛੱਨੇ ਖੋਪਰੀ ਦੇ ਫੜ ਕੇ ਪੁੱਤ ਜਿਹਦੇ, ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ ਨੇ। ਹੁਣ ਸਮਝ ਆਉਂਦੀ ਹੈ ਕਿ ਅਕਾਲੀਏ ਅਖੰਡਪਾਠ, ਸ਼ਤਾਬਦੀਆਂ ਜਾਂ ਧਾਰਮਿਕ ਪ੍ਰੋਗਰਾਮ ਇਸ ਲਈ ਕਰਾਉਂਦੇ ਹਨ ਕਿ ਸਾਨੂੰ ਕੋਈ ਇਹ ਨਾ ਆਖੇ ਕਿ ਇਹ ਅਕਾਲੀਏ ਧਰਮੀ ਨਹੀਂ ਹਨ–ਧਰਮ ਦੇ ਨਾਂ ‘ਤੇ ਓਨਾ ਕੁ ਕੰਮ ਕਰ ਲਿਆ ਜਿਸ ਨਾਲ ਵੋਟਾਂ ਵਿਚ ਵਾਧਾ ਹੁੰਦਾ ਰਹੇ।ਸਾਫ਼ ਕਿਹਾ ਜਾ ਸਕਦਾ ਹੈ ਕਿ ਇਹ ਧਰਮੀ ਹੋਣ ਦਾ ਢੌਂਗ ਹੀ ਕਰ ਰਹੇ ਹਨ ਗੁਰਬਾਣੀ ਵਾਕ ਹੈ- ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ॥ ਨਾਨਕੁ ਆਖੈ ਰਾਹਿ ਪੈ ਚਲਣਾ ਮਾਲੁ ਧਨੁ ਕਿਤ ਕੂ ਸੰਜਿਆਹੀ॥ (24)
ਅਖੰਡ ਪਾਠ ਕਰਾਉਂਦੇ, ਅਰਦਾਸਾਂ ਕਰਾਉਂਦੇ ਇਤਿਹਾਸ ਨੂੰ ਸੁਣਦੇ ਹਨ ਪਰ ਸਬਕ ਕਦੇ ਨਹੀਂ ਲਿਆ। ਕੇ.ਪੀ.ਐਸ. ਗਿੱਲ ਨੇ ਸਿੱਖ ਨੌਜਵਾਨਾਂ ਦਾ ਚੁਣ-ਚੁਣ ਕੇ ਸ਼ਿਕਾਰ ਕੀਤਾ। ਲਾਸ਼ਾਂ ਲੱਭਣ ਵਾਲੇ ਸਰਦਾਰ ਖਾਲੜਾ ਨੂੰ ਹੀ ਲਾਸ਼ ਬਣਾ ਧਰਿਆ। ਦੂਸਰਾ ਪੰਜਾਬ ਦੇ ਲੋਕ ਗਾਇਕਾਂ ਰਾਂਹੀਂ ਪੰਜਾਬ ਦਾ ਸਭਿਆਚਾਰ ਬਦਲਣ ਦਾ ਯਤਨ ਕੀਤਾ ਹੈ ਘੱਟ ਤੁਸਾਂ ਵੀ ਕੋਈ ਨਹੀਂ ਕੀਤੀ। ਪੰਜਾਬੀ ਪਾਰਟੀ (ਸ਼੍ਰੋਮਣੀ ਅਕਾਲੀ ਦਲ ਬਾਦਲ) ਨੇ ਕਬੱਡੀ ਮੈਚਾਂ ‘ਤੇ ਢਾਡੀ ਪੰ੍ਰਪਰਾਵਾਂ ਨੂੰ ਛੱਡ ਕੇ ਫਿਲਮੀ ਨ੍ਰਿਤਕਾਰੀਆਂ ਦੇ ਠੁਮ੍ਹਕਿਆਂ ‘ਤੇ ਕਰੋੜਾਂ ਰੁਪਇਆ ਨਹੀਂ ਖਰਚਿਆ? ਕੀ ਤੁਸਾਂ ਵਾਕਿਆ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਕੌਮ ਦੇ ਵਾਰਸ ਹੋ? ਕੀ ਤੂਹਾਨੂੰ ਸਰਹੰਦ ਦੀ ਦੀਵਾਰ ਜਾਂ ਚਮਕੌਰ ਦੀ ਜੂਹ ਵਿਚੋਂ ਕੁਝ ਨਹੀਂ ਲੱਭਿਆ। ਇਤਿਹਾਸ ਵਿਚ ਹਮੇਸ਼ਾਂ ਇਹ ਸਵਾਲ ਤੁਹਾਡੇ ‘ਤੇ ਖੜੇ ਰਹਿਣਗੇ— ਤੁਹਾਡੀਆਂ ਕਾਰ ਗੁਜ਼ਾਰੀਆਂ ਕਰਕੇ ਰਾਜ ਭਾਗ ਦੇ ਮਾਲਕ ਹੁੰਦੇ ਹੋਏ ਤਿੰਨਾਂ ਸੀਟਾਂ ’ਤੇ ਸਿਮਟ ਗਏ—ਤੁਹਾਡੀ ਨਲਾਇਕ ਸੋਚ ਕਰਕੇ ਤੁਹਾਡੇ ਉੱਤੇ ਸਾਰੇ ਪੰਜਾਬੀ ਦੇ ਮੁਹਾਵਰੇ ਢੁੱਕਦੇ ਹਨ— ਤਾਲੋਂ ਖੁੰਝੀ, ਡੂੰਮਣੀ ਬੋਲੇ। ਗਾਵੇ ਆਲ ਪਤਾਲ। ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ।
ਤੁਹਾਡੇ ਮਹਾਨ ਕਾਰਨਾਮਿਆਂ ਕਰਕੇ ਅਕਸਰ ਕਿਹਾ ਜਾਂਦਾ ਹੈ ‘ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ’, ਪਤਾ ਨਹੀਂ ਤੁਸੀਂ ਕਿਹੜੀ ਦੁਨੀਆਂ ਵਿਚ ਵਿਚਰ ਰਹੇ ਹੋ। ਪਹਿਲਾਂ ਤੁਸਾਂ ਕਿੱਲ ੍ਹਕਿੱਲ੍ਹ ਕੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਬਹੁਤ ਹੀ ਲਾਹੇਵੰਦੇ ਹਨ। ਜਦੋਂ ਤੁਹਾਨੂੰ ਲੋਕਾਂ ਨੇ ਪਿੰਡਾਂ ਵਿਚ ਵੜਨੋਂ ਬੰਦ ਕਰ ਦਿੱਤਾ ਤਾਂ ਤੁਸੀਂ ਕਹਿਣ ਲੱਗ ਪਏ ਨਹੀਂ ਜੀ ਅਸੀਂ ਤਾਂ ਖੇਤੀ ਕਾਨੂੰਨ ਪੜ੍ਹੇ ਹੀ ਨਹੀਂ ਸਨ ਸਾਡੇ ਕੋਲੋਂ ਤਾਂ ਧੱਕੇ ਨਾਲ ਦਸਤਖਤ ਕਰਾਏ ਹਨ ਏਦੂੰ ਵੱਡੀ ਸ਼ਰਮਨਾਕ ਘਟਨਾ ਹੋਰ ਕਿਹੜੀ ਹੋ ਸਕਦੀ ਹੈ? ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜੋ ਪੰਜਾਬ ਦੇ ਵੱਡੇ ਹਿੱਤਾਂ ਦੀ ਰਾਖੀ ਲਈ ਮੋਰਚੇ ਲਗਾਉਂਦੀ ਸੀ ਜੇਲਾਂ੍ਹ ਭਰਦੀ ਤੇ ਸ਼ਹਾਦਤਾਂ ਦੇਣ ਤੱਕ ਜਾਂਦੀ ਸੀ। ਸ਼੍ਰੋਮਣੀ ਅਕਾਲੀ ਦਲ ਜਿਥੇ ਆਪਣੀ ਕੌਮ ਪ੍ਰਤੀ ਕੁਰਬਾਨੀਆਂ ਦਿੰਦਾ ਆਇਆ ਹੈ ਉਥੇ ਸਰਕਾਰ ਦੇ ਹਰ ਧੱਕੇ ਵਿਰੁੱਧ ਵੀ ਡੱਟਦਾ ਰਿਹਾ ਹੈ। ਸਰਕਾਰ ਦੀ ਹਰ ਦਮਨਕਾਰੀ ਨੀਤੀ ਦਾ ਵਿਰੋਧ ਸ਼੍ਰੋਮਣੀ ਅਕਾਲੀ ਦਲ ਕਰਦਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਪੰਥ ਪ੍ਰਤੀ ਇਮਾਨਦਾਰੀ, ਵਫ਼ਾਦਾਰੀ ਤੇ ਕੁਰਬਾਨੀ ਕਰਕੇ ਸਾਰਾ ਸਿੱਖ ਅਵਾਮ ਇਨ੍ਹਾਂ ਨੂੰ ਰਾਜ ਭਾਗ ਦੇ ਮਾਲਕ ਬਣਾਉਂਦਾ ਰਿਹਾ ਹੈ। ਇਨ੍ਹਾਂ ਦੀ ਇਕ ਅਵਾਜ਼ ‘ਤੇ ਕੌਮ ਸ਼ਹੀਦੀਆਂ ਦੇਂਦੀ ਰਹੀ ਹੈ।
ਹੌਲ਼ੀ ਹੌਲ਼ੀ ਪ੍ਰਕਾਸ਼ ਸਿੰਘ ਬਾਦਲ ਨੇ ਅਜੇਹੀਆਂ ਨੀਤੀਆਂ ਚਲਾਈਆਂ ਕਿ ਯੋਗ ਅਕਾਲੀ ਆਗੂਆਂ ਨੂੰ ਪਿਛਲੀ ਕਤਾਰ ਵਿਚ ਖੜ੍ਹੇ ਕਰ ਦਿੱਤਾ। ਆਪਣੇ ਪਰਵਾਰਾਂ ਦੇ ਜੀਆਂ ਨੂੰ ਅੱਗੇ ਲਿਅਉਣ ਲਈ ਹਰ ਪ੍ਰਕਾਰ ਦਾ ਦਾਅ–ਪੇਚ ਵਰਤਿਆ। ਸੱਤਾ ਦੀ ਲਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖੇਰੂੰ ਖੇਰੂੰ ਕਰਕੇ ਰੱਖ ਦਿੱਤਾ ਹੈ। ਟੁਕੜਿਆਂ ਵਾਲੇ ਅਕਾਲੀ ਦਲਾਂ ਵਿਚੋਂ ਵੱਡਾ ਟੁਕੜਾ ਬਾਦਲ ਦਲ ਦਾ ਬਣ ਗਿਆ। ਅਕਾਲੀ ਦਲ ਬਾਦਲ ਤੇ ਇਸ ਦੇ ਭਾਗੀਦਾਰ ਪੰਜਾਬ ਚੋਂ ਆਪਣੇ ਖਲੋਣ ਲਈ ਜ਼ਮੀਨ ਤਲਾਸ਼ਣ ਵਿਚ ਲੱਗੇ ਹੋਏ ਹਨ। ਅਕਾਲੀ ਦਲ ਬਾਦਲ ਨੇ 1997 ਤੋਂ ਤਿੰਨ ਵਾਰ ਪੰਜਾਬ ਚੋਣਾਂ ਜਿੱਤੀਆਂ। ਸਭ ਤੋਂ ਵੱਧ ਵਾਰ ਬਾਦਲ ਨੂੰ ਪੰਜਾਬ ਦਾ ਮੁੱਖ ਮੰਤ੍ਰੀ ਬਣਨ ਦਾ ਮੌਕਾ ਮਿਲਿਆ ਹੈ। ਨਿਰੀ ਪੰਜਾਬ ਦੀ ਨਹੀਂ ਸਗੋਂ ਕੇਂਦਰੀ ਸੱਤਾ ਦਾ ਵੀ ਅਨੰਦ ਮਾਣਿਆ ਹੈ। ਸਾਰੀ ਦੁਨੀਆਂ ਜਾਣਦੀ ਹੈ ਕਿ ਪ੍ਰਵਾਰਕ ਮੋਹ ਅੱਗੇ ਬਾਦਲ ਨੇ ਸਿੱਖ ਸਿਧਾਂਤ ਵਲੋਂ ਮੂੰਹ ਮੋੜ ਲਿਆ। “ਅੰਨ੍ਹਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ” ਦੀ ਕਹਾਵਤ ਅਨੁਸਾਰ ਬਾਦਲ ਨੇ ਆਪਣੇ ਹੀ ਪਰਵਾਰ ਨੂੰ ਵਜ਼ੀਰੀਆਂ ਦਿੱਤੀਆਂ। ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਬਾਹਰੋਂ ਥੋੜ੍ਹਾ ਬਹੁਤਾ ਸਿੱਖੀ ਵਾਲਾ ਪਹਿਰਾਵਾ ਸੀ ਪਰ ਅੰਦਰੋਂ ਸਿੱਖੀ ਭਾਵਨਾ ਵਾਲੇ ਕੋਈ ਸਰੋਕਾਰ ਨਹੀਂ ਸਨ। ਰਾਜਸੀ ਸੱਤਾ ਦਾ ਮੋਹ ਐਨਾ ਭਾਰੂ ਹੋ ਗਿਆ ਕਿ ਸ਼ਾਨਾਮਤੀ ਇਤਿਹਾਸ ਵਾਲੇ ਅਕਾਲੀ ਦਲ ਨੂੰ ਬਾਦਲ ਦੀ ਚੌਂਕੜੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਧਰਿਆ। 1995 ਤਕ ਖਿਲਰੇ ਹੋਏ ਅਕਾਲੀਏ ਵੀ ਨਾਲ ਹੀ ਸਨ। ਓਦੋਂ ਇਹ ਵੀ ਆਪਣੇ ਪਰਿਵਾਰਾਂ ਲਈ ਸੀਟਾਂ ਪੱਕੀਆਂ ਕਰਨ ਵਿਚ ਬਾਦਲ ਦੀ ਹਾਂ ਵਿਚ ਹਾਂ ਮਿਲਾਉਂਦੇ ਰਹੇ। ਇਤਿਹਾਸ ਕਿਸੇ ਨੂੰ ਵੀ ਮੁਆਫ ਨਹੀਂ ਕਰੇਗਾ। ਵੱਖ ਹੋਏ ਅਕਾਲੀਆਂ ਵਿਚ ਵੀ ਸਿੱਖੀ ਸਰੋਕਾਰ ਵਾਲੀ ਕੋਈ ਕਹਾਣੀ ਨਹੀਂ ਹੈ।
ਪੰਜਾਬ ਦੀ ਵਿਧਾਨ ਸਭਾ ਵਿਚ ਵਿਧਾਇਕ ਹਰਦੇਵ ਸਿੰਘ ਅਰਸ਼ੀ ਵਲੋਂ ਬਾਦਲ ਨੂੰ ਵਾਅਦਾ ਪੂਰਾ ਕਰਨ ਲਈ ਸਵਾਲ ਪੁੱਛਿਆ ਸੀ ਤਾਂ ਅੱਗੋਂ ਬਾਦਲ ਨੇ ਮੀਸਣਾ ਜੁਆਬ ਦਿੱਤਾ ਸੀ ਕਿ ਦੱਬੇ ਮੁਰਦੇ ਫੋਲ ਕੇ ਕੀ ਲਭੋਗੇ? ਹੁਣ ਬੀਤੇ ‘ਤੇ ਮਿੱਟੀ ਪਾਓ ਤੇ ਅੱਗੇ ਵਧੋ। ਪੰਥਕ ਸਰਕਾਰ ਨੇ ਕਸੂਰਵਾਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਲੋਕਾਂ ਵਲੋਂ ਦਰਜ ਕਰਾਏ ਮੁਕੱਦਮੇ ਸਰਕਾਰੀ ਖਰਚੇ ‘ਤੇ ਲੜਨ ਦਾ ਫੈਸਲਾ ਕੀਤਾ। ਸਿੱਖ ਨੌਜਵਾਨਾਂ ਦੇ ਨਾਮੀ ਕਾਤਲ ਸੁਮੇਧ ਸੈਣੀ ਨੂੰ ਪੰਜਾਬ ਦਾ ਡੀ. ਜੀ. ਪੀ. ਲਾਇਆ। ਆਲਮ ਸੈਨਾ ਵਾਲੇ ਇਜ਼ਹਾਰ ਆਲਮ ਨੂੰ ਅਕਾਲੀ ਦਲ ਬਾਦਲ ਦਾ ਵਾਈਸ ਪ੍ਰਧਾਨ ਬਣਾਇਆ ਅਤੇ ਉਹਦੀ ਘਰਵਾਲੀ ਨੂੰ ਐੱਮ.ਐੱਲ.ਏ. ਦੀ ਟਿਕਟ ਦਿੱਤੀ। ਮੋਰਚਿਆਂ ਵਿਚ ਮੌਰ ਭੰਨਾਉਣ ਵਾਲੇ ਅਕਾਲੀਆਂ ਨੂੰ ਛੱਡ ਕੇ “ਸੜਕਾਂ ‘ਤੇ ਅੱਗ ਤੁਰੀ ਜਾਂਦੀ ਆ” ਗਾਉਣ ਵਾਲੇ ਨੂੰ ਤੁਸਾਂ ਅਕਾਲੀ ਦਲ ਵਲੋਂ ਕਿਸ ਖੁਸ਼ੀ ਵਿਚ ਟਿਕਟ ਦਿੱਤੀ ਸੀ?
ਸ਼੍ਰੋਮਣੀ ਅਕਾਲੀ ਦਲ ਨੇ 1997 ਦੀ ਚੋਣ ਸਮੇਂ ਆਪਣੇ ਚੋਣ ਮੈਨੀਫੈਸਟੋ ਵਿਚ ਇਹ ਵਾਅਦਾ ਕੀਤਾ ਸੀ ਕਿ 1984 ਤੋਂ ਲੈ ਕੇ 1997 ਤਕ ਹੋਏ ਝੂਠੇ ਪੁਲੀਸ ਮੁਕਾਬਲਿਆਂ ਦੀ ਸਮੁੱਚੀ ਜਾਂਚ ਕਰਾਈ ਜਾਏਗੀ। ਕਸੂਰਵਾਰ ਅਫ਼ਸਰਾਂ ਨੂੰ ਬਣਦੀਆਂ ਸਜਾਵਾਂ ਦਿੱਤੀਆਂ ਜਾਣਗੀਆਂ। ਸਰਕਾਰ ਬਣਦਿਆਂ ਹੀ ਸ੍ਰ ਬਾਦਲ ਮੁੱਕਰ ਗਿਆ। ਹੋਇਆ ਇਹ ਕਿ ਬਾਦਲ ਸਰਕਾਰ ਬਣਨ ਤੋਂ ਬਾਅਦ ਜਦੋਂ ਜ਼ਿਲਿ੍ਹਆਂ ਵਿਚ ਐਸ ਐਸ ਪੀ ਨਿਯੁੱਕਤ ਕਰਨੇ ਸਨ ਤਾਂ ਸਰਦਾਰ ਟੋਹੜਾ ਨੇ ਬਾਦਲ ਨੂੰ ਕਿਹਾ ਕਿ ਨੌਜਵਾਨਾਂ ਦਾ ਸ਼ਿਕਾਰ ਕਰਨ ਵਾਲੇ ਅਧਿਕਾਰੀਆਂ ਨੂੰ ਲਾਂਭੇ ਕੀਤਾ ਜਾਏ। ਬਾਦਲ ਨੇ ਟੋਹੜੇ ਨੂੰ ਹੀ ਲਾਂਭੇ ਕਰ ਦਿੱਤਾ। ਬਾਦਲ ਦੀ ਅੰਦਰੂਨੀ ਅਵਸਥਾ ਏਦਾਂ ਦੀ ਬਣ ਗਈ ਸੀ ਕਿ ਕਿਹੜਾ ਪੰਥ? ਕੌਣ ਸ਼ਹੀਦ? ਕਿਹੜਾ ਪੰਜਾਬ? ਕਿਹੜੇ ਕਸੂਰਵਾਰ ਅਫ਼ਸਰ, ਕੌਣ ਖਾਲੜਾ, ਕੌਣ ਕਾਉਂਕੇ, ਕਿਹੜਾ ਭਾਖੜਾ ਡੈਮ, ਕਿਹੜਾ ਚੰਡੀਗੜ੍ਹ, ਕਿਹੜਾ ਅਨੰਦਪੁਰ ਦਾ ਮਤਾ, ਕਿਹੜੀ ਕਿਰਸਾਨੀ? ਇਹ ਸਭ ਬੀਤੇ ਦੀਆਂ ਗੱਲਾਂ ਹਨ ਜੀ, ਹੁਣ ਠੰਡੇ ਬਸਤੇ ਵਿਚ ਹੀ ਰਹਿਣ ਦਿਓ ਜੀ। ਅਕਾਲੀ ਦਲ ਬਾਦਲ ਡੂੰਘੇ ਵਹਿਮ ਸੀ ਕਿ ਗੱਲਾਂ ਦਾ ਕੜਾਹ ਬਣਾਈ ਜਾਓ ਸਿੱਖ ਸਭ ਕੁਝ ਭੁੱਲ ਜਾਂਦੇ ਹਨ। ਇੰਝ ਲਗਦਾ ਹੈ ਕਿ ਜਿਵੇਂ ਮਿੱਥ ਕੇ ਸਿੱਖੀ ਸਰੋਕਾਰਾਂ ਦੀ ਤਬਾਹੀ ਮਚਾਈ ਗਈ ਹੋਵੇ। ਜਦੋਂ ਅਕਾਲ ਤੱਖਤ ਦੇ ਜੱਥੇਦਾਰ ਪ੍ਰੋ. ਮਨਜੀਤ ਸਿੰਘ ਨੇ ਸਾਰੇ ਅਕਾਲੀ ਦਲਾਂ ਨੂੰ ਏਕਤਾ ਦਾ ਸੱਦਾ ਦਿੱਤਾ ਸੀ ਤਾਂ ਬਹੁਤੇ ਅਕਾਲੀ ਨੇਤਾ ਹਾਜ਼ਰ ਹੋਏ ਸਨ। ਬਾਦਲ ਦਲ ਪੇਸ਼ ਨਹੀਂ ਹੋਇਆ ਸੀ। ਬਾਦਲ ਦਲ ਮਾਂਹ ਦੇ ਆਟੇ ਵਾਂਗ ਆਕੜਿਆ ਹੀ ਨਹੀਂ ਸੀ ਸਗੋਂ ਇਹਦੇ ਵਰਕਰਾਂ ਨੇ ਪ੍ਰੋ. ਮਨਜੀਤ ਸਿੰਘ ਦੇ ਕਮਰੇ ਨੂੰ ਠੁੱਡੇ ਮਾਰੇ ਸਨ। ਕਹਿੰਦੇ ਨੇ ਪੋ੍ਰ. ਮਨਜੀਤ ਸਿੰਘ ਨੇ ਮਸਾਂ ਜਾਨ ਬਚਾਈ ਸੀ। ਫਿਰ ਇਕ ਵਾਰ ਅਕਾਲ ਤਖਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਏਕਤਾ ਕਰਾਉਣ ਦੀ ਕੋਸ਼ਿਸ਼ ਕੀਤੀ ਕਿ 1999 ਦੀ ਖਾਲਸੇ ਦੀ ਸ਼ਤਾਬਦੀ ਇਕੱਠੇ ਮਨਾ ਲਓ ਪਰ ਬਾਦਲ ਦਲੀਏ ਨਹੀਂ ਮੰਨੇ। 2019 ਵਿਚ ਗੁਰੂ ਨਾਨਕ ਸਾਹਿਬ ਜੀ ਅਰਧ ਸ਼ਤਾਬਦੀ ਮਨਾਉਣ ਦੀ ਗੱਲ ਤੁਰੀ ਤਾਂ ਕੈਪਟਨ ਅਮਿੰਰਦਰ ਸਿੰਘ ਦੀ ਸਰਕਾਰ ਨੇ ਅਕਾਲ਼ੀ ਦਲ ਬਾਦਲ ਨੂੰ ਕਿਹਾ ਕਿ ਗਿਲੇ ਸ਼ਿਕਵੇ ਵੱਖਰੇ ਹੁੰਦੇ ਹਨ, ਵਿਚਾਰਧਾਰਾ ਆਪੋ ਆਪਣੀ ਪਾਰਟੀ ਦੀ ਵੱਖਰੀ ਹੁੰਦੀ ਹੈ, ਆਪਾਂ ਉਂਝ ਵੀ ਇਕ ਦੂਜੇ ਦੇ ਵਿਆਹਾਂ ਸ਼ਾਦੀਆਂ ‘ਤੇ ਤੁਰੇ ਹੀ ਰਹਿੰਦੇ ਹਾਂ, ਤੁਸੀਂ ਮੇਰੇ ਕੇਸ ਵਾਪਸ ਲੈ ਲਏ ਮੈਨੂੰ ਮੌਕਾ ਮਿਲਿਆ ਮੈਂ ਤੁਹਾਡੇ ਕੇਸ ਵਾਪਸ ਲੈ ਲਏ। ਇਹ ਗੱਲਾਂ ਤਾਂ ਚਲਦੀਆਂ ਹੀ ਰਹਿੰਦੀਆਂ ਹਨ ਪਰ ਅਸੀਂ ਹੈਂ ਤਾਂ ਗੁਰੂ ਨਾਨਕ ਸਾਹਿਬ ਜੀ ਸਿੱਖ ਆਓ ਆਪਾਂ ਰਲ਼ ਕੇ ਗੁਰੂ ਸਾਹਿਬ ਜੀ ਦੀ ਸ਼ਤਾਬਦੀ ਮਨਾ ਲਈਏ ਪਰ ਬਾਦਲ ਨਹੀਂ ਮੰਨਿਆ। ਕਰੋੜਾਂ ਰੁਪਇਆ ਸ਼ਾਮਿਆਨੇ ‘ਤੇ ਹੀ ਖਰਚ ਛੱਡਿਆ ਪਰ ਕੌਮੀ ਮੁੱਦਿਆਂ ਦੀ ਕੋਈ ਪ੍ਰਾਪਤੀ ਨਹੀਂ ਹੋਈ।
1997 ਨੂੰ ਸ਼ਿਕਾਰੀ ਪੁਲੀਸ ਅਫਸਰਾਂ ਨੇ ਬਹੁਤੇ ਅਕਾਲੀ ਵਜ਼ੀਰਾਂ ਨੂੰ ਆਪਣੇ ਨਾਲ ਗੰਢ ਲਿਆ ਸੀ। ਅਕਾਲੀਆਂ ਦੀ ਸਰਕਾਰ ਬਣਿਆਂ ਅਜੇ ਦੋ ਸਾਲ ਹੀ ਹੋਏ ਸਨ ਜਦੋਂ ਸ. ਟੌਹੜਾ ਦੇ ਬੁਨਿਆਦੀ ਨੁਕਤਿਆਂ ‘ਤੇ ਬਾਦਲ ਨਾਲ ਮਤਭੇਦ ਹੋ ਗਏ। ਨਤੀਜਾ ਖਖੜੀਆਂ ਹੋਇਆ ਅਕਾਲੀ ਦਲ ਹੋਰ ਖਖੜੀ-ਕਰੇਲੇ ਹੋ ਗਿਆ। ਤਿੰਨ ਵਾਰ ਸੱਤਾ ਦਾ ਅਨੰਦ ਤਾਂ ਮਾਣ ਲਿਆ ਪਰ ਸਿੱਖ ਮੁੱਦਿਆਂ ਨੂੰ ਪੂਰੀ ਤਰ੍ਹਾਂ ਲੀਹ ਤੋਂ ਲਹੁੰਦਿਆਂ ਸਿੱਖੀ ਸਰੋਕਾਰਾਂ ਨੂੰ ਵੀ ਬ੍ਰਹਾਮਣੀ ਵਿਚਾਰਧਾਰਾ ਵਿਚ ਡੋਬ ਦਿੱਤਾ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਿੱਖ ਸਿਧਾਂਤ ਨੂੰ ਪੁੱਠਾ ਗੇੜਾ ਦੇਣ ਲਈ 30 ਡੇਰੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਾ ਧਰਿਆ। ਅਕਾਲੀ ਦਲ ਬਾਦਲ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਲੀਹ ਤੋਂ ਲਾਹ ਦਿੱਤਾ ਹੈ ਪਹਿਲਾਂ ਨਾਨਕਸ਼ਾਹੀ ਕੈਲੰਡਰ ਸ਼੍ਰੋਮਣੀ ਕਮੇਟੀ ਨੇ ਲਾਗੂ ਕੀਤਾ ਫਿਰ ਮੁਕਰ ਗਏ। ਸੂਬਿਆਂ ਨੂੰ ਵੱਧ ਅਧਿਕਾਰ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਜੂਝਦਾ ਰਿਹਾ ਹੈ ਪਰ ਜਦੋਂ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਨੇ ਜੰਮੂ ਕਸ਼ਮੀਰ ਦੇ ਸੂਬੇ ਨੂੰ ਤੋੜ ਕੇ ਚਾਰ ਭਾਗਾਂ ਵਿਚ ਵੰਡ ਦਿੱਤਾ ਤਾਂ ਸਾਊ ਪਤਨੀ ਬਣਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਵਿਰੋਧ ਵੀ ਨਹੀਂ ਜਿਤਾਇਆ। ਸਿੱਖ ਮੁੱਦਿਆਂ ਵਲੋਂ ਮੂੰਹ ਫੇਰਨ ਕਰਕੇ ਅਕਾਲੀਏ ਕਿਸੇ ਪਾਸੇ ਯੋਗੇ ਨਹੀਂ ਰਹੇ—ਧੋਬੀ ਦਾ ਕੁੱਤਾ ਨਾ ਘਰਦਾ ਨਾ ਘਾਟ ਦਾ, ਕਾਠ ਕੀ ਹਾਂਡੀ ਵਾਰ ਵਾਰ ਨਹੀਂ ਚੜ੍ਹ ਸਕਦੀ। ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ 103 ਵੇਂ ਅਕਾਲੀ ਦਲ ਦੀ ਸਥਾਪਨਾ ਦਿਵਸ ਮੁਆਫ਼ੀ ਮੰਗਣ ਦਾ ਪੂਰਾ ਡਰਾਮਾ ਕੀਤਾ। ਸੁਖਬੀਰ ਸਿੰਘ ਬਾਦਲ ਇਹ ਦੱਸੋ ਕਿ ਮੁਆਫ਼ੀ ਕਿਸ ਗੱਲ ਦੀ ਮੰਗ ਰਹੇ ਹੋ?
ਕਹਿੰਦਾ, “ਸਾਡੀ ਸਰਕਾਰ ਬਣਾਓ ਅਸੀਂ ਬੇ-ਅਦਬੀ ਕਰਨ ਵਾਲਿਆਂ ਨੂੰ ਫੜਾਂਗੇ, ਸਜਾਵਾਂ ਦਿਆਂਗੇ”। ਅਜਿਹੀ ਡਰਾਮੇਬਾਜ਼ੀ ਨੂੰ ਮਗਰਮੱਛ ਦੇ ਹੰਝੂ ਹੀ ਕਹੇ ਜਾ ਸਕਦੇ ਹਨ। ਝੂੰਦਾ ਕਮੇਟੀ ਨੇ ਸਾਫ਼ ਸ਼ਬਦਾਂ ਵਿਚ ਅਕਾਲੀ ਦਲ ਨੂੰ ਬਚਾਉਣ ਲਈ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡਣ ਲਈ ਕਿਹਾ ਸੀ। ਸੁਖਬੀਰ ਸਿੰਘ ਨੇ ਕਿਹਾ ਮੈਂ ਪ੍ਰਧਾਨਗੀ ਨਹੀਂ ਛੱਡਣੀ ਤੁਸੀਂ ਖ਼ੁਦ ਹੀ ਛੱਡ ਜਾਓ ਤਾਂ ਚੰਗਾ ਰਹੇਗਾ। ਆਹ ਸਵਾਲ ਤੁਹਾਡੇ ਸਾਹਮਣੇ ਖੜੇ ਹਨ—ਜਿਹੜੇ ਸਿੱਖ ਅਵਾਮ ਨੂੰ ਸਦਾ ਰੜਕਦੇ ਰਹਿਣਗੇ— 1975 ਤੋਂ ਲੈ ਕੇ ਹੁਣ ਅਕਾਲੀ ਦਲ ਬਾਦਲ ਦੀਆਂ ਪ੍ਰਾਪਤੀਆਂ ਗਿਣੀਏ ਤਾਂ ਪੱਲੇ ਨਿਰਾਸ਼ਾ ਹੀ ਪੈਂਦੀ ਹੈ। ਆਹ ਕੁਝ ਸਵਾਲ ਹਨ ਜਿਹੜੇ ਇਤਿਹਾਸ ਵਿਚ ਤੈਰਦੇ ਤੇ ਚੁੱਭਦੇ ਰਹਿਣਗੇ। ਇਨ੍ਹਾਂ ਸੁਆਲਾਂ ਦਾ ਅਕਾਲੀਆਂ ਕੋਲ ਕੋਈ ਜੁਆਬ ਨਹੀਂ ਹੈ। ਨਹਿਰੀ ਪਾਣੀਆਂ ਦੇ ਸਮਝੌਤੇ ਵਿਚ ਸਤਲੁਜ ਜਮਨਾ ਨਹਿਰ ਦੀ ਜ਼ਮੀਨ ਤੁਸਾਂ ਨਹੀਂ ਖਰੀਦੀ? ਪੰਜਾਬ ਦੇ ਕਿਰਸਾਨਾਂ ਦਾ ਨਹਿਰੀ ਪਾਣੀ ਵਲੋਂ ਧਿਆਨ ਹਟਾਉਣ ਲਈ ਬਿਜਲੀ ਮੁਫਤ ਦੇ ਕੇ ਧਰਤੀ ਹੇਠਲੇ ਪਾਣੀ ਦੀ ਬਰਬਾਦੀ ਲਈ ਤੁਸੀਂ ਜ਼ਿੰਮੇਵਾਰ ਨਹੀਂ ਹੋ? ਕੀ ਤੁਸਾਂ ਜਸਟਿਸ ਕੁਲਦੀਪ ਵਿਚ ਕਮਿਸ਼ਨ ਦੀ ਕਾਰਵਾਈ ਨੂੰ ਨਹੀਂ ਰੋਕਿਆ। ਕੀ ਓਦੋਂ ਤੁਹਾਡੀ ਸਰਕਾਰ ਨਹੀਂ ਸੀ?
ਸਵਾਲਾਂ ਦਾ ਸੁਆਲ ਕੀ ਤੁਸਾਂ ਬੇਅਦਬੀ ਕਰਨ ਵਾਲੇ ਨਹੀਂ ਛੱਡੇ? ਕੀ ਤੁਸੀਂ ਓਦੋਂ ਪੰਜਾਬ ਦੇ ਗ੍ਰਹਿ ਮੰਤ੍ਰੀ ਨਹੀਂ ਸੀ? ਤੁਸੀਂ ਗ਼ੋਲੀ ਚਲਾਉਣ ਵਾਲੇ ਨਹੀਂ ਬਚਾਏ? ਤੁਸਾਂ ਪ੍ਰਚਾਰਕਾਂ ’ਤੇ ਲਾਠੀਚਾਰਜ ਨਹੀਂ ਕਰਾਇਆ? ਤੁਸੀਂ ਸਰਸੇ ਵਾਲੇ ਸਾਧ ਨੂੰ ਅਕਾਲ ਤਖਤ ਤੋਂ ਮੁਆਫੀ ਨਹੀਂ ਦਿਵਾਈ? ਗੁਰੁੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਧਰਨੇ ‘ਤੇ ਬੈਠਿਆਂ ਨੂੰ ਨਹੀਂ ਕਿਹਾ ਸੀ ਕਿ ਇਹ ਸਾਰੇ ਘਰੋਂ ਵਿਹਲੇ ਹਨ? ਤੁਸੀਂ ਬਠਿੰਡਾ ਕਚਹਿਰੀ ਵਿਚੋਂ ਸੌਦੇ ਸਾਧ ਦਾ ਕੇਸ ਵਾਪਸ ਨਹੀਂ ਲਿਆ? ਕੀ ਤੁਸਾਂ ਸ਼ਰੋਮਣੀ ਕਮੇਟੀ ਦਾ 92 ਲੱਖ ਇਸ਼ਤਿਹਾਰਾਂ ‘ਤੇ ਨਹੀਂ ਲਵਾਇਆ ਕਿ ਸੌਦਾ ਸਾਧ ਤਾਂ ਬਿਚਾਰਾ ਬੜਾ ਚੰਗਾ ਹੈ ਸਾਡੇ ਆਪਣੇ ਹੀ ਮਾੜੇ ਹਨ? ਜੱਥੇਦਾਰ ਗੁਰਮੁਖ ਸਿੰਘ ਵਲੋਂ ਸੌਦੇ ਸਾਧ ਨੂੰ ਮੁਆਫੀ ਦੇਣ ਵਾਲੀ ਸਾਰੀ ਸੱਚਾਈ ਜੱਗ ਜ਼ਾਹਰ ਕੀਤੀ ਕਿ ਕਿਸ ਤਰ੍ਹਾਂ ਚੰਡੀਗੜ੍ਹ ਵਿਚ ਸਾਰੀ ਖਿਚੜੀ ਪਕਾਈ ਗਈ। ਕੀ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਕੋਹ ਕੋਹ ਕੇ ਨਹੀਂ ਮਾਰਿਆ ਗਿਆ? ਤੁਹਾਡੀ ਸਰਕਾਰ ਨੇ ਉਸ ਲਈ ਕੀ ਕੀਤਾ? ਕੀ ਤੁਸਾਂ ਉਸ ਨੂੰ ਇਨਸਾਫ ਦਿਵਾਇਆ ਹੈ? ਹੱਦ ਤੋਂ ਓਦੋਂ ਹੁੰਦੀ ਹੈ ਜਦੋਂ ਪਾਰਲੀ ਮੈਂਟ ਦੀ ਚੋਣ ਸਮੇਂ ਬੀਬੀ ਖਾਲੜਾ ਦਾ ਵਿਰੋਧ ਕੀਤਾ। ਦੁਜੇ ਪਾਸੇ ਬੀਬੀ ਕਮਲਜੀਤ ਕੌਰ ਨੂੰ ਆਪਣੀਆਂ ਲਾਲਸਾਂ ਦੀ ਪੂਰਤੀ ਲਈ ਸੰਗਰੂਰ ਤੋਂ ਅਕਾਲੀ ਦਲ ਦਾ ਉਮੀਦਵਾਰ ਐਲਾਨ ਦਿੱਤਾ।
ਭਾਈ ਗੁਰਦੇਵ ਸਿੰਘ ਕਉਂਕੇ ਦੀ ਸ਼ਹੀਦੀ ਦਾ ਸੱਚ ਤੁਸਾਂ ਕਿਉਂ ਦਬਾਇਆ? ਤੁਹਾਡੀ ਇਸ ਕਾਲੀ ਕਰਤੂਤ ਨੇ ਤੂਹਾਨੂੰ ਕੱਖੋਂ ਹੌਲ਼ੇ ਕਰ ਦਿੱਤਾ ਹੈ। ਹੁਣ ਜਿੰਨ੍ਹੇ ਮਰਜ਼ੀ ਸਪੱਸ਼ਟੀਕਰਨ ਦਈ ਜਾਓ ਪਰ ਤੁਸੀਂ ਆਪਣੀ ਗੈਰਜ਼ਿੰਮੇਵਾਰੀ ਦੇ ਰੋਲ ਤੋਂ ਭੱਜ ਨਹੀਂ ਸਕਦੇ। ਬੇਸ਼ਰਮਾਂ ਦੀ ਤਰ੍ਹਾਂ ਤੁਹਾਡੇ ਕੁਝ ਚਹੇਤੇ ਟੀਵੀ ਅੱਗੇ ਬੈਠ ਕੇ ਊਂਈਂ ਸਿਰ ਅੜਾਈ ਜਾ ਰਹੇ ਹਨ। ਹੁਣ ਪੰਜਾਬ ਬਚਾਓ ਦਾ ਨਾਅਰਾ ਲਾ ਕੇ ਰੈਲੀਆਂ ਕੱਢਣ ਦਾ ਯਤਨ ਕਰਨ ਲੱਗੇ ਪਹਿਲਾਂ ਇਹ ਦੱਸੋ ਇਸ ਨੂੰ ਡੋਬਿਆ ਕਿਸਨੇ ਹੈ। ਤੁਸੀਂ ਪੰਜਾਬ ਦੀਆਂ ਬੁਨਿਆਦੀ ਮੰਗਾਂ ਹੀ ਭੁਲਾ ਛੱਡੀਆਂ ਹਨ। ਪੰਜਾਬ ਦੀ ਰਾਜਧਾਨੀ ਮੰਗਣੀ ਤੁਸਾਂ ਛੱਡ ਦਿੱਤੀ। ਪੰਜਾਬ ਦਾ ਪਾਣੀ ਤੁਸਾਂ ਗਵਾ ਦਿੱਤਾ। ਮੁਫਤ ਦੀਆਂ ਵਸਤੂਆਂ ਦੇ ਕੇ ਪੰਜਾਬ ਨੂੰ ਕਰਜ਼ਾਈ ਤੁਸਾਂ ਕੀਤਾ। ਆਪਣੀ ਬਣਦੀ ਜ਼ਿੰਮੇਵਾਰੀ ਤੋਂ ਬਚਣ ਲਈ ਕਾਂਗਰਸੀਆਂ ਨੂੰ ਕੋਸਣ ਲੱਗ ਪੈਂਦੇ ਹੋ। ਭਾਵੇਂ ਇਸ ਹਮਾਮ ਵਿਚ ਉਹ ਵੀ ਨੰਗੇ ਹਨ। ਪੰਜਾਬ ਲਈ ਕਦੇ ਕਾਂਗਰਸੀਆਂ ਵੀ ਨਹੀਂ ਸੋਚਿਆ। ਤੁਹਾਡੇ ਵਲੋਂ ਅਨੰਦਪੁਰ ਮਤਾ ਲਿਆਂਦਾ ਸੀ ਉਹ ਕਿਹੜੇ ਖੂਹ ਖਾਤੇ ਵਿਚ ਪੈ ਗਿਆ। ਧਰਮੀ ਫੋਜੀਆਂ ਲਈ ਤੁਸਾਂ ਕੀ ਕੀਤਾ ਹੈ?
ਜਿੰਨ੍ਹੇ ਮਰਜ਼ੀ ਮਾਰਚ ਕੱਢੋ ਤੁਹਾਨੂੰ ਕੌਣ ਮਨ੍ਹਾ ਕਰਦਾ ਹੈ ਸਵਾਲਾਂ ਦਾ ਸਵਾਲ ਹੈ ਕਿ ਤੁਸਾਂ ਪੰਜਾਬ ਦੇ ਕਿਹੜੇ ਮੁੱਦੇ ਦੀ ਗੱਲ ਕਰ ਰਹੇ ਹੋ? ਸਿੱਖ ਸਮੱਸਿਆਵਾਂ ਦੇ ਹੱਲ ਲਈ ਕੀ ਕਰ ਰਹੇ ਹੋ। ਤੁਸੀਂ ਅਕਾਲੀਆਂ ਵਾਲਾ ਨਹੀਂ ਸਗੋਂ ਬਹਿਰੂਪੀਆਂ ਵਾਲਾ ਰੋਲ ਨਿਭਾਇਆ ਹੈ। ਤੁਸਾਂ ਤਾਂ ਪੰਜਾਬੀ ਪਾਰਟੀ ਬਣਾ ਕੇ ਸਿੱਖ ਮੁੱਦਿਆਂ ਵਲੋਂ ਮੂੰਹ ਹੀ ਮੋੜ ਲਿਆ ਹੈ। ਨਾਨਕਸ਼ਾਹੀ ਕੈਲੰਡਰ ਤੁਹਾਡੀ ਮਿਹਰਬਾਨੀ ਕਰਕੇ ਰੱਦ ਹੋ ਗਿਆ ਹੈ। ਕੀ ਵਾਰ-ਵਾਰ ਲਿਖਿਆ ਜਾਏ ਤੁਹਾਡੇ ਕਾਰਨਾਮੇ ਅਜਿਹੇ ਹਨ ਕਿ ਲਿਖਣ ਲੱਗਿਆਂ ਵੀ ਕਚਿਆਣ ਆਉਂਦੀ ਹੈ। ਮਰਜੀਵੜਿਆਂ ਦੀ ਜਥੇਬੰਦੀ ਨੇ ਰਹਿਤ ਮਰਯਾਦਾ ਵਿਹੂਣੇ ਲੋਕਾਂ ਨੂੰ ਅਹੁਦੇ ਬਖਸ਼ੇ। ਘੋਨ-ਮੋਨ ਅਕਾਲੀ ਦਲ ਹੋ ਗਿਆ ਆਪਣਾ ਪਹਿਰਾਵਾ ਛੱਡ ਕੇ ਆਪਣੇ ਲੋਕ ਛੱਡ ਕੇ ਉਹਨਾਂ ਲੋਕਾਂ ਨੂੰ ਸਿਰ ‘ਤੇ ਬੈਠਾਇਆ ਜਿਨ੍ਹਾਂ ਦਾ ਸਿੱਖੀ ਸਰੋਕਾਰਾਂ ਨਾਲ ਕੋਈ ਵਾਹ ਵਾਸਤਾ ਨਹੀਂ ਸੀ। ਆਪਣੀਆਂ ਜੜ੍ਹਾਂ ਅੰਮ੍ਰਿਤਸਰ ਛੱਡ ਕੇ ਵੱਡਾ ਦਫਤਰ ਚੰਡੀਗੜ੍ਹ ਬਣਾ ਲਿਆ। ਤੁਹਾਡਾ ਹਰ ਕਦਮ ਤੁਹਾਡੇ ਹੀ ਵਿਰੁੱਧ ਜਾ ਰਿਹਾ ਹੈ ਕਿਉਂਕਿ ਤੁਹਾਡੇ ਵਿਚੋਂ ਸਿੱਖੀ ਵਾਲੀ ਸੁਹਿਰਦਤਾ ਖਤਮ ਹੋ ਚੁੱਕੀ ਹੈ। ਤੁਸੀਂ ਆਪਣਾ ਵਕਾਰ ਗਵਾ ਬੈਠੇ ਹੋ। ਤੁਹਾਡੇ ਚੋਂ ਗਏ ’ਕਾਲੀਏ ਤੁਹਾਡੇ ਨਾਲ ਹੱਥ ਮਿਲਾਉਣ ਲਈ ਕਾਹਲੇ ਪਏ ਹਨ। ਅਜਿਹੇ ਕਚਘਰੜ ਬਿਰਤੀ ਵਾਲਿਆਂ ਸਬੰਧੀ ਭਾਈ ਤ੍ਰਿਲੋਚਨ ਸਿੰਘ ਦੁਪਾਲਪੁਰ ਦੀਆਂ ਸਤਰਾਂ ਬੜੀਆਂ ਭਾਵਪੂਰਤ ਹਨ— ਖਸਲਤ ਜਾਣ ਚੁੱਕੇ ਇਨ੍ਹਾਂ ਦੀ ਪੰਜਾਬੀ ਸਾਰੇ, ਰਾਜ ਭਾਗ ਦੇ ਸਿਤਮ ਜਰ ਜਰ ਕੇ। ਸਤੇ ਹੋਏ ਲੋਕੀਂ ਹੁਣ ਮੂੰਹ ਨਹੀਂ ਲਾਉਣ ਲੱਗੇ, ਕਰਨ ਡਰਾਮੇ ਭਾਵੇਂ ਮੋਹਰੇ ਮਰ ਮਰ ਕੇ। ‘ਦਲ’ ਦਾ ਹਸ਼ਰ ਮਾੜਾ ਹੋਇਆ ਇਹਦੇ ਕਰਕੇ ਹੀ, ਵਾਰ-ਵਾਰ ਕੱਢਿਆ ਜਲੂਸ ਹਰ ਹਰ ਕੇ। ਪੰਥ ਦੇ ਹਮੈਤੀ ਇਹਦੇ ਕਾਰਿਆਂ ਨੂੰ ਯਾਦ ਕਰ, ਲਾਹਣਤਾਂ ਦੇ ਟੋਕਰੇ ਭਰ ਭਰ ਕੇ। ਅਹੁਦੇ ਨਹੀਂ ਛੱਡ ਹੁੰਦੇ ਨਾਲੇ ਜਾਂਦੀ ਮੱਤ ਮਾਰੀ, ਗੋਲ੍ਹਕਾਂ ਖ਼ਜ਼ਾਨੇ ਸਰਕਾਰੀ ਚਰ ਚਰ ਕੇ। ਫੁੰਡਣਾ ਨਿਸ਼ਾਨਾ ਹੁਣ ਚਾਹੁੰਦੇ ਭਰਦਾਨ ਸਾਹਬ, ਚੱਲੇ ਹੋਏ ਕਾਰਤੂਸ ’ਕੱਠੇ ਕਰ ਕਰ ਕੇ।