ਗੁਰਮਤਿ ਗਿਆਨ ਮਿਸ਼ਨਰੀ ਕਾਲਜ Gurmat Gian Missionary College

ਪ੍ਰਿੰ: ਗੁਰਬਚਨ ਸਿੰਘ

ਅੰਮ੍ਰਿਤ ਸੰਚਾਰ ਲਹਿਰ ਦੀ ਲੋੜ

ਸਹਿਜ ਪਾਠ ਸੇਵਾ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਚੇਚੇ ਉਦਮਾਂ ਤੇ ਵੱਡੇ ਪੱਧਰ ‘ਤੇ ਅੰਮ੍ਰਿਤ ਸੰਚਾਰ ਕਰਨ ਦਾ ਉਪਰਾਲਾ ਕੀਤਾ ਗਿਆ। ਅੱਜ ਜਦੋਂ ਰਾਜਨੀਤਿਕ, ਧਾਰਮਿਕ, ਸਮਾਜਿਕ ਜੀਵਨ ਵਿਚ ਖੜੋਤ ਜਿਹੀ ਨਜ਼ਰ ਆਉਂਦੀ ਹੈ, ਪੰਜਾਬ ਦੀ ਨੌਜਵਾਨ ਪੀੜ੍ਹੀ ਵਿਚ ਵੀ ਨਿਰਾਸਤਾ ਪਸਰੀ ਹੋਈ ਦਿਸਦੀ ਹੈ। ਸਮੇਂ ਦੀ ਲੋੜ ਹੈ ਕਿ ਏਦਾਂ ਦੀਆਂ ਸੁਹਿਰਦ ਜੱਥੇਬੰਦੀਆਂ ਅੱਗੇ ਆ ਕੇ ਸਿੱਖ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਦਾ ਯਤਨ ਅਰੰਭ ਕਰਨ। ਰਾਜਨੀਤਿਕ ਦ੍ਰਿਸ਼ ਨੇ ਨੌਜਵਾਨਾਂ ਵਿਚ ਨਿਰਾਸਤਾ ਭਰੀ ਹੈ। ਰਾਜਨੀਤਿਕ ਲੋਕਾਂ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ ਨੌਜਵਾਨਾਂ ਨੂੰ ਵਰਤਿਆ ਹੈ ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਨੌਜਵਾਨਾਂ ਦੇ ਜੋਸ਼ ਨੂੰ ਸੰਭਾਲਣ ਦੀ ਲੋੜ ਹੀ ਨਹੀਂ ਸਗੋਂ ਉਨ੍ਹਾਂ ਦੀ ਜ਼ਿੰਮੇਵਾਰੀ ਤਹਿ ਕਰਨੀ ਬਣਦੀ ਹੈ। ਗੁਰਬਾਣੀ ਦੀ ਗੁੜਤੀ, ਖੰਡੇ ਦੀ ਪਾਹੁਲ ਤੇ ਆਗੂਆਂ ਵਲੋਂ ਪਿਆਰ, ਮੁਹੱਬਤ ਦੇਣ ਦੀ ਅਤਿ ਜ਼ਰੂਰਤ ਹੈ। ਸਹਿਜ ਪਾਠ ਸੇਵਾ ਸੰਸਥਾ ਵਲੋਂ ਇਹ ਉਪਰਾਲਾ ਕਰਨ ਦੀ ਅਸੀਂ ਵਧਾਈ ਦਿੰਦੇ ਹਾਂ। ਸਿੱਖੀ ਨੇ ਇਕ ਸਫ਼ਰ ਤਹਿ ਕੀਤਾ ਹੈ। ਸਿੱਖੀ ਰੁਕੀ ਨਹੀਂ ਹੈ। ਸਿੱਖੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੀ ਹੈ। ਸਿੱਖੀ ਦੀ ਬiੁਨਆਦ ਗੁਰੂ ਨਾਨਕ ਸਾਹਿਬ ਜੀ ਨੇ ਇਲਾਹੀ ਵਜੂਦ ਵਿਚ ਗਾਉਂਦਿਆਂ ਗਾਉਂਦਿਆਂ ਪੰਜਾਬ ਦੇ ਪੰਜ ਦਰਿਆਵਾਂ ਦੀ ਧਰਤੀ ‘ਤੇ ਰੱਖੀ। ਮੱਧ ਭਾਰਤ ਦੇ ਜੰਗਲ਼ਾਂ, ਰਾਵੀ ਦੇ ਬੇਲਿਆਂ, ਸਾਂਦਲ ਬਾਰ, ਗੰਜੀ ਬਾਰ, ਨੀਲੀ ਬਾਰ ਦੀ ਜਰਖ਼ੇਜ਼ ਜ਼ਮੀਨ, ਹਿਮਾਲਿਆ ਪਰਬਤ ਦੀ ਹਰਿਆਵਲ, ਅਰਬ ਦੇਸ਼ਾਂ ਦੇ ਰੇਤਲੇ ਇਲਾਕਿਆਂ ਨੂੰ ਭਾਗ ਲਗਾਉਂਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਨਵੇਂ ਸਮਾਜ ਦੀ ਸਿਰਜਣਾ ਕਰ ਦਿੱਤੀ।
ਇਸ ਸਾਰੇ ਕਾਰਜ ਦੀ ਆਰੰਭਤਾ ਉਨ੍ਹਾਂ ਅਟੱਲ, ਸੱਚਾਈਆਂ ’ਤੇ ਰੱਖੀ ਜੋ ਸਦਾ ਗੂੰਜਦੀਆਂ ਰਹਿਣਗੀਆਂ ਜਿਹਾ ਕਿ— 1 ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ (471) 2 ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥ (2) 3 ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥ (14) 4 ਬਾਬਾ ਬੋਲੀਐ ਪਤਿ ਹੋਇ ॥ ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥ (15) 5 ਛੋਡੀਲੇ ਪਾਖੰਡਾ ॥ ਨਾਮਿ ਲਇਐ ਜਾਹਿ ਤਰੰਦਾ॥ (471) 6 ਐਸਾ ਗਿਆਨੁ ਜਪਹੁ ਮਨ ਮੇਰੇ ॥ ਹੋਵਹੁ ਚਾਕਰ ਸਾਚੇ ਕੇਰੇ ॥ 7 ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜ੍ਹਿ੍ਹ ਕੈ ਬੁਝੀਐ ਅਕਲੀ ਕੀਚੈ ਦਾਨੁ॥ (1245) 8 ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (1245) 9 ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ॥ ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ॥ (1410)
ਸਿੱਖੀ ਦਾ ਸਫ਼ਰ ਨਨਕਾਣਾ ਸਾਹਿਬ ਤੋਂ ਸ਼ੁਰੂ ਹੋ ਕੇ ਜੋ ਖਡੂਰ, ਗੋਇੰਦਵਾਲ, ਅੰਮ੍ਰਿਤਸਰ, ਹਰਿਗੋਬਿੰਦਪੁਰ, ਕੀਰਤਪੁਰ, ਅਨੰਦਪੁਰ ਸਾਹਿਬ ਆ ਕੇ ਮੁਕੰਮਲਤਾ ਵਿਚ ਪ੍ਰਗਟ ਹੁੰਦਾ ਹੈ। ਏਦਾਂ ਵੀ ਕਿਹਾ ਜਾ ਸਕਦਾ ਹੈ ਕਿ ਜਿਹੜਾ ਬੂਟਾ ਗਰੂ ਨਾਨਕ ਸਾਹਿਬ ਜੀ ਨੇ ਲਾਇਆ ਸੀ ਉਹ ਸਮੇਂ ਸਮੇਂ ਪ੍ਰਗਟ ਹੁੰਦਾ ਰਿਹਾ। ਤੱਤੀ ਤਵੀ ਦਾ ਰਸਤਾ ਤਹਿ ਕਰਦਿਆਂ, ਅਕਾਲ ਤਖਤ ਦੀ ਸਿਰਜਣਾ, ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਚਾਰ ਲੜਾਈਆਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ, ਚਮਕੌਰ ਦੀ ਜੂਹ ਤੇ ਸਰਹੰਦ ਦੀਆਂ ਕੰਧਾਂ ਉਸਾਰਦਾ ਹੋਇਆ ਸਿੱਖੀ ਦਾ ਬੂਟਾ ਵੱਧਦਾ ਫੁੱਲਦਾ ਰਿਹਾ ਹੈ। ਉਹ ਕਿਹੜਾ ਬੂਟਾ ਏ? ਹਰ ਥਾਂ ਜੋ ਪਲ਼ਦਾ ਏ, ਆਰੇ ਦੇ ਦੰਦਿਆਂ ‘ਤੇ, ਰੰਬੀ ਦੀਆਂ ਧਾਰਾਂ ‘ਤੇ, ਖੈਬਰ ਦੇ ਦਰਿਆਂ ਵਿਚ, ਸਰਹੰਦ ਦੀਆਂ ਨੀਹਾਂ ਵਿਚ, ਜਿੱਥੇ ਵੀ ਲਾ ਦਈਏ, ਓੱਥੇ ਹੀ ਪਲਦਾ ਏ।
ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਨੂੰ ਸਚਿਆਰ ਬਣਨ ਲਈ ਪ੍ਰੇਰਤ ਕੀਤਾ। ਉਹ ਮਨੁੱਖ ਜਿਸ ਨੂੰ ਅਣਖ਼, ਗੈਰਤ, ਸਵੈਮਾਨ ਤੇ ਖ਼ੁਦਮੁਖਤਿਆਰ ਹੋਣ ‘ਤੇ ਮਾਣ ਮਹਿਸੂਸ ਹੋਵੇ। ਨਿੱਜੀ ਲਾਲਸਾਵਾਂ, ਲਾਲਚ, ਹੀਣਤਾ, ਈਰਖਾ, ਗੁਲਾਮੀ ਵਰਗੀਆਂ ਲਾਹਨਤਾਂ ਨੂੰ ਗਲੋਂ ਲਾਹ ਕੇ ਜਿਉਣ ਦਾ ਹੁਨਰ ਰੱਖਦਾ ਹੋਵੇ। ਇਕ ਸੱਚੇ ਕਿਰਦਾਰ ਵਾਲੇ ਜੀਵਨ ਨੂੰ ਗੁਰੂ ਨਾਨਕ ਸਾਹਿਬ ਜੀ ਨੇ ‘ਸਚਿਆਰ’ ਆਖਿਆ ਤੇ ਏਸ ਕਿਰਦਾਰ ਨੂੰ ਗੁਰੂ ਅਗੰਦ ਸਾਹਿਬ ਜੀ ‘ਆਸ਼ਕ’ ਆਖਦੇ ਸਨ। ਗੁਰੂ ਅੰਗਦ ਦਾਸ ਜੀ ‘ਭਗਤ’, ਗੁਰੂ ਰਾਮਦਾਸ ਜੀ ‘ਸਿੱਖ’, ਗੁਰੂ ਅਰਜਨ ਪਾਤਸ਼ਾਹ ਜੀ ‘ਸੇਵਕ’, ਗੁਰੂ ਤੇਗ ਬਹਾਦਰ ਸਾਹਿਬ ਜੀ ‘ਨਰ’ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਏਸੇ ਕਿਰਦਾਰ ਨੂੰ ‘ਖਾਲਸਾ’ ਆਖਿਆ। ਇਸ ਸਫਰ ਦੀ ਮੁਕੰਮਲਤਾ ਲਈ ਪੂਰੇ 230 ਸਾਲ ਲੱਗ ਗਏ। 1699 ਈ. ਦੀ ਵੈਸਾਖੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ’ਤੇ ਪੰਚ ਪ੍ਰਧਾਨੀ ਦੀ ਸੰਪੂਰਨਤਾ ਲਈ ਪੰਜਾਂ ਪਿਆਰਿਆਂ ਦੀ ਚੋਣ ਕੀਤੀ। ਗੁਰੂ ਨਾਨਕ ਸਾਹਿਬ ਜੀ ਵਲੋਂ ਚਲਾਏ ਮਿਸ਼ਨ ਨੂੰ ਸਹੀ ਅਰਥਾਂ ਵਿਚ ਲੋਕ ਰਾਜ ਭਾਵ ਲੋਕਤੰਤਰ ਕਾਇਮ ਕਰ ਦਿੱਤਾ। ਪੰਜਾਂ ਪਿਆਰਿਆਂ ਦੇ ਸ਼ਹਿਰਾਂ ਵਲ ਨਿਗਾਹ ਮਾਰਦੇ ਹਾਂ ਤਾਂ ਇਹ ਸਮਝ ਆ ਜਾਂਦਾ ਹੈ ਕਿ ਸਿੱਖੀ ਸਿਧਾਂਤ ਦਾ ਦੂਰ ਦੂਰ ਤਕ ਬੋਲਬਾਲਾ ਹੋ ਚੁੱਕਾ ਸੀ।
ਗੁਰੂ ਗੋਬਿੰਦ ਸਿੰਘ 1708 ਵਿਚ ਬਾਬਾ ਗੁਰਬਖਸ਼ ਸਿੰਘ ਜੀ ਨੂੰ ਮਿਲੇ ਜਿਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਨਾਲ ਯਾਦ ਕਰਦੇ ਹਾਂ। ਉਨ੍ਹਾਂ ਨੇ ਜ਼ੁਲਮੀ ਰਾਜ ਦਾ ਖਤਮਾ ਕਰਨ ਤੇ ਹਲੇਮੀ ਰਾਜ ਦੀ ਸਥਾਪਨਾ ਕਰਨ ਲਈ ਨਾਂਦੇੜ ਤੋਂ ਪੰਜਾਬ ਵੱਲ ਨੂੰ ਚਾਲੇ ਪਾ ਦਿੱਤੇ। ਜਿਹੜੇ ਸ਼ਹਿਰ ਵਿਚ ਬਦ-ਇਖ਼ਲਾਕ ਬੇਈਮਾਨ ਹਾਕਮ ਜਾਂ ਉਨ੍ਹਾਂ ਦੇ ਸਲਾਹਕਾਰ ਰਹਿੰਦੇ ਸਨ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਫਿਰ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਖਾਲਸਾ ਰਾਜ ਸਥਾਪਿਤ ਕਰ ਦਿੱਤਾ। ਸਿੱਕਾ ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਚਲਾ ਦਿੱਤਾ। ਦੇਗ ਤੇਗ ਫ਼ਤਿਹ ਨੁਸਰਤ ਬੇਦਰੰਗ, ਯਾਫ਼ਤ ਅਜ਼ ਨਾਨਕ ਗੁਰੁ ਗੋਬਿੰਦ ਸਿੰਘ।
“ਲੰਗਰ, ਸ਼ਸਤਰ, ਸਫਲਤਾ ਅਤੇ ਬੇਰੋਕ ਜਿੱਤ ਨਾਨਕ ਗੁਰੁ ਗੋਬਿੰਦ ਸਿੰਘ ਦੇ ਮਿਹਰ ਸਦਕਾ ਹੋਈ”। ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੀ ਲੋਅ ਵਿਚ ਤੁਰਦਿਆਂ ਤੇ ਕੌਮ ਨੂੰ ਇਕ ਜਾਬਤੇ ਵਿਚ ਬੰਨਣ ਲਈ ਖੰਡੇ ਦੀ ਪਾਹੁਲ ਦਾ ਪ੍ਰਵਾਹ ਚਲਾ ਦਿੱਤਾ। ਅਠਾਰਵੀਂ ਸਦੀ ਦੇ ਸਿੰਘਾਂ ਦਾ ਕਿਰਦਾਰ ਦੇਖ ਕੇ ਪੰਜਾਬੀ ਦੇ ਸ਼ਾਇਰ ਭਾਈ ਸੋਹਣ ਸਿੰਘ ਘੁੱਕੇ ਵਾਲੀਆ ਲਿਖਦੇ ਹਨ— ਇਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ, ਘੂਰ ਘੂਰ ਮੌਤ ਨੂੰ ਬਲਾਵੇ ਤੇਰਾ ਖਾਲਸਾ। ਤੇਰੇ ਦਰਬਾਰ ਵਿਚੋਂ ਧੂੜੀ ਲੈ ਕੇ ਜੋੜਿਆਂ ਦੀ, ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ। ਪੰਜ ਘੁੱਟ ਪੀ ਕੇ ਤੇਰੇ ਬਾਟਿਓਂ ਪ੍ਰੇਮ ਵਾਲੇ, ਮਸਤ ਹੋਏ ਹਾਥੀਆਂ ਨੂੰ ਢਾਵ੍ਹੇ ਤੇਰਾ ਖਾਲਸਾ। ਪਵੇ ਕਿਤੇ ਲੋੜ ਜੇ ਕਰ ਸ਼ਾਨ ਅਜਮਾਉਣ ਲਈ, ਹੱਸ ਹੱਸ ਮੂਹਰੇ ਹੋ ਕੇ ਛਾਤੀਆਂ ਨੂੰ ਡਾਹਵੇ ਤੇਰਾ ਖਾਲਸਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਹੋਂਦ ਵਿਚ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਉਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਸੇਵਾਦਾਰ ਅੰਮ੍ਰਿਤਧਾਰੀ ਤੇ ਪੰਥ ਪ੍ਰਸਤ ਹੁੰਦੇ ਸਨ। ਹਰ ਵਰਕਰ ਨਾਮ ਬਾਣੀ ਦਾ ਅਭਿਆਸੀ ਤੇ ਸਿੱਖੀ ਦਾ ਪ੍ਰਚਾਰਕ ਹੁੰਦਾ ਸੀ। ਮਾਸਟਰ ਤਾਰਾ ਸਿੰਘ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਖ਼ੁਦ ਪੰਜਾਂ ਪਿਆਰਿਆਂ ਵਿਚ ਸ਼ਾਮਿਲ ਹੋ ਕੇ ਜੱਥੇਦਾਰੀ ਦੀ ਸੇਵਾ ਕਰਦੇ ਰਹੇ। ਜਦੋਂ ਦਾ ਪੰਜਾਬੀ ਸੂਬਾ ਬਣਿਆ ਹੈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਦੇ ਵੀ ਸਮੇਂ ਸਿਰ ਨਹੀਂ ਹੋਈਆਂ। ਦੁਖਾਂਤ ਹੈ ਕਿ ਸਿੱਖਾਂ ਦੀ ਇਸ ਮਹਾਨ ਸੰਸਥਾ ਵਿਚ ਰਾਜਨੀਤਿਕ ਦਖਲ ਹੋਣ ਕਰਕੇ ਸਿਧਾਂਤਕ ਪੱਖ ਕੰਮਜ਼ੋਰ ਹੋਇਆ ਹੈ।
ਭਾਵੇਂ ਅੰਮ੍ਰਿਤ ਸੰਚਾਰ ਦਾ ਪ੍ਰਵਾਹ ਚਲਾਉਣ ਲਈ ਸ਼੍ਰੋਮਣੀ ਕਮੇਟੀ ਦਾ ਪੂਰਾ ਸਹਿਯੋਗ ਮਿਲਿਆ ਹੈ ਪਰ ਅਸਲ ਕੰਮ ਸ਼੍ਰੋਮਣੀ ਕਮੇਟੀ ਦਾ ਹੀ ਹੈ। ਬੜੀ ਵੱਡੀ ਪੱਧਰ ‘ਤੇ ਸਹਿਜ ਪਾਠ ਸੇਵਾ ਸੰਸਥਾ ਵਲੋਂ ਅਕਤੂਬਰ 2023 ਤੋਂ ਅੰਮ੍ਰਿਤ ਸੰਚਾਰ ਦੀ ਆਰੰਭਤਾ ਕੀਤੀ ਗਈ। ਇਸ ਦੀ ਰੂਪ ਰੇਖਾ ਜੂਨ ਦੇ ਮਹੀਨੇ ਵਿਚ ਤਹਿ ਕਰ ਲਈ ਗਈ ਸੀ। ਕਦੇ ਇਹ ਸਾਰਾ ਕੰਮ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਹੁੰਦਾ ਸੀ। ਸਹਿਜ ਪਾਠ ਸੇਵਾ ਸੰਸਥਾ ਵਲੋਂ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਸਕੂਲਾਂ ਕਾਲਜਾਂ, ਸ਼ਹਿਰਾਂ ਦੇ ਗੁਰਦੁਆਰਿਆਂ ਵਿਚ ਅੰਮ੍ਰਿਤ ਸੰਚਾਰ ਦੀ ਲਹਿਰ ਦਾ ਪਰਚਾਰ ਕਰਨਾ ਸ਼ੁਰੂ ਕੀਤਾ। ਬਹੁਤ ਵਧੀਆ ਹੁੰਗਾਰਾ ਮਿਲਿਆ। ਕਈ ਤਰ੍ਹਾਂ ਦੇ ਤਜਰਬੇ ਹੋਏ। ਕਈ ਥਾਵਾਂ ‘ਤੇ ਮਾਵਾਂ ਨੇ ਵਿਰੋਧ ਵੀ ਕੀਤਾ ਕਿ ਅਜੇ ਸਾਡਾ ਕਾਕਾ ਛੋਟਾ ਹੈ ਵੱਡਾ ਹੋ ਕੇ ਆਪੇ ਛੱਕ ਲਏਗਾ। ਹੈਰਾਨਗੀ ਦੀ ਗੱਲ ਦੇਖੋ ਕਈ ਬੱਚਿਆਂ ਨੇ ਆਪਣੀਆਂ ਮਾਂਵਾਂ ਨੂੰ ਹੀ ਪੁੱਛ ਲਿਆ, ਕਿ “ਮਾਂ ਤੂੰ ਤਾਂ ਵੱਡੀ ਏਂ ਹੁਣ ਤੂੰ ਕਿਉਂ ਨਹੀਂ ਖੰਡੇ ਦੀ ਪਾਹੁਲ ਲੈਂਦੀ”? ਮਾਂ ਕੋਲ ਕੋਈ ਜਵਾਬ ਨਹੀਂ ਸੀ।
ਪਿਛਲੇ ਸਮੇਂ ਤੋਂ ਸਹਿਜ ਪਾਠ ਸੇਵਾ ਸੰਸਥਾ ਵਲੋਂ ਘਰ-ਘਰ ਜਾ ਕੇ ਸੰਥਾ ਪੋਥੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਹਰ ਗੁਰਿਸੱਖ ਗੁਰੂ ਸਾਹਿਬ ਜੀ ਦੀ ਬਾਣੀ ਦਾ ਆਪ ਪਾਠ ਕਰੇ। ਇਹ ਅੱਤ ਕਥਨੀ ਨਹੀਂ ਹੈ ਕਿ ਭਾਈ ਸਤਿਨਾਮ ਸਿੰਘ ਜੀ ਸਲ੍ਹੋਪੁਰੀ ਸਕੂਲਾਂ ਕਾਲਜਾਂ ਵਿਚ ਲਗਾਤਾਰ ਸੈਮੀਨਾਰ, ਗੁਰਮਤਿ ਸਮਾਗਮ ਕਰਦੇ ਰਹਿੰਦੇ ਹਨ ਅਤੇ ਬੱਚਿਆਂ ਨੂੰ ਗੁਰ-ਇਤਿਹਾਸ ਅਤੇ ਸਿੱਖ ਇਤਿਹਾਸ ਬਾਰੇ ਭਰਪੂਰ ਜਾਣਕਾਰੀ ਦਿੰਦੇ ਹਨ। ਉਤਰਾਅ ਚੜ੍ਹਾਅ ਤਾਂ ਹਮੇਸ਼ਾਂ ਆਉਂਦੇ ਜਾਂਦੇ ਹੀ ਰਹਿੰਦੇ ਹਨ ਪਰ ਵਰਤਮਾਨ ਸਮੇਂ ਵਿਚ ਅੰਮ੍ਰਿਤ ਸੰਚਾਰ ਦੀ ਲਹਿਰ ਚਲਾ ਸਿੱਖ ਕੌਮ ਦੀ ਬਹੁਤ ਵੱਡੀ ਸੇਵਾ ਕੀਤੀ ਜਾ ਰਹੀ ਹੈ।ਅਦਾਰਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਲੋਂ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਹੈ ਕਿ ਸਹਿਜ ਪਾਠ ਸੇਵਾ ਸੰਸਥਾ ਦੇ ਸਮੂਹ ਮੈਂਬਰਾਂ ਦੇ ਸਿਰ ’ਤੇ ਮੇਹਰ ਭਰਿਆ ਹੱਥ ਰੱਖਣ ਤੇ ਸੇਵਾ ਲੈਂਦੇ ਰਹਿਣ। ਨੌਜਵਾਨਾਂ ਨੂੰ ਹਲੂਣਾ ਦਿੰਦੇ ਭਾਈ ਵਿਧਾਤਾ ਸਿੰਘ ਤੀਰ ਦੀ ਕਵਿਤਾ ਦੇ ਬੋਲ ਸਦਾ ਗੂੰਜਦੇ ਰਹਿਣਗੇ— ਸਾਰ ਸਿੱਖੀ ਦੀ ਸੁਹਣਿਆ ਪੁੱਛ ਜਾ ਕੇ, ‘ਬਾਈ ਧਾਰ’ ਤੇ ‘ਸਰਸੇ ਦੀ ਧਾਰ’ ਕੋਲੋਂ। ਪਤਾ ਲੈ ‘ਚਮਕੌਰ ਦੀ ਗੜ੍ਹੀ’ ਵਿਚੋਂ, ਜਾ ‘ਸਰਹਿੰਦ ਦੀ ਖੂਨੀ ਦੀਵਾਰ’ ਕੋਲੋਂ। ਪਤਾ ਪੁੱਛ ਸ਼ਹੀਦ ਦੀ ਚਰਖੜੀ ਤੋਂ, ਜਾਂ ਫਿਰ ਦੀਪ ਸਿੰਘ ਜਿਹੇ ਸਰਦਾਰ ਕੋਲੋਂ। ਪੁੱਛ ਦੇਗ਼ਾਂ ਕਲਵੱਤਰਾਂ ਰੰਬੀਆਂ ਤੋਂ, ‘ਕਾਹਨੂੰਵਾਨ’ ਦੀ ਸੰਘਣੀ ਬਾਰ ਕੋਲੋਂ।