ਗੁਰਮਤਿ ਗਿਆਨ ਮਿਸ਼ਨਰੀ ਕਾਲਜ Gurmat Gian Missionary College

ਪ੍ਰਿੰ: ਗੁਰਬਚਨ ਸਿੰਘ

ਜਥੇਦਾਰ ਜੀ ਨੂੰ ਖੁੱਲੀ ਚਿੱਠੀ, ਜੱਥੇਦਾਰ ਜੀ ਅਕਾਲੀ ਦਲ ਨੂੰ ਪੰਥਕ ਬਣਾਉਣ ਦੀ ਲੋੜ ਹੈ

੮ ਮਾਰਚ ਨੂੰ ੨੦੨੩ ਨੂੰ ਅਨੰਦਪੁਰ ਸਾਹਿਬ ਵਿਖੇ ਅਕਾਲ ਤੱਖਤ ਦੇ ਜੱਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਆਪਣੇ ਸੰਖੇਪ ਤਲਖ ਭਾਸ਼ਨ ਵਿਚ ਅਕਾਲੀ ਦਲ ਬਾਦਲ ਨੂੰ ਨਸੀਹਤ ਦਿੰਦਿਆਂ ਕਹਿਆ ਕਿ “ਅਕਾਲੀ ਦਲ ਬਾਦਲ ਹੁਣ ਸਰਮਾਏਦਾਰਾਂ ਦੀ ਪਾਰਟੀ ਬਣ ਚੁੱਕੀ ਹੈ। ਇਸ ਨੂੰ ਮਜ਼ਦੂਰਾਂ ਤੇ ਕਿਰਸਾਨਾਂ ਦੀ ਪਾਰਟੀ ਬਣਾਉਣ ਦੀ ਜ਼ਰੂਰਤ ਹੈ। ਦੂਸਰਾ ਉਹਨਾਂ ਕਹਿਆ ਕਿ ਸਾਡੀਆਂ ਧਾਰਮਿਕ ਸੰਸਥਾਵਾਂ ਸਬੰਧੀ ਕੂੜ ਪ੍ਰਚਾਰ ਹੁੰਦਾ ਹੈ ਇਸ ਨੂੰ ਰੋਕਣ ਦੀ ਜ਼ਰੂਰਤ ਹੈ”। ਤੀਜਾ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਤੋੜਿਆ ਗਿਆ। ਚੌਥਾ ਤੁਸਾਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਤੋੜਿਆ ਹੈ ਇਸ ਲਈ ਤੁਹਾਨੂੰ ਖਾਲਸੇ ਦਾ ਸਰਾਪ ਲੱਗੇਗਾ ਤੇ ਤੁਹਾਡੀ ਪਾਰਲੀਮੈਂਟ ਵੀ ਟੁਟੇਗੀ ਇਹ ਖਾਲਸਾ ਪੰਥ ਤੁਹਾਨੂੰ ਬਦ-ਦੁਆ ਦਿੰਦਾ ਹੈ। ਇਹ ਕੁਝ ਵਿਚਾਰ ਉਹਨਾਂ ਦੀ ਤਕਰੀਰ ਵਿਚ ਭਾਰੂ ਸਨ। ਕੀ ਜੋ ਕੁਝ ਜੱਥੇਦਾਰ ਜੀ ਨੇ ਆਪਣੇ ਭਾਸ਼ਨ ਵਿਚ ਕਹਿਆ ਹੈ ਉਹ ਕੌਮ ਦੀ ਹਕੀਕਤ ਬਿਆਨ ਕਰਦਾ ਹੈ ਜਾਂ ਹਵਾ ਵਿਚ ਤਲਵਾਰਾਂ ਹਨ।
ਅਕਾਲ ਤੱਖਤ ਦੇ ਜੱਥੇਦਾਰ ਦਾ ਦਰਦ ਸਮਝਿਆ ਜਾ ਸਕਦਾ ਹੈ, ਪਰ ਹਕੀਕਤ ਨੂੰ ਜਾਣਦਿਆਂ ਹੋਇਆਂ ਵੀ ਜੱਥੇਦਾਰ ਜੀ ਅੱਧਾ ਕੁ ਸੱਚ ਬੋਲ ਰਹੇ ਹਨ। ਸਮੁੱਚੇ ਪੰਥ ਦੀ ਸੋਚ ਪ੍ਰਤੀ ਉਹਨਾਂ ਦੇ ਵਿਚਾਰਾਂ ਵਿਚ ਹਮੇਸ਼ਾ ਵੱਡੀ ਘਾਟ ਰੜਕਦੀ ਰਹਿੰਦੀ ਹੈ। ਇਹ ਤੱਥ ਦਿਨ ਦੀ ਧੁੱਪ ਵਾਂਗ ਸੱਚ ਹੈ ਕਿ ੧੯੪੭ ਤੋਂ ਲੈ ਕੇ ਹੁਣ ਤਕ ਕੇਂਦਰ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਵਿਤਕਰਾ ਹੀ ਕੀਤਾ ਹੈ। ਪੰਜਾਬ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਥਾਂ ‘ਤੇ ਆਪਣੇ ਹਿੱਤਾਂ ਲਈ ਵਰਤਿਆ ਹੈ। ਇਸ ਸਾਰੇ ਬਿਰਤਾਂਤ ਦੀ ਜ਼ਿੰਮੇਵਾਰੀ ਸ਼ਰੋਮਣੀ ਅਕਾਲੀ ਦਲ ‘ਤੇ ਵੀ ਆਉਂਦੀ ਹੈ। ੧੯੨੦ ਤੋਂ ਲੈ ਕੇ ਅਕਾਲੀ ਲੀਡਰਾਂ ਅਤੇ ਲੋਕਾਂ ਨੇ ਬਹੁਤ ਸੰਘਰਸ਼ ਕੀਤਾ, ਸਿੱਖ ਕੌਮ ਨੂੰ ਬਹੁਤ ਕਸ਼ਟ ਸਹਾਰਨੇ ਪਏ। ਪਰ ਜੱਥੇਦਾਰ ਜੀ ੧੯੬੬ ਵਿਚ ਪੰਜਾਬੀ ਸੂਬਾ ਬਣਨ ਤੋਂ ਬਾਅਦ ਜਦੋਂ ਸ਼ਰੋਮਣੀ ਅਕਾਲੀ ਦਲ ਸਤਾ ਵਿਚ ਹੁੰਦਾ ਹੈ ਤਾਂ ਇਹਨਾਂ ਕਦੇ ਸਿੱਖ ਸਮੱਸਿਆਵਾਂ ਨੂੰ ਹੱਲ ਨਹੀਂ ਕੀਤਾ ਪਰ ਜਦੋਂ ਸਤਾ ਤੋਂ ਬਾਹਰ ਹੁੰਦੇ ਹਨ ਤਾਂ ਇਹਨਾਂ ਨੂੰ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਯਾਦ ਸਤਾਉਣ ਲੱਗ ਜਾਂਦੀ ਹੈ, ਭਾਈ ਜਸਵੰਤ ਸਿੰਘ ਜੀ ਖਾਲੜੇ ਨਾਲ ਹੋਈ ਵਧੀਕੀ ਦੀ ਯਾਦ ਸਤਾਉਣ ਲੱਗ ਜਾਂਦੀ ਹੈ।
ਇਹ ਬਿਲਕੁਲ ਠੀਕ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਾਗਡੋਰ ਜਦੋਂ ਦੀ ਸੁਖਬੀਰ ਸਿੰਘ ਬਾਦਲ ਦੇ ਹੱਥ ਆਈ ਹੈ ਤਾਂ ਉਸ ਨੇ ਅਕਾਲੀ ਦਲ ਨੂੰ ਪ੍ਰਕਾਸ਼ ਸਿੰਘ ਬਾਦਲ ਤੋਂ ਚਾਰ ਰੱਤੀਆਂ ਅੱਗੇ ਜਾ ਕੇ ਇਕ ਪ੍ਰਾਈਵੇਟ ਕੰਪਨੀ ਵਾਂਗ ਚਲਾਉਣਾ ਸ਼ੁਰੂ ਕਰ ਦਿੱਤਾ। ਪੰਥਕ ਸਰੋਕਾਰਾਂ ਨੂੰ ਤਿਲਾਂਜਲੀ ਦੇ ਕੇ ਪੰਥ ਦੀ ਗੱਲ ਕਰਨ ਵਾਲਿਆਂ ਨੂੰ ਕਿਨਾਰੇ ਕਰ ਦਿੱਤਾ। ਆਪਣੇ ਆਲੇ ਦੁਆਲੇ ਪੰਥਕ ਸਰੋਕਾਰਾਂ ਤੋਂ ਥਿੜਕੇ ਸੁਆਰਥੀ ਚਾਪਲੂਸਾਂ ਦੀ ਢੇਰੀ ਇਕੱਠੀ ਕਰ ਲਈ। ਜਿਸ ਤਰੀਕੇ ਨਾਲ ਅਕਾਲੀ ਦਲ ਬਾਦਲ ਨੇ ਸੁਖਬੀਰ ਸਿੰਘ ਦੀ ਰਾਹਨੂੰਾਈ ਹੇਠ ਵਿਚਰਨਾ ਸ਼ੂਰੂ ਕੀਤਾ ਉਹ ਸਮੁੱਚੀ ਕੌਮ ਲਈ ਘਾਤਕ ਸਿੱਧ ਹੋਇਆ ਹੈ। ਸਾਰੇ ਵਰਤਾਰੇ ਦੀ ਭਰਵੀਂ ਮਿਸਾਲ ਕਬੱਡੀ ਮੈਚਾਂ ਸਮੇਂ ਵੇਖੀ ਜਾ ਸਕਦੀ ਹੈ। ਸਿੱਖੀ ਸਭਿਆਚਾਰ ਛੱਡ ਕੇ ਕਬੱਡੀ ਮੈਚਾਂ ਸਮੇਂ ਪੰਜ ਪੰਜ ਕਰੋੜ ਰੁਪਏ ਵਿਚ ਫਿਲਮੀ ਬੀਬੀਆਂ ਦੇ ਠੁਮਕੇ ਲਵਾ ਧਰੇ। ਢਾਡੀ, ਕੀਰਤਨ ਪ੍ਰੰਪਰਾ ਨੂੰ ਇਕ ਪਾਸੇ ਕਰਕੇ ਅਕਾਲੀ ਦਲ ਬਾਦਲ ਨੇ ਪੰਥਕ ਸੋਚ ਨੂੰ ਪੁੱਠਾ ਗੇੜਾ ਦੇ ਦਿੱਤਾ। ਸਿੱਧਾ ਕਹਿਆ ਜਾ ਸਕਦਾ ਹੈ ਕਿ ਬਾਹਰੋਂ ਅਕਾਲੀ ਦਲ ਵਾਲੀ ਦਿੱਖ ਹੈ ਪਰ ਕਰਮ ਇਕ ਵੀ ਅਕਾਲੀ ਦਲ ਵਾਲਾ ਨਹੀਂ ਰਿਹਾ।
ਜੱਥੇਦਾਰ ਜੀ ਨੇ ਜ਼ੋਰ ਲਾ ਕੇ ਇਹ ਕਹਿਆ ਕਿ ਅਕਾਲੀ ਦਲ ਕਿਰਸਾਨਾਂ ਤੇ ਮਜ਼ਦੂਰਾਂ ਦੀ ਜੱਥੇਬੰਦੀ ਸੀ। ਹੁਣ ਕੌਣ ਸਮਝਾਵੇ ਕਿ ਜੱਥੇਦਾਰ ਜੀ ਅਕਾਲੀ ਦਲ ਕੇਵਲ ਦੋ ਜਮਾਤਾਂ ਦੀ ਜੱਥੇਬੰਦੀ ਨਹੀਂ ਹੈ। ਅਕਾਲੀ ਦਲ ਦਾ ਫਲਸਫਾ ਤਾਂ ਸਰਬੱਤ ਦਾ ਭਲਾ ਮੰਗਣ ਵਾਲਾ ਸੀ ਜਿਹੜਾ ਤੁਸਾਂ ਦੋ ਜਮਾਤਾਂ ਤਕ ਸੀਮਤ ਕਰ ਦਿੱਤਾ। ਕੀ ਅਕਾਲੀ ਦਲ ਦੁਕਾਨਦਾਰਾਂ, ਕਾਰਖਾਨੇ, ਨੌਰਕੀ ਪੇਸ਼ਾ, ਜਾਂ ਜਨ ਸਧਾਰਨ ਲੋਕਾਂ ਦੀ ਅਗਵਾਈ ਕਰਨ ਵਾਲਾ ਨਹੀਂ ਹੋ ਸਕਦਾ? ਸਭ ਤੋਂ ਅਹਿਮ ਨੁਕਤਾ ਤਾਂ ਇਹ ਸੀ ਕਿ ਜੇ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਇਸ ਨੂੰ ਪੰਥਕ ਪਾਰਟੀ ਬਣਾਓ। ਪੰਥਕ ਸਰੋਕਾਰਾਂ ਦੇ ਧਾਰਨੀ ਬਣੋ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਫਿਰ ਤੋਂ ਸੁਰਜੀਤ ਕਰੋ। ਗੁਰਦੁਆਰਾ ਪ੍ਰਬੰਧ ਵਿਚੋਂ ਸਿਆਸੀ ਦਖ਼ਲ ਤੁਰੰਤ ਬੰਦ ਹੋਣਾ ਚਾਹੀਦਾ ਹੈ। ਪੰਜਾਬ ਵਿਚ ਅਕਸਰ ਕਮਿਊਨਿਸਟ ਪਾਰਟੀਆਂ ਤੇ ਕਿਰਸਾਨ ਜੱਥੇਬੰਦੀਆਂ ਇਹ ਨਾਅਰੇ ਲਗਾਉਂਦੀਆਂ ਹਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਤੁਹਾਡੇ ਇਸ ਲੈਕਚਰ ਵਿਚੋਂ ਸਮੁੱਚੇ ਪੰਥਕ ਸਰੋਕਾਰਾਂ ਵਾਲੀ ਕੋਈ ਗੱਲ ਨਹੀਂ ਸੀ, ਸਗੋਂ ਏਦਾਂ ਮਹਿਸੂਸ ਹੋ ਰਿਹਾ ਸੀ, ਜਿਵੇਂ ਤੁਸੀ ਅਕਾਲੀ ਦਲ ਬਾਦਲ ਲਈ ਵੋਟਾਂ ਮੰਗ ਰਹੇ ਹੋਵੋ। ਇਹ ਠੀਕ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਧਨਾਢਾਂ ਦੀ ਜਮਾਤ ਬਣ ਚੁੱਕਿਆ ਹੈ। ਇਸ ਨਾਲ ਇਕ ਹੋਰ ਨੁਕਤਾ ਵੀ ਕੰਮ ਕਰਦਾ ਹੈ ਕਿ ਅਕਾਲੀ ਦਲ ‘ਤੇ ਸਮੁੱਚੇ ਤੌਰ ‘ਤੇ ਬਾਦਲ ਪ੍ਰਵਾਰ ਤੇ ਕੁਝ ਹੋਰ ਪਰਵਾਰ ਕਬਜ਼ਾ ਜਮਾਈ ਬੈਠੇ ਹਨ। ਅਕਾਲੀ ਦਲ ਨੂੰ ਇਹਨਾਂ ਨੇ ਆਪਣੀ ਜਗੀਰ ਸਮਝ ਲਿਆ ਹੋਇਆ ਹੈ।
ਦੂਸਰਾ ਨੁਕਤਾ ਸੀ ਕਿ ਸਾਡੀਆਂ ਸਿੱਖ ਸੰਸਥਾਵਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਕੀ ਕਦੀ ਸੋਚਿਆ ਹੈ ਕਿ ਇਹ ਬਦਨਾਮੀ ਕਿਉਂ ਹੋਈ ਹੈ? ਅਜੇਹੀਆਂ ਬਦਨਾਮੀਆਂ ਰੋਕਣ ਦੀ ਕਿਸ ਦੀ ਜ਼ਿੰਮੇਵਾਰੀ ਸੀ। ਅਸਲ ਬਦਨਾਮੀ ਕੌਣ ਕਰ ਰਿਹਾ ਹੈ? ਬਦਨਾਮੀ ਦੇ ਕੀ ਕਾਰਨ ਹਨ? ਤੁਹਾਡੇ ਸਾਹਮਣੇ ੬ ਜੂਨ ਨੂੰ ਅਕਾਲ ਤੱਖਤ ‘ਤੇ ੮੪ ਵਾਲਾ ਘੱਲੂਘਾਰਾ ਦਿਵਸ ਮਨਾਇਆ ਜਾਂਦਾ ਹੈ, ਪਰ ਇਸ ਸਮਾਗਮ ਵਿਚ ਤੂੰ ਤੂੰ ਮੈਂ ਮੈਂ ਹੁੰਦੀ ਹੈ। ਕਈ ਵਾਰੀ ਦਸਤਾਰਾਂ ਵੀ ਲਹਿ ਜਾਂਦੀਆਂ ਹਨ। ਕੀ ਓਦੋਂ ਸੰਸਥਾ ਦੀ ਬਦਨਾਮੀ ਨਹੀਂ ਹੁੰਦੀ? ਜਦੋਂ ਤੁਸੀਂ ਮਹਿਤੇ ਜਾਂਦੇ ਹੋ ਤਾਂ ਓੱਥੇ ਸ਼ਾਂਤੀ ਨਾਲ ੬ ਜੂਨ ੧੯੮੪ ਵਾਲਾ ਘਲੂਘਾਰਾ ਮਨਾਇਆ ਜਾਂਦਾ ਹੈ। ਕੀ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਵਾਲੇ ਕਾਰਨਾਮਿਆਂ ‘ਤੇ ਕਦੇ ਨਜ਼ਰਸਾਨੀ ਕੀਤੀ ਹੈ? ੯੨-੯੨ ਲੱਖ ਦੇ ਇਸ਼ਤਿਹਾਰ ਸਿੱਖ ਸੰਸਥਾ(ਸ਼੍ਰੋਮਣੀ ਕਮੇਟੀ) ਦੇ ਲੱਗਣ ਕਿ ਸੌਦਾ ਸਾਧ ਤਾਂ ਬਹੁਤ ਵਧੀਆਂ ਬੰਦਾ ਹੈ, ਸਾਡੇ ਵਾਲੇ ਤਾਂ ਐਵੇਂ ਰੌਲ਼ਾਂ ਪਉਂਦੇ ਹਨ। ਅਜੇਹੇ ਇਸ਼ਤਿਹਾਰ ਕਿਸਨੇ ਦਿੱਤੇ ਸਨ? ਕੀ ਇਹ ਬਦਨਾਮੀ ਸ਼੍ਰੋਮਣੀ ਕਮੇਟੀ ਨੇ ਆਪਣੀ ਆਪ ਨਹੀਂ ਕਰਾਈ? ਕੀ ਲੋੜ ਸੀ ਸ਼ਰੋਮਣੀ ਕਮੇਟੀ ਨੂੰ ਅਜੇਹੇ ਇਸ਼ਤਿਹਾਰ ਦੇਣ ਦੀ? ਕੀ ਤੁਸਾਂ ਗੁਰੂ ਦੀ ਗੋਲਕ ਦੀ ਹੋਈ ਦੁਰਵਰਤੋਂ ਸਬੰਧੀ ਕਦੇ ਪੁਛਿਆ ਹੈ? ਸਵਾਲ ਪੁੱਛਣਾ ਬਣਦਾ ਹੈ ਇਸ ਬਦਨਾਮੀ ਦਾ ਕੌਣ ਜ਼ਿੰਮੇਵਾਰ ਹੈ? ਸਾਡਾ ਤਰਕ ਹੈ ਜੱਥੇਦਾਰ ਜੀ ਕਦੇ ਏੱਧਰ ਵੀ ਵੇਖਣ ਦਾ ਯਤਨ ਕਰਿਆ ਜੇ। ਜੱਥੇਦਾਰ ਜੀ ਆਓ ਥੋੜਾ ਜੇਹਾ ਕੌਮੀ ਹਿਸਾਬ ਵੀ ਕਰ ਲਈਏ। ਸਭ ਤੋਂ ਪਹਿਲਾਂ ਤੁਹਾਨੂੰ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਅਹਿਸਾਸ ਕਰਾਉਣਾ ਚਾਹੀਦਾ ਸੀ ਕਿ ਬਾਦਲ ਸਾਹਿਬ! ਅਕਾਲੀ ਦਲ ਨੂੰ ਪੁਰਾਣੀ ਦਿੱਖ ਦਿਓ ਜਿਹੜਾ ਤੁਸਾਂ ੧੯੯੫ ਨੂੰ ਮੋਗੇ ਵਿਖੇ ਪੰਜਾਬੀ ਪਾਰਟੀ ਨਾਂ ਰੱਖਿਆ ਸੀ ਉਸ ਨੂੰ ਵਾਪਸ ਲਓ ਤੇ ਮੁੜ ਪੰਥਕ ਮੁੱਦਿਆ ਦੀ ਗੱਲ ਕਰਨ ਵਾਲਾ ਅਕਾਲੀ ਦਲ ਪੇਸ਼ ਕਰੋ। ਜਿਸ ਅਕਾਲੀ ਦਲ ਬਾਦਲ ਨੂੰ ਤੁਸੀਂ ਸਥਾਪਿਤ ਕਰ ਰਹੇ ਹੋ ਉਸ ਅਕਾਲੀ ਦਲ ਬਾਦਲ ਦਾ ਪੰਥ ਵਿਰੋਧੀ ਚੇਹਰਾ ਵੀ ਵੇਖ ਲਓ—
੧੯੭੮ ਵਿਚ ਜਦੋਂ ਬਾਦਲ ਪੰਜਾਬ ਦਾ ਮੁੱਖ ਮੰਤ੍ਰੀ ਸੀ ਤਾਂ ਨਕਲੀ ਨਿੰਰਕਾਰੀਆਂ ਵਲੋਂ ਸਿੱਖ ਪੰਥ, ਗੁਰੁ ਗ੍ਰੰਥ ਤੇ ਸਿੱਖ ਵਿਰੋਧੀ ਟਿਪਣੀਆਂ ਕੀਤੀਆਂ ਸਨ ਪਰ ਅਕਾਲੀ ਦਲ ਬਾਦਲ ਦੀ ਸਰਕਾਰ ਸਿੱਖ ਨੂੰਾਇੰਦੇ ਹੋਣ ਦੇ ਨਾਤੇ ਸਿੱਖ ਭਾਵਨਾਵਾਂ ਨੂੰ ਨਹੀਂ ਸਮਝਿਆ। ਨਕਲੀ ਨਿੰਰਕਾਰੀਆਂ ਨੂੰ ਖੁਲ੍ਹਾ ਖੇਡਣ ਦਿੱਤਾ ਗਿਆ। ਨਕਲੀ ਨਿੰਰਕਾਰੀਆਂ ਵਲੋਂ ਸਿੱਖੀ ਸਰੋਕਾਰਾਂ ‘ਤੇ ਕੀਤੀਆਂ ਟਿੱਪਣੀਆਂ ਜਿਸਨੂੰ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ ਸੀ। ਸਰਕਾਰੀ ਤੰਤਰ ਨਕਲੀ ਨਿੰਰਕਾਰੀਆਂ ਦੇ ਸਮਾਗਮ ਨੂੰ ਰੋਕਣ ਵਿਚ ਨਕਾਮ ਰਿਹਾ। ਨਿਰੰਕਾਰੀਆਂ ਵਲੋਂ ਵਰਤੀ ਭਦੀ ਸ਼ਬਦਾਵਲੀ ਨੂੰ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ। ਇਸ ਬੇਅਦਬੀ ਨੂੰ ਰੋਕਣ ਵਾਲੇ ੧੩ ਸਿੰਘ ਹੀ ਦਿਨ ਦੀਵੀਂ ਸ਼ਹੀਦ ਕਰ ਦਿੱਤੇ। ਤੁਹਾਡੀ ਸਰਕਾਰ ਵੋਟਾਂ ਦੇ ਜੋੜ ਤੋੜ ਵਿਚ ਲੱਗੀ ਰਹੀ, ਤੇ ਤੁਹਾਡੀ ਸਰਕਾਰੀ ਛੱਤਰ-ਛਾਇਆ ਹੇਠ ਨਕਲੀ ਨਿਰੰਕਾਰੀ ਮੁਖੀ ਦਿੱਲੀ ਪਹੁੰਚ ਗਿਆ। ਦਾਨਸ਼ਵਰ ਸਿੱਖਾਂ ਨੂੰ ਤੁਹਾਡੇ ਸਿੱਖ ਵਿਰੋਧੀ ਹੋਣ ਦਾ ਖ਼ਦਸ਼ਾ ਓਦੋਂ ਹੀ ਪੈਦਾ ਹੋ ਗਿਆ ਸੀ। ਤੁਹਾਡੀ ਸਰਕਾਰ ਹੋਣ ਦੇ ਨਾਤੇ ਵੀ ਸਿੱਖਾਂ ਨੂੰ ਇਨਸਾਫ਼ ਨਾ ਮਿਲਿਆ। ਪੰਜਾਬ ਵਿਚ ਨਕਲੀ ਨਿਰੰਕਾਰੀਆਂ ਦੇ ਕੇਸ ਚੱਲ ਰਹੇ ਸਨ ਪਰ ਨਕਲੀ ਨਿਰੰਕਾਰੀਆਂ ਨੇ ਇਹ ਕੇਸ ਕਰਨਾਲ ਅਦਾਲਤ ਵਿਚ ਤਬਦੀਲ ਕਰਾ ਲਿਆ ਸੀ। ਬਾਦਲ ਹੁਰਾਂ ਤਾਂ ਸੁਖ ਦਾ ਸਾਹ ਲਿਆ ਹੋਣਾ ਕਿ ਸ਼ੁਕਰ ਹੈ ਬਲ਼ਾ ਟਲ਼ ਗਈ। ਕੇ ਪੀ ਅੇਸ ਗਿੱਲ ਦਾ ਨਾਂ ਲਿਖਣਾ ਵੀ ਅਸੀਂ ਗੁਨਾਹ ਸਮਝਦੇ ਹਾਂ ਪਰ ਉਹ ਲਿਖਦਾ ਹੈ ਕਿ ਬਾਦਲ ਦਿਨੇ ਖਾੜਕੂਆਂ ਦੇ ਭੋਗ ਤੇ ਜਾਂਦਾ ਸੀ ਤੇ ਰਾਤ ਨੂੰ ਸਿੱਖ ਵਿਰੋਧੀ ਰੋਲ ਨਿਭਾਉਂਦਾ ਸੀ।
ਪੰਜਾਬ ਦੇ ਮੁੱਦਿਆਂ ਸਬੰਧੀ ਹਮੇਸ਼ਾਂ ਵਿਰੋਧੀ ਰੋਲ iਂਨਭਾਹੁੰਣ ਵਾਲੀ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਉਂਦੇ ਰਹੇ। ਇਹ ਉਹ ਹੀ ਪਾਰਟੀ ਹੈ ਜਿਸ ਦੇ ਕਾਰਕੁੰਨਾ ਨੇ ਦਰਬਾਰ ਸਾਹਿਬ ਦਾ ਮਾਡਲ ਤੋੜਿਆ, ਕਛ, ਕੰਘਾ ਕਿਰਪਾਨ ਭੇਜ ਦਿਆਂਗੇ ਪਾਕਿਸਤਾਨ ਦੇ ਫਿਰਕੂ ਨਾਅਰੇ ਏਸੇ ਪਾਰਟੀ ਦੇ ਲੋਕਾਂ ਨੇ ਲਾਏ ਸਨ। ਭਾਰਤੀ ਜਨਤਾ ਪਾਰਟੀ ਤੁਹਾਡੀ ਸਰਕਾਰ ਵਿਚ ਹਿੱਸੇਦਾਰ ਰਹਿੰਦੀ ਰਹੀ ਹੈ ਤੇ ਕੇਂਦਰ ਵਿਚ ਇਹਨਾਂ ਦੀ ਸਰਕਾਰ ਰਹੀ ਹੈ। ਪਰ ਭਾਰਤੀ ਜਨਤਾ ਪਾਰਟੀ ਤੋਂ ਪੰਜਾਬ ਦੇ ਕਿਸੇ ਵੀ ਮੁੱਦੇ ਨੂੰ ਹੱਲ ਨਹੀਂ ਕਰਾਇਆ। ਤੁਹਾਡੀ ਸਮਰੱਥ ਸਰਕਾਰ ਹੋਣ ‘ਤੇ ਵੀ ਤੁਸਾਂ ਕਦੇ ਸਿੱਖ ਮੁਦਿਆਂ ਨੂੰ ਹੱਲ ਨਹੀਂ ਕਰਾਇਆ। ਭਾਰਤੀ ਜਨਤਾ ਪਾਰਟੀ ਨੇ ਕਦੇ ਪੰਜਾਬ ਦੇ ਭਲੇ ਦੀ ਕਦੇ ਗੱਲ ਨਹੀਂ ਕੀਤੀ ਤੇ ਨਾ ਹੀ ਪੰਜਾਬ ਦੀਆਂ ਮੰਗਾਂ ਸਬੰਧੀ ਸੁਹਿਰਦਤਾ ਦਿਖਾਈ ਹੈ। ੧੯੭੮ ਤੋਂ ਲੈ ਕੇ ੧੯੯੭ ਤਕ ਪੰਜਾਬ ਵਿਚ ਹੋਏ ਝੂਠੇ ਪੁਲੀਸ ਮੁਕਾਬਲਿਆਂ ਦੀ ਜਾਂਚ ਕਰਾਉਣ ਨੂੰ ਆਪਣੇ ਚੋਣ ਮੈਨੀਫੈਸਟੋ ਵਿਚ ਰੱਖਿਆ, ਤੁਹਾਡੀਆਂ ਸਰਕਾਰਾਂ ਬਣਦੀਆਂ ਰਹੀਆਂ ਤੁਸਾਂ ਕਦੇ ਵੀ ਇਸ ਮੁੱਦੇ ‘ਤੇ ਗੱਲ ਨਹੀਂ ਕੀਤੀ। ਅਕਾਲ ਤੱਖਤ ਦੇ ਜੱਥੇਦਾਰ ਜੀ ਅਕਾਲੀ ਦਲ ਬਾਦਲ ਕੋਲੋਂ ਕਦੇ ਇਹ ਵੀ ਪੁੱਛ ਲੈਣਾ ਕਿ ਜਿਹੜੇ ਪੁਲੀਸ ਅਫ਼ਸਰਾਂ ਨੇ ਸਿੱਖ ਨੌਜਵਾਨਾਂ ਨਾਲ ਵਧੀਕੀਆਂ ਕੀਤੀਆਂ ਸਨ ਉਹਨਾਂ ਨੂੰ ਤੁਸੀਂ ਉੱਚ ਅਹੁਦਿਆਂ ‘ਤੇ ਕਿਉਂ ਬਿਠਾਇਆ ਹੋਇਆ ਸੀ। ਅਕਾਲੀ ਦਲ ਬਾਦਲ ਦੀ ਕੀ ਮਜ਼ਬੂਰੀ ਸੀ।
੧੯੯੭ ਵਿਚ ਭਨਿਆਰਾ ਸਾਧ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂ ਂਕਰਵਾਈ ਗਈ ਉਸ ਨੂੰ ਬਚਾਉਣ ਲਈ ਉਸ ਦਾ ਕੇਸ ਅੰਬਾਲਾ ਅਦਾਲਤ ਵਿਚ ਤਬਦੀਲ ਨਹੀਂ ਕਰਾਇਆ ਗਿਆ? ੫ ਦਸੰਬਰ ੨੦੦੯ ਵਿਚ ਬਾਦਲ ਸਰਕਾਰ ਦੇ ਹੁੰਦਿਆਂ ਸਿੱਖ ਜੱਥੇਬੰਦੀਆਂ ਨੇ ਲੁਧਿਆਣਾ ਵਿੱਚ ਲੈਟਾਂ ਵਾਲੇ ਪਾਖੰਡੀ ਸਾਧ ਦਾ ਸਮਾਗਮ ਰੋਕਿਆ ਤੇ ਪੁਲੀਸ ਨੇ ਗੋਲੀ ਚਲਾਈ ਦੋ ਨੌਜਵਾਨ ਸ਼ਹੀਦ ਹੋ ਗਏ, ਕੋਈ ਕਾਰਵਾਈ ਨਹੀਂ ਹੋਈ। ਜੱਥੇਦਾਰ ਜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਪੀਆਂ ਹਿੰਦੀ ਦੀਆਂ ਪੁਸਤਕਾਂ ਵਿਚ ਇਤਿਹਾਸ ਨੂੰ ਤੋੜ ਮਰੋੜ ਕਿ ਗੁਰੂ ਸਾਹਿਬਾਨ ਦਾ ਅਪਮਾਨ ਕੀਤਾ ਗਿਆ ਉਸ ਦੀ ਜ਼ਿੰਮੇਵਾਰੀ ਕੌਣ ਲਏਗਾ? ੨੦੦੭ ਤੋਂ ੨੦੧੭ ਤਕ ਸ਼੍ਰੋਮਣੀ ਅਕਾਲੀ ਬਾਦਲ ਦੀ ਸਰਕਾਰ ਰਹੀ ਹੈ—ਇਸ ਸਮੇਂ ਦੌਰਾਨ ਪੰਥਕ ਸਰਕਾਰ ‘ਤੇ ਚਿੱਟਾ, ਸਮੈਕ, ਹੈਰੋਇਨ, ਰੇਤ ਮਾਫੀਆ, ਗੁੰਡਾਗਰਦੀ, ਜ਼ਮੀਨਾਂ ‘ਤੇ ਕਬਜ਼ੇ ਆਦਿ ਦੀਆਂ ਖਬਰਾਂ ਨਸ਼ਰ ਹੁੰਦੀਆਂ ਰਹੀਆਂ ਪਰ ਅਕਾਲ ਤੱਖਤ ਦੇ ਜੱਥੇਦਾਰ ਨੇ ਕੋਈ ਵੀ ਬਿਆਨ ਨਹੀਂ ਦਿੱਤਾ। ਜੱਥੇਦਾਰ ਜੀ! ਅਕਾਲੀਆਂ ਦੀ ਸਰਕਾਰ ਸਮੇਂ ਪੰਜਾਬੀਆਂ ਨੂੰ ਛੱਡ ਕਿ ਬਾਹਰਲੇ ਰਾਜਾਂ ਵਾਲਿਆਂ ਨੂੰ ਸਰਕਾਰੀ ਨੌਕਰੀਆਂ ਨਹੀਂ ਦਿੱਤੀਆਂ ਗਈਆਂ? ਕੀ ਪੰਜਾਬੀਆਂ ਦੇ ਹੱਕਾਂ ‘ਤੇ ਡਾਕਾ ਨਹੀਂ ਸੀ? ਜੱਥੇਦਾਰਾਂ ਨੇ ਜਾਣਦੇ ਹੋਏ ਵੀ ਕਦੇ ਕੋਈ ਬਿਆਨ ਨਹੀਂ ਦਿੱਤਾ। ਸਿੱਖ ਸਿਧਾਂਤ ਕਿਸੇ ਤਸਵੀਰ ਨੂੰ ਮਾਨਤਾ ਨਹੀਂ ਦਿੰਦਾ ਪਰ ਜਿਹੜੀ ਸੌਦਾ ਸਾਧ ਨੂੰ ਪੁਸ਼ਾਕ ਭੇਜੀ ਗਈ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਦਾ ਨਾਂ ਲੱਗਦਾ ਹੋਵੇ ਉਸ ‘ਤੇ ਅਕਾਲ ਤੱਖਤ ਦੇ ਜੱਥੇਦਾਰ ਵਲੋਂ ਕੋਈ ਨੋਟਸ ਨਹੀਂ ਲਿਆ ਗਿਆ, ਕਿਉਂਕਿ ਚੁੱਪ ਰਹਿਣ ਵਿਚ ਹੀ ਤੁਸਾਂ ਭਲਾ ਸਮਝਿਆ। ਪੁਸ਼ਾਕ ਵਾਲਾ ਕੇਸ ਬਠਿੰਡਾ ਅਦਾਲਤ ਵਿਚ ਚਲਦਾ ਸੀ, ਪਰ ਸਿਰ ‘ਤੇ ਚੋਣਾਂ ਆ ਗਈਆਂ, ਵੋਟਾਂ ਟੁਟਦੀਆਂ ਦੇਖ ਕੇ ਬਾਦਲ ਸਰਕਾਰ ਨੇ ਸੌਦਾ ਸਾਧ ਦਾ ਕੇਸ ਬਠਿੰਡਾ ਅਦਾਲਤ ਵਿਚੋਂ ਵਾਪਸ ਲੈ ਲਿਆ ਕਿਉਂ,। ਕੀ ਜੱਥੇਦਾਰਾਂ ਦੀ ਕੋਈ ਕੌਮੀ ਜ਼ਿੰਮੇਵਾਰੀ ਨਹੀਂ ਬਣਦੀ ਸੀ? ਕੀ ਤੁਸੀਂ ਦਬਕੇ ਮਾਰਨ ਵਾਸਤੇ ਹੀ ਹੋ?
ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਚਾਰ ਵਾਰ ਗੋਲੀ ਕਾਂਡ ਹੋਏ, ਚਾਰਾਂ ਵਿਚ ਹੀ ਸਿੱਖ ਸ਼ਹੀਦ ਹੁੰਦੇ ਰਹੇ। ਕੌਣ ਜਵਾਬ ਦੇਏਗਾ? ਜੱਥੇਦਾਰ ਜੀ ਤੁਸਾਂ ਤਾਂ ਅਕਾਲੀ ਦਲ ਬਾਦਲ ਹਾਰਨ ‘ਤੇ ਸਮੁੱਚੀ ਕੌਮ ਨੂੰ ਬਤਮੀਜ਼ ਵਰਗੇ ਸ਼ਬਦ ਵੀ ਕਹਿਣੋ ਗੁਰੇਜ਼ ਨਹੀਂ ਕੀਤਾ। ਮੋਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਬਣਾਏ ਅਕਾਲੀ ਦਲ ਬਾਦਲ ਹੁਬ-ਹੁਬ ਕੇ ਉਹਨਾਂ ਕਾਨੂੰਨਾਂ ਦੇ ਹੱਕ ਵਿਚ ਭੁਗਤਦਾ ਰਿਹਾ। ਬੀਬੀ ਹਰਿ ਸਿਮਰਤ ਕੌਰ ਤਾਂ ਇਹਨਾਂ ਕਾਨੂੰਨਾਂ ਦੀਆਂ ਖੂਬੀਆਂ ਸਮਝਾਉਦੀ ਰਹੀ। ਜਦੋਂ ਤੁਹਾਡੇ ਪੈਰਾਂ ਨੂੰ ਸੇਕ ਲੱਗਿਆ ਤਾਂ ਤੁਸਾਂ ਪਲਟੀ ਮਾਰੀ। ਜੇ ਜੰਮੂ ਕਸ਼ਮੀਰ ਦੀ ੩੭੦ ਧਾਰਾ ਰੱਦ ਕੀਤੀ ਤਾਂ ਤੁਸਾਂ ਸਰਕਾਰ ਟੁਟਣ ਦੇ ਡਰੋਂ ਉਸ ਦੀ ਪੂਰੀ ਹਮਾਇਤ ਕੀਤੀ। ਸ਼ਰਮ ਵਾਲੀ ਗੱਲ ਹੈ ਕਿ ਰਾਜਾਂ ਨੂੰ ਵੱਧ ਅਧਿਕਾਰ ਦਿਵਾਉਣ ਦੀ ਕਿਸੇ ਸਮੇਂ ਗੱਲ ਕਰਨ ਵਾਲੀ ਜੱਥੇਬੰਦੀ ਨਿੱਜੀ ਲਾਲਸਾਵਾਂ ਵਿਚ ਡੁੱਬ ਕਿ ਰਹਿ ਗਈ ਹੈ। ਜੱਥੇਦਾਰ ਜੀ! ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਪੰਥ ਨਹੀਂ ਹੈ ਸਗੋਂ ਜਿਹੜਾ ਵੀ ਗੁਰੂ ਆਸ਼ੇ ਅਨੁਸਾਰ ਗੁਰੁ ਗ੍ਰੰਥ ਸਾਹਿਬ ‘ਤੇ ਭਰੋਸਾ ਰੱਖਦਾ ਹੈ ਉਹ ਪੰਥ ਦਾ ਨਿਰੋਆ ਹਿੱਸਾ ਹੈ। ਬਰਗਾੜੀ ਮੁਆਮਲਾ, ਗੁਰੁ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ, ਸ਼ਾਂਤ ਬੈਠੀਆਂ ਸੰਗਤਾਂ ‘ਤੇ ਗੋਲੀ ਚਲਣੀ ਸੌਧਾ ਸਾਧ ਦੀ ਫਿਲਮ ਚਲਾਉਣ ਦੀ ਆਗਿਆ ਦੇਣੀ, ਇਹ ਸਾਰੀਆਂ ਗੱਲਾਂ ਇਹਨਾਂ ਦੇ ਖਾਤੇ ਵਿਚ ਹੀ ਪੈਂਦੀਆਂ ਹਨ ਕਿਉਂਕਿ ਬਾਦਲ ਦਲ ਸਰਕਾਰ ਚਲਾ ਰਿਹਾ ਸੀ। ਜੱਥੇਦਾਰ ਜੀ ਕੇਵਲ ਬਾਦਲ ਦਲ ਨੂੰ ਸਥਾਪਿਤ ਕਰਨ ਦੀ ਲੋੜ ਨਹੀਂ ਸਗੋਂ ਸਮੁੱਚੇ ਪੰਥ ਨੂੰ ਏਕਤਾ ਵਿਚ ਪਰੋਣ ਦੀ ਲੋੜ ਹੈ।
ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਵਾਲੀ ਵਿਚਾਰ ਵੀ ਕਰ ਲੈਣ ਵਿਚ ਕੋਈ ਹਰਜ ਨਹੀਂ। ਜੱਥੇਦਾਰ ਜੀ ਜਦੋਂ ਸੰਸਥਾ ਗਲਤ ਫੈਸਲੇ ਲਏਗੀ ਤਾਂ ਓਦੋਂ ਉਂਗਲ਼ਾਂ ਉਠਣਗੀਆਂ। ਕੀ ਸਿੰਘ ਸਾਹਿਬਾਨ ਤੇ ਚੰਡੀਗੜ੍ਹ ਜਾ ਕੇ ਸੌਦਾ ਸਾਧ ਦੀ ਮੁਆਫੀ ਦੀ ਇਬਾਰਤ ਲਿਖਣ ਦਾ ਦੋਸ਼ ਨਹੀਂ ਲੱਗ ਰਿਹਾ। ਕੀ ਸ਼੍ਰੋਮਣੀ ਕਮੇਟੀ ਦੀ ਬੌਧਿਕ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਕਮੇਟੀ ਬਦਨਾਮ ਹੋ ਜਾਏਗੀ? ਓਦੋਂ ਤਾਂ ਕੇਵਲ ਵੋਟਾਂ ਦੀ ਖਾਤਰ ਜਾਂ ਬਾਦਲ ਪਰਵਾਰ ਨੂੰ ਬਚਾਉਣ ਲਈ ਸਿੱਖਾਂ ਦੀ ਸਿਰਮੋਰ ਸੰਸਥਾ ਦਾ ੯੨ ਲੱਖ ਸੰਗਤ ਦੀ ਚੜ੍ਹਤ ਵਿਚੋਂ ਇਸ ਕੰਮ ਲਈ ਲੱਗ ਗਿਆ ਕਿ ਸੌਦਾ ਸਾਧ ਤਾਂ ਬਹੁਤ ਧਰਮੀ ਪੁਰਸ਼ ਹੈ? ਕੀ ਸਾਡੀ ਸੰਸਥਾ ਇਸ ਦਿਨ ਨੀਵੇਂ ਤਲ ‘ਤੇ ਨਹੀਂ ਆ ਗਈ ਸੀ। ਜੱਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਜੱਥੇਦਾਰ ਬਣਨ ਉਪਰੰਤ ਸ਼੍ਰੋਮਣੀ ਕਮੇਟੀ ਨੂੰ ਇਕ ਪੱਤਰ ਲਿਖਿਆ ਸੀ ਕਿ ਅਕਾਲ ਤੱਖਤ ਦੇ ਜੱਥੇਦਾਰ ਨੂੰ ਜੱਥੇਦਾਰ ਥਾਪਣ ਲਈ ਤੇ ਅਹੁਦੇ ਤੋਂ ਉਤਾਰਨ ਲਈ ਕੋਈ ਵਿਧੀ ਵਿਧਾਨ ਜ਼ਰੂਰ ਹੋਣਾ ਚਾਹੀਦਾ ਹੈ। ਅਜੇ ਤਕ ਸ਼੍ਰੋਮਣੀ ਕਮੇਟੀ ਨੇ ਅਜੇਹੇ ਸਵਾਲ ਵਲ ਕਦੇ ਤਵੱਜੋਂ ਦਿੱਤੀ? ਅਕਾਲ ਤੱਖਤ ਦੇ ਜੱਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਸਾਧ ਧਨਵੰਤ ਸਿੰਘ ਨੂੰ ਬਲਾਤਕਾਰ ਦੇ ਕੇਸ ਵਿਚ ਕਲੀਨ ਚਿੱਟ ਦਿੰਦੇ ਹਨ ਜਦ ਕਿ ਕੋਰਟ ਏਸੇ ਸਬੰਧ ਵਿਚ ਬਾ-ਮਸ਼ੱਕਤ ਸਜਾ ਸਣਾਉਂਦੀ ਹੈ, ਦੱਸੋ ਸਿੱਖ ਸੰਸਥਾ ਨੂੰ ਕੌਣ ਬਦਨਾਮ ਕਰ ਰਿਹਾ ਹੈ? ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਵਾਲੇ ਕਾਰਨਾਮੇ ਤੁਸੀਂ ਖ਼ੁਦ ਕਰੀ ਜਾ ਰਹੇ, ਦੋਸ਼ ਦੂਜਿਆਂ ਸਿਰ ਮੜ੍ਹ ਰਹੇ ਹੋ, ਹੈ ਨਾ ਜੱਗੋਂ ਤੇਰ੍ਹਵੀਂ। ਜੱਥੇਦਾਰ ਜੀ ਚੇਤਾ ਕਰੋ! ਤੁਸੀਂ ਖੁਦ ਸ਼੍ਰੋਮਣੀ ਕਮੇਟੀ ਨੂੰ ਪੱਤਰ ਲਿਖਿਆ ਹੈ ਕਿ ਦਰਬਾਰ ਸਾਹਿਬ ਤੋਂ ਹੁੰਦੇ ਪ੍ਰਸਾਰਣ ਸਬੰਧੀ ਕੋਈ ਠੋਸ ਨੀਤੀ ਬਣਾਈ ਜਾਏ, ਕਮੇਟੀ ਆਪਣਾ ਚੈਨਲ ਆਪ ਬਣਾਵੇ, ਕੀ ਸਿੱਖ ਸੰਸਥਾ ਨੇ ਅਮਲ ਕਰ ਲਿਆ ਹੈ? ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ੩੨੮ ਪਾਵਨ ਸਰੂਪ ਕਿੱਥੇ? ਕੀ ਕੋਈ ਜ਼ਿੰਮੇਵਾਰੀ ਤਹਿ ਕੀਤੀ ਗਈ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੱਡੇ ਬਾਦਲ ਨੂੰ ਫ਼ਖਰ-ਏ-ਕੌਮ ਦਾ ਸਨਮਾਨ ਦਿੱਤਾ ਗਿਆ ਹੈ। ਜ਼ਰਾ ਦੱਸੋਗੇ ਕਿ ਬਾਦਲ ਨੂੰ ਇਹ ਸਨਮਾਨ ਕਿਉਂ ਦਿੱਤਾ ਗਿਆ। ਬਾਦਲ ਨੇ ਕੌਮ ਲਈ ਜਾਂ ਧਰਮ ਪਰਚਾਰ ਦੇ ਖੇਤਰ ਵਿਚ ਕੀ ਯੋਗਦਾਨ ਪਾਇਆ ਹੈ? ਗੁਰੂ ਨਾਨਕ ਯੂਨੀਵਰਸਟੀ ਵਿਚ ਬਾਬਾ ਰਾਮ ਸਿੰਘ ਨਾਮਧਾਰੀ ਦੇ ਨਾਂ ‘ਤੇ ਸਤਿਗੁਰ ਰਾਮ ਸਿੰਘ ਚੇਅਰ ਸਥਾਪਿਤ ਕਰਕੇ ਗੁਰੁ ਸਾਹਿਬ ਦੀ ਬਰਾਬਰੀ ਨਹੀਂ ਕਰਾਈ?
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਵੇ, ਸੌਧਾ ਸਾਧ ਦੇ ਅੱਗੇ ਹੱਥ ਬੰਨੀ ਖੜਾ ਹੋਵੇ, ਮੱਥੇ ‘ਤੇ ਤਿਲਕ ਲਗਾ ਕੇ ਹਵਨ ਕਰਦਾ ਹੋਵੇ, ਸਿੱਖੀ ਸਰੋਕਾਰਾਂ ਵਲੋਂ ਪੂਰੀ ਤਰ੍ਹਾਂ ਮੂੰਹ ਮੋੜਿਆ ਹੋਵੇ—ਅਜੇਹੇ ਕਾਰਨਾਮਿਆਂ ਸਬੰਧੀ ਕਦੋਂ ਪੁੱਛ ਪੜਤਾਲ ਕਰੋਗੇ? ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸਿੱਖ ਸਿਧਾਂਤ ਤੋਂ ਉਲਟ ਕਰਮਾਂ ਦੀ ਸੂਚੀ ਬਹੁਤ ਲੰਬੀ ਹੈ। ਸਮਝਿਆ ਜਾ ਸਕਦਾ ਹੈ ਕਿ ਬਾਦਲ ਅਕਾਲੀ ਦਲ ਵਲੋਂ ਕੀਤੇ ਕੰਮਾਂ ‘ਤੇ ਤੁਹਾਡੀ ਸਹਿਮਤੀ ਰਹੀ ਹੈ। ਜੇ ਅਜੇਹਾ ਨਹੀਂ ਸੀ ਤਾਂ ਤੁਹਾਨੂੰ ਸਮੇਂ ਸਿਰ ਜ਼ਰੂਰ ਆਪਣੀ ਹੋਂਦ ਦਾ ਅਹਿਸਾਸ ਕਰਾਉਣਾ ਚਾਹੀਦਾ ਸੀ। ਤੁਸੀਂ ਮੂਕ ਦਰਸ਼ਕ ਬਣੇ ਰਹੇ ਹੋ ਕਿਉਂ ਕਿ ਤੁਸੀਂ ਉਹਨਾਂ ਦੇ ਰਹਿਮੋ ਕਰਮ ‘ਤੇ ਹੀ ਇਸ ਅਹੁਦੇ ‘ਤੇ ਬਿਰਾਜਮਾਨ ਹੋ। ਜੱਥੇਦਾਰ ਜੀ ਅਕਾਲੀਆਂ ਦੀ ਸਰਕਾਰ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਹੋਵੇ, ਤੁਸੀਂ ਦੱਸ ਦਿਓ ਜ਼ਿੰਮੇਵਾਰੀ ਕਿਸਦੀ ਹੈ? ਹੁਣ ਅਦਾਲਤ ਵਿਚ ਕੇਸ ਦਰਜ ਹੋਇਆ ਕਿ ਬਾਦਲ ਦੀ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਤਥਾਂ ਨੂੰ ਲੁਕਾਇਆ ਗਿਆ ਹੈ ਅਤੇ ਜਾਣ ਬੁਝ ਕਿ ਜਾਂਚ ਨੂੰ ਹੋਰ ਪਾਸੇ ਲਿਜਾਣ ਦਾ ਯਤਨ ਕੀਤਾ ਹੈ। ਇਹ ਸਾਰਾ ਮਸਲਾ ਸਿੱਖ ਕੌਮ ਦੇ ਸਰੋਕਾਰਾਂ ਨਾਲ ਜੁੜਿਆ ਹੈ, ਕੀ ਅਕਾਲ ਤੱਖਤ ਵਲੋਂ ਕੋਈ ਕਾਰਵਾਈ ਕੀਤੀ ਗਈ? ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਬਰਗਾੜੀ ਮੋਰਚਾ ਲੱਗਿਆ ਹੈ ਕੀ ਆਪ ਜੀ ਕਦੇ ਓੱਥੇ ਗਏ ਹੋ। ਜੇ ਨਹੀਂ ਗਏ ਤਾਂ ਇਸ ਦਾ ਜੁਆਬ ਕੌਣ ਦੇਏਗਾ? ਦਿਨ ਦੀ ਚਿੱਟੀ ਧੁੱਪ ਵਾਂਗ ਇਹ ਸੱਚ ਹੈ ਕਿ ਬੰਦੀ ਸਿੰਘਾਂ ਸਬੰਧੀ ਬਾਦਲ ਦਲ ਦੀ ਸਰਕਾਰ ਨੇ ਅੜਿਕਾ ਹੀ ਖੜਾ ਕੀਤਾ ਹੈ ਸਗੋਂ ਲੋਕ ਸਭਾ ਰਾਜ ਸਭਾ ਜਾਂ ਵਿਧਾਨ ਸਭਾ ਵਿਚ ਇਹਨਾਂ ਨੂੰ ਕਿੰਨੇ ਮੌਕੇ ਮਿਲੇ ਹਨ ਇਹਨਾਂ ਨੇ ਕਦੇ ਜ਼ਬਾਨ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਹਾਅ ਦਾ ਨਾਅਰਾ ਨਹੀਂ ਮਾਰਿਆ। ਤੁਸੀਂ ਏਨਾ ਕੁ ਪੁਛ ਸਕਦੇ ਹੋ ਕਿ ਤੁਸੀਂ ਪੰਥ ਦੇ ਭਲੇ ਲਈ ਕਿਹੜਾ ਕੰਮ ਕੀਤਾ ਜੇ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਨਹੀਂ ਤੋੜ ਸਕਦਾ ਪਰ ਇਸ ਦੀ ਅਰੰਭਤਾ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਨਾਲ ਹੀ ਮੁੱਢ ਬੱਝ ਗਿਆ ਸੀ। ਫਿਰ ਪਾਕਿਸਤਾਨ ਵਿਚ ਰਹਿ ਗਏ ਗੁਰਦੁਆਰਿਆਂ ਦਾ ਪ੍ਰਬੰਧ ਸਹੀ ਕਰਨ ਲਈ ਓੱਥੇ ਰਹਿ ਰਹੇ ਸਿੱਖ ਭਾਈਚਾਰੇ ਤੇ ਹੋਰ ਬਾਹਰਲੇ ਦੇਸ਼ਾਂ ਦੀ ਸਹਾਇਤਾ ਨਾਲ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ। ਹੁਣ ਹਰਿਆਣਾ ਵਿਚਲੇ ਗੁਰਦੁਆਰਿਆਂ ਦਾ ਪ੍ਰਬੰਧ ਹਰਿਆਣੇ ਦੇ ਸਿੱਖਾਂ ਨੇ ਆਪ ਕਰਨ ਦਾ ਯਤਨ ਕੀਤਾ ਹੈ ਤਾਂ ਰੋਸ ਕਿਸ ਗੱਲ ਦਾ? ਸ਼੍ਰੋਮਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਾਂ ਇਹ ਹਾਲ ਸੀ ਕਿ ਜੇ ਕਿਸੇ ਮੁਲਾਜ਼ਮ ਨੂੰ ਸਜਾ ਦੇਣੀ ਹੁੰਦੀ ਸੀ ਤਾਂ ਉਸ ਨੂੰ ਹਰਿਆਣੇ ਦੇ ਕਿਸੇ ਗੁਰਦੁਆਰੇ ਵਿਚ ਤਬਦੀਲ ਕਰ ਦਿੱਤਾ ਜਾਂਦਾ ਰਿਹਾ ਹੈ। ਜੇਹਾ ਭਾਈ ਗੁਰਮੁਖ ਸਿੰਘ ਨੇ ਜਦੋਂ ਚੰਡੀਗੜ੍ਹ ਵਾਲਾ ਸੱਚ ਲੋਕਾਂ ਸਾਹਮਣੇ ਰੱਖਿਆ ਤਾਂ ਉਸ ਦੀ ਬਦਲੀ ਵੀ ਹਰਿਆਣੇ ਦੇ ਗੁਰਦੁਆਰਾ ਵਿਚ ਹੀ ਕੀਤੀ ਗਈ ਸੀ। ਸ਼੍ਰੋਮਣੀ ਕਮੇਟੀ ਨੇ ਹਰਿਆਣੇ ਦੇ ਗੁਰਦੁਆਰਿਆਂ ਨੂੰ ਏਦਾਂ ਸਮਝਿਆ ਹੋਇਆ ਸੀ ਜਿਵੇਂ ਕਾਲੇਪਾਣੀ ਦੀ ਸਜਾ ਦੇਣੀ ਹੋਵੇ। ਸ਼੍ਰੋਮਣੀ ਕਮੇਟੀ ਨੂੰ ਕੋਈ ਨਹੀਂ ਤੋੜ ਸਕਦਾ ਸਿਰਫ ਹਰਿਆਣੇ ਵਿਚੋਂ ਬਾਦਲ ਦਾ ਦਬਦਬਾ ਹੀ ਖਤਮ ਹੋਇਆ ਹੈ ਗੁਰਦੁਆਰਿਆਂ ਦਾ ਪ੍ਰਬੰਧ ਤਾਂ ਓਦਾਂ ਹੀ ਚਲ ਰਿਹਾ ਹੈ। ਜੇ ਹਰਿਆਣੇ ਦੇ ਗਰੁਦੁਆਰਿਆਂ ਵਿਚ ਸਿੱਖ ਰਹਿਤ ਮਰਿਯਾਦਾ ਲਾਗੂ ਹੈ ਫਿਰ ਕੀ ਸਮੱਸਿਆ ਹੈ?
ਜੱਥੇਦਾਰ ਜੀ ਚੌਥਾ ਨੁਕਤਾ ਜਿਹੜਾ ਤੁਸਾਂ ਕਹਿਆ ਹੈ ਕਿ ਜਿਸ ਤਰ੍ਹਾਂ ਸ਼ਰੋਮਣੀ ਕਮੇਟੀ ਤੋੜੀ ਹੈ ਏਸੇ ਤਰ੍ਹਾਂ ਭਾਰਤ ਦੀ ਪਾਰਲੀਮੈਂਟ ਵੀ ਟੁੱਟੇਗੀ? ਕੀ ਇਸ ਤਰਕ ਵਿਚ ਕੋਈ ਬੋਧਿਕਤਾ ਦਿਖਾਈ ਦਿੰਦੀ ਹੈ? ਇਹ ਤਾਂ ਹਾਰੀਆਂ ਹੋਈਆਂ ਕੌਮਾਂ ਦੇ ਤਰਲੇ ਹਨ। ਏਦਾਂ ਦਾ ਵਰਤਾਰਾ ਗੁਰੂ ਨਾਨਕ ਸਾਹਿਬ ਜੀ ਦੇ ਵੀ ਸਾਹਮਣੇ ਸੀ ਜਦੋਂ ਭਾਰਤ ਦੇ ਪਾਖੰਡੀ ਸਾਧੂ ਰਾਜਿਆਂ ਨੂੰ ਇਹ ਕਹਿੰਦੇ ਸੀ ਕਿ ਤੁਸੀਂ ਸਾਡੀ ਸੇਵਾ ਪਾਣੀ ਜਾਰੀ ਰੱਖੋ ਅਸੀਂ ਨਾਮ ਜਪਾਂਗੇ, ਜਦੋਂ ਵੀ ਤੁਹਾਡੇ ‘ਤੇ ਮੁਸੀਬਤ ਬਣੇਗੀ ਅਸੀਂ ਗੈਬੀ ਸ਼ਕਤੀਆਂ ਨਾਲ ਮੰਤ੍ਰ ਫੂਕਾਂਗੇ ਜਿਸ ਨਾਲ ਹਮਲਾਵਰ ਅੰਨ੍ਹੇਂ ਹੋ ਜਾਣਗੇ, ਤੁਸਾਂ ਫਿਰ ਕਬਜ਼ਾ ਕਰ ਲੈਣਾ। ਅਜੇਹੇ ਪਾਖੰਡ ਦਾ ਗੁਰੂ ਨਾਨਕ ਸਾਹਿਬ ਜੀ ਨੇ ਪਰਦਾ ਚੁੱਕ ਦਿੱਤਾ— ਕੋਈ ਮੁਗਲ ਨ ਹੋਆ ਅੰਧਾ ਕਿਨੈ ਨਾ ਪਰਚਾ ਲਾਇਆ॥ ਪੰਨਾ ੪੧੭ ਸਤਿਕਾਰ ਯੋਗ ਜੱਥੇਦਾਰ ਜੀ ਕੌਮ ਨੂੰ ਡੇਰਾਵਾਦ ਦੀ ਅਮਰਵੇਲ ਚੰਬੜੀ ਹੋਈ ਹੈ, ਰਾਜਨੀਤਿਕ ਪੱਖ ਸਿੱਖੀ ਸਿਧਾਂਤ ਦੀਆਂ ਲੀਹਾਂ ਤੋਂ ਲੱਥਿਆ ਹੋਇਆ ਹੈ, ਸਿੱਖ ਰਾਇਫ੍ਰੈਂਸ ਲਾਇਬ੍ਰੇਰੀ ਦਾ ਮਸਲਾ ਹੱਲ ਕਰਨ ਲਈ ਕਮੇਟੀ ਬਣਾਈ ਸੀ ਪਰ ਨਿਤਾਰਾ ਕੋਈ ਨਹੀਂ ਹੋਇਆ। ਸਰਕਾਰ ਆਖਦੀ ਹੈ ਸਾਰੀਆਂ ਪੁਸਤਕਾਂ ਵਾਪਸ ਕਰ ਦਿੱਤੀਆਂ,ਪਰ ਸ਼੍ਰੋਮਣੀ ਕਮੇਟੀ ਆਖਦੀ ਹੈ ਕਿ ਪੁਸਤਕ ਵਾਪਸ ਕੋਈ ਨਹੀਂ ਆਈ। ਇਸ ਦਾ ਨਿਪਟਾਰਾ ਕੌਣ ਕਰੇਗਾ? ਇਹ ਜ਼ਿੰਮੇਵਾਰੀ ਕਿਸਦੀ ਹੈ? ਸਭ ਤੋਂ ਵੱਡਾ ਦੁਖਾਂਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਮੇਂ ਸਿਰ ਚੋਣਾਂ ਹੀ ਨਹੀਂ ਹੁੰਦੀਆਂ, ਇਸ ਸਬੰਧੀ ਕੋਈ ਕੌਮੀ ਰਾਇ ਪੈਦਾ ਕਰਨ ਲਈ ਠੋਸ ਉਪਰਾਲਾ ਕਰਨ ਦਾ ਯਤਨ ਕਰਨਾ ਚਾਹੀਦਾ ਹੈ।
ਅੱਜ ਕੀ ਕਾਰਨ ਹੈ ਕਿ ਕੌਮ ਦਾ ਜੱਥੇਦਾਰ ਬੰਦ ਗੱਡੀਆਂ ਵਿਚ ਆਉਂਦਾ ਜਾਂਦਾ ਹੈ ਜਾਂ ਗਿਣਤੀ ਮਿਣਤੀ ਦੇ ਗੁਰਦੁਆਰਿਆਂ ਵਿੱਚ ਹੀ ਜਾਂਦਾ ਹੈ। ਅਜ਼ਾਦੀ ਨਾਲ ਕਿਉਂ ਨਹੀਂ ਸਿੱਖੀ ਦੇ ਪ੍ਰਚਾਰ ਵਿਚ ਯੋਗਦਾਨ ਪਾ ਰਹੇ। ੨੦੦੩ ਵਾਲਾ ਕੈਲੰਡਰ ਲਾਗੂ ਕਰਨ ਵਿਚ ਕੀ ਦਿੱਕਤ ਹੈ? ਜਿਹੜੇ ਕੰਮ ਤੁਹਾਡੇ ਕਰਨ ਵਾਲੇ ਹਨ ਘੱਟੋ ਘੱਟ ਉਹ ਤਾਂ ਤੁਸੀਂ ਕਰ ਲਓ। ਸਤਿਕਾਰ ਯੋਗ ਜੱਥੇਦਾਰ ਜੀ ਤੁਸੀਂ ਇਕ ਧਿਰ ਦੇ ਜੱਥੇਦਾਰ ਨਹੀਂ ਹੋ ਤੁਸੀਂ ਸਮੁੱਚੇ ਪੰਥ ਨਾਲ ਸਬੰਧ ਰੱਖਦੇ ਹੋ। ਪਰ ਲੱਗਦਾ ਹੈ ਕਿ ਤੁਹਾਨੂੰ ਡੇਰਿਆਂ ਤੋਂ ਹੀ ਵੇਹਲ ਨਹੀਂ ਹੈ। ਜਿਹੜੇ ਡੇਰੇਦਾਰ ਆਪੋ ਆਪਣੀ ਮਰਯਾਦਾ ਚਲਾ ਰਹੇ ਹਨ, ਗੁਰੁ ਗ੍ਰੰਥ ਸਾਹਿਬ ਜੀ ਦੀ ਸਿਰਮੋਰਤਾ ਨੂੰ ਚਣੌਤੀ ਦੇ ਰਹੇ ਹਨ, ਉਨ੍ਹਾਂ ਦੀ ਸਲਾਹ ਨਾਲ ਚੱਲਣਾ ਹੀ ਤੁਹਾਡਾ ਧਰਮ ਬਣਿਆ ਹੋਇਆ ਹੈ। ਸਪੱਸ਼ਟ ਕਾਰਨ ਹੈ ਕਿ ਡੇਰਿਆਂ ਦੀਆਂ ਵੋਟਾਂ ਅਕਾਲੀ ਦਲ ਬਾਦਲ ਨੂੰ ਚਾਹੀਦੀਆਂ ਹਨ ਤੇ ਤੁਸੀਂ ਅਕਾਲੀ ਦਲ ਬਾਦਲ ਦੀ ਲਕੀਰ ਤੋਂ ਪਾਸੇ ਹੋਣ ਦੀ ਸੋਚ ਵੀ ਨਹੀਂ ਸਕਦੇ।
ਜੱਥੇਦਾਰ ਜੀ ਦੋਸ਼ ਦੂਜਿਆਂ ‘ਤੇ ਲਾਉਣ ਨਾਲ ਕੁਝ ਨਹੀਂ ਹੋਣਾ, ਕਿਉਂਕਿ ਲੋਕ ਜਾਣਦੇ ਹਨ ਕਿ ਸਾਰੀ ਡਰਾਮੇਬਾਜ਼ੀ ਅਕਾਲੀ ਦਲ ਬਾਦਲ ਨੂੰ ਮੁੜ ਸਤਾ ਵਿਚ ਲਿਆਉਣੁ ਲਈ ਕੀਤੀ ਜਾ ਰਹੀ ਹੈ। ਜੱਥੇਦਾਰ ਜੀ ਇਤਿਹਾਸ ਕਦੇ ਕਿਸੇ ਨੂੰ ਮੁਆਫ਼ ਨਹੀਂ ਕਰਦਾ, ਤੁਸੀ ਚਾਹੁੰਦੇ ਹੋ ਕਿ ਇਤਿਹਾਸ ਵਿਚ ਮੇਰਾ ਵੀ ਨਾਂ ਰਹੇ ਤਾਂ ਇਮਾਨਦਾਰੀ ਨਾਲ ਨਿਰਣਾ ਕਰੋ ਕਿ ਪੰਥ ਦੇ ਅਸਲ ਦੋਸ਼ੀ ਕੌਣ ਹਨ? ਜੇ ਤੁਸੀਂ ਉਨ੍ਹਾਂ ਨੂੰ ਲਲਕਾਰਨ ਦਾ ਯਤਨ ਕਰੋਗੇ ਤਾਂ ਨਿਸਚੇ ਹੀ ਸਾਰੀ ਕੌਮ ਤੁਹਾਨੂੰ ਸਾਥ ਦੇਵੇਗੀ। ਕਲ ਤਲਕ ਜੋਬਨ ਜਿੰਨ੍ਹਾਂ ਦਾ ਤੇਗ ਤੇ ਨਚਦਾ ਰਿਹਾ, ਅੱਜ ਉਨ੍ਹਾਂ ਸ਼ੇਰਾਂ ਨੂੰ ਪਿੰਜਰੇ ਪਾ ਲਿਐ ਸ਼ਿਕਾਰੀਆਂ। ਦਰੋਪਤੀ ਵਾਂਗ ਅਣਖ਼ ਲਾਚਾਰ ਹੋ ਕੇ ਬਹਿ ਗਈ, ਹਾਰ ਦਿੱਤੀ ਪਾਂਡੂਆਂ ਵਾਂਗ ਇਨ੍ਹਾਂ ਜੁਆਰੀਆਂ। ਨਿੱਤ ਨਵੇਂ ਸੂਰਜ ਦੀਆਂ ਕਿਰਨਾਂ ਨੇ ਤਾਹਨੇ ਦੇਂਦੀਆਂ, ਖੂਬ ਚਮਕਾਇਆ ਏ ਤੇਰਾ ਨਾਂ ਤੇਰੇ ਪੁਜਾਰੀਆਂ। ਦੁਸ਼ਮਣਾਂ ਤੇ ਕੀ ਗਿਲਾ ਈ, ਪਾਤਸ਼ਾਹਾਂ ਦੇ ਪਾਤਸ਼ਾਹ, ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖ਼ੁਦ ਸਰਦਾਰੀਆਂ। ਪ੍ਰੀਤਮ ਸਿੰਘ ‘ਕਾਸਦ’