ਪ੍ਰਿੰ: ਗੁਰਬਚਨ ਸਿੰਘ

99155-29725

ਸਰਹਿੰਦ ਫਤਿਹ ਦਿਵਸ ‘ਤੇ

ਸਿੱਖ ਰਾਜ ਦਾ ਉਸਰੱਈਆ

ਰਾਵੀ ਦੇ ਬੇਲਿਆਂ, ਮੱਧ ਭਾਰਤ ਦੇ ਜੰਗਲ਼ਾਂ, ਅਰਬ ਦੇ ਮਾਰੂਥਲਾਂ ਤੇ ਦੇਸ਼ ਪੰਜਾਬ ਦੀ ਸਰਜ਼ਮੀਨ ‘ਤੇ ਇਲਾਹੀ ਵਜਦ ਵਿਚ ਆਉਂਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਹਲੇਮੀ ਰਾਜ ਨੂੰ ਸਥਾਪਿਤ ਕਰਨ ਲਈ ਇਹਨਾਂ ਸਿਧਾਤਾਂ ‘ਤੇ ਅਕਾਲੀ ਗੁਣਾਂ ਵਾਲੇ ਰਾਜ ਦੀ ਉਸਾਰੀ ਅਰੰਭੀ-

1 ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ (470)
2 ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥ (953)
3 ਨਾਨਕ ਭਗਤਾ ਸਦਾ ਵਿਗਾਸੁ॥
4 ਸੁਣਿਐ ਦੂਖ ਪਾਪ ਕਾ ਨਾਸੁ॥ (ਜਪੁ ਬਾਣੀ)
5 ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ॥ (468)

ਹਲੇਮੀ ਰਾਜ ਨੂੰ ਸਥਾਪਿਤ ਕਰਨ ਲਈ ਨਿਰੰਕਾਰੀ ਗੁਣਾਂ ਵਾਲਾ ਗ੍ਰੰਥ ਤਿਆਰ ਕੀਤਾ ਜੋ ਸਾਰੀ ਲੁਕਾਈ ਨੂੰ ਆਪਣੀ ਪਿਆਰ ਗਲਵੱਕੜੀ ਵਿਚ ਲੈਂਦਿਆਂ ਹੋਇਆਂ ਸਦਾ ਬਹਾਰ ਸੁਖ ਦੀ ਤਰਤੀਬ ਸਮਝਾਉਂਦਾ ਹੈ—

1 ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ॥
ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ॥ (1427)
2 ਸੋ ਜੀਵਿਆ ਜਿਸੁ ਮਨ ਵਸਿਆ ਸੋਇ॥
ਨਾਨਕ ਅਵਰੁ ਨ ਜੀਵੈ ਕੋਇ॥
ਜੇ ਜੀਵੈ ਪਤਿ ਲਥੀ ਜਾਇ॥
ਸਭ ਹਰਾਮੁ ਜੇਤਾ ਕਿਛੁ ਖਾਇ॥ (142)

ਹਲੇਮੀ ਰਾਜ ਦੀਆਂ ਨੀਹਾਂ ਪੱਕੀਆਂ ਕਰਨ ਲਈ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪਣੀ ਸ਼ਹਾਦਤ ਦੇ ਕੇ, ਜਿੱਥੇ ਅਧਿਆਤਮਕ ਤਥਾ ਰੁਹਾਨੀਅਤ ਦੀ ਰਮਜ਼ ਸਮਝਾਈ ਹੈ ਓੱਥੇ ਸਮਾਜ ਨੂੰ ਚਲਾਉਣ ਤੇ ਆਪਸੀ ਸਾਂਝ ਨੂੰ ਪੀਡਾ ਕਰਨ ਲਈ “ਨਾ ਕਉ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ”॥ ਦੇ ਫਲਸਫੇ ਨੂੰ ਪ੍ਰਪੱਕਤਾ ਵਿਚ ਲਿਆਂਦਾ। ਹਮੇਸ਼ਾਂ ਲਈ ਸਚਾਈ ਦੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਲਈ ਤੇ ਅਕਾਲੀ ਗੁਣਾਂ ਦੇ ਪ੍ਰਗਟਾਵੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਅਕਾਲ ਤੱਖਤ ਦੀ ਸਿਰਜਣਾ ਸਾਕਾਰ ਹੋਈ ਹੈ।

ਦ੍ਰਿੜਤਾ ‘ਤੇ ਪਹਿਰਾ ਦੇਣ ਲਈ ਜਦੋਂ ਪਰਖ ਹੋਈ ਤਾਂ ਤੱਤੀ ਤਵੀ ਦਾ ਰਾਹ ਚੁਣ ਕੇ ਸੰਸਾਰ ਵਿੱਚ ਨਵਾਂ ਅਧਿਆਏ ਲਿਖ ਦਿੱਤਾ। ਸੀਸ ਜਾ ਸਕਦਾ ਹੈ ਪਰ ਸੱਚ ਨੂੰ ਆਂਚ ਨਹੀਂ ਆਉਣ ਦਿੱਤੀ ਜਾਏਗੀ। ਅਜ਼ਾਦ ਹੋਂਦ ਦਾ ਪ੍ਰਗਟਾਵਾ ਕਰਨ ਲਈ ਥੜਾ, ਅਕਾਲ ਬੁੰਗਾ ਤੇ ਫਿਰ ਅਕਾਲ ਤੱਖਤ ਦੇ ਰੂਪ ਵਿੱਚ ਪ੍ਰਗਟ ਕਰਕੇ ਹਲੇਮੀ ਸਰਕਾਰ ਦਾ ਬਿਗਲ ਵਜਾ ਦਿੱਤਾ। ਫੌਜਾਂ, ਘੋੜੇ, ਹਥਿਆਰ ਤੇ ਜਵਾਨੀਆਂ ਨਾਲ ਦੇਸ ਪੰਜਾਬ ਨੂੰ ਸਵੈ ਮਾਣ, ਗੈਰਤ, ਅਣਖ਼ ਤੇ ਧੋਣ ਸਿੱਧੀ ਕਰਕੇ ਚਲਣ ਦਾ ਵਲ਼ ਸਮਝਾ ਦਿੱਤਾ।

ਸੰਸਾਰ ਵਿਚ ਇਕ ਪਹਿਲੀ ਮਿਸਾਲ ਮਿਲਦੀ ਹੈ ਕਿ ਜਦੋਂ ਹਿੰਦੂ ਮੱਤ ਦੀ ਹੋਂਦ ਖਤਰੇ ਵਿਚ ਪਈ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਇਹ ਸਾਬਤ ਕੀਤਾ ਕੇ ਹਰ ਇਨਸਾਨ ਨੂੰ ਜਿਉਣ ਦਾ ਹੱਕ ਹੈ। ਧੱਕਾ, ਬੇਇਨਸਾਫ਼ੀ ਤੇ ਸਰਕਾਰੀ ਜ਼ੁਲਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਜਦ ਕਾਜ਼ੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਕਿ “ਦੇਖੋ ਤੁਹਾਡੇ ਸਿੱਖਾਂ ਦਾ ਕੀ ਹਾਲ ਕੀਤਾ ਹੈ” ਤਾਂ ਅੱਗੋਂ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ ਐ “ਕਾਜ਼ੀ ਮੈਨੂੰ ਖੁਸ਼ੀ ਹੋਈ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਕੂਲ ਵਿਚੋਂ ਪੜ੍ਹੇ ਹੋਏ ਵਿਦਿਆਰਥੀ ਅੱਜ ਪੂਰੇ ਨੰਬਰ ਲੈ ਕੇ ਪਾਸ ਹੋਏ ਹਨ”।

ਨਵੇਂ ਸ਼ਹਿਰ ਵਸਾਉਣ ਦੀ ਪ੍ਰਥਾ ਨੂੰ ਕਾਇਮ ਰੱਖਦਿਆਂ ਅਨੰਦਪੁਰ ਸ਼ਹਿਰ ਦੀ ਸਿਰਜਣਾ ਹੋਈ। ਜਿਥੋਂ ਸੱਚ ਦੇ ਫਲਸਫੇ ਨੂੰ ਖਾਲਸੇ ਦੇ ਰੂਪ ਵਿਚ ਸਾਕਾਰ ਕੀਤਾ। ਹਲੇਮੀ ਰਾਜ ਦੇ ਮਹੱਤਵ ਨੂੰ ਦ੍ਰਿੜ ਕਰਾਉਂਦਿਆਂ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਸਹਿਬਜ਼ਾਦਿਆਂ ਨੇ ਚਮਕੌਰ ਦੀ ਜੂਹ ਵਿਚ ਤੇ ਸਰਹੰਦ ਦੀ ਦੀਵਾਰ ਵਿਖੇ ਆਪਣੀਆਂ ਸ਼ਹਾਦਤਾਂ ਦੇ ਕੇ ਦੁਨੀਆਂ ਦਾ ਇਕ ਨਿਵੇਕਲਾ ਇਤਿਹਾਸ ਸਿਰਜਿਆ ਜਿਹੜਾ ਅੱਖਰਾਂ ਦੀ ਬੰਦਸ਼ ਵਿਚ ਨਹੀਂ ਆਉਂਦਾ।

ਸਿੱਖ ਧਰਮ ਦਾ ਮੁਖ ਉਦੇਸ਼, ਜਾਤ ਰਹਿਤ ਅਤੇ ਸ਼੍ਰੇਣੀ ਰਹਿਤ ਸਮਾਜ ਸਥਾਪਿਤ ਕਰਕੇ ਇਕ ਐਸਾ ਪਰਬੰਧ ਮੁਹੱਈਆ ਕਰਨਾ ਸੀ ਜਿੱਥੇ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ, ਇਸ ਕਿਰਤ ਕਮਾਈ ਨੂੰ ਵੰਡ ਕੇ ਛੱਕਣ ਵਾਲੇ ਅਤੇ ਫਿਰ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਕਿਰਤੀ ਲੋਕਾਂ ਦੇ ਅਧਿਕਾਰ ਸੁਰੱਖਿਅਤ ਰਹਿ ਸਕਣ।

ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅੰਤਮ ਸਮੇਂ ਨਦੇੜ ਦੀ ਧਰਤੀ ‘ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਖਾਲਸੇ ਦਾ ਰਾਜਨੀਤਿਕ ਨੇਤਾ ਚੁਣਿਆ ਸੀ ਤੇ ਨਾਲ ਪੰਜ ਮੈਂਬਰਾਂ ਦੀ ਇਕ ਸਲਾਹਕਾਰ ਕਮੇਟੀ ਸਥਾਪਿਤ ਕੀਤੀ ਸੀ। ਡਾਕਟਰ ਸੁਖਦਿਆਲ ਸਿੰਘ ਜੀ ਦੇ ਕਥਨ ਅਨੁਸਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਅੰਤਮ ਰਸਮਾਂ ਉਪਰੰਤ ਹੀ ਪੰਜਾਬ ਦੀ ਧਰਤੀ ਨੂੰ ਚੱਲਿਆ ਸੀ। ਬਾਬਾ ਬੰਦਾ ਸਿੰਘ ਦੀ ਚੋਣ ਸਾਬਤ ਕਰਦੀ ਹੈ ਕਿ ਜੰਗ ਦੇ ਮੈਦਾਨ ਦਾ ਬਾਬਾ ਜੀ ਨੂੰ ਬਹੁਤ ਡੂੰਘਾ ਗਿਆਨ ਸੀ।

ਬਾਬਾ ਬੰਦਾ ਸਿੰਘ ਦਾ ਗੁਰੂ ਸਾਹਿਬ ਜੀ ਨਾਲ ਮਿਲਾਪ ਪਹਿਲਾਂ ਵੀ ਹੋ ਚੁਕਿਆ ਸੀ। ਡਾ. ਹਰਜਿੰਦਰ ਸਿੰਘ ਦਿਲਗੀਰ ਲਿਖਦੇ ਹਨ ਕਿ ਫਰਵਰੀ 1675 ਈ. ਨੂੰ ਗੁਰਦੇਵ ਪਿਤਾ ਜੀ ਦੇਹਰਾਦੂਨ, ਰਿਸ਼ੀਕੇਸ਼, ਹਰਿਦੁਆਰ ਤੇ ਕਨਖਲ ਵੱਲ ਗਏ ਸੀ ਤਾਂ ਓਦੋਂ ਮਾਧੋ ਦਾਸ ਬੈਰਾਗੀ ਨਾਲ ਮੁਲਾਕਾਤ ਹੋਈ ਸੀ ਜੋ ਥੋੜੇ ਸਮੇਂ ਲਈ ਸੀ। ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਨਵਾਂ ਜਨਮ ਹੋਇਆ ਜਦੋਂ ਖੰਡੇ ਦੀ ਪਹੁਲ ਲਈ। ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀ ਨੂੰ ਪੰਜਾਬ ਭੇਜਿਆ। ਇਨ੍ਹਾਂ ਦਿਨਾਂ ਵਿੱਚ ਭਾਈ ਬੰਗੇਸ਼ਰੀ ਦਾ ਟਾਂਡਾ (ਵਪਾਰਿਕ ਕਾਫ਼ਲਾ) ਲੰਘ ਰਿਹਾ ਸੀ। ਇਸ ਕਾਫ਼ਲੇ ਨਾਲ 5 ਅਕਤੂਬਰ 1708 ਨੂੰ ਨਦੇੜ ਤੋਂ ਪੰਜਾਬ ਵਲ ਨੂੰ ਬਾਬਾ ਜੀ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਚੱਲ ਪਏ।

ਪੰਜ ਸਿੰਘ ਭਾਈ ਬਿਨੋਦ ਸਿੰਘ, ਕਾਹਨ ਸਿੰਘ, ਬਾਜ ਸਿੰਘ, ਰਣ ਸਿੰਘ, ਤੇ ਰਾਮ ਸਿੰਘ ਸਨ। ਗੁਰਦੇਵ ਪਿਤਾ ਜੀ ਨੇ ਇਨ੍ਹਾਂ ਨੂੰ ਨੀਲਾ ਨਿਸ਼ਾਨ ਸਾਹਿਬ, ਇੱਕ ਨਗਾਰਾ ਤੇ ਪੰਜ ਤੀਰ ਵੀ ਦਿੱਤੇ। ਇੱਕ ਚਿੱਠੀ (ਹੁਕਮਨਾਮਾ) ਭਾਵ ਸਿੱਖਾਂ ਦੇ ਨਾਂ ਪੈਗ਼ਾਮ ਵੀ ਭੇਜਿਆ। ਪੰਜਾਬ ਨੂੰ ਅਜ਼ਾਦੀ ਦਿਵਾਉਣ ਲਈ ਤੇ ਖਾਲਸਾ ਰਾਜ ਕਾਇਮ ਕਰਨ ਲਈ ਚਾਰ ਮਹੀਨੇ ਵਿੱਚ 1600 ਕਿਲੋਮੀਟਰ ਦਾ ਪੈਂਡਾ ਤਹਿ ਕਰਕੇ ਬਾਬਾ ਜੀ ਸਾਥੀਆਂ ਸਮੇਤ ਬਾਂਗਰ ਦੇਸ਼ ਦੇ ਪਰਗਨਾ ਖਰਖੌਦਾ ਪਹੁੰਚੇ। ਭਾਵੇਂ ਸਿੱਖ ਫੋਜ ਦੀ ਗਿਣਤੀ ਥੋੜੀ ਸੀ ਫਿਰ ਵੀ ਸੋਨੀਪਤ ਤੇ ਪਹਿਲਾ ਹਮਲਾ ਕਰਕੇ ਉਸ ਨੂੰ ਆਪਣੇ ਕਬਜ਼ੇ ਅਧੀਨ ਕਰ ਲਿਆ। ਕੈਂਥਲ ਵਿਖੇ ਸ਼ਾਹੀ ਖ਼ਜ਼ਾਨਾ ਲੁਟਿਆ। ਮਾਲਵੇ ਦੇ ਸਿਰ ਕੱਢ ਯੋਧੇ ਭਾਈ ਰੂਪਾ ਜੀ, ਭਾਈ ਬਹਿਲੋ ਜੀ ਨੇ ਪੂਰਾ ਸਾਥ ਦਿੱਤਾ। ਖਰਖੌਦਾ ਤੋਂ ਛੇ ਕਿਲੋਮੀਟਰ ਦੂਰ ਸੇਹਿਰੀ ਤੇ ਖਾਂਡਾ ਵਿਚਕਾਰਲੇ ਜੰਗਲ ਵਿੱਚ ਉਤਾਰਾ ਕੀਤਾ। ਇਥੋਂ ਹੀ ਬਾਬਾ ਜੀ ਨੇ ਪੰਜਾਬ ਦੇ ਮੁਖੀ ਸਿੱਖਾਂ ਨੂੰ ਪੰਜਾਬ ਆਉਣ ਦੀ ਖਬਰ ਦਿੱਤੀ।

ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਾਥੀਆਂ ਨਾਲ ਸਲਾਹ ਕੀਤੀ ਕਿ ਸਰਹੰਦ ਫਤਿਹ ਕਰਨ ਤੋਂ ਪਹਿਲਾਂ ਛੋਟੇ ਸ਼ਹਿਰਾਂ ਤੇ ਕਬਜ਼ੇ ਕਰਨੇ ਜ਼ਰੂਰੀ ਹਨ, ਤਾਂ ਕਿ ਸੂਬਾ ਸਰਹੰਦ ਨੂੰ ਕੋਈ ਮਦਦ ਨਾ ਪਹੁੰਚ ਸਕੇ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਨਾਰਨੌਲ, ਭਿਵਾਨੀ, ਹਿਸਾਰ ਨੂੰ ਸਰ ਕੀਤਾ। ਸਮਾਣਾ ਕਿਸੇ ਜ਼ਮਾਨੇ ਵਿੱਚ ਬਾਂਗਰ ਦੇਸ਼ ਦੀ ਰਾਜਧਾਨੀ ਰਿਹਾ ਸੀ। ਇਸ ਦੇ ਨੌਂ ਪਰਗਣੇ ਸਨ। ਸਮਾਣੇ ਦੇ ਫੌਜਦਾਰ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਮੇਰੇ ਤੇ ਕੋਈ ਹਮਲਾ ਵੀ ਕਰ ਸਕਦਾ ਹੈ। ਸਮਾਣੇ ਵਿੱਚ ਹੀ ਜਲਾਲੂਦੀਨ ਜਲਾਦ ਰਹਿੰਦਾ ਸੀ ਜਿਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ। ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਸ਼ਾਸ਼ਲ ਬੇਗ, ਬਾਸ਼ਲ ਬੇਗ ਵੀ ਇਥੇ ਹੀ ਰਹਿ ਰਹੇ ਸਨ। 26 ਨਵੰਬਰ 1709 ਨੂੰ ਤੜਕਸਾਰ, ਸਮਾਣੇ ਤੇ ਹਮਲਾ ਕੀਤਾ। ਜ਼ਾਲਮਾਂ ਦੀ ਨਿਸ਼ਾਨ ਦੇਹੀ ਕਰਕੇ ਸਭ ਦੀਆਂ ਹਵੇਲੀਆਂ ਤਬਾਹ ਕੀਤੀਆਂ। ਸਮਾਣੇ ਤੇ ਕਬਜ਼ਾ ਕਰਕੇ ਘੜਾਮ ਤੇ ਕਬਜ਼ਾ ਕੀਤਾ। ਘੜਾਮ ਦੀ ਜਿੱਤ ਉਪਰੰਤ ਠਸਕੇ ਨੂੰ ਆਪਣੇ ਅਧੀਨ ਕੀਤਾ। ਥਾਨੇਸਰ, ਸ਼ਾਹਬਾਦ (ਮਾਰਕੰਡਾ), ਮੁਸਤਫ਼ਾਬਾਦ ਕੁੰਜਪੁਰਾ ਜਿੱਤ ਕੇ ਕਪੂਰੀ ਵਲ ਨੂੰ ਮੂੰਹ ਕੀਤਾ।

ਪੁਆਧ ਦੇ ਇਸ ਇਲਾਕੇ ਵਿੱਚ ਕਪੂਰੀ ਸਢੌਰਾ ਤੋਂ 13 ਕੁ ਕਿਲੋਮੀਟਰ ਦੇ ਫਾਸਲੇ ਤੇ ਅਹਿਮ ਨਗਰ ਸੀ। ਇਸ ਸ਼ਹਿਰ ਦਾ ਹਾਕਮ ਅਯਾਸ਼ ਕਿਸਮ ਦਾ ਬੰਦਾ ਸੀ ਜਿਹੜਾ ਹਿੰਦੂਆਂ ਧੀਆਂ ਨੂੰ ਚੁਕ ਕੇ ਲੈ ਜਾਂਦਾ ਸੀ। ਕਪੂਰੀ ਦੇ ਹਿੰਦੂ, ਬਾਬਾ ਜੀ ਨੂੰ ਮਿਲੇ ਤੇ ਸਾਰੀ ਵਿੱਥਿਆ ਸੁਣਾਈ। ਅਗਲੇ ਦਿਨ ਹੀ ਕਪੂਰੀ ਤੇ ਹਮਲਾ ਕਰਕੇ ਆਪਣੇ ਅਧੀਨ ਕਰ ਲਿਆ। ਕਪੂਰੀ ਤੋਂ ਵਿਹਲੇ ਹੁੰਦਿਆਂ ਹੀ ਸਢੌਰੇ ਵਲ ਨੂੰ ਮੂੰਹ ਕੀਤਾ, ਕਿਉਂਕਿ ਇਥੇ ਪੀਰ ਬੁਧੂ ਸ਼ਾਹ ਨੂੰ ਉਸਮਾਨ ਖਾਂ ਨੇ ਸ਼ਹੀਦ ਕੀਤਾ ਸੀ। ਇਥੇ ਬਹੁਤ ਭਿਆਨਕ ਯੁਧ ਹੋਇਆ। ਬਾਬਾ ਜੀ ਨੇ ਸਢੌਰੇ ਨੂੰ ਜਿੱਤ ਲਿਆ।

ਸਢੌਰਾ ਜਿੱਤਣ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਖ਼ਲਿਸਗੜ੍ਹ ਨੂੰ ਫਤਿਹ ਕੀਤਾ। ਇਸ ਦਾ ਨਾਂ ਲੋਹਗੜ੍ਹ ਰੱਖ ਕੇ ਇਸ ਨੂੰ ਖਾਲਸੇ ਦੀ ਰਾਜਧਾਨੀ ਐਲਾਨਿਆ ਗਿਆ। ਖਾਲਸੇ ਦਾ ਅਗਲਾ ਨਿਸ਼ਾਨਾ ਸਰਹੰਦ ਸੀ। ਸਰਹੰਦ 28 ਪਰਗਨਿਆਂ ਦਾ ਵੱਡ ਅਕਾਰੀ ਸੂਬਾ ਸੀ। ਇਸ ਦੀ ਆਮਦਨ 52 ਲੱਖ ਸਲਾਨਾ ਸੀ। ਦਰਿਆ ਸਤਲੁਜ ਤੇ ਯਮਨਾ ਵਿਚਕਾਰਲਾ ਇਲਾਕਾ ਸਰਹੰਦ ਦੀ ਹਕੂਮਤ ਹੇਠ ਸੀ।

ਮਾਝੇ ਤੋਂ ਇੱਕ ਜੱਥਾ ਬਾਬਾ ਜੀ ਦੀ ਫੌਜ ਵਿੱਚ ਸ਼ਾਮਿਲ ਹੋ ਚੁਕਾ ਸੀ। ਛੱਤ-ਬਨੂੜ ਨੂੰ ਫਤਹਿ ਕਰਨ ਉਪਰੰਤ ਬਾਬਾ ਜੀ ਦਾ ਅਸਲ ਧਾਵਾ ਸਰਹੰਦ ਹੀ ਸੀ। ਸਿੱਖ ਫੌਜ ਚੱਪੜਚਿੜੀ ਦੇ ਮੈਦਾਨ ਵਿੱਚ ਇਕੱਠੀ ਹੋ ਗਈ। ਇਹ ਜੂਹ ਸਰਹੰਦ ਤੋਂ ਵੀਹ ਕਿਲੋਮੀਟਰ ਦੀ ਦੂਰੀ ਤੇ ਹੈ। ਵਜ਼ੀਰ ਖਾਂ ਦੀ ਸਹਾਇਤਾ ਲਈ ਦਿੱਲੀ ਤੋਂ ਵੀ ਸ਼ਾਹੀ ਫੌਜ ਪਹੁੰਚ ਚੁਕੀ ਸੀ।

22 ਮਈ 1710 ਈਸਵੀ ਨੂੰ ਚਪੜ-ਚਿੜੀ ਦੇ ਮੈਦਾਨ ਵਿਚ ਇਕ ਐਸੀ ਲੜਾਈ ਲੜੀ ਗਈ, ਜਿਸ ਵਿਚ ਸਰਹੰਦ ਸੂਬੇ ਨੂੰ ਫਤਹਿ ਕੀਤਾ ਤੇ ਨਾਲ ਹੀ ਦਿੱਲੀ ਸਰਕਾਰ ਦੀਆਂ ਨੀਹਾਂ ਵੀ ਹਿਲਾ ਕੇ ਰੱਖ ਦਿੱਤੀਆਂ। ਸਦੀਆਂ ਤੋਂ ਮਹਿਮੂਦ ਗਜ਼ਨਵੀ ਤੇ ਮੁਹੰਮਦ ਗੌਰੀ ਦੇ ਹਮਲਿਆਂ ਉਪਰੰਤ ਖਾਲਸੇ ਵਲੋਂ ਭਾਰਤ ਵਿਚ ਇਕ ਪਹਿਲੀ ਜਿੱਤ ਸੀ ਜਿਸ ਨਾਲ ਦਿੱਲੀ ਦਰਬਾਰ ਥਰਥਰ ਕੰਬਣ ਲੱਗਿਆ। ਇਸਲਾਮੀ ਰਾਜ ਦੇ ਘੁਗ ਵੱਸਦੇ ਕੈਂਥਲ, ਸਮਾਣਾ, ਸਢੋਰਾ, ਘੁੜਾਮ, ਕਪੂਰੀ ਅਤੇ ਬਨੂੜ ਵਰਗੇ ਸ਼ਹਿਰਾਂ ਨੂੰ ਫਤਹਿ ਕੀਤਾ। ਇਹ ਸ਼ਹਿਰ ਫੌਜੀ ਤਾਕਤ ਵਜੋਂ ਬਹੁਤ ਮਜ਼ਬੂਤ ਸਨ। ਮਸੂਮ ਜਿੰਦਾਂ (ਛੋਟੇ ਸਹਿਬਜ਼ਾਦੇ) ਨੂੰ ਦੀਵਾਰਾਂ ਵਿਚ ਚਿਣ ਕੇ ਸ਼ਹੀਦ ਕਰਨਾ, ਮਾਤਾ ਗੁਜਰੀ ਜੀ ਦਾ ਸ਼ਹੀਦ ਹੋਣਾ ਇਸ ਅਨਿਆਏਂ ਦੀ ਅੱਗ ਹਰ ਸਿੱਖ ਦੇ ਸੀਨੇ ਵਿੱਚ ਲਟ ਲਟ ਕਰਦੀ ਬਲ਼ ਰਹੀ ਸੀ। ਅਖੀਰ ਸਮਾਂ ਆ ਗਿਆ ਇਸ ਬੇਇਨਸਾਫ਼ੀ ਦਾ ਬਣਦਾ ਹਿਸਾਬ ਚੁਕਾਉਣ ‘ਤੇ ਖਾਲਸਾ ਰਾਜ ਸਥਾਪਿਤ ਕਰਨ ਦਾ। ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦਾ ਉਹ ਨਾਇਕ ਹੈ ਜਿਸ ਨੇ 239 ਸਾਲ ਵਿੱਚ ਸਿਰਜੇ ਗਏ ਸਿਧਾਂਤ ਨੂੰ 22 ਮਈ 1710 ਈਸਵੀ ਨੂੰ ਸਰਹੰਦ ਫਤਹਿ ਕਰਕੇ ਖਾਲਸਾ ਗਣਰਾਜ ਕਾਇਮ ਕਰ ਦਿੱਤਾ।

ਖਾਲਸਾ ਗਣਰਾਜ ਦਾ ਪਹਿਲਾ ਦਰਬਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਬਾਗ-ਏ-ਹਾਫ਼ਜ਼ੀ ਵਿਖੇ ਲਗਾਇਆ।

ਸ੍ਰ. ਬਾਜ ਸਿੰਘ ਬੰਗੇਸ਼ਰੀ ਨੂੰ ਸਰਹੰਦ ਦਾ ਸੂਬੇਦਾਰ ਤੇ ਸ੍ਰ. ਆਲੀ ਸਿੰਘ ਸਲੌਦੀ ਵਾਲੇ ਨੂੰ ਨਾਇਬ ਸੂਬੇਦਾਰ ਲਾਇਆ ਗਿਆ। ਨਾਲ ਹੀ ਇਹ ਪਹਿਲਾ ਐਲਾਨ ਇਹ ਕੀਤਾ ਕਿ ਖਾਲਸਾ ਰਾਜ ਸਥਾਪਤ ਹੋ ਗਿਆ ਹੈ ਦਿੱਲੀ ਦੀ ਸਰਕਾਰ ਏਧਰ ਆਉਣ ਦਾ ਯਤਨ ਨਾ ਕਰੇ।

ਦੂਜਾ ਐਲਾਨ ਇਹ ਕੀਤਾ ਕਿ ਜ਼ਮੀਨ ਸਿਰਫ ਹਲ਼ ਵਾਹਕ ਦੀ ਹੀ ਹੋਏਗੀ। ਭਾਵ ਜਿਹੜਾ ਕਾਸ਼ਤ ਕਰਦਾ ਹੈ ਓਸੇ ਦਾ ਹੀ ਹੱਕ ਹੋਏਗਾ। ਜਗੀਰਦਾਰੀ ਪ੍ਰਥਾ ਦੀਆਂ ਜੜ੍ਹਾਂ ਉਖਾੜ ਕੇ ਰੱਖ ਦਿੱਤੀਆਂ। ਮੁਗਲ ਸਲਤਨਤ ਦੀਆਂ ਸਾਰੀਆਂ ਜ਼ਮੀਨਾ ਕਿਰਤੀਆਂ ਕਿਰਸਾਨਾਂ, ਕਾਮਿਆਂ ਅਤੇ ਮਜ਼ਦੂਰਾਂ ਵਿੱਚ ਵੰਡ ਦਿੱਤੀਆਂ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜੋ ਪਹਿਲੀ ਮੋਹਰ ਤਿਆਰ ਕਰਾਈ ਉਸ ਵਿਚ ਆਪਣਾ ਨਾਂ ਨਹੀਂ ਲਿਖਾਇਆ ਬਲ ਕੇ ਖਾਲਸੇ ਨੂੰ ਵਡਿਆਈ ਦਿੱਤੀ ਗਈ।

ਜ਼ਰਬ ਬ ਅਮਾਨ ਦਹਿਰ ਮੁਸੱਵਰਤ ਸ਼ਹਿਰ।

ਜ਼ੀਨਤ-ਅਲ-ਤਖਤ-ਖਾਲਸਾ ਮੁਬਾਰਖ਼ ਵਖ਼ਤ।

ਅਰਥ— ਸ਼ਾਤੀ ਦੇ ਅਸਥਾਨ ਤੋਂ ਅਤੇ ਖੂਬਸੂਰਤ ਸ਼ਹਿਰ ਚੋਂ, ਖਾਲਸੇ ਦੀ ਬਹੁਤ ਉੱਚੀ ਸ਼ਾਨ ਵਾਲੇ ਤੱਖਤ ਤੋਂ ਭਾਗਾਂ ਭਰੇ ਸਮੇਂ ਜਾਰੀ ਕੀਤਾ ਗਿਆ।

ਇਕ ਹੋਰ ਮੋਹਰ ਦੀ ਇਬਾਰਤ ਇਸ ਤਰ੍ਹਾਂ ਲਿਖੀ ਹੋਈ ਮਿਲਦੀ ਹੈ—

ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗਿ ਨਾਨਕ ਵਾਹਿਦ।
ਫਤਹ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜ਼ਲਿ ਸੱਚਾ ਸਾਹਿਬ ਅਸਤ।

ਅਰਥ— ਗੁਰੂ ਨਾਨਕ ਅਤੇ ਸ਼ਾਹਾਂ ਦੇ ਸ਼ਹਿਨਸ਼ਾਹ, ਅਤੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ੀ ਹੋਈ ਤੇਗ ਦੀ ਤਾਕਤ ਨਾਲ ਦੋਵੇਂ ਜਹਾਨਾਂ ਵਿਚ ਇਹ ਸਿੱਕਾ ਜਾਰੀ ਕੀਤਾ।

ਓਸੇ ਤਰ੍ਹਾਂ ਇਕ ਹੋਰ ਸਿੱਕੇ ਦੀ ਇਬਾਰਤ ਇਸ ਤਰ੍ਹਾਂ ਲਿਖੀ ਮਿਲਦੀ ਹੈ—

ਦੇਗੋ ਤੇਗ਼ੋ ਫ਼ਤਹਿ ਓ ਨੁਸਰਤ ਬੇਦਰੰਗ।
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।

ਅਰਥ— ਦੇਗ ਦੇ ਅਮੁਕ ਲੰਗਰ ਅਤੇ ਤੇਗ ਨਾਲ ਦੁਸ਼ਮਣਾ ਉਪਰ ਫਤਹਿ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੀ ਮਿਹਰ ਨਾਲ ਹੀ ਪ੍ਰਾਪਤ ਹੋਈ ਹੈ।

ਬਾਬਾ ਬੰਦਾ ਸਿੰਘ ਜੀ ਨੇ ਖਾਲਸਾ ਰਾਜ ਦੀ ਨੀਤੀ ਅਨੁਸਾਰ ਸਰਦਾਰ ਕਉਰ ਸਿੰਘ, ਸਰਦਾਰ ਬਾਜ ਸਿੰਘ ਅਤੇ ਸਰਦਾਰ ਭਗਵੰਤ ਸਿੰਘ ਬੰਗੇਸਰੀ ਨੂੰ ਸਾਰਾ ਰਾਜ ਪ੍ਰਬੰਧ ਸੰਭਾਲ਼ ਕੇ ਖਾਲਸਾ ਰਾਜ ਨੂੰ ਅੱਗੇ ਵਧਾਉਣਾ ਸ਼ੁਰੂ ਕੀਤਾ। 1716 ਈਸਵੀ ਤੱਕ ਚਾਰ ਚੁਫੇਰੇ ਬਾਬਾ ਬੰਦਾ ਸਿੰਘ ਬਹਾਦਰ ਜੀ ਜਿੱਤਾਂ ਜਿੱਤਦੇ ਗਏ।

ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਤੇ ਗੁਰਦਾਸ ਨੰਗਲ਼ ਦੇ ਕਿਲ੍ਹਿਆਂ ਨੂੰ ਕੇਂਦਰੀ ਰਾਜਧਾਨੀਆਂ ਵਜੋਂ ਸਥਾਪਿਤ ਕੀਤਾ। ਬੰਦਾ ਸਿੰਘ ਜੀ ਦੀ ਵੱਧਦੀ ਰਾਜਸੀ ਸ਼ਕਤੀ ਤੋਂ ਜਿੱਥੇ ਸੂਬਾ ਸਰਕਾਰਾਂ ਔਖੀਆਂ ਸਨ ਓੱਥੇ ਭਾਰਤ ਦੀ ਕੇਂਦਰੀ ਸਰਕਾਰ ਦੇ ਨੱਕ ਵਿਚ ਵੀ ਦਮ ਆਇਆ ਹੋਇਆ ਸੀ। ਦਿੱਲੀ ਦਰਬਾਰ ਵਲੋਂ ਸਖਤ ਹਦਾਇਤਾਂ ਆ ਰਹੀਆਂ ਸਨ ਕਿ ਗੁਰਦਾਸ ਨੰਗਲ਼ ਦੀ ਘੇਰਾ ਬੰਦੀ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਏ। ਗੁਰਦਾਸ ਨੰਗਲ਼ ਦੇ ਕਿਲ੍ਹੇ ਦੀ ਸਖਤ ਘੇਰਾ ਬੰਦੀ ਕੀਤੀ ਗਈ। ਸਿੰਘਾਂ ਕੋਲੋਂ ਰਸਦ ਪਾਣੀ ਅਤੇ ਬਰੂਦ ਆਦਿ ਸਾਰਾ ਮੁਕ ਗਿਆ ਸੀ। ਕਿਲ੍ਹੇ ਦੇ ਅੰਦਰੋਂ ਬਾਬਾ ਬੰਦਾ ਸਿੰਘ ਜੀ ਬਹਾਦਰ, ਉਸ ਦਾ ਪ੍ਰਵਾਰ ਅਤੇ 780 ਸਿੰਘਾਂ ਨੂੰ ਗਿਫ਼ਤਾਰ ਕੀਤਾ ਗਿਆ। ਇਹ ਵਾਕਿਆ 17 ਦਸੰਬਰ 1715 ਦਾ ਸੀ। ਸੰਗਲ਼ਾਂ ਨਾਲ ਨੂੜ ਕੇ ਜਲੂਸ ਦੀ ਸ਼ਕਲ ਵਿੱਚ ਦਿੱਲੀ ਲਿਜਾ ਕੇ ਹਰ ਰੋਜ਼ 100 ਬੰਦੇ ਨੂੰ ਸ਼ਹੀਦ ਕੀਤਾ ਜਾਂਦਾ ਰਿਹਾ, ਇਹਨਾਂ ਵਿਚੋਂ ਹਰੇਕ ਸਿੱਖ ਨੇ ਹੱਸਦਿਆਂ ਹੋਇਆਂ ਸ਼ਹੀਦੀਆਂ ਦਿੱਤੀਆਂ। ਬਾਬਾ ਬੰਦਾ ਸਿੰਘ ਦੇ ਸਾਥੀਆਂ ਭਾਈ ਬਾਜ਼ ਸਿੰਘ, ਭਾਈ ਆਲੀ ਸਿੰਘ, ਭਾਈ ਮਾਲੀ ਸਿੰਘ, ਭਾਈ ਫਤਹਿ ਸਿੰਘ, ਭਾਈ ਗੁਲਾਬ ਸਿੰਘ ਆਦਿ ਨੂੰ ਤਸੀਹੇ ਦੇ ਕੇ ਤੜਪਾ ਤੜਪਾ ਕੇ ਸ਼ਹੀਦ ਕੀਤਾ ਗਿਆ। ਇਹਨਾਂ ਦੇ ਦ੍ਰਿੜ ਇਰਾਦਿਆਂ ਨੂੰ ਸਰਕਾਰ ਝੁਕਾ ਨਾ ਸਕੀ।

ਮੁਗਲ ਦਰਬਾਰ ਵਲੋਂ ਬਾਬਾ ਜੀ ਨੂੰ ਕਿਹਾ ਗਿਆ ਕਿ ਆਪਣਾ ਬੱਚਾ ਆਪਣੇ ਹੱਥੀਂ ਸ਼ਹੀਦ ਕਰੋ ਬਾਬਾ ਜੀ ਨੇ ਕਿਹਾ ਮੈਂ ਆਪਣਾ ਬੱਚਾ ਨਹੀਂ ਜੇ ਤੁਹਾਡਾ ਬੱਚਾ ਵੀ ਹੋਏਗਾ ਮੈਂ ਉਸ ਨੂੰ ਵੀ ਮਾਰਨ ਲਈ ਤਿਆਰ ਨਹੀਂ ਹਾਂ ਕਿ ਕਿਉਂ ਕਿ ਬੱਚੇ ਸਭ ਦੇ ਸਾਂਝੇ ਹੁੰਦੇ ਹਨ। ਜ਼ਾਲਮ ਸਰਕਾਰ ਜ਼ੁਲਮ ਦੀ ਅੱਤ ਕਰਦਿਆਂ ਹੋਇਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਬੇਟੇ ਨੂੰ ਜ਼ਿਬਾ ਕਰਕੇ ਉਸ ਦਾ ਦਿੱਲ ਕੱਢ ਕੇ ਬਾਬਾ ਜੀ ਦੇ ਮੂੰਹ ਵਿਚ ਤੁੰਨਿਆ ਗਿਆ ਪਰ ਬਾਬਾ ਜੀ ਨੇ ਸੀ ਤੱਕ ਨਾ ਉਚਾਰੀ। ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਤਾਂ ਬਾਬਾ ਜੀ ਨੇ ਦ੍ਰਿੜਤਾ ਨਾਲ ਸ਼ਹਾਦਤ ਦਾ ਰਸਤਾ ਚੁਣਿਆ। ਬਾਬਾ ਜੀ ਹਾਜ਼ਰ ਜੁਆਬੀ ਸੁਣ ਕੇ ਕਾਜ਼ੀ ਨੇ ਜ਼ਬਾਨ ਕੱਟਣ ਲਈ ਕਿਹਾ। ਗੁਸਾ ਅੱਖਾਂ ਰਾਂਹੀ ਪ੍ਰਗਟ ਹੋਇਆ ਜ਼ਾਲਮਾਂ ਨੇ ਅੱਖਾਂ ਕੱਢ ਦਿੱਤੀਆਂ। ਜ਼ੁਲਮ ਦੀ ਇੰਤਾਹ ਕਰਦਿਆਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਾਰੇ ਜਿਸਮ ਨੂੰ ਜਬੂੰਰਾਂ ਨਾਲ ਨੋਚ ਨੋਚ ਕੇ ਉਧੇੜ ਦਿੱਤਾ।

ਬਾਬਾ ਬੰਦਾ ਸਿੰਘ ਜੀ ਬਹਾਦਰ ਸਿੱਖ ਕੌਮ ਦਾ ਉਹ ਸੂਰਬੀਰ ਯੋਧਾ ਹੋਇਆ ਹੈ ਜਿਸ ਨੇ ਆਪਣੀ ਤੇ ਆਪਣੇ ਪਰਵਾਰ ਦੀ ਸ਼ਹੀਦੀ ਦੇ ਕੇ ਹਲੇਮੀ ਰਾਜ ਨੂੰ ਸਥਾਪਿਤ ਕੀਤਾ। ਅੱਜ ਚੁਰਾਹਿਆਂ ਵਿਚ ਨਾਮ ਧਰੀਕ ਸਾਧਾਂ ਦੀਆਂ ਬਰਸੀਆਂ ਦੇ ਬੋਰਡ ਤਾਂ ਮਿਲ ਜਾਣਗੇ। ਅੱਜ ਗੁਰਦੁਆਰਿਆਂ ਵਿਚ ਮਰ ਚੁਕੇ ਸਾਧਾਂ ਦੀਆਂ ਬਰਸੀਆਂ ਵੀ ਬੜੀ ਧੂਮ-ਧਾਮ ਨਾਲ ਮਨਾਈਆਂ ਤਾਂ ਜਾ ਰਹੀਆਂ ਹਨ ਪਰ ਐਸੇ ਸੂਰਬੀਰ ਯੋਧੇ ਕੌਮੀ ਸ਼ਹੀਦ ਨੂੰ ਯਾਦ ਕਰਨ ਲਈ ਸਾਡੇ ਕੋਲ ਸਮਾਂ ਹੀ ਨਹੀਂ ਬਚਿਆ ਲੱਗਦਾ। ਸ਼ਹੀਦਾਂ ਨੂੰ ਭਲਾਉਣ ਵਾਲੀਆਂ ਕੌਮਾਂ ਆਪਣੀ ਬਰਬਾਦੀ ਆਪ ਕਰ ਲੈਂਦੀਆਂ ਹਨ।

ਯਾਦ ਰਹੇ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਬਹੁਤਾਤ ਲਿਖਤਾਂ ਨੇ ਭੰਬਲਭੂਸੇ ਤੇ ਸਰਕਾਰੀ ਪ੍ਰਚਾਰ ਦੇ ਪ੍ਰਾਪੇਗੰਡੇ ਤਹਿਤ ਕਈ ਦੋਸ਼ ਲਾਏ ਗਏ। ਪਰ ਉਸ ਮਹਾਨ ਗੁਰਸਿਖ, ਜੁਝਾਰੂ ਯੋਧੇ, ਕਲਗੀਧਰ ਜੀ ਦੇ ਵਰੋਸਾਏ, ਸੰਘਰਸ਼ਸ਼ੀਲ ਆਗੂ ਅਤੇ ਸ਼ਹਾਦਤ ਦੇ ਰੰਗ ’ਚ ਰੰਗੇ ਕੌਮੀ ਜਰਨੈਲ ਦੀ ਆਭਾ ਸਾਹਮਣੇਂ ਕੋਈ ਦੋਸ਼ ਨਾ ਟਿਕ ਸਕਿਆ। ਬਾਬਾ ਜੀ ਦੀ ਕਿਰਦਾਰਕੁਸ਼ੀ ਦੀਆਂ ਸਾਜ਼ਿਸ਼ਾਂ ਰੇਤ ਦੀ ਕੰਧ ਵਾਂਗ ਡਿਗ ਪਈਆਂ ਹਨ।ਸਿਖ ਕੌਮ ਦਾ ਫਰਜ਼ ਬਣਦਾ ਹੈ ਕਿ ਐਸੀ ਮਹਾਨ ਸ਼ਖਸ਼ੀਅਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਨੂੰ ਦਿਲਾਂ ਚ ਤਾਜ਼ਾ ਰੱਖਣ, ਉਸਦਾ ਕੌਮੀ ਤੌਰ ਤੇ ਦਿਨ ਮਨਾਉਣ, ਅਤੇ ਉਸਦੇ ਮਹਾਨ ਜੀਵਨ ਦੀਆਂ ਬਾਤਾਂ ਨੂੰ ਚੇਤਿਆਂ ਚ ਵਸਾ ਲੈਣ।ਅਜਿਹੀ ਲਾ ਮਿਸਾਲ ਸ਼ਖਸੀਅਤ ਨੇ ਸਿਖ ਕੌਮ ਦੇ ਇਤਿਹਾਸ ਨੂੰ ਚਾਰ ਚੰਨ ਲਾਏ ਹਨ ਤੇ ਅਗਾਂਹ ਆਉਣ ਵਾਲੀਆਂ ਨਸਲਾਂ ਨੂੰ ਵੀ ਸਦੀਵੀਂ ਰੌਸ਼ਨੀ ਅਜਿਹੇ ਕੌਮੀ ਗੁਰਸਿੱਖ ਜਰਨੈਲਾਂ ਤੋਂ ਹੀ ਪ੍ਰਾਪਤ ਹੋਣੀ ਹੈ।