ਪ੍ਰਿੰ: ਗੁਰਬਚਨ ਸਿੰਘ
99155-29725
ਨੌਵੇਂ ਪਾਤਸ਼ਾਹ ਦੀ ਲਾਸਾਨੀ ਸ਼ਹਾਦਤ ਤੇ ਸਾਡੇ ਫ਼ਰਜ਼
ਮੇਰੇ ਜੀਵਨ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਦੋ ਸ਼ਤਾਬਦੀਆਂ ਆਈਆਂ ਹਨ। ਪਹਿਲੀ ਤਿੰਨ ਸੌ ਸਾਲਾ ਸ਼ਹੀਦੀ ਸ਼ਤਾਬਦੀ 1975 ਈਸਵੀ ਨੂੰ ਆਈ ਸੀ ਜੋ ਬਹੁਤ ਹੀ ਵੱਡੇ ਪੱਧਰ ‘ਤੇ ਮਨਾਈ ਗਈ ਸੀ। ਓਦੋਂ ਵਿਦਾਵਨਾਂ ਨੇ ਬੜੀਆਂ ਖੋਜ ਭਰਪੁਰ ਪੁਸਤਕਾਂ ਲਿਖੀਆਂ ਗਈਆਂ ਸਨ, ਜਿੰਨ੍ਹਾਂ ਵਿਚੋਂ ਕੁਝ ਕੁ ਦੇ ਨਾਂ ਇਸ ਤਰ੍ਹਾਂ ਆਏ ਹਨ—ਗੁਰੂ ਤੇਗ ਬਹਾਦਰ ਦੀ ਰਚਨਾ ਰਹੱਸ ਤੇ ਰਹਿਸ ਬੀਬੀ ਪ੍ਰੀਤਮ ਕੌਰ, ਹਰਚਰਨ ਸਿੰਘ ਵਲੋਂ ਹਿੰਦ ਦੀ ਚਾਦਰ, ਗੁਰੂ ਤੇਗ ਬਹਾਦਰ ਫ਼ਾਰਸੀ ਸਰੋਤ ਸ੍ਰ. ਪਿਆਰ ਸਿੰਘ, ਗੁਰੁ ਤੇਗ ਬਹਾਦਰ ਸ਼ਹੀਦੀ ਅੰਕ ਡਾ ਤਾਰਨ ਸਿੰਘ, ਤੇਗ ਬਹਾਦਰ ਸਿਮਰੀਐ ਪ੍ਰੋ. ਪਿਆਰਾ ਸਿੰਘ ਪਦਮ, ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਐ ਜੀ ਗੁਪਤਾ, ਗੁਰੁ ਤੇਗ ਬਹਾਦਰ ਜੀਵਨ ਤੇ ਸਿੱਖਿਆ ਡਾ ਤਾਰਨ ਸਿੰਘ, ਬਚਨ ਗੁਰੂ ਤੇਗ ਬਹਾਦਰ ਜੀ ਦੇ ਡਾ ਮਹਿੰਦਰ ਸਿੰਘ ਢਿੱਲੋਂ, ਨਉ ਨਿਧਿ ਪ੍ਰਿੰ. ਸਤਬੀਰ ਸਿੰਘ, ਗੁਰੂ ਤੇਗ ਬਹਾਦਰ ਦੀ ਸ਼ਖ਼ਸੀਅਤ ਤੇ ਸ਼ਹਦਾਤ ਡਾ ਜੋਗਿੰਦਰ ਸਿੰਘ, ਸੰਖੇਪ ਜੀਵਨ ਡਾ. ਤ੍ਰਿਲੋਚਨ ਸਿੰਘ, ਗੁਰੂ ਤੇਗ ਬਹਾਦਰ ਯਾਤਰਾ ਅਸਥਾਨ ਤੇ ਪ੍ਰਪੰਰਾਵਾਂ ਡਾ ਫ਼ੌਜਾ ਸਿੰਘ। ਇੰਝ ਵਿਦਵਾਨਾਂ ਨੇ ਆਪਣੀ ਆਪਣੀ ਸਮਰੱਥਾ ਅਤੇ ਖੋਜ ਅਨੁਸਾਰ ਬਹੁਤ ਹੀ ਪਿਆਰ ਅਤੇ ਸਨੇਹ ਨਾਲ ਲਿਖਣ ਵਾਲੇ ਮਿਸ਼ਨ ‘ਤੇ ਕੰਮ ਕੀਤਾ। ਦੂਸਰੀ ਸ਼ਤਾਬਦੀ ਉਨ੍ਹਾਂ ਦੇ ਅਗਮਨ ਦੀ ਅਪ੍ਰੈਲ 2021 ਨੂੰ ਆਈ ਹੈ। ਗੁਰੂ ਸਾਹਿਬ ਦਾ ਜੀਵਨ, ਸ਼ਹਾਦਤ, ਯਾਤਰਾਵਾਂ, ਕਿਰਸਾਨਾਂ ਲਈ ਖੂਹਾਂ ਦੀ ਖੁਦਾਈ, ਗੁਰਿਆਈ ਨਵੇਂ ਸ਼ਹਿਰ ਦੀ ਉਸਾਰੀ ਮਹਾਨ ਕਾਰਨਾਮੇ ਕੀਤੇ ਹਨ ਜਿਹੜੇ ਲਿਖਣ ਦੀ ਸ਼ੈਲੀ ਵਿਚ ਛੋਟੇ ਪੈ ਜਾਂਦੇ ਹਨ। ਹੁਣ ਤੀਜੀ ਸ਼ਤਾਬਦੀ 2025 ਨੂੰ ਸਾਰੇ ਸੰਸਾਰ ਵਿੱਚ ਮਨਾਈ ਜਾ ਰਹੀ ਹੈ।
ਵਿਸ਼ਵ ਇਤਿਹਾਸ ਵਿਚ ਗੁਰੂ ਜੀ ਦੀ ਸ਼ਹੀਦੀ ਵਿਲੱਖਣ ਅਤੇ ਵਿਸ਼ੇਸ਼ ਅਰਥਾਂ ਦੀ ਧਾਰਨੀ ਹੈ। ਵਿਲੱਖਣ ਇਸ ਲਈ ਹੈ ਕਿ ਇਹ ਸ਼ਹਾਦਤ ਆਪਣੇ ਨਿੱਜਤਵ ਲਈ ਨਹੀਂ ਸਗੋਂ ਆਪਣੇ ਭਾਈਚਾਰੇ ਅਤੇ ਸਮੁਚੀ ਮਨਾਵਤਾ ਦੇ ਅਧਿਕਾਰਾਂ ਦੀ ਸਲਾਮਤੀ ਲਈ ਸੀ। ਸ਼ਹਾਦਤ ਦਾ ਸੰਕਲਪ ਆਪਣੇ ਗੁਰੂ ਨੂੰ ਤਨ, ਮਨ, ਧਨ ਸੌਂਪ ਦਿੰਦਾ ਹੈ ਤੇ ਜਬਰ ਜ਼ੁਲਮ ਦੇ ਟਾਕਰੇ ਲਈ ਜੂਝ ਮਰਨ ਤੋਂ ਕਦੇ ਝਿਜਕਦਾ ਨਹੀਂ ਹੈ।
ਇਹ ਗੱਲ ਵੀ ਮੰਨੀ ਹੋਈ ਹੈ ਕਿ ਮੁਗਲ ਸ਼ਾਸਨ ਦੇ ਨਾਲ ਨਾਲ ਹਿੰਦੂ ਕਟੜਵਾਦ ਵੀ ਗੁਰੂ ਨਾਨਕ ਦੇ ਸਿਧਾਂਤ ਦੀ ਵਿਰੋਧਤਾ ਕਰਦੇ ਰਹੇ ਸਨ। ਨਾਨਕਈ ਫਲਸਫਾ ਪੁਜਾਰੀ ਦੀਆਂ ਜੜ੍ਹਾਂ ਤੇ ਕੁਹਾੜਾ ਹੈ। ਜਿੱਥੇ ਮੁਗਲ ਸ਼ਾਸ਼ਕ ਨਾਨਕਈ ਸੋਚ ਨੂੰ ਬਾਗੀਅਤ ਮੰਨਦੇ ਸਨ ਓੱਥੇ ਹਿੰਦੂ ਪੁਾਜਰੀ ਇਸ ਫਲਸਫੇ ਨੂੰ ਆਪਣੇ ਰਾਹ ਵਿਚ ਵੱਡੀ ਤੇ ਰੁਕਾਵਟ ਸਮਝਦੇ ਸਨ।
ਗੁਰੂ ਨਾਨਕ ਸਾਹਿਬ ਜੀ ਦਾ ਨੌਂ ਸਾਲ ਦੀ ਉਮਰ ਵਿਚ ਜਨੇਊ ਤੋਂ ਕਿਨਾਰਾ ਕਰਨਾ, ਗੁਰੂ ਅੰਗਦ ਪਾਤਸ਼ਾਹ ਦਾ ਦੇਵੀ ਦੇ ਦੀਦਾਰ ਨੂੰ ਰੱਦ ਕਰਨਾ, ਗੁਰੂ ਅਮਰਦਾਸ ਜੀ ਦਾ ਹਰਦੁਆਰ ਦੇ ਇਸ਼ਨਾਨ ਨੂੰ ਨਿਕਾਰਨਾ, ਮਨੁਖੀ ਭਾਈਚਾਰੇ ਵਿਚ ਬਰਾਬਰਤਾ ਲਿਆਉਣ ਲਈ ਇਕ ਪੰਗਤ ਭਾਵ ਬਰਾਬਰ ਬੈਠ ਕੇ ਲੰਗਰ ਛੱਕਣ ਵਾਲੀ ਕ੍ਰਾਂਤੀ ਪ੍ਰਪੱਕ ਹੋ ਚੁਕੀ ਸੀ। ਸ਼ਰਈ ਤੇ ਤੰਗ ਦਿਲੀ ਮਾਨਸਿਕਤਾ ਨੇ ਮੁਗਲ ਸਾਸ਼ਨ ਨੂੰ ਭੜਕਾਇਆ ਕਿ ਆਉਣ ਵਾਲੇ ਸਮੇਂ ਵਿਚ ਇਹ ਇਸਲਾਮ ਲਈ ਬਹੁਤ ਵੱਡਾ ਖਤਰਾ ਹੋ ਸਕਦੇ ਹਨ। ਦੂਜੇ ਪਾਸੇ ਹਿੰਦੂ ਕਟੜਤਾ ਦੀਆਂ ਸ਼ਕਾਇਤਾਂ ਸਨ ਕਿ ਇਹ ਮੂਲਵਾਦੀ ਪ੍ਰੰਪਰਾ ਨੂੰ ਨਹੀਂ ਮੰਨਦੇ। ਗੁਰੂ ਅਮਰਦਾਸ ਜੀ ਦੇ ਸਮੇਂ ਲਾਹੌਰ ਵਿਚ ਉਚੇਚੇ ਤੌਰ ਤੇ ਇਸ ਤਰ੍ਹਾਂ ਦੇ ਕੇਸ ਦਰਜ ਕਰਾਏ। ਅਕਬਰ ਬਾਦਸ਼ਾਹ ਦੇ ਸੱਦੇ ‘ਤੇ ਭਾਈ ਜੇਠਾ ਜੀ ਲਾਹੌਰ ਗਏ। ਕੇਂਦਰੀ ਸਰਕਾਰ, ਸੂਬਾ ਸਰਕਾਰ ਅਤੇ ਸਾਰੀ ਅਫਸਰ ਸ਼ਾਹੀ ਇਕੱਠੀ ਹੋਈ ਸੀ। ਧਾਰਮਿਕ ਮੁਆਮਲੇ ਦੀ ਸੁਣਵਾਈ ਹੋਈ ਤਾਂ ਭਾਈ ਜੇਠਾ ਜੀ ਦੀਆਂ ਦਲੀਲਾਂ ਅੱਗੇ ਸਾਰੇ ਨਿਰੁਤਰ ਹੋਏ।
ਅਕਬਰ ਦੇ ਸਮੇਂ ਵਿਚ ਕੱਟੜਤਾਈ ਦਾਲ ਕਿਸੇ ਦੀ ਨਹੀਂ ਗਲ਼ੀ ਸੀ। ਪਰ ਜਿਉਂ ਹੀ ਜਹਾਂਗੀਰ ਰਾਜ ਗੱਦੀ ‘ਤੇ ਬੈਠਾ ਤਾਂ ਮੁਗਲ, ਅਤੇ ਕਟੜ ਹਿੰਦੂ ਪੁਜਾਰੀਆਂ ਨੇ ਫਿਰ ਸ਼ਕਾਇਤਾਂ ਕੀਤੀਆਂ।ਸਰਕਾਰ ਦੀ ਨੀਤੀ ਤੇ ਦੋ ਧਰਮਾਂ ਦੇ ਪੁਜਾਰੀਆਂ ਦੀ ਵਿਰੋਧਤਾ ਕਾਰਨ ਗੁਰੂ ਅਰਜਨ ਪਤਾਸ਼ਾਹ ਜੀ ਨੂੰ ਆਪਣੀ ਸ਼ਹਾਦਤ ਦੇਣੀ ਪਈ। ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਚਾਰ ਲੜਾਈਆਂ ਲੜੀਆਂ ਸਨ। ਜਹਾਂਗੀਰ ਦੇ ਬਾਅਦ ਮੁਗਲੀਆ ਸਲਤਨਤ ਦਾ ਪੰਜਵਾਂ ਬਾਦਸ਼ਾਹ ਸ਼ਾਹਜਹਾਂ ਆਉਂਦਾ ਹੈ। ਇਸ ਦੇ ਵਿਚਾਰ ਲਗ-ਪਗ ਅਕਬਰ ਬਾਦਸ਼ਹ ਵਰਗੇ ਹੀ ਸਨ। ਔਰੰਗਜ਼ੇਬ ਦਾ ਜਦੋਂ ਰਾਜ ਕਾਲ ਸ਼ੁਰੂ ਹੁੰਦਾ ਹੈ ਤਾਂ ਇਸ ਨੇ ਪੂਰੇ ਦੇਸ਼ ਵਿਚ (ਇਸਲਾਮੀ ਕਨੂੰਨ ਆਧਰਿਤ) ਫਤਵਾ-ਏ-ਆਲਮਗੀਰੀ ਲਾਗੂ ਕੀਤਾ।
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਮੂਲ ਕਾਰਨ—
ਔਰੰਗਜ਼ੇਬ ਦਾ ਜੀਵਨ ਨਿਹਾਰਿਆ ਜਾਏ ਤਾਂ ਸਮਝ ਆਉਂਦੀ ਹੈ ਕਿ ਰਾਜਸੀ ਸਤਾ ਹਾਸਲ ਕਰਨ ਲਈ ਆਪਣੇ ਪਿਤਾ ਸ਼ਾਹਜਹਾਂ ਨੂੰ ਕੈਦ ਕਰ ਲਿਆ, ਆਪਣੇ ਭਰਾ ਮੁਰਾਦ ‘ਤੇ ਇਕ ਸ਼ਯਦ ਦੇ ਖੂਨ ਦਾ ਅਪਰਾਧ ਥੋਪ ਕੇ ਉਸ ਨੂੰ ਕਤਲ ਕਰ ਦਿੱਤਾ। ਫਿਰ ਦਾਰਾ ਸ਼ਿਕੋਹ ਨੂੰ ਆਪਣੇ ਰਾਹ ਵਿਚੋਂ ਹਟਾਉਣ ਲਈ ਧਾਰਮਿਕ ਆਗੂਆਂ ਦਾ ਸਹਾਰਾ ਲੈਂਦਿਆਂ ਉਸ ਦੇ ਵਿਰੁਧ ਫਤਵਾ ਜਾਰੀ ਕਰਕੇ ਸਿਰ ਕਲਮ ਕਰ ਦਿੱਤਾ। ਉਸ ਦੇ ਪੁਤਰ ਸੁਲੇਮਾਨ ਸ਼ਿਕੋਹ ਨੂੰ ਵੀ ਕਤਲ ਕਰ ਦਿੱਤਾ। ਔਰੰਗਜ਼ੇਬ ਨੇ ਆਪਣੇ ਇਕ ਪੁਤਰ ਨੂੰ ਜੇਲ੍ਹ ਵਿਚ ਪਾ ਕੇ ਮਾਰ ਦਿੱਤਾ ਦੂਜੇ ਨੂੰ ਜੇਲ੍ਹ ਕਰ ਦਿੱਤੀ ਤੇ ਤੀਜਾ ਡਰਦਾ ਹੀ ਭੱਜ ਗਿਆ।
ਔਰੰਗਜ਼ੇਬ ਦੀ ਧਾਰਮਿਕ ਨੀਤੀ ਅਨੁਸਾਰ ਹਿੰਦੂਆਂ ਨੂੰ ਵਧੇਰੇ ਟੈਕਸ ਦੇਣੇ ਪੈਂਦੇ ਸਨ। ਔਰੰਗਜ਼ੇਬ ਦੀ ਧਾਰਮਿਕ ਨੀਤੀ ਤੋਂ ਨਿਰੇ ਹਿੰਦੂ ਅਵਾਜ਼ਾਰ ਨਹੀਂ ਸਨ ਸਗੋਂ ਸ਼ੀਆ ਮੁਸਲਮਾਨ ਵੀ ਉਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ। ਔਰੰਗਜ਼ੇਬ ਕਾਫੀ ਅਰਸੇ ਤੋਂ ਸਰਹੰਦ ਦੇ ਨਕਸ਼ ਬੰਦੀ ਸਿਲਸਿਲਹ ਦੇ ਸ਼ੇਖ਼ ਅਹਿਮਦ ਸਰਹੰਦੀ ਦੇ ਗੱਦੀਦਾਰਾਂ ਦੀ ਰਹਿਨੁਮਾਈ ਹੇਠ ਇਕ ਵਿਸ਼ੇਸ਼ ਵਿਚਾਰਧਾਰਕ ਨਜ਼ਰੀਏ ਨੂੰ ਅਪਨਾ ਕੇ ਸਾਰੇ ਹਿੰਦ ਅੰਦਰ ਮੁਸਲਮਾਨੀ ਰਾਜ ਅਤੇ ਮੁਸਲਮਾਨੀ ਮੱਤ ਦਾ ਬੋਲਬਾਲਾ ਕਰਨਾ ਚਾਹੁੰਦਾ ਸੀ। ਇਸ ਮਨੋਰਥ ਦੀ ਪੂਰਤੀ ਲਈ ਉਸ ਨੇ ਤੰਗ ਦਿਲ, ਕਟੜ ਅਤੇ ਜਨੂੰਨੀ ਰਸਤਾ ਅਖ਼ਤਿਆਰ ਕਰ ਰੱਖਿਆ ਸੀ। ਸਾਰੇ ਮੁਲਕ ਨੂੰ ਯੋਜਨਾਬੱਧ ਤਰੀਕੇ ਨਾਲ ਮੁਸਮਾਨੀ ਮੱਤ ਦੇ ਪ੍ਰਭਾਵ ਹੇਠ ਲਿਆਉਣ ਦਾ ਜਤਨ ਕੀਤਾ। ਇਸ ਉਦੇਸ਼ ਦੀ ਪੂਰਤੀ ਲਈ ਸਾਮ, ਦਾਮ, ਦੰਡ ਤੇ ਭੇਦ ਸਾਰੀਆਂ ਨੀਤੀਆਂ ਦੀ ਭਰਪੂਰ ਵਰਤੋਂ ਕੀਤੀ। ਹਿੰਦੂ ਜਨਤਾ ਉੱਤੇ ਜਜ਼ੀਆ ਆਦਿ ਲੱਕ ਤੋੜੂ ਟੈਕਸ ਲਗਾਏ, ਧੱਕਾ ਅਤੇ ਅਤਿਆਚਾਰ ਕਰ ਕਰ ਕੇ ਗੈਰ ਮੁਸਲਮਾਨਾਂ ਨੂੰ ਖਾਸ ਕਰਕੇ ਹਿੰਦੂਆਂ ਨੂੰ ਧਰਮ-ਪਰਿਵਤਨ ਲਈ ਮਜ਼ਬੂਰ ਕਰ ਦਿੱਤਾ।
ਹਿੰਦੂਆਂ ਤੇ ਲੱਗੇ ਟੈਕਸਾਂ ਦੀ ਗੱਲ ਕਰੀਏ ਤਾਂ ਜਜ਼ੀਆ, ਵਾਧੂ ਵਿਕਰੀ ਟੈਕਸ, ਤੀਰਥ ਯਾਤਰਾ, ਧਾਰਮਿਕ ਮੇਲਾ, ਆਦਿ ਟੈਕਸਾਂ ਦਾ ਪੂਰਾ ਬੋਝ ਪਾਇਆ ਗਿਆ। ਨਵੇਂ ਮੰਦਰ ਬਣਾਉਣੇ ਜਾਂ ਪੁਰਾਣਿਆਂ ਦੀ ਮੁਰੰਮਤ ਕਰਨ ਸਬੰਧ ਪੂਰੀਆਂ ਪਾਬੰਦੀਆਂ ਲਗਾਈਆਂ। ਬਹੁਤ ਸਾਰੇ ਵਿਦਿਆਲੇ ਬੰਦ ਕਰਾ ਦਿੱਤੇ ਗਏ। ਸਭ ਤੋਂ ਅਹਿਮ ਗੱਲ ਕਿ ਹਿੰਦੂ ਪੁਜਾਰੀਆਂ ਵਲੋਂ ਵਹਿਮ ਭਰਮ ਏਦਾਂ ਦੇ ਬਣਾਏ ਹੋਏ ਸਨ ਕਿ ਲੋਕ ਤਰਾਅ ਤਰਾਅ ਕਰ ਰਹੇ ਸਨ। ਸ਼ੂਦਰ ਵਿਚਾਰਿਆਂ ਨੂੰ ਮਨੁਖੀ ਹੱਕਾਂ ਤੋਂ ਦੂਰ ਹੀ ਰੱਖਿਆ ਹੋਇਆ ਸੀ। ਸਰਦਾਰ ਮਹਿੰਦਰ ਸਿੰਘ ਜੋਸ਼ ਲਿਖਦੇ ਹਨ ਕਿ “ਹਾਲਾਂ ਕਿ ਮਜ਼ਲੂਮ ਹਿੰਦੂਆਂ ਦੀ ਅਜੇਹੀ ਭ੍ਰਿਸ਼ਟਤਾ ਦਾ ਮੁਖ ਕਾਰਨ ਹਿੰਦੂ ਸਮਾਜ ਦੀ ਆਪਣੀ ਕਮਜ਼ੋਰੀ ਅਤੇ ਕਾਇਰਤਾ ਸੀ”। ਆਤਮਿਕ ਬਲ ਏੰਨਾ ਡਿੱਗ ਚੁਕਿਆ ਸੀ ਨੌਕਰੀਆਂ ਦੀ ਖਾਤਰ ਮੁਗਲ ਹਾਕਮਾਂ ਦੀ ਹਰ ਗੱਲ ਹੱਸ ਕੇ ਪ੍ਰਵਾਨ ਕਰਦੇ ਸਨ। ਉਂਝ ਆਪਣੇ ਭਰਾਵਾਂ ਨੂੰ ਆਖਦੇ ਸਨ ਕਿ ਇਹ ਮਲੇਸ਼ ਹਨ, ਇਨ੍ਹਾਂ ਦਾ ਪ੍ਰਛਾਵਾਂ ਵੀ ਖ਼ਤਰਨਾਕ ਹੈ।
ਕਸ਼ਮੀਰ ਦੇ ਸੂਬੇਦਾਰ ਇਫ਼ਤਿਖ਼ਾਰ ਖ਼ਾਂ ਦੇ ਜ਼ੁਲਮਾਂ ਅਤੇ ਅਤਿਆਚਾਰਾਂ ਤੋਂ ਹਿੰਦੂ ਕੌਮ ਦੇ ਬਚਣ ਦਾ ਕੋਈ ਢੰਗ ਉਪਰਾਲਾ ਹੱਥ ਨਾ ਆਉਣ ਦੀ ਸੂਰਤ ਵਿਚ ਪੰਡਿਤ ਕ੍ਰਿਪਾ ਰਾਮ ਨੇ (ਸ੍ਰ. ਜੋਸ਼ ਦੇ ਕਥਨ ਅਨੁਸਾਰ ਪੰਨਾ 81 ਜੀਵਨ ਗੁਰੂ ਤੇਗ ਬਹਾਦਰ ਜੀ) ਹਰਿਦੁਆਰ, ਕੁਰੂਕਸ਼ੇਤਰ, ਮੱਥਰਾ ਆਦਿਕ 16 ਪ੍ਰਮੁਖ ਨਗਰਾਂ ਦੇ ਪ੍ਰਮੁਖ ਪੰਡਿਤਾਂ ਦਾ ਇਕ ਵਫਦ ਬਣਾਇਆ ਜਿਹੜਾ 25 ਮਈ 1675 ਨੂੰ ਅਨੰਦਪੁਰ ਹਾਜ਼ਰ ਹੋਇਆ। ਕ੍ਰਿਪਾ ਰਾਮ ਭਾਈ ਬ੍ਰਹਮਦਾਸ ਦੇ ਪਰਵਾਰ ਨਾਲ ਸਬੰਧ ਰੱਖਦਾ ਸੀ। ਬ੍ਰਹਮਦਾਸ ਨੇ ਗੁਰੂ ਨਾਨਕ ਸਾਹਿਬ ਕੋਲੋਂ ਸਿੱਖੀ ਸਮਝੀ ਤੇ ਧਾਰਨ ਕੀਤੀ ਸੀ। ਬ੍ਰਹਮਦਾਸ ਦਾ ਬੇਟਾ ਨਰਾਇਣ ਦਾਸ, ਇਸ ਦਾ ਬੇਟਾ ਅੜੂਰਾਮ ਦਾ ਬੇਟਾ ਕ੍ਰਿਪਾਰਾਮ ਹੋਇਆ ਇਤਿਹਾਸ ਦਸਦਾ ਹੈ ਕਿ ਭਾਈ ਕ੍ਰਿਪਾ ਰਾਮ ਨਾਲ ਆਏ ਵਫਦ ਨੇ ਗੁਰੂ ਸਾਹਿਬ ਜੀ ਨਾਲ ਉਚੇਚੇ ਤੌਰ ‘ਤੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਗੁੰਝਲ਼ਾਂ ਦੀਆਂ ਖੁਲ੍ਹ ਕੇ ਵਿਚਾਰਾਂ ਕੀਤੀਆਂ। ਹਿੰਦੂ ਧਰਮ ਵਿਚ ਆਈ ਗਿਰਾਵਟ ਸਬੰਧੀ ਵਿਚਾਰਾਂ ਹੋਈਆਂ ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਵੀ ਆਪਣੀ ਬਾਣੀ ਵਿਚ ਫਰਮਾਉਂਦੇ ਹਨ—“ਖਤ੍ਰੀਆ ਤ ਧਰੁਮ ਛੋੜਿਆ ਮਲੇਛ ਭਾਖਿਆ ਗਹੀ॥” ਇਹ ਵੀ ਵਿਚਾਰਾਂ ਹੋਈਆਂ ਕਿ ਔਰੰਗਜ਼ੇਬ ਦੇ ਅਤਿਆਚਾਰਾਂ ਤੋਂ ਸਾਨੂੰ ਹਿੰਦੂ ਸਮਾਜ ਦੇ ਰਾਜਪੂਤ, ਮਰਹੱਟੇ ਆਦਿ ਵਗਦੀ ਹਨੇਰੀ ਵਿਚੋਂ ਨਹੀਂ ਬਚਾ ਸਕਦੇ। ਗੁਰੂ ਸਾਹਿਬ ਜੀ ਨੇ ਵਿਚਾਰਾਂ ਕਰਦਿਆਂ ਕਹਿਆ ਕਿ ਭਾਰਤ ਵਿਚ ਇਸਲਾਮ ਦੀ ਵੱਡੀ ਹਕੂਮਤ ਹੈ। ਦਿੱਲੀ ਦੇ ਮੁਗਲ ਬਾਦਸ਼ਾਹ ਨੇ ਸਾਰੇ ਸੂਬਿਆਂ ਵਿਚ ਜਬਰੀ ਧਰਮ-ਤਬਦੀਲੀ ਦੀ ਲਹਿਰ ਚਲਾ ਕੇ ਜ਼ੁਲਮ ਤੇ ਅਤਿਆਚਾਰਾਂ ਦੀ ਹਨੇਰੀ ਝਲਾਈ ਹੋਈ ਹੈ। ਗੁਰੂ ਸਾਹਿਬ ਜੀ ਨੇ ਸਾਰੀਆਂ ਸਮੱਸਿਆਵਾਂ ਨੂੰ ਦੇਖ ਕੇ ਸਮਝ ਲਿਆ ਸੀ ਕਿ ਏਡੀ ਵੱਡੀ ਹਕੂਮਤ ਨਾਲ ਟੱਕਰ ਲਿਆਂ ਹੀ ਲੋਕਾਂ ਨੂੰ ਧਾਰਮਿਕ, ਸਮਾਜਿਕ ਤੇ ਆਰਥਿਕ ਅਜ਼ਾਦੀ ਮਿਲ ਸਕਦੀ ਹੈ।
ਅਨੰਦਪੁਰ ਗਤੀਵਿਧੀਆਂ ਦਾ ਕੇਂਦਰ
ਅਨੰਦਪੁਰ ਗਤੀਵਿਧੀਆਂ ਦਾ ਕੇਂਦਰ
ਅਨੰਦਪੁਰ ਦੀ ਧਰਤੀ ‘ਤੇ ਸੁਖ ਅਰਾਮ, ਹਰੇਕ ਪ੍ਰਕਾਰ ਦੀ ਸਹੂਲਤ ਸੰਗਤਾਂ ਦੀ ਅਵਾਜਾਈ ਤੇ ਪ੍ਰਵਾਰਕ ਜ਼ਿੰਮੇਵਾਰੀਆਂ ਤੋਂ ਗੁਰੂ ਸਾਹਿਬ ਜੀ ਭਲੀ-ਭਾਂਤ ਜਾਣੂ ਸਨ। ਦੇਖਿਆ ਜਾਏ ਤਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਭਾਰਤੀ ਲੋਕ ਰਾਜਸੀ, ਸਮਾਜਿਕ ਅਤੇ ਧਾਰਮਿਕ ਅਤਿਆਚਾਰਾਂ ਦਾ ਸ਼ਿਕਾਰ ਹੋ ਰਹੇ ਸਨ। ਹਿੰਦੂ ਲੋਕਾਂ ਦੀ ਹਾਲਤ ਹੋਰ ਵੀ ਮਾੜੀ ਸੀ ਇਕ ਤਾਂ ਉਹ ਗੈਰ ਮੁਸਲਮਾਨ ਹੋਣ ਕਰਕੇ ਤੰਗੀ ਕੱਟ ਰਹੇ ਸਨ ਤੇ ਦੁਜੇ ਪਾਸੇ ਆਪਣੇ ਪੁਜਾਰੀ ਵਲੋਂ ਦਰਕਾਰੇ ਜਾ ਰਹੇ ਸਨ। ਅਜੇਹੀ ਅਵਸਥਾ ਵਿਚ ਗੁਰਦੇਵ ਪਿਤਾ ਜੀ ਨੇ ਸੰਗਤ, ਪਰਵਾਰ ਤੇ ਆਏ ਜੱਥੇ ਨਾਲ ਡੂੰਘੀਆਂ ਵਿਚਾਰਾਂ ਕੀਤੀਆਂ। ਗੁਰਦੇਵ ਪਿਤਾ ਨੇ ਫੈਸਲਾ ਲਿਆ ਗਿਆ ਕਿ ਅਸੀਂ ਹਕੂਮਤ ਦੇ ਕਿਸੇ ਵੀ ਉਸ ਕਾਨੂੰਨ ਨੂੰ ਮਨਣ ਦੇ ਪਾਬੰਧ ਨਹੀਂ ਹੋਵਾਂਗੇ ਜੋ ਲੋਕਾਂ ਨੂੰ ਗੁਲਾਮ ਬਣਾਉਂਦੇ ਹਨ। ਗੁਰੂ ਸਾਹਿਬ ਦਾ ਤਾਂ ਅਦਰਸ਼ ਹੀ ਇਹ ਹੈ ਕਿ
ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥ (1427)
ਭਾਈ ਕ੍ਰਿਪਾ ਰਾਮ ਦੀ ਅਗਵਾਈ ਹੇਠ ਆਏ ਜੱਥੇ ਨੂੰ ਵਿਦਾ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਬੇਟੇ ਗੋਬਿੰਦ ਰਾਏ ਨਾਲ ਆਉਣ ਵਾਲੀਆਂ ਸਾਰੀਆਂ ਪ੍ਰਸਥਿੱਤੀਆਂ ‘ਤੇ ਵੀਚਾਰਾਂ ਕੀਤੀਆਂ। ਇਹ ਵੀ ਦੱਸਿਆ ਕਿ ਜਿਹੜੀ ਦਿੱਲੀ ਵਲੋਂ ਧਰਮ ਪ੍ਰੀਵਰਤਨ ਦੀ ਹਨੇਰੀ ਝੁਲ੍ਹੀ ਹੋਈ ਹੈ ਉਸ ਵਿਚ ਸਿਰ ਲੱਗ ਸਕਦਾ ਹੈ। ਇਸ ਲਈ ਆਉਣ ਵਾਲੇ ਸਮੇਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਗੋਬਿੰਦ ਰਾਏ ਨੂੰ ਸੌਂਪ ਕੇ ਆਪ ਜੀ ਨੇ ਸਰਕਾਰ ਨਾਲ ਗੱਲਬਾਤ ਕਰਨ ਲਈ ਦਿੱਲੀ ਵਲ ਨੂੰ ਚਾਲੇ ਪਾ ਦਿੱਤੇ।
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਤੋਂ ਪਹਿਲਾਂ ਦੋ ਗ੍ਰਿਫਤਾਰੀਆਂ ਹੋ ਚੁਕੀਆਂ ਸਨ। ਉਹਨਾਂ ਦੀ ਪਹਿਲੀ ਗ੍ਰਿਫ਼ਤਾਰੀ 8 ਨਵੰਬਰ 1665 ਈਸਵੀ ਨੂੰ ਧਮਧਾਣ ਤੋਂ ਹੋਈ ਜਦੋਂ ਸ਼ਾਸਤਰ ਅਭਿਆਸ ਕਰ ਰਹੇ ਸੀ। ਇਸ ਗ੍ਰਿਫਤਾਰੀ ਵਿਚ ਗੁਰੂ ਸਾਹਿਬ ਦੀ ਅੋਰੰਗਜ਼ੇਬ ਨਾਲ ਵਾਰਤਾਲਾਪ ਦਾ ਵੀ ਜ਼ਿਕਰ ਆਉਂਦਾ ਹੈ। ਇਹ ਥੋੜ ਚਿਰੀ ਗ੍ਰਿਫ਼ਤਾਰੀ ਸੀ ਜਿਹੜੀ 13 ਦਿੰਸਬਰ 1665 ਨੂੰ ਰਿਹਾਈ ਇਤਿਹਾਸ ਵਿਚ ਦਰਜ ਹੈ। ਦੂਸਰੀ ਗ੍ਰਿਫ਼ਤਾਰੀ 1670 ਈਸਵੀ ਨੂੰ ਆਗਰੇ ਤੋਂ ਹੋਈ ਜਿਹੜੀ ਕੇਵਲ ਦੋ ਮਹੀਨੇ ਅਤੇ 13 ਦਿਨ ਦੀ ਮੰਨੀ ਗਈ ਹੈ। ਇਹ ਕੁਦਰਤੀ ਵਰਤਾਰਾ ਹੈ ਕਿ ਦੁਨੀਆਂ ਦੀ ਕੋਈ ਵੀ ਹਕੂਮਤ ਆਪਣੇ ਵਿਰੋਧ ਵਿਚ ਚਲ ਰਹੀ ਹਵਾ ਤੇ ਪੂਰੀ ਨਜ਼ਰ ਰੱਖਦੀ ਹੋਈ ਉਸ ਨੂੰ ਰੋਕਣ ਦਾ ਯਤਨ ਕਰਦੀ ਹੈ। ਸੂਬਾ ਸਰਹੰਦ ਨੂੰ ਜਿੱਥੇ ਆਪਣੇ ਮੁਖਬਰ ਰਾਂਹੀਂ ਖਬਰਾਂ ਮਿਲ ਰਹੀਆਂ ਸਨ ਓੱਥੇ ਹਕੂਮਤ ਨਾਲ ਸਹਿਮਤੀ ਰੱਖਣ ਵਾਲੇ ਪਹਾੜੀ ਰਾਜੇ ਵੀ ਅਨੰਦਪੁਰ ਦੀ ਹਰ ਸਰਗਰਮੀ ਸੂਬਾ ਸਰਹੰਦ ਨੂੰ ਭੇਜਦੇ ਸਨ। ਇਸ ਦਾ ਅਰਥ ਹੈ ਕਿ ਅਨੰਦਪੁਰ ਦੀਆਂ ਸਾਰੀਆਂ ਗਤੀਵਧੀਆਂ ਦਿੱਲੀ ਸਰਕਾਰ ਤਕ ਪਹੁੰਚਦੀਆਂ ਸਨ। ਇਹ ਵੀ ਜ਼ਰੂਰੀ ਹੋਏਗਾ ਕਿ ਸਰਕਾਰੀ ਕਰਿੰਦੇ ਅਨੰਦਪੁਰ ਦੀ ਹਰ ਸੂਹ ਰੱਖਦੇ ਹੋਣਗੇ। ਉਹਨਾਂ ਨੂੰ ਕ੍ਰਿਪਾਰਾਮ ਦੇ ਆਉਣ ਦੀ ਸਾਰੀ ਜਾਣਕਾਰੀ ਜਾਂ ਜੋ ਕੁਝ ਵੀ ਅਨੰਦਪੁਰ ਮਤਾ ਹੋਇਆ ਉਹ ਸਰਕਾਰ ਤਕ ਪਹੁੰਚਾਇਆ। ਔਰੰਗਜ਼ੇਬ ਨੇ ਸੂਬਾ ਸਰਹੰਦ ਨੂੰ ਕਹਿਆ ਕਿ ਅਨੰਦਪੁਰ ਦੀਆਂ ਸਾਰੀਆਂ ਸਰਗਰਮੀਆਂ ਤੇ ਨਿਗਾਹ ਰੱਖੋ ਕਿਉਂਕਿ ਔਰੰਗਜ਼ੇਬ ਓਦੋਂ ਫਰੰਟੀਅਰ ਨੂੰ ਜਾ ਰਿਹਾ ਸੀ।
ਗੁਰੂ ਸਾਹਿਬ ਦੀ ਗ੍ਰਿਫਤਾਰੀ
11 ਜੁਲਾਈ 1675 ਈਸਵੀ ਨੂੰ ਜਦੋਂ ਗੁਰਦੇਵ ਪਿਤਾ ਜੀ ਮਲਕਪੁਰ ਰੰਗੜਾਂ (ਪਰਗਣਾ ਘਨੌਲਾ) ਵਿਖੇ ਪੁਜੇ ਤਾਂ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖ਼ਾਂ ਰੋਪੜ ਵਾਲੇ ਨੇ ਆਪਣੇ ਪੁਲੀਸ ਦਸਤੇ ਦੇ ਜ਼ਰੀਏ ਸਤਿਗੁਰਾਂ ਨੂੰ ਭਾਈ ਮਤੀਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨਾਲ ਗ੍ਰਿਫਤਾਰ ਕਰ ਲਿਆ ਗਿਆ। ਬਸੀ ਪਠਾਣਾ ਦੇ ਕੈਦਖਾਨੇ ਵਿਚ ਪੌਣੇ ਚਾਰ ਕੁ ਮਹੀਨੇ ਰਹੇ ਸਨ। ਏੱਥੇ ਦਿਲ ਕੰਬਾਊ ਤਸੀਹੇ ਦਿੱਤੇ ਗਏ ਸਨ।
ਞਭੱਟ ਵਹੀਆਂ ਦੇ ਅਨੁਸਾਰ ਗੁਰਦੇਵ ਪਿਤਾ ਜੀ ਦੀ ਗ੍ਰਿਫਤਾਰੀ ਦੀ ਖਬਰ ਔਰੰਗਜ਼ੇਬ ਨੂੰ ਭੇਜ ਦਿੱਤੀ ਗਈ ਸੀ। ਉਸ ਨੇ ਹਸਨ ਅਬਾਦਲ ਤੋਂ ਹੀ ਫੈਸਲਾ-ਕੁੰਨ ਹੁਕਮ ਭੇਜ ਦਿੱਤਾ। ਬੱਸੀ ਪਠਾਣਾ ਤੋਂ ਗੁਰੂ ਸਾਹਿਬ ਤੇ ਤਿੰਨ ਸਿੱਖਾਂ ਨੂੰ ਲੋਹੇ ਦੇ ਪਿੰਜਰੇ ਵਿਚ ਕੈਦ ਕਰਕੇ 3 ਨਵੰਬਰ 1675 ਈਸਵੀ ਨੂੰ ਦਿੱਲੀ ਲਿਜਾਇਆ ਕਿ ਚਾਂਦਨੀ ਚੌਂਕ ਵਾਲੀ ਕੋਤਵਾਲੀ ਵਿਚ ਬੰਦ ਕਰ ਦਿੱਤਾ।। ਔਰੰਗਜ਼ੇਬ ਦੀ ਗੈਰਹਾਜ਼ਰੀ ਵਿਚ ਸਾਰਾ ਸਰਕਾਰੀ ਕੰਮ ਸਾਖ਼ੀ ਖ਼ਾਂ ਦੇਖਦਾ ਸੀ।
ਦਿੱਲੀ ਵਿਚ ਨਿਆਂ ਪ੍ਰਣਾਲੀ ਦੀ ਪ੍ਰਕਿਰਿਆ
ਅਗਲੇ ਦਿਨ ਗੁਰਦੇਵ ਪਿਤਾ ਜੀ ਨੂੰ ਸਾਫ਼ੀ ਖ਼ਾਂ ਸੂਬੇਦਾਰ ਦੇ ਸਾਹਮਣੇ ਪੇਸ਼ ਕੀਤਾ ਗਿਆ। ਪਹਿਲਾਂ ਤਾਂ ਸਰਕਾਰ ਨਰਮਾਈ ਨਾਲ ਹੀ ਪੇਸ਼ ਆਈ ਕਿਉਂ ਉਹ ਸੋਚਦੇ ਸਨ ਕਿ ਸ਼ਾਇਦ ਗੁਰੂ ਸਾਹਿਬ ਜੀ ਸਾਡੀਆਂ ਸ਼ਰਤਾਂ ਮੰਨ ਲੈਣਗੇ। ਇਹ ਉਹਨਾਂ ਦੀ ਸਮਝ ਵਿਚੋਂ ਬਾਹਰ ਸੀ ਕਿ ਜਿਹੜਾ ਮਾਰਗ ਗੁਰੂ ਨਾਨਕ ਸਾਹਿਬ ਜੀ ਨਿਰਧਾਰਤ ਕਰ ਗਏ ਹਨ ਉਸ ‘ਤੇ ਚਲਦਿਆਂ ਤਾਂ ਪਹਿਲਾਂ ਗੁਰੂ ਅਰਜਨ ਪਾਤਸ਼ਾਹ ਜੀ ਆਪਣੀ ਸ਼ਹਾਦਤ ਦੇ ਚੁਕੇ ਹਨ। ਗੁਰੂ ਸਾਹਿਬ ਜੀ ਤਾਂ ਜ਼ੁਲਮ ਦੇ ਰਾਜ ਨੂੰ ਜੜ੍ਹੋਂ ਖਤਮ ਕਰਕੇ ਹਲੇਮੀ ਰਾਜ ਸਥਾਪਤ ਕਰਨ ਦੀ ਗੱਲ ਕਰਦੇ ਹਨ। ਰਾਜਨੀਤਿਕ ਤਾਕਤ ਵਿਚ ਹਾਕਮ ਹੰਕਾਰੀ ਹੋ ਕੇ ਅਖੌਤੀ ਧਾਰਮਿਕ ਆਗੂਆਂ ਦੀ ਸਲਾਹ ਲੈਂਦੇ ਹਨ। ਹਾਕਮ ਤੇ ਪੁਜਾਰੀ ਅਜੇਹੇ ਕਰਮ ਨੂੰ ਧਰਮ ਦੀ ਰੰਗਤ ਦੇ ਕੇ ਇਹ ਸਾਬਤ ਕਰਦੇ ਹਨ ਕਿ ਅਸਾਂ ਧਰਮ ਦਾ ਬਹੁਤ ਵੱਡਾ ਕਰਮ ਕੀਤਾ ਹੈ। ਧਰਮ ਦਾ ਬੁਰਕਾ ਇਸ ਲਈ ਪਾਇਆ ਜਾਂਦਾ ਹੈ ਕਿ ਲੋਕ ਸਾਨੂੰ ਧਰਮੀ ਕਹਿਣ। ਇਹ ਧਰਮੀ ਬਾਦਸ਼ਾਹਾਂ ਨਾਲ ਰਲ਼ ਕੇ ਅਜੇਹੇ ਖ਼ੌਫ਼ਨਾਕ ਕਾਰੇ ਕਰਦੇ ਹਨ ਕਿ ਹਕੂਮਤ ਦੇ ਵਿਰੁਧ ਕੋਈ ਬਗਾਵਤ ਨਾ ਕਰ ਸਕੇ। ਗੁਰੂ ਸਾਹਿਬ ਜੀ ਦੇ ਸਾਹਮਣੇ ਮੁਖ ਮੁਦਾ ਧਾਰਮਿਕ ਅਤੇ ਰਾਜਨੀਤੀ ਤੋਂ ਪ੍ਰੇਰਤ ਸੀ। ਉਸ ਵੇਲੇ ਦੀ ਕੇਂਦਰੀ ਸਰਕਾਰ ਸਾਰੇ ਭਾਰਤ ਨੂੰ ਇਸਲਾਮੀ ਰਾਜ ਅਧੀਨ ਲਿਆਉਣ ਦਾ ਤਹੱਈਆ ਕਰਦੀ ਹੈ ਪਰ ਗੁਰੂ ਨਾਨਕ ਸਾਹਿਬ ਦਾ ਫਲਸਫ਼ਾ ਹਰ ਇਨਸਾਨ ਨੂੰ ਅਜ਼ਾਦੀ ਵਾਲਾ ਜੀਵਨ ਦਿੰਦਾ ਹੈ।
ਗੁਰੂ ਸਾਹਿਬਾਂ ਦੀ ਫਿਲਾਸਫੀ ਵਿਚ ਇਹ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ ਤੁਸੀਂ ਆਪਣਾ ਧਰਮ ਤਬਦੀਲ ਕਰਕੇ ਮੇਰੇ ਪਿੱਛੇ ਲਗ ਜਾਓ ਸਗੋਂ ਉਨ੍ਹਾਂ ਦਾ ਤਾਂ ਸਿਧਾਂਤ ਇਹ ਆਖਦਾ ਹੈ ਕਿ ਜੇ ਤੂੰ ਮੁਸਲਮਾਨ ਏਂ ਤਾਂ ਅਸਲੀ ਮੁਸਲਮਾਨ ਬਣਨ ਦਾ ਯਤਨ ਕਰ-
ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ॥ (141)
ਧਰਮ ਦੀ ਦੁਨੀਆਂ ਵਿਚ ਇਹ ਵੀ ਖ਼ਿਆਲ ਕੀਤਾ ਜਾਂਦਾ ਹੈ ਕਿ ਸ਼ਾਇਦ ਧਰਮੀ ਲੋਕ ਕਰਾਮਾਤਾਂ ਦੁਆਰਾ ਅਣਹੋਣੀਆਂ ਨੂੰ ਹੋਣੀਆਂ ਵਿਚ ਤਬਦੀਲ ਕਰ ਦਿੰਦੇ ਹਨ। ਗੁਰੂ ਸਾਹਿਬ ਦੇ ਸਾਹਮਣੇ ਵੀ ਇਹ ਮੁਦਾ ਰੱਖਿਆ ਕਿ ਕੋਈ ਕਰਾਮਾਤ ਦਿਖਾਓ। ਗੁਰੂ ਸਾਹਿਬ ਜੀ ਨੇ ਕਹਿਆ ਕਿ ਜ਼ੁਲਮ ਦੇ ਅੱਗੇ ਡਟ ਜਾਣਾ, ਸਚਾਈ ‘ਤੇ ਪਹਿਰਾ ਦੇਣਾ, ਲੋਕਾਂ ਦਿਆਂ ਹੱਕਾਂ ਲਈ ਆਪਾ ਨਿਛਾਵਰ ਕਰ ਦੇਣਾ ਹੀ ਆਪਣੇ ਆਪ ਵਿਚ ਕਰਾਮਾਤ ਹੈ। ਹਾਕਮ ਸ਼੍ਰੇਣੀ ਅਣਖ਼ ਵਾਲੀ ਸ਼ਖਸ਼ੀਅਤ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਦੀ। ਕੰਮਜ਼ੋਰ ਹਾਕਮ ਆਪਣਾ ਆਤਮਿਕ ਬਲ ਵਧਾਉਣ ਲਈ ਧਾਰਮਿਕ ਆਗੂਆਂ ਦੀ ਸਲਾਹ ਲੈਂਦਾ ਹੈ।
ਸੂਬੇਦਾਰ ਦੇ ਡਿੱਗ ਰਹੇ ਆਤਮਿਕ ਬਲ ਨੂੰ ਤਕੜਿਆਂ ਕਰਦਿਆਂ ਕਾਜ਼ੀ ਅਬਦੁਲ ਵਹਾਬ ਵਹੁਰੇ ਨੇ ਸਾਫ਼ੀ ਖ਼ਾਂ ਨੂੰ ਪੂਰੀ ਚੁਕਣਾ ਦਿੱਤੀ ਕਿ ਜਨਾਬ ਜੇ ਅੱਜ ਹਕੂਮਤ ਨਾਲ ਇਹਨਾਂ ਨੇ ਟੱਕਰ ਲਈ ਅਗਾਂਹ ਤਾਂ ਫਿਰ ਕਿਸੇ ਨੇ ਵੀ ਮੁਸਲਮਾਨ ਨਹੀਂ ਬਣਨਾ। ਸ਼ਰਾਅ ਅਨੁਸਾਰ ਅਜੇਹੇ ਵਿਚਾਰਾਂ ਨੂੰ ਸਦਾ ਲਈ ਖਤਮ ਕਰ ਦੇਣਾ ਚਾਹੀਦਾ ਹੈ ਜਿਹੜੇ ਹਕੂਮਤ ਅਤੇ ਇਸਲਾਮ ਲਈ ਖਤਰਾ ਪੈਦਾ ਕਰਦੇ ਹੋਣ।
ਤਸੀਹਿਆਂ ਦਾ ਦੌਰ
ਕਾਜ਼ੀ ਦੀ ਕਚਹਿਰੀ ਲੱਗਦੀ ਹੈ। ਨਿਆਂ ਪ੍ਰਣਾਲੀ ਦਾ ਕਾਲਾ ਦੌਰ ਸ਼ੁਰੂ ਹੁੰਦਾ ਹੈ। ਮੌਤ ਦੇ ਡਰਾਵਿਆਂ ਦਾ ਦੌਰ ਸ਼ੁਰੂ ਹੁੰਦਾ ਹੈ। ਲਾਲਚ ਦੇ ਦਰਵਾਜ਼ੇ ਖੋਲ੍ਹ ਦਿੱਤੇ ਜਾਂਦੇ ਹਨ। ਨਿਆਂ ਪ੍ਰਣਾਲੀ ਲੋਕ ਇਨਸਾਫ਼ ਨਹੀਂ ਹੈ ਸਿਰਫ ਈਨ ਮਨਾਉਣ ਲਈ ਹਰ ਤਰੀਕਾ ਵਰਤਿਆ ਜਾ ਰਿਹਾ ਹੈ।
ਕਾਜ਼ੀ ਖ਼ੁਦ ਕੋਤਵਾਲੀ ਵਿਚ ਪਹੁੰਚ ਕੇ ਦਰੋਗੇ ਨੂੰ ਹੁਕਮ ਕਰਦਾ ਹੈ ਕਿ ਇਹਨਾਂ ਨੂੰ ਇਸਲਾਮ ਦੇ ਘੇਰੇ ਵਿਚ ਲਿਆਉਣ ਲਈ ਹਰ ਪਰਕਾਰ ਦਾ ਤਸੀਹਾ ਦਿੱਤਾ ਜਾਏ। ਇਹ ਕਾਜ਼ੀ ਉਸ ਵੇਲੇ ਦੀ ਨਿਆਂ ਪ੍ਰਣਾਲੀ ਦਾ ਮੁਖੀਆ ਹੈ। ਕਾਜ਼ੀ ਦਾ ਖ਼ਿਆਲ ਸੀ ਕਿ ਜਿੱਥੇ ਗੁਰੂ ਸਾਹਿਬ ਜੀ ਨੂੰ ਤਸੀਹੇ ਦਿੱਤੇ ਜਾਣੇ ਤੋਂ ਪਹਿਲਾਂ, ਸਿੱਖਾਂ ਵਿਚ ਵੀ ਡਰ ਪੈਦਾ ਕਰਨ ਲਈ ਇਹਨਾਂ ਨੂੰ ਤਸੀਹੇ ਦਿੱਤੇ ਜਾਣ। ਹਾਕਮ ਕੋਈ ਵੀ ਹੋਵੇ ਉਹ ਆਪਣੇ ਵਿਰੋਧੀਆਂ ਨੂੰ ਖ਼ੁਦ-ਮੁਖਤਿਆਰੀ ਅਨੁਸਾਰ ਜਿਉਣ ਦਾ ਹੱਕ ਨਹੀਂ ਦਿੰਦਾ। 11 ਨਵੰਬਰ 1675 ਈਸਵੀ ਨੂੰ ਨਿਆਂਇਕ ਮੁਖੀ ਕਾਜ਼ੀ ਨੇ ਤਿੰਨ ਸਿੱਖਾਂ ਨੂੰ ਦਿੱਲ ਕੰਬਾਊ ਤਸੀਹਿਆਂ ਨਾਲ ਸ਼ਹੀਦ ਕਰਨ ਦਾ ਹੁਕਮ ਦਿੱਤਾ। ਗੁਰੂ ਸਾਹਿਬ ਨੂੰ ਡਰਾਉਣ ਅਤੇ ਸਮਾਜ ਵਿਚ ਦਹਿਸ਼ਤ ਪੈਦਾ ਕਰਨ ਲਈ ਤਿੰਨਾਂ ਸਿੱਖਾਂ ਨੂੰ ਪਹਿਲਾਂ ਸ਼ਹੀਦ ਕਰਨ ਦਾ ਹੁਕਮ ਦਿੱਤਾ। ਤਿੰਨਾਂ ਸਿੱਖਾਂ ਨੂੰ ਵੱਖ ਵੱਖ ਘਿਨਾੳਣੇ ਤੇ ਦਿਲ ਕੰਬਾਊ ਤਰੀਕਿਆਂ ਨਾਲ ਸ਼ਹੀਦ ਕੀਤਾ ਗਿਆ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿਚ ਬਿਠਾ ਕਿ ਸ਼ਹੀਦ ਕੀਤਾ ਗਿਆ। ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਜਦ ਕਿ ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਵਲੇਟ-ਬੰਨ੍ਹ ਕੇ ਜ਼ਿੰਦਾ ਸਾੜਨ ਦਾ ਹੁਕਮ ਦਿੱਤਾ।
ਸਿੱਖ ਫਲਸਫੇ ਨੂੰ ਪਰਨਾਏ ਹੋਏ ਸਿੱਖਾਂ ਨੇ ਦਲੇਰੀ ਤੇ ਸੂਰਮਗਤੀ ਨਾਲ ਆਪਣੀਆਂ ਸ਼ਹਾਦਤਾਂ ਦੇ ਕੇ ਅਜ਼ਾਦੀ ਦਾ ਇਕ ਨਵਾਂ ਅਧਿਆਏ ਲਿਖਿਆ। ਨਿਆਂ ਪ੍ਰਣਾਲ਼ੀ ਦਾ ਰਿਸ਼ਵੱਤ ਖੋਰ ਕਾਜ਼ੀ ਇਕ ਵਾਰ ਫਿਰ ਗੁਰੂ ਸਾਹਿਬ ਦੇ ਸਾਹਮਣੇ ਕਈ ਤਜ਼ਵੀਜਾਂ ਰੱਖਦਾ ਹੈ। ਕਾਜ਼ੀ ਸੰਤੋਖ ਦੇ ਸਾਹਮਣੇ ਲਾਲਚ ਨੂੰ ਵੱਡਾ ਕਰਕੇ ਦੱਸ ਰਿਹਾ ਹੈ। ਆਪਣੀ ਈਨ ਮਨਾਉਣ ਲਈ ਹਰ ਪਰਕਾਰ ਦਾ ਹਰਬਾ ਵਰਤਿਆ ਜਾ ਰਿਹਾ ਹੈ। ਕਾਜ਼ੀ ਕਹਿੰਦਾ ਹੈ ਕਿ ਅਸਾਂ ਤੁਹਾਡੇ ਸਿੱਖਾਂ ਨੂੰ ਸਦਾ ਲਈ ਖਤਮ ਕਰ ਦਿੱਤਾ ਹੈ। ਜੇ ਤੁਸਾਂ ਸਾਡੀ ਗੱਲ ਨਾ ਮੰਨੀ ਤਾਂ ਤੁਹਾਨੂੰ ਇਸ ਤੋਂ ਵੀ ਭਿਆਨਕ ਤਸੀਹੇ ਦਿੱਤੇ ਜਾਣਗੇ। ਗੁਰਦੇਵ ਪਿਤਾ ਜੀ ਨੇ ਕਹਿਆ ਕਿ ਕਾਜ਼ੀ ਮੈਨੂੰ ਖੁਸ਼ੀ ਹੋਈ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਪੜ੍ਹੇ ਹੋਏ ਵਿਦਿਆਰਥੀ ਅੱਜ ਪੂਰੇ ਨੰਬਰ ਲੈ ਕੇ ਪਾਸ ਹੋਏ ਹਨ।
ਹਕੂਮਤ ਦਾ ਖ਼ਿਆਲ ਸੀ ਕਿ ਅਜੇਹੀ ਦਹਿਸ਼ਤ ਪੈਦਾ ਕੀਤੀ ਜਾਏ ਜਿਸ ਨਾਲ ਲੋਕ ਡਰਦੇ ਹੀ ਇਸਲਾਮੀ ਦਾਇਰੇ ਵਿਚ ਆ ਜਾਣ। ਦਹਿਸ਼ਤ ਨੂੰ ਵਧਾਉਣ ਲਈ ਸਰਕਾਰੀ ਕਿਰੰਦਿਆਂ ਨੇ ਗੁਰੂ ਸਾਹਿਬ ਜੀ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਦਿੱਲੀ, ਲਾਹੌਰੀ, ਕਸ਼ਮੀਰੀ ਤੇ ਅਜਮੇਰੀ ਦਰਵਾਜ਼ਿਆਂ ‘ਤੇ ਟੰਗਣ ਲਈ ਵਿਉਂਤ ਬੰਦੀ ਕੀਤੀ।
ਲਾਸਾਨੀ ਸ਼ਹਾਦਤ
ਇਹ ਸ਼ਹਾਦਤ ਲਾਸਾਨੀ ਹੈ ਕਿਉਂਕਿ ਜਿਸ ਜਨੇਊ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਨੌ ਸਾਲ ਦੀ ਉਮਰ ਵਿਚ ਹੀ ਰੱਦ ਕੀਤਾ ਸੀ ਅੱਜ ਓਸੇ ਜਨੇਊ ਦੀ ਰੱਖਿਆ ਖਾਤਰ ਸ਼ਹਾਦਤ ਦਿੱਤੀ ਹੈ। ਮੁਦੇ ਨੂੰ ਸਮਝਣ ਦੀ ਜ਼ਰੂਰਤ ਹੈ। ਬ੍ਰਾਹਮਣ ਧੱਕੇ ਨਾਲ ਜਨੇਊ ਪਉਣਾ ਚਾਹੁੰਦਾ ਹੈ ਜਦ ਕਿ ਔਰੰਗਜ਼ੇਬ ਧੱਕੇ ਨਾਲ ਉਤਾਰਨਾ ਚਾਹੁੰਦਾ ਹੈ। ਸਿੱਖੀ ਦਾ ਨਿਆਰਾ ਪਨ ਹੀ ਇਸ ਵਿਚ ਹੈ ਕਿ ਇਹ ਲੜਾਈ ਸਰਕਾਰੀ ਧੱਕੇ, ਧਾਰਮਿਕ ਕੱਟੜਤਾ, ਜ਼ੁਲਮ, ਬੇ-ਇਨਸਾਫ਼ੀ ਵਿਰੁਧ ਤੇ ਮਨੁਖੀ ਹੱਕਾਂ ਦੀ ਰਾਖੀ ਲਈ ਹੈ।
ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਸਿਧਾਂਤ ਨੂੰ ਜਿਸ ਨੇ ਵੀ ਸਮਝ ਲਿਆ ਹੈ ਉਹ ਜ਼ੋਰ-ਜ਼ੁਲਮ ਦੇ ਵਿਰੋਧ ਵਿਚ ਖੜਾ ਹੋ ਗਿਆ। ਸ਼ਹਾਦਤ ਵਾਲੇ ਦਿਨ ਭਾਈ ਜੈਤਾ ਜੀ ਅਤੇ ਭਾਈ ਗੁਰਬਖਸ਼ ਸਿੰਘ ਸਾਰਾ ਦਿਨ ਚਾਦਨੀ ਚੌਂਕ ਵਿਚਰਦੇ ਰਹੇ ਤੇ ਸਾਰੀ ਸਥਿੱਤੀ ਤੇ ਨਿਗਾਹ ਰੱਖੀ ਹੋਈ ਸੀ।
ਦਿੱਲੀ ਵਿਚ ਭਾਈ ਕਲਿਆਣਾ ਜੀ ਦੀ ਧਰਮਸਾਲ ਵਿਚ ਅਕਸਰ ਗੁਰਮਤਿ ਦੀਆਂ ਵਿਚਾਰਾਂ ਚਲਦੀਆਂ ਰਹਿੰਦੀਆਂ ਸਨ। ਗੁਰੂ ਸਾਹਿਬ ਅਤੇ ਤਿੰਨ ਸਿੱਖਾਂ ਦੀ ਸ਼ਹਾਦਤ ਉਪਰੰਤ ਵਿਚਾਰ ਵੀ ਏਸੇ ਧਰਮਸਾਲ ਵਿਚ ਹੋਈ। ਫਿਰ ਭਾਈ ਨਾਨੂੰ ਜੀ ਦੇ ਘਰ ਚਲੇ ਗਏ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿੰਨਾ ਜ਼ੋਖ਼ਮ ਭਰਿਆ ਸਮਾਂ ਸੀ ਜਦੋਂ ਭਾਈ ਨਾਨੂੰ, ਭਾਈ ਜੈਤਾ, ਭਾਈ ਗੁਰਦਿੱਤਾ, ਭਾਈ ਊਦਾ ਤੇ ਭਾਈ ਤੁਲਸਾ ਨੇ ਆਪਣੇ ਗੁਰੂ ਸਾਹਿਬ ਦਾ ਸੀਸ ਅਤੇ ਧੜ ੳਠਾਉਣ ਦੀ ਪੂਰੀ ਯੋਜਨਾ ਬਣਾਈ। ਭਾਈ ਨਾਨੂੰ ਜੀ ਨੂੰ ਖਬਰ ਮਿਲੀ ਕਿ ਭਾਈ ਲਖੀ ਸ਼ਾਹ ਵਣਜਾਰਾ ਦੇ ਨੌਜਵਨ ਸਪੁਤਰ ਭਾਈ ਨਿਗਾਹੀਆ, ਭਾਈ ਹੇਮਾ ਤੇ ਭਾਈ ਹਾੜੀ ਨਾਰਲੋਨ ਵਲੋਂ ਆਪਣੇ ਟਾਂਡਾ (ਢੋਆ-ਢੁਆਈ ਲਈ ਵਤਿਆ ਜਾਣ ਤੇ ਗੱਡਿਆਂ ਦਾ ਵੱਡਾ ਕਾਫ਼ਲਾ) ਵਾਪਸ ਆ ਗਿਆ ਹੈ ਤੇ ਹੁਣ ਦਰਿਆ ਜਮਨਾ ਕੰਢੇ ਅਰਾਮ ਕਰ ਰਹੇ ਹਨ। ਰਾਤ ਦੇ ਹਨੇਰਿਆਂ ਦੀ ਪ੍ਰਵਾਹ ਨਾ ਕਰਦਿਆਂ ਇਹ ਸਾਰੇ ਟਾਂਡੇ ਪਾਸ ਗਏ ਤੇ ਭਾਈ ਲੱਖੀ ਸ਼ਾਹ ਵਣਜਾਰੇ ਦੀ ਵੀ ਸਲਾਹ ਲਈ। ਬਣਾਈ ਸਕੀਮ ਨਾਲ ਜਦੋਂ ਕਾਫਲਾ ਓਧਰ ਦੀ ਲੰਘਿਆ ਤਾਂ ਭਾਈ ਜੈਤਾ, ਊਦਾ, ਅਤੇ ਆਗਿਆ ਰਾਮ ਨਾਲ ਚੱਲ ਰਹੇ ਸਨ। ਬਿਜਲੀ ਦੀ ਫੁਰਤੀ ਨਾਲ ਸੀਸ ਅਤੇ ਧੜ ਨੂੰ ਉਠਾਇਆ ਗਿਆ। ਗੁਰੂ ਸਾਹਿਬ ਦੇ ਸੀਸ ਨੂੰ ਭਾਈ ਜੈਤਾ ਜੀ ਲੈ ਕੇ ਅਨੰਦਪੁਰ ਨੂੰ ਚਾਲੇ ਪਾ ਦਿੱਤਾ ਜਦ ਕਿ ਧੜ ਦਾ ਸਸਕਾਰ ਭਾਈ ਲੱਖੀ ਸ਼ਾਹ ਦੇ ਘਰ ਕੀਤਾ ਗਿਆ। ਕਿਸੇ ਨੇ ਬੜਾ ਵਧੀਆ ਕਹਿਆ ਹੈ ਕਿ ਜਦੋਂ ਲਖੀ ਸ਼ਾਹ ਵਣਜਾਰੇ ਨੇ ਗੁਰਦੇਵ ਪਿਤਾ ਦੇ ਧੜ ਨੂੰ ਸੰਭਾਲਣ ਲਈ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤੀ। ਲੋਕਾਂ ਨੂੰ ਕਹਿੰਦਾ ਲੋਕੋ ਮੇਰਾ ਘਰ ਸੜ ਗਿਆ, ਕੋਲ ਖੜੇ ਸਿੱਖ ਨੇ ਕਹਿਆ ਲੱਖੀ ਸ਼ਾਹ ਤੇਰਾ ਘਰ ਨਹੀਂ ਸੜ ਰਿਹਾ ਏੱਥੇ ਤਾਂ ਰਕਾਬ ਗੰਜ ਗੁਰਦੁਆਰਾ ਉਸਰ ਗਿਆ ਈ। ਤੇਰਾ ਘਰ ਗੁਰਦੁਆਰੇ ਵਿਚ ਤਬਦੀਲ ਹੋ ਗਿਆ ਹੈ।
ਸਾਡੇ ਫ਼ਰਜ਼ ਕੀ ਹਨ
1 ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਤੇ ਸਮੁਚੇ ਸੰਸਾਰ ਵਿਚੋਂ ਚੋਣਵੇਂ ਵਿਦਵਾਨ ਦੀ ਕਮੇਟੀ ਗੱਠਤ ਕਰੇ। ਉਨ੍ਹਾਂ ਦੀਆਂ ਵਿਧੀ-ਵਿਧਾਨ ਦੁਆਰਾ ਇਕੱਤ੍ਰਤਾਵਾਂ ਕੀਤੀਆਂ ਜਾਣ ਤੇ ਠੋਸ ਫੈਸਲੇ ਲਏ ਜਾਣ।
2. ਸਭ ਕੋਲੋਂ ਇੱਕ ਪ੍ਰਣ ਪੱਤਰ ਲਿਆ ਜਾਏ ਕਿ ਮੈਂ ਕੇਵਲ ਗੁਰੂ ਗ੍ਰੰਥ ਸਾਹਿਬ ਤੋਂ ਹੋਰ ਕਿਸੇ ਡੇਰੇ ਆਦਿ ਨੂੰ ਨਹੀਂ ਮੰਨਦਾ।
3. ਸਾਉਣ ਭਾਦਰੌਂ ਦੀਆਂ ਖੁੰਭਾਂ ਵਾਂਙ ਸਿੱਖੀ ਭੇਸ ਵਿੱਚ ਵੱਧੇ ਡੇਰਿਆਂ ਨੂੰ ਠੱਲ ਪਾਈ ਜਾਏ।ਇਸ ਦੇ ਨਾਲ ਹੀ ਆਪੂੰ ਬਣੀਆਂ ਸਤਕਾਰ ਕਮੇਟੀਆਂ ਦਾ ਪੂਰਾ ਨਰੀਖਣ ਕੀਤਾ ਜਾਏ।
4. ਸ਼੍ਰੋਮਣੀ ਕਮੇਟੀ ਕੋਲ ਬਹੁਤ ਵੱਡਾ ਬੱਜਟ ਹੈ ਇਸ ਲਈ ਇਹ ਦਸਤਾਰਾਂ ਸਿਰਪਾਓ ਤੇ ਦੇਸੀ ਘਿਓ ਦੀਆਂ ਉੱਚ ਪੱਧਰ ਦੀਆਂ ਫੈਕਰਟੀਆਂ ਲਾਵੇ।
5. ਸ਼੍ਰੋਮਣੀ ਕਮੇਟੀ, ਰਟਾਇਰ ਹੋ ਚੁਕੇ ਸਕੱਤਰ, ਮਿਸ਼ਨਰੀ ਕਾਲਜਾਂ ਦੇ ਪ੍ਰਿੰਸੀਪਲ ਤੇ ਗੁਰਮਤਿ ‘ਤੇ ਪਹਿਰਾ ਦੇਣ ਵਾਲੇ ਗ੍ਰੰਥੀਆਂ ਦੀਆਂ ਸੇਵਾਵਾਂ ਲਏ।
6. ਸੇਵਾ ਮੁਕਤ ਜੱਜ, ਡੀ. ਸੀ, ਕਰਨਲ, ਬ੍ਰਗੇਡੀਅਰ, ਵਕੀਲ, ਡਾਕਟਰ, ਸਾਹਿਤਕਾਰ, ਪੱਤ੍ਰਕਾਰ ਆਦਿ ਹਰ ਖੇਤਰ ਦੀਆਂ ਕਮਟੀਆਂ ਬਾਣਈਆਂ ਜਾਣ।
7. ਸਮੁਚੇ ਤੌਰ ’ਤੇ ਸ਼੍ਰੋਮਣੀ ਕਮੇਟੀ ਨੂੰ ਰਾਜਨੀਤਿਕ ਨੇਤਾਵਾਂ ਦਾ ਗਲਬਾ ਖਤਮ ਕਰਨਾ ਚਾਹੀਦਾ ਹੈ।
8. ਇਤਿਹਾਸ ਸਬੰਧੀ ਉਨ੍ਹਾਂ ਸਿੱਖ ਵਿਦਵਾਨਾਂ ਦੀਆਂ ਸੇਵਾਵਾਂ ਲਏ ਜਿਹੜੇ ਬਿਪਰਵਾਦ ਤੋਂ ਮੁਕਤ ਹੋਣ।
9. ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਜਾਏ।
10. ਅਧੁਨਿਕ ਯੁਗ ਵਿੱਚ ਮਜ਼ਬੂਤ ਮੀਡੀਆ ਬਣਾਇਆ ਜਾਏ ਜਿਹੜਾ ਹਰ ਚਣੌਤੀ ਲਈ ਉੱਤਰ ਦੇਣ ਦੇ ਸਮਰੱਖ ਹੋਵੇ।
11. ਮੰਜੀ ਸਾਹਿਬ ਤੋਂ ਕੇਵਲ ਉਨ੍ਹਾਂ ਪ੍ਰਚਾਰਕਾਂ ਨੂੰ ਹੀ ਸਮਾਂ ਮਿਲੇ ਜਿਹੜੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਣਾਏ ਹੋਏ ਹਨ।
12. ਥਾਂ-ਪਰ-ਥਾਂ ਦੀਵਾਨ, ਸੈਮੀਨਾਰ ਲਗਾਏ ਜਾਣ।
13. ਉਨ੍ਹਾਂ ਤਮਾਮ ਸਿੱਖ ਬੱਚਿਆਂ ਦੀ ਸ਼ਨਾਖਤ ਜਵਾਹਰ ਨਵੋਦਿਆ ਸਕੂਲ ਵਾਂਙ ਪਹਿਲੀ ਤੋਂ ਲੈ ਕੇ ਐਮ. ਏ. ਪੀ.ਅਚ.ਡੀ ਤੇ ਹੋਰ ਉੱਚ ਅਹੁਦਿਆਂ ਵਾਲੀ ਪੜ੍ਹਾਈ ਵੱਲ ਉਚੇਚਾ ਧਿਆਨ ਦਿੱਤਾ ਜਾਏ।
14. ਸਿੰਘ ਸਾਹਿਬਾਨਾਂ ਨੂੰ ਸੁਰੱਖਿਆ ਘੇਰੇ ਵਿਚੋਂ ਬਾਹਰ ਆ ਕੇ ਲੋਕਾਂ ਨਾਲ ਜੁੜ ਕੇ ਪ੍ਰਚਾਰ ਖੇਤਰ ਦੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ।
15. ਅਕਾਲ ਤੱਖਤ ਦੇ ਜੱਥੇਦਾਰਾਂ ਨੂੰ ਸਿੱਧੇ ਫੈਸਲੇ ਕਰਨ ਦੀ ਥਾਂ ‘ਤੇ ਵਿਸ਼ਾ ਮਾਹਰ ਕਮੇਟੀਆਂ ਬਣਾਈਆਂ ਜਾਣ ਤੇ ਉਨ੍ਹਾਂ ਦੀ ਸਲਾਹ ਲਈ ਜਾਏ।
16. ਕਿੜ੍ਹਾਂ ਕੱਢਣ ਵਾਲੇ ਤਮਾਮ ਹੁਕਮਨਾਮਿਆਂ ਦੀ ਦੁਬਾਰਾ ਵਿਚਾਰ ਹੋਣੀ ਚਾਹੀਦੀ ਹੈ।
17. ਹਰ ਦੇਸ਼ ਵਿੱਚ ਸਿੱਖ ਨੁਮਾਇੰਦਿਆਂ ਦੀਾਂ ਕਮੇਟੀਆਂ ਬਣਾਏ ਕੌਮੀ ਕਾਰਜ ਕਰਨੇ ਚਾਹੀਦੇ ਹਨ।
18. ਸਭ ਆਪੂੰ ਬਣੇ ਪਰਚਾਰਕ ਰਾਗੀਆਂ ਢਾਡੀਆਂ ਤੇ ਸਿਧਾਂਤਿਕ ਕੁੰਡਾ ਹੋਣਾ ਚਾਹੀਦੀ ਹੈ।