ਗੁਰਮਤਿ ਗਿਆਨ ਮਿਸ਼ਨਰੀ ਕਾਲਜ
Gurmat Gian Missionary College

ਗੁਰਮਤਿ ਗਿਆਨ ਮਿਸ਼ਨਰੀ ਕਾਲਜ Gurmat Gian Missionary College

ਗੁਰਮਤਿ ਗਿਆਨ ਮਿਸ਼ਨਰੀ ਕਾਲਜ
Gurmat Gian Missionary College

ਕੈਪਟਨ ਅਵਤਾਰ ਸਿੰਘ

   97819-90206

ਦੀਵਾਲੀ ਤੇ ਬੰਦੀ ਛੋੜ ਦੀ ਅਸਲੀਅਤ

ਦੇਖਾ ਦੇਖੀ ਕਰਮ ਕਾਂਡ ਕਰਨੇ

ਗੁਰਬਾਣੀ ਦੀ ਵਿਚਾਰ ਭਾਵ ਸਿਧਾਂਤਕ ਪੱਖ ਨੂੰ ਨਾ ਸਮਝਣ ਕਰਕੇ ਅਸੀਂ ਦੇਖਾ ਦੇਖੀ ਅਨਮਤਾਂ ਵਾਲੇ ਕਰਮ-ਕਾਂਡ ਕਰਨ ਨੂੰ ਤਰਜੀਹ ਦਿੰਦੇ ਹਾਂ। ਹੌਲੀ ਹੌਲੀ ਇਹ ਕਰਮ-ਕਾਂਡ ਧਰਮ ਦੀਆਂ ਪੱਕੀਆਂ ਪੰ੍ਰਪਰਾਵਾਂ ਬਣ ਜਾਂਦੀਆਂ ਹਨ। ਸਾਡੀ ਹਾਲਤ ਏਨੀ ਪਤਲੀ ਹੋ ਗਈ ਹੈ ਕਿ ਜਿਹੜਾ ਵੀ ਕਿਸੇ ਧਰਮ ਦਾ ਕਰਮ ਅਸੀਂ ਦੇਖਦੇ ਹਾਂ, ਅਸੀਂ ਉਹੋ ਹੀ ਕਰਮ ਕਰਨ ਲੱਗ ਜਾਂਦੇ ਹਾਂ। ਦੂਜੇ ਧਰਮ ਕਰਮ ਨੂੰ ਅਸੀਂ ਸਿੱਖ ਸਿਧਾਂਤ ਦੇ ਢਾਂਚੇ ਫਿੱਟ ਕਰਨ ਦਾ ਪੂਰਾ ਪੂਰਾ ਯਤਨ ਕਰਦੇ ਹਾਂ। ਦਰਅਸਲ ਅਸੀਂ ਭੇਡ ਚਾਲ ਦੇ ਸ਼ਿਕਾਰ ਹੋ ਚੁੱਕੇ ਹਾਂ। ਅਸੀਂ ਆਪਣੇ ਨਿਆਰੇਪਨ ਵਲੋਂ ਕਿਨਾਰਾ ਕਰਕੇ ਬਹੁ ਗਿਣਤੀ ਵਾਲੇ ਲੋਕਾਂ ਦੇ ਕਰਮਾਂ ਨੂੰ ਤਰਜੀਹ ਦਿੰਦੇ ਹਾਂ। ਇਕ ਗੁਰਦੁਆਰਾ ਸਾਹਿਬ ਵਿਖੇ ਦੋ ਪੁਸਤਕਾਂ ਦੇ ਸਟਾਲ ਲੱਗੇ ਹੋਏ ਸਨ। ਇਕ ਸਟਾਲ ‘ਤੇ ਸਿਧਾਂਤਕ ਪੁਸਤਕਾਂ ਸਨ ਤੇ ਦੂਜੇ ਸਟਾਲ ‘ਤੇ ਮਾਲਾ, ਸੰਕਟ ਮੋਚਨ, ਦੁਖਭੰਜਨ ਭਗਤ ਮਾਲਾ, ਪੂਰਨਮਾਸ਼ੀ ਦੀ ਕਥਾ, ਗੁਰੂ ਸਾਹਿਬਾਨ ਦੀਆਂ ਰੰਗ ਬਰੰਗੀਆਂ ਫੋਟੋਆਂ ਤੇ ਪੰਜਾਬ ਦੇ ਮਰ ਚੁੱਕੇ ਸਾਧਾਂ ਦੀਆਂ ਮੂਰਤੀਆਂ ਪਈਆਂ ਹੋਈਆਂ ਸਨ। ਜਿੰਨ੍ਹਾਂ ਪਾਸ ਸਿਧਾਂਤਕ ਪੁਸਤਕਾਂ ਸਨ ਨਾ ਲਾਭ ਤੇ ਨਾ ਹਾਨੀ ਤੇ ਪੁਸਤਕਾਂ ਦੇ ਰਹੇ ਸਨ। ਇੰਝ ਇਹਨਾਂ ਦੀ ਕੁੱਲ ਵਿਕਰੀ ਸਾਰੇ ਦਿਨ ਵਿਚ ਚਾਰ ਹਜ਼ਾਰ ਦੀ ਹੋਈ, ਦੂਜੇ ਪਾਸੇ ਗੈਰ ਸਿਧਾਂਤਕ ਵਿਕਰੀ ਕਰਨ ਵਾਲਿਆਂ ਦੀ ਤੀਹ ਹਜ਼ਾਰ ਦੀ ਵਿਕਰੀ ਹੋਈ। ਇਸ ਦਾ ਅਰਥ ਹੈ ਕਿ ਸਾਨੂੰ ਗੁਰਬਾਣੀ ਦੇ ਮਹੱਤਵ ਜਾਂ ਗੁਰਬਾਣੀ ਸਿਧਾਂਤ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਲਗਦਾ ਹੈ ਅਸੀਂ ਗੁਰਬਾਣੀ ਸਿਧਾਂਤ ਤੋਂ ਬਹੁਤ ਦੂਰ ਚਲੇ ਗਏ ਹਾਂ ਤੇ ਦੇਖਾ-ਦੇਖੀ ਦੇ ਹੀ ਕਰਮਾਂ ਨੂੰ ਧਰਮ ਸਮਝੀ ਬੈਠੈ ਹਾਂ। ਇਹਨਾਂ ਕਰਮਾਂ ਨੂੰ ਹੀ ਅਸੀਂ ਪਰਮ ਧਰਮ ਸਮਝ ਲਿਆ ਹੈ।ਕਹਿੰਦੇ ਨੇ ਇਕ ਅਧਿਆਪਕ ਜਮਾਤ ਵਿਚ ਬੱਚਿਆਂ ਨੂੰ ਪੁੱਛਦਾ ਹੈ, ਕਿ “ਬੱਚਿਓ ਜੇ ਵਾੜੇ ਵਿਚ ਸੌ ਭੇਡ ਰਹਿੰਦੀ ਤਾਂ ਉਹਨਾਂ ਵਿਚੋਂ ਇਕ ਬਾਹਰ ਨਿਕਲ ਜਾਏ ਤਾਂ ਬਾਕੀ ਪਿੱਛੇ ਕਿੰਨੀਆਂ ਰਹਿ ਜਾਂਦੀਆਂ ਹਨ” ਤਾਂ ਸਾਰੀ ਜਮਾਤ ਦੇ ਬੱਚੇ ਕਹਿਣ ਲੱਗੇ, ਕਿ “ਉਸਤਾਦ ਜੀ ਉਸ ਵਾੜੇ ਵਿਚ ਨੜ੍ਹੇਨਵੇਂ ਭੇਡਾਂ ਰਹਿ ਜਾਣਗੀਆਂ”। ਸਾਰੀ ਜਮਾਤ ਵਿਚੋਂ ਇਕ ਬੱਚੇ ਨੇ ਕੋਈ ਜੁਆਬ ਨਾ ਦਿੱਤਾ ਤਾਂ ਅਧਿਆਪਕ ਨੇ ਦੁਬਾਰਾ ਪੁੱਛਿਆ, ਕਿ “ਕਾਕਾ ਤੈਨੂੰ ਸਵਾਲ ਦੀ ਸਮਝ ਨਹੀਂ ਆਈ ਤੂੰ ਇਸ ਗੱਲ ਦਾ ਕੋਈ ਉੱਤਰ ਨਹੀਂ ਦਿੱਤਾ”। ਤਾਂ ਅੱਗੋਂ ਬੱਚਾ ਕਹਿੰਦਾ, “ਉਸਤਾਦ ਜੀ ਇਹ ਮੇਰੇ ਸਾਥੀ ਝੂਠ ਬੋਲਦੇ ਹਨ, ਇਹਨਾਂ ਨੂੰ ਭੇਡਾਂ ਬਾਰੇ ਕੋਈ ਵੀ ਮੁੱਢਲਾ ਗਿਆਨ ਨਹੀਂ ਹੈ ਕਿਉਂਕਿ ਇਹਨਾਂ ਨੇ ਭੇਡਾਂ ਨਹੀਂ ਰੱਖੀਆਂ ਹੋਈਆਂ ਹਨ। ਦਰਅਸਲ ਉਸਤਾਦ ਜੀ ਜਦੋਂ ਵਾੜੇ ਵਿਚੋਂ ਇਕ ਭੇਡ ਬਾਹਰ ਨਿਕਲ ਜਾਂਦੀ ਹੈ ਤਾਂ ਪਿੱਛੇ ਕੋਈ ਭੇਡ ਵੀ ਨਹੀਂ ਰਹਿ ਜਾਂਦੀ ਕਿਉਂਕਿ ਸਾਰੀਆਂ ਭੇਡਾਂ ਉਸ ਭੇਡ ਦੇ ਪਿੱਛੇ ਚਲੀਆਂ ਜਾਂਦੀਆਂ ਹਨ”। ਸ਼ਾਇਦ ਏੱਥੋਂ ਹੀ ਭੇਡ ਚਾਲ ਮੁਹਾਵਰੇ ਦਾ ਮੁੱਢ ਬੱਝਿਆ ਹੈ। ਇਕ ਭੇਡ ਨੇ ਖੂਹ ਵਿਚ ਛਾਲ ਮਾਰ ਦਿੱਤੀ ਉਸ ਦੇ ਪਿੱਛੇ ਸਾਰੀਆਂ ਭੇਡਾਂ ਛਾਲਾਂ ਮਾਰ ਦਿੰਦੀਆਂ ਹਨ। ਚਾਲੀ ਕੁ ਸਾਲ ਪਹਿਲਾਂ ਦੀ ਗੱਲ ਹੈ ਉਦੋਂ ਅਜੇ ਮੈਂ ਨੌਕਰੀ ਕਰ ਰਿਹਾ ਸੀ। ਹਿਮਾਚਲ ਵਿਚ ਇਕ ਭੇੜ ਪਹਾੜ ਤੋਂ ਤਿਲਕ ਕੇ ਹੇਠਾਂ ਖਾਈ ਵਿਚ ਡਿੱਗ ਪਈ। ਉਸਦੇ ਪਿੱਛੇ 75 ਭੇੜਾਂ ਥੱਲੇ ਡਿੱਗ ਗਈਆਂ ਸਨ। ਸਿੱਖ ਕੌਮ ਦੀ ਤ੍ਰਾਸਦੀ ਵੀ ਕੁਝ ਏਹੋ ਜਿਹੀ ਹੀ ਹੈ ਕਿ ਆਪਣੇ ਮਹਾਨ ਵਿਰਸੇ ਨੂੰ ਛੱਡ ਕੇ ਪਿਛਲੱਗ ਬਣਨ ਵਿੱਚ ਫ਼ਕਰ ਮਹਿਸੂਸ ਕਰ ਰਹੀ ਹੈ। ਜਦੋਂ ਪਿੰਡ ਵਿਚੋਂ ਕੋਈ ਕਿਸੇ ਡੇਰੇ ‘ਤੇ ਜਾਂਦਾ ਹੈ ਬਾਕੀ ਲੋਕ ਵੀ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਨ ਕਿ ਜਦੋਂ ਦਾ ਇਹ ਡੇਰੇ ‘ਤੇ ਜਾਣ ਲੱਗਿਆ ਬੜਾ ਸੌਖਾ ਹੋ ਗਿਆ ਹੋਣਾ ਏਂ? ਕਿਉਂ ਨਾ ਆਪਾਂ ਵੀ ਇਕ ਵਾਰੀ ਜਾ ਆਈਏ ਖੋਰੇ ਕੋਈ ਸਾਡਾ ਵੀ ਕੰਮ ਸੌਰ ਜਾਏਗਾ। ਇੰਝ ਦੇਖਾ-ਦੇਖੀ ਟਰਾਲੀਆਂ ਭਰ ਭਰ ਮੂੰਹ ਚੁੱਕ ਕੇ ਇਕ ਦੂਜੇ ਨਾਲੋਂ ਪਹਿਲਾਂ ਪਹੁੰਚਣ ਵਿਚ ਫ਼ਕਰ ਮਹਿਸੂਸ ਕਰਦੇ ਹਾਂ।
ਦੇਖਾ-ਦੇਖੀ ਭਾਵ ਜੋ ਬਿਨਾਂ ਸੋਚੇ ਸਮਝੇ ਕਰਮ ਕਰਨੇ ਹਨ ਉਸ ਨੂੰ ਭੇਡ ਚਾਲ ਆਖਦੇ ਹਨ। ਗੁਰੂ ਨਾਨਕ ਸਾਹਿਬ ਜੀ ਫੁਰਮਾਉਂਦੇ ਹਨ

ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ॥
ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥ (28)

ਅੱਖਰੀਂ ਅਰਥ–ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈ, ਉਸ ਨੂੰ ਸਹੀ ਜੀਵਨ ਜੀਊਣ ਦੀ ਸਮਝ ਨਹੀਂ ਆਉਂਦੀ। (ਪਰ) ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ, ਉਹਨਾਂ ਦੀ ਘਾਲ-ਕਮਾਈ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦੀ ਹੈ।

ਬਾਹਰਲੇ ਮੁਲਕਾਂ ਵਿੱਚ ਵਿਆਹ ਦੇਖ ਲਓ ਜਿਸ ਤਰ੍ਹਾਂ ਚਰਚ ਵਿੱਚ ਵਿਆਹ ਕਰਨ ਲਈ ਉਹ ਜਾਂਦੇ ਹਨ ਓਸੇ ਤਰ੍ਹਾਂ ਹੀ ਅਸੀਂ ਗੁਰਦੁਆਰੇ ਵਿਚ ਆਉਂਦੇ ਹਾਂ। ਜਿਸ ਤਰ੍ਹਾਂ ਚਰਚ ਵਿੱਚ ਲਾੜੇ ਦੇ ਕਪੜਿਆਂ ਦਾ ਰੰਗ ਹੁੰਦਾ ਹੈ ਓਸੇ ਤਰ੍ਹਾਂ ਹੀ ਲਾੜੇ ਦੇ ਦੋਸਤਾਂ ਦੇ ਕਪੜੇ ਹੁੰਦੇ ਹਨ। ਇਸੇ ਤਰ੍ਹਾਂ ਹੀ ਵਿਆਹ ਵਾਲੀ ਬੱਚੀ ਜਿਸ ਰੰਗ ਦਾ ਕਪੜਾ ਪਾਇਆ ਹੁੰਦਾ ਹੈ ਓਸੇ ਤਰ੍ਹਾਂ ਦੇ ਹੀ ਬਾਕੀ ਬੱਚੀਆਂ ਨੇ ਕਪੜੇ ਪਹਿਨੇ ਹੁੰਦੇ ਹਨ। ਭਾਵ ਕਿ ਦੇਖਾ-ਦੇਖੀ ਅਸੀਂ ਝੱਟ ਭੀੜ ਵਿਚ ਸ਼ਾਮਿਲ ਹੋ ਗਏ। ਚਰਚ ਵਾਲਾ ਪਹਿਰਾਵਾ ਅਸੀਂ ਬਹੁਤ ਜਲਦੀ ਪਕੜਿਆ ਹੈ। ਭਾਵ ਕਿ ਚਰਚ ਵਾਲੀ ਗੱਲ ਨੂੰ ਅਸੀਂ ਗੁਰਦੁਆਰੇ ਵਿੱਚ ਵੀ ਲੈ ਆਉਂਦਾ ਹੈ। ਇਕ ਵਿਦਵਾਨ ਲਿਖਦਾ ਹੈ ਕਿ ਇਕ ਝੂਠ ਨੂੰ ਸੌ ਵਾਰ ਬੋਲਿਆ ਜਾਏ ਤਾਂ ਉਹ ਸੱਚ ਮਹਿਸੂਸ ਹੋਣ ਲਗਦਾ ਹੈ। ਸਿੱਖੀ ਦਾ ਨਿਆਰਾਪਨ ਹੀ ਇਹ ਹੈ ਕਿ ਇਸ ਦੇ ਆਪਣੇ ਸਿਧਾਂਤ ਹਨ ਜੋ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹਨ। ਗੁਰਬਾਣੀ ਸਿਧਾਂਤ ਵਾਲਾ ਕਦੇ ਦੁਨੀਆਂ ਨਾਲ ਸਮਝੌਤਾ ਨਹੀਂ ਕਰਦਾ। ਉਹ ਸ਼ਹੀਦੀਆਂ ਨੂੰ ਪਹਿਲ ਦੇਵੇਗਾ ਪਰ ਕਿਸੇ ਦੀ ਈਨ ਨਹੀਂ ਮੰਨੇਗਾ। ਉਹ ਸੱਚ ‘ਤੇ ਪਹਿਰਾ ਦਿੰਦਾ ਹੈ। ਗੁਰਬਾਣੀ ਦੇ ਇਹਨਾਂ ਵਾਕਾਂ ਨੂੰ ਸਮਝਣ ਦਾ ਯਤਨ ਕਰੀਏ

ਨਾਨਕ ਦੁਨੀਆ ਕੈਸੀ ਹੋਈ॥
ਸਾਲਕੁ ਮਿਤੁ ਨ ਰਹਿਓ ਕੋਈ॥
ਭਾਈ ਬੰਧੀ ਹੇਤੁ ਚੁਕਾਇਆ ॥
ਦੁਨੀਆ ਕਾਰਣਿ ਦੀਨੁ ਗਵਾਇਆ॥
(1410)

ਅੱਖਰੀਂ ਅਰਥ ਹੇ ਨਾਨਕ! ਦੁਨੀਆਂ (ਦੀ ਲੁਕਾਈ) ਅਜਬ ਨੀਵੇਂ ਪਾਸੇ ਜਾ ਰਹੀ ਹੈ। ਸਹੀ ਜੀਵਨ-ਰਸਤਾ ਦੱਸਣ ਵਾਲਾ ਮਿੱਤਰ ਕਿਤੇ ਕੋਈ ਲੱਭਦਾ ਨਹੀਂ। ਭਰਾਵਾਂ ਸਨਬੰਧੀਆਂ ਦੇ ਮੋਹ ਵਿਚ ਫਸ ਕੇ (ਮਨੁੱਖ ਪਰਮਾਤਮਾ ਦਾ) ਪਿਆਰ (ਆਪਣੇ ਅੰਦਰੋਂ ਮੁਕਾਈ ਬੈਠਾ ਹੈ) ਦੁਨੀਆ (ਦੀ ਮਾਇਆ) ਦੀ ਖ਼ਾਤਰ ਆਤਮਕ ਜੀਵਨ ਦਾ ਸਰਮਾਇਆ ਗੰਵਾਈ ਜਾ ਰਿਹਾ ਹੈ।

ਉਪਰੋਕਤ ਸਲੋਕ ਵਿਚ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਦੁਨੀਆਂ ਨਾਲ ਸਮਝੌਤਾ ਕਰਕੇ ਇਸ ਨੇ ਈਮਾਨ ਗਵਾ ਲਿਆ ਹੈ। ਜਿਹੜੀ ਦੁਨੀਆਂ ਖਾਤਰ ਇਸ ਨੇ ਆਪਣਾ ਇਮਾਨ ਗਵਾਇਆ ਹੈ ਉਸ ਨੇ ਇਸ ਦਾ ਸਾਥ ਨਹੀਂ ਦਿੱਤਾ।

ਕਬੀਰ ਦੀਨੁ ਗਵਾਇਆ ਦੁਨੀ ਸਿਉ
ਦੁਨੀ ਨ ਚਾਲੀ ਸਾਥਿ ॥
ਪਾਇ ਕੁਹਾੜਾ ਮਾਰਿਆ
ਗਾਫਲਿ ਅਪੁਨੈ ਹਾਥਿ ॥ (1365)

ਅੱਖਰੀ ਅਰਥ ਹੇ ਕਬੀਰ! ਗ਼ਾਫ਼ਲ ਮਨੁੱਖ ਨੇ ‘ਦੁਨੀਆਂ’ (ਦੇ ਧਨ-ਪਦਾਰਥ) ਦੀ ਖ਼ਾਤਰ ‘ਦੀਨ’ ਗਵਾ ਲਿਆ, (ਅਖ਼ੀਰ ਵੇਲੇ ਇਹ) ਦੁਨੀਆ ਭੀ ਮਨੁੱਖ ਦੇ ਨਾਲ ਨਾਹ ਤੁਰੀ। (ਸੋ) ਲਾ-ਪਰਵਾਹ ਬੰਦੇ ਨੇ ਆਪਣੇ ਪੈਰ ਉਤੇ ਆਪਣੇ ਹੀ ਹੱਥ ਨਾਲ ਕੁਹਾੜਾ ਮਾਰ ਲਿਆ (ਭਾਵ, ਆਪਣਾ ਨੁਕਸਾਨ ਆਪ ਹੀ ਕਰ ਲਿਆ)।

ਬ੍ਰਾਹਮਣ ਭਾਵ ਤੇਜ਼ ਤਰਾਰ ਪੁਜਾਰੀ ਦੀ ਨੀਤੀ ਹੈ ਕਿ ਮੈਨੂੰ ਕਰਨਾ ਕੁਝ ਨਾ ਪਏ, ਲੋਕ ਮੇਰੀ ਉਪਜੀਵਕਾ ਲਈ ਕਈ ਸਾਲਾਂ ਦਾ ਆਪੇ ਹੀ ਪ੍ਰਬੰਧ ਕਰ ਦੇਣ। ਬ੍ਰਾਹਮਣ ਨੇ ਤਿਉਹਾਰਾਂ ਦੀ ਬਣਤਰ ਇਸ ਤਰ੍ਹਾਂ ਦੀ ਕੀਤੀ ਹੋਈ ਹੈ ਕਿ ਲੋਕ ਆਪਣੇ ਆਪ ਹੀ ਇਹਨਾਂ ਤਿਉਹਾਰਾਂ ਵਿਚ ਸ਼ਾਮਿਲ ਹੋ ਜਾਂਦੇ ਹਨ। ਤਿਉਹਾਰਾਂ ਪਿੱਛੇ ਮਨਸ਼ਾ ਵੀ ਏਦਾਂ ਦੀ ਰੱਖੀ ਹੋਈ ਹੈ ਕਿ ਲੋਕ ਮਹਿਸੂਸ ਕਰਨ ਕਿ ਇਹ ਤਿਉਹਾਰ ਵੱਡੀ ਪੱਧਰ ‘ਤੇ ਮਨਾਉਣ ਨਾਲ ਸਾਡੇ ਘਰ ਵਿੱਚ ਸਭ ਖੁਸ਼ੀਆਂ ਆ ਜਾਣੀਆਂ ਹਨ।

ਤਿਉਹਾਰ

ਭਾਰਤ ਵਿਚ ਬਹੁਤ ਸਾਰੇ ਤਿਉਹਾਰਾਂ ਦਾ ਸਬੰਧ ਰੁੱਤਾਂ ਨਾਲ ਹੈ। ਕੁਝ ਤਿਉਹਾਰ ਇਸ ਤਰ੍ਹਾਂ ਦੇ ਵੀ ਹਨ ਜਿੰਨ੍ਹਾਂ ਦਾ ਸਬੰਧ ਵਰਣ ਆਸ਼ਰਮਾਂ ਨਾਲ ਹੈ। ਵੈਸਾਖੀ-ਬ੍ਰਾਹਮਣ, ਦੁਸਹਿਰਾ-ਖਤਰੀਆਂ ਲਈ, ਦੀਵਾਲੀ ਵੈਸ਼ਾਂ ਤੇ ਹੋਲੀ ਨੂੰ ਸ਼ੂਦਰਾਂ ਲਈ ਰਾਖਵਾਂ ਰੱਖਿਆ ਗਿਆ ਹੈ। ਇਹਨਾਂ ਵਿਚੋਂ ਬਹੁਤੇ ਤਿਉਹਾਰ ਮਿਥਿਹਾਸ ਨਾਲ ਸਬੰਧ ਰੱਖਦੇ ਹਨ। ਬ੍ਰਾਹਮਣ ਨੇ ਜਿਹੜੇ ਤਿਉਹਾਰ ਨਿਯਤ ਕੀਤੇ ਹਨ ਉਹਨਾਂ ਦੀ ਖਾਧ-ਖੁਰਾਕ ਵੀ ਵੱਖਰੀ ਵੱਖਰੀ ਹੈ। ਬ੍ਰਾਹਮਣ ਦੇ ਨਿਯਤ ਕੀਤੇ ਤਿਉਹਾਰਾਂ ਵਿਚ ਆਮ ਲੋਕ ਸ਼ਾਮਿਲ ਹੁੰਦੇ ਹਨ। ਇਹ ਤਿਉਹਾਰ ਆਪਣੇ ਆਪ ਵਿੱਚ ਇਕ ਬਹੁਤ ਵੱਡਾ ਪ੍ਰਚਾਰ ਕਰ ਜਾਂਦੇ ਹਨ। ਅਸਲ ਵਿੱਚ ਪੁਜਾਰੀ ਇਹ ਸਮਝਾਉਣ ਵਿੱਚ ਸਫਲ ਰਿਹਾ ਹੈ ਚੰਗੀਆਂ ਤੇ ਭੈੜੀਆਂ ਰੂਹਾਂ ਹੁੰਦੀਆਂ ਹਨ। ਉਹਨਾਂ ਦੀ ਪੂਜਾ ਕਰਨ ਨਾਲ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਪੂਜਾ ਨਾ ਕਰਨ ਕਰਕੇ ਉਹ ਕਰੋਪ ਹੋ ਜਾਂਦੀਆਂ ਹਨ। ਸਾਡੇ ਪਰਿਵਾਰਕ ਦੁੱਖਾਂ ਦਾ ਕਾਰਨ ਵੀ ਇਹੀ ਦਸਦੇ ਹਨ ਕਿ ਸਾਡੇ ਕੋਲੋਂ ਕਿਤੇ ਇਹਨਾਂ ਦੀ ਪੂਜਾ ਨਹੀਂ ਹੋਈ ਇਸ ਲਈ ਇਹ ਭੈੜੀਆਂ ਰੂਹਾਂ ਸਾਡੇ ਨਾਲ ਨਰਾਜ਼ ਚੱਲ ਰਹੀਆਂ ਹਨ। ਇੰਝ ਕੁਦਰਤ ਦੀਆਂ ਦਾਤਾਂ ਦੀ ਮਨੁੱਖ ਪਾਸੋਂ ਪੂਜਾ ਕਰਾਉਣੀ ਸ਼ੂਰੂ ਕਰ ਦਿੱਤੀ। ਡਰ ਜਾਂ ਲਾਭ ਕਰਕੇ ਪੁਜਾਰੀ ਨੇ ਕੁਦਰਤ ਦੀਆਂ ਸ਼ਕਤੀਆਂ ਚੰਦ੍ਰਮਾ, ਸੂਰਜ, ਅੱਗ, ਬੱਦਲਾਂ, ਹਨੇਰੀਆਂ, ਦਰੱਖਤਾਂ ਤੇ ਪਸ਼ੂ-ਪੰਛੀਆਂ ਆਦਿ ਦੀ ਪੂਜਾ ‘ਤੇ ਮਨੁੱਖ ਨੂੰ ਲਗਾ ਦਿੱਤਾ ਗਿਆ। ਇੰਝ ਭੈੜੀਆਂ ਰੂਹਾਂ ਤੋਂ ਬਚਣ ਲਈ ਇਨ੍ਹਾਂ ਦੀ ਪੂਜਾ ਅਰੰਭੀ ਗਈ।
ਇਸ ਦੇ ਇਲਾਵਾ ਦਸ ਪੁਰਬ ਤਿਆਰ ਕੀਤੇ ਗਏ ਜਿਹੜੇ ਮਹੀਨਾਵਾਰੀ ਜਾਂ ਸਾਲ ਬਾਅਦ ਆਉਂਦੇ ਹਨ

             ਸੂਰਜ ਚੰਦ੍ਰਮਾ ਨਾਲ ਸੰਬੰਧ ਰੱਖਣ ਵਾਲੇ ਹੇਠ-ਲਿਖੇ ਦਸ ਦਿਨ ਪਵਿੱਤਰ ਸਮਝੇ ਜਾ ਰਹੇ ਹਨ ਸੂਰਜ-ਗ੍ਰਹਿਣ, ਚੰਦ-ਗ੍ਰਹਿਣ, ਮੱਸਿਆ, ਪੁੰਨਿਆ, ਚਾਨਣਾ ਐਤਵਾਰ, ਸੰਗ੍ਰਾਂਦ, ਦੋ ਇਕਾਦਸ਼ੀਆਂ ਤੇ ਦੋ ਅਸ਼ਟਪਦੀਆਂ। ਇਹਨਾਂ ਦਸ ਦਿਨਾਂ ਨੂੰ ਪਵਿੱਤਰ ਦਿਨ ਮੰਨਿਆ ਜਾਂਦਾ ਹੈ। ਸੂਰਜ-ਦੇਵਤੇ ਨਾਲ ਸੰਬੰਧ ਰੱਖਣ ਵਾਲੇ ਇਨ੍ਹਾਂ ਵਿਚੋਂ ਸਿਰਫ਼ ਦੋ ਦਿਨ ਹਨ ਸੂਰਜ-ਗ੍ਰਹਿਣ ਅਤੇ ਸੰਗ੍ਰਾਂਦ। ਬਾਕੀ ਦੇ ਦਿਨ ਚੰਦ੍ਰਮਾ ਦੇ ਹਨ। ‘ਚਾਨਣਾ ਐਤਵਾਰ’ ਸੂਰਜ ਤੇ ਚੰਦ ਦੋਹਾਂ ਦਾ ਹੈ। ਵਖੋ-ਵਖ ਦੇਵਤਿਆਂ ਦੇ ਥਾਂ ਇਕ ਪਰਮਾਤਮਾ ਦੀ ਭਗਤੀ ਦਾ ਰਿਵਾਜ ਵਧਣ ਤੇ ਭੀ ਇਹਨਾਂ ਦਸ ਪੁਰਬਾਂ ਦੀ ਰਾਹੀਂ ਇਹਨਾਂ ਦੇਵਤਿਆਂ ਦੀ ਪੂਜਾ ਤੇ ਪਿਆਰ ਅਜੇ ਤਕ ਜੋਬਨ ਤੇ ਹੈ।
           ਇਸ ਪ੍ਰਭਾਵ ਦੀ ਡੂੰਘਾਈ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਤਾਲੀਮ ਦੀ ਬਰਕਤਿ ਨਾਲ ਜੋ ਲੋਕ ‘ਅੰਨ ਪੂਜਾ’ ਛੱਡ ਕੇ ਇਕ ਅਕਾਲ ਪੁਰਖ ਨੂੰ ਮੰਨਣ ਵਾਲੇ ਹੋ ਚੁੱਕੇ ਸਨ ਉਹ ਭੀ ਅਜੇ ਸੂਰਜ ਦੀ ਯਾਦ ਮਨਾਣੀ ਨਹੀਂ ਛੱਡ ਸਕੇ।
       ਤਿਉਹਾਰ ਦੇ ਅੱਖਰੀਂ ਅਰਥ ਹਨ ਤਿੱਥ, ਵਾਰ ਉਤਸਵ ਮਨਾਉਣ ਦਾ ਦਿਨ, ਪੁਰਬ ਦਾ ਦਿਨ, ਤਿਉਹਾਰ, ਵੈਸਾਖੀ, ਹੋਲੀ, ਈਦ ਅਤੇ ਕ੍ਰਿਸਮਿਸ ਆਦਿ।

ਗੁਰੂ ਅਮਰਦਾਸ ਜੀ ਦਾ ਬੜਾ ਪਿਆਰਾ ਵਾਕ ਹੈ ਕਿ ਹੇ ਮਨੁੱਖ ਜੇ ਤੂੰ ਆਪਣੇ ਜੀਵਨ ਵਿਚ ਪੁੱਤਰਾਂ ਤੋਂ ਸਪੁੱਤਰ ਬਣਨਾ ਚਾਹੁੰਦਾ ਏਂ ਤਾਂ ਆਪਣਿਆਂ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਤਥਾ ਉਹਨਾਂ ਵਲੋਂ ਸਿਰਜੇ ਵਿਰਸੇ ਨੂੰ ਯਾਦ ਕਰ ਲਿਆ ਕਰ

ਬਾਬਾਣੀਆ ਕਹਾਣੀਆ
ਪੁਤ ਸਪੁਤ ਕਰੇਨਿ॥ (951)

ਸਿੱਖੀ ਵਿਚ ਤਿਉਹਾਰਾਂ ਦੀ ਥਾਂ’ਤੇ ਪੁਰਬ ਸ਼ਬਦ ਵਰਤਿਆ ਗਿਆ ਹੈ। ਪੁਰਬਾਂ ਸਬੰਧੀ ਭਾਈ ਗੁਰਦਾਸ ਸਾਹਿਬ ਜੀ ਫੁਰਮਾਉਂਦੇ ਹਨ ਕਿ ਗੁਰਸਿੱਖ ਭੈ-ਭੈਵਨੀ ਵਿੱਚ ਆ ਕੇ ਆਪਣੇ ਗੁਰੂਆਂ ਦੇ ਪੁਰਬ ਮਨਾਉਂਦੇ ਹਨ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ
ਕੁਰਬਾਣੀ ਤਿਨਾਂ ਗੁਰਸਿਖਾਂ
ਭਾਇ ਭਗਤਿ ਗੁਰਪੁਰਬ ਕਰੰਦੇ॥
(ਵਾਰ-12, ਪਉੜੀ-2)

ਗੁਰੂ ਅਮਰਦਾਸ ਜੀ ਨੇ ਭਾਈ ਪਾਰੋ ਜੀ ਦੀ ਸਲਾਹ’ਤੇ ਵਿਸਾਖੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ‘ਤੇ ਗੋਇੰਦਵਾਲ ਵਿਖੇ ਸੰਗਤਾਂ ਨੂੰ ਇਕੱਠੇ ਹੋਣ ਲਈ ਕਿਹਾ ਜੋ ਇਤਿਹਾਸ ਦੇ ਪੰਨਿਆਂ’ਤੇ ਅੰਕਿਤ ਹੈ। ਇਸ ਇਕੱਠ ਵਿਚ ਭਵਿੱਖਤ ਦੀਆਂ ਨੀਤੀਆਂ ਤਿਆਰ ਕੀਤੀਆਂ ਗਈਆਂ।

ਦੀਵਾਲੀ

ਮਹਾਨ ਕੋਸ਼ ਵਿਚ ਦੀਵਾਲੀ ਦੇ ਅੱਖਰੀਂ ਅਰਥ ਇਸ ਪ੍ਰਕਾਰ ਲਿਖੇ ਹੋਏ ਹਨਸੰਗਯਾਦੀਵਾਰ ਕੰਧ ਜਾਂ ਚਾਰ ਦੀਵਾਰੀ ਬੈਠੇ ਜਾਇ ਸਮੀਪ ਦੀਵਾਲੀ (ਨ ਪ੍ਰ) 2 ਦੀਪਮਾਲਿਕਾ, ਦੀਪਵਲਿ, ਕਤਕ ਬਦੀ ਦਾ 30 ਦਾ ਤਿਉਹਾਰ ਹਿੰਦੂਮਤ ਵਿਚ ਇਹ ਲੱਛਮੀ ਪੂਜਨ ਦਾ ਪੁਰਵ ਹੈ। ਹਿੰਦੀ ਡਿਕਸ਼ਨਰੀ ਵਿੱਚ ਲਿਖਿਆ ਹੈਕਾਰਤਿਕ ਕੀ ਅਮਾਵਸ ਕੋ ਪੜ੍ਹਨੇ ਵਾਲਾ ਹਿੰਦੂਓ ਕਾ ਏਕ ਤਿਉਹਾਰ ਜਿਸ ਮੇਂ ਲਕਛਮੀ ਪੂਜਨ ਹੋਤਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋ ਹਿੰਦੂ ਇਹ ਤਿਉਹਾਰ ਮਨਾਉਂਦੇ ਆਏ ਹਨ। ਦੇਖਾ-ਦੇਖੀ ਸਿੱਖ ਆਪ ਵੀ ਇਸ ਵਿੱਚ ਸ਼ਾਮਿਲ ਹੋ ਗਏ ਹਨ।
ਦੀਵਾਲੀ ਨਾਲ ਬਹੁਤ ਸਾਰੀਆਂ ਮਿਥਿਹਾਸਿਕ ਕਹਾਣੀਆਂ ਜੁੜੀਆਂ ਹੋਈਆਂ ਹਨ। ਜਿਸ ਤਰ੍ਹਾਂ ਕ੍ਰਿਸ਼ਨ ਵਲੋਂ ਕੰਸ ਨੂੰ ਕੇਸਾਂ ਤੋਂ ਫੜ ਕੇ ਮਾਰਨਾ ਦੂਜਾ ਬਿਕਰਮਾ ਦਿੱਤ ਦਾ ਤਖਤ ‘ਤੇ ਬੈਠਣਾ ਤੀਜਾ ਰਾਮ ਚੰਦ੍ਰ ਦਾ ਬਨਵਾਸ ਕੱਟ ਕੇ ਵਾਪਸ ਅਯੁੱਧਿਆ ਆਉਣ ਦੀ ਖੁਸ਼ੀ ਵਿੱਚ ਲੋਕਾਂ ਨੇ ਆਪਣਿਆਂ ਘਰਾਂ ਵਿੱਚ ਦੀਪਮਾਲਾ ਕੀਤੀ। ਉਂਝ ਜਦੋਂ ਵੀ ਘਰ ਵਿੱਚ ਕੋਈ ਖੁਸ਼ੀ ਹੁੰਦੀ ਹੈ ਤਾਂ ਲੋਕ ਦੀਵੇ ਜਗਾ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹਨ। ਪੁਜਾਰੀ ਨੇ ਸਿੱਖਾਂ ਨੂੰ ਸ਼ਾਮਿਲ ਕਰਨ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾ ਹੋਣ ਵਾਲੀ ਸਾਖੀ ਜੋੜ ਦਿੱਤੀ ਹੈ। ਜਦ ਕਿ ਇਤਿਹਾਸਕ ਤੱਥਾਂ ‘ਤੇ ਇਹ ਸਾਖੀ ਪੂਰੀ ਨਹੀਂ ਉਤਰਦੀ ਹੈ। ਦੀਵਾਲੀ ਦਾ ਤਿਉਹਾਰ ਸਦੀਆਂ ਤੋਂ ਮਨਾਇਆ ਜਾ ਰਿਹਾ ਹੈ ਤੇ ਸਿੱਖ ਇਸ ਵਿਚ ਧੱਕੇ ਨਾਲ ਹੀ ਸ਼ਾਮਿਲ ਹੋ ਗਏ ਹਨ ਜਾਂ ਕਰਾ ਦਿੱਤੇ ਗਏ।

ਦੀਵਾਲੀ ਤਥਾ ਲਛਮੀ ਦੀ ਪੂਜਾ

ਜਿਸ ਤਰ੍ਹਾਂ ਅੱਜ ਕਲ੍ਹ ਸਾਲ ਵਿੱਚ ਦੋ ਵਾਰੀ ਆਪਣੀ ਆਮਦਨੀ ਦਾ ਚਿੱਠਾ ਸਰਕਾਰ ਨੂੰ ਦਿਖਾਉਣਾ ਪੈਂਦਾ ਹੈ ਕੁਝ ਏਸੇ ਤਰ੍ਹਾਂ ਹੀ ਆਰੀਆ ਲੋਕਾਂ ਦੇ ਆਉਣ ਤੋਂ ਪਹਿਲਾਂ ਆਮ ਜਨਤਾ ਨੂੰ ਦੀਵਾਲੀ ‘ਤੇ ਆਪਣਾ ਸਾਰਾ ਹਿਸਾਬ ਕਿਤਾਬ ਰੱਖਣਾ ਪੈਂਦਾ ਸੀ ਇਹ ਵੀ ਦੇਖਿਆ ਜਾਂਦਾ ਸੀ ਇਸ ਵਪਾਰੀ ਨੇ ਸਰਕਾਰੀ ਖ਼ਜ਼ਾਨੇ ਵਿੱਚ ਕਿੰਨਾ ਕੁਝ ਜਮ੍ਹਾਂ ਕਰਾਇਆ। ਵਪਾਰੀ ਲੋਕ ਇਸੇ ਦਿਨ ਆਪਣੇ ਵਹੀ ਖਾਤੇ ਦੀਆਂ ਨਵੀਆਂ ਵਹੀਆਂ ਸ਼ੁਰੂ ਕਰਦੇ ਸਨ। ਮੱਧ ਪ੍ਰਦੇਸ, ਗੁਜਰਾਤ ਤੇ ਮਹਾਂਰਾਸ਼ਟਰਾ ਦੇ ਵਪਾਰੀ ਤੇ ਆਮ ਲੋਕ ਆਪਣੇ ਨਵੇਂ ਵਹੀ ਖਾਤੇ ਲਗਾਉਂਦੇ ਸਨ। ਆਰੀਆ ਲੋਕਾਂ ਨੇ ਇਸ ਨੂੰ ਲਛਮੀ ਪੂਜਾ ਵਜੋਂ ਮਨਾਉਣਾ ਸ਼ੂਰੂ ਕਰ ਦਿੱਤਾ। ਇਹ ਕਹਿਣਾ ਸ਼ੁਰੂ ਦਿੱਤਾ ਕਿ ਦੀਵਾਲੀ ਵਾਲੇ ਦਿਨ ਆਪਣੇ ਘਰ ਵਿਚ ਦੀਵੇ ਬਾਲ ਕੇ ਰੱਖੇ ਜਾਣ ਤਾਂ ਕਿ ਲਛਮੀ ਲੋਅ ਅਤੇ ਖੁਲ੍ਹਾ ਘਰ ਦੇਖ ਆਪਣੇ ਆਪ ਹੀ ਘਰ ਵਿਚ ਪ੍ਰਵੇਸ਼ ਕਰ ਜਾਂਦੀ ਹੈ ਫਿਰ ਬੰਦੇ ਨੂੰ ਸਾਰੀ ਜ਼ਿੰਦਗੀ ਕੰਮ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਵਰਤਮਾਨ ਸਮੇਂ ਅੰਦਰ ਵੀ ਦੀਵਾਲੀ ਨੂੰ ਲੱਛਮੀ ਪੂਜਾ ਕਰਕੇ ਪੂਜਿਆ ਜਾਂਦਾ ਹੈ। ਇਹ ਸਾਰੀਆਂ ਮਨੌਤਾਂ ਹੀ ਹਨ ਇੰਝ ਕਦੇ ਵੀ ਕਿਸੇ ਘਰ ਵਿਚ ਲੱਛਮੀ ਨਹੀਂ ਆ ਸਕਦੀ ਪਰ ਦੀਵਾਲੀ ‘ਤੇ ਨਾ ਚਾਹੁੰਦਿਆਂ ਹੋਇਆਂ ਵੀ ਬੇ-ਲੋੜਾ ਖਰਚਾ ਲੋਕ ਕਰ ਲੈਂਦੇ ਹਨ।

ਕੀ ਗੁਰਮਤਿ ਲਛਮੀ ਦੀ ਪੂਜਾ ਕਰਨ ਦੀ ਆਗਿਆ ਦਿੰਦੀ ਹੈ?

ਜਦੋਂ ਸਿੱਖ ਅਰਦਾਸ ਕਰਦਾ ਹੈ ਤਾਂ ਦੇਗ ਤੇਗ ਫਤਹਿ ਵਾਲੇ ਸ਼ਬਦਾਂ ਨੂੰ ਦੋ ਵਾਰ ਪੜ੍ਹਦਾ ਹੈ। ਦੇਗ ਦਾ ਅਰਥ ਹੈ ਕਿਰਤ ਕਰਕੇ ਨਿਰਬਾਹ ਕਰਨਾ ਤੇ ਆਪਣੀ ਕਿਰਤ ਵਿਚੋਂ ਲੋੜਵੰਦਾਂ ਦੀ ਸਹਾਇਤਾ ਕਰਨਾ। ਤੇਗ ਦੇ ਅਰਥ ਵਿਚੋਂ ਹਰੇਕ ਮਨੁੱਖ ਨੂੰ ਪੂਰਨ ਅਜ਼ਾਦੀ, ਤਥਾ ਖੁਦਮੁਖਤਿਆਰੀ ਦਾ ਸੁਨੇਹਾ ਮਿਲਦਾ ਹੈ। ਦੌਲਤ ਗੁਜ਼ਰਾਨ ਹੈ ਦੱਬ ਕੇ ਕਿਰਤ ਕਰਨੀ ਚਾਹੀਦੀ ਹੈ ਪਰ ਇਹ ਨਹੀਂ ਕਿ ਸਿੱਖ ਇਕ ਅਕਾਲ ਪੁਰਖ ਦਾ ਪੁਜਾਰੀ ਹੋਣ ਦੀ ਥਾਂ ‘ਤੇ ਲੱਛਮੀ ਦੀ ਪੂਜਾ ਕਰਨ ਲੱਗ ਜਾਏ।
ਲਛਮੀ ਸਬੰਧੀ ਗੁਰਬਾਣੀ ਫੁਰਮਾਣਾਂ ਨੂੰ ਸਮਝਣ ਦਾ ਯਤਨ ਕੀਤਾ ਜਾਏਗਾ।
ਜਿਹੜੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਨੂੰ ਭੁਲਾ ਕੇ ਆਪਣੀ ਆਗਿਆਨਤਾ ਕਾਰਣ ਦੀਵਾਲੀ ਮਨਾਉਂਦੇ ਹਨ ਉਹਨਾਂ ਪ੍ਰਤੀ ਗੁਰਬਾਣੀ ਦਾ ਬੜਾ ਪਿਆਰਾ ਵਾਕ ਹੈ

ਜਿਨੀ ਗੁਰਮੁਖਿ ਹਰਿ ਨਾਮ ਧਨੁ ਨ ਖਟਿਓ
ਸੇ ਦੇਵਾਲੀਏ ਜੁਗ ਮਾਹਿ॥
ਓਇ ਮੰਗਦੇ ਫਿਰਹਿ ਸਭ ਜਗਤ ਮਹਿ
ਕੋਈ ਮੁਹਿ ਥੁਕ ਨ ਤਿਨ ਕਉ ਪਾਹਿ ॥
(852)

ਅੱਖਰੀਂ ਅਰਥ ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਧਨ ਨਹੀਂ ਕਮਾਇਆ, ਉਹ ਜਗਤ ਵਿਚ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਚੁਕੇ ਸਮਝੋ (ਜਿਵੇਂ ਜੁਆਰੀਆ ਜੂਏ ਵਿਚ ਹਾਰ ਕੇ ਕੰਗਾਲ ਹੋ ਜਾਂਦਾ ਹੈ)। ਇਹੋ ਜਿਹੇ ਮਨੁੱਖ (ਉਹਨਾਂ ਮੰਗਤਿਆਂ ਵਰਗੇ ਹਨ ਜੋ) ਸਾਰੇ ਸੰਸਾਰ ਵਿਚ ਮੰਗਦੇ ਫਿਰਦੇ ਹਨ, ਪਰ ਉਹਨਾਂ ਦੇ ਮੂੰਹ ਉਤੇ ਕੋਈ ਥੁੱਕਦਾ ਭੀ ਨਹੀਂ।
ਜਿਹੜਾ ਮਨੁੱਖ ਗੁਰੂ ਸਾਹਿਬ ਜੀ ਦੀ ਮਤ ‘ਤੇ ਤੁਰਦਾ ਹੈ ਉਹ ਗੁਣਾਂ ਰੂਪੀ ਨਾਮ ਧਨ ਇਕੱਠਾ ਕਰ ਲੈਂਦਾ ਹੈ। ਇਕ ਗੱਲ ਹੋਰ ਸਮਝਣੀ ਚਾਹੀਦੀ ਹੈ ਕਿ ਗੁਰਬਾਣੀ ਸਿਧਾਂਤ ਧਨ ਕਮਾਉਣ ਤੋਂ ਮਨ੍ਹਾ ਨਹੀਂ ਕਰਦੀ ਪਰ ਇਹ ਵੀ ਨਸੀਹਤ ਦਿੰਦੀ ਹੈ ਭਲੇ ਦੂਜੇ ਦਾ ਹੱਕ ਨਾ ਮਾਰ ਅਜਿਹਾ ਕਰਨ ਨਾਲ ਤੈਨੂੰ ਅੰਤਰ-ਆਤਮੇ’ਤੇ ਜ਼ਲੀਲ ਹੋਣਾ ਪਏਗਾ–

ਕਾਚਾ ਧਨੁ ਸੰਚਹਿ ਮੂਰਖ ਗਾਵਾਰ॥ ਮਨਮੁਖ ਭੂਲੇ ਅੰਧ ਗਾਵਾਰ ॥ ਬਿਖਿਆ ਕੈ ਧਨਿ ਸਦਾ ਦੁਖੁ ਹੋਇ ॥ ਨਾ ਸਾਥਿ ਜਾਇ ਨ ਪਰਾਪਤਿ ਹੋਇ॥ ਸਾਚਾ ਧਨੁ ਗੁਰਮਤੀ ਪਾਏ ॥ ਕਾਚਾ ਧਨੁ ਫੁਨਿ ਆਵੈ ਜਾਏ ॥ (665)

ਅੱਖਰੀਂ ਅਰਥ -ਜਿਹੜਾ ਮਨੁੱਖ ਗੁਰੂ ਦੀ ਮਤਿ ਉਤੇ ਤੁਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ-ਧਨ ਹਾਸਲ ਕਰ ਲੈਂਦਾ ਹੈ। (ਪਰ ਦੁਨੀਆਂ ਵਾਲਾ) ਨਾਸਵੰਤ ਧਨ ਕਦੇ ਮਨੁੱਖ ਨੂੰ ਮਿਲ ਜਾਂਦਾ ਹੈ ਕਦੇ ਹੱਥੋਂ ਨਿਕਲ ਜਾਂਦਾ ਹੈ। ਰਹਾਉ। ਹੇ ਭਾਈ ! ਮੂਰਖ ਅੰਞਾਣ ਲੋਕ (ਸਿਰਫ਼ ਦੁਨੀਆ ਵਾਲਾ) ਨਾਸਵੰਤ ਧਨ (ਹੀ) ਜੋੜਦੇ ਰਹਿੰਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਮਨੁੱਖ ਕੁਰਾਹੇ ਪਏ ਰਹਿੰਦੇ ਹਨ। ਹੇ ਭਾਈ! ਮਾਇਆ ਦੇ ਧਨ ਨਾਲ ਸਦਾ ਦੁੱਖ (ਹੀ) ਮਿਲਦਾ ਹੈ। ਇਹ ਧਨ ਨਾਹ ਹੀ ਮਨੁੱਖ ਦੇ ਨਾਲ ਜਾਂਦਾ ਹੈ, ਅਤੇ, ਨਾਹ ਹੀ (ਇਸ ਨੂੰ ਜੋੜ ਜੋੜ ਕੇ) ਸੰਤੋਖ ਪ੍ਰਾਪਤ ਹੁੰਦਾ ਹੈ।
ਗੁਰਬਾਣੀ ਸਿਧਾਂਤ ਸਾਨੂੰ ਇਕ ਅਕਾਲ ਨਾਲ ਜੋੜਦੀ ਹੈ। ਧਨ ਕਮਾਉਣਾ ਕੋਈ ਮਾੜੀ ਗੱਲ ਨਹੀਂ ਪਰ ਧਨ ਦੀ ਪੂਜਾ ਕਰਨਾ ਸਿੱਖ ਸਿਧਾਂਤ ਨਹੀਂ ਹੈ। ਗੁਰੂ ਸਿਧਾਂਤ ਨੇ ਸਿੱਖ ਨੂੰ ਕਿਰਤੀ ਬਣਾਇਆ ਹੈ।

ਦੀਵਾਲੀ ਦਾ ਵਪਾਰੀਕਰਨ

ਜਿਸ ਤਰ੍ਹਾਂ ਸਾਲ ਵਿਚ ਸਰਕਾਰ ਇਹ ਦੇਖ ਲੈਂਦੀ ਸੀ ਲੋਕਾਂ ਪਾਸ ਕਿੰਨੀ ਧੰਨ ਦੌਲਤ ਹੈ ਸਰਕਾਰੀ ਖਜ਼ਾਨੇ ਵਿਚ ਕਿੰਨੀ ਜਮ੍ਹਾਂ ਹੋਈ ਹੈ। ਦੂਸਰਾ ਇਸ ਤਿਉਹਾਰ ਨੂੰ ਵਪਾਰੀ ਲੋਕਾਂ ਨੇ ਆਪਣੇ ਫਾਇਦੇ ਲਈ ਵਰਤਿਆ ਹੈ। ਦੀਵਾਲੀ ਦੇ ਦਸ ਦਿਨ ਪਹਿਲਾਂ ਹੀ ਦੁਕਾਨਦਾਰ ਆਪਣੀਆਂ ਦੁਕਾਨਾਂ ਸਜਾਉਣੀਆਂ ਸ਼ੁਰੂ ਕਰ ਦਿੰਦੇ ਹਨ। ਕਿਹਾ ਜਾਂਦਾ ਹੈ ਕਿ ਦੀਵਾਲੀ ਵਾਲੇ ਦਿਨ ਲਛਮੀ ਲੋਕਾਂ ਦਿਆਂ ਘਰਾਂ ਵਿਚ ਪਰਵੇਸ਼ ਕਰਦੀ ਹੈ ਪਰ ਇਹ ਕਿੱਡਾ ਵੱਡਾ ਧੋਖਾ ਹੈ ਇਸ ਦਿਨ ਤਾਂ ਲਛਮੀ ਆਮ ਘਰਾਂ ਵਿਚੋਂ ਨਿਕਲ ਕੇ ਦੁਕਾਨਦਾਰਾਂ ਅਤੇ ਵਪਾਰੀਆਂ ਦੀਆਂ ਦੁਕਾਨਾਂ ਵਿਚ ਵੜ ਜਾਂਦੀ ਹੈ। ਦੁਕਾਨਦਾਰ ਲੋਕਾਂ ਵਿਚ ਐਨਾ ਉਤਸ਼ਾਹ ਭਰ ਦਿੰਦੇ ਹਨ ਕਿ ਹਰੇਕ ਮਨੁੱਖ ਦੀਵਾਲੀ ਨੂੰ ਕੁਝ ਨਾ ਕੁਝ ਖਰੀਦਦਾ ਹੀ ਹੈ। ਇੰਝ ਦੀਵਾਲੀ ਨੂੰ ਵਪਾਰੀ ਲੋਕ ਸਸਤੀ ਵਸਤੂ ਵੀ ਮਹਿੰਗੇ ਭਾਅ ਵੇਚ ਕੇ ਆਪਣਾ ਹੀ ਘਰ ਭਰਦੇ ਹਨ। ਘਟੀਆ ਤੋਂ ਘਟੀਆ ਕਿਸਮ ਦੀ ਮਠਿਆਈ ਲੋਕ ਆਪਣਿਆਂ ਘਰਾਂ ਵਿਚ ਲੈ ਜਾਂਦੇ ਹਨ।
ਹੈਰਾਨਗੀ ਦੀ ਗੱਲ ਦੇਖੋ, ਦੇਸ਼-ਵਿਦੇਸ਼ ਦੇ ਤਮਾਮ ਗੁਰਦੁਆਰਿਆਂ ਵਿਚ ਬੇ-ਲੋੜੀ ਤੇ ਬੇ-ਓੜਕੀ ਮਠਿਆਈ ਚੜ੍ਹਦੀ ਹੈ। ਗੁਰਦੁਆਰੇ ਵਿਚ ਤਾਂ ਦਸ ਪੰਦਰ੍ਹਾਂ ਹੀ ਸੇਵਾ ਕਰਨ ਵਾਲੇ ਹੋਣਗੇ, ਤਿੰਨ ਕੁ ਡੱਬਿਆਂ ਨਾਲ ਹੀ ਸਰ ਸਕਦਾ ਹੈ। ਪਰ ਲੋਕ ਗੁਰਦੁਆਰਿਆਂ ਵਿਚ ਮਠਿਆਈ ਦੇ ਅੰਬਾਰ ਲਗਾ ਦਿੰਦੇ ਹਨ। ਜਦੋਂ ਸਿਹਤ ਵਿਭਾਗ ਵਾਲੇ ਮਠਿਆਈ ਦੇ ਨਮੂਨੇ ਭਰਦੇ ਹਨ ਬਹੁਤੇ ਨਮੂਨੇ ਫੇਲ੍ਹ ਹੀ ਹੁੰਦੇ ਹਨ। ਦੀਵਾਲੀ’ਤੇ ਵਪਾਰੀਆਂ ਤੇ ਪੁਜਾਰੀਆਂ ਨੇ ਲੋਕਾਂ ਨੂੰ ਪੂਰਾ ਪੂਰਾ ਲੁੱਟਣ ਦਾ ਪ੍ਰਬੰਧ ਕੀਤਾ ਹੋਇਆ ਹੈ। ਕਿਹਾ ਜਾ ਸਕਦਾ ਹੈ ਇਸ ਤਿਉਹਾਰ ਦਾ ਵਪਾਰੀਆਂ ਨੇ ਪੂਰਾ ਵਪਾਰੀ-ਕਰਨ ਕਰ ਦਿੱਤਾ ਹੈ।
-0-

ਭਾਗ ਦੂਜਾ
ਦੀਵਾਲੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਜੋੜਨਾ

ਸਿੱਖਾਂ ਦਾ ਲਛਮੀ ਪੂਜਾ ਨਾਲ ਕੋਈ ਸਬੰਧ ਨਹੀਂ ਹੈ। ਦੂਜਾ ਦੀਵੇ ਬਾਲਣ ਭਾਵ ਜਗਾਉਣ ਨਾਲ ਵੀ ਕੋਈ ਸਬੰਧ ਨਹੀਂ ਹੈ। ਪਰ ਕੁਝ ਘਟਨਾਵਾਂ ਨੂੰ ਸਿੱਖਾਂ ਨਾਲ ਜੋੜ ਕੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਅਸੀਂ ਇਤਿਹਾਸ ਦੀ ਜਾਂ ਸਿਧਾਂਤ ਦੀ ਕੋਈ ਜਾਂਚ ਪੜਤਾਲ ਕੀਤੇ ਬਿਨਾਂ ਹੀ ਭੀੜ ਦਾ ਹਿੱਸਾ ਬਣ ਜਾਂਦੇ ਹਾਂ। ਦੀਵਾਲੀ ਸਿੱਖਾਂ ਦਾ ਤਿਉਹਾਰ ਸਾਬਤ ਕਰਨ ਲਈ ਪਿੱਛਲੇ ਲੰਬੇ ਸਮੇਂ ਤੋਂ ਦੋ ਹਵਾਲਿਆਂ ਨੂੰ ਵਰਤਿਆ ਜਾ ਰਿਹਾ ਹੈ। ਪਹਿਲਾ ਹਵਾਲਾ ਗੁਰੂ ਹਰਿ ਗੋਬਿੰਦ ਸਾਹਿਬ ਜੀ 52 ਰਾਜਸੀ ਕੈਦੀਆਂ ਨਾਲ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾ ਹੋ ਕੇ ਅੰਮ੍ਰਿਤਸਰ ਪਹੁੰਚਣ ‘ਤੇ ਬਾਬਾ ਬੁੱਢਾ ਜੀ ਵਲੋਂ ਘਿਓ ਦੇ ਦੀਵੇ ਬਾਲ ਕੇ ਖੁਸ਼ੀ ਪ੍ਰਗਟ ਕੀਤੀ ਗਈ। ਦੂਜਾ ਹਵਾਲਾ ਭਾਈ ਗੁਰਦਾਸ ਸਾਹਿਬ ਦੀ ਇਕ ਰਚਨਾ ਦਾ ਦਿੱਤਾ ਜਾਂਦਾ ਹੈ ਜਿਸ ਵਿਚ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਣ ਦਾ ਜ਼ਿਕਰ ਆਉਂਦਾ ਹੈ। ਅਸੀਂ ਸਮਝ ਲਿਆ ਕਿ ਸ਼ਾਇਦ ਭਾਈ ਗੁਰਦਾਸ ਸਾਹਿਬ ਜੀ ਦੀਵੇ ਬਾਲਣ ਲਈ ਕਹਿ ਰਹੇ ਹਨ। ਜਦ ਕੇ ਉਹਨਾਂ ਬੁਝੈ ਦੀਵਿਆਂ ‘ਤੇ ਵਿਅੰਗ ਕੀਤਾ ਹੈ। ਇਹ ਦੋਵੇਂ ਹਵਾਲੇ ਗੁਰਮਤਿ ਤੇ ਇਤਿਹਾਸ ਦੀ ਕਸਵੱਟੀ ‘ਤੇ ਪੂਰੇ ਨਹੀਂ ਉਤਰਦੇ।
ਸਾਡੇ ਗੁਰਦੇਵ ਪੁਸਤਕ ਵਿਚ ਪ੍ਰੋ. ਪਿਆਰਾ ਸਿੰਘ ਜੀ ਲਿਖਤ ਦਾ ਇਕ ਪਹਿਰਾ ਲਿਆ ਹੈ ਜਿਹੜਾ ਵਿਸ਼ੇ ਨੂੰ ਹੋਰ ਵੀ ਸੁੰਦਰ ਢੰਗ ਨਾਲ ਸਪੱਸ਼ਟਤਾ ਦਿੰਦਾ ਹੈ ਸੋ ਇਹ ਜਨਮ ਸੰਮਤ ਅਸੀਂ ਮਨ-ਮਰਜ਼ੀ ਅਨੁਸਾਰ ਬਦਲਣ ਦੇ ਹਾਮੀ ਨਹੀਂ ਹਾਂ, ਪ੍ਰੰਤੂ ਇਤਿਹਾਸਕ ਖੋਜ ਦੇ ਮੁੱਢਲੇ ਅਸੂਲ ਅਨੁਸਾਰ ਜ਼ਰੂਰੀ ਹੈ ਕਿ ਉਨਂੀਵੀਂ ਸਦੀ ਦੇ ਮੁਕਾਬਲੇ 17ਵੀਂ ਅਤੇ 18ਵੀਂ ਸਦੀ ਦੀਆਂ ਸਮਕਾਲੀ ਲਿਖਤਾਂ ਨੂੰ ਵਧੇਰੇ ਪ੍ਰਮਾਣੀਕ ਮੰਨਿਆ ਜਾਏ। ਉਪਰੋਕਤ ਗਲਤ ਜਨਮ-ਸੰਮਤ ਉਨ੍ਹੀਵੀਂ ਸਦੀ ਦੀਆਂ ਲਿਖਤਾਂ ਵਿਚੋਂ ਹੀ ਆਏ ਹਨ। ਭਾਈ ਸੰਤੋਖ ਸਿੰਘ ਤੇ ਗਿਆਨੀ ਗਿਆਨ ਸਿੰਘ ਦੀਆਂ ਦੱਸੀਆਂ ਤਰੀਕਾਂ ਨੂੰ ਮਿਸਟਰ ਮੈਕਾਲਫ਼ ਨੇ ਅਪਣਾ ਕੇ ਅੰਗਰੇਜ਼ੀ ਲਿਖਤ ਵਿਚ ਲਿਆਂਦਾ, ਜਿਸ ਕਰਕੇ ਛਾਪੇ ਕਾਰਨ ਇਹਨਾਂ ਦਾ ਵਧੇਰੇ ਪ੍ਰਚਾਰ ਹੋ ਗਿਆ। ਸੋ ਸਾਨੂੰ ਸਹੀ ਗੱਲ ਨਿਤਾਰਨ ਲਈ ਇਹ ਦੇਖਣ ਦੀ ਲੋੜ ਨਹੀਂ ਇਹ ਸੰਮਤ ਕਿੰਨੇ ਲੋਕਾਂ ਨੇ ਲਿਖੇ ਹਨ, ਠਰੰਮ੍ਹੇ ਤੇ ਗਹਿਰਾਈ ਨਾਲ ਇਹ ਵਿਚਾਰਨ ਦੀ ਲੋੜ ਹੈ ਕਿ ਸਭ ਤੋਂ ਪੁਰਾਤਨ ਲਿਖਤਾਂ ਵਿਚ ਕਿਹੜਾ ਸੰਮਤ ਹੈ ਤੇ ਉਸ ਨਾਲ ਸਾਡੀਆਂ ਆਪ ਪਾਈਆਂ ਗੁੰਝਲਾਂ ਖੁੱਲ੍ਹਦੀਆਂ ਦਿਖਾਈ ਦਿੰਦੀਆਂ ਹਨ।
ਪੁਸਤਕ ਦੀ ਭੂਮਿਕਾ ਵਿਚ ਪ੍ਰੋ. ਪਿਆਰਾ ਸਿੰਘ ਜੀ ਪਦਮ ਅੱਗੇ ਲਿਖਦੇ ਹਨ। ਸ੍ਰ ਕਰਮ ਸਿੰਘ ਹਿਸਟੋਰੀਅਨ ਪਹਿਲੇ ਖੋਜੀ ਵਿਦਵਾਨ ਸਨ ਜਿੰਨਾਂ ਇਹਨਾਂ ਜਨਮ ਮਰਨ ਦੇ ਸੰਮਤਾਂ ਬਾਰੇ ਗੁਰਪੁਰਬ ਨਿਰਣੈ ਵਿਚ ਕੁਝ ਵਿਚਾਰ ਕੀਤਾ ਸੀ, ਲੇਕਿਨ ਉਹਨਾਂ ਦੇ ਜ਼ਮਾਨੇ ਭੱਟ ਵਹੀਆਂ, ਗੁਰੂ ਕੀਆਂ ਸਾਖੀਆਂ, ਬਸੰਵਲੀ ਨਾਮੇ ਤੇ ਸ: ਜੱਸਾ ਸਿੰਘ ਬਿਨੋਦ ਆਦਿ ਪੁਰਾਤਨ ਲਿਖਤਾਂ ਪ੍ਰਕਾਸ਼ ਵਿਚ ਨਹੀਂ ਸੀ ਆਈਆਂ। ਹੁਣ ਇਹਨਾਂ ਲਿਖਤਾਂ ਨੇ ਕਈ ਭੁਲੇਖੇ ਦੂਰ ਕੀਤੇ ਹਨ, ਸੋ ਇਹਨਾਂ ਨੂੰ ਅਪਨਾਉਣਾ ਯੋਗ ਹੈ। ਜੇ ਰਵਾਇਤ ਗਲਤ ਪ੍ਰਚੱਲਤ ਹੋ ਗਈ ਹੋਵੇ ਤਾਂ ਜ਼ਰੂਰੀ ਨਹੀਂ ਕਿ ਅਸੀਂ ਵੀ ਲਕੀਰ ਦੇ ਫਕੀਰ ਹੀ ਬਣੇ ਰਹੀਏ। ਲੋੜ ਹੈ ਪ੍ਰਾਪਤ ਸਮੱਗਰੀ ਦੇ ਅਧਾਰ ‘ਤੇ ਖੋਜ ਪੜਤਾਲ ਬਾਅਦ ਸਹੀ ਸਿੱਟੇ ਕੱਢੀਏ ਤੇ ਉਹਨਾਂ ਨੂੰ ਅਪਨਾਈਏ।
ਭੱਟ ਵਹੀ ਤਲਾਉਂਡਾ ਪਰਗਣਾ ਜੀਂਦ ਵਿਚ ਇਸ ਪ੍ਰਕਾਰ ਲਿਖਿਆ ਹੈ

ਗੁਰੂ ਹਰਿ ਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ ਸੰਮਤ ਸੋਲਾਂ ਸੋਲਹਾਂ ਸੈ ਸਤੱਤਰਾ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿਹੁੰ ਹੇਹਰ ਮਗਰੀ ਸੇ ਚਲ ਕਰ ਗ੍ਰਾਮ ਗੁਰੂ ਕੇ ਚੱਕ ਪਰਗਣਾ ਨਿਝਰਆਲਾ ਆਏ। ਗੈਲੋਂ ਅਰਜਾਨੀ ਬੇਟਾ ਮੋਹਰੀ ਜੀ ਕਾ, ਮਿਹਰਬਾਨ ਬੇਟਾ ਪ੍ਰਿਥੀ ਚੰਦ ਜੀ ਕਾ ਬਾਬਾ ਬੁੱਢਾ ਰਾਮਦਾਸ ਬੇਟਾ ਸੁਘੇ ਰੰਧਾਵੇ ਕਾ, ਗੁਰਦਾਸ ਬੇਟਾ ਈਸ਼ਰਦਾਸ ਬੱਲੇ ਕਾ, ਬਲੂ ਰਾਏ ਬੇਟਾ ਮੂਲਚੰਦ ਜਲ੍ਹਾਨੇ ਕਾ, ਕੌਲ ਜੀ ਬੇਟਾ ਅੰਬੀਏ ਹਜਾਵਤ ਕਾ, ਹੋਰ ਸਿੱਖ ਫਕੀਰ ਆਏ।

ਇਤਿਹਾਸ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਕਿਲ੍ਹੇ ਤੋਂ ਰਿਹਾਅ ਹੋ ਕੇ ਗੋਇੰਦਵਾਲ ਆਏ ਹਨ ਤੇ ਫਿਰ ਅੰਮ੍ਰਿਤਸਰ ਪਹੁੰਚੇ ਹਨ ਭਾਵ ਕਿ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਆਏ ਸਨ ਓਦੋਂ ਕਤਕ ਦੀ ਦੀਵਾਲੀ ਨਹੀਂ ਸੀ। ਇੰਜ ਦੀਵਾਲੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਜੋੜਨਾ ਇਤਿਹਾਸ ਨਾਲ ਅਨਿਆਏ ਹੈ।

ਅਖੇ ਸਿੱਖ ਦੀਵਾਲੀ ਨਹੀਂ ਬੰਦੀ ਛੋੜ ਦਿਵਸ ਮਨਾਉਂਦੇ ਹਨ

ਜਦੋਂ ਬੰਦਾ ਗਲਤ ਹੋਵੇ ਤਾਂ ਉਹ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਕਈ ਪ੍ਰਕਾਰ ਦੀਆਂ ਦਲੀਲਾਂ ਘੜ ਕੇ ਰੱਖਦਾ ਹੈ। ਜਦੋਂ ਆਮ ਲੋਕਾਂ ਦੀ ਇਹ ਧਾਰਨਾ ਬਣ ਗਈ ਹੋਵੇ ਕਿ ਇਸ ਦਿਨ ਲਛਮੀ ਦੀ ਪੂਜਾ ਕਰਨ ਨਾਲ ਧਨ ਵਿਚ ਪ੍ਰਾਪਤੀ ਹੁੰਦੀ ਤਾਂ ਜਨ ਸਧਾਰਨ ਬੰਦਾ ਵੀ ਪੂਜਾ ਵਾਲੇ ਪਾਸੇ ਤੁਰ ਪੈਂਦਾ ਹੈ। ਹਿੰਦੂ ਇਹ ਮੰਨਦੇ ਹਨ ਦੀਵਾਲੀ ਵਾਲੇ ਦਿਨ ਭਗਵਾਨ ਰਾਮ ਚੰਦਰ ਨੇ ਚੌਦ੍ਹਾਂ ਸਾਲ ਦਾ ਬਨਵਾਸ ਕੱਟ ਕੇ ਸੀਤਾ ਨੂੰ ਰਾਵਣ ਦੀ ਕੈਦ ਵਿਚੋਂ ਛਡਾ ਕੇ ਵਾਪਸ ਅਯੁੱਧਿਆ ਆਏ ਤਾਂ ਲੋਕਾਂ ਨੇ ਘਿਓ ਦੇ ਦੀਵੇ ਬਾਲ ਕੇ ਆਪਣੀ ਖੁਸ਼ੀ ਪ੍ਰਗਟ ਕੀਤੀ। ਸਿੱਖਾਂ ਵਲੋਂ ਵੀ ਦੀਵਾਲੀ ਵਾਲੇ ਤਿਉਹਾਰ ਵਿਚ ਰਲਣ ਲਈ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਈ ਨਾਲ ਜੋੜ ਦਿੱਤਾ ਗਿਆ ਹੈ। ਭੱਟ ਵਹੀਆਂ ਅਨੁਸਾਰ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ 28 ਫਰਵਰੀ 1620 ਨੂੰ ਅੰਮ੍ਰਿਤਸਰ ਆਉਣਾ ਮੰਨਿਆ ਗਿਆ ਹੈ ਜੋ ਕਿ ਦੀਵਾਲੀ ਵਾਲਾ ਦਿਨ ਨਹੀਂ ਬਣਦਾ। ਦੀਵਾਲੀ ਅਕਤੂਬਰ ਜਾਂ ਨਵੰਬਰ ਵਿਚ ਅਕਸਰ ਆਉਂਦੀ ਹੈ। ਹੁਣ ਪਤਾ ਨਹੀਂ ਸਿੱਖਾਂ ਨੂੰ ਕੀ ਮਜ਼ਬੂਰੀ ਬਣ ਗਈ ਹੈ ਦੀਵਾਲੀ ਨਹੀਂ ਜੀ ਅਸੀਂ ਤਾਂ ਬੰਦੀ ਛੋੜ ਦਿਵਸ ਮਨਾਉਂਦੇ ਹਾਂ। ਭਾਵ ਗਲਤ ਪ੍ਰੰਪਰਾਵਾਂ ਨੂੰ ਸਹੀ ਠਹਿਰਾਉਣ ਲਈ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਰਾਮ ਚੰਦ੍ਰ ਦੇ ਨਾਲ ਜੋੜ ਦਿੱਤਾ ਤੇ ਸਿੱਖ ਬੜੇ ਅਰਾਮ ਨਾਲ ਇਸ ਮਨੌਤ ਨੂੰ ਮੰਨ ਗਏ ਹਨ। ਕੇਵਲ 52 ਰਾਜੇ ਮੁਕਤ ਨਹੀਂ ਕਰਾਏ ਉਸ ਕਿਲ੍ਹੇ ਵਿਚ 101 ਰਾਜੇ ਸਨ ਜਿੰਨਾਂ ਵਿਚੋਂ 51 ਨੂੰ ਪਹਿਲਾਂ ਰਿਹਾ ਕਰਾ ਦਿੱਤਾ ਗਿਆ ਸੀ। ਗੁਰੂ ਸਾਹਿਬ ਜੀ ਨੇ ਗਵਾਲੀਅਰ ਦੇ ਬਦਨਾਮ ਕਿਲ੍ਹੇ ਵਿਚੋਂ 101 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਇਸ ਲਈ ਗੁਰਦੇਵ ਪਿਤਾ ਜੀ ਨੂੰ ‘ਬੰਦੀ ਛੋੜ ਦਾਤਾ’ ਕਿਹਾ ਜਾਂਦਾ ਹੈ।

ਸਿੱਖ ਇਤਿਹਾਸ ਵਿਚ ਹੋਰ ਵੀ ਬੰਦੀ ਛੋੜ ਦਿਹਾੜੇ ਹਨ ਜਿੰਨ੍ਹਾਂ ਵਲ ਅਸੀਂ ਕਦੇ ਧਿਆਨ ਨਹੀਂ ਦਿੱਤਾ।
1. ਗੁਰੂ ਨਾਨਕ ਸਾਹਿਬ ਜੀ ਸੰਨ 1521 ਨੂੰ ਬਾਬਰ ਦੀ ਕੈਦ ਵਿਚੋਂ ਐਮਨਾਬਾਦ ਤੇ ਆਮ ਲੋਕਾਂ ਸਮੇਤ ਰਿਹਾਅ ਹੋਏ ਸੀ। ਕੀ ਗੁਰੂ ਨਾਨਕ ਸਾਹਿਬ ਜੀ ਨੂੰ ਬੰਦੀ ਛੋੜ ਨਹੀਂ ਕਹਿਣਾ ਚਾਹੀਦਾ? ਗੁਰੂ ਨਾਨਕ ਸਾਹਿਬ ਜੀ ਨੇ ਅਣਗਿਣਤ ਗਰੀਬ ਲਾਚਾਰ ਲੋਕਾਂ ਨੂੰ ਰਿਹਾਅ ਕਰਾਇਆ ਸੀ। ਕੀ ਸਾਨੂੰ ਇਸ ਦਿਨ ਘਿਓ ਦੇ ਦੀਵੇ ਨਹੀਂ ਜਗਾਉਣੇ ਚਾਹੀਦੇ?
2. ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨ ਗਾਥਾ ਵਿਚ ਭਾਈ ਮਹਿੰਦਰ ਸਿੰਘ ਜੋਸ਼ ਜੀ ਲਿਖਦੇ ਹਨ- 13 ਦਸੰਬਰ 1665 ਔਰੰਗਜ਼ੇਬ ਨੇ ਇਕ ਮਹੀਨੇ ਦੀ ਕੈਦ ਉਪਰੰਤ ਰਿਹਾਅ ਕੀਤਾ ਸੀ। 1670 ਨੂੰ ਦੂਜੀ ਗ੍ਰਿਫਤਾਰੀ ਭਾਵ ਕਿ ਦੋ ਮਹੀਨੇ ਤੇ 13 ਦਿਨ ਪਿੱਛੋਂ ਗੁਰਦੇਵ ਪਿਤਾ ਜੀ ਨੂੰ ਰਿਹਾ ਕੀਤਾ ਗਿਆ ਸੀ ਤੇ ਤੀਜੀ ਗਿਫਤਾਰੀ 1675 ਦੀ ਹੈ ਜਿਸ ਵਿਚ ਗੁਰਦੇਵ ਪਿਤਾ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੰਦੀ ਛੋੜ ਨਹੀਂ ਸਨ? ਕੀ ਸਾਨੂੰ ਇਥੇ ‘ਬੰਦੀ ਛੋੜ’ ਦਿਵਸ ਨਹੀਂ ਮਨਾਉਣਾ ਚਾਹੀਦਾ?
3. ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਹਨ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਨੂੰ ਵੀ ‘ਬੰਦੀ ਛੋੜ’ ਕਿਹਾ ਜਾਂਦਾ ਹੈ। ਜਦੋਂ ਅਹਿਮਦਸ਼ਾਹ ਦੁਰਾਨੀ 2200 ਹਿੰਦੂ ਬੱਚੀਆਂ ਤੇ ਬੱਚਿਆਂ ਨੂੰ ਗਜ਼ਨਵੀ ਦੇ ਬਜ਼ਾਰਾਂ ਵਿਚ ਵੇਚਣ ਲਈ ਆਪਣੇ ਨਾਲ ਲਿਜਾ ਰਿਹਾ ਸੀ ਤਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆਂ ਦੀ ਕਮਾਨ ਹੇਠ ਉਹਨਾਂ ਬੱਚੀਆਂ ਨੂੰ ਅਹਿਮਦਸ਼ਾਹ ਦੇ ਕਬਜ਼ੇ ਵਿਚੋਂ ਛਡਵਾਇਆ ਇੰਝ ਆਹਲੂਵਾਲੀਆ ਜੀ ਨੂੰ ‘ਬੰਦੀ ਛੋੜ’ ਦੀ ਪਦਵੀ ਹਾਸਲ ਕੀਤੀ। ਲੋਕਾਂ ਨੇ ਤਾਂ ਗੀਤ ਹੀ ਏਦਾਂ ਦੇ ਬਣਾ ਲਏ ਸਨ।

ਵੇ ਮੋੜੀਂ ਭਾਈ ਕੱਛ ਵਾਲਿਆ ਸਰਦਾਰਾ।
ਧੀ ਸਾਡੀ ਗਈ, ਬਸਰੇ ਨੂੰ।
ਏਨ੍ਹਾਂ ਦੀਆਂ ਗੁੱਡੀਆਂ
ਭੁਆਈਂ ਸਿੰਘਾ ਛਈ।
ਵੇ ਮੋੜੀ ਭਾਈ ਕੱਛ ਵਾਲਿਆ ਸਰਦਾਰਾ।

ਭੁਲੇਖਾ-ਦਰ-ਭੁਲੇਖਾ

ਸਾਡੀ ਮਾਨਸਿਕਤਾ ਵਿਚ ਇੱਥੋਂ ਤਕ ਗਿਰਾਵਟ ਆ ਗਈ ਹੈ ਕਿ ਹੁਣ ਕਈ ਵਾਰੀਂ ਕਈ ਗੁਰਦੁਆਰਿਆਂ ਵਿਚੋਂ ਰਾਮਨੌਮੀ ਤੇ ਜਨਮ ਅਸ਼ਟਮੀਆਂ ਦੇ ਸਮੇਂ ਗੁਰਬਾਣੀ ਦੇ ਉਹਨਾਂ ਸ਼ਬਦਾਂ ਦਾ ਕੀਰਤਨ ਕੀਤਾ ਜਾਂਦਾ ਹੈ ਜਿੰਨ੍ਹਾਂ ਵਿਚ ਰਾਮ ਤੇ ਕ੍ਰਿਸ਼ਨ ਦਾ ਜ਼ਿਕਰ ਆਉਂਦਾ ਹੈ। ਇਹਨਾਂ ਸ਼ਬਦਾਂ ਦਾ ਕੀਰਤਨ ਕਰਕੇ ਬਹੁ ਗਿਣਤੀ ਹਿੰਦੂਆਂ ਨੂੰ ਖੁਸ਼ ਕੀਤਾ ਜਾਂਦਾ ਹੈ ਕਿ ਦੇਖੋ ਜੀ ਗੁਰਬਾਣੀ ਵਿਚ ਵੀ ਇਹ ਨਾਂ ਆਏ ਹਨ। ਅਸਲ ਵਿਚ ਅਸੀਂ ਬਹੁ ਗਿਣਤੀ ਦੇ ਪਿਛਲੱਗ ਬਣ ਕੇ ਉਹਨਾਂ ਨੂੰ ਹਰ ਹਾਲ ਵਿਚ ਖੁਸ਼ ਕਰਨ ਦਾ ਯਤਨ ਕਰ ਰਹੇ ਹਾਂ। ਅਜੇਹੀ ਪ੍ਰਕਿਰਿਆ ਵਿਚ ਅਸੀਂ ਸਿੱਖ ਸਿਧਾਂਤ ਦੀਆਂ ਚੂਲਾਂ ਹਿਲਾ ਰਹੇ ਹੁੰਦੇ ਹਾਂ। ਗੁਰਬਾਣੀ ਸਿਧਾਂਤ ਨੂੰ ਨਾ ਸਮਝਣ ਕਰਕੇ ਸੰਗਤਾਂ ਨੂੰ ਗੁਰਬਾਣੀ ਦੁਆਰਾ ਹੀ ਭੁਲੇਖਾ ਖੜਾ ਕਰ ਰਹੇ ਹਾਂ। ਪਹਿਲਾਂ ਕਿਸੇ ਨੂੰ ਪਤਾ ਸੀ ਜਾਂ ਨਹੀਂ ਪਤਾ ਸੀ ਪਰ ਹੁਣ ਟੀਵੀ ਮਾਧਿਅਮ ਰਾਹੀਂ ਦੀਵਾਲੀ ਕੀ ਰਾਤ ਦੀਵੇ ਬਾਲੀਅਨਿ ਆਦਿ ਤੁਕਾਂ ਨੂੰ ਅਧਾਰ ਬਣਾ ਕੇ ਏਦਾਂ ਗਾਇਨ ਕੀਤਾ ਗਿਆ ਹੈ ਕਿ ਸੁਣਨ ਵਾਲੇ ਨੂੰ ਇਹ ਹੀ ਮਹਿਸੂਸ ਹੁੰਦਾ ਹੈ ਕਿ ਭਾਈ ਗੁਰਦਾਸ ਜੀ ਦੀਵਾਲੀ ਦੀ ਰਾਤ ਨੂੰ ਦੀਵੇ ਜਗਾਉਣ ਲਈ ਜਾਂ ਦੀਵਾਲੀ ਮਨਾਉਣ ਲਈ ਕਹਿ ਰਹੇ ਹਨ। ਭਾਈ ਗੁਰਦਾਸ ਜੀ ਦੀ ਰਚਿਤ ਵਾਰਾਂ ਠੇਠ ਪੰਜਾਬੀ ਭਾਸ਼ਾ ਵਿਚ ਹਨ। ਭਾਈ ਗੁਰਦਾਸ ਜੀ ਜਦੋਂ ਕੋਈ ਗੁਰਮਤਿ ਦਾ ਨੁਕਤਾ ਸਮਝਾਉਂਦੇ ਹਨ ਕਈ ਕਈ ਦਲੀਲਾਂ ਦੇ ਕੇ ਫਿਰ ਗੁਰਮਤਿ ਦਾ ਨੁਕਤਾ ਦਸਦੇ ਹਨ ਤਾਂ ਕਿਸੇ ਨੂੰ ਕੋਈ ਭੁਲੇਖਾ ਨਾ ਲੱਗ ਜਾਏ। ਦੀਵਾਲੀ ਵਾਲੇ ਦਿਨ ਰਾਗੀ ਸਿੰਘ ਪਉੜੀ ਦੀ ਪਹਿਲੀ ਤੁਕ ਦਾ ਅਧਾਰ ਬਣਾ ਕੇ ਕੀਰਤਨ ਕਰਦੇ, ਜਿਸ ਨਾਲ ਸੰਗਤ ਇਹ ਮਹਿਸੂਸ ਕਰਦੀ ਹੈ ਕਿ ਸ਼ਾਇਦ ਭਾਈ ਗੁਰਦਾਸ ਜੀ ਦੀਵਾਲੀ ਵਾਲੀ ਰਾਤ ਨੂੰ ਦੀਵੇ ਜਗਾਉਣ ਲਈ ਕਹਿ ਰਹੇ ਹਨ ਜਦ ਕਿ ਪਉੜੀ ਦੀ ਅਖੀਰਲੀ ਤੁਕ ਦਾ ਅਧਾਰ ਬਣਾ ਕੇ ਕੀਰਤਨ ਕੀਤਾ ਜਾਏ ਤਾਂ ਗੁਰਮਤਿ ਸਿਧਾਂਤ ਆਪਣੇ ਆਪ ਹੀ ਸਮਝ ਵਿਚ ਆ ਸਕਦਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ

ਦੀਵਾਲੀ ਦੀ ਰਾਤ ਦੀਵੇ ਬਾਲੀਅਨਿ॥
ਕਿ ਜਿਸ ਤਰ੍ਹਾਂ ਦੀਵਾਲੀ ਦੀ ਰਾਤ ਨੂੰ ਦੀਵੇ ਬਾਲੇ ਜਾਂਦੇ ਹਨ ਪਰ ਥੋੜ੍ਹੇ ਹੀ ਚਿਰ ਵਿਚ ਉਹਨਾਂ ਵਿਚੋਂ ਤੇਲ ਖਤਮ ਹੋ ਜਾਣ ਕਾਰਣ ਉਹ ਬੁਝ ਜਾਂਦੇ ਹਨ।
ਤਾਰੇ ਜਾਤ ਸਨਾਤ ਅੰਬਰ ਭਾਲੀਅਨਿ॥
ਜਿਵੇਂ ਰਾਤ ਨੂੰ ਸੂਰਜ ਛੁਪਣ ਪਿਛੋਂ ਅਸਮਾਨ ਵਿਚ ਛੋਟੇ ਵੱਡੇ ਤਾਰੇ ਦਿਸਦੇ ਹਨ ਪਰ ਸਵੇਰੇ ਸੂਰਜ ਚੜ੍ਹਨ ਸਮੇਂ ਉਹ ਸਾਰੇ ਦਿਸਣੋਂ ਬੰਦ ਹੋ ਜਾਂਦੇ ਹਨ।
ਫੁਲਾਂ ਦੀ ਬਾਗਾਤ ਚੁਣ ਚੁਣ ਚਾਲੀਅਨਿ॥
ਜਿਵੇਂ ਫੁੱਲਾਂ ਦੀ ਬਗੀਚੀ ਵਿਚੋਂ ਚੁਣ ਚੁਣ ਕੇ ਖਿੜੇ ਫੁੱਲ ਤੋੜ ਕੇ ਉਹਨਾਂ ਦਾ ਹਾਰ ਬਣਾਇਆ ਜਾਂਦਾ ਹੈ ਅਤੇ ੳਨ੍ਹਾਂ ਵਿਚੋਂ ਸੁਗੰਧੀ ਲਈ ਜਾਂਦੀ ਹੈ ਪਰ ਥੋੜ੍ਹੇ ਹੀ ਸਮੇਂ ਉਹ ਫੁੱਲ ਮੁਰਝਾ ਜਾਂਦੇ ਹਨ ਤੇ ਉਨ੍ਹਾਂ ਵਿਚੋਂ ਸੁਗੰਧੀ ਦੀ ਥਾਂ ਬਦਬੂ ਆਉਣੀ ਸ਼ੂਰੂ ਹੋ ਜਾਂਦੀ ਹੈ।
ਤੀਰਥਿ ਜਾਤੀ ਜਾਤ ਨੈਣ ਨਿਹਾਲੀਅਨਿ॥
ਜਿਵੇਂ ਮੇਲਿਆਂ ਸਮੇਂ ਯਾਤਰੀ ਤੀਰਥਾਂ ‘ਤੇ ਵੱਡੀ ਗਿਣਤੀ ਵਿੱਚ ਜਾਂਦੇ ਹਨ ਜਿਨ੍ਹਾਂ ਸਦਕਾ ਮੇਲੇ ਵਿੱਚ ਅੱਖਾਂ ਲਈ ਬਹੁਤ ਰੌਣਕ ਵੇਖਣ ਨੂੰ ਮਿਲਦੀ ਹੈ। ਪਰ ਮੇਲਾ ਵਿਛੜਨ’ਤੇ ਸਾਰੇ ਹੀ ਆਪਣੇ ਘਰਾਂ ਨੂੰ ਵਾਪਸ ਮੁੜ ਜਾਂਦੇ ਹਨ। ਜਿਸ ਕਾਰਣ ਰੌਣਕ ਖਤਮ ਹੋ ਜਾਂਦੀ ਹੈ ਤੇ ਉਨ੍ਹਾਂ ਵਲੋਂ ਖਿਲਾਰਿਆ ਗੰਦ ਓੱਥੇ ਹੀ ਰਹਿ ਜਾਂਦਾ ਹੈ।
ਹਰਿ ਚੰਦੁਰੀ ਝਾਤ ਵਸਾਇ ਉਚਾਲੀਅਨਿ॥
ਹਰੀ ਚੰਦ ਦੀ ਖਿਆਲੀ ਨਗਰੀ ਚਿਤਵੀ ਜਾਂਦੀ ਹੈ ਪਰ ਅਸਲੀਅਤ ਵਿੱਚ ਅਜਿਹੀ ਕੋਈ ਨਗਰੀ ਨਹੀਂ ਹੁੰਦੀ।
ਗੁਰਮੁਖ ਸੁਖਫਲ ਦਾਤ ਸ਼ਬਦ ਸਮ੍ਹਾਲੀਅਨਿ ॥
(ਵਾਰ-19, ਪਉੜੀ-6)

ਪਰ ਗੁਰੂ ਦੀ ਦੀ ਸ਼ਰਨ ਵਿੱਚ ਪੈ ਕੇ ਸ਼ਬਦ ਗੁਰੂ ਦੀ ਸਿੱਖਿਆ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਣ ਨਾਲ ਗੁਰੂ ਪਾਸੋਂ ਸੁੱਖਾਂ ਦੀ ਦਾਤਿ ਮਿਲਦੀ ਜਿਹੜੀ ਹਮੇਸ਼ਾਂ ਵਾਸਤੇ ਆਨੰਦ ਵਿੱਚ ਰੱਖਦੀ ਹੈ।
ਇਸ ਪਉੜੀ ਤੋਂ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਲੋਕ ਦੀਵਾਲੀ ਸਦੀਆਂ ਤੋਂ ਮਨਾਉਂਦੇ ਆ ਰਹੇ ਸਨ। ਸਨਾਤਨੀ ਮਤ ਵਾਲੇ ਪੁਜਾਰੀ ਜਦੋਂ ਦਰਬਾਰ ਸਾਹਿਬ’ਤੇ ਕਾਬਜ਼ ਸਨ ਤਾਂ ਉਹਨਾਂ ਨੇ ਦੀਵਾਲੀ ਨੂੰ ਗੁਰੂ ਹਰਿ ਗੋਬਿੰਦ ਸਾਹਿਬ ਜੀ ਨਾਲ ਜੋੜ ਕੇ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਵਿਚ ਕੋਈ ਦੇਰ ਨਹੀਂ ਕੀਤੀ। ਇੰਜ ਇਹ ਦੀਵਾਲੀ ਸਿੱਖਾਂ ਨੂੰ ਵੀ ਮਨਾਉਣ ‘ਤੇ ਲਗਾ ਦਿੱਤਾ। ਦੂਜਾ ਅਜੇਹੀਆਂ ਮਨਮਤਾਂ ਸਾਡੇ ਅਵੇਸਲਾ-ਪਨ ਕਰਕੇ ਹੀ ਸ਼ੁਰੂ ਹੋਈਆਂ ਹਨ। ਇਕ ਦੀਵਾਲੀ ਨਹੀਂ ਸਗੋਂ ਹੋਰ ਵੀ ਬਹੁਤ ਸਾਰੀਆਂ ਮਨਮਤਾਂ ਸਿੱਖ ਕੌਮ ਵਿਚ ਸ਼ੁਰੂ ਹੋਈਆਂ ਹਨ।
ਭਾਈ ਗੁਰਦਾਸ ਜੀ ਤਾਂ ਕਹਿ ਰਹੇ ਕਿ ਜਿਸ ਤਰ੍ਹਾਂ ਲੋਕ ਦੀਵਾਲੀ ਨੂੰ ਬੇਫਜੂਲ ਖਰਚ ਕਰਕੇ ਦੀਵੇ ਜਗਾਉਂਦੇ ਹਨ। ਤੇਲ ਮੁੱਕਣ ‘ਤੇ ਬੱਤੀ ਸੜ੍ਹ ਜਾਂਦੀ ਹੈ ਪਿੱਛੇ ਕੇਵਲ ਕਾਂਵਾਂ ਦੇ ਠੂੰਗਿਆ ਜੋਗੇ ਰਹਿ ਜਾਂਦੇ ਹਨ ਖਾਲੀ ਦੀਵੇ। ਰਾਤ ਨੂੰ ਤਾਰੇ ਬਹੁਤ ਖੁਬਸੂਰਤ ਲੱਗਦੇ ਹਨ ਪਰ ਸਵੇਰ ਹੁੰਦਿਆਂ ਹੀ ਉਹ ਸੂਰਜ ਦੀ ਰੌਸ਼ਨੀ ਕਰਕੇ ਅਲੋਪ ਹੋ ਜਾਂਦੇ ਹਨ। ਫੁੱਲ ਖਿੜੇ ਹੋਏ ਸੋਹਣੇ ਲੱਗਦੇ ਹਨ ਟੁੱਟਣ ‘ਤੇ ਉਹੀ ਫੁੱਲ ਬਦਬੂ ਮਾਰਨ ਲੱਗ ਜਾਂਦੇ ਹਨ। ਤੀਰਥ ਲੋਕਾਂ ਦੀ ਭੀੜ ਨਾਲ ਹੀ ਚੰਗੇ ਲਗਦੇ ਹਨ ਪਰ ਜਦੋਂ ਭੀੜ ਚਲੇ ਜਾਂਦੀ ਹੈ ਤਾਂ ਪਿੱਛੇ ਰਹਿ ਜਾਂਦਾ ਹੈ ਤੀਰਥ ਯਾਤਰੀਆਂ ਵਲੋਂ ਪਾਇਆ ਹੋਇਆ ਗੰਦ। ਭਾਈ ਸਾਹਿਬ ਜੀ ਗੁਰਮਤਿ ਦਾ ਨੁਕਤਾ ਸਮਝਾਉਂਦਿਆ ਹੋਇਆਂ ਫੁਰਮਾਇਆ ਹੈ ਕਿ ਅਸਲ ਸੁੱਖ ਦੀਵਾਲੀ ‘ਤੇ ਦੀਵੇ ਜਗਾਉਣ ਨਾਲ ਜਾਂ ਤੀਰਥਾਂ ‘ਤੇ ਯਾਤਰਾ ਕਰਨ ਨਾਲ ਨਹੀਂ ਆ ਸਕਦਾ ਇਹ ਤਾਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਹੀ ਆ ਸਕਦਾ ਹੈ। ਗੁਰਮਤਿ ਦੇ ਸਿਧਾਂਤ ਨੂੰ ਸਮਝ ਕੇ ਜੀਵਨ ਵਿਚ ਅਪਣਾਉਣ ਨਾਲ ਹੀ ਆ ਸਕਦਾ ਹੈ। ਪਰ ਰਾਗੀਆਂ ਨੇ ਸਿੱਖ ਸਿਧਾਂਤ ਨਾਲ ਧਰੌਹ ਕਮਾਉਂਦਿਆਂ ਤੇ ‘ਦੀਵਾਲੀ ਕੀ ਰਾਤ ਦੀਵੇ ਬਾਲੀਅਨਿ’ ਸ਼ਬਦ ਦਾ ਗਾਇਨ ਕਰਕੇ ਸਿਧਾਂਤ ਨੂੰ ਪੁੱਠਾ ਗੇੜਾ ਦਿੱਤਾ ਹੈ। ਚਾਹੀਦਾ ਤਾਂ ਇਹ ਸੀ ਇਸ ਪਉੜੀ ਦੀ ਮਗਰਲੀ ਤੁਕ “ਗੁਰਮੁਖ ਸੁਖਫਲ ਦਾਤ ਸ਼ਬਦ ਸਮ੍ਹਾਲੀਅਨਿ” ਨੂੰ ਟੇਕ ਬਣਾ ਕੇ ਕੀਰਤਨ ਕਰਦੇ ਤਾਂ ਕਦੇ ਵੀ ਭੁਲੇਖਾ ਨਹੀਂ ਸੀ ਲਗਣਾ। ਜਦੋਂ ਕੀਰਤਨ ਦੀ ਦੀਵਾਲੀ ਦੀ ਰਾਤ ਦੀਵੇ ਬਾਲੀਅਨਿ॥ ਦੀ ਟੇਕ ਰੱਖੀ ਜਾਵੇ ਤਾਂ ਕੁਦਰਤੀ ਲੋਕਾਂ ਦੀਵੇ ਬਾਲਣੇ ਹੀ ਹਨ।
ਅੱਜ ਦੇ ਹਾਲਾਤਾਂ ਵਿਚ ਸਾਡਾ ਸਮਾਜ ਨਸ਼ਿਆਂ ਅਤੇ ਹੋਰ ਸਮਾਜਿਕ ਕੁਰੀਤੀਆਂ ਵਿਚ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ। ਗੁਰੂ ਦੀ ਓਟ ਜਾਂ ਗੁਰਬਾਣੀ ਦਾ ਆਸਰਾ ਲੈ ਕੇ ਇਨ੍ਹਾਂ ਜੰਜਾਲਾਂ ਵਿਚੋਂ ਨਿਕਲਣ ਨੂੰ ਵੀ ‘ਬੰਦੀ ਛੋੜ’ ਕਿਹਾ ਜਾ ਸਕਦਾ ਹੈ। ਅਸਲ ‘ਬੰਦੀ ਛੋੜ’ ਇਹੋ ਹੈ ਕਿ ਅਸੀਂ ਉਪਰੋਕਤ ਕੁਰੀਤੀਆਂ ਵਿਚ ਪਏ ਲੋਕਾਂ ਨੂੰ ਬਾਹਰ ਕੱਢ ਸਕੀਏ।
-0-

ਕੈਪਟਨ ਅਵਤਾਰ ਸਿੰਘ   M-97819-90206