ਗੁਰਮਤਿ ਗਿਆਨ ਮਿਸ਼ਨਰੀ ਕਾਲਜ
Gurmat Gian Missionary College

ਗੁਰਬਚਨ ਸਿੰਘ ਪੰਨਵਾਂ

99155-29725

ਸਿੱਖੀ ਦਾ ਦੁਖਦਾਈ ਪਹਿਲੂ

ਜਿੱਥੇ ਸੱਚ ਪਰਗਟ ਹੁੰਦਾ ਹੈ ਉਥੇ ਸੱਚ ਦਾ ਪਰਚਾਰ ਕਰਨ ਵਾਲੇ ਵੀ ਪ੍ਰਗਟ ਹੋ ਜਾਂਦੇ ਹਨ। ਸੱਚ ਦਾ ਪ੍ਰਚਾਰ ਕਰਨ ਵਾਲਿਆਂ ਦੀ ਲੋਕਾਂ ਵਿਚ ਪ੍ਰਤਿਭਾ ਵੱਧਣੀ ਸ਼ੁਰੂ ਹੋ ਜਾਂਦੀ ਹੈ। ਲੋਕਾਂ ਵਲੋਂ ਮਿਲੇ ਮਾਣ ਸਨਮਾਨ ਕਰਕੇ ਕੁਦਰਤੀ ਬੰਦਾ ਹੰਕਾਰ ਵਿਚ ਵੀ ਆ ਜਾਂਦਾ ਹੈ। ਅਜੇਹੇ ਪ੍ਰਚਾਰਕ ਸਮਝਣ ਲੱਗ ਜਾਂਦੇ ਹਨ ਕਿ ਇਹ ਸੱਚ ਤਾਂ ਕੇਵਲ ਸਾਡੇ ਆਸਰੇ ਹੀ ਖੜਾ ਹੈ। ਸਾਡੇ ਪ੍ਰਚਾਰ ਕਰਕੇ ਹੀ ਇਸ ਸੱਚ ਦੀ ਵੁਕਤ ਹੋਈ ਹੈ। ਇਸ ਗਲਤ ਫਹਿਮੀ ਕਰਕੇ ਮਨੁਖ ਸੱਚ ਨਾਲੋਂ ਵੀ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਜਾਂਦਾ ਹੈ। ਹੌਲ਼ੀ ਹੌਲ਼ੀ ਸੱਚ ਦਾ ਪ੍ਰਚਾਰ ਕਰਨ ਵਾਲੇ ਸੱਚ ਨੂੰ ਜ਼ਮੀਨ ਵਿਚ ਦੱਬ ਕੇ ਪੱਕੇ ਤੌਰ ‘ਤੇ ਸੱਚ ਦੇ ਉਪਰ ਹੀ ਬੈਠ ਜਾਂਦੇ ਹਨ। ਇਹ ਫਿਰ ਆਪਣਾ ਹੀ ਸੱਚ ਬਣਾ ਲੈਂਦੇ ਹਨ।

ਸੋਨਾ ਬਹੁਤ ਮਹਿੰਗੀ ਧਾਤ ਹੈ। ਸਾਰੇ ਲੋਕ ਸੋਨਾ ਖਰੀਦਣ ਦੇ ਸਮਰੱਥ ਨਹੀਂ ਹੁੰਦੇ ਪਰ ਅਮੀਰ ਲੋਕ ਸੋਨੇ ਦੇ ਗਹਿਣੇ ਪਹਿਨ ਕੇ ਲੋਕਾਂ ਨੂੰ ਇਹ ਦਸਣ ਦਾ ਯਤਨ ਕਰਦੇ ਹਨ ਕਿ ਅਸੀਂ ਬਹੁਤ ਅਮੀਰ ਹਾਂ। ਕਈ ਵਿਚਾਰੇ ਸੋਨਾ ਤਾਂ ਖਰੀਦ ਨਹੀਂ ਸਕਦੇ ਪਰ ਇਸ ਝੱਸ ਨੂੰ ਪੂਰਾ ਕਰਨ ਲਈ ਨਕਲੀ ਸੋਨੇ ਦਾ ਆਸਰਾ ਲੈਂਦੇ ਹਨ। ਉਹ ਬਿਲਕੁਲ ਸੋਨੇ ਵਰਗਾ ਹੀ ਝੌਲ਼ਾ ਪਉਂਦਾ ਹੈ। ਬੰਦਾ ਸਮਝਦਾ ਹੈ ਕਿ ਸ਼ਾਇਦ ਸੋਨਾ ਪਾਉਣ ਨਾਲ ਹੀ ਸਾਡੀ ਸਮਾਜ ਵਿਚ ਕੋਈ ਵੁਕਤ ਹੋਏਗੀ, ਇਸ ਲਈ ਲੋਕ ਨਕਲੀ ਸੋਨੇ ਦਾ ਸਹਾਰਾ ਲੈਂਦੇ ਹਨ। ਸਾਡੇ ਸਮਾਜ ਵਿਚ ਸੋਨੇ ਦੇ ਗਹਿਣਿਆਂ ਤੋਂ ਮਨੁਖ ਦੀ ਹੈਸੀਅਤ ਦਾ ਪਤਾ ਲੱਗਦਾ ਹੈ ਕਿ ਇਹ ਕਿੰਨਾ ਅਮੀਰ ਹੈ ਜਾਂ ਗਰੀਬ ਹੈ। ਜਾਂ ਏਦਾਂ ਕਹੀਏ ਕਿ ਅਸੀਂ ਸੋਨਾ ਪਹਿਨ ਕੇ ਸਮਾਜ ਵਿਚ ਆਪਣੇ ਆਪ ਨੂੰ ਅਮੀਰ ਦਸਣ ਦਾ ਯਤਨ ਕਰ ਰਹੇ ਹਾਂ।

ਜੇ ਜ਼ਰਾ ਕੁ ਗਹੁ ਕਰਕੇ ਦੇਖੀਏ ਤਾਂ ਸਿੱਖ ਕੌਮ ਨਾਲ ਵੀ ਅਜਿਹਾ ਹੀ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਚਾਰ ਕਰਨ ਦਾ ਦਾਅਵਾ ਕਰਨ ਵਾਲਿਆਂ ਨੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਇਸ ਢੰਗ ਨਾਲ ਦੱਬਿਆ ਹੈ ਕਿ ਦੇਖਣ ਸੁਣਨ ਵਾਲਾ ਹੁਣ ਇਹਨਾਂ ਨੂੰ ਹੀ ਅਸਲੀ ਗੁਰੂ ਸਾਹਿਬ ਦੇ ਵਾਰਸ ਸਮਝਣ ਲੱਗ ਪਿਆ ਹੈ। ਇਹਨਾਂ ਸਿੱਖੀ ਦੇ ਪਾਂਡਿਆਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਆਮ ਸਿੱਖ ਦੀ ਦੂਰੀ ਬਹੁਤ ਵਧਾ ਦਿੱਤੀ ਹੈ।

ਸਭ ਤੋਂ ਪਹਿਲੀ ਗੱਲ ਕਿ ਸਿੱਖ ਧਰਮ ਦਾ ਪਰਚਾਰ ਕਰਨ ਦਾ ਦਾਅਵਾ ਕਰਨ ਵਾਲੇ ਬਹੁਤਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੇ ਬ੍ਰਾਹਮਣੀ ਸਿਧਾਂਤ ਸਬੰਧੀ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਆਪਣੇ ਆਪ ਵਲੋਂ ਤਾਂ ਉਹ ਸਿੱਖ ਧਰਮ ਦਾ ਹੀ ਪ੍ਰਚਾਰ ਕਰ ਰਹੇ ਹਨ ਪਰ ਉਹ ਵਿਚਲੇ ਫਰਕ ਨੂੰ ਸਮਝਣ ਲਈ ਤਿਆਰ ਨਹੀਂ ਹਨ। ਜੇ ਜਾਣਕਾਰੀ ਹੈ ਤਾਂ ਉਸ ਦੀ ਉਹ ਵਰਤੋਂ ਨਹੀਂ ਕਰਦੇ ਕਿਉਂਕਿ ਉਹਨਾਂ ਦੀ ਦੁਕਾਨ ਬੰਦ ਹੁੰਦੀ ਹੈ। ਆਪਣੇ ਵਲੋਂ ਤਾਂ ਉਹ ਸਿੱਖੀ ਦਾ ਪ੍ਰਚਾਰ ਹੀ ਕਰ ਰਹੇ ਹਨ ਪਰ ਉਹ ਸਾਰੀਆਂ ਮਨਘੜਤ ਕਹਾਣੀਆਂ, ਮਰ ਚੁਕੇ ਸਾਧਾਂ ਦੀਆਂ ਹੀ ਸੁਣਾਉਂਦੇ ਹਨ। ਇਹ ਪ੍ਰਚਾਰਕ ਆਲੇ ਦੁਅਲਿਓਂ ਘੁਮਾ ਫਿਰਾ ਕੇ ਆਪਣੇ ਬਾਬੇ ਦੀ ਮਹਿਮਾ ਹੀ ਪੇਸ਼ ਕਰਦੇ ਹਨ। ਜਨਮ ਮਰਨ, ਧਰਮ ਦਾ ਲੇਖਾ ਪੁਛਣਾ, ਨਰਕ ਸਵਰਗ ਦਾ ਪੂਰਾ ਡਰ ਪੈਦਾ ਕਰਨ ਵਾਲੀਆਂ ਬਣਾਉਟੀ ਕਹਾਣੀਆਂ ਸੁਣਾਉਂਦੇ ਹਨ। ਇਹ ਗੁਰਬਾਣੀ ਦੇ ਨਿਵੇਕਲੇ ਸਿਧਾਂਤ ਨੂੰ ਮਹਾਂਭਾਰਤ ਜਾਂ ਰਮਾਇਣ ਵਾਂਗ ਪੇਸ਼ ਕਰਨ ਨੂੰ ਸਹੀ ਸਮਝਦੇ ਹਨ। ਏਦਾਂ ਕਹੀਏ ਕਿ ਇਹ ਗਪੌੜਾਂ ਨੂੰ ਹੀ ਪਹਿਲ ਦੇਂਦੇ ਹਨ।

ਸਿੱਖੀ ਵਿਚ ਸਭ ਤੋਂ ਵੱਧ ਗੈਰ ਕੁਦਰਤੀ ਵਿਚਾਰ ਨਾਨਕਸਰ ਵਾਲਿਆਂ ਨੇ ਘਸੋੜੀ ਹੈ। ਕਿੱਡਾ ਵੱਡਾ ਝੂਠ ਹੈ ਜੋ ਲੋਕ ਸੁਣਨ ਜਾ ਰਹੇ ਹਨ—ਜਿਹੜੇ ਵੀਰ ਹਮੇਸ਼ਾਂ ਕਹਿੰਦੇ ਨੇ ਕਿ ਬਾਬਾ ਨੰਦ ਸਿੰਘ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਸਾਡੇ ਬਾਬੇ ਦੀ ਸੇਵਾ ਤੋਂ ਖੁਸ਼ ਹੋ ਸਾਡੇ ਬਾਬਾ ਜੀ ਨੂੰ ਦਰਸ਼ਨ ਦਿੱਤੇ ਕੀ ਉਹ ਲੋਕ ਦੱਸਣਗੇ ਕਿ ਬਾਬਾ ਨੰਦ ਸਿੰਘ ਨੇ ਗੁਰੂ ਨਾਨਕ ਸਾਹਿਬ ਦੀ ਕਿਹੜੀ ਸਿੱਖਿਆ ਤੇ ਅਮਲ ਕੀਤਾ ਹੈ? ਇਹ ਤੇ ਇਸ ਤਰ੍ਹਾਂ ਹੈ ਕਿ ਜਿਵੇਂ ਗੁਰੂ ਨਾਨਕ ਸਾਹਿਬ ਜੀ ਸਾਰੀ ਮਨੁਖਤਾ ਨੂੰ ਛੱਡ ਕਿ ਸਪੈਸ਼ਲ ਬਾਬਾ ਨੰਦ ਸਿੰਘ ਨੂੰ ਦਰਸ਼ਨ ਦੇਣ ਆਏ ਹੋਣ? ਪਰ ਗੁਰਬਾਣੀ ਦਾ ਵਾਕ ਤਾਂ ਸਾਨੂੰ ਕੁਝ ਹੋਰ ਸਮਝਾ ਰਿਹਾ ਹੈ ਕਿ ਕੇਵਲ ਦਰਸ਼ਨਾਂ ਨਾਲ ਮਨੁਖ ਨੂੰ ਸਿੱਖਿਆ ਨਹੀਂ ਆ ਸਕਦੀ—ਜੇਹਾ ਕਿ

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥
ਹਉਮੈ ਮੈਲ ਨ ਚੁਕਈ ਨਾਮਿ ਨ ਲਗੈ ਪਿਆਰੁ॥
ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ॥
ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ॥(594)

ਗੁਰਬਾਣੀ ਦਾ ਤਾਂ ਇਲਾਹੀ ਫੁਰਮਾਣ ਹੈ-

ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ॥

ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ॥ (293)

ਅਤੇ

ਕਬੀਰ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥

ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (1372)

ਸਿੱਖੀ ਦੇ ਨਾਂ ਹੇਠ ਇਹਨਾਂ ਡੇਰੇ ਵਾਲਿਆਂ ਨੇ ਸਿੱਖੀ ਵਿਚਾਰਧਾਰਾ ਦੇ ਖਿਲਾਫ ਕੀਤੇ ਕੰਮ—

1 ਕਿਰਤ ਨਾ ਕਰਨਾ—- ਵਿਹਲੇ ਰਹਿ ਕੇ ਕੇਵਲ ਭਜਨ ਬੰਦਗੀ ਹੀ ਕਰਨੀ।

2 ਗ੍ਰਿਹਸਤ ਤੋਂ ਭਗੌੜੇ ਹੋਣਾ ਅਖੇ ਜੀ ਵਿਆਹ ਕੀਤਿਆਂ ਸਾਡੀ ਭਜਨ ਬੰਦਗੀ ਵਿਚ ਵਿਘਨ ਪੈਂਦਾ ਹੈ।

3 ਮਾਲ਼ਾ ਫੇਰਨੀਆਂ ਧਰਮ ਦਾ ਸਭ ਤੋਂ ਵੱਡਾ ਕਰਮ ਮੰਨ ਕੇ ਤੇ ਸ਼ਬਦ ਦੀ ਵਿਚਾਰ ਤੋਂ ਪੂਰੀ ਤਰ੍ਹਾਂ ਪਾਸਾ ਵੱਟਣਾ।

4 ਆਪਣੇ ਅਧੀਨ ਚੱਲਣ ਵਾਲੇ ਅਦਾਰਿਆਂ ਦੇ ਨਾਮ ਗੁਰਦੁਆਰੇ ਨਾ ਰੱਖ ਕੇ, ਡੇਰੇ, ਠਾਠ, ਭੋਰੇ ਅਤੇ ਟਿਕਾਣੇ ਪ੍ਰਚੱਲਤ ਕਰਨੇ।

5 ਸ਼ਬਦ ਦੀ ਵਿਚਾਰ ਛੱਡ ਕੇ ਗਿਣਤੀਆਂ ਮਿਣਤੀਆਂ ਨਾਲ ਗੁਰਬਾਣੀ ਪੜ੍ਹਨੀ। ਕਈ ਥਾਂਈ ਮੰਤਰਾਂ ਵਾਂਗ ਪਾਠ ਕਰਨਾ, ਸੰਪਟ ਪਾਠ ਦਾ ਮਹਾਤਮ ਤੇ ਹੋਰ ਕਈ ਕਿਸਮਾਂ ਦੇ ਪਾਠਾਂ ਵਿਚ ਕੌਮ ਨੂੰ ਉਲ਼ਝਾਉਣਾ। ਗੁਰਬਾਣੀ ਦੇ ਅਰਥ ਸਨਾਤਨੀ ਮਤ ਅਨੁਸਾਰ ਕਰਨੇ। ਇਤਿਹਾਸ ਦੀ ਥਾਂ ‘ਤੇ ਆਪਣੇ ਮਰ ਚੁਕੇ ਸਾਧਾਂ ਦੀਆਂ ਮਨਘੜਤ ਕਹਾਣੀਆਂ ਸਨਾਉਣੀਆਂ ਇਹਨਾਂ ਦਾ ਮਨ ਭਾਉਂਦਾ ਸ਼ੌਂਕ ਹੈ।

6 ਸਿੱਖ ਸਿਧਾਂਤ ਤੇ ਬੜੀ ਗਹਿਰੀ ਚੋਟ ਕਰਦਿਆਂ ਨਿਸ਼ਾਨ ਸਾਹਿਬ, (ਝੰਡਾ) ਤੇ ਨਗਾਰੇ ਤੋਂ ਕਿਨਾਰਾ ਕਰਨਾ।

7 ਲੰਗਰ ਦੀ ਮਰਿਯਾਦਾ ਤੋਂ ਮੁਨਕਰ ਹੋਣਾ। ਕਿਹੜਾ ਭਾਂਡੇ ਇਕੱਠੇ ਕਰਦਾ ਫਿਰੇ ਕਿਹੜਾ ਜੱਭ ਨੂੰ ਫੜਿਆ ਰਹੇ। ਘਰੋਂ ਲੰਗਰ ਬਣਾ ਲਿਆਓ ਤੇ ਏੱਥੇ ਆ ਕੇ ਖਾ ਲਓ।

8 ਸੰਗਤਾਂ ਦੇ ਪੈਸਿਆਂ ਨਾਲ ਬਣਾਈਆਂ ਜਾਇਦਾਦਾਂ ਨੂੰ ਪੱਕੇ ਤੌਰ ‘ਤੇ ਆਪਣੇ ਨਾਂ ਕਰਨਾ। ਜਦੋਂ ਵੱਡੇ ਮਹਾਂਪੁਰਸ਼ਾਂ ਦੀ ਕ੍ਰਿਪਾ ਹੋਈ ਹੈ ਜੀ ਸੰਗਤ ਦਾ ਕੀ ਨਾਕਾ ਦੇਕਾ ਹੈ।

9 ਲੋਕ ਬੋਲੀਆਂ ਜਾਂ ਆਪ ਰਚੀਆਂ ਕੱਚੀਆਂ ਪਿੱਲੀਆਂ ਧਾਰਨਾ ਨੂੰ ਗੁਰਬਾਣੀ ਕੀਰਤਨ ਕਹਿਣਾ। ਜਦੋਂ ਲੋਕ ਸੁਣਦੇ ਆ ਤੁਹਾਡਾ ਢਿੱਡ ਦੁਖਦਾ ਹੈ।

10 ਗੁਜ਼ਰ ਚੁਕੇ ਸਾਧਾਂ ਦੀਆਂ ਵਰਤੀਆਂ ਚੀਜ਼ਾਂ ਨੂੰ ਮੱਥੇ ਟਿਕਾਉਣੇ। ਜਦੋਂ ਲੋਕ ਏਦਾਂ ਦੇ ਹੋ ਜਾਣ ਓਦੋਂ ਸੌਖਿਆ ਲੁਟਿਆ ਜਾ ਸਕਦਾ ਹੈ।

11 ਗੈਰਤਮੰਦ ਨੌਜਵਾਨਾਂ ਤਿਆਰ ਕਰਨ ਦੀ ਥਾਂ ‘ਤੇ ਗੁਲਾਮ ਜ਼ਹਿਨੀਅਤ ਵਾਲੇ ਜੀ ਹਜ਼ੂਰੀਏ, ਟੁਕੜਬੋਚ, ਗਿਆਨ ਤੋਂ ਕੋਰੇ ਤੇ ਵਿਹਲੜਾਂ ਦੀਆਂ ਧਾੜਾਂ ਖੜੀਆਂ ਕਰਨੀਆਂ ਤੇ ਇਹਨਾਂ ਨੂੰ ਗ੍ਰੰਥੀ ਥਾਪਣਾ। ਇਹ ਇਹਨਾਂ ਦਾ ਮੁਢਲਾ ਮਨੋਰਥ ਹੈ।

12 ਪੁਤਰਾਂ ਦੇ ਵਰ ਦੇਣੇ ਜਾਂ ਹੋਰ ਕਈ ਪਰਕਾਰ ਦੀ ਸੁਖ ਸਹੂਲਤਾਂ ਦਾ ਲਾਰਾ ਲਗਾ ਕੇ ਵਰ ਪ੍ਰਾਪਤੀ ਲਈ ਅਰਦਾਸਾਂ ਕਰਨੀਆਂ।

13  ਸਭ ਤੋਂ ਅਹਿਮ ਨੀਚ ਕਰਮ ਕਿ ਜਿਹੜੇ ਕਰਮ-ਕਾਂਡ ਗੁਰਬਾਣੀ ਨੇ ਨਿਕਾਰੇ ਹਨ ਉਹਨਾਂ ਥੋਥੇ ਕਰਮਕਾਂਡਾਂ ਨੂੰ ਸਿੱਖੀ ਵਿਚ ਜ਼ੋਰ ਸ਼ੋਰ ਨਾਲ ਲਾਗੂ ਕਰਉਣਾ ਇਹਨਾਂ ਦਾ ਮੁਖ ਏਜੰਡਾ ਹੈ।

14 ਸਰਕਾਰੀ ਵਧੀਕੀ ਸਬੰਧੀ ਕਦੇ ਵੀ ਆਪਣੀ ਜ਼ਬਾਨ ਤੋਂ ਵਿਰੋਧ ਨਹੀਂ ਕਰਨਾ। ਏੱਥੋਂ ਤੀਕ ਆਪਣੇ ਚੇਲਿਆਂ ਨੂੰ ਵੀ ਪੂਰੀ ਤਗੀਦ ਕੀਤੀ ਹੁੰਦੀ ਹੈ ਕਿ ਕਦੇ ਅਜੇਹੇ ਮਸਲੇ ਤੇ ਸਿੱਖੀ ਦਾ ਪੱਖ ਨਹੀਂ ਪੇਸ਼ ਕਰਨਾ ਸਗੋਂ ਭਗਤੀ ਤੇ ਹੀ ਜ਼ੋਰ ਦੇਣਾ ਹੈ।

15 ਚਿੱਟੇ ਲਿਬਾਸ ਨੂੰ ਪਹਿਲ ਦੇਣੀ ਤੇ ਇਹ ਦੱਸਣਾ ਕਿ ਸਾਡੇ ਬਾਬਿਆਂ ਦਾ ਸਿੱਖੀ ਨਾਲੋਂ ਮਤ ਵੱਖਰਾ ਹੈ। ਪੂਰੀ ਦਸਤਾਰ ਛੱਡ ਕੇ ਚਿੱਟੇ ਰੰਗ ਦੀਆਂ ਪਟਕੀਆਂ ਬੰਨਣੀਆਂ ਅਖੇ ਸੰਤ ਬਾਬੇ ਮਹਾਂਪੁਰਸ਼ ਸਦਾ ਸਾਦਗੀ ਵਿਚ ਰਹਿੰਦੇ ਹਨ। ਪਿੱਛੋ ਗਿੱਚੀ ਸਾਰੀ ਨੰਗੀ ਹੁੰਦੀ ਹੈ। ਚੰਗੇ ਭਲੀਆਂ ਜੁਤੀਆਂ ਦਾ ਤਿਆਗ ਕਰਕੇ ਖੜਾਵਾਂ ਨਾਲ ਤੁਰਨਾ ਵੱਡੇ ਮਹਾਂ ਪੁਰਸ਼ਾਂ ਦੀਆਂ ਨਿਸ਼ਾਨੀਆਂ ਹਨ।

16 ਸਿੰਘ, ਭਾਈ, ਖਾਲਸਾ ਤੇ ਸਰਦਾਰੀ ਵਰਗੇ ਸ਼ਬਦਾਂ ਦਾ ਤਿਆਗ ਕਰਕੇ ਅਨਪੜ੍ਹ ਬਾਬੇ ਆਪਣੇ ਆਪ ਨੂੰ ਬ੍ਰਹਮ ਗਿਆਨੀ, ਮਹਾਂਪੁਰਸ਼, ਬਾਬਾ ਜੀ ਤੇ ਸੰਤ ਮਹਾਰਾਜ ਜੀ ਅਖਵਾਉਣਾ ਪਸੰਦ ਕਰਦੇ ਹਨ।

17 ਸਿੱਖ ਰਹਿਤ ਮਰਿਯਾਦਾ ਦਾ ਮੁਕੰਮਲ ਤਿਆਗ ਕਰਦਿਆਂ ਆਪਣੀ ਮਰਜ਼ੀ ਦੀ ਅਰਦਾਸ ਤਿਆਰ ਕਰਨੀ, ਦਸੋ ਇਹ ਕਿਧਰ ਦੀ ਸਿੱਖੀ ਹੈ।

18 ਪਿੱਛੇ ਲੰਮੇਰੇ ਸਮੇਂ ਤੋਂ ਮਾਸ ਦਾ ਬੇ-ਲੋੜਾ ਮਸਲਾ ਖੜਾ ਕਰਕੇ ਪੰਥ ਵਿਚ ਦੁਬਿਧਾ ਖੜੀ ਕਰਨੀ, ਇਹ ਹਰ ਸਿੱਖ ਨੂੰ ਏਨਾ ਕੁ ਹੱਕ ਤਾਂ ਹੈ ਕਿ ਪੁਛਿਆ ਜਾਏ ਕਿ ਕੀ ਇਹ ਗੁਰਮਤਿ ਹੈ ?

ਨਗਨ ਫਿਰਤ ਜੌ ਪਾਈਐ ਜੋਗੁ॥

ਬਨ ਕਾ ਮਿਰਗੁ ਮੁਕਤਿ ਸਭੁ ਹੋਗੁ॥

ਕਿਆ ਨਾਗੇ ਕਿਆ ਬਾਧੇ ਚਾਮ॥

ਜਬ ਨਹੀ ਚੀਨਸਿ ਆਤਮ ਰਾਮ॥ (324)

ਅੱਜ ਸਿੱਖੀ ਵਿਚ ਪਹਿਰਾਵੇ ਕਰਕੇ ਲੋਕ ਸਮਝਦੇ ਹਨ ਸ਼ਾਇਦ ਇਹ ਹੀ ਅਸਲੀ ਸੰਤ ਹਨ। ਏਦਾਂ ਕਿਹਾ ਜਾਏ ਕਿ ਇਹਨਾਂ ਆਪੇ ਬਣੇ ਸਾਧਾਂ ਨੇ ਆਪਣੇ ਆਪ ਨੂੰ ਪੂਰਾ ਸਥਾਪਿਤ ਕਰ ਲਿਆ ਹੈ। ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਸਿਰ ਮੁਨਾ ਰੱਖਿਆ, ਦਾੜੀ ਕਟਦਾ ਰਿਹਾ ਹੋਵੇ ਉਹ ਕੌਮ ਦਾ ਬ੍ਰਹਮ ਗਿਆਨੀ। ਮੀਡੀਏ ਨੇ ਇਸ ਢੰਗ ਨਾਲ ਪ੍ਰਚਾਰ ਕੀਤਾ ਕੇ ਲੋਕਾਂ ਨੇ ਅਜੇਹੇ ਲੋਕਾਂ ਨੂੰ ਵੀ ਗੁਰੂ ਦੀ ਪੱਧਰ ਤੇ ਲਿਆ ਕੇ ਸਥਾਪਿਤ ਕਰ ਦਿੱਤਾ ਹੈ।

ਦੁਖਦਾਈ ਪਹਿਲੂ

ਕਹਿੰਦੇ ਨੇ ਇਕ ਲੱਕੜਹਾਰੇ ਨੇ ਇਕ ਦਰੱਖਤ ਦੀ ਮਜ਼ਬੂਤ ਟਾਹਣੀ ਕੱਟ ਦਿੱਤੀ ਤਾਂ ਛੋਟਾ ਦਰੱਖਤ ਵੱਡੇ ਦਰੱਖਤ ਕੋਲ ਗਿਆ ਤੇ ਉਸ ਨੇ ਵੱਡੇ ਦਰੱਖਤ ਨੂੰ ਅੱਜ ਦੀ ਹੋਈ ਬੀਤੀ ਸਾਰੀ ਕਹਾਣੀ ਸੁਣਾਈ। ਵੱਡੇ ਦਰੱਖਤ ਨੇ ਕਿਹਾ, ਕਿ “ਕੋਈ ਗੱਲ ਨਹੀਂ ਇੰਤਜ਼ਾਰ ਕਰੋ ਉਹ ਅਜੇ ਸਾਡਾ ਕੁਝ ਨਹੀਂ ਵਿਗਾੜ ਸਕਦਾ”। ਕੁਝ ਦਿਨ ਲੰਘੇ ਸਨ ਤਾਂ ਕੱਟੀ ਹੋਈ ਮਜ਼ਬੂਤ ਟਾਹਣੀ ਦਾ ਲਕੜਹਾਰੇ ਨੇ ਦਸਤਾ ਬਣਾ ਕੇ ਆਪਣੇ ਕੁਹਾੜੇ ਵਿਚ ਫਿੱਟ ਕਰ ਦਿੱਤਾ। ਛੋਟਾ ਦਰੱਖਤ ਫਿਰ ਵੱਡੇ ਦਰੱਖਤ ਪਾਸ ਗਿਆ, ਕਿ “ਵੱਡੇ ਵੀਰ ਲਕੜਹਾਰੇ ਨੇ ਟਾਹਣੀ ਦਾ ਦਸਤਾ ਬਣਾ ਕਿ ਆਪਣੇ ਕੁਹਾੜੇ ਵਿਚ ਫਿੱਟ ਕਰ ਦਿੱਤਾ ਹੈ”।  ਵੱਡੇ ਦਰੱਖਤ ਨੇ ਆਪਣੇ ਮੱਥੇ ਉੱਤੇ ਹੱਥ ਮਾਰਿਆ ਤੇ ਇਕ ਵੱਡਾ ਸਾਰਾ ਹਉਕਾ ਲੈ ਕੇ ਕਿਹਾ, “ਛੋਟੇ ਵੀਰ ਹੁਣ ਸਾਨੂੰ ਕੋਈ ਨਹੀਂ ਬਚਾ ਸਕਦਾ ਕਿਉਂ ਕਿ ਸਾਡਾ ਇਕ ਭਾਈ ਲਕੜਹਾਰੇ ਨਾਲ ਮਿਲ ਗਿਆ ਹੈ”। ਏਹੀ ਹਾਲ ਸਿੱਖ ਸਿਧਾਂਤ ਨਾਲ ਹੋਇਆ ਹੈ ਹੁਣ ਕੌਮ ਨੂੰ ਕੌਣ ਬਚਾ ਸਕਦਾ ਹੈ ਜੇ ਕੌਮ ਦੇ ਆਗੂ ਹੀ ਅਜੇਹਿਆਂ ਡੇਰਿਆਂ ਦੇ ਹਾਜ਼ਰੀ ਭਰਨਗੇ।

ਇਹਨਾਂ ਡੇਰਿਆਂ ਨੂੰ ਸਥਾਪਿਤ ਕਰਨ ਲਈ ਸਭ ਤੋਂ ਵੱਡਾ ਯੋਗਦਾਨ ਸਾਡੇ ਨੇਤਾਜਨ ਅਤੇ ਧਾਰਮਿਕ ਉੱਚ ਅਹੁਦਿਆਂ ਤੇ ਬੈਠੇ ਸਿੰਘ ਸਾਹਿਬਾਨਾਂ ਦਾ ਹੈ। ਲੀਹੋਂ ਲੱਥੇ ਸਾਧਾਂ ਦੇ ਡੇਰਿਆਂ ਤੇ ਜਾਣਗੇ ਤਾਂ ਦਸੋਂ ਫਿਰ ਕੌਮ ਦਾ ਕੌਣ ਰਾਖਾ ਹੋ ਸਕਦਾ ਹੈ। ਭਾਈ ਗੁਰਦਾਸ ਜੀ ਦਾ ਵਾਕ ਹੈ—

ਜੇ ਮਾਉ ਪੁਤੈ ਵਿਸੁ ਦੇ ਤਿਸਤੇ ਕਿਸੁ ਪਿਆਰਾ।

ਜੇ ਘਰੁ ਭੰਨੈ ਪਾਹਰੂ ਕਉਣੁ ਰਖਣਹਾਰਾ।

ਬੇੜੀ ਡੋਬੈ ਪਾਤਣੀ ਕਿਉ ਪਾਰਿ ਉਤਾਰਾ।

ਆਗੂ ਲੈ ਉਝੜਿ ਪਵੈ ਕਿਸੁ ਕਰੈ ਪੁਕਾਰਾ।

ਜੇ ਕਰਿ ਖੇਤੈ ਖਾਇ ਵਾੜਿ ਕੋ ਲਹੈ ਨ ਸਾਰਾ।

 (ਵਾਰ-35, ਪਉੜੀ-22)

ਭਾਈ ਗੁਰਦਾਸ ਜੀ ਫੁਰਮਾਉਂਦੇ ਹਨ ਕਿ ਜੇ ਮਾਂ ਹੀ ਆਪਣੇ ਪੁਤ ਨੂੰ ਜ਼ਹਿਰ ਦੇਣ ਲੱਗ ਜਾਏ ਤਾਂ ਦੱਸੋ ਉਸ ਪੁਤ ਦਾ ਰਾਖਾ ਕੌਣ ਹੋ ਸਕਦਾ ਹੈ? ਜੇ ਰਾਖਾ ਹੀ ਘਰ ਨੂੰ ਭੰਨਣ ਲੱਗ ਜਾਏ ਤਾਂ ਉਸ ਦੀ ਰੱਖਿਆ ਕੌਣ ਕਰੇਗਾ। ਜੇ ਮਲਾਹ ਹੀ ਬੇੜੀ ਡੋਬਣ ਤੇ ਆਵੇ ਤਾਂ ਕਿਵੇਂ ਪਾਰ ਉਤਾਰਾ ਹੋ ਸਕਦਾ ਹੈ। ਆਗੂ ਰਾਹ ਦੱਸਣ ਵਾਲਾ ਹੀ ਉਜਾੜ ਵਿਚ ਲੈ ਜਾਏ ਤਾਂ ਫਿਰ ਕਿਸ ਦੇ ਅੱਗੇ ਹਾਲ ਪਾਹਰਿਆ ਕੀਤੀ ਜਾ ਸਕਦੀ ਹੈ। ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ ਤਾਂ ਫਿਰ ਤਾ ਬਚਾ ਕੋਈ ਨਹੀਂ ਕਰ ਸਕਦਾ।

ਸਭ ਤੋਂ ਵੱਡਾ ਦੁਖਦਾਈ ਪਹਿਲੂ ਇਹ ਹੈ ਸਾਡੇ ਨੇਤਾ ਜਨਾਂ ਨੇ ਹੀ ਸਿੱਖ ਸਿਧਾਂਤ ‘ਤੇ ਪਹਿਰਾ ਦੇਣਾ ਸੀ ਉਹ ਹੀ ਉਹਨਾਂ ਡੇਰਿਆਂ ‘ਤੇ ਜਾ ਕੇ ਹਾਜ਼ਰੀ ਭਰਦੇ ਹਨ ਤਾਂ ਫਿਰ ਕੌਮ ਦਾ ਰਾਖਾ ਕੌਣ ਹੋ ਸਕਦਾ ਹੇ। ਸਾਡੇ ਨਾਮਵਰ ਆਗੂ ਇਹਨਾਂ ਡੇਰਿਆਂ ‘ਤੇ ਸੰਪਟ ਪਾਠ ਕਰਾ ਰਹੇ ਹਨ ਜਾਂ ਇਹਨਾਂ ਡੇਰਿਆਂ ਤੋਂ ਪਾਠੀ ਲਿਆ ਕੇ ਘਰ ਸੰਪਟ ਪਾਠ ਕਰਾ ਰਹੇ ਹਨ। 

ਸਾਡੀ ਜਾਤੀ ਤੌਰ ‘ਤੇ ਇਹਨਾਂ ਨਾਲ ਕੋਈ ਵਿਰੋਧਤਾ ਨਹੀਂ ਹੈ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਅਨੁਸਾਰ ਮਨੁਖਤਾ ਦੇ ਤਲ਼ ‘ਤੇ ਅਸੀਂ ਸਭ ਦਾ ਸਤਕਾਰ ਕਰਦੇ ਹਾਂ। ਇਕ ਦੁਜੇ ਦੇ ਦੁਖ ਦਰਦ ਵਿਚ ਸ਼ਾਮਿਲ ਵੀ ਹੁੰਦੇ ਹਾਂ। ਇਹ ਤੇ ਵਿਚਾਰਾਂ ਦਾ ਮਤ ਭੇਦ ਹੈ। ਸਾਡਾ ਤਾਂ ਇਕੋ ਹੀ ਤਰਕ ਹੈ ਕਿ ਜੇ ਇਹ ਵਾਕਿਆ ਹੀ ਸਿੱਖੀ ਦਾ ਦਿਲੋਂ ਪ੍ਰਚਾਰ ਕਰਨਾ ਚਹੁੰਦੇ ਹਨ ਤਾਂ ਆਪਣੀਆਂ ਗੱਦੀਆਂ ਬੰਦ ਕਰਕੇ ਪੰਥਕ ਕਾਰਜਾਂ ਵਿਚ ਜੁਟ ਕੇ ਨਿਰੋਲ ਗੁਰਬਾਣੀ ਸਿਧਾਂਤ ਦਾ ਪ੍ਰਚਾਰ ਕਰਨ। ਜਿੰਨ੍ਹਾ ਕਰਮਕਾਂਡਾਂ ਦੀ ਗੁਰਬਾਣੀ ਪ੍ਰਚਾਰ ਕਰਦੇ ਹਨ ਤਾਂ ਫਿਰ ਸਿੱਖ ਸਿਧਾਂਤ ਦੀ ਸਮਝ ਵੀ ਜ਼ਰੂਰ ਹੋਣੀ ਚਾਹੀਦੀ ਹੈ।

ਜਿਸ ਦੀ ਵਧੀਆ ਦੁਕਾਨ ਚੱਲਦੀ ਹੋਵੇ ਉਹ ਬੰਦ ਕਰਨ ਲਈ ਤਿਆਰ ਨਹੀਂ ਹੁੰਦਾ। ਧਾਰਮਿਕ, ਸਮਾਜਿਕ, ਅਤੇ ਰਾਜਨੀਤਿਕ ਆਗੂ ਕਹਾਉਣ ਵਾਲੇ ਖ਼ੁਦ ਸਿਧਾਤਾਂ ਦਾ ਸ਼ਰੇਆਮ ਅਪਮਾਨ ਕਰਦੇ ਦਿਖਾਈ ਦੇ ਰਹੇ ਹਨ। ਵਕਤੀ ਤੇ ਨਿੱਜ ਦੀ ਹੋਂਦ ਉਜਾਗਰ ਕਰਨ ਵਾਲੀਆਂ ਅਣਗਿਣਤ ਸੰਸਥਾਵਾਂ ਦਾ ਤਾਣਾ ਬਾਣਾ ਕੌਮੀ ਦੂਰ ਅੰਦੇਸ਼ੀ ਹੀਣ ਕਰਕੇ ਅੰਦਰੂਨੀ ਤੇ ਬਾਹਰੀ ਤੌਰ ‘ਤੇ ਆਪਸ ਵਿੱਚ ਭਿੜਦਾ ਵੇਖਿਆ ਜਾ ਸਕਦਾ ਹੈ। ਸਿੱਖ ਦਾ ਸਭ ਤੋਂ ਵੱਧ ਦੁਖਦਾਈ ਪਹਿਲੂ ਹੈ ਕਿ ਇਹਨਾਂ ਨਵੇਂ ਜੰਮੇ ਡੇਰਿਆਂ ‘ਤੇ ਸਾਡੇ ਸਿੱਖ ਲੀਡਰਾਂ ਤੇ ਧਾਰਮਿਕ ਆਗੂਆਂ ਨੇ ਹਾਜ਼ਰੀਆਂ ਭਰ ਕਿ ਇਹਨਾਂ ਵਿਚ ਜਾਨ ਪਾਈ ਹੈ। ਇਹਨਾਂ ਦੀ ਹਾਜ਼ਰੀ ਨੇ ਕਰਮ ਕਾਂਡਾਂ ਦੀ ਪ੍ਰੋੜਤਾ ਕੀਤੀ ਹੈ।