ਕੁਲਵੰਤ ਕੌਰ (ਡਾ) 98156-20515
ਸਾਨੂੰ ਸਭ ਨੂੰ ਮੂਰਖ ਬਣਾਉਣ ਦੀ ਇਕ ਹੋਰ ਚਾਲ
ਪਿਛਲੇ ਦਿਨੀਂ ਸਿੱਖ ਪੰਥ ਨੇ, ਦਿਨ ਦਿਹਾੜੇ, ਇਕ ਅਜੀਬ ਨਾਟਕ ਦੇਖਿਆ ਤੇ ਉਹ ਵੀ ਸਿੱਖੀ ਦੇ ਓਸ ਪਵਿੱਤਰ, ਇਤਿਹਾਸਕ, ਅਲੌਕਿਕ, ਪੂਜਨੀਕ ਅਤੇ ਨਿਵੇਕਲੇ ਧਰਮ-ਸਥਾਨ ’ਤੇ ਜਿਸ ਨੂੰ ਗੁਰੂ ਪਾਤਿਸ਼ਾਹੀਆਂ ਦੀ ਸਦੀਆਂ ਦੀ ਚਰਨ-ਛੁਹ, ਅਗਵਾਈ, ਸੇਧ ਅਤੇ ਤਵੱਜੋ ਪ੍ਰਾਪਤ ਹੋਈ ਹੋਵੇ। ਇਕ ਵਾਰ ਤਾਂ ਹਰ ਪੰਥ-ਹਿਤੈਸ਼ੀ, ਗੁਰੂ-ਪਿਆਰੇ ਤੇ ਸਰਬੱਤ ਦੇ ਭਲੇ ਦੇ ਬੋਧਕ, ਸ਼ਖ਼ਸ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਿਚ ਕਾਮਯਾਬ ਹੋ ਗਏ ਮਹਿਸੂਸ ਹੋਏ ਸਾਡੇ ਸਿੰਘ ਸਾਹਿਬਾਨ, ਪਰ ਚੌਥੇ ਕੁ ਦਿਨ ਬਿੱਲੀ ਥੈਲਿਓਂ ਬਾਹਰ ਆ ਗਈ ਜਦੋਂ ਉਨ੍ਹਾਂ ਹੀ ਜਥੇਦਾਰਾਂ ਦੇ ਹੁਕਮ ਦੀ ਤਾਮੀਲ ਨਾ ਕਰਦਿਆਂ, ਸੌਂਪੇ ਗਏ ਅਸਤੀਫ਼ਿਆਂ ਸੰਬੰਧੀ ਫ਼ੈਸਲੇ ਦੀ ਤਾਰੀਖ ਅੰਦਰ ਖਾਤੇ ਵੀਹ ਦਿਨ ਵਧਵਾ ਲਈ ਗਈ। ਆਖ਼ਰ ਉਨ੍ਹਾਂ ਆਕਾਵਾਂ ਦਾ ਪਾਣੀ ਭਰਨ ਵਾਲੇ ਇਹ ਜਥੇਦਾਰ ਅਜਿਹੀ ਜੁਰਅਤ ਕਿਵੇਂ ਕਰ ਗਏ ਭਲਾ? ਸਭ ਕੁਝ ਸੋਚਿਆ-ਵਿਚਾਰਿਆ, ਪੱਕਿਆ ਪਕਾਇਆ ਅਤੇ ਤੈਅਸ਼ੁਦਾ ਸੀ – ਸਾਨੂੰ ਹੋਰ ਮੂਰਖ ਬਣਾਉਣ ਦੀ ਇਕ ਸੋਚੀ-ਸਮਝੀ ਚਾਲ। ਅੱਧੀ ਸਦੀ ਪਿੱਛੇ ਧੱਕੇ ਪੰਥ ਨੂੰ ਹੋਰ ਪਿਛਾਂਹ ਧਕੇਲਣ ਦੀ ਸਬੀਲ। 555 ਸਾਲਾ ਸ਼ਾਨਾਮੱਤੇ ਸਫ਼ਰ ਦਾ ਅਤਿ ਦੁਖਦਾਈ ਅੰਤ ਕਰਨ ਦੀਆਂ ਕੁਚਾਲਾਂ। ਕੁਲ ਆਲਮ ਦੇ ਸਭ ਤੋਂ ਵਿਲੱਖਣ, ਜੁਞਾਰੂ, ਅਗਾਂਹਵਧੂ, ਵੱਖਰੇ ਅਤੇ ਇਨਸਾਫ਼ ਪਸੰਦ ਖ਼ਾਲਸੇ ਨੂੰ ਨੇਸਤੋ ਨਾਬੂਦ ਕਰਕੇ, ਆਪਣੀ ਚੌਧਰ, ਹਉਮੈਂ, ਵਡੱਪੁਣ, ਨਿਜ ਅਤੇ ਪਰਿਵਾਰਵਾਦ ਨੂੰ ਪੱਠੇ ਪਾਉਣ ਦੀ ਅੰਤਲੀ ਕੋਸ਼ਿਸ਼। ਸੱਚਮੁਚ ਇਹ ਸਫ਼ਲ ਕਰ ਦਿੱਤੀ ਗਈ।
ਗੁਰੂ-ਪਿਆਰਿਓ, ਜਿਸ ਅੰਮ੍ਰਿਤਮਈ, ਇਲਾਹੀ ਤੇ ਧੁਰ ਕੀ ਬਾਣੀ ਦੀਆਂ ਤੁਕਾਂ :-
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ (1349)
ਸਮੁਚੇ ਸੰਸਾਰ ਦੇ ਸਰਬ ਸਾਂਝੇ ਮੰਚ (U.N.O) ਦੇ ਚਾਰਟਰ ਦਾ ਹਿੱਸਾ ਬਣ ਚੁਕੀਆਂ ਹੋਣ, ਓਸੇ ਬਾਣੀ (ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਕਰਵਾ ਕੇ, ਅੰਗ ਅੰਗ ਗਲੀਆਂ ਨਾਲੀਆਂ ਵਿਚ ਰੋਲਣ ਮਧੋਲਣ) ਦੀ ਲਗਾਤਾਰ ਬੇਅਦਬੀ ਕਰਾਉਣ ਵਾਲੇ ਲੁਚੇ, ਕਾਮੀ ਤੇ ਪਾਖੰਡੀ ਸਾਧ ਦਾ ਸਾਥ, ਪੁਸ਼ਤ ਪਨਾਹੀ ਤੇ ਨਿਰੰਤਰ ਦੋਸਤੀ ਨਿਭਾ ਕੇ, ਜਿਸ ਬੰਦੇ ਨੇ ਬੱਜਰ ਗੁਨਾਹ ਕੀਤੇ ਹੋਣ, ਪੰਜਾਬ ਨੂੰ ਰਸਾਤਲ ਤੱਕ ਪਹੁੰਚਾ ਦਿੱਤਾ ਹੋਵੇ, ਗੱਭਰੂ ਨਸ਼ਈ, ਗੈਂਗਸਟਰ ਤੇ ਬਾਗ਼ੀ ਕਰ ਦੇਣ ਵਾਲੇ ਹਾਲਾਤ ਪੈਦਾ ਕਰ ਦਿੱਤੇ ਹੋਣ, ਸੱਤਾ ਦੇ ਅੰਨ੍ਹੇ ਨਸ਼ੇ ਵਿਚ ਰੱਜ ਰੱਜ ਕੇ ਸਾਡੀਆਂ ਨਰੋਈਆਂ ਪਰੰਪਰਾਵਾਂ ਦਾ ਘਾਣ ਕੀਤਾ ਹੋਵੇ, ਉਦਯੋਗਾਂ ਦੇ ਪਲਾਇਨ ਦਾ ਮੁਢ ਬੰਨ੍ਹਿਆ ਹੋਵੇ, ਨਾਕਸ ਨੀਤੀਆਂ ਕਾਰਨ ਜਵਾਨੀ ਵਿਦੇਸ਼ਾਂ ਵੰਨੀ ਨਿਕਲ ਜਾਣ ਲਈ ਮਜਬੂਰ ਕਰ ਦਿੱਤੀ ਹੋਵੇ, ਅਰਾਜਕਤਾ, ਲੁਟ ਖਸੁਟ ਤੇ ਭਾਈ ਭਤੀਜਾਵਾਦ ਦਾ ਰੱਜ ਕੇ ਬੋਲਬਾਲਾ ਕਰ ਦਿੱਤਾ ਹੋਵੇ, ਉੱਥੇ ਹਰ ਵਾਸੀ ਨੂੰ ਨਿਆਂ, ਆਜ਼ਾਦੀ, ਅਪਣੱਤ ਤੇ ਮਾਣ ਮਿਲ ਸਕਣਾ ਅਸੰਭਵ ਹੁੰਦੈ ਤੇ ਇੱਥੇ ਵੀ ਹੋਇਆ। ਪੰਜਾਬ ਨੇ ਪਿੰਡੇ ’ਤੇ ਹਢਾਇਆ ਇਹ ਸਭ ਕੁਝ। ਅੱਜ ਸਾਡਾ ਪਿੰਡਾ ਜ਼ਖ਼ਮੀ ਹੈ-ਛਾਲੋ ਛਾਲੀ। ਪੀੜੋ ਪੀੜ ਕਿਉਂਕਿ ਗੁਰਾਂ ਦੇ ਨਾਂ ’ਤੇ ਵਸਦੇ ਰਸਦੇ ਸਾਡੇ ਸੁਹਣੇ ਪੰਜਾਬ ਨੂੰ ਕਾਲੀਆਂ ਬੋਲੀਆਂ, ਹਨੇਰੀਆਂ ਤੇ ਗੁੰਮਨਾਮ ਵਾਦੀਆਂ ’ਚ ਲਿਜਾ ਸੁਟਣ ਵਾਲੇ ਇਹੀ ਲੋਕ ਹਨ ਜੋ ਅੱਜ ਗੁਰਦਵਾਰਿਆਂ ’ਚ ਪਹਿਰੇਦਾਰੀ ਕਰਕੇ, ਪਖਾਨੇ ਸਾਫ਼ ਕਰਕੇ, ਭਾਂਡੇ ਮਾਂਜ ਕੇ ਤੇ ਜੋੜੇ ਆਦਿ ਝਾੜ ਕੇ ਆਪਣੇ ਅੰਦਰ ਜੰਮੀ ਗੰਦਗੀ ਦੀ ਸ਼ੁਧੀ ਦਾ ਪਾਖੰਡ ਕਰ ਰਹੇ ਹਨ। ਧਾਰਮਿਕ ਅਵੱਗਿਆ ਦੀ ਸਜ਼ਾ ਧਾਰਮਿਕ ਹੈ ਪਰ ਜਿਹੜੇ ਬੱਜਰ ਰਾਜਨੀਤਕ ਗੁਨਾਹ ਇਸ ਜੁੰਡਲੀ ਨੇ ਕੀਤੇ ਤੇ ਕਰਵਾਏ ਹਨ, ਪੰਥ ਪੈਰਾਂ ਵਿਚ ਰੁਲਵਾਇਆ ਹੈ, ਬਿਨ ਮੰਗੇ ਗੁੰਡਿਆਂ ਨੂੰ ਮੁਆਫ਼ੀਆਂ ਦਿੱਤੀਆਂ ਦੇ ਦੁਆਈਆਂ ਹਨ, ਓਸ ਦੀ ਸਜ਼ਾ ਕਿੱਥੇ ਹੈ? ਜੇ ਇਨ੍ਹਾਂ ਦੇ ਹੀ ਇਕ ਸਾਥੀ ਨੂੰ ਦਸ ਸਾਲ ਸਿਆਸਤ ਤੋਂ ਬਾਹਰ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਜਾ ਸਕਦਾ ਹੈ ਤਾਂ ਪੂਰੇ ਪੰਜਾਬ ਦਾ ਅਮਨ ਚੈਨ, ਕਾਨੂੰਨ, ਪਰੰਪਰਾਵਾਂ, ਭਾਈਚਾਰਕ ਸਾਂਝਾਂ ਅਤੇ ਸਰਕਾਰੀ ਤੰਤਰ ਦਾ ਖ਼ਾਤਮਾ ਕਰਕੇ, ਇਸ ਨੂੰ ਲਾਂਬੂ ਲਾ ਕੇ, ਸਿੱਖੀ ਦਾ ਜਨਾਜ਼ਾ ਕੱਢ ਕੇ ਅੱਜ ਕੱਖੋਂ ਹੌਲੇ ਹੋਏ ਬੈਠੇ ਤੇ ਹਾਸ਼ੀਏ ਤੇ ਪਹੁੰਚ ਚੁਕੇ ‘ਸ਼੍ਰੋਮਣੀ ਅਕਾਲੀ ਦਲ’ (ਸ਼੍ਰੋਮਣੀ ਲਿਖਦਿਆਂ ਵੀ ਕਲਮ ਝਿਜਕ ਰਹੀ ਹੈ ਜਿਸ ਨੂੰ) ਦੇ (ਤਾਨਾਸ਼ਾਹ) ਮੁਖੀ ਨੂੰ ਕਿਉਂ ਉਮਰ ਭਰ ਲਈ ਪ੍ਰਧਾਨਗੀਆਂ ਤੋਂ ਵਿਰਵਾ ਕਰਨ ਦਾ ਹੁਕਮ ਨਹੀਂ ਜਾਰੀ ਕੀਤਾ ਗਿਆ? ਕਿਉਂ ਜਥੇਦਾਰਾਂ ਵਲੋਂ ਦਿਖਾਵਾ ਵੱਧ ਤੇ ਸਜ਼ਾ ਨਿਗੂਣੀ ਦਿੱਤੀ ਗਈ ਇਸ ਸਾਰੀ ਹੀ ਚੰਡਾਲ-ਚੌਕੜੀ ਨੂੰ?
ਮੌਜੂਦਾ ਪੰਥ ਹਾਲਾਤ, ਸਾਨੂੰ ਉਨ੍ਹਾਂ ਇਤਿਹਾਸਕ ਲਮਹਿਆਂ ਤੇ ਪਰਿਸਥਿਤੀਆਂ ਦਾ ਚਿੰਤਨ-ਮਨਨ ਕਰਨ ਲਈ ਪ੍ਰੇਰਿਤ ਕਰਦੇ ਹਨ ਜਦੋਂ ਇਸ ਸਮੁਚੇ ਭੂੰ-ਖੰਡ ਵਿਚ ਹੀ ਆਪੋ ਧਾਪੀ, ਖੋਹਾ ਖਿੰਝੀ, ਬਦਅਮਨੀ, ਮਾਰ ਵੱਢ, ਜ਼ੁਲਮੋ-ਤਸ਼ੱਦਦ, ਜ਼ੋਰ ਜਬਰੀਆਂ ਤੇ ਲੁਟ ਮਾਰ ਦਾ ਰਾਜ ਸੀ ਤੇ ਰਾਜੇ ਮਹਾਰਾਜੇ ਆਪੋ ਆਪਣੇ ਫਰਜ਼ਾਂ ਤੋਂ ਗਾਫ਼ਲ ਹੋ ਚੁਕੇ ਸਨ। ਸਤਿਗੁਰ ਜੀ ਦਾ ਫ਼ੁਰਮਾਨ ਸੀ :-
ਰਾਜੇ ਸੀਹ ਮੁਕਦਮ ਕੁਤੇ
ਜਾਇ ਜਗਾਇਨ੍ਹ੍ਹਿ ਬੈਠੇ ਸੁਤੇ॥ (1288)
ਅਤੇ
ਸਾਹਾਂ ਸੁਰਤਿ ਗਵਾਈਆ
ਰੰਗਿ ਤਮਾਸੈ ਚਾਇ॥ (417)
ਜਦੋਂ ਗੁਰਦੇਵ ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ (145) ਫੁਰਮਾਉਂਦੇ ਹਨ ਤਾਂ ਵੀ ਉਹ ਕੋਈ ਲੋਅ ਲਿਹਾਜ, ਉਹਲਾ ਤੇ ਵਿਚੋਲਾ ਨਹੀਂ ਰਖਦੇ ਸਗੋਂ ਜਾਬਰਾ ਨੂੰ ਜਾਬਰ ਕਹਿਣ ਦੀ ਹਿੰਮਤ ਤੇ ਦਲੇਰੀ ਦਿਖਾਉਂਦੇ ਹਨ ਪਰ ਇਸ ਵਿਰਾਸਤ ਨੂੰ ਪੂਰਨ ਤੌਰ ’ਤੇ ਨਸ਼ਟ ਕਰ ਦਿੱਤਾ ਹੈ ਇਨ੍ਹਾਂ ਦਾਗ਼ੀਆਂ ਤੇ ਬਾਗੀਆਂ ਨੇ। ਅੱਜ ਇਨ੍ਹਾਂ ਨੂੰ ‘ਸੁਧਾਰ ਲਹਿਰ’ ਚਲਾਉਣੀ ਚੇਤੇ ਆ ਗਈ? ਅਖੇ ਨੌ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। ਓਇ ਸਾਂਝਾ ਮਾਣੀਆਂ, ਚੌਧਰਾਂ ਹੰਢਾਈਆਂ, ਮਲਾਈਆਂ ਛਕੀਆਂ, ਵਜ਼ੀਰੀਆਂ ਦੇ ਗੱਫੇ ਲਏ ਅਤੇ ਸਾਨੂੰ ਸਭ ਨੂੰ ਉੱਲੂ ਬਣਾਇਆ- ਅੱਜ ਇਹ ਪੰਥ ਦੇ ਸੁਧਾਰਕ ਬਣ ਜਾਣ ਦੇ ਝੰਡੇ ਚੁਕੀ ਫਿਰਦੇ ਹਨ ? ਢੀਠ, ਬੇਸ਼ਰਮ ਅਤੇ ਸਿਰੇ ਦੇ ਪੰਥ ਦੋਖੀ! ਜਿਨ੍ਹਾਂ ਨੂੰ ਅਸੀਂ ਆਪਣੇ ਹਨੇਰਿਆਂ ਨੂੰ ਰੁਸ਼ਨਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ ਉਨ੍ਹਾਂ ਨੇ ਹੀ ਸਾਨੂੰ ਕਿਸੇ ਅੰਨ੍ਹੇ ਚੌਰਾਹੇ ’ਤੇ ਨਹੀਂ ਲਿਜਾ ਛੱਡਿਆ? ਜਿਨ੍ਹਾਂ ਤੋਂ ਅਸੀਂ ਆਪਣੇ ਲਈ ਹੱਕ, ਇਨਸਾਫ਼, ਸਮਾਨਤਾ ਤੇ ਸੁਤੰਤਰਤਾ ਦੀ ਉਮੀਦ ਰੱਖੀ ਸੀ ਉਨ੍ਹਾਂ ਨੇ ਹੀ ਸਾਨੂੰ ਠੇਂਗਾ ਦਿਖਾ ਕੇ ਆਪਣੇ ਘਰ ਨਹੀਂ ਭਰ ਲਏ? ਸਾਡੇ ਪਾਤਿਸ਼ਾਹਾਂ ਨੇ ਤਾਂ ਪੂਰੇ ਹਿੰਦੁਸਤਾਨ ਨੂੰ ਹੀ ਨਹੀਂ ਸਮੁਚੇ ਸੰਸਾਰ ਦੀ ਲੋਕਾਈ ਨੂੰ ਆਪਣੇ ਕਲਾਵੇ ਵਿਚ ਲੈਂਦਿਆਂ, ਉਨ੍ਹਾਂ ਲਈ ਸਰਲ, ਸੁਖੈਨ, ਸਹਿਜ ਤੇ ਸਦੀਵੀ ਜੀਵਨ ਜਾਚ ਦ੍ਰਿੜਾਈ ਸੀ ਪਰ ਸਾਡੇ ਪੰਥਕ ਅਖਵਾਉਂਦੇ ਇਨ੍ਹਾਂ ਨਿੱਘਰੀ ਸੋਚ ਵਾਲੇ ਮਖੌਟਿਆਂ ਨੇ, ਨਾ ਪੰਥ ਦਾ ਕੁਝ ਛੱਡਿਆ ਤੇ ਨਾ ਪੰਜਾਬੀਆਂ ਦਾ। ਇਨ੍ਹਾਂ ਲਈ ਬਾਪ ਮੁਖ ਮੰਤਰੀ, ਪੁਤ ਉਪ ਮੁਖ ਮੰਤਰੀ, ਨੂੰਹ ਮੈਂਬਰ ਪਾਰਲੀਮੈਂਟ, ਭਾਈ, ਜਵਾਈ, ਭਤੀਜੇ ਤੇ ਅੰਗ ਸਾਕ ਹੀ ਅਮੀਰ ਵਜ਼ੀਰ ਤੇ ਸੱਭੋ ਕਝ। ਓਹ ਖ਼ੁਦਾਇਆ! ਅੱਧੀ ਸਦੀ ਤੱਕ ਇਹ ਘਾਣ ਅਸੀਂ ਕਿਉਂ ਹੋਣ ਦਿੱਤਾ?
ਏਸ਼ੀਆ ਦੇ ਮਹਾਨਤਮ ਬੁਧੀਜੀਵੀ ਤੇ ਨਿਵੇਕਲੇ ਇਨਸਾਨ ਸ੍ਰੀ ਰਬਿੰਦਰ ਨਾਥ ਟੈਗੋਰ ਨੂੰ ਪੰਜਾਬ ਦੀ ਅਸਲੀਅਤ, ਵਡਿਆਈ, ਰਹਿਨੁਮਾਈ, ਜੁਞਾਰੂਪਨ, ਬਹਾਦਰੀ ਅਤੇ ਦੇਣ ਦੀ ਮੁਕੰਮਲ ਸੋਝੀ ਸੀ ਜਿਸ ਲਈ ਦੇਸ਼ ਦੇ ਕੌਮੀ ਤਰਾਨੇ ਵਿਚ ਉਨ੍ਹਾਂ ਪੰਜਾਬ (ਮਾਖਿਓਂ ਜਿਹਾ ਮਿੱਠਾ ਲਫ਼ਜ ਸੀ ਕਦੇ ਇਹ) ਨੂੰ ਸਿਰਮੌਰ ਰੱਖਿਆ। ਪਰ ਉਸ ਨੂੰ ਆਪਣਿਆਂ ਨੇ ਹੀ ਰੱਜ ਕੇ ਲੁਟਿਆ, ਕੁਟਿਆ, ਦੱਬਿਆ, ਮਿੱਧਿਆ, ਮਾਰਿਆ ਤੇ ਲਿਤਾੜਿਆ। ਰੋਲਟ ਐਕਟ ਖ਼ਿਲਾਫ਼ ਵਿਰੋਧ ਕਰਨ ਲਈ ਵੀ ਇਸੇ ਪੰਜਾਬ ਦੇ ਜਲ੍ਹਿਆ ਵਾਲਾ ਬਾਗ਼ ਦੀ ਚੋਣ ਹੋਈ ਸੀ ਤੇ ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਨ ਲਈ ਵੀ 2 ਫੀਸਦੀ ਹੁੰਦਿਆਂ ਇਸ ਨੇ 85 ਫੀਸਦੀ ਯੋਗਦਾਨ ਪਾਇਆ ਸੀ। 1849 ਵਿਚ ਅੰਗਰੇਜ਼ੀ ਰਾਜ ਦੀ ਕਾਇਮੀ ਪਿਛੋਂ ਉੱਠੀ ਸਿੰਘ ਸਭਾ ਲਹਿਰ ਨੇ ਉਨ੍ਹਾਂ ਦੇ ਮੰਦ ਇਰਾਦਿਆਂ ਨੂੰ ਬਿਫ਼ਲ ਕਰਨ ਦੇ ਭਰਵੇਂ ਯਤਨ ਕੀਤੇ। 1920 ਵਿਚ ਓਸੇ ਮਹਾਨ ਜਥੇਬੰਦੀ ਦਾ ਜਨਮ ਹੋਇਆ ਜੋ ਮਰਜੀਵੜਿਆਂ, ਜੁਞਾਰੂਆਂ, ਸਿਰਲੱਥਾਂ ਅਤੇ ਆਪਾਵਾਰੂਆਂ ਦਾ ਸੁਮੇਲ ਸੀ ਅਤੇ ੳਨ੍ਹਾਂ ਸਿਆਣਿਆਂ ਨੇ ਆਪਣੀ ਮੀਰੀ ਤੇ ਪੀਰੀ ਦੀ ਇਤਿਹਾਸਕ ਅਮਾਨਤ ਦਾ ਸੰਸਾਰੀਕਰਨ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿਚ ਕੀਤਾ। ਦੋਵਾਂ ਸੰਸਥਾਵਾਂ ਦਾ ਸਥਾਨ, ਹੋਂਦ, ਪਦਵੀ, ਯੋਗਦਾਨ ਤੇ ਕਾਰਜ ਇਤਿਹਾਸਕ, ਅਮਰ, ਅਭੁਲ ਤੇ ਅਮਿੱਟ ਹੁੰਦੇ ਚਲੇ ਗਏ। ਜਿਹੇ ਸਿਰੜੀ, ਸਿਦਕੀ, ਸੁਹਿਰਦ, ਕਾਬਲ, ਸੰਵੇਦਨਸ਼ੀਲ, ਜੁਞਾਰੂ ਤੇ ਸਹੀ ਸੋਚ ਵਾਲੇ ਮਹਾਨ ਇਨਸਾਨ ਇਸ ਨਾਲ ਵਾਬਸਤਾ ਹੁੰਦੇ ਰਹੇ। ਅੱਜ ਪੰਥ ਦੀਆਂ ਦੋਵੇਂ ਮਹਾਨ ਅਖਵਾਉਂਦੀਆਂ ਰਹੀਆਂ ਸੰਸਥਾਵਾਂ ਹੀਰੋ ਤੇ ਜ਼ੀਰੋ ਕਰ ਦਿੱਤੀਆਂ ਗਈਆਂ ਹਨ ਜਿਸ ਨੂੰ ਤੱਕ ਕੇ ਪੋਟਾ ਪੋਟਾ ਅਕਾਲੀ ਰਹੇ ਖ਼ਾਨਦਾਨ, ਸ਼ਖਸ ਤੇ ਧਿਰਾਂ ਮਾਯੂਸ ਹਨ, ਸੰਤਪਿਤ ਵੀ ਅਤੇ ਸ਼ਰਮਿੰਦਾ ਵੀ।
ਗੁਰੂ ਪਾਤਿਸ਼ਾਹੀਆਂ ਦੀ ਅਮੋਲਕ ਸਿੱਖਿਆ, ਸੇਧ ਅਤੇ ਦਿਸ਼ਾ-ਨਿਰਦੇਸ਼ ਸਦਕੇ, ਪੰਜਾਬ ਨੇ ਸਾਢੇ ਪੰਜ ਸਦੀਆਂ ਤੋਂ ਵਫ਼ਾਦਾਰੀ, ਦਿਆਨਤਦਾਰੀ ਅਤੇ ਜੱਦੋਜਹਿਦ ਦੀ ਮਿਸਾਲ ਬਣਦਿਆਂ ਹਿੰਦੁਸਤਾਨ ਦੀ ਅਜਮਤ, ਧਰਮ, ਸਭਿਆਚਾਰ, ਸਭਿਅਤਾ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਅਸੀਮ ਤੇ ਬੇਸ਼ੁਮਾਰ ਕੁਰਬਾਨੀਆਂ ਕੀਤੀਆਂ ਪਰ 1947 ਵਿਚ ਸਭ ਕੁਝ ਲੁਟਾ ਕੇ ਇੱਧਰਲੇ ਪੰਜਾਬ ਪਰਤੇ ਪੰਜਾਬੀਆਂ (ਸਿੱਖਾਂ) ਨੂੰ ਜ਼ਰਾਇਮ ਪੇਸ਼ਾ ਫਿਰਕਾ ਐਲਾਨਣ ਵਾਲੇ ਕੇਂਦਰੀ ਨੇਤਾਵਾਂ ਦੀ ਅਕ੍ਰਿਤਘਣੀ ਕਰਤੂਤ ਸਭ ਦੇ ਸਾਹਮਣੇ ਆ ਗਈ। ਕੇਂਦਰ ਵਿਚ ਲਏ ਗਏ ਘੁਗੂ ਮੰਤਰੀਆਂ ਨੇ ਕਦੇ ਮੂੰਹ ਨਾ ਖੋਲ੍ਹੇ। ਇਨ੍ਹਾਂ ਨੇ ਆਪਣੇ ਖੋਹੇ ਹੱਕਾਂ ਲਈ ਕਦੇ ਗੱਲ ਹੀ ਨਾ ਕੀਤੀ। ਸਾਡੇ ਰਹਿਬਰਾਂ ਦਾ ਸਿੰਜਿਆ ਪੰਜਾਬ ਪਛੜਨ ਲੱਗਾ, ਪਛਾੜਿਆ ਗਿਆ ਤੇ ਜ਼ੱਰਰਾ ਜ਼ੱਰਰਾ ਲਿਤਾੜਿਆ ਗਿਆ। ਪੜ੍ਹੇ ਲਿਖੇ ਪੰਜਾਬੀਆਂ ਦੇ ਘਰਾਂ ਵਿਚੋਂ ਆਨੇ ਆਨੇ ਦਾ ਕਾਇਦਾ ਖ਼ਰੀਦ ਕੇ, ਇਨ੍ਹਾਂ ਨੂੰ ਜਾਹਲ, ਗੰਵਾਰ ਤੇ ਅਨਪੜ੍ਹ ਰੱਖਣ ਦੀ ਸਬੀਲ ਭਾਵੇਂ (ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪਾਟ ਦੇ ਜਾਣ ਤੋਂ ਪਿੱਛੋਂ) ਸ਼ਾਤਰ ਅੰਗਰੇਜ਼ਾਂ ਨੇ ਬਣਾਈ ਸੀ ਪਰ ਮੁੜ ਇਸਦੀਆਂ ਬੁਲੰਦੀਆਂ ਧੁਆਂਖੀਆਂ ਤੇ ਗਵਾਚਦੀਆਂ ਗਈਆਂ। ਨਿਰਸੰਦੇਹ ਬਰਤਾਨਵੀ ਹਕੂਮਤ ਨੂੰ ਟੱਕਰ ਦੇ ਕੇ ਆਪਣੀ ਸਭਿਆਚਾਰਕ ਤੇ ਧਾਰਮਿਕ ਪਛਾਣ ਬਚਾਉਣ ਲਈ ਸਿੰਘ ਸਭਾ ਲਹਿਰ ਦਾ ਜਨਮ ਹੋਇਆ ਸੀ ਤੇ ਗਿਆਨੀ ਦਿੱਤ ਸਿੰਘ ਅਤੇ ਪ੍ਰੋ. ਗੁਰਮੁਖ ਸਿੰਘ ਵਰਗੇ ਜਿਉੜਿਆਂ ਨੇ ਸਿਰਤੋੜ ਯਤਨ ਕਰਕੇ ਸਿੱਖੀ-ਵਿਰੋਧੀ ਲਹਿਰ ਨੂੰ ਠੱਲ ਪਾਈ ਸੀ ਜਦਕਿ ਅੱਜ ਸਿੱਖੀ ਦੇ ਜਨਮ-ਸਥੱਲ ’ਤੇ ਹੀ ਸਿੱਖੀ ਦੇ ਘਾਣ ਦੀ ਲਹਿਰ ਦ੍ਰਿਸ਼ਟਮਾਨ ਹੈ।
ਆਰ.ਐਸ.ਐਸ. ਤੇ ਸ਼੍ਰੋਮਣੀ ਅਕਾਲੀ ਦਲ ਸਮਕਾਲੀ ਹਨ। ਇਕ ਵਿਚਲੀ ਸੰਜੀਦਗੀ, ਤਕੜਾ ਸੰਗਠਨ, ਯੋਜਨਾਬੰਦੀ, ਗੰਭੀਰਤਾ ਅਤੇ ਯਤਨ ਸਿਰੇ ਦੇ ਹਨ ਜਦੋਂ ਕਿ ਦੂਜੀ ਨਿਘਾਰ ਤੇ ਤਾਨਾਸ਼ਾਹੀ ਰੁਚੀਆਂ ਦਾ ਗੜ੍ਹ ਬਣ ਚੁੱਕੀ ਹੈ। ਇਕ ਸਾਰੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ ਤੇ ਦੂਸਰੀ ਆਪਣੇ ਸੂਬੇ ਦੇ ਮੁਠੀ ਭਰ ਲੋਕਾਂ ਨੂੰ ਵੀ ਨਾਲ ਲੈ ਕੇ ਨਹੀਂ ਤੁਰ ਸਕੀ। ਬਾਰਾਂ ਬਿਹਾਰੀਏ ਤੇ ਪੰਦਰਾਂ ਚੁਲੇ ਵਾਂਗ ਕਿੰਨੇ ਹੀ ਦਲ ਇਸ ‘ਸ਼੍ਰੋਮਣੀ ਅਕਾਲੀ ਦਲ’ ਤੋਂ ਟੁਟ ਕੇ ਬਣ ਚੁਕੇ ਹਨ ਤੇ ‘ਸ਼੍ਰੋਮਣੀ’ ਵੀ ਹੁਣ ਇਕੋ ਪਰਿਵਾਰ ਦੀ ਜੱਦੀ ਜਾਗੀਰ ਹੀ ਬਣ ਚੁਕੈ ਜਿਸ ਦੇ ਅਧੀਨ ਅੱਜ ਸਾਡਾ ਸਭ ਕੁਝ ਬਿੱਖਰ ਗਿਆ ਤੇ ਖਿੰਡ ਪੁੰਡ ਗਿਆ ਹੈ। ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਅਸੀਂ ਸਮਾਂ ਰਹਿੰਦੇ ਕਿਉਂ ਨਾ ਜਾਗੇ? ਕਿਉਂ ਨਾ ਉੱਠੇ? ਪੰਜਾਬੀ ਸੂਬਾ ਲੈਣ ਵੇਲੇ ਵੀ ਇਨ੍ਹਾਂ ਦੀ ਜ਼ਹਿਨੀਅਤ ਖੋਟੀ ਸੀ। ਸਾਫ਼-ਸਫਾਫ ਹੁੰਦੀ ਤਾਂ ਆਪਣੀ ਰਾਜਧਾਨੀ, ਪੰਜਾਬੀ ਬੋਲਦੇ ਬਾਹਰ ਕੱਢੇ ਇਲਾਕੇ ਤੇ ਦਰਿਆਈ ਪਾਣੀਆਂ ਦਾ ਰੋਲ ਘਚੋਲਾ ਕਦੇ ਪ੍ਰਵਾਨ ਨਾ ਕਰਦੇ।
1973 ਤੋਂ ਆਰੰਭੇ ਅਨੰਦਪੁਰੀ ਮਤੇ ਨੂੰ ਗੰਭੀਰਤਾ ਨਾਲ ਨਾ ਲੈਣ ਵਾਲੇ ਤੇ ਉਸ ਦਾ ਭੋਗ ਪਾ ਕੇ ਆਖ਼ਰ ਆਰ.ਐਸ.ਐਸ. ਦੇ ਏਜੰਡੇ ਨੂੰ ਪ੍ਰਵਾਨਣ ਵਾਲੇ ਵੱਡੇ ਬਾਦਲ ਦਾ ‘ਫ਼ਖਰੇ ਕੌਮ’ ਸਨਮਾਨ ਐਵੇਂ ਤਾਂ ਨਹੀਂ ਵਾਪਸ ਲਿਆ ਗਿਆ? 1978 ਵਿਚ ਨਕਲੀ ਨਿਰੰਕਾਰੀਆਂ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਸਮਾਗਮ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਗਈ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬੇਅਦਬੀ ਕਰਨ ਤੇ ਕਰਾਉਣ ਵਾਲੇ ਨਿਰੰਕਾਰੀ-ਮੁਖੀ ਨੂੰ, ਇੱਥੇ ਖ਼ੂਨੀ ਕਾਂਡ ਕਰਕੇ 13 ਗੁਰਸਿੱਖਾਂ ਨੂੰ ਸ਼ਹੀਦ ਕਰਾਉਣ ਉਪਰੰਤ ਦਿੱਲੀ ਤੱਕ ਸੁਰੱਖਿਅਤ ਲਾਂਘਾ ਪ੍ਰਦਾਨਣ ਵਾਲਾ ਵੀ ਇਹੀ ਵੱਡਾ ਬਾਦਲ ਸੀ। ਧਰਮ ਯੁਧ ਮੋਰਚੇ ਦੇ ਨਾਂ ’ਤੇ, ਆਪਣੀਆਂ ਕਾਲੀਆਂ ਕਰਤੂਤਾਂ ਛੁਪਾਉਣ ਦੀ ਕਵਾਇਦ ਵਿਚ ਸਾਡਾ ‘ਮੱਕਾ’ ਨੇਸਤੋ ਨਾਬੂਦ ਕਰਾਉਣ ਵਿਚ ਵੀ ਇਹੋ ਜ਼ਿੰਮੇਵਾਰ ਸਨ। 1984 ਤੋਂ 1995 ਤੱਕ, 25000 ਤੋਂ ਵੱਧ ਨੌਜਵਾਨਾਂ ਨੂੰ ‘ਅਣਪਛਾਤੀਆਂ ਲਾਸ਼ਾਂ’ ਬਣਾ ਦੇਣ ਤੇ ਸ੍ਰ. ਜਸਵੰਤ ਸਿੰਘ ਖਾਲੜਾ ਵਰਗੇ ਮਨੁਖੀ ਅਧਿਕਾਰਾਂ ਦੇ ਰਾਖਿਆ ਨੂੰ ਕੋਹ ਕੋਹ ਕੇ ਮਰਵਾਉਣ ਵਾਲੇ ਕਿਸੇ ਹੋਰ ਦੁਨੀਆ ਤੋਂ ਨਹੀਂ ਸਨ ਬਹੁੜੇ। 2007 ਤੋਂ 2017 ਦਾ ਰਾਜ ਕਾਲ, ਪੂਰੇ ਪੰਜਾਬ ਵਿਚ ਹਨੇਰਗਰਦੀ, ਗੁੰਡਾਗਰਦੀ, ਪੱਖਪਾਤ, ਜ਼ੋਰ ਜਬਰੀਆਂ ਤੇ ਭਾਈ ਭਤੀਜਾਵਾਦ ਦਾ ਸਿਖ਼ਰ ਕਿਹਾ ਜਾ ਸਕਦਾ ਹੈ ਜਿਸ ਵਿਚ ਇਨ੍ਹਾਂ ਨੇ 1699 ਦੇ ਖਾਲਸਾ ਪੰਥ ਸਾਜਨਾ ਦਾ ਮਜ਼ਾਕ ਉਡਾਉਣ ਵਾਲੇ ਦੀ ਸਿੱਧੀ ਸਿੱਧੀ ਪੁਸ਼ਤ ਪਨਾਹੀ, ਹੱਲਾਸ਼ੇਰੀ ਤੇ ਮੱਦਦ ਕੀਤੀ ਸੀ। ਫਿਰ ਸਿਲਸਿਲੇਵਾਰ ਇਕ ਦੌਰ ਚਲਾਇਆ ਗਿਆ ਜਿਸ ਦੀਆਂ ਮੁਆਫ਼ੀਆਂ ਦਾ ਢੌਂਗ ਹੁਣ ਰਚਿਆ ਗਿਆ ਹੈ। ਅਜੇ ਵੀ ਕਿਧਰੇ ਗੰਭੀਰਤਾ ਨਜ਼ਰ ਨਹੀਂ ਆ ਰਹੀ- ਸਭ ਕੁਝ ਮੁੜ ਹੜੱਪਣ ਦੇ ਹੀ ਢਕਵੰਜ ਹਨ! ਮੁੜ ਸੱਤਾ-ਪ੍ਰਾਪਤੀ ਦੀ ਹੀ ਲਾਲਸਾ ਹੈ!! ਖ਼ਾਲਸਾ ਪੰਥ ਨੂੰ ਅਸਲੋਂ ਤਬਾਹ ਕਰਨ ਦੀ ਅਗਲੀ ਯੋਜਨਾ!!
ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਂਤੀ, ਪਿਆਰ, ਭਰਾਤਰੀ ਭਾਵ ਅਤੇ ਆਤਮਿਕ ਜੀਵਨ ਦੇਣ ਦਾ ਸੁਨੇਹਾ ਸੰਸਾਰ ਤਕ ਪਹੁੰਚਾਉਣਾ ਜ਼ਰੂਰੀ ਹੈ ਤਾਂ ਜੋ ਇਸ ਐਟਮੀ ਯੁਗ ਵਿਚ ਸ਼ਾਂਤੀ ਭਰਿਆ ਜੀਵਨ ਸੰਸਾਰ ਮਾਣ ਸਕੇ। ਇਸ ਦੀ ਪੂਰਤੀ ਲਈ 1996 ਵਿਚ ਗੁਰਮਤਿ ਗਿਆਨ (ਚੈਰੀਟੇਬਲ) ਟਰੱਸਟ ਕਾਇਮ ਕੀਤਾ ਗਿਆ ਹੈ।