ਗੁਰਮਤਿ ਗਿਆਨ ਮਿਸ਼ਨਰੀ ਕਾਲਜ
Gurmat Gian Missionary College

ਗੁਰਬਚਨ ਸਿੰਘ ਪੰਨਵਾਂ

ਪੁਤ ਪ੍ਰਧਾਨਗੀ ਨਹੀਂ ਛੱਡਣੀ, ਭਾਵੇਂ ਪੰਥ ਜਾਏ—

  ਫਿਟ ਲਾਹਨਤ ਉਨ੍ਹਾਂ ਭੜਭੂੰਜਿਆਂ ਨੂੰ,

    ਰੋੜਾ ਕੌਮ ਦੇ ਰਾਹ ਅਟਕਾਣ ਜਿਹੜੇ।

 ਸੋਹਣੇ ਮੁਖੜੇ ਬੀਬੀਆਂ ਬੰਨ ਪੱਗਾਂ;

ਕੌਮ ਰਾਹ ਕੁਵਲੜੇ ਪਾਣ ਜਿਹੜੇ।

   ਕਾਲਖ, ਖੋਟ ਤੇ ਦਿੱਲਾਂ ਨੂੰ ਰੱਖ ਓਹਲੇ,

  ਹੱਥ ਖੜੇ ਅਸਮਾਨ ਨੂੰ ਲਾਣ ਜਿਹੜੇ।

                      ਅਕਾਲੀ ਗੂੰਜ ਪੰਨਾ 141

ਪੁਤ ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਛੱਡਣੀ ਜਿੰਨ੍ਹਾਂ ਚਿਰ ਸਿੱਖ ਸਰੋਕਾਰ ਪੂਰੀ ਤਰ੍ਹਾਂ ਤਬਾਹ ਨਹੀਂ ਹੁੰਦੇ। ਓਨਾ ਚਿਰ ਅਕਾਲੀ ਦਲ ਦੇ ਝੰਡੇ ਹੇਠ ਡਟੇ ਰਹਿਣਾ ਹੈ ਜਿੰਨਾਂ ਚਿਰ ਪੰਜਾਬ ਪੂਰੀ ਤਰ੍ਹਾਂ ਕੇਂਦਰ ਦੀ ਦਾੜ੍ਹ ਥੱਲੇ ਨਹੀਂ ਆ ਜਾਂਦਾ। ਚੀਕ ਚੀਕ ਕੇ ਕਹੋ ਕਿ ਅਕਾਲੀ ਦਲ ਸ਼ਹੀਦਾਂ ਦੀ ਜੱਥੇਬੰਦੀ ਹੈ ਪਰ ਤੁਸਾਂ ਪੁਤ ਖੰਡੇ ਦੀ ਪਾਹੁਲ ਵੀ ਨਹੀਂ ਲੈਣੀ। ਆਪਣੀ ਜ਼ਿੰਦਗੀ ਵਿਚ ਭੁਲ ਕੇ ਵੀ ਸਿੱਖ ਇਤਿਹਾਸ ਦੇ ਪੰਨਿਆਂ ਨੂੰ ਨਿਗਾਹ ਵਿਚ ਨਹੀਂ ਲਿਆਉਣਾ, ਜਿੰਨ੍ਹਾਂ ਚਿਰ ਅਕਾਲੀ ਦਲ ਦੀ ਪ੍ਰਧਾਨਗੀ ਕਰਨੀ ਹੈ। ਸਿੱਖ ਇਤਿਹਾਸ ਪੜ੍ਹਨ ਨਾਲ ਤੇਰੇ ਵਿਚ ਸਿੱਖ ਸਰੋਕਾਰ ਜਨਮ ਲੈ ਸਕਦੇ ਹਨ। ਅਕਾਲੀ ਦਲ ਨੂੰ ਪ੍ਰਾਈਵੇਟ ਕੰਪਨੀ ਵਾਂਗ ਚਲਾਉਣਾ ਤੇਰਾ ਕੰਮ ਹੈ। ਮੇਰਿਆ ਹੀਰਿਆ ਇਸ ਗੱਲ ਵਲ ਪੂਰਾ ਧਿਆਨ ਦੇਣਾ ਹੈ ਕਿ ਜਦੋਂ ਵੀ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰਨਾ ਹੈ ਤਾਂ ਮਲਾਈਦਾਰ ਸਾਰੇ ਮਹਿਕਮੇ ਉਹਨਾਂ ਨੂੰ ਹੀ ਦੇਣੇ ਹਨ। ਇਕ ਗੱਲ ਦਾ ਪੱਕਾ ਖ਼ਿਆਲ ਰੱਖਣਾ ਹੈ, ਕਿ ਟਕਸਾਲੀ ਅਕਾਲੀਏ ਕਦੇ ਵੀ ਤੈਨੂੰ ਧੋਖਾ ਦੇ ਸਕਦੇ ਹਨ ਪਰ ਘੋਨਮੋਨ ਤੇ ਗੈਰ ਸਿੱਖ ਨੌਜਵਾਨ ਹਮੇਸ਼ਾਂ ਤੇਰੀ ਸੋਚ ‘ਤੇ ਪਹਿਰਾ ਦੇਣਗੇ। ਪੁਰਾਣੇ ਅਕਾਲੀਆਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਕਦੇ ਵੀ ਨਹੀਂ ਭੁਲਣਾ ਤਾਂ ਕਿ ਲੋਕ ਤੇਰੇ ਨਾਲ ਜੁੜੇ ਰਹਿਣਗੇ। 

 

ਸਿੱਖ ਕੌਮ ਨੂੰ ਤੇਰੇ ਸਿੱਖ ਹੋਣ ਦਾ ਸਦਾ ਭੁਲੇਖਾ ਪੈਂਦਾ ਰਹੇ ਕਿ ਤੂੰ ਪੱਕਾ ਸਿੱਖ ਹੈਂ ਇਸ ਲਈ ਗਾਹੇ-ਬ-ਗਾਹੇ ਦਰਬਾਰ ਸਾਹਿਬ ਅਖੰਡ ਪਾਠ ਕਰਾ ਆਇਆ ਕਰ। ਦੂਸਰੇ ਪਾਸੇ ਸਿੱਖ ਸਰੋਕਾਰਾਂ ਦੀ ਤਬਾਹੀ ਕਰਨ ਲਈ ਮੇਰੇ ਵਾਂਗ ਤਿਲਕ, ਲਾਉਣਾ ਉਂਗਲ਼ ਵਿਚ ਨਗ ਪਾਉਣਾ ਤੇ ਕੜੇ ਨਾਲ ਮੌਲ਼ੀਆਂ ਬੰਨਣੀਆਂ ਕਦੇ ਵੀ ਨਹੀਂ ਭੁਲਣੀਆਂ। ਸਿੱਖ ਸਿਧਾਂਤ ਨਾਲੋਂ ਸਨਾਤਨੀ ਮਤ ਦਾ ਵੱਧ ਪ੍ਰਚਾਰ ਕਰੀਂ। ਮੇਰਿਆ ਪੁਤਰਾ ਤੈਨੂੰ ਸੌਂਹ ਲੱਗੇ ਜੇ ਕਦੇ ਅਨੰਦਪੁਰ ਮਤੇ ਦਾ ਕੋਈ ਧੂੰਆਂ ਵੀ ਕੱਢੇਂ। ਉਂਝ ਮੈਨੂੰ ਪੱਕਾ ਯਕੀਨ ਓਦਣ ਹੋ ਗਿਆ ਸੀ ਜਿਸ ਦਿਨ ਕੇਂਦਰ ਨੇ ਜੰਮੂ ਕਸ਼ਮੀਰ ਤੋੜ ਕਿ ਚਾਰ ਕੇਂਦਰੀ ਹਿੱਸੇ ਬਣਾ ਧਰੇ ਸੀ ਪਰ ਤੂੰ ਚੂੰ ਤੱਕ ਨਹੀਂ ਸੀ ਕੀਤੀ, ਸ਼ਾਬਾਸ਼! ਮੇਰੇ ਪੁਤ ਦੇ। ਜਿਹੜਾ ਅਕਾਲੀ ਦਲ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ ਉਸ ਦੀ ਭਾਵਨਾ ਅਕਾਲੀ ਦਲ ਵਿਚੋਂ ਸਦਾ ਲਈ ਖਤਮ ਕਰਨ ਦੀ ਮੈਂ ਤੈਨੂੰ ਵਧਾਈ ਵੀ ਦਿੰਦਾ ਹਾਂ।

ਪੁਤ ਪ੍ਰਧਾਨਗੀ ਨਹੀਂ ਛੱਡਣੀ—ਪਹਿਲੇ ਅਕਾਲੀ ਦਲ ਦੇ ਵਰਕਰ ਸੇਵਾਦਾਰ ਹੁੰਦੇ ਸੀ। ਟਿਕਟਾਂ ਦੇਣ ਲੱਗਿਆਂ ਪੁਛਿਆ ਜਾਂਦਾ ਸੀ, ਤੂੰ ਪੰਥ ਲਈ ਕਿਹੜੀ ਕੁਰਬਾਨੀ ਕੀਤੀ ਹੈ। ਪੁਤ ਉਹ ਸਮਾਂ ਲੰਘ ਗਿਆ ਹੈ ਹੁਣ ਇਹ ਪੁਛਿਆ ਕਰ ਕਿ ਅਕਾਲੀ ਦਲ ਸ਼ਹੀਦਾਂ ਦੀ ਜੱਥੇਬੰਦੀ ਹੈ ਇਸ ਨੂੰ ਪੈਸੇ ਦੀ ਬਹੁਤ ਲੋੜ ਹੈ ਦੱਸ ਕਿੰਨੇ ਪੈਸੇ ਦਿੰਦਾ ਏਂ। ਅਕਾਲੀ ਦਲ ਦਾ ਨਾਂ ਵਰਤ ਕੇ ਆਪਣੇ ਕਾਰੋਬਾਰ ਵਧਾ ਲਿਓ, ਕੌਣ ਪੁਛਦਾ ਹੈ। ਜਿਹੜਾ ਕ੍ਰੋੜਾਂ ਦੇਵੇਗਾ ਉਸ ਨੂੰ ਟਿਕਟ ਦੇਈਂ। ਬਾਹਰਲੀਆਂ ਪਾਰਟੀਆਂ ਵਿਚੋਂ ਆਏ ਲੀਡਰਾਂ ਨੂੰ ਪਹਿਲ ਦੇ ਅਧਾਰ ‘ਤੇ ਅਹੁਦੇ ਬਖਸ਼ਦਾ ਰਹੀਂ। ਜੇ ਕੁਰਬਾਨੀ ਪੁਛਣੀ ਸ਼ੂਰੂ ਕੀਤੀ ਤਾਂ ਤੈਨੂੰ ਮਹਿੰਗੀ ਪਏਗੀ ਕਿਉਂਕਿ ਤੂੰ ਤੇ ਤੇਰੀ ਘਰਵਾਲੀ, ਓਦ੍ਹੇ ਭਰਾ ਤੇ ਤੇਰੇ ਜੀਜੇ ਦੀ ਪੰਥ ਨੂੰ ਕੋਈ ਦੇਣ ਨਹੀਂ ਹੈ ਇਸ ਲਈ ਇਸ ਨੂੰ ਪਰਦੇ ਪਿੱਛੇ ਹੀ ਰਹਿਣ ਦੇਵੀਂ।

ਸਾਰੇ ਅਕਾਲੀਆਂ ਨੂੰ ਆਪਣੇ ਕੇਂਦਰੀ ਧੁਰੇ ਨਾਲੋਂ ਤੋੜਨ ਲਈ ਅੰਮ੍ਰਿਤਸਰ ਦਾ ਕਦੇ ਨਾਂ ਵੀ ਨਹੀਂ ਲੈਣਾ ਸਗੋਂ ਆਪਣਾ ਸ਼ਾਹੀ ਦਫਤਰ ਚੰਡੀਗੜ੍ਹ ਵਿੱਚ ਬਣਾਈਂ। ਬੜੀ ਮੁਸ਼ਕਲ ਨਾਲ ਟਕਸਾਲੀ ਅਕਾਲੀਏ ਤੇਰੇ ਗਲੋਂ ਲਾਹ ਦਿੱਤੇ ਹਨ। ਦੇਖ ਜੱਥੇਦਾਰ ਟੋਹੜੇ ਗਰੁਪ ਦੇ ਅਕਾਲੀ ਕਿਦਾਂ ਤੇਰੇ ਅੱਗੇ ਪਿੱਛੇ ਫਿਰਦੇ ਹਨ ਸਾਊ ਪੁਤਾਂ ਵਾਂਗ ਸਭ ਤੋਂ ਵੱਧ ਉਹ ਹੀ ਤੇਰੇ ਹੱਕ ਵਿਚ ਭੁਗਤਦੇ ਹਨ। ਜਿਹੜੇ ਬਚੇ ਸੀ ਉਹ ਆਪਣੇ ਪੁਤਰਾਂ ਦੀਆਂ ਸੀਟਾਂ ਬਚਾਉਣ ਵਿਚ ਲਾ ਦਿੱਤੇ। ਮੈਂ ਹਾਲਾਤ ਏਦਾਂ ਦੇ ਪੈਦਾ ਕਰ ਦਿੱਤੇ ਹਨ, ਕਿ ਜਿੰਨ੍ਹਾਂ ਤੋਂ ਤੈਨੂੰ ਖਤਰਾ ਸੀ ਉਹ ਆਪਣੇ ਆਪ ਹੀ ਅਕਾਲੀ ਦਲ ਨੂੰ ਛੱਡ ਗਏ। ਉਹ ਨਾ ਘਰ ਦੇ ਰਹਿਣਗੇ ਤੇ ਨਾ ਹੀ ਘਾਟ ਦੇ ਰਹਿਣਗੇ। ਕਿਉਂਕਿ ਉਹ ਐਨੀ ਕਾਬਲੀਅਤ ਦੇ ਮਾਲਕ ਨਹੀਂ ਹਨ ਕਿ ਮੇਰੇ ਵਾਂਗ ਉਹ ਵੀ ਕੋਈ ਢਾਂਚਾ ਖੜਾ ਕਰ ਸਕਣ।

ਮੇਰਿਆ ਪੁਤਰਾ! ਇਕ ਗੱਲ ਮੈਂ ਭੁਲ ਨਾ ਜਾਵਾਂ ਦੇਖੀਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਨਾ ਹੋਣ ਦੇਵੀ ਸਿੱਖਾਂ ਦਾ ਕੋਈ ਪਤਾ ਨਹੀਂ ਕਦੋਂ ਕਿਸੇ ਦੂਸਰੀ ਪਾਰਟੀ ਨੂੰ ਮੌਕਾ ਦੇ ਦੇਣ। ਤੇਰੇ ਨਾਲ ਅੰਨ੍ਹਿਆਂ ਦੀ ਟੀਮ ਲੱਗੀ ਹੋਈ ਆ ਇਹ ਭੇਡਾਂ ਵਾਂਗ ਤੇਰੇ ਪਿੱਛੇ ਤੁਰੀ ਜਾਣਗੇ। ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਦ੍ਹੇ ਕੋਲ ਸ਼੍ਰੋਮਣੀ ਗੁਰਦੁਆਰਾ ਕਮੇਟੀ ਹੁੰਦੀ ਹੈ ਸਿੱਖ ਓਸੇ ਅਕਾਲੀ ਦਲ ਨੂੰ ਮਾਨਤਾ ਦਿੰਦੇ ਹਨ। ਸ਼੍ਰੋਮਣੀ ਗੁਰਦੁਆਰਾ ਕਮੇਟੀ ਵਿਚ ਲਗਦੇ ਚਾਰੇ, ਉਹ ਲੋਕ ਹੀ ਭਰਤੀ ਕਰਨੇ ਨੇ ਜਿਹੜੇ ਗੁਰੂ ਗ੍ਰੰਥ ਨਾਲੋਂ ਸਾਧਾਂ ਨੂੰ ਵੱਧ ਤਰਜੀਹ ਦਿੰਦੇ ਹੋਣ। ਦੇਖ ਤੇਰੇ ਸਾਹਮਣੇ ਕੌਮ ਦੇ ਜੱਥੇਦਾਰ ਚੰਡੀਗੜ੍ਹ ਆਏ ਸੀ ਜੋ ਅਸਾਂ ਕਿਹਾ ਉਹੀ ਉਹਨਾਂ ਕੀਤਾ। ਆਪਣੇ ਪੱਕੇ ਮਿੱਤਰ ਸੌਦਾ ਸਾਧ ਨੂੰ ਮੁਆਫੀ ਦੇਣ ਲਈ ਕੌਮ ਦੇ ਜੱਥੇਦਾਰ ਕਿਦ੍ਹਾਂ ਉਤਾਵਲੇ ਸਨ। ਹਾਲਾਂ ਕਿ ਸਾਧ ਵਲੋਂ ਲਿਖੀ ਚਿੱਠੀ ਵੀ ਜਾਲ੍ਹੀ ਜੇਹੀ ਲਗਦੀ ਸੀ। ਇਹ ਤੇ ਬੇੜਾ ਬਹਿਜੇ ਗੁਰਮੁਖ ਸਿੰਘ ਗ੍ਰੰਥੀ ਦਾ ਜਿਨ੍ਹੇ ਸਾਰਾ ਭਾਂਡਾ ਹੀ ਭੰਨ ਦਿੱਤਾ ਨਹੀਂ ਤਾਂ ਢੱਕੀ ਹੀ ਰਿੱਝੀ ਜਾਣੀ ਸੀ। ਉਂਝ ਹੁਣ ਉਹ ਵੀ ਸੀਲ ਗਊ ਬਣ ਗਿਆ ਹੈ। ਵੋਟਾਂ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਇਸ਼ਤਿਹਾਰਾਂ ‘ਤੇ ਵੱਧ ਤੋਂ ਵੱਧ ਆਪਣੇ ਹੱਕ ਦੇ ਪ੍ਰਚਾਰ ਲਈ ਵਰਤਣਾ ਹੈ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਸ ਵਿਅਕਤੀ ਨੂੰ ਲਾਈਂ ਜਿਹੜਾ ਡੇਰਿਆਂ ਨਾਲ ਰਾਬਤਾ ਕਾਇਮ ਰੱਖ ਸਕੇ। ਹਰ ਦੂਜੇ ਤੀਜੇ ਦਿਨ ਇਹ ਬਿਆਨ ਦੇਣਾ ਨਹੀਂ ਭੁਲਣਾ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਕੰਮ ਵਿੱਚ ਕਦੇ ਦਖ਼ਲ ਅੰਦਾਜ਼ੀ ਨਹੀਂ ਕਰਦੇ। ਆ ਦੇਖ! ਹੁਣ ਵਾਲਾ ਜੱਥੇਦਾਰ ਅਜੇ ਕੰਮ-ਕਾਜ ਚਾਲਉਣ ਵਾਲਾ ਹੀ ਰੱਖਿਆ ਈ, ਤੇਰੇ ਲਈ ਸਿੱਖ ਕੌਮ ਨੂੰ ਬਤਮੀਜ਼ ਸ਼ਬਦ ਵੀ ਵਰਤ ਰਿਹਾ ਹੈ। ਦਸ ਕਦੇ ਕਿਸੇ ਅਕਾਲੀ ਨੇ ਵਿਰੋਧ ਕੀਤਾ ਈ। ਤੂੰ ਦਸ ਏਦਾਂ ਦੇ ਪੀ. ਐਚ. ਡੀ. ਜੱਥੇਦਾਰ ਬੇ-ਤੁਕੇ ਬਿਆਨ ਦੇਣ ਵਾਲੇ ਲੱਭਣਗੇ?

ਇਕ ਦੂਜੇ ਅਕਾਲੀਏ ਨੂੰ ਪੂਰੀ ਤਰਾਂਹ ਲੜਾ ਕਿ ਰੱਖਣ ਦਾ ਤੈਨੂੰ ਹੁਨਰ ਸਿੱਖਾ ਦਿੱਤਾ ਹੈ। ਜਿਹੜਾ ਵੀ ਤਾਕਤਵਰ ਅਕਾਲੀ ਹੋਵੇ ਉਸ ਦੇ ਮੁਕਾਬਲੇ ਤੇ ਦੂਜੇ ਅਕਾਲੀਏ ਦੇ ਘਰ ਜਾ ਆਈਂ ਫਿਰ ਆਪੇ ਲੜੀ ਜਾਣਗੇ।ਮੇਰੇ ਜਿਉਂਦੇ ਜੀਅ ਤੈਨੂੰ ਪ੍ਰਧਾਨਗੀ ਤੋਂ ਉਤਰਨਾ ਪਏ ਮੇਰੇ ਲਈ ਅਸਹਿ ਸਦਮਾ ਹੈ। ਇਹ ਮੈਨੂੰ ਅਖੀਰਲੀ ਉਮਰੇ ਚੰਗਾ ਨਹੀਂ ਲੱਗਿਆ। ਤੂੰ ਐਂ ਕਰ, ਸਿਧਾਂਤ ਅਸੂਲ ਨੂੰ ਛਿੱਕੇ ‘ਤੇ ਟੰਗ ਕੇ ਅੰਤਰਿੰਗ ਕਮੇਟੀ ਵਾਲਾ ਕੰਮ ਤੂੰ ਖ਼ੁਦ ਹੀ ਕਰਦੇ। ਸਾਰੇ ਅਕਾਲੀਆਂ ਨੂੰ ਘਰੋਂ ਘਰੀਂ ਤੋਰਦੇ, ਦੋ ਚਾਰ ਦਿਨ ਬਿਆਨ ਬਾਜ਼ੀ ਕਰਨਗੇ ਫਿਰ ਆਪੇ ਆਨੇ ਵਾਲੀ ਥਾਂ ‘ਤੇ ਆ ਜਾਣਗੇ। ਜਿਹੜਾ ਬਹੁਤਾ ਤੱਤਾ ਹਊ ਓਦ੍ਹੇ ਘਰੇ ਜਾ ਆਈਂ ਆਪੇ ਠੰਡਾ ਹੋ ਜਾਏਗਾ। ਇਕ ਗੱਲ ਦਾ ਖ਼ਿਆਲ ਰੱਖੀਂ ਕਿ ਆਪ ਅਭੰਗ ਹੀ ਰਹੀਂ। ਦੋਹਾਂ ਚੋਹਾਂ ਤੋਂ ਬਿਆਨ ਦਿਵਾ ਦੇਵੀਂ ਕਿ ਆਖ਼ਰੀ ਫੈਸਲਾ ਸਾਡੇ ਪ੍ਰਧਾਨ ਜੀ ਹੀ ਲੈਣਗੇ। ਮੈਨੂੰ ਇਹ ਵੀ ਖਦਸ਼ਾ ਹੈ ਕਿ ਇਸ ਵਾਰੀ ਕੋਈ ਹੋਰ ਭਾਰੀ ਨਾ ਪੈ ਜਾਏ। ਮੈਨੂੰ ਲਗਦਾ ਹੈ ਹੁਣ ਪੰਥਕ ਮੋਰਚਾ ਵੀ ਨਹੀਂ ਲਗਣਾ। ਸਾਰਿਆਂ ਮੁਦਿਆਂ ‘ਤੇ ਮੋਰਚੇ ਲੱਗ ਚੁਕੇ ਹਨ। ਵੈਸੇ ਵੀ ਤੈਨੂੰ ਮੋਰਚਿਆਂ ਦੀ ਕੀ ਸਮਝ ਹੈ ਸ਼ਾਹੀ ਜੀਵਨ ਵਾਲਾ ਭੁੰਜੇ ਕਿੱਥੇ ਸਵੇਂਗਾ?

ਸਾਰ ਉਹਨਾਂ ਨੂੰ ਕੀ ਕੁਰਬਾਨੀਆਂ ਦੀ,

ਭੁੰਜੇ ਸੌਣ ਤੇ ਕਹਿਣ ਖ਼ੌਫ਼ਨਾਕ ਹੋਵੇ।

ਖਰਿਆਂ ਖੋਟਿਆਂ ਦੀ ਪਰਖ ਹੋਣ ਲੱਗੀ,

ਜੱਥੇਬੰਦੀ ਦਾ ਨਹੀਂ ਨੁਕਸਾਨ ਹੋਵੇ।

ਸੋਹਨ ਸਿੰਘ 13 ਮਈ 1925 

ਅਕਾਲੀ ਕਾਨਫ੍ਰੰਸ ਕਦੇ ਭੁਲ ਕੇ ਨਾ ਕਰਾਂਈਂ. ਜੇ ਕਰਾਂਏ ਵੀ ਤਾਂ ਆਹ ਢਾਡੀ ਨਾ ਸੱਦੀਂ ਇਹ ਪੁਠਾ ਤਵਾ ਵੀ ਲਾ ਦਿੰਦੇ ਹੁੰਦੇ ਨੀ। ਆਹ ਦੇਖ ਇਹਨਾਂ ਅਕਾਲੀ ਦਲਾਂ ਦਾ ਹਾਲ ਮੇਰੇ ਕਹੇ ਤੇ ਹੀ 2017 ਵਿਚ ਬ੍ਰਹਮਪੁਰਾ ਆਦਿ ਸਾਰੇ ਵੱਖਰੇ ਹੋਏ ਸੀ ਭਈ 2022 ਵਿਚ ਮੁੜ ਇਕੱਠੇ ਹੋ ਜਾਵਾਂਗੇ। ਪੁਤ ਤੂੰ ਤਾਂ ਡੁਬਿਆ ਹੀ ਸੀ ਇਹ ਵੀ ਨਾਲ ਹੀ ਡੁਬ ਗਏ। ਜੇ ਇਹ ਮਨੋ ਅੱਡ ਹੋਏ ਹੁੰਦੇ ਤਾਂ ਆਪਣਾ ਸਾਰਾ ਢਾਂਚਾ ਖੜਾ ਕਰਦੇ। ਇਹ ਤਾਂ ਵਿਚਾਰੇ 2022 ਦੀਆਂ ਚੋਣਾਂ ਉਡੀਕ ਰਹੇ ਸਨ ਮੇਰੀ ਸ਼ਰਨ ਵਿਚ ਆਉਣ ਲਈ।

ਦੇਖਣ ਨੂੰ ਮੈਂ ਅਕਾਲੀ ਲਗਦਾ ਸੀ ਪਰ ਪ੍ਰਵਾਰ ਖਾਤਰ ਮੈਂ ਅਕਾਲੀ ਦਲ ਦੀਆਂ ਪ੍ਰੰਪਰਾਵਾਂ ਹੀ ਡੋਬਤੀਆਂ। ਮੈਂ ਆਪਣੀ ਹਯਾਤੀ ਵਿਚ ਜਿੱਥੋਂ ਸਿੱਖ ਨੇਤਾਵਾਂ ਦੀ ਪਨੀਰੀ ਤਿਆਰ ਹੁੰਦੀ ਸੀ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਭੋਗ ਹੀ ਪਾ ਦਿੱਤਾ ਈ। ਦੀਵਾ ਲੈ ਕੇ ਲੱਭਿਆ ਵੀ ਫੈਡਰੇਸ਼ਨ ਨਹੀਂ ਲੱਭਦੀ। ਨਕਲੀ ਨਿਰੰਕਾਰੀ ਨੂੰ ਮੇਰੀ ਵਜ਼ਾਰਤ ਨੇ ਹੀ ਬਾ-ਇੱਜ਼ਤ ਦਿੱਲੀ ਪਹੁੰਚਾਇਆ ਸੀ। ਲੋਕ ਲੱਖ ਰੌਲਾ ਪਾਉਣ ਪਰਵਾਹ ਨਹੀਂ ਕਰਨੀ ਜਿਹੜੇ ਗੁਰਬਾਣੀ ਸਿਧਾਂਤ ਦਾ ਡੇਰੇ ਵਿਰੋਧ ਕਰਨ ਉਹਨਾਂ ਦੇ ਹੱਕ ਵਿਚ ਜ਼ਰੂਰ ਖੜਾ ਹੋਈ। ਦੇਖ ਤੇਰੇ ਮਾਤਾ ਜੀ ਆਸ਼ੂਤੋਸ਼ ਭਈਏ ਦੇ ਪੈਰਾਂ ਵਿਚ ਬੈਠੀ ਸੀ। ਇਹ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ। ਉਂਝ ਤੇਰੀ ਪ੍ਰਧਾਨਗੀ ਲਈ ਬੜੇ ਜਫਰਜਾਲੇ ਨੇ। ਸਿੱਖਾਂ ਨੇ ਓਦੋਂ ਵੀ ਮਾੜਾ ਮੋਟਾ ਵਿਰੋਧ ਕੀਤਾ ਸੀ ਪਰ ਫਿਰ ਸਭ ਨੂੰ ਚੇਤਾ ਭੁਲ-ਭੁਲਾ ਗਿਆ। ਮੇਰੇ ਖ਼ਿਆਲ ਅਨੁਸਾਰ ਤੈਨੂੰ ਉੱਪ ਮੁਖ ਮੰਤ੍ਰੀ ਨਹੀਂ ਬਣਨਾ ਚਾਹੀਦਾ ਸੀ ਤੇ ਨਾ ਹੀ ਤੇਰੀ ਘਰਵਾਲੀ ਨੂੰ ਕੇਂਦਰ ਵਿਚ ਮੰਤ੍ਰੀ ਬਣਨਾ ਚਾਹੀਦਾ ਸੀ। ਅਸਲ ਵਿਚ ਤੂੰ ਆਪਣੇ ਸਹੁਰਾ ਪਰਵਾਰ ਦੀ ਜ਼ਿਆਦਾ ਸੁਣਨ ਲੱਗ ਗਿਆ। ਸਾਲੇ ਨੂੰ ਵੀ ਮੰਤ੍ਰੀ ਬਣਾ ਧਰਿਆ। ਮੈਂ ਤੈਨੂੰ ਸਮਝਾਉਂਦਾ ਰਿਹਾ ਪਰ ਤੂੰ ਸਮਝਿਆ ਨਹੀਂ। ਤੁਸੀਂ ਪੂਰੀਆਂ ਚੰਮ ਦੀਆਂ ਚਲਾਈਆਂ। ਆਪਣੇ ਰਾਜ ਵਿਚ ਕੁਝ ਜ਼ਿਆਦਾ ਹੀ ਵਾਧਾ ਹੋ ਗਿਆ ਜਿਸ ਦਾ ਖ਼ਮਿਆਜ਼ਾ ਅੱਜ ਤੈਨੂੰ ਭੁਗਤਣਾ ਪੈ ਰਿਹਾ ਹੈ। ਪਤਾ ਨਹੀਂ ਕਿੰਨ੍ਹੇ ਤੈਨੂੰ ਸਲਾਹ ਦਿੱਤੀ ਸੌਦਾ ਸਾਧ ਦੀ ਫਿਲਮ ਦਿਖਾਉਣ ਦੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਾਡੇ ਰਾਜ ਵਿਚ ਹੋ ਗਈ ਬੱਸ ਉਹੀ ਸਾਨੂੰ ਲੈ ਕੇ ਬੈਠ ਗਈ। ਸ਼ਾਂਤ ਮਈ ਧਰਨਾ ਦੇ ਰਹੀਆਂ ਸੰਗਤਾਂ ‘ਤੇ ਪ੍ਰਸ਼ਾਸ਼ਨ ਨੇ ਗੋਲੀ ਚਲਾਈ ਉਹ ਵੱਡੀ ਬਿਪਤਾ ਬਣ ਗਈ ਕਿਉਂ ਕਿ ਤੂੰ ਓਦੋਂ ਮੁਖ ਉੱਪ-ਮੰਤ੍ਰੀ ਸੀ ਤੇ ਗ੍ਰਹਿ ਵਿਭਾਗ ਵੀ ਤੇਰੇ ਕੋਲ ਹੀ ਸੀ। ਲੋਕ ਪੁਛਦੇ ਨੇ ਤੁਸੀਂ ਅਕਾਲੀ ਸੀ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਉਂ ਹੋਈ? ਪੁਛਣ ਵਾਲਿਆਂ ਨੂੰ ਕਿਦਾਂ ਸਮਝਾਈਏ ਕਿ ਸੌਧਾ ਸਾਧ ਨਾਲ ਸਾਡਾ ਯਰਾਨਾ ਸੀ ਜੋ ਇਮਾਨਦਾਰੀ ਨਾਲ ਨਿਭਾਇਆ। ਬੇਅਦਬੀ ਵਾਲੀ ਘਟਨਾ ਸਾਡੇ ਰਾਜ ਵਿਚ ਹੋਈ ਤਾਂ ਓਦੋਂ ਸਾਨੂੰ ਸੰਭਲ਼ ਜਾਣਾ ਚਾਹੀਦਾ ਸੀ ਪਰ 25 ਸਾਲ ਰਾਜ ਕਰਨ ਦਾ ਸੁਪਨਾ ਸਾਡੇ ‘ਤੇ ਭਾਰੀ ਪੈ ਗਿਆ। ਕੁਝ ਆਗੂਆਂ ਨੇ ਸਰਬੱਤ ਖਾਲਸਾ ਕਰਕੇ ਯਤਨ ਤਾਂ ਕੀਤਾ ਸੀ ਸਾਨੂੰ ਬਚਾਉਣ ਦਾ ਪਰ ਸਾਰਾ ਕੰਮ ਉਲਟਾ ਹੀ ਹੋ ਗਿਆ।

ਰਾਜ ਸੱਤਾ ਦਾ ਨਸ਼ਾ ਹੀ ਐਨਾ ਹੁੰਦਾ ਹੈ ਕਿ ਕਈ ਵਾਰੀ ਗਲਤ ਅੰਦਾਜ਼ੇ ਵੀ ਲੱਗ ਜਾਂਦੇ ਹਨ। ਸੁਮੇਧ ਸੈਣੀ ਨੂੰ ਪੰਜਾਬ ਦਾ ਮੁਖੀ ਲਾਉਣਾ ਵੀ ਸਾਡੇ ‘ਤੇ ਭਾਰੀ ਪਿਆ। ਪੰਜਾਬ ਦੇ ਅਣਖ਼ੀ ਲੋਕਾਂ ਨੇ ਸਾਨੂੰ ਵਿਧਾਨ ਸਭਾ ਵਿਚੋਂ ਮੱਖਣ ਦੇ ਵਾਲ ਵਾਂਗ ਵਗ੍ਹਾ ਕੇ ਬਾਹਰ ਮਾਰਿਆ। ਪਹਿਲਾਂ ਅਸੀਂ ਕਿਸਾਨ ਵਿਰੋਧੀ ਖੇਤੀ ਬਿੱਲਾਂ ਦੇ ਹੱਕ ਵਿਚ ਬਿਆਨ ਤੇ ਬਿਆਨ ਦਿੰਦੇ ਰਹੇ। ਭਾਰਤੀ ਜਨਤਾ ਪਾਰਟੀ ਦੀ ਪਿੱਠ ਥਾਪੜਦੇ ਰਹੇ। ਜਦੋਂ ਬਿੱਲਾਂ ਦਾ ਵਿਰੋਧ ਕੀਤਾ ਤਾਂ ਭਾਰਤੀ ਜਨਤਾ ਪਾਰਟੀ ਨੇ ਨਾਤਾ ਤੋੜ ਲਿਆ। ਵਜ਼ੀਰੀ ਵਾਲੀ ਕੁਰਸੀ ਗਈ ਤੇ ਪੰਜਾਬ ਦੇ ਲੋਕਾਂ ਨੇ ਸਾਨੂੰ ਪਿੰਡਾਂ ਵਿਚ ਵੜ੍ਹਨ ਨਹੀਂ ਦਿੱਤਾ।

ਹੁਣ ਤਾਂ ਚੱਪਣੀ ਵੀ ਨਹੀਂ ਲੱਭਦੀ ਕਿ ਸਾਡੀਆਂ ਵਿਧਾਨ ਸਭਾ ਵਿਚ ਤਿੰਨ ਸੀਟਾਂ ਆਈਆਂ। ਇਕ ਹੈਰਾਨੀ ਵੀ ਹੁੰਦੀ ਹੈ ਕਿ ਅਸੀਂ 1984 ਉਪਰੰਤ ਤਿੰਨ ਵਾਰ ਸਤਾ ਦਾ ਅਨੰਦ ਮਾਣਿਆਂ ਪਰ ਸਾਡੀ ਪੰਥਕ ਸਰਕਾਰ ਨੇ ਕਿਸੇ ਵੀ ਸਿੱਖ ਬੰਦੀ ਨੂੰ ਛੁਡਾਉਣ ਦੀ ਗੱਲ ਨਹੀਂ ਕੀਤੀ। ਏੱਥੋਂ ਤਕ ਕੇ ਬਾਕੀ ਵੀ ਕੋਈ ਅਕਾਲੀ ਨੇਤਾ ਨਹੀਂ ਬੋਲਿਆ। ਸਾਡੀ ਜ਼ਬਾਨ ਸੜ੍ਹ ਜਾਏ ਜੇ ਕਦੇ ਰਾਜ ਸੱਤਾ ਦਾ ਸੁਖ ਮਾਣਦਿਆਂ ਸਿੱਖ ਕੈਦੀਆਂ ਦੀ ਗੱਲ ਕੀਤੀ ਹੋਵੇ ਜਾਂ ਧਰਮੀ ਫੌਜੀਆਂ ਨੂੰ ਰੁਜ਼ਗਾਰ ਦਿੱਤਾ ਹੋਵੇ। ਅਸਾਂ ਤਾਂ ਕੋਸ਼ਿਸ਼ ਕੀਤੀ ਸੀ ਸਰਦਾਰ ਦੇਵਿੰਦਰ ਸਿੰਘ ਭੁਲਰ ਜਾਂ ਹੋਰ ਸਿੱਖ ਕੈਦੀ ਪੰਜਾਬ ਤੋਂ ਦੂਰ ਹੀ ਰਹਿਣ। ਹੁਣ ਪਤਾ ਨਹੀਂ ਕਿਉਂ ਸਿੱਖ ਕੈਦੀਆਂ ਦਾ ਹੇਜ ਜਾਗਿਆ? ਇਸ ਹੇਜ ਨੇ ਜਗੋਂ ਤੇਰ੍ਹਵੀਂ ਕਰਦਿਆਂ ਲੋਕ ਸਭਾ ਵਾਲੀ ਸੀਟ ਦੀ ਜ਼ਮਾਨਤ ਵੀ ਜ਼ਬਤ ਕਰਾ ਦਿੱਤੀ। (ਜੇ ਕੈਦੀਆਂ ਦਾ ਏਨਾ ਹੀ ਹੇਜ ਸੀ ਤਾਂ ਬੀਬੀ ਖਾਲੜਾ ਦੀ ਤੁਹਾਨੂੰ ਮਦਦ ਕਰਨੀ ਚਾਹੀਦੀ ਸੀ)। ਕਦੇ ਪੰਜਾਬ ਵਿਧਾਨ ਸਭਾ ਵਿਚ ਮੁਹੰਮਦ ਸਦੀਕ ਨੂੰ ਮੈਂ ਗੀਤ ਗਾਉਣ ਲਈ ਕਹਿਆ ਸੀ ਉਹ ਵਿਚਾਰਾ ਗਾਉਣ ਲੱਗ ਪਿਆ ਮੈਂ ਫਿਰ ਟਿੱਚਰ ਕਰਦਿਆਂ ਕਾਂਗਰਸੀਆਂ ਨੂੰ ਕਿਹਾ ਕਿ ਕੋਈ ਵੈਣ ਪਾਉਣ ਵਾਲਾ ਵੀ ਲੈ ਆਉ। ਅੱਜ ਪੁਤਰਾ ਤੇਰੀ ਹਾਲਤ ਦੇਖ ਕੇ ਤਰਸ ਆਉਂਦਾ ਹੈ ਕਿ ਤੂੰ ਖ਼ੁਦ ਗੀਤ ਰਾਹੀਂ ਵੈਣ ਪਾ ਰਿਹਾ ਹੈ, ਸਿੱਖ ਕੈਦੀਆਂ ਦੀ ਰਿਹਾਈ ਕਰਾਉਣ ਲਈ। ਉਂਝ ਇਹ ਬਨਾਵਟੀ ਨਾਟਕ ਕਿਸੇ ਦੇ ਸੰਘੋਂ ਨਹੀਂ ਲੱਥਾ। 

2017 ਵਿਚ, 2019 ਤੇ ਹੁਣ 2022 ਵਿਚ ਹੋਈਆਂ ਹਾਰਾਂ ਨੇ ਤੈਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ। ਮੈਂ ਸੋਚਦਾ ਸੀ ਕਿ ਪੰਥਕ ਸਰੋਕਾਰਾਂ ਵਾਲਾ ਪੱਤਾ ਖੇਡਦਿਆਂ ਸਿੱਖ ਕੈਦੀਆਂ ਦੀ ਰਿਹਾਈ ਵਾਲੀ ਗੱਲ ਸੁਣ ਕੇ ਪੰਜਾਬ ਦਾ ਅਵਾਮ ਸਾਨੂੰ ਲੋਕ ਸਭਾ ਦੀ ਸੀਟ ਜਿਤਾ ਦੇਵੇਗਾ ਤੇ ਇੱਜ਼ਤ ਬਚੀ ਰਹੇਗੀ। ਇਹ ਸਾਰੀ ਖੇਡ ਸਾਡੇ ‘ਤੇ ਭਾਰੀ ਪੈ ਗਈ ਜਦੋਂ ਲੋਕਾਂ ਨੇ ਸਵਾਲ ਪੁਛੇ ਕਿ ਤੁਸੀਂ ਦੋਵੇਂ ਪਤੀ ਪਤਨੀ ਐਮ. ਪੀ. ਹੋ ਸਿੱਖ ਕੈਦੀਆਂ ਲਈ ਹੁਣ ਤਕ ਕੀ ਕੀਤਾ? ਜਦੋਂ ਤੁਹਾਡਾ ਰਾਜ ਸੀ ਇਹ ਉਪਰਾਲਾ ਓਦੋਂ ਕਿਉਂ ਨਹੀਂ ਕੀਤਾ? ਮੈਂ ਸੌਂਹ ਖਾ ਕੇ ਕਹਿ ਸਕਦਾ ਹਾਂ ਕਿ ਅਸਾਂ ਕੇਂਦਰ ਨਾਲ ਸਮਝੌਤਿਆਂ ਵਿਚ ਪੰਜਾਬ ਦਾ ਗਵਾਇਆ ਹੀ ਗਵਾਇਆ ਹੈ ਲੈ ਕੇ ਕੁਝ ਨਹੀਂ ਦਿੱਤਾ। ਸਾਡੇ ਨਾਲੋਂ ਤਾਂ ਨਵਜੋਤ ਸਿੰਘ ਸਿੱਧੂ ਚੰਗਾ ਰਹਿ ਗਿਆ ਘੱਟੋ ਘੱਟ ਕਰਤਾਰਪੁਰ ਦਾ ਲਾਂਘਾ ਤਾਂ ਖੁਲ੍ਹਾ ਗਿਆ। ਅਸਾਂ ਤਾਂ ਉਸ ਨੂੰ ਦੇਸ਼ ਵਿਰੋਧੀ ਸਾਬਤ ਕਰਨ ਦਾ ਵੀ ਯਤਨ ਕੀਤਾ ਕਿ ਇਹ ਕੰਮ ਕਿਉਂ ਹੋਇਆ ਹੈ।

ਕਾਹਲੀ ਅੱਗੇ ਟੋਏ ਹੁੰਦੇ ਹਨ, ਹੁਣ ਜਦੋਂ ਮੁਲਕ ਦੇ ਰਾਸ਼ਟਰਪਤੀ ਦੀ ਚੋਣ ਸੀ ਮਾੜਾ ਜਿਹਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦਾ ਟੈਲੀਫੂਨ ਆਇਆ ਤੁਹਾਨੂੰ ਖੁਸ਼ੀਆਂ ਚੜ੍ਹ ਗਈਆਂ। ਤੁਸੀਂ ਬਿਨਾਂ ਕੋਈ ਗੱਲਬਾਤ ਕੀਤਿਆਂ ਗੁਲਦਸਤੇ ਲੈ ਕੇ ਦਿੱਲੀ ਵਲ ਭੱਜ ਉੱਠੇ। ਜਿਸ ਦਿਨ ਰਾਸ਼ਰਟਪਤੀ ਦੀ ਚੋਣ ਸੀ ਤਾਂ ਭਾਈ ਮਨਪ੍ਰੀਤ ਸਿੰਘ ਅਯਾਲ਼ੀ ਨੇ ਸ਼ਰੇਆਮ ਤੇਰੀ ਵਿਰੋਧਤਾ ਦਾ ਬਿਗਲ ਵਜਾ ਦਿੱਤਾ। ਉਹ ‘ਤੇ ਪਹਿਲਾਂ ਹੀ ਕਹਿ ਰਿਹਾ ਸੀ ਕਿ ਪਾਰਟੀ ਦੀ ਉਪਰਲੀ ਲੀਡਰਸ਼ਿੱਪ ਬਦਲਣੀ ਚਾਹੀਦੀ ਹੈ। ਵੋਟ ਪਉਣ ਸਮੇਂ ਉਸ ਨੇ ਕੁਝ ਸਵਾਲ ਖੜੇ ਕਰ ਦਿੱਤੇ ਜਿਸ ਦਾ ਨਾ ਤੁਸੀਂ ਵਿਰੋਧ ਕਰ ਸਕਦੇ ਤੇ ਨਾ ਹੀ ਉਸ ਦੇ ਹੱਕ ਵਿਚ ਖੜੇ ਹੋ ਸਕਦੇ ਹੋ। ਉਸ ਨੇ ਕਿਹਾ ਕਿ ਕਾਂਗਰਸ ਨੂੰ ਮੈਂ ਵੋਟ ਪਾਉਣੀ ਨਹੀਂ ਕਿਉਂਕਿ ਅਜ਼ਾਦੀ ਤੋਂ ਬਾਅਦ ਪੰਜਾਬ ਨਾਲ ਇਹਨਾਂ ਨੇ ਬਹੁਤ ਧੱਕੇ ਕੀਤੇ ਹਨ, ਪਾਣੀ ਖੋਹਿਆ ਗਿਆ, ਦਰਬਾਰ ਸਾਹਿਬ ‘ਤੇ ਹਮਲਾ ਕੀਤਾ, ਅਕਾਲ ਤਖਤ ਢਾਹਿਆ, ਪੰਜਾਬ ਦੀ ਜਵਾਨੀ ਨੂੰ ਕੋਹਿਆ ਗਿਆ, ਗੁਰੂ ਰਾਮਦਾਸ ਲਾਇਬ੍ਰੇਰੀ ਬਰਬਾਦ ਕਰ ਦਿੱਤੀ। ਭਾਰਤੀ ਜਨਤਾ ਪਾਰਟੀ ਨਾਲ ਸਾਡੇ ਸਬੰਧ 24 ਸਾਲ ਰਹੇ, ਉਨ੍ਹਾਂ ਨੇ ਵੀ ਸਾਨੂੰ ਵਰਤਿਆ ਹੀ ਹੈ। ਇਕ ਵੀ ਅੱਜ ਤੀਕ ਕੋਈ ਪੰਜਾਬ ਦੀ ਮੰਗ ਨਹੀਂ ਮੰਨੀ ਗਈ, ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾਂ ਕਾਂਗਰਸ ਵਾਂਗ ਸਾਡੇ ਨਾਲ ਵਿਤਕਰਾ ਕੀਤਾ ਹੈ। ਪਾਣੀਆਂ ਦੇ ਮਸਲੇ, ਚੰਡੀਗੜ੍ਹ ਪੰਜਾਬ ਨੂੰ ਦੇਣਾ, ਪੰਜਾਬੀ ਬੋਲਦੇ ਇਲਾਕੇ, ਹੁਣ ਪੰਜਾਬ ਯੂਨੀਵਰਸਟੀ ਕੇਂਦਰ ਵਲੋਂ ਆਪਣੇ ਹੱਥਾਂ ਵਿਚ ਲੈਣੀ, ਬੀਬੀਐਮਬੀ ਵਿਚੋਂ ਪੰਜਾਬ ਦੀ ਸਥਾਈ ਪ੍ਰਤੀਨਿੱਧਤਾ ਖਤਮ ਕਰਨਾ ਤੇ ਬੰਦੀ ਸਿੱਖ ਕੈਦੀਆਂ ਦੇ ਮਸਲੇ ਇਸ ਸਰਕਾਰ ਨੇ ਵੀ ਪੰਜਾਬ ਦੇ ਮਸਲੇ ਹੱਲ ਨਹੀਂ ਕੀਤੇ। ਤੀਸਰਾ ਸਵਾਲ ਉਹਨਾਂ ਨੇ ਉਠਾਇਆ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੇ ਅੱਗੇ ਵੱਧਣਾ ਹੈ ਤਾਂ ਪੰਥਕ ਸਰੋਕਾਰਾਂ ਤੇ ਪੰਜਾਬ ਦੇ ਮੁਦਿਆਂ ਦੀ ਗੱਲ ਕਰੇ ਜੋ ਇਸ ਨੇ ਛੱਡ ਦਿੱਤੇ ਹੋਏ ਹਨ। ਹਾਲਾਤ ਏਦਾਂ ਦੇ ਬਣ ਗਏ ਹਨ ਮੈਂ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਦਾ ਮੁਖੀ ਹਾਂ, ਰਾਸ਼ਟਰਪਤੀ ਦੀ ਚੋਣ ਸਮੇਂ ਸਲਾਹ ਤਾਂ ਕੀ ਕਰਨੀ ਸੀ ਮੈਨੂੰ ਪੁਛਿਆ ਤਕ ਨਹੀਂ ਗਿਆ। ਇਸ ਲਈ ਮੈਂ ਰਾਸ਼ਟਰਪਤੀ ਨੂੰ ਵੋਟ ਪਾਉਣ ਦਾ ਵਿਰੋਧ ਕਰਦਾ ਹਾਂ ਤੇ ਇਹ ਵੀ ਮੰਗ ਕਰਦਾ ਹਾਂ ਕਿ ਭਾਈ ਇਕਬਾਲ ਸਿੰਘ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਇਨ-ਬਿਨ ਲਾਗੂ ਕੀਤਾ ਜਾਏ।

ਸਾਨੂੰ ਲਗਦਾ ਹੈ ਜਿਹੜੀਆਂ ਗੱਲਾਂ ਇਆਲੀ ਨੇ ਕਹੀਆਂ ਹਨ ਜੇ ਉਹ ਖ਼ੁਦ ਇਹਨਾਂ ਖ਼ਿਆਲਾਂ ਵਾਲੇ ਨੇਤਾਵਾਂ ਨੂੰ ਇਕੱਠਿਆਂ ਕਰਕੇ ਕੋਈ ਫੈਸਲਾ ਲੈਂਦਾ ਹੈ ਤਾਂ ਜ਼ਰੂਰ ਅਕਾਲੀ ਦਲ ਵਿਚ ਬਦਲਾ ਆ ਸਕਦਾ ਹੈ। ਦੂਸਰਾ ਜਗਮੀਤ ਸਿੰਘ ਬਰਾੜ ਨੇ ਜਿਹੜੇ ਨੁਕਤੇ ਉਠਾਏ ਹਨ ਉਹ ਵੀ ਵਿਚਾਰਨ ਵਾਲੇ ਹਨ—

ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਅਹੁਦੇਦਾਰਾਂ ਨੂੰ ਅਸਤੀਫਾ ਦੇਣ ਦੀ ਗੱਲ ਕਹੀ ਹੈ।

ਉਹਨਾਂ ਨੇ ਅੱਗੇ ਕਹਿਆ ਹੈ ਅਕਾਲੀ ਦਲ ਦਾ ਪ੍ਰਧਾਨ ਵੱਧ ਤੋਂ ਵੱਧ ਦਸ ਸਾਲ ਤਕ ਰਹੇ।

ਪਾਰਟੀ ਵਿਚੋਂ ਪ੍ਰਵਾਰਵਾਦ ਖਤਮ ਕਰਨ ਦੀ ਲੋੜ ਹੈ।

ਅਨੰਦਪੁਰ ਦੇ ਮਤੇ ਨੂੰ ਅਕਾਲੀ ਦਲ ਤਰਜੀਹ ਦੇਵੇ ਜਿਸ ਦੀ 49 ਸਾਲ ਪਹਿਲਾਂ ਅਕਾਲੀ ਦਲ ਨੇ ਮੰਗ ਕੀਤੀ ਸੀ।

ਪਾਰਟੀ ਛੱਡ ਕੇ ਗਏ ਅਕਾਲੀਆਂ ਨੂੰ ਵਾਪਸ ਲਿਆਂਦਾ ਜਾਏ।

ਪਾਰਟੀ ਦਾ ਦਫ਼ਤਰ ਚੰਡੀਗੜ੍ਹ ਦੀ ਥਾਂ ‘ਤੇ ਅੰਮ੍ਰਿਤਸਰ ਬਣੇ।

ਹੈਰਾਨਗੀ ਦੀ ਗੱਲ ਦੇਖੋ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਅਹੁਦਾ ਛੱਡਣ ਦੀ ਬਜਾਏ ਬਾਕੀ ਦੇ ਅਕਾਲੀ ਲੀਡਰਾਂ ਨੂੰ ਘਰ ਹੀ ਤੋਰ ਦਿੱਤਾ। ਸਦਕੇ ਜਾਈਏ ਮਹਾਨ ਚਮਚਿਆਂ ਦੇ ਜਿਹੜੇ ਅਜੇ ਵੀ ਰੱਟ ਲਾਈ ਜਾ ਰਹੇ ਸਾਡਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਰਹੇਗਾ।

ਅਸਲ ਵਿਚ ਅਕਾਲੀ ਦਲ ਬਾਦਲ ਸਿੱਖ ਸਰੋਕਾਰ, ਪੰਜਾਬ ਦੇ ਮਸਲੇ ਤੇ ਸਿੱਖਾਂ ਦੀਆਂ ਸਮੱਸਿਆਵਾਂ ਦੀ ਗੱਲ ਕਰਨੀ ਛੱਡ ਚੁਕਿਆ ਹੈ। ਐਵੇਂ ਪੰਥ ਦਾ ਮਖੌਟਾ ਪਾਇਆ ਹੋਇਆ ਹੈ। ਜਿੰਨ੍ਹਾਂ ਚਿਰ ਅਕਾਲੀ ਦਲ ਵਿਚੋਂ ਪ੍ਰਵਾਰਵਾਦ ਖਤਮ ਨਹੀਂ ਹੁੰਦਾ, ਟਕਸਾਲੀ ਅਕਾਲੀਆਂ ਦੀ ਗੱਲ ਨਹੀਂ ਸੁਣੀ ਜਾਂਦੀ ਤੇ ਮਨੋ ਅਕਾਲੀ ਬਣਨ ਲਈ ਤਿਆਰ ਨਹੀਂ ਹੁੰਦੇ ਓਨਾ ਚਿਰ ਅਕਾਲੀ ਦਲ ਸਹੀ ਦਿਸ਼ਾ ਵਿਚ ਨਹੀਂ ਆ ਸਕਦਾ। ਇਹਨਾਂ ਲੀਡਰਾਂ ਵਿਚੋਂ ਸੁਹਿਰਦਤਾ, ਪੰਥ ਪ੍ਰਤੀ ਵਫ਼ਾਦਾਰੀ, ਸਿੱਖੀ ਸਭਿਆਚਾਰ ਤੇ ਪੰਜਾਬ ਦੇ ਅਸਲ ਮੁਦੇ ਰੂਹ ਵਿਚ ਗਾਇਬ ਹੋ ਗਏ ਹਨ। ਮੈਂ ਮਰਾ ਪੰਥ ਜੀਵੇ ਵਾਲੀ ਭਾਵਨਾ ਦਾ ਭੋਗ ਪੈ ਗਿਆ ਹੈ। ਅਕਾਲੀ ਦਲ ਦੀਆਂ ਇਕਾਈਆਂ ਭੰਗ ਕਰਨ ਨਾਲ ਅਕਾਲੀ ਦਲ ਸੁਰਜੀਤ ਨਹੀਂ ਹੋ ਸਕਦਾ ਜਿੰਨ੍ਹਾਂ ਚਿਰ ਮੁਖੀ ਲੀਡਰਾਂ ਵਿੱਚ ਤਿਆਗ, ਕੁਰਬਾਨੀ ਤੇ ਸੇਵਾ ਭਾਵਨਾ ਜਨਮ ਨਹੀਂ ਲੈਂਦੀ।

ਸ਼ਾਇਦ ਉਦਾਹਰਣ ਨਾਲ ਹੀ ਸਮਝਿਆ ਜਾ ਸਕੇ, ਪਿੰਡ ਦੇ ਲੋਕ ਖੂਹ ਦਾ ਪਾਣੀ ਬਾਹਰ ਕੱਢ ਕੱਢ ਕੇ ਸੁਟੀ ਜਾ ਰਹੇ ਸਨ। ਕੋਲੋਂ ਬਜ਼ੁਰਗ ਗ਼ੁਜ਼ਿਰਆ ਤੇ ਪੁਛਦਾ ਆ ਪਾਣੀ ਕਿਉਂ ਬਾਹਰ ਸੁਟ ਰਹੇ ਹੋ ਤਾਂ ਅੱਗੋਂ ਜਵਾਬ ਮਿਲਿਆ ਕਿ ਪਾਣੀ ਵਿਚੋਂ ਮੁਸ਼ਕ ਆ ਰਹੀ ਹੈ। ਬਜ਼ੁਰਗ ਸਿਆਣਾ ਸੀ ਉਸ ਨੇ ਮੁਸ਼ਕ ਦਾ ਕਾਰਨ ਸਮਝਣ ਲਈ ਖੂਹ ਵਾਲ ਝਾਤੀ ਮਾਰੀ ਤਾਂ ਉਹ ਸਮਝ ਗਿਆ ਕਿ ਖੂਹ ਵਿਚ ਬਿੱਲੀ ਮਰੀ ਹੋਈ ਪਈ ਹੈ। ਉਸ ਨੇ ਕਿਹਾ ਕਿ ਭਲਿਓ ਪਾਣੀ ਬਾਹਰ ਨਾ ਕੱਢੋ ਸਗੋਂ ਪਾਣੀ ਵਿਚੋਂ ਬਿੱਲੀ ਨੂੰ ਬਾਹਰ ਕੱਢੋ ਆਪੇ ਪਾਣੀ ਵਿਚੋਂ ਮੁਸ਼ਕ ਹੱਟ ਜਾਏਗੀ। ਚਾਹੀਦਾ ਤਾਂ ਇਹ ਸੀ ਅਕਾਲੀ ਦਲ ਨੂੰ ਬਚਾਉਣ ਲਈ ਸੁਖਬੀਰ ਸਿੰਘ ਬਾਦਲ ਲਾਂਭੇ ਹੁੰਦਾ ਤਾਂ ਅਕਾਲੀ ਦਲ ਮੁੜ ਪੈਰਾਂ ਸਿਰ ਖੜਾ ਹੋ ਸਕਦਾ। ਪਰ ਏਦਾਂ ਨਹੀਂ ਹੋਇਆ, ਖੂਹ ਵਿਚੋਂ ਪਾਣੀ ਕੱਢਣ ਵਾਂਗ ਸਾਰਾ ਅਕਾਲੀ ਦਲ ਦਾ ਢਾਂਚਾ ਭੰਗ ਕਰ ਦਿੱਤਾ ਆਪਣੀ ਪ੍ਰਧਾਨਗੀ ਤੋਂ ਬਿਨਾਂ। ਆਪ ਅਭੰਗ ਹੀ ਰਿਹਾ। ਜਿੰਨ੍ਹਾਂ ਚਿਰ ਮਰੀ ਬਿੱਲੀ ਖੂਹ ਵਿਚ ਰਹੇਗੀ ਓਨਾ ਚਿਰ ਪਾਣੀ ਵਿਚੋਂ ਮੁਸ਼ਕ ਖ਼ਤਮ ਨਹੀਂ ਹੋਏਗੀ। ਜਿੰਨ੍ਹਾਂ ਚਿਰ ਬਾਦਲ ਪਰਵਾਰ ਦਾ ਅਕਾਲੀ ਦਲ ‘ਤੇ ਕਬਜ਼ਾ ਰਹੇਗਾ ਓਨਾ ਚਿਰ ਅਕਾਲੀ ਦਲ ਲਈ ਬੁਰਾ ਸਮਾਂ ਹੀ ਰਹੇਗਾ। 

ਜ਼ਿੰਦਗੀ ਦੇ ਆਖ਼ਰੀ ਪੜਾਅ ਵਿਚ ਹਰ ਮਨੁਖ ਆਪਣੀ ਔਲਾਦ ਨੂੰ ਕੋਈ ਨਾ ਕੋਈ ਸੁਨੇਹਾਂ ਜਾਂ ਨਸੀਹਤ ਜ਼ਰੂਰ ਦੇ ਕੇ ਜਾਂਦਾ ਹੈ ਤਾਂ ਕਿ ਇਹਨਾਂ ਨੂੰ ਆਉਣ ਵਾਲੇ ਜੀਵਨ ਵਿੱਚ ਔਖਿਆਈਆਂ ਨਾ ਆਉਣ। ਬਹੁਤੇ ਬਜ਼ੁਰਗ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਤੋਂ ਜਾਣੂੰ ਹੁੰਦੇ ਹਨ ਤੇ ਉਹ ਕਹਿੰਦੇ ਹਨ ਕਿ ਪੁਤਰੋ ਕਰਜ਼ੇ ਤੋਂ ਜ਼ਰੂਰ ਬਚਿਆ ਜੇ। ਜਦੋਂ ਵੀ ਰਾਤ ਨੂੰ ਪਰਿਵਾਰ ਜੁੜ ਬੈਠਦੇ ਸਨ ਤਾਂ ਪਾਕਿਸਤਾਨ ਤੋਂ ਨਿਕਲਣ ਵਾਲੀ ਗਾਥਾ ਜ਼ਰੂਰ ਫੋਲਦੇ ਤੇ ਹੌਕੇ ਲੈਂਦੇ ਸਨ। ਰਾਜਨੀਤੀ ਦੀ ਗੱਲ ਕਰਦਿਆਂ ਅਕਸਰ ਕਿਹਾ ਕਰਦੇ ਸਨ ਕਿ ਵੋਟ ਪੰਥ ਨੂੰ ਹੀ ਪਾਉਣੀ ਹੈ। “ਮੇਰਾ ਸਿਰ ਜਾਂਦਾ ਤਾਂ ਜਾਏ ਪਰ ਮੇਰਾ ਸਿੱਖੀ ਸਿਦਕ ਨਾ ਜਾਏ” ਵਰਗੇ ਮੁਹਾਵਰਿਆਂ ਦੀ ਆਮ ਵਰਤੋਂ ਕੀਤੀ ਜਾਂਦੀ ਸੀ।

ਜ਼ਿੰਦਗੀ ਦੇ ਆਖ਼ਰੀ ਪੜਾਅ ਵਿਚ ਹਰ ਮਨੁਖ ਆਪਣੀ ਔਲਾਦ ਨੂੰ ਕੋਈ ਨਾ ਕੋਈ ਸੁਨੇਹਾਂ ਜਾਂ ਨਸੀਹਤ ਜ਼ਰੂਰ ਦੇ ਕੇ ਜਾਂਦਾ ਹੈ ਤਾਂ ਕਿ ਇਹਨਾਂ ਨੂੰ ਆਉਣ ਵਾਲੇ ਜੀਵਨ ਵਿੱਚ ਔਖਿਆਈਆਂ ਨਾ ਆਉਣ। ਬਹੁਤੇ ਬਜ਼ੁਰਗ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਤੋਂ ਜਾਣੂੰ ਹੁੰਦੇ ਹਨ ਤੇ ਉਹ ਕਹਿੰਦੇ ਹਨ ਕਿ ਪੁਤਰੋ ਕਰਜ਼ੇ ਤੋਂ ਜ਼ਰੂਰ ਬਚਿਆ ਜੇ। ਜਦੋਂ ਵੀ ਰਾਤ ਨੂੰ ਪਰਿਵਾਰ ਜੁੜ ਬੈਠਦੇ ਸਨ ਤਾਂ ਪਾਕਿਸਤਾਨ ਤੋਂ ਨਿਕਲਣ ਵਾਲੀ ਗਾਥਾ ਜ਼ਰੂਰ ਫੋਲਦੇ ਤੇ ਹੌਕੇ ਲੈਂਦੇ ਸਨ। ਰਾਜਨੀਤੀ ਦੀ ਗੱਲ ਕਰਦਿਆਂ ਅਕਸਰ ਕਿਹਾ ਕਰਦੇ ਸਨ ਕਿ ਵੋਟ ਪੰਥ ਨੂੰ ਹੀ ਪਾਉਣੀ ਹੈ। “ਮੇਰਾ ਸਿਰ ਜਾਂਦਾ ਤਾਂ ਜਾਏ ਪਰ ਮੇਰਾ ਸਿੱਖੀ ਸਿਦਕ ਨਾ ਜਾਏ” ਵਰਗੇ ਮੁਹਾਵਰਿਆਂ ਦੀ ਆਮ ਵਰਤੋਂ ਕੀਤੀ ਜਾਂਦੀ ਸੀ।

ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਚਾਰੋਂ ਖ਼ਾਨੇ ਚਿੱਤ ਹੋਇਆ ਪਿਆ ਹੈ, ਸਾਰਾ ਸਿੱਖ ਅਵਾਮ ਇਹ ਆਖਦਾ ਹੈ ਕਿ ਲੀਡਰਸ਼ਿੱਪ ਬਦਲੋ ਪਰ ਸ਼੍ਰੋਮਣੀ ਅਕਾਲੀ ਬਾਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਆਪਣੇ ਪੁਤ ਸੁਖਬੀਰ ਸਿੰਘ ਬਾਦਲ ਨੂੰ ਨਸੀਹਤ ਦਿੰਦਾ ਹੈ ਪੁਤ ਬਾਕੀ ਜੋ ਮਰਜ਼ੀ ਆ ਕਰੀਂ ਪਰ ਅਕਾਲੀ ਦਲ ਦੀ ਪ੍ਰਧਾਨਗੀ ਨਾ ਛੱਡੀਂ ਜਿੰਨਾ ਚਿਰ ਅਕਾਲੀ ਦਲ ਵਿਚੋਂ ਸਿੱਖੀ ਵਾਲੀ ਭਾਵਨਾ ਤੇ ਪੰਜਾਬ ਦੇ ਹੱਕਾਂ ਵਾਲੀ ਰੂਹ ਨਹੀਂ ਮਰ ਜਾਂਦੀ।

ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜੱਥੇਬੰਦੀ ਅਖਵਾਇਆ ਕਰਦੀ ਸੀ ਜੋ ਅੱਤ ਕਥਨੀ ਨਹੀਂ ਹੈ। ਪਰ ਸ਼ਹੀਦਾਂ ਦੀ ਜੱਥੇਬੰਦੀ ਕਹਿ ਕਹਿ ਕਿ ਬਾਦਲ ਪਰਿਵਾਰ ਤੇ ਬਾਕੀ ਦੀ ਜੁੰਡਲੀ ਨੇ ਆਪਣੇ ਘਰ ਭਰਨ ਤੱਕ ਸੀਮਤ ਕਰਕੇ ਰੱਖ ਦਿੱਤੀ। ਅਕਾਲੀ ਦਲ ਨੇ ਪੰਥ ਦਾ ਨਾਂ ਵਰਤ ਕੇ ਸਮੁਚੇ ਸਿੱਖ ਭਾਈਚਾਰੇ ਨੂੰ ਨਹੀਂ ਸਗੋਂ ਪੰਜਾਬ ਦੀ ਜੜ੍ਹੀਂ ਤੇਲ ਦੇਣ ਵਿਚ ਕੋਈ ਕਸਰ ਨਹੀਂ ਛੱਡੀ।

ਫਰਵਰੀ 2022 ਨੂੰ ਪੰਜਾਬ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿਚ ਅਕਾਲੀ ਦਲ ਨੂੰ ਨਿਹਾਇਤ ਤਿੰਨ ਸੀਟਾਂ ਮਿਲੀਆਂ। ਆਪਣੀ ਹਾਰ ਦੇ ਕਾਰਨ ਲੱਭਣ ਲਈ ਕਮੇਟੀ ਬਣਾਈ ਜਿਸ ਨੇ ਇਕ ਸੌ ਹਲਕੇ ਵਿਚ ਜਾ ਕੇ ਪਤਾ ਕੀਤਾ ਕਿ ਅਕਾਲੀ ਦਲ ਕਿਉਂ ਹਰਿਆ ਹੈ। ਨਿੱਕੇ ਵੱਡੇ ਤੋਂ ਲੈ ਕੇ ਇਕੋ ਅਵਾਜ਼ ਆਈ ਕਿ ਅਕਾਲੀ ਦਲ ਨੂੰ ਬਾਦਲ ਪਰਵਾਰ ਤੋਂ ਲਾਂਭੇ ਕਰੋ।

ਇਕ ਹੋਰ ਹੈਰਾਨਗੀ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਨੂੰ ਕੁਝ ਮਹੀਨੇ ਹੀ ਹੋਏ ਹਨ, ਪੰਜਾਬ ਦੀ ਵਾਗ ਡੋਰ ਸੰਭਾਲੀ ਨੂੰ। ਅਜੇ ਉਸ ਨੂੰ ਕੰਮ ਕਰਨ ਦੇਣਾ ਚਾਹੀਦਾ ਹੈ। ਅਕਾਲੀ ਦਲ ਬਾਦਲ ਤੇ ਕਾਂਗਰਸ ਕਹੀ ਜਾਂਦੇ ਹਨ ਕਿ ਆਹ ਕੰਮ ਨਹੀਂ ਹੋਇਆ, ਔਹ ਕੰਮ ਨਹੀਂ ਹੋਇਆ। ਪਿਛਲੇ ਪੰਝਤਰ ਸਾਲਾਂ ਤੋਂ ਉੱਤਰ ਕਾਂਟੋ ਮੈਂ ਚੜ੍ਹਾ ਵਾਲੀ ਹਾਲਤ ਰਹੀ ਹੈ। ਇਹ ਵੀ ਦੱਸੋ ਕਿ ਤੁਸਾਂ ਪਿਛਲੇ ਸਮੇਂ ਵਿੱਚ ਕੀ ਕੀਤਾ ਹੈ? ਹਾਂ ਕੁਝ ਇਤਰਾਜ਼ ਹਨ, ਰਾਜ ਸਭਾ ਵਿਚ ਮੈਂਬਰ ਭੇਜਣ ਵਾਲੀ ਸਥਿਤੀ ਨੇ ਆਮ ਆਦਮੀ ਪਾਰਟੀ ਤੇ ਲੋਕਾਂ ਨੇ ਸਵਾਲ ਚੁਕੇ ਹਨ।

ਦਿੱਲੀ ਦੀ ਦਖ਼ਲ ਅੰਦਾਜ਼ੀ ਪੰਜਾਬੀਆਂ ਨੂੰ ਰਾਸ ਨਹੀਂ ਹੈ। ਪੰਜਾਬ ਦਾ ਪੈਸਾ ਦੂਜਿਆਂ ਰਾਜਾਂ ਵਿਚ ਅਖਬਾਰੀ ਇਸ਼ਤਿਹਾਰਾਂ ਵਿਚ ਖਰਚਣਾ, ਕਈ ਲੀਡਰਾਂ ’ਤੇ ਐਫ.ਆਈ. ਆਰ. ਦਰਜ ਕਰਨ ਤੋਂ ਬਿਨਾਂ ਹੀ ਹਵਾ ਵਿਚ ਤੀਰ ਮਾਰਨਾ ਕਿ ਬਹੁਤ ਜਲਦ ਸਲਾਖਾ ਪਿੱਛੇ ਹੋਣਗੇ, ਸਰਕਾਰੀ ਪ੍ਰਕਿਰਿਆ ਨੂੰ ਸਾਰਥਿਕ ਬਣਾਉਣ ਦੀ ਥਾਂ ਐਵੇਂ ਦਬਕੇ ਮਾਰੀ ਜਾਣਾ ਤੇ ਏਦਾਂ ਦੇ ਕਈ ਹੋਰ ਕੰਮਾਂ ਨਾਲ ਸਾਡੀ ਸਹਿਮਤੀ ਨਹੀਂ ਹੈ। ਪਰ ਜੇ ਉਹ ਘੱਟੋ ਘੱਟ ਪਿਛਲੇ ਵੀਹ ਕੁ ਸਾਲਾਂ ਦਾ ਹਿਸਾਬ ਕਿਤਾਬ ਕਰ ਦੇਣ ਕੇ ਕਿਹੜੇ ਅਫਸਰ ਜਾਂ ਨੇਤਾ ਨੇ ਪੰਜਾਬ ਨਾਲ ਗਦਾਰੀ ਕੀਤੀ ਹੈ ਜਾਂ ਕਿਹੜਾ ਕਿਹੜਾ ਘਪਲਾ ਕੀਤਾ ਹੈ ਉਹਨਾਂ ਦਾ ਪੂਰਾ ਪੂਰਾ ਚਿੱਠਾ ਲੋਕਾਂ ਦੇ ਸਾਹਮਣੇ ਖੋਲ੍ਹ ਕੇ ਰੱਖ ਦੇਣ ਤਾਂ ਇਹ ਆਪੇ ਨੰਗੇ ਹੋ ਜਾਣਗੇ। ਕੇਸ ਤਾਂ ਭਾਂਵੇਂ ਬਾਅਦ ਵਿਚ ਚਲਦੇ ਰਹਿਣ ਪਰ ਪੰਜਾਬ ਦੇ ਲੋਕ ਇਨ੍ਹਾਂ ਦੇ ਕਾਲੇ ਕਾਰਨਾਮਿਆਂ ਤੇ ਵਧਾਏ ਹੋਏ ਕਾਰੋਬਾਰਾਂ ਦੀ ਜਾਣਕਾਰੀ ਤੁਾਹਡੇ ਕੋਲੋਂ ਜ਼ਰੂਰ ਲੈਣੀ ਚਾਹੁੰਦੇ ਹਨ। ਰਾਜ ਨਹੀਂ ਸੇਵਾ ਹੈ ਦੇ ਨਾਂ ਕਿੰਨੀਆਂ ਬੱਸਾਂ ਬਣਾਈਆਂ, ਰੇਤ ਮਾਫੀਆ ਕਿਦਾਂ ਪੈਦਾ ਕੀਤਾ, ਕੇਬਲ ਟੀ ਵੀ ‘ਤੇ ਕਬਜ਼ਾ ਆਦਿ ਨੂੰ ਨੰਗਿਆ ਜ਼ਰੂਰ ਕਰ ਦਿਆ ਜੇ।

ਕਾਸ਼ ਕਿਤੇ ਅੱਜ ਦੇ ਲੀਡਰ ਪੁਰਾਣੇ ਨੇਤਾਵਾਂ ਦੇ ਕਿਰਦਾਰ ਤੋਂ ਹੀ ਕੋਈ ਸਿੱਖਿਆ ਲੈ ਲੈਣ—

ਸ੍ਰ. ਤੇਜਾ ਸਿੰਘ ਸੁਤੰਤਰ ਜ਼ਿਲ੍ਹਾ ਗੁਰਦਾਸਪੁਰ ਦੇ ਅਕਾਲਗੜ੍ਹ ਅਲੂਣਾ ਪਿੰਡ ਵਿਚ ਜਨਮ ਹੋਇਆ। ਗੁਰਦੁਆਰਾ ਸੁਧਾਰ ਲਹਿਰ ਵਿਚ 1920 ਤੋਂ 1925 ਤਕ ਪੂਰਾ ਹਿੱਸਾ ਲਿਆ। ਮੇਰੇ ਪਿੰਡ ਨੇ ਨੇੜੇ ਵੀਲ੍ਹਾ ਤੇਜਾ ਵਿਖੇ ਬਾਬਾ ਬੁਢਾ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਮਹੰਤ ਕੋਲ ਸੀ। 6 ਸਤੰਬਰ 1921 ਨੂੰ ਆਪਣੇ ਪਿੰਡੋਂ ਜੱਥਾ ਲੈ ਕੇ ਗੁਰਦੁਆਰਾ ਅਜ਼ਾਦ ਕਰਾਇਆ ਸੀ। ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਰਹੇ ਸਨ। 1971 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਸੰਗਰੂਰ ਤੋਂ ਚੋਣ ਜਿੱਤੇ ਸਨ। 12 ਅਪ੍ਰੈਲ 1973 ਨੂੰ ਪਾਰਲੀਮੈਂਟ ਵਿੱਚ ਕਿਸਾਨੀ ਮੁਦਿਆਂ ‘ਤੇ ਵਿਚਾਰ ਦਿੰਦਿਆਂ ਦਿਲ ਦਾ ਦੌਰਾ ਪਿਆ ਤੇ ਚੜ੍ਹਾਈ ਕਰ ਗਏ ਸਨ। ਜਦੋਂ ਉਹਨਾਂ ਦਾ ਝੋਲ਼ਾ ਫੋਲਿਆ ਗਿਆ ਤਾਂ ਉਸ ਵਿਚੋਂ ਘਰ ਦੀਆਂ ਪਕਾਈਆਂ ਹੋਈਆਂ ਰੋਟੀਆਂ ਤੇ ਅੰਬ ਦਾ ਅਚਾਰ ਨਿਕਲਿਆ ਸੀ।

ਦਰਬਾਰ ਸਾਹਿਬ ਦੀ ਕਾਰ ਸੇਵਾ ਸੰਮਤ 1825 ਸੰਨ 1768 ਭਾਈ ਦੇਸ ਰਾਜ ਜੀ ਕਰਾ ਰਹੇ ਸਨ ਤਾਂ ਉਹਨਾਂ ਦੀ ਘਰਵਾਲੀ ਦੇ ਮਨ ਵਿਚ ਕੇਵਲ ਖ਼ਿਆਲ ਹੀ ਆਇਆ ਸੀ ਕਿ ਗੁਰੂ ਰਾਮਦਾਸ ਜੀ ਦੇ ਦਰ ‘ਤੇ ਕਾਰਸੇਵਾ ਚੱਲ ਰਹੀ ਹੈ ਕਿਉਂ ਨਾ ਇਕ ਬਾਲਟਾ ਮਸਾਲੇ ਦਾ ਲੈ ਕੇ ਘਰ ਦੀ ਦੀਵਾਰ ਵਿਚ ਆਈ ਤ੍ਰੇੜ ਨੂੰ ਭਰ ਲਵਾਂ। ਭਾਈ ਦੇਸ ਰਾਜ ਜੀ ਨੇ ਆਪਣੀ ਘਰਵਾਲੀ ਨੂੰ ਪੰਜਾਂ ਪਿਆਰਿਆਂ ਤੋਂ ਤਨਖਾਹ ਇਸ ਲਈ ਲਵਾਈ ਸੀ ਕਿ ਇਸਦੇ  ਮਨ ਵਿਚ ਅਜੇਹਾ ਫੁਰਨਾ ਹੀ ਕਿਉਂ ਫੁਰਿਆ। (ਬੀਬੀ ਸੁਰਿੰਦਰ ਕੌਰ ਬਾਦਲ ਜੀ ਦੇ ਭੋਗ ਸਮੇਂ ਲੰਗਰ ਸ਼੍ਰੋਮਣੀ ਕਮੇਟੀ ਵਲੋਂ ਭੇਜਿਆ ਗਿਆ ਸੀ) ਜਿਥੇ ਵੀ ਮੀਟਿੰਗ ਅਕਾਲੀਆਂ ਦੀ ਹੁੰਦੀ ਉਥੇ ਲੰਗਰ ਸ਼੍ਰੋਮਣੀ ਕਮੇਟੀ ਦੇ ਅਧੀਨ ਗੁਰਦੁਆਰਾ ਸਾਹਿਬ ਤੋਂ ਪਹੁੰਚਦਾ ਰਿਹਾ ਹੈ। ਮਰਹੂਮ ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘਰ ਦਾ ਖਾਣਾ ਆਲਮਗੀਰ ਸਾਹਿਬ ਦੇ ਗੁਰਦੁਆਰਾ ਸਾਹਿਬ ਤੋਂ ਆਉਂਦਾ ਰਿਹਾ ਹੈ।

ਸ੍ਰ. ਕਰਤਾਰ ਸਿੰਘ ਨੂੰ ਮੰਤਰੀ ਵਾਲੀ ਕੋਠੀ ਛੱਡਣ ਲਈ ਕਿਹਾ ਤਾਂ ਉਹਨਾਂ ਨੇ ਰੱਸੀ ‘ਤੇ ਟੰਗਿਆ ਕਛਹਰਿਾ ਤੇ ਤੌਲੀਆ ਉਤਾਰਿਆ ‘ਤੇ ਤੁਰਦੇ ਬਣੇ ਸਨ। ਮਾਸਟਰ ਤਾਰਾ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਆਪਣੇ ਪੈਸਿਆਂ ਨਾਲ ਰਿਕਸ਼ੇ ‘ਤੇ ਹੀ ਆਉਂਦੇ ਸਨ। ਨਵਾਬ ਕਪੂਰ ਸਿੰਘ ਨੇ ਨਵਾਬੀ ਲੈਣ ਸਮੇਂ ਕਿਹਾ ਸੀ ਕਿ ਘੋੜਿਆਂ ਦੇ ਤਬੇਲੇ ਦੀ ਸੇਵਾ ਮੇਰੇ ਕੋਲ ਹੀ ਰਹੇਗੀ। ਜਦੋਂ ਬਜ਼ੁਰਗ ਹੋ ਗਏ ਸਨ ਚੋਲ਼ੇ, ਕਛਹਿਰੇ ਹੱਥ ਨਾਲ ਤਿਆਰ ਕਰਕੇ ਪੰਥ ਦੀ ਸੇਵਾ ਕਰਦੇ ਰਹੇ।

ਪੰਥਕ ਆਗੂਓ ਤੇ ਪੰਥ ਦਰਦੀਓ ਵੇ,

ਵੇਲਾ ਸੰਭਾਲ਼ੋ ਅਤੇ ਹੁਸ਼ਿਆਰ ਹੋਵੋ।

ਹਸਤੀ ਮਿਟਣ ਲੱਗੀ ਦਿਸੇ ਅਣਖ਼ ਵਾਲੀ,

ਸ਼ਾਂਤਮਈ ਜੰਗ ਦੇ ਲਈ ਤਿਆਰ ਹੋਵੋ।

ਅਰਜਨ ਸਿੰਘ ਗੜਗੱਜ 27 ਜੁਲਾਈ 1923 ਪੰਜਾਬੀ ਦਰਪਣ

ਸ੍ਰ. ਕਰਤਾਰ ਸਿੰਘ ਨੂੰ ਮੰਤਰੀ ਵਾਲੀ ਕੋਠੀ ਛੱਡਣ ਲਈ ਕਿਹਾ ਤਾਂ ਉਹਨਾਂ ਨੇ ਰੱਸੀ ‘ਤੇ ਟੰਗਿਆ ਕਛਹਰਿਾ ਤੇ ਤੌਲੀਆ ਉਤਾਰਿਆ ‘ਤੇ ਤੁਰਦੇ ਬਣੇ ਸਨ। ਮਾਸਟਰ ਤਾਰਾ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਆਪਣੇ ਪੈਸਿਆਂ ਨਾਲ ਰਿਕਸ਼ੇ ‘ਤੇ ਹੀ ਆਉਂਦੇ ਸਨ। ਨਵਾਬ ਕਪੂਰ ਸਿੰਘ ਨੇ ਨਵਾਬੀ ਲੈਣ ਸਮੇਂ ਕਿਹਾ ਸੀ ਕਿ ਘੋੜਿਆਂ ਦੇ ਤਬੇਲੇ ਦੀ ਸੇਵਾ ਮੇਰੇ ਕੋਲ ਹੀ ਰਹੇਗੀ। ਜਦੋਂ ਬਜ਼ੁਰਗ ਹੋ ਗਏ ਸਨ ਚੋਲ਼ੇ, ਕਛਹਿਰੇ ਹੱਥ ਨਾਲ ਤਿਆਰ ਕਰਕੇ ਪੰਥ ਦੀ ਸੇਵਾ ਕਰਦੇ ਰਹੇ।