ਗੁਰਮਤਿ ਗਿਆਨ ਮਿਸ਼ਨਰੀ ਕਾਲਜ
Gurmat Gian Missionary College

ਪ੍ਰਿੰ. ਗੁਰਬਚਨ ਸਿੰਘ ਪੰਨਵਾਂ # 99155-29725

ਸ਼੍ਰੋਮਣੀ ਅਕਾਲੀ ਦਲ ਦੀ ਦਾਸਤਾਨ

ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਪੰਜਾਬ ਵਿੱਚ ਹਲੇਮੀ ਰਾਜ ਦੀ ਸਥਾਪਤੀ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾਂਦੇੜ ਤੋਂ ਪੰਜਾਬ ਭੇਜਿਆ। ਬਾਬਾ ਬੰਦਾ ਸਿੰਘ ਨੇ ਸਰਹੰਦ ਫਤਿਹ ਕਰਕੇ ਆਪਣੀ ਹਕੂਮਤ ਕਾਇਮ ਕਰ ਲਈ ਪਰ ਲੰਮਾ ਸਮਾਂ ਰਾਜ ਸਥਾਪਤ ਨਾ ਰਹਿ ਸਕਿਆ। ਅਖੀਰ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਵਿਚੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਿੱਖ ਸਿਧਾਂਤ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਰੀਰਕ, ਮਾਨਸਿਕ ਅਤੇ ਪਰਿਵਾਰਕ ਕਰੜੇ ਤਸੀਹਿਆਂ ਦਾ ਸਾਹਮਣਾ ਕਰਨਾ ਪਿਆ। ਮੌਤ ਨੂੰ ਪ੍ਰਵਾਨ ਤਾਂ ਕਰ ਲਿਆ ਪਰ ਸਰਕਾਰ ਅੱਗੇ ਝੁਕੇ ਨਹੀਂ ਸਨ। ਸ਼ਹੀਦੀਆਂ ਦਾ ਦੌਰ ਚਲਿਆ ਜਿਸ ਵਿਚ ਕਾਹਨੂੰਵਾਨ ਦਾ ਛੰਭ ਅਤੇ ਕੁੱਪ ਰਹੀੜੇ ਦਾ ਮੈਦਾਨ ਇਤਿਹਾਸ ਦੇ ਪੰਨਿਆਂ ‘ਤੇ ਖੂਨ ਨਾਲ ਲਿਬੜਿਆ ਹੋਇਆ ਦਿਸਦਾ। ਕਿਸੇ ਸਿੱਖ ਨੇ ਵੀ ਔਖਿਆਈਆਂ ਤੇ ਬਿਖੜਿਆਂ ਪੈਂਡਿਆਂ ਦਾ ਪੰਧ ਤਹਿ ਕਰਦਿਆਂ ਹੋਇਆਂ ਸਿੱਖ ਕੌਮ ਦੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ। 84 ਜੱਥਿਆਂ ਤੋਂ ਬਾਰ੍ਹਾਂ ਮਿਸਲਾਂ ਬਣੀਆਂ ਸਨ। ਸਿੱਖਾਂ ਦੇ ਆਪਸ ਵਿਚ ਮਤ ਭੇਦ ਚਲਦੇ ਹੀ ਰਹਿੰਦੇ ਸਨ ਪਰ ਜਦੋਂ ਕੌਮੀ ਕਾਰਜਾਂ ਦੀ ਲੋੜ ਪੈਂਦੀ ਸੀ ਤਾਂ ਆਪਣੇ ਵਖਰੇਵੇਂ ਪਿੱਛੇ ਰੱਖ ਕੇ ਮਿਲ ਬੈਠ ਕੇ ਵਿਚਾਰਾਂ ਦੀ ਸਾਂਝ ਪਾਉਂਦੇ ਸਨ।
ਇਕ ਸਮਾਂ ਅਜਿਹਾ ਵੀ ਆਇਆ ਜਦੋਂ ਮਿਸਲਾਂ ਦੇ ਜੱਥੇਦਾਰ ਬੁੱਢੇ ਹੋ ਚੁੱਕੇ ਸਨ ਤੇ ਅਗਾਂਹ ਇਹ ਜੱਥੇਦਾਰ ਆਪਣਾ ਕੋਈ ਦੂਜਾ ਮਜ਼ਬੂਤ ਬਦਲ ਨਹੀਂ ਪੈਦਾ ਕਰ ਸਕੇ ਸਨ। ਬਾਰਾਂ ਮਿਸਲਾਂ ਵਿਚੋਂ ਸ਼ੁਕਰਚੱਕੀਆ ਮਿਸਲ ਹੀ ਸਿਰ ਕੱਢਵੀਂ ਹੋ ਨਿਬੜੀ ਸੀ ਕਿਉਂਕਿ ਇਸ ਮਿਸਲ ਦਾ ਆਗੂ ਮਹਾਰਾਜਾ ਰਣਜੀਤ ਸਿੰਘ ਬਹੁਤ ਤੇਜ਼ ਤਰਾਰ ਤੇ ਜਬੇ ਵਾਲਾ ਨੌਜਵਾਨ ਸੀ। ਇਸ ਦੂਰ ਅੰਦੇਸ਼ ਆਗੂ ਨੂੰ ਬਹੁਤ ਹੀ ਨੀਤੀਵੇਤਾ ਔਰਤ ਸਰਦਾਰਨੀ ਸਦਾ ਕੌਰ ਦਾ ਸਹਿਯੋਗ ਪ੍ਰਾਪਤ ਹੋਇਆ। ਦਿੱਲੀ ਗੇਟ ਤੋਂ ਸਦਾ ਕੌਰ ਤੇ ਲਾਹੌਰੀ ਗੇਟ ਤੋਂ ਮਹਾਰਾਜਾ ਰਣਜੀਤ ਸਿੰਘ ਲਾਹੌਰ ਸ਼ਹਿਰ ਵਿਚ ਦਾਖਲ ਹੋਏ। ਬੜੀ ਡੂੰਘੀ ਨੀਤੀ ਨਾਲ ਦੋਹਾਂ ਨੇ ਰਲ ਕੇ ਲਾਹੌਰ ‘ਤੇ ਕਬਜ਼ਾ ਕਰਨ ਵਿਚ ਪੂਰੀ ਤਰ੍ਹਾਂ ਕਾਮਯਾਬੀ ਹਾਸਲ ਕੀਤੀ ਸੀ।
ਮਹਾਰਾਜਾ ਰਣਜੀਤ ਸਿੰਘ ਨੇ ਰੱਜ ਕੇ ਰਾਜ ਭਾਗ ਭੋਗਿਆ ਪਰ ਆਪਣੇ ਮਗਰੋਂ ਕੋਈ ਨੀਤੀਵੇਤਾ ਦੂਰ ਅੰਦੇਸ਼ ਸਿੱਖ ਆਗੂ ਨਹੀਂ ਪੈਦਾ ਕਰ ਸਕਿਆ। ਏਦਾਂ ਵੀ ਕਹਿਆ ਜਾ ਸਕਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਤੋਂ ਮਗਰੋਂ ਸਹੀ ਨੇਤਾ ਦੀ ਚੋਣ ਨਹੀਂ ਕਰ ਸਕਿਆ ਜਿਹੜਾ ਸਾਰਿਆਂ ਨੂੰ ਇਕੱਠੇ ਰੱਖ ਸਕਦਾ ਹੋਵੇ। ਯੋਗ ਨੇਤਾ ਦੀ ਵੱਡੀ ਘਾਟ ਕਰਕੇ ਪੰਜਾਬ ਸਿੱਖ ਨੇਤਾਵਾਂ ਤੋਂ ਵਿਰਵਾ ਹੋ ਗਿਆ। ਸਿੱਖ ਕੌਮ ਅੰਦਰ ਇਕ ਅਜਿਹਾ ਸਮਾਂ ਵੀ ਆਇਆ ਜਦੋਂ ਉਦਾਸੀਏ ਤੇ ਨਿਰਮਲਿਆਂ ਨੇ ਆਪਣਾ ਪ੍ਰਭਾਵ ਸਿੱਖੀ ਵਿਚ ਪੂਰੀ ਤਰ੍ਹਾਂ ਕਾਇਮ ਕਰ ਲਿਆ ਸੀ। ਇਹਨਾਂ ਦੋਹਾਂ ਸੋਚਾਂ ਨੇ ਸਿੱਖ ਕੌਮ ਦਾ ਹਿੰਦੂਤਵ ਕਰਨ ਵਿਚ ਬੜਾ ਵੱਡਾ ਕਾਰਜ ਕੀਤਾ ਹੈ। ਇਹ ਇਕ ਅਜਿਹਾ ਸਮਾਂ ਸੀ ਜਦੋਂ ਗੁਰਦੁਆਰਿਆਂ ਦੀਆਂ ਦੀਵਾਰਾਂ ‘ਤੇ ਰਮਾਇਣ ਤੇ ਮਹਾਂਭਾਰਤ ਨੂੰ ਚਿੱਤਰ ਦੇ ਰੂਪ ਵਿਚ ਚਿਤਰਿਆ ਹੋਇਆ ਸੀ। ਨਿੰਰਕਾਰੀ ਲਹਿਰ ਨੇ ਸਿੱਖੀ ਦੇ ਵਿਹੜੇ ਵਿਚ ਥੋੜਾ ਸੁਧਾਰ ਕਰਦਿਆਂ ਅਨੰਦ ਕਾਰਜ ਨੂੰ ਹਿੰਦੂਤਵ ਦੇ ਪ੍ਰਭਾਵ ਤੋਂ ਮੁਕਤ ਕਰਨ ਦਾ ਉਪਰਾਲਾ ਕੀਤਾ। ਨਿਰਸੰਦੇਹ 1873 ਨੂੰ ਸਿੰਘ ਸਭਾ ਅੰਮ੍ਰਿਤਸਰ ਹੋਂਦ ਵਿਚ ਆਉਂਦੀ ਹੈ ਜਿਹੜੀ ਨਿਰੋਲ ਪੰਥਕ ਮੁਦਿਆਂ ਦੀ ਗੱਲ ਕਰਦੀ ਸੀ ਅਸਲ ਵਿਚ ਸਿੱਖ ਸਿਧਾਂਤ ਨੂੰ ਗੁਰਬਾਣੀ ਦੀ ਰੋਸ਼ਨੀ ਵਿਚ ਸਮਝਣ ਦਾ ਯਤਨ ਕੀਤਾ ਗਿਆ। 1898 ਵਿਚ ਭਾਈ ਕਾਹਨ ਸਿੰਘ ਨਾਭਾ ਨੇ ਹਮ ਹਿੰਦੂ ਨਹੀਂ ਦੀ ਪੁਸਤਕ ਲਿਖ ਕੇ ਸਿੱਖ ਸਿਧਾਂਤ ਨੂੰ ਹਿੰਦੂਤਵ ਨਾਲੋਂ ਪੂਰੀ ਤਰ੍ਹਾਂ ਨਿਖੇੜ ਦਿੱਤਾ। ਭਾਵੇਂ ਇਸ ਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪਿਆ ਸੀ। ਗਿਆਨੀ ਦਿੱਤ ਸਿੰਘ ਹੁਰਾਂ ਨੇ ਸੀਮਤ ਸਾਧਨਾ ਰਾਹੀਂ ਸਿੱਖ ਸਿਧਾਂਤ ਦੀ ਵਾਰਤਾਲਾਪ ਨੂੰ ਕਾਇਮ ਕੀਤਾ।
ਨਾਮਧਾਰੀ ਤੇ ਨਿਰੰਕਾਰੀ ਲਹਿਰਾਂ ਮਧਮ ਪੈ ਗਈਆਂ ਸਨ। ਫਿਰ ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਚੀਫ ਖਾਲਸਾ ਦੀਵਾਨ ਵਰਗੀਆਂ ਸੰਸਥਾਵਾਂ ਪੈਦਾ ਹੋਈਆਂ ਸਨ ਜਿਸ ਵਿਚੋਂ ਸ਼੍ਰੋਮਣੀ ਅਕਾਲੀ ਦਲ ਦਾ 1920 ਨੂੰ ਜਨਮ ਹੁੰਦਾ ਹੈ। ਹਰ ਸਿੱਖ ਅਕਾਲੀ ਦਲ ਵਿਚ ਸ਼ਾਮਿਲ ਹੋ ਕੇ ਆਪਣੇ ਵੱਡੇ ਭਾਗ ਸਮਝਦਾ ਸੀ। ਇਹ ਅਜਿਹਾ ਦੌਰ ਸੀ ਜਦੋਂ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲਾ ਅਕਾਲੀ ਇਹ ਲਿਖ ਕੇ ਦਿੰਦਾ ਸੀ ਕਿ ਜੇ ਮੈਂ ਪੰਥ ਵਾਸਤੇ ਸ਼ਹੀਦ ਹੋ ਗਿਆ ਤਾਂ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੋਈ ਲਾਭ ਨਾ ਦਿੱਤਾ ਜਾਵੇ। ਅਕਾਲੀ ਦਲ ਨੇ ਸਮੁੱਚੀ ਸਿੱਖ ਕੌਮ ਦੇ ਹੱਕਾਂ ਦੀ ਤਰਜਮਾਨੀ ਕਰਨੀ ਸ਼ੁਰੂ ਕੀਤੀ। ਇਸ ਨਵੀਂ ਜਾਗਰਤੀ ਨੇ ਸਿੱਖ ਆਗੂਆਂ ਨੂੰ ਦੋ ਪਾਸਿਆਂ ਤੋਂ ਸੋਚਣ ਲਈ ਮਜ਼ਬੂਰ ਕੀਤਾ ਇਕ ਤਾਂ ਆਪਣਾ ਖੁੱਸਿਆ ਹੋਇਆ ਰਾਜ ਭਾਗ ਪ੍ਰਾਪਤ ਕੀਤਾ ਜਾਏ ਦੂਜਾ ਗੁਰਦੁਆਰਿਆਂ ਵਿਚ ਜਿਹੜੀ ਮਨਮਤ ਆ ਗਈ ਹੈ ਉਸ ਤੋਂ ਕੌਮ ਨੂੰ ਜਾਗਰੂਕ ਕੀਤਾ ਜਾਏ। ਗੁਰਦੁਆਰਾ ਸੁਧਾਰ ਲਹਿਰ ਸਮੇਂ ਅਕਾਲੀ ਦਲ ਵਲੋਂ ਸ਼ਹੀਦੀਆਂ ਦਿੱਤੀਆਂ ਗਈਆਂ ਜਿਸ ਕਰਕੇ ਅਕਾਲੀਆਂ ਨੂੰ ਸ਼ਹੀਦਾਂ ਦੀ ਜੱਥੇਬੰਦੀ ਦੇ ਨਾਂ ਨਾਲ ਯਾਦ ਕੀਤਾ ਜਾਣ ਲੱਗ ਪਿਆ। ਇਹ ਇਕ ਅਜਿਹਾ ਸਮਾਂ ਸੀ ਜਦੋਂ ਅਕਾਲੀ ਦਲ ਦੀਆਂ ਨੀਤੀਆਂ ਸਿੱਖ ਕੌਮ ਦਾ ਪੜ੍ਹਿਆ ਲਿਖਿਆ ਵਰਗ ਤਹਿ ਕਰਦਾ ਹੁੰਦਾ ਸੀ।
ਭਾਰਤ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਾਉਣ ਲਈ ਕਾਂਗਰਸ ਪਾਰਟੀ ਨੇ ਅੱਗੇ ਹੋ ਕੇ ਅਗਵਾਈ ਕੀਤੀ ਜਿਸ ਦਾ ਅਕਾਲੀ ਦਲ ਨੇ ਪੂਰਾ ਸਾਥ ਦਿੱਤਾ। ਇਹ ਅਜਿਹਾ ਸਮਾਂ ਸੀ ਜਦੋਂ ਅਕਾਲੀ ਦਲ ਵਾਲੇ ਕਾਂਗਰਸ ਨਾਲ ਰਲ ਮਿਲ ਕੇ ਹੀ ਚਲਦੇ ਸਨ। ਮੁਲਕ ਅਜ਼ਾਦ ਹੋ ਗਿਆ। ਸਿੱਖ ਕੌਮ ਦੇ ਆਗੂਆਂ ਨੇ ਆਪਣੇ ਆਪ ਨੂੰ ਭਾਰਤੀਆਂ ਨਾਲ ਰਹਿਣ ਦਾ ਫੈਸਲਾ ਕਰ ਲਿਆ। ਇੰਝ ਮਹਿਸੂਸ ਹੁੰਦਾ ਹੈ ਕਿ ਸਿੱਖ ਨੇਤਾਵਾਂ ਦਾ ਇਹ ਫੈਸਲਾ ਦੁਬਿਧਾ ਵਾਲੀ ਬਿਰਤੀ ਦਾ ਸੀ ਜਾਂ ਸਿੱਖ ਆਗੂ ਹਨੇਰੇ ਵਿਚ ਹੀ ਡਾਂਗਾ ਮਾਰਦੇ ਰਹੇ-ਕਿ ਅਜ਼ਾਦ ਭਾਰਤ ਵਿਚ ਸਾਡਾ ਵੱਖਰਾ ਇਕ ਖਿੱਤਾ ਹੋਏਗਾ ਜਿੱਥੇ ਅਸੀਂ ਅਜ਼ਾਦੀ ਦਾ ਨਿੱਘ ਮਾਣ ਸਕਾਂਗੇ। ਜਨੀ ਕਿ ਆਪਣੀ ਕੌਮ ਲਈ ਕੋਈ ਸਮਰੱਥ ਫੈਸਲਾ ਨਾ ਲੈ ਸਕੇ ਜਿਸ ਦਾ ਖਮਿਆਜ਼ਾ ਪੰਜਾਬ ਵਾਸੀਆਂ ਨੂੰ ਆਪਣਾ ਖੂਨ ਦੇ ਕੇ ਭੁਗਤਣਾ ਪਿਆ। ਉਝੜੇ ਸਿੱਖਾਂ ਨੂੰ ਸਿਰ ਲਕਾਉਣ ਦੀ ਥਾਂ ‘ਤੇ ਜ਼ਰਾਇਮ ਪੇਸ਼ਾ ਵਰਗੇ ਸ਼ਬਦਾਂ ਨਾਲ ਹੀ ਭਾਰਤ ਵਿਚ ਵੱਸਣਾ ਪਿਆ ਪਰ ਹੁਣ ਸਮਾਂ ਹੱਥੋਂ ਨਿਕਲ ਚੁੱਕਿਆ ਸੀ। 22 ਦਸੰਬਰ 1953 ਬਣੇ ਕਮਿਸ਼ਨ ਨੇ ਮੁਲਕ ਦੇ ਸੂਬਿਆਂ ਨੂੰ ਬੋਲੀ ਦੇ ਅਧਾਰਤ ਵੰਡ ਦਿੱਤਾ ਗਿਆ ਪਰ ਪੰਜਾਬ ਨੂੰ ਬਣਦਾ ਹੱਕ ਨਹੀਂ ਦਿੱਤਾ ਗਿਆ। ਸਿੱਖ ਕੌਮ ਦੇ ਆਗੂਆਂ ਨੇ ਪੰਜਾਬੀ ਸੂਬੇ ਦਾ ਨਾਅਰਾ ਲਗਾਇਆ ਤਾਂ ਕੇਂਦਰੀ ਸਰਕਾਰ ਵਲੋਂ 6 ਅਪ੍ਰੈਲ 1955 ਨੂੰ ਇਸ ਨਾਅਰੇ ਤੇ ਪਾਬੰਧੀ ਲਗਾਈ ਗਈ। ਅਜ਼ਾਦ ਭਾਰਤ ਵਿਚ ਸਿੱਖ ਕੌਮ ਨੂੰ ਅਜ਼ਾਦੀ ਦਾ ਇਹ ਪਹਿਲਾ ਤੋਹਫਾ ਦਿੱਤਾ ਗਿਆ ਸੀ। ਅਖੀਰ ਨੂੰ ਕੇਂਦਰੀ ਸਰਕਾਰ ਵਲੋਂ 12 ਜੁਲਾਈ 1955 ਨੂੰ ਇਹ ਪਾਬੰਦੀ ਹਟਾਈ ਗਈ। ਬੜੀ ਜਦੋ-ਜਹਿਦ ਨਾਲ 1966 ਨੂੰ ਪੰਜਾਬੀ ਸੂਬਾ ਤਾਂ ਨਾ ਬਣਿਆ ਪਰ ਪੰਜਾਬੀ ਸੂਬੀ ਜ਼ਰੂਰ ਬਣ ਗਈ। ਪੰਜਾਬ ਕੋਲੋਂ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਅਤੇ ਦਰਿਆਈ ਪਾਣੀ ਖੋਹੇ ਗਏ। ਪੰਜਾਬੀ ਸੂਬੀ ਬਣਨ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਸਿੱਖ ਸਿਧਾਂਤ ਵਲੋਂ ਖੁਰਨਾ ਸ਼ੂਰੂ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਆਪਣੀ ਹੋਂਦ ਬਚਾਉਣ ਲਈ ਅੱਕੀਂ ਪਲਾਈਂ ਹੱਥ ਮਾਰਨ ਲੱਗ ਪਿਆ। ਸਿੱਖ ਸਿਧਾਂਤ ਨੂੰ ਬਚਾਉਣ ਤੇ ਪ੍ਰਚਾਰਨ ਲਈ ਕੋਈ ਸੁਚੱਜਾ ਪ੍ਰਬੰਧ ਨਹੀਂ ਕੀਤਾ ਗਿਆ। ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਤਾਂਘ ਵਿਚ ਕਈ ਅਕਾਲੀ ਦਲ ਪੈਦਾ ਹੁੰਦੇ ਗਏ। ਆਪੇ ਬਣੇ ਅਕਾਲੀਏ ਹੁਣ ਕੌਮ ਲਈ ਨਹੀਂ ਬਲ ਕੇ ਆਪੋ ਆਪਣੀ ਹੋਂਦ ਤੇ ਪਰਿਵਾਰਕ ਲਾਲਚ ਨੂੰ ਮੁੱਖ ਰੱਖਣ ਲੱਗ ਪਏ ਸਨ। ਸ: ਪ੍ਰਕਾਸ਼ ਸਿੰਘ ਬਾਦਲ ਦੀ ਮੁੱਖ ਮੰਤਰੀ ਵਾਲੀ ਤਾਂਘ ਨੇ ਬਾਕੀ ਨੇਤਾਵਾਂ ਨੂੰ ਪੱਕੇ ਤੌਰ ‘ਤੇ ਖੂੰਝੇ ਲਗਾ ਦਿੱਤਾ।
ਅਕਾਲੀ ਦਲ ਨੇ ਆਪਣੀ ਰਹਿੰਦੀ ਹੋਂਦ ਬਚਾਉਣ ਲਈ ਅਨੰਦਪੁਰ ਦਾ ਮਤਾ ਲਿਆਂਦਾ ਜਿਹੜਾ ਥੋੜੇ ਸਮੇਂ ਵਿਚ ਹੀ ਛੂਹ ਮੰਤਰ ਹੋ ਗਿਆ। ਉਂਝ ਤਾਂ ਪੰਜਾਬ ਦਾ ਮੁੱਖ ਮੰਤ੍ਰੀ ਉਹੀ ਬਣਦਾ ਰਿਹਾ ਹੈ ਜਿਹੜਾ ਪੰਜਾਬ ਦੇ ਪਾਣੀ ਨੂੰ ਲੁਟਾਉਂਦਾ ਰਿਹਾ ਹੋਵੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਭ ਤੋ ਵੱਡੀ ਮਕਾਰੀ ਹੀ ਕਹੀ ਜਾ ਸਕਦੀ ਹੈ ਕਿ ਜਦੋਂ ਪੰਜਾਬ ਦੇ ਮੁੱਖ ਮੰਤ੍ਰੀ ਸ੍ਰ ਬਾਦਲ ਨੇ ਸਤਲੁਜ ਜਮਨਾ ਲਿੰਕ ਨਹਿਰ ਦੀ ਉਸਾਰੀ ਲਈ ਹਰਿਆਣੇ ਦੇ ਮੁੱਖ ਮੰਤ੍ਰੀ ਚੌਧਰੀ ਦੇਵੀ ਲਾਲ ਪਾਸੋਂ ਸੌ ਕ੍ਰੋੜ ਵਸੂਲ ਕਰ ਲਏ ਸਨ ਤਾਂ ਫਿਰ ਇਹ ਕਹਿਣ ਕੇ ਅਸੀਂ ਪੰਜਾਬ ਦੇ ਪਾਣੀ ਦੀ ਇਕ ਬੂੰਦ ਵੀ ਹਰਿਆਣੇ ਨੂੰ ਨਹੀਂ ਦੇਣੀ। ਕੀ ਇਤਿਹਾਸ ਇਹਨਾਂ ਨੂੰ ਮੁਆਫ ਕਰੇਗਾ? ਸੌ ਕਰੌੜ ਪ੍ਰਾਪਤ ਕਰਨ ਵਾਲਾ ਮੁੱਖ ਮੰਤਰੀ ਮੁੜ ਪੰਜਾਬ ਦੇ ਵਾਸੀਆਂ ਨੂੰ ਮੋਰਚਿਆਂ ਵਿਚ ਝੋਕ ਦੇਵੇ। ਇਤਿਹਾਸ ਵਿਚ ਇਹ ਗੱਲਾਂ ਸਦਾ ਚੁੱਭਦੀਆਂ ਰਹਿਣਗੀਆਂ।
ਗੱਲ ਪੰਜਾਬ ਦੇ ਪਾਣੀਆਂ, ਪੰਜਾਬੀ ਬੋਲੀ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਭਾਰਤੀ ਫੌਜ ਵਿੱਚ ਸਿੱਖਾਂ ਦੀ ਭਰਤੀ ਦੀ ਚੱਲੀ ਸੀ। ਪੰਜਾਬ ਦੀ ਨੌਜਵਾਨੀ ਨੂੰ ਸਮਝ ਲੱਗੀ ਕਿ ਅਕਾਲੀ ਲੀਡਰਸ਼ਿੱਪ ਹੁਣ ਗੋਂਗਲੂਆਂ ਤੋਂ ਮਿੱਟੀ ਹੀ ਝਾੜ ਰਹੀ ਹੈ ਤਾਂ ਸਾਨੂੰ ਆਪ ਪੰਜਾਬ ਦੀਆਂ ਇਹ ਮੰਗਾਂ ਜ਼ੋਰ ਸ਼ੋਰ ਨਾਲ ਉਠਾਉਣੀਆਂ ਚਾਹੀਦੀਆਂ ਹਨ। ਅਸਲ ਵਿਚ ਇਹ ਪੰਜਾਬ ਦੀਆਂ ਮੰਗਾਂ ਸਨ ਜਿਹੜੀਆਂ ਕੇਂਦਰ ਦੇਣੀਆਂ ਨਹੀਂ ਚਾਹੁੰਦਾ ਸੀ। ਪੰਜਾਬ ਦੀਆਂ ਹੱਕੀ ਮੰਗਾਂ ਮੰਗਣ ਵਾਲਿਆਂ ਨੂੰ ਅੱਤਵਾਦੀ, ਉਗਰਵਾਦੀ, ਵੱਖਵਾਦੀ, ਆਂਤੰਕਵਾਦੀ ਆਦਿ ਸ਼ਬਦਾਂ ਨਾਲ ਮਹਾਸ਼ਾ ਪ੍ਰੈਸ ਕਿੱਲ੍ਹ ਕਿੱਲ੍ਹ ਦੇਸ਼ ਵਿਰੋਧੀ ਸਾਬਤ ਕਰਨ ਦਾ ਯਤਨ ਕਰਦਾ ਰਿਹਾ ਹੈ। ਭਾਰਤ ਸਰਕਾਰ ਵਲੋਂ ਅਜਿਹੇ ਕਾਨੂੰਨ ਬਣਾਏ ਗਏ ਜਿੰਨ੍ਹਾਂ ਦਾ ਸਹਾਰਾ ਲੈ ਕੇ ਦਿਨ ਦੀਵੀਂ ਪੰਜਾਬ ਦੀ ਨੌਜਵਾਨੀ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਅਖੇ ਇਹ ਦੇਸ਼ ਦੇ ਦੁਸ਼ਮਣ ਹਨ।
ਇਹ ਅਜਿਹਾ ਸਮਾਂ ਸੀ ਜਦੋਂ ਸਾਰੇ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਨਾਲ ਸਿੱਖ ਸਿਧਾਂਤ ਦੀ ਲੀਹ ਤੋਂ ਲਹਿ ਗਏ ਸਨ। ਪੰਜਾਬੀ ਸੂਬਾ ਬਣਨ ੳਪਰੰਤ ਸ਼੍ਰੋਮਣੀ ਅਕਾਲੀ ਦਲ ਨੇ ਜਨ ਸੰਘ ਨਾਲ ਪਤੀ ਪਤਨੀ ਦਾ ਰਿਸ਼ਤਾ ਜੋੜ ਲਿਆ ਤੇ ਅਕਾਲੀ ਦਲ ਬਾਦਲ ਉਹਨਾਂ ਦੀ ਪਤਨੀ ਬਣ ਗਿਆ। ਭਾਵ ਸ਼੍ਰੋਮਣੀ ਅਕਾਲੀ ਦਲ ਨੇ ਜਨ ਸੰਘ ਨੂੰ ਆਪਣਾ ਪਤੀ ਪ੍ਰਵਾਨ ਕਰ ਲਿਆ। ਹੁਣ ਸਾਰਾ ਕੁਝ ਪਤੀ ਦੇ ਕਹੇ ਅਨੁਸਾਰ ਹੀ ਹੋਣਾ ਸੀ। ਸ਼ਰੇਆਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਿੱਖ ਸਿਧਾਂਤ ਦੀਆਂ ਧੱਜੀਆਂ ਉਡਾਈਆਂ, ਆਪਣੇ ਮੱਥੇ ‘ਤੇ ਤਿਲਕ ਲਗਾ ਕੇ ਸਾਬਤ ਕਰ ਦਿੱਤਾ ਕਿ ਮੈਂ ਹੁਣ ਅਕਾਲੀ ਨਹੀਂ ਰਿਹਾ ਜੋ ਮੇਰਾ ਪਤੀ ਆਰ. ਐਸ. ਐਸ. ਕਹੇਗਾ ਮੈਂ ਉਹ ਕੁਝ ਹੀ ਕਰਾਂਗਾ। ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਜਨਰਲ ਸਕੱਤਰ ਦੇਵੀ ਦੀਆਂ ਭੇਟਾਵਾਂ ਪੜ੍ਹਨ ਨੂੰ ਸਿੱਖ ਸਿਧਾਂਤ ਦੀ ਕੋਈ ਅਵੱਗਿਆ ਨਹੀਂ ਗਿਣਦਾ ਤੇ ਨਾ ਹੀ ਸਾਧਾਂ ਕੋਲੋਂ ਆਪਣੇ ਘਰ ਸੰਪਟ ਪਾਠ ਕਰਾਉਣ ਨੂੰ ਕੋਈ ਬੁਰਾ ਗਿਣਦਾ ਹੈ। ਪੰਜਾਬੀ ਸੂਬਾ ਤਾਂ ਬਣ ਗਿਆ ਪਰ ਪੰਜਾਬੀ ਬੋਲਦੇ ਇਲਾਕੇ, ਦਰਿਆਈ ਪਾਣੀ, ਸੂਬੇ ਦੀ ਰਾਜਧਾਨੀ ਆਦਿ ਮਸਲੇ ਹੱਲ ਕਰਨ ਦਾ ਕੋਈ ਯਤਨ ਨਹੀਂ ਕੀਤਾ। ਪਰ ਜਦੋਂ ਵੀ ਨਵੀਆਂ ਚੋਣਾਂ ਆਉਂਦੀਆਂ ਰਹੀਆਂ ਅਕਾਲੀ ਦਲ ਬਾਦਲ ਹਮੇਸ਼ਾਂ ਇਹਨਾਂ ਮੁੱਦਿਆਂ ਨੂੰ ਜ਼ੋਰਸ਼ੋਰ ਨਾਲ ਉਠਾਉਂਦਾ ਰਿਹਾ ਹੈ। ਜਦੋਂ ਅਕਾਲੀ ਦਲ ਬਾਦਲ ਰਾਜ ਭਾਗ ਦਾ ਮਾਲਕ ਬਣ ਜਾਂਦਾ ਰਿਹਾ ਹੈ ਤਾਂ ਇਹ ਸਾਰੇ ਮੁੱਦੇ ਲੋਕਾਂ ਨੂੰ ਭੁੱਲਣ ਲਈ ਆਖਦੇ ਸਨ।
ਪੰਜਾਬ ਦੇ ਪਾਣੀ ਦੀ ਲੁੱਟ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਭਾਗੀਦਾਰ ਰਿਹਾ ਹੈ ਪਰ ਜਦੋਂ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਪੂਰੀ ਨਹਿਰ ਦਾ ਟੱਕ ਲਗਾਉਣ ਆਉਂਦੀ ਹੈ ਤਾਂ ਅਕਾਲੀ ਦਲ ਪੰਜਾਬ ਦੇ ਪਾਣੀਆਂ ਦਾ ਰਾਖਾ ਬਣ ਕੇ ਅੱਗੇ ਆਉਂਦਾ ਹੈ। ਅਕਾਲੀ ਦਲ ਦੀ ਇਸ ਕਾਰਵਾਈ ਨੂੰ ਨਿਰਾ ਝੱਲਪੁਣਾ ਹੀ ਕਹਿਆ ਜਾ ਸਕਦਾ ਹੈ। ਉਂਝ ਪੰਜਾਬ ਦੇ ਸਿੱਖਾਂ ਵਲੋਂ ਸਾਰੇ ਅਕਾਲੀ ਦਲਾਂ ਵਿਚੋਂ ਅਕਾਲੀ ਦਲ ਬਾਦਲ ਨੂੰ ਭਰਪੂਰ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ। ਇਕ ਸਮਾਂ ਅਜੇਹਾ ਵੀ ਆਇਆ ਜਦੋਂ ਅਕਾਲੀ ਦਲ ਹੱਥੋਂ ਸਾਰੀ ਕਮਾਂਡ ਨਿਕਲ ਗਈ। ਨੌਜਵਾਨ ਹੱਕੀ ਮੰਗਾਂ ਲਈ ਅੱਗੇ ਆਏ ਸਨ ਨਤੀਜਾ ਪਰਵਾਰਾਂ ਦੇ ਪਰਵਾਰਾਂ ਨੂੰ ਅੱਤਵਾਦੀ ਕਹਿ ਕੇ ਰਾਤ ਦੇ ਹਨੇਰਿਆਂ ਵਿਚ ਹਰੀ ਕੇ ਪੱਤਣ ਵਿਚ ਰੋੜ੍ਹਿਆ ਜਾਂਦਾ ਰਿਹਾ ਹੈ। ਪੰਜਾਬ ਦੇ ਜਾਏ ਪੁਲੀਸ ਅਫਸਰਾਂ ਨੇ ਸ਼ਰਾਰਤੀ ਹਾਸਾ ਹੱਸਦਿਆਂ ਕਹਿਣਾ ਕਿ ਲਓ ਭੁੱਖੀਆਂ ਮੱਛੀਆਂ ਤੁਹਾਨੂੰ ਉਡੀਕ ਰਹੀਆਂ ਹਨ।
ਹੁਣ ਪੰਜਾਬ ਦੇ ਹਾਲਾਤ ਅਜਿਹੇ ਬਣ ਗਏ ਕਿ ਕਈ ਅਕਾਲੀ ਦਲ ਪੈਦਾ ਹੋ ਗਏ ਪਰ ਸਭ ਤੋਂ ਵੱਧ ਤਾਕਤਵਰ ਅਕਾਲੀ ਦਲ ਬਾਦਲ ਹੀ ਰਹਿ ਗਿਆ। 75 ਸਾਲ ਪਹਿਲਾਂ ਜਨਮੇ ਅਕਾਲੀ ਦਲ ਨੂੰ ਫੱਟੜ ਕਰਨ ਲਈ ਸਰਦਾਰ ਬਾਦਲ ਨੇ 1996 ਵਿਚ ਮੋਗਾ ਰੈਲੀ ਕਰਕੇ ਪੂਰੀ ਤਾਕਤ ਨਾਲ ਸਿੱਖ ਵਿਰੋਧੀ ਹੁੱਝ ਮਾਰੀ ਸੀ। ਸਿਧਾਂਤਿਕ ਤੌਰ ‘ਤੇ ਅਕਾਲੀ ਦਲ ਮਿੰਟਾਂ ਵਿਚ ਬਿਖਰ ਗਿਆ ਤੇ ਪੰਜਾਬੀ ਪਾਰਟੀ ਦੇ ਰੂਪ ਅਕਾਲੀ ਦਲ ਬਾਦਲ ਦਾ ਨਵਾਂ ਜਨਮ ਹੋਇਆ। ਸਿੱਖ ਸਿਧਾਂਤ ਨੂੰ ਸਮਝਣ ਵਾਲੇ ਅਕਾਲੀਆਂ ਦੀ ਬੋਲਤੀ ਬੰਦ ਹੋ ਗਈ। ਇਹ ਅਕਾਲੀ ਦਲ ਏਦਾਂ ਦਾ ਹੋ ਨਿਬੜਿਆ ਜਿਦਾਂ ਕੋਈ ਚਾਰ ਪਾਵਿਆਂ ਤੋਂ ਬਿਨਾਂ ਮੰਜੀ ਜ਼ਮੀਨ ‘ਤੇ ਡਾਹੀ ਹੋਵੇ। ਜ਼ਖ਼ਮੀ ਪੰਛੀ ਵਾਂਗ ਅਕਾਲੀ ਦਲ ਤੜਫਨ ਜੋਗਾ ਰਹਿ ਗਿਆ। ਹੁਣ ਨਵਾਂ ਅਕਾਲੀ ਦਲ ਬਾਦਲ ਪੰਜਾਬੀ ਪਾਰਟੀ ਦੇ ਰੂਪ ਵਿਚ ਪ੍ਰਗਟ ਹੋਇਆ। ਇਸ ਗੁਲਾਬੀ ਅਕਾਲੀ ਦਲ ਦੇ ਜੱਥੇਦਾਰਾਂ ਦੇ ਰੰਗ ਢੰਗ ਜੋਗਿੰਦਰ ਜੈਨ ਦੇ ਰੁੂਪ ਵਿਚ ਦੇਖੇ ਜਾ ਸਕਦੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨਵੇਂ ਬਣੇ ਜੱਥੇਦਾਰ ਜੋਗਿੰਦਰ ਜੈਨ ਨੂੰ ਮਿਲਣ ਵਾਸਤੇ ਗਏ ਤਾਂ ਪਤਾ ਲੱਗਿਆ ਜੱਥੇਦਾਰ ਜੋਗਿੰਦਰ ਜੈਨ ਦਾੜ੍ਹੀ ਦੀ ਸ਼ੇਪ ਕਰ ਰਹੇ ਹਨ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਜਾਨ ਕੱਢ ਕੇ ਡੇਰੇਦਾਰਾਂ ਨਾਲ ਸਬੰਧਿਤ ਆਗੂਆਂ ਦੇ ਹੱਥ ਫੜਾ ਦਿੱਤੀ। ਕਹਿਣ ਨੂੰ ਆਲ ਇੰਡੀਆਂ ਸਿੱਖ ਸਟੂਡੈਂਟ ਫੈਡ੍ਰੇਸ਼ਨ ਸੀ ਪਰ ਕਬਜ਼ਾ ਪੰਜਾਹ ਪੰਜਾਹ ਸਾਲ ਦੀ ਉਮਰ ਨੂੰ ਪਾਰ ਕਰ ਚੁੱਕੇ ਖਚਰੇ ਆਗੂਆਂ ਦੇ ਹੱਥ ਪੱਕੇ ਤੌਰ ‘ਤੇ ਆ ਗਿਆ ਸੀ। ਅਕਾਲੀ ਦਲ ਦਾ ਇਕ ਹੋਰ ਵਿੰਗ ਯੂਥ ਅਕਾਲੀ ਦਲ ਜਿਹੜਾ ਕਦੇ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਕਰਦਾ ਸੀ ਅੱਜ ਉਹ ਘੋਨ ਮੋਨ ਅਕਾਲੀ ਦਲ ਬਾਦਲ ਦਾ ਦੁੰਮ ਛੱਲਾ ਬਣ ਕੇ ਰਹਿ ਗਿਆ ਹੈ।
1996 ਵਿਚ ਸ਼੍ਰੋਮਣੀ ਅਕਾਲੀ ਦਲ ਐਸਾ ਜ਼ਖਮੀ ਹੋਇਆ ਕਿ ਇਸ ਵਿਚੋਂ ਸਿੱਖ ਸਿਧਾਂਤ ਵਾਲੀ ਰੂਹ ਖਤਮ ਹੋ ਗਈ ਹੈ। ਦਿਖਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੈ ਪਰ ਰੂਹ ਜਨ ਸੰਘ ਦੀ ਕੰਮ ਕਰ ਰਹੀ ਹੈ। ਇਸ ਗੁਲਾਬੀ ਅਕਾਲੀ ਦਲ ਵਲੋਂ ਹਰ ਸਾਲ ਵੋਟਾਂ ਲੈਣ ਦੀ ਖਾਤਰ ਚੌਰਾਸੀ ਦੇ ਜ਼ਖਮਾਂ ਨੂੰ ਛਿੱਲਿਆ ਜਾਂਦਾ ਰਿਹਾ ਹੈ। ਸਿਤਮ ਜ਼ਰੀਫੀ ਦੀ ਗੱਲ ਦੇਖੋ ਇਹ ਪੰਜਾਬੀ ਪਾਰਟੀ ਕਈ ਵਾਰੀ ਕੇਂਦਰ ਵਿਚ ਅਤੇ ਸਮੁੱਚੇ ਪੰਜਾਬ ‘ਤੇ ਰਾਜ ਕੀਤਾ ਹੈ ਪਰ ਸਿੱਖ ਮਸਲਾ ਤੇ ਪੰਜਾਬ ਦਾ ਕੋਈ ਵੀ ਮੁੱਦਾ ਹੱਲ ਨਹੀਂ ਕੀਤਾ। ਪੰਜਾਬੀ ਪਾਰਟੀ ਦੇ ਆਗੂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਰ ਸਟੇਜ ‘ਤੇ ਜ਼ੋਰ ਸ਼ੋਰ ਨਾਲ ਆਖਦੇ ਸਨ ਕਿ ਜਿਹੜੇ ਪੁਲੀਸ ਕਰਮੀਆਂ ਨੇ ਵਧੀਕੀਆਂ ਕੀਤੀਆਂ ਹਨ ਉਹਨਾਂ ਨੂੰ ਸਜਾਵਾਂ ਜ਼ਰੂਰ ਦਿਵਾਈਆਂ ਜਾਣਗੀਆਂ। ਰਾਜ ਭਾਗ ਦਾ ਅਨੰਦ ਲਿਆ ਪਰ ਪੁਲੀਸ ਕਰਮੀਆਂ ਦੀ ਇਹ ਢਾਲ ਹੀ ਬਣੇ ਹਨ। ਪੰਜਾਬੀ ਪਾਰਟੀ ਨੇ ਅਕਾਲੀ ਦਲ ਦਾ ਸਰੂਪ ਰੱਖ ਕੇ ਸ਼੍ਰੋਮਣੀ ਕਮੇਟੀ ‘ਤੇ ਵੀ ਪੂਰੀ ਤਰ੍ਹਾਂ ਕਬਜ਼ਾ ਜਮਾ ਲਿਆ ਹੋਇਆ ਹੈ। ਜ਼ਖਮੀ ਹੋਏ ਅਕਾਲੀ ਦਲ ਦੀ ਥਾਂ ‘ਤੇ ਪੰਜਾਬੀ ਪਾਰਟੀ ਨੇ ਜਗੋ ਤੇਰ੍ਹਵੀਂ ਕਰਦਿਆਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਭਗਵੇ ਵਿਚ ਰੰਗ ਲਿਆ ਹੈ। ਸਾਫ਼ ਜ਼ਾਹਿਰ ਹੈ ਕਿ ਸ਼੍ਰੋਮਣੀ ਗੁਰੁਦਆਰਾ ਪ੍ਰਬੰਧ ਕਮੇਟੀ ਅਧੀਨ ਸ਼੍ਰੋਮਣੀ ਅਕਾਲੀ ਦਲ ਚੱਲਦਾ ਸੀ ਪਰ ਪਰਿਵਾਰਕ ਲਾਲਸਾ ਕਰਕੇ ਅੱਜ ਸ਼੍ਰੋਮਣੀ ਕਮੇਟੀ ਕੇਵਲ ਬਾਦਲ ਪਰਿਵਾਰ ਦੇ ਅਧੀਨ ਹੋ ਕੇ ਰਹਿ ਗਈ ਹੈ। ਕਿਹਾ ਜਾ ਸਕਦਾ ਹੈ ਕਿ ਜੋ ਸ਼੍ਰੋਮਣੀ ਕਮੇਟੀ ਵੀ ਅਜਿਹੇ ਫੈਸਲੇ ਲੈਣ ਲੱਗ ਪਈ ਹੈ ਜਿਹੜੇ ਹਿੰਦੂਤਵ ਨੂੰ ਖੁਸ਼ ਕਰਨ ਵਾਲੇ ਹੀ ਸਨ। ਸ਼੍ਰੋਮਣੀ ਅਕਾਲੀ ਦਲ ਨੇ ਅਕਾਲ ਤਖਤ ਨੂੰ ਆਪਣੀਆਂ ਲਾਲਸਾਂ ਦੀ ਪੂਰਤੀ ਲਈ ਰੱਖ ਲਿਆ ਹੈ।
ਪ੍ਰੋ. ਮਨਜੀਤ ਸਿੰਘ ਨੇ ਏਨਾ ਹੀ ਕਿਹਾ ਸੀ ਕਿ ਸਾਰੇ ਅਕਾਲੀ ਦਲ ਰਲ ਮਿਲ ਕੇ ਇਕ ਪਲੇਟ ਫਾਰਮ ‘ਤੇ ਇਕੱਠੇ ਹੋ ਕੇ ਪੰਥਕ ਮੁੱਦਿਆਂ ‘ਤੇ ਕੰਮ ਕਰਨ ਦਾ ਯਤਨ ਕਰੋ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪ੍ਰੋ. ਮਨਜੀਤ ਸਿੰਘ ਨੂੰ ਬਾਥਰੂਮ ਵਿੱਚ ਵੜਨ ਲਈ ਮਜ਼ਬੂਰ ਕਰ ਦਿੱਤਾ। ਬਾਦਲ ਦਲੀਏ ਕੁੰਡੀ ਲਗੇ ਬਾਥਰੂਮ ਨੂੰ ਬਾਹਰੋਂ ਹੀ ਠੁੱਡੇ ਮਾਰ ਮਾਰ ਤੇ ਚੀਕ ਚੀਕ ਕੇ ਲਲਕਾਰੇ ਮਾਰਦੇ ਰਹੇ ਆਇਆ ਵੱਡਾ ਏਕਤਾ ਕਰਾਉਣ ਵਾਲਾ। 2003 ਨੂੰ ਬੜੀ ਮੁਸ਼ਕਲ ਨਾਲ ਨਾਨਕ ਸ਼ਾਹੀ ਕੈਲੰਡਰ ਨੂੰ ਵਿਦਵਾਨਾਂ ਦੀ ਸਿਫਾਰਸ਼ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੋਂ ਪਾਸ ਕਰਵਾਇਆ ਸੀ। ਨਾਨਕ ਸ਼ਾਹੀ ਕੈਲੰਡਰ ਆਰ. ਐਸ. ਐਸ. ਲਈ ਸਭ ਤੋਂ ਵੱਡੀ ਚੁਣੌਤੀ ਸੀ ਕਿਉਂਕਿ ਨਾਨਕ ਸ਼ਾਹੀ ਕੈਲੰਡਰ ਨਾਲ ਸਿੱਖ ਕੌਮ ਦੀ ਵੱਖਰੀ ਪਹਿਚਾਨ ਬਣਦੀ ਸੀ। ਜ਼ਖ਼ਮੀ ਹੋਏ ਅਕਾਲੀ ਦਲ ਬਾਦਲ ਨੇ ਇਕੋ ਦਬਕੇ ਨਾਲ ਨਾਨਕ ਸ਼ਾਹੀ ਕੈਲੰਡਰ ਦਾ ਭੋਗ ਪਾ ਦਿੱਤਾ। ਹੁਣ ਰਹਿ ਗਿਆ ਹੈ ਭੰਬਲਭੂਸਾ ਕਿ ਗੁਰਪੁਰਬ ਕਿਹੜੀ ਤਰੀਕ ਦਾ ਸਹੀ ਹੈ।
ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਤਿਵੇਂ ਤਿਵੇਂ ਨਿੱਤ ਨਵੇਂ ਪ੍ਰਯੋਗ ਸਿੱਖ ਕੌਮ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕੀਤੇ ਜਾਂਦੇ ਰਹੇ। ਸਿੱਖ ਰਹਿਤ ਮਰਿਯਾਦਾ ਦੇ ਉਲਟ ਜਾਂਦਿਆਂ ਚੰਗੀ ਤਰ੍ਹਾਂ ਸਿੱਖ ਕੌਮ ਨੂੰ ਭਗਵਂੇ ਵਿੱਚ ਰੰਗਣ ਲਈ ਤੀਹ ਸਾਧਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਗੁਰੂ ਨਾਨਕ ਯੂਨੀਵਰਸਿਟੀ ਵਿਚ ਭਾਈ ਰਾਮ ਸਿੰਘ ਨਾਮਧਾਰੀ ਦੇ ਨਾਂ ਹੇਠ ਸਤਿਗੁਰ ਰਾਮ ਸਿੰਘ ਚੇਅਰ ਸਥਾਪਤ ਕਰਕੇ ਸਿੱਖ ਵਿਰੋਧੀ ਚਿਹਰਾ ਪੇਸ਼ ਕੀਤਾ। ਮੱਥੇ ‘ਤੇ ਤਿਲਕ ਹੱਥਾਂ ਵਿਚ ਨੱਗ, ਕੜਿਆਂ ਨਾਲ ਲਾਲ ਧਾਗੇ, ਘੋਨ ਮੋਨ ਅਕਾਲੀ ਦਲ ਦੀ ਇਕ ਵੱਖਰੀ ਪਹਿਚਾਨ ਕਾਇਮ ਹੋ ਗਈ ਹੈ। ਅਕਾਲੀ ਦਲ ਦੀ ਦੁਨੀਆਂ ਵਿਚ ਨੀਲੀ ਪੱਗ ਤੇ ਹੱਥ ਵਿਚ ਕਿਰਪਾਨ ਫੜਨ ਵਾਲਾ ਸਭਿਆਚਾਰ ਹੁਣ ਖਤਮ ਹੀ ਹੋ ਗਿਆ ਹੈ। 2019 ਦੀਆਂ ਹੋਈਆਂ ਚੋਣਾਂ ਵਿਚ ਬਾਦਲ ਦਲੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੂਰਾ ਜਨਾਜ਼ਾ ਹੀ ਕੱਢ ਦਿੱਤਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਉਰਫ ਪੰਜਾਬੀ ਪਾਰਟੀ ਨੇ ਆਪਣਾ ਕੋਈ ਏਜੰਡਾ ਹੀ ਨਹੀਂ ਰੱਖਿਆ ਸਿਰਫ ਇਹੋ ਹੀ ਕਿਹਾ ਗਿਆ ਕਿ ਤੁਸੀ ਵੋਟਾਂ ਨਰਿੰਦਰ ਦਮੋਦਰ ਦਾਸ ਮੋਦੀ ਨੂੰ ਪਾਓ। ਹੁਣ ਕਿਸੇ ਤੋਂ ਵੀ ਗੁੱਝੀ ਛਿੱਪੀ ਗੱਲ ਨਹੀਂ ਰਹੀ ਕਿ ਭਾਰਤੀ ਜਨਤਾ ਪਾਰਟੀ ਨੇ ਟਿਕਟਾਂ ਉਹਨਾਂ ਨੂੰ ਦਿੱਤੀਆਂ ਹਨ ਜਿਹੜੇ ਸ਼ਰੇਆਮ ਇਹ ਕਹਿੰਦੇ ਹਨ ਕਿ ਸਾਰੇ ਭਾਰਤ ਵਿਚ ਹਿੰਦੂਤਵ ਹੀ ਹੋਣਾ ਚਾਹੀਦਾ ਹੈ।
ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਤੇ ਦਰਿਆਈ ਪਾਣੀਆਂ ਦੀ ਕਾਣੀ ਵੰਡ ਸਬੰਧੀ ਕੋਈ ਵੀ ਮੁੱਦਾ ਨਹੀਂ ਉਠਾਇਆ ਗਿਆ। 2014 ਵਿਚ ਪੂਰੀਆਂ ਲਿਲਕੜੀਆਂ ਕਢਾ ਕੇ ਅਗਲਿਆਂ ਨੇ ਬਾਦਲ ਸਾਹਿਬ ਦੀ ਨੂੰਹ ਨੂੰ ਮੰਤਰੀ ਬਣਾਇਆ ਸੀ ਪਰ ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਮਨ ਵਿਚ ਝੂਰਦੇ ਹੀ ਰਹੇ। ਕਦੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਦੂਜੇ ਜਥੇਦਾਰਾਂ ਨੂੰ ਟਿਕਟਾਂ ਵੰਡਦਾ ਹੁੰਦਾ ਸੀ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਉਸ ਦੀ ਘਰਵਾਲੀ ਆਪ ਹੀ ਐਮ. ਪੀ. ਲਈ ਉਮੀਦਵਾਰ ਬਣ ਜਾਂਦੇ ਹਨ। ਅਕਾਲੀ ਦਲ ਵਿਚੋਂ ਜੱਥੇਦਾਰ ਤੇ ਜੱਥੇਦਾਰਨੀ ਵਾਲਾ ਸਭਿਆਚਾਰ ਇਕ ਕਿਸਮ ਦਾ ਖਤਮ ਹੀ ਹੋ ਗਿਆ ਹੈ। ਸਿੱਖ ਸਿਧਾਂਤ ਅਤੇ ਪੰਜਾਬ ਦੇ ਮਸਲਿਆਂ ਨੂੰ ਅਕਾਲੀ ਦਲ ਬਾਦਲ ਨੇ ਪੂਰੀ ਤਰ੍ਹਾਂ ਵਿਸਾਰ ਦਿੱਤਾ ਹੈ। ਸਭ ਤੋਂ ਵੱਡਾ ਜਨਾਜ਼ਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਬੇਸਮਝੀ ਜਾਂ ਨਦਾਨੀ ਕਰਕੇ ਸੌਦਾ ਸਾਧ ਨੂੰ ਬਿਨਾਂ ਸ਼ਰਤ ਬਿਨਾਂ ਲਿਖਤ ਅਕਾਲ ਤਖਤ ਤੋਂ ਮੁਆਫ਼ੀ ਦਿਵਾਉਣ ਦਾ ਨਿਕਲਿਆ ਹੈ। ਸੌਦਾ ਸਾਧ ਦੀ ਮੁਆਫ਼ੀ ਨੂੰ ਸਹੀ ਦਰਸਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ 92 ਲੱਖ ਦੇ ਅਖਬਾਰਾਂ ਨੂੰ ਇਸ਼ਤਿਹਾਰ ਵੀ ਦਿੱਤੇ ਗਏ ਕਿ ਅਸਾਂ ਬਹੁਤ ਵੱਡਾ ਮਾਰਕਾ ਮਾਰਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਪਰੀਮੋ ਦੀ ਇਕੋ ਹੀ ਮਨਸ਼ਾ ਸੀ ਕਿ ਪੰਥ ਦੀ ਪਉੜੀ ਵਰਤ ਕੇ ਸੌਦਾ ਸਾਧ ਤੋਂ ਵੋਟਾਂ ਪ੍ਰਾਪਤ ਕੀਤੀਆਂ ਜਾਣ। ਸੌਦਾ ਸਾਧ ਦੀ ਹਮਾਇਤ ਪ੍ਰਾਪਤ ਕਰਨ ਲਈ ਸਿੱਖ ਸਿਧਾਂਤ ਨੂੰ ਛਿੱਕੇ ‘ਤੇ ਟੰਗਿਆ ਗਿਆ।
ਕੀ ਇਹ ਅਕਾਲੀ ਦਲ ਦਾ ਜਨਾਜ਼ਾ ਨਹੀਂ ਕਿਹਾ ਜਾ ਸਕਦਾ? ਪੰਜਾਬ ਦੀਆਂ ਹੱਕੀ ਮੰਗਾਂ ਲਈ ਸ਼ਹੀਦ ਹੋਣ ਵਾਲਿਆਂ ਦੀ ਇਮਾਨਦਾਰੀ ਗੁਰੂ ਪ੍ਰਤੀ ਵਫਾਦਾਰੀ ਦੀ ਪ੍ਰਪੱਕਤਾ ਸਦਾ ਚਮਕਦੀ ਰਹੇਗੀ। ਅਕਾਲੀ ਦਲ ਬਾਦਲ ਦੀਆਂ ਦੋਗਲ਼ੀ ਨੀਤੀਆਂ, ਨਿੱਜੀ ਸਵਾਰਥ ਦੀ ਹਵਸ਼ ਹਮੇਸ਼ਾਂ ਇਤਿਹਾਸ ਵਿਚ ਦੁਖਦਾਈ ਦ੍ਰਿਸ਼ ਪੇਸ਼ ਕਰਦੀ ਰਹੇਗੀ। 2019 ਦੀਆਂ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਜਿੱਥੇ ਅਕਾਲੀ ਦਲ ਨੇ ਪੰਜਾਬ ਦੀਆਂ ਹੱਕੀ ਮੰਗਾਂ ਦਾ ਭੋਗ ਪਾਇਆ ਹੈ ਓੱਥੇ ਜੂਨ 1984 ਵਿਚ ਸ਼ਹੀਦਾਂ ਨੂੰ ਵਿਸਾਰਨਾ ਅਕਾਲੀ ਦਲ ਦਾ ਜਨਾਜ਼ਾ ਨਿਕਲਿਆ ਹੀ ਕਿਹਾ ਜਾ ਸਕਦਾ ਹੈ। ਸਿੱਖ ਕੌਮ ਨੂੰ ਅਜੇ ਵੀ ਇਹ ਆਸ ਹੈ ਕਿ ਸਾਡੀਆਂ ਬੁਨਿਆਦੀ ਸਿੱਖ ਮੰਗਾਂ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਜਿੰਨੇ ਜ਼ੋਰ ਸ਼ੋਰ ਨਾਲ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਹੈ ਹੋਰ ਕੋਈ ਵੀ ਪਾਰਟੀ ਅਜਿਹਾ ਨਹੀਂ ਕਰ ਸਕਦੀ। ਅਕਾਲੀ ਦਲ ਬਾਦਲ ਵਿਚ ਸਭ ਤੋਂ ਵੱਡੀ ਦੁਖਦਾਈ ਗੱਲ ਇਹ ਹੋਈ ਹੈ ਕਿ ਇਸ ਵਿਚ ਜਿੰਨੇ੍ਹ ਵੀ ਸੁਹਿਰਦ ਅਕਾਲੀ ਨੇਤਾ ਸਿੱਖ ਮੁੱਦਿਆਂ ਨੂੰ ਸਮਝਦੇ ਸਨ ਜਾਂ ਤਾਂ ਉਹ ਆਪ ਛੱਡ ਗਏ ਹਨ ਜਾਂ ਫਿਰ ਪੁੱਤਰ ਦੇ ਰਾਹ ਵਿਚ ਰੌੜਾ ਬਣਨ ਵਾਲਿਆਂ ਨੂੰ ਹਾਸ਼ੀਏ ਤੇ ਕਰ ਦਿੱਤਾ ਗਿਆ ਹੈ। ਹੁਣ ਤਾਂ ਬਾਰਾਂ ਪੂਰਬੀਏ ਤੇਰਾਂ ਚੁੱਲਿਆਂ ਵਾਂਗ ਏਨੇ ਅਕਾਲੀ ਦਲ ਪੈਦਾ ਹੋ ਗਏ ਹਨ ਜਿੰਨ੍ਹਾਂ ਨੇ ਸਿੱਖ ਸਿਧਾਂਤ ਦੀ ਗੱਲ ਕਰਨੀ ਸੀ ਪਰ ਇਹ ਆਪਸ ਵਿਚ ਇਕ ਦੂਜੇ ਵਿਰੁੱਧ ਕ੍ਰਿਪਾਨਾਂ ਚੁੱਕੀ ਫਿਰਦੇ ਹਨ। 1919 ਈ: ਵਿੱਚ ਹਰ ਸਾਲ ਦੀ ਤਰ੍ਹਾਂ 6 ਜੂਨ ਨੂੰ ਅਕਾਲ ਤਖਤ ਦੇ ਅੱਗੇ ਲੱਗੇ ਜੰਗਲਿਆਂ ਨੂੰ ਉਖਾੜ ਕੇ ਉਛਾਲਣਾ ਤੇ ਸਿਰਾਂ ਤੋਂ ਪੱਗਾਂ ਲੱਥੀਆਂ ਦੁਨੀਆਂ ਨੇ ਦੇਖੀਆਂ ਹਨ।
ਕੇਂਦਰ ਦੀ ਸਰਕਾਰ ਵਲੋਂ ਖੇਤੀ ਸੰਬੰਧੀ ਕਾਲੇ ਕਾਨੂੰਨ ਲਿਆਂਦੇ ਗਏ, ਜਿਸ ਦੀ ਅਕਾਲੀ ਦਲ ਨੇ ਪੁਰਜ਼ੋਰ ਹਮਾਇਤ ਕੀਤੀ, ਇਥੋਂ ਤੱਕ ਕਿ ਸ: ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਬਿੱਲਾਂ ਦੇ ਹੱਕ ਵਿੱਚ ਬਿਆਨ ਦਵਾਏ ਗਏ। ਪਰ ਜਦੋਂ ਹਵਾ ਦਾ ਰੁੱਖ ਬਦਲਿਆਂ ਤਾਂ ਅਕਾਲੀ ਦਲ ਬਾਦਲ ਨੂੰ ਹਰ ਪਾਸੇ ਹਨੇਰਾ ਨਜ਼ਰ ਆਉਣ ਲੱਗਾ ਤਾਂ ਸਭ ਕੁਝ ਗਵਾਉਣ ਤੋਂ ਬਾਅਦ ਕੇਂਦਰੀ ਮੰਤਰੀ ਦੀ ਕੁਰਸੀ ਛੱਡ ਦਿੱਤੀ ਪਰ ਪੰਜਾਬੀਆਂ ਨੇ ਇਸ ਨੂੰ ਸਹਿਜ ਡਰਾਮਾ ਦੱਸ ਕੇ ਅਪ੍ਰਵਾਨ ਕਰ ਦਿੱਤਾ ਅਤੇ ਬਾਦਲ ਅਕਾਲੀ ਦਲ ਨੀਵਾਣ ਵੱਲ ਤੁਰਦਾ ਗਿਆ। ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਸਵਾਲ ਉਠਣੇ ਸ਼ੁਰੂ ਹੋਏ ਪਰ ਉਸ ਨੇ ਬੜੀ ਚਲਾਕੀ ਨਾਲ ਸਾਰਾ ਢਾਂਚਾ ਭੰਗ ਕਰ ਦਿੱਤਾ ਪਰ ਆਪਣੇ ਆਪ ਨੂੰ ਪ੍ਰਧਾਨ ਸੀ ਕੁਰਸੀ ਤੇ ਪੱਕਾ ਰੱਖਿਆ। ਵੱਡੇ ਵੱਡੇ ਟਕਸਾਲੀ ਆਗੂ ਵਾਰੀ ਵਾਰੀ ਸੁਖਬੀਰ ਸਿੰਘ ਬਾਦਲ ਨੂੰ ਛੱਡਦੇ ਗਏ ਪਰ ਉਸ ਨੇ ਪ੍ਰਧਾਨਗੀ ਦੀ ਕੁਰਸੀ ਨੂੰ ਜੱਫਾ ਮਾਰੀ ਰੱਖਿਆ।
2024 ਦੀਆਂ ਲੋਕ ਸਭਾ ਚੋਣਾਂ ਵੇਲੇ ਤਾਂ ਹੱਦ ਹੀ ਹੋ ਗਈ। ਬਿਨਾਂ ਸਲਾਹ ਮਸ਼ਵਰੇ ਤੋਂ ਸੀਟਾਂ ਵੰਡੀਆਂ ਅਤੇ ਆਪ ਇਕੱਲਾ ਹੀ ਪ੍ਰਚਾਰ ਕਰਦਾ ਰਿਹਾ, ਨਾ ਕੋਈ ਸਟਾਰ, ਪ੍ਰਚਾਰਕ, ਨਾ ਕੋਈ ਧਾਕੜ ਲੀਡਰ ਅਤੇ ਆਖਰਕਾਰ ਅਕਾਲੀ ਦਲ ਦਾ ਭੋਗ ਹੀ ਪੈ ਗਿਆ। ਕੇਵਲ ਇੱਕ ਸੀਟ ਹਰਸਿਮਰਤ ਕੌਰ ਨੂੰ ਮਿਲੀ। ਬਾਕੀ ਬਹੁਤੇ ਜ਼ਮਾਨਤ ਵੀ ਨਹੀਂ ਬਚਾ ਸਕੇ ਅਤੇ ਜ਼ਿਆਦਾਤਰ ਚੌਥੇ ਪੰਜਵੇਂ ਨੰਬਰ ਤੇ ਰਹੇ। ਬਹੁਤ ਹੀ ਨਮੋਸ਼ੀ ਭਰੀ ਹਾਰ ਅਕਾਲੀ ਦਲ ਬਾਦਲ ਨੂੰ ਮਿਲੀ ਜੋ ਆਪਣੇ ਆਪ ਨੂੰ ਪੰਥਕ ਦੱਸ ਰਿਹਾ ਸੀ। ਉਸਨੂੰ ਦੋ ਅਜਾਦ ਉਮੀਦਵਾਰਾਂ ਨੇ ਬੁਰੀ ਤਰ੍ਹਾਂ ਹਰਾ ਕੇ ਦੱਸ ਦਿੱਤਾ ਕਿ ਹੁਣ ਤੁਸੀਂ ਪੰਥਕ ਨਹੀਂ ਰਹੇ। ਖੈਰ ਅਗਲਾ ਨਤੀਜਾ ਤਾਂ ਸਮਾਂ ਹੀ ਦੱਸੇਗਾ। ਲੋੜ ਹੈ 1920 ਵਾਲਾ ਅਕਾਲੀ ਦਲ ਦੁਬਾਰਾ ਹੋਂਦ ਵਿੱਚ ਆਵੇ। ਦੂਸਰਾ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਮੈਂਬਰਰਾਨ ਦੇ ਸਿੱਖੀ ਸਿਧਾਂਤ ਸਬੰਧੀ ਗੁਰਮਤਿ ਕੈਂਪ ਲੱਗਣੇ ਚਾਹੀਦੇ ਹਨ। ਸਿੱਖ ਸਿਧਾਂਤ ਅਤੇ ਹਿੰਦੂਤਵੀ ਏਜੰਡੇ ਦੀ ਸ਼ਨਾਖਤ ਕਰਨ ਦਾ ਉਪਰਾਲਾ ਕਰਨ ਦਾ ਯਤਨ ਹੋਣਾ ਚਾਹੀਦਾ ਹੈ।