ਪ੍ਰਿੰ: ਗੁਰਬਚਨ ਸਿੰਘ

99155-29725

ਪੰਜਾਬ ਦੇ ਮੁਦੇ, ਰੈਲੀਆਂ ਅਤੇ ਤੋਹਮਤਾਂ

ਕਿਸੇ ਬੰਦੇ ਦਾ ਨਵਾਂ ਨਵਾਂ ਵਿਆਹ ਹੋਇਆ ਸੀ। ਕਿਸੇ ਦੋਸਤ ਨੇ ਉਸ ਨੂੰ ਰਾਏ ਦਿੱਤੀ ਕਿ ਜੇਕਰ ਪਹਿਲੀ ਦਫਾ ਹੀ ਘਰਵਾਲੀ ‘ਤੇ ਆਪਣਾ ਦਬਦਬਾ ਕਾਇਮ ਕਰ ਲਿਆ’ ਤਾਂ ਸਾਰੀ ਉਮਰ ਸੌਖਾ ਰਹੇਂਗਾ। ਘਰਵਾਲੀ ਸਾਰੀ ਉਮਰ ਤੇਰਾ ਕਿਹਾ ਮੰਨਿਆ ਕਰੇਗੀ। ਦੂਜੇ ਪਾਸੇ ਘਰਵਾਲੀ ਦੀਆਂ ਸਹੇਲੀਆਂ ਨੇ ਵੀ ਇਹ ਪੱਟੀ ਪੜ੍ਹਾ ਦਿੱਤੀ ਕਿ ਜੇ ਪਹਿਲੇ ਦਿਨ ਘਰਵਾਲੇ ‘ਤੇ ਆਪਣਾ ਪ੍ਰਭਾਵ ਪਾ ਲਿਆ ਤਾਂ ਘਰਵਾਲਾ ਸਾਰੀ ਜ਼ਿੰਦਗੀ ਤੇਰਾ ਪਾਣੀ ਭਰਿਆ ਕਰੇਗਾ। ਚਲੋ ਵਿਆਹ ਹੋ ਗਿਆ, ਘਰਵਾਲੀ ਸਹੁਰੇ ਘਰ ਆਈ ਹੋਣ ਕਰਕੇ ਕੁਝ ਸੰਗਾਊ ਜਿਹੀ ਬਿਰਤੀ ਦਾ ਇਸਤੇਮਾਲ ਕਰ ਰਹੀ ਸੀ। ਘਰਵਾਲਾ ਕਿਸੇ ਦਾ ਚੁਕਿਆ ਹੋਇਆ ਜਦੋਂ ਵੀ ਘਰ ਆਏ ਤੇ ਦੰਦੀਆਂ ਕਰੀਚ ਕੇ ਉੱਚੀ ਸਾਰੀ ਕਿਹਾ ਕਰੇ ਕਿ, “ਜਿਹੜਾ ਮੇਰੇ ਅੱਗੇ ਬੋਲਿਆ ਮੈਂ ਓਦ੍ਹੇ ਵੱਟ ਕੇ ਕੱਢ ਕੇ ਰੱਖ ਦਿਆਂਗਾ”। ਕਈ ਦਿਨ ਲੰਘ ਗਏ ਘਰਵਾਲੀ ਨੇ ਬੜੀ ਦੂਰ ਦੀ ਸੋਚਦਿਆਂ ਜੁਗਤੀ ਨਾਲ ਘਰ ਚਲਾਉਣ ਦੀ ਵਿਉਂਤ ਬੰਨ੍ਹੀ। ਇਕ ਦਿਨ ਜਦੋਂ ਘਰਵਾਲਾ ਕਹਿੰਦਾ ਕਿ “ਮੈਂ ਵੱਟ ਕੱਢ ਕੇ ਰੱਖ ਦਿਆਂਗਾ” ਤਾਂ ਓਦੋਂ ਅਚਾਨਕ ਘਰਵਾਲੀ ਅਵਾਜ਼ ਮਾਰਦੀ ਹੈ ਤੇ “ਕਹਿੰਦੀ ਜੀ ਮੇਰੀ ਗੱਲ ਸੁਣਿਆ ਜੇ”। ਘਰਵਾਲਾ ਫਟਾਫੱਟ ਚਲਿਆ ਆਇਆ। ਘਰਵਾਲੀ ਨੇ ਇਕ ਲਿਸਟ ਤਿਆਰ ਕੀਤੀ ਹੋਈ ਸੀ, ਜਿਸ ਵਿੱਚ ਪਾਣੀ ਵਾਲੀ ਟੂਟੀ ਖਰਾਬ ਤੋਂ ਲੈ ਕੇ ਜਿੰਨੇ ਵੀ ਘਰ ਦੇ ਜ਼ਰੂਰੀ ਕੰਮ ਸਨ, ਉਸ ਨੇ ਸਾਰੇ ਲਿਖੇ ਹੋਏ ਸਨ। ਉਹ ਸਾਰੀ ਲਿਸਟ ਘਰਵਾਲੇ ਦੇ ਹੱਥ ਫੜਾ ਦਿੱਤੀ। ਲਿਸਟ ਦੇਖਦਿਆਂ ਹੀ ਵੱਟ ਕੱਢਣ ਵਾਲਾ ਬੰਦਾ ਚਾਰੋਂ ਖਾਨਿਓਂ ਚਿੱਤ ਹੋ ਗਿਆ। ਕਈਆਂ ਦਿਨਾਂ ਦੀ ਵੱਟ ਕੱਢਣ ਵਾਲੀ ਫੂਕ ਘਰਵਾਲੀ ਦੇ ਪਹਿਲੇ ਝਟਕੇ ਨਾਲ ਹੀ ਨਿਕਲ ਗਈ। ਹੁਣ ਉਸ ਨੂੰ ਸਮਝ ਨਾ ਪਏ ਕਿ ਮੈਂ ਇਸ ਨੂੰ ਕੀ ਜਵਾਬ ਦਿਆਂ? ਘਰਵਾਲੀ ਬਣਾ ਸਵਾਰ ਕੇ ਕਹਿੰਦੀ ਕੇ “ਜੀ ਵੱਟ ਬਾਅਦ ਵਿੱਚ ਕੱਢ ਲਿਆ ਜੇ, ਆ ਜ਼ਰੂਰੀ ਘਰ ਦੇ ਕੰਮ ਹਨ, ਪਹਿਲਾਂ ਇਹ ਕਰ ਲਓ”।

ਪੰਜਾਬ ਵਿੱਚ ਰਾਜਨੀਤਿਕ ਪਾਰਟੀਆਂ ਵਲੋਂ ਰੈਲੀਆਂ ਵਿੱਚ ਵੀ ਕੁਝ ਏਦਾਂ ਹੀ ਕਿਹਾ ਜਾਂਦਾ ਹੈ ਕਿ ਸਾਡੀ ਸਰਕਾਰ ਬਣਾਓ ਅਸੀਂ ਵੱਟ ਕੱਢ ਦਿਆਂਗੇ। ਇਹ ਦਮਗਜੇ ਮਾਰਦਿਆਂ ਤੇ ਵੱਟ ਕਢਦਿਆਂ ਕਢਾਉਂਦਿਆਂ 2027 ਦੀਆਂ ਚੋਣਾਂ ਦਾ ਸ਼ੋਰ-ਸ਼ਰਾਬਾ ਸਮਾਪਤ ਹੋ ਜਾਏਗਾ, ਪਰ ਪਰਨਾਲਾ ਓੱਥੇ ਦਾ ਓੱਥੇ ਹੀ ਰਹੇਗਾ ਹੈ। ਪੰਜਾਬ ਦੇ ਲੀਡਰੋ ਵੱਟ ਬਾਅਦ ਵਿੱਚ ਕੱਢ ਲਿਆ ਜੇ, ਪਹਿਲਾਂ ਲੋਕ ਮਸਲੇ ਹੱਲ ਕਰਨ ਵਾਲੀ ਕੋਈ ਨੀਤੀ ਤਾਂ ਬਣਾਓ। ਲੋਕਾਂ ਨੂੰ ਹਵਾਈ ਫਾਇਰ, ਫੌਕੀ ਸ਼ੋਹਰਤ ਤੇ ਲੋਕ ਲਭਾਊ ਨਾਹਰੇ ਨਾ ਦਿਓ। ਪੰਜਾਬ ਦੀ ਧਰਤੀ ਨਾਲ ਜੁੜਿਆ ਪ੍ਰੋਗਰਾਮ ਦਿਓ। ਪੰਜਾਬ ਦੇ ਵਿਕਾਸ ਲਈ ਕਿਸੇ ਵੀ ਰਾਜਸੀ ਪਾਰਟੀ ਕੋਲ ਕੋਈ ਪ੍ਰੋਗਰਾਮ ਨਹੀਂ ਹੈ। ਜੇ ਵਰਤਮਾਨ ਸਰਕਾਰ ਦੀ ਗੱਲ ਕਰੀਏ ਤਾਂ ਇੰਝ ਲੱਗਦਾ ਹੈ ਕਿ ਅਜੇ ਇਨ੍ਹਾਂ ਨੇ ਗੋੜ੍ਹੇ ਵਿਚੋਂ ਪੂਣੀ ਵੀ ਨਹੀਂ ਕੱਤੀ ਪਰ ਚੋਣਾਂ ਫਿਰ ਸਿਰ ‘ਤੇ ਖੜੀਆਂ ਹਨ। ਬੇ- ਲੋੜੀਆਂ ਤੇ ਨਿਗੂਣੀਆਂ ਜੇਹੀਆਂ ਸਹੂਲਤਾਂ ਨਾਲ ਕਦੇ ਸਮੁਚਾ ਵਿਕਾਸ ਨਹੀਂ ਹੁੰਦਾ। ਕੀ ਪੰਜਾਬ ਦੀਆਂ ਰਾਜਸੀ ਪਾਰਟੀਆਂ ਕੋਲ ਨਾਹਰਿਆਂ, ਤੋਹਮਤਾਂ ਤੇ ਰੈਲੀਆਂ ਤੋਂ ਬਿਨਾਂ ਕੁਝ ਹੋਰ ਵੀ ਮੁਦਾ ਹੈ?

ਪੰਜਾਬ ਖੇਤੀ ਦੇ ਸਿਰ ‘ਤੇ ਖੜਾ ਹੈ। ਕੇਂਦਰੀ ਸਰਕਾਰ ਤੇ ਸੂਬਾ ਸਰਕਾਰਾਂ ਰਲ਼ ਕੇ ਹੀ ਕਿਰਸਾਨ ਦੀ ਹੋਣੀ ਤਹਿ ਕਰਦੀਆਂ ਹਨ। ਸਹੀ ਸਮੇਂ ਜਿਨਸਾਂ ਦਾ ਪੂਰਾ ਭਾਅ ਨਾ ਮਿੱਥਣਾ, ਸਮੇਂ ਸਿਰ ਪੈਸਿਆਂ ਦਾ ਭੁਗਤਾਨ ਨਾ ਹੋਣਾ, ਮੰਡੀਆਂ ਵਿਚ ਲੰਮਾ ਸਮਾਂ ਖੱਜਲ਼ ਖੁਆਰ ਹੋਣਾ ਕਿਰਸਾਨ ਦੇ ਪੱਕੇ ਤੌਰ ‘ਤੇ ਪੱਲੇ ਪਿਆ ਹੋਇਆ ਹੈ। ਖੰਡ ਮਿੱਲਾਂ ਗੰਨੇ ਦਾ ਭੁਗਤਾਨ ਬਹੁਤ ਦੇਰ ਨਾਲ ਕਰਦੀਆਂ ਹਨ। ਕਿਰਸਾਨ ਖੱਜਲ ਹੋਣ ਲਈ ਮਜ਼ਬੂਰ ਹੈ। ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਕਰਜ਼ਾਈ ਕਿਰਸਾਨਾਂ ਦੀਆਂ ਆਤਮ ਹੱਤਿਆਵਾਂ ਵਾਲ਼ੀਆਂ ਖਬਰਾਂ ਨਿੱਤ ਆਉਣੀਆਂ ਚਿੰਤਾ ਜਨਕ ਵਿਸ਼ਾ ਹੈ।

ਅਜੇ ਚਾਰ ਕੁ ਦਿਨ ਪਹਿਲਾਂ ਹੀ ਪੰਜਾਬ ਦੇ ਸਾਬਕਾ ਗ੍ਰਹਿ ਮੰਤ੍ਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਦਾ ਬਿਆਨ ਆਇਆ ਕਿ ਅਸੀਂ ਕਿਰਸਾਨਾਂ ਨੂੰ ਬਿਜਲੀ ਕਨੈਕਸ਼ਨ ਦਸ ਦਿਨ ਵਿੱਚ ਦਿਆਂਗੇ ਬੱਸ ਸਾਡੀ ਸਰਕਾਰ ਇੱਕ ਵਾਰ ਬਣਾਓ। ਬਿਨਾਂ ਸਿਰ ਪੈਰ ਦੇ ਬਿਆਨ ਦੇਣ ਨਾਲ ਕੀ ਪੰਜਾਬ ਦੀ ਹੋਣੀ ਸਵਰ ਜਾਏਗੀ? ਸੁਖਬੀਰ ਸਿੰਘ ਬਾਦਲ ਨੂੰ ਪੁਛਿਆ ਜਾਏ ਕਿ ਕਿਰਸਾਨਾਂ ਨੂੰ ਬੰਬੀਆਂ ਵਾਸਤੇ ਕਨੈਕਸ਼ਨ ਦੇਣ ਨਾਲ ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ ਕੀ ਬਣੇਗਾ? ਪੰਜਾਬ ਦੇ ਕੁਝ ਹਿੱਸੇ ਡਾਰਕ ਜੋਨ ਵਿੱਚ ਆਉਂਦੇ ਹਨ। ਝੋਨੇ ਦੀ ਖੇਤੀ ਕਰਕੇ ਪੰਜਾਬ ਨੇ ਭਾਰਤ ਦਾ ਢਿੱਡ ਭਰਿਆ, ਪਰ ਆਪ ਪਾਣੀ ਪੱਖੋਂ ਮਲੰਗ ਹੋ ਗਿਆ। ਜਿਸ ਬੇ-ਤਰਤੀਬੀ ਨਾਲ ਪੰਜਾਬ ਵਿੱਚ ਪਾਣੀ ਦੀ ਵਰਤੋਂ ਕੀਤੀ ਗਈ ਹੈ, ਇਸ ਹਿਸਾਬ ਨਾਲ ਪੰਜਾਬੀ ਆਉਣ ਵਾਲੇ ਸਮੇਂ ਵਿੱਚ ਪੀਣ ਵਾਲੇ ਪਾਣੀ ਨੂੰ ਵੀ ਤਰਸਣਗੇ। ਬਾਦਲ ਦੀ ਸਰਕਾਰ ਨੇ ਹਰਿਆਣੇ ਦੇ ਮੁਖ ਮੰਤਰੀ ਨਾਲ ਸਾਂਝ ਪਗਾਉਂਦਿਆਂ ਸੌ ਕਰੋੜ ਰੁਪਇਆ ਲੈ ਕੇ ਸਤਲੁਜ ਜਮਨਾ ਲਿੰਕ ਨਹਿਰ ਬਣਾਉਣ ਦਾ ਰਾਹ ਪੱਧਰਾ ਕੀਤਾ ਸੀ। ਪੰਜਾਬ ਦੇ ਦਰਿਆਈ ਪਾਣੀ ਦੂਜੇ ਸੂਬਿਆਂ ਨੂੰ ਦੇ ਕੇ, ਕਿਰਸਾਨਾਂ ਨੂੰ ਬੰਬੀਆਂ ਲਈ ਮੁਫਤ ਬਿਜਲੀ ਦੇ ਕੇ ਕੀ ਪੰਜਾਬ ਦੀ ਆਰਥਿਕਤਾ ਤਬਾਹ ਨਹੀਂ ਕੀਤੀ ਗਈ? ਜੇ ਪੰਜਾਬ ਨੂੰ ਸਹੀ ਢੰਗ ਤਰੀਕੇ ਨਾਲ ਨਹਿਰੀ ਪਾਣੀ ਦਿੱਤਾ ਜਾਂਦਾ ਤਾਂ ਏੱਥੇ ਪਾਣੀ ਦੀ ਸਮੱਸਿਆ ਆ ਹੀ ਨਹੀਂ ਸਕਦੀ ਸੀ।

2.2.26 ਨੂੰ ਸਪੋਕਸਮੈਨ ਵਿੱਚ ਛਪੀ ਖ਼ਬਰ ਅਨੁਸਾਰ ਰਾਜ ਸਭਾ ਦੇ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਵਿੱਚ ਜ਼ਮੀਨਦੋਜ਼ ਪਾਣੀ ਦੇ ਚਿੰਤਾਜਨਕ ਪੱਧਰ ਤੱਕ ਡਿੱਗ ਜਾਣ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 9 ਫੀ ਸਦੀ ਖੂਹਾਂ ਵਿੱਚ ਭੂਮੀਗਤ ਪਾਣੀ 40 ਮੀਟਰ ਤੋਂ ਵੱਧ ਡੂੰਘਾ ਹੋ ਗਿਆ ਹੈ। ਖ਼ਾਸ ਕਰਕੇ ਖੇਤੀ ਦੇ ਤੌਰ ‘ਤੇ ਮਹੱਤਵ ਪੂਰਨ ਜ਼ਿਲ੍ਹਿਆਂ ਜਿਵੇਂ ਸੰਗਰੂਰ 100%, ਬਰਨਾਲਾ 67%, ਪਟਿਆਲਾ 44%, ਮੋਗਾ ਅਤੇ ਮਲੇਰਕੋਟਲਾ ਵਿੱਚ ਪਾਣੀ ਦਾ ਪੱਧਰ ਬਹੁਤ ਨੀਵਾਂ ਹੋ ਗਿਆ ਹੈ। ਲੁਧਿਆਣਾ, ਜਲੰਧਰ, ਅਤੇ ਬਠਿੰਡਾ ਵਿੱਚ ਵੀ ਜ਼ਿਆਦਾਤਰ 10-40 ਮੀਟਰ ਡੂੰਘਾਈ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਪੰਜਾਬ ਦਾ ਜ਼ਮੀਨਦੋਜ਼ ਪਾਣੀ ਖ਼ਤਰਨਾਕ ਮੋੜ ਤੇ ਖੜਾ ਹੈ ਪਰ ਪੰਜਾਬ ਦੇ ਨੇਤਾ ਜ਼ਮੀਨ ਵਿਚੋਂ ਪਾਣੀ ਹੋਰ ਕੱਢਣ ਲਈ ਬਿਜਲੀ ਕੁਨੈਕਸ਼ਨ ਦੇ ਕੇ ਕਹਿਰ ਹੀ ਕਮਾਉਣਗੇ। ਰਾਜਨੀਤਿਕ ਲੀਡਰਾਂ ਨੂੰ ਕੇਵਲ ਵੋਟਾਂ ਚਾਹੀਦੀਆਂ ਹਨ ਸੂਬੇ ਦੇ ਹਿੱਤਾਂ ਨਾਲ ਇਨ੍ਹਾਂ ਦਾ ਕੋਈ ਸਰੋਕਾਰ ਨਹੀਂ ਹੈ।

ਇੱਕ ਸਮਾਂ ਹੁੰਦਾ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁਦਿਆਂ ਦੀ ਗੱਲ ਕਰਦਾ ਸੀ। ਹੁਣ ਸ਼੍ਰੋਮਣੀ ਅਕਾਲੀ ਦਲ ਸਾਰੇ ਹੀ ਮੁਦੇ ਭੁਲ-ਭਲਾ ਗਿਆ ਹੈ। ਇਸ ਦਾ ਅਰਥ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਕੋਲ ਪੰਜਾਬ ਦਾ ਕੋਈ ਮੁਦਾ ਰਿਹਾ ਹੀ ਨਹੀਂ ਹੈ? ਸ਼੍ਰੋਮਣੀ ਅਕਾਲੀ ਦਲ ਕਦੇ ਸਮੁਚੇ ਦੇਸ਼ ਦੀ ਅਗਾਵਈ ਕਰਦਾ ਸੀ ਅੱਜ ਹਾਸ਼ੀਏ ਤੇ ਕਿਉਂ ਚਲਾ ਗਿਆ ਹੈ? ਇਸ ਦਾ ਕਾਰਨ ਹੈ ਕਿ ਅਕਾਲੀ ਦਲ ਸਿੱਖ ਸਰੋਕਾਰ, ਸਿੱਖ ਸਭਿਅਚਾਰ, ਸਿੱਖ ਪ੍ਰੰਪਰਾਵਾਂ, ਸਿੱਖ ਇਤਿਹਾਸ, ਸਿੱਖ ਫਲਸਫੇ ਨੂੰ ਹੀ ਤਿਲਾਂਜਲੀ ਨਹੀਂ ਦਿੱਤੀ ਸਗੋਂ ਸੂਬੇ ਦੇ ਕੁਦਰਤੀ ਸਰੋਤਾਂ ਨੂੰ ਲੁਟਿਆ ਗਿਆ ਹੈ। ਨਵੇਂ ਨਵੇਂ ਮਨਸੂਬੇ ਬਣਾਉਣ ਲਈ ਜੰਗਲਾਤ ਦੀਆਂ ਜ਼ਮੀਨਾਂ, ਪੰਚਾਇਤੀ ਜ਼ਮੀਨਾਂ, ਰੇਤ, ਬੱਜਰੀ, ਜੰਗਲ ਆਦਿ ਦੀ ਦੱਬ ਕੇ ਲੁਟ ਮਚਾਈ ਗਈ ਹੈ। ਇਸ ਕੰਮ ਲਈ ਕਾਂਗਰਸੀਏ ਵੀ ਪਿੱਛੇ ਨਹੀਂ ਰਹੇ। ਇਹ ਵੀ ਠੀਕ ਹੈ ਕਿ ਇਸ ਵਿੱਚ ਬਹੁਤਾਤ ਲੀਡਰ ਸ਼ਾਮਿਲ ਨਹੀਂ ਹਨ ਪਰ ਜਦੋਂ ਕਣਕ ਪਿੱਸਦੀ ਹੈ ਤਾਂ ਨਾਲ ਘੁਣ ਵੀ ਪਿਸਦਾ ਹੈ। ਕੁਝ ਲੀਡਰਾਂ ਦੀਆਂ ਲੂੰਬੜ ਚਾਲਾਂ ਨਾਲ ਪਾਰਟੀ ਦੀ ਇਖ਼ਲਾਕੀ ਹਾਰ ਹੁੰਦੀ ਹੈ। ਅਸਲ ਕਹਾਣੀ ਹੈ ਕਿ ਜਦੋਂ ਨੇਤਾ ਪਾਰਟੀ ਵਿੱਚ ਹੁੰਦਾ ਹੈ ਤਾਂ ਉਹ ਪਾਰਟੀ ਦੇ ਇਖ਼ਲਾਕ ਲਈ ਨਹੀਂ ਸਗੋਂ ਆਪਣੇ ਪੁਤ ਭਤੀਜਿਆਂ ਲਈ ਲਿਲਕੜੀਆਂ ਕੱਢਦਾ ਹੈ। ਨਿੱਜੀ ਲਾਲਚ ਕਰਕੇ ਪਾਰਟੀ ਤਬਾਹ ਹੋ ਜਾਂਦੀ ਹੈ।

ਅਕਾਲੀ ਦਲ ਜੋ ਮਨੁਖਤਾ ਦੀ ਸੇਵਾ ਲਈ ਬਣਿਆ ਸੀ ਉਸ ਨੇ ਗੁਰੂ ਗ੍ਰੰਥ ਸਾਹਿਬ ਦੇ ਮਹਾਨ ਫਲਸਫੇ ਦੇ ਉਲਟ ਜਾਂਦਿਆਂ, ਸਰਕਾਰੀ ਮਹਿਕਮੇ ਜਿੱਥੋਂ ਸਰਕਾਰ ਨੂੰ ਆਮਦਨ ਹੋਣੀ ਸੀ, ਉਹਨਾਂ ਤੇ ਹੀ ਕਬਜ਼ਾ ਜਮਾ ਲਿਆ। ਸੂਬਾ ਟਰਾਂਸਪੋਰਟ ਤੇ ਸਾਰਾ ਕਬਜ਼ਾ ਇਨ੍ਹਾਂ ਦਾ ਹੀ ਹੈ। ਗੁਰਦੁਆਰਿਆਂ ਦਾ ਸਭਿਅਚਾਰ ਛੱਡ ਕੇ ਹੋਟਲਾਂ ਦੇ ਸਭਿਆਚਾਰ ਨੂੰ ਅਪਨਾਇਆ। ਨਹਿਰੀ ਪਾਣੀ ਬਾਹਰਲੇ ਸੂਬਿਆਂ ਨੂੰ ਦਿੱਤਾ ਗਿਆ ਤੇ ਪੰਜਾਬ ਦੇ ਕਿਰਸਾਨਾਂ ਨੂੰ ਮੁਫਤ ਬਿਜਲੀ ਦੇ ਕੇ ਧਰਤੀ ਹੇਠਲੇ ਪਾਣੀ ਦੀ ਬਰਬਾਦੀ ਦਾ ਰਾਹ ਖੋਹਲਤਾ। ਕੀ ਇਹ ਪੰਜਾਬ ਨਾਲ ਇਨਸਾਫ਼ ਸੀ? ਪੰਜਾਬ ਵਰਗੀ ਧਰਤੀ ‘ਤੇ ਆਟਾ ਦਾਲ਼ ਸਰਕਾਰ ਵਲੋਂ ਮੁਫਤ ਦੇ ਕੇ ਵੋਟਾਂ ਤਾਂ ਜ਼ਰੂਰ ਲੈ ਲਈਆਂ ਪਰ ਸਰਕਾਰੀ ਖ਼ਜ਼ਾਨੇ ਵਿਚੋਂ ਰਿਸ਼ਵਤ ਦਾ ਰਾਹ ਖੋਹਲਤਾ। ਕੀ ਆਟਾ ਦਾਲ ਤੁਹਾਡੇ ਕੋਲੋਂ ਕਿਸੇ ਨੇ ਮੰਗੀ ਸੀ? ਕੀ ਸਾਰੀਆਂ ਮਾਤਾਵਾਂ ਭੈਣਾਂ ਵਲੋਂ ਮੁਫਤ ਬੱਸ ਸਫਰ ਦੀ ਸਹੂਲਤ ਮੰਗੀ ਸੀ? ਕਿਹਾ ਜਾ ਸਕਦਾ ਹੈ ਕਿ ਸਰਕਾਰੀ ਪੈਸੇ ਦੀ ਦੁਰ ਵਰਤੋਂ ਕੀਤੀ ਗਈ। ਕਰਜ਼ਾ ਚੁਕ ਕੇ ਮੁਫਤ ਦੀਆਂ ਸਹੂਲਤਾਂ ਦੇਣੀਆਂ ਕਿਹੜੇ ਵਿਕਾਸ ਦੀ ਗੱਲ ਹੈ?

ਜਦੋਂ ਕੋਈ ਮਜ਼ਦੂਰ ਕਿਰਸਾਨ ਖੁਦਕਸ਼ੀ ਕਰ ਜਾਂਦਾ ਹੈ ਤਾਂ ਪਿੱਛੇ ਕਈ ਸਵਾਲ ਖੜੇ ਕਰ ਜਾਂਦਾ ਹੈ। ਇਨ੍ਹਾਂ ਸਵਾਲਾਂ ਦਾ ਦਾ ਸਮਾਧਾਨ ਬੁਧੀਜੀਵੀਆਂ ਤੇ ਸਰਕਾਰ ਨੇ ਲੱਭਣਾ ਹੁੰਦਾ ਹੈ। ਖੇਤੀ ਨਾਲ ਤਾਂ ਬਹੁਤ ਘਟਨਾਵਾਂ ਜੁੜੀਆਂ ਹਨ, ਜਿਸ ਤਰ੍ਹਾਂ ਕਿਰਸਾਨਾਂ ਨੂੰ ਨਰਮੇ ਦੇ ਬਚਾਅ ਵਾਸਤੇ ਜੋ ਕੀਟ ਨਾਸ਼ਕ ਦਵਾਈਆਂ ਮਿਲਦੀਆਂ ਹਨ ਉਹ ਅਕਸਰ ਨਕਲੀ ਨਿਕਲਦੀਆਂ ਹਨ। ਮਾਲਵਾ ਖੇਤਰ ਵਿੱਚ ਨਰਮੇ ਦੀ ਫਸਲ ਨੇ ਕਿਰਸਾਨਾਂ ਦੀ ਪੂਰੀ ਤਬਾਹੀ ਮਚਾਈ ਦੀਆਂ ਖਬਰਾਂ ਹਰ ਰੋਜ਼ ਅਖਬਾਰਾਂ ਦਾ ਹਿੱਸਾ ਬਣਦੀਆਂ ਰਹਿੰਦੀਆਂ ਹਨ।

ਅਕਾਲੀ ਦਲ ਦਾ ਬੇੜਾ ਓਦੋਂ ਗਰਕਣਾਂ ਸ਼ੁਰੂ ਹੋਇਆ ਜਦੋਂ ਸੌਦਾ ਸਾਧ ਨੂੰ ਵੋਟਾਂ ਦੀ ਖ਼ਾਤਰ ਜਥੇਦਾਰਾਂ ਦੇ ਗਲ਼ ਵਿੱਚ ਅੰਗੂਠਾ ਦੇ ਕੇ ਬਿਨ ਮੰਗੇ ਮੁਆਫ਼ੀ ਦਿੱਤੀ ਗਈ ਜੋ ਕਿਸੇ ਵੀ ਸਿੱਖ ਦੇ ਸੰਘੋਂ ਨਾ ਲੱਥੀ। ਇਸ ਤਰ੍ਹਾਂ ਮੁਆਫ਼ੀ ਦੇਣੀ ਬਿਲਕੁਲ ਗੈਰ ਵਾਜਬ ਸੀ। ਇਸ ਘਟਨਾ ਨੇ ਅਕਾਲ ਤਖਤ ਦੀ ਪ੍ਰਭੂਸੱਤਾ ਨੂੰ ਪੂਰਾ ਖੋਰਾ ਲਾਇਆ ਹੈ, ਜਿਸ ਦੀ ਭਰਪਾਈ ਹੋਣ ਨੂੰ ਸਮਾਂ ਲੱਗੇਗਾ। ਇਹ ਹੁਕਮ ਕਹਿਣ ਨੂੰ ਤਾਂ ਅਕਾਲ ਤੱਖਤ ਦਾ ਹੈ ਪਰ ਇਸ ਦੀ ਤਹਿ ਥੱਲੇ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਕੁਝ ਪਰਵਾਰਾਂ ਦੀ ਨੀਤੀ ਕੰਮ ਕਰਦੀ ਦਿਖਾਈ ਦੇਂਦੀ ਨਜ਼ਰ ਆਉਂਦੀ ਹੈ। ਇਸ ਘਟਨਾ ਦੁਆਰਾ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ਼, ਐਮ. ਐਲ. ਏ. ਮੰਤਰੀ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਵਿਰੋਧ ਆਪਣੇ ਆਪ ਹੀ ਸ਼ੁਰੂ ਹੋ ਗਿਆ ਸੀ। ਇਕ ਸਮਾਂ ਤੇ ਅਜੇਹਾ ਵੀ ਆਇਆ ਜਦੋਂ ਇਹ ਸਾਰੇ ਆਪਣੇ ਘਰਾਂ ਵਿਚ ਨਜ਼ਰ ਬੰਦ ਹੋ ਗਏ ਲੱਗਦੇ ਸਨ। ਇਹਨਾਂ ਘਟਨਾਵਾਂ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਿਆਂ ਦੀ ਬੇਅਦਬੀ ਵਾਲੀ ਘਟਨਾਵਾਂ ਵਾਪਰ ਗਈਆਂ। ਸਰਕਾਰ ਦੋਸ਼ੀਆਂ ਨੂੰ ਫੜਨ ਵਿਚ ਅਸਫਲ ਰਹੀ। ਇਹਨਾਂ ਘਟਨਾਵਾਂ ਦਾ ਸਦਕਾ ਲੋਕ ਆਪ ਮੁਹਾਰੇ ਹੀ ਸੜਕਾਂ ‘ਤੇ ਉੱਤਰ ਆਏ। ਇਸ ਸਾਰੇ ਵਿਚ ਸਰਕਾਰ ਬੇਬਸ ਜੇਹੀ ਨਜ਼ਰ ਆਈ। ਸਰਕਾਰ ਦੇ ਮੰਤਰੀਆਂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਪਿਆ। ਉੱਤੋਂ ਤੋੜੀ ਵਾਪਰੀਆਂ ਘਟਨਾਵਾਂ ਕਰਕੇ ਅਕਾਲੀ ਦਲ ਦੀ ਸਰਕਾਰ ਲੋਕ ਕਟਹਿਰੇ ਵਿਚ ਖੜੀ ਹੋ ਗਈ।

ਰਾਜ ਭਾਗ ਮਾਣ ਰਹੀ ਅਕਾਲੀ ਸਰਕਾਰ ਨੂੰ ਪਿੰਡਾਂ ਵਿਚ ਜਾਣਾ ਔਖਾ ਹੋ ਗਿਆ ਸੀ। ਅਕਾਲੀ ਦਲ ਦੇ ਮੈਂਬਰ, ਲੋਕਾਂ ਸਾਹਮਣੇ ਆਉਣ ਤੋਂ ਕੰਨੀ ਕਤਰਾਉਣ ਲੱਗੇ। ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਸਰਕਾਰ ਨੇ ਕਈ ਪ੍ਰਕਾਰ ਦੇ ਪਾਪੜ ਵੇਲੇ ਪਰ 2022 ਦੀਆਂ ਚੋਣਾਂ ਨੇ ਅਕਾਲੀ ਦਲ ਨੂੰ ਅਰਸ਼ ਤੋਂ ਫਰਸ਼ ‘ਤੇ ਲੈ ਆਉਂਦਾ।

ਪੰਜਾਬ ਵਿੱਚ ਨੌਂ ਵਾਰ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਸਰਕਾਰ ਬਣਾਉਂਦੀ ਆਈ ਹੈ। ਜਦੋਂ ਕੇਂਦਰ ਵਿੱਚ ਕਾਂਗਰਸ ਦਾ ਰਾਜ ਹੁੰਦਾ ਸੀ ਤਾਂ ਓਦੋਂ ਤਤਕਾਲੀ ਸਰਕਾਰਾਂ ਸਾਰਾ ਭਾਂਡਾ ਕੇਂਦਰੀ ਸਰਕਾਰ ਕਾਂਗਰਸ ਦੇ ਸਿਰ ਭੰਨਦੇ ਰਹੇ ਹਨ। ਜਦੋਂ ਹਾਕਮ ਧਿਰ ਵਾਲੀ ਸਾਂਝ ਭਿਆਲੀ ਵਾਲੀ (ਬੀ.ਜੇ.ਪੀ-ਅਕਾਲੀ) ਕੇਂਦਰ ਵਿੱਚ ਆਪਣੀ ਸਰਕਾਰ ਰਹੀ ਸੀ ਤਾਂ ਭਾਂਡਾ ਬਾਹਰਲੀਆਂ ਏਜੰਸੀਆਂ ਸਿਰ ਭੰਨਿਆ ਜਾਂਦਾ ਰਿਹਾ ਹੈ। ਅਕਾਲੀ ਦਲ ਬਾਦਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਤੇ ਸਹੀ ਸਮੇਂ ਸਹੀ ਫੈਸਲਾ ਨਾ ਕਰ ਸਕਣਾ ਇਸ ਦੇ ਡੁਬਣ ਦਾ ਕਾਰਨ ਹੈ।

ਹਰ ਪਾਰਟੀ ਅਵਾਮ ਨੂੰ ਆਪਣੇ ਪਿੱਛੇ ਲਗਾਉਣ ਲਈ ਹਰ ਪਰਕਾਰ ਦਾ ਹਰਬਾ ਵਰਤਦੀ ਹੈ।

ਪੰਜਾਬ ਵਿੱਚ ਦੂਜੀ ਵੱਡੀ ਧਿਰ ਕਾਂਗਰਸ ਪਾਰਟੀ ਦੀ ਆਉਂਦੀ ਹੈ, ਜਿਸ ਨੇ ਪੰਜਾਬ ਵਿੱਚ ਕਈ ਵਾਰੀ ਰਾਜ ਭਾਗ ਮਾਣਿਆ ਹੈ। ਪਰ ਇਨ੍ਹਾਂ ਨੇ ਕਦੇ ਵੀ ਪੰਜਾਬ ਦੇ ਕਿਸੇ ਮੁਦੇ ਦੀ ਗੱਲ ਨਹੀਂ ਕੀਤੀ। ਸ: ਪ੍ਰਤਾਪ ਸਿੰਘ ਕੈਰੋਂ ਦੇ ਸਮੇਂ ਹਰੀਕੇ ਪੱਤਣ ਤੋਂ ਦੋ ਨਹਿਰਾਂ ਦੀ ਪਰਵਾਨਗੀ ਦੇ ਕੇ ਪੰਜਾਬ ਦੇ ਮੁਖ ਮੰਤਰੀ ਬਣੇ। ਦਰਬਾਰਾ ਸਿੰਘ ਨੇ ਮੁਖ ਮੰਤਰੀ ਹੁੰਦਿਆਂ ਇੰਦਰਾ ਗਾਂਧੀ ਦੇ ਕਹਿਣ ‘ਤੇ ਸੁਪਰੀਮ ਕੋਰਟ ਵਿੱਚੋਂ ਪਾਣੀਆਂ ਦਾ ਕੇਸ ਵਾਪਸ ਲਿਆ ਜਿਸ ਨੇ ਸਤਲੁਜ ਜਮਨਾ ਲਿੰਕ ਨਹਿਰ ਦਾ ਰਾਹ ਖੋਲ੍ਹਿਆ। ਕੇਂਦਰੀ ਸਰਕਾਰ ਨੇ ਪਾਣੀਆਂ ਦੇ ਮੁਦੇ ਨੂੰ ਸਾਰੇ ਭਾਰਤ ਵਿੱਚ ਇੰਝ ਪੇਸ਼ ਕੀਤਾ ਜਿਵੇਂ ਪੰਜਾਬ ਭਾਰਤ ਦਾ ਕੋਈ ਵੱਖਰਾ ਖਿੱਤਾ ਹੋਵੇ। ਪੰਜਾਬ ਨਾਲ ਮਤ੍ਰੇਈ ਮਾਂ ਵਾਲਾ ਸਲੂਕ ਕੀਤਾ ਗਿਆ। ਕਾਂਗਰਸ ਦਾ ਕੌਮੀ ਪਾਰਟੀ ਹੋਣ ਕਰਕੇ ਪੰਜਾਬ ਦੇ ਮੁਦਿਆਂ ਨਾਲ ਕੋਈ ਬਹੁਤ ਸਰੋਕਾਰ ਨਹੀਂ ਰਿਹਾ। ਪੰਜਾਬ ਦੇ ਕਾਂਗਰਸੀ ਕੌਮੀ ਨੇਤਾ ਆਪਣੇ ਕੌਮੀ ਨੇਤਾਵਾਂ ਦੇ ਅਧੀਨ ਹੋ ਕੇ ਜਾਂ ਆਪਣੇ ਨਿੱਜੀ ਹਿੱਤ ਜਾਂ ਅਹੁਦਿਆਂ ਦੀ ਖ਼ਾਤਰ ਕਦੇ ਵੀ ਪੰਜਾਬ ਦੇ ਮੁਦਿਆਂ ਦੀ ਗੱਲ ਨਹੀਂ ਕਰਦੇ ਸਨ। ਸੂਬੇ ਦੇ ਕਾਂਗਰਸੀ ਆਪਣੀਆਂ ਨਿੱਜੀ ਲਾਲਸਾਵਾਂ ਕਰਕੇ ਇੱਕ ਦੂਜੇ ਨੂੰ ਹਮੇਸ਼ਾਂ ਨੀਵਾਂ ਹੀ ਦਿਖਾਉਂਦੇ ਆ ਰਹੇ ਹਨ। ਇਹ ਕਾਂਗਰਸ ਨੇਤਾਵਾਂ ਦੀ ਹੀ ਦੇਣ ਹੈ ਕਿ ਪੰਜਾਬ ਦੇ ਬਣਦੇ ਹੱਕ ਕਦੇ ਵੀ ਪੰਜਾਬ ਨੂੰ ਨਹੀਂ ਦਿੱਤੇ। ਪੰਜਾਬ ਨਾਲ ਧੱਕਿਆਂ ਦੀ ਲੰਮੇਰੀ ਦਾਸਤਾਂ ਕਾਂਗਰਸ ਦੀ ਕੌਮੀ ਪਾਰਟੀ ਵਲੋਂ ਹੀ ਹੁੰਦੀ ਆਈ ਹੈ। ਬੇ- ਸਮਝ ਕਾਂਗਰਸ ਦੀ ਨੇਤਾ ਇੰਦ੍ਰਾ ਗਾਂਧੀ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰਕੇ ਪੰਜਾਬ ਦੀ ਅਣਖ਼ ਨੂੰ ਵੰਗਾਰਿਆ। ਜੋ ਉਸ ਦਾ ਹਸ਼ਰ ਹੋਇਆ ਉਹ ਸਾਰੀ ਦੁਨੀਆਂ ਦੇ ਸਾਹਮਣੇ ਹੈ। ਐਨਾ ਕੁਝ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਲੋਕ ਕਾਂਗਰਸ ਨੂੰ ਵੋਟਾਂ ਪਾ ਕੇ ਰਾਜ ਭਾਗ ਦੇ ਮਾਲਕ ਬਣਾਉਂਦੇ ਰਹੇ। ਹੁਣ ਪੰਜਾਬ ਵਿੱਚ ਏਦਾਂ ਦਾ ਮਾਹੌਲ ਬਣ ਗਿਆ ਸੀ। ਇੱਕ ਵਾਰ ਅਕਾਲੀਏ ਤੇ ਦੂਜੀ ਵਾਰੀ ਕਾਂਗਰਸ ਸਰਕਾਰ ਆ ਜਾਂਦੀ ਸੀ। ਪੰਜਾਬ ਦਾ ਅਵਾਮ ਇਨ੍ਹਾਂ ਪ੍ਰੰਪਰਾਗਤ ਪਾਰਟੀਆਂ ਤੋਂ ਮੁਕੰਮਲ ਤੌਰ ‘ਤੇ ਅਵਾਜ਼ਾਰ ਹੋ ਚੁਕਿਆ ਸੀ।

1966 ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਅਕਾਲੀਏ ਤੇ ਕਾਂਗਰਸੀਏ ਵਾਰੀ ਵਾਰੀ ਰਾਜ ਕਰਦੇ ਰਹੇ। ਇਸੇ ਸਮੇਂ ਦੌਰਾਨ ਅੰਦਰਖਾਤੇ ਭਾਰਤੀ ਜਨਤਾ ਪਾਰਟੀ ਨੇ ਸ: ਮਨਮੋਹਨ ਸਿੰਘ ਦੀ ਸਰਕਾਰ ਦੇ ਖਿਲਾਫ ਅੰਨਾ ਹਜ਼ਾਰੇ ਦੀ ਅਗਵਾਈ ਹੇਠ ਦਿੱਲੀ ਵਿੱਚ ਲੋਕਪਾਲ ਦੇ ਲਈ ਜਨ ਅੰਦੋਲਨ ਚਲਾ ਦਿੱਤਾ। ਇਸ ਅੰਦੋਲਨ ਵਿਚੋਂ ਆਮ ਆਦਮੀ ਪਾਰਟੀ ਦਾ ਜਨਮ ਕੇਜਰੀਵਾਲ ਦੀ ਕਮਾਨ ਹੇਠ ਹੁੰਦਾ ਹੈ। ਇਸ ਪਾਰਟੀ ਵਿੱਚ ਬਹੁਤ ਹੀ ਸੁਹਿਰਦ ਲੋਕ ਸ਼ਾਮਿਲ ਹੋਏ ਸਨ। ਇੱਕ ਵਾਰੀ ਸਭ ਨੂੰ ਇੰਝ ਲੱਗਿਆ ਕਿ ਆਮ ਆਦਮੀ ਪਾਰਟੀ ਜ਼ਰੂਰ ਕੋਈ ਨਵਾਂ ਚਮਤਕਾਰ ਕਰੇਗੀ। ਪੰਜਾਬ ਦੇ ਲੋਕ ਦੋ ਰਵਾਇਤੀ ਪਾਰਟੀਆਂ ਤੋਂ ਅੱਕੇ ਹੋਏ ਸਨ। ਇਸ ਲਈ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਦਿਆਂ 92 ਸੀਟਾਂ ਜਿਤਾ ਦਿੱਤੀਆਂ। ਦੁਖਾਂਤ ਇਸ ਗੱਲ ਦਾ ਹੈ ਆਮ ਆਦਮੀ ਪਾਰਟੀ ਵੀ ਨੈਸ਼ਨਲ ਪਾਰਟੀ ਬਣਦੀ ਬਣਦੀ ਦਿੱਲੀ ਵਿਚੋਂ ਵੀ ਆਪਣੀ ਸਰਕਾਰ ਗਵਾ ਬੈਠੀ।

ਦਿੱਲੀ ਵਾਲੀ ਸਾਰੀ ਲੀਡਰਸ਼ਿੱਪ ਪੰਜਾਬ ਬੈਠ ਗਈ। ਪੰਜਾਬੀਆਂ ਨੂੰ ਇੰਝ ਲੱਗਣ ਲੱਗਾ ਹੈ ਕਿ ਐਮ. ਐਲ. ਏ. ਪੰਜਾਬ ਦੇ ਹਨ, ਪਰ ਹਕੂਮਤ ਦਿੱਲੀ ਦੇ ਲੀਡਰ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਮਜ਼ਬੂਰੀ ਹੈ ਕਿ ਦਿੱਲੀ ਜਾ ਕੇ ਪੰਜਾਬ ਦੇ ਮੁਦਿਆਂ ਨੂੰ ਭੁਲ ਜਾਂਦੇ ਹਨ। ਆਮ ਆਦਮੀ ਪਾਰਟੀ ਨੇ ਜਿਹੜੀ ਬਿਜਲੀ ਫ੍ਰੀ ਦੀ ਸਹੂਲਤ ਦਿੱਤੀ ਹੈ, ਉਸ ਨਾਲ ਪੰਜਾਬ ਕਰਜ਼ਾਈ ਹੀ ਹੋਇਆ ਹੈ। ਕੀ ਕਰਜ਼ਾ ਚੁਕ ਕੇ ਬਿਜਲੀ ਫ੍ਰੀ ਦੇਣੀ ਅਕਲਮੰਦੀ ਦਾ ਕੰਮ ਹੈ? ਆਮ ਆਦਮੀ ਪਾਰਟੀ ਵੀ ਪੰਜਾਬ ਵਿੱਚ ਡੰਗ ਟਪਾਊ ਨੀਤੀ ਦੇ ਤਹਿਤ ਹੀ ਚੱਲ ਰਹੀ ਹੈ। ਪੰਜਾਬ ਵਿਚੋਂ ਖਬੇ ਤੇ ਸੱਜੇ ਪੱਖੀ ਕਾਮਰੇਡਾਂ ਦਾ ਤਾਂ ਹੁਣ ਖਾਤਮਾ ਹੀ ਹੈ, ਕੋਈ ਵੀ ਤੜ ਵਾਲਾ ਨੇਤਾ ਨਹੀਂ ਰਿਹਾ। ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਵੱਖ-ਵੱਖ ਪਾਰਟੀਆਂ ਵਿਚੋਂ ਨੇਤਾ ਤੋੜ ਕੇ ਰਾਜ ਸੱਤਾ ਲੱਭਣ ਦਾ ਯਤਨ ਕਰ ਰਹੀ ਹੈ। ਜਿਹੜੇ ਨੇਤਾ ਦਿਨੇ ਰਾਤ ਭਾਰਤੀ ਜਨਤਾ ਪਾਰਟੀ ਨੂੰ ਕੋਸਦੇ ਰਹੇ, ਉਹ ਨੇਤਾ ਭਾਰਤੀ ਜਨਤਾ ਪਾਰਟੀ ਦੇ ਗੁਣ ਗਾਣ ਕਰਦੇ ਨਜ਼ਰ ਆਉਂਦੇ ਆ ਰਹੇ ਹਨ।

2027 ਨੂੰ ਮੁਖ ਰੱਖਦਿਆਂ ਸਾਰੀਆਂ ਪਾਰਟੀਆਂ ਵਲੋਂ ਰੈਲੀਆਂ ਤੇ ਤੋਹਮਤਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਇਹਨਾਂ ਰੈਲੀਆਂ ਰਾਹੀ ਹੀ ਲੋਕਾਂ ਕੋਲ ਜਾਇਆ ਜਾਏਗਾ। ਪੂਰੀਆਂ ਤੋਹਮਤਾਂ ਦਾ ਮੀਂਹ ਵੱਸੇਗਾ। ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਵੱਧ ਰਹੀ ਮਹਿੰਗਾਈ, ਨਸ਼ੇ ਖਤਮ ਕਰਨੇ ਤੇ ਫ਼ਰਜ਼ੀ ਵਿਕਾਸ ਵਾਲਾ ਪੱਤਾ ਵਰਤਿਆ ਜਾਏਗਾ। ਸਰਕਾਰ ਬਣਨ ਨਾਲ ਹੀ ਹੀਲ ਪਿਆਜ਼ ਨੰਗਾ ਹੋ ਜਾਏਗਾ। ਕਿਰਸਾਨਾਂ, ਮਜ਼ਦੂਰਾਂ ਅਤੇ ਸਮਾਜ ਦੇ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਘੱਟਣ ਦੀ ਬਜਾਏ ਹਰ ਰੋਜ਼ ਸ਼ੈਤਾਨ ਦੀ ਆਂਦਰ ਵਾਂਗ ਵੱਧਣਗੀਆਂ ਪਰ ਨੇਤਾ ਕਦੇ ਵੀ ਇਧਰ ਧਿਆਨ ਨਹੀਂ ਦੇਣਗੇ।

ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੀ ਅਤ ਜ਼ਰੂਰਤ ਹੈ। ਬੱਚਿਆਂ ਲਈ ਪਿੰਂਡਾਂ ਵਿਚ ਸਕੂਲ, ਅਧਿਆਪਕ, ਡਿਸਪੈਂਸਰੀਆਂ ਵਿਚ ਡਾਕਟਰ, ਸੜਕਾਂ ਦੇ ਵਿਚਲੇ ਢੋਏ, ਰਸਤਿਆਂ ਵਿਚ ਪੁਲ਼, ਪਿੰਡਾਂ ਵਿਚੋਂ ਪਾਣੀ ਦਾ ਨਿਕਾਸ, ਗਲ਼ੀਆਂ ਨਾਲ਼ੀਆਂ ਦਾ ਪੱਕਿਆਂ ਹੋਣਾ, ਬਿਜਲੀ ਦੀ ਸਪਲਾਈ ਨੂੰ ਜ਼ਰੂਰੀ ਕਰਨਾ, ਨਾਗਰਿਕਾਂ ਲਈ ਉਚਿਤ ਬੀਮਾਂ ਸਕੀਮਾਂ ਦਾ ਲਾਗੂ ਕਰਨਾ ਆਦਿ ਮੁਦੇ ਇਹਨਾਂ ਰੈਲੀਆਂ ਵਿਚੋਂ ਬਿਲਕੁਲ ਗਾਇਬ ਰਹਿਣਗੇ। ਇਹਨਾ ਰੈਲੀਆਂ ਵਿਚੋਂ ਪੰਜਾਬ ਦੇ ਛੋਟੇ ਕਾਰਖਾਨਿਆਂ ਵਾਲਾ ਮੁਦਾ ਬਿਲਕੁਲ ਗਾਇਬ ਰਹੇਗਾ। ਲੋਕ ਵੀ ਇਨ੍ਹਾਂ ਲੀਡਰਾਂ ਵਲੋਂ ਕੀਤੀਆਂ ਜਾਂਦੀਆਂ ਟਕੋਰਾਂ, ਚੁਟਕਲੇ ਤੇ ਆਪਣੇ ਵਿਰੋਧੀ ਦੀ ਛਿੱਲ ਲੱਥਦੀ ਦੇਖ ਕੇ ਖੁਸ਼ ਹੁੰਦੇ ਨਜ਼ਰ ਆਉਣਗੇ। ਇਨ੍ਹਾਂ ਰੈਲੀਆਂ ਵਿੱਚ ਮੁਦਿਆ ਦੀ ਕਦੇ ਕੋਈ ਇਮਾਨਦਾਰੀ ਨਾਲ ਵਿਚਾਰ ਨਹੀਂ ਹੋਏਗੀ ਸਗੋਂ ਇਨ੍ਹਾਂ ਰੈਲੀਆਂ ਨੂੰ ਮਨੋਰੰਜਨ ਲਈ ਵਰਤਿਆ ਜਾਏਗਾ।

ਬੇਰੋਜ਼ਗਾਰੀ ਤੇ ਨਸ਼ਿਆਂ ਦੇ ਕਹਿਰ ਨੇ ਨੌਜਵਾਨੀ ਨੂੰ ਤਬਾਹੀ ਦੇ ਕੰਢੇ ‘ਤੇ ਖੜਾ ਕਰ ਦਿੱਤਾ ਹੈ। ਪਰ ਮਹਾਂ ਰੈਲੀਆਂ ਵਿਚ ਇਹਨਾਂ ਮੁਦਿਆ ‘ਤੇ ਕਿਸੇ ਨੇ ਵੀ ਕੋਈ ਵਿਚਾਰ ਨਹੀਂ ਦੇਣੀ । ਬੱਸ ਇਕ ਦੂਜੇ ‘ਤੇ ਤੋਹਮਤਾਂ ਤੇ ਮਿਹਣਿਆਂ ਦੀ ਬਰਸਾਤ ਹੋਏਗੀ। ਲੋਕਾਂ ਨੂੰ ਸੁਣਨ ਨੂੰ ਮਿਲੇਗਾ ਦੇਖਿਓ ਸਾਡੀ ਸਰਕਾਰ ਆ ਲੈਣ ਦਿਓ ਅਸੀਂ ਰਗੜ ਕੇ ਰੱਖ ਦਿਆਂਗੇ। ਇਹਨਾਂ ਰੈਲੀਆਂ ਰਾਂਹੀ ਰਵਾਇਤੀ ਪਾਰਟੀਆਂ ਆਪਣਾ ਗਵਾਚਿਆ ਅਕਸ ਲੱਭਣ ਦਾ ਜ਼ਰੂਰ ਯਤਨ ਕਰਨਗੀਆਂ ਪਰ ਲੋਕਾਂ ਨਾਲ ਜੁੜੇ ਕਿਸੇ ਵੀ ਮਸਲੇ ਤੇ ਪੰਜਾਬ ਦੇ ਕਿਸੇ ਮੁਦੇ ਗੱਲ ਨਹੀਂ ਕੀਤੀ ਜਾਏਗੀ।

ਛੋਟੇ ਹੁੰਦਿਆਂ ਸਾਡਿਆਂ ਪਿੰਡਾਂ ਵਿੱਚ ਆਮ ਡਰਾਮੇ ਰਾਤ ਨੂੰ ਦੇਖਣ ਲਈ ਮਿਲ ਜਾਂਦੇ ਸਨ। ਮੈਨੂੰ ਯਾਦ ਹੈ ਇਕ ਵਾਰੀ ਕਾਮਰੇਡਾਂ ਦੀ ਪਾਰਟੀ ਨੇ ਕਾਲੇ ਅਫਗਾਨੇ ਜਲਸਾ ਕੀਤਾ ਸੀ ਅਤੇ ਕੈਰੋਂ ਦੀ ਸਰਕਾਰ ‘ਤੇ ਵਿਅੰਗ ਕਰਦਿਆਂ ਇੱਕ ਫਿਕਰਾ ਬੋਲਿਆ ਗਿਆ ਸੀ ਕਿ “ਓਏ ਜੁਗਨੂੰ ਹੁਣ ਕਿਉਂ ਰੋਂਨਾ, ਗੱਲੀ ਬਾਤੀਂ ਨਹਿਰ ਦਿਆਂਗੇ ਓੱਥੇ ਲਾ ਲਈਂ ਝੋਨਾ” ਗੱਲਾਂ ਬਾਤਾਂ ਨਾਲ ਤਾਂ ਅਸਮਾਨ ਦੇ ਤਾਰੇ ਵੀ ਤੋੜੇ ਜਾ ਰਹੇ ਹਨ।

ਹੈਰਾਨਗੀ ਦੀ ਗੱਲ ਦੇਖਣ ਨੂੰ ਮਿਲੇਗੀ ਸਿਆਸੀ ਲੋਕ ਰੈਲੀਆਂ, ਮਹਾਂ ਰੈਲੀਆਂ, ਸੜਕਾਂ ‘ਤੇ ਸ਼ਕਤੀ ਪ੍ਰਦਰਸ਼ਨ, ਜਲੂਸ-ਜਲਸੇ ਤੇ ਰਾਜਸੀ ਰੈਲੀਆਂ ਕਰਨਗੇ, ਕੰਨ ਪਾੜਵੀਆਂ ਅਵਾਜ਼ਾਂ ਸੁਣਨ ਨੂੰ ਮਿਲਣਗੀਆਂ, ਪਰ ਮੁਦੇ ਗਾਇਬ ਹੋਣਗੇ। ਕਿਰਸਾਨ, ਮਜ਼ਦੂਰ ਤੇ ਮੁਲਾਜ਼ਮ ਜਦੋਂ ਰੋਸ ਰੈਲੀਆਂ ਜਾਂ ਜਲੂਸ ਜਲਸੇ ਕਰਦੀਆਂ ਹਨ ਤਾਂ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਸਰਕਾਰੀ ਤੰਤਰ ਜਾਂ ਕਾਲੇ ਕਨੂੰਨਾਂ ਦੀ ਸਹਾਇਤਾ ਲਈ ਜਾਂਦੀ ਹੈ ਪਰ ਰਾਜਸੀ ਪਾਰਟੀਆਂ ਨੂੰ ਕੋਈ ਰੋਕ ਟੋਕ ਨਹੀਂ ਹੋਏਗੀ। ਹੱਕ ਤਾਂ ਸਭ ਤੇ ਬਰਾਬਰ ਹੀ ਹੋਣੇ ਚਾਹੀਦੇ ਹਨ।

ਆਮ ਲੋਕਾਂ ਦੀ ਮਾਲੀ ਹਾਲਤ ਨਿਘਰਦੀ ਜਾ ਰਹੀ ਹੈ, ਦੂਜੇ ਪਾਸੇ ਸਿਆਸੀ ਲੋਕਾਂ ਦੀ ਆਰਥਿਕ ਹਾਲਤ ਛੜੱਪੇ ਮਾਰ ਕੇ ਵੱਧਦੀ ਜਾਂਦੀ ਹੈ।

ਰੈਲੀਆਂ ਜ਼ਰੂਰ ਕਰੋ, ਪਰ ਲੋਕਾਂ ਲਈ ਵੀ ਕੁਝ ਕਰਨ ਦਾ ਯਤਨ ਕਰੋ। ਕਰਨ ਵਾਲੇ ਕੰਮ ਵੀ ਜ਼ਰੂਰ ਕਰੋ। ਸਿਆਸੀ ਨੇਤਾਵਾਂ ਨੂੰ ਇਹ ਸਮਝਣ ਦੀ ਜ਼ਰੂਰਤ ਕਿ ਵੱਡੀਆਂ ਰੈਲੀਆਂ ਵੋਟ ਬੈਂਕ ਪੱਕੇ ਕਰਨ ਦਾ ਅਧਾਰ ਨਹੀਂ ਬਣ ਸਕਦੀਆਂ ਤੇ ਨਾ ਹੀ ਲੋਕਾਂ ਵਿੱਚ ਆਪਣੀ ਸਾਖ ਬਹਾਲ ਕਰਾ ਸਕਦੀਆਂ ਹਨ। ਜਨਤਕ ਹਮਾਇਤ ਤਾਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਨਾਲ ਹੀ ਮਿਲ ਸਕਦੀ ਹੈ। ਲੋਕਾਂ ਦਾ ਸਮਾਂ ਬਰਬਾਦ ਕਰਨ ਦੀ ਥਾਂ ‘ਤੇ ਕੰਧ ‘ਤੇ ਲਿਖਿਆ ਪੜ੍ਹਨ ਦੀ ਖੇਚਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਅਸਲ ਨੇਤਾ ਉਹ ਹੀ ਸਫਲ ਗਿਣਿਆ ਜਾ ਸਕਦਾ ਹੈ, ਜਿਹੜਾ ਚਾਪਲੂਸਾਂ ਦੀ ਪਕੜ ਵਿਚੋਂ ਬਾਹਰ ਆ ਕੇ ਧਰਾਤਲ ਦੀ ਗੱਲ ਸੁਣਨ ਦਾ ਯਤਨ ਕਰੇ।

ਆਉਣ ਵਾਲੇ ਸਮੇਂ ਵਿੱਚ ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ, ਨਹਿਰੀ ਪਾਣੀਆਂ ਦੀ ਲੁਟ, ਮਹਿੰਗੇ ਬਿਜਲੀ ਸਮਝੌਤੇ ਵੱਡੇ ਛੋਟੇ ਕਾਰਖਾਨਿਆਂ ਦੀ ਗੱਲ, ਖੇਤੀ ਅਧਾਰਿਤ ਕਾਰਖਾਨੇ, ਖੇਤੀ ਨੂੰ ਫਸਲੀ ਚੱਕਰ ਵਿਚੋਂ ਕੱਢਣ ਲਈ ਉਪਰਾਲੇ, ਸਰਕਾਰ ਵਲੋਂ ਜ਼ਮੀਨਾਂ ਨੂੰ ਵੇਚਣ ਦੀਆਂ ਤਿਆਰੀਆਂ ਸਬੰਧੀ ਪੰਜਾਬ ਦਾ ਕੋਈ ਨੇਤਾ ਗੱਲ ਨਹੀਂ ਕਰੇਗਾ। ਕਹਿੰਦੇ ਜਿਹੜਾ ਕੋਈ ਨਵਾਂ ਨਵਾਂ ਧਰਮੀ ਬਣਦਾ ਹੈ, ਉਹ ਰੱਬ ਦਾ ਨਾਂ ਬਹੁਤਾ ਜਪਦਾ ਹੈ। ਇਸੇ ਤਰ੍ਹਾਂ ਜਿਹੜੇ ਨੇਤਾ ਪਾਰਟੀ ਬਦਲ ਕੇ ਦੂਜੀਆਂ ਪਾਰਟੀਆਂ ਵਿੱਚ ਗਏ ਹਨ, ਉਹ ਅਜਿਹਾ ਬੋਲਦੇ ਹਨ, ਜਿਸ ਨੂੰ ਸੁਣ ਕੇ ਕਚਿਆਣ ਆਉਂਦੀ ਹੈ।