ਗੁਰਮਤਿ ਗਿਆਨ ਮਿਸ਼ਨਰੀ ਕਾਲਜ Gurmat Gian Missionary College

ਪ੍ਰਿੰ: ਗੁਰਬਚਨ ਸਿੰਘ

ਪੰਜਾਬ ਸਿੰਆਂ ਤੇਰਾ ਕੋਈ ਨਹੀਂ ਦਰਦੀ

ਇਕ ਵਾਰੀ ਸਤਾ ਵਿਚ ਲਿਆਓ ਮਿੱਤਰੋ, ਫੇਰ ਜਿੱਥੇ ਮਰਜ਼ੀ ਧੱਕੇ ਖਾਓ ਮਿੱਤਰੋ, ਬੰਦ ਕਰ ਦੇਊਂ ਖੱਡੇ ਰੇਤੇ ਨਹਿਰੀ ਦੇ, ਵੇਚੀ ਚੱਲੋ ਨਸ਼ੇ ਨਾਲ ਹੱਲਾਸ਼ੇਰੀ ਦੇ।
ਪੰਜਾਬ ਸਿੰਆਂ ਤੇਰਾ ਕੋਈ ਦਰਦੀ ਤੇ ਵਾਲੀ ਵਾਰਸ ਨਹੀਂ ਹੈ, ਸਭ ਆਪੋ ਆਪਣੀਆਂ ਰੋਟੀਆਂ ਸੇਕ ਰਹੇ ਹਨ। ਕੇਂਦਰੀ ਸਰਕਾਰਾਂ ਤੋਂ ਲੈ ਕੇ ਸੂਬਾ ਸਰਕਾਰਾਂ ਤਕ ਸਭ ਤੈਨੂੰ ਚੂੰਡ ਚੂੰਡ ਕੇ ਖਾ ਰਹੇ ਹਨ। ਤੇਰੇ ਨਾਲ ਬੇ-ਇਨਸਾਫ਼ੀ ਤੇ ਬੇ-ਇਨਸਾਫ਼ੀ ਹੁੰਦੀ ਆਈ ਹੈ। ਤੇਰੇ ਜ਼ਖ਼ਮਾਂ ‘ਤੇ ਮਲ੍ਹਮ ਪੱਟੀ ਲਾਉਣ ਦੀ ਥਾਂ ‘ਤੇ ਸਿਆਸਦਾਨਾਂ ਦੀ ਕੰਗਾਲੀ ਸੋਚ ਨੇ ਤੈਨੂੰ ਖੁਰਚਿਆ ਹੀ ਹੈ। ਇਤਿਹਾਸ ਵਿਚ ਇਹ ਗੱਲ ਸਦਾ ਘੁੰਮਦੀ ਰਹੇਗੀ ਜਦੋਂ ਡਾਕਟਰ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤ੍ਰੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਮੁਖਾਤਿਬ ਹੁੰਦਿਆ ਕਿਹਾ ਸੀ ਕਿ “ਪੰਜਾਬ ਦੇ ਮੁੱਖ ਮੰਤ੍ਰੀ ਨੇ ਕਦੇ ਸੂਬੇ ਲਈ ਕੁਝ ਮੰਗਿਆ ਹੀ ਨਹੀਂ ਹੈ ਜੇ ਮੰਗਿਆ ਹੈ ਤਾਂ ਆਪਣੇ ਹਿੱਤਾਂ ਦੀ ਪੂਰਤੀ ਹੀ ਮੰਗੀ ਹੈ”। ਦੂਜਾ ਦੁਖਾਂਤ ਸਭ ਤੋਂ ਵੱਡਾ ਕਿ ਜਦੋਂ ਵੀ ਪੰਜਾਬ ਦੀਆਂ ਮੰਗਾਂ ਦੀ ਕੋਈ ਗੱਲ ਕੀਤੀ ਹੈ ਤਾਂ ਉਹ ਸਿੱਖਾਂ ਦੀਆਂ ਮੰਗ ਕਹਿ ਬੇ-ਲੋੜਾ ਤੂਫ਼ਾਨ ਖੜਾ ਕੀਤਾ ਜਾਂਦਾ ਰਿਹਾ ਹੈ। ਪੰਜਾਬ ਦੀਆਂ ਹਕੀਕੀ ਮੰਗਾਂ ਨੂੰ ਦੇਸ਼ ਵਿਰੋਧੀ ਮੰਗਾਂ ਕਹਿ ਕੇ ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਹੈ। ਪੰਜਾਬ ਦੇ ਕਾਮਰੇਡ ਕਦੇ ਵੀ ਪੰਜਾਬ ਦੇ ਹੱਕ ਵਿਚ ਖੜੇ ਨਹੀਂ ਹੋਏ। ਜਦੋਂ ਵੀ ਕੋਈ ਬਿਆਨ ਦਿੱਤਾ ਹੈ ਤਾਂ ਪੰਜਾਬ ਦੇ ਵਿਰੋਧ ਵਿੱਚ ਹੀ ਦਿੱਤਾ ਹੈ। ਅਜੇ ਕਲ੍ਹ ਦੀ ਗੱਲ ਹੈ ਜਲੰਧਰ ਦੇਸ਼ ਭਗਤ ਹਾਲ ਵਿਚ ਗਦਰੀ ਬਾਬਿਆਂ ਦੇ ਮੇਲੇ ਤੇ ਸਿੱਖੀ ਨਾਲ ਸਬੰਧਿਤ ਪੁਸਤਕਾਂ ਨਹੀਂ ਲੱਗਣ ਦਿੱਤੀਆਂ। ਇਹ ਹਮੇਸ਼ਾਂ ਪੰਜਾਬ ਤੇ ਸਿੱਖੀ ਸਰੋਕਾਰਾਂ ਦੇ ਵਿਰੋਧ ਵਿਚ ਹੀ ਭੁਗਤੇ ਹਨ।
ਜਿੱਥੇ ਸਿਆਸਤਦਾਨ ਬੇਈਮਾਨ ਰਹੇ ਹਨ ਓੱਥੇ ਪੰਜਾਬ ਦਾ ਮਹਾਸ਼ਾ ਪ੍ਰੈਸ ਅੱਡੀਆਂ ਚੁੱਕ ਚੁੱਕ ਪੰਜਾਬ ਦੇ ਵਿਰੁੱਧ ਭੁਗਤਦਾ ਆ ਰਿਹਾ ਹੈ। ਮਹਾਸ਼ਾ ਪ੍ਰੈਸ ਨੇ ਹਮੇਸ਼ਾਂ ਅਜੇਹਾ ਮਾਹੌਲ ਸਿਰਜਿਆ ਹੈ ਜਿਸ ਨਾਲ ਪੰਜਾਬ ਹੋਰ ਲਹੂ-ਲੁਹਾਨ ਹੁੰਦਾ ਰਿਹਾ ਹੈ। ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਸਿਆਸੀ ਨੇਤਾਵਾਂ ਦਾ ਕੱਦ ਬੌਣਾ ਹੋ ਗਿਆ ਹੈ। ਪੰਜਾਬ ਦੀ ਕੋਈ ਪਾਰਟੀ ਪੰਜਾਬ ਦਾ ਸਹੀ ਪੱਖ ਪੇਸ਼ ਹੀ ਨਹੀਂ ਕਰ ਰਹੀ। ਇਹ ਨੇਤਾ ਬਾਕੀ ਸੂਬਿਆਂ ਦੇ ਨੇਤਾਵਾਂ ਨੂੰ ਪੰਜਾਬ ਸਿੰਆਂ ਤੇਰੀਆਂ ਸਮੱਸਿਆਂ ਸਬੰਧੀ ਕੁਝ ਦੱਸ ਹੀ ਨਹੀਂ ਸਕੇ। ਅਸੀਂ ਪੰਜਾਬ ਦੀ ਸਮੱਸਿਆ ਪ੍ਰਤੀ ਅਜੇ ਤੱਕ ਕੋਈ ਮਾਹੌਲ ਹੀ ਨਹੀਂ ਸਿਰਜ ਸਕੇ। ਪੰਜਾਬ ਦੇ ਸਿਆਸੀ ਨੇਤਾ ਬੌਧਿਕ ਪੱਖੋਂ ਕੰਗਾਲ ਹੋ ਚੁੱਕੇ ਹਨ। ਇਨ੍ਹਾਂ ਦਾ ਇਕੋ ਕੰਮ ਰਹਿ ਗਿਆ ਹੈ ਆਪੋ ਆਪਣੀਆਂ ਪਾਰਟੀਆਂ ਵਿਚ ਰਹਿ ਕੇ ਇਕ ਦੂਜੇ ਨੂੰ ਠਿੱਬੀਆਂ ਕਿਵੇਂ ਮਾਰਨੀਆਂ ਹਨ ਜਾਂ ਆਪਣੇ ਪੁੱਤ, ਭਤੀਜਿਆਂ, ਵਹੁਟੀਆਂ ਲਈ ਗਿੜਗੜਾ ਕੇ ਟਿਕਟਾਂ ਦੀ ਮੰਗ ਕਰਨੀ। ਨਿੱਜੀ ਸੁਆਰਥ ਦੀ ਤਮੰਨਾ ਨੇ ਸਿਆਸੀ ਆਗੂਆਂ ਵਿਚੋਂ ਪੰਜਾਬ ਦੀ ਵਫ਼ਾਦਾਰੀ ਖ਼ਤਮ ਕਰ ਦਿੱਤੀ ਹੈ। ਇਨ੍ਹਾਂ ਸਿਆਸੀ ਆਗੂਆਂ ਨੇ ਸੇਵਾ ਦੇ ਨਾਂ ‘ਤੇ ਸਿਆਸੀ ਧੰਦਾ ਕੀਤਾ ਹੈ।
ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ। ਹੁਣ ਕਈ ਅਕਾਲੀ ਦਲ ਬਣ ਗਏ ਹਨ ਪਰ ਇਨ੍ਹਾਂ ਵਿਚੋਂ ਬਾਦਲ ਦਲ ਹੀ ਰਾਜ ਭਾਗ ਦਾ ਮਾਲਕ ਬਣਦਾ ਆ ਰਿਹਾ ਹੈ। ਅਕਾਲੀ ਦਲ ਬਾਦਲ ਨੇ ਅਕਾਲੀ ਦਲ ਵਿਚੋਂ ਸਿੱਖੀ ਭਾਵਨਾ, ਸਿੱਖੀ ਜਜ਼ਬਾ, ਸਿੱਖੀ ਸਰੋਕਾਰ ਤੇ ਕੁਰਬਾਨੀ ਵਾਲੀ ਭਾਵਨਾ ਹੀ ਖਤਮ ਕਰ ਦਿੱਤੀ ਹੈ। ਜਿੰਨੇ੍ਹ ਵੀ ਹਲਕਾ ਇੰਚਾਰਜ ਲਾਏ ਜਾ ਰਹੇ ਹਨ ਉਨ੍ਹਾਂ ਵਿਚ ਸਿੱਖੀ ਸਭਿਆਚਾਰ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਕੋਈ ਸਰੋਕਾਰ ਨਹੀਂ ਹੈ। ਇਕ ਚੈਨਲ ‘ਤੇ ਗੱਲਬਾਤ ਚੱਲ ਰਹੀ ਸੀ ਕਿ 1997 ਤਕ ਬਾਦਲ ਦੀ ਜਾਇਦਾਦ ਨਾਰਮਲ ਸੀ ਪਰ ਜਦੋਂ ਦਾ ਸੁਖਬੀਰ ਸਿੰਘ ਬਾਦਲ ਆਇਆ ਹੈ ਇਨ੍ਹਾਂ ਦੀ ਜਾਇਦਾਦ ਛੜੱਪੇ ਮਾਰ ਕੇ ਵਧੀ ਹੈ। ਸੁਖਬੀਰ ਸਿੰਘ ਬਾਦਲ ਕਹਿੰਦਾ ਹੈ ਮੇਰਾ ਬਿਜਨਸ ਹੈ ਤਾਂ ਗੱਲਬਾਤ ਕਰਨ ਵਾਲੇ ਵਿਦਵਾਨ ਸ੍ਰ. ਜਗਤਾਰ ਸਿੰਘ ਦੀ ਟਿੱਪਣੀ ਬੜੀ ਸਾਰਥਿਕ ਸੀ ਕਿ ਭਈ ਜੇ ਬਿਜਨਸ ਹੀ ਕਰਨਾ ਹੈ ਤਾਂ ਸਿਆਸਤ ਛੱਡ ਦੇਣੀ ਚਾਹੀਦੀ ਹੈ। ਕਹਾਣੀ ਸਪੱਸ਼ਟ ਹੈ ਬਿਜਨਸ ਕਰਨ ਵਾਲੇ ਆਪਣੀ ਕੌਮ ਨਾਲ ਵਫ਼ਾਦਾਰੀ ਨਹੀਂ ਰੱਖ ਸਕਦੇ। ਹਵਸ ਕੇ ਬੰਦੇ, ਵਫ਼ਾ ਕੋ ਬੇਚ ਦੇਤੇ ਹੈਂ, ਖ਼ੁਦਾ ਕੇ ਘਰ ਕੋ ਤੋ ਕਿਆ, ਵੋ ਖ਼ੁਦਾ ਕੋ ਹੀ ਬੇਚ ਦੇਤੇ ਹੈਂ।
ਪੰਜਾਬ ਦੀ ਹੋਣੀ ਨੂੰ ਸਮਝਣ ਲਈ ਥੋੜਾ ਪਿੱਛੇ ਜਾਣਾ ਪਏਗਾ। 1849 ਈਸਵੀ ਨੂੰ ਪੰਜਾਬ ਮੁਕੰਮਲ ਤੌਰ ਤੇ ਅੰਗਰੇਜ਼ਾਂ ਅਧੀਨ ਚਲਾ ਗਿਆ। ਅੰਗਰੇਜ਼ਾਂ ਨੇ ਸਿੱਖਾਂ ਨਾਲ ਸਬੰਧਿਤ ਸਭ ਨਿਸ਼ਾਨੀਆਂ ਨੂੰ ਖਤਮ ਕਰਨ ਦਾ ਤਹੱਈਆ ਕਰ ਲਿਆ ਸੀ। ਲੋੜ ਅਨੁਸਾਰ ਕਿਲ੍ਹੇ ਰੱਖ ਲਏ ਬਾਕੀ ਢੁਹਾ ਦਿੱਤੇ ਗਏ। ਅੰਗਰੇਜ਼ਾਂ ਨੇ ਸਮਝ ਲਿਆ ਸੀ ਕਿ ਜੇ ਪੰਜਾਬ ‘ਤੇ ਰਾਜ ਕਰਨਾ ਹੈ ਤਾਂ ਇਨ੍ਹਾਂ ਦੀ ਹਰ ਪੱਧਰ ‘ਤੇ ਪਛਾਣ ਖਤਮ ਕਰਨੀ ਹੋਵੇਗੀ। ਸਿੱਖੀ ਸਰੋਕਾਰਾਂ ਤੇ ਪੰਜਾਬ ਦਾ ਸਭਿਆਚਾਰ ਬਦਲਣ ਲਈ ਕਈ ਪ੍ਰਕਾਰ ਦੀਆਂ ਅੰਦਰ ਖਾਤੇ ਚਾਲਾਂ ਚੱਲੀਆਂ। ਪੰਜਾਬ ਦੀ ਪੀੜ੍ਹੀ ਨੂੰ ਪੁੱਠਾ ਗੇੜਾ ਦੇਣ ਲਈ ਵਿਦਿਅਕ ਖੇਤਰ ਦੀਆਂ ਨੀਤੀਆਂ ਬਦਲੀਆਂ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਵਿਦਿਅਕ ਨੀਤੀ ਬਹੁਤ ਪ੍ਰਪੱਕਤਾ ਨਾਲ ਚੱਲ ਰਹੀ ਸੀ। ਉਸ ਸਮੇਂ ਇਕੱਲੇ ਲਾਹੌਰ ਵਿਚ 14 ਸਕੂਲ ਲੜਕਿਆਂ ਤੇ 12 ਸਕੂਲ ਲੜਕੀਆਂ ਦੇ ਚਲਦੇ ਸਨ। ਇਥੇ ਹੀ ਬੱਸ ਨਹੀਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬੀ ਤੇ ਫ਼ਾਰਸੀ ਦਾ ਕਾਇਦਾ ਤਿਆਰ ਕਰਵਾਇਆ ਜਿਸ ਦੁਆਰਾ ਵਿਦਿਆਰਥੀ ਤਿੰਨ ਮਹੀਨੇ ਵਿਚ ਵਿਦਿਆ ਸਿੱਖ ਲੈਂਦਾ ਸੀ। 1849 ਵਿਚ ਅੰਗਰੇਜ਼ਾਂ ਨੇ ਲੋਕਾਂ ਦੀ (ਜਨ ਗਣਨਾ) ਗਿਣਤੀ ਕਰਾਈ ਤਾਂ ਉਸ ਸਮੇਂ ਪੰਜਾਬ ਦੀ ਰਾਜਧਾਨੀ ਲਾਹੌਰ ਵਿਚ ਵਿਦਿਆ ਦੀ ਦਰ 87% ਪ੍ਰਤੀਸ਼ਤ ਸੀ ਤੇ ਸਮੁੱਚੇ ਪੰਜਾਬ ਦੀ 77% ਸੀ ਜਿਹੜੀ ਬ੍ਰਿਟਿਸ਼ ਰਾਜ ਨਾਲੋਂ ਵੱਧ ਪੜ੍ਹਿਆ ਲਿਖਿਆਂ ਦੀ ਸੀ। ਅੰਗਰੇਜ਼ ਦੇ ਰਾਜ ਵਿਚ ਕਿਸੇ ਸਮੇਂ ਸੂਰਜ ਨਹੀਂ ਡੁੱਬਦਾ ਸੀ ਪਰ ਉਨ੍ਹਾਂ ਦੀ ਪ੍ਰਾਇਮਰੀ ਸਿਖਿਆ ਦਾ ਐਕਟ 1870 ਈ. ਨੂੰ ਬਣਿਆ ਤੇ 1880 ਈ. ਨੂੰ ਪੜ੍ਹਾਈ ਲਾਜ਼ਮੀ ਕੀਤੀ ਗਈ ਤੇ ਅਮਰੀਕਾ ਨੇ 1852 ਈ. ਨੂੰ ਲਾਜ਼ਮੀ ਪੜ੍ਹਾਈ ਦਾ ਕਾਨੂੰਨ ਲਾਗੂ ਕੀਤਾ। ਜਦ ਕਿ ਮਹਾਰਾਜਾ ਰਣਜੀਤ ਸਿੰਘ ਨੇ 1799 ਨੂੰ ਰਾਜ ਭਾਗ ਸੰਭਾਲਦਿਆਂ ਹੀ ਸਿੱਖਿਆ ਨੀਤੀ ਬਣਾ ਦਿੱਤੀ ਸੀ।
ਲਹਿੰਦੇ ਪੰਜਾਬ ਦੇ ਲੇਖਕ ਮੁਹੰਮਦ ਜ਼ਕਰੀਆ ਆਫ਼ਤਾਬ ਨੇ ਅੱਗੇ ਲਿਖਿਆ ਹੈ ਕਿ ਅੰਗਰੇਜ਼ਾਂ ਵਲੋਂ ਸਰਕਾਰੀ ਇਸ਼ਤਿਹਾਰਾਂ ਵਿੱਚ ਹੋਕਾ ਦਿੱਤਾ ਗਿਆ ਕਿ ਜਿਹੜਾ ਹਥਿਆਰ ਜਮ੍ਹਾਂ ਕਰਾਏਗਾ ਉਸ ਨੂੰ ਦੋ ਆਨੇ ਤੇ ਕਾਇਦੇ ਜਮ੍ਹਾਂ ਕਰਾਉਣ ਵਾਲੇ ਨੂੰ ਛੇ ਆਨੇ ਦਿੱਤੇ ਜਾਣਗੇ। ਪੰਜਾਬੀਆਂ ਦੀ ਮਾਂ ਬੋਲੀ ਨੂੰ ਖਤਮ ਕਰਨ ਲਈ ਉਰਦੂ ਨੂੰ ਤਰਜੀਹ ਦਿੱਤੀ ਗਈ। ਅੰਗਰੇਜ਼ ਦਾ iਖ਼ਆਲ ਸੀ ਕਿ ਜੇ ਇਹ ਗੁਰਮੁਖੀ ਪੜ੍ਹਨੀ ਛੱਡ ਗਏ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਆਪੇ ਛੱਡ ਜਾਣਗੇ। ਅਜਿਹਾ ਕਰਨ ਨਾਲ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਾਧਾਰਾ ਨਾਲੋਂ ਆਪੇ ਟੁੱਟ ਜਾਣਗੇ। ਅਸਲ ਮਕਸਦ ਸਿੱਖਾਂ ਨੂੰ ਆਪਣੇ ਵਿਰਸੇ, ਸਭਿਆਚਾਰ ਤੇ ਸਿੱਖੀ ਸਰੋਕਾਰਾਂ ਤੋਂ ਦੂਰ ਕਰਨਾ ਸੀ। ਸਿੱਖੀ ਦੇ ਨਿਆਰੇਪਨ ਨੂੰ ਖਤਮ ਕਰਨ ਲਈ ਇਕ ਮਹੌਲ ਸਿਰਜਿਆ ਗਿਆ। ਅਜਿਹੇ ਕੱਚ ਘਰੜ ਵਿਦਵਾਨਾਂ ਪਾਸੋਂ ਸਿੱਖ ਫਲਸਫੇ ਸਬੰਧੀ ਪੁਸਤਕਾਂ ਤਿਆਰ ਕਰਾਈਆਂ ਜਿਹੜੀਆਂ ਸਿੱਖੀ ਨੂੰ ਸਨਾਤਨ ਧਰਮ ਵਲ ਨੂੰ ਪ੍ਰੇਰਤ ਕਰਦੀਆਂ ਸਨ। ਹੁਣ ਭਾਰਤ ਸਰਕਾਰ ਵਲੋਂ ਹਿੰਦੀ ਬੋਲੀ ਦੁਆਰਾ ਭਾਰਤ ਦਾ ਹਿੰਦੂਕਰਨ ਕੀਤਾ ਜਾ ਰਿਹਾ ਹੈ। ਵਰਤਮਾਨ ਸਮੇਂ ਵਿਚ ਵੀ ਅਜੇਹਾ ਵਰਤਾਰਾ ਸਿਰਜਿਆ ਜਾ ਰਿਹਾ ਹੈ ਕਿ ਸਿੱਖ ਦਿਸਣੇ ਤਾਂ ਜ਼ਰੂਰ ਚਾਹੀਦੇ ਹਨ ਪਰ ਇਨ੍ਹਾਂ ਦੀਆਂ ਰਹੁ ਰੀਤੀਆਂ ਸਾਰੀਆਂ ਹਿੰਦੂਆਂ ਵਾਲੀਆਂ ਹੋਣੀਆਂ ਚਾਹੀਦੀਆਂ ਹਨ।
ਪੰਜਾਬੀਆਂ ਦੀ ਅਣਖ਼ ਤੇ ਸਵੈਮਾਣ ਮਾਰਨ ਲਈ ਭਾਰਤੀ ਕਾਂਗਰਸ ਪਾਰਟੀ ਵਲੋਂ ਅਜੇਹੀਆਂ ਗੋਂਦਾਂ ਗੁੰਦੀਆਂ ਗਈਆਂ ਕਿ ਹੱਸਦੇ ਵੱਸਦੇ ਪੰਜਾਬ ਨੂੰ ਰਾਜਨੀਤੀ ਦੀ ਤਿੱਖੀ ਰੰਬੀ ਨਾਲ ਚੀਰ ਸੁੱਟਿਆ। ਬਾਰ ਬਾਰ ਲਿਖਦਿਆਂ ਵੀ ਕਚਿਆਣ ਆਉਂਦੀ ਹੈ ਕਿ ਸਾਰੇ ਭਾਰਤ ਵਿਚ ਬੋਲੀ ਅਧਾਰਤ ਸੂਬਿਆਂ ਦਾ ਗਠਨ ਕੀਤਾ ਗਿਆ ਪਰ ਪੰਜਾਬ ਨੂੰ ਬੋਲੀ ਅਧਾਰਤ ਸੂਬਾ ਨਾ ਬਣਾਇਆ ਗਿਆ। ਭਾਰਤ ਦੀ ਅਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਿਆਂ ਲਈ ਪੰਜਾਬੀ ਸੂਬਾ ਨਾ ਬਣਾਇਆ ਗਿਆ। ਇਥੇ ਵੀ ਪੰਜਾਬੀ ਨੇਤਾ ਸਿਆਸਤ ਦਾ ਸ਼ਿਕਾਰ ਹੋ ਗਏ। ਪਾਣੀ ਖੋਹਿਆ ਗਿਆ ਪਰ ਕੀ ਮਜਾਲ ਹੈ ਪੰਜਾਬ ਦੇ ਕਿਸੇ ਕਾਂਗਰਸੀ, ਕਾਮਰੇਡ, ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਪੰਜਾਬ ਲਈ ਹਾਅ ਦਾ ਨਾਅਰਾ ਮਾਰਿਆ ਹੋਵੇ? ਪੰਜਾਬ ਦੇ ਸੱਜੇ ਤੇ ਖੱਬੇ ਪੱਖੀ ਕਾਮਰੇਡ ਕਦੇ ਵੀ ਪੰਜਾਬ ਦੇ ਮੁੱਦਿਆਂ ਲਈ ਨਹੀਂ ਬੋਲੇ। ਭਾਰਤੀ ਜਨਤਾ ਪਾਰਟੀ ਦੇ ਪੰਜਾਬੀ ਨੇਤਾਵਾਂ ਨੇ ਖਸਮ ਹੀ ਖਾਧੀ ਹੋਈ ਲਗਦੀ ਹੈ ਕਿ ਪੰਜਾਬ ਦੇ ਹਰ ਮੁੱਦੇ ਦੀ ਵਿਰੋਧਤਾ ਹੀ ਕਰਨੀ ਹੈ। ਇਹ ਕਦੇ ਵੀ ਪੰਜਾਬ ਦੇ ਹੱਕਾਂ ਲਈ ਨਹੀਂ ਬੋਲੇ ਜੇ ਕਦੇ ਬੋਲੇ ਵੀ ਹਨ ਤਾਂ ਮੁਰਦੇ ਬੋਲਣ ਵਾਂਗ ਖੱਫਣ ਹੀ ਪਾੜਿਆ ਹੈ। ਭਾਰਤ ਦੀ ਅਬਾਦੀ ਵਿੱਚ ਸਿੱਖ ਕੌਮ ਦੀ ਬਹੁਤ ਥੋੜੀ ਗਿਣਤੀ ਹੈ ਪਰ ਪਿਛਲੇ ਸਾਲਾਂ ਦਾ ਵਰਤਾਰਾ ਬਣ ਗਿਆ ਹੈ ਕਿ ਸਾਰੇ ਸਿੱਖਾਂ ਨੂੰ ਅੱਤਵਾਦੀ ਕਹਿ ਕੇ 90 ਪ੍ਰਤੀਸ਼ੱਤ ਹਿੰਦੂਆਂ ਦੀਆਂ ਵੋਟਾਂ ਲਈਆਂ ਜਾਂਦੀਆਂ ਹਨ। ਕਿਹਾ ਜਾ ਸਕਦਾ ਹੈ ਕਿ ਘੱਟ ਗਿਣਤੀ ਕੌਮਾਂ ਪ੍ਰਤੀ ਨਫਰਤ ਦਾ ਹਊਆ ਖੜਾ ਕਰਕੇ ਬਹੁ ਗਿਣਤੀ ਹਿੰਦੂਆਂ ਦੀਆਂ ਵੋਟਾਂ ਬਟੋਰੀਆਂ ਹਨ।
ਪੰਜਾਬੀਆਂ ਨੂੰ ਸੀਮਤ ਦਾਇਰੇ ਵਿਚ ਬੰਨ੍ਹ ਕੇ ਰੱਖਣ ਦੀ ਕੇਂਦਰ ਸਰਕਾਰ ਦੀ ਨੀਤੀ ਅੱਜ ਵੀ ਓਸੇ ਤਰ੍ਹਾਂ ਬਰਕਰਾਰ ਹੈ। ਜੇ ਕੇਂਦਰ ਦੀਆਂ ਪੰਜਾਬ ਪ੍ਰਤੀ ਮਾਰੂ ਨੀਤੀਆਂ ਚੱਲ ਰਹੀਆਂ ਹਨ ਪਰ ਪੰਜਾਬ ਦੇ ਕਿਸੇ ਨੇਤਾ ਵਿਚ ਇਖ਼ਲਾਕੀ ਤੌਰ ‘ਤੇ ਪੰਜਾਬ ਪ੍ਰਤੀ ਕੋਈ ਵਫ਼ਾਦਾਰੀ ਨਹੀਂ ਹੈ। ਚੋਣਾਂ ਆਉਂਦੀਆਂ ਨੇ ਸਿਆਸਤਦਾਨ ਚੀਕਾਂ ਮਾਰਦੇ ਹਨ ਕਿ ਅਸੀਂ ਪੰਜਾਬ ਨੂੰ ਅਮਰੀਕਾ ਕਨੇਡਾ ਬਣਾ ਦਿਆਂਗੇ। ਪੰਜਾਬ ਭਾਵੇਂ ਅਮਰੀਕਾ ਕਨੇਡਾ ਤਾਂ ਨਹੀਂ ਬਣਿਆਂ ਪਰ ਪੰਜਾਬ ਦੇ ਨੇਤਾਵਾਂ ਨੇ ਆਪਣਿਆਂ ਪਰਿਵਾਰਾਂ ਲਈ ਅਮਰੀਕਾ ਕੈਨੇਡਾ ਜ਼ਰੂਰ ਬਣਾ ਲਿਆ ਹੈ। ਇਨ੍ਹਾਂ ਨੇਤਾਵਾਂ ਨੇ ਸੱਤਾਂ ਸੱਤਾਂ ਪੀੜ੍ਹੀਆਂ ਦੀਆਂ ਰੋਟੀਆਂ ਇਕੱਠੀਆਂ ਕਰ ਲਈਆਂ ਹਨ। ਕੁਝ ਚੰਦ ਕੁ ਲੀਡਰ ਛੱਡ ਦਈਏ ਤਾਂ ਬਾਕੀ ਕਿਸੇ ਵੀ ਪੰਜਾਬੀ ਲੀਡਰ ਵਿਚ ਪੰਜਾਬ ਪ੍ਰਤੀ ਕੋਈ ਮੁਹੱਬਤ ਨਹੀਂ ਹੈ। ਜਿਸ ਲੀਡਰ ਦਾ ਦਾਅ ਲੱਗਿਆ ਹੈ ਉਸ ਨੇ ਹੀ ਪੰਜਾਬ ਨੂੰ ਨਿੰਬੂ ਵਾਂਗ ਨਚੋੜਿਆ ਹੈ। ਪੰਜਾਬ ਦੀ ਅਫ਼ਸਰਸ਼ਾਹੀ ਵੀ ਏਸੇ ਹਮਾਮ ਵਿਚ ਪੂਰੀ ਤਰ੍ਹਾਂ ਨੰਗੀ ਹੈ।
ਦੇਸ਼ ਦੀ ਅਜ਼ਾਦੀ ਸਮੇਂ ਪੰਜਾਬੀ ਬਹੁਤ ਵੱਡਾ ਧੋਖਾ ਖਾ ਗਏ ਸਨ। ਪੰਜਾਬ ਇਕ ਵੱਖਰਾ ਮੁਲਕ ਸੀ ਜਿਸ ਨੂੰ ਅਜ਼ਾਦ ਕਰਾਉਣ ਲਈ ਮਰਜੀਵੜੇ ਅਜ਼ਾਦੀ ਦੀ ਲਹਿਰ ਵਿਚ ਕੁੱਦੇ ਪਰ ਦੇਸ਼ ਪੰਜਾਬ ਪਾਸੇ ਰਹਿ ਗਿਆ ਤੇ ਅਜ਼ਾਦੀ ਦੀ ਲਹਿਰ ਸਮੁੱਚੇ ਭਾਰਤ ਲਈ ਬਣ ਗਈ। ਸਿੱਖ ਲੀਡਰਾਂ ਨੇ ਆਪਣੀ ਹੋਣੀ ਭਾਰਤ ਨਾਲ ਜੋੜੀ ਪਰ ਵਰਤਮਾਨ ਸਮੇਂ ਵਿਚ ਪੰਜਾਬ ਸਿੰਆਂ ਤੇਰੀ ਹੋਂਦ ਮਿਟਾਈ ਜਾ ਰਹੀ ਹੈ। ਪੰਜਾਬ ਸਿੰਆਂ ਤੇਰੀਆਂ ਫਸਲਾਂ ਨਸਲਾਂ ਤਬਾਹ ਕੀਤੀਆਂ ਜਾ ਰਹੀਆਂ ਹਨ ਤੇ ਇਸ ਤਬਾਹੀ ਲਈ ਸਾਰੀਆਂ ਪਾਰਟੀਆਂ ਦੇ ਲੀਡਰ ਬਰਾਬਰ ਦੇ ਜ਼ਿੰਮੇਵਾਰ ਹਨ। ਪੰਜਾਬ ਦੇ ਸਿਆਸੀ ਲੀਡਰਾਂ ਦੀ ਸੋਚ ਵਿਚ ਕੰਗਾਲਤਾ ਆ ਗਈ ਤੇ ਬੋਧਿਕਤਾ ਖਤਮ ਹੋ ਗਈ ਹੈ। ਪਿਛਲੇ ਦਿਨੀ ਭਾਰਤੀ ਰਿਜ਼ਰਵ ਬੈਂਕ ਨੇ ਇਕ ਰਿਪੋਰਟ ਨਸ਼ਰ ਕੀਤੀ ਜਿਸ ਵਿਚ ਮੁਲਕ ਦੇ ਦਸ ਰਾਜਾਂ ਦੀ ਆਰਥਿਕ ਹਾਲਤ ਮੰਦੀ ਦੱਸੀ ਗਈ। ਇਕ ਸਰਵੇ ਅਨੁਸਾਰ ਪੰਜਾਬ ਦੀ ਆਰਥਿਕਤਾ ਪੂਰੀ ਤਰ੍ਹਾਂ ਕਰਜ਼ਾਈ ਹੋਣ ਕਰਕੇ ਇਹ ਪਹਿਲੇ ਨੰਬਰ ‘ਤੇ ਆਉਂਦਾ ਹੈ। ਪੰਜਾਬ ਦੀਆਂ ਸਮੁੱਚੀਆਂ ਪਾਰਟੀਆਂ ਨੇ ਇਕ ਦੂਜੇ ਨਾਲੋਂ ਅੱਗੇ ਵੱਧ ਕੇ ਮੁਫਤ ਦੀਆਂ ਬੇ-ਲੋੜੀਆਂ ਸਹੂਲਤਾਂ ਦੇ ਕੇ ਪੰਜਾਬ ਦੇ ਆਰਥਿਕ ਪੱਖ ਨੂੰ ਵੱਡੀ ਢਾਅ ਲਾਈ ਹੈ। ਹੈਰਾਨਗੀ ਦੀ ਗੱਲ ਦੇਖੋ ਜਿਹੜੀ ਸਹੂਲਤ ਪੰਜਾਬੀਆਂ ਮੰਗੀ ਹੀ ਨਹੀਂ ਹੈ ਉਹ ਸਹੂਲਤ ਕਰਜ਼ਾ ਚੁੱਕ ਕੇ ਦਿੱਤੀ ਜਾ ਰਹੀ ਹੈ। ਰਾਜਨੀਤੀ ਕੇ ਖੇਲ ਯੇ ਸਮਝ ਸਕਾ ਹੈ ਕੌਨ, ਬਹਿਰੋਂ ਕੋ ਭੀ ਬਾਂਟ ਰਹੇ ਅਬ ਮੋਬਾਇਲ ਫੋਨ।
ਕੀ ਅਜਿਹੀਆਂ ਸਹੂਲਤਾਂ ਦੇ ਕੇ ਪੰਜਾਬ ਸਿਰ ਕਰਜ਼ੇ ਦੀ ਪੰਡ ਨਹੀਂ ਚੜ੍ਹਾਈ ਗਈ ਜਾਂ ਚੜ੍ਹਾਈ ਜਾ ਰਹੀ ਹੈ? ਕੀ ਸਿਆਸਤ ਵਿਚੋਂ ਇਨਸਾਨੀਅਤ ਵਾਲੀ ਭਾਵਨਾ ਖਤਮ ਹੋ ਗਈ ਹੈ। ਮੁਫਤ ਦੀਆਂ ਸਹੂਲਤਾਂ ਦੇ ਕੇ ਆਪਣੇ ਕਾਰੋਬਾਰ ਨਹੀਂ ਵਧਾਏ। ਜੇ ਪੰਜਾਬ ਨਾਲ ਮਿੱਤ੍ਰਤਾ ਹੁੰਦੀ ਤਾਂ ਸਰਕਾਰੀ ਬੱਸਾਂ ਦੀਆਂ ਬਾਡੀਆਂ ਬਾਹਰਲੀ ਸਟੇਟ ਤੋਂ ਲਵਾਉਂਦੇ? ਜੇ ਵਾਕਿਆ ਹੀ ਆਪਣੇ ਸੂਬੇ ਪ੍ਰਤੀ ਕੋਈ ਮੋਹ ਦੀ ਚਿਣਗ ਹੁੰਦੀ ਤਾਂ ਸਰਕਾਰੀ ਬੱਸਾਂ ਹਟਾ ਕੇ ਦਿੱਲੀ ਏਅਰ ਪੋਰਟ ਤੇ ਆਪਣੀਆਂ ਬੱਸਾਂ ਨਾ ਲਾਉਂਦੇ। ਤੁਸਾਂ ਸਾਰਿਆਂ ਜਿਹਦਾ ਜ਼ੋਰ ਚੱਲਿਆ ਉਨ੍ਹੇ ਹੀ ਸਰਕਾਰੀ ਟ੍ਰਾਂਸਪੋਰਟ ਖਾ ਲਈ ਹੈ। ਕਮਾਈ ਵਾਲੇ ਰੂਟਾਂ ਤੇ ਤੁਹਾਡੀਆਂ ਹੀ ਬੱਸਾਂ ਸ਼ੂਕਦੀਆਂ ਹਨ। ਸਮੁੱਚੇ ਪੰਜਾਬ ਦੇ ਸਿਆਸਤਦਾਨਾਂ ਵਿਚ ਪੂਰੀ ਤਰ੍ਹਾਂ ਅਕ੍ਰਿਤਘਣਤਾ ਆ ਗਈ ਹੈ। ਅਕ੍ਰਿਤਘਣ ਉਸ ਨੂੰ ਕਿਹਾ ਗਿਆ ਹੈ ਜਿਹੜਾ ਨਮਕ ਖਾ ਕੇ ਹਰਾਮ ਕਰ ਦੇਵੇ। ਭਾਈ ਗੁਰਦਾਸ ਜੀ ਨੇ ਵਿਚਾਰ ਦਿੱਤੇ ਹਨ ਕਿ ਧਰਤੀ ਆਖਦੀ ਹੈ ਮੈਨੂੰ ਕਿਸੇ ਇਮਾਰਤ, ਪਹਾੜ, ਨਦੀਆਂ-ਨਾਲੇ, ਬਾਗ ਬਗੀਚੇ, ਜੰਗਲ ਆਦਿ ਕੁਝ ਵੀ ਭਾਰਾ ਨਹੀਂ ਲੱਗਦਾ ਮੈਨੂੰ ਕੇਵਲ ਅਕ੍ਰਿਤਘਣ ਭਾਰੇ ਲੱਗਦੇ ਹਨ। ਨਾ ਤਿਸੁ ਭਾਰੇ ਪਰਬਤਾਂ ਅਸਮਾਨ ਖਹੰਦੇ। ਨਾ ਤਿਸੁ ਭਾਰੇ ਕੋਟ ਗੜ੍ਹ ਘਰਬਾਰ ਦਿਸੰਦੇ। ਨਾ ਤਿਸੁ ਭਾਰੇ ਸਾਇਰਾਂ ਨਦ ਵਾਹ ਵਹੰਦੇ। ਨਾ ਤਿਸੁ ਭਾਰੇ ਤਰੁਵਰਾਂ ਫਲ ਸੁਫਲ ਫਲੰਦੇ। ਨਾ ਤਿਸੁ ਭਾਰੇ ਜੀਅਜੰਤ ਅਣਗਣਤ ਫਿਰੰਦੇ। ਭਾਰੇ ਭੁਈਂ ਅਕ੍ਰਿਤਘਣ ਮੰਦੀ ਹੂ ਮੰਦੇ। (ਵਾਰ-35, ਪਉੜੀ- 8)
ਭਾਈ ਗੁਰਦਾਸ ਜੀ ਤਾਂ ਇਥੋਂ ਤਕ ਲਿਖਦੇ ਹਨ ਕਿ ਸ਼ਰਾਬ ਵਿਚ ਰਿੰਨ੍ਹੇ ਹੋਏ ਕੁੱਤੇ ਦੇ ਮਾਸ ਨੂੰ ਇਨਸਾਨੀ ਖੋਪਰੀ ਵਿਚ ਰੱਖ ਕੇ ਮਹੀਨਾਵਰੀ ਲਹੂ ਨਾਲ ਲਿਬੜੇ ਹੋਏ ਕਪੜੇ ਨਾਲ ਢੱਕ ਕੇ ਲਿਜਾ ਰਹੀ ਘਟੀਆ ਕਿਸਮ ਦੇ ਕਰਮ ਕਰਨ ਵਾਲੀ ਨੂੰ ਕਿਸੇ ਪੁੱਛਿਆ ਕਿ ਚੱਜ ਦੀ ਚੀਜ਼ ਤਾਂ ਕੋਈ ਨਹੀ ਪਰ ਫਿਰ ਵੀ ਤੂੰ ਢੱਕ ਕਿ ਕਿਉਂ ਜਾ ਰਹੀ ਏਂ ਤਾਂ ਅੱਗੋਂ ਆਖਦੀ ਹੈ ਕਿ ਮੈਂ ਸੋਚਦੀ ਹਾਂ ਕਿਤੇ ਅਕ੍ਰਿਤਘਣ ਬੰਦੇ ਦੀ ਨਜ਼ਰ ਨਾ ਪੈ ਜਾਏ। ਨਦਰੀ ਪਵੇ ਅਕਿਰਤਘਣੁ ਮਤੁ ਹੋਇ ਵਿਣਾਸੁ। (ਵਾਰ-35, ਪਉੜੀ- 9) ਪੰਜਾਬ ਦੇ ਲੀਡਰੋ ਕਦੇ ਇਤਿਹਾਸ ਦੇ ਪੰਨਿਆਂ ਨੂੰ ਫੋਲ ਕੇ ਵਫ਼ਾਦਾਰੀ ਦਾ ਸਬਕ ਹੀ ਲੈ ਲਓ। ਜਿਸ ਧਰਤੀ ਦੇ ਤੁਸੀਂ ਵਾਰਸ ਕਹਾਉਂਦੇ ਹੋ ਉਹਦੇ ਕਦੇ ਇਤਿਹਾਸ ਨੂੰ ਹੀ ਪੜ੍ਹ ਲਓ! ਸ੍ਰ. ਸਰਦਾਰਾ ਸਿੰਘ ਜੋਹਲ ਪੰਜਾਬ ਦਾ ਬਹੁਤ ਡੂੰਘਾ ਦਰਦ ਰੱਖਣ ਵਾਲੇ ਇਨਸਾਨ ਹਨ-ਉਹ ਲਿਖਦੇ ਹਨ ਕਿ ਪੰਜਾਬ ਦੇ ਸਿਆਸੀ ਲੋਕ ਦੋ ਸੌਕਣਾਂ ਵਾਂਗ ਵਿਚਰ ਰਹੇ ਹਨ। ਕਹਿੰਦੇ ਨੇ ਇਕ ਬੰਦੇ ਦੀਆਂ ਦੋ ਔਰਤਾਂ ਸਨ। ਉਹ ਦੋਵੇਂ ਹੀ ਆਪਸ ਵਿਚ ਬਹੁਤ ਈਰਖਾ ਰੱਖਦੀਆਂ ਸਨ। ਇਕ ਔਰਤ ਨੇ ਪਤੀ ਦੇ ਸਿਰ ਵਿਚੋਂ ਇਕ ਚਿੱਟਾ ਵਾਲ ਪੁੱਟਤਾ ਤਾਂ ਕਿ ਪਤੀ ਜਵਾਨ ਲੱਗੇ। ਦੂਜੀ ਨੇ ਕਿਹਾ, ਕਿ “ਇਸ ਪਤੀ ‘ਤੇ ਮੇਰਾ ਵੀ ਹੱਕ ਹੈ ਜੇ ਤੂੰ ਇਕ ਚਿੱਟਾ ਵਾਲ ਪੁੱਟਿਆ ਹੈ ਤਾਂ ਮੈਂ ਦੋ ਕਾਲ਼ੇ ਪੁਟਾਂਗੀ”। ਉਸ ਨੇ ਦੋ ਪੁੱਟ ਦਿੱਤੇ ਦੂਜੀ ਨੇ ਚਾਰ ਪੁੱਟ ਧਰੇ, ਉਹਨਾਂ ਨੇ ਦੋਹਾਂ ਨੇ ਆਪਣੇ ਪਤੀ ਦਾ ਸਿਰ ਰੜੇ ਮੈਦਾਨ ਵਰਗਾ ਕਰ ਦਿੱਤਾ। ਇੰਝ ਹੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਨਾਲ ਸੌਂਕਣਾਂ ਵਾਲਾ ਵਤੀਰਾ ਧਾਰਨ ਕੀਤਾ ਹੈ। ਕਾਂਗਰਸੀਏ ਤੇ ਅਕਾਲੀਏ ਵਾਰੀ ਵਾਰੀ ਪੰਜਾਬ ‘ਤੇ ਕਾਬਜ਼ ਰਹੇ ਹਨ। ਇਸ ਸੱਤਾ ਦਾ ਅਨੰਦ ਖੱਬੇ ਪੱਖੀਆਂ ਤੇ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨਾਲ ਮਿਲ ਕੇ ਅਤੇ ਸੱਜੇ ਪੱਖੀਆਂ ਨੇ ਕਾਂਗਰਸ ਨਾਲ ਮਿਲ ਕੇ ਮਾਣਿਆ ਹੈ। ਇਨ੍ਹਾਂ ਪਾਰਟੀਆਂ ਨੇ ਪੰਜਾਬ ਪ੍ਰਤੀ ਕੋਈ ਠੋਸ ਨੀਤੀ ਨਹੀਂ ਬਣਾਈ। ਕੇਵਲ ਡੰਗ ਟਪਾਊ ਨੀਤੀਆਂ ਨਾਲ ਕੰਮ ਸਾਰਿਆ। ਬੇ-ਅਥਾਹ ਜ਼ਮੀਨ ‘ਚੋਂ ਪਾਣੀ ਵਰਤ ਕੇ ਪੰਜਾਬ ਰੜਾ ਕਰ ਦਿੱਤਾ ਹੈ। ਆਉਣ ਵਾਲੇ ਸਮੇਂ ਵਿਚ ਫਸਲਾਂ ਤੇ ਨਸਲਾਂ ਕਿੱਥੋਂ ਲੱਭੋਗੇ?
ਭਾਰਤੀ ਕਾਂਗਰਸ ਕੌਮੀ ਪਾਰਟੀ ਹੋਣ ਕਰਕੇ ਪੰਜਾਬ ਦੇ ਕਾਂਗਰਸੀਏ ਕਦੇ ਵੀ ਆਪਣੀ ਪਾਰਟੀ ਤੋਂ ਬਾਹਰ ਨਹੀਂ ਗਏ। ਵੱਖ ਵੱਖ ਸੂਬਿਆਂ ਦੀਆਂ ਚੋਣਾਂ ਸਮੇਂ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਕਰਦੇ ਰਹੇ। ਕੇਂਦਰ ਵਿਚ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਇਨ੍ਹਾਂ ਨੇਤਾਵਾਂ ਨੇ ਪੰਜਾਬ ਲਈ ਕੋਈ ਵੱਡ ਅਕਾਰੀ ਕਾਰਖਾਨਾ ਨਹੀਂ ਲਿਆਂਦਾ। ਹਾਂ ਜੇ ਥੋੜਾ ਬਹੁਤਾ ਲਿਆਂਦਾ ਹੈ ਤਾਂ ਉਹ ਵੀ ਦਮ ਤੋੜ ਗਏ। ਗੋਇੰਦਵਾਲ ਦੀ ਸਮਾਲ ਇੰਡਸਟਰੀ ਲਗਪਗ ਖਤਮ ਹੀ ਹੋ ਗਈ ਹੈ। ਕਪੂਰਥਲੇ ਰੇਲ ਕੋਚ ਫੈਕਟਰੀ ਵਿਚ ਅੱਧਾ ਕੰਮ ਰਹਿ ਗਿਆ। ਜਦੋਂ ਵਾਜਪਾਈ ਦੀ ਸਰਕਾਰ ਬਣੀ ਸੀ ਤਾਂ ਜੈਲਲਿਤਾ ਨੇ ਆਪਣੇ ਸੂਬੇ ਦੇ ਹਿੱਤ ਪਹਿਲਾਂ ਰੱਖੇ ਸਨ ਕਿ ਆਹ ਮੇਰੇ ਮੁੱਦੇ ਹਨ ਪਹਿਲ ਦੇ ਅਧਾਰ ‘ਤੇ ਇਨ੍ਹਾਂ ਮੁੱਦਿਆ ਨੂੰ ਹੱਲ ਕਰੋਗੇ ਤਾਂ ਮੈਂ ਤੁਹਾਡੀ ਸਹਾਇਤਾ ਕਰਾਂਗੀ ਦੂਜੇ ਪਾਸੇ ਅਕਲ ਦੇ ਅੰਨ੍ਹੇ ਅਕਾਲੀਏ ਭੱਜੇ ਭੱਜੇ ਗਏ ਕਿ ਵਾਜਪਾਈ ਜੀ ਸਾਡੀ ਕੋਈ ਮੰਗ ਨਹੀਂ ਅਸੀਂ ਤੁਹਾਨੂੰ ਬਿਨਾਂ ਸ਼ਰਤ ਹਮਾਇਤ ਦਿਆਂਗੇ। ਹਾਂ ਸਾਡੀ ਇਕੋ ਹੀ ਮੰਗ ਹੈ ਕਿ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਵੇ ਮੇਰੇ (ਬਾਦਲ) ਪਰਿਵਾਰ ਦਾ ਜੀਅ ਕੇਂਦਰ ਵਿਚ ਮੰਤਰੀ ਜ਼ਰੂਰ ਬਣਾ ਦਿਆ ਜੇ। ਵਾਜਪਾਈ ਦੀ ਕੇਂਦਰੀ ਸਰਕਾਰ ਸਮੇਂ ਅਜਿਹਾ ਸਮਾਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਧੋਣ ‘ਤੇ ਗੋਡਾ ਰੱਖ ਕੇ ਚਿਰਾਂ ਦੀਆਂ ਲਟਕਦੀਆਂ ਮੰਗਾਂ ਦੀ ਪੂਰਤੀ ਕਰਾ ਸਕਦੇ ਸਨ। ਧਰਮੀ ਫੌਜੀਆਂ ਦਾ ਮਸਲਾ, ਉਨ੍ਹਾਂ ਦੀ ਪੈਨਸ਼ਨ, ਸਜਾਵਾਂ ਦੀ ਮੁਆਫ਼ੀ ਉਨ੍ਹਾਂ ਦੇ ਬੱਚਿਆਂ ਲਈ ਕੋਈ ਉਪਰਾਲਾ, ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਗ੍ਰੰਥਾਂ ਦੀ ਵਾਪਸੀ, 1984 ਦੇ ਹੋਏ ਨੁਕਸਾਨ ਦੀ ਭਰਪਾਈ, ਪਾਣੀਆਂ ਦੇ ਮੁੱਦੇ, ਪੰਜਾਬੀ ਬੋਲਦੇ ਇਲਾਕੇ, ਡੈਮਾਂ ਦੀ ਮਲਕੀਅਤ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਰਾਜਾਂ ਨੂੰ ਵੱਧ ਅਧਿਕਾਰ ਦੇਣ ਵਾਲਾ ਅਨੰਦਪੁਰ ਦਾ ਮਤਾ। ਇਨ੍ਹਾਂ ਦਾ ਬੇੜਾ ਬਹਿਜੇ ਇਨ੍ਹਾਂ ਨੇ ਅੱਧੀ ਜ਼ਬਾਨ ਨਾਲ ਵੀ ਕਿਸੇ ਮੰਗ ਦਾ ਜ਼ਿਕਰ ਨਹੀਂ ਕੀਤਾ।
ਅਕਾਲੀਆਂ ਦੀ ਪੰਥਕ ਸਰਕਾਰ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਵੇ, ਸ਼ਾਤ ਬੈਠੀਆਂ ਸੰਗਤਾਂ ‘ਤੇ ਗੋਲੀ ਚਲਾਈ ਜਾਵੇ ਤੇ ਕਿਹਾ ਜਾਵੇ ਕਿ ਇਹ ਬੇ-ਅਦਬੀ ਵਿੱਚ ਪਾਕਿਸਤਾਨ ਦਾ ਹੱਥ ਹੈ। ਤੁਹਾਡੇ ਲਈ ਡੁੱਬ ਕੇ ਹੀ ਮਰਨ ਵਾਲੀ ਗੱਲ ਹੈ ਤੁਸੀਂ ਕਿਹੜੇ ਮੂੰਹ ਨਾਲ ਆਪਣੇ ਆਪ ਨੂੰ ਸਿੱਖਾਂ ਦੀ ਸਿਰਮੋਰ ਜੱਥੇਬੰਦੀ ਅਖਵਾਉਂਦੇ ਹੋ। ਵੋਟਾਂ ਲੈਣ ਲਈ ਅਕਾਲੀ ਦਲ ਨੂੰ ਸ਼ਹੀਦਾਂ ਦੀ ਜੱਥੇਬੰਦੀ ਆਖਣ ਲੱਗੇ ਭੋਰਾ ਸ਼ਰਮ ਮਹਿਸੂਸ ਨਹੀਂ ਕਰਦੇ। ਅਜੀਤ ਅਖ਼ਬਾਰ ਦੇ ਸੰਪਾਦਕ ਤੋਂ ਪੁੱਛਿਆ ਕਿ ਭਾਈ ਤੁਸੀਂ ਜੰਗੇ ਅਜ਼ਾਦੀ ਦੇ ਮੁਖੀ ਰਹੇ ਹੋ ਕੋਈ ਗੜਬੜ ਤਾਂ ਨਹੀਂ ਹੋਈ। ਬਸ ਫਿਰ ਕੀ ਸੀ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਮੁੱਖੀ ਮਸ਼ਹੂਰੀ ਲੈਣ ਲਈ ਅਜੀਤ ਅਖ਼ਬਾਰ ਦੇ ਦਫ਼ਤਰ ਪਹੁੰਚ ਗਏ। ਪੂਰਾ ਵਾਵੇਲਾ ਕੀਤਾ ਗਿਆ। ਕਿਤੇ ਕਿਸੇ ਦਾ ਵਿਆਹ ਹੋਵੇ ਤੁਸੀਂ ਸਾਰੇ ਇਕੱਠੇ ਹੀ ਰੋਟੀ ਛੱਕਦੇ ਹੋ। ਇਕ ਦੂਜੇ ਨੂੰ ਪਲੇਟਾਂ ਲਿਆ ਕੇ ਦਿੰਦੇ ਹੋ ਤੁਹਾਡੀਆਂ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਦੀਆਂ ਤਸਵੀਰਾਂ ਛੱਪਦੀਆਂ ਹਨ। ਕੀ ਤੁਹਾਨੂੰ ਹੁਣ ਪੰਜਾਬ ਦੇ ਮੁੱਦਿਆਂ ‘ਤੇ ਇਕੱਠੇ ਹੋਣ ਲਈ ਮੌਤ ਪੈਂਦੀ ਆ। ਜਿੰਨਾ ਘਟੀਆ ਪੱਧਰ ਰਾਜਨੀਤੀ ਵਿੱਚ ਹੁਣ ਆਇਆ ਸ਼ਾਇਦ ਹੀ ਪਿਛਲੇ 75 ਸਾਲਾਂ ਵਿਚ ਹੋਵੇ। ਸਵੇਰੇ ਸੁੱਤੇ ਉੱਠਦਿਆਂ ਹੀ ਇਕ ਦੂਜੇ ਨੂੰ ਘਟੀਆ ਤੋਂ ਘਟੀਆ ਮਿਹਣੇ ਮਾਰੇ ਰਹੇ ਹੋ। ਕਿਹਾ ਜਾਏ ਨੇਤਾ ਜਹਾਂ, ਅੱਛਾ ਵਹੀ ਸ਼ੁਮਾਰ, ਸਚ ਕਹ ਕਰ ਜੋ ਝੂਠ ਦੇਤਾ, ਹੈ ਗਲੇ ਉਤਾਰ।
ਪੰਜਾਬ ਤੋਂ ਚੁਣੇ ਗਏ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰਾਂ ਨੇ ਪੰਜਾਬ ਦੇ ਭਲੇ ਲਈ ਇਕ ਮੀਟਿੰਗ ਵੀ ਨਹੀਂ ਕੀਤੀ। ਇਹ ਮੈਂਬਰ ਕਦੇ ਵੀ ਰਲ਼ ਕੇ ਦੇਸ ਦੇ ਪ੍ਰਧਾਨ ਮੰਤ੍ਰੀ ਕੋਲ ਪੰਜਾਬ ਦਾ ਮੁੱਦਾ ਲੈ ਕੇ ਨਹੀਂ ਗਏ। ਇਕ ਦੋ ਮੈਂਬਰਾਂ ਨੇ ਜ਼ਰੂਰ ਪੰਜਾਬ ਦੀ ਓਨੀ ਕੁ ਗੱਲ ਕੀਤੀ ਹੈ ਜਿਸ ਨਾਲ ਪਾਰਟੀ ਨਾਰਾਜ਼ ਨਾ ਹੋਵੇ। ਅਕਾਲੀਆਂ ਦੀ ਤਾਂ ਗੱਲ ਕਰਨ ਲੱਗਿਆਂ ਵੀ ਸ਼ਰਮ ਮਹਿਸੂਸ ਹੁੰਦੀ ਹੈ। ਕੇਂਦਰੀ ਵਜ਼ਾਰਤ ਦਾ ਹਿੱਸਾ ਹੋਣ ਕਰਕੇ ਕਹੀ ਜਾਂਦੇ ਸੀ ਖੇਤੀ ਦੇ ਤਿੰਨੇ ਕਾਨੂੰਨ ਕਿਰਸਾਨਾਂ ਲਈ ਬਹੁਤ ਫਾਇਦੇਮੰਦ ਹਨ। ਜਦੋਂ ਲੋਕਾਂ ਨੇ ਪਿੰਡਾਂ ਵਿਚ ਇਨ੍ਹਾਂ ਦਾ ਵੜਨਾ ਬੰਦ ਕਰ ਦਿੱਤਾ ਤਾਂ ਬੇ-ਸ਼ਰਮੀ ਨਾਲ ਕਹੀ ਜਾਂਦੇ ਸੀ ਅਸਾਂ ਬਿੱਲ ਪੜ੍ਹਿਆ ਨਹੀਂ ਸੀ। ਇਹ ਖੇਤੀ ਕਾਨੂੰਨ ਬਹੁਤ ਮਾੜੇ ਹਨ। ਏਦੂੰ ਵੱਡੀ ਲਾਹਨਤ ਕਿਹੜੀ ਹੋ ਸਕਦੀ ਹੈ। ਇਸ ਵੇਲੇ ਪੰਜਾਬ ਵਿਚ ਆਮ ਆਦਮੀ ਪਾਰਟੀ ਰਾਜ ਕਰ ਰਹੀ ਹੈ ਇਸ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਸੀ ਕਿ ਸਾਰੀਆਂ ਪਾਰਟੀਆਂ ਦੀ ਸਾਂਝੀ ਮੀਟਿੰਗ ਬੁਲਾ ਕੇ ਪਹਿਲ ਕਰਦੇ। ਵਿਧਾਨ ਸਭਾ ਦੇ ਇਜਲਾਸ ਵਿਚ ਖੁਲ਼੍ਹੀ ਬਹਿਸ ਕਰਦੇ। ਜੇ ਪਹਿਲਾਂ ਆਮ ਪਾਰਟੀ ਕਹਿੰਦੀ ਹੁੰਦੀ ਸੀ ਕਿ ਵਿਧਾਨ ਸਭਾ ਦੇ ਸ਼ੈਸ਼ਨ ਲੰਮੇ ਹੋਣੇ ਚਾਹੀਦੇ ਹਨ ਪਰ ਇਨ੍ਹਾਂ ਦੀ ਵਾਰੀ ਆਈ ਹੈ ਤਾਂ ਸ਼ੈਸ਼ਨ ਸੀਮਤ ਸਮੇਂ ਦਾ ਹੁੰਦਾ ਹੈ। ਕੁੰਵਰ ਵਿਜੈ ਪ੍ਰਤਾਪ ਸਿੰਘ ਸਮਾਂ ਮੰਗਦਾ ਹੈ ਤਾਂ ਉਸ ਦੀ ਆਪਣੀ ਪਾਰਟੀ ਹੀ ਸਮਾਂ ਨਹੀਂ ਦਿੰਦੀ। ਇੰਜ ਲਗਦਾ ਹੈ ਕਿ ਹੁਣ ਕਾਗ਼ਜ਼ਾਂ ਦੀ ਬੇੜੀ ਨਾਲ ਹੀ ਸਮੁੰਦਰ ਪਾਰ ਕਰਨਾ ਹੈ— ਕਾਗ਼ਜ਼ ਕੀ ਏਕ ਨਾਵ ਪਰ ਮੈਂ ਹੂੰ ਆਜ ਸਵਾਰ, ਔਰ ਇਸੀ ਸੇ ਹੈ ਮੁਝੇ ਕਰਨਾ ਸਾਗਰ ਪਾਰ।
ਹੁਣ ਸ਼ੈਸ਼ਨ ਸਿਰਫ ਤਾਹਣੇ ਮੇਹਣੇ ਜੋਗਾ ਹੀ ਰਹਿ ਗਿਆ ਹੈ। ਵਿਧਾਨ ਸਭਾ ਨੂੰ ਪਵਿੱਤਰਤਾ ਦਾ ਦਰਜਾ ਦਿੰਦੇ ਹਨ ਪਰ ਕੀ ਸਰਕਾਰ ਜਾਂ ਵਿਰੋਧੀ ਪਾਰਟੀ ਨੇ ਕਦੇ ਨਿੱਠ ਕੇ ਪੰਜਾਬ ਦੇ ਮੁੱਦਿਆਂ ‘ਤੇ ਬਹਿਸ ਕੀਤੀ ਹੈ? ਸ਼ੈਸ਼ਨ ਚੱਲਦਾ ਹੈ ਵਿਰੋਧੀ ਪਾਰਟੀ ਆਪੇ ਤੋਂ ਬਾਹਰ ਹੋ ਜਾਂਦੀ ਹੈ ਤੇ ਵਿਧਾਨ ਸਭਾ ਵਿਚੋਂ ਨਾਅਰੇ ਮਾਰਦੀ ਬਾਹਰ ਬੈਠ ਜਾਂਦੀ ਹੈ। ਤੁਹਾਡਾ ਬੇੜਾ ਬਹਿਜੇ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਹੈ, ਕੋਈ ਵਿਚਾਰ ਤਾਂ ਕਰ ਲਓ। ਐਨਾ ਘਟੀਆ ਮਿਆਰ ਪਹਿਲਾਂ ਕਦੇ ਨਹੀਂ ਦੇਖਿਆ ਸੀ। ਕੀ ਇਹ ਜ਼ਰੂਰੀ ਹੋ ਗਿਆ ਹੈ ਹਰ ਗੱਲ ‘ਤੇ ਵਾਕ ਆਊਟ ਕਰਨਾ ਹੀ ਕਰਨਾ ਹੈ। ਸਲੀਕੇ ਵਾਲੀ ਭਾਵਨਾ ਹੀ ਖਤਮ ਹੋ ਗਈ ਹੈ। ਆਮ ਆਦਮੀ ਪਾਰਟੀ ਦਾ ਪੰਜਾਬ ਪ੍ਰਤੀ ਮੋਹ ਓਦੋਂ ਟੁੱਟਦਾ ਦਿਸਦਾ ਹੈ ਜਦੋਂ ਰਾਜ ਸਭਾ ਵਿਚ ਪੰਜਾਬ ਨਾਲ ਸਬੰਧਿਤ ਕੋਈ ਯੋਗ ਆਗੂ ਹੀ ਨਹੀਂ ਭੇਜਿਆ ਗਿਆ। ਕੀ ਆਮ ਪਾਰਟੀ ਵਾਲੇ ਦਸ ਸਕਦੇ ਹਨ ਕਿ ਇਨ੍ਹਾਂ ਸਾਰੇ ਰਾਜ ਸਭਾ ਦੇ ਮੈਂਬਰਾਂ ਨੇ ਪੰਜਾਬ ਦੇ ਭਲੇ ਲਈ ਇਕੱਠੇ ਹੋ ਕੋਈ ਮੰਗ ਰੱਖੀ ਹੈ ਜਾਂ ਕੋਈ ਮੀਟਿੰਗ ਕੀਤੀ ਹੈ? ਜੇ ਪਹਿਲਿਆਂ ਨੇ ਕੁਝ ਨਹੀਂ ਸਵਾਰਿਆ ਤਾਂ ਕੀਤਾ ਇਨ੍ਹਾਂ ਵੀ ਕੁਝ ਨਹੀਂ ਹੈ। ਇਸ ਹਮਾਮ ਵਿਚ ਸਾਰੇ ਨੰਗੇ ਹਨ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਕਾਂਗਰਸੀਆਂ ਤੇ ਹੁਣ ਆਮ ਆਦਮੀ ਪਾਰਟੀ ਨੇ ਸਰਕਾਰਾਂ ਬਣਾ ਲਈਆਂ ਪਰ ਕਿਸੇ ਨੇ ਵੀ ਕੋਈ ਜਾਂਚ ਤਣ ਪੱਤਣ ਨਹੀਂ ਲੱਗਣ ਦਿੱਤੀ ਤੇ ਅਗਾਂਹ ਲਗਣ ਦੀ ਕੋਈ ਸੰਭਾਵਨਾ ਨਹੀਂ ਹੈ। ਗੁਟਕਿਆਂ ‘ਤੇ ਹੱਥ ਰੱਖ ਕੇ ਕਸਮਾਂ ਖਾਣ ਵਾਲਿਆਂ ਦੀ ਸਰਕਾਰ ਆਈ ਪਰ ਨਸ਼ਿਆਂ, ਰੇਤ-ਬੱਜਰੀ ਮਾਫ਼ੀਆ, ਟ੍ਰਾਂਸਪੋਰਟ ਤੇ ਹੋਰ ਕਮਾਊ ਮਹਿਕਮਿਆਂ ਵਿਚ ਕੋਈ ਤਬਦੀਲੀ ਨਹੀਂ ਆਈ ਸਗੋਂ ਉਸ ਤੋਂ ਵੱਧ ਹੀ ਕਮਾਈ ਕਰਨ ਲੱਗ ਪਏ।
ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਤਰਨਤਾਰਨ ਦੇ ਐਸ ਐਸ ਪੀ ਨੇ ਨਜਾਇਜ਼ ਮਾਈਨਿੰਗ ਫੜੀ ਤਾਂ ਅਗਲਿਆਂ ਰਾਤੋ ਰਾਤ ਤਬਾਦਲਾ ਕਰ ਦਿੱਤਾ। ਇਹ ਵੀ ਪਹਿਲਾ ਮੌਕਾ ਸੀ ਜਦੋਂ ਪੁਲੀਸ ਮਹਿਕਮੇ ਨੇ ਆਪਣੇ ਅਫ਼ਸਰ ਨੂੰ ਫੁੱਲਾਂ ਦੀ ਵਰਖਾ ਕਰਕੇ ਵਿਦਾਇਗੀ ਦਿੱਤੀ। ਆਮ ਆਦਮੀ ਪਾਰਟੀ ਦੇ ਮੰਤਰੀ ‘ਤੇ ਇਖ਼ਲਾਕੀ ਦੋਸ਼ ਲੱਗੇ ਪਰ ਕੋਈ ਕਾਰਵਾਈ ਨਹੀਂ। ਅਜੇ ਆਸ ਦੀ ਚਿਣਗ ਜਗਦੀ ਦਿਸਦੀ ਹੈ ਜਦੋਂ ਪੰਜਾਬ ਦਾ ਦਰਦ ਰੱਖਣ ਵਾਲੇ ਭਾਈ ਪ੍ਰਗਟ ਸਿੰਘ ਐਮ ਐਲ ਏ ਨੇ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ ਪੰਜਾਬ ਦੇ ਪੁੱਤ ਹੋਣ ਦਾ ਦੀਵਾ ਬਾਲਿਆ। ਪਾਣੀਆਂ ਦੀ ਲੁੱਟ ਸਬੰਧੀ ਵਿਦਵਾਨਾਂ ਤੇ ਰਾਜਨੀਤਿਕ ਸੂਝ ਰੱਖਣ ਵਾਲਿਆਂ ਦੇ ਵਿਚਾਰ ਪੰਜਾਬੀਆਂ ਤੇ ਦੁਨੀਆਂ ਦੇ ਸਾਹਮਣੇ ਰੱਖੇ। ਇਹ ਪਹਿਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰਨੀ ਚਾਹੀਦੀ ਸੀ। ਜੇ ਪਹਿਲੀਆਂ ਸਰਕਾਰਾਂ ਨੇ ਪਾਣੀ ਦੇ ਮਸਲੇ ਨੂੰ ਹੱਲ ਨਹੀਂ ਕਰਾਇਆ ਤਾਂ ਤੁਹਾਡੀ ਸਰਕਾਰ ਦਾ ਵਕੀਲ ਵੀ ਏਹੋ ਆਖਦਾ ਹੈ ਕਿ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਪਾਣੀ ਦਾ ਮਸਲਾ ਹੱਲ ਨਹੀਂ ਹੋਣ ਦਿੰਦੀਆਂ। ਵਿਧਾਨ ਸਭਾ ਵਿਚ ਸਿਮਰਜੀਤ ਸਿੰਘ ਬੈਂਸ ਨੇ ਬਾਹਰਲਿਆਂ ਸੂਬਿਆਂ ਨੂੰ ਜਾ ਰਹੇ ਪਾਣੀ ਦਾ ਮੁਆਮਲਾ ਲੈਣ ਦੀ ਗੱਲ ਆਖੀ ਸੀ ਤਾਂ ਅਗਲਿਆਂ ਸ਼ੈਸ਼ਨ ਚੋਂ ਹੀ ਬਾਹਰ ਕੱਢ ਦਿੱਤਾ ਸੀ। ਜੇ ਆਮ ਆਦਮੀ ਪਾਰਟੀ ਖੁਲ੍ਹ ਕੇ ਪੰਜਾਬ ਦੇ ਪਾਣੀਆਂ ਤੇ ਬਾਕੀ ਮੁੱਦਿਆ ਦੀ ਡੱਟ ਕੇ ਗੱਲ ਨਹੀਂ ਕਰਦੀ ਤਾਂ ਕੰਧ ‘ਤੇ ਲਿਖਿਆ ਪੜ੍ਹ ਲੈਣ ਵਿਚ ਕੋਈ ਹਰਜ ਨਹੀਂ ਹੈ। ਇਨ੍ਹਾਂ ਦਾ ਹਸ਼ਰ ਵੀ ਬਾਕੀ ਪਾਰਟੀਆਂ ਵਾਲਾ ਹੀ ਹੋਊ।
ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਅਸੀਂ ਸੁਝਾਅ ਦਿਆਂਗੇ ਕਿ ਪਿਛਲੇ 75 ਸਾਲਾਂ ਵਿਚ ਸਿਰਫ ਲਾਲੂ ਪ੍ਰਸਾਦ ਯਾਦਵ, ਓਮ ਪ੍ਰਕਾਸ਼ ਚੁਟਾਲਾ ਜਾਂ ਕੁਝ ਉਹਨਾਂ ਨੂੰ ਸਜਾ ਹੋਈ ਹੈ ਜਿਹੜਾ ਸਰਕਾਰ ਦੀ ਲੱਤ ਥੱਲਿਓਂ ਦੀ ਨਹੀਂ ਲੰਘਿਆ ਵਰਨਾ ਅੱਜ ਤੱਕ ਕਦੇ ਕਿਸੇ ਨੇਤਾ ਨੂੰ ਕਿਸੇ ਘੁਟਾਲੇ ਵਿਚ ਕੋਈ ਸਜ਼ਾ ਨਹੀਂ ਹੋਈ। ਕਾਨੂੰਨ ਦੀਆਂ ਚੋਰ ਮੋਰੀਆਂ ਰਾਹੀਂ ਸਿਆਸੀ ਲੋਕ ਸਦਾ ਬਚਦੇ ਹੀ ਰਹੇ ਹਨ। 1984 ਦਾ ਕਤਲੇਆਮ ਹੋਵੇ ਜਾਂ ਬੇਅਦਬੀ ਦਾ ਮੁਆਮਲਾ ਹੋਵੇ ਕੀ ਕਿਸੇ ਤੇ ਕੋਈ ਠੋਸ ਕਾਰਵਾਈ ਹੋਈ ਹੈ? ਪੰਜਾਬ ਦੇ ਸਿਆਸਤਦਾਨ ਬੌਧਿਕ ਕੰਗਾਲਤਾ ਦੀ ਸਿੱਖਰ ‘ਤੇ ਪਹੁੰਚੇ ਹੋਏ ਹਨ। ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦੀ ਮਾਲਕੀ ਦੇ ਹੱਕ ਗੁਆਂਢੀ ਰਾਜਾਂ ਤੋਂ ਪਾਣੀਆਂ ਦੀ ਕੀਮਤ ਵਸੂਲਣ ਲਈ ਪੰਜਾਬ ਵਿਧਾਨ ਸਭਾ ਵਲੋਂ ਸਰਬਸੰਮਤੀ ਨਾਲ ਪਾਸ ਕੀਤੇ ਕਾਨੂੰਨ ਤੇ ਮਤਿਆਂ ਦੀ ਪੈਰਵਾਈ ਕਰਨ ਦੀ ਥਾਂ ਆਪਸ ਵਿੱਚ ਝਾਟਿਓ-ਝਾਟੀ ਹੋਈ ਜਾਣ ਨੂੰ ਪੰਜਾਬ ਦੀ ਵਡਮੁੱਲੀ ਸੇਵਾ ਸਮਝੀ ਬੈਠੇ ਹਨ। ਇਹ ਬਿਲਕੁਲ ਠੀਕ ਹੈ ਕਿ ਪੰਜਾਬ ਦੇ ਅਕਾਲੀਏ ਤੇ ਕਾਂਗਰਸੀਏ ਕੇਂਦਰ ਵਲੋਂ ਬਾਲੀ ਅੱਗ ਵਿਚ ਹੱਥ ਸੇਕਦੇ ਰਹੇ ਤੇ ਆਪਣੀਆਂ ਸਰਕਾਰਾਂ ਬਣਾਉਂਦੇ ਰਹੇ। ਇਕ ਦੂਜੇ ‘ਤੇ ਕੇਸ ਕਰਦੇ ਰਹੇ ਤੇ ਉਹ ਕੇਸ ਵਾਪਸ ਵੀ ਲੈਂਦੇ ਰਹੇ। ਇਨ੍ਹਾਂ ਤੋਂ ਦੁਖੀ ਹੋ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਦੇ ਕੇ ਵਿਧਾਨ ਸਭਾ ਵਿਚ ਭੇਜਿਆ ਹੈ। ਹੁਣ ਇਨ੍ਹਾਂ ਦੀ ਵਾਰੀ ਹੈ ਕਿ ਸੂਬੇ ਲਈ ਕੁਝ ਕਰਕੇ ਦਿਖਾਇਆ ਜਾਏ। ਆਮ ਆਦਮੀ ਪਾਰਟੀ ਵੀ ਅਜੇ ਉਹੋ ਭਾਸ਼ਨ ਦੇ ਰਹੀ ਹੈ ਜਿਸ ਤਰ੍ਹਾਂ ਚੋਣ ਪ੍ਰਚਾਰ ਚੱਲ ਰਿਹਾ ਹੋਵੇ। ਇਨ੍ਹਾਂ ਨੂੰ ਦੋ ਕੰਮ ਕਰਨੇ ਚਾਹੀਦੇ ਇਕ ਤਾਂ ਜਿਹੜਾ ਕੁਝ ਪਹਿਲੀਆਂ ਸਰਕਾਰਾਂ ਜਾਂ ਉਨ੍ਹਾਂ ਦੇ ਮੰਤਰੀ ਘਪਲੇ ਕਰ ਗਏ ਉਹ ਨਸ਼ਰ ਕਰ ਦੇਣ, ਦੂਜਾ ਪੰਜਾਬ ਦੇ ਮੁੱਦਿਆਂ ਲਈ ਸਪੱਸ਼ਟ ਨੀਤੀ ਬਣਾਈ ਜਾਏ। ਜੇ ਤੁਸੀਂ ਕਹਿੰਦੇ ਸੀ ਬਾਦਲ ਢੀਂਡਸਾ ਦੀ ਫੋਟੋ ਨਹੀਂ ਹੋਣੀ ਚਾਹੀਦੀ ਹੁਣ ਤੁਹਾਡੀਆਂ ਦੇਖਣ ਨੂੰ ਮਿਲ ਰਹੀਆਂ ਹਨ ਫਿਰ ਫਰਕ ਕੀ ਹੈ। ਤੁਸੀ ਤਾਂ ਨਿਯੁਕਤੀ ਪੱਤਰਾਂ ਤੇ ਵੀ ਫੋਟੋ ਲਾ ਦਿੱਤੀ ਹੈ। ਸੱਤਰ ਸਾਲਾਂ ਤੋਂ ਲੜਾਈ ਚਲਦੀ ਆਈ ਏ, ਕੁਰਸੀ ਪਿੱਛੇ ਸਿਆਸਤ ਬਲਦੀ ਆਈ ਏ। ਅਤੇ ਅੰਮ੍ਰਿਤ ਦੇ ਵਿੱਚ ਜ਼ਹਿਰਾਂ ਜਿੱਦਾਂ, ਪਾਣੀ ਵਿੱਚ ਅੱਗਾਂ ਨੇ। ਜਿੱਧਰ ਦੇਖੋ ਸੱਜਣਾਂ ਦਾ ਹੈ, ਭੇਸ ਵਟਾਇਆ ਠੱਗਾਂ ਨੇ।