ਪ੍ਰਿੰ: ਗੁਰਬਚਨ ਸਿੰਘ

99155-29725

ਪੰਜਾਬ ਵਿੱਚ ਹੜ੍ਹਾਂ ਦੀ ਤਬਾਹੀ

ਰਾਜਿਆ ਰਾਜ ਕਰੇਂਦਿਆਂ, ਉੱਠ ਤੱਕ ਆਪਣਾ ਪੰਜਾਬ।
ਘੁਗ ਵੱਸਦੇ ਲੋਕੀਂ ਉਜੜੇ ਚੜ੍ਹ ਆਇਆ ਇੰਝ ਸੈਲਾਬ।
ਜੋ ਪੁਤਾਂ ਵਾਙੂੰ ਪਾਲ਼ੀਆਂ, ਉਹ ਫਸਲਾਂ ਗਈਆਂ ਡੁਬ।
ਗਾਵਾਂ ਮੱਝਾਂ ਰੁੜ੍ਹ ਗਈਆਂ, ਤੱਕ ਦਿੱਲ ਚੋਂ ਨਿਕਲੇ ਭੁਬ।
ਹਰ ਖੇਤ ਚ ਦਰਿਆਵੀ ਸੂਕਦਾ, ਇਹ ਕੇਹੀ ਆਈ ਰੁਤ।
ਪਰ ਚੜ੍ਹਦੀ ਕਲਾ ਵਿੱਚ ਰਹਿਣਗੇ, ਪੰਜਾਬ ਸਿੰਆਂ ਤੇਰੇ ਪੁਤ।
ਜਿੰਨ੍ਹਾਂ ਲਈ ਲੰਗਰ ਲਾਏ ਤੂੰ, ਵੱਟ ਪਾਸਾ ਹੋਏ ਗੈਰ।
ਫਿਰ ਆਪਣੇ ਹੀ ਕੰਮ ਆਏ ਨੇ, ਜਿੰਨਾਂ ਪੁਛੀ ਤੇਰੀ ਖੈਰ।
ਇਹ ਧਰਤ ਫਿਰ ਹਰੀ ਹੋਏਗੀ, ਬੱਸ ਏਦ੍ਹੇ ਵਿੱਚ ਧਰਵਾਸ।
ਸਭ ਸੁਖੀ ਵੱਸਣ ਦਾਤਿਆ, ਤੇਰੇ ਚਰਨਾਂ ਵਿੱਚ ਅਰਦਾਸ।
ਸਤਿੰਦਰ ਸਿੰਘ ਓਠੀ

ਮਨੁਖੀ ਇਤਿਹਾਸ ਵਿੱਚ ਨਿਗਾਹ ਮਾਰਦੇ ਹਾਂ ਮਨੁਖੀ ਸਭਿਅਤਾ ਦਰਿਆਵਾਂ ਨਦੀਆਂ ਦੇ ਕਿਨਾਰਿਆਂ ਤੇ ਹੀ ਅਬਾਦ ਹੋਈ ਹੈ। ਜਿੱਥੇ ਪਾਣੀ ਹੋਵੇਗਾ ਓੱਥੇ ਹੀ ਜ਼ਿੰਦਗੀ ਚਲਦੀ ਹੈ। ਸਿੰਧ ਘਾਟੀ ਦੀ ਸਭਿਅਤਾ ਦਰਿਆ ਸਿੰਧ ‘ਤੇ ਵੱਸੀ ਹੈ। ਮਿਸਰ ਦੀ ਸਭਿਅਤਾ ਨੀਲ ਦਰਿਆ ਦੇ ਨੇੜੇ ਪ੍ਰਫੁਲਿਤ ਹੋਈ ਹੈ। ਮੈਸੋਪਟਾਮੀਅਮ ਦੀ ਸਭਿਅਤਾ ਦਜ਼ਲਾ ਤੇ ਫਰਾਤ ਦਰਿਆਵਾਂ ਦੇ ਨੇੜੇ ਵੱਸੀ ਹੈ। ਇਨ੍ਹਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪ੍ਰਾਚੀਨ ਸਭਿਆਤਾਵਾਂ ਦਰਿਆਵਾਂ ਦੇ ਕਿਨਾਰਿਆਂ ਜਾਂ ਦਰਿਆਵਾਂ ਦੇ ਨੇੜੇ ਵਿਕਸਤ ਹੋਈਆਂ ਹਨ। ਦਰਿਆ ਮਨੁਖੀ ਲੋੜਾਂ ਨੂੰ ਪੂਰਾ ਕਰਦੇ ਹਨ। ਖੇਤੀ, ਪਸ਼ੂ, ਪੰਛੀ ਆਦਿ ਸਭ ਪਾਣੀਆਂ ਦੇ ਨੇੜੇ ਹੀ ਜ਼ਿਉਂਦੇ ਰਹਿ ਸਕਦੇ ਹਨ। ਦਰਿਆਵਾਂ ਰਾਹੀਂ ਬੇੜੀਆਂ ਦੁਆਰਾ ਵਪਾਰ ਵਿੱਚ ਵਾਧਾ ਹੋਇਆ।

ਹੜ੍ਹ, ਕੁਦਰਤੀ ਵਹਿਣਾਂ ਦੇ ਪਾਣੀ ਦੀ ਸਤ੍ਹਾ ਜਦ ਜ਼ਿਆਦਾ ਬਾਰਸ਼ਾਂ ਹੋਣ ਕਾਰਨ ਉੱਚੀ ਹੋ ਜਾਏ ਅਤੇ ਇਸ ਪਾਣੀ ਨਾਲ ਨੁਕਸਾਨ ਹੋਣਾ ਸ਼ੁਰੂ ਹੋ ਜਾਏ ਉਸ ਹਾਲਾਤ ਨੂੰ ਹੜ੍ਹ ਕਿਹਾ ਜਾਂਦਾ ਹੈ। ਹੜ੍ਹ ਪਹਾੜ੍ਹੀਆਂ ਤੋਂ ਸ਼ੁਰੂ ਹੁੰਦਾ ਹੋਇਆ ਮੈਦਾਨੀ ਇਲਾਕਿਆਂ ਨੂੰ ਆਪਣੀ ਪਕੜ ਵਿੱਚ ਲੈਂਦਾ ਹੈ।

ਇਤਿਹਾਸ ਦੇ ਪੰਨਿਆਂ ਨੂੰ ਫੋਲੀਏ ਤਾਂ 1658 ਤੇ ਫਿਰ 1910 ਨੂੰ ਪੈਰਿਸ ਵਿੱਚ ਹੜ੍ਹ ਆਇਆ ਸੀ। ਵਾਰਸਾ ਵਿੱਚ 1861 ਤੇ ਫਿਰ 1934 ਨੂੰ ਹੜ੍ਹ ਆਇਆ ਸੀ। ਫਰੈਂਕਟਫਰਟ ਦੇ ਮੇਨ ਦਰਿਆ ਵਿੱਚ 1854 ਤੇ 1930 ਵਿੱਚ, ਰੋਮ ਵਿੱਚ 1530 ਤੇ 1557 ਵਿੱਚ ਹੜ੍ਹ ਆਏ ਸਨ। ਆਸਟ੍ਰੇਲੀਆ ਵਿੱਚ ਡਾਰਲਿੰਗ ਦਰਿਆ ਵਿੱਚ 1864, 1866 ਨੂੰ ਹੜ੍ਹ ਆਇਆ ਸੀ । 1927 ਨੂੰ ਭਾਰਤ ਦੇ ਸਾਰੇ ਦਰਿਆਵਾਂ ਵਿੱਚ ਹੜ੍ਹ ਆਏ ਸਨ।

1009 ਵਿੱਚ ਇੰਗਲੈਂਡ ਅਤੇ ਹਾਲੈਂਡ ਵਿੱਚ ਜ਼ਬਰਦਸਤ ਸਮੁੰਦਰੀ ਤੂਫ਼ਾਨ ਉੱਠਿਆ ਸੀ, ਜਿਸ ਨਾਲ 10000 ਲੋਕ ਮਾਰੇ ਗਏ ਸਨ। ਜੇ ਭਾਰਤ ਦੀ ਗੱਲ ਕਰੀਏ ਤਾਂ ਇਸ ਦੇ ਕੁਝ ਖਾਸ ਹਿੱਸਿਆਂ ਵਿੱਚ ਹੜ੍ਹ ਅਕਸਰ ਆਉਂਦੇ ਰਹਿੰਦੇ ਹਨ। 1952 ਤੋਂ 56 ਤਕ ਬ੍ਰਹਮਪੁਤਰ ਦਰਿਆ ਤੇ ਉਸ ਦੀਆਂ ਸਹਾਇਕ ਨਦੀਆਂ ਵਿੱਚ ਹੜ੍ਹਾਂ ਨੇ ਬਹੁਤ ਜਾਨੀ ਤੇ ਮਾਲੀ ਨੁਕਸਾਨ ਕੀਤਾ। 1953 ਨੂੰ ਗੋਦਾਵਰੀ ਨਦੀ ਵਿੱਚ ਤਕੜਾ ਹੜ੍ਹ ਆਇਆ ਤੇ ਭਾਰੀ ਨੁਕਸਾਨ ਹੋਇਆ। 1855 ਵਿੱਚ ਬਿਆਸ, ਸਤਲੁਜ, ਰਾਵੀ ਤੇ ਜਮਨਾ ਦਰਿਆ ਹੜ੍ਹਾਂ ਦੀ ਮਾਰ ਹੇਠ ਆਏ।

1974 ਨੂੰ ਬ੍ਰਹਮਪੁਤਰ ਵਾਦੀ ਅਸਾਮ, ਬਿਹਾਰ, ਯੂ. ਪੀ. ਅਤੇ ਉੱਤਰੀ ਬੰਗਾਲ ਵਿੱਚ ਜ਼ਬਰਦਸਤ ਹੜ੍ਹ ਆਏ। ਇਨ੍ਹਾਂ ਹੜ੍ਹਾਂ ਕਾਰਨ ਅੰਦਾਜ਼ਨ 569 ਕਰੋੜ ਦਾ ਨੁਕਸਾਨ ਹੋਇਆ। ਏਸੇ ਸਾਲ ਕੇਰਲਾ ਤੇ ਕਰਨਾਟਕਾ ਵਿੱਚ ਵੀ ਹੜ੍ਹ ਆਏ। 1975 ਨੂੰ ਬਿਹਾਰ ਵਿੱਚ ਹੜ੍ਹ ਆਇਆ ਪਟਨੇ ਦੇ ਤਿੰਨ ਹਿੱਸਿਆਂ ਵਿੱਚ ਪਾਣੀ ਭਰ ਗਿਆ ਸੀ।

1956 ਵਿੱਚ ਹੜ੍ਹ ਕੰਟਰੋਲ ਤੇ ਸੇਮ ਰੋਕੂ ਸਕੀਮਾਂ ਸ਼ੁਰੂ ਕੀਤੀਆਂ ਗਈਆਂ। ਫਲੱਡ ਕੰਟਰੋਲ ਬੋਰਡ ਰਾਜ ਪੱਧਰ ਦੀਆਂ ਨੀਤੀਆਂ ਤਿਆਰ ਕਰਦੇ ਹਨ ਅਤੇ ਰਿਵਰ ਕਮਿਸ਼ਨ ਇਨ੍ਹਾਂ ਨੀਤੀਆਂ ਨੂੰ ਅੰਤਰਰਾਜੀ ਪੱਧਰ ‘ਤੇ ਲਾਗੂ ਕਰਦੇ ਹਨ। ਕੌਮੀ ਪੱਧਰ ‘ਤੇ ਕੇਂਦਰੀ ਹੜ੍ਹ ਕੰਟਰੋਲ ਬੋਰਡ, ਰਾਜ ਪੱਧਰ ਦੇ ਬੋਰਡਾਂ ਅਤੇ ਰਿਵਰ ਕਮਿਸ਼ਨ ਦੇ ਕੰਮ ਵਿਚਕਾਰ ਤਾਲਮੇਲ ਰੱਖਦਾ ਹੈ।

ਸੰਨ 1954 ਵਿੱਚ ਕੇਂਦਰੀ ਹੜ੍ਹ ਕੰਟਰੋਲ ਪ੍ਰੋਗਰਾਮ ਦੇ ਸ਼ੁਰੂ ਕਰਨ ਨਾਲ 31 ਮਾਰਚ 1975 ਤਕ 7880 ਬੰਨ੍ਹ, 134000 ਕਿਲੋਮੀਟਰ ਲੰਮੀਆਂ ਨਿਕਾਸ ਨਾਲ਼ੀਆਂ, 215 ਸ਼ਹਿਰ ਬਚਾਊ ਸਕੀਮਾਂ ਮੁਕੰਮਲ ਹੋ ਚੁਕੀਆਂ ਹਨ। 4700 ਪਿੰਡ ਹੜ੍ਹਾਂ ਦੀ ਮਾਰ ਤੋਂ ਉੱਚੇ ਬਣਾਏ ਗਏ ਹਨ। ਇਸ ਸਕੀਮ ‘ਤੇ 394 ਕਰੋੜ ਰੁਪਇਆ ਖਰਚ ਆਇਆ। ਇਨ੍ਹਾਂ ਬੰਨ੍ਹਾਂ ਕਰਕੇ 80 ਲੱਖ ਹੈਕਟੇਅਰ ਜ਼ਮੀਨ ਨੂੰ ਲਾਭ ਪਹੁੰਚਿਆ। ਹੜ੍ਹ ਕੰਟਰੋਲ ਕੇਂਦਰ ਭੁਵਨੇਸ਼ਰ, ਦਿੱਲੀ ਗੁਹਾਟੀ, ਜਲਪਾਈਗੁੜ੍ਹੀ, ਲਖਨਊ, ਪਟਨਾ ਤੇ ਸੂਰਤ ਕਾਇਮ ਕੀਤੇ ਗਏ।

ਇਹ ਤੇ ਕੇਂਦਰ ਦੀਆਂ ਨੀਤੀਆਂ ਸਨ ਪਰ ਪੰਜਾਬ ਨੂੰ ਕੀ ਮਿਲਿਆ ਦੇਖਣ ਵਾਲਾ ਮੁਦਾ ਹੈ? ਅੱਜ ਵਾਲੇ ਹਾਲਾਤ ਦੇਖ ਕੇ ਤਾਂ ਕਿਹਾ ਜਾ ਸਕਦਾ ਹੈ ਕੇਂਦਰ ਤੇ ਸੂਬਾ ਸਰਕਾਰਾਂ ਦੀ ਬਦਨੀਤੀ ਕਰਕੇ ਪੰਜਾਬ ਹੜ੍ਹਾਂ ਦਾ ਜ਼ਿਆਦਾ ਸ਼ਿਕਾਰ ਹੁੰਦਾ ਆਇਆ ਹੈ।

ਬਜ਼ੁਰਗ ਦਸਦੇ ਹਨ ਕਿ 1947 ਨੂੰ ਜਦੋਂ ਕੇਂਦਰੀ ਸਕੀਮ ਤਹਿਤ ਨੂੰ ਹੱਸਦੇ ਵੱਸਦੇ ਪੰਜਾਬ ਨੂੰ ਉਜਾੜਿਆ ਗਿਆ ਤਾਂ ਓਦੋਂ ਕਹਿਰਾਂ ਦਾ ਮੀਂਹ ਪੈ ਰਿਹਾ ਸੀ। ਛੋਟੇ ਮੋਟੇ ਨਾਲਿਆਂ ਵਿੱਚ ਹੜ੍ਹ ਆਇਆ ਹੋਇਆ ਸੀ। ਚਾਰ ਚੁਫੇਰੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਸੀ। ਮਨੁਖੀ ਸਰੀਰ ਤੇ ਸਰੀਰਾਂ ਦੇ ਟੁਕੜੇ ਪਾਣੀਆਂ ਵਿੱਚ ਤਰਦੇ ਦਿਖਾਈ ਦਿੰਦੇ ਸਨ।

ਅੱਜ ਬੇਲੇ ਲਾਸ਼ਾਂ ਵਿੱਛੀਆਂ ਤੇ ਲਹੂ ਦੀ ਭਰੀ ਚਨਾਬ
1955 ਤੇ 1960 ਵਿੱਚ ਵੀ ਪੰਜਾਬ ਵਿੱਚ ਖੌਫਨਾਕ ਹੜ੍ਹ ਆਏ ਸਨ ਓਦੋਂ ਸਾਂਝਾ ਪੰਜਾਬ ਹੁੰਦਾ ਸੀ। ਐਨਾ ਮੀਂਹ ਪਿਆ ਕਿ ਪੰਜਾਬ ਵਿੱਚ ਸੇਮ ਪੈ ਗਈ ਸੀ, ਜਿਸ ਕਰਕੇ ਸੇਮ ਨਾਲੀਆਂ ਪੁਟਣੀਆਂ ਪਈਆਂ ਸਨ। ਇਨ੍ਹਾਂ ਸੇਮ ਨਾਲੀਆਂ ਦੀ ਮੈਨੂੰ ਪੂਰੀ ਸੰਭਾਲ਼ ਹੈ। 1978 ਵਿੱਚ ਹੜ੍ਹ ਨੇ ਹਿਮਾਚਲ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ ਵਿੱਚ ਪੂਰੀ ਤਬਾਹੀ ਮਚਾਈ ਸੀ। 1988 ਵਿੱਚ ਫਿਰ ਇਸ ਸਦੀ ਦਾ ਸਭ ਤੋਂ ਭਿਆਨਕ ਹੜ੍ਹ ਆਇਆ ਜਿਹੜਾ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਤਬਾਹ ਕਰ ਗਿਆ। ਓਦੋਂ ਮੀਡੀਆ ਏਨਾ ਨਹੀਂ ਸੀ ਫਿਰ ਵੀ ਫੋਟੋਆ ਆਦਿ ਦੇਖੀਆਂ ਸਨ ਕਿ ਕਿਸ ਤਰ੍ਹਾਂ ਕਾਰਾਂ ਰੁੜਦੀਆਂ ਜਾਂਦੀਆਂ ਸਨ।

ਹੜ੍ਹ ਜਿੱਥੇ ਕੁਦਰਤੀ ਹਨ ਓੱਥੇ ਮਨੁਖੀ ਗਲਤੀਆਂ ਨਾਲ ਵੀ ਵੱਧ ਨੁਕਸਾਨ ਹੁੰਦਾ ਹੈ। ਹੜ੍ਹਾਂ ਦੇ ਮੂਲ ਕਾਰਨ ਕੀ ਹਨ ਇਹ ਸਮਝਣ ਵਾਲਾ ਵਿਸ਼ਾ ਹੈ-

ਪੰਜਾਬ ਸਰਕਾਰ ਦੀ ਖਾਨਾ ਪੂਰਤੀ ਤੇ ਕੇਂਦਰੀ ਸਰਕਾਰ ਵਲੋਂ ਪੰਜਾਬ ਨਾਲ ਮਤਰੇਈ ਮਾਂ ਵਰਗਾ ਸਲੂਕ ਹੋਣ ਕਰਕੇ ਪੰਜਾਬ ਨਾਲ ਹਰ ਕਿਸਮ ਦਾ ਧੱਕਾ ਹੁੰਦਾ ਆਇਆ ਹੈ ਇਹ ਕੋਈ ਨਵੀਂ ਗੱਲ ਨਹੀਂ ਹੈ।

1. ਪਹਾੜਾਂ ਤੇ ਲਗਾਤਾਰ ਮੀਂਹ ਪੈਣਾ-
ਹੜ੍ਹਾਂ ਦਾ ਮੁਖ ਅਤੇ ਮੁਢਲਾ ਕਾਰਨ ਲਗਾਤਾਰ ਮੀਂਹ ਪੈਣਾ ਹੈ। ਲਗਾਤਾਰ ਮੀਂਹ ਪੈਣ ਨਾਲ ਨਦੀਆਂ ਤੇ ਨਾਲਿਆਂ ਦੇ ਕਿਨਾਰੇ ਵੱਧ ਪਾਣੀ ਨੂੰ ਸੰਭਾਲ਼ ਨਹੀਂ ਸਕੇ ਕਿਉਂ ਕਿ ਲੋੜ ਨਾਲੋਂ ਵੱਧ ਪਾਣੀ ਆਇਆ ਹੈ। ਪਾਣੀ ਜਦੋਂ ਆਪਣੇ ਅਸਲੀ ਰੂਪ ਆ ਜਾਏ ਤਾਂ ਉਹ ਹਰ ਰੁਕਾਵਟ ਨੂੰ ਤੋੜਦਾ ਸੂਕਦਾ, ਖੈਰ ਪਾਉਂਦਾ, ਠਾਠਾ ਮਾਰਦਾ ਵਿਸ਼ਾਲ ਹੋਈ ਜਾਂਦਾ ਹੈ।

2. ਬਿਜਲੀ ਪੈਦਾ ਕਰਨ ਲਈ ਬਣਾਏ ਡੈਮ-
ਬਿਜਲੀ ਪੈਦਾ ਕਰਨ ਲਈ ਬਣਾਏ ਡੈਮ ਵੀ ਹੜ੍ਹਾਂ ਦਾ ਕਾਰਨ ਬਣਦੇ ਹਨ। ਅਸਲ ਵਿੱਚ ਦੇਖਿਆ ਜਾਏ ਤਾਂ ਡੈਮਾਂ ਦਾ ਜਿੱਥੇ ਫਾਇਦਾ ਹੈ ਓੱਥੇ ਮਾੜੇ ਪ੍ਰਬੰਧਾਂ ਕਰਕੇ ਤਬਾਹੀ ਦਾ ਵੀ ਕਾਰਨ ਬਣਦੇ ਹਨ। ਪੰਜਾਬ ਦੇ ਇੱਕ ਪਾਸੇ ਮੈਦਾਨੀ ਇਲਾਕਾ ਹੈ ਦੂਜੇ ਪਾਸੇ ਪਹਾੜੀਆਂ ਹਨ। ਪਹਾੜੀਆਂ ਤੇ ਬਰਫ ਜੰਮੀ ਹੁੰਦੀ ਹੈ ਜਦੋਂ ਗਰਮੀਆਂ ਆਉਂਦੀਆਂ ਹਨ ਤਾਂ ਓਦੋਂ ਬਰਫ ਪਿਘਲਣੀ ਸ਼ੁਰੂ ਹੁੰਦੀ ਹੈ ਤੇ ਨਾਲ ਹੀ ਮੌਨਸੂਨ ਦੀ ਰੁਤ ਆਉਣ ਕਰਕੇ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਹਨ। ਇੰਝ ਪਾਣੀ ਦਾ ਵਹਿਣ ਤੇਜ਼ ਹੋ ਜਾਂਦਾ ਹੈ ਤੇ ਪਾਣੀ ਦੀ ਮਿਕਦਾਰ ਇੱਕ ਦਮ ਵੱਧ ਜਾਂਦੀ ਹੈ।

ਪੰਜਾਬ ਦੀ ਬਦਕਿਸਮਤੀ ਹੈ ਕਿ ਭਾਖੜਾ ਡੈਮ ਪੰਜਾਬ ਲਈ ਬਣਾਇਆ ਗਿਆ ਸੀ ਪਰ ਇਸ ‘ਤੇ ਕਬਜ਼ਾ ਕੇਂਦਰ ਸਰਕਾਰ ਨੇ ਆਪਣਾ ਕਰ ਲਿਆ ਹੈ। ਭਾਖੜਾ ਡੈਮ ਬਣਾਉਣ ਵਾਲਿਆਂ ਦੀ ਭਾਵਨਾ ਸੀ ਕਿ ਭਾਖੜੇ ਤੇ ਬੰਨ੍ਹ ਮਾਰ ਕੇ ਪਾਣੀ ਨੂੰ ਇਕੱਠਾ ਕੀਤਾ ਜਾਏ ਤੇ ਸਾਰਾ ਸਾਲ ਪੰਜਾਬ ਤੇ ਵਾਧੂ ਪਾਣੀ ਹੋਰ ਸੂਬਿਆਂ ਨੂੰ ਵੀ ਦਿੱਤਾ ਜਾਏ। ਪਾਣੀ ਤੇ ਬਿਜਲੀ ਪੰਜਾਬ ਨਾਲੋਂ ਵੱਧ ਦੂਜੇ ਸੂਬੇ ਵਰਤਦੇ ਹਨ ਪਰ ਇਹ ਸੂਬੇ, ਪੰਜਾਬ ਨੂੰ ਕੋਈ ਮੁਆਮਲਾ ਨਹੀਂ ਦਿੰਦੇ ਹਨ ਪਰ ਬਿਜਲੀ ਪਾਣੀ ਪੂਰੀ ਤਰ੍ਹਾਂ ਵਰਤਦੇ ਹਨ। ਪੰਜਾਬ ਕੋਲ ਰਹਿ ਜਾਂਦੀ ਹੈ ਹੜ੍ਹਾਂ ਦੀ ਮਾਰ।

ਸਭ ਤੋਂ ਵੱਡੀ ਬੇ-ਇਨਸਾਫ਼ੀ ਪੰਜਾਬ ਦੀ ਇਥੋਂ ਹੀ ਸ਼ੁਰੂ ਹੁੰਦੀ ਹੈ। ਭਾਖੜੇ ਨਾਲ ਦਿੱਲੀ, ਹਿਮਾਚਲ, ਹਰਿਆਣੇ ਤੇ ਧੱਕੇ ਨਾਲ ਰਾਜਸਥਾਨ ਨੂੰ ਵੀ ਜੋੜ ਦਿੱਤਾ ਗਿਆ। ਭਾਖੜਾ ਡੈਮ ਦੀ ਵੱਧ ਤੋਂ ਵੱਧ 1680 ਫੁਟ ਤੇ ਐਮਰਜੈਂਸੀ ਸਮੇਂ 1685 ਫੁਟ ਤੱਕ ਪਾਣੀ ਜਮ੍ਹਾ ਕੀਤਾ ਜਾ ਸਕਦਾ ਹੈ। ਭਾਖੜਾ ਡੈਮ ਤੋਂ ਵਾਧੂ ਪਾਣੀ ਸਮੇਂ ਸਮੇਂ ਛੱਡਿਆ ਜਾਂਦਾ ਹੈ।

ਇਸ ਵਾਰੀ ਡੈਮ ਵਿੱਚ ਪਾਣੀ ਤਾਂ ਆਉਂਦਾ ਰਿਹਾ ਪਰ ਡੈਮ ਵਿਚੋਂ ਵਾਧੂ ਪਾਣੀ ਬਹੁਤ ਘੱਟ ਘੱਟ ਮਿਕਦਾਰ ‘ਤੇ ਛੱਡਿਆ ਜਾਂਦਾ ਰਿਹਾ। ਨੀਤੀ ਇਹ ਸੀ ਕਿ ਪਹਿਲਾਂ ਪੂਰੀ ਤਰ੍ਹਾਂ ਡੈਮ ਭਰ ਲਿਆ ਜਾਏ।

ਦੂਸਰਾ ਹਿਮਾਚਲ ਵਿੱਚ ਬੱਦਲ ਫੱਟਣ ਨਾਲ ਮੀਂਹ ਵੱਧ ਪੈਣਾ ਸ਼ੁਰੂ ਹੋ ਗਿਆ। ਭਾਖੜਾ ਡੈਮ ਦੇ ਪ੍ਰਬੰਧਕਾਂ ਨੇ ਪਾਣੀ ਦਾ ਨਿਕਾਸ ਇੱਕ ਦਮ ਵਧਾ ਦਿੱਤਾ। ਪਹਾੜੀਆਂ ‘ਤੇ ਮੌਹਲ਼ੇਧਾਰ ਮੀਂਹ ਪੈਣ ਨਾਲ ਭਾਖੜਾ ਡੈਮ ਵਿੱਚ ਪਾਣੀ ਵੱਧ ਆ ਗਿਆ। ਵੱਧ ਪਾਣੀ ਨੇ ਤਾਂ ਮੈਦਾਨੀ ਇਲਾਕੇ ਵਿੱਚ ਹੀ ਆਉਣਾ ਸੀ।
ਅਗਲੇ ਪਾਸੇ ਜਿਹੜੇ ਪੈਸੇ ਬੰਨ੍ਹਾਂ ਦੀ ਮੁਰੰਮਤ ਕਰਨ ਲਈ ਜਾਂ ਨਾਲਿਆਂ ਦੀ ਸਫ਼ਾਈ ਕਰਨ ਲਈ ਆਏ ਸਨ ਉਹ ਪਤਾ ਹੀ ਨਹੀਂ ਕਿਹੜੇ ਪਾਸੇ ਚਲੇ ਗਏ। ਇਰੀਗੇਸ਼ਨ ਮਹਿਕਮੇ ਵਿੱਚ ਕਈ ਸਾਲ ਪਹਿਲਾਂ ਵੀ ਘੁਟਾਲੇ ਹੋਏ, ਪਰ ਉਹ ਕਿਸੇ ਵੀ ਤਣ ਪੱਤਰ ਨਹੀਂ ਲੱਗੇ। ਭਾਖੜਾ ਡੈਮ ਤੋਂ ਛੱਡਿਆ ਪਾਣੀ ਤੇ ਲਗਾਤਾਰ ਮੌਲ਼ੇਧਾਰ ਮੀਂਹ ਨੇ ਪੰਜਾਬ ਵਿੱਚ ਤਬਾਹੀ ਮਚਾ ਦਿੱਤਾ। ਪਾਣੀ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ। ਇਕ ਤਰ੍ਹਾਂ ਪਾਣੀ ਸਲੈਬ ਦੇ ਰੂਪ ਵਿੱਚ ਆਇਆ। ਲੋਕਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਦੇਖਦਿਆਂ ਦੇਖਦਿਆਂ ਪਿੰਡਾਂ ਦੇ ਪਿੰਡ ਡੁਬ ਗਏ।

3. ਦਰਖੱਤਾਂ ਦੀ ਕਟਾਈ-
ਜਦੋਂ ਰਾਜਨੀਤਿਕ ਲੋਕ ਰਿਸ਼ਵਤਖੋਰ ਹੋ ਜਾਣ ਤਾਂ ਅਹਿਲਕਾਰ ਆਪਣੇ ਆਪ ਹੀ ਰਿਸ਼ਵਤਖੋਰ ਹੋ ਜਾਂਦੇ ਹਨ। ਅਜਿਹੇ ਹਾਲਾਤਾਂ ਵਿੱਚ ਸੂਬੇ ਦਾ ਭਲਾ ਕਰਨ ਦੀ ਥਾਂ ‘ਤੇ ਇਹ ਲੋਕ ਆਪਣੇ ਹੀ ਘਰ ਭਰਨ ਲੱਗ ਜਾਂਦੇ ਹਨ। ਇਸ ਤਾਣੇ ਬਾਣੇ ਦੇ ਲਾਲਚ ਨੇ ਜੰਗਲਾਂ ਦੀ ਬਹੁਤ ਵੱਡੀ ਪੱਧਰ ‘ਤੇ ਕਟਾਈ ਕੀਤੀ ਹੈ, ਪਰ ਅਗਾਂਹ ਨਵੇਂ ਦਰੱਖਤ ਓਨੇ ਨਹੀਂ ਲਗਾਏ ਹਨ। ਪਹਾੜਾਂ ‘ਤੇ ਜੰਗਲ਼ਾਂ ਦੀ ਘਾਟ ਕਰਕੇ ਪਾਣੀ ਦਾ ਵਹਾ ਤੇਜ਼ ਹੁੰਦਾ ਹੈ ਜੋ ਮੈਦਾਨੀ ਇਲਾਕੇ ਲਈ ਮੁਸੀਬਤ ਦਾ ਕਾਰਨ ਬਣਦੇ ਹਨ।

4. ਕੁਦਰਤੀ ਵਹਾ ਨੂੰ ਅੱਖੋਂ ਪਰੋਖੇ ਕਰਨਾ—
ਬਹੁਤ ਵੱਡੀ ਸਮੱਸਿਆ ਹੈ ਕਿ ਸਾਡੀਆਂ ਰਲਵੇ ਲਾਈਨਾਂ ਜਾਂ ਸੜਕਾਂ ਬਣਦੀਆਂ ਹਨ ਪਰ ਬਰਸਾਤੀ ਪਾਣੀ ਦੇ ਨਿਕਾਸ ਲਈ ਪੁਲ਼ੀਆਂ ਬਹੁਤ ਛੋਟੀਆਂ ਬਣਾਈਆਂ ਜਾਂਦੀਆਂ ਹਨ ਜਿਸ ਕਰਕੇ ਪਾਣੀ ਆਲੇ ਦੁਆਲੇ ਇਕੱਠਾ ਹੋ ਕੇ ਹੜ੍ਹ ਦਾ ਰੂਪ ਧਾਰਨ ਕਰ ਲੈਂਦਾ ਹੈ।

5. ਧੁਸੀ ਬੰਨ੍ਹ ਦੀ ਸਮੇਂ ਸਿਰ ਮੁਰੰਮਤ ਨਾ ਕਰਨੀ-
ਦਰਿਆ ਦੇ ਹੜ੍ਹ ਨੂੰ ਰੋਕਣ ਲਈ ਜਿੱਥੇ ਦਰਿਆਵਾਂ ਦੇ ਕੰਢੇ ਉੱਚੇ ਕੀਤੇ ਜਾਂਦੇ ਓੱਥੇ ਨੇੜੇ ਧੁਸੀ ਬੰਨ੍ਹ ਬਣਾਏ ਜਾਂਦੇ ਹਨ ਜਿਹੜੇ ਮੀਹਾਂ ਕਾਰਨ ਅਕਸਰ ਖੁਰਦੇ ਰਹਿੰਦੇ ਹਨ ਉਨ੍ਹਾਂ ਦੀ ਢੁਕਵੀਂ ਦੇਖ ਭਾਲ਼ ਨਹੀਂ ਹੁੰਦੀ। ਦੂਜਾ ਲੋਕਲ ਰਹਿਣ ਵਾਲੇ ਲੋਕ ਆਪਣੇ ਸੌਖ ਲਈ ਧੁਸੀ ਬੰਨ੍ਹ ਨਾਲ ਛੇੜ-ਛਾੜ ਵੀ ਕਰ ਲੈਂਦੇ ਹਨ ਜਿਵੇਂ ਟ੍ਰੈਕਟਰ ਲੰਘਾਉਣ ਲਈ ਧੱਕੇ ਨਾਲ ਲਾਂਘਾ ਬਣਾ ਲੈਣਾ ਉਂਝ ਵੀ ਮੁਰੰਮਤ ਨਾ ਹੋਣ ਕਰਕੇ ਧੁਸੀ ਕਈ ਥਾਂਵਾਂ ਤੋਂ ਕੰਮਜ਼ੋਰ ਪੈ ਜਾਂਦੀ ਹੈ ਜੋ ਤੇਜ਼ ਵਹਾ ਵਾਲੇ ਪਾਣੀ ਦਾ ਮੁਕਾਬਲਾ ਨਹੀਂ ਕਰ ਸਕਦੀ। ਇਸ ਵਾਰੀ ਧੁਸੀ ਬੰਨਾਂ ਵਿੱਚ ਬਹੁਤ ਵੱਡਾ ਪਾੜ ਪੈਣ ਨਾਲ ਹੀ ਜ਼ਿਆਦਾ ਨੁਕਸਾਨ ਹੋਇਆ ਹੈ।

6. ਪਾਣੀ ਦੇ ਕੁਦਰਤੀ ਵਹਾ ਵਿੱਚ ਰੁਕਾਵਟਾਂ ਖੜੀਆਂ ਕਰਨੀਆਂ-
ਹੜ੍ਹ ਤਾਂ ਕਦੇ ਕਦੇ ਹੀ ਆਉਂਦੇ ਹਨ ਪਰ ਜਦੋਂ ਆਉਂਦੇ ਹਨ ਤਾਂ ਨਾਨੀ ਚੇਤੇ ਕਰਾ ਦਿੰਦੇ ਹਨ। ਜਦੋਂ ਮੀਂਹ ਪੈਂਦਾ ਹੈ ਤਾਂ ਪਾਣੀ ਆਪਣੇ ਕੁਦਰਤੀ ਵਹਾ ‘ਤੇ ਚੱਲਦਾ ਹੈ। ਵਪਾਰੀ ਬਿਰਤੀ ਨੇ ਕੁਦਰਤੀ ਵਹਾ ਵਾਲੇ ਰਸਤਿਆਂ ‘ਤੇ ਕਲੋਨੀਆਂ ਕੱਟ ਲਈਆਂ ਜਾਂ ਆਪਣੇ ਖੇਤਾਂ ਨਾਲ ਮਿਲਾ ਲਿਆ। ਪਾਣੀ ਦੇ ਕੁਦਰਤੀ ਰਸਤਿਆਂ ਵਿੱਚ ਮਨੁਖਾਂ ਵਲੋਂ ਰੁਕਾਵਟਾਂ ਖੜੀਆਂ ਕਰਨੀਆਂ ਹੜ੍ਹਾਂ ਦਾ ਕਾਰਨ ਬਣਦੀਆਂ। ਉਂਝ ਕਾਨੂੰਨ ਹੈ ਕਿ ਕਿਸੇ ਵੀ ਦਰਿਆ ਦੇ ਆਲ਼ੇ ਦੁਆਲੇ 20 ਤੋਂ 30 ਪ੍ਰਤੀਸ਼ੱਤ ਹਿੱਸਾ ਕੁਦਰਤੀ ਵਾਤਾਵਰਨ ਲਈ ਰਾਖਵਾਂ ਰੱਖਣਾ ਜ਼ਰੂਰੀ ਹੈ। ਇਹ ਵਾਤਾਵਰਨ ਮਹਿਕਮੇ ਦਾ ਕਾਨੂੰਨ ਹੈ ਪਰ ਸਾਡਾ ਖ਼ਿਆਲ ਹੈ ਕਿ ਪੰਜਾਬ ਸਰਕਾਰ ਨੇ ਸ਼ਾਇਦ ਹੀ ਇਸ ਦੀ ਕਦੇ ਘੋਖ ਕੀਤੀ ਹੋਵੇ।

7. ਹੜ੍ਹਾਂ ਦੇ ਲਈ ਪ੍ਰਬੰਧ ਅਗਾਊਂ ਨਾ ਕਰਨੇ-
ਹੜ੍ਹਾਂ ਵਾਲਾ ਮਹਿਕਮਾ ਹੀ ਵੱਖਰਾ ਹੈ ਤਾਂ ਫਿਰ ਇਸ ਮਹਿਕਮੇ ਦੀ ਪੂਰੀ ਜ਼ਿੰਮੇਵਾਰੀ ਹੈ ਕਿ ਬਰਸਾਤੀ ਰੁਤ ਆਉਣ ਤੋਂ ਪਹਿਲਾਂ ਉਚੇਚੇ ਪ੍ਰਬੰਧ ਕੀਤੇ ਜਾਣ। ਅਸਲ ਵਿੱਚ ਚਾਹੀਦਾ ਤਾਂ ਇਹ ਸੀ 1988 ਦੇ ਹੜ੍ਹ ਨੂੰ ਮੁਖ ਰੱਖਦਿਆਂ ਉਸ ਤੋਂ ਕਿਤੇ ਜ਼ਿਆਦਾ ਪੁਖਤਾ ਪ੍ਰਬੰਧ ਕੀਤੇ ਜਾਂਦੇ। ਪਰ ਅਜੇਹੀ ਹੜ੍ਹਾਂ ਦੀ ਹਾਲਤ ਦੇਖਕੇ ਤਾਂ ਲਗਦਾ ਹੈ ਹੜ੍ਹਾਂ ਵਾਲਾ ਮਹਿਕਮਾ ਕੋਈ ਹੈ ਹੀ ਨਹੀਂ।

8. ਭਾਰਤ ਮਾਲਾ ਅਧੀਨ ਸੜਕਾਂ ਦਾ ਨਿਰਮਾਣ-
ਅਵਾਜਾਈ ਦੇ ਸਾਧਨਾ ਲਈ ਸੜਕਾਂ ਦਾ ਨਿਰਮਾਣ ਹੋਣਾ ਬੜਾ ਜ਼ਰੂਰੀ ਹੈ ਪਰ ਠੇਕੇਦਾਰ ਪੈਸੇ ਬਚਾਉਣ ਲਈ ਪੁਲ਼ਾਂ ਦਾ ਪੂਰਾ ਨਿਰਮਾਣ ਨਹੀਂ ਕਰਦੇ। ਨਹਿਰਾਂ ਤੇ ਸੜਕਾਂ ਬਣਾਉਣ ਸਮੇਂ ਪਾਣੀ ਦੀ ਢਲਾਣ ਦਾ ਧਿਆਨ ਰੱਖਣਾ ਜ਼ਰੂਰੀ ਹੈ। ਨਵੀਆਂ ਕਲੋਨੀਆਂ ਵੀ ਕੱਟਣੀਆਂ ਹਨ ਤਾਂ ਪਾਣੀ ਦੇ ਕੁਦਰਤੀ ਨਿਕਾਸ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ।

9. ਬੇ-ਤਰਤੀਬੀ ਨਾਲ ਰੇਤਾ ਕੱਢਣਾ-
ਪੰਜਾਬ ਵਿੱਚ ਰੇਤ ਮਾਫੀਆ ਪੂਰੀ ਤਰ੍ਹਾਂ ਸਰਗਰਮ ਹੈ ਜਿੰਨੀ ਲੁਟ ਰੇਤ ਮਾਫੀਏ ਨੇ ਮਚਾਈ ਹੈ ਓਨੀ ਸ਼ਾਇਦ ਹੀ ਹੋਰ ਕਿਸੇ ਮਹਿਕਮੇ ਵਿੱਚ ਹੋਵੇ। ਇਸ ਹਮਾਮ ਵਿੱਚ ਸਾਰੇ ਹੀ ਨੰਗੇ ਹਨ। ਬੇਤਰਤੀਬੀ ਨਾਲ ਰੇਤਾ ਕੱਢਿਆ ਗਿਆ ਹੈ ਜਿਸ ਨਾਲ ਦਰਿਆ ਦੇ ਕੰਢਿਆਂ ਤੇ ਬੁਰਾ ਅਸਰ ਪਿਆ। ਰੇਤ ਮਾਫੀਆ ਨੇ ਦਰਿਆਵਾਂ ਦੇ ਕੁਦਰਤੀ ਵਹਿਣ ਵਿੱਚ ਵੱਡੀਆਂ ਰੁਕਾਵਟਾਂ ਖੜੀਆਂ ਕੀਤੀਆਂ ਹਨ। ਪਾਣੀ ਨੇ ਆਪਣਾ ਰਾਹ ਬਣਾਉਣ ਲਈ ਕੰਮਜ਼ੋਰ ਕੰਢਿਆਂ ਨੂੰ ਤੋੜਨਾ ਹੀ ਸੀ।

ਹੜ੍ਹਾਂ ਦੇ ਬਚਾ ਲਈ ਉਪਰਾਲੇ ਕੀ ਹੋਣੇ ਚਾਹੀਦੇ ਹਨ-
1. ਹੜ੍ਹਾਂ ਸਬੰਧੀ ਸਦਾ ਬਹਾਰ ਨੀਤੀ ਬਣਾਉਣੀ-
ਜਦੋਂ ਪਤਾ ਹੈ ਪੰਜਾਬ ਨੂੰ ਹਰ ਸਾਲ ਹੜ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸਰਕਾਰ ਕਿਉਂ ਨਹੀਂ ਹੜ੍ਹ ਨੂੰ ਰੋਕਣ ਲਈ ਮਜ਼ਬੂਤ ਨੀਤੀ ਬਣਾਉਂਦੀ ? ਇੰਝ ਸਮਝ ਆਉਂਦਾ ਹੈ ਕਿ ਸਰਕਾਰ ਤੇ ਅਫ਼ਸਰਸ਼ਾਹੀ ਡੰਗ ਟਪਾਊ ਹੀ ਨੀਤੀ ਬਣਾਉਂਦੇ ਹਨ। ਹੜ੍ਹ ਕੁਦਰਤੀ ਆਫਤਾਂ ਵਿਚੋਂ ਇੱਕ ਹੈ ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਬਹੁਤ ਵੱਡੀ ਪੱਧਰ ‘ਤੇ ਹੁੰਦਾ ਹੈ। ਫਸਲਾਂ ਤਬਾਹ ਹੋ ਜਾਂਦੀਆਂ ਹਨ, ਨਵੀਆਂ ਨਵੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ। ਕੀ ਸਰਕਾਰ ਅਗਾਉਂ ਨੀਤੀ ਬਣਾਉਣ ਵਿੱਚ ਫੇਲ੍ਹ ਹੈ?

2. ਹੜ੍ਹਾਂ ਵਾਲਾ ਮਹਿਕਮਾ ਜੁਆਬ ਦੇਹ ਹੋਵੇ-
ਹੜ੍ਹਾਂ ਦੀ ਸਥਿੱਤੀ ਨਾਲ ਨਜਿੱਠਣ ਲਈ ਮਹਿਕਮੇ ਨੂੰ ਜੁਆਬ ਦੇਹ ਬਣਾਉਣ ਦੀ ਲੋੜ ਹੈ। ਸਾਰਾ ਸਾਲ ਮਹਿਕਮਾ ਸੁਤਾ ਰਹਿੰਦਾ ਹੈ ਅਖਬਾਰਾਂ ਵਿੱਚ ਬਿਆਨ ਆਉਂਦੇ ਹਨ ਜੀ ਅਸੀਂ ਇਸ ਵਾਰੀ ਬਹੁਤ ਪੁਖਤਾ ਪ੍ਰਬੰਧ ਕੀਤੇ ਹਨ ਜਦ ਕਿ ਮੌਕਾ ਆਉਣ ‘ਤੇ ਸਰਕਾਰ ਵਲੋਂ ਕੋਈ ਵੀ ਤਿਆਰੀ ਨਜ਼ਰ ਨਹੀਂ ਆਉਂਦੀ।

3. ਪਾਣੀ ਦੇ ਕੁਦਰਤੀ ਵਹਿਣਾਂ-
ਦਰਿਆਵਾਂ ਦੇ ਕੁਦਰਤੀ ਵਹਿਣ ਦੀ ਨਿਸ਼ਾਨ ਦੇਹੀ ਕਰਕੇ ਉਹ ਥਾਂ ਖਾਲੀ ਕਰਾਏ ਜਾਣੇ। ਵਾਤਾਵਰਨ ਨੂੰ ਮੁਖ ਰੱਖਦਿਆਂ ਦਰਿਆਵਾਂ ਦੇ ਕਿਨਾਰਿਆਂ ਜਿਨ੍ਹੀ ਜਗ੍ਹਾਂ ਛੱਡਣੀ ਚਾਹੀਦੀ ਹੈ, ਉਹ ਛੱਡੀ ਜਾਏ।

4. ਸਮੇਂ ਸਮੇਂ ਮਹਿਕਮੇ ਵਲੋਂ ਨਦੀਆਂ ਨਾਲਿਆਂ ਦੀ ਪੂਰੀ ਸਫਾਈ ਕੀਤੀ ਜਾਣੀ ਚਾਹੀਦੀ ਹੈ। ਇੰਝ ਲੱਗਦਾ ਹੈ ਕਿ 1988 ਬਾਅਦ ਸ਼ਾਇਦ ਹੀ ਕਿਸੇ ਬਰਸਾਤੀ ਨਾਲੇ ਵਿਚੋਂ ਘਾਹ ਆਦਿ ਕੱਢਿਆ ਗਿਆ ਹੋਵੇ। ਲੰਮਾ ਸਮਾਂ ਸਫ਼ਾਈ ਨਾ ਕਰਨ ਕਰਕੇ ਪਾਣੀ ਦੇ ਵਹਾ ਵਾਲੇ ਰਸਤੇ ਮਿੱਟੀ ਨਾਲ ਭਰ ਹੋਏ ਹਨ।

5. ਦਰੱਖਤ ਲਗਾਉਣ ਦੀ ਸ਼ੁਰੂਆਤ ਕਰਨੀ-
ਵੱਧ ਤੋਂ ਵੱਧ ਦਰਖੱਤ ਲਗਾਏ ਜਾਣੇ ਚਾਹੀਦੇ ਹਨ। ਨਿਰੇ ਦਰੱਖਤ ਲਗਾਉਣੇ ਹੀ ਨਹੀਂ ਚਾਹੀਦੇ ਸਗੋਂ ਜਿੰਨ੍ਹਾਂ ਚਿਰ ਤੱਕ ਦਰੱਖਤ ਤਿਆਰ ਨਹੀਂ ਹੋ ਜਾਂਦਾ ਓਨਾਂ ਚਿਰ ਉਸ ਦੀ ਪੂਰੀ ਸੰਭਾਲ ਹੋਣੀ ਚਾਹੀਦੀ ਹੈ। ਸਰਕਾਰੀ ਦਰੱਖਤ ਕੱਟਣ ਵਾਲੇ ‘ਤੇ ਪੂਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਜੇ ਕੱਟਣ ਵਾਲੇ ਹੀ ਮੰਤਰੀ ਸੰਤਰੀ ਹੋਣ ਤਾਂ ਕਾਰਵਾਈ ਕਿਹਦੇ ‘ਤੇ ਹੋਵੇਗੀ?

6. ਡੈਮਾਂ ਦਾ ਪ੍ਰਬੰਧ-
ਭਾਖੜਾ ਡੈਮ ‘ਤੇ ਪੰਜਾਬ ਨੂੰ ਆਪਣਾ ਹੱਕ ਜਿਤਾ ਕੇ ਆਪਣੇ ਇੰਜਨੀਅਰਾਂ ਦੀ ਟੀਮ ਬਿਠਾਉਣੀ ਚਾਹੀਦੀ ਹੈ। ਮੌਸਮ ਵਿਭਾਗ ਨੂੰ ਜੁਆਬ ਦੇਹੀ ਬਣਾ ਕਿ ਪਾਣੀ ਦੇ ਨਿਕਾਸ ਲਈ ਸਮੇਂ ਸਮੇਂ ਪ੍ਰਬੰਧ ਹੋਣੇ ਚਾਹੀਦੇ ਹਨ।

 

7. ਧੁਸੀ ਪਰਬੰਧ-
ਧੁਸੀ ਬੰਨ੍ਹ ‘ਤੇ ਪੱਕੀ ਸੜਕ ਬਣਨੀ ਚਾਹੀਦੀ ਹੈ।

8. ਸਰਕਾਰੀ ਤੰਤਰ-
ਹੜ੍ਹ ਆਉਣ ਦੀ ਸੂਰਤ ਵਿੱਚ ਪ੍ਰਸਾਸ਼ਨ ਨੂੰ ਹੜ੍ਹਾਂ ਤੋਂ ਪ੍ਰਭਾਵਤ ਇਲਾਕਿਆਂ ਨੂੰ ਪਹਿਲਾਂ ਸੂਚਿਤ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਪਸ਼ੂਆਂ ਤੇ ਮਨੁਖਾਂ ਲਈ ਰਹਿਣ ਤੇ ਖਾਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

ਨਵੀਆਂ ਸਮੱਸਿਆਵਾਂ ਦੇ ਢੁਕਵੇਂ ਹੱਲ ਕਰਨੇ-
ਕੁਝ ਥਾਵਾਂ ‘ਤੇ ਹੜ੍ਹਾਂ ਨੇ ਪੂਰੀ ਤਬਾਹੀ ਮਚਾਈ ਹੈ। ਵਰਤਮਾਨ ਯੁਗ ਵਿੱਚ ਮੀਡੀਏ ਰਾਹੀਂ ਬਹੁਤ ਸਾਰੀਆਂ ਤਸਵੀਰਾਂ ਦੇਖੀਆਂ ਗਈਆਂ ਹਨ।

1. ਸਭ ਤੋਂ ਪਹਿਲਾ ਕੰਮ ਹੈ ਹੜ੍ਹਾਂ ਤੋਂ ਮਗਰੋਂ ਬਿਮਾਰੀਆਂ ਫੈਲਣ ਦੇ ਡਰ ਨੂੰ ਮੁਖ ਰੱਖਦਿਆਂ ਮੈਡੀਕਲ ਟੀਮਾਂ ਬਣਾ ਕੇ ਤਰਤੀਬ ਨਾਲ ਕੰਮ ਕੀਤਾ ਜਾਏ।

2. ਮਰੇ ਪਸ਼ੂਆਂ, ਕੁਕੜੀਆਂ ਤੇ ਹੋਰ ਜਾਨਵਰਾਂ ਨੂੰ ਜ਼ਮੀਨ ਵਿੱਚ ਦੱਬ ਕੇ ਉਨ੍ਹਾਂ ਦੀ ਸੰਭਾਲ ਕੀਤੀ ਜਾਏ ਨਹੀਂ ਤਾਂ ਬਿਮਾਰੀਆਂ ਹੋਰ ਫੈਲਣਗੀਆਂ।

3. ਅੱਗੇ ਸਿਆਲੀ ਰੁਤ ਆ ਰਹੀ ਹੈ, ਜਿੰਨ੍ਹਾਂ ਕੋਲ ਮਕਾਨ ਨਹੀਂ ਰਹੇ ਉਨ੍ਹਾਂ ਦਾ ਤੁਰੰਤ ਪ੍ਰਬੰਧ ਕੀਤਾ ਜਾਏ ਤੰਬੂ ਤਰਪਾਲਾਂ ਆਦਿ ਦਿੱਤੀਆਂ ਜਾਣ। ਜਿੰਨ੍ਹਾਂ ਕੋਲ ਕੁਝ ਵੀ ਨਹੀਂ ਬਚਿਆ ਉਨ੍ਹਾਂ ਨੂੰ ਤੁਰੰਤ ਮੁਢਲੀਆਂ ਸਹੂਲਤਾਂ ਦਿੱਤੀਆਂ ਜਾਣ

4. ਜਿੰਨਾਂ ਬੱਚਿਆਂ ਦੀਆਂ ਪਸਤਕਾਂ ਰੁੜ ਗਈਆਂ ਹਨ ਉੇਨ੍ਹਾਂ ਨੂੰ ਪੁਸਤਕਾਂ ਆਦਿ ਲੈ ਕੇ ਦਿੱਤੀਆਂ ਜਾਣ।

5. ਪਹਿਲ ਦੇ ਅਧਾਰ ‘ਤੇ ਪਿੰਡਾਂ ਦੀ ਸ਼ਨਾਖਤ ਕਰਕੇ ਜ਼ਿਆਦਾ ਜ਼ਰੂਰਤ ਮੰਦਾਂ ਦੀ ਪਹਿਲਾਂ ਸੰਭਾਲ ਕੀਤੀ ਜਾਏ।

6. ਜਿੰਨ੍ਹਾਂ ਕਿਰਸਾਨਾਂ ਦੀਆਂ ਜ਼ਮੀਨਾਂ ਰੇਤੇ-ਗਾਰ ਨਾਲ ਭਰ ਗਈਆਂ ਹਨ ਉਨ੍ਹਾਂ ਨੂੰ ਫਸਲਾਂ ਬੀਜਣ ਦੇ ਕਾਬਲ ਕੀਤਾ ਜਾਏ।

7. ਜਿਨ੍ਹਾਂ ਕਿਰਸਾਨਾਂ ਦੇ ਬੋਰਾਂ ਵਿੱਚ ਗਾਰ ਬੈਠ ਗਈ ਹੈ ਉਨ੍ਹਾਂ ਦਾ ਪਰਬੰਧ ਕੀਤਾ ਜਾਏ।

8. ਅਗਲੀ ਫਸਲ ਬੀਜਣ ਲਈ ਕਿਰਸਨਾਂ ਨੂੰ ਮੁਫਤ ਬੀਜ ਤੇ ਖਾਦ ਮਹੱਈਆ ਕਰਾਈ ਜਾਏ।

9. ਜਿਹੜੇ ਕੇਵਲ ਦੁਧ ਵੇਚ ਕੇ ਗੁਜ਼ਾਰਾ ਕਰਦੇ ਸਨ ਉਨ੍ਹਾਂ ਨੂੰ ਪਸ਼ੂ ਲੈ ਕੇ ਤੁਰੰਤ ਦਿੱਤੇ ਜਾਣ ਤਾਂ ਕਿ ਆਪਣੀ ਜ਼ਿੰਦਗੀ ਨੂੰ ਲੀਹ ‘ਤੇ ਪਾ ਸਕਣ।

10. ਸੜਕਾਂ, ਪੁਲ਼ਾਂ ਦੀ ਜੰਗੀ ਪੱਧਰ ‘ਤੇ ਮੁਰੰਮਤ ਕਰਾਈ ਜਾਏ।

11. ਮੁੜ ਵਸੇਬੇ ਲਈ ਨਿਰਪੱਖਤਾ ਨਾਲ ਕੰਮ ਕੀਤਾ ਜਾਏ।

12. ਜਿੰਨ੍ਹਾਂ ਕਿਸ਼ਤਾਂ ਦੇਣੀਆਂ ਹਨ ਉਨ੍ਹਾਂ ਦੀਆਂ ਕਿਸ਼ਤਾਂ ਮੁਆਫ ਕੀਤੀਆਂ ਜਾਣ।

 

13. ਸਰਕਾਰ ਤੁਰੰਤ ਪ੍ਰਭਾਵ ਨਾਲ ਨੁਕਸਾਨ ਦੇ ਅੰਕੜੇ ਕੁਝ ਹੀ ਦਿਨਾਂ ਵਿੱਚ ਦੇਣ ਦਾ ਪ੍ਰਬੰਧ ਕਰੇ।

14. ਪੰਜਾਬ ਦੇ ਸਾਰੇ ਐਮ. ਪੀ. ਪਾਰਟੀ ਸਮੱਸਿਆ ਤੋਂ ਉਪਰ ਉੱਠ ਕੇ ਪ੍ਰਧਾਨ ਮੰਤਰੀ ਕੋਲੋਂ ਪੰਜਾਬ ਲਈ ਵਿਸ਼ੇਸ਼ ਪੈਕਜ਼ ਦੀ ਮੰਗ ਕਰਨ।

15. ਪੰਜਾਬ ਸਰਕਾਰ ਦਿੱਲ਼ੀ ਵਾਲੀ ਟੀਮ ਤੋਂ ਮੁਆਫੀ ਮੰਗ ਕੇ ਪੰਜਾਬ ਦੇ ਪੁਤ ਬਣ ਕੇ ਪੰਜਾਬ ਦੇ ਭਲੇ ਲਈ ਸੋਚਣ।

16. ਅਜਿਹੇ ਸਮੇਂ ਨਹਿਰੀ ਵਿਭਾਗ ਵਿਚੋਂ ਸੇਵਾ ਮੁਕਤ ਹੋਏ ਸਿਆਣੇ ਅਫ਼ਸਰਾਂ ਦੀ ਟੀਮ ਬਣਾ ਕੇ ਨਵੇਂ ਸਿਰੇ ਤੋਂ ਪੰਜਾਬ ਲਈ ਨੀਤੀ ਬਣਵਾਈ ਜਾਏ।

ਪੰਜਾਬ ਸਰਕਾਰ
ਪੰਜਾਬ ਨੂੰ ਨਿੱਤ ਨਵੀਆਂ ਲੜਾਈਆਂ ਲੜਨੀਆਂ ਪੈ ਰਹੀਆਂ ਹਨ। ਲੰਮੇਰਾ ਸਮਾਂ ਕੇਂਦਰ ਵਿੱਚ ਕਾਂਗਰਸ ਸਰਕਾਰ ਰਹੀ ਕਾਂਗਰਸ ਨੈਸ਼ਨਲ ਪਾਰਟੀ ਹੋਣ ਕਰਕੇ ਹਮੇਸ਼ਾਂ ਪੰਜਾਬ ਦਾ ਪੱਤਾ ਵਰਤ ਕੇ ਦੂਜੇ ਰਾਜਾਂ ਵਿੱਚ ਕਾਂਗਰਸੀਏ ਆਪਣੀਆਂ ਸਰਕਾਰਾਂ ਬਣਾਉਂਦੇ ਰਹੇ ਹਨ। ਭਾਰਤੀ ਜਨਤਾ ਪਾਰਟੀ ਵੀ ਏਸੇ ਰਾਹ ਤੁਰੀ ਹੋਈ ਹੈ ਇਹ ਕੇਂਦਰ ਵਿੱਚ ਤੀਜੀ ਵਾਰੀ ਰਾਜ ਭਾਗ ਦੀ ਮਾਲਕ ਬਣੀ ਹੈ ਪਰ ਪੰਜਾਬ ਲਈ ਉਨ੍ਹਾਂ ਕੋਲ ਨੀਤੀ ਨਹੀਂ ਹੈ। ਸਭ ਤੋਂ ਮਾੜੀ ਗੱਲ ਕਿ ਪੰਜਾਬੀ ਚਿਹਰੇ ਭਾਰਤੀ ਜਨਤੀ ਪਾਰਟੀ ਵਿੱਚ ਹੁੰਦੇ ਹੋਏ ਵੋਟਾਂ ਤਾਂ ਜ਼ਰੂਰ ਮੰਗਦੇ ਹਨ ਪਰ ਪੰਜਾਬ ਦੀਆਂ ਮੰਗਾਂ ਵਾਰੀ ਮੂੰਹ ਵਿੱਚ ਘੁੰਙਣੀਆਂ ਪਾ ਲੈਂਦੇ ਹਨ। ਹੁਣ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਪੰਜਾਬ ਦੇ ਭਲੇ ਲਈ ਸੋਚਣ ਵਾਲਾ ਕੋਈ ਕਦਾਵਰ ਨੇਤਾ ਨਹੀਂ ਰਿਹਾ ਹੈ।

 

ਕਾਂਗਰਸੀਏ ਤੇ ਅਕਾਲੀ ਦਲ ਵਲੋਂ ਮੂੰਹ ਮੋੜਦਿਆਂ ਆਪਣੇ ਆਪ ਪੰਜਾਬੀਆਂ ਨੇ ਆਪ ਅਦਮੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ। ਆਮ ਆਦਮੀ ਪਾਰਟੀ ਦਾ ਬੇੜਾ ਬਹਿਜੇ ਇਸ ਕੋਲ ਪੰਜਾਬ ਨੂੰ ਸਵਾਏ ਲੁਟਣ ਦੇ ਹੋਰ ਸਕੀਮ ਹੀ ਕੋਈ ਨਹੀ ਬਚੀ। ਆਮ ਆਦਮੀ ਪਾਰਟੀ ਨੇ ਬਿਆਨਾਂ ਤੋਂ ਬਿਨਾਂ ਕੱਖ ਨਹੀਂ ਕੀਤਾ।

ਸਮਾਜ ਸੇਵੀ ਜੱਥੇਬੰਦੀਆਂ ਦਾ ਬਹੁਤ ਵੱਡਾ ਯੋਗਾਦਾਨ ਹੈ-
ਜਦੋਂ ਕਿਤੇ ਕੁਦਰਤੀ ਆਫਤ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸਿੱਖ ਕੌਮ ਪਹੁੰਚਦੀ ਹੈ। ਇਹ ਗੁਰੂ ਦੇ ਲਾਲ ਮੌਤ ਨੂੰ ਮਖੌਲਾਂ ਕਰਦੇ ਡੂੰਘੇ ਪਾਣੀਆਂ ਵਿੱਚ ਸਿਰ ਧੜ ਦੀ ਬਾਜ਼ੀ ਲਾ ਦਿੰਦੇ ਹਨ। ਨਿਰਸੰਦੇਹ ਸਮਾਜ ਸੇਵੀ ਜੱਥੇਬੰਦੀਆਂ ਨੇ ਜਾਨ ਹੀਲ ਕੇ ਹੜ੍ਹਾਂ ਦੀ ਆਫ਼ਤ ਦਾ ਮੋਰਚਾ ਸੰਭਾਲਿਆ ਹੋਇਆ ਹੈ। ਸਮਾਜ ਸੇਵੀ ਜੱਥੇਬੰਦੀਆਂ ਨੂੰ ਜ਼ਰੂਰ ਇੱਕ ਤਰਤੀਬ ਵਿੱਚ ਬੱਝਣਾ ਚਾਹੀਦਾ ਹੈ ਤਾਂ ਕਿ ਤੁਹਾਡੀ ਵਲੋਂ ਕੀਤੀ ਮਦਦ ਸਹੀ ਜਗ੍ਹਾ ਪਹੁੰਚ ਸਕੇ।

ਅਜੇਹੇ ਸਮੇਂ ਸਮਾਜ ਵਿਰੋਧੀ ਅੰਸਰ ਵੀ ਗਰਮ ਹੋ ਜਾਂਦੇ ਹਨ।

ਦੇਖਣ ਵਿੱਚ ਆਇਆ ਹੈ ਕਿ ਮੁਸੀਬਤ ਵਿੱਚ ਫਸੇ ਲੋਕ ਸਬਰ ਸੰਤੋਖ ਵਿੱਚ ਬੈਠੇ ਹੋਏ ਹਨ। ਪਰ ਹੋਰ ਪਿੰਡਾਂ ਵਿਚੋਂ ਆ ਕੇ ਸੜਕਾਂ ਦੇ ਦੋਹਾਂ ਕਿਨਾਰਿਆਂ ‘ਤੇ ਵਾਧੂ ਦੇ ਲੋਕ ਬੈਠ ਜਾਂਦੇ ਹਨ ਜਿਹੜੇ ਇਹ ਕਹਿੰਦੇ ਹਨ ਜੀ ਸਾਡਾ ਬਹੁਤ ਨੁਕਸਾਨ ਹੋਇਆ ਹੈ। ਇਹ ਪ੍ਰਸਾਸ਼ਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਜੇਹੇ ਲੋਕਾਂ ‘ਤੇ ਕਾਨੂੰਨੀ ਸਕੰਜਾ ਕੱਸਿਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਟੀਮ ਬਣਾਈ ਜਾਏ ਜੋ ਅਕਸਰ ਅਜਿਹੇ ਵਾਧੂ ਦੇ ਲੋਕਾਂ ‘ਤੇ ਨਜ਼ਰ ਰੱਖੇ।

ਅੱਜ ਪੰਜਾਬ ਦੇ ਮੁਖ ਮੰਤਰੀ ਨੇ ਕੁਝ ਐਲਾਨ ਤਾਂ ਜ਼ਰੂਰ ਕੀਤੇ ਹਨ।

ਖਾਲਸਾ ਏਡ, ਯੂਨਾਈਟਿਡ ਸਿੱਖ ਤੇ ਗਲੋਬ ਸਿੱਖ ਅਤੇ ਹੋਰ ਬਹੁਤ ਸਾਰੀਆਂ ਨਿਸ਼ਕਾਮ ਸੇਵਕ ਜੱਥੇਬੰਦੀਆਂ ਸੇਵਾਵਾਂ ਨਿਭਾਅ ਰਹੀਆਂ ਹਨ ਇਨ੍ਹਾਂ ਸਾਰਿਆਂ ਨੂੰ ਇੱਕ ਕੇਂਦਰੀ ਪੂਲ ਬਣਾ ਕੇ ਸਾਂਝੇ ਤੌਰ ‘ਤੇ ਹਰੇਕ ਪ੍ਰਵਾਰ ਕੋਲ ਮਦਦ ਪਹੁੰਚਣੀ ਚਾਹੀਦੀ ਹੈ। ਪਾਰਦਰਸ਼ਤਾ ਜ਼ਰੂਰੀ ਹੋਣੀ ਚਾਹੀਦੀ ਹੈ।

ਜਿਉਂਦੀ ਰਹਿ ਧੀਏ!

ਧਰਤੀ ਦੀ ਧੀ-ਸਾਕਸ਼ੀ ਸਾਹਨੀ – ਵਰਿਆਮ ਸਿੰਘ ਸੰਧੂ
ਪੰਜਾਬ ਪਾਣੀ ਵਿੱਚ ਡੁਬਿਆ ਪਿਆ ਹੈ। ਧਰਤੀ ਦੇ ਪੁਤਰ ਲੋੜੀਂਦੇ ਸਮਾਨ ਤੇ ਰਾਸ਼ਨ ਦੀਆਂ ਟਰਾਲੀਆਂ ਭਰ ਕੇ ਜੈਕਾਰੇ ਬੁਲਾਉਂਦੇ, ਡੁਬੇ ਪੰਜਾਬ ਦੀ ਬਾਂਹ ਫੜਨ ਲਈ ਦਿਨ-ਰਾਤ ਜੂਝ ਰਹੇ ਨੇ।

ਪਰ ਮੈਂ ਏਥੇ ਧਰਤੀ ਦੀ ਧੀ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਬੀਬੀ ਸਾਕਸ਼ੀ ਸਾਹਨੀ ਦੀ ਗੱਲ ਕਰਨੀ ਹੈ।

ਮੈਂ ਕੌਣ ਹਾਂ! ਉਹਦੀ ਗੱਲ ਤਾਂ, ਡੁਲ੍ਹ ਡੁਲ੍ਹ ਪੈਂਦੀ ਮੁਹੱਬਤ ਨਾਲ, ਹਰ ਇੱਕ ਪੰਜਾਬੀ ਕਰ ਰਿਹਾ ਹੈ।

ਉਹਦੀ ਕਹਾਣੀ ਤਾਂ ਘਰ ਘਰ ਪਾਈ ਜਾ ਰਹੀ ਹੈ। ਅਸਾਂ ਉਹਦੀ ਕਹਾਣੀ ਕੀ ਲਿਖਣੀ ਹੈ!

ਉਹ ਤਾਂ ਖ਼ੁਦ-ਬ-ਖ਼ੁਦ ਪਾਣੀਆਂ ’ਚ ਤੁਰੀ ਫਿਰਦੀ ਕਵਿਤਾ ਹੈ।

ਸਾਕਸ਼ੀ ਸਾਹਨੀ—ਇੱਕ ਨਾਂ ਨਹੀਂ, ਇੱਕ ਜਜ਼ਬਾ ਹੈ।

ਸਾਕਸ਼ੀ ਸਾਹਨੀ—ਨਾਮ ਜਿਵੇਂ ਚਾਨਣ ਦੀ ਲਕੀਰ ਹੋਵੇ!

ਜਿਸ ਨੇ ਅਹੁਦੇ ਨੂੰ ਨਹੀਂ, ਇਨਸਾਨੀਅਤ ਨੂੰ ਨਵੀਂ ਪਛਾਣ ਦਿੱਤੀ ਹੈ। ਪਾਣੀ ‘ਚ ਜਦ ਲੋਕ ਡੁਬ ਰਹੇ ਹਨ, ਸਾਕਸ਼ੀ ਨੇ ਆਪਣੇ ਹੱਥਾਂ ਨਾਲ ਉਮੀਦਾਂ ਦੇ ਚਿਰਾਗ ਬਾਲੇ ਹਨ। ਨਾ ਥਕਾਵਟ, ਨਾ ਡਰ, ਨਾ ਹੌਲੀ ਚਾਲ, ਉਹਦੀ ਸੇਵਾ ਲੋਕਾਂ ਲਈ ਰੱਖਿਆ ਦੀ ਢਾਲ ਬਣ ਗਈ।

ਉਹ ਕਾਲਾ ਰੇਨ ਕੋਟ ਪਹਿਨੀ, ਗੋਡੇ ਗੋਡੇ ਪਾਣੀ ਵਿੱਚ ‘ਛੜੱਪ! ਛੜੱਪ!’ ਆਪਣੀ ਟੀਮ ਦੇ ਅੱਗੇ ਅੱਗੇ ਤੇਜ਼ ਕਦਮੀ ਇੰਝ ਤੁਰੀ ਜਾਂਦੀ ਹੈ, ਜਿਵੇਂ ਕੋਈ ਫੌਜੀ ਜਰਨੈਲ ਆਪਣੀਆਂ ਫੌਜਾਂ ਦੀ ਅਗਵਾਈ ਕਰਦਾ ਜੰਗ ਦੇ ਮੁਹਾਜ ਵੱਲ ਵਧ ਰਿਹਾ ਹੋਵੇ!

ਵੱਡੇ ਟਾਇਰਾਂ ਵਾਲੇ ਟਰੈਕਟਰ ’ਤੇ ਹੜ੍ਹ ਪੀੜਤਾਂ ਨੂੰ ਪਾਣੀ ਵਿੱਚੋਂ ਕੱਢਣ ਲਈ ਪਾਣੀ ਵਿੱਚ ਠਿੱਲ੍ਹਦੀ ਹੈ ਤਾਂ ਉਹ ਲੋਕ-ਧਾਰਨਾ ਚੇਤੇ ਆਉਂਦੀ ਹੈ, ‘ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਆ ਜੋ ਜੀਹਨੇ ਪਾਰ ਲੰਘਣਾ!”

ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪਣੀ ਧੀ ਨੂੰ ਬੇੜੇ ਦੀ ਮਲਾਹ ਬਣਾ ਕੇ ਪਾਣੀ ਵਿੱਚ ਠੇਲ੍ਹ ਦਿੱਤਾ ਹੈ।

ਡੂੰਘੇ ਪਾਣੀਆਂ ਨੂੰ ਚੀਰਦੇ ਜਾਂਦੇ ਟਰੈਕਟਰ ਤੇ ਬੈਠੀ ਸਾਕਸ਼ੀ ਸਾਹਨੀ ਇੰਝ ਲੱਗਦੀ ਹੈ ਜਿਵੇਂ ਮਾਈ ਭਾਗੋ ਦੀ ਨਿੱਕੀ ਭੈਣ ਖ਼ਿਦਰਾਣੇ ਦੀ ਢਾਬ ’ਤੇ ਖੰਡਾ ਖੜਕਾਉਣ ਲਈ ਪਹੁੰਚ ਗਈ ਹੈ।

ਉਹ ਪਾਣੀ ਵਿਚ ਘਿਰੇ ਬਜ਼ੁਰਗ ਕਿਸਾਨ ਨੂੰ ਕਹਿ ਰਹੀ ਹੈ, “ਆ ਜੋ ਨਾ! ਤੁਹਾਡੇ ਘਰ ਨੂੰ ਕੁਝ ਨਹੀਂ ਹੁੰਦਾ! ਤੁਸੀਂ ਨਹੀਂ ਆਉਣਾ ਤਾਂ ਘਰ ਵਿਚ ਜੋ ਔਰਤਾਂ ਨੇ ਉਹਨਾਂ ਨੂੰ ਭੇਜ ਦਿਉ। ਮੈਡੀਸਨ ਚਾਹੀਦੀ ਤਾਂ ਸਾਨੂੰ ਦੱਸੋ।”

ਬਜ਼ੁਰਗ ਉਹਦੀ ਪੇਸ਼ਕਸ਼ ਨੂੰ ਬੇਧਿਆਨਾ ਕਰ ਕੇ ਕਹਿੰਦਾ ਹੈ, “ਮੈਂ ਇਹੋ ਜਿਹੀ ਔਰਤ ਵੇਖੀ ਹੀ ਨਹੀਂ ਅੱਜ ਤੱਕ!”

ਹਰੇਕ ਪੰਜਾਬੀ ਉਸ ਬਜ਼ੁਰਗ ਕਿਸਾਨ ਨਾਲ ਮਿਲ ਕੇ ਉਹਦੇ ਸਿਰ ’ਤੇ ਬਾਬਲ ਵਾਲਾ ਹੱਥ ਧਰਨਾ ਲੋਚਦਾ ਹੈ।

ਸਾਕਸ਼ੀ ਬਜ਼ੁਰਗ ਔਰਤ ਨੂੰ ਪਾਣੀ ਦਾ ਡੱਬਾ ਤੇ ਬਲੱਡ ਪ੍ਰੈਸ਼ਰ ਦੀ ਦਵਾਈ ਫੜਾਉਣ ਲੱਗਦੀ ਹੈ ਤਾਂ ਬਜ਼ੁਰਗ਼ ਮਾਂ ਉਹਨੂੰ ਛਾਤੀ ਨਾਲ ਘੁਟ ਲੈਂਦੀ ਹੈ। ਇੰਝ ਲੱਗਦਾ ਹੈ ਜਿਵੇਂ ਧਰਤੀ ਨੇ ਆਪਣੀ ਧੀ ਨੂੰ ਗਲਵੱਕੜੀ ਵਿੱਚ ਘੁਟ ਲਿਆ ਹੋਵੇ।

ਮੈਂ ਪਾਣੀ ਭਰੀਆਂ ਅੱਖਾਂ ਨਾਲ ਦੋਵਾਂ ਮਾਵਾਂ-ਧੀਆਂ ਦੁਆਲੇ ਆਪਣੀਆਂ ਬਾਹਵਾਂ ਵਲ਼ ਕੇ ਉਹਨਾਂ ਨੂੰ ਆਪਣੀ ਗਲਵੱਕੜੀ ਵਿੱਚ ਕੱਸ ਲੈਂਦਾ ਹਾਂ।

ਉਹਨਾਂ ਪਲਾਂ ਨੂੰ ਯਾਦ ਕਰਦਿਆਂ ਸਾਕਸ਼ੀ ਕਹਿੰਦੀ ਹੈ, “ਉਹਨਾਂ ਦੀ ਗਲਵੱਕੜੀ ਵਿਚਲਾ ਪਿਆਰ ਮੈਨੂੰ ਸਦਾ ਯਾਦ ਰਹੇਗਾ!”

ਸਾਕਸ਼ੀ ਧੀਏ! ਤੇਰਾ ਸਪਰਪਣ ਵੀ ਲੋਕਾਂ ਨੂੰ ਸਦਾ ਯਾਦ ਰਹੇਗਾ।

ਸਾਕਸ਼ੀ ਕਿਸੇ ਸਰਕਾਰ ਜਾਂ ਪਾਰਟੀ ਦੀ ਨੁਮਾਇੰਦਾ ਨਾ ਹੋ ਕੇ ਬੰਦੇ ਅੰਦਰਲੀ ਇਨਸਾਨੀਅਤ ਦੀ ਪ੍ਰਤੀਨਿਧ ਬਣ ਕੇ ਲੋਕਾਂ ਦੀ ਮੁਹੱਬਤ ਦੀ ਪਾਤਰ ਬਣੀ ਹੈ। ਜਦ ਦਫ਼ਤਰਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਨੇ, ਉਹ ਰਾਤਾਂ ਨੂੰ ਵੀ ਮੈਦਾਨ ‘ਚ, ਲੋਕਾਂ ਦੀ ਖਾਤਰ ਖੜੀ ਰਹੀ। ਸਿਰਫ਼ ਅਹੁਦੇ ਦਾ ਨਹੀਂ, ਇਨਸਾਨੀ ਬੁਲੰਦੀ ਦਾ ਜਲੌਅ ਬਣ ਕੇ ਲਿਸ਼ਕੀ।

ਉਸ ਨੇ ਔਰਤ ਹੋਣ ਦੇ ਮਾਪਦੰਡ ਨੂੰ ਨਵਾਂ ਰੂਪ ਦਿੱਤਾ। ਅਫ਼ਸਰ ਬਣ ਕੇ ਨਹੀਂ। ਇੱਕ ਮਾਂ ਵਾਂਗ, ਵੱਡੀ/ਛੋਟੀ ਭੈਣ ਵਾਂਗ ਲੋਕਾਂ ਨੂੰ ਸੰਭਾਲਿਆ, ਪਿਆਰ ਦਿੱਤਾ। ਉਹ ਸਿਰਫ਼ ਇੱਕ ਨਾਂ ਨਹੀਂ, ਇੱਕ ਪ੍ਰੇਰਣਾ ਦੀ ਲਹਿਰ ਬਣ ਕੇ ਛਲਕੀ ਹੈ।

ਉਹ ਸਿਰਫ਼ ਇੱਕ ਅਧਿਕਾਰੀ ਨਹੀਂ,
ਸਮਾਜ ਦੀ ਧੜਕਣ, ਲੋਕਾਂ ਦੀ ਆਸ ਹੈ।
ਲੱਖਾਂ ਹੱਥ ਉਹਦੇ ਸਿਰ ’ਤੇ ਪਿਆਰ ਦੇਣ ਲਈ ਉੱਲਰ ਆਏ ਹਨ।
ਜੁਗ ਜੁਗ ਜੀਵੇ ਸਾਡੀ ਰਾਣੀ ਧੀ, ‘ਧਰਤੀ ਦੀ ਧੀ’!
ਅਜਿਹੀਆਂ ਧੀਆਂ ਘਰ ਘਰ ਵਿਚ ਜੰਮਣ।
ਵਰਿਆਮ ਸਿੰਘ ਸੰਧੂ