ਗੁਰਮਤਿ ਗਿਆਨ ਮਿਸ਼ਨਰੀ ਕਾਲਜ Gurmat Gian Missionary College

ਪ੍ਰਿੰ: ਗੁਰਬਚਨ ਸਿੰਘ

ਸਿੰਘ ਸਭਾ ਲਹਿਰ ਦੀ ਦੇਣ ਤੇ ਵਰਤਮਾਨ ਜ਼ਿੰਮੇਵਾਰੀ

ਭਾਈਚਾਰਕ ਸਾਂਝ, ਹਲੇਮੀ ਰਾਜ ਦੀ ਸਥਾਪਨਾ ਤੇ ਸਿੱਖ ਰਾਜ ਦੀ ਨੀਂਹ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਸੱਚ ‘ਤੇ ਰੱਖ ਦਿੱਤੀ ਸੀ।
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ (966)
ਨੌਂ ਗੁਰੂ ਸਾਹਿਬਾਨ ਜੀ ਨੇ ਸੱਚ ਨੂੰ ਪ੍ਰਗਟ ਕੀਤਾ। ਸਚਾਈ ਦੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਲਈ ਸ਼ਹਾਦਤਾਂ ਦਾ ਜਾਮ ਪੀਤਾ। ਸੱਚ ਜਿਹੜਾ ਕਦੇ ਪੁਰਾਣਾ ਨਹੀਂ ਹੁੰਦਾ ਜਿਸ ਨੂੰ ਅੱਖਰੀ ਰੂਪ ਗੁਰੂ ਅਮਰਦਾਸ ਜੀ ਨੇ ਦਿੱਤਾ–
ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ ॥
ਗੁਰ ਕੈ ਭਾਣੈ ਜੇ ਚਲੈ ਬਹੁੜਿ ਨ ਆਵਣੁ ਹੋਇ ॥ (1248)
ਨਿਰੋਲ ਖਾਲਸਈ ਰਾਜ ਕਾਇਮ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾਂਦੇੜ ਦੀ ਧਰਤੀ ਤੋਂ ਪੰਜਾਬ ਭੇਜਿਆ। ਇਸ ਬਹਾਦਰ ਸੂਰਮੇ ਨੇ ਪੰਜਾਬ ਵਿਚ ਆਉਂਦਿਆਂ ਹੀ ਖਾਲਸਈ ਸਲਤਨਤ ਖੜੀ ਕਰ ਦਿੱਤੀ। ਆਪਣੇ ਨਾਂ ਦਾ ਨਹੀਂ ਸਗੋਂ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਜਾਰੀ ਕਰ ਦਿੱਤਾ।

ਦੇਗੋ-ਤੇਗੋ-ਫਤਿਹ-ਓ-ਨੁਸਰਤ ਬੇਦਰੰਗ, ਯਾਫ਼ਤ ਅਜ਼ ਨਾਨਕ-ਗੋਬਿੰਦ ਸਿੰਘ। (ਦੇਗ ਤੇਗ ਅਤੇ ਫਤਿਹ ਬਿਨਾਂ ਕਿਸੇ ਦੇਰੀ ਤੋਂ ਗੁਰੂ ਨਾਨਕ ਸਾਹਿਬ-ਗੁਰੂ ਗੋਬਿੰਦ ਸਿੰਘ ਤੋਂ ਹਾਸਲ ਹੋਈ।) ਸੰਘਰਸ਼ ਚੱਲਦਾ ਰਿਹਾ, ਬਾਬਾ ਬੰਦਾ ਸਿੰਘ ਜੀ ਤੇ ਉਸ ਦੇ ਸਾਢੇ ਚਾਰ ਸਾਲ ਦੇ ਬੱਚੇ ਨੂੰ ਦਿੱਲ ਕੰਬਾਊ ਤਸੀਹੇ ਦੇ ਕੇ ਸ਼ਹੀਦ ਕੀਤਾ। ਲਹੂ ਭਿੱਜੀਆਂ ਲੰਮੀਆਂ ਵਾਟਾਂ ਦਾ ਰਾਹ ਹੋਰ ਪੱਧਰਾ ਕੀਤਾ। ਚਰਖੜੀਆਂ, ਮੋਚੀ ਦੀਆਂ ਤਿੱਖੀਆਂ ਰੰਬੀਆਂ, ਜਲਾਦ ਦਾ ਟੋਕਾ, ਨੇਜ਼ਿਆਂ ‘ਤੇ ਬੱਚਿਆਂ ਨੂੰ ਟੰਗਣਾ, ਗਰਮ ਜ਼ੰਬੂਰਾਂ ਨਾਲ ਸਰੀਰ ਨੋਚਣਾ ਆਦਿ ਤਸੀਹੇ ਸਹਿ ਕੇ ਸਿਖੀ ਦੇ ਨਿਵੇਕਲੇ ਰਾਹ ਦੀਆਂ ਪੈੜਾਂ ਕਾਇਮ ਕੀਤੀਆਂ। 1746 ਈ: ਨੂੰ ਛੋਟਾ ਤੇ 1762 ਈ: ਵੱਡਾ ਘੱਲੂਘਾਰਾ ਹੁੰਦਾ ਹੈ ਜਿਸ ਵਿਚ ਕਰਮ ਅਨੁਸਾਰ ਦਸ ਹਜ਼ਾਰ ਤੇ 30000 ਹਜ਼ਾਰ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ। ਨਾਨਕਈ ਫਲਸਫੇ ਨੂੰ ਅੱਗੇ ਤੋਰਦਿਆਂ ਸਾਡੇ ਪੁਰਖਿਆਂ ਨੇ ਜੰਗਲ ਬੇਲਿਆਂ ਤੇ ਘੋੜਿਆਂ ਦੀਆਂ ਕਾਠੀਆਂ ‘ਤੇ ਰਾਤਾਂ ਕੱਟ ਕੇ ਸਿੱਖ ਮਿਸਲਾਂ ਕਾਇਮ ਕੀਤੀਆਂ ਸਨ, ਜਿਸ ਨੂੰ ਸਰਦਾਰੀ ਯੁੱਗ ਨਾਲ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਮਿਸਲਾਂ ਵਿਚੋਂ ਮਹਾਰਾਜਾ ਰਣਜੀਤ ਸਿੰਘ ਨੇ 1799 ਨੂੰ ਇਕ ਵਿਸ਼ਾਲ ਰਾਜ ਕਾਇਮ ਕਰਨ ਲਈ ਲਾਹੌਰ ‘ਤੇ ਕਬਜ਼ਾ ਕਰ ਲਿਆ। ਦੇਖਦਿਆਂ ਦੇਖਦਿਆਂ ਸਿੱਖ ਬਾਦਸ਼ਾਹ ਦਾ ਰਾਜ ਕਾਬਲ-ਕੰਧਾਰ, ਸਿੰਧ, ਕਸ਼ਮੀਰ ਤੇ ਤਿੱਬਤ ਤਕ ਫੈਲ ਗਿਆ। 1839 ਈ: ਨੂੰ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਗਏ। ਡੋਗਰਿਆਂ ਦੇ ਕਾਲੇ ਕਾਰਨਾਮੇ ਤੇ ਆਪਣਿਆਂ ਦੀਆਂ ਗਦਾਰੀਆਂ ਨੇ ਸਿੱਖ ਸਲਤਨਤ ਨੂੰ ਦਸਾਂ ਸਾਲਾਂ ਵਿਚ ਹੀ ਤਹਿਸ-ਨਹਿਸ਼ ਕਰ ਦਿੱਤਾ। ਖ਼ੁਦਗਰਜ਼ ਲੀਡਰਾਂ ਦੀਆਂ ਲੂੰਬੜ ਚਾਲਾਂ ਨੇ ਪੰਜਾਬ ਨੂੰ ਅੰਗਰੇਜ਼ਾਂ ਅਧੀਨ ਹੋਣ ਲਈ ਮਜ਼ਬੂਰ ਕਰ ਦਿੱਤਾ। ਅੰਗਰੇਜ਼ਾਂ ਨੇ ਪੰਜਾਬ ‘ਤੇ ਮੁਕੰਮਲ ਕਬਜ਼ਾ ਕਰ ਲਿਆ। ਅੰਗਰੇਜ਼ਾਂ ਦੀ ਪਹਿਲੀ ਵਿਚਾਰ ਸੀ ਕਿ ਸਿੱਖਾਂ ਵਿਚੋਂ ਹਰ ਹਾਲ ਰਾਜ ਸੱਤਾ ਦੀ ਭਾਵਨਾ ਨੂੰ ਖਤਮ ਕੀਤਾ ਜਾਏ। ਇਸ ਮੁੱਦੇ ‘ਤੇ ਕੰੰਮ ਕਰਦਿਆਂ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਹਿੰਦੇ ਪਰਵਾਰ ਨੂੰ ਖੇਰੂੰ ਖੇਰੂੰ ਕਰ ਦਿੱਤਾ, ਤਾਂ ਕਿ ਇਨ੍ਹਾਂ ਨੂੰ ਮੁੜ ਰਾਜ ਭਾਗ ਯਾਦ ਹੀ ਨਾ ਆਵੇ। ਅੰਗਰੇਜ਼ਾਂ ਨੇ ਪੱਕੇ ਪੈਰੀਂ ਰਾਜ ਕਰਨ ਲਈ ਕਈ ਚਾਲਾਂ ਚਲੀਆਂ। ਸਭ ਤੋਂ ਪਹਿਲਾਂ ਉਨ੍ਹਾਂ ਨੇ ਰਣਜੀਤ ਸਿੰਘ ਦੀ ਫੌਜ ਨੂੰ ਖਤਮ ਕੀਤਾ। ਹੈਰਾਨਗੀ ਦੀ ਗੱਲ ਦੇਖੋ! ਫੌਜੀਆਂ ਵਿਚੋਂ ਇਸ ਕਦਰ ਆਤਮਕ ਬਲ ਖਤਮ ਹੋ ਚੁੱਕਿਆ ਸੀ ਕਿ ਉਨ੍ਹਾਂ ਨੇ ਆਤਮ ਸਮਰਪਣ ਕਰ ਦਿੱਤਾ। ਦੂਸਰਾ ਜਿਹੜੇ ਕਿਲ੍ਹੇ ਅੰਗਰੇਜ਼ਾਂ ਨੂੰ ਚਾਹੀਦੇ ਸਨ ਉਹ ਰੱਖ ਲਏ, ਬਾਕੀ ਦੇ ਤਬਾਹ ਕਰ ਦਿੱਤੇ ਤਾਂ ਕਿ ਸਿੱਖਾਂ ਨੂੰ ਰਤੀ ਭਰ ਵੀ ਆਪਣੇ ਰਾਜ ਦੀ ਯਾਦ ਨਾ ਆਵੇ। ਏਸੇ ਤਰ੍ਹਾਂ ਸੰਨ 1853 ਨੂੰ ਕੰਵਰ ਦਲੀਪ ਸਿੰਘ ਨੂੰ ਈਸਾਈ ਬਣਾ ਦਿੱਤਾ।
1838 ਨੂੰ ਇਕ ਈਸਾਈ ਪਾਦਰੀ ਨੇ ਕਪੂਰਥਲੇ ਵਿਚ ਈਸਾਈਅਤ ਸਬੰਧੀ ਪੰਜਾਬੀ ਵਿਚ ਕਿਤਾਬਚੇ ਵੰਡਣੇ ਸ਼ੁਰੂ ਕੀਤੇ। ਉਸ ਨੂੰ ਫੜ ਲਿਆ ਗਿਆ। ਮੁਸਲਮਾਨ ਜੱਜ ਨੇ ਉਸ ਨੂੰ ਛੱਡ ਦਿੱਤਾ। ਮਗਰੋਂ ਕਪੂਰਥਲੇ ਦੇ ਸ਼ਾਹੀ ਪਰਿਵਾਰ ਦਾ ਸਹਿਜ਼ਾਦਾ ਹਰਨਾਮ ਸਿੰਘ ਈਸਾਈ ਬਣ ਗਿਆ ਜਿਸ ਨੇ ਕਪੂਰਥਲੇ ਵਿਚ ਚਰਚ ਤੇ ਸਕੂਲ ਖੋਲ੍ਹੇ। ਜਿਉਂ ਹੀ ਸਿੱਖਾਂ ਦੇ ਹੱਥਾਂ ਵਿਚੋਂ ਰਾਜ-ਭਾਗ ਦੀ ਸ਼ਕਤੀ ਨਿਕਲੀ, ਹਿੰਦੂਆਂ ਦੀ ਬਹੁ-ਗਿਣਤੀ, ਜਿੰਨ੍ਹਾਂ ਨੇ ਸਹੂਲਤਾਂ ਪ੍ਰਾਪਤ ਕਰਨ ਲਈ ਸਿੱਖੀ-ਰੀਤੀ ਰਿਵਾਜ ਅਪਣਾਏ ਹੋਏ ਸਨ, ਛੱਡ ਕੇ ਮੁੜ ਸਨਾਤਨੀ ਹਿੰਦੂ ਧਰਮ ਵਲ ਪਰਤ ਗਏ। ਸ: ਖੁਸ਼ਵੰਤ ਸਿੰਘ ਸਿੱਖ ਇਤਿਹਾਸ ਭਾਗ ਦੂਜਾ ਦੇ ਪੰਨਾ 103 ‘ਤੇ ਲਿਖਦੇ ਹਨ ਕਿ ਲਾਰਡ ਡਲਹੌਜ਼ੀ ਨੇ ਆਪਣੀਆਂ ਦੋ ਸੰਖੇਪ ਫੇਰੀਆਂ ਵਿਚ ਦੇਖ ਲਿਆ ਸੀ ਕਿ ਬੇ-ਸ਼ੱਕ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਜਾਤ-ਪਾਤ ਖਤਮ ਕਰਨ ਵਿਚ ਬਹੁਤ ਵੱਡਾ ਹੁੰਗਾਰਾ ਮਿਲਿਆ ਸੀ। ਪਰ ਹੌਲ਼ੀ ਹੌਲ਼ੀ ਲੋਕ ਸਿੱਖ ਧਰਮ ਵਲੋਂ ਦੂਰ ਹੋ ਰਹੇ ਹਨ ਤੇ ਜਾਤ-ਪਾਤ ਦੇ ਬੰਧਨ ਵਿਚ ਬੱਝੀ ਜਾ ਰਹੇ ਸਨ। ਅਜਿਹੇ ਹਾਲਾਤਾਂ ਨੂੰ ਦੇਖ ਕੇ ਹੀ ਜਾਰਜ ਕਲਾਰਕ ਜੋ 1847-48 ਵਿੱਚ ਬੰਬਈ ਦਾ ਗਵਰਨਰ ਸੀ, ਉਸ ਨੇ ਕਿਹਾ ਸੀ ਕਿ ਅਗਲੇ 50 ਸਾਲਾਂ ਵਿਚ ਸਿੱਖ ਖਤਮ ਹੋ ਜਾਣਗੇ। ਅੰਗਰੇਜ਼ਾਂ ਨੇ ਸਿੱਖਾਂ ਵਿਚੋਂ ਸਿੱਖੀ, ਵਿਦਿਆ ਤੇ ਸਵੈਮਾਣ ਦਾ ਜਜ਼ਬਾ ਖਤਮ ਕਰਨ ਲਈ ਹਥਿਆਰ ਤੇ ਕਾਇਦੇ ਖਰੀਦ ਲਏ। ਛੇ ਆਨੇ ਵਿਚ ਪੜ੍ਹਾਈ ਵਾਲੇ ਕਾਇਦੇ ਦੇ ਤੇ ਦੋ ਆਨੇ ਵਿਚ ਹਰ ਪ੍ਰਕਾਰ ਦੇ ਸ਼ਸਤ੍ਰ ਅੰਗਰੇਜ਼ਾਂ ਨੇ ਲੈ ਲਏ ਸਨ। ਸਿੱਖੀ ਸਿਧਾਤਾਂ ਵਲੋਂ ਤੋੜਨ ਲਈ ਈਸਾਈ ਮਿਸ਼ਨ ਕਾਇਮ ਕੀਤੇ। 1855 ਤਕ ਪੰਜਾਬ ਵਿਚੋਂ 375 ਪਿੰਡਾਂ ਵਿਚ ਈਸਾਈ ਮਿਸ਼ਨ ਕਾਇਮ ਹੋ ਗਏ ਸਨ। 1860 ਤਕ ਪੰਜਾਬ ਵਿਚ ਵੀਹ ਹਜ਼ਾਰ ਈਸਾਈ ਬਣ ਗਏ ਸਨ।
ਅੰਗਰੇਜ਼ਾਂ ਨੇ ਆਪਣੇ ਪੈਰ ਪੱਕੇ ਕਰਨ ਲਈ ਤੇ ਸਿੱਖਾਂ ਨੂੰ ਸਿੱਖੀ ਭੁਲਾਉਣ ਲਈ ਆਪਣੇ ਹੱਥ ਠੋਕਿਆਂ ਕੋਲੋਂ ਅਜਿਹੇ ਸਾਹਿਤ ਦੀ ਰਚਨਾ ਕਰਾਈ ਜਿਹੜੀ ਸਿੱਖ ਸਿਧਾਂਤ ਤੇ ਖਰੀ ਨਹੀਂ ਉੱਤਰਦੀ ਸੀ। ਸੋਹਨ ਲਾਲ ਸੂਰੀ, ਗਣੇਸ਼ ਦਾਸ ਵਡੇਹਰਾ, ਬੂਟੇ ਸ਼ਾਹ, ਰਤਨ ਚੰਦ ਵਰਗਿਆਂ ਨੇ ਸਿੱਖ ਸਿਧਾਂਤ ਵਿਰੋਧੀ ਪੁਸਤਕਾਂ ਤਿਆਰ ਕਰਵਾਈਆਂ। ਗੁਰਦੁਆਰਿਆਂ ਵਿਚ ਚਿਤ੍ਰਕਾਰੀ ਵਿਚ ਰਮਾਇਣ ਤੇ ਮਹਾਂਭਾਰਤ ਆਦਿ ਦੇ ਚਿਤਰਾਂ ਦੀ ਚਿਤ੍ਰਕਾਰੀ ਕਰਾਈ। ਅੰਗਰੇਜ਼ੀ ਰਾਜ ਦੀ ਸਰਪ੍ਰਸਤੀ ਹੇਠ ਬੇਦੀ, ਸੋਢੀ ਤੇ ਭੱਲੇ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗ ਪਏ ਸਨ। ਇੰਝ ਹੀ ਸਿੱਖੀ ਭੇਸ ਵਿਚ ਹਿੰਦੂ ਸਾਧਾਂ ਨੇ ਸਿੱਖਾਂ ਨੂੰ ਹਿੰਦੂ ਦਿਹਾੜਿਆਂ ਅਤੇ ਸੰਸਕਾਰਾਂ (ਸੰਗਰਾਂਦਾ, ਮੱਸਿਆ, ਪੂਰਨਮਾਸ਼ੀ, ਪੰਚਮੀ, ਸ਼ਰਾਧ, ਹਵਨ, ਗੁੱਗਾ-ਪੂਜਾ, ਵਿਸ਼ਵਕਰਮਾ-ਪੂਜਾ, ਜਠੇਰਿਆਂ ਦੀ ਪੂਜਾ ਦੇ ਨਾਲ ਹਿੰਦੂ ਤਿਉਹਾਰਾਂ ਦੀਵਾਲੀ ਰੱਖੜੀ, ਹੋਲੀ ਮਨਾਉਣ ਵੱਲ ਤੋਰ ਦਿੱਤਾ)। ਡਾਕਟਰ ਹਰਜਿੰਦਰ ਸਿੰਘ ਦਿਲਗੀਰ ਸਿੱਖ ਤਵਾਰੀਖ਼ ਭਾਗ ਤੀਜਾ ਦੇ ਪੰਨਾ 27 ‘ਤੇ ਲਿਖਦੇ ਹਨ ਕਿ “22 ਦਸੰਬਰ 1869 ਨੂੰ ਦਰਬਾਰ ਸਾਹਿਬ ਦਾ ਸਾਰਾ ਪ੍ਰਬੰਧ ਬ੍ਰਾਹਮਣ ਤੇਜਾ ਸਿੰਘ ਨੂੰ ਸੌਂਪ ਦਿੱਤਾ। ਸਪੱਸ਼ਟ ਕਿਹਾ ਜਾ ਸਕਦਾ ਹੈ ਕਿ ਗੁਰਦੁਆਰਿਆਂ ਦਾ ਪ੍ਰਬੰਧ ਨਿਰਮਲਿਆਂ ਤੇ ਉਦਾਸੀਆਂ ਦੇ ਹੱਥਾਂ ਵਿਚ ਆ ਗਿਆ। ਦਰਬਾਰ ਸਾਹਿਬ ਦੀ ਹਦੂਦ ਵਿਚ ਵੀ ਮੂਰਤੀਆਂ ਆ ਗਈਆਂ ਸਨ। ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸੰਤ ਸਿੰਘ ਗਿਆਨੀ ਤੇ ਅਕਾਲ ਤੱਖਤ ਦੇ ਪੁਜਾਰੀ ਗੁਰਮੁਖ ਸਿੰਘ ਦੇ ਘਰ ਦੇ ਬਾਹਰ ਗਣੇਸ਼ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਸਨ। ਅਕਾਲ ਤਖਤ ਅਤੇ ਬਾਬਾ ਅਟੱਲ ਰਾਏ ਦੇ ਗੁਰਦੁਆਰਾ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਇੰਝ ਲਗ ਰਿਹਾ ਸੀ ਜਿਵੇਂ ਗੁਰਦੁਆਰਿਆਂ ਨੂੰ ਬ੍ਰਾਹਮਣੀ ਕਰਮ-ਕਾਂਡ ਦੇ ਕੇਂਦਰ ਸਥਾਪਿਤ ਕੀਤੇ ਜਾ ਰਹੇ ਹੋਣ। ਕੁੱਲ ਮਿਲਾ ਕੇ ਸਮਝਿਆ ਜਾ ਸਕਦਾ ਹੈ ਕਿ ਸਿੱਖਾਂ ਕੋਲ ਨਾ ਤਾਂ ਕੋਈ ਕੇਂਦਰੀ ਜੱਥੇਬੰਦੀ ਸੀ ਤੇ ਨਾ ਹੀ ਗੁਰਬਾਣੀ ਨੂੰ ਸਮਝਣ ਸਮਝਾਉਣ ਲਈ ਸਾਹਿਤਕ ਰਚਨਾ ਤੇ ਨਾ ਹੀ ਸਿਧਾਂਤਕ ਸਿੱਖ ਇਤਿਹਾਸ ਦੀਆਂ ਪੁਸਤਕਾਂ ਸਨ। ਮਹੀਨਾਵਾਰੀ ਜਾਂ ਸਪਤਾਹਿਕ ਮੈਗਜ਼ੀਨ, ਪੰਜਾਬੀ ਦੇ ਅਖ਼ਬਾਰ ਤੇ ਸਿੱਖੀ/ ਸਿਧਾਂਤ ਨੂੰ ਸਮਝਣ-ਸਮਝਾਉਣ ਵਾਲੇ ਸਕੂਲ ਕਾਲਜ ਵੀ ਨਹੀਂ ਸਨ।
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖਾਂ ਦੀ ਗਿਣਤੀ 80 ਲੱਖ ਤੋਂ ਇਕ ਕਰੋੜ ਦੇ ਵਿਚਕਾਰ ਸੀ ਪਰ ਅੰਗਰੇਜ਼ਾਂ ਦੀ ਨੀਤੀ, ਈਸਾਈਆਂ ਦਾ ਵੱਧਦਾ ਪ੍ਰਭਾਵ, ਬ੍ਰਾਹਮਣੀ ਕਰਮ-ਕਾਂਡ ਦੇ ਬੋਲਬਾਲੇ ਦਾ ਅਸਰ ਜ਼ਿਆਦਾ ਪਿਆ ਜਿਸ ਕਰਕੇ ਸਿੱਖਾਂ ਦੀ ਗਿਣਤੀ 1861 ਦੀ ਮਰਦਮ ਸ਼ੁਮਾਰੀ ਸਮੇਂ 11 ਲੱਖ 41 ਹਜ਼ਾਰ 848 ਰਹਿ ਗਈ ਸੀ। ਸਿੱਖ ਕੌਮ ਨੂੰ ਤਿੰਨ ਹੋਰ ਚਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ- ਇਕ ਈਸਾਈ ਪ੍ਰਚਾਰਕਾਂ ਦੀਆਂ ਗਤੀ ਵਿਧੀਆਂ, ਦੂਸਰਾ ਹਿੰਦੂ ਸੰਸਥਾ ਆਰੀਆ ਸਮਾਜ ਦੀ ਧਰਮ ਸ਼ੁੱਧੀ ਮੁਹਿੰਮ ਤੇ ਤੀਸਰਾ ਕਾਰਨ ਤਰਕਸ਼ੀਲਤਾ ਸੀ ਜੋ ਵਿਗਿਆਨ ਸੰਕਲਪਾਂ ਦੀ ਵਰਤੋਂ ਦੇ ਸ਼ੁਰੂ ਹੋਣ ਨਾਲ ਆਈ। ਇਸਾਈ ਪ੍ਰਚਾਰਕਾਂ ਦੀਆਂ ਗਤੀ ਵਿਧੀਆਂ— 1835 ਵਿਚ ਈਸਾਈ ਮਿਸ਼ਨ ਵਲੋਂ ਪਾਦਰੀ ਸੰਘ ਸ਼ਾਸਨਵਾਦੀ ਸਥਾਪਿਤ ਕੀਤਾ। ਇਸ ਨੇ ਆਪਣੀਆਂ ਗਤੀ ਵਿਧੀਆਂ ਨੂੰ ਵੱਡੇ ਪੱਧਰ ‘ਤੇ ਵਧਾਇਆ। ਅੰਜ਼ੀਲ ਦੇ ਪਰਚਾਰ ਲਈ ਦੀ ਸਾਲਵੇਸ਼ਨ ਆਰਮੀ (ਮੁਕਤੀ ਸੈਨਾ) ਆਦਿ ਸੁਸਾਇਟੀਆਂ ਬਣਾਈਆਂ। ਪਹਿਲਾ ਮਿਸ਼ਨ ਲੁਧਿਆਣੇ ਖੋਲਿ੍ਹਆ ਗਿਆ, 1846 ਜਲੰਧਰ, 1848 ਅੰਬਾਲਾ, 1850 ਰਾਵਲ ਪਿੰਡੀ, 1860 ਕਪੂਰਥਲਾ, 1867 ਹੁਸ਼ਿਆਰਪੁਰ, 1869 ਫਿਰੋਜ਼ਪੁਰ, 1900 ਵਿਚ ਕਸੂਰ ਆਦਿ ਵਿਚ ਆਪਣੇ ਕੇਂਦਰ ਖੋਲ੍ਹੇ। ਏਨੇ ਮਿਸ਼ਨ ਖੋਲ੍ਹੇ ਜਾਣ ਦੇ ਬਾਵਜੂਦ ਵੀ ਪੰਜਾਬੀਆਂ ਵਿਚ ਈਸਾਈ ਬਣਨ ਵਾਲਿਆਂ ਦੀ ਗਿਣਤੀ ਨਾ-ਮਾਤਰ ਸੀ। ਪਿੰਡਾਂ ਦੇ ਪਛੜੇ ਵਰਗ ਈਸਾਈਆਂ ਦੇ ਪ੍ਰਭਾਵ ਹੇਠ ਜਲਦੀ ਆਏ।
ਬਹੁਤ ਵੱਡਾ ਦੁਖਾਂਤ ਸੀ ਕਿ ਮਹਾਰਾਜਾ ਦਲੀਪ ਸਿੰਘ ਤੇ ਕਪੂਰਥਲਾ ਰਿਆਸਤ ਦੇ ਮਹਾਰਾਜਾ ਕੰਵਰ ਹਰਨਾਮ ਸਿੰਘ ਨੇ ਈਸਾਈ ਮਤ ਗ੍ਰਹਿਣ ਕਰ ਲਿਆ। ਮਹਾਰਾਜ ਦਲੀਪ ਸਿੰਘ ਨੂੰ ਡੂੰਘੀ ਸਾਜ਼ਿਸ਼ ਕਰਕੇ ਈਸਾਈ ਬਣਾਇਆ ਜਦ ਕਿ ਕਪੂਰਥਲੇ ਦਾ ਹਰਨਾਮ ਸਿੰਘ ਈਸਾਈਆਂ ਦੇ ਪ੍ਰਭਾਵ ਹੇਠ ਈਸਾਈ ਬਣਿਆ। ਏਦਾਂ ਦੀਆਂ ਘਟਨਾਵਾਂ ਨਾਲ ਜਨ ਸਧਾਰਣ ਲੋਕਾਂ ਦੇ ਮਨਾਂ ‘ਤੇ ਬਹੁਤ ਅਸਰ ਪਿਆ। ਰਾਜ ਖੁਸ ਜਾਣ ਨਾਲ ਸਿੱਖੀ ਸਰੋਕਾਰਾਂ ‘ਤੇ ਬਹੁਤ ਪ੍ਰਭਾਵ ਪਿਆ। ਆਰੀਆ ਸਮਾਜ ਦੀ ਧਰਮ ਸ਼ੁੱਧੀ ਦੀ ਮਹਿੰਮ ਨੇ ਪੰਜਾਬ ਵਿਚ ਆਪਣਾ ਪ੍ਰਭਾਵ ਪਾਉਣਾ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਸਿੰਘ ਸਭਾ ਹੋਂਦ ਵਿਚ ਆ ਗਈ ਸੀ ਪਰ ਆਰੀਆ ਸਮਾਜੀ ਪੂਰੇ ਜ਼ੋਰ-ਸ਼ੋਰ ਨਾਲ ਲੱਗੇ ਹੋਏ ਸਨ। ਸੁਆਮੀ ਦਿਆ ਨੰਦ ਬਹੁਤ ਹੰਕਾਰ ਵਿਚ ਆ ਗਿਆ ਸੀ। ਏੱਥੋਂ ਤਕ ਕਿ ਇਸ ਨੇ ਆਰੀਆ ਸਮਾਚਾਰ, ਜੋ ਆਰੀਆ ਸਮਾਜ ਦਾ ਸੰਚਾਰ ਸਾਧਨ ਸੀ, ਉਸ ਵਿਚ ਛੱਪਿਆ ਹੈ— ਨਾਨਕ ਸ਼ਾਹ ਫਕੀਰ ਨੇ ਨਯਾ ਚਲਾਇਆ ਪੰਥ, ਇਧਰ ਉਧਰ ਸੇ ਜੋੜ ਕੇ ਲਿਖ ਮਾਰਾ ਗ੍ਰੰਥ। ਪਹਿਲੋਂ ਚੇਲੇ ਕਰ ਲੈ ਪਿੱਛੇ ਬਦਲਾ ਭੇਸ, ਸਿਰ ਪਰ ਸਾਫਾ ਬਾਂਧ ਕੇ ਰਖ ਲੀਨੇ ਕੇਸ। ਸਨਾਤਨੀ ਸਿੱਖਾਂ ਨੂੰ ਛੇਤੀ ਪਤਾ ਲੱਗ ਗਿਆ ਸਵਾਮੀ ਦਇਆ ਨੰਦ ਵੇਦਾਂ ‘ਤੇ ਬਹੁਤ ਵਿਸ਼ਵਾਸ ਰੱਖਣ ਕਰਕੇ ਸਮਝਦਾ ਸੀ ਕਿ ਗੁਰੂ ਸਾਹਿਬ ਘੱਟ ਪੜ੍ਹੇ ਹੋਏ ਹਨ। ਉਸ ਨੇ ਗੁਰੂ ਨਾਨਕ ਸਾਹਿਬ ਜੀ ਸਬੰਧੀ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ। ਸੁਆਮੀ ਦਿਆ ਨੰਦ ਦੀਆਂ ਤਲਖ਼ ਟਿੱਪਣੀਆਂ ਕਰਕੇ ਸਿੱਖਾਂ ਨੂੰ ਅੰਦਰੋਂ ਸਿੱਖ ਹੋਣ ਦਾ ਅਹਿਸਾਸ ਕਰਵਾਇਆ ਕਿ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਹਾਂ। ਦੂਸਰਾ ਸਿੰਘ ਸਭਾ ਲਹਿਰ ਦੇ ਪ੍ਰਭਾਵ ਕਰਕੇ ਆਰੀਆ ਸਮਾਜ ਦੀ ਵਲਗਣ ਵਿਚੋਂ ਸਿੱਖ ਪਰਿਵਾਰ ਨਿਕਲਣ ਲੱਗ ਪਏ।
ਨਿਰੰਕਾਰੀ ਲਹਿਰ 1851 ਵਿਚ ਰਾਵਲ ਪਿੰਡੀ ਵਿਚ ਨਿਰੰਕਾਰੀ ਦਰਬਾਰ ਦੀ ਨੀਂਹ ਰੱਖੀ। ਇਸ ਲਹਿਰ ਨੇ ਬ੍ਰਾਹਮਣੀ ਕਰਮ-ਕਾਂਡ ਨੂੰ ਠੱਲ ਪਾਉਣ ਦਾ ਵੱਡਾ ਯਤਨ ਕੀਤਾ। ਇਸ ਲਹਿਰ ਨੇ ਅੱਗ ਦੁਆਲੇ ਫੇਰੇ, ਸ਼ਰਾਧ, ਸੂਤਕ-ਪਾਤਕ, ਮਹੂਰਤ, ਵਗੈਰਾ ਨੂੰ ਸਿੱਖੀ ਵਿਚੋਂ ਬਾਹਰ ਕੱਢਣ ਦਾ ਯਤਨ ਕੀਤਾ। ਨਿੰਰਕਾਰੀ ਲਹਿਰ ਦਾ ਇਕ ਪਹਿਲੂ ਇਹ ਵੀ ਸੀ ਕਿ ਬਾਬਾ ਦਿਆਲ ਜੀ ਨੇ ਖ਼ੁਦ ਖੰਡੇ ਦੀ ਪਹੁਲ ਨਹੀਂ ਲਈ ਸੀ। ਇਹ ਵੀ ਸੱਚ ਹੈ ਕਿ ਸਿੰਘ ਸਭਾ ਲਹਿਰ ਸ਼ੁਰੂ ਹੋਣ ‘ਤੇ ਨਿੰਰਕਾਰੀ ਲਹਿਰ ਦੇ ਆਗੂਆਂ ਨੇ ਖੰਡੇ ਦੀ ਪਾਹੁਲ ਲੈ ਲਈ ਸੀ। ਗੁਰੂ ਗ੍ਰੰਥ ਸਾਹਿਬ ਜੀ ਦੁਆਲੇ ਪ੍ਰਕਰਮਾ ਕਰਕੇ ਅਨੰਦ ਕਾਰਜ ਕਰਾਉਣ ਦੀ ਰੀਤੀ ਇਨ੍ਹਾਂ ਵਲੋਂ ਚਲਾਈ ਗਈ। ਇਹ ਇਕ ਵੱਖਰਾ ਪਹਿਲੂ ਹੈ ਕਿ ਅਸਲੀ ਨਿੰਰਕਾਰੀਆਂ ਦੇ ਮੁਕਾਬਲੇ ਵਿਚ ਨਕਲੀ ਨਿੰਰਕਾਰੀ ਵੀ ਪੈਦਾ ਹੋ ਗਏ। ਪੰਜਾਬ ਦੀ ਵੰਡ ਤੋਂ ਪਹਿਲਾਂ ਨਕਲੀ ਨਿੰਰਕਾਰੀਆਂ ਦਾ ਕੋਈ ਬਹੁਤਾ ਅਧਾਰ ਨਹੀਂ ਸੀ ਪਰ 1947 ਤੋਂ ਬਾਅਦ ਭਾਰਤੀ ਕਾਂਗਰਸ ਦੀ ਸਰਪ੍ਰਸਤੀ ਹੇਠ ਨਕਲੀ ਨਿਰੰਕਾਰੀਆਂ ਨੇ ਦਿੱਲੀ ਵਿਚ ਆਪਣਾ ਪ੍ਰਚਾਰ ਸ਼ੁਰੂ ਕਰਕੇ ਨਵਾਂ ਕੇਂਦਰ ਬਣਾ ਲਿਆ। ਇੰਝ ਨਕਲੀ ਨਿੰਰਕਾਰੀ ਪੈਦਾ ਹੋ ਗਏ ਜਿੰਨ੍ਹਾਂ ਨੇ ਸਿੱਖ ਸਰੋਕਾਰਾਂ ਨੂੰ ਵੰਗਾਰਿਆ। ਇਨ੍ਹਾਂ ਵਲੋਂ ਸਿੱਖੀ ਨਾਲ ਟਕਰਾਵ ਪੈਦਾ ਕਰਕੇ 13 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ।
ਕੂਕਾ ਲਹਿਰ (ਨਾਮਧਾਰੀ ਲਹਿਰ) ਬਾਬਾ ਰਾਮ ਸਿੰਘ ਕੰਵਰ ਨੌਨਿਹਾਲ ਸਿੰਘ ਦੀ ਫੌਜ ਦਾ ਇਕ ਸਿਪਾਹੀ ਸੀ। ਅੰਗਰੇਜ਼ਾਂ ਦਾ ਰਾਜ ਆਉਣ ਕਰਕੇ ਇਨ੍ਹਾਂ ਦੀ ਫੌਜ ਤੌੜ ਦਿੱਤੀ ਗਈ। ਇਨ੍ਹਾਂ ਨੇ ਪਿੰਡ ਭੈਣੀ ਆ ਕੇ ਹੱਟੀ ਪਾ ਲਈ। ਨੌਕਰੀ ਦੌਰਾਨ ਇਕ ਵਾਰ ਬਾਬਾ ਬਾਲਕ ਸਿੰਘ ਨੂੰ ਮਿਲ ਚੁੱਕੇ ਸਨ। ਨੌਕਰੀ ਜਾਣ ਕਰਕੇ ਇਨ੍ਹਾਂ ਦੇ ਮਨ ਵਿਚ ਅੰਗਰੇਜ਼ਾਂ iਖ਼ਲਾਫ ਬਹੁਤ ਨਫਰਤ ਸੀ। ਧਾਰਮਿਕ ਬਿਰਤੀ ਹੋਣ ਕਰਕੇ ਇਨ੍ਹਾਂ ਦੇ ਮਿੱਤਰ ਦੋਸਤ ਇਨ੍ਹਾਂ ਨੂੰ ਬਾਲਕ ਸਿੰਘ ਦਾ ਵਾਰਸ ਦੱਸਣ ਲੱਗ ਪਏ। ਬਾਬਾ ਰਾਮ ਸਿੰਘ ਨੇ ਸਮਾਧਾਂ ਢਾਹੁੰਣ ਦਾ ਪਹਿਲਾ ਐਕਸ਼ਨ 7 ਜੁਲਾਈ 1866 ਨੂੰ ਲੁਧਿਆਣੇ ਵਿਚ ਕੀਤਾ। ਦੁੱਖ ਇਸ ਗੱਲ ਦਾ ਹੈ ਕਿ ਇਹ ਲਹਿਰ ਛੇਤੀ ਹੀ ਬ੍ਰਾਹਮਣੀ ਰੰਗ ਵਿਚ ਰੰਗੀ ਗਈ। ਨਾਮਧਾਰੀਏ ਦੇਖਣ ਨੂੰ ਸਿੱਖ ਤਾਂ ਜ਼ਰੂਰ ਲਗਦੇ ਹਨ ਪਰ ਇਨ੍ਹਾਂ ਦੇ ਸਰੋਕਾਰ ਸਿੱਖ ਸਿਧਾਂਤਾਂ ਦੇ ਉਲਟ ਹਨ। ਚੌਦਾਂ ਗੁਰੂਆਂ ਦੇ ਨਾਂ ਲੈ ਕੇ ਅਰਦਾਸ ਕਰਦੇ ਹਨ। ਅਕਾਲੀ ਸਰਕਾਰ ਦੀ ਮਿਹਰਬਾਨੀ ਕਰਕੇ ਦਸ ਗੁਰੂ ਸਾਹਿਬਾਨ ਦੀ ਤਰਜ਼ ‘ਤੇ ਗੁਰੂ ਨਾਨਕ ਯੂਨੀਵਰਸਿਟੀ ਵਿਚ ਸਤਿਗੁਰ ਰਾਮ ਸਿੰਘ ਚੇਅਰ ਸਥਾਪਿਤ ਕੀਤੀ। ਪੰਥਕ ਸਰਕਾਰ ਵਲੋਂ ਪੰਥ ਵਿੱਚ ਇੱਕ ਵੱਖਰਾ ਸੇਹ ਦਾ ਤਕਲਾ ਗੱਡਿਆ। ਰਾਵਲ ਪਿੰਡੀ ਦੇ ਨਿਰੰਕਾਰੀ ਦਰਬਾਰ ਦੇ ਮੁੱਖੀ ਭਾਈ ਦਰਬਾਰਾ ਸਿੰਘ ਦੀ 1870 ਨੂੰ ਮੌਤ ਹੋ ਗਈ। ਨਾਮਧਾਰੀ ਦੇ ਮੁੱਖੀ ਬਾਬਾ ਰਾਮ ਸਿੰਘ ਦੀ 1872 ਵਿਚ ਗ੍ਰਿਫਤਾਰੀ ਹੋਈ। ਭਾਵੇਂ ਇਹ ਲਹਿਰਾਂ ਸੀਮਤ ਦਾਇਰੇ ਵਿਚ ਰਹੀਆਂ ਪਰ ਇਨ੍ਹਾਂ ਲਹਿਰਾਂ ਨੇ ਇਕ ਵਾਰ ਸਿੱਖੀ ਵਿਚ ਨਵੀਂ ਚੇਤੰਨਤਾ ਦੀ ਚਿਣਗ ਜ਼ਰੂਰ ਪੈਦਾ ਕੀਤੀ।
ਅੰਮ੍ਰਿਤਸਰ ਵਿਚ ਇਕ ਘਟਨਾ— 30 ਜੁਲਾਈ 1873 ਈਸਵੀ ਨੂੰ ਇਕ ਘਟਨਾ ਵਾਪਰੀ। ਅੰਮ੍ਰਿਤਸਰ ਮਿਸ਼ਨ ਸਕੂਲ ਦੇ ਚਾਰ ਵਿਦਿਆਰਥੀ, ਸੰਤੋਖ ਸਿੰਘ ਸਾਧੂ ਸਿੰਘ, ਆਇਆ ਸਿੰਘ, ਅੱਤਰ ਸਿੰਘ ਨੇ ਐਲਾਨ ਕੀਤਾ ਕਿ ਅਸਾਂ ਈਸਾਈ ਧਰਮ ਧਾਰਨ ਕਰਨਾ ਹੈ। ਇਸ ਤੋਂ ਪਹਿਲਾਂ ਸ਼ਾਹੀ ਘਰਾਣਿਆਂ ਦੇ ਬੱਚਿਆਂ ਨੇ ਈਸਾਈ ਧਰਮ ਧਾਰਨ ਕਰ ਲਿਆ ਸੀ। ਮਿਸ਼ਨ ਸਕੂਲ ਦੇ ਸਿੱਖ ਬੱਚਿਆਂ ਦੇ ਇਸ ਫੈਸਲੇ ਤੋਂ ਸਿੱਖ ਵਿਦਵਾਨ ਬਹੁਤ ਚਿੰਤਾਤੁਰ ਹੋਏ। ਸਾਰੇ ਪੰਜਾਬ ਵਿਚ ਅੰਦਰ ਬਹੁਤ ਵੱਡਾ ਵਿਰੋਧ ਹੋਇਆ ਸੀ। ਥਾਂਈਂ ਥਾਂਈਂ ਜਲਸੇ ਜਲੂਸ ਨਿਕਲੇ। ਖੁਸ਼ਵੰਤ ਸਿੰਘ ਦੇ ਕਹਿਣ ਅਨੁਸਾਰ ਸਿੱਖ ਪ੍ਰਚਾਰਕਾਂ ਨੇ ਇਨ੍ਹਾਂ ਚਾਰ ਲੜਕਿਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਧਰਮ ਬਦਲਣ ਦੇ iਖ਼ਆਲ ਤੋਂ ਰੋਕ ਲਿਆ। ਇਸ ਘਟਨਾ ਦੇ ਨਾਲ ਹੀ ਇਕ ਹੋਰ ਘਟਨਾ ਵਾਪਰ ਗਈ। ਅੰਮ੍ਰਿਤਸਰ ਗੁਰੂ ਕਾ ਬਾਗ ਜੋ ਦਰਬਾਰ ਸਾਹਿਬ ਦੇ ਘੇਰੇ ਵਿਚ ਹੈ ਇਥੇ ਸ਼ਰਧਾ ਰਾਮ ਫ਼ਿਲੌਰੀ ਕਥਾ ਕਰਦਿਆਂ ਮਨ ਘੜਤ ਸਿੱਖੀ ਸਰੋਕਾਰ ਪੇਸ਼ ਕਰ ਰਿਹਾ ਸੀ। ਇਸ ਦੀ ਕਥਾ ਸੁਣ ਕੇ ਸੁਚੇਤ ਸਿੱਖ ਨੌਜਵਾਨਾਂ ਨੇ ਇਸ ਨੂੰ ਲਲਕਾਰਿਆ ਤਾਂ ਇਹ ਡਰਦਾ ਮਾਰਾ ਭੱਜ ਗਿਆ। ਸ਼ਰਧਾ ਰਾਮ ਫ਼ਿਲੌਰੀ ਨੂੰ ਅੰਗਰੇਜ਼ਾਂ ਦੀ ਸਰਪ੍ਰਸਤੀ ਹਾਸਲ ਸੀ। ਇਹ ਸਾਰੀਆਂ ਖਬਰਾਂ ਸਰਗਰਮ ਸਿਰਕੱਢਦੀਆਂ ਸ਼ਖ਼ਸੀਅਤਾਂ ਠਾਕੁਰ ਸਿੰਘ ਸੰਧਾਵਾਲੀਆ, ਗਿਆਨੀ ਗਿਆਨ ਸਿੰਘ, ਗਿਆਨੀ ਸਰਦੂਲ ਸਿੰਘ ਆਦਿ ਨੂੰ ਪੁੱਜੀਆਂ ਸਨ। ਇਨ੍ਹਾਂ ਸਾਡੇ ਪੁਰਖਿਆਂ ਨੇ 1 ਅਕਤੂਬਰ 1873 ਨੂੰ ਅੰਮ੍ਰਿਤਸਰ ਵਿਚ ਵੱਡਾ ਇਕੱਠ ਬੁਲਾ ਲਿਆ। ਇਸ ਇਕੱਠ ਵਿਚ ਗਿਆਨੀ ਪੁਜਾਰੀ, ਗ੍ਰੰਥੀ, ਉਦਾਸੀ, ਨਿਰਮਲੇ ਆਦਿ ਸ਼ਾਮਿਲ ਹੋਏ। ਡਾ. ਹਰਜਿੰਦਰ ਸਿੰਘ ਦਿਲਗੀਰ ਜੀ ਲਿਖਦੇ ਹਨ ਕਿ ਨਿਰਮਲਿਆਂ ਉਦਾਸੀਆਂ ਦਾ ਜ਼ੋਰ ਹੋਣ ਕਰਕੇ ਸਿੰਘ ਸਭਾ ਦੇ ਨਾਂ ਨਾਲ ਸ੍ਰੀ ਸ਼ਬਦ ਵੀ ਲਾ ਲਿਆ। ਇਸ ਸਭਾ ਦੇ ਪ੍ਰਧਾਨ ਸ: ਠਾਕੁਰ ਸਿੰਘ ਸੰਧਾਵਾਲੀਆ, ਸਕੱਤਰ ਗਿਆਨੀ ਗਿਆਨ ਸਿੰਘ, ਮੀਤ ਸਕੱਤਰ ਅਮਰ ਸਿੰਘ ਤੇ ਖ਼ਜ਼ਾਨਚੀ ਧਰਮ ਸਿੰਘ ਮਜੀਠਾ ਬੁੰਗਾ ਬਣਾਏ ਗਏ। ਇਨ੍ਹਾਂ ਦਾ ਨਿਸ਼ਾਨਾ, “ਸਿੱਖ ਧਰਮ ਅਤੇ ਸਮਾਜ ਵਿੱਚ ਆ ਪਈਆਂ ਕੁਰੀਤੀਆਂ ਦੂਰ ਕਰ ਕੇ ਸਿੱਖ ਧਰਮ ਦੀ ਅਸਲੀ ਮਰਿਆਦਾ ਕਾਇਮ ਕਰਨਾ ਸੀ।
ਸਿੰਘ ਸਭਾ ਲਹਿਰ ਦੇ ਮੁੱਢਲੇ ਯਤਨ— ਸਮੇਂ ਦੇ ਵਿਦਵਾਨ ਪੁਰਖਿਆਂ ਨੇ ਸਿਰ ਜੋੜ ਕੇ ਵਿਚਾਰਾਂ ਕੀਤੀਆਂ ਕਿ ਸਿੱਖ ਧਰਮ ਦੀ ਪ੍ਰਫੁੱਲਤਾ, ਸਿੱਖੀ ਦਾ ਨਿਆਰਾਪਨ, ਹਿੰਦੂ ਕਰਮ-ਕਾਂਡ ਦੀ ਚੜ੍ਹ ਰਹੀ ਅਮਰ ਵੇਲ, ਈਸਾਈ ਮੱਤ ਦਾ ਪ੍ਰਭਾਵ, ਨਿਰਮਲੇ -ਉਦਾਸੀਆਂ ਵਲੋ ਨਾਨਕਈ ਫਲਸਫੇ ਨੂੰ ਦੇਵੀ ਦੇਵਤਿਆਂ ਵਾਂਗ ਕਰਨ ਦੀਆਂ ਚਨੌਤੀਆਂ ਸਨ। ਇਸ ਸਮੇ ਤਕ ਸਿੱਖਾਂ ਕੋਲ ਕੋਈ ਕੇਂਦਰੀ ਜੱਥੇਬੰਦੀ ਵੀ ਨਹੀਂ ਸੀ, ਕੋਈ ਮਹੀਨਾਵਰ ਰਸਾਲਾ, ਰੋਜ਼ਾਨਾ ਅਖ਼ਬਾਰ, ਵਿਦਿਆ ਲਈ ਸਕੂਲ-ਕਾਲਜ, ਸਿੱਖ ਸਿਧਾਂਤ ਨੂੰ ਸਮਝਣ ਸਮਝਾਉਣ ਵਾਲਾ ਕੋਈ ਸਿੱਕੇ ਬੰਦ ਸਾਹਿਤ ਨਹੀਂ ਸੀ। ਸਿੰਘ ਸਭਾ ਦੇ ਪ੍ਰਭਾਵ ਨਾਲ ਖਾਲਸਾ ਸਕੂਲ-ਕਾਲਜਾਂ ਦਾ ਜਨਮ ਹੋਇਆ। 1879 ਈਸਵੀ ਨੂੰ ਪ੍ਰੋਫੈਸਰ ਗੁਰਮੁਖ ਸਿੰਘ (ਓਰੀਐਂਟਲ ਕਾਲਜ ਲਾਹੌਰ) ਨੇ ਗੁਰਮੁਖੀ ਅਖਬਾਰ ਸ਼ੁਰੂ ਕੀਤਾ। ਸਿੰਘ ਸਭਾ ਅੰਮ੍ਰਿਤਸਰ ਦੇ ਉਦਮ ਸਦਕਾ ਨਵੀਂ ਜਾਗਰਤੀ ਨੇ ਅੰਗੜਾਈ ਲਈ। ਤੇ 1879 ਨੂੰ ਸਿੰਘ ਸਭਾ ਲਾਹੌਰ ਕਾਇਮ ਹੋਈ। 1880 ਨੂੰ ਇਕ ਸਾਂਝੀ ਕੇਂਦਰੀ ਸਿੰਘ ਸਭਾ ਕਾਇਮ ਕੀਤੀ ਗਈ। ਇਸ ਸਾਂਝੀ ਸਭਾ ਦਾ ਮੁੱਖ ਦਫ਼ਤਰ ਅੰਮ੍ਰਿਤਸਰ ਸੀ। ਕੇਂਦਰੀ ਸਿੰਘ ਸਭਾ ਦੇ ਲਹਿਰ ਹੇਠ ਜਗ੍ਹਾ ਜਗ੍ਹਾ ਸਿੰਘ ਸਭਾਵਾਂ ਬਣਨੀਆਂ ਸ਼ੁਰੂ ਹੋਈਆਂ। ਜਾਗਰੂਕ ਆਗੂਆਂ ਨੇ ਗੁਰਦੁਆਰਿਆਂ ਦੇ ਨਾਂ ਸਿੰਘ ਸਭਾ ਰੱਖਣੇ ਸ਼ੁਰੂ ਕੀਤੇ। ਕੇਂਦਰੀ ਸਿੰਘ ਸਭਾ ਦੇ ਮੁੱਖ ਮੰਤਵ ਕੀ ਸਨ? 1 ਸਾਰੇ ਸਿੱਖ ਵੀਰਾਂ ਅਤੇ ਖਾਲਸਾ ਜੀ ਨੂੰ ਸਿੱਖੀ ਧਰਮ ਦੇ ਨਾਲ ਪਿਆਰ ਰੱਖਣ ਲਈ ਪ੍ਰੇਰਤ ਕਰਨਾ ਅਤੇ ਸਿੱਖੀ ਦੇ ਮੂਲ ਸਿਧਾਤਾਂ ਨੂੰ ਪ੍ਰਚਾਰਨਾ। 2 ਸਿੱਖੀ ਦੇ ਨਿਆਰੇਪਨ ਤੇ ਨਾਨਕਈ ਫਲਸਫੇ ਨੂੰ ਪ੍ਰਗਟ ਕਰਨ ਲਈ ਹਰੇਕ ਸ਼ਹਿਰ ਤੇ ਪਿੰਡ ਤੱਕ ਪਹੁੰਚ ਕਰਨੀ। 3 ਸਿੱਖੀ ਨਾਲ ਸਬੰਧਿਤ ਗੁਰਮਤਿ ਸਾਹਿਤ ਪੈਦਾ ਕਰਨਾ ਤੇ ਉਸ ਨੂੰ ਵੰਡਣਾ। 4 ਪੁਰਾਣੇ ਗ੍ਰੰਥਾਂ ਦੀ ਸੁਧਾਈ ਕਰਨੀ ਤੇ ਗੁਰਮਤਿ ਦੇ ਪੱਖ ਨੂੰ ਪ੍ਰਗਟ ਕਰਨ ਵਾਲੇ ਕਿਤਾਬਚੇ ਤਿਆਰ ਕਰਾਉਣੇ। 5 ਪੰਜਾਬੀ ਜ਼ਬਾਨ ਦੀ ਪ੍ਰਫੁੱਲਤਾ ‘ਤੇ ਜ਼ੋਰ ਦੇਣਾ ਤੇ ਇਸ ਮਕਸਦ ਲਈ ਅਖਬਾਰਾਂ, ਰਸਾਲੇ ਛਾਪਣੇ। 6 ਸਿੱਖੀ ਦੇ ਵਿਰੋਧੀਆਂ ਦੀ ਸ਼ਨਾਖ਼ਤ ਕਰਨੀ, ਟੁੱਟਿਆਂ ਨੂੰ ਗਲ਼ ਨਾਲ ਲਾਉਣਾ।
ਸਿੰਘ ਸਭਾ ਨੂੰ ਪੈਰਾਂ ਸਿਰ ਕਰਨ ਲਈ ਇਕ ਜਾਬਤਾ ਵੀ ਬਣਾਇਆ 1 ਕੇਸ ਕਟਾਉਣ ਵਾਲਾ ਸਿੰਘ ਸਭਾ ਦਾ ਮੈਂਬਰ ਨਹੀਂ ਬਣ ਸਕਦਾ। ਹਾਂ ਜੇ ਕਿਸੇ ਕੋਲੋਂ ਕੋਈ ਅਵੱਗਿਆ ਹੋ ਜਾਂਦੀ ਹੈ ਤਾਂ ਉਹ ਤਨਖਾਹ ਲਵਾ ਕੇ ਮੁੜ ਮੈਂਬਰ ਬਣ ਸਕਦਾ ਹੈ। 2 ਸਰਕਾਰੀ ਜਾਂ ਅਰਧ ਸਰਕਾਰੀ ਨੌਕਰੀ ਬੇ-ਸ਼ੱਕ ਕਰੇ ਪਰ ਸਿੱਖੀ ਅਸੂਲਾਂ ਤੇ ਪੰਜਾਬੀ ਜ਼ਬਾਨ ਦਾ ਪਹਿਰਦਾਰ ਹੋਣਾ ਚਾਹੀਦਾ ਹੈ। 3 ਦੂਸਰਿਆਂ ਮੱਤਾਂ ਦਾ ਬੇ-ਲੋੜਾ ਵਿਰੋਧ ਕਰਨਾ ਸਿੰਘ ਸਭਾ ਲਹਿਰ ਦਾ ਕੰਮ ਨਹੀਂ ਹੈ। ਪ੍ਰੋ. ਗੁਰਮੁਖ ਸਿੰਘ ਨੇ ਪਿੰਡ ਪਿੰਡ ਜਾ ਕੇ ਸਿੰਘ ਸਭਾਵਾਂ ਕਾਇਮ ਕੀਤੀਆਂ ਤੇ ਨਾਲ ਹੀ ਇਨ੍ਹਾਂ ਨੂੰ ਇਕ ਝੰਡੇ ਥੱਲੇ ਕਰਨ ਲਈ ਖਾਲਸਾ ਦੀਵਾਨ ਕਾਇਮ ਕੀਤਾ ਗਿਆ। ਖਾਲਸਾ ਦੀਵਾਨ ਦਾ ਨਾਂ ਬਾਹਰਲੇ ਮੁਲਕਾਂ ਵਿਚ ਆਮ ਗੁਰਦੁਆਰਿਆਂ ਵਿਚ ਅੱਜ ਵੀ ਮਿਲਦਾ ਹੈ। ਓਦੋਂ ਇਕ ਦੁਖਾਂਤ ਇਹ ਵੀ ਪੈਦਾ ਹੋਇਆ ਕਿ ਸਿੰਘ ਸਭਾ ਦੇ ਕੁਝ ਮੈਂਬਰ ਗੁਰੂ ਕੁੱਲ ਵਿਚੋਂ ਹੋਣ ਕਰਕੇ ਆਪਣੇ ਆਪ ਨੂੰ ਗੁਰੁ ਦਾ ਦਰਜਾ ਦੇਣ ਲੱਗ ਪਏ, ਸਿਧਾਂਤਿਕ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ। ਬਾਬਾ ਖੇਮ ਸਿੰਘ ਦੇ ਹੇਠੋਂ ਗਦੇਲਾ ਖਿਚ ਕੇ ਸਾਬਤ ਕਰ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।
ਸਿੰਘ ਸਭਾ ਲਹਿਰ ਦੀ ਦੇਣ— 1 ਸਿੰਘ ਸਭਾ ਲਹਿਰ ਆਉਣ ਨਾਲ ਸਿੱਖਾਂ ਨੂੰ ਆਪਣੇ ਨਿਆਰੇਪਨ ਹੋਣ ਦਾ ਅਹਿਸਾਸ ਹੋਇਆ। ਇਹ ਵੀ ਮਹਿਸੂਸ ਹੋਇਆ ਕਿ ਸਿੱਖ ਧਰਮ ਕੋਈ ਪਿੱਛਲੱਗ ਧਰਮ ਨਹੀਂ ਸਗੋਂ ਇਸ ਦਾ ਫਲਸਫਾ ਸਾਰੀ ਦੁਨੀਆਂ ਨੂੰ ਆਪਣੇ ਪਿਆਰ ਦੇ ਕਲਾਵੇ ਵਿਚ ਲੈਂਦਾ ਹੈ। 2 ਸਿੱਖਾਂ ਨੇ ਸਸਕਾਰ ਕਰਨ ਸਮੇਂ ਬ੍ਰਾਹਮਣੀ ਕਰਮ-ਕਾਂਡ ਤੇ ਗਰੜ ਪੁਰਾਣ ਵਾਲੀਆਂ ਰੀਤੀਆਂ ਨੂੰ ਇੱਕ ਵੱਢੋਂ ਰੱਦ ਕੀਤਾ। 3 ਸਿੱਖੀ ਵਿਚੋਂ ਮੂਰਤੀ ਪੂਜਾ ਦਾ ਸੰਕਲਪ ਖਤਮ ਹੋਇਆ ਤੇ ਦਰਬਾਰ ਸਾਹਿਬ ਦੀ ਹਦੂਦ ਵਿਚੋਂ ਮਨੋਕਲਪਤ ਮੂਰਤੀਆਂ ਚੁਕਾ ਦਿੱਤੀਆਂ। 4 ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਗਦੇਲੇ ਲਾਉਣੇ ਹਟਾਏ ਗਏ। ਗੁਰੂ ਵੰਸ਼ੀ ਹੋਣ ਦੇ ਨਾਟਕ ਨੂੰ ਖਤਮ ਕੀਤਾ। ਗੁਰੂ ਡੰਮ੍ਹ ਨੂੰ ਠੱਲ ਪਾਈ। 5 ਅੰਮ੍ਰਿਤਸਰ ਖਾਲਸਾ ਕਾਲਜ ਵੀ ਸਿੰਘ ਸਭਾ ਦੇ ਵਿਚਾਰਾਂ ਦੀ ਉਪਜ ਹੀ ਹੈ। 6 ਸਿੰਘ ਸਭਾ ਲਹਿਰ ਦੇ ਆਗੂਆਂ ਨੇ ਸਿੱਖ ਧਰਮ ਅਤੇ ਤਵਾਰੀਖ ਸਬੰਧੀ ਇਕ ਸੌ ਦੇ ਕਰੀਬ ਕਿਤਾਬਾਂ ਤੇ ਬਹੁਤਾਤ ਵਿਚ ਟਰੈਕਟ ਵੀ ਛਾਪੇ। ਇਸ ਕਦਮ ਨਾਲ ਸਿੱਖ ਅਵਾਮ ਵਿਚ ਨਵੀਂ ਜਾਗਰਤਾ, ਚੇਤੰਤਾ ਆਈ। 7 ਇਸ ਲਹਿਰ ਦੇ ਅਸਰ ਹੇਠਾਂ ਰੋਜ਼ਾਨਾ, ਹਫਤਾਵਾਰੀ ਅਤੇ ਮਹੀਨਾਵਾਰੀ ਰਸਾਲੇ ਛਪਣੇ ਵੀ ਸ਼ੁਰੂ ਹੋਏ ਜਿਸ ਨਾਲ ਸਿੱਖ ਜਰਨਲਿਜ਼ਮ ਦਾ ਮੁੱਢ ਬੱਝਾ। 8 ਸਿੰਘ ਸਭਾ ਲਹਿਰ ਨੇ ਬਹੁਤ ਸਾਰੇ ਸਿੱਖ ਆਗੂ, ਵਰਕਰ, ਲੇਖਕ, ਪ੍ਰੋਫੈਸਰ, ਉਸਤਾਦ, ਵਕੀਲ ਅਖ਼ਬਾਰ ਨਵੀਸ, ਪੈਦਾ ਕੀਤੇ। ਮਗਰੋਂ ਇਨ੍ਹਾਂ ਨੇ ਸਿੱਖੀ ਪਰਚਾਰ ਤੇ ਸਿੱਖਾਂ ਵਿਚ ਕੌਮੀਅਤ ਦੇ ਅਹਿਸਾਸ ਤੋਂ ਇਲਾਵਾ ਉਨ੍ਹਾਂ ਵਿੱਚ ਸਿਆਸੀ ਹੱਕਾਂ ਵਾਸਤੇ ਸੂਝ ਪੈਦਾ ਕੀਤੀ। 9 ਸਿੰਘ ਸਭਾ ਲਹਿਰ ਦੇ ਆਉਣ ਨਾਲ ਸਿੱਖਾਂ ਵਿੱਚ ਸਮਾਜ ਸੁਧਾਰ, ਵਿਦਿਆ ਤੇ ਗਿਆਨ ਦਾ ਬਹੁਤ ਪਰਸਾਰ ਹੋਇਆ। ਡਾ. ਹਰਜਿੰਦਰ ਸਿੰਘ ਦਿਲਗੀਰ ਸਿੱਖ ਤਵਾਰੀਖ਼ ਭਾਗ ਤੀਜਾ ਦੇ ਪੰਨਾ 60 ‘ਤੇ ਲਿਖਦੇ ਹਨ ਕਿ 1850 ਵਿਚ ਅੰਗਰੇਜ਼ ਨੇ ਜਿਹੜਾ ਲਿਖਿਆ ਸੀ ਕਿ ਆਉਣ ਵਾਲੇ 50 ਸਾਲ ਬਾਅਦ ਪੰਜਾਬ ਵਿੱਚ ਦਸਤਾਰ ਨਹੀਂ ਦਿਸਣੀ। ਉਸ ਸਮੇਂ ਗਿਆਨੀ ਦਿੱਤ ਸਿੰਘ ਦਾ ਲੇਖ, ਖਾਲਸਾ ਅਖ਼ਬਾਰ ਅਤੇ ਸਿੰਘ ਸਭਾ ਦਾ ਕਮਾਲ ਸੀ ਕਿ ਸਿੱਖਾਂ ਦੀ ਅਬਾਦੀ ਜਿਹੜੀ ਕਿ 1861 ਵਿੱਚ 11 ਲੱਖ 41 ਹਜ਼ਾਰ 848 ਸੀ ਉਹ 1881 ਈਸਵੀ ਦੀ ਮਰਦਮ ਸ਼ੁਮਾਰੀ ਵਿੱਚ ਇਹ ਗਿਣਤੀ 18 ਲੱਖ 53 ਹਜ਼ਾਰ 428 ਹੋ ਗਈ ਸੀ, ਯਾਨੀ ਕਿ ਸੱਤ ਲੱਖ ਦਾ ਵਾਧਾ 60% ਤੋਂ ਵੀ ਜ਼ਿਆਦਾ ਹੋਇਆ। ਪ੍ਰੋ. ਗੁਰਮੁਖ ਸਿੰਘ ਦਾ ਜਨਮ 15 ਅਪ੍ਰੈਲ 1849 ਈ. ਨੂੰ ਵਸਾਖਾ ਸਿੰਘ ਦੇ ਘਰ ਪਿੰਡ ਚੰਦੜਾਂ ਜ਼ਿਲ੍ਹਾ ਗੁਜਰਾਂਵਾਲਾ ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਜੀ ਮਹਾਰਾਜਾ ਕਪੂਰਥਲਾ ਦੇ ਖ਼ਾਨਸਾਮੇ ਵਜੋਂ ਸੇਵਾ ਨਿਭਾ ਰਹੇ ਸਨ। ਮਹਾਰਾਜਾ ਕਪੂਰਥਲਾ ਨੇ ਹੀ ਇਨ੍ਹਾਂ ਨੂੰ ਉਚੇਰੀ ਪੜ੍ਹਾਈ ਕਰਾਉਣ ਲਈ ਸਿੰਘ ਸਭਾ ਅੰਮ੍ਰਿਤਸਰ ਅਤੇ ਲਾਹੌਰ ਕਾਇਮ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਆਰੀਆ ਸਮਾਜ ਵਿਚੋਂ ਗਿਆਨੀ ਦਿੱਤ ਸਿੰਘ, ਭਾਈ ਜਵਾਹਰ ਸਿੰਘ, ਭਾਈ ਮਹੀਆ ਸਿੰਘ, ਭਾਈ ਨਿੱਕਾ ਸਿੰਘ ਆਦਿ ਪ੍ਰਤਿੱਸ਼ਠ ਸੱਜਣਾਂ ਨੂੰ ਸਿੱਖ ਪੰਥ ਦੀ ਸੇਵਾ ਵਿਚ ਲਾਇਆ। 1898 ਨੂੰ ਅਚਨਚੇਤ ਸਰੀਰਕ ਵਿਛੋੜਾ ਦੇ ਗਏ ਪਰ 1880 ਵਿੱਚ ਗੁਰਮੁਖੀ ਅਖ਼ਬਾਰ, 1881 ਨੂੰ ਵਿਦਯਾਰਕ ਰਸਾਲਾ, 1885 ਨੂੰ ਸੁਧਾਰਕ, 1885 ਨੂੰ ਖ਼ਾਲਸਾ ਗਜ਼ਟ ਕੱਢਣ ਵਿਚ ਅਹਿਮ ਭੂਮਿਕਾ ਨਿਭਾਈ।
ਵਰਤਮਾਨ ਸਥਿਤੀ ਸਿੰਘ ਸਭਾ ਲਹਿਰ ਨੇ ਵਰਤਮਾਨ ਸਮੱਸਿਆ ਵਿੱਚ ਨਵੀਂ ਜਾਗ੍ਰਿਤੀ ਪੈਦਾ ਕੀਤੀ ਹੈ ਪਰ ਅੱਜ ਵੀ ਬਹੁਤ ਸਮੱਸਿਆਵਾਂ ਹਨ। ਸਿੱਖੀ ਪਹਿਰਾਵੇ ਵਿਚ ਬ੍ਰਹਾਮਣੀ ਕਰਮ-ਕਾਂਡਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। 1 ਸਭ ਤੋਂ ਵੱਡੀ ਸਮੱਸਿਆ ਡੇਰਾਵਾਦ ਦੀ ਬਣ ਗਈ ਹੈ। ਦੇਖਣ ਨੂੰ ਇਹ ਡੇਰੇ ਸਿੱਖੀ ਪਹਿਰਾਵੇ ਵਾਲੇ ਲੱਗਦੇ ਹਨ ਪਰ ਇਨ੍ਹਾਂ ਦਾ ਵਰਤਾਰਾ ਸਿੱਖ ਸਿਧਾਤਾਂ ਤੋਂ ਵਿਰੋਧੀ ਹੈ। ਇਹਨਾਂ ਦਿਆਂ ਡੇਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਜ਼ਰੂਰ ਹੁੰਦਾ ਹੈ ਪਰ ਪ੍ਰੰਪਰਾਵਾਂ ਬ੍ਰਾਹਮਣੀ ਕਰਮ-ਕਾਂਡ ਵਾਲੀਆਂ ਹੀ ਨਿਬਾਹੁੰਦੇ ਹਨ। 2 ਕੁਝ ਡੇਰਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਪਕੜ ਵਿਚ ਲੈ ਲਿਆ ਹੋਇਆ ਹੈ। ਉਹ ਡੇਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਬਚਿੱਤ੍ਰ ਨਾਟਕ ਦਾ ਪ੍ਰਕਾਸ਼ ਵੀ ਕਰਨ ਲੱਗ ਪਏ ਹਨ। 3 ਸਭ ਤੋਂ ਵੱਡਾ ਦੁਖਾਂਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਰਾਜ ਸੱਤਾ ਹਾਸਲ ਕਰਨ ਲਈ ਤੀਹ ਡੇਰਦਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਾਇਆ ਗਿਆ। ਇਹ ਉਹ ਡੇਰੇ ਹਨ ਜਿਹੜੇ ਸਿੱਖ ਰਹਿਤ ਮਰਿਯਾਦਾ ਨੂੰ ਨਹੀਂ ਮੰਨਦੇ। 3 ਵਰਤਮਾਨ ਸਥਿੱਤੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਗੁੰਝਲ਼ਦਾਰ ਬਣਾਇਆ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਸਬੰਧੀ ਸਿੱਖ ਰਹਿਤ ਮਰਿਯਾਦਾ ਵਿਚ ਵਿਸਥਾਰ ਨਾਲ ਲਿਖਿਆ ਹੋਇਆ ਹੈ। ਪਿਛੇ ਜਿਹੇ ਸਤਿਕਾਰ ਦੇ ਨਾਂ ‘ਤੇ ਸਿੰਧੀ ਪ੍ਰਵਾਰਾਂ ਦੇ ਘਰਾਂ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਚੁਕਵਾ ਲੈਣ ਨਾਲ ਕੋਈ ਚੰਗਾ ਪ੍ਰਭਾਵ ਨਹੀਂ ਗਿਆ। 4 ਸਿੱਖਾਂ ਦੇ ਰਾਜਨੀਤਿਕ ਲੀਡਰ ਸਿੱਖ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਖਿਸਕ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਸਿੱਖ ਮੁੱਦਿਆਂ ਵਲੋਂ ਮੂੰਹ ਮੋੜ ਚੁੱਕੇ ਹਨ। 5 ਜਿਹੜੇ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕਾਂ ਨੇ ਕਰਨੇ ਸਨ ਉਹ ਕੀਤੇ ਨਹੀਂ, ਆਪਣੇ ਗਲੋਂ ਗਲਾਵਾਂ ਲਾਹ ਕੇ ਸਾਰੇ ਅਧਿਕਾਰ ਅਕਾਲ ਤੱਖਤ ਦੇ ਜੱਥੇਦਾਰ ਨੂੰ ਦੇ ਦਿੱਤੇ ਹਨ। ਚਾਹੀਦਾ ਸੀ ਕਿ ਸ਼੍ਰੋਮਣੀ ਕਮੇਟੀ ਸਬ ਕਮੇਟੀਆਂ ਬਣਾ ਕੇ ਮਸਲਿਆਂ ਦਾ ਹੱਲ ਕਰਦੀ। ਹੁਣ ਹਾਲਾਤ ਅਜੇਹੇ ਬਣ ਗਏ ਹਨ ਕਿ ਵਿਦਵਾਨ ਸਿਧਾਂਤਿਕ ਵਿਚਾਰਾਂ ਲਿਖਣ ਤੋਂ ਪਾਸਾ ਹੀ ਵੱਟ ਗਏ ਹਨ। 6 ਸੋਸ਼ਿਲ ਮੀਡੀਆ ‘ਤੇ ਕੋਈ ਕੰਟਰੋਲ ਨਹੀਂ ਰਿਹਾ ਜਿਦ੍ਹਾ ਜੀ ਕਰਦਾ ਜੋ ਮਰਜ਼ੀ ਲਿਖੀ ਜਾਂਦਾ ਹੈ। ਸਿੱਖ ਸਿਧਾਂਤ ਦੀ ਵਿਆਖਿਆ ਆਪੋ ਆਪਣੀ ਕੀਤੀ ਜਾ ਰਹੀ ਹੈ। 7 ਖਾਲਸਾ ਸਕੂਲਾਂ ਵਿਚੋਂ ਧਾਰਮਿਕ ਵਿਦਿਆ ਦਾ ਲਗਭਗ ਭੋਗ ਹੀ ਪੈ ਗਿਆ ਹੈ। 8 ਸਿੱਖ ਸਟੂਡੈਂਟ ਫੈਡਰੇਸ਼ਨ ਦਾ ਨਾਮੋ ਨਿਸ਼ਾਨ ਖਤਮ ਹੋਣ ਨਾਲ ਉਭਰਦੀ ਲੀਡਰਸ਼ਿੱਪ ਤਿਆਰ ਹੋਣੀ ਖਤਮ ਹੋ ਗਈ ਹੈ। 9 ਗੁਰਦੁਆਰਿਆਂ ਦੇ ਨਾਂ ਸਿੰਘ ਸਭਾ ਜ਼ਰੂਰ ਰੱਖੇ ਹਨ ਪਰ ਸਿੱਖੀ ਦੇ ਨਿਆਰੇਪਨ ਵਲੋਂ ਮੂੰਹ ਮੋੜਿਆ ਹੋਇਆ ਹੈ। 10 ਸਿੰਘ ਸਭਾਵਾਂ ਨਾਂ ਦੇ ਗੁਰਦੁਆਰਿਆਂ ਵਿਚ ਮ੍ਰਿਤਕ ਸੰਸਕਾਰ ਨਿਭਾਉਂਦਿਆਂ ਸ਼ਬਦ ਗੁਰਬਾਣੀ ਦਾ ਲਿਆ ਜਾਂਦਾ ਹੈ ਪਰ ਵਿਆਖਿਆ ਗਰੜ ਪੁਰਾਣ ਦੀ ਕੀਤੀ ਜਾਂਦੀ ਹੈ।
ਕਰਨਾ ਕੀ ਚਾਹੀਦਾ ਹੈ— 1 ਕੇਂਦਰੀ ਸਿੰਘ ਸਭਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਤੇ ਸਿੱਖ ਰਹਿਤ ਮਰਿਯਾਦਾ ਤੇ ਪਹਿਰਾ ਦੇਣ ਲਈ ਵਿਦਵਾਨਾਂ ਦਾ ਗਰੁੱਪ ਅਜਿਹਾ ਚਾਹੀਦਾ ਹੈ ਜਿਹੜਾ ਸਿੱਖੀ ਸਿਧਾਂਤ ਨੂੰ ਨਿਖਾਰ ਕੇ ਪੇਸ਼ ਕਰੇ। ਅਕਾਲ ਤਖਤ ਦੇ ਜੱਥੇਦਾਰ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਤੁਰੰਤ ਮੀਟਿੰਗਾਂ ਕੀਤੀਆਂ ਜਾਣ। 2 ਜੇ ਬਾਕੀ ਦੇ ਲੋਕ ਅਕਾਲ ਤੱਖਤ ਦੇ ਜੱਥੇਦਾਰ ਨੂੰ ਵਰਤਦੇ ਹਨ ਤਾਂ ਸਿੰਘ ਸਭਾ ਨੂੰ ਵੀ ਜੱਥੇਦਾਰ ਨਾਲ ਵਿਚਾਰ ਵਟਾਂਦਰਾ ਕਰਨ ਵਿਚ ਕੋਈ ਹਰਜ ਨਹੀਂ ਹੋਣਾ ਚਾਹੀਦਾ। 3 ਵਰਤਮਾਨ ਸਥਿੱਤੀ ਵਿਚ ਸਿਧਾਂਤਿਕ ਪ੍ਰਚਾਰਕਾਂ ਦਾ ਵਿਰੋਧ ਹੁੰਦਾ ਹੈ ਤਾਂ ਸਿੰਘ ਸਭਾ ਨੂੰ ਸਿਧਾਂਤਿਕ ਪ੍ਰਚਾਰਕਾਂ ਨਾਲ ਖੜੇ ਹੋਣਾ ਚਾਹੀਦਾ ਹੈ। 4 ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਪ੍ਰਤੀ ਸਰਲਤਾ ਤੇ ਇਕ ਥਾਂ ਤੋਂ ਦੂਜੀ ਥਾਂ ‘ਤੇ ਲਿਜਾਣ ਲਈ ਸੌਖਾ ਵਿਧੀ-ਵਿਧਾਨ ਬਣਾਉਣ ਦੀ ਲੋੜ ‘ਤੇ ਜ਼ੋਰ ਦੇਣਾ ਚਾਹੀਦਾ ਹੈ। 5 ਸਿੰਘ ਸਭਾ ਲਹਿਰ ਜਿਹੜਾ ਸਾਹਿਤ ਪਹਿਲਾਂ ਛਪਿਆ ਹੈ ਉਸ ਦੀ ਸੁਧਾਈ ਕਰਕੇ ਦੁਬਾਰਾ ਛਪਾਉਣ ਵਲ ਧਿਆਨ ਦੇਣ ਦੀ ਲੋੜ ‘ਤੇ ਜ਼ੋਰ ਦੇਣਾ ਚਾਹੀਦਾ ਹੈ। 6 ਸਿੰਘ ਸਭਾ ਲਹਿਰ ਨੇ ਆਪਣੀ ਪਹਿਲੀ ਸ਼ਤਾਬਦੀ ਮਨਾਉਂਦਿਆਂ ਪਾਠ ਬੋਧ ਸਮਾਗਮ ਕਰਾਏ ਸਨ ਉਸ ਲੜੀ ਨੂੰ ਹੁਣ ਫਿਰ ਅੱਗੇ ਤੋਰਨਾ ਚਾਹੀਦਾ ਹੈ। 7 ਸਿੰਘ ਸਭਾ ਦੇ ਨੁਮਾਇੰਦਿਆਂ ਨੂੰ ਸਿੱਖ ਮੁਦਿਆਂ ‘ਤੇ ਵਿਚਾਰਾਂ ਲਈ ਹੋਰ ਵਿਦਵਾਨਾਂ ਤੇ ਜੱਥੇਬੰਦੀਆਂ ਨਾਲ ਸੰਪਰਕ ਕਾਇਮ ਕਰਨਾ ਚਾਹੀਦਾ ਹੈ। 8 ਸਾਰੇ ਕੰਮ ਸਿੰਘ ਸਭਾ ਨਹੀਂ ਕਰ ਸਕਦੀ ਪਰ ਕਈ ਸਿੱਖ ਸਿਧਾਂਤਾਂ ਦੀ ਸਮਝ ਰੱਖਣ ਵਾਲੇ ਵਿਦਵਾਨਾਂ ਦੀਆਂ ਸੇਵਾਵਾਂ ਜ਼ਰੂਰ ਹਾਸਲ ਕਰ ਸਕਦੀ ਹੈ। 9 ਮੰਜੀ ਸਾਹਿਬ ਅੰਮ੍ਰਿਤਸਰ ਜਾਂ ਬੰਗਲਾ ਸਾਹਿਬ ਗੁਰਦੁਆਰਾ ਤੋਂ ਹੁੰਦੀ ਰੋਜ਼ਾਨਾ ਕਥਾ ਦਾ ਮੁਲਾਂਕਣ ਪੇਸ਼ ਕਰਨ ਲਈ ਵਿਦਵਾਨਾਂ ਦੀ ਕਮੇਟੀ ਬਣਾਈ ਜਾਏ ਜਿਹੜੀ ਹਰ ਰੋਜ਼ ਗੁਰਮਤਿ ਦੇ ਤੱਥਾਂ ਨੂੰ ਪੇਸ਼ ਕਰੇ। 10 ਸ਼੍ਰੋਮਣੀ ਕਮੇਟੀ ਤੇ ਚੀਫ਼ ਖਾਲਸਾ ਦੀਵਾਨ ਦੀਆਂ ਸਮੇਂ ਸਮੇਂ ਸਿੱਖ ਸਿਧਾਂਤਾਂ ਤੇ ਵਿਚਾਰਾਂ ਕਰਨ ਲਈ ਇਕਤ੍ਰਤਾਵਾਂ ਹੋਣੀਆਂ ਚਾਹੀਦੀਆਂ ਹਨ।
ਸਿੰਘ ਸਭਾ ਦਾ ਵੱਧਦਾ ਪ੍ਰਭਾਵ ਦੇਖ ਕੇ ਕਈ ਬੋਲੀਆਂ ਵੀ ਬਣਾ ਲਈਆਂ ਸਨ— ਜਦੋਂ ਮੁਕਗੇ ਘੜੇ ਦੇ ਦਾਣੇ, ਬਣ ਗਏ ਸਿੰਘ ਸਭੀਏ। ਕੁਣਕਾ ਖਾਣ ਦੇ ਮਾਰੇ, ਬਣ ਗਏ ਸਿੰਘ ਸਭੀਏ।॥ ਸਿੰਘ ਸਭਾ ਦੇ ਸਮਾਜ ਸੁਧਾਰ ਨੂੰ ਦੇਖ ਕੇ ਕਈਆਂ ਆਪਣਾ ਵਿਰੋਧ ਵੀ ਜਿਤਾਇਆ ਜਿਹੜਾ ਉਸ ਸਮੇਂ ਦੀਆਂ ਬੋਲੀਆਂ ਵਿਚੋਂ ਮਿਲਦਾ ਹੈ— ਮਰ ਜਾਣ ਸਿੰਘ ਸਭੀਏ ਜਿੰਨ੍ਹਾਂ ਪਿੰਡਾਂ ਦੇ ਗਿੱਧੇ ਬੰਦ ਕੀਤੇ। ਸਿੰਘ ਸਭਾ ਦੇ ਸਮਾਜ ਸੁਧਾਰ ਤੋਂ ਦੁਖੀ ਕਈਆਂ ਨੇ ਬੋਲੀਆਂ ਰਾਂਹੀਂ ਵਡਿਆਇਆ ਵੀ ਹੈ— ਟੋਲ਼ੀ ਮਾਏ ਸਿੰਘ ਸਭੀਏ, ਮੈਨੂੰ ਮੰਨਣੇ ਨਾ ਪੇਣ ਜਠੇਰੇ। ਮਰ ਜਾਣ ਸਿੰਘ ਸਭੀਏ ਜਿਹੜੇ ਗਿੱਧਾ ਪਉਣ ਨਹੀਂ ਦਿੰਦੇ। ਸਭੀਆਂ ਨੇ ਅੱਤ ਚੁਕ ਲਈ ਸਾਰੇ ਪਿੰਡ ਦੇ ਸਰਾਧ ਬੰਦ ਕੀਤੇ। ਇਕ ਵਹੁ ਹੈਂ, ਜੋ ਬਦਲਤੇ ਹੈਂ, ਜ਼ਮਾਨੇ ਕੇ ਸਾਥ ਸਾਥ, ਮਰਦ ਵਹੁ ਹੈਂ ਜੋ ਜ਼ਮਾਨੇ ਕੋ ਬਦਲ ਦੇਤੇ ਹੈਂ।