ਗੁਰਮਤਿ ਗਿਆਨ ਮਿਸ਼ਨਰੀ ਕਾਲਜ Gurmat Gian Missionary College

ਪ੍ਰਿੰ: ਗੁਰਬਚਨ ਸਿੰਘ

ਚੋਣਾਂ ਤੋਂ ਪਹਿਲਾਂ ਨਫਰਤ, ਦੰਗੇ ਤੇ ਕਤਲੇਆਮ ਦੀ ਫਸਲ ਕਿਉਂ?

ਮੁਲਕ ਨੂੰ ਅਜ਼ਾਦ ਹੋਇਆਂ 76 ਸਾਲ ਹੋ ਗਏ ਹਨ। 15 ਅਗਸਤ ਹਰ ਸਾਲ ਆਉਂਦਾ ਹੈ ਤੇ ਚਲਾ ਜਾਂਦਾ ਹੈ। ਨੇਤਾ ਜਨ ਸਾਰੇ ਭਾਰਤੀਆਂ ਨੂੰ ਸੰਵਿਧਾਨ ਦਾ ਪਾਠ ਪੜ੍ਹਾਉਂਦੇ ਹਨ। ਤਿਰੰਗੇ ਲਹਿਰਾਅ ਕੇ ਜੈ ਹਿੰਦ ਦਾ ਨਾਅਰਾ ਲਾਉਂਦੇ ਹਨ, ਦਾਅਵਾ ਕਰਦੇ ਹਨ, ਕਿ ਸਾਰੀ ਦੁਨੀਆਂ ਨਾਲੋਂ ਸਭ ਤੋਂ ਵਧੀਆ, ਲੋਕਤੰਤਰ ਭਾਰਤ ਵਿਚ ਹੀ ਹੈ। ਲਾਲ ਕਿਲ੍ਹੇ ਤੋਂ ਭਾਸ਼ਨ ਏਦਾਂ ਦਾ ਦਿੱਤਾ ਜਾਂਦਾ ਹੈ ਕਿ ਜੇ ਸਾਡੀ ਪਾਰਟੀ ਨਾ ਹੁੰਦੀ ਤਾਂ ਲੋਕਤੰਤਰ ਖਤਰੇ ਵਿਚ ਪੈ ਸਕਦਾ ਹੈ। ਇਸ ਭਾਸ਼ਨ ਦਾ ਆਮ ਲੋਕਾਂ ਨੂੰ ਕੋਈ ਲਾਭ ਨਹੀਂ ਹੁੰਦਾ ਕੇਵਲ ਅਗਲੀਆਂ ਚੋਣਾਂ ਨੂੰ ਮੁੱਖ ਰੱਖ ਕੇ ਸ਼ਬਦੀ ਜਾਲ ਬੁਣਿਆ ਜਾਂਦਾ ਹੈ। ਮਨੀਪੁਰ ਦੀਆਂ ਘਟਨਾਵਾਂ ਤੋਂ ਸਮਝ ਆਉਂਦੀ ਜਿਵੇਂ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੋਵੇ। ਅਜ਼ਾਦੀ ਦੇ ਬਾਅਦ ਚੋਣ ਜਿੱਤਣ ਲਈ ਰਾਜਸੀ ਪਾਰਟੀਆਂ ਜਾਤੀਵਾਦ, ਨਫਰਤ, ਦੰਗੇ ਤੇ ਫਿਰ ਕਤਲੇਆਮ ਕਰਾ ਕੇ ਹਮਦਰਦੀ ਲਈ ਤੁਰ ਪੈਂਦੇ ਹਨ। ਦੰਗੇ ਕਰਾਉਣ ਵਾਲਿਆਂ ਦੀ ਸ਼ਨਾਖ਼ਤ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਕੋਈ ਮਿਆਰੀ ਸਜਾ ਨਹੀਂ ਹੁੰਦੀ।
ਅਸਲ ਵਿਚ ਬ੍ਰਿਤਾਂਤ ਹੋਰ ਹੁੰਦਾ ਹੈ ਪਰ ਦਿਖਾਇਆ ਕੁਝ ਹੋਰ ਜਾਂਦਾ ਹੈ। ਰਾਜਨੀਤਿਕ ਪਾਰਟੀਆਂ ਆਪੋ ਆਪਣੀ ਸਰਕਾਰ ਬਣਾਉਣ ਲਈ ਕਈ ਨੀਵੇਂ ਪੱਧਰ ਦੇ ਹੱਥ ਕੰਡੇ ਵਰਤਦੀਆਂ ਹਨ। ਚੋਣਾਂ ਆਉਣ ਤੋਂ ਪਹਿਲਾਂ ਹੀ ਧਰਮ, ਜਾਤ-ਬਰਾਦਰੀ, ਦੇਸ਼ ਨੂੰ ਖਤਰਾ ਤੇ ਰਾਸ਼ਟਰ ਵਿਰੋਧੀ ਹੋਣ ਦਾ ਢੰਡੋਰਾ ਪਿੱਟ ਕੇ ਜਨਤਾ ਨੂੰ ਆਪਸ ਵਿਚ ਲੜਾਇਆ ਜਾਂਦਾ ਹੈ। ਨਫਰਤ, ਈਰਖਾ ਦੀ ਫਸਲ ਨੂੰ ਪਰਫੁੱਲਤ ਕਰਨ ਲਈ ਮੀਡੀਏ ਰਾਹੀਂ ਭੜਕਾਊ ਪਾਣੀ ਦਿੱਤਾ ਜਾਂਦਾ ਹੈ। ਨਫਰਤ ਘਟਾਉਣ ਦੀ ਬਜਾਏ ਹੋਰ ਹਵਾ ਦਿੱਤੀ ਜਾਂਦੀ ਹੈ। ਨਫਰਤ, ਦੰਗੇ, ਕਤਲੇਆਮ ਦੀ ਫਸਲ ਚੋਣਾਂ ਆਉਣ ਤਕ ਪੂਰੀ ਤਰ੍ਹਾਂ ਪੱਕ ਜਾਂਦੀ ਹੈ। ਇਤਿਹਾਸ ਵਿਚ ਕੁਝ ਘਟਨਾਵਾਂ ਬੀਤੇ ਕੱਲ ਦੀਆਂ ਲੱਗਦੀਆਂ ਹਨ। 1984 ਨੂੰ ਦਰਬਾਰ ਸਾਹਿਬ ‘ਤੇ ਹਮਲਾ, ਨਵੰਬਰ 1984 ਦੀ ਸਿੱਖ ਕਤਲੇਆਮ ਦੇ ਘਿਨਾਉਣੇ ਕਾਰਨਾਮਿਆਂ ਲਈ ਕਾਂਗਰਸ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ। ਇਨ੍ਹਾਂ ਨੇ ਨਫਰਤ ਦੀ ਅੱਗ ਬਾਲ਼ ਕੇ ਜਿੱਤ ਦੀਆਂ ਰੋਟੀਆਂ ਸੇਕੀਆਂ। ਭਾਰਤੀ ਜਨਤਾ ਪਾਰਟੀ ਦੀ ਗੁਜਰਾਤ ਵਿਚ ਸਰਕਾਰ ਸੀ ਇਨ੍ਹਾਂ ਦੇ ਸਮੇਂ 2002 ਦਾ ਕਤਲੇਆਮ ਹੋਇਆ। 2014 ਵਿਚ ਫਿਰ ਨਫਰਤ ਦਾ ਬੀਜ ਬੀਜ ਕੇ ਨਫਰਤ ਦੀ ਖੇਤੀ ਵੱਢੀ। ਇਸ ਪਾਰਟੀ ਨੇ ਦੇਸ਼ ਨੂੰ ਧਰਮ ਦੇ ਅਧਾਰ ‘ਤੇ ਵੰਡਣ ਦਾ ਰੱਜ ਕੇ ਪ੍ਰਚਾਰ ਕੀਤਾ। ਜੇ ਨਫਰਤ ਤੇ ਦੰਗੇ ਭੜਕਾ ਕੇ ਜਾਂ ਗਿਣ ਮਿਥ ਕੇ ਕਤਲੇਆਮ ਕਰਾ ਕੇ ਕਿ ਰਾਜ ਗੱਦੀ ਮਿਲਦੀ ਹੈ ਤਾਂ ਰਾਜਨੀਤਿਕ ਲੋਕਾਂ ਲਈ ਕੋਈ ਸੌਦਾ ਮਹਿੰਗਾ ਨਹੀਂ ਹੈ।
ਤਾਜ਼ਾ ਘਟਨਾ ਕਰਮ ਨੂੰ ਵੇਖੀਏ ਤਾਂ ਪਿਛਲੇ ਛੇ ਕੁ ਸਾਲ ਤੋਂ ਸਰਕਾਰੀ ਸ਼ਹਿ ‘ਤੇ ਸਮਾਜ ਵਿਰੋਧੀ ਅਨਸਰਾਂ ਵਲੋਂ ਦੇਸ਼ ਵਿੱਚ ਮੁਸਲਮਾਨਾਂ, ਦਲਿਤਾਂ, ਆਦੀ ਵਾਸੀਆਂ, ਬੁੱਧੀ ਜੀਵੀਆਂ, ਘੱਟ ਗਿਣਤੀਆਂ ਆਦਿ ਉਤੇ ਵੱਖ-ਵੱਖ ਢੰਗਾਂ ਨਾਲ ਹਮਲੇ ਜਾਰੀ ਹਨ। ਦੇਸ਼ ਅੰਦਰ ਘੱਟ ਗਿਣਤੀਆਂ ਬਹੁਤ ਸਹਿਮ ਵਿਚ ਹਨ ਕਿਉਂਕਿ ਹੁਣ ਇਕਸਾਰ ਨਾਗਰਿਕ ਕਾਨੂੰਨ ਬਣਾਉਣ ਦੀ ਤਿਆਰੀ ਵਿੱਢੀ ਗਈ ਹੈ। ਇਹ ਸਾਰਾ ਕੁਝ ਕਿਉਂ ਕੀਤਾ ਜਾ ਰਿਹਾ ਹੈ? ਇਸ ਦੇ ਕੀ ਸਿੱਟੇ ਨਿਕਣਗੇ? ਅਜਿਹੇ ਕਈ ਸਵਾਲ ਇਤਿਹਾਸ ਦੇ ਗਰਭ ਵਿਚ ਪਏ ਹੋਏ ਹਨ। ਮਨੁੱਖੀ ਸੁਭਾਅ ਵਿਚ ਕੁਦਰਤੀ ਨਫਰਤ ਪਈ ਹੋਈ ਹੈ। ਅਸਲ ਵਿਚ ਨਫਰਤ ਦੀ ਵਰਤੋਂ ਕਿਹੜੀ ਜਗ੍ਹਾ ਕਰਨੀ ਹੈ ਇਹ ਸਮਝ ਦਾ ਮੁੱਦਾ ਹੈ। ਜੇ ਮਨੁੱਖ ਵਿਕਾਰਾਂ, ਈਰਖਾ, ਚੁਗਲ਼ੀ, ਨਿੰਦਿਆ, ਜਾਤੀਵਾਦ ਦੇ ਹੰਕਾਰ ਵਰਗੀਆਂ ਬਿਮਾਰੀਆਂ ਵਲੋਂ ਨਫਰਤ ਕਰਦਾ ਤਾਂ ਨਿਸ਼ਚੇ ਸਮਾਜ ਦੀ ਰੂਪ-ਰੇਖਾ ਹੋਰ ਹੋਣੀ ਸੀ। ਰਾਜਨੀਤਿਕ ਨੇਤਾਵਾਂ ਲਈ ਨਫਰਤ ਤੇ ਦੰਗਿਆਂ ਦਾ ਬੀਜ ਬਹੁਤ ਫਿੱਟ ਬੈਠਦਾ ਹੈ। ਵੱਖ ਵੱਖ ਧਰਮਾਂ ਵਿਚ ਮੁੱਢ ਤੋਂ ਹੀ ਨਫਰਤ ਈਰਖਾ ਤੁਰੀ ਆਉਂਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਦੂਰ-ਅੰਦੇਸ਼ੀ ਨਾਲ ਦੇਖਿਆ ਕਿ ਲੋਕ ਗੁਲਾਮ ਕਿਉਂ ਹਨ? ਇਸ ਦਾ ਕਾਰਨ ਉਨ੍ਹਾਂ ਦੱਸਿਆ ਕਿ ਭਾਈਚਾਰਕ ਸਾਂਝ ਵਿਚ ਨਫਰਤ ਹੀ ਨਫਰਤ ਭਰੀ ਪਈ ਹੈ। ਸਮਾਜ ਤਰੱਕੀ ਕਰਨ ਦੀ ਬਜਾਏ ਇਹ ਇਕ ਦੂਜੇ ਨਾਲ ਨਫਰਤ ਤੇ ਈਰਖਾ ਕਰ ਰਹੇ ਹਨ।
ਜਿਸ ਨੂੰ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿਚ ਲਿਖਦੇ ਹਨ— ਭਈ ਗਿਲਾਨਿ ਜਗਤ ਵਿਚਿ ਚਾਰਿ ਵਰਨ ਆਸ੍ਰਮ ਉਪਾਏ॥ (ਵਾਰ-1, ਪਉੜੀ-19) ਦੁਨੀਆਂ ਵਿਖੇ ਗਿਲਾਨੀ (ਨਫਰਤ) ਉੱਠੀ, (ਇਕ ਦੂਜੇ ਤੋਂ ਨੱਕ ਵੱਟਣ ਲੱਗੇ) ਚਾਰ ਵਰਣ (ਖਤਰੀ, ਬ੍ਰਾਹਮਣ, ਵੈਸ਼, ਸ਼ੂਦਰ) ਤੇ ਚਾਰ ਆਸ਼੍ਰਮ (ਗ੍ਰਹਿਸਤੀ, ਬਾਨਪ੍ਰਸਤੀ, ਬ੍ਰਹਮਚਾਰੀ, ਸੰਨਿਆਸੀ) ਪ੍ਰਗਟ ਹੋ ਗਏ। ਭਾਈ ਗੁਰਦਾਸ ਜੀ ਨੇ ਹਿੰਦੂਆਂ ਤੇ ਮੁਸਲਮਾਨਾਂ ਦੀ ਆਪਸੀ ਨਫਰਤ ਸਬੰਧੀ ਹੋਰ ਲਿਖਿਆ ਹੈ— ਕਰਨਿ ਬਖੀਲੀ ਆਪਿ ਵਿਚਿ ਰਾਮ ਰਹੀਮ ਇਕ ਥਾਇ ਖਲੋਈ॥ (ਵਾਰ-1, ਪੳੇੜੀ-33) ਆਪੋ ਵਿਚ ਲੋਕ ਈਰਖਾ ਕਰਦੇ ਹਨ, ਰਾਮ ਤੇ ਰਹੀਮ ਇੱਕੋ ਥਾਂ ਖਲੋਤੇ ਹਨ, ਭਾਵ ਦਰਜਾ ਬਰਾਬਰ ਹੈ। ਨਫਰਤ ਦਾ ਮੂਲ ਰੂਪ ਹਉਮੇ ਵਿਚ ਆਉਂਦਾ ਹੈ- ਉਠੀ ਗਿਲਾਨਿ ਜਗਤ ਵਿਚਿ ਹਉਮੈ ਅੰਦਰਿ ਜਲੈ ਲੁਕਾਈ॥ (ਵਾਰ-1, ਪਉੜੀ-7) ਜਗਤ ਵਿਚ ਵਿਚ ਗਿਲਾਨ (ਨਫਰਤ) ਉਠ ਖਲੋਤੀ, ਹਉਮੇ ਵਿਚ ਲੋਕ ਸੜਨ ਲਗੇ। ਭਾਰਤ ਵਿਚ ਮੁਗਲਾਂ ਦਾ ਰਾਜ ਸੀ ਉਹ ਹਿੰਦੂਆਂ ਨਾਲ ਨਫਰਤ ਕਰਦੇ ਸਨ। ਹਾਕਮ ਧਿਰ ਦੀ ਨਫਰਤ ਤੋਂ ਬਚਣ ਲਈ ਬਹੁ-ਗਿਣਤੀ ਵਿਚ ਹਿੰਦੂ ਲੋਕ ਹਾਕਮਾਂ ਨਾਲ ਰਲ਼ ਕੇ ਚੱਲਣ ਨੂੰ ਤਰਜੀਹ ਦਿੰਦੇ ਸਨ। ਜੇਹਾ ਕਿ ਗੁਰੂ ਨਾਨਕ ਸਾਹਿਬ ਜੀ ਆਪਣੀ ਬਾਣੀ ਵਿਚ ਫਰਮਾਉਂਦੇ ਹਨ ਕਿ ਭਾਰਤ ਦੇ ਹਿੰਦੂ ਇਕ ਪਾਸੇ ਮੁਸਲਮਾਨਾਂ ਨੂੰ ਮਲੇਸ਼ ਆਖਦੇ ਹਨ ਦੂਜੇ ਪਾਸੇ ਉਨ੍ਹਾਂ ਦੀ ਨੌਕਰੀ ਵੀ ਕਰੀ ਜਾਂਦੇ ਹਨ— ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣ॥ਮਲੇਛ ਧਾਨੁ ਲੈ ਪੂਜਹਿ ਪੁਰਾਣੁ॥ (472) ਨੀਲੇ ਰੰਗ ਦੇ ਵਸਤ੍ਰ ਪਹਿਨ ਕੇ ਹੀ ਤੁਰਕ ਹਾਕਮਾਂ ਪਾਸ ਜਾਇਆ ਜਾ ਸਕਦਾ ਸੀ। ਨਫਰਤ ਦੀ ਅੱਗ ਵੀ ਪੂਰੀ ਸੀ ਪਰ ਨੌਕਰੀ ਵੀ ਉਨ੍ਹਾਂ ਪਾਸ ਹੀ ਕਰਦੇ ਸਨ। ਨਫਰਤ ਦੀ ਅੱਗ ਕਦੇ ਵੀ ਮਧਮ ਨਹੀ ਹੋਈ। ਗੁਰੂ ਨਾਨਕ ਸਾਹਿਬ ਦੇ ਫਲਸਫੇ ਨਾਲ ਇਸਲਾਮ ਤੇ ਹਿੰਦੂ ਮਤ ਦੇ ਧਾਰਮਿਕ ਆਗੂ ਮੁੱਢ ਤੋਂ ਹੀ ਨਫਰਤ ਕਰਦੇ ਆਏ ਹਨ। ਸਮੇਂ ਸਮੇਂ ਸਰਕਾਰਾਂ ਪਾਸ ਸ਼ਕਾਇਤਾਂ ਵੀ ਦਰਜ ਕਰਾਉਂਦੇ ਆਏ। ਅਕਬਰ ਬਾਦਸ਼ਾਹ ਦੇ ਦਰਬਾਰ ਵਿਚ ਵੀ ਸ਼ਕਾਇਤਾਂ ਦਰਜ ਕਰਾਈਆਂ ਗਈਆਂ। ਅਕਬਰ ਜਦੋਂ ਲਾਹੌਰ ਆਇਆ ਤਾਂ ਸ਼ਕਾਇਤਾਂ ਦਾ ਨਿਬੇੜਾ ਕਰਨ ਲਈ ਗੁਰੂ ਅਮਰਦਾਸ ਜੀ ਨੂੰ ਸੱਦਿਆ ਗਿਆ। ਗੁਰੂ ਸਾਹਿਬ ਜੀ ਨੇ ਇਸ ਦੇ ਨਿਪਟਾਰੇ ਲਈ ਭਾਈ ਜੇਠਾ ਜੀ ਭਾਵ (ਗੁਰੂ ਰਾਮਦਾਸ ਜੀ) ਨੂੰ ਭੇਜਿਆ। ਭਾਈ ਜੇਠਾ ਜੀ ਦੇ ਜੁਆਬਾਂ ਤੋਂ ਅਕਬਰ ਬਾਦਸ਼ਾਹ ਨੇ ਤਸੱਲੀ ਪ੍ਰਗਟ ਕੀਤੀ।
ਗੁਰੂ ਅਰਜਨ ਪਾਤਸ਼ਾਹ ਜੀ ਨੇ ਸਮੇਂ ਦੀ ਹਕੂਮਤ ਵਲੋਂ ਕੀਤੇ ਜਾ ਰਹੇ ਜ਼ੁਲਮ, ਨਫਰਤ ਤੇ ਬੇ-ਇਨਸਾਫੀ ਨੂੰ ਖ਼ਤਮ ਕਰਨ ਲਈ ਸ਼ਹਾਦਤ ਦਿੱਤੀ। ਜਹਾਂਗੀਰ ਜਾਂ ਔਰੰਗਜ਼ੇਬ ਹੋਵੇ, ਇਨ੍ਹਾਂ ਦੇ ਮਨ ਵਿਚ ਗੈਰ ਮੁਲਸਮਾਨਾਂ ਲਈ ਕੋਈ ਥਾਂ ਨਹੀਂ ਸੀ। ਔਰੰਗਜ਼ੇਬ ਨੇ ਆਪਣੇ ਰਾਜ ਵਿਚ ਨਫਰਤ ਤੇ ਕਤਲੇਆਮ ਦਾ ਪੂਰਾ ਬੀਜ ਬੀਜਿਆ। ਉਹ ਸਾਰੇ ਭਾਰਤ ਨੂੰ ਇਕ ਧਰਮ ਦਾ ਨਿਯਮ ਲਾਗੂ ਕਰਦਾ ਕਰਦਾ ਦੁਨੀਆਂ ਤੋਂ ਚਲਾ ਗਿਆ। ਔਰੰਗਜ਼ੇਬ ਨੇ ਹਿੰਦੂਆਂ ਲਈ ਧਾਰਮਿਕ ਤੇ ਆਰਥਿਕ ਔਕੜਾਂ ਪੈਦਾ ਕੀਤੀਆਂ। 1665 ਈਸਵੀ ਵਿਚ ਹਿੰਦੂਆਂ ਦੀ ਮਹਿਸੂਲ ਚੁੰਗੀ ਦੁਗਣੀ ਤੇ ਮੁਸਲਮਾਨਾਂ ਲਈ ਅੱਧੀ ਕੀਤੀ। 1669 ਈਸਵੀ ਨੂੰ ਬਨਾਰਸ, ਤੇ ਹੋਰ ਕਈ ਥਾਵਾਂ ਤੋਂ ਪਾਠਸ਼ਾਲਾਵਾਂ ਬੰਦ ਕਰਵਾ ਦਿੱਤੀਆਂ। ਏਸੇ ਸਾਲ ਬਨਾਰਸ ਦਾ ਮੰਦਰ ਢਾਹਿਆ। 1670 ਵਿਚ ਕਈ ਮੰਦਰ ਇਸ ਲਈ ਢਾਹ ਦਿੱਤੇ ਕਿ ਏੱਥੇ ਬੁੱਤਾਂ ਦੀ ਪੂਜਾ ਹੁੰਦੀ ਹੈ। ਸਮੇਂ ਸਮੇਂ ਹਿੰਦੂਆਂ ‘ਤੇ ਜ਼ੁਲਮ ਕਰਨ ਲਈ ਹੁਕਮ ਜਾਰੀ ਕਰਦਾ ਰਹਿੰਦਾ ਸੀ ਭਾਵ ਉਸ ਵਿਚ ਹਿੰਦੂਆਂ ਪ੍ਰਤੀ ਨਫਰਤ ਭਰੀ ਹੋਈ ਸੀ।–ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦੇ ਕੇ ਜ਼ੁਲਮੀ ਰਾਜ ਨੂੰ ਠੱਲ ਪਾਈ। ਸਚਾਈ ਨੂੰ ਬਰਕਰਾਰ ਰੱਖਿਆ। ਅਨੰਦਪੁਰ ਸਾਹਿਬ ਵਿਚ ਨਗਾਰੇ ਦੀ ਗੂੰਜ ਪਹਾੜੀ ਰਾਜਿਆਂ ਨੂੰ ਚੁੱਭਦੀ ਸੀ। ਨਾਨਕਈ ਫਲਸਫੇ ਨਾਲ ਪੂਰੀ ਨਫਰਤ ਕਰਦਿਆਂ ਕੇਂਦਰ ਤੇ ਸੂਬਾ ਸਰਕਾਰ ਦਾ ਸਾਥ ਦਿੰਦਿਆਂ ਬਾਈਧਾਰ ਦੇ ਰਾਜਿਆਂ ਨੇ ਅਨੰਦਪੁਰ ‘ਤੇ ਹਮਲਾ ਕੀਤਾ। ਓਦੋਂ ਭਾਰਤ ਵਿਚ ਮੁਗਲ ਸਾਮਰਾਜ ਸੀ ਜਿਹੜਾ ਸਿੱਖਾਂ ਨੂੰ ਕੌੜੀ ਅੱਖ ਨਾਲ ਦੇਖਦਾ ਸੀ। ਇਸ ਨਫਰਤ ਵਿਚੋਂ ਸ਼ਹੀਦੀਆਂ ਦਾ ਦੌਰ ਸ਼ੂਰੂ ਹੋਇਆ ਤੇ ਨਿੰਰਤਰ ਚੱਲਦਾ ਰਿਹਾ। ਬੇਗਾਨਿਆਂ ਨੇ ਨਫਰਤ ਨਾਲ ਸਾਡੀ ਤਾਰੀਫ਼ ਕਰਦਿਆਂ ਕੁੱਤੇ ਸ਼ਬਦ ਵੀ ਵਰਤੇ ਪਰ ਸਾਡੇ ਕਿਰਦਾਰ ‘ਤੇ ਉਂਗਲ਼ ਨਹੀਂ ਚੁੱਕ ਸਕੇ। ਮਹਾਂਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ ਜਿਸ ਸਬੰਧੀ ਸ਼ਾਹ ਮੁਹੰਮਦ ਆਪਣੇ ਜੰਗ ਨਾਮੇ ਵਿਚ ਲਿਖਦਾ ਹੈ— ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰ ਦੋਹਾਂ ਦੇ ਉੱਤੇ ਆਫ਼ਤ ਆਈ। ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ, ਕੋਈ ਨਹੀਂ ਸੀ ਦੂਸਰੀ ਜਾਤ ਆਈ।
ਅੰਗਰੇਜ਼ ਹਾਕਮ ਉਂਝ ਹੀ ਕਾਲੀ ਚਮੜੀ ਵਾਲਿਆਂ ਨਾਲ ਨਫਰਤ ਕਰਦਾ ਸੀ। ਅੰਗਰੇਜ਼ ਸਰਕਾਰ ਦੀ ਨਫ਼ਰਤ ਦਾ ਪੰਜਾਬੀਆਂ ਨੂੰ ਜ਼ਿਆਦਾ ਸ਼ਿਕਾਰ ਹੋਣਾ ਪਿਆ। (ਏਹੀ ਕਾਰਨ ਹੈ ਕਿ ਦੇਸ਼ ਪੰਜਾਬ ਵੱਖਰਾ ਮੁਲਕ ਹੋਣ ਦੇ ਬਾਵਜੂਦ ਵੀ ਅੰਗਰੇਜ਼ਾਂ ਨੇ ਜਾਣ ਲੱਗਿਆਂ ਇਸ ਨੂੰ ਮਾਨਤਾ ਨਹੀਂ ਦਿੱਤੀ)। ਜਲਿ੍ਹਆਂ ਵਾਲੇ ਬਾਗ ਦੀ ਘਟਨਾ ਨਫਰਤ ਦੀ ਅੱਗ ਵਿਚੋਂ ਨਿਕਲੀ ਸੀ। ਅੰਗਰੇਜ਼ ਸਰਕਾਰ ਨੇ ਕਾਲ਼ੇ ਪਾਣੀਆਂ ਦੀਆਂ ਸਜਾਵਾਂ ਇਸ ਲਈ ਦਿੱਤੀਆਂ ਕਿ ਸਾਡੇ ਰਾਜ ਦੀ ਸਲਾਮਤੀ ਨੂੰ ਕੋਈ ਵੰਗਾਰ ਨਾ ਸਕੇ। ਕਹਿਆ ਜਾ ਸਕਦਾ ਹੈ ਜਿੰਨ੍ਹਾਂ ਪੁਰਾਣਾ ਮਨੁੱਖ ਹੈ ਓਨਾ ਪੁਰਾਣਾ ਨਫਰਤ, ਦੰਗਿਆਂ ਤੇ ਕਤਲੇਆਮ ਦਾ ਇਤਿਹਾਸ ਹੈ। ਰਾਜਸੀ ਪਾਰਟੀਆਂ ਜਾਂ ਰਾਜ ਕਰ ਰਹੀ ਧਿਰ ਕਰਾਉਂਦੀ ਗਿਣ ਮਿੱਥ ਕੇ ਕਤਲੇਆਮ ਹੈ ਪਰ ਨਾਂ ਦੰਗਿਆਂ ਦਾ ਦਿੰਦੀ ਹੈ। ਦੰਗਿਆਂ ਦਾ ਭਾਵ ਹੈ ਬਰਾਬਰ ਦੀ ਟੱਕਰ, ਇਕ ਦੂਜੇ ‘ਤੇ ਹਮਲੇ ਕਰਨੇ। ਮੁਲਕ ਦੀ ਅਜ਼ਾਦੀ ਵਾਲੀ ਲੜਾਈ ਵਿਚ ਪ੍ਰਤੱਖ ਤੇ ਆਪ੍ਰਤੱਖ ਵਿਚ ਬੜਾ ਕੁਝ ਪਿਆ ਹੋਇਆ ਹੈ। ਪ੍ਰਤੱਖ ਮੁਲਕ ਨੂੰ ਅਜ਼ਾਦ ਕਰਾਉਣ ਤੋਂ ਸੀ ਤੇ ਅਪ੍ਰਤੱਖ ਵਿਚ ਹਿੰਦੂ ਰਾਜ ਦੀ ਕਾਇਮੀ ਵਾਸਤੇ ਲੜਾਈ ਲੜੀ ਜਾ ਰਹੀ ਸੀ। ਭਾਵੇਂ ਕਾਗਰਸ ਕਹਿਣ ਨੂੰ ਧਰਮ-ਨਿਰਪੱਖ ਸੀ ਪਰ ਕਿਤੇ ਨਾ ਕਿਤੇ ਉਸ ਦੇ ਮਨ ਵਿਚ ਹਿੰਦੂਤਵ ਛੁੱਪਿਆ ਹੋਇਆ ਸੀ। ਸਰਦਾਰ ਖੁਸ਼ਵੰਤ ਸਿੰਘ ਸਿੱਖ ਇਤਿਹਾਸ ਭਾਗ ਦੂਜਾ ਦੇ ਪੰਨਾ ਨੰਬਰ 155 ‘ਤੇ ਲਿਖਦੇ ਹਨ, “ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਆਰੀਆ ਸਮਾਜੀਆਂ ਦੇ ਗਲਬੇ ਨੇ ਆਜ਼ਾਦੀ ਲਹਿਰ ਨੂੰ ਹਿੰਦੂ ਪੁਨਰ-ਉਥਾਨ ਦਾ ਇਕ ਅੰਸ਼ ਬਣਾ ਦਿੱਤਾ ਤੇ ਇਹੋ ਸਿੱਖਾਂ ਤੇ ਮੁਸਲਮਾਨਾਂ ਦੇ ਵੱਖਰੇ ਰਹਿਣ ਦਾ ਵੱਡਾ ਕਾਰਨ ਸੀ”।
ਇਸ ਦਾ ਹੋਰ ਮੂਲ ਕਾਰਨ ਦਸਦੇ ਹੋਏ ਪਿਛਲੇ ਪੰਨੇ ਤੇ ਲਿਖਦੇ ਹਨ ਕਿ ਆਰੀਆ ਸਮਾਜੀਆਂ ਨੇ ਇਹ ਗੱਲ ਜ਼ੋਰ-ਸ਼ੋਰ ਨਾਲ ਕਹਿਣੀ ਸ਼ੁਰੂ ਕੀਤੀ ਕਿ ਸਿੱਖ, ਹਿੰਦੂ ਧਰਮ ਦਾ ਹੀ ਇਕ ਮੱਤ ਹੈ। ਇਸ ਪ੍ਰਤੀਕਰਮ ਨੇ ਆਪਸੀ ਭਾਈਚਾਰਕ ਸਾਂਝ ਵਿਚ ਡੂੰਘੀ ਤ੍ਰੇੜ ਪੈਦਾ ਕੀਤੀ। ਅਜਿਹੇ ਬਿਆਨ ਸਿੱਖੀ ਦੇ ਨਿਆਰੇਪਨ ‘ਤੇ ਬਹੁਤ ਵੱਡੀ ਸੱਟ ਸਨ। ਭਾਈ ਕਾਨ੍ਹ ਸਿੰਘ ਜੀ ਨਾਭਾ ਨੇ “ਹਮ ਹਿੰਦੂ ਨਹੀਂ” ਪੁਸਤਕ ਲਿਖ ਕੇ ਸਿੱਕੇ ਬੰਦ ਜੁਆਬ ਦਿੱਤਾ। ਮੁਲਕ ਦੀ ਅਜ਼ਾਦੀ ਦੀ ਲੜਾਈ ਸਮੇਂ ਹੀ ਹਿੰਦੂ ਮੁਸਲਮਾਨਾਂ ਵਿਚ ਨਫਰਤ ਪੈਦਾ ਹੋ ਗਈ ਸੀ। ਇਸ ਦੇ ਕੁਝ ਕਾਰਨ ਹਨ— ਅਸਲ ਵਿਚ ਭਾਰਤੀ ਰਾਸ਼ਟਰੀ ਕਾਂਗਰਸ ਵਿਚ ਹਿੰਦੂਆਂ ਦੀ ਬਹੁ-ਗਿਣਤੀ ਸੀ। ਅੰਗਰੇਜ਼ਾਂ ਦੀ ਫੁੱਟ ਪਾਓ ਨੀਤੀ ਤਹਿਤ ਕਈ ਤਰ੍ਹਾਂ ਦੀਆਂ ਅਫਵਾਵਾਂ ਫੈਲਾਈਆਂ ਗਈਆਂ। ਜਿਸ ਨੂੰ ਲੋਕ ਸਹੀ ਸਮਝਣ ਲੱਗ ਪਏ। ਅੰਗਰੇਜ਼ਾਂ ਨੇ ਭਾਰਤ ਦੇ ਨਾਗਰਿਕਾਂ ਨੂੰ ਸੰਪਰਦਾਏ ਦੀ ਪੂਰੀ ਪੁੱਠ ਚਾੜ੍ਹੀ ਹੋਈ ਸੀ। 20ਵੀਂ ਸਦੀ ਦੇ ਆਉਂਦੇ ਆਉਂਦੇ ਮੁਸਲਮਾਨ ਹਿੰਦੂਆਂ ਦੇ ਬਹੁਮਤ ਤੋਂ ਡਰਨ ਲੱਗ ਗਏ। ਹਿੰਦੂ ਬਹੁ-ਮਤ ਵਾਲੀ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਲਗ ਪਏ। ਐਸੇ ਡਰ ਵਾਲੇ ਮਾਹੌਲ ਵਿਚ ਮੁਸਲਮਾਨਾਂ ਨੇ 1906 ਨੂੰ ਢਾਕਾ ਵਿੱਚ “ਮੁਸਲਮਾਨ ਲੀਗ” ਦੀ ਸਥਾਪਨਾ ਕੀਤੀ। 1930 ਦੇ ਮੁਸਲਮ ਸੰਮੇਲਨ ਵਿਚ ਉਰਦੂ ਦੇ ਪ੍ਰਸਿੱਧ ਕਵੀ ਸਰ ਮੁਹੰਮਦ ਇਕਬਾਲ ਨੇ ਪਹਿਲੀ ਵਾਰ ਵੱਖਰੇ ਮੁਲਕ ਦੀ ਮੰਗ ਰੱਖੀ। ਇਹ ਮੰਗ ਫਿਰ ਲਾਹੌਰ ਦੇ ਇਜਲਾਸ ਵਿਚ 23 ਮਾਰਚ 1940 ਨੂੰ ਦੁਹਰਾਈ ਗਈ। ਏਦਾਂ ਦੇ ਮਾਹੌਲ ਵਿਚ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਖੇ ਦਸੰਬਰ 1943 ਨੂੰ ਸਿੱਖ ਵਿਦਵਾਨਾਂ ਨੇ ਅਜ਼ਾਦ ਪੰਜਾਬ ਦੀ ਸਕੀਮ ਦੇ ਹੱਕ ਵਿਚ ਆਪਣਾ ਮੈਨੀਫ਼ੈਸਟੋ ਜਾਰੀ ਕੀਤਾ। ਫਿਰ 7 ਜੂਨ 1943 ਨੂੰ ਅਜ਼ਾਦ ਪੰਜਾਬ ਦੀ ਕਾਇਮੀ ਵਾਸਤੇ ਮਤਾ ਪਾਸ ਕਰ ਦਿੱਤਾ। ਅਜ਼ਾਦ ਪੰਜਾਬ ਦੀ ਮੰਗ ਨੂੰ ਜਿੱਥੇ ਭਾਰਤੀ ਰਾਸ਼ਟਰੀ ਕਾਂਗਰਸ ਤੇ ਮੁਸਲਮ ਲੀਗ ਵਾਲੇ ਮੰਨਣ ਲਈ ਤਿਆਰ ਨਹੀਂ ਸਨ ਓੱਥੇ ਅੰਗਰੇਜ਼ਾਂ ਨੇ ਵੀ ਪੰਜਾਬ ਨੂੰ ਰਗੜਨ ਦਾ ਪੂਰਾ ਮਨ ਬਣਾਇਆ ਹੋਇਆ ਸੀ।
ਮੁਲਕ ਦੀ ਅਜ਼ਾਦੀ ਵਿਚ ਨਫਰਤ ਦੀ ਅੱਗ ਬਾਲੀ ਗਈ, ਜਿਸ ਦਾ ਸਭ ਤੋਂ ਵੱਧ ਸੇਕ ਪੰਜਾਬ ਨੂੰ ਲੱਗਿਆ। ਦੇਸ਼ ਪੰਜਾਬ ਦੇ ਮਾਲਕ ਹੁੰਦੇ ਹੋਏ ਨਿਕੀ ਜੇਹੀ ਸੂਬੀ ਲਈ ਤਰਸਣ ਲਾ ਦਿੱਤੇ। ਇਹ ਅੰਗਰੇਜ਼ ਦੀ ਖੋਟੀ ਨੀਤੀ ਸੀ ਜਿਸ ਨਾਲ ਸਾਰਾ ਪੰਜਾਬ ਲਹੂ-ਲੁਹਾਨ ਹੋ ਗਿਆ। 1951 ਦੀ ਮਰਦਮ ਸ਼ੁਮਾਰੀ ਅਨੁਸਾਰ 7226000 ਮੁਸਲਮਾਨ ਭਾਰਤ ਛੱਡ ਕੇ ਪਛਮੀ ਪੰਜਾਬ (ਪਾਕਿਸਤਾਨ) ਗਏ 7249000 ਸਿੱਖ ਹਿੰਦੂ ਪਛਮੀ ਪੰਜਾਬ (ਪਾਕਿਸਤਾਨ) ਛੱਡ ਕੇ ਪੂਰਬੀ ਪੰਜਾਬ (ਭਾਰਤ) ਪਹੁੰਚੇ। ਇਕ ਲੱਖ ਬੀਬੀਆਂ ਨੂੰ ੳਧਾiਲ਼ਆ ਗਿਆ। ਪੰਜਾਬ ਦੀ ਵੰਡ ਸਮੇਂ ਸਭ ਤੋਂ ਵੱਧ ਸਿੱਖਾਂ ਨੂੰ ਨਫਰਤ, ਦੰਗਿਆਂ ਤੇ ਕਤਲੇਆਮ ਦਾ ਸ਼ਿਕਾਰ ਹੋਣਾ ਪਿਆ। ਇਸ ਨਫਰਤ ਦੀ ਬਲ਼ ਰਹੀ ਅੱਗ ਵਿਚ ਮਹਾਸ਼ਾ ਅਖ਼ਬਾਰਾਂ ਨੇ ਤੇਲ ਦਾ ਕੰਮ ਕੀਤਾ। ਹਿੰਦੂਆਂ ਨੂੰ ਸਿੱਖਾਂ ਦੇ ਵਿਰੁਧ ਭੜਕਾਉਣ ਦਾ ਪੂਰਾ ਯਤਨ ਕੀਤਾ। ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ 10 ਅਕਤੂਬਰ 1947 ਨੂੰ ਇਕ ਸਰਕਲਰ ਜਾਰੀ ਕੀਤਾ ਕਿ “ਸਿੱਖ ਇਕ ਜਰਾਇਮ ਪੇਸ਼ਾ ਕੌਮ ਹਨ ਤੇ ਸੂਬੇ ਦੇ ਇਨਸਾਫ਼-ਪਸੰਦ ਹਿੰਦੂਆਂ ਲਈ ਖਤਰਾ ਹਨ। ਡਿਪਟੀ ਕਮਿਸ਼ਨਰਾਂ ਨੂੰ ਇਨ੍ਹਾਂ ਦੇ ਖਿਲਾਫ਼ ਕਦਮ ਚੁੱਕਣੇ ਚਾਹੀਦੇ ਹਨ। ਦੁਖ ਦੀ ਗੱਲ ਇਹ ਕਿ ਉਸ ਵੇਲੇ ਪੰਜਾਬ ਦਾ ਗ੍ਰਹਿ ਮੰਤ੍ਰੀ ਸਵਰਨ ਸਿੰਘ ਸੀ। ਜਿਸ ਨੇ ਆਪਣੀ ਹੀ ਕੌਮ ਨਾਲ ਹੋਏ ਧੱਕੇ ਸਮੇਂ ਜ਼ਬਾਨ ਨੂੰ ਬੰਦ ਰੱਖਿਆ”।
ਸਾਰੇ ਭਾਰਤ ਵਿਚ ਬੋਲੀ ਦੇ ਅਧਾਰਤ ਸੂਬੇ ਬਣਾਏ ਗਏ ਪਰ ਪੰਜਾਬ ਨਾਲ ਵਿਤਕਰਾ ਕੀਤਾ ਗਿਆ। ਜੇ 1952 ਵਿੱਚ ਅਕਾਲੀ ਦਲ ਦੇ ਪ੍ਰਧਾਨ ਨੇ ਸਿੱਖ ਸਟੂਡੈਂਟਜ਼ ਫੈਡਰੇਸ਼ਨ ਦੀ ਕਨਵੈਨਸ਼ਨ ਵਿਚ ਬੋਲਦਿਆਂ ਪੰਜਾਬੀ ਸੂਬੇ ਦੀ ਮੰਗ ਦੁਹਰਾਈ ਤਾਂ ਹਿੰਦੂ ਫਿਰਕਾ ਪ੍ਰਸਤਾਂ ਨੇ ਇਸ ਦਾ ਵਿਰੋਧ ਕੀਤਾ। 1947 ਤੋਂ ਲੈ ਕੇ 1955 ਤਕ ਪੰਜਾਬ ਵਿਚ ਨਫਰਤ, ਈਰਖਾ ਦਾ ਬੀਜ ਬੀਜਣ ਵਿਚ ਹਿੰਦੂ ਫਿਰਕਾਪ੍ਰਸਤੀ, ਆਰੀਆ ਸਮਾਜੀ ਪ੍ਰੈਸ, ਫਿਰਕੂ ਹਿੰਦੂ ਕਾਂਗਰਸ, ਕਾਂਗਰਸ ਸਰਕਾਰ ਤੇ ਸਿੱਖ ਵਿਰੋਧੀ ਅਨਸਰਾਂ ਨੇ ਆਪੋ ਆਪਣਾ ਯੋਗਦਾਨ ਪਾਇਆ। ਇਸ ਸਾਰੇ ਮਾਹੌਲ ਦਾ ਫਾਇਦਾ ਭਾਰਤੀ ਕਾਂਗਰਸ ਪਾਰਟੀ ਨੂੰ ਹੁੰਦਾ ਰਿਹਾ। ਜਦੋਂ ਪੰਜਾਬੀ ਸੂਬੇ ਦੀ ਮੰਗ ਉੱਠੀ ਤਾਂ ਭਾਰਤੀ ਰਾਸ਼ਟਰੀ ਕਾਂਗਰਸ ਨੇ ਵਿਰੋਧ ਕਰਨਾ ਹੀ ਕਰਨਾ ਸੀ ਕਾਂਗਰਸ ਵਿਚ ਰਹਿੰਦੇ ਸਿੱਖ ਚਿਹਰਿਆਂ ਵੀ ਇਸ ਦਾ ਵਿਰੋਧ ਕੀਤਾ। ਪੰਜਾਬ ਦੀ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਭਾਰਤੀ ਕਾਂਗਰਸ ਵੋਟਾਂ ਦੀ ਰਾਜਨੀਤੀ ਖੇਡਦੀ ਰਹੀ। 16 ਅਕਤੂਬਰ 1973 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦਾ ਮਤਾ ਲਿਆਂਦਾ, ਇਸ ਮਤੇ ਦਾ ਨਾਂ ਅਨੰਦਪੁਰ ਦਾ ਮਤਾ ਰੱਖਿਆ ਗਿਆ। ਭਾਰਤ ਦੇ ਬਹੁਤੇ ਰਾਜਨੀਤਿਕ ਚਿੰਤਕ ਲੋਕਾਂ ਨੇ ਇਸ ਮਤੇ ਦੀ ਪ੍ਰੋੜਤਾ ਕੀਤੀ। ਤਸਵੀਰ ਦੇ ਦੂਜੇ ਪਾਸੇ ਹਿੰਦੂਤਵੀ ਸੋਚ ਵਲੋਂ ਇਸ ਮਤੇ ਨੂੰ ਵੱਖਵਾਦੀ ਕਹਿ ਕੇ ਸਮੁੱਚੀ ਸਿੱਖ ਕੌਮ ਨੂੰ ਭੰਡਿਆ ਗਿਆ। ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਤਾਂ ਬਣ ਗਈ ਪਰ ਅਦਾਲਤ ਵਿਚੋਂ ਹਾਰ ਗਈ ਪਰ ਐਮਰਜੈਂਸੀ ਲਾ ਕੇ ਪ੍ਰਧਾਨ ਮੰਤਰੀ ਬਣੀ ਰਹੀ। ਸਾਰਾ ਦੇਸ਼ ਚੁੱਪ ਰਹਿਣ ਵਿਚ ਹੀ ਭਲਾ ਸਮਝਦਾ ਸੀ ਪਰ ਸ਼੍ਰੋਮਣੀ ਅਕਾਲੀ ਦਲ ਨੇ ਐਮਰਜੈਂਸੀ ਦੇ ਵਿਰੋਧ ਵਿਚ ਮੋਰਚਾ ਲਾ ਦਿੱਤਾ। ਅਕਾਲੀ ਦਲ ਸਮਝਦਾ ਸੀ ਕਿ ਐਮਰਜੈਂਸੀ ਮਨੁੱਖੀ ਅਧਿਕਾਰਾਂ ਦੇ ਮੁੱਢਲੇ ਹੱਕਾਂ ‘ਤੇ ਹਮਲਾ ਹੈ। ਆਪਣੇ ਵਿਰੁੱਧ ਲੱਗੇ ਮੋਰਚੇ ਨੂੰ ਦੇਖ ਕੇ ਇੰਦਰਾ ਗਾਂਧੀ ਅਕਾਲੀਆਂ ਪ੍ਰਤੀ ਖੁੰਦਕ ਰੱਖਣ ਲੱਗ ਪਈ। ਪੰਜਾਬ ਦੇ ਪਾਣੀਆਂ ਦਾ ਕੇਸ ਸੁਪਰੀਮ ਕੋਰਟ ਵਿਚੋਂ ਵਾਪਸ ਲੈਣ ਲਈ ਦਰਬਾਰਾ ਸਿੰਘ ਕੋਲੋਂ ਦਸਤਖਤ ਕਰਾ ਲਏ। ਪਾਣੀਆਂ ਦਾ ਮੋਰਚਾ ਲੱਗ ਗਿਆ। ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ। ਸਾਰੇ ਮੁਲਕ ਵਿਚ ਇਹ ਕਹਿ ਕੇ ਨਫਰਤ ਦੀ ਅੱਗ ਬਾਲੀ ਕਿ ਪੰਜਾਬ ਦੇ ਸਿੱਖ ਮੁਲਕ ਨਾਲੋਂ ਵੱਖਰਾ ਹੋਣਾ ਚਾਹੁੰਦੇ ਹਨ। ਸਿੱਖ ਕੌਮ ਨੂੰ ਅੱਤਵਾਦੀ, ਵੱਖਵਾਦੀ, ਆਤੰਕਵਾਦੀ ਵਰਗੇ ਕਈ ਨਾਵਾਂ ਨਾਲ ਬਦਨਾਮ ਕੀਤਾ ਗਿਆ। ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਨਫਰਤ ਦੀ ਪੁੱਠ ਚਾੜ੍ਹ ਕੇ ਪੇਸ਼ ਕੀਤਾ ਗਿਆ।
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤੀ ਗਈ। ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚੋਂ ਬਾਹਰ ਰੱਖੇ ਗਏ, ਭਾਖੜਾ ਡੈਮ ਖੋਹਿਆ ਗਿਆ, ਸਿੱਖਾਂ ਦੀ ਫੋਜ ਵਿਚੋਂ ਗਿਣਤੀ ਘਟਾਈ ਗਈ। ਅਜ਼ਾਦੀ ਤੋਂ ਪਹਿਲਾਂ ਕੀਤੇ ਵਾਅਦਿਆਂ ‘ਤੇ ਪਾਣੀ ਫੇਰਦਿਆਂ ਪੰਜਾਬ ਨਾਲ ਜ਼ਿਆਦਤੀਆਂ ਕਰਨੀਆਂ ਸ਼ੁਰੂ ਕੀਤੀਆਂ। ਅਗਲੀਆਂ ਚੋਣਾਂ ਜਿੱਤਣ ਲਈ ਦਰਬਾਰ ਸਾਹਿਬ ‘ਤੇ ਫੌਜਾਂ ਚਾੜ੍ਹੀਆਂ ਗਈਆਂ, ਸਿੱਖਾਂ ਦਾ ਕਤਲੇਆਮ ਹੋਇਆ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਹੱਲਾ ਸ਼ੇਰੀ ਦਿੱਤੀ। ਇਸ ਨਫਰਤ ਦੀ ਅੱਗ ਵਿਚ ਇੰਦਰਾ ਗਾਂਧੀ ਝੁਲਸ ਗਈ। ਨਵੰਬਰ 1984 ਵਿਚ ਅਜ਼ਾਦ ਭਾਰਤ ਵਿਚ ਗਿਣ ਮਿੱਥ ਕੇ ਸਿੱਖਾਂ ਦਿਆਂ ਗਲਾਂ ਵਿਚ ਟਾਇਰ ਪਾ ਕੇ ਜਿੳਂਦਿਆਂ ਸਾੜਿਆ ਗਿਆ। ਨਫਰਤ ਦੀ ਅੱਗ ਨਾਲ ਭਾਰਤੀ ਕਾਂਗਰਸ ਲਈ ਕੇਂਂਦਰ ਵਿਚ ਸਰਕਾਰ ਬਣਾਉਣ ਦਾ ਰਾਹ ਪੱਧਰਾ ਹੋ ਗਿਆ। ਰਾਜੀਵ ਗਾਂਧੀ ਨੇ ਕੇਂਦਰ ਵਿਚ ਸਰਕਾਰ ਬਣਾ ਗਿਆ। ਇਸ ਬਿਰਤਾਂਤ ਨੂੰ ਏਦਾਂ ਵੀ ਸਮਝਿਆ ਜਾ ਸਕਦਾ ਹੈ ਕਿ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਭਾਰਤ ਨੂੰ ਫਤਹਿ ਕੀਤਾ। ਰਾਜੀਵ ਗਾਂਧੀ ਨੇ ਆਪਣੀ ਮਾਂ ਦੀ ਈਰਖਾ ਵਾਲੀ ਵਿਰਾਸਤ ਨੂੰ ਸੰਭਾਲ਼ਦਿਆਂ ਅੱਗੇ ਕਦਮ ਵਧਾਏ ਤੇ ਨਵੰਬਰ 1984 ਦਾ ਕਹਿਰ ਢਾਹਿਆ, ਕਹਿੰਦਾ ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ। ਸਿੱਖ ਕੌਮ ਦੀਆਂ ਲਾਸ਼ਾਂ ‘ਤੇ ਪੈਰ ਧਰ ਕੇ ਭਾਰਤ ਦਾ ਪ੍ਰਧਾਨ ਮੰਤਰੀ ਬਣ ਗਿਆ।
18 ਸੂਬਿਆਂ ਦੇ 110 ਸ਼ਾਹਿਰਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ। ਭਾਰਤ ਦਾ ਅਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਫਿਰਕੂ ਸਿੱਖ ਕੌਮ ਦਾ ਕਤਲੇਆਮ ਸੀ। ਭਾਰਤੀ ਜਨਤਾ ਪਾਰਟੀ ਨੇ ਕੇਂਦਰ ਤਕ ਪਹੁੰਚਣ ਲਈ ਕਈ ਪ੍ਰਯੋਗ ਕੀਤੇ। ਅਡਵਾਨੀ ਨੇ ਹਿੰਦੂਤਵ ਦਾ ਪੱਤਾ ਖੇਡਦਿਆਂ ਰਾਮ ਮੰਦਰ ਬਣਾਉਣ ਲਈ ਰੱਥ ਯਾਤਰਾ ਕੱਢੀ। ਬਿਹਾਰ ਵਿਚ ਲਾਲੂ ਪ੍ਰਸਾਦ ਯਾਦਵ ਦਾ ਰਾਜ ਸੀ ਉਸ ਨੇ ਆਪਣੇ ਸੂਬੇ ਵਿਚ ਇਸ ਯਾਤਰਾ ਨੂੰ ਵੜ੍ਹਨ ਨਹੀਂ ਦਿੱਤਾ ਸੀ। ਭਾਰਤੀ ਜਨਤਾ ਪਾਰਟੀ ਨੇ ਹਿੰਦੂ ਵੋਟ ਲੈਣ ਲਈ 1992 ਨੂੰ ਬਾਬਰੀ ਮਸਜਦ ਢਾਹ ਕੇ ਰਾਮ ਮੰਦਰ ਦਾ ਮੁੱਢ ਬੰਨਿ੍ਹਆ। ਭਾਰਤੀ ਜਨਤਾ ਪਾਰਟੀ ਨੇ ਕੇਂਦਰ ਵਿਚ ਆਪਣੀ ਸਰਕਾਰ ਬਣਾਉਣ ਲਈ ਮੁਸਲਮ ਭਾਈਚਾਰੇ ਨੂੰ ਨਿਸ਼ਾਨੇ ਤੇ ਰੱਖਿਆ। 27 ਫਰਵਰੀ 2002 ਨੂੰ ਗੋਧਰਾ ਸਟੇਸ਼ਨ ‘ਤੇ ਸਾਬਰਮਤੀ ਟ੍ਰੇਨ ਵਿੱਚ ਅੱਗ ਨਾਲ ਅਯੁੱਧਿਆ ਤੋਂ ਪਰਤ ਰਹੇ ਹਿੰਦੂਤਵ ਨਾਲ ਜੁੜੇ 59 ਹਿੰਦੂ ਮਾਰੇ ਗਏ। ਇਸ ਦਾ ਬਹਾਨਾ ਲੈ ਕੇ ਹਿੰਦੂਆਂ ਵਲੋਂ 800 ਦੇ ਕਰੀਬ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਇਹ ਨਫਰਤ, ਦੰਗਿਆਂ ਤੇ ਕਤਲੇਆਮ ਦੀਆਂ ਅਜਿਹੀਆਂ ਫਸਲਾਂ ਹਨ ਜਿਸ ਨੂੰ ਰਾਜਨੀਤਿਕ ਲੋਕ ਸਰਕਾਰਾਂ ਬਣਾਉਣ ਦੇ ਰੂਪ ਵਿਚ ਵੱਢਦੇ ਹਨ। ਕਿੱਡੇ ਦੁੱਖ ਦੀ ਗੱਲ ਹੈ ਕਿ ਭਾਰਤ ਦੇ ਰਾਜਨੀਤਿਕ ਮਾਹੌਲ ਵਿਚ ਫਿਰਕੂ ਨਫਰਤ ਨੂੰ ਪੂਰੀ ਹਵਾ ਦੇ ਕੇ ਆਪੋ ਆਪਣੀਆਂ ਰੋਟੀਆਂ ਸੇਕਦੇ ਆ ਰਹੇ ਹਨ।
ਜੰਮੂ ਕਸ਼ਮੀਰ ਵਿਚੋਂ 370 ਧਾਰਾ ਰੱਦ ਕਰਨੀ ਨਫਰਤ ਦੀ ਰਾਜਨੀਤੀ ਹੀ ਕਿਹਾ ਸਕਦਾ ਹੈ। ਬੇੜਾ ਬਹਿਜੇ ਅਕਾਲੀ ਦਲ ਬਾਦਲ ਦਾ ਜਿਹੜੇ ਕੇਂਦਰੀ ਸਰਕਾਰ ਵਿਚ ਭਾਗੀਦਾਰ ਤੇ ਰਾਜਾਂ ਲਈ ਵੱਧ ਅਧਿਕਾਰਾਂ ਦੇ ਮਦੱਈ ਸਨ। ਇਕ ਵਜ਼ੀਰੀ ਖ਼ਾਤਰ ਕੌਮੀ ਅਣਖ਼ ਹੀ ਗਵਾ ਗਏ। ਜਦੋਂ ਸਿਧਾਂਤਿਕ ਮੁੱਦਿਆਂ ਤੋਂ ਪਿੱਛੇ ਹੱਟ ਗਏ ਤਾਂ ਪੰਜਾਬ ਦੇ ਅਵਾਮ ਨੇ ਅਕਾਲੀ ਦਲ ਨੂੰ ਦਿਨੇ ਤਾਰੇ ਵਿਖਾ ਦਿੱਤੇ। ਹੁਣ ਕੰਧਾਂ ਵਿਚ ਵੱਜਦੇ ਫਿਰਦੇ ਹਨ। ਭਾਰਤ ਵਿਚ ਚੋਣ ਰਾਜਨੀਤੀ ਜਿੱਥੇ ਝੂਠੇ ਵਾਅਦਿਆਂ ਦੀ ਰਾਜਨੀਤੀ ਬਣ ਗਈ ਹੈ ਓੱਥੇ ਧਾਰਮਿਕ ਅਧਾਰ ਤੇ ਵੋਟਰਾਂ ਨੂੰ ਵੰਡਣ, ਨਫਰਤ ਫੈਲਾਉਣ ਦੀ ਰਾਜਨੀਤੀ ਵੀ ਬਣ ਗਈ ਹੈ। ਜੇ ਤੁਸੀਂ ਸੱਚੀ ਜਮਹੂਰੀਅਤ ਤੇ ਚੱਲ ਰਹੇ ਹੋ ਤਾਂ ਤੂਹਾਨੂੰ ਬਹੁਤ ਕੁਝ ਲੋਕਾਂ ਦੇ ਭਲੇ ਲਈ ਕਰਨਾ ਪੈਣਾ ਹੈ।
ਸਿਲਸਿਲੇਵਾਰ ਨਫਰਤ ਦਾ ਭਾਰਤ ਵਿਚ ਆਪਣਾ ਇਤਿਹਾਸ ਹੈ। ਨਫਰਤ ਅਕਸਰ ਦੰਗਿਆਂ ਨੂੰ ਜਨਮ ਦਿੰਦੀ ਹੇੈ। ਕਹਿਣ ਨੂੰ ਦੰਗੇ ਹੁੰਦੇ ਹਨ ਪਰ ਰਾਜਨੀਤਿਕ ਪਾਰਟੀ ਇਕ ਦੂਜੇ ਕੋਲੋਂ ਕਤਲੇਆਮ ਕਰਾਉਂਦੀ ਹੈ। 1984 ਤੇ 2002 ਦੇ ਕਤਲੇਆਮ ਨੂੰ ਇਕ ਪਾਸੇ ਕਰ ਦਈਏ ਤਾਂ ਵੀ ਭਾਰਤ ਵਿਚ ਨਫਰਤ ਦਾ ਲੰਮਾ ਇਤਿਹਾਸ ਹੈ। 1969 ਵਿਚ ਅਹਿਮਦਾਬਾਦ ਵਿਚ ਨਫਰਤ ਦੀ ਅੱਗ ਬਾਲ਼ੀ ਗਈ। 2000 ਲੋਕ ਮਾਰੇ ਗਏ 5000 ਜ਼ਖ਼ਮੀ ਹੋਏ ਤੇ 500 ਕਰੋੜ ਦੀ ਜਾਇਦਾਦ ਦਾ ਨੁਕਸਾਨ ਹੋਇਆ। ਬਾਬਰੀ ਮਸਜਦ ਢਹਿਣ ਨਾਲ 6 ਦਿਸੰਬਰ 1992 ਤੋਂ ਲੈ ਕੇ 26 ਜਨਵਰੀ 1993 ਤਕ 1100 ਵਿਆਕਤੀ ਮਾਰੇ ਗਏ। 12 ਮਾਰਚ 1999 ਨੂੰ ਬੰਬਈ ਵਿਚ ਨਫਰਤ ਦੀ ਅੱਗ ਦੇ ਭਾਂਬੜ ਬਲ਼ੇ 317 ਲੋਕ ਮਾਰੇ ਗਏ 1400 ਜ਼ਖ਼ਮੀ ਹੋਏ।
ਰਾਜਨੀਤਿਕ ਪਾਰਟੀਆਂ ਖ਼ੁਦ ਅਜੇਹਾ ਬ੍ਰਿਤਾਂਤ ਸਿਰਜਦੀਆਂ ਹਨ ਜਿਸ ਨਾਲ ਘੱਟ ਗਿਣਤੀਆਂ ਵਿਚ ਸਹਿਮ ਤੇ ਡਰ ਪੈਦਾ ਹੁੰਦਾ ਰਹੇ। ਬਹੁ-ਗਿਣਤੀ ਲੋਕ ਸਮਝਦੇ ਹਨ ਕਿ ਸ਼ਾਇਦ ਘੱਟ ਗਿਣਤੀ ਵਾਲਿਆਂ ਨੂੰ ਆਪਣੇ ਮੁਲਕ ਨਾਲ ਪਿਆਰ ਨਹੀਂ ਹੈ। ਤਿਰੰਗੇ ਦੀ ਯਾਤਰਾ ਕੱਢਣ ਨਾਲ ਬਹੁ ਗਿਣਤੀ ਨੂੰ ਖੁਸ਼ ਕੀਤਾ ਜਾਂਦਾ ਹੈ ਤੇ ਘੱਟ ਗਿਣਤੀਆਂ ਨੂੰ ਡਰਾਇਆ ਜਾਂਦਾ ਹੈ। ਨੇਤਾਜਨ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਤੇ ਘੱਟ ਗਿਣਤੀ ਕੌਮਾਂ ਨੂੰ ਡਰਾਉਣ ਲਈ ਰਾਸ਼ਟਰਵਾਦ ਦਾ ਪਾਠ ਪੜ੍ਹਾਉਣਾ ਸ਼ੁਰੂ ਕਰਦੇ ਹਨ। ਘੱਟ ਗਿਣਤੀ ਕੌਮਾਂ ਦੇ ਆਗੂ ਸਪਸ਼ਟੀਕਰਨ ਦੇਣ ਲੱਗ ਜਾਂਦੇ ਹਨ। ਬੇ-ਸ਼ੱਕ 15 ਅਗਸਤ ਦਿਨ ਹਰ ਸਾਲ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਪਰ ਅਗਲੀਆਂ ਚੋਣਾਂ ਜਿੱਤਣ ਲਈ ਨਵਾਂ ਨਫਰਤ ਦਾ ਬੀਜ ਬੀਜਆ ਜਾਂਦਾ ਹੈ ਤੇ ਜਿੱਤ ਦੇ ਰੂਪ ਵਿਚ ਨਫਰਤ ਦੀ ਫਸਲ ਵੱਢ ਲਈ ਜਾਂਦੀ ਹੈ। ਵਰਤਮਾਨ ਸਮੇਂ ਵਿਚ ਮਨੀਪੁਰ ਦੀ ਸਥਿੱਤੀ ਨੂੰ ਸਮਝਣਾ ਚਾਹੀਦਾ ਹੈ ਜਿਹੜੀ 2024 ਦੀਆਂ ਵੋਟਾਂ ਵਲ ਸੇਧਿਤ ਹੁੰਦੀ ਹੈ। ਭਾਜਪਾ ਦੀ ਨਫਰਤ ਦੀ ਰਾਜਨੀਤੀ ਨੇ ਪਿੱਛਲੇ ਦਿਨਾਂ ਵਿਚ 100 ਤੋਂ ਵੱਧ ਮਨੁੱਖੀ ਜਾਨਾਂ ਚਲੀਆਂ ਗਈਆਂ ਹਨ। ਨੇਤਾਜਨ ਖ਼ੁਦ ਕਹਿੰਦੇ ਹਨ ਕਿ ਜੇ ਦੂਜੀ ਪਾਰਟੀ ਆਈ ਤਾਂ ਸੂਬੇ ਵਿਚ ਦੰਗੇ ਫਸਾਦ ਹੋਣਗੇ—ਜੇਹਾ ਕਿ 27-4-23 ਨੂੰ ਮੁਲਕ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਆਖਦਾ ਹੈ ਕਿ ਜੇ ਕਰਨਾਟਕਾ ਵਿਚ ਕਾਂਗਰਸ ਆਉਂਦੀ ਹੈ ਇਹ ਸੂਬਾ ਦੰਗਿਆਂ ਦਾ ਸ਼ਿਕਾਰ ਹੋ ਜਾਏਗਾ।
ਇਕ ਵਿਦਵਾਨ ਦਾ ਕਥਨ ਹੈ—ਜਿਹੜੇ ਲੋਕ ਆਏ ਦਿਨ ਦੰਗਿਆਂ ਦਾ ਜ਼ਿਕਰ ਕਰਕੇ ਪੀੜਤਾਂ ਦੇ ਜ਼ਖ਼ਮਾਂ ਦਾ ਸਿੱਕੜ ਝਰੀਟ ਕੇ ਰਾਜ ਨੀਤੀ ਕਰਦੇ ਹਨ, ਉਨ੍ਹਾਂ ਖ਼ੁਦ ਓਦੋਂ ਕੀ ਕੀਤਾ ਸੀ? ਉਨ੍ਹਾਂ ਨੇ ਅੱਗਾਂ ਲਾ ਕੇ ਅੱਗ ਸੇਕਦੇ ਹੱਥ ਫੜੇ ਕਿਉਂ ਨਹੀਂ ਸੀ? ਨਰਿੰਦਰ ਮੋਦੀ ਦੇ ਕਹਿਰ ਦੇ ਵੇਲੇ ਚੁੱਪ ਰਹਿਣ ਵਾਲੇ ਕਾਂਗਰਸੀਆਂ ਦੇ ਸਿਰ ਗੁਜਰਾਤ ਦਾ ਗੁਨਾਹ ਤੇ ਦਿੱਲੀ ਵਿੱਚ ਕਾਂਗਰਸੀਆਂ ਦੇ ਕਹਿਰ ਨੂੰ ਮੂਕ ਦਰਸ਼ਕ ਬਣ ਕੇ ਵੇਖਣ ਵਾਲੇ ਭਾਜਪਾਈਆਂ ਦੇ ਸਿਰ ਦਿੱਲੀ ਦਾ ਦੋਸ਼ ਵੀ ਹੈ। ਆਪੋ ਆਪਣੇ ਗੁਨਾਹ ਦਾ ਲੇਖਾ ਇਹ ਆਗੂ ਕਦੋਂ ਦੇਣਗੇ?