ਕੈਪਟਨ ਅਵਤਾਰ ਸਿੰਘ
97819-90206
1984 ਦੇ ਦੁਖਾਂਤ ਅਤੇ ਪਹਿਲਗਾਮ ਦੇ ਦੁਖਾਂਤ ਵਿੱਚ ਪੀੜ ਦਾ ਫਰਕ
ਜਦੋਂ ਵੀ ਕਿਸੇ ਵੀ ਸਮੇਂ ਅਤੇ ਕਿਸੇ ਵੀ ਜਗ੍ਹਾ ਤੇ ਕੋਈ ਦਰਦਨਾਕ ਹਾਦਸਾ ਵਾਪਰਦਾ ਹੈ ਤਾਂ ਹਰ ਮਨੁਖ ਪੀੜਾ ਮਹਿਸੂਸ ਕਰਦਾ ਹੈ ਪਰ ਇਸ ਪੀੜਾ ਦਾ ਅਸਰ ਇਲਾਕੇ ਅਤੇ ਨੇੜਤਾ ਦੇ ਮੱਦੇ ਨਜ਼ਰ ਆਪਣਾ ਪ੍ਰਭਾਵ ਜਰੂਰ ਪਾਉਂਦਾ ਹੈ। ਧਰਮ ਵੀ ਇਸ ਪੀੜਾ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਇਹ ਸਾਰਾ ਕੁਝ ਇਨਸਾਨੀ ਨਾਤੇ ਆਪਣੇ ਆਪਣੇ ਪੱਧਰ ਤੇ ਕੀਤਾ ਜਾਂਦਾ ਹੈ। ਪਰ ਜਦੋ ਉਸ ਪ੍ਰਾਂਤ ਦੀ ਸਰਕਾਰ ਜਾਂ ਕੇਂਦਰ ਸਰਕਾਰ ਇਹਨਾਂ ਵੱਡੇ ਹਾਦਸਿਆਂ ਨਾਲ ਸੰਬੰਧਿਤ ਹੁੰਦੀਆਂ ਹਨ ਅਤੇ ਉਹ ਅਲੱਗ ਅਲੱਗ ਤਰ੍ਹਾਂ ਉਸ ਦਰਦ ਨੂੰ ਮਹਿਸੂਸ ਕਰਨ, ਫਿਰ ਫਰਕ ਤਾਂ ਪੈਂਦਾ ਹੈ। ਜਿਵੇਂ ਦਿੱਲੀ ਨਸਲਕੁਸ਼ੀ, ਹੋਂਦ ਚਿੱਲੜ, ਚਿੱਠੀ ਸਿੰਘਪੁਰਾ, ਗੁਜਰਾਤ ਅਤੇ ਪਹਿਲਗਾਮ ਦਾ ਦਰਦ ਇੱਕੋ ਜਿਹਾ ਸੀ, ਪਰ ਮੌਕੇ ਦੀਆਂ ਸਰਕਾਰਾਂ ਨੇ ਉਸ ਨੂੰ ਵਿਤਕਰੇ ਵਾਲਾ ਅੰਜਾਮ ਦੇ ਦਿੱਤਾ। ਮਨੁਖ ਦਾ ਇੱਕ ਸੁਭਾਅ ਬਣ ਗਿਆ ਹੈ ਕਿ ਆਪਣਾ ਜਿੱਡਾ ਮਰਜ਼ੀ ਨੁਕਸਾਨ ਹੋ ਜਾਵੇ ਪਰ ਬਦਲੇ ਵਿੱਚ ਕੀਤੇ ਦੂਜੇ ਦੇ ਨੁਕਸਾਨ ਤੇ ਐਨਾ ਖੁਸ਼ ਹੁੰਦਾ ਹੈ ਕਿ ਉਹ ਆਪਣਾ ਦਰਦ ਹੀ ਭੁਲ ਜਾਂਦਾ ਹੈ। ਇਸੇ ਤਰ੍ਹਾਂ ਸਰਕਾਰਾਂ ਮਾਹੌਲ ਸਿਰਜ ਦਿੰਦੀਆਂ ਹਨ, ਜਿਸ ਨਾਲ ਆਮ ਲੋਕ ਦੁਖਾਂਤ ਭੁਲ ਕੇ ਸਰਕਾਰ ਦੀ ਵਾਹ ਵਾਹ ਕਰਨ ਲੱਗ ਪੈਂਦੇ ਹਨ।
ਬੀਤੇ ਸਮੇਂ ਵਿੱਚ ਬਹੁਤਾਤ ਵਿੱਚ ਬੇਕਸੂਰ, ਸ਼ਾਂਤੀ ਪਸੰਦ ਅਤੇ ਆਮ ਲੋਕਾਂ ਦੀ ਮਾਰ-ਕੁਟ, ਕਤਲੋਗਾਰਤ ਅਤੇ ਲੁਟਮਾਰ ਕੀਤੀ ਗਈ। ਜਦੋਂ ਕਿ ਕਰਨ ਵਾਲੇ ਅਤੇ ਮਰਨ ਵਾਲੇ ਇੱਕ ਦੂਜੇ ਨੂੰ ਜਾਣਦੇ ਤੱਕ ਨਹੀਂ ਸੀ ਅਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਉਹਨਾਂ ਦਾ ਕੀ ਕਸੂਰ ਸੀ ਜੋ ਉਹਨਾਂ ਤੇ ਵਾਪਰ ਗਿਆ। ਭਾਵੇਂ ਉਹ ਯੂਕਰੇਨ ’ਚ ਹੋਵੇ, ਰੂਸ ਵਿੱਚ, ਇਜਰਾਈਲ ’ਚ ਹੋਵੇ, ਬਲੋਚਿਸਤਾਨ, ਮਨੀਪੁਰ, ਦਿੱਲੀ ਕਤਲੋਗਾਰਤ ਅਤੇ ਗੁਆਂਢੀ ਦੇਸ਼ ਵੱਲੋਂ ਜਾਂ ਸਾਡੀਆਂ ਰਾਜਨੀਤਿਕ ਪਾਰਟੀਆਂ ਵਲੋਂ ਕਿੜਾਂ ਕੱਢਣ ਦੇ ਫਲਸਰੂਪ ਵਾਪਰੇ ਸਾਰੇ ਦੁਖਾਂਤ ਦਾ ਦਰਦ ਇੱਕੋ ਜਿਹਾ ਹੀ ਹੈ।
ਪਹਿਲਗਾਮ ਵਿੱਚ ਹੋਏ ਆਤੰਕੀ ਹਮਲੇ ਵਿੱਚ ਮਾਰੇ ਗਏ ਸਾਰੇ ਹੀ ਬੇਕਸੂਰ ਅਤੇ ਸਮੇਂ ਤੋਂ ਅਣਜਾਨ ਲੋਕ ਸਨ, ਇਹਨਾਂ ਨਾਲ ਜੋ ਵਾਪਰਿਆ ਅਤੀ ਨਿੰਦਣ ਯੋਗ ਅਤੇ ਬਹੁਤ ਹੀ ਦੁਖ ਦੇਣ ਵਾਲਾ ਹਾਦਸਾ ਸੀ। ਗੁਰਬਾਣੀ ਦਾ ਕਥਨ ਹੈ-
ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ॥
ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ॥
ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ॥ (1383)
ਇਹ ਸੈਲਾਨੀ ਆਪਣੇ ਰੁਝੇਵਿਆਂ ਵਿੱਚੋਂ ਫੁਰਸਤ ਕੱਢ ਕੇ ਮੌਜ ਮਸਤੀ ਕਰਨ ਗਏ, ਉੱਥੇ ਭਾਣਾ ਵਰਤ ਗਿਆ। ਸੁਰੱਖਿਆ ਵਿੱਚ ਕੁਤਾਹੀ ਸਰਕਾਰ ਦੀ ਗਲਤੀ ਸੀ ਪਰ ਭੁਗਤਨਾ ਉਹਨਾਂ ਪਰਿਵਾਰਾਂ ਨੂੰ ਪਿਆ, ਉਸ ਦਾ ਘਾਟਾ ਤਾ ਉਮਰ ਪੂਰਾ ਨਹੀਂ ਹੋਣਾ, ਪਰ ਸਰਕਾਰ ਨੇ ਆਪਣੀ ਕਿਰਕਰੀ ਹੁੰਦੀ ਅਤੇ ਸੁਰੱਖਿਆ ਵਿੱਚ ਹੋਈ ਕੁਤਾਹੀ ਤੋਂ ਜਨਤਾ ਦਾ ਧਿਆਨ ਪਰ੍ਹੇ ਕਰਨ ਵਾਸਤੇ ਜੰਗ ਦਾ ਮਾਹੌਲ ਖੜਾ ਕਰ ਦਿੱਤਾ ਜੋ ਸਹੀ ਨਹੀਂ ਸੀ।
ਮੈਂ ਕਿਸੇ ਵੀ ਹਾਦਸੇ ਨੂੰ ਵੱਖਰਾ ਕਰਕੇ ਨਹੀਂ ਵੇਖਦਾ ਪਰ ਕੀ ਪਹਿਲਗਾਮ ਵਿੱਚ ਹੋਈਆਂ ਮੌਤਾਂ ਦਾ ਬਦਲਾ ਹੋਰ ਬੇਕਸੂਰ ਲੋਕਾਂ ਨੂੰ ਮਾਰ ਕੇ ਹੀ ਲਿਆ ਜਾ ਸਕਦਾ ਸੀ। ਸਾਡੀ ਉਹਨਾਂ ਮਾਰੇ ਗਏ ਬੇਕਸੂਰ ਲੋਕਾਂ ਦੇ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਹੈ। ਪਰ ਜੋ ਕਦਮ ਸਾਡੀ ਭਾਰਤ ਸਰਕਾਰ ਨੇ ਚੁਕਿਆ ਉਸ ਦੀ ਬਹੁਤੇ ਲੋਕ ਕਦੇ ਵੀ ਹਮਾਇਤ ਨਹੀਂ ਕਰਦੇ। ਗੋਦੀ ਮੀਡੀਆ ਨੇ ਇੰਨਾ ਕੁ ਰੌਲਾ ਟੀ.ਵੀ. ਉੱਤੇ ਪਾਇਆ ਕਿ ਦੇਸ਼ ਦੀ ਬਹੁਤਾਤ ਅਬਾਦੀ ਸਦਮੇ ਵਿੱਚ ਆ ਗਈ। ਹਰ ਉਹ ਇਲਾਕਾ ਜਿੱਥੇ ਜੰਗ ਲੜੀ ਜਾਣੀ ਸੀ ਅਤੇ ਫੌਜ ਦੇ ਜਵਾਨਾਂ ਦੇ ਸਾਰੇ ਪਰਿਵਾਰ ਸਹਿਮ ਦੀ ਜਿੰਦਗੀ ਜੀ ਰਹੇ ਸਨ। ਪਹਿਲਗਾਮ ਵਿਚ ਸ਼ਹੀਦ ਹੋਏ ਕੈਪਟਨ ਨਰਵਾਲ ਦੇ ਪਰਿਵਾਰ ਵੱਲੋਂ ਸਵਾਲ ਕੀਤਾ ਗਿਆ ਕਿ ਗੋਲੀ ਚੱਲਣ ਤੋਂ ਬਾਅਦ ਡੇਢ ਘੰਟਾ ਕੋਈ ਵੀ ਪ੍ਰਸ਼ਾਸਨ ਜਾਂ ਪੁਲਿਸ ਉਥੇ ਨਹੀਂ ਪਹੁੰਚੀ, ਇਹ ਗਲਤੀ ਕਰਨ ਵਾਲੇ ਨੂੰ ਕੀ ਸਜ਼ਾ ਦਿੱਤੀ ਗਈ ਹੈ? ਸਾਡਾ ਖੁਫ਼ੀਆ ਤੰਤਰ ਕਿੱਥੇ ਸੀ, ਜਿਸਨੇ ਹਾਦਸਾ ਹੋਣ ਤੋਂ ਬਾਅਦ ਇਕ ਦਮ ਕਹਿ ਦਿੱਤਾ ਕਿ ਪਾਕਿਸਤਾਨ ਨੇ ਸਭ ਕੁਝ ਕਰਵਾਇਆ ਹੈ, ਪਰ ਇਹ ਖਬਰ ਪਹਿਲਾਂ ਕਿਉਂ ਨਹੀਂ ਸਾਡੇ ਕੋਲ ਆਈ। ਭਾਰਤ ਸਰਕਾਰ ਦੀ ਏਅਰ ਫੋਰਸ ਨੇ ਪਾਕਿਸਤਾਨੀ ਅੱਤਵਾਦੀਆਂ ਦੇ ਠਿਕਾਣਿਆਂ ‘ਤੇ ਹਮਲਾ ਕਰਕੇ ਤਬਾਹੀ ਮਚਾਈ, ਚੰਗਾ ਜਵਾਬ ਹੈ ਪਰ ਪਹਿਲਗਾਮ ਦੇ ਕਤਲੋਗਾਰਤ ਕਰਨ ਵਾਲੇ ਅਜੇ ਤੱਕ ਨਹੀਂ ਪਹਿਚਾਣੇ ਗਏ। ਬੇਸ਼ਕ ਕਾਫੀ ਗਿਣਤੀ ਵਿੱਚ ਸ਼ੱਕੀ ਆਦਮੀ ਗ੍ਰਿਫਤਾਰ ਕੀਤੇ ਗਏ ਅਤੇ ਅਸਲਾ ਵੀ ਬਰਾਮਦ ਕੀਤਾ। ਪਰ ਦੇਸ਼ ਨੂੰ ਜੰਗ ਵਰਗੀ ਹਾਲਾਤ ਤੱਕ ਲਿਜਾਣ ਦਾ ਰੁਝਾਨ ਦੇਸ਼ ਵਾਸਤੇ ਘਾਟੇ ਦਾ ਸੌਦਾ ਸੀ।
ਭਾਵੇਂ ਜੰਗ ਲੱਗਣ ਤੋਂ ਟੱਲ ਗਈ ਹੈ ਪਰ ਜੋ ਤਰਥੱਲੀ ਮੀਡੀਏ ਨੇ ਟੀ.ਵੀ. ਚੈਨਲਾਂ ਤੇ ਮਚਾਈ ਸੀ ਉਸ ਨਾਲ ਪ੍ਰਾਪੇਗੰਡੇ ਵਾਸਤੇ ਵਰਤੇ ਗਏ ਤਰੀਕਿਆਂ ਨਾਲ ਦੇਸ਼ ਖਾਸ ਕਰਕੇ ਜੰਮੂ ਕਸ਼ਮੀਰ ਅਤੇ ਪੰਜਾਬ ਵਿੱਚ ਕਈ ਮੁਸ਼ਕਲਾਂ ਆ ਗਈਆਂ। ਜਿਨਾਂ ਨੂੰ ਆਮ ਵਰਗੇ ਹਾਲਾਤ ਬਣਾਉਂਦਿਆਂ ਸਮਾਂ ਲੱਗੇਗਾ। ਸਕੂਲ ਬੰਦ ਹੋਣ ਨਾਲ ਇਮਤਿਹਾਨ ਰੋਕੇ ਗਏ, ਦੁਬਾਰਾ ਤਰੀਕਾਂ ਤਹਿ ਕਰਨੀਆਂ, ਹਵਾਈ ਜਹਾਜ ਬੰਦ ਹੋਣ ਤੇ ਰੱਦ ਹੋਈਆਂ ਟਿਕਟਾਂ ਅਤੇ ਹੋਰ ਅਜਿਹੇ ਮਸਲੇ ਲਟਕ ਗਏ। ਵਪਾਰ ਬੰਦ ਹੋ ਗਿਆ। ਜਿਸ ਨਾਲ ਆਮ ਲੋਕਾਂ ਨੂੰ ਆਰਥਿਕ ਤੌਰ ‘ਤੇ ਨੁਕਸਾਨ ਉਠਾਣਾ ਪਿਆ। 26 ਮਨੁਖਾਂ ਦੇ ਕਤਲ ਹੋਏ ਪਰਿਵਾਰਾਂ ਨਾਲ ਹਮਦਰਦੀ ਦਿਖਾਉਂਦਿਆਂ ਹੋਇਆ ਆਰਥਿਕ ਤੌਰ ਤੇ ਵੱਡੀ ਮਦਦ ਕਰਨੀ ਚਾਹੀਦੀ ਹੈ। ਪਰ ਬਦਲਾ ਲਊ ਕਾਰਵਾਈ ਕਰਨ ਲਈ ਜੰਗ ਵਰਗੇ ਹਾਲਾਤ ਪੈਦਾ ਕਰ ਦੇਣੇ ਬਿਲਕੁਲ ਉਚਿਤ ਨਹੀਂ ਸੀ। ਜਿਨ੍ਹਾਂ ਨੇ 1947, 1965 ਤੇ 1971 ਦੀ ਜੰਗ ਵੇਖੀ ਜਾਂ ਉਸਦਾ ਦੁਖਾਂਤ ਆਪਣੇ ਪਿੰਡੇ ਤੇ ਹੰਢਾਇਆ ਉਹਨਾਂ ਨੂੰ ਹੀ ਪਤਾ ਹੈ ਕਿ ਜੰਗ ਕੀ ਹੁੰਦੀ ਹੈ। ਟੀ.ਵੀ. ਜਾਂ ਸੋਸ਼ਲ ਮੀਡੀਆ ਤੇ ਫੜ੍ਹਾਂ ਮਾਰਨੀਆਂ ਬਲਦੀ ਤੇ ਘਿਓ ਪਾਉਣ ਵਾਲੀ ਗੱਲ ਹੈ। ਜਿਹੜੀ ਫੌਜ ਨੂੰ ਮਰਨ ਵਾਸਤੇ ਹੱਲਾਸ਼ਰੀ ਦੇ ਰਹੇ ਹਨ ਅਤੇ ਸਾਡਾ ਪ੍ਰਧਾਨ ਮੰਤਰੀ ਖੁਲੀ ਛੁਟੀ ਦੇ ਰਿਹਾ ਹੈ, ਉਸਨੇ ਇਹ ਭੁਲਾ ਦਿੱਤਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਫੌਜੀ ਆਪਣੇ ਹੱਕਾਂ ਦੀ ਖਾਤਰ ਦਿੱਲੀ ਧਰਨਾ ਲਾ ਕੇ ਬੈਠੇ ਰਹੇ ਪਰ ਕੋਈ ਵੱਡਾ ਨੇਤਾ ਤੱਕ ਵੀ ਉਹਨਾਂ ਦੀ ਗੱਲ ਸੁਣਨ ਲਈ ਨਹੀਂ ਗਿਆ। ਕਰੋਨਾ ਕਾਲ ਦੌਰਾਨ ਮਹਿੰਗਾਈ ਭੱਤੇ ਨੂੰ ਰੋਕ ਲਿਆ ਗਿਆ, ਜੋ ਅਨੇਕਾਂ ਧਰਨਿਆਂ ਤੇ ਬੈਠਣ ਤੋਂ ਬਾਅਦ ਵੀ ਨਹੀਂ ਦਿੱਤਾ ਗਿਆ। ਕਿਸੇ ਅਖੌਤੀ ਲੀਡਰ ਨੇ ਫੌਜੀਆਂ ਦੇ ਹੱਕ ਵਿੱਚ ਕੋਈ ਬਿਆਨ ਨਹੀਂ ਦਿੱਤਾ, ਸਗੋਂ ਉਹਨਾਂ ਨੂੰ ਮਰਨ ਵਾਸਤੇ ਬਾਰਡਰ ਖੋਲਣ ਦਾ ਜੋਰਦਾਰ ਪ੍ਰਚਾਰ ਕੀਤਾ।
ਕਮਾਲ ਦੀ ਗੱਲ ਹੈ ਕਿ 1984 ਵਿਚ ਆਪਣੇ ਹੀ ਦੇਸ਼ ਦੇ ਲੋਕਾਂ ਨੇ ਆਪਣੇ ਹੀ ਦੇਸ਼ ਦੇ ਬੇਕਸੂਰ ਲੋਕਾਂ ਨੂੰ ਬੇਰਹਿਮੀ ਨਾਲ ਤਸੀਹੇ ਤੇ ਦਰਦਨਾਕ ਮੌਤ ਦੇ ਦਿੱਤੀ। ਜਦੋਂ ਕਿ ਪ੍ਰਧਾਨ ਮੰਤਰੀ ਨੂੰ ਮਾਰਨ ਵਾਲਿਆਂ ਵਿੱਚੋਂ ਇੱਕ ਨੂੰ ਉਥੇ ਹੀ ਮਾਰ ਦਿੱਤਾ ਗਿਆ, ਦੂਜੇ ਨੂੰ ਫੜ ਲਿਆ ਗਿਆ ਸੀ ਅਤੇ ਬਾਅਦ ਵਿੱਚ ਦੋ ਸਿੱਖਾਂ ਨੂੰ ਫਾਂਸੀ ਦੇ ਦਿੱਤੀ ਗਈ। ਪਰ ਬੇਕਸੂਰ ਲੋਕਾਂ ਦਾ ਅੱਜ ਤੱਕ ਕੋਈ ਠੋਸ ਬਦਲਾ ਨਹੀਂ ਲਿਆ। ਚਿੱਠੀ ਸਿੰਘ ਪੁਰਾ ਵਿਖੇ ਵੀ 2000 ਈਸਵੀ ਦੀ ਰਾਤ ਨੂੰ 36 ਬੇਕਸੂਰ ਭੋਲੇ-ਭਾਲੇ ਸਿੱਖ ਕਤਲ ਕਰ ਦਿੱਤੇ ਗਏ ਸਨ। ਇਸੇ ਹੀ ਤਰ੍ਹਾਂ ਬੱਚਿਆਂ, ਮਾਵਾਂ-ਭੈਣਾਂ ਦੇ ਸਾਹਮਣੇ ਮਰਦ ਮੈਂਬਰ ਖਤਮ ਕਰ ਦਿੱਤੇ ਗਏ। ਉਨ੍ਹਾਂ ਦਾ ਕਸੂਰ ਇਹ ਸੀ ਕਿ ਉਹ ਇਸ ਦੇਸ਼ ਦੀ ਇੱਜ਼ਤ-ਆਬਰੂ ਬਚਾਉਣ ਵਾਲੇ ਗੁਰੂ ਸਾਹਿਬਾਨ ਦੇ ਸਿੱਖ ਸਨ। ਉਸ ਸਮੇਂ ਕੋਈ ਹਾਲ ਪਾਹਰਿਆ ਨਹੀਂ ਹੋਇਆ, ਕੋਈ ਮਾਤਮ ਨਹੀਂ ਮਨਾਇਆ ਗਿਆ। ਕਿਸੇ ਨੇ ਪਰਿਵਾਰਾਂ ਨੂੰ ਰੱਜ ਕੇ ਧਰਵਾਸ ਵੀ ਨਹੀਂ ਦਿੱਤਾ ਕਿਉਂਕਿ ਉਹ ਘੱਟ-ਗਿਣਤੀਆਂ ਨਾਲ ਸਬੰਧ ਰੱਖਦੇ ਸਨ। 1984 ਵਿਚ ਦਰਬਾਰ ਸਾਹਿਬ ’ਤੇ ਹਮਲਾ ਗਿਣੀ-ਮਿੱਥੀ ਸਾਜਿਸ਼ ਤਹਿਤ ਕੀਤਾ ਗਿਆ। ਰਿਹਰਸਲਾਂ ਲੰਬਾਂ ਸਮਾਂ ਪਹਿਲਾਂ ਕੀਤੀਆਂ ਗਈਆਂ ਅਤੇ ਦਿਨ ਚੁਣਿਆ ਗਿਆ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਗੁਰਪੁਰਬ ਦਾ। ਪਰ ਇਹ ਕੌਮ ਫਿਰ ਉਠੀ ਤੇ ਕਾਮਯਾਬੀ ਨਾਲ ਉਹ ਵਾਕ ਯਾਦ ਕਰਾਉਂਦੇ ਹੋਏ ਅੱਗੇ ਵਧੇ “ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ ਜਿਉਂ ਜਿਉਂ ਮਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ।” ਪਰ ਇਸ ਹਾਦਸੇ ਦਾ ਬਦਲਾ ਲੈਣ ਲਈ ਏਨਾ ਵੱਡਾ ਐਕਸ਼ਨ ਲੈਣ ਲਈ ਸਰਕਾਰ ਤਿਆਰ ਕਿਵੇਂ ਹੋ ਗਈ। ਪਰ ਜੋ ਵੇਖਣ ਵਿੱਚ ਆਇਆ ਕਿ ਜੋ ਸਰਕਾਰ ਚਾਹੁੰਦੀ ਸੀ, ਉਹ ਸਹਿਜੇ ਹੀ ਹੋ ਗਿਆ। ਆਮ ਜਨਤਾ ਪਹਿਲਗਾਮ ਦੇ ਸ਼ਹੀਦਾਂ ਨੂੰ ਭੁਲ ਕੇ ਮੋਦੀ ਸਰਕਾਰ ਦੇ ਗੁਣ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਪਰ ਪੁਛੋ ਉਹਨਾਂ ਮਾਵਾਂ, ਭੈਣਾਂ, ਪਤਨੀ ਅਤੇ ਬੱਚਿਆਂ ਨੂੰ ਜਿਨਾਂ ਦੇ ਦੁਨੀਆਂ ਤੋਂ ਤੁਰ ਗਏ ਕੀ ਉਹ ਹੋਰ ਮਾਰੇ ਗਏ ਬੇਕਸੂਰ ਲੋਕਾਂ ਦੇ ਕਰਕੇ ਉਜੜੇ ਸੰਧੂਰ ਬਦਲੇ ਆਪਣਾ ਸੰਧੂਰ ਵਾਪਸ ਲੈ ਸਕਣਗੇ।
ਹੁਣ ਕੁਝ ਫੌਜੀ ਐਕਸ਼ਨ ਬਾਰੇ 1965 ਅਤੇ 1971 ਦੀ ਜੰਗ ਵੇਲੇ ਬਲੈਕ ਆਊਟ ਸਮਝ ਆਉਂਦਾ ਹੈ ਜਾਂ ਬਿਲਕੁਲ ਸੀਮਾ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਬਲੈਕ ਆਊਟ ਦੀ ਅਹਿਮੀਅਤ ਹੋ ਸਕਦੀ ਹੈ। ਦੂਰ ਦੁਰਾਡੇ ਇਲਾਕਿਆਂ ਵਿੱਚ ਬਲੈਕ ਆਊਟ ਕਰਾਉਣਾ ਅੱਜ ਕੱਲ ਦੇ ਯੁਗ ਵਿੱਚ ਕੋਈ ਖਾਸ ਮਾਇਨਾ ਨਹੀਂ ਰੱਖਦਾ। ਮੈਂ ਅੱਜ ਤੋਂ 32 ਸਾਲ ਪਹਿਲਾਂ ਦੀ ਗੱਲ ਕਰਦਾ ਹਾਂ ਜਦੋਂ ਸਾਡੇ ਕੋਲ ਰਾਤ ਨੂੰ ਹਨੇਰੇ ਵਿੱਚ ਵੇਖਣ ਵਾਲੀਆਂ ਦੂਰਬੀਨਾਂ ਦੀ ਵਰਤੋਂ ਆਮ ਹੋ ਗਈ ਸੀ। ਗਨ ਪੁਜੀਸ਼ਨ ਆਫਿਸਰ ਦੀ ਡਿਊਟੀ ਸਮੇਂ ਰਾਤ ਨੂੰ ਗਨ ਏਰੀਆ ਦੀ ਰੈਕੀ ਕਰਦੇ ਸਮੇਂ ਮੈਂ ਆਪ ਉਸ ਦੂਰਬੀਨ ਨੂੰ ਵਰਤਿਆ ਹੈ। ਉਹ ਲਾਈਟ ਨੂੰ ਬਹੁਤ ਜਿਆਦਾ ਦੂਰ ਤੋਂ ਵੇਖਦੀ ਸੀ। ਉਸ ਸਮੇਂ ਬਾਰਡਰ ਤੇ ਲੜਾਈ ਲੜਦੇ ਸਮੇਂ ਬਲੈਕ ਆਊਟ ਬਹੁਤ ਅਹਿਮੀਅਤ ਰੱਖਦਾ ਸੀ। ਪਰ ਪੱਕੇ (ਫਰੋਮਨਇਟ) ਸਥਾਨ ਨੂੰ ਹਿੱਟ ਕਰਨ ਲਈ ਚਾਨਣ ਜਾਂ ਹਨੇਰਾ ਕੋਈ ਮਾਇਨਾ ਨਹੀਂ ਰੱਖਦਾ ਸੀ। ਅੱਜ ਦੇ ਹਾਲਾਤ ਬਦਲੇ ਹੋਏ ਹਨ। ਤਕਨੀਕ ਐਨੀ ਵੱਧ ਗਈ ਹੈ ਕਿ ਅੱਖਾਂ ਮੀਟ ਕੇ ਵੀ ਵੱਡੇ ਵੱਡੇ ਟਾਰਗੇਟ ਭਾਵ ਫੌਜੀ ਟਿਕਾਣੇ ਬਿਨਾ ਵੇਖਿਆਂ ਹਿੱਟ ਕੀਤੇ ਜਾ ਸਕਦੇ ਹਨ। ਫਿਰ ਇਹਨਾਂ ਦੂਰ ਦੁਰਾਡੇ ਸ਼ਹਿਰਾਂ ਵਿੱਚ ਬਲੈਕ ਆਊਟ ਕਰਨ ਦੀ ਕੋਈ ਤੁਕ ਨਹੀਂ ਬਣਦੀ। ਹਾਂ ਅਸਥਾਈ ਤੌਰ ਤੇ ਬਣੇ ਮੋਰਚੇ ਜਾਂ ਫੌਜੀ ਟਿਕਾਣਿਆਂ ਤੇ ਬਲੈਕ ਆਊਟ ਦੀ ਬਹੁਤ ਮਹੱਤਤਾ ਹੈ।
ਇਹ ਤਾਂ ਆਮ ਜਨਤਾ ਵਿੱਚ ਸਹਿਮ ਫੈਲਾਉਣ ਲਈ ਮੀਡੀਏ ਦਾ ਵੱਡਾ ਰੋਲ ਰਿਹਾ ਹੈ। ਮੇਰੇ ਵਿਚਾਰ ਮੁਤਾਬਿਕ ਇਹ ਕੇਵਲ ਸਾਰੇ ਦੇਸ਼ ਨੂੰ ਯੁਧ ਨਾਲ ਜੋੜਨ ਦਾ ਤਰੀਕਾ ਹੀ ਸੀ, ਜਿਵੇਂ ਕਰੋਨਾ ਬਿਮਾਰੀ ਨੂੰ ਭਜਾਉਣ ਵਾਸਤੇ ਥਾਲੀਆਂ ਖੜਕਾਈਆਂ ਗਈਆਂ ਸਨ। ਕਿਤੇ ਨਾ ਕਿਤੇ ਅਸਲ ਨਾਲੋਂ ਕੋਹਾਂ ਦੂਰ ਦੀਆਂ ਗੱਲਾਂ ਕੀਤੀਆਂ ਗਈਆਂ, ਜਿਸ ਨਾਲ ਲੋਕ ਪਹਿਲਗਾਮ ਦੇ ਹਾਦਸੇ ਨੂੰ ਭੁਲ ਕੇ ਪਾਕਿਸਤਾਨ ਦੇ ਮਾਰੇ ਗਏ ਅੱਤਵਾਦੀਆਂ ਦੇ ਪਰਿਵਾਰਾਂ ਦੀ ਖੁਸ਼ੀ ਮਨਾ ਰਹੇ ਹਨ। ਪੁੰਛ ਖੇਤਰ ਵਿੱਚ ਹੋਈਆਂ ਮੌਤਾਂ ਅਤੇ ਨੁਕਸਾਨ ਨੂੰ ਪ੍ਰਚਾਰਿਆ ਹੀ ਨਹੀਂ ਗਿਆ, ਕਿਉਂਕਿ ਉੱਥੇ ਵੀ ਸ਼ਹੀਦ ਹੋਣ ਵਾਲੇ ਕੋਈ ਹੋਰ ਹੀ ਦੇਸ਼ ਦੇ ਲੱਗਦੇ ਹਨ।
ਜੋ ਵੀ ਭਾਰਤ ਦੇ ਵਾਸੀ ਹਨ, ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ ਦੇਸ਼ ਧਰੋਹੀ ਨਹੀਂ ਹੋ ਸਕਦੇ। ਸਾਰੇ ਹੀ ਦੇਸ਼ ਨੂੰ ਪਿਆਰ ਕਰਦੇ ਹਨ, ਤਕਰੀਬਨ ਸਾਰਿਆਂ ਦੀ ਹੀ ਜਨਮ ਭੂਮੀ ਭਾਰਤ ਹੈ। ਫਿਰ ਹਰੇਕ ਨਾਲ ਇੱਕੋ ਜਿਹਾ ਸਲੂਕ ਕਿਉਂ ਨਹੀਂ, ਕਾਨੂੰਨ ਅਤੇ ਸਜ਼ਾ ਵੱਖਰੀ ਵੱਖਰੀ ਕਿਉਂ ? ਇਹ ਸਰਕਾਰਾਂ ਆਪ ਹੀ ਅਜਿਹਾ ਕੁਝ ਸਿਰਜ ਦਿੰਦੀਆਂ ਹਨ ਕਿ ਘੱਟ ਗਿਣਤੀਆਂ ਨੂੰ ਬੇਗਾਨੇਪਣ ਦਾ ਅਹਿਸਾਸ ਹੋਣਾ ਕੁਦਰਤੀ ਹੀ ਹੈ। ਨਿਆਂਪਾਲਿਕਾ ਦੀ ਸ਼ਕਤੀਆਂ ਸੀਮਤ ਕਰ ਦਿੱਤੀਆਂ ਗਈਆਂ ਹਨ। ਭਾਰਤ ਦੇ ਬਣੇ ਕਾਨੂੰਨਾਂ ਮੁਤਾਬਕ ਦੋਸ਼ੀ ਕਰਾਰ ਦਿੱਤੇ ਗਏ ਮਨੁਖਾਂ ਨੂੰ ਸਜ਼ਾ ਦੇ ਦਿੱਤੀ ਗਈ ਪਰ ਸਜ਼ਾ ਪੂਰੀ ਹੋਣ ਤੋਂ ਬਾਅਦ ਰਿਹਾਅ ਨਾ ਕਰਨਾ ਅਤੇ ਕੁਝ ਗੰਭੀਰ ਜੁਰਮਾਂ ਅੰਦਰ ਸਜਾ ਯਾਫਤਾ ਸੌਦੇ ਸਾਧ ਵਰਗੇ ਲੋਕਾਂ ਨੂੰ ਹਰ ਆਏ ਦਿਨ ਛੁਟੀ ਅਤੇ ਫਰਲੋ ਦੇਣਾ ਕੀ ਇਹ ਬਰਾਬਰਤਾ ਹੈ? ਭਾਰਤ ਦੀ ਫੌਜ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਬੀਬੀ ਕਰਨਲ ਸੋਫੀਆ ਕੁਰੈਸ਼ੀ ਨੂੰ ਸਰਕਾਰ ਦੇ ਮੰਤਰੀ ਨੇ ‘ਅੱਤਵਾਦੀਆਂ ਦੀ ਭੈਣ’ ਕਹਿ ਕੇ ਕੀ ਸੁਨੇਹਾ ਦਿੱਤਾ ਹੈ? ਅੱਜ ਦੇ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਸਰਕਾਰਾਂ ਉੱਤੇ ਭਾਈ ਗੁਰਦਾਸ ਜੀ ਦੀ ਵਾਰ ਬਹੁਤ ਢੁਕਦੀ ਹੈ-
ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ॥
ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ॥ (ਵਾਰ-1, ਪਉੜੀ-30)
ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਖੇਤ ਕਿਵੇਂ ਬਚੇਗਾ। ਪੰਜਾਬ ਨੂੰ ਹਰ ਹਾਲਾਤ ਵਿੱਚ ਦਬਾਉਣ ਅਤੇ ਉਸ ਦੇ ਵਸਨੀਕਾਂ ਦਾ ਨੁਕਸਾਨ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ। ਜੋ ਆਮ ਸਧਾਰਨ ਮਨੁਖ ਦੀ ਸਮਝ ਵਿੱਚ ਆਉਂਦਾ ਹੈ। ਜਦੋਂ ਵੀ ਜੰਗ ਲੱਗੀ ਭਾਵੇਂ ਉਹ 1947 ਦੀ ਵੰਡ ਹੋਵੇ, ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਇਆ ਹੈ। ਜੰਮੂ ਕਸ਼ਮੀਰ ਦਾ ਹੋਇਆ ਹੈ। ਵੰਡ ਵੇਲੇ ਬੰਗਾਲ ਨੂੰ ਭਾਰੀ ਕੀਮਤ ਚੁਕਾਉਣੀ ਪਈ ਹੈ। ਬਾਕੀ ਕੀ ਜਾਨਣ ਕਿ ਦੇਸ਼ਾਂ ਦੀ ਲੜਾਈ ਨਾਲ ਕੀ ਫਰਕ ਪੈਂਦਾ ਹੈ। ਕੇਵਲ ਟੀ.ਵੀ. ਚੈਨਲਾਂ ਤੇ ਫੋਕੀਆਂ ਫੜਾਂ ਮਾਰਨ ਨਾਲ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ। ਬ੍ਰਿਗੇਡੀਅਰ ਹਰਬਖਸ਼ ਸਿੰਘ ਵਰਗਿਆਂ ਨੇ ਦੇਸ਼ ਦੀ ਖਾਤਰ ਆਪਣੇ ਸੀਨੀਅਰ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਮੋਰਚੇ ਤੋਂ ਪਿੱਛੇ ਨਾ ਹੱਟਣ ਦਾ ਫੈਸਲਾ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ।
ਗੁਰਬਾਣੀ ਦੇ ਕਥਨ ਦੇ ਪੂਰੇ ਉਤਰਦੇ ਸਨ-
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (1105)
ਕੇਵਲ ਕੇਂਦਰ ਸਰਕਾਰ ਹੀ ਨਹੀਂ ਸੂਬੇ ਦੀਆਂ ਸਰਕਾਰਾਂ ਵੱਲੋਂ ਵੀ ਫੈਸਲੇ ਲੈਂਦਿਆਂ ਕੋਈ ਬਰਾਬਰਤਾ ਨਹੀਂ ਦਿਖਾਈ ਗਈ। ਹੁਣੇ ਹੁਣੇ ਤਾਜ਼ਾ ਘਟਨਾ ਮਜੀਠਾ ਸ਼ਰਾਬ ਕਾਂਡ ਵਰਤ ਗਿਆ। 28 ਬੰਦੇ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਗਏ ਜੋ ਕਿ ਮਰਨ ਵਾਲਿਆਂ ਦੀ ਗਲਤੀ ਵੀ ਬਰਾਬਰ ਦੀ ਹੈ, ਵੇਚਣ ਵਾਲਿਆਂ ਦੇ ਨਾਲ ਨਾਲ। ਗੈਰ ਕਾਨੂੰਨੀ ਸ਼ਰਾਬ ਖਰੀਦਣਾ ਵੀ ਜ਼ੁਰਮ ਹੈ। ਪਰ ਮੁਖ ਮੰਤਰੀ ਸਾਹਿਬ ਨੇ ਫਟਾਫਟ 10 ਲੱਖ ਰੁਪਏ ਹਰ ਮ੍ਰਿਤਕ ਨੂੰ ਦੇਣ ਦਾ ਐਲਾਨ ਕਰ ਦਿੱਤਾ ਜੋ ਜਨਤਾ ਵੱਲੋਂ ਦਿੱਤੇ ਟੈਕਸਾਂ ਵਿੱਚੋਂ ਜਾਣਾ ਹੈ। ਦੂਸਰੇ ਪਾਸੇ ਪਾਕਿਸਤਾਨ ਦੇ ਡਰੋਨ ਹਮਲੇ ਦੌਰਾਨ ਮਾਰੀ ਗਈ ਬੀਬੀ (ਫਿਰੋਜਪੁਰ ਖੇਤਰ ਤੋਂ) ਨੂੰ 5 ਲੱਖ ਦੀ ਸਹਾਇਤਾ ਦਾ ਐਲਾਨ ਹੋਇਆ, ਉਸ ਸਮੇਂ ਪਟਿਆਲਾ ਜਿਲ੍ਹੇ ਦੇ ਸਮਾਨੇ ਕਸਬੇ ਲਾਗੇ ਸਕੂਲੀ ਬੱਚਿਆਂ ਦੀ ਐਕਸੀਡੈਂਟ ਰਾਹੀ ਹੋਈ ਮੌਤ ਤੇ 2 ਲੱਖ ਦਾ ਮੁਆਵਜਾ ਦਿੱਤਾ ਗਿਆ। ਇਹ ਕਿਹੜਾ ਮਾਪਦੰਡ ਹੈ ਸਮਝ ਵਿੱਚ ਨਹੀਂ ਆਉਂਦਾ। ਨਾ ਐਕਸੀਡੈਂਟ ਬੱਚਿਆਂ ਦੀ ਗਲਤੀ ਅਤੇ ਨਾ ਡਰੋਨ ਹਮਲੇ ਵਿੱਚ ਮਾਰੀ ਗਈ ਬੀਬੀ ਦੀ ਕੋਈ ਗਲਤੀ ਪਰ ਸਰਕਾਰੀ ਸ਼ਰਾਬ ਛੱਡ ਕੇ ਅਣ ਅਧਿਕਾਰਤ ਵੇਚੀ ਗਈ ਸ਼ਰਾਬ ਪੀਣ ਵਾਲਿਆਂ ਦੀ ਗਲਤੀ ਹੋਣ ’ਤੇ ਵੀ ਸਰਕਾਰ ਏਨੀ ਮਿਹਰਬਾਨ ਕਿਉਂ ਹੋਈ, ਕੋਈ ਦੱਸਣ ਦੀ ਖੇਚਲ ਕਰੇਗਾ? ਇਹ ਦੇਖ ਕੇ ਲੱਗਦਾ ਹੈ ਕਿ “ਅੰਨ੍ਹੀ ਪੀਹ ਰਹੀ, ਕੁਤਾ ਚੱਟ ਰਿਹਾ।” ਕਿਸੇ ਵੀ ਮਨੁਖ ਦੀ ਜਾਨ ਜਾਣੀ ਮਾੜੀ ਅਤੇ ਦੁਖਦਾਈ ਘਟਨਾ ਹੈ। ਪਰ ਉਹ ਮਰਿਆ ਕਿਵੇਂ, ਉਸ ਦਾ ਫਰਕ ਤਾਂ ਪੈਂਦਾ ਹੈ।
ਮੈਂ ਅਖੀਰ ਵਿੱਚ ਇਹੀ ਕਹਾਂਗਾ ਕਿ ਸਰਕਾਰ ਜਨਤਾ ਦੀ ਮਾਲਕ ਨਹੀਂ ਸਗੋਂ ਰਾਖੀ ਕਰਨ ਵਾਸਤੇ ਚੁਣੇ ਹੋਏ ਨੁਮਾਇੰਦੇ ਹੁੰਦੇ ਹਨ, ਉਹਨਾਂ ਨੂੰ ਆਪਣੇ ਦੇਸ਼, ਸੂਬੇ ਦੇ ਵਾਸੀਆਂ ਦੀ ਰਾਖੀ ਕਰਨੀ ਅਤੇ ਮੁਸੀਬਤ ਸਮੇਂ ਉਹਨਾਂ ਦੀ ਬਰਾਬਰ ਸਹਾਇਤਾ ਕਰਨੀ ਚਾਹੀਦੀ ਹੈ ਨਾ ਕਿ ਆਪਣੀਆਂ ਖਾਮੀਆਂ ਨੂੰ ਲੁਕਾਉਣ ਖਾਤਰ ਹੋਰ ਵੱਡਾ ਨੁਕਸਾਨ ਕਰਨ ਦੀ ਤਿਆਰੀ ਕਰ ਲੈਣ। ਭਾਵੇਂ ਇਹ ਘਟਨਾ ਬਹੁਤ ਦੁਖਦਾਈ ਸੀ ਪਰ ਦੂਜੇ ਦੇਸ਼ ਨਾਲ ਜੰਗ ਲਾ ਦੇਣੀ ਕੋਈ ਸਿਆਣਪ ਵਾਲੀ ਗੱਲ ਨਹੀਂ ਸੀ। ਲੜਾਈ ਕਦੇ ਵੀ ਕਿਸੇ ਗੱਲ ਦਾ ਹੱਲ ਨਹੀਂ ਹੁੰਦੀ, ਸਗੋਂ ਦੇਸ਼ ਬਹੁਤ ਪਿੱਛੇ ਚਲਾ ਜਾਂਦਾ ਹੈ। ਚੰਗੇ ਭਾਗਾਂ ਨਾਲ ਲੜਾਈ ਟੱਲ ਗਈ, ਇਸ ਵਿੱਚ ਦੋਵਾਂ ਦੇਸ਼ਾਂ ਦੀ ਆਮ ਜਨਤਾ ਦਾ ਵੱਡਾ ਭਲਾ ਹੋਇਆ ਹੈ।
ਸੰਧੂਰ ਬਹੁਤ ਹੀ ਮਾੜੀ ਗੱਲ
ਬਿਨਾਂ ਕਸੂਰ ਕਈਆਂ ਦੇ ਸੰਧੂਰ
ਉਜਾੜਨ ਦਾ ਸੰਧੂਰ ਦਾ ਬਦਲਾ ਲੈਂਦੇ
ਕਈਆਂ ਦੇ ਸੰਧੂਰ ਉੱਜੜ ਗਏ
ਹੁਣ ਉਹਨਾਂ ਦੇ ਸੰਧੂਰ ਦਾ ਬਦਲਾ
ਓਮ, ਸ਼ਾਤੀ, ਵਾਹਿਗੁਰੂ, ਜੈ ਹਿੰਦ, ਲਿਖ ਕੇ ਪੂਰਾ ਹੋ ਜੂ
ਜਾਂ ਕੋਈ ਹੋਰ ਤਰੀਕਾ ਲੱਭਿਆ ਜਾਊ
ਬਦਲਾ ਲੈਣ ਲਈ ਉਹਨਾਂ ਦੇ ਸੰਧੂਰ।
ਸਵੱਡੇ ਵੱਡੇ ਵਾਪਰਦੇ ਇਨ੍ਹਾਂ ਦੁਖਾਂਤਾਂ ਦੇ ਬਦਲੇ ਸਰਕਾਰਾਂ, ਲੀਡਰ ਕਦੋਂ ਦੋਸ਼ੀ ਗਰਦਾਨੇ ਜਾਣਗੇ? ਜਾਂ ਅਸੀਂ ਕਬੂਤਰ ਵਾਂਗੂੰ ਅੱਖਾਂ ਮੀਟ ਕੇ ਬਿੱਲੀ ਦੂਰ ਹੈ ਦਾ ਭੁਲੇਖਾ ਪਾਲੀ ਜਾਣਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਂਤੀ, ਪਿਆਰ, ਭਰਾਤਰੀ ਭਾਵ ਅਤੇ ਆਤਮਿਕ ਜੀਵਨ ਦੇਣ ਦਾ ਸੁਨੇਹਾ ਸੰਸਾਰ ਤਕ ਪਹੁੰਚਾਉਣਾ ਜ਼ਰੂਰੀ ਹੈ ਤਾਂ ਜੋ ਇਸ ਐਟਮੀ ਯੁਗ ਵਿਚ ਸ਼ਾਂਤੀ ਭਰਿਆ ਜੀਵਨ ਸੰਸਾਰ ਮਾਣ ਸਕੇ। ਇਸ ਦੀ ਪੂਰਤੀ ਲਈ 1996 ਵਿਚ ਗੁਰਮਤਿ ਗਿਆਨ (ਚੈਰੀਟੇਬਲ) ਟਰੱਸਟ ਕਾਇਮ ਕੀਤਾ ਗਿਆ ਹੈ।