ਗੁਰਮਤਿ ਗਿਆਨ ਮਿਸ਼ਨਰੀ ਕਾਲਜ Gurmat Gian Missionary College

ਪ੍ਰਿੰ: ਗੁਰਬਚਨ ਸਿੰਘ

ਪੰਜਾਬੀ ਸੂਬਾ ਬਣਿਆ ਪਰ ਸਿੱਖਾਂ ਨਾਲ ਵਿਤਕਰੇ ਖਤਮ ਨਾ ਹੋਏ

9 ਮਾਰਚ 1966 ਨੂੰ ਕਾਂਗਰਸ ਵਰਕਿੰਗ ਕਮੇਟੀ ਨੇ ਇੱਕ ਮਤਾ ਪਾਸ ਕਰ ਦਿੱਤਾ ਜਿਸ ਅਨੁਸਾਰ ਵਰਤਮਾਨ ਪੰਜਾਬ ਚੋਂ ਪੰਜਾਬੀ ਭਾਸ਼ਾ ਵਾਲਾ ਰਾਜ ਬਣਾਏ ਜਾਣ ਦੀ ਹਮਾਇਤ ਕੀਤੀ ਗਈ। ਸਰਕਾਰ ਨੂੰ ਲੋੜੀਂਦੇ ਕਦਮ ਉਠਾਉਣ ਲਈ ਬੇਨਤੀ ਕੀਤੀ। ਇਸ ਮਤੇ ਦੀ ਸਖਤ ਵਿਰੋਧਤਾ ਹੋਈ। ਪਰ ਕਾਂਗਰਸ ਪ੍ਰਧਾਨ ਜੋ ਬਾਦਸ਼ਾਹ ਗਰ ਕਰਕੇ ਪ੍ਰਸਿੱਧ ਸੀ ਤੇ ਜਿਸ ਨੇ ਇੰਦਰਾ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ, ਉਸ ਨਾਲ ਬਹੁਮਤ ਸੀ। ਮੁਰਾਰਜੀ ਦਿਸਾਈ ਜੋ ਉਪ-ਪ੍ਰਧਾਨ ਮੰਤਰੀ ਸੀ ਉਸ ਨੇ ਪੰਜਾਬ ਦੀ ਮੰਗ ਨੂੰ ਫਿਰਕੂ ਦੱਸਿਆ। ਉਸ ਸਮੇਂ ਦੇ ਕਾਂਗਰਸੀ ਪ੍ਰਧਾਨ ਨੇ ਦਲੀਲ ਦਿੱਤੀ ਕਿ “ਪੰਜਾਬੀਆਂ ਨੂੰ ਉਸ ਰਾਸ਼ਟਰੀ ਸਿਧਾਂਤ ਦੇ ਲਾਭ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ ਜਿਸ ਦਾ ਅਨੰਦ ਭਾਰਤ ਦੇ ਦੂਸਰੇ ਰਾਜਾਂ ਦੇ ਲੋਕ ਮਾਣ ਰਹੇ ਹਨ ਤੇ ਆਪਣੇ ਭਾਸ਼ਾਈ ਰਾਜਾਂ ਵਿੱਚ ਰਹਿ ਕੇ ਕਾਰਜ ਕਰ ਰਹੇ ਹਨ”? ਸ੍ਰ. ਖੁਸ਼ਵੰਤ ਸਿੰਘ ਸਿੱਖ ਇਤਿਹਾਸ ਭਾਗ ਦੂਜਾ ਦੇ ਪੰਨਾ 300 ‘ਤੇ ਲਿਖਦੇ ਹਨ ਕਿ ਵਾਈ. ਬੀ. ਚੌਹਾਨ ਜੋ ਸਿੱਖਾਂ ਦੀ ਪਾਕਿਸਤਾਨ ਵਿਰੁੱਧ ਜੰਗ ਸਮੇਂ ਬਿਨਾਂ ਸ਼ਰਤ ਦਿੱਤੀ ਹਮਾਇਤ ਤੋਂ ਪੂਰਾ ਵਾਕਫ਼ ਸੀ, ਉਸ ਨੇ ਵੀ ਸਮਰੱਥਨ ਦਿੱਤਾ। ਉਸ ਨੇ ਕਿਹਾ, “ਕਿ ਪੰਜਾਬੀ ਸੂਬੇ ਦੀ ਮੰਗ ਬਾਰੇ ਫੈਸਲੇ ਵਿੱਚ ਇਸ ਦੀ ਭੂਗੋਲਿਕ ਸਥਿੱਤੀ ਕਰਕੇ ਹੋਰ ਦੇਰੀ ਨਹੀਂ ਕੀਤੀ ਜਾ ਸਕਦੀ”। ਹੈਰਾਨਗੀ ਦੀ ਗੱਲ ਦੇਖੋ ਦੇਸ਼ ਦੀਆਂ ਲਗ-ਪਗ ਸਾਰੀਆਂ ਰਾਜਸੀ ਪਾਰਟੀਆਂ ਨੇ ਪੰਜਾਬੀ ਸੂਬੇ ਨੂੰ ਸਮਰਥਨ ਦਿੱਤਾ ਪਰ ਭਾਰਤੀ ਜਨ-ਸੰਘ ਨੇ ਇਸ ਦਾ ਪੁਰਜ਼ੋਰ ਵਿਰੋਧ ਕੀਤਾ।

10 ਮਾਰਚ 1966 ਨੂੰ ਜਨਸੰਘ ਦੀ ਵਰਕਿੰਗ ਕਮੇਟੀ ਨੇ ਪੰਜਾਬੀ ਸੂਬੇ ਦੀ ਕਾਇਮੀ ਨੂੰ ਰੋਕਣ ਲਈ ਘੋਲ਼ ਦਾ ਐਲਾਨ ਕਰ ਦਿੱਤਾ। ਯੱਗਦੱਤ ਸ਼ਰਮਾ (ਜਨਰਲ ਸਕੱਤਰ ਜਨਸੰਘ) ਨੇ ਪੰਜਾਬੀ ਸੂਬੇ ਦੇ iਖ਼ਲਾਫ਼ ਮਰਨ ਵਰਤ ਸ਼ੁਰੂ ਕਰ ਦਿੱਤਾ। ਪੰਜਾਬ ਦੇ ਸ਼ਹਿਰਾਂ ਵਿੱਚ ਹਿੰਦੂ ਦੁਕਾਨਦਾਰਾਂ ਨੇ ਹੜਤਾਲ ਕਰ ਦਿੱਤੀ। ਡਾ. ਬਲਦੇਵ ਪ੍ਰਕਾਸ਼ ਪੰਜਾਬ ਦੀ ਜਨਸੰਘ ਇਕਾਈ ਦੇ ਪ੍ਰਧਾਨ ਤੇ ਬਲਰਾਜ ਮਧੋਕ ਨੇ ਜਨਤਕ ਮੁਜ਼ਾਹਰੇ ਕੀਤੇ। ਪਾਣੀਪਤ ਵਿਚ ਲੁੱਟਮਾਰ,ਹੋਰ ਕਈ ਥਾਂਈ ਅੱਗਾਂ ਲੱਗੀਆਂ ਤੇ ਖ਼ੂਨ ਖਰਾਬਾ ਹੋਇਆ। 11 ਮਾਰਚ 1966 ਨੂੰ ਬਲਰਾਜ ਮਧੋਕ, ਲਾਲਾ ਜਗਤ ਨਰਾਇਣ ਅਤੇ ਪ੍ਰਕਾਸ਼ਵੀਰ ਸ਼ਾਸਤਰੀ ਦੇ ਅਧਾਰਤ ਇਕ ਕਮੇਟੀ ਬਣਾਈ ਤਾਂ ਕਿ ਪੰਜਾਬ ਸੂਬੇ ਦੀ ਕਾਇਮੀ ਨੂੰ ਰੋਕਿਆ ਜਾ ਸਕੇ।
23 ਅਪ੍ਰੈਲ 1966 ਨੂੰ ਜਸਟਿਸ ਜੇ. ਸੀ. ਸ਼ਾਹ, ਐਸ. ਦੱਤਾ ਤੇ ਐਮ. ਐਮ. ਫਿਲਿੱਪ ਤੇ ਅਧਾਰਿਤ ਹੱਦਬੰਦੀ ਕਮਿਸ਼ਨ ਦੀ ਸਥਾਪਨਾ ਹੋਈ। ਅਸਲ ਵਿਚ ਕੇਂਦਰ ਪੰਜਾਬ ਨੂੰ ਸੂਬਾ ਬਣਾਉਣਾ ਤਾਂ ਮੰਨ ਗਿਆ ਪਰ ਸੰਕੇਤਕ ਸ਼ਰਤਾਂ ਇਸ ਤਰ੍ਹਾਂ ਦੀਆਂ ਘੜੀਆਂ ਗਈਆਂ ਕਿ ਪੰਜਾਬੀ ਸੂਬੇ ਨੂੰ ਉਚਿਤ ਹੱਕਾਂ ਤੋਂ ਵੰਚਿਤ ਕੀਤਾ ਜਾ ਸਕੇ। ਕੁਝ ਉਦਾਹਰਣਾਂ ਸਾਡੇ ਸਾਹਮਣੇ ਹਨ। ਕਮਿਸ਼ਨ ਨੇ ਸਾਫ਼ ਕਿਹਾ ਕਿ ਪੰਜਾਬੀ ਸੂਬੇ ਦੀ ਹੱਦ ਬੰਦੀ ਲਈ 1961 ਦੀ ਮਰਦਮਸ਼ੁਮਾਰੀ ਨੂੰ ਅਧਾਰ ਬਣਾਇਆ ਜਾਏ। ਇਹ ਸਭ ਨੂੰ ਪਤਾ ਹੈ ਕਿ ਪੰਜਾਬੀ ਹਿੰਦੂਆਂ ਦੇ ਬਹੁਤ ਵੱਡੇ ਵਰਗ ਨੇ ਆਪਣੀ ਮਾਂ ਬੋਲੀ ਪੰਜਾਬੀ ਵਿਚ ਬੋਲ ਕੇ ਹਿੰਦੀ ਲਿਖੀ ਸੀ। ਦੂਸਰਾ ਪਿੰਡਾਂ ਨੂੰ ਇਕਾਈ ਨਹੀਂ ਬਣਾਇਆ ਗਿਆ ਸਗੋਂ ਤਹਿਸੀਲਾਂ ਨੂੰ ਇਕਾਈ ਮੰਨਿਆ ਗਿਆ। ਤੀਸਰਾ ਚੰਡੀਗੜ੍ਹ ਪੰਜਾਬ ਨੂੰ ਹਰ ਹਾਲ ਵਿਚ ਨਾ ਦਿੱਤਾ ਜਾਏ। ਪੰਜਾਬੀ ਸੂਬੇ ਨੂੰ ਰੋਕਣ ਢੁੱਚਰ ਤੇ ਢੁੱਚਰ ਡਾਈ ਗਈ। ਜੇ ਪੰਜਾਬੀ ਸੂਬਾ ਬਣਾਇਆ ਗਿਆ ਤਾਂ ਇਸ ਨੂੰ ਹਰ ਪੱਖ ਤੋਂ ਲੰਗੜਾ ਕੀਤਾ ਗਿਆ। ਮੀਸ਼ਾ ਦੇ ਸ਼ਬਦਾਂ ਵਿਚ ਪੰਜਾਬ ਦੀ ਬਰਬਾਦੀ ਹੋਈ ਇਹ ਸੂਬਾ ਨਵਾਂ ਬਣਾਇਆ ਗਿਆ ਪੰਜਾਬੀ ਦਾ, ਤੇਰਾ ਅੰਗ ਅੰਗ ਕੱਟ ਕੇ ਫਿਰਕੂ ਨਾਦ ਵਜਾ ਦਿੱਤਾ।
ਕੇਂਦਰੀ ਸਰਕਾਰ ਨੇ ਆਪਣੇ ਬੁਣੇ ਜਾਲ ਵਿਚੋਂ ਬਾਹਰ ਨਿਕਲਣ ਲਈ ਪੰਜਾਬੀ ਸੂਬੇ ਦੀ ਮੰਗ ਤਾਂ ਮੰਨੀ, ਪਰ ਚੰਡੀਗੜ੍ਹ ਨੂੰ ਕੇਂਦਰੀ ਇਲਾਕਾ ਮੰਨ ਲਿਆ, ਕਈ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖੇ ਗਏ। ਪੰਜਾਬ ਦੇ ਦਰਿਆਈ ਪਾਣੀਆਂ ਸਬੰਧੀ ਧੱਕੇ ਨਾਲ ਵੰਡ ਕੀਤੀ ਗਈ। ਕੇਂਦਰੀ ਸਰਕਾਰ ਦੇ ਸਾਰੇ ਲੀਡਰ ਕਿਸੇ ਨਾ ਕਿਸੇ ਰੂਪ ਵਿਚ ਪੰਜਾਬੀ ਸੂਬੇ ਦਾ ਵਿਰੋਧ ਕਰਦੇ ਰਹੇ। ਸ੍ਰ ਖੁਸ਼ਵੰਤ ਸਿੰਘ ਸਿੱਖ ਇਤਿਹਾਸ ਭਾਗ ਦੂਜਾ ਦੇ ਪੰਨਾ ਨੰਬਰ 298 ਦੇ ਫੁੱਟ ਨੋਟ ਵਿਚ ਟਿੱਪਣੀ ਕਰਦੇ ਹਨ ਕਿ 1965 ਦੀ ਪਾਕਿਸਤਾਨ ਦੀ ਜੰਗ ਸਮੇਂ ਪੰਜਾਬ ਨੇ ਵੱਧ ਤੋਂ ਵੱਧ ਬਿਨਾ ਸ਼ਰਤ ਦੇ ਯੋਗਦਾਨ ਪਾਇਆ। ਕੇਂਦਰੀ ਸਰਕਾਰ ਨੇ ਪੰਜਾਬ ਦੀ ਸਮੱਸਿਆ ਨੂੰ ਨਜਿੱਠਣ ਲਈ ਸਰਦਾਰ ਹੁਕਮ ਸਿੰਘ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਬਣਾਈ। ਉਸ ਸਬੰਧੀ ਸਰਦਾਰ ਹੁਕਮ ਸਿੰਘ ਲਿਖਦੇ ਹਨ, “ਕਈ ਸਾਲ ਮੌਲਿਕ ਭਾਸ਼ਾਈ ਹੱਕ ਦਾ ਵਿਰੋਧ ਕਰਨ ਪਿੱਛੋਂ ਪ੍ਰਧਾਨ ਮੰਤਰੀ ਸ਼ਾਸਤਰੀ ਨੇ ਅਕਤੂਬਰ 1965 ਵਿੱਚ ਮੇਰੀ ਪ੍ਰਧਾਨਗੀ ਹੇਠ ਲੋਕ ਸਭਾ ਮੈਂਬਰਾਂ ਦੀ ਇਕ ਕਮੇਟੀ ਪੰਜਾਬੀ ਸੂਬੇ ਦੀਆਂ ਸਮੱਸਿਆ ਬਾਰੇ ਰਿਪੋਰਟ ਤਿਆਰ ਕਰਨ ਲਈ ਨਿਯੁਕਤ ਕੀਤੀ। ਦੂਸਰੇ ਪਾਸੇ ਸਰਕਾਰ ਦੀ ਮਨਸ਼ਾ ਸੀ ਕਿ ਸਰਦਾਰ ਹੁਕਮ ਸਿੰਘ ਵਲੋਂ ਲਿਖੀ ਰਿਪੋਰਟ ਕਿਸੇ ਨਾ ਕਿਸੇ ਤਰੀਕੇ ਨਾਲ ਰੱਦ ਕੀਤੀ ਜਾਏ। ਮੇਰੀ ਰਿਪੋਰਟ ਤਿਆਰ ਹੋਣ ਤੋਂ ਬਾਅਦ ਇੰਦਰਾ ਗਾਂਧੀ ਨੇ ਚੌਹਾਨ ਕੋਲ ਜਾ ਕੇ ਪੰਜਾਬੀ ਸੂਬੇ ਵਾਲੀ ਰਿਪੋਰਟ ਨੂੰ ਰੋਕਣ ਵਾਸਤੇ ਕਿਹਾ। ਉਂਝ ਲਾਲ ਬਹਾਦਰ ਸ਼ਾਸਤਰੀ ਵੀ ਨਹਿਰੂ ਵਾਂਗ ਪੰਜਾਬੀ ਸੂਬੇ ਦੇ ਵਿਰੋਧ ਵਿਚ ਹੀ ਸੀ”। ਸਰਦਾਰ ਹੁਕਮ ਸਿੰਘ ਅੱਗੇ ਲਿਖਦੇ ਹਨ ਕਿ ਇੰਦਰਾ ਗਾਂਧੀ, ਸ਼ਾਸਤਰੀ ਤੇ ਗ਼ੁਲਜ਼ਾਰੀ ਲਾਲ ਨੰਦਾ ਨੇ ਮੈਨੂੰ ਪੰਜਾਬੀ ਸੂਬੇ ਦੀ ਰਿਪੋਰਟ ਦੇਣ ਤੋਂ ਰੋਕਿਆ। ਏੱਥੋਂ ਤਕ ਕਿ 1961 ਦੀ ਜਨ-ਗਣਨਾ ਨੂੰ ਤੇ ਪਿੰਡ ਦੀ ਥਾਂ ਤਹਿਸੀਲ ਨੂੰ ਅਧਾਰ ਬਣਾਉਣ ਦਾ ਮਨੋਰਥ ਸਿੱਖਾਂ ਨੂੰ ਸਜਾ ਦੇਣਾ ਸੀ। ਅਸਲ ਵਿਚ 1961 ਦੀ ਮਰਦਮਸ਼ੁਮਾਰੀ ਦਾ ਵੇਰਵਾ ਸੰਪਰਦਾਇਕ ਲੀਹਾਂ ਅਨੁਸਾਰ ਸੀ ਜਿਸ ਵਿਚ ਪੰਜਾਬੀ ਵਿਚ ਬੋਲ ਕੇ ਹਿੰਦੂਆਂ ਨੇ ਹਿੰਦੀ ਨੂੰ ਆਪਣੀ ਮਾਂ ਬੋਲੀ ਲਿਖਵਾਇਆ”। ਅਜਿਹੀ ਫਿਰਕਾਪ੍ਰਸਤੀ ਦੀ ਲਹਿਰ ਨੇ ਪੰਜਾਬ ਵਿਚ ਅੱਗ ਬਾਲੀ ਰੱਖੀ ਹੈ। ਪੰਜਾਬੀ ਸੂਬਾ ਬਣਨ ਨਾਲ ਸਿੱਖਾਂ ਦੀ ਸਮੱਸਿਆਵਾਂ ਹੱਲ ਹੋਣ ਦੀ ਬਜਾਏ ਵੱਧਣੀਆਂ ਸ਼ੁਰੂ ਹੋ ਗਈਆਂ। ਪੰਜਾਬੀ ਸੂਬਾ ਜ਼ਰੂਰ ਬਣ ਗਿਆ ਪਰ ਬੁਨਿਆਦੀ ਹੱਕਾਂ ਤੋਂ ਵਾਂਝਾ ਰੱਖਿਆ ਗਿਆ।
ਕਵੀ ਅਜਾਇਬ ਕਮਲ ਦੇ ਬੋਲ ਗਾਮੇ ਤੇ ਕਿੱਕਰ ਸਿੰਘ ਵਰਗਾ, ਭਰਵੇਂ ਜੁੱਸੇ ਵਾਲਾ ਪੰਜਾਬ, ਪੰਜਾਬ ਨਹੀਂ ਰਿਹਾ, ਬੌਣਾ ਠਿੱਗਣਾ, ਰੱਦੀ ਕਾਗ਼ਜ਼ਾਂ ਵਾਂਗ ਮਰੋੜਿਆ, ਤਰੋੜਿਆ, ਅਪੰਗ ਜੇਹਾ ਬਣ ਕੇ ਰਹਿ ਗਿਆ ਪੰਜਾਬ।
ਸਰਦਾਰ ਖੁਸ਼ਵੰਤ ਸਿੰਘ ਸਿੱਖ ਇਤਿਹਾਸ ਦੇ ਪੰਨਾ ਨੰਬਰ 299 ‘ਤੇ ਫੁੱਟ ਨੋਟ ਨੰਬਰ 28 ਵਿੱਚ ਲਿਖਦੇ ਹਨ ਕਿ “ਪੰਜਾਬ ਤੇ ਸਿੱਖਾਂ ਨਾਲ ਆਪਣੇ ਵਤੀਰੇ ਵਿੱਚ ਇੰਦਰਾ ਗਾਂਧੀ ਨੇ ਇਕ ਦੂਰ-ਦ੍ਰਿਸ਼ਟੀ ਵਾਲੇ ਨੇਤਾ ਦੀ ਥਾਂ ਇੱਕ ਛੋਟੇ ਜਿਹੇ ਸਿਆਸੀ ਕਾਰਕੁਨ ਦੀ ਦੋਗਲੀ ਨੀਤੀ ਅਪਣਾਈ। ਸੂਬੇ ਦੀ ਮੰਗ ਪ੍ਰਵਾਨ ਕਰਦੀ ਦਿਖਾਈ ਦਿੰਦੀ ਇੰਦਰਾ ਗਾਂਧੀ ਨੇ ਪਹਿਲਾਂ ਇਹਦੀ ਰਾਜਧਾਨੀ ਖੋਹੀ ਤੇ ਮਗਰੋਂ ਇਸ ਦੇ ਬਦਲੇ ਫ਼ਾਜ਼ਿਲਕਾ ਤੇ ਅਬੋਹਰ ਹਰਿਆਣੇ ਨੂੰ ਦੇਣ ਦੀ ਸ਼ਰਤ ਲਾ ਦਿੱਤੀ। ਫੁੱਟ ਨੋਟ ਵਿਚ ਅੱਗੇ ਲਿਖਿਆ ਹੈ ਕਿ ਇੰਦਰਾ ਗਾਂਧੀ ਨੇ ਬੜੀ ਨਿਲੱਜਤਾ ਨਾਲ ਦੋਗਲੀ ਨੀਤੀ ਦੇ ਦੋਸ਼ ਨੂੰ ਮੰਨਦਿਆਂ ਇਸ ਨੂੰ ਹਿੰਦੂਆਂ ਦਾ ਸਮਰੱਥਨ ਲੈਣ ਖ਼ਾਤਰ ਸਹੀ ਠਹਿਰਾਇਆ। ਪਹਿਲਾਂ ਨਹਿਰੂ ਨੇ ਕੈਰੋਂ ਨੂੰ ਮੁੱਖ ਮੰਤਰੀ ਬਣਾ ਕੇ ਰਾਜਸਥਾਨ ਵਾਸਤੇ ਦੋ ਨਹਿਰਾਂ ਕੱਢੀਆਂ ਫਿਰ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਮੁੱਖ ਮੰਤਰੀ ਪੰਜਾਬ ਤੇ ਦਬਾਅ ਬਣਾ ਕੇ ਸੁਪਰੀਮ ਕੋਰਟ ਵਿਚੋਂ ਪਾਣੀਆਂ ਦਾ ਕੇਸ ਵਾਪਸ ਕਰਾਇਆ।
ਇੰਦਰਾ ਗਾਂਧੀ ਨੇ ਪੰਜਾਬ ਪ੍ਰਤੀ ਹਮੇਸ਼ਾਂ ਕਿੜ੍ਹ ਰੱਖੀ। ਇੰਦਰਾ ਗਾਂਧੀ ਇਕ ਫਾਰਮੂਲਾ ਸਮਝ ਬੈਠੀ ਸੀ ਕਿ ਪੰਜਾਬ ਦੇ ਸਿੱਖਾਂ ਨੂੰ ਆਤੰਕਵਾਦੀ, ਵੱਖਵਾਦੀ ਦਰਸਾ ਕੇ ਸਾਰੇ ਹਿੰਦੁਸਤਾਨ ਵਿਚੋਂ ਹਿੰਦੂਆਂ ਨੂੰ ਆਪਣੇ ਹੱਕ ਵਿਚ ਭੁਗਤਾਇਆ ਜਾ ਸਕਦਾ ਹੈ। 1964 ਤੋਂ ਲੈ ਕੇ 1984 ਤੱਕ ਇੰਦਰਾ ਗਾਂਧੀ ਨੇ ਪੈਂਤੜੇ ਤੇ ਪੈਂਤੜਾ ਵਰਤ ਕੇ ਸੱਤਾ ਵਿੱਚ ਬਣੀ ਰਹਿਣ ਦੀ ਤਾਂਘ ਬਣਾਈ ਰੱਖੀ। ਜੇ ਉਹ ਰਾਜ ਨਰਾਇਣ ਤੋਂ ਕੋਰਟ ਵਿੱਚ ਹਾਰ ਜਾਂਦੀ ਹੈ ਤਾਂ ਪੂਰੇ ਮੁਲਕ ਵਿੱਚ ਐਮਰਜੈਂਸੀ ਲਾ ਦਿੰਦੀ ਹੈ। ਸਾਰਾ ਭਾਰਤ ਸਹਿ ਜਾਂਦਾ ਹੈ ਪਰ ਅਕਾਲੀਆਂ ਨੇ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖਦਿਆਂ ਮੋਰਚਾ ਲਾ ਦਿੱਤਾ। ਇੰਦਰਾ ਗਾਂਧੀ ਨੇ ਕਿੜ੍ਹ ਕੱਢਣ ਲਈ ਪੰਜਾਬ ਨੂੰ ਬਲ਼ਦੀ ਭੱਠੀ ਵਿਚ ਝੋਕਿਆ। ਭਾਰਤੀ ਜਨਤਾ ਪਾਰਟੀ ਦੇ ਨੇਤਾ ਇੰਦਰਾ ਨੂੰ ਦੁਰਗਾ ਦਾ ਖਿਤਾਬ ਦਿੰਦੇ ਹਨ। ਦੇਸ਼ ਦੀਆਂ ਬਾਕੀ ਰਾਜਸੀ ਪਾਰਟੀਆਂ ਨੇ ਵੀ ਪੰਜਾਬ ਦੇ ਹੱਕ ਵਿਚ ਕਦੇ ਅਵਾਜ਼ ਨਹੀਂ ਉਠਾਈ।
ਪੰਜਾਬ ਪ੍ਰਤੀ ਇੰਦਰਾ ਗਾਂਧੀ ਦੀ ਕੀ ਮਨਸਾ ਰਹੀ ਹੈ, ਉਹ ਉਸ ਦੀ ਜ਼ਿੰਦਗੀ ਦੇ ਮਗਰਲੇ ਤਿੰਨ ਸਾਲਾਂ ਵਿਚ ਦੇਖੀ ਜਾ ਸਕਦੀ ਹੈ। ਇੰਦਰਾ ਗਾਂਧੀ ਨੇ 16 ਨਵੰਬਰ 1981 ਤੋਂ ਲੈ ਕੇ 2 ਫਰਵਰੀ 1984 ਤੱਕ 26 ਮੁਲਾਕਾਤਾਂ, ਤਿੰਨ ਪ੍ਰਧਾਨ ਮੰਤ੍ਰੀ ਨਾਲ, ਚਾਰ ਕੇਂਦਰੀ ਮੰਤਰੀ-ਮੰਡਲ ਨਾਲ, 9 ਗੁਪਤ ਤੇ ਦਸ ਵਿਰੋਧੀ ਪਾਰਟੀਆਂ ਨਾਲ ਹੋਈਆਂ। ਅਕਾਲੀ ਨੇਤਾਵਾਂ ਵਿਚ ਟੋਹੜਾ, ਲੌਗੌਵਾਲ, ਬਾਦਲ, ਬਰਨਾਲਾ, ਬਲਵੰਤ ਸਿੰਘ, ਕਦੇ ਕੌਮੀ ਏਕਤਾ ਦਾ ਸੰਪਾਦਕ ਰਾਜਿੰਦਰ ਸਿੰਘ ਭਾਟੀਆ ਤੇ ਰਵੀਇੰਦਰ ਸਿੰਘ ਸ਼ਾਮਿਲ ਹੁੰਦੇ ਰਹੇ ਪਰ ਕੇਂਦਰੀ ਸਰਕਾਰ ਵਾਰੀ ਵਾਰੀ ਮੰਤਰੀ ਮੰਡਲ ਦੇ ਮੰਤਰੀਆਂ, ਸਰਵਉੱਚ ਅਧਿਕਾਰੀ, ਫਾਰੁਕ ਅਬਦੁੱਲਾ, ਐਲ. ਕੇ ਅਡਵਾਨੀ, ਮਧੁਦੰਡਵਤੇ, ਸਵਰਨ ਸਿੰਘ ਵਰਗੇ ਬਜ਼ੁਰਗ ਹਿੱਸਾ ਲੈਂਦੇ ਰਹੇ। ਸਮਝਿਆ ਜਾਂਦਾ ਹੈ ਕਿ ਪੰਜ ਵਾਰੀ ਮੁਕੰਮਲ ਸਮਝੌਤਾ ਕਰਕੇ ਇੰਦਰਾ ਗਾਂਧੀ ਮੁਕਰਦੀ ਰਹੀ। ਅਸਲ ਵਿਚ ਇੰਦਰਾ ਗਾਂਧੀ ਸਿੱਖਾਂ ਦਾ ਪੱਤਾ ਖੇਡਦੀ ਰਹੀ। ਕਾਂਗਰਸ ਕੇਂਦਰ ਵਿਚ ਸਰਕਾਰ ਬਣਾਉਣ ਵਿਚ ਕਾਮਯਾਬ ਹੁੰਦੇ ਰਹੇ ਪਰ ਪੰਜਾਬ ਅਤੇ ਸਿੱਖਾਂ ਨਾਲ ਧਰੋਅ ਹੀ ਕਮਾਉਂਦੇ ਰਹੇ। ਅਜ਼ਾਦ ਭਾਰਤ ਵਿਚ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਸਬਕ ਸਿਖਾਉਣ ਦੀ ਭਾਵਨਾ ਨਾਲ ਦਰਬਾਰ ਸਾਹਿਬ ‘ਤੇ ਹਮਲਾ ਕਰਾਇਆ। ਇਸ ਸਾਰੇ ਬ੍ਰਿਤਾਂਤ ਵਿਚ ਇੰਦਰਾ ਗਾਂਧੀ ਮਾਰੀ ਗਈ। ਰਹਿੰਦੀ ਕਸਰ ਰਾਜੀਵ ਗਾਂਧੀ ਨੇ ਕੱਢਤੀ ਕਿ ਜਦੋਂ ਵੱਡਾ ਦਰੱਖਤ ਡਿਗਦਾ ਹੈ ਤਾਂ ਧਰਤੀ ਹਿਲਦੀ ਹੈ। ਅਜੇਹੀ ਭਾਵਨਾ ਵਿਚੋਂ ਸਿੱਖਾਂ ਦਾ ਕਤਲੇਆਮ ਹੋਇਆ। ਘਰਾਂ ਦੇ ਘਰ ਉਜਾੜੇ ਗਏ। ਕਾਰੋਬਾਰ ਲੁੱਟੇ ਗਏ। ਧੀਆਂ ਭੈਣਾਂ ਨਾਲ ਜਗੋਂ ਤੇਰ੍ਹਵੀਂ ਹੋਈ। ਵਿਧਵਾ ਕਲੋਨੀ ਦਾ ਨਵਾਂ ਜਨਮ ਹੋਇਆ ਜੋ ਅਜ਼ਾਦ ਭਾਰਤ ਦੇ ਮੱਥੇ ਕਲੰਕ ਹੈ। ਸਿੱਖ ਕੌਮ ਦੀ ਤਬਾਹੀ ਦੀ ਅੱਗ ਬਾਲੀ ਗਈ, ਜਿਸ ਵਿਚੋਂ ਰਜੀਵ ਗਾਂਧੀ ਨੂੰ ਹਮਦਰਦੀ ਦਾ ਵੋਟ ਮਿਲਿਆ, ਦੇਸ ਦਾ ਪ੍ਰਧਾਨ ਮੰਤਰੀ ਬਣ ਗਿਆ। ਪੰਜਾਬ ਨਾਲ ਵਿਤਕਰਿਆਂ ਦੀ ਲੜੀ ਵਿਚ ਵਾਧਾ ਹੁੰਦਾ ਗਿਆ।
ਅਕਾਲੀ ਦਲ ਨੇ ਪੰਜਾਬੀ ਸੂਬਾ ਮੰਗਿਆ ਕੀ ਸੀ ਤੇ ਮਿਲਿਆ ਕੀ? ਪਹਿਲੀ ਨੰਵਬਰ ਨੂੰ ਉਹ ਪੰਜਾਬੀ ਸੂਬਾ ਮਿਲਿਆ ਜਿਹੜਾ ਮੰਗਿਆ ਹੀ ਨਹੀਂ ਸੀ। ਅੰਬਾਲਾ, ਸਿਰਸਾ, ਹਿਸਾਰ, ਫਤਹਿਬਾਦ, ਟੋਹਾਨਾ, ਗੂਹਲਾ, ਰਤੀਆਂ, ਕਰਨਾਲ, ਕਾਂਗੜਾ, ਡਲਹੌਜ਼ੀ, ਪਿੰਜੌਰ, ਕਾਲਕਾ, ਨਾਲਾਗੜ੍ਹ, ਊਨਾ, ਚੰਡੀਗੜ੍ਹ, ਭਾਖੜਾ ਡੈਮ, ਨੰਗਲ ਖਾਦ ਫੈਕਟਰੀ ਤੇ ਬਿਆਸ ਡੈਮ ਪੰਜਾਬ ਵਿਚ ਸ਼ਾਮਿਲ ਨਹੀਂ ਕੀਤੇ। ਅਕਾਲੀ ਦਲ ਦੀ ਦੂਜੀ ਮੰਗ ਸੂਬੇ ਨੂੰ ਵੱਧ ਅਧਿਕਾਰਾਂ ਦੀ ਸੀ। ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦੀ ਟਿੱਪਣੀ ਬੜੀ ਭਾਵ ਪੂਰਤ ਹੈ ਕਿ “ਇਹ ਪੰਜਾਬੀ ਸੂਬਾ ਨਹੀਂ ਸਗੋਂ ਇਕ ਵੱਡੀ ਮਿਊਂਸਪਲ ਕਮੇਟੀ ਕਹਿਆ ਜਾ ਸਕਦਾ ਹੈ”। ਜਿਸ ਤਰ੍ਹਾਂ ਨਿਆਣੇ ਨੂੰ ਦੁੱਧ ਚੁੰਘਣੀ ਦੇ ਕੇ ਪਰਚਾਇਆ ਜਾਂਦਾ ਹੈ ਏਸੇ ਤਰ੍ਹਾਂ ਅਕਾਲੀ ਦਲ ਦੀਆਂ ਮੰਗਾਂ ਮੰਨਦਿਆਂ ਲੰਗੜਾ ਜਿਹਾ ਸੂਬਾ ਦੇ ਕੇ ਪਰਚਾ ਦਿੱਤਾ ਗਿਆ। ਪੰਜਾਬ ਦੀਆਂ ਸਮੱਸਿਆਵਾਂ ਦਾ ਅੰਤ ਹੋਇਆ ਨਹੀਂ ਸਗੋਂ ਹੋਰ ਗੁੰਝਲ਼ਦਾਰ ਬਣਾ ਦਿੱਤੀਆਂ। ਜੇ ਭਾਰਤੀ ਕਾਂਗਰਸ ਪੰਜਾਬ ਲਈ ਸੁਹਿਰਦ ਨਹੀਂ ਸੀ ਤਾਂ ਸੰਤ ਫਤਿਹ ਸਿੰਘ ਵਰਗੇ ਬੌਣੇ ਕੱਦ ਦੇ ਸਿੱਖ ਲੀਡਰ ਵੀ ਇਸ ਲੰਗੜੇ ਪੰਜਾਬ ਲਈ ਜਿੰਮੇਵਾਰ ਹਨ। ਸਿੱਖ ਹੋਮਲੈਂਡ ਤੋਂ ਖਿਸਕਦਾ ਖਿਸਕਦਾ 13 ਜ਼ਿਲਿ੍ਹਆਂ ਤਕ ਸੁੰਗੜ ਕੇ ਰਹਿ ਗਿਆ। ਹੁਣ ਫਤਿਹ ਸਿੰਘ ਨੇ ਆਪਣੀ ਸਾਖ ਬਚਾਉਣ ਲਈ ਕੁਝ ਮੁੱਦਿਆ ‘ਤੇ ਫਿਰ ਮੋਰਚਾ ਲਾ ਦਿੱਤਾ।
1. ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ। 2. ਭਾਖੜਾ ਡੈਮ ਤੇ ਹੋਰ ਡੈਮ ਪੰਜਾਬ ਨੂੰ ਦਿੱਤੀਆਂ ਜਾਣ। ਸਿੱਖ ਲੀਡਰਾਂ ਦੀ ਪੰਜਾਬ ਪ੍ਰਤੀ ਵਫ਼ਾਦਾਰੀ ਨਾ ਰਹਿਣ ਸਬੰਧੀ ਖੁਸ਼ਵੰਤ ਸਿੰਘ ਦੀ ਟਿੱਪਣੀ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। “ਕਿਸੇ ਵੀ ਆਰਥਿਕ, ਸਮਾਜਿਕ ਤੇ ਰਾਜਸੀ ਉਦੇਸ਼ਾਂ ਦੀ ਅਣਹੋਂਦ ਕਾਰਨ ਤੇ ਜਿਹਨਾਂ ਧੜਿਆਂ ਨਾਲ ਪੰਜਾਬ ਸਿਆਸਤਦਾਨ ਸੰਬੰਧਿਤ ਸਨ ਉਹਨਾਂ ਪ੍ਰਤੀ ਵਫ਼ਾਦਾਰ ਨਾ ਹੋਣ ਕਾਰਨ, ਨਿੱਜੀ ਉੱਨਤੀ ਹੀ ਉਨ੍ਹਾਂ ਦਾ ਮੁੱਖ ਨਿਸ਼ਾਨਾ ਤੇ ਪ੍ਰੇਰਨਾ ਬਣ ਗਈ। ਆਉਣ ਵਾਲੇ ਸਾਲਾਂ ਵਿਚ ਦਲ ਬਦਲੀ ਤੇ ਪਾਰਟੀਬਾਜ਼ੀ ਵਿਚ ਉਲਝਕੇ ਰਹਿ ਗਏ”। ਇੱਥੇ ਡਾ. ਦਿਲਗੀਰ ਜੀ ਦੀ ਟਿੱਪਣੀ ਨੂੰ ਵੀ ਜ਼ਰੂਰ ਸ਼ਾਮਿਲ ਕੀਤਾ ਜਾਏਗਾ, ਉਹ ਲਿਖਦੇ ਹਨ ਕਿ “ਤਾਕਤ ਤੇ ਦੌਲਤ ਦੀ ਭੁੱਖ ਤੇ ਕੌਮੀ ਨਿਸ਼ਾਨੇ ਵੱਲੋਂ ਪਿੱਠ ਕਰਕੇ ਅਕਾਲੀਏ ਰਾਜ ਭਾਗ ਦੇ ਮਾਲਕ ਤਾਂ ਬਣ ਗਏ ਪਰ ਕੌਮੀ ਨਿਸ਼ਾਨੇ ਦਾ ਸਦਾ ਲਈ ਭੋਗ ਪਾ ਦਿੱਤਾ। ਪੰਜਾਬੀ ਸੂਬਾ ਬਣਨ ਤੋਂ ਤਿੰਨ ਮਹੀਨੇ ਮਗਰੋਂ ਫਰਵਰੀ 1967 ਵਿੱਚ ਅਸੈਂਬਲੀ ਤੇ ਪਾਰਲੀਮੈਂਟ ਚੋਣਾਂ ਹੋਈਆਂ ਸਨ। ਪਹਿਲੀ ਜਨਵਰੀ 1967 ਨੂੰ ਅਕਾਲੀ ਦਲ ਮਾਸਟਰ ਤੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ। ਇਸ ਵਿਚ ਸਿੱਖ ਹੋਮਲੈਂਡ, ਖ਼ੁਦਮੁਖ਼ਤਿਆਰੀ ਤੇ ਲੋਕਾਂ ਵਾਸਤੇ ਟੈਕਸਾਂ ਦੀਆਂ ਛੋਟਾਂ ਮੁੱਖ ਨੁਕਤੇ ਸਨ। ਦੂਜੇ ਪਾਸੇ ਫਤਿਹ ਸਿੰਘ ਨੇ ਸੀਪੀ ਆਈ ਨਾਲ ਸਮਝੋਤਾ ਕਰਕੇ ਪੂਰਨ ਪੰਜਾਬ ਤੇ ਸਿੱਖ ਹੋਮਲੈਂਡ ਦੀ ਮੁਖਾਲਫ਼ਤ ਕੀਤੀ ਸੀ”।
1886 ਈ. ਨੂੰ ਜਨਮੇ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ 1960, 61 ਤੇ 65 ਵਿਚ ਕੁਝ ਅਕਾਲੀ ਆਗੂਆਂ ਵਲੋਂ ਮਰਨ ਵਰਤ ਰੱਖ ਕੇ ਛੱਡ ਦੇਣ ਦੀ ਬਦਨਾਮੀ ਧੋਣ, ਤੇ ਪੰਜਾਬ ਨੂੰ ਚੰਡੀਗੜ੍ਹ ਦੇਣ ਲਈ 15 ਅਗਸਤ 1969 ਨੂੰ ਜੇਲ੍ਹ ਵਿਚ ਹੀ ਮਰਨ ਵਰਤ ਰੱਖ ਦਿੱਤਾ।75 ਦਿਨਾਂ ਉਪਰੰਤ ਸਰਦਾਰ ਫੇਰੂਮਾਨ ਸ਼ਹਾਦਤ ਦੇ ਗਏ ਪਰ ਸਿੱਖ ਆਗੂਆਂ ਨੇ ਉਸ ਦੀ ਕੋਈ ਕਦਰ ਨਾ ਕੀਤੀ। ਦਰਸ਼ਨ ਸਿੰਘ ਫੇਰੂਮਾਨ ਭਾਰਤ ਤੇ ਮਲਾਇਆ ਵਿਚ ਅੰਗਰੇਜ਼ਾਂ ਵਿਰੋਧੀ ਕਾਰਵਾਈਆਂ ਵਿੱਚ ਸ਼ਾਮਿਲ ਰਿਹਾ ਹੈ 15 ਸਾਲ ਜੇਲ੍ਹ ਵਿਚ ਗ਼ੁਜ਼ਾਰੇ। ਸ਼੍ਰੋਮਣੀ ਕਮੇਟੀ ਦਾ ਮੈਂਬਰ, ਦੋ ਵਾਰ ਸਕੱਤਰ, ਇਕ ਵਾਰ ਰਾਜ ਸਭਾ ਦਾ ਮੈਂਬਰ ਰਿਹਾ। ਉਂਝ ਪੰਜਾਬ ਬਣਨ ਨਾਲ ਹੀ ਸਿੱਖ ਲੀਡਰ ਕੌਮੀ ਹਿੱਤਾਂ ਦਾ ਤਿਆਗ ਕਰਕੇ ਨਿੱਜੀ ਲਾਭਾਂ ਵੱਲ ਨੂੰ ਪਰਤ ਗਏ। ਕੇਂਦਰ ਸਰਕਾਰ ਨੂੰ ਪਤਾ ਲੱਗ ਗਿਆ ਕਿ ਹੁਣ ਕੁਰਬਾਨੀ ਤੇ ਤਿਆਗ ਬਿਰਤੀ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਭੋਗ ਪੈ ਗਿਆ ਹੈ ਤੇ ਹਕੀਕੀ ਮੰਗਾਂ ਵਲੋਂ ਵੀ ਪਾਸਾ ਵੱਟ ਲਿਆ ਹੈ। ਅਕਾਲੀ ਦਲ ਵੱਖ ਵੱਖ ਧੜਿਆਂ ਵਿਚ ਵੰਡਿਆ ਗਿਆ। ਤਾਕਤਵਰ ਅਕਾਲੀ ਦਲ ਬਾਦਲ ਰਹਿ ਗਿਆ। ਅਕਾਲੀ ਦਲ ਬਾਦਲ ਨੇ ਸਮੁੱਚੇ ਅਕਾਲੀ ਰਵਾਇਤਾਂ, ਸਿੱਖੀ ਸਰੋਕਾਰਾਂ ਤੇ ਪੰਜਾਬ ਦੀਆਂ ਹੱਕੀ ਮੰਗਾਂ ਸਦਾ ਲਈ ਦਫਨਾਅ ਦਿੱਤੀਆਂ। ਬਾਦਲ ਪਰਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਪਰਵਾਰ ਦੀ ਜਗੀਰ ਬਣਾ ਦਿੱਤਾ। ਆਪ ਮੁੱਖ ਮੰਤਰੀ, ਪੁੱਤ ਉੱਪ ਮੁੱਖ ਮੰਤਰੀ, ਨੁੂੰਹ ਕੇਂਦਰੀ ਮੰਤਰੀ, ਪੁੱਤ ਦਾ ਸਾਲਾ ਮੰਤਰੀ, ਜਵਾਈ ਮੰਤਰੀ, ਭਤੀਜਾ ਮੰਤਰੀ ਤੇ ਹੋਰ ਕਈ ਰਿਸ਼ਤੇਦਾਰਾਂ ਨੂੰ ਗੱਫਿਆਂ ਦੇ ਗੱਫ਼ੇ ਵੰਡੇ ਗਏ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪਿਛਲੀਆਂ ਤਿੰਨ ਚੋਣਾਂ ਵਿਚ ਕਦੇ ਵੀ ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਪੰਜਾਬ ਨੂੰ ਦੇਣ ਸਬੰਧੀ ਜਾਂ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਦੱਬੀ ਜ਼ੁਬਾਨ ਨਾਲ ਵੀ ਗੱਲ ਨਹੀਂ ਕੀਤੀ ਇਨ੍ਹਾਂ ਦੇ ਪੰਦਰਾਂ ਸਾਲਾ ਰਾਜ ਵਿਚ ਪੰਜਾਬ ਕਰਜ਼ਾਈ-ਦਰ-ਕਰਜ਼ਾਈ ਹੋਇਆ। ਚਿੱਟਾ ਨਸ਼ਾ ਵੀ ਇਨ੍ਹਾਂ ਦੇ ਰਾਜ ਵਿਚ ਹੀ ਪ੍ਰਫੁੱਲਤ ਹੋਇਆ। ਰੇਤ, ਟਰਾਂਸਪੋਰਟ ਅਤੇ ਹੋਰ ਸਰਕਾਰ ਨੂੰ ਫਾਇਦਾ ਦੇਣ ਵਾਲੇ ਮਹਿਕਮਿਆਂ ਨੂੰ ਆਪਣੀ ਨਿੱਜੀ ਵਪਾਰ ਵਿਚ ਬਦਲ ਲਿਆ।
ਪੰਜਾਬ ਨਾਲ ਪਾਣੀਆਂ ਦਾ ਸਭ ਤੋਂ ਵੱਡਾ ਵਿਤਕਰਾ ਸਿਤਮ ਜ਼ਰੀਫੀ ਵੇਖੋ ਕਿ 1966 ਨੂੰ ਜਦੋਂ ਪੰਜਾਬੀ ਸੂਬਾ ਬਣਾਇਆ ਤਾਂ ਪੰਜਾਬ ਪੁਨਰਗਠਨ ਐਕਟ ਵਿੱਚ 78, 79 ਅਤੇ 80 ਧਾਰਾਵਾਂ ਜੋੜ ਕੇ ਪੰਜਾਬ ਦੇ ਸੰਵਿਧਾਨਕ ਅਧਿਕਾਰਾਂ ‘ਤੇ ਦਿਨ ਦੀਵੀਂ ਡਾਕਾ ਮਾਰਿਆ ਸੀ। ਸੇਵਾ ਮੁਕਤ ਲੈਫਟੀਨੈਂਟ ਸ੍ਰ. ਹਰਵੰਤ ਸਿੰਘ ਲਿਖਦੇ ਹਨ, ਕਿ “ਭਾਰਤ ਦਾ ਸੰਵਿਧਾਨ ਦਰਿਆ ਪਾਣੀਆਂ ਦੇ ਮੁੱਦਿਆਂ ਨੂੰ ਅਦਾਲਤ ਵਿਚੋਂ ਬਾਹਰ ਰੱਖਦਾ ਹੈ। ਪਾਣੀ ਦਾ ਅਧਿਕਾਰ ਰਿਪੇਰੀਅਨ ਸੂਬਿਆਂ ਦਾ ਆਪਣਾ ਹੈ ਪਰ ਪੰਜਾਬ ਨਾਲ ਵਿਤਕਰਿਆਂ ਦੀ ਸਿਖਰ ਕਰਦਿਆਂ ਰਾਜਸਥਾਨ, ਦਿੱਲੀ ਤੇ ਹਰਿਆਣਾ ਨੂੰ ਨਾਲ ਨੱਥੀ ਕੀਤਾ ਗਿਆ ਹੈ। ਰਾਵੀ ਸਤਲੁਜ ਤੇ ਬਿਆਸ ਦੇ ਪਾਣੀਆਂ ਸਬੰਧੀ ਇਹ ਤਿੰਨੇ ਰਾਜ ਗ਼ੈਰ-ਰਿਪੇਰੀਅਨ ਹਨ”। 29 ਸਤੰਬਰ 2023 ਦੀ ਅਜੀਤ ਅਖ਼ਬਾਰ ਵਿਚ ਭਾਈ ਹਰਜਿੰਦਰ ਸਿੰਘ ਲਾਲ, ਸਰਦਾਰ ਹਰਵੰਤ ਸਿੰਘ ਦਾ ਹਵਾਲਾ ਦੇ ਕੇ ਲਿਖਦੇ ਹਨ ਕਿ “ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੁਪਰੀਮ ਕੋਰਟ ਵਿਚੋਂ ਪੰਜਾਬ ਪੁਨਰ ਗਠਨ ਐਕਟ ਦੀ ਧਾਰਾ 78, 79 ਅਤੇ 80 ਨੂੰ ਰੱਦ ਕਰਨ ਲਈ ਪਾਏ ਗਏ ਕੇਸ ਨੂੰ ਵਾਪਸ ਕਰਾਉਣ ਲਈ ਹੀ ਬਣਾਈ ਗਈ ਸੀ। ਪੰਜਾਬ ਦੀ ਇਕ ਕਿਰਸਾਨ ਜੱਥੇਬੰਦੀ ਨੇ ਇਹ ਧਾਰਾਵਾਂ ਖਤਮ ਕਰਾਉਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇਕ ਰਿਟ ਦਾਇਰ ਕੀਤੀ ਸੀ। ਮੁੱਢਲੀ ਬਹਿਸ ਵਿੱਚ ਚੀਫ਼ ਜਸਟਿਸ ਐਸ ਐਸ ਸੰਧਾਵਾਲੀਆ ਨੇ ਆਪਣੀ ਅਗਵਾਈ ਵਿਚ ਫੁੱਲ ਬੈਂਚ ਬਣਾਇਆ ਤੇ ਹਫ਼ਤੇ ਦੇ ਆਖ਼ਰੀ ਕੰਮ ਵਾਲੇ ਦਿਨ ਅਗਲੀ ਸੁਣਵਾਈ ਲਈ ਸੋਮਵਾਰ 25 ਨਵੰਬਰ 1983 ਦੀ ਤਾਰੀਖ਼ ਨਿਸਚਿਤ ਕਰ ਦਿੱਤੀ ਸੀ। ਪਰ ਇਨ੍ਹਾਂ ਦੋ ਦਿਨਾਂ ਵਿਚ ਹੀ ਦੋ ਗੱਲਾਂ ਵਾਪਰੀਆਂ। ਇਕ ਤਾਂ ਚੀਫ਼ ਜਸਟਿਸ ਸੰਧਾਵਾਲੀਆ ਦਾ ਤਬਾਦਲਾ ਪਟਨਾ ਹਾਈਕੋਰਟ ਦਾ ਹੋ ਗਿਆ ਤੇ ਦੂਸਰਾ ਭਾਰਤ ਦੇ ਅਟਾਰਨੀ ਜਨਰਲ ਨੇ ਸੁਪਰੀਮ ਕੋਰਟ ਵਿਚ ਜ਼ਬਾਨੀ ਅਰਜ਼ੀ ਦਿੱਤੀ ਕਿ ਇਹ ਕੇਸ ਮਹੱਤਵਪੂਰਨ ਹੈ ਇਸ ਨੂੰ ਸੁਪਰੀਮ ਕੋਰਟ ਵਿਚ ਤਬਦੀਲ ਕੀਤਾ ਜਾਵੇ। ਇਹ ਅਰਜ਼ੀ ਤੁਰੰਤ ਪ੍ਰਵਾਨ ਹੋ ਗਈ। ਇਹ ਕੇਸ ਏਨਾ ਮਹੱਤਵਪੂਰਨ ਸੀ ਕਿ ਅੱਜ ਤੱਕ ਇਸ ਦੀ ਸੁਣਵਾਈ ਹੀ ਨਹੀਂ ਹੋਈ”। ਅਜੇਹੀ ਘਟਨਾ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਪਹਿਲੀਆਂ ਕੇਂਦਰੀ ਸਰਕਾਰਾਂ ਦਾ ਪੰਜਾਬ ਪ੍ਰਤੀ ਕੀ ਰਵੱਈਆ ਸੀ ਅਤੇ ਹੁਣ ਕੇਂਦਰੀ ਸਰਕਾਰ ਵੀ ਪੰਜਾਬ ਨੂੰ ਇਨਸਾਫ਼ ਦੇਣ ਲਈ ਕੋਈ ਦਿਲਚਸਪੀ ਨਹੀਂ ਰੱਖਦੀ। ਨਕਸ਼ ਲਾਇਲਪੁਰੀ ਦੇ ਲਫ਼ਜ਼ਾਂ ਵਿਚ – ਸੀਂਚਾ ਥਾ ਜਿਸ ਕੋ ਖ਼ੂਨ-ਏ-ਤਮੰਨਾ ਸੇ ਰਾਤ ਦਿਨ, ਗੁਲਸ਼ਨ ਮੇਂ ਉਸ ਬਹਾਰ ਕੇ ਹੱਕਦਾਰ ਹਮ ਨਹੀਂ”।
ਇਹ ਤਾਂ ਕੇਂਦਰੀ ਸਰਕਾਰਾਂ ਦਾ ਇਕ ਪੱਖ ਰਿਹਾ ਹੈ ਪੰਜਾਬ ਪ੍ਰਤੀ ਪਰ ਜਦੋਂ ਦਾ ਪੰਜਾਬੀ ਸੂਬਾ ਬਣਿਆ ਹੈ ਅਕਾਲੀਆਂ ਤੇ ਕਾਂਗਰਸੀਆਂ ਦੀਆਂ ਸਰਕਾਰਾਂ ਬਣਦੀਆਂ ਰਹੀਆਂ, ਇਹ ਸਰਕਾਰਾਂ ਖਾਨਾ ਪੂਰਤੀ ਲਈ ਵਿਧਾਨ ਸਭਾ ਵਿਚ ਬਿੱਲ ਪਾਸ ਵੀ ਕਰਦੀਆਂ ਰਹੀਆਂ ਕਿ ਪੰਜਾਬ ਨੂੰ ਪਾਣੀਆਂ ਦੀ ਰਾਇਲਟੀ ਮਿਲਣੀ ਚਾਹੀਦੀ ਹੈ। ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਪੰਜਾਬ ਦੇ ਕਿਸੇ ਵੀ ਲੀਡਰ ਨੇ ਪੰਜਾਬ ਦੇ ਐਸੇ ਮੁੱਦੇ ਨੂੰ ਮਨੋਂ ਚੁੱਕਿਆ ਹੀ ਨਹੀਂ ਹੈ। ਆਮ ਪਾਰਟੀ ਦੀ ਸਰਕਾਰ ਦਾ ਵੀ ਇਸ ਪਾਸੇ ਕੋਈ ਧਿਆਨ ਨਹੀਂ ਹੈ। “ਹੈਂ! ਬੇੜਾ ਬਹਿਜੇ ਪੰਜਾਬ ਦੇ ਲੀਡਰਾਂ ਦਾ”। ਇਨ੍ਹਾਂ ਦੀ ਨਲਾਇਕੀ ਹੀ ਕਹੀ ਜਾ ਸਕਦੀ ਹੈ ਕਿ ਹੁਣ ਸੁਪਰੀਮ ਕੋਰਟ ਨੇ ਨਵੇਂ ਸਿਰੇ ਤੋਂ ਹਰਿਆਣੇ ਨੂੰ ਪਾਣੀ ਦੇਣ ਲਈ ਦਾਬਾ ਮਾਰਿਆ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਰੋਟੀਆਂ ਸੇਕਣ ਲਈ ਕਹੀ ਜਾਂਦੇ ਹਨ ਕਿ ਅਸੀਂ ਇਕ ਬੂੰਦ ਵੀ ਪਾਣੀ ਦੀ ਨਹੀਂ ਦਿਆਂਗੇ ਪਰ ਤੱਥਾਂ ਦੇ ਅਧਾਰਤ ਕੇਸ ਪੇਸ਼ ਕਰਨ ਲਈ ਤਿਆਰ ਹੀ ਨਹੀਂ ਹਨ। ਉਹ ਧਾਰਾਵਾਂ 78, 79 ਤੇ 80 ਕਿਉਂ ਨਹੀਂ ਰੱਦ ਕਰਾਉਂਦੇ ਜਿਹੜੀਆਂ ਪੰਜਾਬ ਐਕਟ ਵਿਚ ਧੱਕੇ ਨਾਲ ਜੋੜੀਆਂ ਹਨ। ਮੁਲਕ ਲਈ ਸਿੱਖ ਕੌਮ ਦਾ ਵੱਡਾ ਯੋਗਦਾਨ ਰਿਹਾ ਹੈ ਪਰ ਮੁੱਲ ਕੋਈ ਨਹੀਂ ਪਾਇਆ ਗਿਆ
ਸਦੀਆਂ ਦੀ ਗ਼ਲਾਮੀ ਕੱਟ ਰਹੇ ਭਾਰਤੀਆਂ ਲਈ ਗੁਰੂ ਸਾਹਿਬ ਜੀ ਨੇ ਜਿੱਥੇ ਆਪ ਸ਼ਹੀਦੀਆਂ ਦਿੱਤੀਆਂ ਓੱਥੇ ਸਿੱਖ ਕੌਮ ਦੇ ਮਹਾਨ ਯੋਧਿਆਂ ਨੇ ਹਰ ਮੁਹਿੰਮ ਵਿਚ ਵੱਧ ਚੜ੍ਹਕੇ ਹਿੱਸਾ ਪਾਇਆ। ਸਾਰਾ ਇਤਿਹਾਸ ਸਾਡੇ ਸਾਹਮਣੇ ਪਿਆ ਹੋਇਆ ਹੈ। ਇਸ ਨੂੰ ਵਾਰ ਵਾਰ ਦੁਹਰਾਉਣ ਦੀ ਲੋੜ ਨਹੀਂ ਕਿ ਮੁਲਕ ਦੀ ਅਜ਼ਾਦੀ ਵਿਚ ਸਭ ਤੋਂ ਵੱਧ ਯੋਗਦਾਨ ਸਿੱਖਾਂ ਨੇ ਪਾਇਆ। ਇਹ ਇਤਿਹਾਸ ਦੇ ਗਰਭ ਵਿਚ ਪਿਆ ਹੋਇਆ ਹੈ ਤੇ ਸਦਾ ਪਿਆ ਰਹੇਗਾ। ਪਰ ਮੁਲਕ ਦੀਆਂ ਸਰਕਾਰਾਂ ਅਜਿਹੇ ਬ੍ਰਿਤਾਂਤ ਸਿਰਜਦੀਆਂ ਹਨ ਕਿ ਝੂਠੇ ਬਿਰਤਾਂਤ ਨੂੰ ਸੱਚ ਬਣਾ ਦਿੰਦੀਆਂ ਹਨ। 1962 ਚੀਨ ਦੀ ਜੰਗ, 1965 ਤੇ 1971 ਪਾਕਿਸਤਾਨ ਨਾਲ ਹੋਈ ਜੰਗ ਦੀ ਕਹਾਣੀ ਕੋਈ ਪੁਰਾਣੀ ਨਹੀਂ ਇਹ ਤਾਂ ਸਾਡੀ ਹਯਾਤੀ ਵਿਚ ਹੀ ਹੋਈਆਂ ਹਨ। 1962 ਵਿੱਚ ਚੀਨ ਦੀ ਜੰਗ ਸਮੇਂ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਕਿਹਾ ਕਿ ਭਾਰਤ ਦੇ ਰੱਖਿਆ ਮਹਿਕਮੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੋਨਾ ਚਾਹੀਦਾ ਹੈ। ਨਹਿਰੂ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ 252 ਕਿਲੋ ਸੋਨਾ ਤੇ ਮਹਾਰਾਜਾ ਰਣਜੀਤ ਸਿੰਘ ਰਾਜ ਦੇ 12000 ਸੋਨੇ ਦੇ ਸਿੱਕੇ ਦੇ ਕੇ ਭਾਰਤ ਲਈ ਵੱਡਾ ਯੋਗਦਾਨ ਪਾਇਆ। ਹਾਲਾਂਕਿ 15 ਸਾਲ ਪਹਿਲਾਂ ਹੀ ਸਿੱਖ ਉਜਾੜੇ ਦਾ ਸੱਲ ਸਹਿ ਰਹੇ ਸਨ। ਹੈਰਾਨਗੀ ਦੇਖੋ ਸਾਰੇ ਭਾਰਤ ਵਿਚੋਂ 5.327 ਕਿੱਲੋ ਸੋਨਾ ਇਕੱਠਾ ਹੋਇਆ। 1955 ਵਿਚ ਨਹਿਰੂ ਤੇ 1984 ਵਿਚ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ’ਤੇ ਹਮਲਾ ਕਰ ਕੇ ਸਿੱਖਾਂ ਪ੍ਰਤੀ ਜ਼ਹਿਰ ਦਾ ਪ੍ਰਗਟਾਵਾ ਕੀਤਾ। ਆਹ ਤਾਂ ਪੰਜਾਬ ਨਾਲ ਵਰਤਾਰਾ ਹੁੰਦਾ ਆਇਆ ਹੈ। ਹਰੀ ਕ੍ਰਾਂਤੀ ਹੋਵੇ ਜਾਂ ਚਿੱਟੀ ਕ੍ਰਾਂਤੀ ਹੋਵੇ, ਛੋਟੇ ਜਿਹੇ ਪੰਜਾਬੀ ਸੂਬੇ ਨੇ ਰਿਕਾਰਡ ਅਨਾਜ ਪੈਦਾ ਕੀਤਾ। ਭਾਰਤ ਨੂੰ ਭੁੱਖਮਰੀ ਦੀ ਮਾਰ ਵਿਚੋਂ ਬਾਹਰ ਕੱਢਿਆ।
ਵਿਤਕਰਿਆਂ ਦੀ ਲੜੀ ਬਹੁਤ ਲੰਬੀ ਹੈ— ਪਾਣੀ ਖੋਹ ਲਿਆ ਉਸ ਦੀ ਭਰਪਾਈ ਲਈ ਕਿਸਾਨਾਂ ਨੂੰ ਬਿਜਲੀ ਮੁਫਤ ਕਰ ਦਿੱਤੀ, ਨਤੀਜਾ ਪੰਜਾਬ ਦਾ ਅੰਮ੍ਰਿਤ ਵਰਗਾ ਪਾਣੀ ਬਹੁਤ ਨੀਵਾਂ ਚਲਾ ਗਿਆ। ਏਦਾਂ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਲੀਡਰਾਂ ਦੀ ਲਾਪ੍ਰਵਾਹੀ ਕਰਕੇ ਪਾਣੀ ਵਰਗਾ ਕੀਮਤੀ ਖ਼ਜ਼ਾਨਾ ਬਰਬਾਦ ਹੋ ਗਿਆ ਹੈ। ਇਸ ਦੌਰ ਦੇ ਲੀਡਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਣਗੇ? ਪੰਜਾਬ ਵਿਚੋਂ ਵਿਤਕਰੇ ਦੂਰ ਕਰਾਉਣ ਲਈ 1982 ਵਿਚ ਦਿੱਲੀ ਏਸ਼ੀਆ ਖੇਡਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਰੋਸ ਪ੍ਰਦਸ਼ਨ ਕਰਨਾ ਸੀ ਤਾਂ ਓਦੋਂ ਹਰਿਆਣੇ ਦੇ ਤਤਕਾਲੀ ਮੁੱਖ ਮੰਤਰੀ ਭਜਨ ਲਾਲ ਵਲੋਂ ਸਾਰੇ ਸਿੱਖਾਂ ਨੂੰ ਪੁੱਜ ਕੇ ਜਲੀਲ ਕੀਤਾ ਗਿਆ। ਅਕਾਲੀ ਦਲ ਵਾਲੇ ਜਦੋਂ ਸੱਤਾ ਤੋਂ ਬਾਹਰ ਹੁੰਦੇ ਤਾਂ ਪੰਜਾਬ ਦੇ ਮੁੱਦਿਆਂ ਦੀ ਅਕਸਰ ਗੱਲ ਕਰਦੇ ਹਨ ਪਰ ਜਦੋਂ ਸੱਤਾ ਦਾ ਅਨੰਦ ਮਾਣਦੇ ਹਨ ਤਾਂ ਓਦੋਂ ਸਾਰਾ ਕੁਝ ਭੁੱਲ ਜਾਂਦੇ ਹਨ। ਜਦੋਂ ਦਾ ਪੰਜਾਬੀ ਸੂਬਾ ਬਣਿਆ ਓਦੋਂ ਤੋਂ ਹੀ ਪੰਜਾਬ ਵਿਚ ਦਲ ਬਦਲੀਆਂ ਦੀ ਭਰਮਾਰ ਰਹੀ। ਸ਼੍ਰੋਮਣੀ ਅਕਾਲੀ ਦਲ ਨੇ ਅਖੀਰਲੀ ਹਿੰਮਤ ਅਨੰਦਪੁਰ ਸਾਹਿਬ ਦਾ ਮਤਾ ਲਿਆਉਣ ਦੀ ਕੀਤੀ ਹੈ ਪਰ ਇਹ ਸਾਰਾ ਕੁਝ ਕਾਗ਼ਜ਼ਾਂ ਵਿਚ ਹੀ ਰਹਿ ਗਿਆ। ਹੁਣ ਤਕ ਬਹੁਤੇ ਅਕਾਲੀ ਲੀਡਰਾਂ ਨੂੰ ਅਨੰਦਪੁਰ ਦੇ ਮਤਿਆਂ ਬਾਰੇ ਜਾਣਕਾਰੀ ਵੀ ਨਹੀਂ ਹੋਣੀ। ਅਨੰਦਪੁਰ ਦਾ ਮਤਾ ਕੀ ਸੀ—“ਪੰਥਕ ਸਿਆਸੀ ਨਿਸ਼ਾਨਾ ਨਿਸਚੇ ਤੌਰ ‘ਤੇ ਦਸਮ ਪਾਤਿਸ਼ਾਹ ਦੇ ਹੁਕਮਾਂ, ਸਿੱਖ ਤਵਾਰੀਖ਼ ਦੇ ਸਫ਼ਿਆਂ ਅਤੇ ਖਾਲਸਾ ਪੰਥ ਦੇ ਮਨ ਮੰਦਰ ਵਿੱਚ ਉਕਰਿਆ ਚਲਿਆ ਆ ਰਿਹਾ ਹੈ। ਜਿਸ ਦਾ ਮਕਸਦ ਹੈ, ਖਾਲਸਾ ਜੀ ਕੇ ਬੋਲ ਬਾਲੇ। ਖਾਲਸ਼ਾਹੀ ਦੇ ਇਸ ਜਨਮ ਸਿੱਧ ਹੱਕ ਨੂੰ ਵਜੂਦ ਵਿਚ ਲਿਆਉਣ ਵਾਸਤੇ ਲੋੜੀਂਦੇ ਦੇਸ਼, ਕਾਲ ਅਤੇ ਸਿਆਸੀ ਲਾਈਨ ਨੂੰ ਬਣਾਉਣਾ ਤੇ ਕਾਇਮ ਕਰਨਾ, ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਢਾਂਚੇ ਦੀ ਨੀਂਹ ਹੈ”।
ਅਜ਼ਾਦ ਭਾਰਤ ਵਿਚ ਸਭ ਤੋਂ ਵੱਡੀ ਸਮੱਸਿਆ ਸਿੱਖੀ ਦੇ ਖਾਲਸਈ ਵਜੂਦ ਦੀ ਹੈ। ਭਾਰਤ ਵਿਚ ਬ੍ਰਿਤਾਂਤ ਹਰ ਵਾਰ ਇਸ ਤਰ੍ਹਾਂ ਦਾ ਸਿਰਜਿਆ ਜਾਂਦਾ ਹੈ ਜਿਸ ਤਰ੍ਹਾਂ ਕੇਵਲ ਸਿੱਖ ਹੀ ਦੇਸ਼ ਦੇ ਦੁਸ਼ਮਣ ਹੋਣ। ਸਰਦਾਰ ਗੁਰਤੇਜ ਸਿੰਘ ਆਈ ਏ ਐਸ ਦੀਆਂ ਇਹ ਸਤਰਾਂ ਬਹੁਤ ਵੱਡਾ ਸੰਕਲਪ ਆਪਣੇ ਆਪ ਵਿਚ ਸਮੋਈ ਬੈਠੀਆਂ ਹਨ। ਉਹ ਲਿਖਦੇ ਹਨ ਕਿ “ਸਿੱਖਾਂ ਨੂੰ ਹਤਾਸ਼, ਨਿਰਾਸ਼, ਸੱਤਾਹੀਣ ਅਤੇ ਬਦਨਾਮ ਕਰਨ ਦੀ ਹਿੰਦੂਤਵੀ ਨੀਤੀ ਸਦੀਆਂ ਪੁਰਾਣੀ ਤੁਰੀ ਆਉਂਦੀ ਹੈ ਪਰ ਸੱਤਾ ਦਾ ਬਟੇਰਾ ਪਹਿਲੀ ਵਾਰ ਪੈਰ ਹੇਠ ਆਇਆ ਹੈ। 1947 ਤੋਂ ਬਾਅਦ ਹਿੰਦੂਤਵੀ ਮਾਨਸਿਕਤਾ ਨੇ ਸਟੇਟ ਦੀ ਤਾਕਤ ਨਾਲ ਆਪਣਾ ਟੀਚਾ ਪੂਰਾ ਕਰਨ ਦੀ ਠਾਣ ਲਈ ਹੈ। ਪੰਜਾਬੀ ਬੋਲੀ ਨੂੰ ਤਿਲਾਂਜਲੀ, ਪੰਜਾਬੀ ਸੂਬੇ ਨੂੰ ਛੋਟਾ ਅਤੇ ਆਰਥਿਕ ਪੱਖੋਂ ਨਿਤਾਣਾ ਕਰਨ ਅਤੇ ਅਜੇਹੇ ਮਨਸੂਬੇ ਸਿੱਖਾਂ ਦੇ ਸੰਘ ਵਿੱਚ ਪਉਣੇ ਕਿ ਕੁੱਲ ਦੁਨੀਆਂ ਸਾਹਮਣੇ ਬਦਨਾਮ ਹੋ ਕੇ ਕੁਸਕਣ ਜੋਗੇ ਨਾ ਰਹਿਣ, ਇਹ ਹਿੰਦੂਤਵ ਦੇ ਤੌਰ ਤਰੀਕੇ ਹਨ”। ਸਿੱਖ ਕੌਮ ਨੂੰ ਖਬਰਦਾਰ ਕਰਦਿਆਂ ਸਰਦਾਰ ਸਾਹਿਬ ਅੱਗੇ ਲਿਖਦੇ ਹਨ ਕਿ “ਸੂਬੇ ਦੀ ਸੁਰੱਖਿਆ ਹੇਠ ਹਿੰਦੂਤਵੀ ਇਕ ਹੱਥ ਤ੍ਰਿਸੂਲ ਤੇ ਦੂਜੇ ਹੱਥ ਬਚਿੱਤ੍ਰ ਨਾਟਕ ਗ੍ਰੰਥ ਲੈ ਕੇ ਮੈਦਾਨ ਵਿਚ ਉਤਰਿਆ ਹੋਇਆ ਹੈ”। ਪੰਜਾਬ ਦੇ ਪੁੱਤਰਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਬਣਾ ਧਰਿਆ ਤੇ ਅਜੇਹੇ ਵਰਤਾਰੇ ਲੱਭਣ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਵੀ ਅਣਪਛਾਤੀ ਲਾਸ਼ ਬਣਾ ਦਿੱਤਾ। ਜਿਹੜੇ ਪੁਲੀਸ ਅਧਿਕਾਰੀ ਕਸੂਰਵਾਰ ਸਨ ਸ਼੍ਰੋਮਣੀ ਅਕਾਲੀ ਦਲ ਬਾਦਲ ਉਨ੍ਹਾਂ ਨੂੰ ਟਿਕਟਾਂ ਤੇ ਅਹੁਦੇ ਦੇ ਕੇ ਨਿਵਾਜਦਾ ਰਿਹਾ ਹੈ। ਬਾਦਲ ਸਰਕਾਰ ਵਲੋਂ ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਭੁੱਕਿਆ ਜਾਂਦਾ ਰਿਹਾ ਹੈ। ਆਪਣੀ ਕੌਮ ਪ੍ਰਤੀ ਵਫ਼ਾਦਾਰ ਨਾ ਰਹਿਣ ਕਰਕੇ ਸਮੁੱਚੇ ਅਕਾਲੀ ਦਲ ਨੂੰ ਰਾਜਨੀਤੀ ਦੇ ਹਾਸ਼ੀਏ ਤੇ ਆਉਣ ਲਈ ਮਜ਼ਬੂਰ ਹੋਣਾ ਪਿਆ। ਕਾਸ਼! ਜੇ ਅਜੇ ਵੀ ਆਪਣੀ ਜ਼ਿੰਮੇਵਾਰੀ ਸਮਝ ਲੈਣ ਤਾਂ ਸੂਬੇ ਤੇ ਕੌਮ ਦੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਡੁੱਬ ਕੇ ਮਰਨ ਵਾਲੀ ਗੱਲ ਹੈ ਕਿ ਇਨ੍ਹਾਂ ਦੀ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਸੌਧਾ ਸਾਧ ਦਾ ਕੇਸ ਅਦਾਲਤ ਵਿਚੋਂ ਵਾਪਸ ਲਿਆ।
ਪੰਜਾਬ ਨੂੰ ਮਜ਼ਬੂਤ ਖੇਤਰੀ ਪਾਰਟੀ ਦੀ ਜ਼ਰੂਰਤ ਹੈ ਜਿਹੜੀ ਸਿੱਖੀ ਸਰੋਕਾਰਾਂ ਤੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਸਮਝਦੀ ਹੋਵੇ। ਪੰਜਾਬ ਦੇ ਲੀਡਰਾਂ ਨੂੰ ਸਭ ਤੋਂ ਪਹਿਲਾਂ ਨਿੱਜੀ ਲਾਭ ਅਤੇ ਪਰਵਾਰਵਾਦ ਨੂੰ ਛੱਡਣਾ ਪਏਗਾ। ਦੂਸਰਾ ਕਿਰਸਾਨ ਯੂਨੀਅਨਾਂ ਦੇ ਕੁਝ ਲੀਡਰਾਂ ਨੂੰ ਪੰਜਾਬ ਦੇ ਮੁੱਦਿਆਂ ਦੀ ਸੂਝ ਤਾਂ ਹੈ ਪਰ ਉਹ ਖੁਲ੍ਹ ਕੇ ਨਾਨਕਈ ਫਲਸਫੇ ਨੂੰ ਨਾਲ ਲੈ ਕੇ ਚੱਲਣ ਲਈ ਤਿਆਰ ਨਹੀਂ ਹਨ। ਕਿਰਸਾਨੀ ਮੋਰਚੇ ਦੀ ਜਿੱਤ ਦਾ ਵਰਤਾਰਾ ਨਾਨਕਈ ਫਲਸਫਾ ਹੀ ਸੀ। ਪੰਜਾਬ ਦੇ ਰਾਜ ਸਭਾ ਤੇ ਲੋਕ ਸਭਾ ਮੈਂਬਰਾਂ ਨੇ ਕਦੇ ਵੀ ਆਪਣੀ ਪਾਰਟੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰਦੇ। ਇਨ੍ਹਾਂ ਮੈਂਬਰਾਂ ਨੂੰ ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜਿਆ ਹੈ ਪਰ ਇਹ ਮੂੰਹ ਵਿਚ ਘੁੰਗਣੀਆਂ ਪਾ ਕੇ ਬੈਠੈ ਰਹਿੰਦੇ ਹਨ। ਕੀ ਕੋਈ ਦਸ ਸਕਦਾ ਹੈ ਕਿ ਇਨ੍ਹਾਂ ਲੀਡਰਾਂ ਦੀ ਲੋਕ ਸਭਾ ਜਾਂ ਰਾਜ ਸਭਾ ਵਿਚ ਕੀ ਕਾਰਗੁਜ਼ਾਰੀ ਹੈ ਜਾਂ ਕਿਹੜੀ ਕੋਈ ਮੰਗ ਮਨਾ ਕੇ ਆਏ ਹਨ।
ਵਰਤਮਾਨ ਸਮੇਂ ਕਨੇਡਾ ਤੇ ਭਾਰਤ ਦੀ ਜਿਹੜੀ ਸਥਿੱਤੀ ਬਣੀ ਹੋਈ ਹੈ ਉਸ ਦਾ ਸਭ ਤੋਂ ਵੱਧ ਅਸਰ ਪੰਜਾਬ ਤੇ ਉਹ ਵੀ ਸਿੱਖਾਂ ‘ਤੇ ਪੈ ਰਿਹਾ ਹੈ। ਆਮ ਪਾਰਟੀ ਕੋਲ ਇਕ ਵਧੀਆ ਮੌਕਾ ਹੈ ਕਿ ਉਹ ਪੰਜਾਬ ਦੇ ਮੁੱਦਿਆਂ ਦੀ ਅਵਾਜ਼ ਉਠਾਵੇ। ਸਭ ਤੋਂ ਪਹਿਲਾਂ ਆਮ ਪਾਰਟੀ ਦੀ ਸਰਕਾਰ ਸਰਬ ਪਾਰਟੀ ਮੀਟਿੰਗ ਬੁਲਾਵੇ ਤੇ ਅਜੇਹੀ ਗੁੰਝਲ਼ਦਾਰ ਸਥਿੱਤੀ ਦਾ ਹੱਲ ਲੱਭਣ ਦਾ ਯਤਨ ਕਰੇ ਨਹੀਂ ਤਾਂ ਕਾਠ ਦੀ ਹਾਂਡੀ ਬਾਰ ਬਾਰ ਨਹੀਂ ਚੜ੍ਹਦੀ। ਪੰਜਾਬ ਦੀ ਹੀ ਨਹੀਂ ਸਗੋਂ ਸਾਰੇ ਮੁਲਕ ਦੀ ਆਰਥਿਕਤਾ ਵਿਚ ਪਰਵਾਸੀ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਆਮ ਪਾਰਟੀ ਦੀ ਸਰਕਾਰ ਬਣਾਉਣ ਵਿਚ ਪ੍ਰਵਾਸੀ ਪੰਜਾਬੀਆਂ ਨੇ ਵੱਧ ਚੜ੍ਹਕੇ ਭਾਗ ਲਿਆ। ਪਰ ਅਜੇ ਤੱਕ ਆਮ ਪਾਰਟੀ ਦੀ ਸਰਕਾਰ ਨੇ ਸਿੱਖਾਂ ਦੇ ਮਸਲੇ ਹੱਲ ਕਰਾਉਣ ਦਾ ਕੋਈ ਯਤਨ ਨਹੀਂ ਕੀਤਾ।ਭਵਿੱਖਤ ਵਿਚ ਆਮ ਪਾਰਟੀ ਨੂੰ ਪੰਜਾਬੀਆਂ ਦੇ ਇਸ ਗੁੱਸੇ ਦਾ ਸਾਹਮਣਾ ਕਰਨਾ ਪਏਗਾ। ਪੰਜਾਬ ਦੇ ਲੀਡਰਾਂ ਵਿਚ ਮਿਹਣੇ ਮਾਰਨ ਤੋਂ ਬਿਨਾ ਬਾਕੀ ਕੁਝ ਕਰਨ ਲਈ ਦਿਸਦਾ ਨਹੀਂ ਹੈ। ਕਿਸੇ ਵੀ ਪਾਰਟੀ ਨੇ ਪੰਜਾਬ ਦੀ ਤਰੱਕੀ ਲਈ ਕੋਈ ਖ਼ਾਕਾ ਤਿਆਰ ਨਹੀਂ ਕੀਤਾ।
ਪੰਜਾਬ ਸਰਕਾਰ ਲਈ ਸਭ ਤੋਂ ਅਹਿਮ ਨੁਕਤਾ ਹੈ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ, ਕੇਂਦਰ ਸਰਕਾਰ ਕੋਲੇ ਜ਼ੋਰਦਾਰ ਤਰੀਕੇ ਨਾਲ ਪਾਕਿਸਤਾਨ ਨਾਲ ਵਪਾਰ ਕਰਨ ਦੀ ਆਗਿਆ ਲੈ ਕੇ ਦੇਵੇ। ਦੂਸਰਾ ਸਵਾਲ ਹੈ ਕਿ ਕੇਵਲ ਲੋੜਵੰਦਾਂ ਨੂੰ ਛੱਡ ਕੇ ਬਾਕੀ ਅਣਖ਼ੀ ਤੇ ਮਿਹਨਤੀ ਪੰਜਾਬੀਆਂ ਨੂੰ ਖ਼ੈਰਾਤ ਦੀਆਂ ਵਸਤੂਆਂ ਨਾ ਦਿਓ, ਵੱਸਦੇ ਰਸਦੇ ਪੰਜਾਬੀਆਂ ਨੂੰ ਆਟਾ ਦਾਲ ਵਰਗੀਆਂ ਨਿਮੂਣੀਆਂ ਜੇਹੀਆਂ ਸਹੂਲਤਾਂ ਦੇ ਕੇ ਆਲਸੀ ਨਾ ਬਣਾਓ। ਅਜੇਹੀਆਂ ਮੁਫਤਖੋਰੀਆਂ ਪੰਜਾਬ ਨੂੰ ਕਰਜ਼ਾਈ ਹੀ ਬਣਾਈ ਜਾਣਗੀਆਂ। ਰੋਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਖੇਤੀ ਅਧਾਰਤ ਇੰਡਸਟਰੀ ਲਗਾਓ। ਪਾਣੀਆਂ ਦੇ ਮੁੱਦੇ ਤੇ ਸਾਰੀਆਂ ਪਾਰਟੀਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਪੰਜਾਬੀ ਕਵੀ ਕਾਸਦ ਦਾ ਵਿਰਲਾਪ:- ਪੂਰਨ ਸਿੰਘਾ, ਪੰਜਾਬ ਹੁਣ ਗੁਰਾਂ ਦੇ ਨਾਂ ’ਤੇ ਨਹੀਂ ਟੋਪੀਆਂ ਦੇ ਨਾਂ ’ਤੇ ਜਿਉਂਦਾ।