ਗੁਰਮਤਿ ਗਿਆਨ ਮਿਸ਼ਨਰੀ ਕਾਲਜ Gurmat Gian Missionary College

ਕਿਰਸਾਨੀ ਸੰਘਰਸ਼ ਸਬਰ ਸਿਦਕ ਤੇ ਸੰਤੋਖ ਦੀ ਜਿੱਤ

ਪ੍ਰਿੰ: ਗੁਰਬਚਨ ਸਿੰਘ
ਜਦੋਂ ਮਨੁਖ ਸੰਤੋਖ ਦਾ ਅਭਿਆਸ ਕਰਦਾ ਹੋਇਆ ਦੂਜਿਆਂ ਦੀ ਸੇਵਾ ਕਰਦਾ ਹੈ ਤਾਂ ਰੱਬ ਜੀ ਉਸ ਨੂੰ ਆਪਣੇ ਕੋਲ ਬਿਠਾਉਂਦੇ ਹਨ। ਸਬਰ, ਸਿਦਕ ਤੇ ਸੰਤਖ ਤੁਰਨਾ ਹੀ ਰੱਬ ਦੇ ਕੋਲ ਬੈਠਣਾ ਹੈ।
ਸਤੁ ਸੰਤੋਖੁ ਹੋਵੈ ਅਰਦਾਸਿ॥
ਤਾ ਸੁਣਿ ਸਦਿ ਬਹਾਲੇ ਪਾਸਿ॥ (878)
ਸਬਰ, ਸਿਦਕ ਤੇ ਸੰਤੋਖ ਤੇ ਸਾਰੀ ਮਨੁਖਤਾ ਖੜੀ ਹੈ। ਕਿਸਾਨ ਨੇ ਗੁਰਬਾਣੀ ਦੇ ਮਹਾਂਵਾਕ ਨੂੰ ਦਿੱਲੀ ਬਾਰਡਰਾਂ ਤੇ ਬੈਠ ਕੇ ਸੱਚ ਕਰ ਦਿਖਾਇਆ।
ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨ੍ਹ੍ਹਿ॥
ਹੋਨਿ ਨਜੀਕਿ ਖੁਦਾਇ ਦੇ ਭੇਤੁ ਨਾ ਕਿਸੈ ਦੇਨਿ॥ (1384)
ਸਬਰ ਤੇ ਸਿਦਕ ਵਾਲਾ ਕਿਸੇ ਪ੍ਰਕਾਰ ਦੇ ਵਿਕਾਰ ਤੇ ਲਾਲਚ ਨੂੰ ਭੇਤ ਨਹੀਂ ਦਿੰਦਾ ਭਾਵ ਨੇੜੇ ਨਹੀਂ ਆਉਣ ਦਿੰਦਾ। ਸਿਰੜ ਤੇ ਭੈ-ਭਾਵਨੀ ਵਿਚ ਰਹਿ ਕੇ ਕਿਸਾਨ ਨੇ ਇਹ ਮੋਰਚਾ ਜਿੱਤਿਆ ਹੈ।
“ਪੰਜਾਬ ਦੇ ਜੰਮਦਿਆਂ ਨੂੰ ਨਿੱਤ ਮਹਿੰਮਾਂ” ਦੇ ਅਖਾਣ ਅਨੁਸਾਰ ਇਕਵੀਂ ਸਦੀ ਵਿਚ ਸਿੱਖੀ ਦੀਆਂ ਮਹਾਨ ਪ੍ਰੰਪਰਾਵਾਂ ਨੂੰ ਕਿਰਸਾਨੀ ਸੰਘਰਸ਼ ਨੇ ਦੁਹਰਾਅ ਦਿੱਤਾ ਹੈ। ਅੱਤ ਦੀ ਠੰਡ, ਕਹਿਰ ਦੀ ਗਰਮੀ, ਮੋਲ਼ੇਧਾਰ ਬਰਸਾਤਾਂ, ਪੁਲੀਸ ਦੀਆਂ ਡਾਗਾਂ ਦੇ ਤਸ਼ੱਦਦ, ਗੰਦੇ-ਠੰਡੇ ਪਾਣੀਆਂ ਦੀਆਂ ਬੁਛਾੜਾਂ ਕਿਰਸਾਨੀ ਸੰਘਰਸ਼ ਨੂੰ ਉਖੇੜ ਨਾ ਸਕੀਆਂ।ਕਿਸਾਨ ਦੇ ਸਬਰ ਸੰਤੋਖ, ਸਿਦਕ ਇਮਾਨਦਾਰੀ ਤੇ ਵਫਾਦਾਰੀ ਨੇ ਪੁਰਾਤਨ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਨੂੰ ਮੁੜ ਦੁਹਰਾਅ ਦਿੱਤਾ। ਪ੍ਰੋਫਸਰ ਮੋਹਨ ਸਿੰਘ ਨੇ ਠੀਕ ਹੀ ਲਿਖਿਆ ਹੈ-
ਪੈਰ ਇਸ ਦੇ ਧਰਤੀ ਤੇ,
ਪਰ ਆਪ ਉਚੇਰਾ ਏ।
ਜੇਲ੍ਹਾਂ ਦੀਆਂ ਕੋਠੜੀਆਂ,
ਜ਼ੰਜੀਰਾਂ ਹੱਥਕੜੀਆਂ।
ਇਹ ਫਾਂਸੀ ਦੇ ਰੱਸੇ,
ਤੇ ਤੜੀਆਂ ਰਾਜ ਦੀਆਂ।
ਜਗੀਰਾਂ ਦੇ ਚਕਮੇ,
ਸਰਦਾਰੀ ਦੇ ਤਮਗੇ।
ਇਹਦੇ ਗਿਟਿਓਂ ਥੱਲੇ ਨੇ,
ਇਹਦੇ ਪੈਰੋਂ ਥੱਲੇ ਨੇ।
ਭਾਰਤ ਖੇਤੀ ਪ੍ਰਧਾਨ ਦੇਸ਼ ਹੈ। ਮਹਾਂਰਾਜਾ ਰਣਜੀਤ ਸਿੰਘ ਦੇ ਸਮੇਂ ਦੇਸ਼ ਪੰਜਾਬ ਵੱਖਰਾ ਮੁਲਕ ਸੀ। ਇਸ ਦੀਆਂ ਸਰਹੱਦਾਂ ਕਾਬਲ ਕਸ਼ਮੀਰ ਤੇ ਸਤਲੁਜ ਨੂੰ ਲਗਦੀਆਂ ਸਨ। 1947 ਨੂੰ ਦੇਸ਼ ਪੰਜਾਬ ਦੋ ਹਿੱਸਿਆਂ ਵਿਚ ਵੰਡਿਆ ਗਿਆ। ਪੰਜਾਬ ਦਾ ਮੁਖ ਧੰਦਾ ਖੇਤੀ ਹੀ ਸੀ। ਖੁਲ੍ਹੀਆਂ ਚਰਾਂਦਾ ਖੁਲ੍ਹੇ ਖੇਤ ਗਾਵਾਂ ਮੱਝਾਂ ਖੇਤੀ ਦਾ ਮੁਖ ਧੁਰਾ ਮੰਨਿਆ ਗਿਆ ਹੈ। ਭਾਰਤ ਅਜ਼ਾਦ ਹੋਇਆ ਪੰਜਾਬ ਦੇ ਕਿਸਾਨਾਂ ਨੂੰ ਪੱਛਮੀ ਪੰਜਾਬ ਜਿੰਨੀ ਜ਼ਮੀਨ ਹਾਸਲ ਨਾ ਹੋ ਸਕੀ। ਮਿਹਨਤੀ ਕਿਰਸਾਨ ਨੇ ਦੂਜੇ ਸੂਬਿਆਂ ਵਿਚ ਬੰਜਰ ਪਈਆਂ ਜ਼ਮੀਨਾਂ ਨੂੰ ਵਾਹੀ ਯੋਗ ਬਣਾਇਆ।
ਖੇਤੀ ਦੇ ਨਾਲ ਵਪਾਰ ਵੀ ਵਧਣਾ ਸ਼ੁਰੂ ਹੋਇਆ। ਵਿਕਾਸ ਦੇ ਨਾਂ ਤੇ ਸਰਕਾਰ ਨੇ ਆਪਣੀਆਂ ਸਰਕਾਰੀ ਜਾਇਦਾਦਾਂ ਨੂੰ ਵਪਾਰੀਆਂ ਪਾਸ ਵੇਚਣਾ ਸ਼ੁਰੂ ਕੀਤਾ। ਪੂਰਨ ਬਹੁਮਤ ਨਾਲ ਬਣੀ ਭਾਰਤੀ ਜਨਤਾ ਪਾਰਟੀ (ਜਨਸੰਘ) ਨੇ ਅਜ਼ਾਦ ਭਾਰਤ ਵਿਚ ਪਹਿਲੀ ਵਾਰ ਵਪਾਰਿਕ ਘਰਾਣਿਆਂ ਨੂੰ ਭਾਰਤੀ ਰੇਲਵੇ ਦਾ ਬਹੁਤ ਮਜ਼ਬੂਤ ਢਾਂਚਾ ਹੱਥ ਫੜਾ ਦਿੱਤਾ। ਏਰਿਆ ਪੋਰਟ ਵਪਾਰੀਆਂ ਨੂੰ ਬਖਸ਼ ਦਿੱਤੇ। ਭਾਵ ਕਿ ਸਰਕਾਰਾਂ ਨੇ ਵਪਾਰ ਨੂੰ ਵਧਾਉਣ ਲਈ ਜਾਂ ਵਪਾਰੀਆਂ ਵਲੋਂ ਪੈਸਾ ਨਵੇਸ਼ ਕਰਨ ਵਰਗੀਆਂ ਮਨ ਲਭਾਓ ਸਕੀਮਾਂ ਦੱਸੀਆਂ ਜਾਣ ਲੱਗੀਆਂ। ਆਨੇ ਬਹਾਨੇ ਵਪਾਰੀਆਂ ਦੇ ਹਿੱਤਾਂ ਨੂੰ ਮੁਖ ਰੱਖਦਿਆਂ ਭਾਰਤ ਦੀ ਖੇਤੀ ਨੂੰ ਹੀ ਦਾਅ ‘ਤੇ ਲਗਾ ਦਿੱਤਾ।
2019 ਨੂੰ ਭਿਆਨਕ ਬਿਮਾਰੀ ਕਰੋਨਾ ਨੇ ਜਨਮ ਲਿਆ। ਸਾਰਾ ਭਾਰਤ ਅੰਦਰੀਂ ਬੰਦ ਹੋ ਕੇ ਰਹਿ ਗਿਆ। ਭਾਰਤੀ ਜਨਤਾ ਪਾਰਟੀ ਨੇ ਮਾਹਿਰਾਂ ਦੀ ਸਲਾਹ ਦੇ ਬਿਨਾਂ ਵਿਰੋਧੀ ਧਿਰਾਂ ਦੀ ਸਹਿਮਤੀ ਨਾ ਲੈਂਦਿਆਂ ਕਾਹਲੀ ਵਿੱਚ 5 ਜੂਨ 2020 ਨੂੰ ਆਰਡੀਨੈਸ ਜਾਰੀ ਕਰ ਦਿੱਤਾ। ਹੈਰਾਨੀ ਦੀ ਗੱਲ ਦੇਖੋ ਸਤੰਬਰ ਮਹੀਨੇ ਵਿਚ ਪਾਰਲੀਮੈਂਟ ਦਾ ਸ਼ੈਸ਼ਨ ਹੋਣਾ ਸੀ ਪਰ ਇਹਨਾਂ ਨੇ ਬਹੁਤ ਕਾਹਲ ਕਰਦਿਆਂ ਖੇਤੀ ਕਾਨੂੰਨਾਂ ਦੁਆਰਾ ਸਮੁਚੀ ਕਿਰਸਾਨੀ ਨੂੰ ਵੱਟ ਚਾੜ੍ਹਤਾ। ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਕੋਲ ਪੂਰਨ ਬਹੁ ਮਤ ਹੋਣ ਦੇ ਨਾਤੇ ਖੇਤੀ ਬਿੱਲਾਂ ‘ਤੇ ਚਰਚਾ ਕਰਾਉਣ ਤੋਂ ਮੁਕਰ ਗਈ। ਸਦਕੇ ਜਾਈਏ ਸਿੱਖ ਨੁਮਾਇੰਦਾ ਜਮਾਤ ਅਕਾਲੀ ਦਲ ਦੇ ਜਿਹੜੇ ਕਿਲ੍ਹ ਕਿਲ੍ਹ ਕੇ ਖੇਤੀ ਕਾਨੂੰਨਾਂ ਦੇ ਹੱਕ ਵਿਚ ਬਿਆਨ ਹੀ ਨਹੀਂ ਦਿੰਦੇ ਸਨ ਸਗੋਂ ਸਮਝਾਉਂਦੇ ਸਨ ਨਵੇਂ ਖੇਤੀ ਕਾਨੂੰਨ ਕਿਸਾਨ ਦੀ ਜ਼ਿੰਦਗੀ ਬਦਲ ਦੇਣਗੇ। ਹਾਲਾਤ ਨੇ ਮਜ਼ਬੂਰ ਕੀਤਾ ਜਿਹੜੇ ਅਕਾਲੀਏ ਸੰਘ ਪਾੜ ਪਾੜ ਕੇ ਕਾਲੇ ਕਾਨੂੰਨਾਂ ਦੇ ਹੱਕ ਵਿਚ ਭੁਗਤਦੇ ਰਹੇ ਮੁੜ ਉਹੀ ਕਹਿਣ ਲੱਗ ਪਏ ਕਿ ਨਹੀਂ ਨਹੀਂ ਕਾਨੂੰਨ ਬਹੁਤ ਹੀ ਮਾੜੇ ਹਨ। ਹੈਂ ਤੁਹਾਡਾ ਬੇੜਾ ਬਹਿਜੇ ਅਖੌਤੀ ਅਕਾਲੀਓ।
16 ਸਤੰਬਰ ਨੂੰ ਪਾਰਲੀਮੈਂਟ ਵਿਚ ਖੇਤੀ ਬਿੱਲ ਪੇਸ਼ ਕੀਤਾ। 20 ਸਤੰਬਰ ਨੂੰ ਬਿਨਾ ਵਿਚਾਰ ਚਰਚਾ ਦੇ ਕਾਨੂੰਨ ਪਾਸ ਕਰ ਦਿੱਤੇ। ਬਹੁਤ ਹੀ ਜਲਦੀ ਦੇਸ਼ ਦੇ ਰਾਸ਼ਟਰਪਤੀ ਨੇ 24 ਸਤੰਬਰ ਨੂੰ ਦਸਤਖਤ ਕਰਕੇ ਕਿਸਾਨ ਲਈ ਖੂਹ ਪੁਟ ਦਿੱਤਾ। 27 ਸਤੰਬਰ ਨੂੰ ਕੇਂਦਰੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਤਿੰਨ ਕਾਨੂੰਨ ਕਿਸਾਨ ਦੇ ਗਲ਼ ਮੜ ਦਿੱਤੇ।
ਭਾਜਪਾ ਸਰਕਾਰ ਨੇ ਆਪਣੇ ਪਿੱਠੂਆਂ ਤੋਂ ਖੇਤੀ ਕਾਨੂੰਨਾਂ ਦੇ ਹੱਕ ਵਿਚ ਬਿਆਨ ਦਿਵਾਉਣੇ ਸ਼ੂਰੂ ਕੀਤੇ। ਭਾਜਪਈ ਪੱਖੀਆਂ ਨੇ ਅੱਡੀਆਂ ਚੁਕ ਚੁਕ ਕੇ ਖੇਤੀ ਕਾਨੂੰਨਾਂ ਦੇ ਹੱਕ ਵਿਚ ਬਿਆਨ ਦੇਣੇ ਸ਼ੁਰੂ ਕੀਤੇ।
ਸਮਝਿਆ ਜਾਂਦਾ ਹੈ ਕਿ ਮੀਡੀਆ ਲੋਕ ਰਾਜ ਦਾ ਤੀਜਾ ਥੰਮ ਹੁੰਦਾ ਹੈ ਪਰ ਇਹ ਪਹਿਲੀ ਵਾਰ ਦੇਖਿਆ ਗਿਆ ਹੈ ਮੀਡੀਆ ਸਰਕਾਰ ਪੱਖ ਵਿਚ ਭੁਗਤਦਾ ਰਿਹਾ ਹੈ। ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨ ਵਾਲੇ ਮੀਡੀਆ ਨੂੰ ਗੋਦੀ ਮੀਡੀਆ ਕਹਿਣਾ ਸ਼ੁਰੂ ਕਰ ਦਿੱਤਾ।
ਪੰਜਾਬ ਦੀਆਂ 32 ਕਿਰਸਾਨ ਜੱਥੇਬੰਦੀਆਂ ਨੇ ਏਕਤਾ ਕਰਕੇ ਸਾਂਝੇ ਤੋਰ ਤੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਬਿਗਲ ਵਜਾ ਦਿੱਤਾ। ਉਹਨਾਂ ਦੇ ਨਾਲ ਸਾਰੇ ਭਾਰਤ ਵਿਚੋਂ ਬਾਕੀ ਕਿਸਾਨ ਯੂਨੀਅਨਾਂ ਦੇ ਅੱਠ ਮੁਖੀ ਆਗੂ ਸ਼ਾਮਿਲ ਹੋਏ। ਇੰਝ 40 ਕਿਰਸਾਨ ਜੱਥੇਬੰਦੀਆਂ ਨੇ ਸੰਯੁਕਤ ਕਿਰਸਾਨ ਮੋਰਚੇ ਦੇ ਨਾਂ ਦੀ ਸਾਂਝੀ ਜੱਥੇਬੰਦੀ ਕਾਇਮ ਕਰ ਦਿੱਤੀ। 11 ਮੀਟਿੰਗਾਂ ਕੇਂਦਰੀ ਮੰਤਰੀਆਂ ਨਾਲ ਹੋਈਆਂ। ਤਿੰਨ ਕਾਲੇ ਖੇਤੀ ਕਾਨੂੰਨਾਂ ਸਬੰਧੀ ਕੇਂਦਰੀ ਸਰਕਾਰ ਚਾਰ ਕੁ ਗੱਲਾਂ ਹੀ ਕਿਸਾਨ ਨੂੰ ਸਮਝਾਉਂਦੀ ਰਹੀ ਕਿ ਇਹਨਾਂ ਕਾਨੁੰਨਾਂ ਨਾਲ ਕਿਸਾਨ ਦੀ ਆਮਦਨ ਦੁਗਣੀ ਹੋ ਜਾਏਗੀ। ਕਿਰਸਾਨ ਆਪਣੀ ਫਸਲ ਜਿੱਥੇ ਮਰਜ਼ੀ ਵੇਚ ਸਕਦੇ ਹਨ। ਇਹਨਾਂ ਕਾਨੂੰਨਾਂ ਵਿਚ ਸੋਧ ਕਰਾ ਲਓ ਪਰ ਰੱਦ ਨਾ ਕਰਾਓ। ਖੇਤੀ ਵਿਚ ਬਾਹਰੋਂ ਪੈਸਾ ਲਾਇਆ ਜਾਏਗਾ। ਬੱਦਲਾਂ ਦੀ ਛਾਂ ਵਰਗੇ ਹੌਂਸਲੇ ਦਿੱਤੇ ਜਾਂਦੇ ਸਨ। ਕਿਰਸਾਨ ਇਕੋ ਗੱਲ ਆਖਦੇ ਸਨ ਕਿ ਸਾਨੂੰ ਅਜੇਹੇ ਕਿਸੇ ਲਾਭ ਦੀ ਲੋੜ ਨਹੀਂ ਹੈ ਪਰ ਇਹ ਦੱਸੋ ਕਿ ਜੇ ਤੁਸੀਂ ਕਾਨੂੰਨਾਂ ਨੂੰ ਰੱਦ ਕਰਦੇ ਹੋ ਤਾਂ ਤੁਹਾਡਾ ਨੁਕਸਾਨ ਕੀ ਹੁੰਦਾ ਹੈ? ਸਰਕਾਰ ਕੋਲ ਇਸ ਦਾ ਕੋਈ ਉੱਤਰ ਨਹੀਂ ਸੀ।
ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਕਿਸਾਨ ਨੇ ਨਵੇਂ ਬਣੇ ਕਾਨੂੰਨਾਂ ਦੀ ਇਕੱਲੀ ਇਕੱਲੀ ਮਦ ਕਿਸਾਨ ਲਈ ਮਾਰੂ ਸਾਬਤ ਕੀਤੀ ਤਾਂ ਕੇਂਦਰੀ ਸਰਕਾਰ ਦੇ ਵਜ਼ੀਰ ਤੇ ਉੱਚ ਅਫਸਰਾਂ ਦੀ ਫੌਜ ਕਿਸਾਨਾਂ ਵਲੋਂ ਦਿੱਤੀਆਂ ਦਲੀਲਾਂ ਦਾ ਕੋਈ ਜੁਆਬ ਨਾ ਦੇ ਸਕੇ। ਗਿਆਰਾਂ ਮੀਟਿੰਗਾਂ ਬੇ ਸਿੱਟਾ ਰਹੀਆਂ। ਕੇਂਦਰ ਸਰਕਾਰ ਤੇ ਉਸ ਦੇ ਭਾਈਵਾਲ ਕਿਰਸਾਨ ਮੋਰਚੇ ਨੂੰ ਓਪਰਾ ਜੇਹਾ ਇਸ ਲਈ ਸਮਝਦੇ ਸਨ ਕਿ ਇਹ ਜ਼ਿਆਦਾ ਦੇਰ ਧਰਨਿਆਂ ‘ਤੇ ਨਹੀਂ ਬੈਠ ਸਕਦੇ। ਕਿਰਸਾਨ ਮੋਰਚੇ ਨੂੰ ਬਦਨਾਮ ਕਰਨ ਲਈ ਸਰਕਾਰ ਨੇ ਹਰੇਕ ਪਰਕਾਰ ਦਾ ਹੱਥ ਕੰਡਾ ਵਰਤਿਆ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੰਘਰਸ਼ ਕਰਨ ਵਾਲੇ ਕਿਸਾਨ ਨੂੰ ਅੰਦੋਲਨਜੀਵੀਏ, ਪਰਜੀਵੀਏ ਵਰਗੇ ਅਸਭਿਅਕ ਸ਼ਬਦ ਵਰਤਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਮੁਲਕ ਦੇ ਪ੍ਰਧਾਨ ਮੰਤਰੀ ਨੂੰ ਸਿੱਖ ਇਤਿਹਾਸ ਦੀਆਂ ਪ੍ਰੰਪਰਾਵਾਂ ਦਾ ਪਤਾ ਹੈ ਕਿ ਕਿ ਪੰਜਾਬੀ ਸੱਚ, ਅਣਖ਼ ਤੇ ਗੈਰਤ ਵਾਲੀ ਜ਼ਿੰਦਗੀ ਜਿਉਂਦੇ ਹਨ। ਪਿਆਰ ਨਾਲ ਤਾਂ ਇਹ ਗੁਲਾਮੀ ਕਰ ਲੈਂਦੇ ਹਨ ਪਰ ਕਿਸੇ ਦੀ ਟੈਂ ਮੰਨਣ ਲਈ ਤਿਆਰ ਨਹੀਂ ਹਨ। ਕਿਸਾਨੀ ਸੰਘਰਸ਼ ਦੀਆਂ ਰਗਾਂ ਵਿਚ ਸਿੱਖ ਇਤਿਹਾਸ ਦਾ ਖੂਨੀ ਵਰਕਾ ਪਿਆ ਹੋਇਆ ਹੈ ਜਿਹੜਾ ਜ਼ਾਲਮ ਤੇ ਜ਼ੁਲਮ ਨੂੰ ਤੋੜ ਦਿੰਦਾ ਹੈ। ਸ਼ਾਇਰ ਦੇ ਬੋਲ ਬੜੇ ਪਿਆਰੇ ਹਨ-
ਨੀਵੇਂ ਮਨਾਂ ਵਾਲੇ ਸੁਚੇ ਤਨਾਂ ਵਾਲੇ,
ਉੱਚੀ ਮਤ ਵਾਲੇ ਤੇਗਾਂ ਹਲਾਂ ਵਾਲੇ,
ਜਦ ਵੀ ਉੱਠਦੇ ਵਰੋਲੇ ਧਰਤ ਪੱਧਰੀ ਚੋਂ,
ਨੀਲੇ ਅੰਬਰ ਨੂੰ ਬੰਸਤਰੀ ਰੰਗ ਦਿੰਦੇ।
ਇਹਨਾਂ ਨਾਗਾਂ ਨੂੰ ਜੋਗੀਆ ਪਰਖ ਨਾ ਓਏ,
ਇਹ ਤਾਂ ਪੂਛ ਦੇ ਨਾਲ ਵੀ ਡੰਗ ਦਿੰਦੇ।
ਕਿਰਸਾਨੀ ਅੰਦੋਲਨ ਨੇ ਇਕੱਵੀਂ ਸਦੀ ਵਿੱਚ ਸਿੱਖ ਇਤਿਹਾਸ ਦੇ ਪੰਨਿਆਂ ਨੂੰ ਮੁੜ ਦੁਹਰਾਅ ਦਿੱਤਾ ਹੈ। ਇਸ ਸੰਘਰਸ਼ ਨੇ ਜਿੱਥੇ ਕਿਰਸਾਨੀ ਹੱਕਾਂ ਲਈ ਮਰ ਮਿਟਣ ਦੀ ਰੂਹ ਫੂਕੀ ਓੱਥੇ ਇਸ ਦੀ ਵਿਲੱਖਣਤਾ ਵੀ ਬੜੀ ਅਹਿਮ ਰਹੀ ਹੈ। ਜਦੋਂ ਦਿੱਲੀ ਦੀਆਂ ਸਰਹੱਦਾਂ ਤੋਂ ਕਿਰਸਾਨ ਵਾਪਸ ਆਪਣੇ ਘਰਾਂ ਨੂੰ ਆਉਣ ਦੀ ਤਿਆਰੀ ਕਰ ਲੱਗੇ ਤਾਂ ਆਮ ਲੋਕ ਜਿੰਨ੍ਹਾਂ ਦਾ ਸਿੱਖ ਭਾਈਚਾਰੇ ਨਾਲ ਕੋਈ ਬਹੁਤਾ ਵਾਹ ਵਾਸਤਾ ਨਹੀਂ ਸੀ ਉਹ ਵੀ ਭਾਵਕ ਹੋਣੋ ਨਹੀਂ ਰਹਿ ਸਕੇ। ਭਾਈ ਸੋਹਨ ਸਿੰਘ ਸੀਤਲ ਤੋਂ ਜਦੋਂ ਇਹ ਸਵਾਲ ਪੁਛਿਆ ਗਿਆ ਕਿ ਸਿੱਖ ਦਾ ਭੋਜਨ ਕਿਹੋ ਜੇਹਾ ਹੋਵੇ ਤਾਂ ਉਹਨਾਂ ਇਕੋ ਸਤਰ ਵਿਚ ਕਹਿ ਦਿੱਤਾ ਕਿ ਸਿੰਘ ਛੱਕਦੇ ਹੋਣ ਬਾਕੀ ਰੱਜਦੇ ਹੋਣ। ਕਿਸਾਨੀ ਸੰਘਰਸ਼ ਵਿਚ ਸਜਾਇਆ ਗਿਆ ਲੰਗਰ ਕੇਵਲ ਕਿਸਾਨ ਲਈ ਨਹੀਂ ਸੀ ਇਸ ਦਾ ਖੇਤਰ ਬਹੁਤ ਵਿਸ਼ਾਲ ਸੀ। ਇਸ ਲੰਗਰ ਵਿਚੋਂ ਕੋਈ ਵੀ ਛੱਕ ਸਕਦਾ ਸੀ।
ਅੱਜ ਮੀਡੀਏ ਦਾ ਯੁਗ ਹੈ ਹਰ ਚੰਗੀ ਮਾੜੀ ਖਬਰ ਮਿੰਟਾਂ ਵਿਚ ਖਿਲ਼ਰ ਜਾਂਦੀ ਹੈ। ਸਿਦਕ, ਸੰਜਮ, ਸੰਤੋਖ ਦੀਆਂ ਬਰਕਤਾਂ ਨੂੰ ਦੁਨੀਆਂ ਨੇ ਦੇਖਿਆ। ਕਿਦਾਂ 40 ਡਿਗਰੀ ਤੋਂ ਉਪਰ ਵਾਲੀ ਗਰਮੀ ਤੇ ਮਾਈਨਸ ਵਾਲੀ ਠੰਡ, ਗੋਡੇ ਗੋਡੇ ਪਾਣੀ ਤੇ ਮੱਛਰਾਂ ਦੀ ਮਾਰ ਹੇਠ ਮੰਜਾ ਡਾਹੀ ਬਜ਼ੁਰਗਾਂ ਨੂੰ ਦੇਖਿਆ। ਏਡਾ ਲੰਮਾਂ ਸੰਘਰਸ਼ ਦੁਨੀਆਂ ਨੇ ਪਹਿਲੀ ਵਾਰ ਦੇਖਿਆ। ਬਲੱਗਣ ਦੀਆਂ ਸਤਰਾਂ ਬੜੀਆਂ ਭਾਵ ਪੂਰਤ ਹਨ—
ਕਦਰ ਜ਼ਿੰਦਗੀ ਉਈਓ ਪਾ ਸਕਦਾ,
ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜਾਏ।
ਪੈਂਦਾ ਅੰਤ ਨੂੰ ਮੁਲ ਕੁਰਬਾਨੀਆਂ ਦਾ,
ਭਾਵੇਂ ਅੱਜ ਪੈ ਜਾਏ ਭਾਵੇਂ ਕਲ੍ਹ ਪੈ ਜਾਏ।
ਕਿਸਾਨੀ ਸੰਘਰਸ਼ ਦੌਰਾਨ ਲੰਗਰਾਂ ਦੀ ਪ੍ਰੰਪਰਾਵਾਂ ਤੇ ਇਸ ਦੇ ਵਿਸਥਾਰ ਨੂੰ ਦੁਨੀਆਂ ਨੇ ਅੱਖੀਂ ਦੇਖਿਆ। ਲੰਗਰ ਦੀਆਂ ਸ਼ਾਨਾਂ ਮਤੀ ਰਵਾਇਤ ਦੇਖ ਕੇ ਕਿਸਾਨ ਯੂਨੀਅਨ ਦੇ ਆਗੂ ਭਾਈ ਰਾਕੇਸ਼ ਟਕੈਤ ਨੂੰ ਕਹਿਣਾ ਪਿਆ ਕਿ ਮੰਦਰਾਂ ਵਿਚ ਚੜ੍ਹੇ ਪੈਸੇ ਦਾ ਕੀ ਲਾਭ ਹੈ ਜੇ ਉਹ ਚਾਹ ਦਾ ਕੱਪ ਵੀ ਨਹੀਂ ਪਿਲਾ ਸਕਦੇ। ਬੰਗਲਾ ਸਾਹਿਬ ਦੀ ਸਟੇਜ ਤੋਂ ਭਾਈ ਟਕੈਤ ਜੀ ਨੇ ਇਕ ਹੋਰ ਬੜੀ ਪਿਆਰੀ ਗੱਲ ਕਹੀ ਕਿ ਅਸੀਂ ਤਿੰਨ ਸੌ ਸਾਲ ਤੋਂ ਵਿਛੜੇ ਹੋਏ ਸੀ ਕਿਰਸਾਨੀ ਅੰਦੋਲਨ ਨੇ ਸਾਨੂੰ ਫਿਰ ਮਿਲਾ ਦਿੱਤਾ।
ਕਿਸਾਨੀ ਸੰਘਰਸ਼ ਨੇ ਸਾਰੇ ਭਾਰਤ ਵਿਚ ਭਾਈਚਾਰਕ ਸਾਂਝ ਨੂੰ ਨਵੀਂ ਸੇਧ ਦਿੱਤੀ ਹੈ। ਖਾਸ ਤੌਰ ‘ਤੇ ਸਾਡਾ ਆਪਣਾ ਪੰਜਾਬ (ਹਰਿਆਣਾ) ਇੰਝ ਇਕੱਠੇ ਹੋਏ ਹਨ ਜਿਵੇਂ ਅਸੀਂ ਕਦੇ ਵਿਛੜੇ ਹੀ ਨਹੀਂ ਸੀ। ਪੰਜਾਬ ਤੇ ਹਰਿਆਣੇ ਵਿਚ ਨਵੀਂ ਚੇਤਨਤਾ, ਅਹਿਸਾਸ, ਪਿਆਰ ਤੇ ਮੁਹੱਬਤ ਦਾ ਮੋਹ ਦੇਖਣ ਨੂੰ ਮਿਲਿਆ। ਸਿੰਘੂ, ਟਿਕਰੀ ਗਾਜ਼ੀਆਬਾਦ ਦੇ ਸਿਰਜੇ ਮਾਹੌਲ ਦੀਆਂ ਤਸਵੀਰਾਂ ਧੀਆਂ, ਮਾਵਾਂ ਤੇ ਭੈਣਾਂ ਨੇ ਦੇਖ ਕੇ ਕਹਿਆ ਕਿ ਭਾਰਤ ਵਿਚ ਰਾਜ ਅਜੇਹੇ ਸੱਚੇ ਸੁਚੇ ਕਿਰਦਾਰ ਵਾਲੇ ਸਿੱਖਾਂ ਨੂੰ ਦੇ ਦੇਣਾ ਚਾਹੀਦਾ ਹੈ। ਅੱਜ ਜਦੋਂ ਵਿਛੜਨ ਦਾ ਸਮਾਂ ਆਇਆ ਤਾਂ ਬਹੁਤ ਭੈਣਾਂ ਵੈਰਾਗ ਨਾਲ ਭਰੀਆਂ ਹੋਈਆਂ ਦੇਖੀਆਂ ਗਈਆਂ।
ਕਿਰਸਾਨੀ ਸੰਘਰਸ਼ ਵਿਚੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਰੂਹ ਦਿਸਦੀ ਸੀ। ਸੰਯੁਕਤ ਮੋਰਚੇ ਨੇ ਅਨੁਸ਼ਾਸ਼ਨ ਦੀਆਂ ਨਵੀਆਂ ਪਿਰਤਾਂ ਪਾਈਆਂ। ਐਨਾ ਲੰਮਾ ਤੇ ਐਨੀ ਜ਼ਿਆਦਾ ਸੰਗਤ ਨੂੰ ਜਾਬਤੇ ਵਿਚ ਰੱਖਣਾ ਕੋਈ ਸੌਖਾ ਕੰਮ ਨਹੀਂ ਸੀ।
ਸਭ ਤੋਂ ਪਹਿਲ਼ੀ ਗੱਲ ਕਿ ਕਿਰਸਾਨ ਜੱਥੇਬੰਦੀਆਂ ਦਾ ਏਕਤਾ ਤੇ ਜਾਬਤਾ ਭਾਰਤ ਦੀ ਕੇਂਦਰੀ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰ ਗਿਆ। ਕਿਰਸਾਨ ਜੱਥੇਬੰਦੀਆਂ ਨੇ ਐਨੀ ਬਰੀਕੀ ਨਾਲ ਇਤਿਆਦ ਵਰਤਿਆ ਕਿ ਸਰਕਾਰੀ ਏਜੰਸੀਆਂ ਤੇ ਸਮਾਜ ਵਿਰਧੀ ਅਨਸਰ ਇਸ ਏਕਤੇ ਨੂੰ ਢਾਹ ਨਹੀਂ ਲਾ ਸਕੀਆਂ।
ਕਿਸਾਨ ਜੱਥੇਬੰਦੀਆਂ ਨੇ ਐਲਾਨ ਕੀਤਾ ਕਿ ਕਿਰਸਾਨ ਪਹਿਲੇ ਛੇ ਮਹੀਨਿਆਂ ਦਾ ਰਾਸ਼ਨ ਨਾਲ ਲੈ ਕੇ ਆਉਣਗੇ, ਅੱਗੇ ਕੀ ਹੁੰਦਾ ਹੈ ਫਿਰ ਦੇਖਿਆ ਜਾਏਗਾ। ਪਿੰਡਾਂ ਵਾਲਿਆਂ ਇਕ ਟਰਾਲੀ ਵਿਚ ਆਪ ਬੈਠੇ ਤੇ ਦੂਜੀ ਟਰਾਲੀ ਵਿਚ ਲੰਗਰ ਦਾ ਬੰਦੋਬਸਤ ਕੀਤਾ ਹੋਇਆ ਸੀ। ਹਰੇਕ ਟ੍ਰੈਕਟਰ ਪਿੱਛੇ ਦੋ ਟਰਾਲੀਆਂ ਤੇ ਪਾਣੀ ਵਾਲਾ ਟੈਂਕਰ ਸੀ। ਨੰਗੇ ਧੜ ਭਾਰਤ ਦੀ ਮਜ਼ਬੂਤ ਸਰਕਾਰ ਨਾਲ ਪੰਜਾਬ ਦੇ ਕਿਰਸਾਨ ਤੇ ਮਜ਼ਦੂਰ ਗੁਰੂ ਦਾ ਆਸਰਾ ਰੱਖ ਕੇ ਤੁਰੇ। ਅਜੀਬ ਕਹਾਣੀ ਹੈ ਕਿ ਹਰਿਆਣੇ ਵਾਲਿਆਂ ਅਪਣੱਤ ਦਿਖਾਉਂਦਿਆਂ ਪੰਜਾਬ ਦੇ ਕਿਸਾਨ ਦੇ ਅੱਗੇ ਪਿੱਛੇ ਹੋ ਕੇ ਮੋਰਚੇ ਦੀ ਤਾਕਤ ਵਧਾ ਦਿੱਤੀ। ਹਰਿਆਣੇ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਣ ਕਰਕੇ ਦਿੱਲੀ ਪ੍ਰਭੂਆਂ ਨੂੰ ਖੁਸ਼ ਕਰਨ ਲਈ ਕਿਰਸਾਨੀ ਸੰਘਰਸ਼ ਨੂੰ ਰੋਕਣ ਲਈ ਹਰ ਪ੍ਰਕਾਰ ਦਾ ਹਰਬਾ ਵਰਤਿਆ। ਦਿੱਲੀ ਤਕ ਪਹੁੰਚਣ ਲਈ ਕਿਸਾਨ ਨੂੰ ਹਰਿਆਣਾ ਸਰਕਾਰ ਦਾ ਹਰ ਤਸ਼ੱਦਦ ਆਪਣੇ ਪਿੰਡੇ ਤੇ ਸਹਿਣਾ ਪਿਆ। ਸਰਕਾਰੀ ਅਤਿਆਚਾਰ ਦੀ ਭੱਠੀ ਵਿਚੋਂ ਕਿਰਸਾਨੀ ਮੋਰਚਾ ਖਰਾ ਸੋਨਾ ਬਣ ਕੇ ਲਿਸ਼ਕਿਆ। ਕਿਸਾਨ ਦੀ ਰੂਹਾਨੀਅਤ ਸਬੰਧੀ ਚੰਦ ਸਤਰਾਂ ਹਨ—
ਹ੍ਹਮ ਹਿੰਦੀ ਹੇਂ ਹਿੰਦੁਸਤਾਂ ਹਮਾਰਾ
ਹਮ ਹੈਂ ਇਸ ਕੀ ਬੁਲਬਲਾਂ ਯਿਹ ਗੁਲਸਤਾਂ ਹਮਾਰਾ।
ਜਦੋਂ ਵੰਡ ਤੋਂ ਪਹਿਲਾਂ ਹੀ ਭਾਰਤ ਵਿਚੋਂ ਫਿਰਕਾ ਪ੍ਰਸਤੀ ਦੀਆਂ ਲਾਟਾਂ ਉੱਚੀਆਂ ਹੋਈਆਂ ਤਾਂ ਅਲਾਮਾ ਇਕਬਾਲ ਨਵੀਂ ਵਿਚਾਰ ਦਿੰਦਾ ਹੈ ਹੋਇਆ ਵਿਅੰਗ ਕਰਦਾ –
ਉਹ ਕਿਹੜੀ ਧਰਤੀ ਏ, ਜਿੱਥੇ ਬੇ-ਪਰਵਾਹੀਆਂ ਨੇ?
ਧੁਖਾਂ ਵਿਚ, ਭੁਖਾਂ ਵਿਚ,
ਲੋੜਾਂ ਵਿਚ ਥੋੜਾਂ ਵਿਚ,
ਸਰਦੀ ਵਿਚ ਗਰਮੀ ਵਿਚ,
ਸਖਤੀ ਵਿਚ, ਨਰਮੀ ਵਿਚ,
ਇਕੋ ਬੇ ਫਿਕਰੀ ਏ
ਇਕੋ ਖੁਸ਼ਹਾਲੀ ਏ।
ਜਿੰਨਾ ਕੁ ਦੁਖ ਹੋਵੇ,
ਉਨਾਂ ਹੀ ਹੱਸਦੇ ਨੇ,
ਜਿੰਨਾ ਕੁ ਉਜੜਦੇ,
ਉਨਾ ਹੀ ਵਸਦੇ ਨੇ।
ਕਿਸਾਨ ਦਾ ਜੋਸ਼ ਸਿਦਕ, ਇਮਨਾਦਾਰੀ, ਸਬਰ, ਸੰਤੋਖ ਦੇਖ ਕੇ ਸਮਾਜ ਸੇਵੀ ਜੱਥੇਬੰਦੀਆਂ ਨੇ ਆਪੇ ਹੀ ਆਪਣਾ ਸਹਿਯੋਗ ਦੇਣਾ ਸ਼ੁਰੂ ਕੀਤਾ। ਮੁਲਕ ਦੇ ਹਰ ਵਰਗ ਨੇ ਕਿਰਸਾਨੀ ਮੋਰਚੇ ਨੂੰ ਆਪਣਾ ਹਰ ਪ੍ਰਕਾਰ ਦਾ ਸਾਥ ਦਿੱਤਾ। ਕੁਝ ਦਿਨਾਂ ਵਿਚ ਹੀ ਦਿੱਲੀ ਦੀਆਂ ਹੱਦਾਂ ‘ਤੇ ਕਿਰਸਾਨੀ ਅੰਦੋਲਨ ਨੇ ਇਕ ਵੱਖਰੇ ਪਿੰਡਾਂ ਦਾ ਰੂਪ ਧਾਰਨ ਕਰ ਲਿਆ। ਦਿੱਲੀ ਸ਼ਹਿਰ ਦੇ ਲੋਕ ਆਪਣੇ ਬੱਚਿਆਂ ਨੂੰ ਕਿਰਸਾਨੀ ਸੰਘਰਸ਼ ਦੀਆਂ ਝਲਕੀਆਂ ਦਿਖਾਉਣ ਲਈ ਆਪ ਮੁਹਾਰੇ ਇਸ ਵੇਗ ਵਿਚ ਵਹਿ ਤੁਰੇ। ਪਹਿਲਾਂ ਪਹਿਲ ਸਥਾਨਕ ਲੋਕਾਂ ਨੂੰ ਥੋੜੀ ਔਖਿਆਈ ਮਹਿਸੂਸ ਹੋਈ ਪਰ ਥੋੜੇ ਸਮੇਂ ਵਿਚ ਹੀ ਉਹਨਾਂ ਨੂੰ ਸਮਝ ਆ ਗਈ ਕਿ ਇਹ ਲੋਕ ਦਿੱਲ ਦੇ ਸਾਫ਼, ਇਮਾਨਦਾਰ ਤੇ ਦਿਆਨਤਦਾਰ ਹਨ। ਇਹ ਤੇ ਆਪਣੇ ਹੱਕ ਲੈਣ ਲਈ ਰੜੇ ਮੈਦਾਨ ਦਿਨ ਰਾਤ ਤਕਲੀਫਾਂ ਕੱਟ ਰਹੇ ਹਨ। ਕਿਰਸਾਨੀ ਮੋਰਚਾ ਦਿਨ-ਬ-ਦਿਨ ਇਕ ਤੀਰਥ ਬਣਦਾ ਜਾ ਰਿਹਾ ਸੀ। ਸਾਰੇ ਭਾਰਤ ਵਿਚੋਂ ਲੋਕ ਇਹ ਮੋਰਚਾ ਦੇਖਣ ਆਏ। ਇਸ ਸੰਘਰਸ਼ ਦੀ ਗੂੰਜ ਦੁਨੀਆਂ ਵਿਚ ਗੂੰਜੀ।
ਇਸ ਮੋਰਚੇ ਦੀਆਂ ਪ੍ਰਾਪਤੀਆਂ ਗਿਣੀਆਂ ਨਹੀਂ ਜਾ ਸਕਦੀਆਂ। ਸਭ ਤੋਂ ਪਹਿਲੀ ਪ੍ਰਾਪਤੀ ਇਹ ਮੋਰਚਾ ਇਕ ਜਾਬਤੇ ਵਿਚ ਰਿਹਾ ਹੈ। ਥੋੜੇ ਸਮੇਂ ਿੋਵਚ ਹੀ ਕਈ ਵਾਰੀ ਲੋਕ ਅੱਕ ਜਾਂਦੇ ਹਨ ਪਰ ਏੱਥੇ ਅੱਕੇ ਨਹੀਂ ਸਗੋਂ ਸਿਦਕ ਵਲੋਂ ਪੱਕੇ ਹੋਏ ਹਨ। ਕਿਸਾਨ ਨੇ ਆਪਣੀ ਵਿਰਾਸਤ ਨੂੰ ਸੰਭਾਲਦਿਆਂ ਬਹੁਤ ਸੰਤੋਖ ਵਿਚ ਰਹਿ ਕੇ ਪੱਕੇ ਤੌਰ ‘ਤੇ ਬੈਠ ਗਏ ਕਿ ਬਿਨਾ ਆਪਣੇ ਹੱਕ ਲਿਆਂ ਅਸੀਂ ਕਦੀ ਵੀ ਪਿੱਛੇ ਨਹੀਂ ਪਰਤਾਂਗੇ।
ਇਸ ਮੋਰਚੇ ਨੇ ਸ਼ਾਤਮਈ ਰਹਿ ਕੇ ਨਵਾਂ ਇਇਹਾਸ ਸਿਰਜਿਆ ਹੈ। ਇਹ ਵੀ ਇਕ ਸੱਚ ਹੈ ਏੰਨਾ ਲੰਮਾ ਸਮਾਂ ਮੋਰਚਾ ਸ਼ਾਇਦ ਇਤਿਹਾਸ ਵਿਚ ਚੱਲਿਆ ਹੋਵੇ? ਕਿਰਸਾਨੀ ਮੋਰਚੇ ਨੇ ਵੱਖਵਾਦ, ਭਰਮ, ਭੇਦ, ਨਸਲਵਾਦ ਦੇ ਕੋਹੜ ਨੂੰ ਸਾਫ਼ ਕਰਦਿਆਂ ਮਨੁਖੀ ਭਾਈਚਾਰੇ ਨੂੰ ਆਪਣੀ ਪਿਆਰ ਗਲਵੱਕੜੀ ਵਿਚ ਲਿਆ ਹੈ। ਕੇਂਦਰੀ ਸਰਕਾਰ ਦੇ ਹੰਕਾਰੀ ਹਾਕਮਾਂ ਨਾਲ ਗਿਆਰਾਂ ਗੇੜ ਦੀ ਗੱਲਬਾਤ ਹੋਈ। ਹਰ ਵਾਰ ਸਰਕਾਰ ਕਿਸਾਨ ਤੇ ਦਬਾਅ ਦੀ ਨੀਤੀ ਹੀ ਵਰਤਦੀ ਰਹੀ। ਮੰਤ੍ਰੀ ਤੇ ਆਲ੍ਹਾ ਅਧਿਕਾਰੀ ਕਿਸਾਨ ਦੀਆਂ ਦਲੀਲਾਂ ਦਾ ਕੋਈ ਜਆਬ ਨਾ ਸਕੇ। ਕਿਰਸਾਨ ਇਕੋ ਮੰਗ ‘ਤੇ ਅੜੇ ਰਹੇ ਕਿ ਪਹਿਲਾਂ ਕਾਨੂੰਨ ਰੱਦ ਕਰੋ ਪਰ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਸੀ ਕਿ ਰੱਦ ਨਾ ਕਰਾਓ ਇਸ ਸੋਧਾਂ ਜਿੰਨੀਆਂ ਮਰਜ਼ੀ ਕਰਾ ਲਓ।
ਸਰਕਾਰ ਪੱਖੀ ਮੀਡੀਆ ਨੇ ਕਿਰਸਾਨ ਨੂੰ ਬਦਨਾਮ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਏਦਾਂ ਕਹਿਆ ਜਾ ਸਕਦਾ ਹੈ ਕਿ ਹਰ ਝੂਠ ਨੂੰ ਸਰਕਾਰ ਦੇ ਪੱਖ ਵਿਚ ਭਗਤਾਉਣ ਲਈ ਰੱਜ ਕੇ ਕਿਰਸਾਨੀ ਮੋਰਚੇ ਨੂੰ ਭੰਡਿਆ। ਭਾਜਪਈ ਪੱਖੀ ਵਿਦਵਾਨਾਂ ਨੇ ਕਾਲੇ ਕਾਨੂੰਨਾਂ ਦੇ ਲਾਭ ਵਧਾ ਚੜ੍ਹਾ ਕਿ ਪੇਸ਼ ਕੀਤੇ। ਸਰਕਾਰੀ ਵਿਦਵਾਨਾਂ ਨੇ ਸਰਕਾਰ ਦੇ ਪੱਖ ਨੂੰ ਸਾਹਮਣੇ ਰੱਖ ਕੇ ਕਿਰਸਾਨੀ ਮੋਰਚੇ ਨੂੰ ਗਲਤ ਸਾਬਤ ਕਰਨ ਦਾ ਪੂਰਾ ਯਤਨ ਕੀਤਾ।
ਜੇ ਬੂਥਾ ਮੁਖੀ (ਫੇਸ-ਬੁਕ) ਟੀਵੀ ਚੈਨਲ ਨਾ ਹੁੰਦੇ ਤਾਂ ਸਰਕਾਰੀ ਪ੍ਰੈਸ ਰਿਪੋਰਟਾਂ ਨੇ ਮੋਰਚਾ ਨੂੰ ਪੂਰੀ ਤਰ੍ਹਾਂ ਬਦਨਾਮ ਕਰ ਦੇਣਾ ਸੀ। ਫੇਸ ਬੁਕੀ ਚੈਨਲਾਂ ਨੇ ਕਿਸਾਨ ਦੇ ਪੱਖ ਨੂੰ ਪੁਖਤਾ ਤੇ ਪੇਸ਼ੇਵਰ ਤਰੀਕੇ ਨਾਲ ਦੁਨੀਆਂ ਦੇ ਸਾਹਮਣੇ ਰੱਖਿਆ। ਕਿਰਸਾਨੀ ਮੋਰਚੇ ਤੋਂ ਸਮਝ ਪੈਂਦੀ ਹੈ ਕਿ ਸਰਕਾਰ ਆਪਣੀ ਗੱਲ ਮਨਾਉਣ ਲਈ ਨੀਵੇਂ ਪੱਧਰ ਤੇ ਵੀ ਜਾ ਸਕਦੀ ਹੈ।
ਦੁਨੀਆਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਕਿ ਪਾਰਲੀਮੈਂਟ ਸ਼ੈਸ਼ਨ ਦੀ ਤਰ੍ਹਾਂ ਕਿਸਾਨਾਂ ਨੇ ਆਪਣੀ ਸੰਸਦ ਚਲਾਈ, ਦੁਨੀਆਂ ਨੇ ਦੇਖਿਆ। ਨੈਸ਼ਨਲ ਪੱਧਰ ਦੇ ਮੀਡੀਏ ਨੇ ਸਾਰੀ ਕਾਰਵਾਈ ਨੂੰ ਦੁਨੀਆਂ ਦੇ ਸਾਹਮਣੇ ਰੱਖਿਆ। ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਯੂ. ਅੇਨ. ਓ. ਵਿਚ ਗਿਆ ਤਾਂ ਉਸ ਦਾ ਜ਼ਬਰਦਸਤ ਵਿਰੋਧ ਹੋਇਆ ਇੱਥੋਂ ਤਕ ਕਿ ਜਿੱਥੇ ਪ੍ਰਧਾਨ ਮੰਤਰੀ ਠਹਿਰਿਆ ਹੋਇਆ ਸੀ ਕਿਸਾਨਾਂ ਨਾਲ ਸਬੰਧ ਰੱਖਣ ਵਾਲੇ ਵੀਰਾਂ ਭੈਣਾਂ ਨੇ ਉਸ ਥਾਂ ਨੂੰ ਵੀ ਘੇਰ ਕੇ ਰੋਸ ਪ੍ਰਗਟ ਕੀਤਾ।
ਕਿਸਾਨੀ ਸੰਘਰਸ਼ ਨੂੰ ਐਨ. ਆਰ. ਆਈ. ਵੀਰਾਂ-ਭੈਣਾਂ ਹਰ ਪ੍ਰਕਾਰ ਦੀ ਸਹਾਇਤਾ ਭੇਜੀ ਹੈ। ਸਟੀਲ ਦੇ ਰੈਣ ਬਸੇਰੇ, ਕੂਲਰ, ਪੱਖੇ, ਏ. ਸੀ, ਕਪੜੇ ਧੋਣ ਵਾਲੀਆਂ ਮਸ਼ੀਨਾਂ, ਦਵਾਈਆਂ ਤੇ ਰੋਜ਼ਮਰਾ ਦੀਆਂ ਸਾਰੀਆਂ ਵਸਤੂਆਂ ਉਹਨਾਂ ਨੇ ਮੁਹੱਈਆ ਕਰਾਈਆਂ। ਮੁਲਕ ਵਿਚੋਂ ਵੀ ਹਰੇਕ ਕਿਸੇ ਕਿਸੇ ਕਿਸਮ ਦਾ ਆਪਣਾ ਭਰਵਾਂ ਸਹਿਯੋਗ ਦਿੱਤਾ। ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧ ਰੱਖਦਾ ਇਕ ਨੌਜਵਾਨ ਜੁਤੀਆਂ ਗੰਢਣ ਦੀਆਂ ਸੇਵਾਵਾਂ ਨਿਭਾਉਂਦਾ ਰਿਹਾ। ਗੁਰੂ ਨਾਨਕ ਸਾਹਿਬ ਜੀ ਨੇ ਜੋ ਸੇਵਾ ਦਾ ਸੰਕਲਪ ਦਿੱਤਾ ਸੀ ਉਹ ਇਸ ਮੋਰਚੇ ਵਿਚੋਂ ਸੰਸਾਰ ਭਰ ਦੇ ਲੋਕਾਂ ਨੇ ਅੱਖੀਂ ਦੇਖਿਆ। ਗੈਰ ਸਿੱਖ ਪ੍ਰਵਾਰਾਂ ਅਤੇ ਉਹਨਾਂ ਦੀਆਂ ਬੱਚੀਆਂ ਨੇ ਵੱਖ ਵੱਖ ਸੇਵਾਵਾਂ ਵਿਚ ਆਪਣਾ ਯੋਗਦਾਨ ਪਾਇਆ।
ਕਿਰਸਾਨ ਨੀਤੀਵਾਨ ਹੋ ਕੇ ਚੱਲੇ
ਕਿਰਸਾਨੀ ਸੰਘਰਸ਼ ਦੇ ਆਗੂਆਂ ਨੇ ਬਹੁਤ ਹੀ ਸੂਝ ਬੂਝ ਤੋਂ ਕੰਮ ਲਿਆ ਹੈ। ਹਰੇਕ ਮਸਲਾ ਆਪਸੀ ਸਹਿਮਤੀ ਨਾਲ ਲਿਆ ਗਿਆ। ਕਿਰਸਾਨ ਜਦੋਂ ਵੀ ਕੇਂਦਰ ਦੇ ਪ੍ਰਭੂਆਂ ਨਾਲ ਗੱਲ ਕਰਨ ਗਏ ਹਨ ਤਾਂ ਉਹਨਾਂ ਨੇ ਸਰਕਾਰੀ ਚਾਹ ਪਾਣੀ ਨਹੀਂ ਪੀਤਾ ਤੇ ਨਾ ਹੀ ਉਹਨਾਂ ਵਲੋਂ ਪ੍ਰਸ਼ਾਦਾ ਪਾਣੀ ਛੱਕਿਆ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੀਟਿੰਗ ਦੌਰਾਨ ਲੰਗਰ ਦਾ ਪ੍ਰਬੰਧ ਕੀਤਾ ਗਿਆ। ਜ਼ਮੀਨ ਨਾਲ ਜੁੜੇ ਕਿਸਾਨ ਨੇ ਜ਼ਮੀਨ ‘ਤੇ ਬੈਠ ਕੇ ਹੀ ਪ੍ਰਸ਼ਾਦਾ ਛੱਕਿਆ। ਹੈਰਾਨਗੀ ਦੀ ਗੱਲ ਦੇਖੋ ਸਰਕਾਰ ਕੋਲ ਬਹੁਤ ਹੀ ੳੱੁਚ ਪੱਧਰ ਦੇ ਕਾਨੂੰਨੀ ਮਾਹਰ ਖੇਤੀ ਨਾਲ ਸਬੰਧਿਤ ਮਾਹਰ ਬੈਠੇ ਹੋਣ ਦੇ ਬਾਵਜੂਦ ਵੀ ਸਰਕਾਰ ਕਿਸਾਨ ਦੇ ਉੱਤਰ ਦੇਣ ਤੋਂ ਅਸਮਰੱਥ ਰਹੀ। ਮੰਤ੍ਰੀ ਹੌਲ਼ੀ ਹੌਲ਼ੀ ਮੰਨਣ ਲੱਗ ਪਏ ਇਹਨਾਂ ਕਾਨੂੰਨਾਂ ਵਿਚ ਕਮੀਆਂ ਰਹਿ ਗਈਆਂ ਹਨ। ਕਿਸਾਨੀ ਅੰਦੋਲਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਰਾਜ ਵਿਚ ਵਜ਼ੀਰ ਵੱਡਾ ਨਹੀਂ ਹੁੰਦਾ ਸਗੋਂ ਲੋਕ ਰਾਇ ਵੱਡੀ ਹੁੰਦੀ ਹੈ।
ਸਰਕਾਰੀ ਮੀਡੀਆ ਪਹਿਲਾਂ ਇਹ ਵਿਚਾਰ ਦਿੰਦਾ ਰਿਹਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਦੀ ਆਮਦਨ ਦੂਗਣੀ ਹੋ ਜਾਏਗੀ। ਫਿਰ ਇਹ ਕਹਿਣਾ ਸ਼ੁਰੂ ਕੀਤਾ ਕਿ ਇਹ ਅੰਦੋਲਨ ਨੂੰ ਕੁਝ ਲੋਕ ਚਲਾ ਰਹੇ ਹਨ। ਧਰਤੀ ਦੀ ਹਿੱਕ ਫੋਲਣ ਵਾਲਿਆਂ ਨੂੰ ਕਦੇ ਖਾਲਿਸਤਾਨੀ, ਮਾਓਵਾਦੀ, ਆਤੰਕਵਾਦੀ ਤੇ ਕਦੇ ਦੇਸ਼ ਦੇ ਟੁਕੜੇ ਕਰਨ ਵਾਲੇ ਕਿਹਾ ਗਿਆ ਪਰ ਕਿਸਾਨ ਜਾਬਤੇ ਵਿਚ ਹੀ ਰਹਿ ਕੇ ਸਾਬਤ ਕੀਤਾ ਕਿ ਅਸੀਂ ਆਪਣੇ ਹੱਕ ਲੈਣ ਲਈ ਆਏ ਹਾਂ। ਕਿਸਾਨ ਕਦੇ ਵੀ ਉਕਸਾਊ ਨਹੀਂ ਹੋਏ।
ਕੇਵਲ ਮੋਦੀ ਸਰਕਾਰ ਦਾ ਪੱਖ ਪੂਰਨ ਵਾਲੇ ਮੀਡੀਏ ਦਾ ਨਾਂ ਹੀ ਗੋਦੀ ਮੀਡੀਆ ਰੱਖ ਦਿੱਤਾ। ਇਸ ਮੀਡੀਏ ਨੇ ਮੋਦੀ ਸਬੰਧੀ ਇਹ ਸ਼ਬਦ ਵੀ ਕਹੇ ਕਿ ਮੋਦੀ ਆਪਣੇ ਬਚਨਾਂ ਤੋਂ ਕਦੇ ਵੀ ਪਿੱਛੇ ਨਹੀਂ ਹੱਟਦਾ ਪਰ ਕਿਸਾਨਾਂ ਦੇ ਸਬਰ, ਸਿਦਕ ਅਤੇ ਸੰਤੋਖ ਅੱਗੇ ਉਸ ਨੂੰ ਗੋਡੇ ਟੇਕਣੇ ਪਏ। ਦੇਸ਼ ਦਾ ਪ੍ਰਧਾਨ ਮੰਤਰੀ ਇਸ ਦੇ ਵਜ਼ੀਰ ਉੱਚ ਅਫਸਰ ਭਾਂਵੇਂ ਪਿੰਡਾਂ ਵਿਚੋਂ ਆਏ ਹੋਣਗੇ ਪਰ ਪਿੰਡਾਂ ਦੀ ਅਸਲੀਅਤ ਨੂੰ ਭੁਲ ਚੁਕੇ ਹਨ ਕਰਤਾਰ ਸਿੰਘ ਬਲੱਗਣ ਦੀਆਂ ਚੰਦ ਸਤਰਾਂ ਹਨ—
ਉਹ ਕਿਹੜੀ ਦੁਨੀਆਂ ਏ ਜਿੱਥੇ ਦੁਨੀਆਂ ਪਲ਼ਦੀ ਏ,
ਜਿੱਥੋਂ ਦੇ ਭੁਖੇ ਵੀ ਦੁਨੀਆਂ ਦੇ ਰਾਜ਼ਕ ਨੇ।
ਦੁਨੀਆਂ ਦੀਆਂ ਮੰਡੀਆਂ ਵਿਚ ਜਿਹਦੀ ਧਾਰਨਾ ਭਾਰੀ ਏ,
ਪੁਤ ਜਿਹਦੇ ਭੁਖੇ ਨੇ ਪਰ ਆਪ ਭੰਡਾਰੀ ਏ।
ਤੱਖਤਾਂ ਦੇ ਪਾਵੇ ਨੇ ਪਰ ਭੁੰਜੇ ਬਹਿੰਦੇ ਨੇ,
ਕਿਸਾਨੀ ਮੋਰਚੇ ਦੀ ਜਿੱਤ ਕੇਂਦਰ ਦੀ ਸਰਕਾਰ ਨੂੰ ਇਹ ਅਹਿਸਾਸ ਕਰਾ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਮਨਮਾਨੀ ਨਹੀਂ ਚਲ ਸਕੇਗੀ। ਅਸਲ ਵਿਚ ਨੋਟ ਬੰਦੀ ਕਰਨੀ, 370 ਧਾਰਾ ਰੱਦ ਕਰਨੀ ਜੀ. ਐਸ. ਟੀ. ਪਾਸ ਕਰਨਾ ਨਾਲ ਕੇਂਦਰ ਸਰਕਾਰ ਦੇ ਝਾਕੇ ਖੁਲ ਚੁਕੇ ਸਨ। ਅਗਾਂਹ ਕਾਨੂੰਨ ਬਣਾਉਣ ਲੱਗਿਆ ਸਰਕਾਰ ਨੂੰ ਸੋਚ ਸਮਝ ਕੇ ਕਦਮ ਚੁਕਣਾ ਚਾਹੀਦਾ ਹੈ।
ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ
ਸੰਯੁਕਤ ਕਿਸਾਨ ਮੋਰਚਾ ਅਸਲੀ ਹੱਕਦਾਰ ਐਨ. ਆਰ. ਆਈ. ਨੌਜਵਾਨ ਵੀਰਾਂ, ਕਲਾਕਾਰ ਬੁਧੀਜੀਵੀ ਕੁਝ ਮੀਡੀਏ ਦੇ ਪੱਤਰਕਾਰ ਤੇ ਸਮੁਚੇ ਵਰਗਾਂ ਦੇ ਲੋਕਾਂ ਦੀ ਜਿੱਤ ਹੈ।