ਕੈਪਟਨ ਅਵਤਾਰ ਸਿੰਘ
97819-90206
ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਅਤੇ ਰਾਜਨੀਤਕ ਦਬਾਅ ਕਰਕੇ ਘਾਣ
ਮੀਰੀ ਪੀਰੀ ਦੇ ਸਿਰਜਕ ਗੁਰੂ ਨਾਨਕ ਸਾਹਿਬ ਜੀ ਹਨ। ਉਨ੍ਹਾਂ ਨੇ ਮੌਕੇ ਦੇ ਹਾਕਮ ਕਾਜ਼ੀ ਅਤੇ ਬਾਬਰ ਵਰਗੇ ਬਾਦਸ਼ਾਹ ਨੂੰ ਲਲਕਾਰਿਆਂ ਸੀ, ਗੁਰਬਾਣੀ ਦਾ ਫੁਰਮਾਨ ਹੈ-
ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ (1288)
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮਾਜ ਵਿੱਚ ਮੀਰੀ ਪੀਰੀ ਦੇ ਸਿਧਾਂਤ ਨੂੰ ਅੱਗੇ ਵਧਾਉਂਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਮੌਕੇ ਦੇ ਹਾਕਮਾਂ ਨਾਲ ਜੰਗਾਂ ਵੀ ਲੜੀਆਂ ਅਤੇ ਜਿੱਤਾਂ ਪ੍ਰਾਪਤ ਕੀਤੀਆਂ।
ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਵਾਸਤੇ ਸਰਵਉੱਚ ਹੈ, ਜੋ ਪੀਰੀ ਦੇ ਨਾਲ ਮੀਰੀ ਦੇ ਸਿਧਾਂਤ ਦੀ ਅਗਵਾਈ ਕਰਦਾ ਹੈ। ਸਿੱਖਾਂ ਦਾ ਕੋਈ ਵੀ ਧਾਰਮਿਕ ਅਤੇ ਪੰਥਕ ਮਾਮਲਾ ਹੋਵੇ ਤਾਂ ਉਹ ਪੰਜਾਂ ਤਖਤਾਂ ਦੇ ਜਥੇਦਾਰ ਮਿਲ ਬੈਠ ਕੇ ਅਕਾਲ ਤਖਤ (ਅੰਮ੍ਰਿਤਸਰ) ਦੀ ਰਹਿਨੁਮਾਈ ਹੇਠ ਵਿਚਾਰ ਕਰਦੇ ਹਨ ਅਤੇ ਉਹ ਹੁਕਮ ਹਰ ਸਿੱਖ ਨੂੰ ਮੰਨਣਾ ਜਰੂਰੀ ਹੂੰਦਾ ਹੈ। ਜਦੋਂ ਦੀ ਇਹ ਪ੍ਰਥਾ ਚਲੀ ਆਉਂਦੀ ਹੈ, ਜਥੇਦਾਰ ਦੇ ਹੁਕਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਪਦੇਸ਼ ਹੀ ਸਮਝੇ ਜਾਂਦੇ ਸਨ। ਪਰ ਹੁਣ ਇਸ ਰਹੁਰੀਤ ਨੂੰ ਰਾਜਨੀਤਕ ਲੋਕਾਂ ਨੇ ਹੱਥਾਂ ਵਿੱਚ ਲੈ ਲਿਆ ਹੋਣ ਕਰਕੇ ਜਥੇਦਾਰਾਂ ਦੇ ਹੁਕਮਾਂ ਨੂੰ ਵੀ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਹਨ। ਹੱਥਲੇ ਲੇਖ ਵਿੱਚ ਗੁਰੂ ਪਾਤਸ਼ਾਹ ਦੇ ਤਖਤ ਦੀ ਰਾਜਸੀ ਵਰਤੋਂ ਦੀ ਗੱਲ ਕਰਨ ਤੋਂ ਪਹਿਲਾਂ ਕੁਝ ਇਸ ਮਹਾਨ ਤਖਤ ਬਾਰੇ ਜਾਨਣਾ ਵੀ ਜ਼ਰੂਰੀ ਹੈ।
ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮੇ ਸਮੂਹ ਸਿੱਖ ਜਗਤ ਤੇ ਸਾਰੀਆਂ ਸਿੰਘ ਸਭਾਵਾਂ ਤੇ ਲਾਗੂ ਹੁੰਦੇ ਹਨ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਠੀਕ ਸਾਹਮਣੇ 1609 ਨੂੰ ਕੀਤੀ, ਅਕਾਲ ਤਖਤ ਦੀ ਸਿਰਜਣਾ ਤੋਂ ਪਹਿਲਾਂ ਉਹ ਖੁਲੀ ਥਾਂ ਸੀ, ਜਿਥੇ ਗੁਰੂ ਹਰਗੋਬਿੰਦ ਜੀ ਬਚਪਨ ਵਿੱਚ ਖੇਡਿਆ ਕਰਦੇ ਸਨ। ਉਥੇ ਮਿੱਟੀ ਦਾ ਇੱਕ 3.5 ਮੀਟਰ ਉੱਚ ਟਿੱਲਾ ਸੀ ਜਿਸ ’ਤੇ ਗੁਰੂ ਜੀ ਮੂਲ ਤਖ਼ਤ ਤੇ ਰਾਇਲਟੀ ਦੇ ਪ੍ਰਤੀਕ ਚਿੰਨ੍ਹ ਛਤਰ ਅਤੇ ਚੌਰ ਸਮੇਤ ਇੱਕ ਰਾਜਾ ਦੀ ਤਰ੍ਹਾਂ ਦਰਬਾਰ ਲਾਕੇ ਬੈਠ ਜਾਂਦੇ ਸਨ ਅਤੇ ਸੰਗਤਾਂ ਦੀਆਂ ਮੁਸ਼ਕਲਾਂ ਅਤੇ ਇਨਸਾਫ਼ ਕਰਨ ਦੇ ਆਲੀਸ਼ਾਨ ਕਾਰਜ ਕਰਦੇ। 1984 ਤੋਂ ਪਹਿਲਾਂ ਦਾ ਅਕਾਲ ਤਖ਼ਤ ਇੱਕ ਵੱਡੀ 5 ਮੰਜ਼ਿਲਾ ਆਧੁਨਿਕ ਇਮਾਰਤ ਸੀ (3 ਮੰਜ਼ਿਲਾ ਮਹਾਰਾਜਾ ਰਣਜੀਤ ਸਿੰਘ ਦੁਆਰਾ ਜੋੜੀਆਂ ਗਈਆਂ ਸਨ) ਜੋ ਸੰਗਮਰਮਰ ਨਾਲ ਜੜਿਆ ਹੈ ਅਤੇ ਗੁੰਬਦ ਦੀ ਉਸਾਰੀ ਸਰਦਾਰ ਹਰੀ ਸਿੰਘ ਨਲਵਾ ਨੇ ਕਰਵਾਈ ਸੀ। ਗੁੰਬਦ ਤੇ ਸੋਨੇ ਦੇ ਪਤਰੇ ਮੜ੍ਹੇ ਹੋਏ ਸਨ, ਇਹ ਗੁਰੂ ਹਰਗੋਬਿੰਦ ਸਾਹਿਬ ਦੇ ਸਰਲ ਤਖ਼ਤ ਦੇ ਡਿਜਾਇਨ ਵਾਲੇ ਨਹੀਂ ਸਨ। ਇਹ ਸਾਰੀ ਬਿਲਡਿੰਗ 1984 ਦੇ ਹਮਲੇ ਤੋਂ ਬਾਅਦ ਦੁਬਾਰਾ ਢਾਹ ਕੇ ਉਸਾਰੀ ਗਈ।
1984 ਦੇ ਘੱਲੂਘਾਰੇ ਤੋਂ ਪਹਿਲਾਂ ਸੁਹਣੀ ਪੇਂਟ ਕੀਤੀ ਚੂਨਾ ਪਲੱਸਤਰ ਦੀ ਇੱਕ ਤਹਿ ਨੰਗੀ ਹੋਈ ਸੀ ਜੋ ਮੂਲ ਤਖ਼ਤ ਦਾ ਹਿੱਸਾ ਹੋ ਸਕਦੀ ਹੈ। ਇਸ ਦੀਆਂ ਕੰਧਾਂ ਉੱਤੇ 19ਵੀਂ ਸਦੀ ਵਿੱਚ ਚਿੱਤਰ ਉਲੀਕੇ ਗਏ ਸਨ। ਇਨ੍ਹਾਂ ਕੰਧ-ਚਿੱਤਰਾਂ ਦੇ ਰੰਗ ਕੁਝ ਥਾਵਾਂ ਤੋਂ ਮਿਟ ਗਏ ਸਨ, ਪਰ ਸਾਂਭੇ ਜਾ ਸਕਣ ਦੀ ਸਥਿਤੀ ਵਿੱਚ ਸਨ। ਲਗਪਗ 30 ਚਿੱਤਰ ਪੇਂਟ ਕੀਤੇ ਗਏ ਸਨ। 1984 ਦੇ ਬਲਿਊ ਸਟਾਰ ਸਮੇਂ ਇਹ ਨਸ਼ਟ ਹੋ ਗਏ।
ਅਕਾਲ ਤਖਤ ਦੀ ਸਿਰਜਣਾ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਿੱਖੀ ਪ੍ਰਚਾਰ ਨਾਲ ਸਿੱਖ ਇਤਿਹਾਸ ‘ਚ ਇੱਕ ਨਵਾਂ ਮੋੜ ਆਇਆ ਅਤੇ ਸਿੱਖਾਂ ਨੇ ਸ਼ਸਤਰ ਧਾਰਨੇ ਵੀ ਸ਼ੁਰੂ ਕਰ ਦਿੱਤੇ। 17ਵੀਂ ਅਤੇ 18ਵੀਂ ਸਦੀ ਦੇ ਸ਼ਾਸਕਾਂ ਦੇ ਜ਼ੁਲਮ ਅਤੇ ਬੇਰਹਿਮੀ ਦੇ ਖਿਲਾਫ ਰਾਜਨੀਤਕ ਅਤੇ ਸੈਨਿਕ ਪ੍ਰਤੀਰੋਧ ਦੇ ਪ੍ਰਤੀਕ ਵਜੋਂ ਇਹ ਖਾਸ ਰਿਹਾ। 18ਵੀਂ ਸਦੀ ਵਿੱਚ, ਅਹਿਮਦ ਸ਼ਾਹ ਅਬਦਾਲੀ ਅਤੇ ਮੱਸੇ ਰੰਘੜ ਨੇ ਅਕਾਲ ਤਖ਼ਤ ਉੱਤੇ ਹਮਲਿਆਂ ਦੀ ਅਗਵਾਈ ਕੀਤੀ ਸੀ। ਦਸੰਬਰ 1674 ਨੂੰ ਭਾਈ ਗੁਰਬਖ਼ਸ਼ ਸਿੰਘ 30 ਸਿੱਖਾਂ ਦੀ ਅਗਵਾਈ ਵਿੱਚ ਅਹਿਮਦ ਸ਼ਾਹ ਦੁਰਾਨੀ ਤੋਂ ਅਕਾਲ ਬੁੰਗੇ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ। ਗੁਰੂ ਹਰਗੋਬਿੰਦ ਸਾਹਿਬ ਦੇ 1635 ਵਿੱਚ ਸ੍ਰੀ ਕੀਰਤਪੁਰ ਸਾਹਿਬ ਚਲੇ ਜਾਣ ਉਪਰੰਤ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਅਸਥਾਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਦੇ ਹੱਥ ਵਿੱਚ ਚਲਾ ਗਿਆ। ਪ੍ਰਿਥੀ ਚੰਦ ਦੇ ਪੋਤਰੇ ਹਰ ਜੀ 1696 ਤਕ 55 ਸਾਲ ਲਈ ਤਖ਼ਤ ਦੇ ਸੰਚਾਲਕ ਰਹੇ। 1699 ਵਿੱਚ ਖਾਲਸਾ ਪੰਥ ਦੀ ਸਿਰਜਣਾ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਲਈ ਭੇਜਿਆ। 1716 ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਦਰਬਾਰ ਸਾਹਿਬ ਦਾ ਸਰੋਵਰ ਤੇ ਅਕਾਲ ਤਖਤ ਸਿੱਖਾਂ ਲਈ ਚੜ੍ਹਦੀ ਕਲਾ ਅਤੇ ਰੂਹਾਨੀ ਆਨੰਦ ਦੇ ਮੁਖ ਸਰੋਤ ਰਹੇ ਹਨ। ਦਿਵਾਲੀ ਤੇ ਵਿਸਾਖੀ ਨੂੰ ਇਥੇ ਸਰਬੱਤ ਖਾਲਸਾ ਦੀਵਾਨ ਸਜਦੇ ਤੇ ਗੁਰਮਤੇ ਰਾਹੀਂ ਗੰਭੀਰ ਪੰਥਕ ਮਸਲਿਆਂ ਤੇ ਫੈਸਲੈ ਲਏ ਜਾਂਦੇ। ਉਦਾਹਰਣ ਦੇ ਤੌਰ ਤੇ 4 ਅਕਤੂਬਰ 1745 ਨੂੰ ਗੁਰਮਤਾ ਕਰਕੇ ਖਾਲਸੇ ਦੀ 25 ਜੱਥਿਆਂ ਵਿੱਚ ਵੰਡ ਕੀਤੀ ਗਈ। 19 ਮਾਰਚ 1748 ਦੀ ਵਿਸਾਖੀ ਵਾਲੇ ਦਿਨ 11 ਮਿਸਲਾਂ ਬਣਾਉਣ ਦਾ ਗੁਰਮਤਾ ਕੀਤਾ ਗਿਆ। 10 ਅਪ੍ਰੈਲ 1765 ਨੂੰ ਗੁਰਮਤੇ ਵਿੱਚ ਮੁੜ ਉਸਾਰੀ ਦਾ ਫੈਸਲਾ ਲੈ ਕੇ 1774 ਤਕ ਜ਼ਮੀਨੀ ਤਲ ਤਕ ਅਕਾਲ ਬੁੰਗਾ ਮੁੜ ਉਸਾਰ ਲਿਆ ਗਿਆ। ਬਾਕੀ ਦੀ ਪੰਜ ਮੰਜ਼ਿਲਾ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਮੁਕੰਮਲ ਹੋਈ। ਤੀਸਰੀ ਮੰਜ਼ਿਲ ਤੇ ਬਣੇ ਹਾਲ ਕਮਰੇ ਦਾ ਤੇਜਾ ਸਿੰਘ ਸਮੁੰਦਰੀ ਹਾਲ ਬਣਨ ਤਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਇਕੱਤਰਤਾਵਾਂ ਲਈ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਜੂਨ 1984 ਵਿੱਚ ਅਕਾਲ ਬੁੰਗੇ ਦਾ ਮੱਥਾ ਇੱਕ ਵਾਰ ਫਿਰ ਬਲਿਊਸਟਾਰ ਆਪ੍ਰੇਸ਼ਨ ਦੌਰਾਨ ਹਿੰਦੁਸਤਾਨੀ ਫੌਜ ਦੁਆਰਾ ਬਰਬਾਦ ਕੀਤਾ ਗਿਆ। ਭਾਵੇਂ ਭਾਰਤ ਸਰਕਾਰ ਨੇ ਮੁੜ ਉਸਾਰੀ ਕਰਵਾਈ ਪਰ ਸਿੱਖਾਂ ਨੂੰ ਇਹ ਪ੍ਰਵਾਨ ਨਹੀਂ ਸੀ। 1986 ਵਿੱਚ ਇਮਾਰਤ ਨੂੰ ਢਾਹ ਕੇ ਕਾਰ ਸੇਵਾ ਰਾਹੀਂ ਅਕਾਲ ਬੁੰਗੇ ਦੀ ਮੁੜ ਉਸਾਰੀ ਕੀਤੀ ਗਈ ਹੈ ਜੋ ਕਿ ਅਜੋਕੀ ਇਮਾਰਤ ਹੈ।
1920 ਤੱਕ ਦਰਬਾਰ ਸਾਹਿਬ ਦੇ ਪੁਜਾਰੀ, ਅਖੌਤੀ-ਪਛੜੀਆਂ ਜਾਤਾਂ ਦੇ ਸਿੱਖਾਂ ਦਾ ਪ੍ਰਸ਼ਾਦ ਨਹੀਂ ਸਨ ਕਬੂਲ ਕਰਦੇ। ਜਲ੍ਹਿਆਂ ਵਾਲੇ ਬਾਗ਼ ਵਿੱਚ, 11 ਅਕਤੂਬਰ ਨੂੰ ਰਾਤ ਵੇਲੇ ਮਤਾ ਪਾਸ ਹੋਇਆ ਕਿ ਅਗਲੀ ਸਵੇਰ ਨੂੰ ਅਖੌਤੀ-ਪਛੜੀਆਂ ਜਾਤਾਂ ਦੇ ਸਿੱਖ, ਪ੍ਰਸ਼ਾਦ ਲੈ ਕੇ ਦਰਬਾਰ ਸਾਹਿਬ ਜਾਣ। ਉਨ੍ਹਾਂ ਨਾਲ ਕਈ ਸਿੱਖ ਆਗੂ ਜਾਣ ਵਾਸਤੇ ਤਿਆਰ ਹੋ ਗਏ। ਅਗਲੇ ਦਿਨ ਅਖੌਤੀ-ਪਛੜੀਆਂ ਜਾਤਾਂ ਦੇ ਕਈ ਸਿੰਘਾਂ ਨੇ ਖੰਡੇ ਦੀ ਪਾਹੁਲ ਲਈ (ਅੰਮ੍ਰਿਤ ਛਕਿਆ)। ਦੀਵਾਨ ਖ਼ਤਮ ਹੋਣ ਤੋਂ ਬਾਅਦ, ਇਹ ਸਾਰੇ ਸਿੱਖ, ਇਕੱਠੇ ਹੋ ਕੇ, ਸੁੰਦਰ ਸਿੰਘ ਮਜੀਠੀਆ ਦੀ ਅਗਵਾਈ ਹੇਠ ਦਰਬਾਰ ਸਾਹਿਬ ਗਏ। ਜਿਹਾ ਕਿ ਉਮੀਦ ਸੀ, ਪੁਜਾਰੀਆਂ ਨੇ ਪ੍ਰਸ਼ਾਦ ਕਬੂਲ ਨਾ ਕੀਤਾ। ਪ੍ਰੋ. ਹਰਕਿਸ਼ਨ ਸਿੰਘ ਬਾਵਾ ਨੇ ਗਲ ਵਿੱਚ ਪੱਲਾ ਪਾ ਕੇ ਤਿੰਨ ਵਾਰ ਪੁਜਾਰੀਆਂ ਨੂੰ ਅਰਜ਼ ਕੀਤੀ ਕਿ ਉਹ ਪ੍ਰਸ਼ਾਦ ਕਬੂਲ ਕਰ ਲੈਣ। ਪਰ ਪੁਜਾਰੀਆਂ ਨੇ ਨੰਨਾ ਹੀ ਫੜੀ ਰਖਿਆ। ਏਨੇ ਚਿਰ ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਜਥੇਦਾਰ ਤੇਜਾ ਸਿੰਘ ਭੁਚਰ ਵੀ ਪੁਜ ਗਏ। ਹੁਣ ਸੰਗਤ ਦੀ ਗਿਣਤੀ ਬਹੁਤ ਹੋ ਚੁਕੀ ਸੀ। ਸਿੱਖ ਲੀਡਰਾਂ ਅਤੇ ਸੰਗਤਾਂ ਦੇ ਜੋਰ ਅੱਗੇ ਪੁਜਾਰੀ ਹਾਰ ਗਏ, ਅਰਦਾਸ ਹੋਈ, ਹੁਕਮ ਲਿਆ ਗਿਆ।
ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ॥
ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ॥ (638)
ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸੁਣ ਕੇ ਸੰਗਤ ਵਿਸਮਾਦ ਵਿੱਚ ਆ ਗਈ। ਇਸ ਤੋਂ ਬਾਅਦ ਸੰਗਤ ਅਕਾਲ ਤਖ਼ਤ ਸਾਹਿਬ ਵੱਲ ਗਈ। ਸੰਗਤ ਨੂੰ ਆਉਂਦਿਆਂ ਵੇਖ ਕੇ ਪੁਜਾਰੀ, ਤਖ਼ਤ ਸਾਹਿਬ ਨੂੰ ਸੁੰਨਾ ਛੱਡ ਕੇ ਚਲੇ ਗਏ। ਉਨ੍ਹਾਂ ਦੇ ਜਾਣ ਮਗਰੋਂ ਸੰਗਤ ਨੇ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ। ਅਕਾਲ ਤਖ਼ਤ ਸਾਹਿਬ ਉਤੇ ਸਿੱਖ ਆਗੂਆਂ ਦੇ ਲੈਕਚਰ ਹੋਏ। ਬਾਅਦ ਵਿੱਚ ਹਾਜ਼ਰ ਸੰਗਤ ਨੇ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਵਾਸਤੇ 25 ਸਿੰਘਾਂ ਦਾ ਇੱਕ ਜੱਥਾ ਬਣਾਉਣ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਪੁਜਾਰੀਆਂ ਨੂੰ ਲਾਂਭੇ ਕਰਕੇ ਕਮੇਟੀ ਨੇ ਅਕਾਲ ਤਖਤ ਦੀ ਸੇਵਾ ਸੰਭਾਲ ਲਈ।
ਸ੍ਰੀ ਦਰਬਾਰ ਸਾਹਿਬ ਦੇ ਅੰਮ੍ਰਿਤ ਵੇਲੇ ਕਿਵਾੜ ਖੁਲ੍ਹਣ ਤੋਂ ਇੱਕ ਘੰਟਾ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਿਵਾੜ ਖੁਲ੍ਹ ਜਾਂਦੇ ਹਨ। ਉਸ ਤੋਂ ਇੱਕ ਘੰਟਾ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਨਗਾਰੇ ’ਤੇ ਨਗਾਰਚੀ ਚੋਟ ਲਗਾਉਂਦਾ ਹੈ। ਗੁਰੂ ਸਾਹਿਬ ਜੀ ਦੀ ਸਵਾਰੀ ਸ੍ਰੀ ਦਰਬਾਰ ਸਾਹਿਬ ਵਿਖੇ ਲੈ ਕੇ ਜਾਣ ਸੰਬੰਧੀ ਮਰਯਾਦਾ ਅਨੁਸਾਰ ਸਾਰੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਦਰਸ਼ਨੀ ਡਿਊਢੀ ਵਿੱਚ ਸੁਨਹਿਰੀ ਪਾਲਕੀ ਦੇ ਦਾਖਲ ਹੋਣ ਤੱਕ ਨਗਾਰਾ ਵੱਜਦਾ ਰਹਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੇ ਚਲੇ ਜਾਣ ਤੋਂ ਬਾਅਦ ਤਖ਼ਤ ਸਾਹਿਬ ਦੇ ਅੰਦਰਵਾਰ ਤੇ ਬਾਹਰਵਾਰ ਦੋਹਾਂ ਥਾਵਾਂ ਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਦੋ ਪਾਵਨ ਸਰੂਪਾਂ ਦਾ ਸਤਿਕਾਰ ਸਹਿਤ ਪ੍ਰਕਾਸ਼ ਕੀਤਾ ਜਾਂਦਾ ਹੈ। ਫਿਰ ਇਤਿਹਾਸਕ ਸ਼ਸਤਰਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ਤਖ਼ਤ ਸਾਹਿਬ ਦੇ ਸਾਹਮਣੇ ਹੇਠ ਤਖ਼ਤ ਸਾਹਿਬ ਦਾ ਹਜ਼ੂਰੀ ਰਾਗੀ ਜੱਥਾ ‘ਆਸਾ ਦੀ ਵਾਰ’ ਦਾ ਕੀਰਤਨ ਕਰਦਾ ਹੈ।
ਬਲਿਊ ਸਟਾਰ ਆਪ੍ਰੇਸ਼ਨ ਸਮੇਂ ਹੋਈ ਬਰਬਾਦੀ
ਜੂਨ 1984 ਵਿੱਚ ਭਾਰਤੀ ਸੈਨਾ ਦੀ ਬਲਿਊ ਸਟਾਰ ਆਪ੍ਰੇਸ਼ਨ ਸਮੇਂ ਕੀਤੀ ਕਾਰਵਾਈ ਦੇ ਨਤੀਜੇ ਵਜੋਂ ਅਕਾਲ ਤਖ਼ਤ ਦਾ ਭਾਰੀ ਨੁਕਸਾਨ ਹੋਇਆ। 4 ਤੋਂ 6 ਜੂਨ 1984 ਨੂੰ ਭਾਰਤੀ ਸੈਨਾ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਉਸਦੇ ਹਥਿਆਰਬੰਦ ਹਮੈਤੀਆਂ ਨੂੰ ਕਾਬੂ ਕਰਨ ਲਈ ਟੈਂਕ ਤੱਕ ਇਸਤੇਮਾਲ ਕੀਤੇ ਸਨ।
ਜੋ ਕੁਝ 1984 ਵਿੱਚ ਹੋਇਆ ਉਹ ਸਾਡੇ ਸੰਵਿਧਾਨ ਵਿੱਚ ਦਰਜ ਰਾਸ਼ਟਰ ਦੇ ਸੰਕਲਪ ਦਾ ਹੀ ਵਿਰੋਧ ਹੈ। ਅਤੀਤ ਸਾਡੇ ਪਿੱਛੇ ਰਹਿ ਗਿਆ ਹੈ। ਉਸਨੂੰ ਅਸੀਂ ਬਦਲ ਨਹੀਂ ਸਕਦੇ, ਲੇਕਿਨ ਭਵਿੱਖ ਨੂੰ ਅਸੀਂ ਲਿਖ ਸਕਦੇ ਹਾਂ। ਸਾਡੇ ਕੋਲ ਸਾਡੇ ਸਾਰਿਆਂ ਲਈ ਬਿਹਤਰ ਭਵਿੱਖ ਲਿਖ ਲੈਣ ਦੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ। 2005 ਵਿੱਚ ਕਾਂਗਰਸ ਪਾਰਟੀ ਵਲੋਂ ਬਣੇ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਨ੍ਹਾਂ ਮੰਦਭਾਗੇ ਦਿਨਾਂ ਦੌਰਾਨ ਵਾਪਰੀਆਂ ਮਾੜੀਆਂ ਘਟਨਾਵਾਂ ਲਈ ਸਿੱਖਾਂ ਤੋਂ ਹੀ ਨਹੀਂ, ਸਾਰੇ ਰਾਸ਼ਟਰ ਤੋਂ ਮੁਆਫੀ ਮੰਗੀ ਸੀ।
ਬਹੁਤ ਸਾਰੇ ਵਿਦਵਾਨਾਂ ਦੀ ਰਾਇ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕੋਈ ਅਹੁਦਾ ਪੱਕਾ ਨਹੀਂ ਸੀ ਜਦੋਂ ਵੀ ਕਿਤੇ ਕੋਈ ਪੰਥ ਵਿੱਚ ਦੁਬਿਧਾ ਆਉਂਦੀ ਸੀ ਤਿਆਰ ਬਰ ਤਿਆਰ ਪੰਜ ਸਿੰਘਾਂ ਦੀ ਚੋਣ ਕੀਤੀ ਜਾਂਦੀ ਸੀ ਅਤੇ ਉਹ ਪੰਜੇ ਸਿੰਘ ਵਿਚਾਰ ਕਰਕੇ ਬਿਨਾਂ ਕਿਸੇ ਭੇਦ ਭਾਵ ਦੇ ਫੈਸਲੇ ਕਰਦੇ ਸਨ, ਉਨ੍ਹਾਂ ਫੈਸਲਿਆਂ ਨੂੰ ਮੰਨਣਾ ਤਾਂ ਪੈਂਦਾ ਹੀ ਸੀ ਪਰ ਕੋਈ ਵੀ ਸਿੱਖ ਉਸ ਫੈਂਸਲੇ ਤੇ ਨੁਕਤਾਚੀਨੀ ਜਾਂ ਵਿਰੋਧ ਵਿੱਚ ਕੁਝ ਵੀ ਨਹੀਂ ਸੀ ਬੋਲਦਾ। ਭਾਵੇਂ ਉਹ ਫੈਸਲਾ ਕਿੰਨੇ ਵੀ ਵੱਡੇ ਰਸੂਖ ਵਾਲੇ ਨੂੰ ਸੁਣਾਇਆ ਹੋਵੇ। ਉਦਾਹਰਣ ਦੇ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਅਕਾਲ ਤਖਤ ਤੇ ਤਲਬ ਕੀਤਾ ਅਤੇ ਨੰਗੇ ਪਿੰਡੇ ਤੇ ਕੋੜੇ ਮਾਰਨ ਦਾ ਹੁਕਮ ਸੁਣਾਇਆ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਬਿਨਾਂ ਕਿਸੇ ਹੀਲ ਹੁਜਤ ਦੇ ਪਿੱਠ ਨੰਗੀ ਕਰਕੇ ਖੜੇ ਹੋ ਗਏ ਸਨ। ਬੇਸ਼ੱਕ ਜਥੇਦਾਰ ਸਾਹਿਬ ਨੇ ਕੋੜੇ ਨਾ ਮਾਰ ਕੇ ਇਸ ਸਜਾ ਨੂੰ ਮਨਸੂਖ ਕਰ ਦਿੱਤਾ ਸੀ। ਪਰ ਸਮਾਂ ਬੀਤਦਾ ਗਿਆ। ਰਾਜਨੀਤਕ ਲੋਕਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀ ਜਥੇਦਾਰ ਦੀ ਚੋਣ ਕਰਕੇ ਪੱਕਾ ਜਥੇਦਾਰ ਥਾਪ ਦਿਤਾ ਗਿਆ। ਬਹੁਤ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਬਿਨਾਂ ਵੋਟਾਂ ਦੀ ਚੋਣ ਤੋਂ ਹੀ ਚੁਣੇ ਜਾਂਦੇ ਸਨ, ਪਰ ਕੁਝ ਰਾਜਨੀਤਕ ਇਨਸਾਨ ਵੀ ਇਸ ਕਮੇਟੀ ਵਿੱਚ ਆ ਗਏ ਅਤੇ ਆਮ ਚੋਣਾਂ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਚੁਣਿਆ ਜਾਣ ਲੱਗਾ। ਭਾਵੇਂ ਕਿ ਇਨ੍ਹਾਂ ਦੀ ਚੋਣ ਪੰਜ ਸਾਲ ਵਾਸਤੇ ਹੀ ਸੀ ਪਰ ਕਦੇ ਵੀ ਸਹੀ ਸਮੇਂ ਤੇ ਚੋਣਾਂ ਨਾ ਕਰਵਾਈਆਂ ਗਈਆਂ। ਸਮਾਂ ਪਾ ਕੇ ਇੱਕ ਪਰਿਵਾਰ ਦਾ ਦਬਦਬਾ ਏਨਾ ਵੱਧ ਗਿਆ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਵੀ ਸੰਵਿਧਾਨਕ ਅਹੁਦੇ ਤੇ ਨਾ ਹੋ ਕੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਲਕ ਹੀ ਬਣ ਬੈਠੇ ਅਤੇ ਅੱਜ ਵੀ ਹਨ।
ਜਥੇਦਾਰ ਦਾ ਅਹੁਦਾ ਤਾਂ ਬਣਾ ਲਿਆ ਗਿਆ ਪਰ ਉਨ੍ਹਾਂ ਦੀ ਚੋਣ ਦਾ ਕੋਈ ਵੀ ਵਿਧੀ ਵਿਧਾਨ ਨਾ ਬਣਾਇਆ ਗਿਆ, ਜੋ ਕੁਝ ਥੋੜਾ ਬਹੁਤਾ ਸੀ ਉਸ ਉਤੇ ਅਮਲ ਨਾ ਕੀਤਾ ਗਿਆ, ਜਿਸ ਕਰਕੇ ਸਮੇਂ ਸਮੇਂ ਤੇ ਅਕਾਲੀ ਲੀਡਰਾਂ ਵਲੋਂ ਜਥੇਦਾਰ ਸਾਹਿਬਾਂ ਤੋਂ ਆਪਣੇ ਹਿੱਤ ਵਿੱਚ ਅਤੇ ਵਿਰੋਧੀਆਂ ਨੂੰ ਠਿੱਬੀ ਲਾਉਣ ਵਾਲੇ ਫੈਸਲੇ ਕਰਵਾਏ ਗਏ ਅਤੇ ਅੱਜ ਵੀ ਕਰਵਾਏ ਜਾ ਰਹੇ ਹਨ। ਬਹੁਤ ਸਤਿਕਾਰਤ ਅਹੁਦਾ ਹੋਣ ਕਰਕੇ ਜਥੇਦਾਰ ਸਾਹਿਬਾਂ ਨੂੰ ਬਹੁਤ ਸਾਰੀਆ ਸਹੂਲਤਾਂ ਦਿੱਤੀਆਂ ਗਈਆਂ। ਮੇਰੇ ਵਿਚਾਰ ਨਾਲ ਲੋੜੋਂ ਵੱਧ ਦਿੱਤੀਆਂ ਸਹੂਲਤਾਂ ਨੇ ਇਸ ਵਕਾਰੀ ਅਹੁਦੇ ਨੂੰ ਸੱਟ ਮਾਰੀ। ਅਕਾਲੀ ਦਲ ਦੇ ਅਹੁਦੇਦਾਰਾਂ ਵਲੋਂ ਜਦੋਂ ਵੀ ਕੋਈ ਫੈਸਲਾ (ਇਕਤਰਫਾ) ਕਰਵਾਇਆ ਗਿਆ। ਕੋਈ ਜਥੇਦਾਰ ਵੀ ਹੁਕਮਰਾਨਾਂ ਦੇ ਅੱਗੇ ਨਾ ਬੋਲਿਆ ਅਤੇ ਘੜੇ ਘੜਾਏ ਫੈਸਲੇ ਸੁਣਾਉਂਦੇ ਰਹੇ। ਸਮਾਂ ਲੰਘਣ ਤੋਂ ਬਾਅਦ ਜਾਂ ਥੋੜੀ ਬਹੁਤੀ ਜਮੀਰ ਜਾਗਣ ਉਪਰੰਤ ਜੇ ਜਥੇਦਾਰ ਸਾਹਿਬਾਨ ਨੇ ਕੋਈ ਆਨਾ ਕਾਨੀ ਜਾਂ ਕੋਈ ਬਿਆਨ ਉਸ ਪਰਿਵਾਰ ਦੇ ਵਿਰੋਧ ਵਿੱਚ ਦੇ ਦਿੱਤਾ ਤਾਂ ਰਾਤੋ ਰਾਤ ਅਤੇ ਬੜੀ ਬੇਕਦਰੀ ਨਾਲ ਜਥੇਦਾਰ ਸਾਹਿਬ ਨੂੰ ਬਦਲਿਆ ਗਿਆ। ਫਿਰ ਉਹਨਾਂ ਜਥੇਦਾਰ ਸਾਹਿਬਾਂ ਨੇ ਬਾਹਰ ਆ ਕੇ ਰੌਲਾ ਪਾਇਆ, ਪਰ ਆਮ ਸੰਗਤ ਨੇ ਉਨ੍ਹਾਂ ਨੂੰ ਸਵੀਕਾਰ ਨਾ ਕੀਤਾ ਸਗੋਂ ਇਹ ਵੀ ਕਿਹਾ ਕਿ ਜਦੋਂ ਕੁਰਸੀ ਤੇ ਬੈਠੇ ਸੀ, ਉਸ ਸਮੇਂ ਗਲਤ ਹੁਕਮਨਾਮੇ ਕਿਉਂ ਦਿਤੇ ਅਸਤੀਫਾ ਦੇ ਦਿੰਦੇ। ਮੇਰੇ ਖਿਆਲ ਵਿੱਚ ਕਿਸੇ ਵੀ ਜਥੇਦਾਰ ਨੇ ਰਾਜਨੀਤਕ ਦਬਾਅ ਦੇ ਵਿਰੁਧ ਜਾ ਕੇ ਅਸਤੀਫਾ ਨਹੀਂ ਦਿੱਤਾ-ਇੱਕ ਅੱਧੇ ਅਜੋਕੇ ਜਥੇਦਾਰ ਨੂੰ ਛੱਡ ਕੇ।
ਸੰਗਤਾਂ ਦੇ ਜਾਗਰੂਕ ਹੋਣ ਦੇ ਨਾਲ ਅਤੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਦੋਸ਼ੀ ਸੋਦਾ ਸਾਧ ਨੂੰ ਬਿਨ ਮੰਗਿਆ ਅਕਾਲ ਤਖਤ ਤੇ ਪੇਸ਼ ਹੋਣ ਤੋਂ ਬਿਨਾਂ ਹੀ ਮੁਆਫੀ ਦੇਣ ਕਰਕੇ ਅਕਾਲ ਤਖਤ ਦੀ ਪ੍ਰਭੂਸੱਤਾ ਨੂੰ ਚੈਲੰਜ ਕਰਨ ਵਾਲੇ ਬਿਆਨ ਆਉਣੇ ਸ਼ੁਰੂ ਹੋ ਗਏ ਅਤੇ ਆਮ ਸੰਗਤ ਨੇ ਅਕਾਲੀ ਦਲ ਬਾਦਲ ਨੂੰ ਆਮ ਚੋਣਾਂ ਵਿੱਚ ਨਕਾਰ ਦਿੱਤਾ। ਉਸ ਮੁਆਫੀ ਨੂੰ ਸਹੀ ਸਿੱਧ ਕਰਨ ਵਾਸਤੇ 90 ਲੱਖ ਦੇ ਕਰੀਬ ਇਸ਼ਤਿਹਾਰ ਬਾਜੀ ਉਤੇ ਲਾ ਦਿੱਤੇ ਗਏ, ਜੋ ਗੁਰੂ ਦੀ ਗੋਲਕ ਦਾ ਪੈਸਾ ਸੀ। ਸੰਗਤਾਂ ਨੇ ਪੁਰ ਜੋਰ ਵਿਰੋਧ ਕੀਤਾ ਫਿਰ ਮੁਆਫੀ ਵਾਪਸ ਲੈ ਲਈ ਗਈ। ਇਹ ਸਾਰਾ ਕੁਝ ਸ: ਸੁਖਬੀਰ ਸਿੰਘ ਬਾਦਲ ਨੂੰ ਲਾਭ ਦੇਣ ਵਾਸਤੇ ਉਨ੍ਹਾਂ ਦੇ ਕਹੇ ਮੁਤਾਬਕ ਹੋਇਆ ਸੀ। ਅਸਲ ਵਿੱਚ ਸ: ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਪਾਰਟੀ ਨੂੰ ਪੰਜਾਬੀ ਪਾਰਟੀ ਦਾ ਨਾਂ ਦੇ ਦਿੱਤਾ ਅਤੇ ਪਾਰਟੀ ਨੇ ਆਪਣੇ ਭਾਵ ਅਕਾਲੀ ਦਲ ਵਲੋਂ ਪੰਥ ਦੀ ਅਗਵਾਈ ਕਰਨ ਅਤੇ ਸਿੱਖਾਂ ਦੇ ਹਿੱਤਾਂ ਦੀ ਪ੍ਰਵਾਹ ਕਰਨੀ ਛੱਡ ਦਿੱਤੀ, ਜਿਸ ਕਾਰਨ ਸੰਗਤਾਂ ਦਾ ਬਾਦਲ ਪਰਿਵਾਰ ਵਿਰੁਧ ਰੋਹ ਵੱਧਣ ਲੱਗਾ। ਇਸ ਵਧਦੇ ਰੋਹ ਨੇ ਅਕਾਲੀ ਦਲ ਬਾਦਲ ਨੂੰ ਰਾਜਨੀਤਕ ਹਾਸ਼ੀਏ ਤੇ ਲਿਆ ਖੜਾ ਕੀਤਾ। ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਹੋਈ। ਪਾਰਟੀ ਦੇ ਨੇਤਾ ਵੀ ਲੋਕਾਂ ਦੇ ਵਿਰੋਧ ਕਾਰਨ ਪਾਰਟੀ ਭਾਵ ਬਾਦਲ ਨੂੰ ਛੱਡ ਗਏ ਅਤੇ ਅਕਾਲ ਤਖਤ ਤੇ ਪੇਸ਼ ਹੋ ਕੇ ਆਪਣੀਆਂ ਗਲਤੀਆਂ ਮੰਨ ਲਈਆਂ। ਅਕਾਲ ਤਖਤ ਦੇ ਜਥੇਦਾਰਾਂ ਭਾਈ ਰਘਬੀਰ ਸਿੰਘ, ਦਮਦਮਾ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ, ਕੇਸਗੜ੍ਹ ਦੇ ਜਥੇਦਾਰ ਭਾਈ ਸੁਲਤਾਨ ਸਿੰਘ ਜੀ ਸਮੇਤ ਮੁਖ ਗ੍ਰੰਥੀ ਦਰਬਾਰ ਸਾਹਿਬ ਪੰਜ ਜਥੇਦਾਰਾਂ ਨੇ ਸੱਚ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰਕੇ ਪਹਿਲੀ ਵਾਰ ਸ: ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਕਰਾਰ ਦੇ ਦਿੱਤਾ। ਭਾਰੀ ਖਿਚੋਤਾਣ ਹੁੰਦੀ ਰਹੀ, ਅਖੀਰ 2 ਦਸੰਬਰ 2024 ਨੂੰ ਦੁਬਾਰਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਖਬੀਰ ਸਿੰਘ ਬਾਦਲ ਅਤੇ ਸਮੂਹ ਸੱਤਾ ਵਿੱਚ ਰਹੇ ਲੀਡਰਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਅਤੇ ਬਹੁਤ ਹੀ ਇਤਿਹਾਸਕ ਫੈਸਲਾ ਸੁਣਾ ਦਿੱਤਾ ਗਿਆ। ਜਿਥੇ ਸੇਵਾ ਨੁਮਾ ਸਜਾਵਾਂ ਦਿਤੀਆਂ ਗਈਆਂ, ਉਥੇ ਸੁਖਬੀਰ ਸਿੰਘ ਬਾਦਲ ਦੁਆਰਾ ਸਾਰੀਆਂ ਗਲਤੀਆਂ ਨੂੰ ਮੰਨਿਆ ਅਤੇ ਸਿੰਘ ਸਾਹਿਬਾਨਾਂ ਅੱਗੇ ਨਾਟਕੀ ਢੰਗ ਨਾਲ ਸਿਰ ਝੁਕਾ ਦਿੱਤਾ। ਅਕਾਲੀ ਦਲ ਦੀ ਨਵੀਂ ਭਰਤੀ ਕਰਨ ਦੇ ਆਦੇਸ਼ ਦੇ ਨਾਲ ਨਾਲ ਸ: ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖਰੇ-ਏ-ਕੌਮ ਖਿਤਾਬ ਵਾਪਸ ਲੈ ਲਿਆ ਗਿਆ। ਜੋ ਇਸ ਪਰਿਵਾਰ ਵਾਸਤੇ ਬਹੁਤ ਵੱਡੀ ਨਮੋਸ਼ੀ ਦਾ ਕਾਰਨ ਬਣਿਆ। ਇੰਝ ਲੱਗਦਾ ਸੀ ਕਿ ਹੁਣ ਡਿਗਿਆ ਹੋਇਆ ਵਿਕਾਰ ਫਿਰ ਬਹਾਲ ਹੋ ਜਾਵੇਗਾ ਅਤੇ ਜਥੇਦਾਰ ਅਕਾਲੀ ਫੂਲਾ ਸਿੰਘ ਸਾਹਿਬ ਵਰਗੇ ਫੈਸਲੇ ਹੋਣਗੇ। ਪਰ ਜੋ ਮੈਂ ਪਹਿਲਾਂ ਲਿਖ ਚੁਕਾ ਹਾਂ ਕਿ ਜਥੇਦਾਰ ਸਾਹਿਬਾ ਨੂੰ ਲਾਉਣ ਅਤੇ ਹਟਾਉਣ ਦਾ ਕੋਈ ਠੋਸ ਵਿਧੀ ਵਿਧਾਨ ਨਹੀਂ ਹੈ, ਜਿਸ ਕਰਕੇ ਸ: ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ਤੇ ਤਿੰਨੋਂ ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਅਤੇ ਰਾਤ ਨੂੰ 3-4 ਵਜੇ ਨਵੇਂ ਜਥੇਦਾਰ ਦੀ ਤਾਜਪੋਸ਼ੀ ਕਰ ਦਿਤੀ। ਨਵੇਂ ਬਣੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਦਾ ਵਿਰੋਧ ਸ਼ੁਰੂ ਹੋ ਗਿਆ, ਜੋ ਅਸਲ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਦਾ ਵਿਰੋਧ ਨਹੀਂ, ਸਗੋਂ ਸ: ਸੁਖਬੀਰ ਸਿੰਘ ਬਾਦਲ ਦਾ ਅਤੇ ਮਰਿਯਾਦਾ ਤੋਂ ਬਾਹਰ ਹੋਣ ਦਾ ਜਿਆਦਾ ਵਿਰੋਧ ਹੋ ਰਿਹਾ ਹੈ। ਜੇ ਏਨੀ ਵੱਡੀ ਪਦਵੀ ਤੇ ਬੈਠਣ ਅਤੇ ਉਤਰਨ ਦੇ ਵਿਧੀ ਵਿਧਾਨ ਉਤੇ ਪਹਿਰਾ ਦਿੱਤਾ ਹੁੰਦਾ ਤਾਂ ਕੌਮ ਦੀ ਕਿਰਕਰੀ ਨਹੀਂ ਸੀ ਹੋਣੀ। 1984 ਦੇ ਸ਼ਹੀਦ ਸਿੰਘਾਂ ਦੇ ਨਾਂ ਤੇ ਸਿਆਸਤ ਹੋਈ ਅਤੇ ਚਲਦੀ ਆ ਰਹੀ ਮਰਿਯਾਦਾ ਤੋੜਨ ਵਿੱਚ ਬਾਬਾ ਹਰਨਾਮ ਸਿੰਘ ਧੁੰਮਾ ਜੀ ਪਹੁੰਚ ਗਏ। ਆਪ ਜਿਸ ਤਰੀਕੇ ਨਾਲ ਦਮਦਮੀ ਟਕਸਾਲ ਦੇ ਮੁਖੀ ਦੀ ਕੁਰਸੀ ਤੇ ਬੈਠੇ ਸਨ, ਉਹ ਭੁਲ ਗਏ। ਕਈ ਸਮਝੌਤੇ ਕਰਕੇ ਸ਼ਹੀਦੀ ਦਿਹਾੜਾ (1984) ਲੰਘਾਇਆ ਗਿਆ। ਅਖੇ ਏਨੀ ਸ਼ਾਂਤੀ ਨਾਲ ਕਦੇ ਵੀ ਪ੍ਰੋਗਰਾਮ ਸਿਰੇ ਨਹੀਂ ਚੜਿਆ। ਸਾਰਾ ਸਿੱਖ ਜਗਤ ਇਸ ਸ਼ਾਂਤੀ ਨੂੰ ਵੇਖ ਰਿਹਾ ਸੀ ਅਤੇ ਸਮਝ ਰਿਹਾ ਸੀ।
ਅਖੀਰ ਵਿੱਚ ਇਹ ਕਹਿਣਾ ਚਾਹਾਂਗਾ ਕਿ ਅਕਾਲ ਤਖਤ ਸਾਹਿਬ ਦੀ ਪ੍ਰਭੂਸੱਤਾ ਕਾਇਮ ਰੱਖਣ ਵਾਸਤੇ ਸਿਆਸੀ ਦਬਾਅ ਖਤਮ ਹੋਣਾ ਚਾਹੀਦਾ ਹੈ। ਵਿਧੀ ਵਿਧਾਨ ਬਣਾਏ ਜਾਣ ਅਤੇ ਉਨ੍ਹਾਂ ਉਤੇ ਅਮਲ ਕੀਤਾ ਜਾਵੇ, ਜਿਸ ਨਾਲ ਮੌਕੇ ਦੇ ਹਾਕਮ ਆਪਣੀ ਮਰਜੀ ਮੁਤਾਬਕ ਵਿਧੀ ਵਿਧਾਨ ਨਾਲ ਖਲਵਾੜ ਨਾ ਕਰ ਸਕਣ। ਸਾਰੇ ਸਿੱਖ ਪੰਥ ਵਿੱਚ ਮਹਾਨ ਹਸਤੀਆਂ ਨੂੰ ਏਨੇ ਉੱਚੇ ਅਹੁਦਿਆ ਤੇ ਬਿਠਾਇਆ ਜਾਵੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿਧਾਂਤਾਂ ਉਤੇ ਪਹਿਰਾ ਦਿੰਦੇ ਹੋਇਆਂ ਹੀ ਅਕਾਲ ਤਖਤ ਦੀ ਫਸੀਲ ਤੋਂ ਫੈਸਲੇ ਲਏ ਜਾਣ ਤਾਂ ਹੀ ਉਹ ਪੁਰਾਣਾ ਰੁਤਬਾ ਹਾਸਲ ਹੋ ਸਕਦਾ ਹੈ। ਜਿਸ ਦੀ ਸਿੱਖ ਕੌਮ ਨੂੰ ਬਹੁਤ ਜਰੂਰਤ ਹੈ। ਗੁਰੂ ਸਾਹਿਬ ਆਪ ਹੀ ਕਿਰਪਾ ਕਰਨ ਅਤੇ ਸਿੱਖ ਪੰਥ ਦੀ ਚੜਦੀ ਕਲਾ ਹੋਵੇ।