ਪ੍ਰਿੰ: ਗੁਰਬਚਨ ਸਿੰਘ

99155-29725

ਆਮ ਆਦਮੀ ਪਾਰਟੀ ਪੰਜਾਬ ਦੀ ਧਰਾਤਲ ਨੂੰ ਸਮਝੇ

ਸ਼ੁਰੂ ਸ਼ੁਰੂ ਵਿੱਚ ਆਮ ਆਦਮੀ ਪਾਰਟੀ ਦਾ ਦਾਅਵਾ ਤੇ ਮੁਖ ਮਕਸਦ ਤਾਕਤ ਹਾਸਲ ਕਰਨਾ ਨਹੀਂ ਸੀ ਸਗੋਂ ਭਾਰਤ ਦੀ ਸਿਆਸੀ ਧਰਾਤਲ ‘ਤੇ ਸਿਆਸੀ ਏਜੰਡੇ ਨੂੰ ਬਦਲਣਾ ਸੀ। ਇਸ ਗੱਲ ਤੋਂ ਪ੍ਰਭਾਵਤ ਹੋਏ ਪੁਰਾਣੇ ਸਮਾਜਵਾਦੀ ਨੇਤਾ, ਲੋਕ ਲਹਿਰ ਦੇ ਆਗੂ ਤੇ ਹੋਰ ਨੌਜਵਾਨਾਂ ਨੇ ਇਸ ਪਾਰਟੀ ਵਲ ਵਹੀਰਾਂ ਘੱਤ ਦਿੱਤੀਆਂ। ਪੰਜਾਬ, ਆਮ ਪਾਰਟੀ ਲਈ ਇਕ ਕਿਸਮ ਦੀ ਕਰਮ ਭੂਮੀ ਹੋ ਸਕਦਾ ਸੀ ਪਰ ਜਿਸ ਤਰ੍ਹਾਂ ਦਾ ਵਿਹਾਰ ਆਮ ਆਦਮੀ ਦੀ ਪਾਰਟੀ ਦੀ ਕੇਂਦਰੀ ਤੇ ਸਥਾਨਿਕ ਲੀਡਰਸ਼ਿੱਪ ਨੇ ਕੀਤਾ ਹੈ ਉਸ ਨਾਲ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਨਾ ਸਿਰਫ ਆਮ ਆਦਮੀ ਪਾਰਟੀ ਦੀ ਸਿਆਸਤ ਤੋਂ ਟੁਟਿਆ ਹੈ ਸਗੋਂ ਉਹ ਹਾਂ-ਮੁਖੀ ਸਿਆਸਤ ਵਲੋਂ ਵੀ ਨਿਰਾਸ਼ ਹੋਏ ਹਨ।

ਆਮ ਆਦਮੀ ਪਾਰਟੀ ਅੰਨਾ ਹਜ਼ਾਰੇ ਦੇ ਅੰਦੋਲਨ ਵਿਚੋਂ ਪੈਦਾ ਹੁੰਦੀ ਹੈ। 2011 ਵਿੱਚ ਅੰਨਾ ਹਜ਼ਾਰੇ ਨੇ ਕੇਂਦਰ ਵਿੱਚ ਰਾਜ ਕਰਦੀ ਭਾਰਤੀ ਕਾਂਗਰਸ ਪਾਰਟੀ ਤੇ ਇਸ ਦੇ ਸਹਿਯੋਗੀ ਦਲਾਂ ਦੇ ਨੇਤਾਵਾਂ ਵਲੋਂ ਕੀਤੇ ਜਾ ਰਹੇ ਭ੍ਰਿਸ਼ਟਚਾਰ ਦੇ ਵਿਰੋਧ ਵਿੱਚ ਅੰਦੋਲਨ ਸ਼ੁਰੂ ਕੀਤਾ ਸੀ। ਅੰਨਾ ਹਜ਼ਾਰੇ ਦੇ ਸਾਥੀ ਜਨ ਲੋਕਪਾਲ ਬਿੱਲ ਦੀ ਮੰਗ ਕਰ ਰਹੇ ਸਨ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਸਿਆਸਤ ਵਿੱਚ ਨਹੀਂ ਆਉਣਾ ਚਾਹੁੰਦੇ। ਕੇਜਰੀਵਾਲ ਤੇ ਉਸ ਦੇ ਸਾਥੀ ਸਮਝਦੇ ਸਨ ਕਿ ਰਾਜਨੀਤਿਕ ਤਾਕਤ ਹਾਸਲ ਕਰਨ ਤੋਂ ਬਿਨਾ ਅੱਗੇ ਨਹੀਂ ਵਧਿਆ ਜਾ ਸਕਦਾ। ਕਿਹਾ ਜਾ ਸਕਦਾ ਹੈ ਕਿ ਇਸ ਅੰਦੋਲਨ ਵਿੱਚੋਂ ਇਸ ਪਾਰਟੀ ਦੀ ਸਥਾਪਨਾ ਹੋਈ।

26 ਨਵੰਬਰ 2012 ਨੂੰ ਅਰਵਿੰਦ ਕੇਜਰੀਵਾਲ ਅਤੇ ਉਸ ਦੇ, ਉਸ ਸਮੇਂ ਸਾਥੀਆਂ ਨੇ ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦੇ ਨਾਂ ‘ਤੇ ਆਮ ਆਦਮੀ ਪਾਰਟੀ ਬਣਾਈ ਗਈ ਸੀ। ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿੱਚੋਂ ਨਿਕਲੀ ਆਮ ਆਦਮੀ ਪਾਰਟੀ ਨੇ ਸਮੁਚੇ ਦੇਸ਼ ਖਾਸ ਕਰਕੇ ਪੰਜਾਬ ਤੇ ਦਿੱਲੀ ਦੇ ਲੋਕਾਂ ਵਿੱਚ ਤਬਦੀਲੀ ਦਾ ਸੁਪਨਾ ਸੰਜੋਇਆ। ਬਹੁਤ ਜਲਦੀ ਹੀ ਵਿਚਾਰਧਾਰਕ ਅਸਪੱਸ਼ਟਤਾ, ਜਮਹੂਰੀਅਤ ਬਾਰੇ ਕੰਮਜ਼ੋਰ ਸਮਝ, ਅਤੇ ਆਪਸੀ ਕਾਟੋ-ਕਲੇਸ਼ ਕਾਰਨ ਇਹ ਸੁਪਨਾ ਦਿਨ-ਬ-ਦਿਨ ਮਧਮ ਪੈਂਦਾ ਗਿਆ।

ਅਜ਼ਾਦੀ ਉਪਰੰਤ ਪੰਜਾਬ ਵਿੱਚ ਕਾਂਗਰਸ ਤੇ ਅਕਾਲੀ-ਭਾਜਪਾ ਪਾਰਟੀਆਂ ਜ਼ਿਆਦਾ ਸਮਾਂ ਰਾਜ ਕਰਦੀਆਂ ਰਹੀਆਂ। ਮਗਰਲਿਆਂ ਸਾਲਾਂ ਵਿੱਚ ਅਕਾਲੀ ਦਲ ਬਾਦਲ ਆਪਣੀ ਪਿੱਠ ਭੂਮੀ ਨੂੰ ਵਿਸਾਰ ਕੇ, ਪੰਥਕ ਸਰੋਕਾਰਾਂ ਨੂੰ ਛੱਡ ਕੇ, ਭਾਰਤੀ ਜਨਤਾ ਪਾਰਟੀ ਦੇ ਕੰਧਾੜੇ ਚੜ੍ਹ ਕੇ, ਆਪਣੇ ਪਰਵਾਰਾਂ ਲਈ ਜਾਇਦਾਦਾਂ ਬਣਾਉਣ ਵਿੱਚ ਮਗਨ ਹੋ ਗਿਆ। ਦੂਸਰਾ ਅਕਾਲੀ ਦਲ ਬਾਦਲ ਦੀ ਪੰਥਕ ਸਰਕਾਰ ਹੋਣ ਦੇ ਨਾਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਇਨ੍ਹਾਂ ਦੀ ਸਰਕਾਰ ਸਮੇਂ ਹੋਣ ਕਰਕੇ ਲੋਕਾਂ ਨੇ ਅਕਾਲੀਆਂ ਨੂੰ ਨਿਕਾਰ ਦਿੱਤਾ। ਪੰਜਾਬ ਵਿੱਚ ਪੁਲੀਸ ਮੁਕਾਬਲਿਆਂ ਦੀ ਕੋਈ ਜਾਂਚ ਨਹੀਂ ਕਰਾਈ ਤੇ ਨਾ ਹੀ ਕਿਸੇ ਜ਼ੁਲਮ ਕਰਨ ਵਾਲੇ ਪੁਲੀਸ ਅਫ਼ਸਰ ਸਬੰਧੀ ਕੋਈ ਕਾਰਵਾਈ ਕੀਤੀ। ਜੇਲ੍ਹਾਂ ਵਿੱਚ ਬੰਦ ਸਿੱਖ ਨੌਜਵਨਾਂ ਨੂੰ ਰਿਹਾਅ ਕਰਨਾ ਇੱਕ ਪਾਸੇ ਰਿਹਾਅ ਜਿਹੜੇ ਕੈਦਾਂ ਕੱਟ ਚੁਕੇ ਸਨ ਉਨ੍ਹਾਂ ਲਈ ਵੀ ਕੁਝ ਨਹੀਂ ਕੀਤਾ। ਪੰਜਾਬ ਦੇ ਕਿਸੇ ਮੁਦੇ ਨੂੰ ਹੱਲ ਨਹੀਂ ਕਰਾਇਆ ਉਲਟਾ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਕੇਂਦਰੀ ਸਰਕਾਰ ਨਾਲ ਜਾ ਖੜੇ ਹੋਏ। ਸਭ ਤੋਂ ਭਿਆਨਕ ਦੌਰ ਪੰਜਾਬ ਵਿੱਚ ਪੰਥਕ ਸਰਕਾਰ ਸਮੇਂ ਚਿੱਟੇ ਦਾ ਨਸ਼ਾ ਵਿਕਣਾ ਸ਼ੁਰੂ ਹੋਇਆ। ਸ਼ਰੇਆਮ ਅਕਾਲੀ ਦਲ ਬਾਦਲ ਦੇ ਨੇਤਾਵਾਂ ਦਾ ਨਾਂ ਬੋਲਣ ਕਰਕੇ ਲੋਕਾਂ ਨੇ ਇਨ੍ਹਾਂ ਨੂੰ ਵਾਰ ਵਾਰ ਨਿਕਾਰਤਾ। ਅਖ਼ੀਰ ਨੂੰ ਤਿੰਨ ਸੀਟਾਂ ਤੇ ਸਬਰ ਕਰਨਾ ਪਿਆ। ਪੰਜਾਬ ਦੇ ਕਾਂਗਰਸੀ ਪੰਜਾਬ ਲਈ ਨਹੀਂ ਸੋਚਦੇ ਕਿਉਂਕਿ ਉਹ ਕਾਂਗਰਸ ਦੇ ਕੇਂਦਰੀ ਲੀਡਰਾਂ ਵੱਲ ਵੇਖਦੇ ਹਨ। ਕਾਂਗਰਸ ਦੀ ਕੇਂਦਰੀ ਲੀਡਰਸ਼ਿੱਪ ਹਮੇਸ਼ਾਂ ਪੰਜਾਬ ਦੇ ਵਿਰੋਧ ਵਿੱਚ ਹੀ ਭੁਗਤਦੀ ਆ ਰਹੀ ਹੈ। ਕਾਂਗਰਸ ਪਾਰਟੀ ਨੇ ਪੰਜਾਬ ਨੂੰ ਬਣਦੇ ਹੱਕ ਕਦੇ ਵੀ ਨਹੀਂ ਦਿੱਤੇ। ਜੇ ਕਾਂਗਰਸ ਦੇ ਕੇਂਦਰੀ ਨੇਤਾ ਬੇਈਮਾਨ ਨਾ ਹੁੰਦੇ ਤਾਂ ਉਨ੍ਹਾਂ ਦੀ ਕੇਂਦਰ ਵਿੱਚ ਏੰਨੀ ਦੁਰਗੱਤ ਨਾ ਹੁੰਦੀ। ਪੰਜਾਬ ਵਿੱਚ ਦੋਹਾਂ ਪਾਰਟੀਆਂ ਤੋਂ ਅੱਕੇ ਲੋਕਾਂ ਨੇ ਤੀਸਰੇ ਬਦਲ ਆਮ ਆਦਮੀ ਪਾਰਟੀ ਨੂੰ ਤਰਜੀਹ ਦਿੱਤੀ। ਆਮ ਆਦਮੀ ਪਾਰਟੀ ਨੂੰ ਪੰਜਾਬੀਆਂ ਨੇ ਆਪ ਮੁਹਾਰੇ ਵੋਟਾਂ ਪਾਈਆਂ ਕਿ ਸ਼ਾਇਦ ਇਹ ਪੰਜਾਬ ਦੇ ਭਲੇ ਦੀ ਕੋਈ ਗੱਲ ਕਰਨਗੇ।

2022 ਦੀਆਂ ਚੋਣਾਂ ਵਿੱਚ ਰਾਘਵ ਚੱਢਾ ਸਹਿ-ਇੰਚਾਰਜ ਲਗਾਇਆ ਗਿਆ। ਮੋਗਾ ਵਿਖੇ ਮਹਾਂ ਪੰਚਾਇਤ ਕੀਤੀ ਗਈ ਪੰਜਾਬੀਆਂ ਨੂੰ ਪੂਰੀ ਤਰ੍ਹਾਂ ਸਬਜ਼ ਬਾਗ ਦਿਖਾਏ ਗਏ। 28 ਜੂਨ 2021 ਨੂੰ ਕੇਜਰੀਵਾਲ ਨੇ ਵਾਅਦਾ ਕੀਤਾ ਕਿ ਬਿਜਲੀ ਸਮਝੌਤਿਆਂ ਦੀ ਦੁਬਾਰਾ ਸਮੀਖਿਆ ਕੀਤੀ ਜਾਏਗੀ ਤੇ ਸਰਕਾਰੀ ਖਜ਼ਾਨੇ ਵਿੱਚੋਂ ਹਰੇਕ ਘਰ ਨੂੰ ਤਿੰਨ ਸੌ ਯੂਨਿਟ ਬਿਜਲੀ ਦਿੱਤੀ ਜਾਏਗੀ। ਬਿਜਲੀ ਸਮਝੋਤਿਆਂ ਦੀ ਪੁਛ ਪੜਤਾਲ ਤਾਂ ਕੀਤੀ ਕੋਈ ਨਹੀਂ ਪਰ ਸਰਕਾਰੀ ਖ਼ਜ਼ਾਨੇ ਵਿਚੋਂ ਵੋਟਾਂ ਦੀ ਪ੍ਰਾਪਤੀ ਲਈ ਤਿੰਨ ਸੌ ਯੂਨਿਟ ਬਿਜਲੀ ਫਰੀ ਦਿੱਤੀ ਗਈ।ਇਹ ਇੱਕ ਕਿਸਮ ਦੀ ਰਿਸ਼ਵਤ ਹੀ ਸੀ ਜਿਹੜੀ ਪੰਜਾਬੀਆਂ ਨੇ ਖੁਲ੍ਹੇ ਦਿੱਲ ਨਾਲ ਪਰਵਾਨ ਕਰ ਲਈ। ਹਾਲਾਂ ਕਿ ਪੰਜਾਬੀਆਂ ਨੇ ਮੁਫਤ ਬਿਜਲੀ ਮੰਗੀ ਹੀ ਨਹੀਂ ਸੀ। ਪੰਜਾਬੀਆਂ ਦਾ ਤਾਂ ਇਹ ਕਹਿਣਾ ਸੀ ਬਿਜਲੀ ਦਾ ਰੇਟ ਘਟਾਓ। ਮੁਫਤ ਬਿਜਲੀ ਦੇ ਕੇ ਪੰਜਾਬ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਕਰ ਦਿੱਤੀ।

22 ਨਵੰਬਰ 2022 ਨੂੰ ਭਾਊ ਕੇਜਰੀਵਾਲ ਨੇ ਦੂਜਾ ਐਲਾਨ ਕੀਤਾ ਕਿ ਜੇ ਸਾਡੀ ਸਰਕਾਰ ਜਿੱਤ ਦੀ ਹੈ ਤਾਂ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਇੱਕ ਹਜ਼ਾਰ ਰੁਪਇਆ ਪੈਨਸ਼ਨ ਦਿੱਤੀ ਜਾਏਗੀ। ਇਸ ਤੋਂ ਇਲਾਵਾ ਇਸ ਪਾਰਟੀ ਨੇ ਸੰਘੀ ਢਾਚੇ ਦੀ ਵਕਾਲਤ ਕੀਤੀ। ਰਾਜਾਂ ਨੂੰ ਵੱਧ ਅਧਿਾਕਾਰਾਂ ਦੇ ਸਬਜ਼ ਬਾਗ ਦਿਖਾਏ। ਪਿੰਡ ਦੀਆਂ ਪੰਚਾਇਤਾਂ ਨੂੰ 29 ਵਿਭਾਗਾਂ ਦੇ ਹੱਕ ਦਿਵਾਉਣ ਦੀ ਗੱਲ ਕੀਤੀ। ਕਿਰਸਾਨ ਮਜ਼ਦੂਰਾਂ ਦੀਆਂ ਖ਼ੁਦਕਸ਼ੀਆਂ, ਨਸ਼ਿਆਂ ਨਾਲ ਭੰਨੇ ਨੌਜਾਵਨਾਂ ਦੀ ਗੱਲ ਕੀਤੀ, ਕਾਨੂੰਨ ਦੀ ਮਾੜੀ ਕਾਰਗ਼ੁਜ਼ਾਰੀ ਦੀ ਵਿਚਾਰ ਕਰਦਿਆਂ ਪੰਜਾਬ ਵਿੱਚ ਬਹੁਤ ਵੱਡਾ ਅੰਦੋਲਨ ਖੜਾ ਕਰਕੇ ਜਨਤਾ ਵਿੱਚ ਲਾਮਬੰਦੀ ਕੀਤੀ। ਆਮ ਆਦਮੀ ਪਾਰਟੀ ਨਰਾਜ਼ ਤੇ ਉਦਾਸ ਲੋਕਾਂ ਦਾ ਮਸੀਹਾ ਬਣ ਗਈ।

2022 ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚੋਂ ਬਹੁਤ ਵੱਡੀ ਜਿੱਤ ਹਾਸਲ ਹੁੰਦੀ ਹੈ। 117 ਸੀਟਾਂ ਤੋਂ 92 ਸੀਟਾਂ ਆਮ ਆਦਮੀ ਪਾਰਟੀ ਲੈ ਗਈ। ਸ੍ਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁਖ ਮੰਤ੍ਰੀ ਬਣ ਗਏ ਪਰ ਪੰਜਾਬ ਸਰਕਾਰ ਵਿੱਚ ਦਖਲ ਅੰਦਾਜ਼ੀ ਦਿੱਲੀ ਦੇ ਲੀਡਰਾਂ ਦੀ ਰਹਿਣ ਲੱਗ ਪਈ। ਪੰਜਾਬ ਦੇ ਲੋਕਾਂ ਨੇ ਦਿੱਲੀ ਦੀ ਦਖਲ ਅੰਦਾਜ਼ੀ ਨੂੰ ਬਹੁਤਾ ਪਸੰਦ ਨਹੀਂ ਕੀਤਾ ਗਿਆ।

ਆਮ ਆਦਮੀ ਪਾਰਟੀ ਵਿੱਚ ਜਿਵੇਂ ਜਿਵੇਂ ਨੇਤਾ ਸ਼ਾਮਿਲ ਹੁੰਦੇ ਗਏ ਓਦੂੰ ਬਹੁਤੀ ਤੇਜ਼ੀ ਨਾਲ ਨੇਤਾ ਇਸ ਨੂੰ ਛੱਡਦੇ ਗਏ। ਪਹਿਲਿਆਂ ਵਿੱਚ ਜੋਗਿੰਦਰ ਯਾਦਵ, ਪਸ਼ਾਂਤ ਕਿਸ਼ੋਰ, ਡਾ. ਦਲਜੀਤ ਸਿੰਘ, ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਸੁਚਾ ਸਿੰਘ ਛੋਟੇਪੁਰ, ਗੁਰਪ੍ਰੀਤ ਸਿੰਘ ਘੁਗੀ, ਸੁਖਪਾਲ ਸਿੰਘ ਖਹਿਰਾ ਤੇ ਇਸ ਨਾਲ ਹੋਰ ਸਾਥੀ ਵੀ ਛੱਡ ਗਏ ਜਾਂ ਕੱਢ ਦਿੱਤੇ ਗਏ। ਆਮ ਆਦਮੀ ਪਾਰਟੀ ਨੇ ਕਈ ਥਾਈਂ ਆਪਣੇ ਵਰਕਰਾਂ ਨੂੰ ਦਰਕਿਨਾਰ ਕਰਦਿਆਂ ਪੈਸੇ ਵਾਲਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ। ਟਿਕਟਾਂ ਦੇਣ ਸਬੰਧੀ ਜਿਹੜੇ ਵਿਚਾਰ ਮੀਡੀਏ ਵਿੱਚ ਘੁੰਮਦੇ ਹਨ ਉਸ ਨੇ ਆਮ ਆਦਮੀ ਪਾਰਟੀ ਦੀ ਹਾਲਤ ਪਤਲੀ ਹੀ ਕੀਤੀ ਹੈ।

ਰਵਾਇਤ ਤੋਂ ਉਲਟ ਚਲਦਿਆਂ ਚੰਡੀਗੜ੍ਹ ਛੱਡ ਕੇ ਸ੍ਰਦਾਰ ਭਗਤ ਸਿੰਘ ਦੇ ਪਿੰਡ ਖੱਟਕੜ ਕਲ੍ਹਾਂ ਸੌਂਹ ਚੁਕ ਸਮਾਗਮ ਰੱਖਿਆ ਗਿਆ। ਹਰ ਇਨਸਾਨ ਦੀ ਆਪਣੀ ਸੋਚ ਲਈ ਅਜ਼ਾਦ ਹੈ ਉਂਝ ਸਾਡੇ ਮੁਤਾਬਿਕ ਤਾਂ ਕਿਰਸਨਾਂ ਦਾ ਮਸੀਹਾ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਸ਼ਹਦਤ ਨੂੰ ਮੁਖ ਰੱਖਦਿਆਂ ਜਿੱਥੇ ਛੋਟੇ ਸਾਹਿਬਜ਼ਾਦਿਆਂ ਸ਼ਹਾਦਤ ਦਿੱਤੀ ਸੀ ਓੱਥੇ ਸੌਂਹ ਚੁਕ ਸਮਾਗਮ ਵੀ ਰੱਖਿਆ ਜਾ ਸਕਦਾ ਸੀ। ਪੰਜਾਬ ਦੇ ਉਸਰੱਈਏ ਨੂੰ ਯਾਦ ਕੀਤਾ ਜਾ ਸਕਦਾ ਸੀ।

ਭਗਵੰਤ ਸਿੰਘ ਮਾਨ ਦੇ ਮੁਖ ਮੰਤ੍ਰੀ ਬਣਦਿਆਂ ਹੀ ਦਿੱਲੀ ਦੀਆਂ ਟੀਮਾਂ ਵੀ ਨਾਲ ਤਾਇਨਾਤ ਕੀਤੀਆਂ ਗਈਆਂ। ਦਿੱਲੀ ਤੋਂ ਆਏ ਅਫ਼ਸਰ ਤੇ ਪਾਰਟੀ ਵਰਕਰਾਂ ਦੀ ਭੀੜ ਪੰਜਾਬੀਆਂ ਨੂੰ ਪਸੰਦ ਨਹੀਂ ਹੈ। ਤਿੰਨ ਸਾਲ ਦਾ ਸਮਾਂ ਲੰਘ ਗਿਆ ਹੈ ਪਰ ਅਜੇ ਤੱਕ ਪੰਜਾਬ ਲਈ ਕੋਈ ਠੋਸ ਨੀਤੀ ਨਹੀਂ ਬਣਾਈ ਜਿਸ ਨਾਲ ਦਾਅਵਾ ਕੀਤਾ ਜਾ ਸਕੇ ਪੰਜਾਬ ਲਈ ਇਸ ਲਾਣੇ ਨੂੰ ਕੋਈ ਹਮਦਰਦੀ ਹੈ।

ਆਮ ਆਦਮੀ ਪਾਰਟੀ ਪੰਜਾਬ ਦੇ ਸਭਿਆਚਾਰ ਨੂੰ ਸਮਝਦਿਆਂ ਹੋਇਆ ਵੀ ਆਪਣੀ ਮਰਜ਼ੀ ਕਰ ਰਹੀ ਹੈ। ਸਭ ਤੋਂ ਪਹਿਲਾਂ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਸਮੇਂ ਪਤਾ ਨਹੀਂ ਕਿਹੜੀ ਨੀਤੀ ਬਣਾਈ ਗਈ ਉਹ ਮੈਂਬਰ ਲਏ ਗਏ ਜਿੰਨ੍ਹਾਂ ਨੂੰ ਪੰਜਾਬ ਦੇ ਮਸਲਿਆਂ ਨਾਲ ਕੋਈ ਸਰੋਕਾਰ ਨਹੀਂ ਹੈ। ਪੰਜਾਬ ਦਾ ਸਹਿ-ਇਨਚਾਰਜ ਰਾਘਵ ਚੱਢਾ, ਕ੍ਰਿਕਟਰ ਹਰਭਜਨ ਸਿੰਘ, ਸੰਦੀਪ ਪਾਠਕ, ਲਵਲੀ ਯੂਨੀਵਰਸਟੀ ਦਾ ਚਾਂਸਲਰ ਅਸੋਕ ਮਿੱਤਲ ਤੇ ਉਦਯੋਗਪਤੀ ਸੰਜੀਵ ਅਰੋੜਾ ਰਾਜ ਸਭਾ ਦੇ ਮੈਂਬਰ ਤਾਂ ਹਨ ਪਰ ਪੰਜਾਬ ਦੀ ਰੂਹ ਦੀ ਤਰਜਮਾਨੀ ਨਹੀਂ ਕਰਦੇ ਨਜ਼ਰ ਆਏ। ਕੀ ਇਨ੍ਹਾਂ ਨੂੰ ਪੰਜਾਬ ਦੇ ਬਾਰਡਰ ਦੀ ਕੋਈ ਸੋਝੀ ਹੈ? ਆਮ ਆਦਮੀ ਪਾਟੀ ਨੂੰ ਅਕਸਰ ਰਾਜਨੀਤਿਕ ਲੋਕਾਂ ਨੇ ਕਟਹਿਰੇ ਵਿੱਚ ਖੜਾ ਕਰਦਿਆਂ ਪੁਛਿਆ ਹੈ ਕਿ ਕੀ ਰਾਜ ਸਭਾ ਲਈ ਚੁਣੇ ਗਏ ਮੈਂਬਰ ਪੰਜਾਬ ਦੀ ਛੱਡੋ ਇਹ ਆਮ ਆਦਮੀ ਪਾਰਟੀ ਦੀ ਵੀ ਕੋਈ ਗੱਲ ਕਰਨਗੇ?

ਇਨ੍ਹਾਂ ਰਾਜ ਸਭਾ ਦੇ ਨੇਤਾਵਾਂ ਦਾ ਹਾਲ ਦੇਖ ਲਓ ਇਨ੍ਹਾਂ ਨੂੰ ਮੈਂਬਰ ਪਾਰਲੀਮੈਂਟ ਲੋਕਲ ਏਰੀਆ ਡਿਵੈਲਪਮੈਂਟ ਫੰਡ 119.11 ਕ੍ਰੋੜ ਮਿਲਿਆ ਪਰ ਇਨ੍ਹਾਂ ਨੇ ਕੇਵਲ 34.76 ਕ੍ਰੋੜ ਖਰਚਿਆ ਜਿਸ ਦਾ ਵਿਸਥਾਰ ਬਾਅਦ ਵਿੱਚ ਆਏਗਾ ਕਿ ਇਹ ਪੈਸਾ ਕਿੱਥੇ ਵਰਤਿਆ। ਰਾਜ ਸਭਾ ਵਿੱਚ ਗਏ ਮੈਂਬਰਾਂ ਨੂੰ ਪੰਜਾਬ ਦੇ ਮੁਦਿਆਂ ਨਾਲ ਕੋਈ ਦਿੱਲਚਸਪੀ ਨਹੀਂ ਹੈ।

ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਪਾਲ ਰੱਖੀਆਂ ਸਨ ਕਿ ਪੰਜਾਬ ਨੂੰ ਵਧੀਆ ਤਰੀਕੇ ਨਾਲ ਚਲਾਉਣਗੇ। ਪੰਜਾਬੀ ਆਸ ਰੱਖਦੇ ਸਨ ਕਿ ਇਹ ਪਾਰਟੀ ਸੰਘੀ ਢਾਚੇ ਨੂੰ ਤਰਜੀਹ ਦੇਣ ਦੀ ਵਕਾਲਤ ਹੀ ਨਹੀਂ ਕਰਨਗੇ ਸਗੋਂ ਰਾਜਾਂ ਨੂੰ ਵੱਧ ਅਧਿਕਾਰ ਦਿਵਾਉਣ ਵਿੱਚ ਮੋਹਰੀ ਭੂਮਿਕਾ ਨਿਭਾਏਗੀ। ਜਦੋਂ ਜੰਮੂ ਕਸ਼ਮੀਰ ਵਿਚੋਂ 370 ਧਾਰਾ ਤੋੜੀ ਗਈ ਤਾਂ ਸੂਬਿਆਂ ਨੂੰ ਵਧ ਅਧਿਕਾਰਾਂ ਦਾ ਢੰਡੋਰਾ ਪਿੱਟਣ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਆਮ ਆਦਮੀ ਪਾਰਟੀ ਦੋਵੇਂ ਚੁਪ ਕਰ ਗਏ ਕਿਉਂ ਕਿ ਕੇਂਦਰ ਦੀ ਘੁਰਕੀ ਅੱਗੇ ਬੇਬੱਸ ਸਨ।

ਆਮ ਆਦਮੀ ਪਾਰਟੀ ਗੱਲਾਂ ਤਾਂ ਬਹੁਤ ਸਾਦਗੀ ਦੀਆਂ ਕਰਦੇ ਰਹੇ ਪਰ ਉਸ ਸਿਧਾਂਤ ‘ਤੇ ਖਰੇ ਨਹੀਂ ਉੱਤਰੇ। ਸਭ ਤੋਂ ਪਹਿਲਾਂ ਦਿੱਲੀ-ਦੇ ਮੁਖ ਮੰਤ੍ਰੀ ਕੇਜਰੀਵਾਲ ਨੇ ਦਿੱਲੀ ਵਿੱਚ ਆਪਣੀ ਰਹਾਇਸ਼ ਦੇ ਨਵੀਨੀ ਕਰਨ ਲਈ ਜਨਤਕ ਫੰਡਾਂ ਦੀ ਦੁਰ ਵਰਤੋਂ ਕਰਨ ਦਾ ਦੋਸ਼ ਲੱਗ ਗਿਆ। 29 ਅਪ੍ਰੈਲ 2023 ਨੂੰ ਜਾਂਚ ਦਾ ਐਲਾਨ ਕੀਤਾ ਗਿਆ। ਸੀ ਬੀ ਆਈ ਵਰਤਮਾਨ ਵਿੱਚ ਮੁਖ ਮੰਤ੍ਰੀ ਕੇਜਰੀਵਾਲ ਦੇ ਹਊਸ ਕੰਪਲੈਕਸ ਦੀ ਮੁਰੰਮਤ ‘ਤੇ ਖਰਚੇ ਗਏ 52.71 ਕਰੋੜ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ ਕਥਿੱਤ ਤੌਰ ‘ਤੇ ਇੱਕ ਪਰਦੇ ਦੀ ਲਾਗਤ 7.94 ਲੱਖ ਰੁਪਏ ਦੱਸੀ ਜਾਂਦੀ ਹੈ। ਵਿਜੀਲੈਂਸ ਵਿਭਾਗ ਇਸ ਸਮੇਂ ਫੰਡਾਂ ਦੀ ਦੁਰਵਰਤੋਂ ਅਤੇ ਵਿਤੀ ਬੇਨਿਯਮੀਆਂ ਦੀ ਪੈਰਵੀ ਕਰ ਰਿਹਾ ਹੈ। ਏਦਾਂ ਵੀ ਕਿਹਾ ਜਾ ਸਕਦਾ ਹੈ ਕਿ ਆਦਮੀ ਪਾਰਟੀ ਦੇ ਉੱਚ ਨੇਤਾ ਜੇਲ੍ਹਾਂ ਦੀ ਸੈਰ ਵੀ ਕਰ ਆਏ ਹਨ। ਸ਼ਰਾਬ ਘੁਟਾਲਾ ਆਮ ਆਦਮੀ ਪਾਰਟੀ ਲਈ ਗਲੇ ਦੀ ਹੱਡੀ ਬਣ ਗਿਆ ਹੈ ਜਿਸ ਵਿੱਚ ਦਿੱਲੀ ਸਰਕਾਰ ਦੇ ਸਾਬਕਾ ਉੱਪ ਮੁਖ ਮੰਤ੍ਰੀ ਮਨੀਸ਼ ਸਿਸੋਦੀਆ ਦਾ ਨਾਂ ਬੋਲਦਾ ਹੈ। ਲੰਮੇਰਾ ਸਮਾਂ ਜੇਲ੍ਹ ਵਿੱਚ ਬਿਤਾ ਆਏ ਹਨ।

ਆਮ ਆਦਮੀ ਪਾਰਟੀ ਦੇ ਕਿਸੇ ਵੀ ਮੈਂਬਰ ਨੇ ਪੰਜਾਬ ਦੀ ਧਰਾਤਲ ਨੂੰ ਨਹੀਂ ਸਮਝਿਆ। ਪੰਜਾਬ ਵਿਚੋਂ 92 ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਜਿੱਤੇ ਸਨ ਪਰ ਕਿਸੇ ਅੰਦਰ ਵੀ ਪੰਜਾਬ ਪ੍ਰਤੀ ਕੋਈ ਹੁਬ, ਪੰਜਾਬ ਦੇ ਵਿਕਾਸ ਲਈ ਰੋਡ ਮੈਪ ਨਹੀਂ ਹੈ। ਕਿਸੇ ਵੀ ਐਮ ਐਲ ਏ ਨੇ ਪੰਜਾਬ ਦੇ ਕਿਸੇ ਮਸਲੇ ਦਾ ਗੱਲ ਨਹੀਂ ਕੀਤੀ। ਚਾਹੀਦਾ ਤਾਂ ਇਹ ਸੀ ਕਿ ਚੱਲ ਰਹੀਆਂ ਰਹੀਆਂ ਸਰਕਾਰੀ ਡਿਸਪੈਂਸਰੀਆਂ ਨੂੰ ਹੀ ਮਹੱਲਾ ਕਲੀਨਕ ਵਾਲੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ। ਪਰ ਇਨ੍ਹਾਂ ਨੇ ਫੋਕੀ ਵਾਹਵਾ ਵਾਹਵਾ ਖੱਟਣ ਲਈ ਪੰਜਾਬ ਸਿਰ ਹੋਰ ਕਰਜ਼ਾ ਵਧਾ ਦਿੱਤਾ।

ਜੇ ਵਿਧਾਨ ਸਭਾ ਦਾ ਇਜਲਾਸ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਤੇ ਬਾਕੀ ਰਾਜਸੀ ਪਾਰਟੀਆਂ ਨੇ ਕਦੇ ਪੰਜਾਬ ਦੇ ਮੁਦੇ ਦੀ ਗੱਲ ਨਹੀਂ ਕੀਤੀ ਸਿਰਫ ਇੱਕ ਦੂਜੇ ਨੂੰ ਨੀਵਾਂ ਦਿਖਾਲਣ ਲਈ ਨਿੱਜੀ ਹਮਲੇ ਤੇ ਤੋਹਮਤ ਬਾਜ਼ੀਆਂ ਰਹਿ ਗਈਆਂ ਹਨ। ਵਿਧਾਨ ਸਭਾ ਦਾ ਸੈਸ਼ਨ ਦੇਖ ਕੇ ਕਚਿਆਣ ਆਉਂਦੀ ਹੈ। ਪਹਿਲਾਂ ਕਹਿੰਦੇ ਸਨ ਕਿ ਸਾਨੂੰ ਵੋਟਾਂ ਪਾਓ ਅਸੀਂ ਵਿਧਾਨ ਸਭਾ ਵਿੱਚ ਤੁਹਾਡੀ ਗੱਲ ਰੱਖਾਂਗੇ। ਜਦੋਂ ਗੱਲ ਰੱਖਣ ਦਾ ਸਮਾਂ ਆਉਂਦਾ ਹੈ ਓਦੋਂ ਉੱਠ ਕੇ ਬਾਹਰ ਆ ਜਾਂਦੇ ਹਨ ਕਿ ਅਸਾਂ ਵਾਕ ਔਟ ਕੀਤਾ ਹੈ। ਵਿਧਾਨ ਸਭਾ ਵਿੱਚ ਪਹਿਲਾਂ ਹੀ ਨਾ ਜਾਂਦੇ ਏਡਾ ਤਮਾਸ਼ਾ ਕਰਨ ਦੀ ਕੀ ਜ਼ਰੂਰਤ ਸੀ।

ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਪੰਜਾਬ ਦੀ ਧਰਾਤਲ, ਪੰਜਾਬ ਦੀ ਮਿੱਟੀ ਤੇ ਇਸ ਦੇ ਸਰੋਕਾਰਾਂ ਨੂੰ ਸਮਝਣ ਵਿੱਚ ਆਸਮਰੱਥ ਰਹੀ ਹੈ। ਪੰਜਾਬ ਦੀ ਧਰਾਤਲ ਤੋਂ ਕੋਰੇਪਨ ਦੀ ਨਿਸ਼ਾਨੀ ਏੱਥੋਂ ਦਿਸਦੀ ਹੈ ਕਿ ਸਾਨੂੰ ਵਿਧਾਨ ਸਭਾ ਲਈ ਵੱਖਰੀ ਜਗ੍ਹਾ ਦਿਓ ਕੁਲ ਮਿਲਾ ਕਿ ਸਮਝਿਆ ਜਾ ਸਕਦਾ ਹੈ ਪੰਜਾਬ ਦਾ ਚੰਡੀਗੜ੍ਹ ਤੋਂ ਆਪਣਾ ਹੱਕ ਛੱਡਣਾ ਹੈ। ਪਹਿਲਾਂ ਭਾਖੜਾ ਡੈਮ ਦਾ ਪ੍ਰਬੰਧ ਤੁਹਾਥੌਂ ਖੋਹ ਲਿਆ ਤੁਸਾਂ ਕੁਝ ਨਹੀਂ ਕੀਤਾ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਤੇ ਦਿਨ ਦੀਵੀਂ ਡਾਕਾ ਮਾਰਿਆ ਹੈ ਤੁਸੀਂ ਕਹਿ ਰਹੇ ਹੋ ਕਿ ਅਸੀਂ ਹਾਈ ਕੋਰਟ ਵਿੱਚ ਕੇਸ ਕਰਾਂਗੇ ਕੀ ਇਸ ਗੱਲ ਨੂੰ ਏਦਾਂ ਸਮਝਿਆ ਜਾਏ ਕਿ ਕੇਂਦਰ ਦੀ ਕਾਰ ਗੁਜ਼ਾਰੀ ਨੂੰ ਤੁਸੀਂ ਠੰਡੇ ਬਸਤੇ ਵਿੱਚ ਪਾ ਰਹੇ ਹੋ। ਉਹ ਵੱਖਰੀ ਗੱਲ ਹੈ ਵਿਦਿਆਰਥੀਆਂ ਦੇ ਰੋਹ ਦੇ ਡਰੋਂ ਕੇਂਦਰੀ ਨੇਤਾਵਾਂ ਨੇ ਫੈਸਲਾ ਵਾਪਸ ਲੈ ਲਿਆ ਹੈ।

ਪੰਜਾਬ ਲਈ ਸਭ ਤੋਂ ਵੱਡਾ ਦੁਖਦਾਈ ਪਹਿਲੂ ਹੈ ਕਿ ਦਿੱਲੀ ਦੀ ਲੀਡਰਸ਼ਿੱਪ ਪੰਜਾਬ ਦੀ ਜ਼ਰਖ਼ੇਜ਼ ਜ਼ਮੀਨ ਨੂੰ ਪੰਜਾਬ ਦੇ ਮੁਖ ਮੰਤ੍ਰੀ ਰਾਹੀਂ ਵੇਚਣ ਦਾ ਬੰਦੋਬਸਤ ਕਰ ਰਹੀ ਹੈ। ਪਹਿਲਾਂ ਪੂਡਾ ਦੀ ਜ਼ਿੰਮੇਵਾਰੀ ਲਗਾਈ ਕਿ 65 ਹਜ਼ਾਰ ਏਕੜ ਜ਼ਮੀਨ ਖਰੀਦ ਕੇ ਕਲੋਨੀਆਂ ਵਸਾਈਆਂ ਜਾਣ। ਜਦੋਂ ਕਿਰਸਾਨਾਂ ਨੇ ਰੋਹ ਦਿਖਾਇਆ ਤਾਂ ਅੰਦਰ ਖਾਤੇ ਪੰਜਾਬ ਸਰਕਾਰ ਨੇ ਪਲਟੀ ਮਾਰਦਿਆਂ ਸਰਕਾਰੀ ਜ਼ਮੀਨਾਂ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਦੀ ਜ਼ਮੀਨ ਸਾਡਾ ਕੌਮੀ ਸਰਮਾਇਆ ਹੈ। ਘੱਟੇ ਕੌਡੀਆਂ ਜ਼ਮੀਨ ਬਰਬਾਦ ਕੀਤੀ ਜਾ ਰਹੀ ਹੈ ਇਸ ਦਾ ਸਾਫ਼ ਭਾਵ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਧਰਾਤਲ ਸਬੰਧੀ ਕੋਈ ਗਿਆਨ ਨਹੀਂ ਹੈ। ਬੜੇ ਦੁਖ ਦੀ ਗੱਲ ਹੈ ਕਿ ਪੰਜਾਬ ਦੇ ਐਮ. ਐਲ. ਏ. ਪਾਰਟੀ ਵਰਕਰ ਤੇ ਐਮ ਪੀ, ਕੋਈ ਆਪਣਾ ਇਤਰਾਜ਼ ਨਹੀਂ ਜਿਤਾ ਰਹੇ। ਸਾਰੇ ਗੂੰਗੇ ਬਹਿਰ ਬਣ ਕੇ ਤਮਾਸ਼ਾ ਦੇਖ ਰਹੇ ਹਨ।

ਪੰਜਾਬ ਸਰਕਾਰ ਦੇ ਨੱਕ ਹੇਠ ਪੰਜਾਬ ਦਾ ਡੀ. ਜੀ. ਪੀ. ਭਾਊ ਭੁਲਰ ਫੜਿਆ ਗਿਆ ਹੈ। ਮੀਡੀਆ ਦੀ ਜਾਣਕਾਰੀ ਅਨੁਸਾਰ ਦੁਕਾਨਾਂ, ਪਲਾਟ, ਫਲੈਟ, ਫਾਰਮ ਹਊਸ, ਕੋਠੀਆਂ, ਨਕਦ ਨਰਾਇਣ ਪ੍ਰਗਟ ਹੋਇਆ ਹੈ ਉਸ ਨਾਲ ਪੰਜਾਬ ਸਰਕਾਰ ਦੀ ਬਦਨਾਮੀ ਹੀ ਹੋਈ ਹੈ। ਪੰਜਾਬ ਸਰਕਾਰ ‘ਤੇ ਪੂਰੀ ਤਰ੍ਹਾਂ ਅਫ਼ਸਰਸ਼ਾਹੀ ਭਾਰੂ ਹੋਈ ਹੈ। ਕਿੰਨੀਆਂ ਖਬਰਾਂ ਨਸ਼ਾਰ ਹੁੰਦੀਆਂ ਹਨ ਪਰ ਸਜਾ ਕਿਸੇ ਨੂੰ ਕੋਈ ਖਾਸ ਨਹੀਂ ਮਿਲੀ। ਜੇ ਇਸ ਨੂੰ ਬਦਲਾਅ ਕਿਹਾ ਜਾਂਦਾ ਹੈ ਤਾਂ ਫਿਰ ਪੰਜਾਬ ਦਾ ਕੋਈ ਵਾਰਸ ਨਹੀਂ ਹੈ। ਤੁਸੀਂ ਪਾਣੀ ਬਣ ਕੇ ਆਏ ਸੀ ਭਾਫ਼ ਬਣ ਕੇ ਉੱਡ ਰਹੇ ਹੋ। ਆਮ ਆਦਮੀ ਪਾਰਟੀ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਬਣਾਉਣ ਵਾਸਤੇ ਕਈ ਤਰ੍ਹਾਂ ਦੇ ਪਾਪੜ ਵੇਲ ਰਹੀ ਹੈ। ਜੇ ਪਰਟੀ ਸਪਰੌਮੋ ਪੰਜਾਬ ਆਉਂਦਾ ਹੈ ਤਾਂ ਕਹਿੰਦਾ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ, ਜੇ ਹਰਿਆਣੇ ਜਾਂਦਾ ਹੈ ਤਾਂ ਕਹਿੰਦਾ ਹੈ ਸਤਲੁਜ ਜਮਨਾ ਲਿੰਕ ਨਹਿਰ ਬਣਨੀ ਚਾਹੀਦੀ ਹੈ।

ਕਨੇਡਾ ਵਿੱਚ ਟਰੂਡੋ ਕਹਿੰਦਾ ਸੀ ਵੋਟਾਂ ਮੈਨੂੰ ਪਾਓ ਮੈਂ ਵਦਿਆਰਥੀਆਂ ਨੂੰ ਪਹਿਲ ਦਿਆਂਗਾ। ਟਰੂਡੋ ਪ੍ਰਧਾਨ ਮੰਤ੍ਰੀ ਬਣ ਗਿਆ। ਲੋਕ ਧੜਾ ਧੜਾ ਕਨੇਡਾ ਪਹੁੰਚਗੇ। ਜਦੋ ਵੇਖਿਆ ਕਿ ਦੁਨੀਆਂ ਬਹੁਤ ਆ ਗਈ ਹੈ ਤਾਂ ਹੁਣ ਵਾਲੇ ਪ੍ਰਧਾਨ ਮੰਤ੍ਰੀ ਨੇ ਕਿਹਾ ਸੀ ਕਿ ਵੋਟਾਂ ਮੈਨੂੰ ਪਾਓ ਮੈਂ ਵਿਦਿਆਰਥੀ ਦੇਸ਼ ਵਿਚੋਂ ਬਾਹਰ ਕੱਢਾਂਗਾ। ਪਹਿਲਾਂ ਵਿਦਿਆਰਥੀਆਂ ਨੂੰ ਲਿਆਉਣ ਦੇ ਨਾਂ ਤੇ ਵੋਟਾਂ ਲੈ ਗਿਆ ਹੁਣ ਕੱਢਣ ਦੇ ਨਾਂ ‘ਤੇ ਲੈ ਗਿਆ।

ਆਮ ਆਦਮੀ ਪਾਰਟੀ ਕੋਲੇ ਅਜੇ ਵੀ ਸਮਾਂ ਹੈ ਬੇਲੋੜੀ ਇਲਜ਼ਾਮ ਤਰਾਸ਼ੀ, ਚੁਟਕਲੇ ਟਿਚਰਾਂ ਛੱਡ ਕੇ ਪੰਜਾਬ ਲਈ ਠੋਸ ਨੀਤੀ ਬਣਾਉਣ ਦਾ। ਕੇਂਦਰ ਸਰਕਾਰ ਕੋਲੋਂ ਤੁਸੀਂ ਪੈਸੇ ਮੰਗਦੇ ਹੋ ਉਹ ਕਹਿੰਦੇ ਹਨ ਜਿਹੜੇ ਪਹਿਲਾਂ ਭੇਜੇ ਸਨ ਉਨ੍ਹਾਂ ਦਾ ਹਿਸਾਬ ਦਿਓ। ਵਿਧਾਨ ਸਭਾ ਵਿੱਚ ਬਾਜਵਾ ਕਹਿੰਦਾ ਹੈ ਸ਼ਰਾਬ ਵਾਲੀਆਂ ਫੈਕਟਰੀਆਂ ਕੋਲੋਂ ਤੂਹਾਨੂੰ ਕਰੋੜਾਂ ਰੁਪਇਆ ਆਉਂਦਾ ਹੈ ਤੁਸੀਂ ਕੋਈ ਠੋਸ ਜੁਆਬ ਨਹੀਂ ਦਿੰਦੇ।

ਵਿਧਾਨ ਸਭਾ ਦਾ ਇਜਲਾਸ ਹੋੜੇ ਮਿਹਣਆਂ ਵਿੱਚ ਗਵਾਚ ਜਾਂਦਾ ਹੈ। ਦੁਖ ਇਸ ਗੱਲ ਦਾ ਹੈ ਕਿ ਵਿਰੋਧੀ ਪਾਰਟੀ ਕੋਲ ਵੀ ਪੰਜਾਬ ਪ੍ਰਤੀ ਠੋਸ ਨੀਤੀ ਨਹੀਂ ਹੈ। ਕੀ ਨਿੱਜੀ ਤੋਹਮਤਬਾਜ਼ੀ ਹੀ ਤੁਹਾਡੇ ਕੋਲ ਰਹਿ ਗਈ ਹੈ?

ਭਾਈ ਸੁਖਵਿੰਦਰ ਸਿੰਘ ਦਦੇਹਰ ਵਾਈਸ ਪ੍ਰਿੰਸੀਪਲ ਹੁਰਾਂ ਨੇ ਬਹੁਤ ਸਟੀਕ ਟਿੱਪਣੀ ਕੀਤੀ ਹੈ

ਸੀ. ਐਮ. ਪੰਜਾਬ ਜੀ ਇਹ ਗੱਲਾਂ ਪੁਰਾਣੀਆਂ ਹਨ। ਵਿਧਾਨ ਸਭਾ ਵਿੱਚ ਮਤੇ ਪਾਣੀਆਂ ਦੇ
ਪੰਜਾਬੀ ਬੋਲਦੇ ਇਲਾਕਿਆਂ ਦੇ ਰਾਜਧਾਨੀ ਚੰਡੀਗੜ੍ਹ ਦੇ ਪੰਜਾਬੀ ਬੋਲੀ ਦੇ ਡੈਮਾਂ ਦੀ ਸੁਰੱਖਿਆ ਦੇ ਬਾਰਡਰ ਤੋਂ 50 ਕਿਲੋਮੀਟਰ ਏਰੀਏ ਦੇ ਹੋਰ ਵੀ ਹੋਣਗੇ ?
ਅੱਜ ਤੱਕ ਇੱਕ ਵੀ ਮੁਦਾ ਹੱਲ ਹੋਇਆ ਤਾ ਦੱਸੋ.?
ਕਚਿਹਰੀਆਂ ਨੇ ਕਦੀ ਪੰਜਾਬ ਨਾਲ ਨਿਆਂ ਵਾਲਾ ਫੈਸਲਾ ਕੀਤਾ ?
ਇਹ ਵਿਧਾਨ ਸਭਾ ਦੇ ਮਤੇ ਇਹ ਕਚਿਹਰੀਆਂ ਜਾਣ ਦਾ ਰਾਹ ਸਿਰਫ ਖੱਜਲ ਕਰਨ ਅਤੇ ਕੰਮ ਲਮਕਾ ਕੇ ਕੇਂਦਰ ਦੇ ਹੱਥ ਮਜਬੂਤ ਕਰਨ ਵਾਲਾ ਹੀ ਹੈ।
ਕਿਸਾਨ ਅੰਦੋਲਨ ਵੇਲੇ ਸਰਕਾਰ ਦਾ ਬੜਾ ਜ਼ੋਰ ਲੱਗਾ ਸੀ ਕਿ ਕਿਸਾਨ ਅਦਾਲਤ ਵਿੱਚ ਆਉਣ ।
ਪਰ ਕਿਸਾਨ ਅੜੇ ਰਹੇ ਤੇ ਆਖਰ ਸਰਕਾਰ ਗੋਡਿਆਂ ਭਾਰ ਹੋ ਗਈ ।
ਪੰਜਾਬ ਸਰਕਾਰ ਜੀ ਹੋਸ਼ ਕਰੋ।

ਅਸੀਂ ਆਮ ਆਦਮੀ ਪਾਰਟੀ ਨੂੰ ਸੁਝਾਅ ਦਿਆਂਗੇ ਕਿ ਅਜੇ ਵੀ ਤੁਸੀਂ ਕੁਝ ਕਰ ਸਕਦੇ ਹੋ। ਦਿੱਲੀ ਵਾਲੇ ਭਾਈਆਂ ਦਾ ਤਿਆਗ ਕਰਕੇ ਪੰਜਾਬ ਦੇ ਪੁਤ ਬਣੋ ਤੇ ਪੰਜਾਬ ਦੇ ਭਲੇ ਦੀ ਗੱਲ ਕਰੋ। ਨਿੱਜੀ ਤੋਹਮਤ ਬਾਜ਼ੀਆਂ, ਚੁਟਕਲੇ ਛੱਡ ਕੇ ਬਿਆਨਬਾਜ਼ੀ ਘੱਟ ਕਰੋ ਤੇ ਕੋਈ ਠੋਸ ਕੰਮ ਕਰੋ। ਜੇ ਸੁਖਬੀਰ ਸਿੰਘ ਬਾਦਲ ਦੇ ਸੁਖ ਵਿਲਾਸ ਦਾ ਤੁਸੀਂ ਕੁਝ ਵਿਗਾੜ ਨਹੀਂ ਸਕਦੇ ਸੀ ਤਾਂ ਫਾਲਤੂ ਦੀਆਂ ਬਿਆਨ ਬਾਜੀਆਂ ਕਰਨ ਦਾ ਵੀ ਕੋਈ ਲਾਭ ਨਹੀਂ ਹੈ। ਤੁਹਾਡੀਆਂ ਸਾਰੀਆਂ ਨੀਤੀਆਂ ਪੰਜਾਬੀ ਦਾ ਆਹ ਮੁਹਾਵਰਾ ਬੜਾ ਵਧੀਆ ਢੁਕਦਾ ਹੈ ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇ ਖਾਹ।