ਗੁਰਮਤਿ ਗਿਆਨ ਮਿਸ਼ਨਰੀ ਕਾਲਜ Gurmat Gian Missionary College

ਪ੍ਰਿੰ. ਗੁਰਬਚਨ ਸਿੰਘ ਪੰਨਵਾਂ # 99155-29725

ਮਿਸ਼ਨਰੀ ਲਹਿਰ ਦੀ ਉਤਪਤੀ ਤੇ ਇਸ ਦੀ ਦੇਣ

ਇਹ ਲੇਖ ਨਨਕਾਣੇ ਸਾਹਿਬ ਦੇ ਸਾਕੇ ਨੂੰ ਸਮਰਪਿਤ ਹੈ ਗੁਰੂਆਂ ਦੇ ਸਮੇਂ ਤੋਂ ਹੀ ਪੁਜਾਰੀ ਲੋਕ ਸਿੱਖ ਸਿਧਾਂਤ ਵਿਚ ਰਲਾ ਪਾਉਣ ਦੇ ਯਤਨ ਵਿਚ ਸੀ ਪਰ ਉਹ ਕਾਮਯਾਬ ਨਹੀਂ ਹੋ ਸਕੇ। ਗੁਰੂ ਕਾਲ ਮਗਰੋਂ ਅਜਿਹੇ ਗ੍ਰੰਥ ਤਿਆਰ ਕਰਾਏ, ਜਿੰਨ੍ਹਾਂ ਵਿਚ ਬ੍ਰਾਹਮਣੀ ਮੱਤ ਦਾ ਬੋਲਬਾਲਾ ਸੀ। ਗੁਰ ਬਿਲਾਸ ਛੇਵੀਂ, ਬਾਲੇ ਵਾਲੀ ਜਨਮ ਸਾਖੀ ਤੇ ਬਚਿਤ੍ਰ ਨਾਟਕ ਵਿਚ ਅਜਿਹੀ ਸਮੱਗਰੀ ਪਰੋਸੀ ਗਈ ਜਿਹੜੀ ਗੁਰਬਾਣੀ ਦੀ ਕਸਵੱਟੀ ‘ਤੇ ਪੂਰੀਂ ਨਹੀਂ ਉਤਰਦੀ। ਗੁਰਦੁਆਰਿਆਂ ਵਿਚ ਸ਼ਬਦ ਵੀਚਾਰ ਦੀ ਥਾਂ ‘ਤੇ ਇਨ੍ਹਾਂ ਗ੍ਰੰਥਾਂ ਦੀ ਵੀਚਾਰ ਨੇ ਥਾਂ ਲੈ ਲਿਆ। ਜਿਸ ਵਿਚਾਰਧਾਰਾ ਦਾ ਗੁਰੂ ਨਾਨਕ ਸਾਹਿਬ ਜੀ ਨੇ ਖੰਡਨ ਕੀਤਾ ਸੀ ਗੁਰੂ ਕਾਲ ਮਗਰੋਂ ਓਸੇ ਵਿਚਾਰਧਾਰਾ ਨੇ ਸਿੱਖੀ ਪਹਿਰਾਵੇ ਵਿਚ ਜਨਮ ਲੈ ਲਿਆ। ਵਕਤ ਬੀਤਣ ਨਾਲ ਬ੍ਰਾਹਮਣੀ ਸੋਚ ਵਾਲੇ ਨਿਰਮਲੇ ਤੇ ਉਦਾਸੀਆਂ ਨੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ ਲਿਆ। ਹੌਲ਼ੀ ਹੌਲ਼ੀ ਸਿੱਖੀ ਵਿਚਾਰਧਾਰਾ ‘ਤੇ ਬ੍ਰਾਹਮਣੀ ਕਰਮ-ਕਾਂਡ ਦੀ ਰੰਗਤ ਚੜ੍ਹਨੀ ਸ਼ੁਰੂ ਹੋ ਗਈ। ਕਹਾਣੀ ਇੰਨੀ ਵਿਗੜ ਗਈ ਕਿ ਦੇਖਣ ਨੂੰ ਅਸੀਂ ਸਿੱਖ ਲੱਗਦੇ ਸੀ ਪਰ ਸਾਡੇ ਧਰਮ-ਕਰਮ ਸਨਾਤਨੀ ਮੱਤ ਵਾਲੇ ਹੋ ਗਏ ਸਨ। ਇਤਿਹਾਸ ਨੂੰ ਅਜਿਹੀ ਰੰਗਤ ਦਿੱਤੀ ਗਈ ਕਿ ਪੜ੍ਹਣ ਸੁਣਨ ਵਾਲਾ ਇਹੀ ਸਮਝਦਾ ਸੀ ਕਿ ਸ਼ਾਇਦ ਗੁਰੂਆਂ ਦਾ ਜੀਵਨ ਦੇਵੀ ਦੇਵਤਿਆਂ ਵਰਗਾ ਹੀ ਹੋਣਾ ਹੈ। ਗੁਰਬਾਣੀ ਵਿਚਾਰਨ ਵਾਲੇ ਵਿਦਵਾਨਾਂ ਨੇ ਦੇਖਿਆ ਕਿ ਸ਼ਬਦ ਗੁਰਬਾਣੀ ਦਾ ਲਿਆ ਜਾਂਦਾ ਹੈ ਤੇ ਵਿਆਖਿਆ ਗਰੁੜ ਪੁਰਾਣ ਵਰਗੇ ਗ੍ਰੰਥਾਂ ਦੀ ਕੀਤੀ ਜਾਂਦੀ ਹੈ। ਇਤਿਹਾਸ ਵੀ ਉਹ ਸੁਣਾਇਆ ਜਾ ਰਿਹਾ ਹੈ ਜੋ ਗੈਰ ਕੁਦਰਤੀ ਹੋਵੇ। ਬੜੀ ਸ਼ਿਦਤ ਨਾਲ ਮਹਿਸੂਸ ਕੀਤਾ ਗਿਆ ਕਿ ਜਿਹੜਿਆਂ ਕਰਮ ਕਾਂਡਾਂ ਵਿਚੋਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਕੱਢਿਆ ਸੀ ਓਸੇ ਹੀ ਨਿਵਾਣ ਵਾਲੀ ਅਵਸਥਾ ਵਿਚ ਅਸੀਂ ਫਿਰ ਚਲੇ ਗਏ ਹਾਂ।
ਸਿੰਘ ਸਭਾ ਲਹਿਰ ਦੀ ਸਥਾਪਤੀ ਅਕੂਤਬਰ 1872 ਈ. ਨੂੰ ਸਿੱਖ ਕੌਮ ਦੀ ਅਜਿਹੀ ਤਰਾਸਦੀ ਦੇਖ ਕੇ ਵਿਚਾਰਵਾਨ ਵੀਰਾਂ ਨੇ ਸਿੰਘ ਸਭਾ ਲਹਿਰ ਕਾਇਮ ਕੀਤੀ। ਗੁਰਬਾਣੀ ਸਿਧਾਂਤ ਦੀ ਵਿਚਾਰ ਗੁਰਬਾਣੀ ਅਨੁਸਾਰ ਕਰਨ ਦਾ ਯਤਨ ਆਰੰਭਿਆ। ਉਹਨਾਂ ਨੇ ਪੰਜਾਬੀ ਜ਼ਬਾਨ ਦੀ ਪ੍ਰਫੁੱਲਤਾ, ਗੁਰਬਾਣੀ ਵਿਚਾਰ ਵਾਲਾ ਸਾਹਿਤ, ਮੈਗਜ਼ੀਨ ਤੇ ਸਿੱਖਾਂ ਵਿਚ ਵਿਦਿਆ ਦੇ ਪ੍ਰਚਾਰ ਪਸਾਰ ਲਈ ਮੁੱਢਲੇ ਯਤਨ ਅਰੰਭੇ। ਵਿਦਿਆ ਦੇ ਪ੍ਰਸਾਰ ਲਈ ਖਾਲਸਾ ਸਕੂਲ-ਕਾਲਜ ਹੋਂਦ ਵਿਚ ਆਏ। ਨਿਰ-ਸੰਦੇਹ ਸਿੱਖੀ ਦੇ ਸਿਧਾਂਤ ਵਿਚ ਮੁੜ ਨਿਖਾਰ ਆਇਆ ਤੇ ਸਿੱਖ ਕੌਮ ਵਿਚ ਨਵੀਂ ਜਾਗਰਤੀ ਆਉਣੀ ਅਰੰਭ ਹੋਈ। ਇਹ ਉਹ ਦੌਰ ਸੱੀ ਜਦੋਂ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਉਦਾਸੀਏ ਤੇ ਨਿਰਮਲਿਆਂ ਦੇ ਹੱਥਾਂ ਵਿਚ ਸੀ। ਪਿਤਾ ਪੁਰਖੀ ਮਹੰਤ ਗੁਰਦੁਆਰਿਆਂ ਵਿਚ ਕਾਬਜ਼ ਹੋਣ ਕਰਕੇ ਸਿੱਖ ਸਿਧਾਤਾਂ ਵਲੋਂ ਮੂੰਹ ਮੋੜ ਚੁੱਕੇ ਸਨ। ਨਨਕਾਣਾ ਸਾਹਿਬ ਵਿਖੇ ਕੁਝ ਅਜੇਹੀਆਂ ਬਦ-ਇਖ਼ਲਾਕ ਘਟਨਾਵਾਂ ਵਾਪਰੀਆਂ ਜਿਥੋਂ ਗੁਰਦੁਆਰਾ ਸੁਧਾਰ ਲਹਿਰ ਦਾ ਜਨਮ ਹੋਇਆ।
ਸਿੰਘ ਸਭਾ ਹੋਂਦ ‘ਚ ਆਉਣ ਨਾਲ ਸਿੱਖ ਕੌਮ ਵਿਚ ਵਿਦਿਆ ਦਾ ਪ੍ਰਚਾਰ ਤੇ ਪ੍ਰਸਾਰ ਹੋਇਆ। ਗੁਰਦੁਆਰਿਆਂ ਦੇ ਨਾਂ ਸਿੰਘ ਸਭਾ ਰੱਖਣੇ ਸ਼ੁਰੂ ਹੋਏ। ਸਿੱਖੀ ਬ੍ਰਾਹਮਣੀ ਮੱਤ ਨਾਲੋਂ ਨਿਖੜਨੀ ਸ਼ੁਰੂ ਹੋਈ। ਪਰ ਅਜੇ ਬਹੁਤ ਮਿਹਨਤ ਦੀ ਜ਼ਰੂਰਤ ਸੀ, ਕਿਉਂਕਿ ਗੁਰਦੁਆਰਿਆਂ ਵਿਚ ਮਨਮਤ ਦਾ ਪੂਰਾ ਬੋਲਬਾਲਾ ਸੀ। ਗੁਰਦੁਆਰਾ ਸੁਧਾਰ ਲਹਿਰ ਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪਰੰਤ ਸਿੱਖ ਕੌਮ ਤੇ ਮੁਗਲੀਆ ਹਕੂਮਤ ਨੇ ਜ਼ੁਲਮ ਦੀ ਇੰਤਾਅ ਕਰ ਦਿੱਤੀ। ਇਸਲਾਮ ਦੇ ਝੰਡੇ ਥੱਲੇ ਲਿਆਉਣ ਤੇ ਆਪਣੀ ਈਨ ਮਨਾਉਣ ਲਈ ਹਕੂਮਤ ਵਲੋਂ ਹਰ ਹੀਲਾ ਵਰਤਿਆ ਗਿਆ। ਸਿੰਘਾਂ ਦਾ ਚੁਣ ਚੁਣ ਕੇ ਸ਼ਿਕਾਰ ਖੇਡਿਆ ਗਿਆ। ਗੁਲਾਮੀ ਨਾਲ ਜੂਝਦਿਆਂ ਸਿੰਘਾਂ ਨੂੰ ਆਪਣੇ ਘਰ ਬਾਰ ਛੱਡਣੇ ਪਏ। ਇਸ ਬਿਖਮ ਸਮੇਂ ਵਿਚ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਦੇ ਕਬਜ਼ੇ ਵਿਚ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਹੰਤਾਂ ਨੇ ਇਤਿਹਾਸਕ ਗੁਰਦੁਆਰਿਆਂ ਦੀ ਮੁੱਢਲੇ ਸਮੇਂ ਵਿਚ ਸੇਵਾ-ਸੰਭਾਲ਼ ਕੀਤੀ ਹੈ। ਪਰ ਲੰਬਾ ਸਮਾਂ ਗੁਰਦੁਆਰਿਆਂ ਵਿਚ ਬੈਠਣ ਕਰਕੇ ਇਹਨਾਂ ਦੇ ਜੀਵਨ ਵਿਚ ਬਹੁਤ ਸਾਰੀਆਂ ਤੁਰੱਟੀਆਂ, ਕਮੀਆਂ ਤੇ ਬਦ-ਇਖ਼ਲਾਕ ਵਰਗੀਆਂ ਬਿਮਾਰੀਆਂ ਨੇ ਜਨਮ ਲੈ ਲਿਆ। ਮਹੰਤ ਗੁਰਦੁਆਰਿਆਂ ਨੂੰ ਆਪਣੀ ਨਿਜੀ ਜਾਇਦਾਦ ਸਮਝਣ ਲੱਗ ਪਏ ਸਨ। ਸਮੁੱਚੇ ਪ੍ਰਬੰਧ ਵਿਚ ਨਿਘਾਰ ਆ ਗਿਆ। ਏੱਥੋਂ ਤੱਕ ਕੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਅੰਦਰ ਮਹੰਤਾਂ ਵਲੋਂ ਕੀਤੇ ਜਾਂਦੇ ਕੁਕਰਮਾਂ ਦੀ ਕਹਾਣੀ ਹਰ ਰੋਜ਼ ਲੰਬੀ ਹੁੰਦੀ ਜਾ ਰਹੀ ਸੀ। ਸਿੱਖ ਕੌਮ ਦੇ ਸੂਝਵਾਨ ਲੀਡਰਾਂ ਨੇ ਇਹ ਫੈਸਲਾ ਲਿਆ ਕਿ ਗੁਰਦੁਆਰੇ ਸਿੱਖੀ ਦੇ ਪ੍ਰਚਾਰ ਲਈ ਹੋਣੇ ਚਾਹੀਦੇ ਹਨ ਤੇ ਇਹਨਾਂ ਦਾ ਪ੍ਰਬੰਧ ਸੰਗਤ ਕੋਲ ਹੋਣਾ ਚਾਹੀਦਾ ਹੈ। ਕਾਬਜ਼ ਧਿਰ ਭਾਵ ਮਹੰਤਾਂ ਨੂੰ ਸਰਕਾਰ ਦੀ ਸਰਪ੍ਰਸਤੀ ਹਾਸਲ ਸੀ।
ਸਾਕਾ ਨਨਕਾਣਾ ਸਾਹਿਬ ਦਾ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਬਹੁਤ ਵੱਡਾ ਇਤਿਹਾਸਕ ਅਸਥਾਨ ਹੈ ਏੱਥੇ ਸਿੱਖ ਕੌਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦਾ ਅਗਮਨ ਹੋਇਆ ਹੈ। ਇਸ ਮਹਾਨ ਅਸਥਾਨ ਦਾ ਪ੍ਰਬੰਧ ਪਹਿਲਾਂ ਸਾਧੂ ਰਾਮ, ਕ੍ਰਿਸ਼ਨ ਰਾਮ ਤੇ ਫਿਰ ਮਹੰਤ ਨਰੈਣੂ ਕੋਲ ਰਿਹਾ। ਇਨ੍ਹਾਂ ਮਹੰਤਾਂ ਵਲੋਂ ਗੁਰਦੁਆਰਾ ਜਨਮ ਅਸਥਾਨ ਵਿਖੇ ਨਾਚੀਆਂ ਦੇ ਨਾਚ ਤੇ ਮੁਜਰੇ ਕਰਾਉਣੇ ਆਮ ਜੇਹੀ ਗੱਲ ਹੋ ਗਈ ਸੀ। ਨਨਕਾਣਾ ਸਾਹਿਬ ਦੀਆਂ ਹਿਰਦੇ ਵੇਦਕ ਘਟਨਾਵਾਂ ਸੁਣ ਕੇ ਸੰਗਤਾਂ ਵਿਚ ਬਹੁਤ ਗੁੱਸੇ ਦੀ ਲਹਿਰ ਫੈਲ ਗਈ। ਹਾਲਾਤ ਨੂੰ ਮੱਦੇ ਨਜ਼ਰ ਰੱਖਦਿਆਂ 26 ਜਨਵਰੀ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੰਗਾਮੀ ਇੱਕਤ੍ਰਤਾ ਕੀਤੀ। ਫੈਸਲਾ ਕੀਤਾ ਗਿਆ ਕਿ ਨਨਕਾਣਾ ਸਾਹਿਬ ਵਿਖੇ 4,5,6 ਮਾਰਚ 1921 ਨੂੰ ਭਾਰੀ ਇਕੱਠ ਸੱਦਿਆ ਜਾਏ। ਇਸ ਪੰਥਕ ਇਕੱਠ ਵਿਚ ਗੁਰਦੁਆਰਾ ਨਨਕਾਣਾ ਸਾਹਿਬ ਵਿਚ ਹੋ ਰਹੀਆਂ ਘਟਨਾਵਾਂ ਨੂੰ ਤੁਰੰਤ ਰੋਕਿਆ ਜਾਏ। ਸਮੁੱਚੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਉਸਾਰੂ ਤਰੀਕੇ ਨਾਲ ਕਿਵੇਂ ਚਲਾਇਆ ਜਾ ਸਕੇ।
ਦੂਜੇ ਪਾਸੇ ਜਦੋਂ ਨਰੈਣੂ ਨੂੰ ਪਤਾ ਲੱਗਾ ਕਿ ਪੰਥਕ ਆਗੂ ਗੁਰਦੁਆਰਾ ਜਨਮ ਅਸਥਾਨ ਨੂੰ ਮੇਰੇ ਕੋਲੋਂ ਅਜ਼ਾਦ ਕਰਾਉਣ ਲਈ ਇਕੱਠ ਕਰ ਰਹੇ ਹਨ ਤਾਂ ਉਸ ਨੇ ਅੰਦਰ ਖਾਤੇ ਹਰ ਪਰਕਾਰ ਦੀ ਤਿਆਰੀ ਆਰੰਭ ਕਰ ਦਿੱਤੀ। ਲਾਲਾ ਲਜਪੱਤ ਰਾਏ ਦਾ ਸਹਿਯੋਗ ਤੇ ਹਿੰਦੂ ਸਾਧਾਂ ਵਲੋਂ ਹੱਲਾਸ਼ੇਰੀ ਸੀ। ਏੱਥੋਂ ਤਕ ਕਿ ਮਹੰਤ ਨੂੰ ਸਰਕਾਰ ਵਲੋਂ ਪੂਰੀ ਹਮਾਇਤ ਹਾਸਲ ਸੀ। ਨਰੈਣੂ ਪੂਰਾ ਹੌਂਸਲੇ ਵਿਚ ਸੀ ਕਿ ਮੇਰਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਉਸ ਨੇ ਗੁਰਦੁਆਰਾ ਜਨਮ ਅਸਥਾਨ ਵਿਖੇ ਭਾਰੀ ਮਾਤਰਾ ਵਿਚ ਬਰੂਦ, ਗੋਲੀ ਸਿੱਕਾ, ਟਕੂਏ, ਪਿਸਤੌਲ, ਬੰਦੂਕਾਂ ਤੇ ਮਿੱਟੀ ਦੇ ਤੇਲ ਦੇ ਪੀਪੇ ਇਕੱਠੇ ਕਰ ਲਏ। ਮਹੰਤ ਨੇ ਸੰਗਤਾਂ ਨਾਲ ਮੁਕਾਬਲਾ ਕਰਨ ਲਈ ਇਲਾਕੇ ਦੇ ਬਦਮਾਸ਼, ਮਾਰ ਧਾੜ ਤੇ ਬਦਨਾਮ ਲੋਕਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਸਦ ਲਿਆ। ਮਹੰਤ ਦੀਆਂ ਘਿਨਾਉਣੀਆਂ ਹਰਕਤਾਂ ਦੀ ਸੂਹ ਇਲਾਕੇ ਦੀਆਂ ਸੰਗਤਾਂ ਕੋਲ ਪਹੁੰਚੀ ਤਾਂ ਉਨ੍ਹਾਂ ਨੇ 17 ਫਰਵਰੀ 1921 ਨੂੰ ਇੱਕ ਵਿਸ਼ੇਸ਼ ਇਕੱਤ੍ਰਤਾ ਕਰਕੇ ਮਤਾ ਪਾਸ ਕੀਤਾ ਕੀਤਾ ਕਿ ਭਾਈ ਲਛਮਣ ਸਿੰਘ ਧਾਰੋਵਾਲ ਤੇ ਸਰਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠ ਗੁਰਦੁਆਰਾ ਨਾਨਕਾਣਾ ਸਾਹਿਬ ਨੂੰ ਮਹੰਤਾਂ ਕੋਲੋਂ ਅਜ਼ਾਦ ਕਰਾਉਣ ਲਈ ਜੱਥੇ ਲੈ ਕੇ ਜਾਣਗੇ।
ਜਦੋਂ ਭਾਈ ਲਛਮਣ ਸਿੰਘ ਦਾ ਜੱਥਾ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ ਤਾਂ ਮਹੰਤ ਨਰੈਣੂ ਵਲੋਂ ਬਾਹਰਲਾ ਗੇਟ ਬੰਦ ਕਰਕੇ ਸ਼ਾਂਤਮਈ ਸਿੰਘਾਂ ‘ਤੇ ਹਰ ਪ੍ਰਕਾਰ ਦਾ ਹਮਲਾ ਬੋਲ ਦਿੱਤਾ। ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਅਧਮੋਇਆ ਕਰਕੇ ਜੰਡ ਨਾਲ ਪੁੱਠਾ ਲਟਕਾਇਆ ਗਿਆ। ਏੱਥੇ ਬੱਸ ਨਹੀਂ ਕੀਤਾ ਗਿਆ ਉਸ ਦੇ ਥੱਲੇ ਅੱਗ ਬਾਲ ਕਿ ਜਿਉਂਦੇ ਨੂੰ ਸ਼ਹੀਦ ਕੀਤਾ ਗਿਆ। 150 ਦੇ ਕਰੀਬ ਸਿੰਘਾਂ ਨੂੰ ਬੇ-ਰਹਿਮੀ ਨਾਲ ਮਹੰਤ ਤੇ ਉਸ ਦੇ ਗੁੰਡਿਆਂ ਨੇ ਸ਼ਹੀਦ ਕੀਤਾ। ਮਿੱਟੀ ਦੇ ਤੇਲ ਨਾਲ ਲਾਸ਼ਾਂ ਨੂੰ ਸਾੜੀ ਵੀ ਜਾ ਰਿਹਾ ਸੀ। ਇਸ ਘਟਨਾ ਨੇ ਸਾਰੇ ਪੰਥ ਨੂੰ ਹਿਲਾ ਕੇ ਰੱਖ ਦਿੱਤਾ। 22 ਫਰਵਰੀ 1921 ਨੂੰ ਪੰਜਾਬ ਦਾ ਗਵਰਨਰ ਮਕਲੈਗਨ ਆਪਣੀ ਐਗਜ਼ੈਕਟਿਵ ਦੇ ਮੈਂਬਰਾਂ ਸਮੇਤ ਨਨਕਾਣਾ ਸਾਹਿਬ ਪਹੁੰਚਿਆ। ਉਸ ਨੇ ਸਾਰਾ ਦ੍ਰਿਸ਼ ਆਪਣੀ ਅੱਖੀੰ ਦੇਖਿਆ। 23 ਫਰਵਰੀ 1921 ਨੂੰ ਸਾਰੀ ਸੰਗਤ ਨੇ ਅੱਧ ਸੜੇ ਸਰੀਰਾਂ ਦੇ ਟੁਕੜਿਆਂ ਨੂੰ ਟੋਕਰੀਆਂ ਵਿਚ ਪਾ ਕੇ ਇਕ ਥਾਂ ਇਕੱਠਾ ਕੀਤਾ। ਸੰਗਤਾਂ ਦੇ ਬਹੁਤ ਵੱਡੇ ਇਕੱਠ ਵਿਚ ਸਾਰੇ ਸ਼ਹੀਦਾਂ ਦੇ ਅੱਧ ਸੜੇ ਸਰੀਰਾਂ ਦੇ ਟੁਕੜਿਆਂ ਨੂੰ ਅੱਗ ਦੇ ਹਵਾਲੇ ਕੀਤਾ। ਧੂੰਆ ਨਿਕਲਿਆ, ਅੱਗ ਦੀਆਂ ਲਾਟਾਂ ਨਿਕਲੀਆਂ, ਸਾਰੀ ਸੰਗਤ ਦੀਆਂ ਵੈਰਾਗ ਨਾਲ ਅੱਖਾਂ ਭਰੀਆਂ ਹੋਈਆਂ ਸਨ। ਸ਼ਹੀਦਾਂ ਦਾ ਅੰਗੀਠਾ ਬਲ਼ ਉੱਠਿਆ ਤੇ ਇਸ ਅੱਗ ਦੇ ਭਾਂਬੜ ਵਿਚੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਸਾਕਾਰ ਹੋ ਗਿਆ। ਸਾਡੇ ਪੁਰਖਿਆਂ ਨੇ ਨਨਕਾਣਾ ਸਾਹਿਬ ਦੇ ਸਾਕੇ ਨੂੰ ਨੀਝ ਨਾਲ ਦੇਖਿਆ। ਇਨਸਾਨ ਵੁਹੀ ਇਨਸਾਨ ਹੈ ਇਸ ਦੌਰ ਮੇਂ, ਜਿਸ ਨੇ, ਦੇਖਾ ਹੈ ਹਕੀਕਤ ਕੋ, ਹਕੀਕਤ ਕੀ ਨਜ਼ਰ ਸੇ।
ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਉਤਪਤੀ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਸਿੰਘਾਂ ਨੇ ਸ਼ਹੀਦੀਆਂ ਦੇ ਕੇ ਅਜ਼ਾਦ ਕਰਾਇਆ। ਸਰਕਾਰ ਨੂੰ ਝੁਕਣਾ ਪਿਆ ਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਗਤ ਨੂੰ ਸੰਭਾਲ ਦਿੱਤਾ। ਨਨਕਾਣਾ ਸਾਹਿਬ ਦੀ ਧਰਤੀ ‘ਤੇ ਸ਼ਹੀਦ ਹੋਏ ਕੌਮੀ ਪਰਵਾਨਿਆਂ ਦੀ ਸਦੀਵ ਕਾਲ ਯਾਦਗਰ ਬਣਾਉਣ ਲਈ ਜੈਕਾਰਿਆਂ ਦੀ ਗੂੰਜ ਵਿਚ ਮਤਾ ਪਾਸ ਕੀਤਾ ਗਿਆ। ਸਾਡੇ ਪੁਰਖਿਆਂ ਦਾ ਇਹ ਫੈਸਲਾ ਬਹੁਤ ਸਲਾਹੁੰਣ ਯੋਗ ਸੀ। ਸਿੱਖ ਕੌਮ ਵਿਚ ਗੁਰਬਾਣੀ ਸਿਧਾਂਤ ਦੀ ਜਾਗਰਤੀ ਲਿਆਉਣ ਤੇ ਪੜ੍ਹੇ ਲਿਖੇ ਪ੍ਰਚਾਰਕ ਪੈਦਾ ਕਰਨ ਲਈ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਅਕਤੂਬਰ 1927 ਨੂੰ ਅੰਮ੍ਰਿਤਸਰ ਵਿਖੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਖੋਲਿ੍ਹਆ ਗਿਆ ਜੋ ਪੰਥ ਨੂੰ ਦਰਪੇਸ਼ ਚਨੌਤੀਆਂ, ਧਾਰਮਿਕ ਕਰਮ ਕਾਂਡ ਤੇ ਸਮਾਜਿਕ ਬੁਰਾਈਆਂ ਬਾਰੇ ਜਾਣਕਾਰੀ ਦੇਣ ਦੇ ਸਮਰੱਥ ਹੋਇਆ। ਮਿਸ਼ਨਰੀ ਕਾਲਜਾਂ ਦੀ ਲੋੜ ਮਿਸ਼ਨਰੀ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਮਿਸ਼ਨ ਸ਼ਬਦ ਤੋਂ ਬਣਿਆ ਹੈ। ਮਿਸ਼ਨ ਦੇ ਸ਼ਬਦਾਂ ਨੂੰ ਸਮਝੀਏ ਤਾਂ ਇਸ ਖਾਸ ਮਨੋਰਥ ਬਣਦਾ ਹੈ। ਮਿਸ਼ਨਰੀ ਸ਼ਬਦ ਪਹਿਲਾਂ ਉਨ੍ਹਾਂ ਈਸਾਈ ਪ੍ਰਚਾਰਕਾਂ ਲਈ ਵਰਤਿਆ ਗਿਆ ਸੀ ਜੋ ਕਿਸੇ ਵਿਦੇਸ਼ੀ ਧਰਤੀ ‘ਤੇ ਜਾ ਕੇ ਗਰੀਬਾਂ, ਦਬਲੇ ਕੁਚਲੇ ਤੇ ਲੋੜ ਵੰਦਾਂ ਲਈ ਸਕੂਲ, ਕਾਲਜ ਤੇ ਹਸਪਤਾਲਾਂ ਰਾਹੀਂ ਸਹਾਇਤਾ ਕਰਦੇ ਸਨ। ਪੰਜਾਬ ਵਿਚ ਵੀ ਈਸਾਈ ਮਿਸ਼ਨਰੀ ਪੂਰੇ ਜ਼ੋਰ ਸ਼ੋਰ ਨਾਲ ਆਪਣੇ ਮਿਸ਼ਨ ਦਾ ਪ੍ਰਚਾਰ ਕਰ ਰਹੇ ਸਨ। ਈਸਾਈ ਮਿਸ਼ਨ ਦਾ ਮੁਕਾਬਲਾ ਕਰਨ ਲਈ, ਬ੍ਰਾਹਮਣੀ ਸੋਚ ਨੂੰ ਉਧੜੇਨ ਲਈ ਤੇ ਆਪਣੀ ਕੌਮ ਨੂੰ ਗੁਰਬਾਣੀ ਨਾਲ ਜੋੜਨ ਲਈ ਤੇ ਪ੍ਰਚਾਰਕ ਪੈਦਾ ਕਰਨ ਲਈ ਮਿਸ਼ਨਰੀ ਕਾਲਜ ਦੀ ਲੋੜ ਨੂੰ ਮਹਿਸੂਸ ਕੀਤਾ। ਸਾਡੇ ਪੁਰਖਿਆਂ ਨੇ ਪੜ੍ਹੇ ਲਿਖੇ ਪਰਚਾਰਕ ਪੈਦਾ ਕਰਨ ਲਈ ਤਨੋ ਮਨੋ ਸੇਵਾ ਕੀਤੀ। ਦੇਖਿਆ ਜਾਏ ਤਾਂ ਜਿੱਥੇ ਵੀ ਸਿੱਖ ਕੌਮ ਗਈ ਹੈ ਤਾਂ ਸਭ ਤੋਂ ਪਹਿਲਾਂ ਉਥੇ ਗੁਰਦੁਆਰੇ ਬਣਾਏ ਹਨ। ਦੇਸ਼-ਵਿਦੇਸ਼, ਸ਼ਹਿਰਾਂ-ਨਗਰਾਂ, ਪਿੰਡਾਂ ਵਿਚ ਬਹੁਤਾਤ ਗੁਰਦੁਆਰੇ ਹਨ ਪਰ ਏੰਨੇ ਸਿਖਾਂਦਰੂ ਗ੍ਰੰਥੀ, ਰਾਗੀ, ਢਾਡੀ, ਪ੍ਰਚਾਰਕ ਨਹੀਂ ਹਨ। ੳਨ੍ਹਾਂ ਪ੍ਰਚਾਰਕਾਂ ਦੀ ਕੌਮ ਨੂੰ ਸਦਾ ਹਮੇਸ਼ਾਂ ਲੋੜ ਰਹੀ ਹੈ ਜੋ ਸਿੱਖੀ ਦੇ ਪ੍ਰਚਾਰ ਲਈ ਸਮੇਂ ਦੇ ਹਾਣੀ ਹੋਣ।
ਮਿਸ਼ਨਰੀ ਲਹਿਰ ਦੀ ਸਿੱਖ ਕੌਮ ਨੂੰ ਦੇਣ ਜਿੱਥੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਨੇ ਉਚਕੋਟੀ ਦੇ ਵਿਦਵਾਨ, ਪ੍ਰਚਾਰਕ, ਲਿਖਾਰੀ ਤੇ ਕੀਰਤਨੀਏ ਪੈਦਾ ਕੀਤੇ, ਜਿਨ੍ਹਾਂ ਨੇ ਜੀ-ਜਾਨ ਨਾਲ ਸਿੱਖ ਪੰਥ ਦੀ ਸੇਵਾ ਕੀਤੀ। ਉਥੇ ਹੌਲੀ ਹੌਲੀ ਸਿੱਖੀ ਦੇ ਪ੍ਰਚਾਰ ਲਈ ਹੋਰ ਮਿਸ਼ਨਰੀ ਕਾਲਜ ਵੀ ਖੁਲ੍ਹਣੇ ਸ਼ੁਰੂ ਹੋਏ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ ਬਾਅਦ ਦਿੱਲੀ ਵਿਚ ਸੂਝਵਾਨ ਵੀਰਾਂ ਨੇ ਗੁਰਮਤਿ ਮਿਸ਼ਨ ਦਾ ਪੱਤਰ ਵਿਹਾਰ ਕੋਰਸ ਸ਼ੁਰੂ ਕੀਤਾ। ਇਸ ਕੋਰਸ ਦਾ ਮਨੋਰਥ ਕਾਰੋਬਾਰ ਕਰ ਰਹੇ ਵੀਰਾਂ ਭੈਣਾਂ ਨੂੰ ਪ੍ਰਚਾਰ ਖੇਤਰ ਵਿਚ ਤੋਰਨ ਦਾ ਸੀ। ਇਹ ਮਿਸ਼ਨ ਬਹੁਤ ਕਾਮਯਾਬੀ ਨਾਲ ਚੱਲਿਆ। ਇਹ ਮਿਸ਼ਨ ਦਿੱਲੀ ਤੋਂ ਸ਼ੁਰੂ ਹੋਇਆ ਜਿਸ ਦੀ ਸੁਗੰਧੀ ਸਾਰੇ ਦੇਸ਼ ਵਿਚ ਫੈਲ ਗਈ। ਫਿਰ ਲੁਧਿਆਣੇ ਵਿਚ ਇਸ ਦਾ ਖੇਤਰ ਹੋਰ ਵਿਸ਼ਾਲ ਹੋ ਗਿਆ। ਇਹ ਮਿਸ਼ਨ ਸਿੱਖ ਮਿਸ਼ਨਰੀ ਕਾਲਜ ਚੌਦਾਂ ਨੰਬਰ ਕੂਚਾ ਲੁਧਿਆਣਾ ਦੇ ਰੂਪ ਵਿਚ ਪ੍ਰਗਟ ਹੋਇਆ। ਸਿਰੜੀ ਵੀਰਾਂ ਨੇ ਦਿਨ ਰਾਤ ਇਕ ਕਰਕੇ ਸਿੱਖ ਸਿਧਾਂਤ ਨੂੰ ਨਿਖਾਰਨ ਲਈ ਸੈਂਕੜੇ ਕਿਤਬਾਚੇ ਛਾਪੇ। ਸਿੱਖ ਫਲਵਾੜੀ ਨਾਂ ਦਾ ਮਹੀਨਾਵਾਰੀ ਰਸਾਲਾ ਕੱਢਿਆ ਜੋ ਹੁਣ ਤਕ ਵੱਡੀ ਗਿਣਤੀ ਵਿਚ ਛਪ ਰਿਹਾ ਹੈ। ਸਿੱਖ ਮਿਸ਼ਨਰੀ ਕਾਲਜ ਵਲੋਂ ਦੇਸ-ਵਿਦੇਸ ਵਿਚ ਸੈਂਕੜੇ ਕੇਂਦਰ ਸਥਾਪਿਤ ਕੀਤੇ। ਕਾਲਜ ਵਲੋਂ ਅਨੰਦਪੁਰ ਸਾਹਿਬ ਤੇ ਭੌਰ ਸੈਦਾਂ ਦੋ ਮਿਸ਼ਨਰੀ ਕਾਲਜ ਖੋਲ੍ਹੇ। ਭਾਂਵੇ ਇਹ ਉਪਰਾਲੇ ਤਾਂ ਬਹੁਤ ਹੋ ਰਹੇ ਸਨ ਪਰ ਫਿਰ ਵੀ ਉਨ੍ਹਾਂ ਪ੍ਰਚਾਰਕਾਂ ਦੀ ਵੱਡੀ ਲੋੜ ਸੀ ਜੋ ਸਾਰਾ ਸਮਾਂ ਸਿੱਖੀ ਪ੍ਰਚਾਰ ਲਈ ਸਮਰਪਤ ਕਰਨ। ਇਸ ਵੱਡੀ ਘਾਟ ਨੂੰ ਮਹਿਸੂਸ ਕਰਦਿਆਂ 1982 ਈ. ਨੂੰ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਚੌਂਤਾ ਰੋਪੜ ਹੋਂਦ ਵਿਚ ਆਇਆ। ਇਸ ਕਾਲਜ ਨੇ ਵਿਤੋਂ ਵੱਧ ਕੇ ਪ੍ਰਚਾਰਕ ਤੇ ਗ੍ਰੰਥੀ ਪੈਦਾ ਕਰਨ ਦਾ ਯਤਨ ਕੀਤਾ ਹੈ। ਮਿਸ਼ਨਰੀ ਕਾਲਜਾਂ ਦਾ ਇਹ ਕਾਰਵਾਂ ਰੁਕਿਆ ਨਹੀਂ ਸਗੋਂ ਅੱਗੇ ਵੱਧਦਾ ਹੀ ਗਿਆ। ਲੁਧਿਆਣਾ ਸ਼ਹਿਰ ਦੇ ਪੰਥ ਪ੍ਰੇਮੀਆਂ ਦੀ ਸੋਚ ਵਿਚੋਂ 1996 ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਪੰਜਾਬੀ ਬਾਗ ਲੁਧਿਆਣਾ ਜਨਮ ਲੈਂਦਾ ਹੈ। ਇਨ੍ਹਾਂ ਕਾਲਜਾਂ ਵਿਚੋਂ ਸੈਂਕੜੇ ਵਿਦਵਾਨ, ਲੇਖਕ, ਪ੍ਰਚਾਰਕ, ਰਾਗੀ, ਕਵੀ, ਅਧਿਆਪਕ, ਢਾਡੀ ਤੇ ਗ੍ਰੰਥੀ ਪੈਦਾ ਹੋਏ ਹਨ। ਪੰਥ ਦੀਆਂ ਸ਼ਾਨਾਂ ਮਤੀ ਸੰਸਥਾਵਾਂ ਵਿਚ ਸੇਵਾਵਾਂ ਨਿਭਾ ਰਹੇ ਹਨ। ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਕਾਲਜਾਂ ਵਿਚੋਂ ਗੁਰਮਤਿ ਦੀ ਵਿਦਿਆ ਹਾਸਲ ਕਰਕੇ ਪ੍ਰਚਾਰਕਾਂ ਨੇ ਦੇਸ਼-ਵਿਦੇਸ਼ ਸਿੱਖੀ ਪ੍ਰਚਾਰ ਦੇ ਝੰਡੇ ਗੱਡੇ ਹਨ। ਇਹ ਮਿਸ਼ਨਰੀ ਕਾਲਜ ਹੀ ਹਨ ਜਿੰਨ੍ਹਾਂ ਨੇ ਸਿੱਖ ਸਿਧਾਂਤ ਨੂੰ ਨਿਰੋਲ ਗੁਰਬਾਣੀ ਦੇ ਚਾਨਣ ਵਿਚ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਨ੍ਹਾਂ ਮਿਸ਼ਨਰੀ ਪ੍ਰਚਾਰਕਾਂ ਨੇ ਸਿੱਖੀ ਪ੍ਰਚਾਰ ਦੀ ਮੁਹੱਬਤ ਦਾ ਦੀਵਾ ਜਗਾਇਆ। ਇਸ ਸਾਦਗੀ ਪੇ ਕੌਨ ਨ ਮਰ ਜਾਏ, ਐ ਖ਼ੁਦਾ, ਲੜਤੇ ਹੈਂ ਔਰ ਹਾਥ ਮੇਂ ਤਲਵਾਰ ਭੀ ਨਹੀਂ।
ਗੁਰਮਤਿ ਮਿਸ਼ਨਰੀ ਲਹਿਰ ਨੂੰ ਹੋਰ ਉਪਰਾਲੇ ਕਰਨ ਦੀ ਜ਼ਰੂਰਤ ਇਸ ਲਹਿਰ ਦੇ ਉਪਰਾਲਿਆਂ ਸਦਕਾ ਵਿਸ਼ਵ ਪੱਧਰ ਦੇ ਵਿਦਵਾਨ ਲਿਖਾਰੀਆਂ, ਪ੍ਰਚਾਰਕਾਂ, ਰਾਗੀਆਂ, ਗ੍ਰੰਥੀਆਂ ਤੇ ਢਾਡੀਆਂ ਨੇ ਤਨ ਦੇਹੀ ਨਾਲ ਗੁਰੂ ਪੰਥ ਦੀਆਂ ਸੇਵਾਂ ਨਿਭਾਈਆਂ ਹਨ। ਫਿਰ ਵੀ ਇਹ ਅਹਿਸਾਸ ਰਹਿੰਦਾ ਹੈ ਕਿ ਗੁਰਬਾਣੀ ਦੇ ਫਲਸਫੇ ਨੂੰ ਸੰਸਾਰ ਪੱਧਰ ਤੇ ਕਿਵੇਂ ਪ੍ਰਚਾਰਿਆ ਜਾਏ? ਇਤਿਹਾਸ ਦੀ ਬਣਤਰ ਨੂੰ ਗੁਰਬਾਣੀ ਅਨੁਸਾਰ ਕਿਦਾਂ ਪੇਸ਼ ਕੀਤਾ ਜਾਏ? ਵਿਸ਼ਵ ਪੱਧਰ ਦੇ ਪ੍ਰਚਾਰਕਾਂ ਦੀ ਕੀ ਰੂਪ ਰੇਖਾ ਹੋਣੀ ਚਾਹੀਦੀ ਹੈ। ਉਂਝ ਇਸ ਲਹਿਰ ਦੇ ਉਪਰਾਲਿਆਂ ਸਦਕਾ ਹੀ ਗੁਰਮਤਿ ਦਾ ਬਹੁਤ ਸਾਰਾ ਸਿਧਾਂਤਿਕ ਸਾਹਿਤ ਪੈਦਾ ਹੋਇਆ ਹੈ। ਗੁਰਬਾਣੀ ਦੇ ਅਰਥ ਬੋਧ ਦੀ ਸੋਝੀ ਆਉਣੀ ਸ਼ੁਰੂ ਹੋਈ। ਹਰ ਵਿਚਾਰ ਨੂੰ ਗੁਰਬਾਣੀ ਨਾਲ ਪਰਖਣ ਦੀ ਰੁਚੀ ਪੈਦਾ ਹੋਈ। ਇਹ ਅਹਿਸਾਸ ਹੋਇਆ ਕਿ ਨਾਨਕਈ ਫਲਸਫਾ ਕਿਸੇ ਦਾ ਪਿਛਲੱਗ ਨਹੀਂ ਹੈ ਸਗੋਂ ਇਹ ਤੁਰਿਆ ਹੈ ਤੇ ਨਵੇਂ ਰਾਹ ਬਣੇ ਹਨ। ਗੁਰਬਾਣੀ ਨੂੰ ਸਮਝਣ ਲਈ ਗੁਰਬਾਣੀ ਵਿਚੋਂ ਹੀ ਪ੍ਰਮਾਣ ਮਿਲ ਜਾਂਦੇ ਹਨ। ਇਸ ਲਹਿਰ ਨੇ ਗੁਰਬਾਣੀ ਦੀ ਸਿਰਮੋਰਤਾ ਨੂੰ ਵਿਆਕਰਣਕ, ਵਿਗਿਆਨਕ, ਸਿਧਾਂਤਿਕ ਢੰਗ ਨਾਲ ਪਰਚਾਰਨ ਦਾ ਯਤਨ ਕੀਤਾ ਹੈ। ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਤੇ ਪਹਿਰਾ ਦਿੰਦਿਆਂ ਇਤਿਹਾਸ ਵਿਚੋਂ ਗੈਰ ਕੁਦਰਤੀ ਸਾਖੀਆਂ ਤੇ ਗਪੌੜਿਆਂ ਦੀ ਸ਼ਨਾਖਤ ਕੀਤੀ ਹੈ। ਮਿਸ਼ਨਰੀ ਲਹਿਰ ਦੀ ਸੰਭਾਲ ਲਈ ਯਤਨਸ਼ੀਲ ਹੋਣਾ ਸਮੇਂ ਸਮੇਂ ਸਾਰੇ ਮਿਸ਼ਨਰੀ ਕਾਲਜਾਂ ਨੂੰ ਆਪਸ ਵਿਚ ਬੈਠ ਕੇ ਪੰਥ ਨੂੰ ਦਰਪੇਸ਼ ਸਮੱਸਿਆਵਾਂ ਦਾ ਵਿਸਥਾਰ ਨਾਲ ਡੂੰਘਾ ਅਧਿਐਨ ਕੀਤਾ ਜਾਣਾ ਚਾਹੀਦਾ ਹੈ। ਭਾਵੇਂ ਕਿਸੇ ਡੇਰੇ ਦੀ ਆਪਸ ਵਿਚ ਕੋਈ ਸਿਧਾਂਤਿਕ ਸਾਂਝ ਨਹੀਂ ਹੈ ਪਰ ਮਿਸ਼ਨਰੀ ਲਹਿਰ ਦੇ ਵਿਰੁੱਧ ਖੜੇ ਹੋਣ ਲਈ ਇਹ ਸਾਰੇ ਇਕੱਠੇ ਹੋ ਜਾਂਦੇ ਹਨ। ਇਹ ਠੀਕ ਹੈ ਕਿ ਸਾਰੇ ਗੁਰਮਤਿ ਮਿਸ਼ਨਰੀ ਕਾਲਜ ਸੀਮਤ ਸਾਧਨਾ ਨਾਲ ਕੌਮ ਦੀ ਨਿਗਰ ਤੇ ਨਿਰੋਈ ਸੇਵਾ ਕਰ ਰਹੇ ਹਨ। ਪਰ ਜਦੋਂ ਵੀ ਦੋ ਵੀਰ ਇਕੱਠੇ ਬੈਠਦੇ ਹਨ ਤਾਂ ਜ਼ਬਾਨ ਤੇ ਇਕੋ ਸਵਾਲ ਹੁੰਦਾ ਹੈ ਕਿ ਤੁਹਾਡਾ ਆਪਸ ਵਿਚ ਤਾਲ ਮੇਲ ਕਿਉਂ ਨਹੀਂ ਹੈ? ਹੁਣ ਇਹ ਵੀ ਉਲਾਂਭਾ ਮਿਸ਼ਨਰੀ ਕਾਲਜਾਂ ਨੇ ਲਾਹ ਦਿੱਤਾ ਹੈ। ਤਿੰਨਾਂ ਕਾਲਜਾਂ ਨੇ ਮਿਲ ਕੇ ਨਿਤਨੇਮ ਦਾ ਗੁਟਕਾ ਤਿਆਰ ਕਰ ਲਿਆ ਹੈ। ਆਪਸੀ ਮੇਲ-ਮਿਲਾਪ ਲਈ ਵਿਚਾਰ ਗੋਸ਼ਟੀਆਂ ਦੀ ਪੁਰਾਤਨ ਪ੍ਰੰਪਰਾ ਨੂੰ ਤੋਰਿਆ ਹੈ। 30-1-24 ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਚਾਰ ਮਿਸ਼ਨਰੀ ਕਾਲਜਾਂ ਵਲੋਂ ਮਿੱਥੇ ਵਿਸ਼ਿਆਂ ‘ਤੇ ਸਾਂਝੀ ਵਿਚਾਰ ਗੋਸ਼ਟੀ ਕੀਤੀ ਹੈ। ਇਸ ਲਹਿਰ ਨੂੰ ਸੰਭਾਲਣ ਲਈ ਹੋਰ ਠੋਸ ਉਪਰਾਲਿਆਂ ਦੀ ਜ਼ਰੂਰਤ ਹੈ।
ਹੋਰ ਮਿਸ਼ਨਰੀ ਵਿਦਵਾਨਾਂ ਦੀਆਂ ਸੇਵਾਵਾਂ ਲੈਣ ਲਈ ਉਪਰਾਲੇ ਮਿਸ਼ਨਰੀ ਕਾਲਜਾਂ ਤੋਂ ਬਿਨਾਂ ਹੋਰ ਸਿੱਖ ਵਿਦਵਾਨ ਲੇਖਕ, ਪੱਤਰਕਾਰ, ਪ੍ਰਚਾਰਕ, ਰਾਗੀ, ਰਾਜਨੀਤਿਕ ਨੇਤਾ, ਧਾਰਮਿਕ ਆਗੂਆਂ ਨੂੰ ਇਸ ਕਾਫ਼ਲੇ ਨਾਲ ਜੋੜਨਾ ਚਾਹੀਦਾ ਹੈ। ਵੱਖ-ਵੱਖ ਕਿੱਤਿਆਂ ਵਿਚ ਕੰਮ ਕਰਨ ਵਾਲੇ ਵਿਦਵਾਨਾਂ ਤੇ ਮਿਸ਼ਨਰੀ ਲਹਿਰ ਨੂੰ ਸਮਝਣ ਵਾਲਿਆਂ ਨਾਲ ਤਾਲਮੇਲ ਕਰਨਾ ਚਾਹੀਦਾ ਹੈ। ਸਾਲ ਵਿਚ ਇਕ ਵਾਰ ਸੰਸਾਰ ਪੱਧਰ ਤੇ ਕਾਨਫਰੰਸ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ। ਇਸ ਕਾਨਫਰੰਸ ਵਿੱਚ ਸਿੱਖ ਮੁਦਿਆਂ ਤੇ ਹੋਰ ਨਵੀਆਂ ਸਮੱਸਿਆਵਾਂ ਦੇ ਹੱਲ ਲਈ ਚਿੰਤਨ ਕੀਤਾ ਜਾਏ। ਸਿੱਖੀ ਭਾਵਨਾ ਵਿਚ ਰੰਗੇ ਸੇਵਾ ਮੁਕਤ ਆਲ੍ਹਾ ਅਫ਼ਸਰਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ। ਮਿਸ਼ਨਰੀ ਲਹਿਰੀ ਦੀ ਮਜ਼ਬੂਤ ਕੇਂਦਰੀ ਜੱਥੇਬੰਦੀ ਹੋਵੇ ਮਿਸ਼ਨਰੀ ਲਹਿਰ ਦੀ ਸੰਭਾਲ ਲਈ ਗਿਆਰਾ ਮੈਂਬਰਾਂ ਦੀ (ਗਿਣਤੀ ਵੱਧ ਘੱਟ ਵੀ ਹੋ ਸਕਦੀ ਹੈ) ਉੱਚ ਪੱਧਰੀ ਕੇਂਦਰੀ ਜੱਥੇਬੰਦੀ ਹੋਣੀ ਚਾਹੀਦੀ ਹੈ ਜੋ ਆਪਣੀਆਂ ਸੰਸਥਾਵਾਂ ਤੋਂ ਉੱਪਰ ਉੱਠ ਕੇ ਕੌਮੀ ਹਿੱਤਾਂ ਦੀ ਗੱਲ ਕਰਨ ਦੇ ਸਮਰੱਥ ਹੋਣ। ਮਹੀਨੇ ਵਿਚ ਇਕ ਵਾਰ ਇਕੱਤ੍ਰਤਾ ਜ਼ਰੂਰੀ ਹੋਵੇ। ਇਹ ਕੇਂਦਰੀ ਜੱਥੇਬੰਦੀ ਵੱਖ ਵੱਖ ਵਿਸ਼ਿਆਂ ਦੇ ਮਾਹਰ ਵਿਦਵਾਨਾਂ ਦਾ ਇਕ ਕੇਂਦਰੀ ਬੋਰਡ ਬਣਾਏ। ਫਿਰ ਸਬ-ਕਮੇਟੀਆਂ ਬਣਾ ਕੇ ਉੇਹਨਾਂ ਨੂੰ ਕੰਮ ਵੰਡ ਕੇ ਦੇਵੇ। ਇਹ ਕੰਮ ਸਾਰੇ ਮਿਸ਼ਨਰੀ ਕਾਲਜ ਜਾਂ ਸਿੱਖੀ ਸਿਧਾਂਤ ਨਾਲ ਪਿਆਰ ਕਰਨ ਵਾਲੇ ਸੁਹਿਰਦ ਵੀਰਾਂ ਵਿਚ ਵੀ ਵੰਡਿਆ ਜਾ ਸਕਦਾ ਹੈ। ਇਸ ਕੰਮ ਵਿਚ ਇਤਿਹਾਸ ਦੇ ਵੱਖ ਵੱਖ ਪੜਾਵਾਂ ਦੀ ਖੋਜ, ਇਤਿਹਾਸ ਦੇ ਪੁਰਾਤਨ ਗ੍ਰੰਥਾਂ ਵਿਚੋਂ ਸਿੱਖ ਸਿਧਾਂਤ ਨੂੰ ਨਿਖੇੜਨਾ ਤੇ ਨਵੇਂ ਸੰਦਰਭ ਵਿਚ ਨਵੇਂ ਇਤਿਹਾਸ ਨੂੰ ਵਿਗਿਆਨਕ ਲੀਹਾਂ ਤੇ ਇਕਸਾਰਤਾ ਨਾਲ ਪੈਦਾ ਕਰਨਾ ਹੈ। ਸਕੁਲਾਂ ਕਾਲਜਾਂ ਵਿਚ ਸੈਮੀਨਾਰ ਕਰਾਉਣ ਦੇ ਪ੍ਰਬੰਧ ਕਰਨੇ। ਭਾਰਤ ਦੇ ਵੱਖ ਵੱਖ ਸੂਬਿਆਂ ਤੇ ਬਾਹਰਲੇ ਮੁਲਕਾਂ ਵਿਚ ਪ੍ਰਚਾਰਕ ਵੀਰਾਂ ਨੂੰ ਪਰਚਾਰ ਹਿੱਤ ਭੇਜਣ ਦਾ ਪ੍ਰਬੰਧ ਕਰਨਾ।
ਸਿਲੇਬਸ ਦੀ ਇਕਸਾਰਤਾ ਗੁਰਬਾਣੀ ਦੇ ਅਰਥਾਂ ਵਿਚ ਇਕਸਾਰਤਾ ਲਿਆਉਣੀ ਸਮੇਂ ਦੀ ਮੁੱਖ ਲੋੜ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਸਿੱਖ ਕੌਮ ਦੇ ਵਿਦਵਾਨਾਂ ਨੇ ਗੁਰਬਾਣੀ ਨੂੰ ਸਮਝਣ ਸਮਝਾਉਣ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ ਪਰ ਉਹਨਾਂ ਨੇ ਇਹ ਵੀ ਕਿਹਾ ਹੈ ਇਹ ਖੋਜ ਅੱਗੋਂ ਜਾਰੀ ਰਹਿਣੀ ਚਾਹੀਦੀ ਹੈ ਤੇ ਇਸ ਵਿਚ ਖੜੋਤ ਨਹੀਂ ਆਉਣੀ ਚਾਹੀਦੀ।ਇਸ ਲਈ ਤਿੰਨ ਮਹੀਨੇ ਮਗਰੋਂ ਕਿਸੇ ਖਾਸ ਵਿਸ਼ੇ ਨੂੰ ਲੈ ਕੇ ਮਿਸ਼ਨਰੀ ਕਾਲਜਾਂ ਦੇ ਨੁੰਮਾਇੰਦਿਆਂ ਅਤੇ ਸਟਾਫ ਸਾਂਝੀ ਇਕੱਤਰਤਾ ਹੋਵੇ। ਜਿਸ ਵਿਚ ਸਬੰਧਿਤ ਵਿਸ਼ੇ ਤੇ ਲਿਖਤੀ ਤੇ ਅਵਾਜ਼ੀ ਤੌਰ ਤੇ ਆਪਣੇ ਆਪਣੇ ਵੀਚਾਰ ਰੱਖੇ ਜਾਣ। ਪ੍ਰਵਾਨ ਹੋਏ ਵੀਚਾਰਾਂ ਨੂੰ ਇਕੱਤਰ ਕਰਕੇ ਲਿਖਤ ਅਤੇ ਆਵਾਜ਼ ਦਾ ਰੂਪ ਦੇ ਕੇ ਸੰਗਤ ਤਕ ਪਹੁੰਚਾਇਆ ਜਾਵੇ ਇਵੇਂ ਹੀ ਸਿਲੇਬਸ ਬਾਰੇ ਵੀ ਚਰਚਾ ਕੀਤੀ ਜਾਵੇ। ਆਪਸੀ ਇਕਸਾਰਤਾ ਲਈ ਇਹ ਬੇਹਤਰ ਕਾਰਜ ਹੋਵੇਗਾ। ਨੌਜਵਾਨਾਂ ਦੀ ਸੰਭਾਲ ਜੋਸ਼ ਤੇ ਹੋਸ਼ ਮਨੁੱਖ ਨੂੰ ਮਿੱਥੇ ਹੋਏ ਮੁਕਾਮ ‘ਤੇ ਪਹੁੰਚਾ ਦੇਂਦੇ ਹਨ। ਸਿੱਖੀ ਵਿਚ ਨਾ ਤਾਂ ਜੋਸ਼ ਦੀ ਘਾਟ ਹੈ ਤੇ ਨਾ ਹੀ ਹੋਸ਼ ਵਾਲੇ ਇਨਸਾਨਾਂ ਦੀ ਘਾਟ ਹੈ। ਹਾਂ ਜੇ ਘਾਟ ਹੈ ਤਾਂ ਸਿਰਫ ਆਪਸੀ ਤਾਲ ਮੇਲ ਦੀ ਘਾਟ ਹੈ। ਜ਼ਰੂਰੀ ਲੋੜ ਹੈ ਆਪਸੀ ਤਾਲ ਮੇਲ ਬਣਾ ਕੇ ਨੌਜਵਾਨ ਪੀੜ੍ਹੀ ਅੰਦਰ ਇਕ ਨਵਾਂ ਜ਼ਜਬਾ ਪੈਦਾ ਕਰਨ ਦੀ। ਉਂਝ ਇਹ ਖੁਸ਼ੀ ਦੀ ਗੱਲ ਹੈ ਪਿੰਡਾਂ ਸ਼ਹਿਰਾਂ ਵਿਚ ਮਿਸ਼ਨਰੀ ਕਾਲਜਾਂ ਵਲੋਂ ਗਰਮੀਆਂ ਦੀਆਂ ਛੁੱਟੀਆਂ ਵਿਚ ਵਿਦਿਆਰਥੀਆਂ ਦੇ ਕੈਂਪ ਲਾਏ ਜਾਂਦੇ ਹਨ। ਗੁਰਬਾਣੀ ਨਾਲ ਜੋੜਨ ਲਈ ਸਹਿਜ ਪਾਠ ਸ਼ੁਰੂ ਕਰਾਇਆ ਜਾ ਰਿਹਾ ਹੈ। ਮਿਸ਼ਨਰੀ ਕਾਲਜਾਂ ਵਲੋਂ ਸਾਂਝੇ ਤੌਰ ‘ਤੇ ਵਿਦਿਆਰਥੀਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਦੀ ਉਚੇਰੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਏ ਤਾਂ ਜੋ ਅੰਤਰਰਾਸ਼ਰੀ ਪੱਧਰ ਦੇ ਪ੍ਰਚਾਰਕ ਹੋ ਸਕਣ। ਗੁਰਬਾਣੀ ਦਾ ਅਨੁਵਾਦ ਗੁਰਬਾਣੀ ਗਿਆਨ ਵਿਸ਼ਵ ਭਾਈਚਾਰੇ ਨੂੰ ਆਪਣੀ ਪਿਆਰ ਗਲਵੱਕੜੀ ਵਿਚ ਲੈਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵੱਖ ਵੱਖ ਬੋਲੀਆਂ ਵਿਚ ਅਨੁਵਾਦ ਕਰਾਉਣਾ ਚਾਹੀਦਾ ਹੈ।
ਡੇਰਾਵਾਦ ਦੀ ਚੁਣੌਤੀ ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਸਾਡੀ ਸਿਰਮੌਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇੁਟੀ ਰਾਜਨੀਤਿਕ ਪ੍ਰਭਾਵ ਹੇਠ ਚਲੀ ਗਈ ਹੈ। ਅਕਾਲੀ ਦਲ ਬਾਦਲ ਨੇ ਸ਼੍ਰੋਮਣੀ ਕਮੇਟੀ ‘ਤੇ ਕਬਜ਼ਾ ਕਰਨ ਲਈ ਤੀਹ ਸਾਧਾਂ ਨੂੰ ਟਿਕਟਾਂ ਦੇ ਇਤਿਹਾਸ ਨੂੰ ਪੁੱਠਾ ਗੇੜਾ ਦਿੱਤਾ ਹੈ। ਅੱਜ ਉਹੀ ਡੇਰੇ ਸਿੱਖੀ ਫਲਸਫੇ ਵਿਚ ਗੜੁੰਦੇ ਪ੍ਰਚਾਰਕਾਂ ਦਾ ਵਿਰੋਧ ਹੀ ਨਹੀਂ ਕਰ ਰਹੇ ਸਗੋਂ ਅਦਾਲਤਾਂ ਵਿਚ ਝੂਠੇ ਕੇਸ ਵੀ ਦਰਜ ਕਰਾਏ ਹਨ। ਲੀਹੋਂ ਲੱਥੇ ਸਾਧਾਂ ਵਲੋਂ ਸਿੱਖ ਸਿਧਾਂਤ ਨੂੰ ਬ੍ਰਾਹਮਣੀ ਕਰਮ ਹੇਠ ਪੇਸ਼ ਕਰਨ ਦਾ ਯਤਨ ਕਰ ਰਹੇ ਹਨ। ਇਹ ਸਾਧ ਉਨ੍ਹਾਂ ਗ੍ਰੰਥਾਂ ਨੂੰ ਪੇਸ਼ ਕਰ ਰਹੇ ਹਨ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦਾ ਵਿਰੋਧ ਕਰਦੇ ਹਨ। ਕਭੀ ਗ਼ਮ ਥਾ ਬਿਪਰ ਕੀ ਰੀਤੋਂ ਕਾ, ਅਜ਼ਾਦ ਹੂਏ, ਅਬ ਯਿਹ ਗ਼ਮ ਹੈ, ਫਿਰ ਧਰਮ ਪੇ ਮਨਮਤ ਕਾਬਜ਼ ਹੈ, ਅੰਜਾਮਿ ਗੁਰਮਤਿ ਕਾ ਕਿਆ ਹੋਗਾ। ਮਿਸ਼ਨਰੀ ਕਾਲਜਾਂ ਦੀ ਪ੍ਰਭਾਵੀ ਕਮੇਟੀ ਜਿਵੇਂ ਕਿ ਇਹ ਗੱਲ ਸਭ ਨੂੰ ਪਤਾ ਹੈ ਕਿ ਮਿਸ਼ਨਰੀ ਕਾਲਜ ਆਪਣੀ ਵਿਤ ਮੁਤਾਬਕ ਕੌਮੀ ਭਲੇ ਅਤੇ ਪੰਥ ਦੀ ਬਿਹਤਰੀ ਲਈ ਯੋਗਦਾਨ ਪਾ ਰਹੇ ਹਨ। ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਜਦੋਂ ਵੀ ਪੰਥਕ ਮੁੱਦਿਆ ਦੀ ਵਿਚਾਰ ਕਰਨੀ ਹੁੰਦੀ ਹੈ ਤਾਂ ਉਹਨਾਂ ਡੇਰਾਵਾਦੀਆਂ ਨੂੰ ਬਲਾਉਂਦੇ ਹਨ, ਜਿਹੜੇ ਸਿੱਖ ਰਹਿਤ ਮਰਿਯਾਦਾ ਤੋਂ ਮੁਨਕਰ ਹਨ। ਡੇਰਾਵਾਦ ਬਿਰਤੀ ਸਿੱਖ ਸਿਧਾਂਤ ਨੂੰ ਵੀ ਬ੍ਰਹਾਮਣੀ ਵਿਚਾਰਧਾਰਾ ਵਿਚ ਪੇਸ਼ ਕਰਦੇ ਹਨ। ਮਿਸ਼ਨਰੀ ਕਾਲਜਾਂ ਦੀ ਇਕ ਪ੍ਰਭਾਵਸ਼ਾਹੀ ਤੇ ਦਬਾ ਬਣਾਉਣ ਵਾਲੀ ਕਮੇਟੀ ਹੋਵੇ ਜਿਹੜੀ ਪੰਥਕ ਮੁੱਦਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਸਾਹਮਣੇ ਰੱਖੇ। ਇਹ ਠੀਕ ਹੈ ਵਿਧਾਨਕ ਤੌਰ ਤੇ ਚੁਣੀ ਹੋਈ ਸ਼੍ਰੋਮਣੀ ਕਮੇਟੀ ਹੈ ਪਰ ਅਕਾਲੀ ਦਲ ਬਾਦਲ ਆਪਣੇ ਲਾਭ ਲਈ ਕਮੇਟੀ ਅਕਾਲ ਤਖਤ ਨੂੰ ਵਰਤ ਰਿਹਾ ਹੈ। ਸਮੇਂ ਦੀ ਲੋੜ ਹੈ ਕਿ ਮਿਸ਼ਨਰੀ ਕਾਲਜ ਅਕਾਲ ਤਖਤ ਦੇ ਜੱਥੇਦਾਰ ਨੂੰ ਸਮੇਂ ਸਮੇਂ ਆਪਣੀ ਰਾਏ ਦੇਣ। ਸਾਂਝੇ ਕਾਰਜਾਂ ਲਈ ਮਿਸ਼ਨਰੀ ਕਾਲਜਾਂ ਦਾ ਇਕ ਪੈਨਲ ਹੋਣਾ ਜ਼ਰੂਰੀ ਹੈ ਜਿਹੜਾ ਸਾਂਝੇ ਤੌਰ ‘ਤੇ ਅਖਬਾਰੀ ਬਿਆਨ ਦੇਵੇ। ਵਰਤਮਾਨ ਸਮੇਂ ਵਿਚ ਬਿਜਲਈ ਸਾਧਨਾਂ ਦੀ ਵਰਤੋਂ ਲਈ ਸਾਂਝਾ ਸਥਾਨ ਹੋਵੇ। ਇਹ ਸਥਾਨ ਕਿਸੇ ਕਾਲਜ ਵਿਚ ਵੀ ਹੋ ਸਕਦਾ ਹੈ।
ਗੁਰਦੁਆਰਾ ਪ੍ਰਬੰਧ ਕਮੇਟੀਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ. ਪਾਕਿਸਤਾਨ ਗੁਰਦੁਆਰਾ ਕਮੇਟੀ ਤੇ ਹੋਰ ਵੱਡੀਆਂ ਜੱਥੇਬੰਦੀਆਂ ਨੂੰ ਅੱਗੇ ਆ ਕੇ ਮਿਸ਼ਨਰੀ ਕਾਲਜਾਂ ਦੀ ਜੋ ਇਕ ਲਹਿਰ ਬਣ ਕੇ ਕੌਮੀ ਹਿੱਤਾਂ ਲਈ ਕੰਮ ਕਰ ਰਹੀ ਹੈ, ਉਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਜਿੰਨ੍ਹਾ ਪ੍ਰਚਾਰਕ ਵੀਰਾਂ ਨੇ ਆਪਣੀ ਜ਼ਿੰਦਗੀ ਦਾ ਲੰਮੇਰਾ ਸਮਾਂ ਸਿੱਖੀ ਦੇ ਪਰਚਾਰ ਵਿਚ ਲਗਾ ਦਿੱਤਾ ਹੈ ਬੁਢੇਪੇ ਵੇਲੇ ਇਹਨਾਂ ਵੱਡੀਆਂ ਸੰਸਥਾਵਾਂ ਨੂੰ ਉਹਨਾਂ ਦੀ ਸਾਰ ਲੈਣੀ ਚਾਹੀਦੀ ਹੈ। ਕੇਂਦਰੀ ਜੱਥੇਬੰਦੀ ਵਲੋਂ ਪ੍ਰੋਗਰਾਮ ਦੇਣੇ ਇਸ ਲਹਿਰ ਦੀ ਸੰਭਾਲ ਲਈ ਪੜਾਅ ਵਾਰ ਇੱਕਤਰਤਾਵਾਂ ਤੇ ਸਾਲ ਉਪਰੰਤ ਵੱਖ ਵੱਖ ਮਿਸ਼ਨਰੀ ਕਾਲਜਾਂ ਦੀ ਵੱਡੀ ਇਕਤ੍ਰਤਾ ਰੱਖੀ ਜਾਏ। ਪਿੱਛਲੇ ਕੀਤੇ ਕੰਮ ਦੀ ਪੜਚੋਲ, ਦਰਪੇਸ਼ ਚਨੌਤੀਆਂ ਤੇ ਅਗਾਂਹ ਲਈ ਦਿਸ਼ਾ ਨਿਰਦੇਸ਼ ਦਿੱਤੇ ਜਾਣ। ਨਵੇਂ ਤੇ ਸਾਂਝੇ ਪ੍ਰੋਗਰਾਮ ਦੇਣੇ ਚਾਹੀਦੇ ਹਨ। ਜੇ ਅੱਜ ਸਿੱਖ ਸਿਧਾਂਤ ਦੀ ਵਿਲੱਖਣਤਾ ਕਾਇਮ ਹੈ ਤਾਂ ਉਹ ਸਿਰਫ ਮਿਸ਼ਨਰੀ ਕਾਲਜਾਂ ਦੀ ਮਿਹਨਤ ਸਕਦਾ ਹੀ ਹੈ। ਬਦ ਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਕਿਸੇ ਗ੍ਰੰਥੀ ਦੀ ਚੋਣ ਕਰਨੀ ਹੈ ਤਾਂ ਡੇਰਿਆਂ ਵਿਚੋਂ ਪੜ੍ਹਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਮਿਸ਼ਨਰੀ ਕਾਲਜਾਂ ਵਿਚ ਪੜ੍ਹਾਉਣ ਵਾਲਿਆਂ ਦੀ ਵਿਦਿਅਕ ਯੋਗਤਾ ਦੇਖੀ ਜਾਂਦੀ ਹੈ ਪਰ ਦਰਬਾਰ ਸਾਹਿਬ ਦੇ ਗ੍ਰੰਥੀ ਰੱਖਣ ਸਮੇਂ ਕਿਸੇ ਡੇਰੇ ਚੋਂ ਪੜ੍ਹੇ ਹੋਏ ਨੂੰ ਪਹਿਲ ਦਿੱਤੀ ਜਾਂਦੀ ਹੈ। ਇਹ ਨਿਘਾਰ ਐਨਾ ਵੱਧ ਗਿਆ ਹੈ ਕਿ ਵਰਤਮਾਨ ਸਮੇਂ ਵਿਚ ਮੰਜੀ ਸਾਹਿਬ ਤੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਡੇਰਾਵਾਦੀਆਂ ਪ੍ਰਚਾਰਕਾਂ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ। ਮਿਸ਼ਨਰੀ ਪ੍ਰਚਾਰਕ ਉਹ ਗੁਲਾਬ ਦੇ ਫੁੱਲ ਹਨ ਜਿਹੜੇ ਕੰਡਿਆਂ ਦੀ ਭੀੜ ਵਿਚ ਖਿੜ ਕੇ ਮਹਿਕਦੇ ਰਹੇ ਹਨ– ਕਾਂਟੋਂ ਸੇ ਹੈ ਘਿਰਾ ਹੂਆ, ਚਾਰੋਂ ਤਰਫ਼ ਸੇ ਫੂਲ, ਫਿਰ ਭੀ ਖਿਲਾ ਹੀ ਰਹਿਤਾ ਹੈ, ਕਿਆ ਖੁਸ਼ ਮਿਜ਼ਾਜ਼ ਹੈ।