ਗੁਰਮਤਿ ਗਿਆਨ ਮਿਸ਼ਨਰੀ ਕਾਲਜ Gurmat Gian Missionary College

ਚੋਣਾਂ ਨੇੜੇ ਹੀ ਕਿਉਂ ਪੰਥਕ ਮੁਦੇ ਯਾਦ ਆਉਂਦੇ ਨੇ

ਪ੍ਰਿੰ: ਗੁਰਬਚਨ ਸਿੰਘ
ਜੂਨ 1984 ਉਹ ਘੱਲੂਘਾਰਾ ਹੈ ਜਿਸ ਨੂੰ ਨਾ ਭੁਲਾਇਆ ਜਾ ਸਕਦਾ ਹੈ ਤੇ ਨਾ ਹੀ ਬਖਸ਼ਿਆ ਜਾ ਸਕਦਾ ਹੈ। ਭਾਰਤੀ ਹਕੂਮਤ ਵਲੋਂ ਕੀਤਾ ਗਿਆ ਉਹ ਜ਼ਖ਼ਮ ਹੈ ਜਿਹੜਾ ਇਤਿਹਾਸ ਵਿਚ ਸਦਾ ਰਿਸਦਾ ਰਹੇਗਾ। ਇਹ ਘੱਲੂਘਾਰੇ ਭਾਾਂਰਤ ਦੀ ਕੇਂਦਰੀ ਸਰਕਾਰ ਵਲੋਂ ਸੋਚੀ ਸਮਝੀ ਵਿਉਂਤ ਬੰਦੀ ਨਾਲ ਕੀਤਾ ਗਿਆ। ਆਪਣੇ ਮੁਲਕ ਵਲੋਂ ਆਪਣੇ ਸੂਬੇ ਦੇ ਲੋਕਾਂ ’ਤੇ ਕੀਤਾ ਗਿਆ ਹਮਲਾ ਬਹੁਤ ਦੁਖਦਾਈ ਹੈ। ਇੰਝ ਮਹਿਸੂਸ ਹੁੰਦਾ ਹੈ ਕਿ ਇਹ ਹਮਲਾ ਸਿੱਖ ਕੌਮ ਨੂੰ ਸਬਕ ਸਿਖਾਉਣ ਤੇ ਅਣਖ਼ ਨੂੰ ਖਤਮ ਕਰਨ ਲਈ ਸੀ। ਕੇਂਦਰੀ ਸਰਕਾਰ ਵਲੋਂ ਇਹ ਪ੍ਰਚਾਰਿਆ ਗਿਆ ਕਿ ਸਿੱਖ ਮੁਲਕ ਨਾਲੋਂ ਵੱਖਰਾ ਹੋਣਾ ਚਾਹੁੰਦੇ ਹਨ, ਇਸ ਲਈ ਇਹ ਹਮਲਾ ਕਰਨਾ ਬੜਾ ਜ਼ਰੂਰੀ ਸੀ। ਭਾਰਤ ਨੂੰ ਆਜ਼ਾਦੀ ਦਿਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਨੇ ਕੀਤੀਆਂ। ਅਜ਼ਾਦੀ ਦੀ ਲੜਾਈ ਸਮੇਂ ਜਦੋਂ ਸਿੱਖ ਨੇਤਾਜਨ ਵੱਖਰੇ ਖਿੱਤੇ ਦੀ ਮੰਗ ਕਰਦੇ ਸਨ ਤਾਂ ਓਦੋਂ ਪੰਡਤ ਨਹਿਰੂ ਅਤੇ ਕਰਮਚੰਦ ਗਾਂਧੀ ਵਰਗੇ ਆਗੂ ਇਹ ਵਿਸ਼ਵਾਸ ਦਿਵਾਉਂਦੇ ਸਨ ਕਿ ਸਿੱਖਾਂ ਲਈ ਉਹ ਵੱਖਰਾ ਖਿਤਾ ਹੋਏਗਾ ਜਿੱਥੇ ਇਹ ਅਜ਼ਾਦੀ ਦਾ ਨਿੱਘ ਮਾਣ ਸਕਣਗੇ।
ਵਾਅਦਾ ਖਿਲਾਫੀ ਕਰਦਿਆਂ ਕਾਂਗਰਸ ਪਾਰਟੀ 15 ਅਗਸਤ ਦੀ ਰਾਤ ਨੂੰ ਹੀ ਸਭ ਕੁਝ ਭੁਲ ਗਈ। ਭਾਰਤ ਦੀ ਆਜ਼ਾਦੀ ਲਈ ਆਖਰੀ ਕਿਸ਼ਤ ਵੀ ਸਿੱਖਾਂ ਨੇ ਆਪਣਾ ਖੂਨ ਰੋੜ ਕੇ ਤਾਰੀ। ਇਕ ਪਾਸੇ ਸਮੁਚੇ ਭਾਰਤ ਵਿਚ ਆਜ਼ਾਦੀ ਦੇ ਜਸ਼ਨ ਮਨਾਉਣ ਲਈ ਦੀਪਮਾਲਾ ਕੀਤੀ ਜਾ ਰਹੀ ਸੀ, ਸ਼ਾਹੀ ਠਾਠਬਾਠ ਦਾ ਪੂਰਾ ਨਾਚ ਹੋ ਰਿਹਾ ਸੀ, ਬਹੁ ਗਿਣਤੀ ਇਕ ਦੂਜੇ ਨੂੰ ਵਧਾਈਆਂ ਦੇ ਰਹੇ ਸਨ।
ਦਿੱਲੀ ਦਿਲ ਮੁਢੋਂ ਯੁਗ ਗਰਦੀਆਂ ਦਾ,
ਸਾਨੂੰ ਸਦਾ ਤਾਰੀਖ਼ ਇਹ ਦਸਦੀ ਰਹੀ।
ਇਕ ਅੱਖ ਛੱਮ ਛੱਮ ਰਹੀ ਰੋਂਦੀ,
ਦੂਜੀ ਅੱਖ ਉਹਦੀ ਖਿੜ ਖਿੜ ਹੱਸਦੀ ਰਹੀ
ਕਰਤਾਰ ਸਿੰਘ ਬਲੱਗਣ
ਦੂਜੇ ਪਾਸੇ ਪੰਜਾਬੀ ਅਤੇ ਮੁਸਲਮਾਨ ਖੂਨ ਦੀ ਨਦੀ ਤਰ ਰਹੇ ਸਨ। ਮੁਲਕ ਦੀ ਅਜ਼ਾਦੀ ਵਿਚ ਮਾਂਵਾਂ ਭੈਣਾਂ ਨੂੰ ਸਭ ਤੋਂ ਵੱਧ ਬੇਪਤ ਹੋਣਾ ਪਿਆ। ਸਾਰਾ ਬ੍ਰਿਤਾਂਤ ਡਾ. ਕਿਰਪਾਲ ਸਿੰਘ ਦੀ ਲਿਖੀ ਪੁਸਤਕ ਪਾਕਿਸਤਾਨ ਵਿਚੋਂ ਨਿਕਲਣ ਦੀ ਗਾਥਾ ਪੜ੍ਹਨੀ ਚਾਹੀਦੀ ਹੈ। ਅਜੇ ਉਹ ਮਾਵਾਂ ਤੇ ਬਾਪੂ ਜ਼ਿਉਂਦੇ ਨੇ ਜਿੰਨ੍ਹਾਂ ਨੇ ਸੰਤਾਪ ਆਪਣੇ ਪਿੰਡੇ ‘ਤੇ ਹੰਢਾਇਆ ਤੇ ਅੱਖੀ ਵੇਖਿਆ। ਦੇਸ਼ ਦੇ ਆਗੂਆਂ ਨੇ ਫਿਰਕਾਪ੍ਰਸਤੀ ਦੀ ਅਜਿਹੀ ਅੱਗ ਬਾਲੀ ਜਿਸ ਨਾਲ ਪੰਜਾਬ ਝੁਲਸ ਕੇ ਰਹਿ ਗਿਆ।
ਅੱਜ ਬੇਲੇ ਲਾਸ਼ਾਂ ਵਿੱਛੀਆਂ
ਤੇ ਲਹੂ ਦੀ ਭਰੀ ਚਨਾਬ
ਲਿਖਣ ਵਾਲੀ ਬੀਬੀ ਨੂੰ ਅੰਮ੍ਰਿਤਸਰ ਦਾ ਜ਼ੁਲਮ ਦਿਸਿਆ ਹੀ ਨਹੀ। ਲਗਦਾ ਇਸ ਬੀਬੀ ਨੇ ਚਾਪਲੂਸੀ ਦੀ ਪੱਟੀ ਬੰਨ੍ਹ ਲਈ ਸੀ।
ਮੁਲਕ ਦੀ ਆਜ਼ਾਦੀ ਨੂੰ ਅਜੇ 37 ਕੁ ਸਾਲ ਹੀ ਹੋਏ ਸਨ ਜਦੋਂ ਪਾਣੀਆਂ ਦੀ ਕਾਣੀ ਵੰਡ ਸਬੰਧੀ ਪੰਜਾਬ ਨੇ ਮੋਰਚਾ ਲਾਇਆ। ਪਾਣੀ ਦੇ ਹੱਕੀ ਮੁਦੇ ਨੂੰ ਸਾਰੇ ਭਾਰਤ ਵਿਚ ਇਸ ਤਰ੍ਹਾਂ ਪੇਸ਼ ਕੀਤਾ ਗਿਆ ਜਿਸ ਤਰ੍ਹਾਂ ਪੰਜਾਬ ਦੇ ਲੋਕ ਦੇਸ਼ ਨਾਲੋਂ ਵੱਖ ਹੋਣਾ ਚਾਹੁੰਦੇ ਨੇ। ਮਸਲਾ ਪੰਜਾਬ ਦੀਆਂ ਹੱਕੀ ਮੰਗਾਂ ਦਾ ਸੀ ਜੋ ਸਿੱਖ ਮਸਲਾ ਬਣਾ ਦਿੱਤਾ। ਰਹਿੰਦੀ ਕਸਰ ਪੰਜਾਬ ਦੀਆਂ ਮਹਾਸ਼ਾ ਅਖਬਾਰਾਂ ਨੇ ਪੂਰੀ ਕਰ ਦਿੱਤੀ। ਪੰਜਾਬ ਦੀ ਨੂੰਾਇੰਦਗੀ ਖੇਤਰੀ ਪਾਰਟੀ ਸ਼੍ਰੋ. ਅਕਾਲੀ ਦਲ ਤੇ ਕੌਮੀ ਪਾਰਟੀ ਕਾਂਗਰਸ ਕਰ ਰਹੀ ਸੀ। ਇਸ ਦੇ ਨਾਲ ਕਾਮਰੇਡ ਸੱਜੇ ਤੇ ਖਬੇ ਪੱਖੀ ਵੀ ਚਲ ਰਹੇ ਸਨ। ਪੰਜਾਬ ਦੀ ਬਦ ਕਿਸਮਤੀ ਹੀ ਰਹੀ ਹੈ ਕਿ ਕਾਂਗਰਸੀਆਂ ਅਤੇ ਸੱਜੇ-ਖੱਬੇ ਕਾਮਰੇਡਾਂ ਨੇ ਕਦੇ ਵੀ ਪੰਜਾਬ ਦੀਆਂ ਸੁਹਿਰਦ ਮੰਗਾਂ ਸਬੰਧੀ ਆਪਣੀ ਅਵਾਜ਼ ਨੂੰ ਬੁਲੰਦ ਨਹੀਂ ਕੀਤਾ। ਅੰਦਰ ਖਾਤੇ ਜਾਂ ਸ਼ਰੇਆਮ ਹਕੂਮਤ ਦੀ ਨਿਗਾਹ ਵਿਚ ਚੰਗੇ ਬਣਨ ਲਈ ਸਿੱਖ ਭਾਈਚਾਰੇ ਨੂੰ ਕੋਸਣ ਲਗ ਪੈਂਦੇ ਸਨ। ਜੇ ਇਹ ਸਾਰੇ ਪੰਜਾਬ ਦੀਆਂ ਹੱਕੀ ਮੰਗਾਂ ਸਬੰਧੀ ਥੋੜਾ ਵੀ ਕੇਂਦਰ ‘ਤੇ ਦਬਾ ਪਉਂਦੇ ਤਾਂ ਜੂਨ 1984 ਵਰਗੇ ਘੱਲੂਘਾਰੇ ਨਹੀਂ ਵਾਪਰ ਸਕਦੇ ਸਨ। ਇਹਨਾਂ ਲੋਕਾਂ ਨੇ ਖਾਧਾ ਪੰਜਾਬ ਦਾ ਪਰ ਭੁਗਤੇ ਪੰਜਾਬ ਦੇ ਵਿਰੋਧ ਵਿਚ। ਇਸ ਦੇ ਵਿਰੁਧ ਦੱਖਣੀ ਸੂਬਿਆਂ ਦੀਆਂ ਖੇਤਰੀ ਪਾਰਟੀਆਂ ਜਦੋਂ ਉਹਨਾਂ ਦੇ ਆਪਣੇ ਸੂਬੇ ਦੇ ਹਿਤ ਦੀ ਗੱਲ ਆਉਂਦੀ ਹੈ ਤਾਂ ਉਹ ਸਾਰੇ ਆਪਣੀ ਆਪਣੀ ਪਾਰਟੀ ਤੋਂ ਉਪਰ ਉਠ ਕੇ ਇਕੱਠੇ ਅਵਾਜ਼ ਬਲੰਦ ਕਰਦੇ ਹਨ।
ਕਾਂਗਰਸ ਪਾਰਟੀ ਨੇ ਪੂਰਾ ਭਰੋਸਾ ਦਿਵਾਇਆ ਸੀ ਕਿ ਅੰਗਰੇਜ਼ਾਂ ਵਲੋਂ ਅਜ਼ਾਦੀ ਮਿਲਣ ‘ਤੇ ਸਿੱਖਾਂ ਲਈ ਉਚੇਚੇ ਤੌਰ ‘ਤੇ ਸੂਬਾ ਵਸਾਇਆ ਜਾਏਗਾ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਕਾਂਗਰਸ ਪਾਰਟੀ ਆਪਣੇ ਕੀਤੇ ਵਾਅਦੇ ਤੋਂ ਮੁਕਰ ਗਈ। ਮਾਸਟਰ ਤਾਰਾ ਸਿੰਘ ਨੂੰ ਨਹਿਰੂ ਨੇ ਬੜੀ ਬੇਦਰਦੀ ਨਾਲ ਕਹਿਆ ਕਿ “ਮਾਸਟਰ ਜੀ ਅਬ ਵਕਤ ਬਦਲ ਗਿਆ ਹੈ ਆਪ ਕੋ ਇਸੀ ਹਾਲ ਮੇਂ ਰਹਿਣਾ ਪੜੇਗਾ। ਅਜ਼ਾਦੀ ਦੇ ਕੁਝ ਸਾਲਾਂ ਬਾਅਦ ਹੀ ਪੰਜਾਬੀ ਬੋਲੀ ਨੂੰ ਜਿਉਂਦਿਆਂ ਰੱਖਣ ਲਈ ਪੰਜਾਬੀ ਸੂਬੇ ਦਾ ਮੋਰਚਾ ਲਾਉਣਾ ਪਿਆ। ਕੇਂਦਰ ਦੀ ਬਦਨੀਤੀ ਅਨੁਸਾਰ ਪੰਜਾਬੀ ਸੂਬਾ ਤਾਂ ਬਣਾ ਦਿੱਤਾ ਪਰ ਬਣਾਇਆ ਲੰਗੜਾ ਹੀ। ਅਕਾਲੀਆਂ ਨੂੰ ਕਈ ਮੋਰਚੇ ਲਾਉਣੇ ਪਏ। ਹਰ ਮੋਰਚੇ ਵਿਚ ਅਕਾਲੀ ਚਵਾਨੀ ਪ੍ਰਾਪਤ ਕਰਦੇ ਰਹੇ ਜਦ ਕਿ ਬਾਰ੍ਹਾਂ ਆਨੇ ਗਵਾ ਕੇ ਆਉਂਦੇ ਰਹੇ। ਸਦਕੇ ਜਾਈਏ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹਰ ਮੇਜ਼ ਤੇ ਗੱਲ ਬਾਤ ਕਰਨ ਵਿਚ ਅਸਫਲ ਰਹੇ। ਇਤਿਹਾਸ ਕਿਦਾਂ ਲਿਖੇਗਾ ਕਿ ਇਹਨਾਂ ਨੇ ਆਪਣੇ ਸੂਬੇ ਜਾਂ ਪੰਥਕ ਹਿੱਤਾਂ ਲਈ ਆਹ ਕੰਮ ਕੀਤਾ ਹੈ। ਇਤਿਹਾਸ ਲਿਖੇਗਾ ਇਹਨਾਂ ਦੇ ਰਾਜ ਵਿਚ ਜੋ ਕੁਝ ਵੀ ਹੋਇਆ ਹੈ ਉਹ ਬਹੁਤਾ ਕੁਝ ਗੈਰ ਕੁਦਰਤੀ ਹੀ ਹੋਇਆ। ਅੰਨ੍ਹਾਂ ਵੰਡੇ ਸ਼ੀਰਨੀਆਂ ਮੁੜ ਮੁੜ ਆਪਣਿਆਂ ਨੂੰ।
1925 ਤੋਂ ਲੈ ਕੇ 1947 ਤਕ ਸ਼੍ਰੋਮਣੀ ਕਮੇਟੀ ਦੀਆਂ ਸਤ ਵਾਰ ਚੋਣਾਂ ਹੋਈਆਂ ਹਨ ਜਦ ਕਿ 1947 ਤੋਂ ਲੈ ਕੇ 2021 ਤਕ ਕੇਵਲ ਪੰਜ ਵਾਰ ਚੋਣਾਂ ਹੋਈਆਂ ਹਨ। ਚੋਣਾਂ ਦਾ ਨਾ ਹੋਣਾ ਹੀ ਸਭ ਤੋਂ ਵੱਡੀ ਕੌਮ ਲਈ ਤਰਾਸਦੀ ਹੈ। ਜਿੱਥੇ ਇਕ ਪਾਰਟੀ ਦਾ ਰਾਜ ਰਹਿੰਦਾ ਹੈ ਓੱਥੇ ਪਰਵਾਰ ਵਾਦ ਭਾਰੀ ਹੋ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਜਦੋਂ ਵੀ ਸਰਕਾਰ ਬਣਾਉਂਦਾ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਪ੍ਰਵਾਰ ਤੇ ਰਿਸ਼ਤੇਦਾਰਾਂ ਨੂੰ ਹੀ ਅੱਗੇ ਕਰਦਾ ਰਿਹਾ ਹੈ।
ਜੱਗੋਂ ਤੇਹਰਵੀਂ ਕਰਦਿਆਂ ਇੰਦਰਾ ਗਾਂਧੀ ਦੀ ਕੇਂਦਰੀ ਸਰਕਾਰ ਨੇ ਅਗਲੀਆਂ ਚੋਣਾਂ ਜਿੱਤਣ ਲਈ ਸਾਰੇ ਪੰਜਾਬ ਨੂੰ ਇਕ ਪਾਸੇ ਖੜਾ ਕਰਕੇ ਇਹ ਕਹਿਆ ਕਿ ਸਿੱਖ ਭਾਰਤ ਨਾਲੋਂ ਵੱਖਰਾ ਹੋਣਾ ਚਾਹੁੰਦੇ ਹਨ, ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਹਨ। 98% ਭਾਰਤ ਵਾਸੀਆਂ ਨੇ ਦੇਸ਼ ਦੀ ਪ੍ਰਧਾਨ ਮੰਤਰੀ ਦੀ ਗੱਲ ‘ਤੇ ਯਕੀਨ ਕੀਤਾ। ਵੋਟਾਂ ਇੰਦਰਾ ਗਾਂਧੀ ਦੇ ਹੱਕ ਵਿਚ ਪਾਈਆਂ। ਦੇਸ਼ ਦੇ ਬਾਕੀ ਮੁਦੇ ਭੁਲ ਗਏ ਕੇਵਲ ਇਕ ਰਹਿ ਗਿਆ ਕਿ ਪੰਜਾਬ ਦੀਆਂ ਹੱਕੀ ਮੰਗਾਂ ਮੰਗਣ ਵਾਲੇ ਦੇਸ਼ ਧ੍ਰੋਈ ਹਨ। ਆਤੰਕਵਾਦੀ, ਕੱਟੜਵਾਦੀ, ਖਤਰਨਾਕ ਵਰਗੇ ਸ਼ਬਦਾਂ ਦਾ ਪੂਰਾ ਪ੍ਰਯੋਗ ਕੀਤਾ ਗਿਆ। ਭਾਰਤੀ ਮੀਡੀਏ ਨੇ ਕੇਂਦਰ ਵਿਚਲੀ ਸਰਕਾਰ ਦਾ ਪੂਰਾ ਸਾਥ ਦਿੱਤਾ। ਸਰਕਾਰਾਂ ਹਮੇਸ਼ਾਂ ਮਸਲੇ ਖੜੇ ਰੱਖਦੀਆਂ ਹਨ ਤਾਂ ਕਿ ਵੱਧ ਵੱਸੋਂ ਵਾਲੇ ਲੋਕਾਂ ਕੋਲੋਂ ਵੋਟਾਂ ਬਟੋਰੀਆਂ ਜਾਣ। ਸਰਕਾਰਾਂ ਮਸਲੇ ਖੜੇ ਕਰਦੀਆਂ ਹਨ ਤਾਂ ਕਿ ਲੋਕ ਸਾਡੇ ਅਸਲ ਮੁਦਿਆਂ ਵਲ ਧਿਆਨ ਨਾ ਦੇਣ।
ਇਹ ਠੀਕ ਹੈ ਪੰਜਾਬ ਵਿਚ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾਂ ਪੰਜਾਬੀਆਂ ਨੇ ਸਾਥ ਦਿੱਤਾ। ਲਾਲਚ ਦੀਆਂ ਬੁਰਕੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਈ ਹਿੱਸਿਆਂ ਵਿਚ ਵੰਡਿਆ। ਇਕ ਦੂਜੇ ਨਾਲੋਂ ਅੱਗੇ ਨਿਕਲਣ ਦੀ ਹੋੜ ਵਿਚ ਕੇਂਦਰ ਨਾਲ ਕਈ ਸਮਝੌਤੇ ਕੀਤੇ। ਕੇਂਦਰ ਸਰਕਾਰ ਹਰ ਵਾਰ ਸਮਝੌਤਿਆਂ ਤੋਂ ਮੁਕਰਦੀ ਰਹੀ। ਨਤੀਜਨ ਅਕਾਲੀ ਦਲ ਵਾਲੇ ਆਪੋ ਵਿਚਦੀ ਹੀ ਲੜਨ ਲੱਗ ਪੈਂਦੇ। ਇਹੋ ਕੁਝ ਕੇਂਦਰ ਨੂੰ ਚਾਹੀਦਾ ਸੀ ਕਿ ਵੱਧ ਤੋਂ ਵੱਧ ਇਹਨਾਂ ਦੇ ਧੜੇ ਹੋਣ। ਕੇਂਦਰ ਨੇ ਅਜੇਹੇ ਹਾਲਾਤ ਪੈਦਾ ਕੀਤੇ ਕਿ ਮੁਲਕ ਦੀ ਅਜ਼ਾਦੀ ਦੇ 37 ਕੁ ਸਾਲ ਬਾਅਦ ਹੀ ਕਾਂਗਰਸ ਦੀ ਕੇਂਦਰੀ ਸਰਕਾਰ ਨੇ ਸਿੱਖ ਅਵਾਮ ਨਾਲ ਅਜੇਹਾ ਸਲੂਕ ਕੀਤਾ ਜਿਹੜਾ ਦੁਸ਼ਮਣਾਂ ਨਾਲ ਵੀ ਨਹੀ ਕੀਤਾ ਜਾਂਦਾ। ਕਪੂਰੀ ਤੋਂ ਪਾਣੀ ਦਾ ਮੋਰਚਾ ਸ਼ੂਰੂ ਹੋਇਆ ਸੀ ਜਿਹੜਾ ਦਰਬਾਰ ਸਾਹਿਬ ਦੀ ਹਦੂਦ ਵਿਚ ਚਲਾ ਗਿਆ। ਮੋਰਚੇ ਦੀ ਸਾਰੀ ਰੂਪ ਰੇਖਾ ਤਬਦੀਲ ਹੋਈ, ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਗੱਲ ਚੱਲੀ। ਪਾਣੀ ਦੀ ਕਾਣੀ ਵੰਡ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਰੱਖਿਆ। ਸੂਬਿਆਂ ਨੂੰ ਵੱਧ ਅਧਿਕਾਰਾਂ ਦੇਣ ਵਾਲੀ ਗੱਲ ਕੇਂਦਰ ਨੂੰ ਕਦੇ ਵੀ ਪ੍ਰਵਾਨ ਨਹੀਂ ਸੀ। ਮਾਹੌਲ ਅਜੇਹਾ ਸਿਰਜਿਆ ਗਿਆ ਕਿ ਰਾਜਾਂ ਨੂੰ ਵੱਧ ਅਧਿਕਾਰ ਦੇਣ ਨਾਲ ਦੇਸ਼ ਲਈ ਅੰਦਰੂਨੀ ਖਤਰਾ ਹੋ ਸਕਦਾ ਹੈ। ਸਰਕਾਰ ਤੰਤਰ ਅਤੇ ਮੀਡੀਏ ਨੇ ਇਸ ਤਰ੍ਹਾਂ ਦਾ ਸ਼ਬਦਜਾਲ ਬੁਣਿਆ ਜਿਸ ਨਾਲ ਸਿੱਖ ਕੌਮ ਦਾ ਅਕਸ ਆਤੰਕਵਾਦੀ, ਕੱਟੜਵਾਦੀ ਤੇ ਵੱਖਵਾਦੀ ਲੱਗੇ।
37 ਸਾਲਾਂ ਦੇ ਲਾਰੇ ਲੱਪਿਆਂ ਵਾਲੀ ਰਾਜਨੀਤੀ ’ਤੇ ਸਿੱਖ ਅਵਾਮ ਹੁਣ ਯਕੀਨ ਕਰਨ ਲਈ ਤਿਆਰ ਨਹੀਂ ਸੀ। ਰਵਾਇਤੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੋਹਰੀ ਨੀਤੀ ‘ਤੇ ਚੱਲ ਪਿਆ। ਦੋਗਲੀ ਨੀਤੀ ‘ਤੇ ਚੱਲਣ ਵਾਲਾ ਦੋ ਬੇੜੀਆਂ ‘ਤੇ ਸਵਾਰ ਹੁੰਦਾ ਹੈ। ਅਜੇਹਾ ਮੁਸਾਫਰ ਕਦੇ ਵੀ ਕਿਸੇ ਤਣ ਪੱਤਰ ਨਹੀਂ ਲਗਦਾ।
ਦਰਬਾਰ ਸਾਹਿਬ ‘ਤੇ ਟੈਂਕਾਂ ਨਾਲ ਹਮਲਾ ਕੀਤਾ ਗਿਆ। ਜੇਠ ਦੀ ਸਿੱਖਰ ਦੁਪਹਿਰ ਵਿਚ ਆਈ ਸੰਗਤ ਨੂੰ ਗੋਲੀਆਂ ਨਾਲ ਭੁੰਨਿਆਂ ਗਿਆ। ਪੰਜਾਬ ਦੇ ਹੋਰ ਚਾਲੀ ਕੁ ਗੁਰਦੁਆਰਿਆਂ ‘ਤੇ ਫੌਜੀ ਹਮਲਾ ਕੀਤਾ ਗਿਆ। ਬਾਰ ਬਾਰ ਲਿਖਿਆ ਜਾਂਦਾ ਹੈ ਕਿ
ਸੀਂਚਾ ਥਾ ਜਿਸ ਕੋ ਹਮ ਨੇ ਆਪਨਾ ਲਹੂ ਦੇ ਕੇ,
ਉਸ ਪੇੜ ਕੇ ਸਾਏ ਸੇ ਅਬ ਆਗ ਬਰਸ ਰਹੀ ਹੈ।
ਗੋਲਿਆਂ ਦੀ ਗੜਗਰਾਹਟ ਵਿਚ ਦਰਬਾਰ ਸਾਹਿਬ ‘ਤੇ ਪੂਰੀ ਵਿਉਂਤ ਬੰਦੀ ਨਾਲ ਹਮਲਾ ਕੀਤਾ। ਇਹ ਹਮਲਾ, ਸਿੱਖਾਂ ਦੀ ਗੈਰਤ, ਅਣਖ਼ ਤੇ ਸਵੈਮਾਨ ਤੇ ਸੀ। ਬੱਚਿਆਂ ਜਵਾਨਾਂ, ਬਜ਼ੁਰਗਾਂ, ਮਾਵਾਂ ਭੈਣਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ। ਦਰਿੰਦਗੀ ਦਾ ਨੰਗਾ ਨਾਚ ਹੋਇਆ। ਸਿਖਰ ਦੀ ਗਰਮੀ ਵਿਚ ਭੁਖੇ ਪਿਆਸੇ ਰੱਖਿਆ ਗਿਆ। ਕਮੀਨਗੀ ਕਰਨ ਵਾਲਿਆਂ ਬੇਸ਼ਰਮੀ ਦੇ ਲੱਡੂ ਵੰਡੇ। ਖੁਸ਼ੀਆਂ ਮਨਾਉਂਦਿਆਂ ਦਰਬਾਰ ਸਾਹਿਬ ਦੇ ਹਮਲੇ ਦੀਆਂ ਵਧਾਈਆਂ ਦਿੱਤੀਆਂ ਗਈਆਂ। ਭਾਰਤੀ ਜਨਤਾ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਨੌਂਹ ਮਾਸ ਜਾਂ ਪਤੀ ਪਤਨੀ ਵਾਲਾ ਪੱਕਾ ਰਿਸ਼ਤਾ ਸੀ। ਪਤੀ ਪਤਨੀ ਦੇ ਪਾਕ ਰਿਸ਼ਤੇ ਦੀ ਭਾਰਤੀ ਜਨਤਾ ਪਾਰਟੀ ਨੇ ਭੋਰਾ ਸ਼ਰਮ ਮਹਿਸੂਸ ਨਹੀਂ ਕੀਤੀ ਕਿਉਂ ਕਿ ਯਰਾਨਾ ਪੱਕਾ ਸੀ। ਇਸ ਪਾਰਟੀ ਦੇ ਪ੍ਰਮੁਖ ਆਗੂਆਂ ਨੇ ਕਹਿਆ ਕਿ ਇਹ ਹਮਲਾ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ। ਸਚਾਈ ਜ਼ਾਹਰ ਕਰਦਿਆਂ ਕਹਿਆ ਕਿ ਇਹ ਹਮਲਾ ਕਰਨ ਲਈ ਅਸਾਂ ਹੀ ਜ਼ੋਰ ਪਾਇਆ ਸੀ। ਪੰਜਾਬ ਦੇ ਕਾਮਰੇਡ ਆਪਣਾ ਵੱਖਰਾ ਰਾਗ ਅਲਾਪ ਰਹੇ ਸਨ, ਸਰਹੱਦੀ ਸੂਬਿਆਂ ਦੀਆਂ ਹਕੀਕੀ ਮੰਗਾਂ ਨੂੰ ਵੀ ਇਹਨਾਂ ਨੇ ਵੱਖਵਾਦੀ ਹੀ ਕਹਿਆ। ਕੁਝ ਕੁ ਸੰਸਥਾਵਾਂ ਨਿਰਪੱਖਤਾ ਨਾਲ ਇਸ ਹਮਲੇ ਦਾ ਵਿਰੋਧ ਤਾਂ ਕਰਦੀਆਂ ਸਨ ਪਰ ਆਤੰਕਵਾਦ ਅਤੇ ਵੱਖਵਾਦ ਦੀ ਚਾਸਨੀ ਵਿਚ ਡਬੋ ਕੇ।
ਆਪਣੀ ਅਣਖ ਉੱਤੇ ਹਮਲਾ ਤੇ ਕੌਮੀ ਸਵੈਮਾਣਤਾ ਦਾ ਨੁਚੜਦਾ ਖੂਨ ਦੇਖ ਕੇ ਧਰਮੀ ਫੋਜੀਆਂ ਨੇ ਬੈਰਕਾਂ ਛੱਡ ਦਿੱਤੀਆਂ। ਪਕੀ ਨੌਕਰੀ ਨੂੰ ਲੱਤ ਮਾਰਤੀ। ਡੌਲ਼ੇ ਫਰਕੇ, ਅਣਖ ਨੇ ਅੰਗੜਾਈ ਲਈ ਅਤੇ ਦਰਬਾਰ ਸਾਹਿਬ ਦੀ ਰਾਖੀ ਲਈ ਪੰਜਾਬ ਨੂੰ ਵਾਹੋਦਾਹੀ ਭੱਜ ਪਏ। ਬਹੁਤਿਆਂ ਨੂੰ ਭਾਰਤੀ ਫੌਜ ਨੇ ਇਨ੍ਹਾਂ ਨੂੰ ਗੋਲ਼ੀਆਂ ਨਾਲ ਭੁੰਨਿਆ ਸੁਟਿਆ। ਜਿਸ ਗ੍ਰੰਥ ਦੀ ਕਸਮ ਖਾ ਕੇ ਕਹਿਆ ਸੀ ਕਿ ਅਸੀਂ ਦੇਸ਼ ਲਈ ਕੁਰਬਾਨ ਹੋ ਜਾਂਵਾਂਗੇ ਅੱਜ ਓਸੇ ਗ੍ਰੰਥ ਦੇ ਸਵੈਮਾਣ ਨੂੰ ਬਚਾਉਣ ਲਈ ਤੁਰੇ ਸਨ।
1984 ਉਪਰੰਤ ਉਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਜਿਹੜੀ ਭਾਰਤ ਦੇ ਪ੍ਰਧਾਨ ਮੰਤ੍ਰੀ ਭਾਊ ਰਜੀਵ ਨਾਲ ਸਮਝੌਤਾ ਕਰਕੇ ਆਏ ਸਨ। ਸਮਝੌਤੇ ਦੀ ਸਿਆਹੀ ਅਜੇ ਗਿੱਲੀ ਸੀ ਪਰ ਸਮਝੌਤਾ ਕੇਂਦਰ ਨੇ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਅਕਾਲੀਏ ਦਿਨ ਦੀਵੀਂ ਬੁਝਿਆ ਦੀਵਾ ਚੁਕੀ ਫਿਰਦੇ ਸਨ। ਹੁਣ ਇਹਨਾਂ ਕੋਲ ਕੰਧ ਵਿਚ ਸਿਰ ਮਾਰਨ ਤੋਂ ਬਿਨਾ ਕੋਈ ਚਾਰਾ ਨਹੀਂ ਸੀ। ਅਕਾਲੀਆਂ ਦੀ ਇਕ ਵਾਰ ਫਿਰ ਪਾਟੋਧਾੜ ਹੋਈ। ਕਿਹਾ ਜਾਂਦਾ ਹੈ ਕਿ ਜਿਸ ਕੋਲ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਹੋਵੇ ਉਹ ਹੀ ਅਸਲ ਅਕਾਲੀ ਦਲ ਮੰਨਿਆ ਜਾਂਦਾ ਹੈ।
ਸ਼੍ਰੋਮਣੀ ਅਕਾਲੀ ਦਲ ਟੁਕੜਿਆਂ ਦਾ ਰੂਪ ਧਾਰਨ ਕਰ ਗਿਆ। ਇਹਨਾਂ ਵਿਚੋਂ ਇਕ ਟੁਕੜਾ ਬਾਦਲ ਅਕਾਲੀ ਦਲ ਕੁਝ ਜ਼ਿਆਦਾ ਹੀ ਵੱਡਾ ਸੀ। ਬਾਦਲ ਨੇ ਸਾਰੀ ਵਾਗ ਡੋਰ ਆਪਣੇ ਹੱਥ ਕਰ ਲਈ। ਟੋਹੜਾ ਸਾਹਿਬ ਦੇਖਦੇ ਹੀ ਰਹਿ ਗਏ। ਇਕ ਵਾਰ ਅਜੇਹਾ ਸਮਾਂ ਵੀ ਆਇਆ ਜਦੋਂ ਇਕ ਦੂਜੇ ਦੇ ਮੂੰਹ ਵਿਚ ਝੂਠੇ ਲੱਡੂ ਪਾ ਕੇ ਸਮਝੋਤਾ ਵੀ ਕੀਤਾ। ਅਸਲ ਵਿਚ ਅਕਾਲੀ ਦਲਾਂ ਦਾ ਸਮਝੋਤਾ ਨਹੀਂ ਸੀ ਸਗੋਂ ਸਿਧਾਂਤ ਤੋਂ ਤਿਲਕਣਾ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਬਹੁਤ ਹੀ ਜ਼ੋਰ ਸ਼ੋਰ ਨਾਲ ਪੰਥਕ ਮੁਦੇ ਉਠਾਏ ਤੇ ਕਿਹਾ ਕਿ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਦਿਓ। ਫਿਰ ਦੇਖਿਓ ਕਿਵੇਂ ਪੰਜਾਬ ਤਰੱਕੀ ਦੇ ਰਾਹ ਪਏਗਾ। ਸਾਡੀ ਸਰਕਾਰ ਬਣਨ ਤੇ ਪਾਣੀਆਂ ਅਤੇ ਪੰਥਕ ਮੁਦੇ ਰਾਤੋ ਰਾਤ ਹੱਲ ਹੋ ਜਾਣਗੇ। ਬਾਜਪਾਈ ਨੂੰ ਹਮਾਇਤ ਦੇਣ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਿੱਧੇ ਸ਼ਬਦਾਂ ਵਿਚ ਕਹਿਆ ਕਿ ਅਸੀਂ ਬਿਨਾ ਸ਼ਰਤ ਕੇਂਦਰੀ ਸਰਕਾਰ ਨੂੰ ਹਮਾਇਤ ਦਿੰਦੇ ਹਾਂ। ਕੌਮੀ ਅਣਖ਼ ਦਾ ਨਿਘਾਰ ਹੀ ਕਹਿਆ ਜਾ ਸਕਦਾ ਹੈ। ਬਿਨਾ ਸ਼ਰਤ ਨਿੱਜੀ ਗਰਜ਼ਾਂ ਵਿਚ ਲੁਕੀ ਹੋਈ ਸੀ।
ਬੜੀ ਹੁਭ ਨਾਲ ਕਿਹਾ ਕਿ ਸਾਡੀ ਸਰਕਾਰ ਆ ਲੈਣ ਦਿਓ ਸਭ ਤੋਂ ਪਹਿਲਾਂ ਉਹਨਾਂ ਪੁਲਸ ਵਾਲਿਆਂ ਦੀ ਸ਼ਾਮਤ ਆਏਗੀ ਜਿਨ੍ਹਾਂ ਨੇ ਜਬਰ, ਜ਼ੁਲਮ ਦੀ ਹਨੇਰੀ ਲਿਆਂਦੀ ਸੀ। ਉਹਨਾਂ ਸਭ ਅਫ਼ਸਰਾਂ ਦੀਆਂ ਜਾਇਦਾਦਾਂ ਜ਼ਬਤ ਹੋਣਗੀਆਂ ਜਿੰਨ੍ਹਾਂ ਨੇ ਨਜਾਇਜ਼ ਬਣਾਈਆਂ ਹਨ। ਅਸੀਂ ਸ਼ਹੀਦ ਹੋ ਚੁਕੇ ਪਰਵਾਰਾਂ ਦੀ ਸਾਰ ਲਵਾਂਗੇ। ਉਹਨਾਂ ਲਈ ਰੋਜ਼ਗਾਰ ਦੇ ਸਾਧਨ ਪੈਦਾ ਕਰਾਂਗੇ। ਸ਼ਹੀਦ ਪ੍ਰਵਾਰਾਂ ਦੇ ਬੱਚਿਆਂ ਦੀ ਸੰਭਾਲ ਕਰਾਂਗੇ। ਧਰਮੀ ਫੋਜੀਆਂ ਦੇ ਮੁੜ ਵਸੇਬੇ ਲਈ ਕਾਨੂੰਨ ਬਣਾਏ ਜਾਣਗੇ ਜਦੋਂ ਪੰਥਕ ਸਰਕਾਰ ਬਣੇਗੀ। ਸਭ ਤੋਂ ਵੱਡੀ ਗੱਲ ਕਿ ਚਿਰਾਂ ਦੇ ਜੇਲ੍ਹਾਂ ਵਿਚ ਬੈਠੇ ਨੋਜਵਾਨਾਂ ਨੂੰ ਰਿਹਾ ਕੀਤਾ ਜਾਏਗਾ। ਸਿੱਖ ਰੈਫਰੈਂਸ ਲਾਇਬ੍ਰੇਰੀ ਵਾਲਾ ਖ਼ਜ਼ਾਨਾ ਸਰਕਾਰ ਕੋਲੋਂ ਵਾਪਸ ਲਿਆ ਜਾਏਗਾ। ਪੰਥਕ ਸਰਕਾਰ ਵਿਚ ਕਿਸੇ ਨਾਲ ਧੱਕਾ ਨਹੀਂ ਕੀਤਾ ਜਾਏਗਾ।
ਅਕਾਲੀ ਦਲ ਨੇ ਪੰਥਕ ਮੁਦੇ ਪੇਸ਼ ਕੀਤੇ, ਪੰਜਾਬ ਦੀਆਂ ਮੰਗਾਂ ਦੀ ਗੱਲ ਕੀਤੀ। ਲੋਕਾਂ ਭਰੋਸਾ ਕੀਤਾ। ਕਈ ਵਾਰ ਪੰਜਾਬ ਦਾ ਮੁਖ ਮੰਤ੍ਰੀ ਬਣਾ ਦਿੱਤਾ। ਪੰਡਤ ਨਹਿਰੂ ਦੇ ਕਹੇ ਬੋਲਾਂ ਨੂੰ ਆਪਣਿਆਂ ਨੇ ਦੁਹਰਾਇਆ ਕਿ ਸਮਾਂ ਬੀਤ ਗਿਆ ਹੈ। ਪੰਥਕ ਤੇ ਸੂਬੇ ਦੀਆਂ ਮੰਗਾਂ ਵਜ਼ੀਰੀ ਦੀ ਭੇਟ ਚੜ੍ਹਦੀਆਂ ਸਭ ਨੇ ਦੇਖੀ। ਨਵਾਂ ਸਬਕ ਦਿੱਤਾ ਗਿਆ ਕਿ ਹੁਣ ਭੁਲਣ ਵਿਚ ਹੀ ਭਲਾ ਹੈ।ੳਂਝ ਜਦੋਂ ਪੰਜਾਬ ਦੀ ਚੋਣ ਆਉਂਦੀ ਰਹੀ ਤਾਂ ਕੇਵਲ ਇਕੋ ਮੁਦਾ ਹੀ ਰਹਿ ਜਾਂਦਾ ਸੀ ਕਾਂਗਰਸ ਨੇ ਸਿੱਖਾਂ ਨਾਲ ਬਹੁਤ ਵਧੀਕੀਆਂ ਕੀਤੀਆਂ ਹਨ। ਡੱਡੂ ਬਗਲੇ ਦੇ ਯਰਾਨੇ ਨੇ ਤਲਾਬ ਦੀਆਂ ਸਾਰੀਆਂ ਮੱਛੀਆਂ ਖੁਆ ਦਿੱਤੀਆਂ। ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਬਣਾਉਂਦਾ ਰਿਹਾ, ਪੰਜਾਬ ਹਲਾਲ ਹੁੰਦਾ ਰਿਹਾ। ਸੌਦਾ ਸਾਧ ਦੇ ਇਤਰਾਜ਼ਯੋਗ ਝੱਗੇ ਦੇ ਇਲਜ਼ਾਮ ਲੱਗੇ, ਸ਼੍ਰੋਮਣੀ ਕਮੇਟੀ ਦਾ 92 ਲੱਖ ਰੁਪਈਆ ਇਸ਼ਤਿਹਾਰਾਂ ਵਿਚ ਲੱਗਿਆ ਕਿ ਅਸਾਂ ਬਹੁਤ ਵੱਡਾ ਮਾਰਕਾ ਮਾਰਿਆ ਹੈ। ਲੋਕਾਂ ਨੇ ਇਹਨਾਂ ਨੂੰ ਘਰਾਂ ਵਿਚ ਹੀ ਬੰਦ ਕਰ ਦਿੱਤਾ।
ਰੋਂਦੇ ਬੱਚੇ ਨੂੰ ਚੁਪ ਕਰਾਉਣ ਲਈ ਲਾਲੀਪੋਪ ਦਿੱਤਾ ਜਾਂਦਾ ਹੈ ਏਸੇ ਤਰ੍ਹਾਂ ਪੰਜਾਬ ਦੀ ਕੋਈ ਵਿਉਂਤ ਬੰਦੀ ਬਣਾਉਣ ਦੀ ਥਾਂ ‘ਤੇ ਬਜ਼ੁਰਗਾਂ ਨੂੰ ਤੀਰਥਾਂ ਤੇ ਲਿਜਾਣ ਲਈ ਮੁਫਤ ਰੇਲ ਗੱਡੀਆਂ ਦੇ ਝੂਟੇ ਦਿੱਤੇ ਗਏ। ਅੰਨ੍ਹੇ ਮਾਂ ਪਿਉ ਦੀ ਸਰਵਣ ਨੇ ਸੇਵਾ ਕੀਤੀ, ਸੰਗਤਾਂ ਨਿਹਾਲ ਹੋਈਆਂ ਪੰਜ ਸਾਲ ਲਈ ਫਿਰ ਚੁਣ ਲਿਆ ਗਿਆ। ਵੱਡਿਆਂ ਨੇ ਫਰਮਾਇਆ ਕਿ ਮੈਂ ਹੁਣ ਬੁਢਾ ਹੋ ਗਿਆ ਹਾਂ ਤੁਹਾਡੇ ਵਿਚ ਕੋਈ ਕਾਬਲ ਅਕਾਲੀ ਨਹੀਂ ਰਿਹਾ ਇਸ ਲਈ ਮੇਰਾ ਬੇਟਾ ਉਪ ਮੁਖ ਮੰਤਰੀ ਬਣੇਗਾ। ਭਾਵ ਰਾਜੇ ਦਾ ਪੁਤ ਹੀ ਰਾਜਾ ਬਣੇਗਾ। ਹੀਂ ਹੀਂ ਕਰਕੇ ਸਾਰਿਆਂ ਨੇ ਪ੍ਰਵਾਨਗੀ ਲਈ ਸਿਰ ਹਿਲਾਇਆ। ਸਰਕਾਰੀ ਅਨੰਦ ਹੇਠ ਆਪਣੇ ਆਪ ਨੂੰ ਅਣਖੀ ਅਖਵਾਉਣ ਵਾਲੇ ਦੰਦਾਂ ਹੇਠ ਜ਼ਬਾਨ ਦੇ ਕੇ ਬੈਠ ਗਏ। ਇਸ ਲਈ ਕਿ ਕਿਤੇ ਸਾਡੇ ਨਿਆਣਿਆਂ ਦੀਆਂ ਟਿਕਟਾਂ ਹੀ ਨਾ ਕੱਟੀਆਂ ਜਾਣ।
ਹੁਣ ਜਦੋਂ ਵੀ ਅਕਾਲੀਆਂ ਦੀ ਸਰਕਾਰ ਆਉਂਦੀ ਤਾਂ ਹਰ ਵਾਰੀ ਜੂਨ 1984 ਨੂੰ ਭੁਲਣ ਲਈ ਕਹਿੰਦੇ। ਜੇ ਕੋਈ ਯਾਦ ਕਰਨ ਦਾ ਯਤਨ ਕਰਦਾ ਤਾਂ ਟਾਸਕ ਫੋਰਸ ਨਾਲ ਚੁਪ ਕਰਾ ਦਿੰਦੇ ਕਿੰਨੀਆਂ ਚੌਰਾਸੀ ਲੰਘੀਆਂ ਹਰ ਵਾਰ ਪੰਥਕ ਸਰਕਾਰ ਨੇ ਕੇਂਦਰੀ ਸਰਕਾਰ ਨੂੰ ਕੁਝ ਚੰਗਾ ਦਿਖਾਉਣ ਲਈ ਸ਼ਹੀਦੀ ਸਮਾਗਮਾਂ ’ਤੇ ਰੋਕਾਂ ਲਗਾਈਆਂ। ਪੰਥਕ ਸਰਕਾਰ ਹੋਣ ਦੇ ਨਾਤੇ ਇਹ ਹੀ ਕੋਸ਼ਿਸ਼ ਰਹੀ ਕਿ ਗਰਮ ਦਲੀਆਂ ਨੂੰ ਅਕਾਲ ਤਖਤ ’ਤੇ ਨਾ ਆਉਣ ਦਿੱਤਾ ਜਾਵੇ। ਹਾਲਾਤ ਏਦਾਂ ਦੇ ਬਣ ਗਏ ਕਿ ਪੰਥਕ ਸਰਕਾਰ ਸਪੱਸ਼ਟੀਕਰਣ ਹੀ ਦਿੰਦੀ ਰਹੇ ਕਿ ਅਸੀਂ ਬਹੁਤ ਵੱਡੇ ਦੇਸ਼ ਭਗਤ ਹਾਂ।
ਇਸ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੂਨ 1984 ਨੂੰ ਯਾਦ ਕਰ ਰਹੀਆਂ ਪੰਥਕ ਧਿਰਾਂ ਦਾ ਵਿਰੋਧ ਨਹੀ ਕੀਤਾ ਕਿਉਂ?
ਜੂਨ 1984 ਦੇ ਅਹਿਮ ਮੁਦੇ ‘ਤੇ ਪ੍ਰਸਿੱਧ ਪੱਤਰਕਾਰ ਸ੍ਰ. ਗੁਰਿੰਦਰ ਸਿੰਘ ਮਹਿੰਦੀਰੱਤਾ ਦੀ ਟਿੱਪਣੀ ਬਹੁਤ ਭਾਵਪੂਰਤ ਹੈ ਜੋ 7 ਜੂਨ 2021 ਨੂੰ ਸਪੋਕਸਮੈਨ ਵਿਚ ਛਪੀ:-
ਅਕਾਲੀ ਦਲ ਬਾਦਲ ਹੁਣ ਸ਼੍ਰੋਮਣੀ ਕਮੇਟੀ ਰਾਹੀਂ ਸਿੱਖਾਂ ਦੀਆਂ ਵੋਟਾਂ ਹਾਸਲ ਕਰਨ ਲਈ ਯਤਨਸ਼ੀਲ
ਇਸ ਵਾਰ 6 ਜੂਨ ਨੂੰ ਗਰਮਖਿਆਲੀਆਂ ਨਾਲ ਸ਼੍ਰੋਮਣੀ ਕਮੇਟੀ ਦੇ ਟਕਰਾਅ ਦੀ ਕੋਈ ਖਬਰ ਪ੍ਰਕਾਸ਼ਿਤ ਨਾ ਹੋਣਾ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਿੱਖ ਕੌਮ ਦਾ ਸਰਮਾਇਆ ਦਰਸਾਉਣਾ, ਖਾਲਿਸਤਾਨ ਦੇ ਨਾਹਰਿਆਂ ਨੂੰ ਜਾਇਜ ਠਹਿਰਾਉਣਾ, ਅਕਾਲ ਤਖਤ ਦੇ ਜਥੇਦਾਰ ਵੱਲੋਂ ਘੱਲੂਘਾਰੇ ਨੂੰ ਸਾਕਾ ਨੀਲਾ ਤਾਰਾ ਜਾਂ ਬਲਿਊ ਸਟਾਰ ਅਪ੍ਰੇਸ਼ਨ ਨਾ ਲਿਖਣ ਬਾਰੇ ਮੀਡੀਏ ਨੂੰ ਅਪੀਲ ਕਰਨੀ, ਪਿਛਲੇ ਕੁਝ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਕਈ ਥਾਵਾਂ ’ਤੇ ਖੋਲ੍ਹੇ ਗਏ ਕੋਵਿਡ ਸੈਂਟਰਾਂ ਦਾ ਉਦਘਾਟਨ ਸੁਖਬੀਰ ਸਿੰਘ ਬਾਦਲ ਵੱਲੋਂ ਕਰਨ ਵਾਲੀਆਂ ਅਨੇਕਾਂ ਉਦਾਹਰਨਾ ਦਿੱਤੀਆਂ ਜਾ ਸਕਦੀਆਂ ਹਨ, ਜਿਸ ਤੋਂ ਸਹਿਜੇ ਹੀ ਅੰਦਾਜਾ ਲੱਗਦਾ ਹੈ ਕਿ ਅਕਾਲੀ ਦਲ ਬਾਦਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਰਾਹੀਂ ਪ੍ਰੰਪਰਾਗਤ ਸਿੱਖ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਵਿੱਚ ਲੱਗ ਗਿਆ ਹੈ। ਪਹਿਲਾਂ ਆਰ.ਐਸ.ਐਸ. ਅਤੇ ਭਾਜਪਾ ਦੇ ਦਬਾਅ ਕਾਰਨ ਅਕਾਲੀ ਦਲ ਬਾਦਲ ਨੇ ਪੰਥਕ ਰਹਿਤ ਮਰਿਆਦਾ, ਸਿੱਖ ਸਿਧਾਂਤਾਂ ਜਾਂ ਵਿਚਾਰਧਾਰਾ ਦੀ ਬਹੁਤੀ ਪ੍ਰਵਾਹ ਕਰਨੀ ਛੱਡ ਦਿੱਤੀ ਸੀ, ਕਿਉਂਕਿ ਬਾਦਲ ਦਲ ਨੇ ਜੁੂਨ 84 ਅਤੇ ਨਵੰਬਰ 84 ਦੇ ਸਿੱਖ ਵਿਰੋਧੀ ਘੱਲੂਘਾਰਿਆਂ ਉੱਪਰ ਸਿਆਸੀ ਰੋਟੀਆਂ ਤਾਂ ਬਹੁਤ ਸੇਕੀਆਂ ਅਤੇ ਉਕਤ ਘਟਨਾਵਾਂ ਦੀ ਆੜ ਵਿੱਚ ਕਾਂਗਰਸ ਨੂੰ ਨੀਵਾਂ ਦਿਖਾ ਕੇ ਭਾਜਪਾ ਨੂੰ ਫਾਇਦਾ ਪਹੁੰਚਾਉਣ ਦੀ ਕੌਸ਼ਿਸ਼ ਵੀ ਕੀਤੀ ਪਰ ਦੋਨੋਂ ਘਟਨਾਵਾਂ ਤੋਂ ਪੀੜਤ ਸਿੱਖ ਪਰਿਵਾਰਾਂ ਦੀ ਕਦੇ ਸਾਰ ਲੈਣ ਦੀ ਜਰੂਰਤ ਤੱਕ ਨਾ ਸਮਝੀ। ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜੂਦ 1986 ਵਿੱਚ ਵਾਪਰੇ ਨਕੋਦਰ ਕਾਂਡ ਅਤੇ 2015 ਦੀਆਂ ਬੇਅਦਬੀ ਕਾਂਡ ਵਾਲੀਆਂ ਘਟਨਾਵਾਂ ਤੋਂ ਪੀੜਤ ਪਰਿਵਾਰਾਂ ਨੂੰ ਅਜੇ ਤੱਕ ਵੀ ਇਨਸਾਫ ਨਹੀਂ ਮਿਲਿਆ।
ਜੂਨ 84 ਦੇ ਘੱਲੂਘਾਰੇ ਦੀ ਬਰਸੀ ਅਰਥਾਤ ਯਾਦ ਮਨਾਉਣ ਮੌਕੇ ਇਸ ਵਾਰ 6 ਜੂਨ ਨੂੰ ਸ਼੍ਰੋਮਣੀ ਕਮੇਟੀ ਦਾ ਰਵੱਈਆ ਗਰਮਖਿਆਲੀਆਂ ਪ੍ਰਤੀ ਕਾਫੀ ਨਰਮੀ ਵਾਲਾ ਰਿਹਾ ਅਤੇ ਇਸ ਵਾਰ ਪਹਿਲਾਂ ਦੀ ਤਰਾਂ ਟਕਰਾਅ ਵੀ ਦੇਖਣ ਨੂੰ ਨਾ ਮਿਲਿਆ। ਹਰ ਸਾਲ ਦੀ ਤਰਾਂ ਇਸ ਵਾਰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ (ਮੱਕੜ ਸੈਨਾ) ਵੀ ਪ੍ਰਕਰਮਾ ਵਿੱਚ ਜਾਂ ਅਕਾਲ ਤਖਤ ਦੇ ਆਸ ਪਾਸ ਨਜਰ ਨਾ ਆਈ, ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕੌਮ ਦੇ ਨਾਂਅ ਸੰਦੇਸ਼ ਵਿੱਚ ਹਮਦਰਦੀ ਜਤਾਉਂਦਿਆਂ ਕਿਹਾ ਕਿ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਸਿੱਖਾਂ ਦੇ ਦਰਦ ਦੇ ਕਾਰਨ ਨਿਕਲਦੇ ਹਨ, 37 ਸਾਲਾਂ ਬਾਅਦ ਅਕਾਲ ਤਖਤ ਦੇ ਜਥੇਦਾਰ ਵਲੋਂ ਜੂਨ 84 ਦੇ ਪੀੜਤ ਪਰਿਵਾਰਾਂ ਅਤੇ ਚਸ਼ਮਦੀਦ ਗਵਾਹਾਂ ਨੂੰ ਉਸ ਸਮੇਂ ਦੇ ਘਟਨਾਕ੍ਰਮ ਦੇ ਵੀਡੀਉ ਕਲਿੱਪ ਬਣਾ ਕੇ ਅਕਾਲ ਤਖਤ ’ਤੇ ਭੇਜਣ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜੂਨ 84 ਦੇ ਘੱਲੂਘਾਰੇ ਵਿੱਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਦਰਸ਼ਨ ਕਰਵਾ ਕੇ ਸਿੱਖ ਸੰਗਤਾਂ ਵਿੱਚ 1984 ਦੇ ਦਰਦ ਦੇ ਜ਼ਖ਼ਮਾਂ ਨੂੰ ਦੁਬਾਰਾ ਹਰਾ ਕਰਨ ਦੀ ਕੌਸ਼ਿਸ਼ ਆਦਿਕ ਉਦਾਹਰਨਾਂ ਦਰਸਾਉਂਦੀਆਂ ਹਨ ਕਿ ਅਕਾਲੀ ਦਲ ਬਾਦਲ ਵਲੋਂ ਬਰਗਾੜੀ ਬੇਅਦਬੀ ਕਾਂਡ ਅਤੇ ਉਸ ਤੋਂ ਬਾਅਦ ਵਾਪਰੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਸੀਆਂ ਦੇ ਅੱਤਿਆਚਾਰ ਵਾਲੀਆਂ ਘਟਨਾਵਾਂ ਤੋਂ ਧਿਆਨ ਹਟਾ ਕੇ ਤਖਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਰਾਹੀਂ ਸਿੱਖਾਂ ਦਾ ਧਿਆਨ ਇਸ ਘੱਲੂਘਾਰੇ ਵਾਲੇ ਪਾਸੇ ਲਾਉਣ ਦੀਆਂ ਕੌਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਜੂਨ 84 ਦੇ ਘੱਲੂਘਾਰੇ ਦਾ ਕਾਲਾ ਦਾਗ ਕਾਂਗਰਸ ਪਾਰਟੀ ਅਰਥਾਤ ਉਸ ਸਮੇਂ ਦੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਮੱਥੇ ’ਤੇ ਹੈ ਅਤੇ ਵਰਤਮਾਨ ਸਮੇਂ ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ।
ਜਿਕਰਯੋਗ ਹੈ ਕਿ ਭਾਜਪਾ ਨਾਲ ਗਠਜੋੜ ਹੋਣ ਕਰਕੇ ਅਤੇ ਸੱਤਾ ਦੇ ਨਸ਼ੇ ਵਿੱਚ ਚੂਰ ਬਾਦਲ ਦਲ ਹੁਣ ਤੱਕ ਪੰਥਕ ਵਿਚਾਰਧਾਰਾ, ਰਹਿਤ ਮਰਿਆਦਾ, ਸਿੱਖ ਸਿਧਾਂਤਾਂ ਅਤੇ ਗਰਮਖਿਆਲੀਆਂ ਤੋਂ ਕਾਫੀ ਦੂਰ ਰਿਹਾ। ਜਿਸ ਕਰਕੇ ਤਖਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਨੇ ਵੀ ਗਰਮਖਿਆਲੀਆਂ ਤੋਂ ਦੂਰੀ ਬਣਾਈ ਰੱਖੀ। ਕਿਉਂਕਿ ਸ਼੍ਰੋਮਣੀ ਕਮੇਟੀ ਅਤੇ ਤਖਤਾਂ ਦੇ ਜਥੇਦਾਰ ਆਪਣੇ ਸਿਆਸੀ ਆਕਾਵਾਂ ਵੱਲੋਂ ਮਿਲੇ ਇਸ਼ਾਰੇ ਤੋਂ ਰੰਚਿਕ ਮਾਤਰ ਵੀ ਬਾਹਰ ਜਾਣ ਦੀ ਜੁਰਅਤ ਨਹੀਂ ਕਰ ਸਕਦੇ। ਪਹਿਲਾਂ ਆਰਐਸਐਸ ਅਤੇ ਭਾਜਪਾ ਦੇ ਸਾਰੇ ਆਗੂਆਂ ਦਾ ਬਾਦਲ ਪਰਿਵਾਰ ’ਤੇ ਹਰ ਸਮੇਂ ਦਬਾਅ ਬਣਿਆ ਰਹਿੰਦਾ ਸੀ ਕਿ ਉਹ ਗਰਮਖਿਆਲੀਆਂ ਤੋਂ ਦੂਰ ਰਹਿਣ ਅਤੇ ਉਨ੍ਹਾਂ ਨਾਲ ਕੋਈ ਵਾਸਤਾ ਨਾ ਰੱਖਣ। ਪਰ ਹੁਣ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਟੁਟ ਚੁਕਾ ਹੈ। ਅਕਾਲੀ ਦਲ ਬਾਦਲ ਪਿਛਲੇ ਲੰਮੇ ਸਮੇਂ ਤੋਂ ਸਿੱਖ ਪੰਥ ਦੀ ਨਰਾਜਗੀ ਦਾ ਸ਼ਿਕਾਰ ਹੈ। ਤਤਕਾਲੀਨ ਬਾਦਲ ਸਰਕਾਰ ਦੌਰਾਨ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਪਾਵਨ ਸਰੂਪ ਚੋਰੀ ਹੋਣ, 24-25 ਸਤੰਬਰ ਦੀ ਦਰਮਿਆਨੀ ਰਾਤ ਨੂੰ ਬਰਗਾੜੀ ਅਤੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਿਆਂ ਦੀਆਂ ਕੰਧਾਂ ’ਤੇ ਭੜਕਾਊ ਪੋਸਟਰ ਲੱਗਣ, 12 ਅਕਤੂਬਰ ਨੂੰ ਬਰਗਾੜੀ ਵਿਖੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ, 14 ਅਕਤੂਬਰ ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ’ਤੇ ਪੁਲਸੀਆਂ ਅੱਤਿਆਚਾਰ ਢਾਹੁਣ ਦੇ ਬਾਦਲ ਸਰਕਾਰ ਉੱਪਰ ਦੋਸ਼ ਲੱਗੇ ਹਨ। ਇਸ ਤੋਂ ਇਲਾਵਾ ਉਕਤ ਘਟਨਾਵਾਂ ਲਈ ਜਿੰਮੇਵਾਰ ਸਮਝੇ ਜਾਂਦੇ ਡੇਰਾ ਸਿਰਸਾ ਦੇ ਮੁਖੀ ਨੂੰ ਤਖਤਾਂ ਦੇ ਜਥੇਦਾਰਾਂ ਤੋਂ ਜਬਰੀ ਬਿਨ ਮੰਗੀ ਮਾਫੀ ਦਿਵਾਉਣ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਸਰਪ੍ਰਸਤੀ ਦੇ ਦੋਸ਼ ਵੀ ਬਾਦਲਾਂ ਉੱਪਰ ਲੱਗ ਚੁਕੇ ਹਨ। ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਅਤੇ ਪੰਥਦਰਦੀਆਂ ਦੀ ਨਰਾਜਗੀ ਨੂੰ ਦੂਰ ਕਰਕੇ ਬਾਦਲ ਦਲ ਕਿਸੇ ਵੀ ਤਰ੍ਹਾਂ ਸਿੱਖਾਂ ਦੀਆਂ ਵੋਟਾਂ ਵਾਪਸ ਲਿਆਉਣ ਲਈ ਯਤਨਸ਼ੀਲ ਹੈ।
ਛੱਡ ਕੇ ਹੋਰਾਂ ਦੀਆਂ ਜੂਠਾਂ ਤੇ ਚਗਲਾਂ ਖਾਣੀਆਂ,
ਗਿਦੜੋਂ ਸ਼ੇਰਾਂ ਵਾਂਗੂ ਢਿੱਡ ਭਰਨਾ ਸਿੱਖ ਲਓ।
ਅਮਰ ਜੀਵਨ ਮਿਲਦਾ ਮੌਤ ਦੀ ਘਾਟੀ ਵਿਚੋਂ ਲੰਘ ਕੇ,
ਮੌਤ ਦੇ ਵਣਜਾਰਿਓ! ਪਹਿਲਾਂ ਮੌਤ ਮਰਨਾ ਸਿੱਖ ਲਓ।
ਬਲੱਗਣ