ਗੁਰਮਤਿ ਗਿਆਨ ਮਿਸ਼ਨਰੀ ਕਾਲਜ Gurmat Gian Missionary College

ਨਿੱਜੀ ਲਾਲਸਾ ਨੇ ਖੇਤਰੀ ਪਾਰਟੀ ਨਚੋੜੀ

ਪ੍ਰਿੰ: ਗੁਰਬਚਨ ਸਿੰਘ
ਸ਼੍ਰੋਮਣੀ ਅਕਾਲੀ ਦਲ ਸਿੱਖ ਧਰਮ ਦਾ ਕੇਂਦਰਿਤ ਭਾਰਤੀ ਸਿਆਸੀ ਦਲ ਹੈ। ਇਹ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਸਿੱਖ ਦਲ ਹੈ। ਅਕਾਲੀ ਦਲ ਦੇ ਮੂਲ ਮਕਸਦ ਸਿੱਖ ਮੁਦਿਆਂ ਨੂੰ ਸਿਆਸੀ ਅਵਾਜ਼ ਦੇਣਾ ਹੈ। ਇਸਦਾ ਮੰਨਣਾ ਹੈ ਕਿ ਧਰਮ ਅਤੇ ਸਿਆਸਤ ਇਕੱਠੇ ਚਲਦੇ ਹਨ। ਹੁਣ ਅਕਾਲੀ ਦਲ ਲਈ ਧਰਮ ਇੱਕ ਪਉੜੀ ਬਣ ਗਿਆ ਹੈ ਜਿਸ ਰਾਹੀਂ ਨਿੱਜੀ ਲਾਲਸਾ, ਨਿੱਜੀ ਸੁਆਰਥ, ਕੁੰਨਬਾ-ਪ੍ਰਵਾਰੀ ਦੀਆਂ ਰੋਟੀਆਂ ਸੇਕ ਰਿਹਾ ਹੈ। ਏਦਾਂ ਵੀ ਸਮਝਿਆ ਜਾ ਸਕਦਾ ਹੈ ਕਿ ਅਕਾਲੀ ਦਲ ਚੰਦ ਪਰਿਵਾਰਾਂ ਦੀ ਨਿੱਜੀ ਰਖੇਲ ਬਣ ਕੇ ਰਹਿ ਗਿਆ ਹੈ। ਸਿੱਖੀ ਸਭਿਆਚਾਰ ਵਾਲੀ ਰੂਹ, ਸਿੱਖ ਸੰਸਕਾਰ, ਅਕਾਲੀ ਦਲ ਦੀਆਂ ਰਵਾਇਤਾਂ, ਸੇਵਾ ਭਾਵਨਾ, ਗੁਰਬਾਣੀ ਅਭਿਆਸ, ਮੁਖੀਏ ਜਥੇਦਾਰ ਦੇ ਹੱਥ ਵਿੱਚ ਕਿਰਪਾਨ, ਖੁਲ੍ਹਾ ਦਾਹੜਾ ਅਤੇ ਨੀਲੇ ਦਸਤਾਰੇ ਵਾਲੀ ਪਹਿਚਾਨ ਲਗ-ਪਗ ਟਾਵੀਂ ਟਾਵੀਂ ਹੀ ਦਿਸਦੀ ਹੈ। ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਸ੍ਰ. ਬਘੇਲ ਸਿੰਘ, ਜੱਸਾ ਸਿੰਘ ਅਹਲੂਵਾਲੀਆ, ਸ੍ਰ. ਹਰੀ ਸਿੰਘ ਨਲਵਾ ਅਤੇ ਅਕਾਲੀ ਫੂਲਾ ਸਿੰਘ ਵਰਗਾ ਕਿਰਦਾਰ ਅਕਾਲੀ ਦਲ ਦੀ ਰੂਹ ਵਿਚੋਂ ਗਵਾਚ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਵਿੱਚ ਇੱਕ ਵਾਰ ਅਜਿਹਾ ਸਮਾਂ ਵੀ ਆਇਆ ਜਦੋਂ 1972 ਵਿੱਚ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਬਰਦਸਤ ਹਾਰ ਹੋਈ। ਕੁਦਰਤੀ ਗੱਲ ਹੈ ਕਿ ਅਕਾਲੀ ਆਗੂਆਂ ਤੇ ਵਰਕਰਾਂ ਵਿੱਚ ਨਮੋਸ਼ੀ ਆਉਣੀ ਲਾਜ਼ਮੀ ਸੀ। ਅਕਾਲੀ ਦਲ ਪੰਜਾਬ ਦੀ ਖੁਸ਼ਹਾਲੀ ਵਿੱਚ ਜਮ੍ਹਾਂ-ਪੱਖੀ ਰੋਲ ਅਦਾ ਕਰਨ ਦੇ ਬਾਵਜੂਦ ਵੀ ਹਾਰ ਗਿਆ। ਇਸ ਹਾਰ ਦਾ ਮੁਖ ਕਾਰਨ ਅਕਾਲੀ ਵਰਕਰਾਂ ਵਿਚੋਂ ਪੁਰਾਣੀ ਲੀਡਰਸ਼ਿਪ ਤੋਂ ਯਕੀਨ ਉੱਠ ਚੁਕਿਆ ਸੀ। ਉਹ ਮਹਿਸੂਸ ਕਰਦੇ ਸਨ ਕਿ ਇਹ ਆਗੂ ਕੌਮ ਦਾ ਕੁਝ ਨਹੀਂ ਸਵਾਰ ਸਕਦੇ ਕਿਉਂਕਿ ਇਨ੍ਹਾਂ ਵਿੱਚ ਖ਼ੁਦਗ਼ਰਜ਼ੀ ਨੇ ਜਨਮ ਲੈ ਲਿਆ ਹੈ। ਆਪਣੀ ਹੀ ਸਰਕਾਰ ਤੋੜ ਦੇਣੀ ਇਨ੍ਹਾਂ ਦਾ ਸੱਜੇ ਹੱਥ ਦਾ ਕੰਮ ਰਹਿ ਗਿਆ ਸੀ। ਇਸ ਵਰਤਾਰੇ ਵਿਚੋਂ ਸੰਤ ਫਤਿਹ ਸਿੰਘ ਨੂੰ ਪਾਸੇ ਕਰਕੇ ਜੱਥੇਦਾਰ ਮੋਹਣ ਸਿੰਘ ਤੁੜ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕੀਤਾ।
ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਵੱਡਾ ਦੁਖਾਂਤ ਹੈ ਕਿ 1966 ਤੋਂ ਬਾਅਦ ਕਈ ਕੇਂਦਰੀ ਸਰਕਾਰਾਂ ਵਿੱਚ ਭਾਈਵਾਲ ਰਹਿ ਕੇ ਬਿਨਾਂ ਸ਼ਰਤ ਕੇਂਦਰ ਨੂੰ ਹਮਾਇਤ ਦੇਂਦਾ ਰਿਹਾ। ਜਿੰਨ੍ਹਾਂ ਮੁਦਿਆਂ ‘ਤੇ ਮੋਰਚੇ ਲਗਦੇ ਰਹੇ ਉਨ੍ਹਾਂ ਮੁਦਿਆਂ ਵਿਚੋਂ ਇੱਕ ਵੀ ਹੱਲ ਨਹੀਂ ਕਰਵਾ ਸਕੇ। ਇਨ੍ਹਾਂ ਮੋਰਚਿਆਂ ਵਿੱਚ ਸੈਂਕੜੇ ਪੰਜਾਬੀਆਂ ਦੀਆਂ ਜਾਨਾਂ ਚਲੀਆਂ ਗਈਆਂ। ਕਹਿਆ ਜਾ ਸਕਦਾ ਹੈ ਕਿ ਏਥੋਂ ਹੀ ਖੇਤਰੀ ਪਾਰਟੀ (ਅਕਾਲੀ ਦਲ) ਨਿੱਜੀ ਲਾਲਸਾਵਾਂ ਦਾ ਸ਼ਿਕਾਰ ਹੋਣਾ ਸ਼ੂਰੂ ਹੋਈ। ਆਪਣੀਆਂ ਸ਼ਾਨਾਂਮਤੀ ਰਵਾਇਤਾਂ ਦਾ ਭੋਗ ਪਾ ਕੇ ਜਣੇ ਖਣੇ ਨਾਲ ਗੈਰ-ਕੁਦਰਤੀ ਸਮਝੌਤੇ ਕਰਕੇ ਅਕਾਲੀ ਦਲ ਦੇ ਸਭਿਆਚਾਰ ਨੂੰ ਹੀ ਲੀਹੋਂ ਲਾਹ ਦਿੱਤਾ ਹੈ।
ਡਾਕਟਰ ਹਰਜਿੰਦਰ ਸਿੰਘ ਦਿਲਗੀਰ ਸਿੱਖ ਤਵਾਰੀਖ਼ ਦੇ ਪੰਨਾ ਨੰਬਰ 819 ‘ਤੇ ਲਿਖਦੇ ਕਿ 14 ਦਸੰਬਰ ਦੇ ਇਕੱਠ ਵਿੱਚ ਇਸ “ਗੁਰਦੁਆਰਾ ਸੇਵਕ ਦਲ” ਦੀ ਕਾਇਮੀ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸ ਸਬੰਧ ਵਿਚ 23 ਜਨਵਰੀ 1921 ਨੂੰ ਅਕਾਲ ਤਖਤ ‘ਤੇ ਇਕੱਠ ਬੁਲਾਇਆ ਗਿਆ। ਇਸ ਇਕੱਤ੍ਰਤਾ ਵਿੱਚ ਜੱਥੇਬੰਦੀ ਦਾ ਨਾਂ ਮਨਜ਼ੂਰ ਕਰਨਾ ਸੀ ਅਤੇ ਸੇਵਕ ਅਹੁਦੇਦਾਰ ਚੁਣੇ ਜਾਣੇ ਸਨ। ਇਹ ਮੀਟਿੰਗ ਦੋ ਦਿਨ ਚੱਲੀ।
ਇਸ ਮੀਟਿੰਗ ਵਿੱਚ ਭਾਈ ਅਰਜਨ ਸਿੰਘ ਧੀਰਕੇ ਨੇ ਸੁਝਾਅ ਦਿੱਤਾ ਕਿ ਜੱਥੇਬੰਦੀ ਦਾ ਨਾਂ ਗੁਰਦੁਆਰਾ ਸੇਚਕ ਦਲ” ਰੱਖਿਆ ਜਾਏ ਪਰ ਅਖੀਰ ਵਿਚ ਇਸ ਦਾ ਨਾਂ “ਅਕਾਲੀ ਦਲ” ਹੀ ਸਭ ਨੇ ਮਨਜ਼ੂਰ ਕੀਤਾ। ਇਸ ਦਲ ਦੇ ਪਹਿਲੇ ਜੱਥੇਦਾਰ ਭਾਈ ਸਰਮੁਖ ਸਿੰਘ ਝਬਾਲ ਚੁਣੇ ਗਏ। (ਮਗਰੋਂ 29 ਮਾਰਚ 1922 ਦੇ ਦਿਨ ਅਕਾਲੀ ਦਲ ਨੇ ਆਪਣੇ ਛੇਵੇਂ ਮਤੇ ਮੁਤਾਬਿਕ ਜੱਥੇਬੰਦੀ ਦਾ ਨਾਂ “ਸ਼੍ਰੋਮਣੀ ਅਕਾਲੀ ਦਲ ਰੱਖ ਲਿਆ” ਸ਼੍ਰੋਮਣੀ ਅਕਾਲੀ ਦਲ ਨੇ ਦੋ ਨੁਕਾਤੀ ਪ੍ਰੋਗਰਾਮ ਐਲਾਨਿਆ)।
  • 1. ਸਾਰੇ ਜੱਥਿਆਂ ਨੂੰ ਇਕੱਠੇ ਕਰਕੇ ਪੰਥ ਦੀ ਸੇਵਾ ਕਰਨੀ
  • 2. ਗੁਰਦੁਆਰਿਆਂ ਦੀ ਸੇਵਾ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮ ਉੱਤੇ ਅਮਲ ਕਰਨਾ।
ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਪੰਥਕ ਮੁਦਿਆਂ ‘ਤੇ ਪੰਜਾਬ ਦੇ ਭਲੇ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ। ਓਦੋਂ ਸ਼੍ਰੋਮਣੀ ਅਕਾਲੀ ਦਲ ਦਾ ਅਹੁਦੇਦਾਰ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਹੀਂ ਬਣਦਾ ਸੀ।
ਸਮਾਂ ਬੀਤਦਾ ਗਿਆ ਅਕਾਲੀ ਦਲ ਵਲੋਂ ਸਿੱਖ ਕੌਮ ਵਿੱਚ ਨਵੀਂ ਜਾਗਰਿਤੀ ਪੈਦਾ ਕਰਨ ਲਈ ਅਕਾਲੀ ਕਾਨਫਰੰਸਾਂ ਕੀਤੀਆਂ। 16-17 ਨਵੰਬਰ 1957 ਦੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਗਿਆਰਵੀਂ ਕਾਨਫਰੰਸ ਬਠਿੰਡਾ ਵਿੱਚ ਕੀਤੀ ਗਈ। ਸੇਵਾ ਸਿੰਘ ਠੀਕਰੀਵਾਲਾ ਨਗਰ ਦੇ ਵੱਡੇ ਪੰਡਾਲ ਵਿੱਚ ਲੱਖਾਂ ਸਿੱਖ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਏ। ਇਸ ਕਾਨਫਰੰਸ ਵਿੱਚ ਰੀਜਨਲ ਫਾਰਮੂਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਕੀਤੀ।
28 ਅਕਤੂਬਰ 1978 ਈ. ਦੇ ਦਿਨ ਲੁਧਿਆਣਾ ਵਿਖੇ, 18ਵੀਂ ਅਕਾਲੀ ਕਾਨਫਰੰਸ ਹੋਈ ਜਿਸ ਵਿੱਚ ਬਹੁਤ ਵੱਡਾ ਇਕੱਠ ਹੋਇਆ। ਪੰਜ ਲੱਖ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ 1929 ਲਾਹੌਰ ਤੇ 1956 ਅੰਮ੍ਰਿਤਸਰ ਦੇ ਜਲੂਸਾਂ ਵਾਂਗ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸਵਾਗਤੀ ਕਮੇਟੀ ਦੇ ਪ੍ਰਧਾਨ ਸੁਰਜਨ ਸਿੰਘ ਠੇਕੇਦਾਰ ਦਾ ਹਾਥੀ ‘ਤੇ ਬੈਠ ਕੇ ਜਲੂਸ ਦੀ ਅਗਵਾਈ ਕੀਤੀ। ਇਸ ਕਾਨਫਰੰਸ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦੇ ਅਧਾਰ ‘ਤੇ 12 ਮਤੇ ਪਾਸ ਕੀਤੇ ਗਏ ਅਤੇ ਨਾਲ ਹੀ ਨਿਰੰਕਾਰੀਆਂ ਦੀਆਂ ਕਿਤਾਬਾਂ ਉੱਤੇ ਪਾਬੰਦੀ ਦੀ ਮੰਗ ਵੀ ਕੀਤੀ।
ਸ਼੍ਰੋਮਣੀ ਅਕਾਲੀ ਦਲ ਉਤਰਾਅ-ਚੜਾਅ ਵਿਚਦੀ ਲੰਘਦਾ ਹੋਇਆ ਸੂਬਿਆਂ ਨੂੰ ਵੱਧ ਦੇਣ ਦਾ ਅਹਿਮ ਮੁਦਾ ਉਠਾਇਆ। ਦੁਖਦੀ ਗੱਲ ਹੈ ਕਿ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਨ ਵਾਲਾ ਅਕਾਲੀ ਦਲ 2014 ਨੂੰ ਕੇਵਲ ਇਕ ਵਜ਼ੀਰੀ ਤਕ ਸੀਮਤ ਹੋ ਕੇ ਪੰਥ ਅਤੇ ਪੰਜਾਬ ਦੇ ਮੁਦਿਆਂ ਨੂੰ ਹੀ ਭੁਲ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਧਰਮ ਦੀ ਪਉੜੀ ਬਣਾਉਣ ਵਾਲੇ ਬਹੁਤ ਸਾਰੇ ਇਸ ਦੇ ਅਹੁਦੇਦਾਰ ਕਾਂਗਰਸ ਵਿੱਚ ਚਲੇ ਗਏ ਸਨ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਧੱਕਿਆਂ ਵਿਰੁਧ ਲੜਨ ਵਾਲਾ ਪ੍ਰਵਾਰ ਦੀ ਭੇਟ ਚੜ੍ਹ ਗਿਆ।
10 ਅਕਤੂਬਰ 1947 ਦੇ ਸਰਕੂਲਰ ਅਨੁਸਾਰ ਸਿੱਖ ਕੌਮ ਜ਼ਰਾਇਮ ਪੇਸ਼ਾ ਹਨ। ਇਸਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਵਿੱਚ 20 ਫਰਵਰੀ 1948 ਨੂੰ ਕਾਨਫਰੰਸ ਰੱਖੀ। ਸਰਕਾਰ ਦੀ ਦਖ਼ਲ ਅੰਦਾਜ਼ੀ ਕਰਕੇ ਇਹ ਕਾਨਫਰੰਸ ਤਾਂ ਨਾ ਹੋ ਸਕੀ ਪਰ ਗੁਰਦੁਆਰਾ ਰਕਾਬ ਗੰਜ ਦਿੱਲੀ ਵਿਖੇ ਸ਼ਹੀਦੀ ਦੀਵਾਨ ਰੱਖਿਆ ਗਿਆ। 26 ਫਰਵਰੀ 1950 ਨੂੰ ਲੁਧਿਆਣੇ ਕਾਨਫਰੰਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਹੁਕਮ ਸਿੰਘ ਨੇ ਆਪਣੀ ਤਕਰੀਰ ਵਿੱਚ ਪੰਜਾਬੀ ਸੂਬੇ ਦੀ ਮੰਗ ਰੱਖੀ।
1 ਅਕਤੂਬਰ 1960 ਨੂੰ ਕੇਂਦਰੀ ਸਰਕਾਰ ਨੂੰ ਸੰਤ ਫਤਿਹ ਸਿੰਘ ਨੇ ਚਿੱਠੀ ਲਿਖ ਕੇ ਦੱਸਿਆ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੇ ਅੰਮ੍ਰਿਤਸਰ ਵਿਖੇ ਸਮੂਹ ਪਾਰਟੀਆਂ ਦੀ ਸਾਂਝੀ ਕਨਵੈਨਸ਼ਨ ਸੱਦੀ ਗਈ ਸੀ ਤੇ ਇਕ ਰਾਇ ਨਾਲ ਪੰਜਾਬੀ ਸੂਬੇ ਦਾ ਮਤਾ ਪਾਸ ਕੀਤਾ ਗਿਆ ਹੈ। ਓਸੇ ਦਿਨ ਹੀ ਕਾਂਗਰਸ ਦੇ ਪ੍ਰਧਾਨ ਦਰਬਾਰਾ ਸਿੰਘ ਨੇ ਮਾਸਟਰ ਤਾਰਾ ਸਿੰਘ ‘ਤੇ ਖੁਲ੍ਹਮ ਖੁਲ੍ਹਾ ਇਹ ਇਲਜ਼ਾਮ ਲਾਇਆ ਕਿ ਇਸ ਨੇ ਪਾਕਿਸਤਾਨ ਨਾਲ ਅੰਦਰੂਨੀ ਗੱਠਜੋੜ ਕਰ ਲਿਆ ਹੈ। ਪੰਜਾਬੀ ਸੂਬੇ ਦੀ ਮੰਗ ਕਰਨ ਵਾਲਿਆਂ ‘ਤੇ ਗੋਲੀਆਂ ਚਲਦੀਆਂ ਰਹੀਆਂ। 1 ਨਵੰਬਰ ਨੂੰ ਫਿਰ ਚਿੱਠੀ ਲਿਖੀ ਕਿ ਪਹਿਲੀ ਦਾ ਜੁਆਬ ਕਿਉਂ ਨਹੀਂ ਦਿੱਤਾ। ਕੇਂਦਰ ਦੀ ਆਨਾ ਕਾਨੀ ਕਰਕੇ ਅਕਾਲੀਆਂ ਨੂੰ ਮੋਰਚੇ ਲਗਾਉਣੇ ਪਏ। ਗੱਲਬਾਤ ਦੇ ਦੌਰ ਚੱਲੇ ਪਰ ਮੇਜ਼ ‘ਤੇ ਸਾਹਮਣੇ ਬੈਠ ਕੇ ਅਕਾਲੀ ਲੀਡਰਸ਼ਿੱਪ ਨੇ ਧੋਖਾ ਹੀ ਖਾਧਾ ਹੈ।
ਅਕਾਲੀ ਦਲ ਵਿੱਚ ਇੱਕ ਉਹ ਦੌਰ ਵੀ ਆਇਆ ਜਦੋਂ 2 ਅਕਤੂਬਰ 1962 ਨੂੰ ਸੰਤ ਚੰਨਣ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਨਾਲ ਫਤਿਹ ਸਿੰਘ ਨੂੰ ਇਕ ਕਿਸਮ ਦੀ ਪੂਰੀ ਤਾਕਤ ਹੀ ਮਿਲ ਗਈ। ਸੰਤ ਫਤਿਹ ਸਿੰਘ ਨੇ ਅਕਾਲੀ ਦਲ ਦਾ ਪ੍ਰਧਾਨ ਬਣ ਕੇ ਗੁਰਦੁਆਰਿਆਂ ਦੀ ਸਾਰੀ ਤਾਕਤ ਨੂੰ ਆਪਣੇ ਹੱਥ ਹੇਠ ਕਰ ਲਿਆ। ਡਾਕਟਰ ਹਰਜਿੰਦਰ ਸਿੰਘ ਦਿਲਗੀਰ ਸਿੱਖ ਤਵਾਰੀਖ ਦੇ ਪੰਨਾ 1082 ‘ਤੇ ਲਿਖਦੇ ਹਨ ਕਿ “ਸਰਦਾਰ ਕੈਰੋਂ ਅਕਾਲੀ ਦਲ ਦੀ ਪੈਦਾਵਰ ਸੀ। ਸ਼ੁਰੂ ਸ਼ੁਰੂ ਵਿੱਚ ਸੰਜੀਦਾ ਅਕਾਲੀ ਵਰਕਰ ਸੀ ਪਰ ਤਾਕਤ ਦੀ ਭੁਖ ਕਰਕੇ ਅਕਾਲੀਆਂ ਦੇ ਹੀ ਵਿਰੁਧ ਹੋ ਗਿਆ। ਪੰਜਾਬ ਦੇ ਮੁਖ ਮੰਤਰੀ ਦੀ ਕੁਰਸੀ ਹਾਸਲ ਕਰਨ ਲਈ ਅਕਾਲੀ ਦਲ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕਰਦਾ ਰਿਹਾ। 1960 ਵਿਚ ਅਕਾਲੀਆਂ ‘ਤੇ ਬੇਪਨਾਹ ਜ਼ੁਲਮ ਕੀਤੇ। ਪੰਜਾਬ ਦਾ ਅਥਾਹ ਸੋਮਾ ਪਾਣੀ ਰਾਜਸਥਾਨ ਨੂੰ ਭੰਗ ਦੇ ਭਾੜੇ ਦਿੱਤਾ”।
ਅਕਾਲੀ ਦਲ ਹਮੇਸ਼ਾਂ ਹੀ ਸੂਬਿਆਂ ਨੂੰ ਵੱਧ ਅਧਿਕਾਰਾਂ ਦਾ ਮੁਦਈ ਰਿਹਾ ਹੈ। 4 ਜੁਲਾਈ 1965 ਨੂੰ ਲੁਧਿਆਣੇ ਕਾਨਫਰੰਸ ਵਿੱਚ ਇਕ ਮਤਾ ਪਾਸ ਕੀਤਾ ਗਿਆ ਜਿਸ ਦਾ ਨਾਂ ਆਤਮ ਨਿਰਣੇ ਰੱਖਿਆ ਗਿਆ “ਇਹ ਕਾਨਫਰੰਸ ਵਿਚਾਰਾਂ ਮਗਰੋਂ ਇਸ ਸਿੱਟੇ ‘ਤੇ ਪੁਜੀ ਹੈ ਕਿ ਸਿੱਖਾਂ ਕੋਲ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਭਾਰਤੀ ਰੀਪਬਲਿਕ ਅੰਦਰ ਆਪੂੰ ਫੈਸਲਾ ਕਰਨ (ਆਤਮ ਨਿਰਣੈ) ਦਾ ਸਿਆਸੀ ਦਰਜਾ ਹਾਸਲ ਕਰਨ ਤੋਂ ਬਿਨਾਂ ਹੋਰ ਕੋਈ ਬਦਲ ਨਹੀਂ” (ਟ੍ਰਿਬਿਊਨ 5 ਜੁਲਾਈ 1965)
ਅਕਾਲੀ ਦਲ ਦੀ ਮੰਗ ਅਨੁਸਾਰ ਉਹ ਪੰਜਾਬੀ ਸੂਬਾ ਨਹੀਂ ਮਿਲਿਆ, ਜਿਸ ਦੀ ਉਹ ਮੰਗ ਕਰ ਰਹੇ ਸਨ। ਅਸਲ ਵਿੱਚ ਅਕਾਲੀਆਂ ਦੀ ਸਭ ਤੋਂ ਵੱਡੀ ਮੰਗ ਸੂਬੇ ਨੂੰ ਵੱਧ ਅਧਿਕਾਰਾਂ ਦੀ ਸੀ ਜੋ ਮੰਨੀ ਨਹੀਂ ਗਈ। ਇੰਝ ਕਹਿ ਲਓ ਇਹ ਅਧੂਰਾ ਪੰਜਾਬੀ ਸੂਬਾ ਸੀ ਜਿਹੜਾ ਸੰਤ ਫਤਿਹ ਸਿੰਘ ਨੇ ਮੰਨ ਲਿਆ। ਅਧੂਰਾ ਸੂਬਾ ਦੇਖ ਕੇ ਅਕਾਲੀ ਦਲ ਨੂੰ ਹੋਰ ਮੋਰਚਾ ਪਿਆ। ਇਸ ਮੋਰਚੇ ਦੀਆਂ ਤਿੰਨ ਮੁਖ ਮੰਗਾਂ ਸਨ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਭਾਖੜਾ ਡੈਮ ਤੇ ਹੋਰ ਪ੍ਰਜੈਕਟ ਪੰਜਾਬ ਨੂੰ ਮੋੜੇ ਜਾਣ।
ਪੰਜਾਬੀ ਸੂਬਾ ਤਾਂ ਬਣ ਗਿਆ ਪਰ ਅਕਾਲੀ ਤਾਕਤ ਤੇ ਦੌਲਤ ਦੀ ਦੌੜ ਵਿਚ ਦੌੜਨ ਲੱਗ ਪਏ। ਇਕ ਸਮਾਂ ਉਹ ਵੀ ਆਉਂਦਾ ਹੈ ਜਦੋਂ ਕਾਗਰਸ ਦੀ ਹਮਾਇਤ ਨਾਲ ਲਛਮਣ ਸਿੰਘ ਸਰਕਾਰ ਬਣਾਉਣ ਵਿਚ ਕਾਮਯਾਬ ਹੁੰਦਾ ਹੈ ਪਰ ਛੇਤੀ ਕਾਂਗਰਸ ਨੇ ਹਮਾਇਤ ਵਾਪਸ ਲੈ ਲਈ ਤੇ ਸਰਕਾਰ ਟੁਟ ਗਈ। ਇੰਝ ਪੰਜਾਬੀ ਸੂਬਾ ਬਣਨ ਉਪਰੰਤ ਦੋ ਸਾਲ ਵਿਚ ਤਿੰਨ ਵਾਰ ਸਰਕਾਰ ਬਣੀ ਤੇ ਟੁਟ ਗਈ। ਅਕਾਲੀਆਂ ਦੀ ਸਿਆਸਤ ਦਾ ਰੱਬ ਰਾਖਾ–
27-28 ਸਤੰਬਰ 1968 ਈ. ਨੂੰ ਬਟਾਲੇ ਅਕਾਲੀ ਕਾਨਫ੍ਰੰਸ ਹੋਈ ਇਸ ਕਾਨਫ੍ਰੰਸ ਵਿਚ ਮੈਂ ਵੀ ਗਿਆ ਸੀ ਮੈਨੂੰ ਯਾਦ ਹੈ ਜੋਗਾ ਸਿੰਘ ਜੋਗੀ ਨੇ ਕਵੀਸ਼ਰੀ ਵਿਚ ਗਾਇਆ ਸੀ “ਨੱਥਾ ਸਿੰਘ ਨੱਥ ਨੂੰ ਹਿਲਾਈ ਜਾਣਾ ਗਿੱਲ ਜੀ ਥੋੜਾ ਥੋੜਾ ਆਪ ਖਾਣਾ ਥੋੜਾ ਸਾਨੂੰ ਵੀ ਪਹੁੰਚਾਈ ਜਾਣਾ ਗਿੱਲ ਜੀ”। ਇਸ ਭਾਰੀ ਇਕੱਠ ਵਿਚ ਅਕਾਲੀ ਦਲ ਨੇ ਮਤਾ ਪਾਸ ਕਰਕੇ ਮੰਗ ਕੀਤੀ ਕਿ ਸੂਬਿਆਂ ਦੇ ਗਵਰਨਰਾਂ ਦੀ ਚੋਣ ਅਮਰੀਕਾ ਵਾਂਗ ਸਿੱਧੀ ਹੋਵੇ ਇਸ ਲਈ ਸੰਵਿਧਾਨ ਵਿਚ ਤਬਦੀਲੀ ਕੀਤੀ ਜਾਏ। ਪੰਜਾਬ ਵਿਚ ਭਾਰੀ ਕਾਰਖਾਨੇ ਲਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਤੇ ਭਾਖੜਾ ਡੈਮ ਮੋੜਨ ਲਈ ਕਹਿਆ। ਸੂਬਿਆਂ ਨੂੰ ਖ਼ੁਦ-ਮੁਖਤਿਆਰੀ ਦੀ ਗੱਲ ਕਹੀ। 1969 ਦੀਆਂ ਪੰਜਾਬ ਅਸੈਂਬਲੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਮੁਦਿਆ ਦੀ ਤਾਂ ਗੱਲ ਕੀਤੀ ਪਰ ਤਾਕਤ ਦੀ ਭੁਖ ਮਘੀ ਹੋਣ ਕਰਕੇ ਪੰਜਾਬੀ ਸੂਬੇ ਦਾ ਵਿਰੋਧ ਕਰਨ ਵਾਲੀ ਜਨ-ਸੰਘ ਪਾਰਟੀ ਨਾਲ ਗੈਰ ਸਿਧਾਂਤਿਕ ਗੱਠਜੋੜ ਹੋ ਗਿਆ ਜਿਹੜਾ ਅਗਸਤ 2020 ਤਕ ਖੇਤੀ ਬਿੱਲ ਪਾਸ ਕਰਨ ਤਕ ਪੂਰੀ ਤਰ੍ਹਾਂ ਨਿਭਿਆ। ਪਹਿਲਾਂ ਖੇਤੀ ਬਿੱਲ ਪਾਸ ਕਰਨ ਦੇ ਭਾਗੀਦਾਰ ਰਹੇ ਫਿਰ ਸਭ ਤੋਂ ਵੱਧ ਚੀਕਾਂ ਮਾਰਨ ਲੱਗ ਪਏ ਜੀ ਬਹੁਤ ਧੱਕਾ ਹੋਇਆ ਹੈ।
26 ਮਾਰਚ 1970 ਈ. ਤੋਂ 13 ਜੂਨ 1971 ਤਕ ਸਰਦਾਰ ਬਾਦਲ ਸੂਬੇ ਦੇ ਮੁਖ ਮੰਤ੍ਰੀ ਬਣੇ। 13 ਜੂਨ 1972 ਨੂੰ ਬਾਦਲ ਸਰਕਾਰ ਟੁਟ ਗਈ। ਇਹ ਮੁਦਾ ਵੱਖਰਾ ਹੈ ਕਿ ਸੀ. ਪੀ. ਆਈ ਦੇ ਆਗੂ ਸਤਪਾਲ ਡਾਂਗ ਨੇ ਸਰਦਾਰ ਬਾਦਲ ਦੇ ਖ਼ਿਲਾਫ਼ 33 ਇਲਜ਼ਾਮਾਂ ਦਾ ਪੱਤਰ ਤੱਤਕਾਲੀ ਗਵਰਨਰ ਨੂੰ ਦਿੱਤਾ ਸੀ। ਹੁਣ ਅਕਾਲੀ ਦਲ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਤੇ ਮੁਖ ਤੌਰ ‘ਤੇ ਪੰਜਾਬ ਦੀਆਂ ਹੱਕੀ ਮੰਗਾਂ ਲਈ ਨਵੇਂ ਸਿਰੇ ਤੋਂ ਨਵੇਂ ਪੈਂਤੜੇ ਸ਼ੁਰੂ ਕੀਤੇ। 11 ਦਸੰਬਰ 1972 ਈ. ਨੂੰ ਅਕਾਲੀ ਦਲ ਦੀ ਨਵੀਂ ਲੀਡਰਸ਼ਿੱਪ ਨੇ ਨਵਾਂ ਨੀਤੀ ਪ੍ਰੋਗਰਾਮ ਤਹਿ ਕੀਤਾ– “ਪੰਥਕ ਸਿਆਸੀ ਨਿਸ਼ਾਨਾ ਨਿਸਚੇ ਤੌਰ ‘ਤੇ ਦਸਮ ਪਾਤਸ਼ਾਹ ਦੇ ਹੁਕਮਾਂ, ਸਿੱਖ ਤਵਾਰੀਖ਼ ਦੇ ਸਫ਼ਿਆਂ, ਅਤੇ ਖਾਲਸਾ ਪੰਥ ਦੇ ਮਨ ਵਿਚ ਉਕਰਿਆ ਚਲਿਆ ਆ ਰਿਹਾ ਹੈ, ਜਿਸ ਦਾ ਮਕਸਦ, ਖਾਲਸਾ ਜੀ ਕੇ ਬੋਲ-ਬਾਲੇ। ਖਾਲਸਾ ਜੀ ਦੇ ਇਸ ਜਨਮ ਸਿੱਧ ਹੱਕ ਨੂੰ ਵਜੂਦ ਵਿਚ ਲਿਆਉਣ ਵਾਸਤੇ ਲੋੜੀਂਦੇ ਦੇਸ਼, ਕਾਲ ਅਤੇ ਸਿਆਸੀ ਆਈਨ ਨੂੰ ਬਣਾਉਣਾ ਤੇ ਕਾਇਮ ਕਰਨਾ, ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਢਾਂਚੇ ਦੀ ਨੀਂਹ ਹੈ।
ਕੀ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਉਪਰੋਕਤ ਸਰੋਕਾਰਾਂ ਨੂੰ ਮੰਨਦਾ ਹੈ? ਹੁਣ ਤਾਂ ਕਈ ਵਾਰੀ ਇੰਝ ਲਗਦਾ ਹੈ ਕਿ ਸ਼ਾਇਦ ਅਕਾਲੀ ਦਲ ਸਪਸ਼ਟੀ ਕਰਨ ਵਿਚ ਹੀ ਲੱਗਿਆ ਰਹਿੰਦਾ ਹੈ ਕਿ ਅਸੀਂ ਵੀ ਭਾਰਤ ਦੇ ਵਾਸੀ ਹਾਂ।
ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਇਕੱਤ੍ਰਤਾ 16-17 ਅਕਤੂਬਰ 1973 ਨੂੰ ਅਨੰਦਪੁਰ ਸਾਹਿਬ ਵਿਖੇ ਦੋ ਦਿਨ ਚੱਲੀ। ਅਸਲ ਵਿਚ ਉਹ ਅਕਾਲੀਏ ਅਜੇ ਜਿਉਂਦੇ ਸਨ ਜਿੰਨ੍ਹਾਂ ਨੇ 1947 ਨੂੰ ਪੰਜਾਬ ਉਜਾੜਦਾ ਅੱਖੀਂ ਵੇਖਿਆ ਤੇ ਆਪਣੇ ਹੱਡਾਂ ‘ਤੇ ਹੰਢਾਇਆ ਸੀ। ਦੂਸਰਾ ਕੇਂਦਰ ਵਿਚ ਕਾਂਗਰਸ ਸਰਕਾਰ ਵਲੋਂ ਪੰਜਾਬ ਨੂੰ ਬਣਦਾ ਹੱਕ ਨਾ ਦਿੱਤਾ ਗਿਆ। ਪੰਜਾਬੀਆਂ ਨੇ ਆਪਣੇ ਆਪ ਉਜਾੜ ਕੇ ਭਾਰਤ ਨੂੰ ਅਬਾਦ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ ਪਰ ਸਭ ਤੋਂ ਵੱਧ ਦੁਸ਼ਵਾਰੀਆਂ ਪੰਜਾਬ ਨੂੰ ਹੀ ਸਹਿਣੀਆਂ ਪਈਆਂ।
ਜ਼ਮੀਰ ਵਾਲੇ ਅਕਾਲੀਏ ਜੋ ਪੰਜਾਬ ਦਾ ਭਲਾ ਮਨੋ ਚਾਹੁੰਦੇ ਸਨ ਉਨ੍ਹਾਂ ਨੇ ਅਨੰਦਪੁਰ ਵਿਖੇ ਮੀਟਿੰਗ ਸੱਦੀ। ਇਹ ਮੀਟਿੰਗ ਦੋ ਦਿਨ ਚੱਲੀ। ਰਾਜਾਂ ਨੂੰ ਵੱਧ ਅਧਿਕਾਰ ਤੇ ਨਾਨਕਈ ਫਲਸਫੇ ਨੂੰ ਪ੍ਰਫੁਲਤ ਕਰਨ ਦੀ ਠੋਸ ਨੀਤੀ ਘੜੀ ਸੀ। ਇਹ ਵੱਖਰੀ ਗੱਲ ਹੈ ਕਿ ਵਰਤਮਾਨ ਅਕਾਲੀ ਦਲ ਦੇ ਨੌਜਵਾਨ ਨੇਤਾਵਾਂ ਨੇ ਸ਼ਾਇਦ ਹੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਪੜ੍ਹਿਆ ਹੋਵੇ। ਦੂਸਰਾ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਆਪ ਨੂੰ ਮਾਡਰਨ ਬਣਨ ਲਈ ਅਨੰਦਪੁਰ ਸਾਹਿਬ ਦੇ ਮਤੇ ‘ਤੇ ਕਾਲ਼ੀ ਸਿਆਹੀ ਫੇਰਦਿਆਂ ਮੋਗਾ ਵਿਖੇ 1996 ਨੂੰ ਪੰਜਾਬੀ ਪਾਰਟੀ ਬਣਾ ਧਰੀ। ਇੰਝ ਅਕਾਲੀ ਦਲ ਦੀ ਰੂਹ ‘ਤੇ ਆਰੀ ਫੇਰਦਿਆਂ ਭੋਰਾ ਦਰਦ ਮਹਿਸੂਸ ਨਹੀਂ ਕੀਤਾ। ਸਦਕੇ ਜਾਈਏ ਉਸ ਵੇਲੇ ਦੇ ਬਾਕੀ ਅਕਾਲੀਆਂ ਦੇ ਜਿਹੜੇ ਹੱਸ ਹੱਸ ਕੇ ਮਤਿਆਂ ਨੂੰ ਪੇਸ਼ ਕਰਦੇ ਸਨ ਤੇ ਫਿਰ ਤਾਈਦ ਕਰਦੇ ਰਹੇ। ਹੁਣ ਕੁਝ ਅਕਾਲੀਏ ਹੱਥੀਂ ਦਿੱਤੀਆਂ ਗੰਢਾਂ ਮੂੰਹ ਨਾਲ ਖੋਲ੍ਹਣ ਦੇ ਯਤਨ ਵਿਚ ਹਨ।
ਅਨੰਦਪੁਰ ਸਾਹਿਬ ਦਾ ਮਤਾ, ਨਿਸ਼ਾਨਾ ਤੇ ਮੁਖ ਸਿਧਾਂਤ ਪੰਥਕ ਤੇ ਰਾਜਸੀ ਤੋਰ ‘ਤੇ ਲੋਕ ਰਾਜੀ ਢਾਂਚੇ ਵਿਚ ਅਹਿਮ ਦਸਤਾਵੇਜ਼ ਹੈ ਜਿਹੜਾ ਹੁਣ ਅਕਾਲੀ ਦਲਾਂ ਦੀ ਰੂਹਾਂ ਵਿਚੋਂ ਗਾਇਬ ਹੋ ਚੁਕਾ ਹੈ।
ਅਨੰਦਪੁਰ ਸਾਹਿਬ ਮਤੇ ਦਾ ਸਿਧਾਂਤ
  • 1 ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਸਮੁਚੀ ਮਰਜ਼ੀ ਦਾ ਇਕੋ ਇਕ ਪ੍ਰਗਟਾਊ ਹੈ ਤੇ ਪੰਥ ਦੀ ਪ੍ਰਤੀਨਿਧਤਾ ਕਰਨ ਲਈ ਪੂਰਾ ਅਧਿਕਾਰ ਰੱਖਦਾ ਹੈ। ਇਸ ਜੱਥੇਬੰਦੀ ਦੀ ਬੁਨਿਆਦ ਮਨੁਖਾਂ ਦੇ ਆਪਸੀ ਸਬੰਧ, ਮਨੁਖ ਗਤੀ ਅਤੇ ਮਨੁਖ ਪ੍ਰੇਮ-ਤੱਤ ਸਬੰਧਾਂ ‘ਤੇ ਰੱਖੀ ਗਈ ਹੈ।
  • 2 ਇਹ ਸਿਧਾਂਤ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਕਿਰਤ ਕਰੋ, ਵੰਡ ਛੱਕੋ ਤੇ ਨਾਮ ਜੱਪਣ ਦੀਆਂ ਨੀਹਾਂ ਉੱਤੇ ਅਧਾਰਿਤ ਹੈ।
  • ਅਨੰਦਪੁਰੀ ਮਤੇ ਦਾ ਮਨੋਰਥ ਦੱਸਿਆ ਗਿਆ ਹੈ—ਕਿ ਅਕਾਲੀ ਦਲ ਹਮੇਸ਼ਾਂ ਹੇਠ ਲਿਖੇ ਮੰਤਵਾਂ ਲਈ ਸਦਾ ਤੱਤਪਰ ਰਹੇਗਾ।
  • 1. ਗੁਰਮਤਿ ਅਤੇ ਰਹਿਤ ਮਰਯਾਦਾ ਦਾ ਪ੍ਰਚਾਰ ਨਾਸਤਿਕ ਤੇ ਮਨਮਤਿ ਦਾ ਪ੍ਰਹਾਰ।
  • 2. ਸਿੰਘਾਂ ਵਿਚ ਪੰਥਕ ਆਜ਼ਾਦ ਹਸਤੀ ਦਾ ਅਹਿਸਾਸ ਕਾਇਮ ਰੱਖਣਾ ਅਤੇ ਅਜੇਹਾ ਦੇਸ਼ ਕਾਲ ਘੜਨਾ ਜਿਸ ਵਿਚ ਸਿੱਖ ਪੰਥ ਦੇ ਕੌਮੀ ਜਜ਼ਬੇ ਤੇ ਕੌਮੀਅਤ ਦਾ ਪ੍ਰਗਟਾਓ ਪੂਰਨ ਤੌਰ’ਤੇ ਉਜਾਗਰ ਹੋ ਸਕੇ।
  • 3. ਕੰਗਾਲੀ, ਭੁਖ ਨੰਗ ਤੇ ਥੁੜ ਨੂੰ ਦੂਰ ਕਰਨਾ ਨਿਆਂਕਾਰੀ ਤੇ ਚੰਗੇ ਨਿਜ਼ਾਮ ਨੂੰ ਕਾਇਮ ਕਰਨ ਲਈ ਦੌਲਤ ਤੇ ਉਪਜ ਨੂੰ ਵਧਾਉਣਾ ਤੇ ਮੌਜੂਦਾ ਪਾਣੀ ਵੰਡ ਤੇ ਲੁਟ-ਘਸੁਟ ਨੂੰ ਦੂਰ ਕਰਨਾ।
  • 4. ਗੁਰਮਤਿ ਆਸ਼ੇ ਅਨੁਸਾਰ ਅਨਪੜ੍ਹਤਾ, ਛੁਤ-ਛਾਤ ਤੇ ਜਾਤ-ਪਾਤ ਦੇ ਵਿਤਕਰੇ ਨੂੰ ਹਟਾਉਣਾ।
  • 5. ਮੰਦੀ ਸਿਹਤ ਤੇ ਬਿਮਾਰੀ ਨੂੰ ਦੂਰ ਕਰਨ ਦੇ ਉਪਾਓ, ਨਸ਼ਿਆਂ ਦੀ ਨਿਖੇਧੀ ਅਤੇ ਬੰਦਿਸ਼ ਦੇ ਸਰੀਰਕ ਅਰੋਗਤਾ ਦਾ ਵਾਧਾ ਜਿਸ ਨਾਲ ਕੰਮ ਵਿਚ ਉਤਸ਼ਾਹ ਜਾਗੇ ਤੇ ਉਹ ਕੌਮੀ ਬਚਾਊ ਲਈ ਤਿਆਰ ਹੋ ਸਕੇ।
  • ਪਹਿਲਾ ਅੰਕ
    ਅਕਾਲੀ ਦਲ ਸਿੱਖ ਧਰਮ ਵਿੱਚ ਭਾਵ ਪੈਦਾ ਕਰਨ ਤੇ ਉਹਨਾਂ ਵਿੱਚ ਸਿੱਖ ਹੋਣ ਤੇ ਫਖ਼ਰ ਪੈਦਾ ਕਰਨਾ ਆਪਣਾ ਮੁਖ ਮਨੋਰਥ ਸਮਝਦਾ ਹੈ। ਇਸ ਦੀ ਪੂਰਤੀ ਲਈ ਅਕਾਲੀ ਦਲ ਹੇਠ ਲਿਖਿਆ ਪ੍ਰੋਗਰਾਮ ਵਰਤੋਂ ਵਿੱਚ ਲਿਆਏਗਾ।
    1. ਵਾਹਿਗੁਰੂ ਦੀ ਵਾਹਿਦ ਹਸਤੀ ਦਾ ਪ੍ਰਚਾਰ ਕਰਨਾ ਗੁਰਬਾਣੀ ਦਾ ਪ੍ਰਵਾਹ ਚਲਾਣਾ, ਦਸ ਗੁਰੂ ਸਾਹਿਬਾਨ ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਉੱਤੇ ਦ੍ਰਿੜ ਨਿਸਚਾ ਕਰਾਉਣਾ ਤੇ ਉਹਨਾਂ ਉਪਦੇਸ਼ਾਂ ਦੀ ਵਾਕਫ਼ੀ ਤੇ ਉਹਨਾਂ ਉੱਤੇ ਅਮਲ ਕਰਾਉਣ ਲਈ ਯਤਨ ਕਰਨਾ।
    2. ਸਿੱਖ ਧਰਮ ਇਸ ਦੇ ਸਿਧਾਤਾਂ ਪਰੰਪਰਾਵਾਂ ਅਤੇ ਮੁਢਲੀਆਂ ਧਾਰਮਿਕ ਕਦਰਾਂ ਕੀਮਤਾਂ ਦੇ ਅਸਰਦਾਰ ਤਰੀਕੇ ਨਾਲ ਪ੍ਰਚਾਰ ਲਈ ਸਿੱਖ ਮਿਸ਼ਨਰੀ ਕਾਲਜਾਂ ਵਿਚੋਂ ਪਰਬੀਨ ਪ੍ਰਚਾਰਕ, ਰਾਗੀ, ਢਾਡੀ ਅਤੇ ਕਵੀ ਤਿਆਰ ਕਰਨਾ। ਦੇਸ਼ ਤੇ ਪ੍ਰਦੇਸ਼ ਦੇ ਕਾਲਜਾਂ ਸਕੂਲਾਂ, ਪਿੰਡਾਂ ਤੇ ਸ਼ਹਿਰਾਂ ਵਿਚ ਗੋਇਆ ਹਰ ਥਾਂ ਲਈ ਪ੍ਰਚਾਰ ਦੀ ਯੋਗਤਾ ਰੱਖਣ ਵਾਲੇ ਸੱਜਣ ਪ੍ਰਚਾਰ ਲਈ ਭੇਜੇ ਜਾਣ।
    ਨੋਟ— ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਵਿੱਚ ਅਜਿਹਾ ਵਰਤਾਰਾ ਦੇਖਣ ਨੂੰ ਮਿਲ ਰਿਹਾ ਹੈ ਕਿ ਡੇਰਿਆਂ ਵਿਚੋਂ ਪੜ੍ਹਿਆ ਲਿਖਿਆ ਨੂੰ ਮੁਖ ਗ੍ਰੰਥੀ ਆਦਿ ਵੱਡੀਆਂ ਪਦਵੀਆਂ ਸੌਂਪੀਆਂ ਜਦ ਕਿ ਮਿਸ਼ਨਰੀ ਕਾਲਜਾਂ ਦੇ ਯੱਗ ਵਿਦਵਾਨਾਂ ਨੂੰ ਬਣਦਾ ਰੁਤਬਾ ਤੇ ਹੱਕ ਨਹੀਂ ਦਿੱਤਾ ਗਿਆ। ਮੰਜੀ ਸਾਹਿਬ ਅੰਮ੍ਰਿਤਸਰ ਤੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਟੀ.ਵੀ. ਤੇ ਹੁੰਦੀ ਕਥਾ ਦਾ ਡਿਗਦਾ ਮਿਆਰ ਦੇਖਿਆ ਜਾ ਸਕਦਾ ਹੈ। ਕੀ ਇਹ ਕਥਾ ਜਾਂ ਸ਼ਬਦ ਵੀਚਾਰ ਨਾਨਕਈ ਫਲਸਫੇ ਅਨੁਸਾਰ ਹੈ?
    3. ਵੱਡੇ ਪੈਮਾਨੇ ਤੇ ਅੰਮ੍ਰਿਤ ਪ੍ਰਚਾਰ ਦਾ ਪ੍ਰਬੰਧ ਕਰਨਾ, ਕਾਲਜਾਂ ਸਕੂਲਾਂ ਵਿੱਚ ਇਸ ਸਬੰਧੀ ਪੂਰਾ ਤਾਣ ਲਾਉਣਾ ਅਤੇ ਇਸ ਮਨੋਰਥ ਨੂੰ ਸਾਹਮਣੇ ਰੱਖ ਕੇ ਕਾਲਜਾਂ ਦੇ ਪ੍ਰੋਫੈਸਰਾਂ ਦੇ ਬਕਾਇਦਾ ਸਟੱਡੀ ਸਰਕਲ ਬਣਾਉਣ ਦਾ ਪ੍ਰਬੰਧ ਕਰਨਾ। ਕੀ ਵਰਤਮਾਨ ਸਮੇਂ ਵਿਚ ਅਕਾਲੀ ਦਲ ਦਾ ਇਹ ਰੁਝਾਨ ਹੈ?
    4. ਸਿੱਖਾਂ ਵਿਚ ਦਸਵੰਦ ਦਾ ਰਿਵਾਜ ਮੁੜ ਸੁਰਜੀਤ ਕਰਨਾ।
    5. ਸਿੱਖ ਵਿਦਵਾਨਾਂ ਲੇਖਕਾਂ, ਪ੍ਰਚਾਰਕਾਂ, ਗ੍ਰੰਥੀਆਂ ਦਾ ਸਤਿਕਾਰ ਕਰਨਾ, ਉਹਨਾਂ ਦੇ ਰੁਤਬੇ ਸਿਖਲਾਈ ਅਤੇ ਰਹਿਣੀ ਦਾ ਮਿਆਰ ਉੱਚਾ ਚੁਕਣ ਲਈ ਯਤਨ ਕਰਨਾ।
    6. ਗੁਰਦੁਆਰਾ ਪ੍ਰਬੰਧ ਨੂੰ ਵਧੇਰੇ ਸੋਹਣਾ ਬਣਾਉਣ ਲਈ ਯਤਨ ਕਰਨਾ, ਗੁਰਦੁਆਰਾ ਕਰਮਚਾਰੀਆਂ ਦੀ ਸਿਖਲਾਈ ਲਈ ਪਰਬੰਧ ਕਰਨਾ।
    7. ਗੁਰਬਾਣੀ ਦੀ ਸ਼ੁਧ ਛਪਾਈ ਤੇ ਨਵੀਨ ਸਿੱਖ ਇਤਿਹਾਸ ਦੀ ਖੋਜ, ਸੰਭਾਲ ਪ੍ਰਕਾਸ਼ਨਾ, ਗੁਰਬਾਣੀ ਦਾ ਹੋਰ ਬੋਲੀਆਂ ਵਿਚ ੳਲੱਥਾ, ਸਿੱਖ ਸਿਧਾਂਤ ਸਬੰਧੀ ਮਿਆਰੀ ਸਾਹਿਤ ਤਿਆਰ ਕਰਨ ਲਈ ਪ੍ਰਬੰਧ ਕਰਨਾ।
    8. ਇੱਕ ਨਵਾਂ ਸਰਬ—ਹਿੰਦ ਗੁਰਦੁਆਰਾ ਕਾਨੂੰਨ ਘੜਨਾ, ਜਿਸ ਨਾਲ ਕੁਲ ਦੇਸ਼ ਭਰ ਦੇ ਗੁਰਦੁਆਰਿਆਂ ਦਾ ਪ੍ਰਬੰਧ ਵਧੇਰੇ ਸੁਚੱਜਾ ਅਤੇ ਸ਼ੋਭਾ ਜਨਕ ਹੋ ਸਕੇ ਅਤੇ ਜਿਸ ਨਾਲ ਸਿੱਖ ਪੰਥ ਦੇ ਪ੍ਰਾਚੀਨ ਪ੍ਰਚਾਰ ਕਰਨ ਵਾਲੀਆਂ ਸੰਪਰਦਾਵਾਂ ਜਿਹਾ ਕਿ ਉਦਾਸੀ ਨਿਰਮਲੇ ਆਦਿ ਮੁੜ ਸਮੁਚੇ ਸਮਾਜ ਦਾ ਅਨਿਖੜਵਾਂ ਅੰਗ ਬਣ ਜਾਣ ਪ੍ਰੰਤੂ ਇਨ੍ਹਾਂ ਡੇਰਿਆਂ ਦੀਆਂ ਜਾਇਦਾਦਾਂ ਦਾ ਇਨ੍ਹਾਂ ਸੰਪਰਦਾਵਾਂ ਦੇ ਹੱਥ ਵਿਚ ਹੀ ਸੁਰੱਖਿਅਤ ਰਹਿਣ। (ਇਸ ਦਾ ਭਾਵ ਸੀ ਕਿ ਕੌਮ ਨੂੰ ਇਕ ਗ੍ਰੰਥ, ਇਕ ਪੰਥ, ਇਕ ਰਹਿਤ ਮਰਯਾਦਾ ਹੇਠ ਲਿਆਉਣ ਤੋਂ ਸੀ ਤਾਂ ਕਿ ਆਪਸੀ ਦੂਰੀਆਂ ਖਤਮ ਹੋ ਸਕਣ)
    9. ਸਾਰੇ ਸੰਸਾਰ ਦੇ ਸਮੂੰਹ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਇਕ ਲੜੀ ਵਿਚ ਪ੍ਰੋਅ ਕਿ ਸਾਰੇ ਖਾਲਸਾ ਪੰਥ ਦੇ ਧਰਮ ਅਸਥਾਨਾਂ ਦੀ ਰਹੁਰੀਤ ਨੂੰ ਇਕਸਾਰ ਕਰਨ ਅਤੇ ਪ੍ਰਚਾਰ ਦੇ ਸਾਧਨਾ ਨੂੰ ਜੁੜਦਾ ਅਤੇ ਅਸਰ ਭਰਪੂਰ ਬਣਾਉਣ ਦਾ ਪ੍ਰਬੰਧ ਕਰਨਾ।
    10. ਸ੍ਰੀ ਨਨਕਾਣਾ ਸਾਹਿਬ ਅਤੇ ਉਨ੍ਹਾਂ ਹੋਰ ਸਮੂੰਹ ਗੁਰਦੁਆਰਿਆਂ ਤੇ ਗੁਰਧਾਮਾਂ, ਜਿੰਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਪ੍ਰਬੰਧ ਸਮੂੰਹ ਸਿੱਖਾਂ ਲਈ ਹਾਸਲ ਕਰਨ ਦੇ ਯਤਨ ਕਰਨਾ।
    ਅਨੰਦਪੁਰ ਦੇ ਮਤੇ ਦਾ ਦੂਜਾ ਭਾਗ ਆਉਂਦਾ ਹੈ ਜਿਸ ਵਿਚ ਰਾਜਸੀ ਨਿਸ਼ਾਨਾਂ ਮਿੱਥਿਆ ਗਿਆ ਸੀ।ਪੰਜਾਬੀ ਬੋਲਦੇ ਇਲਾਕੇ, ਭਾਖੜਾ ਡੈਮ ਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਰੱਖੀ ਗਈ ਸੀ।
    ਇਸ ਨਵੇਂ ਪੰਜਾਬ ਤੇ ਦੇਸ਼ ਦੇ ਹੋਰ ਸੂਬਿਆਂ ਵਿਚ ਕੇਂਦਰ ਦਾ ਦਖਲ ਕੇਵਲ ਰੱਖਿਆ, ਡਾਕ, ਕਰੰਸੀ, ਰੇਲਵੇ, ਪ੍ਰਦੇਸੀ ਮਾਮਲਿਆਂ ਤਕ ਸੀਮਤ ਹੋਵੇ। ਬਾਕੀ ਪੰਜਾਬ ਤਥਾ ਹੋਰ ਸੂਬਿਆਂ ਨੂੰ ਆਪਣੇ ਫੈਸਲੇ ਆਪ ਕਰਨ ਦੀ ਖੁਲ੍ਹ ਹੋਵੇ। ਰਾਜਸੀ ਮਤੇ ਦੇ ਸੱਤ ਨੁਕਤੇ ਸਨ। ਤੀਜਾ ਮਤਾ ਆਰਥਿਕਤਾ ਦਾ ਆਉਂਦਾ ਹੈ—ਸ਼ਰੋਮਣੀ ਅਕਾਲੀ ਦਲ ਨੇ 1973 ਵਿਚ ਅਨੰਦਪੁਰ ਦੇ ਮਤੇ ਵਿਚ ਕਮਾਲ ਦਾ ਨੁਕਤਾ ਉਠਾਇਆ ਗਿਆ ਸੀ ਕਿ ਭਾਰਤੀ ਆਰਥਿਕਤਾ ਮੁਖ ਤੌਰ’ਤੇ ਖੇਤੀਬਾੜੀ ਉੱਤੇ ਅਧਾਰਿਤ ਕੋਈ ਵੀ ਰਾਜਸੀ ਸ਼ਕਤੀ ਜੋ ਨਿਆਂ ਦੇ ਅਧਾਰ ਦਾਅਵਾ ਕਰਦੀ ਹੈ ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਪਰ ਸਾਰੀ ਸਮੱਸਿਆ ਦੀ ਘੁੰਡੀ ਇਹ ਹੈ ਕਿ ਇਸ ਆਰਥਿਕ ਪ੍ਰਬੰਧ ਦਾ ਮੁਖ ਲੀਡਰ, ਵੱਡੇ ਵੱਡੇ ਵਪਾਰੀਆਂ, ਸ਼ਾਹੂਕਾਰਾਂ ਅਤੇ ਅਜਾਰੇਦਾਰਾਂ ਦੀ ਸ਼੍ਰੇਣੀ ਦੇ ਹੱਥ ਵਿਚ ਹੈ। ਸਹੀ ਸ਼ਬਦਾਂ ਵਿਚ ਇਹ ਸ਼੍ਰੇਣੀ ਆਜ਼ਾਦੀ ਦੇ 29 ਵਰ੍ਹਿਆਂ ਵਿਚ ਅਮੀਰ ਹੋਈ ਹੈ। ਅਸਲ ਵਿੱਚ ਇਹੀ ਸ਼੍ਰੇਣੀ ਰਾਜਨੀਤਿਕ ਤਾਕਤ ਦੀ ਮਾਲਕ ਹੈ ਅਤੇ ਇਹੀ ਇਸ ਨੂੰ ਵਰਤਦੀ ਹੈ। ਇਸ ਲਈ ਸ਼ਾਂਤਮਈ ਤਰੀਕਿਆਂ ਰਾਹੀਂ ਇਕ ਨਵੇਂ ਸਮਾਜ ਨੂੰ ਬਣਾਉਣ ਦਾ ਹਰ ਯਤਨ ਅਬਾਦੀ ਦੇ ਇਸ ਜੁਟ ਦੇ ਆਰਥਿਕ ਪ੍ਰਬੰਧ ਅਤੇ ਰਾਜਨੀਤਿਕ ਕਿਲ੍ਹਿਆਂ ਨੂੰ ਤੋੜਨ ਲਈ ਹੋਣਾ ਚਾਹੀਦਾ ਹੈ। ਇਸੇ ਮਤੇ ਵਿੱਚ ਖੇਤੀ ਨੀਤੀ ਦੀ ਵਿਆਖਿਆ ਕੀਤੀ ਗਈ ਹੈ। ਅਕਾਲੀ ਦਲ ਅੰਨ ਵਪਾਰ ਦੇ ਸੰਪੂਰਨ ਕੌਮੀਕਰਨ ਦੀ ਹਮਾਇਤ ਕਰਦਾ ਹੈ। ਰਾਜ ਸਰਕਾਰ ਅਤੇ ਸਰਕਾਰੀ ਏਜੰਸੀਆਂ ਰਾਹੀਂ ਅੰਨ ਅਤੇ ਦੂਜੀਆਂ ਹੋਰ ਫਸਲਾਂ ਦੀ ਥੋਕ ਦੇ ਵਪਾਰ ਦਾ ਪੂਰਨ ਤੌਰ ‘ਤੇ ਸਰਕਾਰੀ ਕਰਨ ਲਈ ਹਰ ਕਦਮ ਉਠਾਏਗਾ। ਕੀਮਤਾਂ ਤਹਿ ਕਰਨ ਦਾ ਪੂਰਨ ਅਧਿਕਾਰ ਸੂਬਾ ਸਰਕਾਰਾਂ ਨੂੰ ਹੋਣਾ ਚਾਹੀਦਾ ਹੈ।
    ਅਨੰਦਪੁਰ ਦੇ ਮਤੇ ਵਿੱਚ ਉਦਯੋਗ ਦੇ ਬੁਨਿਆਦੀ ਢਾਂਚੇ ਨੂੰ ਖੜਾ ਕਰਨ ਦੀ ਗੱਲ ਕਰਦਾ ਹੈ। ਹਰ ਨੌਜਵਾਨ ਨੂੰ ਰੋਜ਼ਗਾਰ ਦੇਣ ਦਾ ਇਕਰਾਰ ਕਰਦਾ ਹੈ। ਅਕਾਲੀ ਦਲ ਦਾ ਨਿਸ਼ਾਨਾ ਹੈ ਕਿ ਹਰ ਵੇਹਲੇ ਨੂੰ ਰੋਜ਼ਗਾਰ ਤੇ ਲਉਣਾ, ਹਰ ਮੂੰਹ ਲਈ ਰੋਟੀ, ਹਰ ਤਨ ਲਈ ਕਪੜਾ, ਰਹਿਣ ਲਈ ਮਕਾਨ, ਚੜ੍ਹਨ ਲਈ ਸਵਾਰੀ ਅਤੇ ਉਹਨਾਂ ਸਾਰੀਆਂ ਸਭਿਆਚਾਰਕ ਲੋੜਾਂ ਦੀ ਪੂਰਤੀ ਲਈ ਵਸੀਲੇ ਪੈਦਾ ਕਰਨੇ, ਜਿਨ੍ਹਾਂ ਦੁਆਰਾ ਜੀਵਨ ਅਧੂਰਾ ਜਾਪਦਾ ਹੈ।
    ਅਕਾਲੀ ਦਲ ਸਬੰਧੀ ਪੰਜਾਬੀ ਵਿਕੀ ਪੀਡੀਆ ਦੀ ਇਕ ਟਿੱਪਣੀ ਬਹੁਤ ਭਾਵ ਪੂਰਤ ਹੈ
    ਗੁਰਬਾਣੀ ਦੇ ਸਾਂਝੀਵਾਲਤਾ ਦੇ ਸਿਧਾਂਤ ਨੂੰ ਪ੍ਰਣਾਈ ਪਾਰਟੀ ਵਲੋਂ ਅਜ਼ਾਦੀ ਤੋਂ ਪਹਿਲਾਂ ਬਹੁ ਧਰਮੀ, ਬਹੁ ਭਾਸ਼ਾਈ, ਬਹੁ ਨਸਲੀ ਦੇਸ਼ ਨੂੰ ਸਹੀ ਰੂਪ ਵਿੱਚ ਫੈਡਰਲ ਬਣਾਉਣ, ਘੱਟ ਗਿਣਤੀਆਂ ਖ਼ਾਸ ਤੌਰ’ਤੇ ਸਿੱਖਾਂ ਲਈ ਅਤੇ ਐਮਰਜੈਂਸੀ ਦਾ ਵਿਰੋਧ ਕਰਦਿਆਂ ਮਨੁਖੀ ਹੱਕਾਂ ਦਾ ਝੰਡਾ ਬੁਲੰਦ ਰੱਖਿਆ। ਪਿੱਛਲੇ ਦੋ ਦਹਾਕਿਆਂ ਤੋਂ ਅਕਾਲੀ ਸਿਆਸਤ ਵਿਚ ਵੱਡੀਆਂ ਤਬਦੀਲੀਆਂ ਦਿਖਾਈ ਦੇ ਰਹੀਆਂ ਹਨ। ਚੋਣਾਂ ਵੇਲੇ ਟਿਕਟਾਂ ਦੇਣ ਦਾ ਮਾਪਦੰਡ ਲੋਕਾਂ ਲਈ ਜੇਲ੍ਹ ਕੱਟਣਾ ਜਾਂ ਕੁਰਬਾਨੀ ਹੁੰਦਾ ਸੀ ਪਰ ਹੁਣ ਇਹ ਰਵਾਇਤ ਦੂਰ ਦੀ ਗੱਲ ਰਹਿ ਗਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਿਰਸਾਨਾਂ-ਮਜ਼ਦੂਰਾਂ ਦੀਆਂ ਖ਼ੁਦਕਸ਼ੀਆਂ, ਵਧੀ ਬੇਰੁਜ਼ਗਾਰੀ, ਮਾਫ਼ੀਆ ਰਾਜ ਦੇ ਦੋਸ਼ਾਂ ਨੇ ਅਕਾਲੀ ਦਲ ਨੂੰ ਇਤਿਹਾਸਕ ਤੌਰ ‘ਤੇ ਵੱਡੀ ਮਾਰ ਪਈ ਹੈ। ਗੁਰੂੁ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪਿੱਛੋਂ ਵਾਪਰੀਆਂ ਘਟਨਾਵਾਂ ਜਸਟਿਸ ਜੋਰਾ ਸਿੰਘ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਅਕਾਲੀ ਦਲ ਲਈ ਹੋਰ ਸੰਕਟ ਡੂੰਘਾ ਹੋਇਆ ਹੈ।
    ਕੋਈ ਵੀ ਕੌਮ ਜਦੋਂ ਆਪਣੇ ਧਰੂਵੀ ਕਰਮ ਨੂੰ ਛੱਡਦੀ ਹੈ ਤਾਂ ਨਿਰਸੰਦੇਹ ਉਹ ਹਾਸ਼ੀਏ ਤੇ ਆ ਜਾਂਦੀ ਹੈ। ਅਕਾਲੀ ਦਲ ਦੀਆਂ ਸ਼ਾਨਾਮਤੀ ਰਵਾਇਤਾਂ ਨਿੱਜੀ ਲਾਲਸਾ ਕਰਕੇ ਭੇਟ ਚੜ੍ਹ ਗਈਆਂ ਹਨ। ਕਿਹਨੂੰ ਨਹੀਂ ਪਤਾ ਕਿ 1914 ਵਿਚ ਮੋਦੀ ਸਰਕਾਰ ਵਿਚ ਬੀਬਾ ਜੀ ਦੀ ਖਾਤਰ ਵਜ਼ੀਰੀ ਲੈਣ ਲਈ ਸਰਦਾਰ ਬਾਦਲ ਵਲੋਂ ਹਰ ਪਾਪੜ ਵੇਲਿਆ ਗਿਆ, ਹਾਲਾਂ ਕੇ ਓਦੋਂ ਬਹੁਤ ਸੀਨੀਅਰ ਅਕਾਲੀ ਬੈਠੇ ਸਨ। ਵੱਖ ਹੋਏ ਅਕਾਲੀਆਂ ਦਾ ਦੁਖਾਂਤ ਏਹੀ ਹੈ ਕਿ ਸਮੇਂ ਅਨੁਸਾਰ ਦੜ੍ਹ ਵੱਟ ਜ਼ਮਾਨਾ ਕੱਟਦੇ ਰਹੇ ਪਰ ਸਮੇਂ ਅਨੁਸਾਰ ਸੱਚ ਨਹੀਂ ਬੋਲਿਆ। ਜੇ ਓਦੋਂ ਹੀ ਇਸ ਰੁਝਾਨ ਨੂੰ ਠੱਲ ਪਾਈ ਹੁੰਦੀ ਤਾਂ ਅੱਜ ਅਕਾਲੀ ਦਲ ਦਾ ਕੱਦ ਉੱਚਾ ਹੁੰਦਾ। ਮੁਲਕ ਦੀ ਅਜ਼ਾਦੀ ਉਪਰੰਤ ਕੇਂਦਰ ਦੀ ਹਰ ਸਰਕਾਰ ਨੇ ਸੂਬਿਆਂ ਦੇ ਅਧਿਕਾਰਾਂ ਤੇ ਛਾਪਾ ਹੀ ਮਾਰਿਆ ਹੈ। ਕੇਂਦਰ ਨੇ ਐਸੀਆਂ ਚਾਲਾਂ ਚਲੀਆਂ ਹਨ ਕਿ ਸੂਬੇ ਨਿਹੱਥੇ ਹੀ ਹੋ ਕੇ ਰਹਿ ਗਏ ਹਨ। ਹਰ ਸੂਬੇ ਦੀ ਖੇਤਰੀ ਪਾਰਟੀ ਕੇਂਦਰ ਦੀਆਂ ਨੀਤੀਆਂ ਦੀ ਭੇਟ ਚੜ੍ਹਦੀ ਰਹੀ। ਮਹਿਸੂਸ ਕੀਤਾ ਜਾਂਦਾ ਹੈ ਕਿ ਜੱਥੇਦਾਰ ਮਾਸਟਰ ਤਾਰਾ ਸਿੰਘ, ਜੱਥੇਦਾਰ ਤੁੜ, ਜੱਥੇਦਾਰ ਟੋਹੜਾ ਤੇ ਜੱਥੇਦਾਰ ਤਲਵੰਡੀ ਉਪਰੰਤ ਕੋਈ ਵੀ ਐਸਾ ਅਕਾਲੀ ਨਹੀਂ ਰਿਹਾ ਜਿਹੜਾ ਸਿੱਖ ਮਸਲੇ ਜਾਂ ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ ਹੋਵੇ। ਵਰਤਮਾਨ ਸਮੇਂ ਵਿਚ ਕੇਵਲ ਦੂਸ਼ਣਬਾਜ਼ੀ ਦੀ ਰਾਜਨੀਤੀ ਰਹਿ ਗਈ ਹੈ ਤੇ ਅਸਲ ਮੁਦਿਆਂ ਨੂੰ ਛੱਡ ਹੀ ਦਿੱਤਾ ਹੈ। ਖੇਤਰੀ ਪਾਰਟੀ ਉਹ ਹੀ ਆਪਣਾ ਵਜੂਦ ਕਾਇਮ ਰੱਖ ਸਕਦੀ ਹੈ ਜਿਹੜੀ ਨਿੱਜੀ ਲਾਲਸਾ ਛੱਡ ਕੇ ਆਪਣੀ ਕੌਮ ਆਪਣੇ ਸੂਬੇ ਲਈ ਜਿਊਂਦੀ ਹੈ। ਗੁਰਬਾਣੀ ਤੀਰਥ ਯਾਤਰਾ ਰੱਦ ਕਰਦੀ ਹੈ ਪਰ ਪੰਥਕ ਸਰਕਾਰ ਨੇ ਮੁਫਤ ਵਿਚ ਤੀਰਥ ਯਾਤਰਾ ਕਰਾ ਕੇ ਵਾਹਵਾ ਖੱਟੀ ਪਰ ਅਸਲ ਮੁਦੇ ਗਾਇਬ ਹੀ ਕਰ ਦਿਤੇ ਗਏ।
    ਕੀ ਵਰਤਮਾਨ ਅਕਾਲੀ ਦਲਾਂ ਕੋਲ ਕੋਈ ਠੋਸ ਨੀਤੀ ਹੈ ਜਿਸ ਨਾਲ ਸੂਬੇ ਨੂੰ ਖਸ਼ਹਾਲ ਬਣਾਇਆ ਜਾ ਸਕੇ?
    ਕੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਸਮੇਂ ਅਨੁਸਾਰ ਚੋਣਾ ਕਰਾ ਸਕਦਾ ਹੈ?
    ਕੀ ਅਕਾਲੀ ਦਲ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਬਚਿੱਤ੍ਰ ਨਾਟਕ ਦੇ ਅੰਤਰ ਨੂੰ ਸਮਝ ਸਕਦੀ ਹੈ?
    ਕੀ ਪੰਥਕ ਸਰਕਾਰ ਏਨ੍ਹਾਂ ਕੰਮ ਵੀ ਨਹੀਂ ਕਰ ਸਕੀ ਕਿ ਕੇਂਦਰ ਕੋਲੋਂ ਸ਼੍ਰੋਮਣੀ ਕਮੇਟੀ ਦੀ ਚੋਣ ਦਾ ਅਧਿਕਾਰ ਹੀ ਪ੍ਰਾਪਤ ਕਰ ਸਕੇ?
    ਕੀ ਅਕਾਲੀਏ ਹੱਥ ਵਿਚ ਕਿਰਪਾਨ, ਖੁਲ੍ਹਾ ਦਾਹੜਾ, ਨੀਲੀ ਦਸਤਾਰ ਵਾਲਾ ਸਭਿਆਚਾਰ ਮੁੜ ਕੇ ਲਿਆਉਣਗੇ? ਅਜੇਹੀ ਦਿੱਖ ਨਾਲ ਘੱਟੋ ਘੱਟ ਸਿੱਖੀ ਨੂੰ ਮਹਿਸੂਸ ਤਾਂ ਕਰਦੇ ਸਨ ਕਿ ਅਸੀਂ ਅਕਾਲੀ ਹਾਂ।
    ਸਮੇਂ ਦੀ ਗਰਦਿਸ਼ ਵਿਚ ਅਕਾਲੀਏ ਆਪਣੀਆਂ ਰਵਾਇਤਾਂ ਹੀ ਭੁਲ ਚੁਕੇ ਹਨ। ਖੇਤਰੀ ਪਾਰਟੀ (ਅਕਾਲੀ ਦਲ) ਦਾ ਢਾਂਚਾ ਜ਼ਰੂਰ ਖੜਾ ਹੈ ਪਰ ਇਸ ਵਿਚੋਂ ਪੰਥਕ ਰੂਹ ਨਿਕਲ ਚੁਕੀ ਹੈ। ਕਰਨਾ ਸੂਬੇ ਦਾ ਵਿਕਾਸ ਸੀ ਪਰ ਕਰ ਲਿਆ ਆਪੋ ਆਪਣਾ।
    ਸੌਦਾ ਸਾਧ ਦੀ ਮੁਆਫ਼ੀ ਤੇ ਸ਼੍ਰੋਮਣੀ ਕਮੇਟੀ ਦਾ 90 ਲੱਖ ਰੁਪਏ ਤੋਂ ਵੱਧ ਦੇ ਅਖ਼ਬਾਰਾਂ ਨੂੰ ਇਸ਼ਤਿਹਾਰ ਕਿ ਸੌਦਾ ਸਾਧ ਨਾਲ ਵੋਟਾਂ ਦੀ ਖਾਤਰ ਸਾਡੀ ਸੁਲਾਹ ਹੋ ਗਈ ਹੈ ਕੀ ਇਹ ਪੰਥਕ ਸੇਵਾ ਕੀਤੀ ਜਾਂ ਪੰਥ ਦੀ ਜੜ੍ਹੀ ਤੇਲ ਦਿੱਤਾ ਸੀ।
    ਸੇਵਾ, ਸੰਤੋਖ, ਆਪਸੀ ਭਾਈਚਾਰਕ ਸਾਂਝ ਤੇ ਲਾਲਚ ਦਾ ਤਿਆਗ ਕਰਨ ਵਾਲੇ ਅਕਾਲੀਏ ਆਪਣੀ ਵਿਰਾਸਤ ਨੂੰ ਸਮਝਣਗੇ?
    1982 ਈ. ਨੂੰ ਪਾਣੀਆਂ ਦੇ ਮਸਲੇ ਤੇ ਅਕਾਲੀ ਦਲ ਨੇ ਸਟੈਂਡ ਲਿਆ ਸੀ, ਨੌਜਵਾਨ ਪੁਲੀਸ ਦੀ ਹਨੇਰੀ ਦਾ ਸ਼ਿਕਾਰ ਹੋਏ, ਜੂਨ 1984 ਤੇ ਨਵੰਬਰ 1984 ਦੀਆਂ ਘਟਨਾਵਾਂ ਅਕਾਲੀਆਂ ਦੇ ਸਾਹਮਣੇ ਹੋਈਆਂ ਸਨ। ਬਿਆਨ ਦਾਗੇ ਕਿ ਕਸੂਰਵਾਰਾਂ ਨੂੰ ਬਣਦੀਆਂ ਸਜਾਵਾਂ ਦਿੱਤੀਆਂ ਜਾਣਗੀਆਂ, ਪੰਥਕ ਸਰਕਾਰਾਂ ਬਣੀਆਂ, ਕਮਿਸ਼ਨ ਬਣੇ, ਕੇਂਦਰ ਵਿਚ ਭਾਈਵਾਲੀ ਰਹੀ ਪਰ ਬਣਦੀ ਕਾਰਵਾਈ ਨਹੀਂ ਕਰ ਸਕੇ। ਹੁਣ ਅਕਾਲੀਏ 1984 ਦੇ ਸ਼ਹੀਦਾਂ ਨੂ ਯਾਦ ਕਰਨਾ ਵੀ ਭੁਲਦੇ ਜਾ ਰਹੇ ਹਨ।
    ਖ਼ੁਦਾ ਡੂਬਨੇ ਵਾਲੇ ਕੀ ਹਿੰਮਤ ਕੋ ਜਵਾਂ ਰੱਖੇ,
    ਜਿਸੇ ਸਹਿਲ ਕੇ ਨੇੜੇ ਆ ਕੇ ਭੀ ਸਹਿਲ ਨਹੀਂ ਮਿਲਾ।