ਪ੍ਰਿੰ: ਗੁਰਬਚਨ ਸਿੰਘ
99155-29725
ਖਾਲਸੇ ਦੀ ਸਿਰਜਣਾ
ਵੇਈਂ ਨਦੀ ਤੋਂ ਖਾਲਸੇ ਦੀ ਸਿਰਜਣਾ
ਮਨੁਖ ਇੱਕ ਸਮਾਜਿਕ ਜੀਵ ਹੈ, ਇਸ ਲਈ ਇਹ ਸਮਾਜ ਵਿੱਚ ਹੀ ਰਹਿਣਾ ਪਸੰਦ ਕਰਦਾ ਹੈ। ਪਰਿਵਾਰ, ਸਮਾਜ ਤੇ ਦੇਸ਼ ਤਦ ਹੀ ਕਾਇਮ ਰਹਿ ਸਕਦੇ ਹਨ, ਜੇ ਇਸ ਦੀ ਕੋਈ ਨਿਯਮਾਂਵਲੀ ਨਿਰਧਾਰਤ ਕੀਤੀ ਹੋਵੇ। ਰਾਜਨੀਤਿਕ ਉਦੇਸ਼ ਦੁਆਰਾ ਸਮਾਜ ਤੇ ਰਾਜ ਕੀਤਾ ਜਾ ਸਕਦਾ ਹੈ ਅਤੇ ਸਦਾਚਾਰਕ ਨਿਯਮ ਦੁਆਰਾ ਮਨੁਖ ਦੀ ਅੰਦਰਲੀ ਬਣਤਰ ਬਣਦੀ ਹੈ। ਸਮਾਜ ਵਿੱਚ ਰਾਜਨੀਤਿਕ, ਧਾਰਮਿਕ ਸਦਾਚਾਰਕ ਕਦਰਾਂ ਕੀਮਤਾਂ ਤਦ ਹੀ ਕਾਇਮ ਰਹਿ ਸਕਦੀਆਂ ਹਨ, ਜੇ ਇਹ ਕੁਦਰਤੀ ਬਝਵੇਂ ਨਿਯਮ ਵਿੱਚ ਚੱਲ ਰਹੀਆਂ ਹੋਣ। ਜੇ ਇਹਨਾਂ ਵਿੱਚ ਵਿਗਾੜ ਪੈਦਾ ਹੋ ਜਾਏ ਤਾਂ ਸਮਾਜ ਦੀ ਹਾਲਤ ਉਸ ਬੇੜੀ ਵਰਗੀ ਹੋਏਗੀ ਜੋ ਬਿਨ੍ਹਾਂ ਮਲਾਹ ਤੋਂ ਮੁਸਾਫ਼ਰ ਲੈ ਕੇ ਆਪੇ ਹੀ ਦਰਿਆ ਵਿੱਚ ਚੱਲ ਪਏ। ਅਜਿਹੀ ਬੇੜੀ ਮੁਸਾਫ਼ਰਾਂ ਨੂੰ ਡੋਬੇਗੀ ਜ਼ਰੂਰ ਪਰ ਕਿਸੇ ਤਣ-ਪੱਤਰ ‘ਤੇ ਨਹੀਂ ਲਗਾਏਗੀ। ਗੁਰੂ ਨਾਨਕ ਸਾਹਿਬ ਜੀ ਨੇ ਬਚਪਨ ਤੋਂ ਲੈ ਕੇ ਸੁਲਤਾਨਪੁਰ ਤੀਕ ਚੱਲਦਿਆਂ ਮਨੁਖੀ ਸਮਾਜ ਦੇ ਹਰ ਪਹਿਲੂ ਨੂੰ ਚੰਗੀ ਤਰ੍ਹਾਂ ਨਿਹਾਰਿਆ, ਵਿਚਾਰਿਆ, ਪੜਚੋਲਿਆ ਤੇ ਸਮਝਿਆ। ਧਾਰਮਿਕ, ਰਾਜਨੀਤਿਕ, ਸਮਾਜਿਕ, ਇਸਤਰੀ ਦੀ ਹਾਲਤ ਤੇ ਆਰਥਿਕ ਪੱਖ ਦੀਆਂ ਹਿੱਲੀਆਂ ਹੋਈਆਂ ਚੂਲ਼ਾਂ ਦਾ ਜਾਇਜ਼ਾ ਲੈ ਕੇ ਮਨੁਖਤਾ ਦੀ ਅੰਦਰੂਨੀ ਤਸਵੀਰ ਸਮਾਜ ਦੇ ਸਾਹਮਣੇ ਰੱਖ ਦਿੱਤੀ। ਨਿਰ੍ਹਾ ਏਨ੍ਹਾ ਹੀ ਨਹੀਂ ਸਗੋਂ ਨਵੇਂ ਸਮਾਜ ਦੀ ਬਣਤਰ ਜੋ ਹਲੇਮੀ ਰਾਜ ਦੀ ਰੂਪ-ਰੇਖਾ ਸੀ ਸੰਸਾਰ ਦੇ ਸਾਹਮਣੇ ਪੇਸ਼ ਕਰ ਦਿੱਤੀ। ਦੁਖਾਂਤ ਇਸ ਗੱਲ ਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਫਿਲਾਸਫ਼ੀ ਨੂੰ ਕੇਵਲ ਨਾਮ ਸਿਮਰਣ, ਪੂਜਾ, ਦਸਮ-ਦੁਆਰ, ਜਨਮ-ਮਰਣ ਦਾ ਗੇੜ, ਅਖੰਡ-ਪਾਠਾਂ ਦੀਆਂ ਲੜੀਆਂ, ਬ੍ਰਹਮ-ਗਿਆਨੀਆਂ ਦੀ ਗਿਦੜ-ਭਰਮਾਰ ਤੇ ਪਹੁੰਚੇ ਹੋਏ ਵਿਚਾਰ-ਹੀਣ ਮਹਾਂਪੁਰਸ਼ਾਂ ਤੀਕ ਸੀਮਤ ਕਰ ਕੇ ਰੱਖ ਦਿੱਤੀ ਹੈ। ਮੁਲਕ ਨੂੰ ਅਜ਼ਾਦ ਕਰਾਉਣ ਲਈ ਪ੍ਰਵਾਨੇ ਸ਼ਹੀਦੀਆਂ ਦਿੰਦੇ ਰਹੇ, ਪਰ ਨਾਮ ਸਿਮਰਣ ਵਾਲੇ ਬੂਬਨੇ ਬਾਬੇ ਇਕੱਲੇ ਗੁਰੂ ਨਾਨਕ ਸਾਹਿਬ ਜੀ ਨੂੰ ਭੋਰਿਆਂ ਵਿੱਚ ਬੈਠ ਕੇ ਪ੍ਰਸ਼ਾਦਾ ਛਕਾਉਣ ਵਿੱਚ ਹੀ ਰੁਝੇ ਰਹੇ ਅਤੇ ਉਹਨਾਂ ਦੀ ਮਹਾਨ ਫਿਲਾਸਫ਼ੀ ਨੂੰ ਕਾਰ ਸੇਵਾ ਦੇ ਬਹਾਨੇ ਚਿੱਟੇ ਮਾਰਬਲ ਪੱਥਰਾਂ ਦੀਆਂ ਪਰਤਾਂ ਵਿੱਚ ਲਕਾਉਂਦੇ ਰਹੇ।
ਡਾਕਟਰ ਕ੍ਰਿਪਾਲ ਸਿੰਘ ਜੀ ਜਨਮ ਸਾਖੀ ਪਰੰਪਰਾ ਪੁਸਤਕ ਦੀ ਪ੍ਰਵੇਸ਼ਕਾ ਵਿੱਚ ਬਹੁਤ ਕੀਮਤੀ ਖ਼ਿਆਲ ਦੇਂਦੇ ਹਨ ਕਿ— “ਜਿਥੇ ਮੁਸਲਮਾਨੀ ਸਭਿਅਤਾ ਨੇ ਗੁਰੂ ਨਾਨਕ ਸਾਹਿਬ ਦੀਆਂ ਰਵਾਇਤਾਂ ਨੂੰ ਕਰਾਮਾਤੀ ਰੰਗ ਦਿੱਤਾ ਸੀ ਉਥੇ ਹਿੰਦੂ ਧਾਰਮਿਕ ਸਾਹਿਤ ਨੇ ਇਹਨਾਂ ਰਵਾਇਤਾਂ ਵਿੱਚ ਮਿਥਿਹਾਸਕ ਰੰਗ ਭਰਿਆ। ਗੁਰੂ ਨਾਨਕ ਨੂੰ ਰਾਜਾ ਜਨਕ ਦਾ ਅਵਤਾਰ ਕਹਿਣਾ ਆਰੰਭ ਕੀਤਾ। ਇਸੇ ਕਰਕੇ ਦਾਬਿਸਤਾਨ, ਜੋ ਸਤਾਰਵੀਂ ਸਦੀ ਦੀ ਕਿਰਤ ਹੈ ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਨੂੰ ਰਾਜਾ ਜਨਕ ਦਾ ਅਵਤਾਰ ਮੰਨਿਆਂ ਜਾਂਦਾ ਸੀ।” ਸਾਰਾ ਸਾਰਾ ਸਾਲ ਗੁਰਦੁਆਰਿਆਂ ਵਿੱਚ ਕਥਾ ਕੀਰਤਨ ਅਕਸਰ ਚੱਲਦੇ ਰਹਿੰਦੇ ਹਨ ਤੇ ਇਹਨਾਂ ਵਿੱਚ ਕੇਵਲ ਕਰਾਮਾਤੀ ਸ਼ਕਤੀਆਂ ਜਾਂ ਹਿੰਦੂ-ਮਿਥਿਹਾਸ ਦੀਆਂ ਗੈਰ ਕੁਦਰਤੀ ਕਹਾਣੀਆਂ ਹੀ ਸੁਣਾਈਆਂ ਜਾਂਦੀਆਂ ਹਨ। ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਫਿਲਾਸਫ਼ੀ ਕੇਵਲ ਬੱਤੀਆਂ ਬੰਦ ਕਰਕੇ, ਸਰੀਰ ਹਿਲਾ ਹਿਲਾ ਕੇ, ਸਿਰ ਫੇਰ ਫੇਰ ਕੇ ਨਾਮ ਜੱਪਣ, ਦੁਪਹਿਰੇ, ਚੁਪਹਿਰੇ ਜਾਪ ਤਾਪ, ਅਖੰਡ-ਪਾਠਾਂ ਦੀਆਂ ਲੜੀਆਂ, ਨਗਰ ਕੀਰਤਨਾਂ ਦੀ ਭਰਮਾਰ, ਕੀਰਤਨ ਦਰਬਾਰਾਂ ਤੇ ਬਿਨਾਂ ਲੋੜ ਤੋਂ ਸੜਕਾਂ ‘ਤੇ ਲੰਗਰ ਵਰਤਾਉਣ ਵਿੱਚ ਸੁੰਘੜ ਕੇ ਰਹਿ ਗਈ ਹੈ।
ਸੁਲਤਾਨਪੁਰ ਰਹਿੰਦਿਆਂ ਗੁਰੂ ਸਾਹਿਬ ਜੀ ਨੇ ਮਨੁਖੀ ਜੀਵਨ ਦੇ ਹਰ ਪੱਖ ਨੂੰ ਚੰਗੀ ਤਰ੍ਹਾਂ ਪੜਚੋਲਿਆ ਤੇ ਕਿਹਾ ਰਾਜਨੀਤੀ ਵਿਚੋਂ ਇਨਸਾਨੀਅਤ ਦਾ ਤੱਤ ਖਤਮ ਹੋਣ ਕਰਕੇ ਇਹ ਜ਼ੁਲਮ ਦੀਆਂ ਹੱਦਾਂ ਬੰਨ੍ਹੇ ਟੱਪ ਗਈ ਹੈ, ਜਿਸ ਕਰਕੇ ਧਰਮ ਵਰਗੀਆਂ ਸਚਾਈਆਂ ਪੰਛੀਆਂ ਦੇ ਖੰਭਾਂ ਵਾਂਗ ਉੱਡ ਗਈਆਂ ਹਨ-
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ (145)
ਬੇ-ਇਨਸਾਫ਼ੀ ਦੀ ਖੁੰਢੀ ਛੁਰੀ ਨਾਲ ਰਾਜੇ ਪਰਜਾ ਨੂੰ ਛਿੱਲ ਰਹੇ ਸਨ, ਕਿਉਂਕਿ ਧਰਮ ਉਹਨਾਂ ਵਿਚੋਂ ਉੱਡ ਗਿਆ ਸੀ। ਕੂੜ-ਕੁਫ਼ਰ ਦੀ ਹਨ੍ਹੇਰੀ ਰਾਤ ਵਿੱਚ ਸੱਚ ਦਾ ਚੰਦਰਮਾ ਭਾਲ਼ਿਆਂ ਵੀ ਨਹੀਂ ਲੱਭਦਾ ਸੀ। ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਮੈਂ ਸੱਚ ਦੇ ਚੰਦਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਿਆ ਹਾਂ, ਹਨ੍ਹੇਰੇ ਵਿੱਚ ਕੋਈ ਰਾਹ ਦਿੱਸਦਾ ਨਹੀਂ। ਅਸਲ ਦੁਨੀਆਂ ਵਿੱਚ ਹਨ੍ਹੇਰੇ ਦਾ ਮੂਲ ਕਾਰਨ ਹਉਮੈ ਹੈ ਤੇ ਇਸ ਤੋਂ ਖਲਾਸੀ ਕਿਵੇਂ ਹੋਵੇ? ਇਨ੍ਹਾਂ ਡੂੰਘੀਆਂ ਵਿਚਾਰਾਂ ਨੂੰ ਲੈ ਕੇ ਹੀ ਗੁਰੂ ਨਾਨਕ ਸਾਹਿਬ ਜੀ ਵੇਈਂ ਨਦੀ ਵਿੱਚ ਉੱਤਰੇ। ਤੱਤ ਦੀ ਗੱਲ ਸਮਝਣ ਦੀ ਥਾਂ ੱਤੇ ਗੁਰੂ ਸਾਹਿਬ ਜੀ ਨੂੰ ਗੈਰ-ਕੁਦਰਤੀ ਢੰਗ ਨਾਲ ਤਿੰਨ ਦਿਨ ਪਾਣੀ ਵਿੱਚ ਬਿਠਾ ਕੇ ਸਾਨੂੰ ਖੁਸ਼ੀ ਪ੍ਰਤੀਤ ਹੁੰਦੀ ਹੈ। ਸਾਰੀਆਂ ਜਨਮ ਸਾਖੀਆਂ ਵਿੱਚ ਜੋ ਵੇਈਂ ਨਦੀ ਦੀ ਘਟਨਾ ਆਈ ਹੈ ਉਸ ਨੂੰ ਸਰਦਾਰ ਕਿਰਪਾਲ ਸਿੰਘ ਜੀ ਨੇ ਇੱਕ ਥਾਂ ‘ਤੇ ਹੀ ਫੁਟ-ਨੋਟ ਦੇ ਰੂਪ ਵਿੱਚ ਦੇ ਦਿੱਤਾ ਹੈ ਜਿਹਾ ਕਿ—
“ਸੁਲਤਾਨਪੁਰ ਰਹਿੰਦਿਆਂ ਨਾਨਕ ਜੀ ਹਰ ਰੋਜ਼ ਵੇਈਂ ਨਦੀਂ ਵਿੱਚ ਇਸ਼ਨਾਨ ਕਰਨ ਜਾਇਆ ਕਰਦੇ ਸਨ। ਜਿਸ ਥਾਂ ‘ਤੇ ਉਹ ਇਸ਼ਨਾਨ ਕਰਨ ਜਾਂਦੇ ਸਨ, ਉਹ ਥਾਂ ਨਗਰ ਤੋਂ ਪੱਛਮ ਵੱਲ ਅੱਧ ਮੀਲ ਦੂਰ ‘ਤੇ ਵੇਈਂ ਨਦੀ ਦੇ ਰਮਣੀਕ ਕਿਨਾਰੇ ਤੇ ਸੀ। ਸਥਾਨਕ ਰਵਾਇਤ ਅਨੁਸਾਰ ਇਸ ਥਾਂ ਦੇ ਨਾਲ ਹੀ ਇੱਕ ਮੁਸਲਮਾਨ ਫ਼ਕੀਰ ਅੱਲਾ ਦਿੱਤੇ (ਖ਼ਰਬੂਜੇ ਸ਼ਾਹ) ਦੀ ਕੁਟੀਆ ਸੀ ਜਿਸ ਨਾਲ ਨਾਨਕ ਜੀ ਕਦੀ ਕਦੀ ਬਚਨ ਬਿਲਾਸ ਕਰਿਆ ਕਰਦੇ ਸਨ।”
ਭਾਈ ਬਾਲੇ ਵਾਲ਼ੀ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਰੋਜ਼ ਵਾਂਗ ਨਾਨਕ ਜੀ ਇਸ਼ਨਾਨ ਕਰਨ ਗਏ, ਪਰ ਕੁਝ ਸਮੇਂ ਤਾਈਂ ਨਾਨਕ ਜੀ ਬਾਹਰ ਨਾ ਆਏ ਤਾਂ ਟਹਿਲੀਏ ਨੇ ਘਰ ਜਾ ਕੇ ਦੱਸਿਆ ਕਿ ਅੱਜ ਨਾਨਕ ਜੀ ਵੇਈਂ ਨਦੀ ਵਿਚੋਂ ਬਾਹਰ ਨਹੀਂ ਆਏ। ਡਾਕਟਰ ਕਿਰਪਾਲ ਸਿੰਘ ਜੀ ਲ਼ਿਖਦੇ ਹਨ ਕਿ “ਇਉਂ ਜਾਪਦਾ ਹੈ ਕਿ ਗੁਰੂ ਨਾਨਕ ਜੀ ਵੇਈਂ ਨਦੀ ਦੇ ਦੂਸਰੇ ਕੰਢੇ ‘ਤੇ ਜਾ ਕੇ ਕਿਸੇ ਇਕਾਂਤ ਥਾਂ ਤੇ ਪਰਮਾਤਮਾ ਨਾਲ ਜੁੜ ਗਏ।” ਅੱਗੇ ਲਿਖਦੇ ਹਨ ਕਿ “ਇਸ ਅਵਸਥਾ ਦਾ ਵੱਖ-ਵੱਖ ਵਰਣਨ ਜਨਮ-ਸਾਖੀਆਂ ਵਿੱਚ ਦਿੱਤਾ ਹੈ। ਵਲਾਇਤ ਵਾਲੀ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਆਗਿਆ ਪਰਮੇਸ਼ਰ ਕੀ ਨਾਲ ਸੇਵਕ ਲੈ ਗਏ ਦਰਗਾਹ ਪ੍ਰਮੇਸ਼ਰ ਕੀ, ਸੇਵਕਾਂ ਜਾਇ ਅਰਜ਼ ਕੀਤੀ ਕੇ ਨਾਨਕ ਹਾਜ਼ਰ ਹੈ। ਅੰਮ੍ਰਿਤ ਦਾ ਕਟੋਰਾ ਭਰ ਭਰ ਆਗਿਆ ਨਾਲ ਮਿਲਿਆ।” ਇਸ ਤਰ੍ਹਾਂ ਮਿਹਰਬਾਨ ਵਾਲੀ ਜਨਮ ਸਾਖੀ ਵਿੱਚ ਨਾਨਕ ਦਾ ਅਕਾਲ ਪੁਰਖ ਕੋਲ਼ ਜਾਣਾ ਤੇ ਦੁਧ ਦਾ ਕਟੋਰਾ ਪੀਣਾ ਲਿਖਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਰੱਬ ਸਬੰਧੀ ਜੋ ਵਿਚਾਰ ਦਿੱਤੇ ਹਨ ਕਿ ਉਹ ਪਰਮਾਤਮਾ ਸਾਰਿਆਂ ਥਾਵਾਂ ‘ਤੇ ਮੌਜੂਦ ਹੈ ਸਾਰਿਆਂ ਹਿਰਦਿਆਂ ਵਿੱਚ ਪਰਮਾਤਮਾ ਦੀ ਜੋਤ ਇਕਸਾਰ ਚੱਲ ਰਹੀ ਹੈ-
ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ (13)
ਗੁਰੂ ਸਾਹਿਬ ਜੀ ਹਿਰਦੇ ਵਿਚਲੇ ਰੱਬ ਜੀ ਪਾਸ ਗਏ ਭਾਵ ਆਪਣੇ ਹਿਰਦੇ ਦੀ ਵੇਈਂ ਨਦੀ ਵਿੱਚ ਉਤਰ ਕੇ ਮਨੁਖਤਾ ਦੇ ਭਲੇ ਲਈ ਇੱਕ ਪ੍ਰੋਗਰਾਮ ਉਲੀਕਿਆ, ਜਿਸ ਨੂੰ ਦਸ ਹਿੱਸਿਆਂ ਵਿੱਚ ਵੰਡਿਆ ਅਤੇ ਆਦਰਸ਼ ਰੱਖਿਆ ‘ਸਚਿਆਰ ਮਨੁਖ’ ਬਣਨ ਦਾ।
ਹਿਰਦੇ ਦੀ ਵੇਈਂ ਨਦੀ ਵਿਚੋਂ ਬਾਹਰ ਆ ਕੇ ਨਾਨਕ ਜੀ ਨੇ ਜੋ ਪਹਿਲਾ ਉਪਦੇਸ਼ ਦਿੱਤਾ ਕਿ ਪਰਮਾਤਮਾ ਇੱਕ ਹੈ, ਨਾ ਕੋਈ ਹਿੰਦੂ ਹੈ ਤੇ ਨਾ ਕੋਈ ਮੁਸਲਮਾਨ ਹੈ ਅਸੀਂ ਸਾਰੇ ਇਨਸਾਨ ਹਾਂ। ਹਰ ਮਨੁਖ ਨੂੰ ਜ਼ਿੰਦਗੀ ਜਿਉਣ ਦਾ ਹੱਕ ਹੈ। ਧਰਮੀ ਪੁਜਾਰੀ, ਰਾਜਨੀਤਿਕ ਆਗੂਆਂ ਨਾਲ ਮਿਲ ਕੇ ਨਿਮਾਣੀ ਮਨੁਖਤਾ ਦਾ ਖੂਨ ਪੀ ਰਹੇ ਹਨ ਤੇ ਸਮੁਚੇ ਸਮਾਜ ਦੀ ਸਾਰੀ ਤਾਣੀ ਉਲ਼ਝੀ ਪਈ ਹੈ। ਜੋਗੀ, ਮੁਲਾਂ-ਕਾਜ਼ੀ ਤੇ ਬ੍ਰਾਹਮਣ ਨੇ ਧਰਮ ਦੇ ਨਾਂ ‘ਤੇ ਆਪਣੇ ਮੱਕੜੀ ਜਾਲ ਵਿੱਚ ਫਸਾਇਆ ਹੋਇਆ ਸੀ। ਇਹਨਾਂ ਬਾਰੇ ਜੋ ਨਜ਼ਰੀਆ ਗੁਰੂ ਸਾਹਿਬ ਦਾ ਹੈ ਉਹ ਉਹਨਾਂ ਦੀ ਬਾਣੀ ਵਿੱਚ ਅੰਕਿਤ ਹੈ –
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ (662)
ਰਾਜੇ ਸ਼ੀਹਾਂ ਵਾਂਗ ਖੂੰਖਾਰ ਤੇ ਮੁਕਦਮ ਕੁਤਿਆਂ ਵਾਂਗ ਲੋਭੀ ਹੋ ਕੇ ਤਿੱਖੀਆਂ ਨਹੁੰਦਰਾਂ ਨਾਲ ਪਰਜਾ ਦਾ ਮਾਸ ਨੋਚ ਰਹੇ ਸਨ—
ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨ੍ਹ੍ਹਿ ਬੈਠੇ ਸੁਤੇ॥
ਚਾਕਰ ਨਹਦਾ ਪਾਇਨ੍ਹ੍ਹਿ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ (1288)
ਗੱਲ ਕੀ ਸਮਾਜ ਦੇ ਬਿੱਖਰ ਚੁਕੇ ਢਾਂਚੇ ਦੇ ਬਖੀਏ ਉਧੇੜਦਿਆਂ ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਹਰ ਪੱਖ ਨੂੰ ਉਜਾਗਰ ਕੀਤਾ ਹੈ। ਇੱਕ ਨਵੇਂ ਸਮਾਜ ਦੀ ਸਿਰਜਣਾ ਲਈ ਗੁਰੂ ਸਾਹਿਬ ਜੀ ਇਸ ਕੂੜ-ਕਬਾੜ ਨੂੰ ਮਨੁਖੀ ਸੁਭਾਅ ਵਿਚੋਂ ਬਾਹਰ ਕੱਢਣਾ ਚਾਹੁੰਦੇ ਹਨ।
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ॥
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥ (468)
ਇਸ ਸਲੋਕ ਵਿੱਚ ਗਿਆਨ ਤੋਂ ਹੀਣੇ ਅਗਿਆਨੀ, ਮੂਰਖ ਪੰਡਿਤ, ਗ਼ਰਜ਼ਾਂ ਵਿੱਚ ਅੰਨ੍ਹੀ ਹੋਈ ਪਰਜਾ, ਜ਼ਿੰਦਗੀ ਦੀਆਂ ਹਕੀਕਤਾਂ ਤੋਂ ਭੱਜਣ ਵਾਲੇ ਜੋਗੀ-ਜਤੀਆਂ ਦੀ ਅਸਲੀਅਤ ਸੰਸਾਰ ਦੇ ਸਾਹਮਣੇ ਰੱਖ ਦਿੱਤੀ। ਗੁਰੂ ਨਾਨਕ ਜੀ ਦੇ ਸਾਹਮਣੇ ਇਹ ਸਾਰੀਆਂ ਸਮਸਿੱਆਂਵਾਂ ਮੂੰਹ ਚਿੜਾ ਰਹੀਆਂ ਸਨ ਪਰ ਉਹ ਇੱਕ ਨਵੇਂ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਸਨ ਜਿਸ ਵਿੱਚ ਸੱਚਿਆਰ ਮਨੁਖ ਰਹਿੰਦਾ ਹੋਵੇ। ਹਲੀਮੀ ਰਾਜ ਦੀ ਸਥਾਪਨਾ ਕਰਦਿਆਂ ਉਹਨਾਂ ਨੇ ਬੇਗ਼ਮਪੁਰ ਤੇ ਕਰਤਾਪੁਰ ਦੇ ਵਾਸੀਆਂ ਦੀ ਨੀਂਹ ਕੁਦਰਤੀ ਹਕੀਕਤਾਂ ‘ਤੇ ਰੱਖੀ ਜੋ ਦੋ ਦੂਣੀ ਚਾਰ ਵਾਂਗ ਸੱਚ ਹਨ—
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ (470)
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ (473)
ਨਾਨਕ ਦੁਖੀਆ ਸਭੁ ਸੰਸਾਰੁ॥ (954)
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥ (953)
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (473)
ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ॥ (687)
ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ॥
ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ॥ (142)
ਪਵਨ ਅਰੰਭੁ ਸਤਿਗੁਰ ਮਤਿ ਵੇਲਾ॥
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (943)
ਅੰਦਰਲੀ ਰੂਹਾਨੀਅਤ ਨੂੰ ਕਾਇਮ ਕਰਨ ਲਈ ਆਦਰਸ਼ਕ ਮਨੁਖ ਦਾ ਨਾਂ ਉਹਨਾਂ ਨੇ ‘ਸਚਿਆਰ’ ਰੱਖਿਆ। ਡਾਕਟਰ ਤਾਰਨ ਸਿੰਘ ਜੀ ਦੇ ਕਥਨ ਅਨੁਸਾਰ ਏਸੇ ‘ਸਚਿਆਰ’ ਨੂੰ ਗੁਰੂ ਅੰਗਦ ਪਾਤਸ਼ਾਹ ਜੀ ਨੇ ‘ਆਸ਼ਕ’ ਤੇ ਗੁਰੂ ਅਮਰਦਾਸ ਜੀ ਨੇ ‘ਭਗਤ’ ਕਿਹਾ ਹੈ ਤੇ ਗੁਰੂ ਰਾਮਦਾਸ ਜੀ ਨੇ ‘ਸੇਵਕ’ ਗੁਰੂ ਅਰਜਨ ਪਾਤਸ਼ਾਹ ਜੀ ਨੇ ‘ਸਿੱਖ’ ਕਹਿ ਕੇ ਵਡਿਆਇਆ ਹੈ। ਗੁਰੂ ਤੇਗ ਬਹਾਦਰ ਜੀ ਨੇ ‘ਨਰ’ ਸ਼ਬਦ ਨਾਲ ਸੰਬੋਧਨ ਕੀਤਾ ਹੈ, ਜਦੋਂ ਕਿ ਏਸੇ ਕਿਰਦਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ‘ਖਾਲਸਾ’ ਆਖਿਆ ਹੈ।
ਵੇਈ ਨਦੀ ਦੇ ਕੰਢੇ ‘ਤੇ ਬੈਠ ਕੇ ਤੇ ਹਿਰਦੇ ਦੀ ਵੇਈਂ ਨਦੀ ਵਿੱਚ ਉਤਰਦਿਆਂ ‘ਖਾਲਸ’ ਮਨੁਖ ਦੀ ਸਿਰਜਣਾ ਕਰ ਦਿੱਤੀ, ਜਿਸ ਨੂੰ ਗੁਰੂ ਸਾਹਿਬ ਜੀ ਨੇ ‘ਸਚਿਆਰ’ ਕਿਹਾ ਹੈ। ਇਹ ਅਜਿਹੀ ਸਿਰਜਣਾ ਸੀ ਜੋ ਹਰ ਪੱਖ ਤੋਂ ਮੁਕੰਮਲ ਸੀ, ਪਰ ਜਦੋਂ ਅੱਜ ਦੇ ‘ਖਾਲਸਾ’ ਵਲ ਨਿਗਾਹ ਮਾਰਦੇ ਹਾਂ ਤਾਂ ਇਹ ਬਾਬਾ ਵਾਦ ਦੇ ਡੇਰਾਵਾਦ ਤੇ ਚੋਲ਼ਾ-ਵਾਦ ਦਾ ਸ਼ਿਕਾਰ ਹੋ ਕੇ ਵੱਖ-ਵੱਖ ਕਰਮਕਾਂਡਾਂ ਵਿੱਚ ਫਸ ਕੇ ਰਹਿ ਗਿਆ ਹੈ। ਵੇਈਂ ਨਦੀ ਤੋਂ ਸ਼ੁਰੂ ਹੋ ਕੇ ‘ਸਚਿਆਰ’ ਨੇ ‘ਖਾਲਸੇ’ ਦੀ ਮੁਕੰਮਲਤਾ ਤੀਕ ਦਾ ਇੱਕ ਲੰਬਾ ਸਫ਼ਰ ਤਹਿ ਕੀਤਾ ਹੈ। ਮੱਝਾਂ ਚਾਰਨੀਆਂ ਸੱਚਾ ਸੌਦਾ ਕਰਨਾ ਮੋਦੀ ਦੀ ਕਾਰ ਕਰਨੀ ਇਤਿਆਦਿਕ ਖਾਲਸੇ ਦੀ ਸਿਰਜਣਾ ਵਿੱਚ ਮੋਤੀਆਂ ਵਾਂਗ ਜੜੇ ਹੋਏ ਦਿਸਦੇ ਹਨ, ਪਰ ਸਹੀ ਅਰਥਾਂ ਵਿੱਚ ਖਾਲਸੇ ਦੀ ਨੀਂਹ ਵੇਈ ਨਦੀ ਤੋਂ ਆਰੰਭ ਕੀਤੀ।
ਵੇਈ ਨਦੀ ਦਾ ਸਕੰਲਪ ਜਦੋਂ ਵੀ ਸਾਡੇ ਸਾਹਮਣੇ ਆਉਂਦਾ ਹੈ ਤਾਂ ਇਹ ਸਾਨੂੰ ਦ੍ਰਿੜ ਫੈਸਲੇ ਲੈਣ ਦੀ ਪ੍ਰੇਰਨਾ ਦੇਂਦੀ ਹੈ।
ਵੇਈ ਨਦੀ ਪਰਿਵਾਰਕ ਮੋਹ ਤੋਂ ਉੱਪਰ ਉੱਠਣ ਦਾ ਸੁਨੇਹਾ ਦਿੰਦੀ ਹੈ।
ਵੇਈ ਨਦੀ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਪਾਰ-ਦਸ਼ਤਾ ਦਾ ਸਬੂਤ ਦੇ ਰਹੀ ਹੈ।
ਵੇਈ ਨਦੀ ਦੁਕਾਨ-ਦਾਰੀ ਲਈ ਇੱਕ ਪ੍ਰੇਰਨਾ ਸਰੋਤ ਹੈ।
ਵੇਈ ਨਦੀ ਧਾਰਮਿਕ ਪੂਜਾਰੀ ਦੇ ਪਾਖੰਡਾਂ ਦਾ ਪਰਦਾ ਉਠਾਉਂਦੀ ਹੈ।
ਵੇਈ ਨਦੀ ਹਾਕਮ ਨੂੰ ਆਪਣੇ ਅੰਦਰ ਝਾਕਣ ਦਾ ਪਤਾ ਦੱਸਦੀ ਹੈ।
ਵੇਈ ਨਦੀ ਦੇ ਕਿਨਾਰੇ ‘ਤੇ ਬੈਠ ਕੇ ਹਿਰਦੇ ਰੂਪੀ ਵੇਈ ਨਦੀ ਵਿੱਚ ਉੱਤਰ ਕੇ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆਂ ਨੂੰ ਤਿੰਨ ਸਿਧਾਂਤ ਦਿੱਤੇ। ਪਹਿਲਾ ਕ੍ਰਿਤ ਕਰਨੀ ਭਾਵ ਆਰਥਿਕ ਪੱਖ ਨੂੰ ਮਜ਼ਬੂਤ ਕਰਨਾ, ਦੂਜਾ ਨਾਮ ਜਪਣਾ ਭਾਵ ਆਪਣੇ ਫ਼ਰਜ਼ਾਂ ਦੀ ਪਹਿਚਾਣ ਕਰਨੀ, ਪਰ ਡੇਰਾਵਾਦੀ ਬਿਰਤੀ ਨੇ ਨਾਮ ਜੱਪਣ ਨੂੰ ਰਿੱਧੀਆਂ ਸਿੱਧੀਆਂ ਨਾਲ ਜੋੜ ਕੇ ਬੱਤੀਆਂ ਬੰਦ ਕਰਨ ਤੀਕ ਸੀਮਤ ਕਰ ਦਿੱਤਾ ਹੈ, ਜੋ ਵੇਖਾ ਵੇਖੀ ਕਰਮ-ਕਾਂਡ ਦੀ ਭੇਟ ਚੜ੍ਹ ਗਿਆ ਹੈ। ਤੀਜਾ ਵੰਡ ਕੇ ਛੱਕਣਾ ਜੋ ਸਮਾਜਿਕ ਬਰਾਬਰੀ ਦਾ ਪਹਿਰੇਦਾਰ ਹੋ ਕੇ ਰੂਹਾਨੀਅਤ ਦਾ ਲਖਾਇਕ ਬਣਦਾ ਹੈ। ਭਾਈ ਗੁਰਦਾਸ ਜੀ ਨੇ ਇਹਨਾਂ ਤਿੰਨਾਂ ਸਿਧਾਂਤਾਂ ਦਾ ਨਾਂ ਨਿਰਮਲ ਪੰਥ ਰੱਖਿਆ ਹੈ।
ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ॥ (ਵਾਰ-1, ਪਉੜੀ-45)
ਹਲੀਮੀ ਰਾਜ ਵਿੱਚ ਰਹਿਣ ਵਾਲੇ ਅੰਦਰੋਂ ਬੇਗ਼ਮ ਤੇ ਬਾਹਰੋਂ ਕਰਤਾਰ ਨਾਲ ਜੁੜੇ ਹੋਣ ਦੇ ਸੰਕਲਪ ਨੂੰ ਦਸ ਭਾਗਾਂ ਵਿੱਚ ਵੰਡ ਕੇ ਸੰਸਾਰ ੱਤੇ ਇਸ ਦੀ ਮਹਿਕ ਵੰਡੀ ਹੈ। ਸਰੀਰ ਦਸ ਬਦਲੇ ਹਨ ਪਰ ਸਿਧਾਂਤ (ਜੋਤ) ਇੱਕ ਹੀ ਰਿਹਾ ਹੈ-
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥ (966)
ਗੁਰੂ ਨਾਨਕ ਸਾਹਿਬ ਜੀ ਦੇ ਇੱਕ ਪਾਸੇ ਪਰਵਾਰਕ ਜ਼ਿੰਮੇਵਾਰੀਆਂ ਤੇ ਦੂਸਰੇ ਪਾਸੇ ਸੜ ਰਿਹਾ ਸੰਸਾਰ ਜੋ ਪੁਰਾਣੀਆਂ ਰਜ਼ਾਈਆਂ ਵਿੱਚ ਉਂਘਲ਼ਾਈ ਜਾ ਰਿਹਾ ਸੀ, ਉਹਨਾਂ ਨੂੰ ਨਵਾਂ ਜੀਵਨ ਦੇਣ ਲਈ ਆਪ ਸੰਸਾਰ ਦੀ ਯਾਤਰਾ ਤੇ ਨਿਕਲੇ। ਇੱਕ ਦ੍ਰਿੜ ਇਰਾਦਾ ਲੈ ਕੇ ਸੰਸਾਰ ਨੂੰ ਕਿਹਾ –
ਹਰਿ ਬਿਨੁ ਜੀਉ ਜਲਿ ਬਲਿ ਜਾਉ॥
ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ॥ (14)
ਨਿਰਮਲ ਪੰਥ ਦੀ ਪੂਰਤੀ ਲਈ ਤੇ ਲੀਹੋਂ ਲੱਥੇ ਜੋਗੀਆਂ-ਜਤੀਆਂ, ਸਿੱਧਾਂ, ਪੰਡਤਾਂ, ਮੁਲਾਂ-ਮੁਲਾਣਿਆਂ, ਰਾਜਿਆਂ, ਅਹਿਲਕਾਰਾਂ ਦੇ ਕਿਰਦਾਰ ਨੂੰ ਭਰਿਆਂ ਇਕੱਠਾਂ ਵਿੱਚ ਲੋਕਾਂ ਦੇ ਸਾਹਮਣੇ ਰੱਖਿਆ। ਗੱਲ ਕੀ ਸਮਾਜ ਵਿੱਚ ਆਏ ਹਰ ਪਰਕਾਰ ਦੇ ਪਾਖੰਡ ਦਾ ਪਰਦਾ ਫਾਸ਼ ਕੀਤਾ। ਜ਼ਿੰਦਗੀ ਦੇ ਅਖ਼ੀਰਲੇ ਪੜਾਅ ‘ਤੇ ਕਰਤਾਰ ਵਰਗਾ ਕਰਤਾਰਪੁਰ ਵਸਾ ਕੇ ਦੱਸ ਦਿੱਤਾ ਕਿ ਨਵੇਂ ਮੁਲਕ ਦੀ ਰੂਪ ਰੇਖਾ ਇਹੋ ਜਿਹੀ ਹੋਣੀ ਚਾਹੀਦੀ ਹੈ ਤੇ ਇੰਝ ਦੇ ਹੀ ਇਸ ਵਿੱਚ ‘ਸਚਿਆਰ’ ਮਨੁਖ ਰਹਿਣੇ ਚਾਹੀਦੇ ਹਨ ਤੇ ਉਹਨਾਂ ਦਾ ਅਖ਼ੀਰਲਾ ਪੜਾਅ ਅਨੰਦਪੁਰ ਦਾ ਹੋਏਗਾ। ਇਹ ਸਾਰੀ ਤਰਤੀਬ ਭਾਈ ਲਹਿਣੇ ਨੂੰ ਸਮਝਾ ਕੇ ਦੱਸ ਦਿੱਤਾ ਕਿ ਭਲਿਆ ਇਹ ਸਾਰਾ ਕੁਝ ਅਗਾਂਹ ਦੱਸੀ ਜਾਣਾ ਹੈ। ‘ਸਚਿਆਰ’ ਦੀ ਪਕਿਆਈ ਲਈ ਜਿੱਥੇ ਗੁਰੂ ਸਾਹਿਬ ਜੀ ਨੇ ਆਪ ਬਾਣੀ ਉਚਾਰੀ ਹੈ ਓੱਥੇ ਆਪਣੇ ਨਾਲ ਮਿਲਦੇ ਖ਼ਿਆਲਾਂ ਨੂੰ ਵੀ ਇੱਕਠਾ ਕੀਤਾ ਹੈ ਤੇ ਇਹ ਪੋਥੀ ਸਾਹਿਬ ਭਾਈ ਲਹਿਣੇ ਨੂੰ ਦੇ ਕੇ ਉਹਨਾਂ ਨੂੰ ਗੁਰਤਾ ਤੇ ਸਥਾਪਿਤ ਕਰ ਦਿੱਤਾ।
ਸਮਝਿਆ ਜਾਂਦਾ ਸੀ ਕਿ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਕੇਵਲ ਸੰਸਕ੍ਰਿਤ ਬੋਲੀ ਦੁਆਰਾ ਹੀ ਅਰਾਧਣਾ ਕੀਤੀ ਜਾ ਸਕਦੀ ਹੈ, ਇਸ ਭਰਮ ਨੂੰ ਮੁਢੋਂ ਰੱਦ ਕਰਦਿਆਂ, ਗੁਰੂ ਅੰਗਦ ਪਾਤਸ਼ਾਹ ਜੀ ਨੇ ਖਾਲਸੇ ਦੀ ਸਿਰਜਣਾ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਮਾਂ ਬੋਲੀ ਨੂੰ ਅਪਨਉਣ ‘ਤੇ ਸਾਰਾ ਜ਼ੋਰ ਦਿੱਤਾ। ਗੁਰੂ ਸਾਹਿਬ ਜੀ ਨੇ ਆਪ ਛੋਟੇ ਬੱਚਿਆਂ ਨੂੰ ਗੁਰਮੁਖੀ ਅੱਖਰ ਪੜ੍ਹਾਏ ਤੇ ਪੰਜਾਬੀ ਦੇ ਬਾਲ ਉਪਦੇਸ਼ ਕਾਇਦੇ ਤਿਆਰ ਕਰਵਾਏ। ਦੁਨੀਆਂ ਦੀ ਤਰੱਕੀ ਦਾ ਰਾਜ਼ ਵਿਦਿਆ ਹੈ, ਇਸ ਲਈ ਗੁਰੂ ਸਾਹਿਬ ਜੀ ਨੇ ਖਾਲਸੇ ਦੀ ਸਿਰਜਣਾ ਲਈ ਵਿਦਿਆ ਨੂੰ ਪਹਿਲ ਦਿੱਤੀ –
ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ॥
ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ॥ (146)
ਗੁਰਬਾਣੀ ਨੂੰ ਸਹੀ ਅਰਥਾਂ ਵਿੱਚ ਸਿੱਖਣ ਲਈ ਗੁਰਮੁਖੀ ਅਖ਼ਰਾਂ ਦਾ ਆਉਣਾ ਜ਼ਰੂਰੀ ਹੈ। ਪੰਜਾਬੀ ਦਾ ਮੁਹਾਵਰਾ ਹੈ ਮਾਂ ਬੋਲੀ ਭੁਲ ਗਏ ਤਾਂ ਕੱਖਾਂ ਵਾਂਗੂੰ ਰੁਲ਼ ਗਏ।
ਤੰਦਰੁਸਤ ਸਰੀਰ ਵਿੱਚ ਤੰਦਰੁਰਸਤ ਮਨ ਦੇ ਟਿਕਾਅ ਲਈ ਕੌਮੀ ਉਸਾਰੀ ਕਰਦਿਆਂ ਮੱਲ਼ ਅਖਾੜਿਆਂ ਵਲ ਉਚੇਚਾ ਧਿਆਨ ਦਿੱਤਾ ਜੋ ਮਾਰਸ਼ਲ ਆਰਟ ਗੱਤਕੇ ਤੇ ਹੋਲੇ ਮਹੱਲੇ ਦੀ ਚਰਮ ਸੀਮਾ ਤੇ ਪਹੁੰਚਿਆ। ਅੱਜ ਖਾਲਸੇ ਨੂੰ ਸਵੈ ਪੜਚੋਲ ਕਰਨ ਦੀ ਲੋੜ ਹੈ। ਇਹ ਅਨੰਦਪੁਰ ਦਾ ਵਾਸੀ ਹੈ ਜਾਂ ਨਸ਼ਈ-ਨਗਰ ਦੇ ਰਹਿਣ ਵਾਲਾ।
‘ਸਚਿਆਰ’ ਮਨੁਖ ਦੀ ਘਾੜਤ ਲਈ ਤੀਸਰੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਰਸਤੇ ‘ਤੇ ਚਲਦਿਆਂ ਛੂਤ-ਛਾਤ ਤੇ ਜਾਤ-ਪਾਤ ਦੇ ਕੋਹੜ ਨੂੰ ਸਦਾ ਲਈ ਖਤਮ ਕਰਨ ਲਈ –
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ॥
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥ (1330)
ਲੰਗਰ ਪੰਗਤ ਭਾਵ ਬਰਾਬਰ ਬੈਠਣ ਦੀ ਅਨੌਖੀ ਪ੍ਰੰਪਰਾ ਚਲਾ ਕੇ, ਬਾਬਾ ਆਖੇ ਹਾਜੀਆਂ ਸੁਭਿ ਅਮਲਾ ਬਾਝਹੁ ਦੋਨੋ ਰੋਈ॥ (ਵਾਰ-1, ਪਉੜੀ-33) ਨੂੰ ਅਮਲੀ ਜਾਮਾ ਪਹਿਨਾ ਦਿੱਤਾ।
ਹਿਰਦੇ ਦੀ ਵੇਈ ਨਦੀ ਵਿੱਚ ਉੱਤਰ ਕੇ ਗੁਰੂ ਸਾਹਿਬ ਜੀ ਨੇ ਕੌਮ ਦੀ ਮਜ਼ਬੂਤੀ ਲਈ ਵਪਾਰ ਦਾ ਨੁਕਤਾ ਦਿੱਤਾ ਹੈ ਤੇ ਇਸ ਨੂੰ ਅਮਲੀ ਜਾਮਾ ਪਹਿਨਾਇਆ ਹੈ ਚੌਥੇ ਜਾਮੇ ਵਿਚ। ਗੁਰੂ ਰਾਮਦਾਸ ਜੀ ਨੇ “ਗੁਰੂ ਕਾ ਚੱਕ” ਨਾਂ ਦਾ (ਸ੍ਰੀ ਅੰਮ੍ਰਿਤਸਰ) ਨਵਾਂ ਸ਼ਹਿਰ ਵਸਾਇਆ ਤੇ ਬਵੰਜਾ ਕਿਸਮ ਦੇ ਕਿਰਤੀ ਵਸਾ ਕੇ ਸੰਸਾਰ ਪੱਧਰ ਦੀ ਅੰਤਰਰਾਸ਼ਟਰੀ ਮੰਡੀ ਕਾਇਮ ਕੀਤੀ। ਮੁਲਕਾਂ ਦੀ ਤਰੱਕੀ ਲਈ ਆਰਥਿਕ ਪੱਖ ਦਾ ਮਜ਼ਬੂਤ ਹੋਣਾ ਬੜਾ ਜ਼ਰੂਰੀ ਹੈ ਤੇ ਇਸੇ ਲਈ ਸ਼ੇਰ-ਸ਼ਾਹ ਸੂਰੀ ਮਾਰਗ ‘ਤੇ ਇਹ ਸ਼ਹਿਰ ਵਸਾਇਆ ਗਿਆ।
ਜਦੋਂ ਕਿਸੇ ਇਮਾਰਤ ਦੀ ਉਸਾਰੀ ਕਰਨੀ ਹੋਵੇ ਤਾਂ ਉਸ ਦੀ ਮਜ਼ਬੂਤੀ ਲਈ ਹਰੇਕ ਪਹਿਲੂ ਵਲ ਧਿਆਨ ਦਿੱਤਾ ਜਾਂਦਾ ਹੈ ਕਿ ਕਿਤੇ ਕੋਈ ਕਚਿਆਈ ਨਾ ਰਹਿ ਜਾਏ। ਖਾਲਸੇ ਦੀ ਸਿਰਜਣਾ ਲਈ ਗੁਰੂ ਸਾਹਿਬ ਜੀ ਨੇ ਜੋ ਤਰਤੀਬ ਦਿੱਤੀ ਉਹ ਸਾਰੀ ਨਾਲ ਦੀ ਨਾਲ ਲਿਖਤ ਵਿੱਚ ਵੀ ਆਉਂਦੀ ਗਈ ਤੇ ਇਸ ਲਿਖਤ ਦਾ ਨਾਂ ਰੱਖਿਆ ਪੋਥੀ ਸਾਹਿਬ। ਇੱਕ ਗੁਰੂ ਇੱਕ ਬਾਣੀ ਦੇ ਸਿਧਾਂਤ ‘ਤੇ ਚੱਲਦਿਆਂ-
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ (646)
ਪੰਜਵੇਂ ਜਾਮੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਾਈ। ਦੁਨੀਆਂ ਵਿੱਚ ਕੇਵਲ ਇਹੀ ਇੱਕ ਗ੍ਰੰਥ ਹੈ, ਜਿਸ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪ ਸੰਪਾਦਤ ਕੀਤਾ ਤੇ ਆਪ ਬਾਣੀ ਉਚਾਰਨ ਕੀਤੀ। ਸਭ ਤੋਂ ਪਹਿਲੀ ਕਿ ਭਾਰਤ ਵਿੱਚ ਅਖੌਤੀ ਜਾਤਾਂ ਨਾਲ ਸਬੰਧ ਰੱਖਣ ਵਾਲਿਆਂ ਦੇ ਰੱਬੀ ਕਲਾਮ ਨੂੰ ਆਪਣੇ ਬਰਾਬਰ ਬਿਠਾ ਕੇ ਦੁਨੀਆਂ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਂਦੀ ਹੈ। ਦੂਸਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ਾ ਸੱਚ ਦੇ ਅਧਾਰਤ ਹੈ, ਜਿਸ ਨੇ ਕਦੇ ਮੈਲਾ ਨਹੀਂ ਹੋਣਾ। ਆਤਮਿਕ ਗਿਆਨ ਦਾ ਡੂੰਘਾ ਖ਼ਜ਼ਾਨਾ ਹੈ, ਉਥੇ ਸੰਸਾਰ ਵਿੱਚ ਰਹਿਣ ਦਾ ਚੱਜ ਆਚਾਰ ਸਿਖਾਉਂਦਾ ਹੈ।
ਛੇਵੇਂ ਪਾਤਸ਼ਾਹ ਜੀ ਨੇ ਮੀਰੀ ਪੀਰੀ ਦੇ ਸੰਕਲਪ ਰਾਹੀਂ ਇਹ ਦੱਸ ਦਿੱਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਰਸਤੇ ‘ਤੇ ਚੱਲਦਿਆਂ ਅਣਖ਼ ਨਾਲ ਜ਼ਿੰਦਗੀ ਜਿਉਣੀ ਹੈ। ਕਿਸੇ ਦਾ ਹੱਕ ਖੋਹਣਾ ਨਹੀਂ, ਸਗੋਂ ਹੱਕਾਂ ਦੀ ਰਾਖੀ ਲਈ ਜੂਝਣਾ ਵੀ ਹੈ। ਹੱਕ ਇਨਸਾਫ਼, ਧਾਰਮਿਕ ਅਜ਼ਾਦੀ, ਸਮਾਜ ਦਾ ਵਿਕਾਸ ਲਈ-
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥
ਨਾਨਕ ਅਵਰੁ ਨ ਜੀਵੈ ਕੋਇ॥
ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥ (142)
ਬੰਦੇ ਨੂੰ ਸਰੀਰਕ ਤੇ ਆਤਮਿਕ ਤਲ਼ ਦੀਆਂ ਬਿਮਾਰੀਆਂ ਚਿੰਬੜੀਆਂ ਹੋਈਆਂ ਹਨ। ਮਨੋਬਲ ਉੱਚਾ ਚੁਕਣ ਲਈ ਗੁਰੂ ਸਾਹਿਬ ਜੀ ਨੇ ਗੁਰਬਾਣੀ ਦਿੱਤੀ ਹੈ, ਜਦੋਂ ਕਿ ਸਰੀਰਕ ਬਿਮਾਰੀਆਂ ਵੱਲ ਧਿਆਨ ਦਿੰਦਿਆਂ ਸਤਵੇਂ ਜਾਮੇ ਵਿੱਚ ਵੱਡ-ਅਕਾਰੀ ਦਵਾਖਾਨਾ (ਹਸਪਤਾਲ) ਕੀਰਤਪੁਰ ਦੀ ਧਰਤੀ ‘ਤੇ ਬਣਵਾਇਆ। ਬਾਈ ਸੌ ਘੋੜ ਸਵਾਰ ਰੱਖ ਕੇ ਅਜ਼ਾਦ ਹੋਂਦ ਦਾ ਪ੍ਰਗਟਾਵਾ ਬਰਕਰਾਰ ਰੱਖਿਆ। ਕੁਦਰਤੀ ਵਾਤਾਵਰਨ ਨੂੰ ਬਰਕਰਾਰ ਰੱਖਣ ਲਈ ਨਵੇਂ ਰੁਖ ਲਗਾਏ।
ਅਠਵੇਂ ਜਾਮੇ ਵਿੱਚ ਭਾਰਤ ਦੀ ਕੌਮੀ ਸਰਕਾਰ ਨਾਲ ਕੋਈ ਵੀ ਬੇਜੋੜ ਰਾਜਨੀਤਿਕ ਜਾਂ ਗ਼ੈਰ-ਕੁਦਰਤੀ ਮੇਲ ਜੋਲ ਨਾ ਰੱਖਣ ਦਾ ਦ੍ਰਿੜ ਇਰਾਦਾ ਕੀਤਾ ਤੇ ਸੰਗਤਾਂ ਨੂੰ ਇਸ ਫੈਸਲੇ ਤੋਂ ਜਾਣੂ ਵੀ ਕਰਾਇਆ। ਪਰ ਅੱਜ ਗੁਰੂ ਨਾਨਕ ਦੀ ਸੋਚ ਦੇ ਪਾਤਰਾਂ ਨੇ ਆਪਣੇ ਨਿਜੀ ਲਾਭਾਂ ਜਾਂ ਪਰਿਵਾਰਾਂ ਦੇ ਲਾਭ ਦੀ ਖ਼ਾਤਰ ਸਰਕਾਰਾਂ ਨਾਲ ਸਮਝੌਤੇ ਹੀ ਨਹੀਂ ਕੀਤੇ ਸਗੋਂ ਸਿੱਖੀ ਸਿਧਾਂਤ ਦਾਅ ਤੇ ਵੀ ਲਾਇਆ ਹੋਇਆ ਹੈ। ਸ਼ੂਦਰਾਂ ਨੂੰ ਵਿਦਿਆ ਪੜ੍ਹਨ ਦਾ ਕੋਈ ਅਧਿਕਾਰ ਨਹੀਂ ਸੀ ਪਰ ਕੀਰਤਪੁਰ ਦੀ ਧਰਤੀ ‘ਤੇ ਪੜ੍ਹੇ ਹੋਏ ਸ਼ੂਦਰਾਂ ਨੇ ਹੰਕਾਰੀ ਲਾਲ ਚੰਦ ਵਰਗਿਆਂ ਨੂੰ ਦੱਸ ਦਿੱਤਾ ਕਿ ਵਿਦਿਆ ਕੋਈ ਵੀ ਇਨਸਾਨ ਲੈ ਸਕਦਾ ਹੈ ਤੁਹਾਡਾ ਕੋਈ ਜਾਤੀ ਅਧਿਕਾਰ ਨਹੀਂ ਹੈ। ਬ੍ਰਾਹਮਣ ਦੀ ਸਦੀਆਂ ਦੀ ਬਣੀ ਹੋਈ ਧਾਰਨਾ ਨੂੰ ਢਹਿ ਢੇਰੀ ਕਰ ਦਿੱਤਾ।
ਬੋਹੜ ਦਾ ਬੀਜ ਦੇਖਣ ਨੂੰ ਬਹੁਤ ਹੀ ਛੋਟਾ ਜਿਹਾ ਹੈ, ਪਰ ਜਦੋਂ ਰੁਖ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਤਾਂ ਕਈ ਲੋਕ ਉਸ ਦੀ ਸੰਘਣੀ ਛਾਂ ਦਾ ਅਨੰਦ ਮਾਣ ਸਕਦੇ ਹਨ। ਇੰਝ ਹੀ ‘ਸਚਿਆਰ’ ਜਾਂ ‘ਖਾਲਸਾ’ ਦੇਖਣ ਨੂੰ ਬਹੁਤ ਹੀ ਛੋਟੇ ਜਿਹੇ ਸ਼ਬਦ ਲੱਗਦੇ ਹਨ, ਪਰ ਇਹਨਾਂ ਦਾ ਵਿਸਥਾਰ ਬਹੁਤ ਵੱਡਾ ਹੈ। ਨੌਵੇਂ ਜਾਮੇ ਵਿੱਚ ਅਣਖ਼ ਦੀ ਚੰਗਿਆੜੀ ਦਾ ਭਾਂਬੜ ਮਚਾਉਂਦਿਆਂ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਕਿ –
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥ (1427)
ਹਰ ਮਨੁਖ ਨੂੰ ਆਪਣੀ ਸਵੈ ਅਜ਼ਾਦੀ ਨਾਲ ਜਿਉਣ ਦਾ ਹੱਕ ਹੈ, ਕੋਈ ਕਿਸੇ ਦੇ ਬੁਨਿਆਦੀ ਹੱਕਾਂ ‘ਤੇ ਛਾਪਾ ਕਿਉਂ ਮਾਰੇ। ਭਾਰਤ ਦੀ ਕੌਮੀ ਰਾਜਨੀਤੀ ਵਿੱਚ ਦਿੱਲੀ ਪਤੀ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਕੈਦ ਵਿੱਚ ਪਾਇਆ, ਭਰਾਵਾਂ ਦਾ ਕਤਲ ਕੀਤਾ, ਭਾਰਤੀਆਂ ‘ਤੇ ਜ਼ੁਲਮ ਢਾਹੇ ਓਦੋਂ ਵੇਈ ਨਦੀ ਦੇ ਕੰਢੇ ਤੇ ਸੋਚੀ ਹੋਈ ਸੋਚ ਅਨੁਸਾਰ ਗੁਰੂ ਤੇਗ ਬਹਾਦਰ ਜੀ ਨੇ ਮਨੁਖੀ ਹੱਕਾਂ (ਹਿਊਮਨ ਰਾਈਟਸ) ਲਈ ਆਪਣੇ ਸਰੀਰ ਦੀ ਕੁਰਬਾਨੀ ਦਿੱਤੀ। ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ‘ਤੇ ਚੱਲਣ ਵਾਲਿਆਂ ਦੀ ਇਹ ਦੂਜੀ ਸ਼ਹਾਦਤ ਸੀ। ਹਕੂਮਤ ਦੀ ਵੰਗਾਰ ਨੂੰ ਪ੍ਰਵਾਨ ਕਰਦਿਆਂ ਦਿਨ-ਦੀਵੀਂ ਗੁਰੂ ਤੇਗ ਬਹਾਦਰ ਜੀ ਦੇ ਸੀਸ ਤੇ ਧੜ ਨੂੰ ਉਠਾਉਣਾ ਖਾਲਸੇ ਦਾ ਆਪਣੇ ਆਪ ਵਿੱਚ ਇੱਕ ਪ੍ਰਗਟਾ ਸੀ।
ਕਿਸੇ ਪੱਥਰ ਵਿੱਚੋਂ ਕੋਈ ਕਲਾ ਸਾਕਾਰ ਕਰਨੀ ਹੋਵੇ ਤਾਂ ਬੁਤ-ਘਾੜੇ ਨੂੰ ਸਾਲਾਂ ਬੱਧੀ ਮਿਹਨਤ ਕਰਨੀ ਪੈਂਦੀ ਹੈ। ਦਿੱਸ ਰਹੀਆਂ ਉੱਚੀਆਂ ਸੋਹਣੀਆਂ ਇਮਾਰਤਾਂ ਨੂੰ ਬਣਾਉਣ ਲਈ ਸਾਲਾਂ ਬੱਧੀ ਮਿਸਤਰੀਆਂ ਤੇ ਮਜ਼ਦੂਰਾਂ ਨੇ ਦਿਨ ਰਾਤ ਇੱਕ ਕਰਕੇ ਇਹਨਾਂ ਨੂੰ ਸਥਾਪਿਤ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵੇਈਂ ਨਦੀ ਦੇ ਕੰਢੇ ਬੈਠ ਕੇ ਹਿਰਦੇ ਦੀ ਵੇਈਂ ਨਦੀ ਵਿੱਚ ਉਤਰਦਿਆਂ ਜਿਸ ਖਾਲਸੇ ਦੀ ਸਿਰਜਣਾ ਕੀਤੀ ਸੀ ਉਹ ਦੋ ਸੌ ਤੀਹ ਸਾਲ ਉਪਰੰਤ ਅਨੰਦਪੁਰ ਦੀ ਧਰਤੀ ‘ਤੇ ਸਾਰੀ ਲੁਕਾਈ ਦੇ ਸਾਹਮਣੇ ਪ੍ਰਗਟ ਕਰ ਦਿੱਤਾ। ਦਸਮੇਸ਼ ਪਿਤਾ ਜੀ ਨੇ 1699 ਈਸਵੀ ਨੂੰ ਉਹ ਖਾਲਸਾ ਪ੍ਰਗਟ ਕੀਤਾ, ਜਿਸ ਵਿੱਚ ਨੌ ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਜੀਵਨ ਲਗਾ ਕੇ ਇਸ ਦੇ ਰੂਪ ਨੂੰ ਸਾਕਾਰ ਕੀਤਾ। ਅਨੰਦਪੁਰ ਦੀ ਧਰਤੀ ‘ਤੇ ਦੂਰ ਦੂਰ ਤੋਂ ਆਈ ਸੰਗਤਾਂ ਦੇ ਇਕੱਠ ਵਿੱਚ ਸਾਰੀ ਸੋਚ ਨੂੰ ਸੰਗਤਾਂ ਨਾਲ ਸਾਂਝੀ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਹਲੇਮੀ ਰਾਜ ਦੀ ਸਥਾਪਨਾ ਕਰਨ ਲਈ ਕੌਮਾਂਤਰੀ ਪੱਧਰ ‘ਤੇ ਸਾਨੂੰ ਉਪਰਾਲੇ ਕਰਨ ਲਈ ਇੱਕ ਪਹਿਚਾਣ ਬਣਾਉਣੀ ਜ਼ਰੂਰੀ ਹੈ। ਗੁਰੂ ਸਾਹਿਬ ਜੀ ਨੇ ਸਾਰੀ ਸੰਗਤ ਨੂੰ ਪਿਛਲੇ ਇਤਿਹਾਸ ਤੋਂ ਜਾਣੂੰ ਕਰਾਉਂਦਿਆਂ ਕਿਹਾ ਕਿ ਖਾਲਸਾ ਜੀ ਅੱਜ ਸਾਨੂੰ ਸ਼ਸਤਰ-ਧਾਰੀ ਹੋ ਕੇ ਜ਼ੁਲਮ ਦੇ ਵਿਰੋਧ ਤੇ ਬੇਇਨਸਾਫ਼ੀ ਦੀ ਅੱਗ ਵਿੱਚ ਸੜ ਰਹੀ ਲੁਕਾਈ ਨੂੰ ਬਚਾਉਣ ਲਈ ਤੇ ਆਪਣੇ ਹੱਕਾਂ ਦੀ ਰਾਖੀ ਲਈ ਮੈਦਾਨ ਵਿੱਚ ਜੂਝਣਾ ਵੀ ਪੈਣਾ ਹੈ। ਕੌਮੀ ਸਰਕਾਰ, ਸੂਬਾ ਸਰਕਾਰਾਂ ਦੇ ਜ਼ੁਲਮ ਤੇ ਬ੍ਰਾਹਮਣੀ ਕਰਮ-ਕਾਂਡੀ ਦਲ਼-ਦਲ਼ ਵਿਚੋਂ ਲੁਕਾਈ ਨੂੰ ਬਾਹਰ ਕੱਢਣ ਹਿੱਤ, ਅਜ਼ਾਦੀ ਦਾ ਨਿੱਘ ਦੇਣ ਲਈ ਗੁਰੂ ਸਾਹਿਬ ਜੀ ਨੇ ਗੁਰੂ ਨਾਨਕ ਵਾਲੇ ‘ਸਚਿਆਰ’ ਨੂੰ ‘ਖਾਲਸੇ’ ਦੇ ਰੂਪ ਪ੍ਰਗਟ ਕਰ ਦਿੱਤਾ।
ਅਸਲ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਰਸਤੇ ਨੂੰ ਸਹੀ ਢੰਗ ਨਾਲ ਸਮਝਿਆ ਹੀ ਨਹੀਂ ਹੈ। ਅੱਜ ਸਿੱਖੀ ਵਿੱਚ ਕੀਰਤਨ ਦਰਬਾਰਾਂ, ਰੈਣ ਸਬਾਈਆਂ, ਨਗਰ ਕੀਰਤਨਾਂ ਜਾਂ ਜਾਗਰਤੀਆਂ, ਅਖੰਡ-ਪਾਠਾਂ, ਸੰਪਟ ਪਾਠਾਂ ਦੀਆਂ ਲੜੀਆਂ, ਕਰਮ-ਕਾਂਡੀ ਤੇ ਜੋਗ-ਮੱਤ ਵਾਲੇ ਸਿਮਰਨ ਵਿੱਚ ਫਸ ਕੇ ਰਹਿ ਗਈ ਹੈ, ਗੁਰਮਤਿ ਦੇ ਤੱਤ ਤੋਂ ਬਹੁਤ ਦੂਰੀ ਬਣਾ ਲਈ ਹੈ। ਸਿੱਖੀ ਨੇ ਵੇਈ ਨਦੀ ਤੋਂ ‘ਸਚਿਆਰ’ ਦੇ ਸਫ਼ਰ ਦੀ ਆਰੰਭਤਾ ਕੀਤੀ ਸੀ ਅਤੇ ਅਨੰਦਪੁਰ ਸਾਹਿਬ ਜਾ ਕੇ ‘ਖਾਲਸੇ’ ਦੇ ਰੂਪ ਵਿੱਚ ਮੁਕੰਮਲਤਾ ਦੀ ਸਿੱਖਰ ਨੂੰ ਛੂਹਿਆ ਹੈ।
1) ਗੁਰੂ ਨਾਨਕ ਸਾਹਿਬ ਜੀ ਨੇ ਇੱਕ ਅਕਾਲ ਪੁਰਖ ਦੇ ਗੁਣਾਂ ਨੂੰ ਸਮਝ ਕੇ ਜੀਵਨ ਵਿੱਚ ਅਪਨਾਉਣ ਦਾ ਵਿਧੀ-ਵਿਧਾਨ ਸਮਝਾਇਆ। ਜੋ ਅਕਾਲ ਪੁਰਖ ਦੇ ਗੁਣ ਹਨ, ਉਹ ਹੀ ਹਰ ਇਨਸਾਨ ਵਿੱਚ ਹੋਣੇ ਚਾਹੀਦੇ ਹਨ ਤਾਂ ਕਿ ਜਿਉਂਦੇ ਜੀਅ ਮਨੁਖ ਰੱਬ ਦਾ ਰੂਪ ਬਣ ਸਕੇ। ਇਸੇ ਕਿਰਦਾਰ ਨੂੰ ‘ਸਚਿਆਰ’ ਅਥਵਾ ‘ਖਾਲਸਾ’ ਕਿਹਾ ਹੈ।
2) ਗੁਰੂ ਅੰਗਦ ਪਾਤਸ਼ਾਹ ਜੀ ਨੇ ਖਾਲਸੇ ਦੀ ਸਿਰਜਣਾ ਵਿੱਚ ਮਾਂ ਬੋਲੀ, ਉੱਚ ਵਿਦਿਆ ਤੇ ਖੇਡ ਪ੍ਰਤੀ ਭਾਵਨਾ ਨੂੰ ਉਜਾਗਰ ਕਰਦਿਆਂ ਆਦਰਸ਼ਕ ਸੇਵਕ ਬਣ ਕੇ ਦੱਸਿਆ।
3) ਗੁਰੂ ਅਮਰਦਾਸ ਜੀ ਨੇ ਮਨੁਖੀ ਬਰਾਬਰਤਾ ਲਈ ਪੰਗਤ-ਸੰਗਤ, ਜਾਤ-ਪਾਤ ਦਾ ਕੋਹੜ ਵੱਢਿਆ। ਛੋਟੀ ਉਮਰ ਦੇ ਵਿਆਹਾਂ ਤੇ ਪਾਬੰਦੀ, ਵਿਧਵਾ ਦੇ ਪੁਨਰ ਵਿਆਹ ਤੇ ਜ਼ੋਰ ਦੇਣਾ, ਸਤੀ ਦੀ ਰਸਮ ਨੂੰ ਬੰਦ ਕਰਨਾ ਤੇ ਕੁੜਮਾਚਾਰੀ ਤੋਂ ਉੱਪਰ ਉੱਠ ਕੇ ਸਿੱਖ ਬਣਨ ਦੀ ਜਾਚ ਸਿਖਾਈ।
4) ਗੁਰੂ ਰਾਮਦਾਸ ਜੀ ਨੇ ਖਾਲਸੇ ਨੂੰ ਵਪਾਰ ਕਰਨਾ ਸਿਖਾਇਆ ਤੇ ਗੁਰੂ ਕਾ ਚੱਕ (ਅੰਮ੍ਰਿਤਸਰ) ਨਵੀਂ ਮੰਡੀ ਸਥਾਪਿਤ ਕਰਕੇ ਆਰਥਿਕ ਪੱਖ ਨੂੰ ਮਜ਼ਬੂਤੀ ‘ਤੇ ਲਿਆਂਦਾ। ਕੌਮਾਂ ਉਹ ਹੀ ਤਰੱਕੀ ਕਰ ਸਕਦੀਆਂ ਹਨ, ਜਿਹਨਾਂ ਦਾ ਆਰਥਿਕ ਪੱਖ ਨਿਰੋਇਆ ਹੈ।
5) ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਗ੍ਰੰਥ ਦੀ ਸੰਪਾਦਨਾ ਕਰਕੇ ਸਦੀਵ-ਕਾਲ ਲਈ ਅਕਾਲ ਪੁਰਖ ਦਾ ਰੂਪ ਬਣਨ ਲਈ ਤੇ ਮਨੁਖਤਾ ਦੀ ਸੰਸਾਰਕ ਤੇ ਆਤਮਿਕ ਭੁਖ ਦੂਰ ਕੀਤੀ। ਖਾਲਸੇ ਦੀ ਸਿਰਜਣ ਦੇ ਸਿਧਾਂਤ ਨੂੰ ਕਾਇਮ ਰੱਖਣ ਲਈ ਤੱਤੀ ਤਵੀ, ਤੱਤਾ ਰੇਤਾ, ਉਬਲ਼ਦੀ ਦੇਗ ਤੇ ਰਾਵੀ ਦੇ ਠੰਡੇ ਪਾਣੀਆਂ ਦਾ ਟਾਕਰਾ ਕਰਕੇ ਆਪਣੀ ਸ਼ਹੀਦੀ ਦਿੱਤੀ।
6) ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੇ ਸਿਧਾਂਤ ਨੂੰ ਖਾਲਸੇ ਵਿੱਚ ਭਰਿਆ ਤੇ ਚਾਰ ਜੰਗਾਂ ਲੜ ਕੇ ਇਹ ਦੱਸ ਦਿੱਤਾ ਕਿ ਖਾਲਸਾ ਆਪਣੇ ਹੱਕਾਂ ਦੀ ਖ਼ਾਤਰ ਹੱਥ ‘ਤੇ ਹੱਥ ਰੱਖ ਕੇ ਨਹੀਂ ਬੈਠੇਗਾ, ਸਗੋਂ ਆਪਣੇ ਫੈਸਲੇ ਖ਼ੁਦ ਕਰਿਆ ਕਰੇਗਾ, ਇਸ ਲਈ ਅਕਾਲ ਤਖਤ ਨੂੰ ਹੋਂਦ ਵਿੱਚ ਲਿਆਂਦਾ। ਅਕਾਲ ਤਖਤ ਇਮਾਰਤ ਦਾ ਨਾਂ ਨਹੀਂ ਇਹ ਸਗੋਂ ਖਾਲਸੇ ਦੀ ਅਜ਼ਾਦ ਹੋਂਦ ਦਾ ਪ੍ਰਤੀਕ ਹੈ।
7) ਗੁਰੂ ਹਰਿ ਰਾਏ ਸਾਹਿਬ ਜੀ ਨੇ ਦਵਾ ਖਾਨਾ ਖੋਹਲ ਕੇ ਤੇ ਘੋੜ ਸਵਾਰ ਭਰਤੀ ਕਰਕੇ ਖਾਲਸੇ ਨੂੰ ਪਰਉਪਕਾਰੀ ਬਣਾਇਆ।
8) ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੇ ਦ੍ਰਿੜਤਾ ਦਾ ਸਬਕ ਯਾਦ ਕਰਾਉਂਦਿਆਂ ਇਹ ਕਿਹਾ ਕਿ ਖਾਲਸਾ ਕਿਸੇ ਵੀ ਹਕੂਮਤ ਦਾ ਹੱਥ ਠੋਕਾ ਨਹੀਂ ਬਣੇਗਾ।
9) ਗੁਰੂ ਤੇਗ ਬਹਾਦਰ ਜੀ ਨੇ ਮਨੁਖਤਾ ਦੇ ਹੱਕਾਂ (ਹਿਊਮਨ-ਰਾਈਟਸ) ਲਈ ਆਪਣੀ ਕੁਰਬਾਨੀ ਦੇ ਕੇ ਖਾਲਸੇ ਦੀ ਸਿਰਜਣਾ ਵਿੱਚ ਅਨੌਖਾ ਰੰਗ ਭਰਿਆ ਹੈ।
10) ਗੁਰੂ ਗੋਬਿੰਦ ਸਿੰਘ ਜੀ ਨੇ ਗੁਣਾਂ ਭਰਪੂਰ ਖਾਲਸੇ ਨੂੰ ਪ੍ਰਗਟ ਕਰਕੇ ਕਹਿ ਦਿੱਤਾ- ਖਾਲਸਾ ਇੱਕ ਅਕਾਲ ਪੁਰਖ ਦਾ ਸਰੂਪ ਹੈ। ਇਸ ਵਿੱਚ ਉਹ ਸਾਰੇ ਗੁਣ ਹਨ, ਜੋ ਗੁਰੂ ਨਾਨਕ ਸਾਹਿਬ ਜੀ ਸਾਡੇ ਲਈ ਦਰਸ਼ਨ ਮਾਰਗ ਕੀਤੇ ਹਨ। ਪਰਿਵਾਰਕ ਮੋਹ ਦੀਆਂ ਹੱਦਾਂ ਨੂੰ ਤੋੜਦਿਆਂ ਪੁਤਰਾਂ ਦੀ ਸ਼ਹੀਦੀ ਦਿੱਤੀ। ਅਖ਼ੀਰ ਸ਼ਬਦ ਗੁਰੂ ਨੂੰ ਸਦਾ ਲਈ ਸਥਾਪਿਤ ਕਰਕੇ ਦੱਸ ਦਿੱਤਾ ਕਿ ਖਾਲਸੇ ਦੀ ਹਮੇਸ਼ਾਂ ਲਈ ਅਗਵਾਈ ਸ਼ਬਦ ਗੁਰੂ ਦੀ ਹੋਏਗੀ।
ਸੋ ਖਾਲਸੇ ਦੀ ਸਿਰਜਣਾ ਦਸ ਗੁਰੂ ਸਾਹਿਬਾਨ ਜੀ ਨੇ ਕੀਤੀ ਹੈ, ਜਿਸ ਦੀ ਆਰੰਭਤਾ ਵੇਈ ਨਦੀ ਤੋਂ ਹੋਈ ਅਤੇ ਮੁਕੰਮਲਤਾ ਅਨੰਦਪੁਰ ਸਾਹਿਬ ਜਾ ਕੇ ਹੋਈ। ਸਹਿਜ, ਵਿਚਾਰ, ਧੀਰਜ, ਕੁਰਬਾਨੀ, ਸੇਵਾ ਤੇ ਗਿਆਨ ਦਾ ਨਾਂ ਦੇ ਕੇ ਖਾਲਸੇ ਦੇ ਰੂਪ ਵਿੱਚ ਪ੍ਰਗਟ ਕਰ ਦਿੱਤਾ।
ਸਰ ਬੁਲੰਦੀ ਸਰ ਫ਼ਰੋਸ਼ੀ ਇਨਕਸਾਰੀ ਆਸਤੀਂ।
ਇਨ ਹੀ ਕੀ ਯਕਜਾਈ ਕਾ ਤੋ ਨਾਮ ਇੱਕ ਖਾਲਸਾ।