ਗੁਰਮਤਿ ਗਿਆਨ ਮਿਸ਼ਨਰੀ ਕਾਲਜ
Gurmat Gian Missionary College

ਗੁਰਮਤਿ ਗਿਆਨ ਮਿਸ਼ਨਰੀ ਕਾਲਜ Gurmat Gian Missionary College

ਗੁਰਮਤਿ ਗਿਆਨ ਮਿਸ਼ਨਰੀ ਕਾਲਜ
Gurmat Gian Missionary College

ਪ੍ਰਿੰ: ਗੁਰਬਚਨ ਸਿੰਘ

99155-29725

ਗੁਰੂ ਰਾਮਦਾਸ ਜੀ ਦੀ ਸਮਾਜ ਨੂੰ ਦੇਣ

ਗੁਰੂ ਰਾਮਦਾਸ ਜੀ ਦਾ ਮੁੱਢਲਾ ਜੀਵਨ ਬਹੁਤ ਸੰਘਰਸ਼ ਪੂਰਵਕ ਰਿਹਾ ਹੈ। ਛੋਟੀ ੳਮਰ ਵਿਚ ਯਤੀਮ ਹੋ ਜਾਣ ‘ਤੇ ਨਾਨੀ ਵਲੋਂ ਬਾਲਕ ਜੇਠੇ ਦੀ ਪਾਲਣਾ ਕੀਤੀ। ਲਾਹੌਰ ਸ਼ਹਿਰ ਦੀ ਚੂਨਾ ਮੰਡੀ ਵਿਚ ਭਾਈ ਜੇਠਾ ਜੀ ਦਾ ਜਨਮ ਹੋਇਆ। ਚੂਨਾ ਮੰਡੀ ਹੀਰਿਆਂ ਦੇ ਵਪਾਰ ਕਰਕੇ ਪ੍ਰਸਿੱਧ ਸੀ। ਜਨਮ ਭੌਂਇ ਛੱਡਣ ਨੂੰ ਕਿਸੇ ਦਾ ਵੀ ਦਿੱਲ ਨਹੀਂ ਕਰਦਾ ਪਰ ਭਾਈ ਜੇਠਾ ਜੀ ਦੀ ਇਕੱਲਤਾ ਦੇਖਦਿਆਂ ਮਾਂ ਨਾਨੀ ਆਪਣੇ ਪਾਸ ਹੀ ਬਾਸਰਕੇ ਲੈ ਆਈ।
ਗੁਰੂ ਰਾਮਦਾਸ ਜੀ ਨੂੰ ਬਚਪਨ ਵਿਚ ਹੀ ਜ਼ਿੰਦਗੀ ਨਾਲ ਜੂਝਣ ਦੀ ਜਾਚ ਆ ਗਈ ਸੀ। ਆਰਥਿਕ ਮਜ਼ਬੂਰੀਆਂ ਹੁੰਦਿਆਂ ਵੀ ਉਹਨਾਂ ਪ੍ਰਚੱਲਤ ਵਿਦਿਆ ਹਾਸਲ ਕੀਤੀ। ਗੋਇੰਦਵਾਲ ਦੀ ਧਰਤੀ ‘ਤੇ ਰਹਿੰਦਿਆਂ, ਗੁਰੂ ਨਾਨਕ ਸਾਹਿਬ ਦਾ ਫਲਸਫਾ, ਹਿੰਦੂ ਸੰਸਕ੍ਰਿਤੀ ਦੇ ਗ੍ਰੰਥਾਂ ਨੂੰ ਵਾਚਣਾ, ਇਸਲਾਮ ਮੱਤ ਦਾ ਅਧਿਐਨ, ਸਿਆਸਤ ਦੀਆਂ ਬਰੀਕੀਆਂ, ਪ੍ਰਬੰਧਕੀ ਗੁਣ, ਸ਼ਹਿਰ ਦੀ ਵਿਉਂਤ ਬੰਦੀ, ਕਿਰਸਾਨੀ ਨੂੰ ਸੰਭਾਲਣਾ, ਕ੍ਰਿਤੀਆਂ ਦੀ ਕਿਰਤ ਨੂੰ ਅੰਤਰ ਰਾਸ਼ਟਰੀ ਪੱਧਰ ’ਤੇ ਪਹੁੰਚਾਣਾ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਸਾਰੇ ਗੁਣ ਸਿੱਖੇ। ਗੁਰੂ ਰਾਮਦਾਸ ਜੀ ਨੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਇਹ ਫਲਸਫਾ ਦਿੱਤਾ ਕਿ ਸਤਿਗੁਰੂ ਦਾ ਸਿਧਾਂਤ ਕਿਸੇ ਦਾ ਵੀ ਬੁਰਾ ਨਹੀਂ ਮਨਾਉਂਦਾ, ਸਗੋਂ ਸਰਬੱਤ ਦਾ ਭਲਾ ਮੰਗਦਾ ਹੈ- ਜਿਹਾ ਕਿ ਗੁਰਬਾਣੀ ਵਾਕ ਹੈ-

ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ ॥
ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ ॥ (302)

ਗੁਰੂ ਰਾਮਦਾਸ ਜੀ ਨੇ ਜ਼ਿੰਦਗੀ ਦੀ ਹਕੀਕਤ ਬਿਆਨ ਕਰਦਿਆਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਜਿਹੜੇ ਮਨੁੱਖ ਦੇ ਮਨ ਵਿਚ ਹੰਕਾਰ ਭਰਿਆ ਹੋਇਆ ਹੈ, ਉਹ ਭਾਵੇਂ ਕਿਸੇ ਵੀ ਜਾਤ ਬਰਾਦਰੀ ਦਾ ਹੋਵੇ, ਉਹ ਆਪਣੇ ਜੀਵਨ ਵਿੱਚ ਕੁਝ ਵੀ ਨਹੀਂ ਸਿੱਖ ਸਕਦਾ। ਜੇ ਕਿਤੇ ਅਜਿਹੇ ਮਨੁੱਖ ਗੁਰੂ ਦੇ ਕੋਲ ਆ ਵੀ ਜਾਣ ਤਾਂ ਹਮੇਸ਼ਾਂ ਸਮਾਂ ਪਾਸ ਕਰਦੇ ਹਨ। ਕੁਝ ਹਾਸਲ ਕਰਨ ਲਈ ਆਪਣੇ ਮਨ ਵਿਚੋਂ ਹੰਕਾਰ ਨੂੰ ਮਾਰਨਾ ਪੈਣਾ ਹੈ-

ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥
ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ ॥
ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ ॥ (314) )

ਜ਼ਿੰਦਗੀ ਦੀ ਕੌੜੀ ਸਚਾਈ ਦਸਦਿਆਂ ਕਹਿਆ ਹੈ ਕਿ ਜਿਹੜਾ ਮਨੁੱਖ ਆਪਣੇ ਆਪ ਨੂੰ ਕਾਇਦੇ ਕਾਨੂੰਨ ਵਿਚ ਨਹੀਂ ਲਿਆਉਂਦਾ ਉਹ ਕੁਝ ਨਹੀਂ ਸਿੱਖ ਸਕਦਾ। ਆਪਣੀ ਮਰਜ਼ੀ ਕਰਨ ਵਾਲਾ ਮਨੁੱਖ ਆਪਣੀ ਹੀ ਤਰੱਕੀ ਦੇ ਰਾਹ ਰੋਕ ਲੈਂਦਾ ਹੈ- ਜਿਹਾ ਕਿ ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ—

ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥
ਓਸੁ ਅੰਦਰਿ ਕੂੜੁ ਕੂੜੋ ਕਰਿ ਬੁਝੈ ਅਣਹੋਦੇ ਝਗੜੇ ਦਯਿ ਓਸ ਦੈ ਗਲਿ ਪਾਇਆ ॥ (303)

ਸਮਾਜ ਦੇ ਉਸ ਵਰਤਾਰੇ ਸਬੰਧੀ ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਕੁਝ ਲੋਕ ਆਪਣਾ ਸੁਭਾਅ ਨਹੀਂ ਬਦਲਦੇ ਪਰ ਲੋਕ ਦਿਖਾਵੇ ਲਈ ਧਾਰਮਿਕ ਅਸਥਾਨਾਂ ‘ਤੇ ਜ਼ਰੂਰ ਜਾਂਦੇ ਹਨ। ਜਿਸ ਤਰ੍ਹਾਂ ਕੋਈ ਵਿਦਿਆਰਥੀ ਸਕੂਲ ਕਾਲਜ ਵਿੱਚ ਤਾਂ ਜਾਂਦਾ ਹੈ ਪਰ ਅਧਿਆਪਕ ਦਾ ਕਹਿਆ ਨਹੀਂ ਮੰਨਦਾ, ਸਗੋਂ ਆਪਣੀ ਮਰਜ਼ੀ ਹੀ ਕਰਦਾ ਹੈ। ਅਜੇਹਾ ਸਿੱਖਿਆਰਥੀ ਯੋਗ ਵਿਦਿਆ ਹਾਸਲ ਨਹੀਂ ਕਰ ਸਕਦਾ। ਜਦੋਂ ਦਿਮਾਗ ਵਿਚ ਹੰਕਾਰ ਹੋਵੇਗਾ ਤਾਂ ਗਿਆਨ ਇੰਦ੍ਰਿਆਂ ਨੂੰ ਇਸ਼ਾਰੇ ਵੀ ਉਹੋ ਜਿਹੇ ਹੀ ਮਿਲਣਗੇ ਅਜੇਹੀ ਅਵਸਥਾ ਵਿਚ ਬੰਦੇ ਦਾ ਮਨ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੁੰਦਾ। ਸਿੱਧ ਪੱਧਰੀ ਵਿਚਾਰ ਹੈ ਕਿ ਜਦੋਂ ਆਪਣੇ ਗੁਰੂ ਦੀ ਗੱਲ ਸਮਝਣੀ ਹੀ ਨਹੀਂ ਹੈ ਤਾਂ ਉਸ ਨੂੰ ਜੀਵਨ ਜੁਗਤੀ ਨਹੀਂ ਆ ਸਕਦੀ—

ਅੰਤਰਿ ਜੋਰੁ ਹਉਮੈ ਤਨਿ ਮਾਇਆ ਕੂੜੀ ਆਵੈ ਜਾਇ ॥
ਸਤਿਗੁਰ ਕਾ ਫੁਰਮਾਇਆ ਮੰਨਿ ਨ ਸਕੀ ਦੁਤਰੁ ਤਰਿਆ ਨ ਜਾਇ ॥ (1422)

ਸਮਾਜ ਦੇ ਇਕ ਹੋਰ ਪਹਿਲੂ ਦੀ ਵਿਚਾਰ ਕਰਦਿਆਂ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ ਕਿ ਆਪਣੀ ਮਰਜ਼ੀ ਕਰਨ ਵਾਲਾ ਮਨੁੱਖ ਹੰਕਾਰ ਵਿਚ ਰਹਿੰਦਾ ਹੈ। ਅਜੇਹਾ ਹੰਕਾਰੀ ਮਨੁੱਖ ਧਰਮ ਦੇ ਨਾਂ ‘ਤੇ ਜਿੰਨੇ ਮਰਜ਼ੀ ਵਰਤ, ਨੇਮ, ਸੰਜਮ, ਜਾਂ ਮੂਰਤੀਆਂ ਦੀ ਪੂਜਾ ਕਰ ਲਏ ਉਸ ਨੂੰ ਜੀਵਨ ਜੁਗਤ ਨਹੀਂ ਆ ਸਕਦੀ ਜਿੰਨ੍ਹਾ ਚਿਰ ਗੁਰੂ ਦੀ ਸਿੱਖਿਆ ਨੂੰ ਆਪਣੇ ਪੱਲੇ ਨਹੀਂ ਬੰਨਦਾ। ਸੱਚਾਈ, ਇਮਾਨਦਾਰੀ, ਸਬਰ-ਸੰਤੋਖ ਵਰਗੇ ਦੈਵੀ ਗੁਣਾਂ ਨੂੰ ਤਾਂ ਸਮਝਿਆ ਨਹੀਂ ਹੈ ਪਰ ਧਾਰਮਿਕ ਰਸਮਾਂ ਜ਼ਰੂਰ ਨਿਭਾਅ ਰਿਹਾ ਹੈ ਅਜੇਹਾ ਮਨੁੱਖ ਉਸ ਹਾਥੀ ਵਰਗਾ ਹੈ ਜਿਹੜਾ ਪਾਣੀ ਨਾਲ ਨਹਾ ਕੇ ਫਿਰ ਸਿਰ ਵਿੱਚ ਸੁਆਹ ਪਾ ਲਏ।

ਮਨਮੁਖਿ ਹੁਕਮੁ ਨ ਬੁਝੇ ਬਪੁੜੀ ਨਿਤ ਹਉਮੈ ਕਰਮ ਕਮਾਇ ॥
ਵਰਤ ਨੇਮੁ ਸੁਚ ਸੰਜਮੁ ਪੂਜਾ ਪਾਖੰਡਿ ਭਰਮੁ ਨ ਜਾਇ ॥
ਅੰਤਰਹੁ ਕੁਸੁਧੁ ਮਾਇਆ ਮੋਹਿ ਬੇਧੇ ਜਿਉ ਹਸਤੀ ਛਾਰੁ ਉਡਾਏ ॥ (1423)

ਜ਼ਿੰਦਗੀ ਦਾ ਮਹੱਤਵਪੂਰਨ ਪਹਿਲੂ ਦਸਦਿਆਂ ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਜੇ ਮਨ ਹੰਕਾਰ ਨਾਲ ਭਰਿਆ ਪਿਆ ਹੈ ਤਾਂ ਕੀ ਧਾਰਮਿਕ ਰਸਮਾਂ ਨਿਭਾਅ ਕਿ ਅਸੀਂ ਚੰਗੇ ਹੋਣ ਦਾ ਸਰਟੀਫੀਕੇਟ ਹਾਸਲ ਕਰ ਲਵਾਂਗੇ? ਸਾਡੀ ਮਾਨਸਿਕ ਅਵਸਥਾ ਏਹੋ ਜੇਹੀ ਹੈ ਕਿ ਅਸੀਂ ਧਾਰਮਿਕ ਤੌਰ ‘ਤੇ ਜ਼ਜ਼ਬਾਤੀ ਬਹੁਤ ਹੋ ਜਾਂਦੇ ਹਾਂ। ਵਿਚਾਰ ਸਮਝਣ ਦੀ ਥਾਂ ‘ਤੇ ਵੈਰਾਗ ਵਿਚ ਆ ਕੇ ਰੋਈ ਜਾਂਦੇ ਹਾਂ। ਅਜੇਹੀ ਅਵਸਥਾ ਵਾਲਿਆਂ ਨੂੰ ਗੁਰਦੇਵ ਪਿਤਾ ਜੀ ਸਮਝਾਉਂ

ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥
ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥
ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥
ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥ (450)

ਸਮਾਜ ਦੇ ਇਕ ਹੋਰ ਪਹਿਲੂ ਦੀ ਵਿਚਾਰ ਕਰਦਿਆਂ ਦਾਜ ਸਬੰਧੀ ਕਿਆ ਖੂਬਸੂਰਤ ਵਿਚਾਰ ਦਿੱਤੇ ਹਨ-
ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥
ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥
ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥ (79) 

ਨਾਨਕ ਸਾਹਿਬ ਜੀ, ਗੁਰੂ ਅੰਗਦ ਪਾਤਸ਼ਾਹ ਜੀ ਤੇ ਗੁਰੂ ਅਮਰਦਾਸ ਜੀ ਵਲੋਂ ਸਮਾਜ ਪ੍ਰਤੀ ਅਜਿਹੀ ਨਿਯਮਾਂਵਲੀ ਤਿਆਰ ਕਰਾਈ, ਜਿਹੜੀ ਹਰ ਕਰਮਕਾਂਡ ਨੂੰ ਰੱਦ ਕਰਦੀ ਸੀ। ਹਿੰਦੂ ਪੁਰੋਹਿਤਾਂ ਨੇ ਦੇਖਿਆ ਕਿ ਨਾਨਕਈ ਫਲਸਫੇ ਨਾਲ ਸਾਡੀ ਸਦੀਆਂ ਦੀ ਤੁਰੀ ਆ ਰਹੀ ਮਰਿਯਾਦਾ ਰੱਦ ਹੁੰਦੀ ਹੈ। ਇਸ ਲਈ 1566 ਵਿੱਚ ਅਕਬਰ ਕੋਲ ਸ਼ਿਕਾਇਤ ਦਰਜ ਕਰਾਈ। ਅਕਬਰ ਜਦੋਂ ਲਾਹੌਰ ਆਇਆ ਤਾਂ ਗੁਰੂ ਅਮਰਦਾਸ ਜੀ ਨੂੰ ਲਾਹੌਰ ਸੱਦਿਆ ਤਾਂ ਉਨ੍ਹਾਂ ਨੇ ਭਾਈ ਜੇਠਾ ਜੀ ਨੂੰ ਲਾਹੌਰ ਭੇਜਿਆ। ਭਾਈ ਜੇਠਾ ਜੀ ਵਲੋਂ ਦਿੱਤੇ ਉੱਤਰਾਂ ਨਾਲ ਬਾਦਸ਼ਾਹ ਦੀ ਤਸੱਲੀ ਹੋਈ।

ਭਾਈ ਜੇਠਾ ਜੀ ਦਾ ਵਿਆਹ ਬੀਬੀ ਭਾਨੀ ਜੀ ਨਾਲ 1554 ਈਸਵੀ ਨੂੰ ਹੋਇਆ 1558 ਵਿੱਚ ਪ੍ਰਿਥੀਏ ਦਾ ਜਨਮ, 1560 ਵਿੱਚ ਮਹਾਂਦਵ ਤੇ 1563 ਈ. ਨੂੰ ਗੁਰੂ ਅਰਜਨ ਪਾਤਸ਼ਾਹ ਜੀ ਦਾ ਜਨਮ ਹੋਇਆ। 1542 ਤੋਂ ਲੈ ਕੇ 1574 ਤੱਕ ਗੁਰੂ ਅਮਰਦਾਸ ਜੀ ਨਾਲ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ।
1552-53 ਵਿੱਚ ਗੋਇੰਦਵਾਲ ਵਸਾਇਆ, 1564 ਈਸਵੀ ਨੂੰ ਤੁੰਗ, ਸੁਲਤਾਨਵਿੰਡ ਤੇ ਗੁਮਟਾਲੀ ਪਿੰਡ ਦੀ ਜ਼ਮੀਨ 700 ਅਕਬਰੀ ਰੁਪਏ ਨਾਲ ਗੁਰੂ ਕਾ ਚੱਕ ਨਗਰ ਦੀ ਨੀਂਹ ਰਖੀ। 1574 ਵਿੱਚ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਏ ਸਨ ਤਾਂ ਗੁਰਿਆਈ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਹੋਈ। ਸਰੋਵਰ ਦੀ ਪੁਟਾਈ (ਖੁਦਾਈ) ਸ਼ੁਰੂ ਹੋਈ, ਜਿਹੜੀ 1577 ਵਿੱਚ ਹਰ ਪਾਸੇ ਤੋਂ ਸ਼ਹਿਰ ਨੂੰ ਮੁਕੰਮਲ ਕਰਦਿਆਂ ਗੁਰੂ ਸਾਹਿਬ ਜੀ ਨੇ ਖੂਹ, ਸਰਾਵਾਂ ਤੇ ਸਮਾਨ ਖਰੀਦਣ ਵਾਸਤੇ ਦੁਕਾਨਾਂ ਤੇ ਹਰ ਹੁਨਰ ਦੇ ਕਾਰੀਗਰ ਇਸ ਨਗਰ ਵਿੱਚ ਵਸਾਏ ਸਨ। 52 ਕਿਸਮ ਦੇ ਕਿਰਤੀਆਂ ਨੂੰ ਗੁਰੂ ਕੇ ਚੱਕ ਵਿਖੇ ਗੁਰੂ ਸਾਹਿਬ ਜੀ ਨੇ ਵਸਾਇਆ। ਅੰਤਰਰਾਸ਼ਟਰੀ ਪੱਧਰ ਦੀ ਮੰਡੀ ਸਥਾਪਿਤ ਕੀਤੀ। ਗੁਰੂ ਸਾਹਿਬ ਜੀ ਦਾ ਵਿਚਾਰ ਸੀ ਕਿ ਕੌਮ ਨੂੰ ਪੈਰਾਂ ਸਿਰ ਕਰਨ ਲਈ ਵਪਾਰ ਵਿੱਚ ਵੱਧ ਤੋਂ ਵੱਧ ਅੱਗੇ ਆਉਣਾ ਚਾਹੀਦਾ ਹੈ।

ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰੀ। ਇਸ ਦਾ ਵੇਰਵਾ ਇਸ ਤਰ੍ਹਾਂ ਹੈ-ਸ਼ਬਦ 246, ਅਸਟਪਦੀਆਂ 33, ਛੰਤ 28, 22 ਵਾਰਾਂ ਵਿਚੋਂ 8 ਵਾਰਾਂ ਗੁਰੂ ਰਾਮਦਾਸ ਜੀ ਦੀਆਂ ਹਨ। ਗੁਰੂ ਰਾਮਦਾਸ ਜੀ ਨੇ ਕੁਝ ਬਾਣੀਆਂ ਦਾ ਵੱਖਰਾ ਵੇਰਵਾ ਹੈ ਜਿਸ ਤਰ੍ਹਾਂ-ਸਿਰੀ ਰਾਗ ਵਿੱਚ ਪਹਿਰੇ- 1 ਸ਼ਬਦ, ਵਣਜਾਰਾ 1 ਸ਼ਬਦ, ਗਉੜੀ ਰਾਗ ਵਿੱਚ ਕਰਹਲੇ 2 ਸ਼ਬਦ, ਵਡਹੰਸ ਰਾਗ ਵਿੱਚ ਘੋੜੀਆਂ ਦੋ ਸ਼ਬਦ, ਮਾਰੂ ਰਾਗ ਵਿੱਚ ਸੋਲਹੇ 2 ਸ਼ਬਦ, ਵਾਰਾਂ ਵਿੱਚ 183 ਪਉੜੀਆਂ ਤੇ 135 ਸਲੋਕ ਹਨ।
ਬ੍ਰਾਹਮਣੀ ਵਿਚਾਰਧਾਰਾ ਤੇ ਕਰਾਰੀ ਚੋਟ-
ਹਿੰਦੂ ਘਰਾਣਿਆਂ ਵਿੱਚ ਬੱਚੇ ਦੇ ਜਨਮ ਸਮੇਂ, ਜਨੇਊ ਪਾਉਣ ਸਮੇਂ, ਵਿਆਹ ਤੇ ਮ੍ਰਿਤਕ ਰਸਮਾਂ ਨਿਭਾਉਣ ਲਈ ਬ੍ਰਾਹਮਣ ਨੂੰ ਸੱਦਿਆ ਜਾਂਦਾ ਸੀ।
ਭਾਵੇਂ ਇਹ ਸਾਰੀਆਂ ਰਸਮਾਂ ਗੁਰੂ ਨਾਨਕ ਸਾਹਿਬ ਜੀ ਨੇ ਹੀ ਖਤਮ ਕਰ ਦਿੱਤੀਆਂ ਸਨ, ਪਰ ਗੁਰੂ ਰਾਮਦਾਸ ਜੀ ਨੇ ਨਾਨਕਈ ਫਲਸਫੇ ਨੂੰ ਹੋਰ ਪੱਕਿਆਂ ਕੀਤਾ।
ਜੇ ਬੱਚੇ ਦਾ ਜਨਮ ਹੁੰਦਾ ਸੀ ਤਾਂ ਸਮਝਿਆ ਜਾਂਦਾ ਸੀ 13 ਦਿਨਾਂ ਬਾਅਦ ਬ੍ਰਾਹਮਣ ਨੂੰ ਭੋਜਨ ਛਕਾਇਆ ਜਾਏ ਫਿਰ ਇਸਤ੍ਰੀ ਚੌਂਕੇ ਵਿੱਚ ਜਾ ਸਕਦੀ ਸੀ।
ਦੂਜਾ ਜਨੇਊ ਪਾਉਣ ਸਮੇਂ ਬ੍ਰਾਹਮਣ ਨੂੰ ਘਰ ਜ਼ਰੂਰ ਸੱਦਿਆ ਜਾਂਦਾ ਸੀ। ਤੀਜਾ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਲਈ ਬ੍ਰਾਹਮਣ ਆਉਂਦਾ ਸੀ। ਚੌਥਾ ਜਦੋਂ ਪ੍ਰਾਣੀ ਚੜ੍ਹਾਈ ਕਰ ਜਾਂਦਾ ਸੀ ਤਾਂ ਓਦੋਂ ਬ੍ਰਾਹਮਣ ਆਣ ਕੇ ਸਵਰਗ ਦੀਆਂ ਟਿਕਟਾਂ ਦਿੰਦਾ ਸੀ।
ਜੇ ਕੋਈ ਹਿੰਦੂ ਇਨ੍ਹਾਂ ਵਿਚੋਂ ਕਿਸੇ ਮਰਿਯਾਦਾ ਦਾ ਉਲੰਘਣ ਕਰ ਬਹੇ, ਤਾਂ ਉਸ ਨੂੰ ਤੁਰੰਤ ਬਰਾਦਰੀ ਵਿਚੋਂ ਛੇਕ ਦਿੱਤਾ ਜਾਂਦਾ ਸੀ, ਬਰਾਦਰੀ ਨਾਲੋਂ ਨਿਖੇੜ ਦਿੱਤਾ ਜਾਂਦਾ ਹੈ, ਉਸ ਨਾਲ ਖਾਣ ਪੀਣ ਦੀ ਵਰਤੋਂ ਬੰਦ ਕਰ ਦਿੱਤੀ ਜਾਂਦੀ ਸੀ, ਮਰਨੇ ਪਰਨੇ ਤੇ ਕੋਈ ਹਿੰਦੂ ਭਰਾ ਉਸ ਨਾਲ ਭਾਈਚਾਰਕ ਸਾਂਝ ਨਹੀਂ ਰੱਖ ਸਕੇਗਾ। ਇਨ੍ਹਾਂ ਬੰਦਸ਼ਾਂ ਦੇ ਆਸਰੇ ਹਿੰਦੂ-ਕੌਮ ਦੇ ਸਿਰੋਂ ਬ੍ਰਾਹਮਣ ਦੀ ਬੇ-ਫਿਕਰ ਰੋਜ਼ੀ ਬਣੀ ਰਹਿੰਦੀ ਸੀ।

ਨਾਨਕਈ ਫਲਸਫੇ ਨੇ ਹੌਲ਼ੀ ਹੌਲ਼ੀ ਸਿੱਖ ਜਨਤਾ ਨੂੰ ਬ੍ਰਾਹਮਣੀ ਜੂਲ਼ੇ ਹੇਠੋਂ ਕੱਢ ਦਿੱਤਾ ਤੇ ਸਿੱਖ ਧਰਮ ਹਿੰਦੂ ਰਹੁਰੀਤਾਂ ਨਾਲੋਂ ਵੱਖਰਾ ਹੋ ਗਿਆ।
ਕੁਝ ਸਾਖੀਆਂ ਦੀ ਪੜਚੋਲ- 

1. ਕੁਝ ਕੁ ਇਤਿਹਾਸਕਾਰਾਂ ਨੇ ਸਿੱਖ ਫਲਸਫੇ ਨੂੰ ਸਮਝਣ ਦੀ ਥਾਂ ‘ਤੇ ਗੁਰੂ ਸਾਹਿਬਾਨ ਦੇ ਜੀਵਨ ਨਾਲ ਅਜਿਹੀਆਂ ਸਾਖੀਆਂ ਜੋੜ ਦਿੱਤੀਆਂ ਗਈਆਂ ਹਨ ਜੋ ਸਿਧਾਂਤਿਕ ਨਹੀਂ ਹਨ। ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਪਾਸੋਂ ਬੀਬੀ ਭਾਨੀ ਨੇ ਵਰ ਮੰਗ ਲਿਆ ਕਿ ਗੁਰਿਆਈ ਆਪਣੇ ਘਰ ਹੀ ਰਹੇ ਇਹ ਵਿਚਾਰ ਸਿੱਖ ਅਸੂਲਾਂ ਦੇ ਉਲਟ ਹੈ। ਗੁਰਿਆਈ ਤਾਂ ਉਸ ਨੂੰ ਬਖਸ਼ਿਸ਼ ਹੋਈ ਹੈ ਜਿਸ ਨੂੰ ਸਿੱਖ ਫਲਸਫੇ ਦੀ ਸੂਝ, ਸੇਵਾ ਭਾਵਨਾ, ਜੱਥੇਬੰਦਕ ਖੂਬੀਆਂ, ਅਗਵਾਈ ਦੀ ਕਾਬਲੀਅਤ ਤੇ ਦ੍ਰਿੜ ਇਰਾਦੇ ਦੀ ਮਜ਼ਬੂਤੀ ਰੱਖਦਾ ਸੀ।


2. ਦਰਬਾਰ ਸਾਹਿਬ ਦੇ ਸਰੋਵਰ ਨਾਲ ਕਹਾਣੀ ਜੋੜੀ ਹੋਈ ਹੈ ਕਿ ਏੱਥੇ ਇੱਕ ਛੱਪੜੀ ਸੀ ਜਿਸ ਵਿਚੋਂ ਕਾਂ ਨਹਾ ਕੇ ਹੰਸ ਬਣ ਜਾਂਦੇ ਸਨ ਤਾਂ ਰਜਨੀ ਦਾ ਪਤੀ ਕੋੜ੍ਹੀ ਸੀ ਉਸ ਨੇ ਰਿੜ੍ਹ ਕੇ ਇਸ਼ਨਾਨ ਕੀਤਾ ਉਸ ਦਾ ਕੋੜ੍ਹ ਦੂਰ ਹੋ ਗਿਆ। ਜਦੋਂ ਗੁਰੂ ਰਾਮਦਾਸ ਜੀ ਨੂ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਥੇ ਸਰੋਵਰ ਬਣਾ ਦਿੱਤਾ ਜਦ ਕਿ ਇਸ ਸਰੋਵਰ ਦੀ ਆਪਣੀ ਮਹਾਨਤਾ ਹੈ ਕਿ ਇਸ ਨੂੰ ਗੁਰੂ ਰਾਮਦਾਸ ਜੀ ਨੇ ਮਨੁੱਖੀ ਲੋੜਾਂ ਨੂੰ ਮੁੱਖ ਰੱਖ ਕੇ ਬਣਾਇਆ।


3. ਇੱਕ ਹੋਰ ਵਹਿਮ ਖੜਾ ਕੀਤਾ ਹੋਇਆ ਕਿ ਸੰਤੋਖਸਰ ਦੀ ਜਦੋਂ ਪੁਟਾਈ ਕੀਤੀ ਤਾਂ ਹੇਠੋਂ ਇੱਕ ਜੋਗੀ ਨਿਕਲਿਆ ਜੋ ਸਮਾਧੀ ਵਿੱਚ ਲੀਨ ਸੀ। ਅਜਿਹੀ ਗੈਰ ਕੁਦਰਤੀ ਗੱਲ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਜੋੜੀ ਗਈ ਜੋ ਸਿੱਖ ਸਿਧਾਂਤ ਦੇ ਨੇੜੇ ਤੇੜੇ ਵੀ ਨਹੀਂ ਹੈ।


4. ਇਤਿਹਾਸ ਦੇ ਪੰਨਿਆਂ ਤੇ ਇੱਕ ਹੋਰ ਦੰਦ ਕਥਾ ਤੁਰੀ ਆਉਂਦੀ ਹੈ ਕੀ ਬਾਬਾ ਸ੍ਰੀ ਚੰਦ ਨੇ ਗੁਰੂ ਰਾਮਦਾਸ ਜੀ ਦੀ ਸੁੰਦਰ ਦਾੜ੍ਹੀ ਦੇਖ ਕੇ ਕੁਝ ਕਿਹਾ ਤਾਂ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਇਹ ਦਾੜ੍ਹੀ ਆਪ ਜੀ ਦੇ ਚਰਨ ਝਾੜਨ ਲਈ ਹੈ ਜੋ ਕਿ ਗਲਤ ਇਤਿਹਾਸ ਦੀ ਪੇਸ਼ਕਾਰੀ ਹੈ। 

ਗੁਰੂ ਰਾਮਦਾਸ ਜੀ ਨੇ ਸੱਤ ਸਾਲ ਗੁਰਗੱਦੀ ਦੀ ਸੇਵਾ ਕੀਤੀ। ਇੰਨੇ ਥੋੜੇ ਸਮੇਂ ਵਿੱਚ ਆਪ ਜੀ ਨੇ ਐਨੇ ਮਹਾਨ ਕਾਰਨਾਮੇ ਕੀਤੇ, ਜਿਸ ਨੂੰ ਦੇਖ ਸੁਣ ਕੇ ਆਮ ਆਦਮੀ ਦੰਗ ਰਹਿ ਜਾਂਦਾ ਹੈ। ਗੁਰੂ ਰਾਮਦਾਸ ਜੀ ਇਸ ਦੁਨੀਆਂ ਵਿੱਚ 47 ਕੁ ਸਾਲ ਰਹੇ। 39 ਸਾਲ ਪੰਥ ਦੇ ਲੇਖੇ ਲਾਏ 1581 ਈ. ਨੂੰ ਜੋਤੀ ਜੋਤ ਸਮਾਏ।
ਸੇਵਕ ਸਿਖ ਸਦਾ ਅਤਿ ਲੁਭਿਤ ਅਲਿ ਸਮੂਹ ਜਿਉ ਕੁਸਮ ਸੁਬਾਸੇ ॥
ਬਿਦ੍ਹਮਾਨ ਗੁਰਿ ਆਪਿ ਥਪ੍ਹਉ ਥਿਰੁ ਸਾਚਉ ਤਖਤੁ ਗੁਰੂ ਰਾਮਦਾਸੈ॥ (1404)