ਗੁਰਮਤਿ ਗਿਆਨ ਮਿਸ਼ਨਰੀ ਕਾਲਜ
Gurmat Gian Missionary College

ਪ੍ਰਿੰ. ਗੁਰਬਚਨ ਸਿੰਘ ਪੰਨਵਾਂ # 99155-29725

ਦਲ ਬਦਲੀ, ਇਖ਼ਲਾਕੀ ਗਿਰਾਵਟ ਤੇ ਲੋਕ

2024 ਦੀਆਂ ਲੋਕ ਸਭਾ ਚੋਣਾਂ ਵਿਚ ਦਲ-ਬਦਲੀ ਦੀ ਜੈ ਹੋਵੇ– ਜਦੋਂ ਤਕ ਗੁਰਮਤਿ ਵਿਰਸਾ ਛਪ ਕੇ ਪਾਠਕਾਂ ਦੇ ਹੱਥਾਂ ਵਿਚ ਹੋਏਗਾ ਓਦੋਂ ਤਕ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਆ ਗਏ ਹੋਣਗੇ। ਫਿਰ ਵੀ ਹਾਲਾਤਾਂ ਨੂੰ ਮੁੱਖ ਰੱਖਦਿਆਂ ਦਲ-ਬਦਲੂਆਂ ਦੇ ਕਿਰਦਾਰ ਵਿਚ ਆਈ ਗਿਰਾਵਟ ਸਬੰਧੀ ਕੁਝ ਕਹਿਣ ਦਾ ਯਤਨ ਕੀਤਾ ਹੈ। 2024 ਦੀਆਂ ਪਾਰਲੀਮੈਂਟਰੀ ਚੋਣਾਂ ਵਿਚ ਦਲ-ਬਦਲੀਆਂ ਦਾ ਹਨੇਰ ਆਇਆ ਰਿਹਾ ਹੈ। ਕੋਈ ਦੀਨ ਮਜ਼੍ਹਬ ਵਾਲੀ ਗੱਲ ਨਹੀਂ ਰਹੀ। ਵਰਤਮਾਨ ਸਮੇਂ ਵਿਚ ਬਹੁਤੇ ਲੀਡਰ ਚੁਫੇਰ ਗੜ੍ਹੀਏ ਹੋ ਗਏ ਹਨ। ਵੋਟਰਾਂ ਦਾ ਕੋਈ ਪਤਾ ਨਹੀਂ ਕਿ ਇਸ ਵਾਰੀ ਸ਼ਾਇਦ ਦਲ ਬਦਲੂਆਂ ਨੂੰ ਸਬਕ ਸਿਖਾ ਦੇਣ। ਇਹ ਚੋਣਾਂ ਵੋਟਰਾਂ ਲਈ ਵੀ ਪਰਖ ਦੀ ਘੜੀ ਹੋਏਗੀ। ਜੇ ਵੋਟਰਾਂ ਨੇ ਦਲ ਬਦਲੀ ਕਰਨ ਵਾਲਿਆਂ ਨੂੰ ਸਬਕ ਨਾ ਸਿਖਾਇਆ ਤਾਂ ਇਹ ਸਵਾਲ ਸਦਾ ਚੁੱਭਦੇ ਰਹਿਣਗੇ। ਦਲ ਬਦਲੀ ਕਰਨ ਵਾਲਿਆਂ ਨੇ ਸ਼ਰਮ ਹਯਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਅਜੇਹੇ ਲੀਡਰਾਂ ਨੂੰ ਦੇਖ ਕੇ ਕਚਿਆਣ ਆਉਂਦੀ ਹੈ। ਏਦਾਂ ਦੇ ਕਿਰਦਾਰਾਂ ਸਬੰਧੀ ਉਸਤਾਦ ਦਾਮਨ ਸਾਹਿਬ ਦੇ ਬੋਲ ਬਹੁਤ ਪਿਆਰੇ ਹਨ— ਇਹਨਾਂ ਹਾਕਮਾਂ ਦਾ ਯਾਰੋ ਕੀ ਕਰੀਏ, ਜਿਹੜੀ ਥਾਂ ਬੈਠੇ ਉਹ ਥਾਂ ਖਾ ਗਏ। ਇਹਨਾਂ ਕੋਲੋਂ ਬਚਾ ਲਓ ਬੱਚਿਆਂ ਨੂੰ, ਕੁਕੜ ਖਾਣ ਲੱਗੇ ਸਾਰੇ ਕਾਂ ਖਾ ਗਏ। ਕਲ੍ਹ ਨੂੰ ਇਹ ਨਾ ਕਹਿਣ ਜਹਾਨ ਵਾਲੇ, ਪੁੱਤਰ ਇਹ ਕਾਹਦੇ ਆਪਣੀ ਮਾਂ ਖਾ ਗਏ।
ਰੂਹ ਨੂੰ ਚੀਰਨ ਵਾਲੇ ਲਾਲਚੀ, ਦੰਭੀਆਂ ਰਾਜਨੀਤਿਕਾਂ ਨੂੰ ਕੁਝ ਸਵਾਲ—ਜਿਹੜੇ ਸਦਾ ਸੋਚਣ ਲਈ ਮਜ਼ਬੂਰ ਕਰਦੇ ਰਹਿੰਦੇ ਹਨ– ਕੀ ਇਕੋ ਨੇਤਾ ਨੂੰ ਹੀ ਵਾਰ ਵਾਰ ਟਿਕਟ ਲੈਣ ਦਾ ਹੱਕ ਹੈ? ਕੀ ਇਕੋ ਪਰਵਾਰ ਦੇ ਜੀਆਂ ਨੂੰ ਹੀ ਟਿਕਟ ਮਿਲਣੀ ਚਾਹੀਦੀ ਹੈ? ਕੀ ਵਰਕਰਾਂ ਵਿਚ ਕੋਈ ਵੀ ਕਾਬਲ ਨੇਤਾ ਨਹੀਂ ਹੁੰਦਾ ਜੋ ਟਿਕਟ ਦਾ ਹੱਕਦਾਰ ਹੋਵੇ? ਕੀ ਜੇ ਟਿਕਟ ਨਹੀਂ ਮਿਲੀ ਤਾਂ ਪਾਰਟੀ ਛੱਡ ਦੇਣੀ ਚਾਹੀਦੀ ਹੈ? ਕੀ ਸਰਕਾਰੀ ਦਮਨ ਕਰਕੇ ਪਾਰਟੀ ਨਾਲੋਂ ਨਾਤਾ ਤੋੜ ਲੈਣਾ ਚਾਹੀਦਾ ਹੈ? ਜਿਹੜੀ ਪਾਰਟੀ ਨੇ ਸਾਰੀ ਜ਼ਿੰਦਗੀ ਮਾਣ ਸਨਮਾਨ ਦਿੱਤਾ ਹੋਵੇ ਉਸ ਦੀ ਪਿੱਠ ਵਿਚ ਛੁਰਾ ਮਾਰਨਾ ਚਾਹੀਦਾ ਹੈ? ਕੀ ਪਾਰਟੀ ਬਦਲਣ ਲੱਗਿਆਂ ਕਦੇ ਜ਼ਮੀਰ ਦੀ ਅਵਾਜ਼ ਵੀ ਸੁਣੀ ਹੈ? ਜਿਹੜੀ ਪਾਰਟੀ ਨੂੰ ਪਾਣੀ ਪੀ ਪੀ ਕੇ ਕੋਸਦੇ ਰਹੇ ਹੋ ਉਹ ਰਾਤੋ ਰਾਤ ਕਿਦਾਂ ਵਧੀਆਂ ਬਣ ਗਈ? ਕੀ ਪਾਰਟੀ ਵਿਚ ਸੇਵਾ ਕਰਨ ਵਾਲੇ ਨੇਤਾ ਨੂੰ ਛੱਡ ਕੇ ਪਾਰਟੀ ਬਦਲਣ ਵਾਲੇ ਨੂੰ ਟਿਕਟ ਦੇਣੀ ਜ਼ਰੂਰੀ ਹੈ? ਕੀ ਸਾਰੀਆਂ ਪਾਰਟੀਆਂ ਵਿਚੋਂ ਲੋਕਰਾਜ ਖਤਮ ਹੋ ਗਿਆ ਹੈ? ਪਾਰਟੀਆਂ ਸਥਾਨਿਕ ਨੇਤਾਵਾਂ ਨੂੰ ਪਹਿਲ ਕਿਉਂ ਨਹੀਂ ਦਿੰਦੀਆਂ?
ਕੀ ਜਨਤਾ ਕਸੂਰਵਾਰ ਨਹੀਂ ਹੈ, ਜਿਹੜੀ ਬਿਨਾ ਦੇਖੇ ਸਮਝੇ ਸਨੀ ਦਿਉਲ ਵਰਗਿਆਂ ਨੂੰ ਜਿਤਾ ਕਿ ਪਾਰਲੀਪੈਂਟ ਵਿਚ ਭੇਜਦੀ ਹੈ? ਕੀ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਰਾਜ ਸਭਾ ਵਿਚ ਜਿਹੜੇ ਸੱਜਣ ਭੇਜੇ ਹਨ ਉਨ੍ਹਾਂ ਨੇ ਪੰਜਾਬ ਦਾ ਕਦੇ ਕੋਈ ਮਸਲਾ ਵੀ ਉਠਾਇਆ ਹੈ? ਪੰਜਾਬ ਵਾਸਤੇ ਕਿਸੇ ਪ੍ਰਜੈਕਟ ਦੀ ਮੰਗ ਵੀ ਕੀਤੀ ਹੈ? ਆਮ ਆਦਮੀ ਪਾਰਟੀ ਵਾਲੇ ਇਹ ਵੀ ਕਹਿੰਦੇ ਹਨ ਕਿ ਪਹਿਲੇ ਰਾਜ ਸਭਾ ਮੈਂਬਰਾਂ ਨੇ ਕਦੇ ਕੋਈ ਪੰਜਾਬ ਦਾ ਮੁੱਦਾ ਨਹੀਂ ਚੁੱਕਿਆ। ਇਹ ਬਿਲਕੁਲ ਠੀਕ ਹੈ ਜੇ ਪਹਿਲਿਆਂ ਕਦੇ ਕੋਈ ਮਸਲਾ ਨਹੀਂ ਚੁੱਕਿਆ ਤਾਂ ਫਿਰ ਇਨ੍ਹਾਂ ਨੂੰ ਕੀ ਜ਼ਰੂਰਤ ਹੈ ਮੁਫਤ ਵਿਚ ਪੰਗਾ ਲੈਣ ਦੀ। ਉਂਝ ਵੀ ਇਹ ਸਾਰੇ ਖਿਚੜੀ ਮੈਂਬਰ ਹਨ। ਇੰਝ ਲਗਦਾ ਹੈ ਜਿਵੇਂ ਪੰਜਾਬ ਦਾ ਕੋਈ ਬੇਲੀ ਨਹੀਂ ਰਿਹਾ। ਸਾਰੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਤੇ ਜਾਤੀ ਮਿਹਣੇ ਮਾਰਨ ਵਿਚ ਲੱਗੇ ਹੋਏ ਹਨ। ਮੌਜੂਦਾ ਦੌਰ ਵਿਚ ਰਾਜਨੀਤੀ ਬਹੁਤ ਨੀਵੇਂ ਪੱਧਰ ‘ਤੇ ਚਲੀ ਗਈ ਹੈ। ਭਾਸ਼ਨਾਂ ਦਾ ਕੋਈ ਮਿਆਰ ਨਹੀਂ ਰਿਹਾ। ਪੰਜਾਬ ਦੇ ਕਿਸੇ ਬੁਨਿਆਦੀ ਮੁੱਦੇ ਦੀ ਗੱਲ ਨਹੀਂ ਸਗੋਂ ਇਕ ਦੂਜੇ ਨੂੰ ਨੀਵਾਂ ਦਿਖਾਉਣ ਵਿਚ ਲੱਗੇ ਰਹੇ ਹਨ। ਪੰਜਾਬ ਦੇ ਨੇਤਾਵਾਂ ਕੋਲ ਪੰਜਾਬ ਦਾ ਕੋਈ ਏਜੰਡਾ ਨਹੀਂ ਹੈ। ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਪਰਵਾਰਵਾਦ ਦੀ ਗਸ਼ ਖਾ ਕੇ ਡਿੱਗੀ ਹੋਈ ਹੈ ਤੇ ਆਮ ਲੋਕ ਪਾਰਟੀ ਤੇ ਕਾਂਗਰਸ ਪਾਰਟੀ ਕੌਮੀ ਪਾਰਟੀਆਂ ਹੋਣ ਕਰਕੇ ਉਨ੍ਹਾਂ ਕੋਲ ਵੀ ਪੰਜਾਬ ਲਈ ਕੋਈ ਸੁਹਿਰਦਤਾ ਨਹੀਂ ਹੈ। ਕੀ ਕਰਜ਼ਾ ਚੁੱਕ ਕੇ ਨਿਗੂਣੀਆਂ ਸਹੂਲਤਾਂ ਦੇਣ ਨੂੰ ਪੰਜਾਬ ਦਾ ਵਿਕਾਸ ਕਿਹਾ ਜਾ ਸਕਦਾ ਹੈ?
ਰਾਜਨੀਤਿਕ ਨੇਤਾਵਾਂ ਨੇ ਲਾਲਚ ਦੀਆਂ ਹੱਦਾਂ ਬੰਨੇ ਤੋੜਦਿਆਂ ਨੈਤਿਕਤਾ ਦੀਆਂ ਕਦਰਾਂ ਕੀਮਤਾਂ ਨੂੰ ਮਿੱਟੀ ਵਿਚ ਮਿਲਾ ਦਿੱਤਾ ਹੈ। ਕੌਣ ਇਨ੍ਹਾਂ ‘ਤੇ ਯਕੀਨ ਕਰੇ, ਇਨ੍ਹਾਂ ਸਿਆਸਤਦਾਨਾਂ ਨੇ ਆਪਣੀਆਂ ਤਿਜੌਰੀਆਂ ਭਰਨ ਲਈ ਸਭ ਕੁਝ ਦਾਅ ‘ਤੇ ਲਾ ਦਿੱਤਾ ਹੈ—ਸ਼ਾਇਰ ਦੇ ਬੋਲ ਹਨ— ਹਵਸ ਕੇ ਮਾਰੇ ਬੰਦੇ ਵਫ਼ਾ ਕੋ ਬੇਚ ਦੇਤੇ ਹੈਂ, ਖ਼ੁਦਾ ਕੇ ਘਰ ਕੀ ਕਿਆ ਕਹੀਏ ਖ਼ੁਦਾ ਕੋ ਬੇਚ ਦੇਤੇ ਹੈਂ। ਦਲ ਦਬਲੂਆਂ ਦੇ ਹੱਥ ਖ਼ੁਦਾ ਆ ਜਾਏ ਤਾਂ ਇਹ ਉਸ ਨੂੰ ਵੀ ਵੇਚ ਸਕਦੇ ਹਨ। ਦਲ ਬਦਲੂ ਸਿਆਸਦਾਨਾਂ ਨੇ ਨੈਤਿਕਤਾ ਦਾ ਜਲੂਸ ਕੱਢ ਦਿੱਤਾ ਹੈ— ਕਿਥੋਂ ਕਿੱਥੇ, ਆ ਗਈ ਸਿਆਸਤ। ਸਭ ਕੁਝ ਸਾਡਾ ਖਾ ਗਈ ਸਿਆਸਤ। ਬਚਪਨ ਪੁੱਠੇ ਰਾਹ ਪਾ ਗਈ ਸਿਆਸਤ। ਜਵਾਨੀ ਨਸ਼ਿਆਂ ਉੱਤੇ ਲਾ ਗਈ ਸਿਆਸਤ। ਰਿਸ਼ਤੇ ਨਾਤੇ ਖਾ ਗਈ ਸਿਆਸਤ। ਭਾਈ ਨਾਲ ਭਾਈ ਲੜਾ ਗਈ ਸਿਆਸਤ। ਸਭਿਆਚਾਰ ਭੁਲਾ ਗਈ ਸਿਆਸਤ। (ਅਵਤਾਰ ਸਿੰਘ ਮਾਨ)
2024 ਦੀਆਂ ਲੋਕ ਸਭਾ ਚੋਣਾਂ ਵਿਚ ਰਾਜਸੀ ਲੋਕਾਂ ਨੇ ਦਲ ਬਦਲੀਆਂ ਦਾ ਇਕ ਨਵਾਂ ਕੀਰਤੀ ਮਾਨ ਕਾਇਮ ਕੀਤਾ ਹੈ। ਸਮੁੱਚੇ ਭਾਰਤ ਵਿਚ ਰਾਜਨੀਤਿਕਾਂ ਨੇ ਰਾਜਨੀਤੀ ਦਾ ਮਖੌਲ ਉਡਾਇਆ ਹੈ। ਅਜੇਹੀ ਦਸ਼ਾ ਵਿਚ ਲੋਕ ਵਿਚਾਰੇ ਕੀ ਕਰਨ? ਦੁਪਹਿਰੇ ਆਮ ਲੋਕ ਪਾਰਟੀ ਜਿੰਦਾਬਾਦ, ਸ਼ਾਮ ਪੈਣ ਤੱਕ ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਕਲ੍ਹ ਤਕ ਜਿਸ ਪਾਰਟੀ ਨੂੰ ਪਾਣੀ ਪੀ ਪੀ ਕੇ ਕੋਸਿਆ ਜਾਂਦਾ ਸੀ ਅੱਜ ਉਹ ਦੇਸ਼ ਦੀ ਇਮਾਨਦਾਰ ਪਾਰਟੀ ਬਣ ਜਾਂਦੀ ਹੈ। ਸਿਆਸਤ ਕਰਨਾ ਹਰ ਲੀਡਰ ਦਾ ਕਰਮ ਹੈ, ਜਿਹੜੀ ਮਰਜ਼ੀ ਪਾਰਟੀ ਵਿਚ ਜਾਵੇ, ਕੋਈ ਰੋਕ ਥੋੜਾ ਸਕਦਾ ਹੈ। ਘੱਟੋ-ਘੱਟ ਐਨਾ ਕੁ iਖ਼ਆਲ ਤਾਂ ਜ਼ਰੂਰ ਰੱਖਿਆ ਜਾਏ ਕਿ ਜਿਸ ਪਾਰਟੀ ਨੇ ਤੁਰਨ ਦੀ ਜਾਚ ਸਿਖਾਈ ਹੋਵੇ ਜਿਸ ਪਾਰਟੀ ਨੂੰ ਤੁਸੀਂ ਮਾਂ ਪਾਰਟੀ ਆਖਦੇ ਰਹੇ ਹੋ ਉਸੇ ਪਾਰਟੀ ਦਾ ਚੀਰ ਹਰਨ ਕਰੋ, ਪੂਰਾ ਜਲੂਸ ਕੱਢੋ ਇਹ ਕੋਈ ਨੈਤਿਕਤਾ ਵਾਲੀ ਵਡਿਆਈ ਨਹੀਂ ਹੈ। ਜਿਸ ਦਾ ਲੂਣ ਖਾ ਕੇ ਹਰਾਮ ਕੀਤਾ ਜਾਏ ਉਸ ਨੂੰ ਗੁਰਬਾਣੀ ਅਕ੍ਰਿਤਘਣ ਆਖਦੀ ਹੈ- ਅਕਿਰਤਘਣਾ ਹਰਿ ਵਿਸਰਿਆ ਜੋਨੀ ਭਰਮੇਤੁ॥ (706) ਭਾਈ ਗੁਰਦਾਸ ਜੀ ਦਾ ਸੋਹਣਾ ਵਾਕ ਹੈ— ਭਾਰੇ ਭੁਈਂ ਅਕਿਰਤਘਣ ਮੰਦੀ ਹੂੰ ਮੰਦੇ॥ (ਵਾਰ-35, ਪਉੜੀ-8)
ਨੈਤਿਕਤਾ ਕੀ ਹੈ? ਨੈਤਿਕਤਾ– ਨੈਤਿਕ ਕਦਰਾਂ ਕੀਮਤਾਂ ਦੀ ਇੱਕ ਉਹ ਪ੍ਰਣਾਲ਼ੀ ਹੈ ਜੋ ਸਾਡੇ ਵਿਵਹਾਰ ਨੂੰ ਖੁਸ਼ਹਾਲ ਜ਼ਿੰਦਗੀ ਦਾ ਰੂਪ ਦਿੰਦੀ ਹੈ। ਨੈਤਿਕਤਾ ਦੇ ਅਸਲ ਵੱਡੇ ਗੁਣ ਇਮਾਨਦਾਰੀ, ਵਫ਼ਾਦਾਰੀ, ਸੰਤੋਖ, ਉਦਮ, ਮਿਹਨਤ ਹੁੰਦੇ ਹਨ। ਅਜੇਹੇ ਗੁਣਾਂ ਨਾਲ ਹੀ ਸਮਾਜ ਜਿਉਂਦਾ ਰਹਿੰਦਾ ਹੈ। ਨੈਤਿਕਤਾ ਸਾਨੂੰ ਆਲ਼ੇ-ਦੁਆਲ਼ੇ ਦੇ ਲੋਕਾਂ ਨਾਲ ਵਿਸ਼ਵਾਸ ਅਤੇ ਦੋਸਤੀ ਵੱਲ ਲਿਜਾਂਦੀ ਹੈ। ਨੈਤਿਕਤਾ ਜਾਂ ਇਖ਼ਲਾਕ ਖੁਸ਼ੀ ਦੀ ਕੁੰਜੀ ਹੈ। ਕਿਸੇ ਇਨਸਾਨ ਨੂੰ ਅਸੀਂ ਉਸ ਦੇ ਕਿਰਦਾਰ ਤੋਂ ਪਰਖਦੇ ਹਾਂ। ਕਿਰਦਾਰ ਵਿਚ ਬੋਲ ਬਾਣੀ ਤੇ ਵਿਹਾਰਕ ਪੱਖ ਨੂੰ ਦੇਖਿਆ ਜਾਂਦਾ ਹੈ। ਨੈਤਿਕਤਾ, ਬੋਲੇ ਬੋਲਾਂ ‘ਤੇ ਪਹਿਰਾ ਦੇਣਾ ਸਿਖਾਉਂਦੀ ਹੈ। ਗੁਰਬਾਣੀ ਦਾ ਵਾਕ ਹੈ— ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ॥ (1099) 2024 ਦੀਆਂ ਚੋਣਾਂ ਨਵਾਂ ਤੂਫ਼ਾਨ ਬਣ ਕੇ ਆਈਆਂ ਹਨ। ਲਾਲਚੀ, ਮੌਕਾ ਪ੍ਰਸਤ ਨੇਤਾਵਾਂ ਨੂੰ ਜੇ ਕਿਸੇ ਪਾਰਟੀ ਨੇ ਟਿਕਟ ਨਹੀਂ ਦਿੱਤੀ ਤਾਂ ਦਿਨ ਚੜ੍ਹਦੇ ਸਾਰ ਹੀ ਦੂਜੀ ਪਾਰਟੀ ਦੇ ਕਸੀਦੇ ਕੱਢਣੇ ਸ਼ੁਰੂ ਕਰ ਦਿੱਤੇ। ਨੇਤਾਵਾਂ ਦਾ ਇਕੋ ਰਾਗ ਰਹਿ ਗਿਆ ਹੈ ਕਿ ਮੈਨੂੰ ਪਹਿਲਾਂ ਟਿਕਟ ਦਿਓ ਨਹੀਂ ਤਾਂ ਮੈਨੂੰ ਹੋਰ ਬਥੇਰੇ। ਰਾਜਨੀਤੀ ਵਿਚ ਕਿਹੋ ਜਿਹੀ ਹਵਾ ਚੱਲ ਪਈ ਹੈ-ਸਰਕਾਰ ਬਣਾਉਣ ਲਈ ਸਾਰੇ ਮਾਪ ਦੰਡ ਵਰਤਦਿਆਂ, ਅਜ਼ਾਦ ਤੇ ਵਿਕਣ ਵਾਲੇ ਵਿਧਾਇਕਾਂ ਦੇ ਭਾਅ ਲੱਗਦੇ ਹਨ। ਹਨੇਰ ਸਾਈ ਦਾ ਵਧਾਇਗੀ ਦੀ ਟਿਕਟ ਹਾਸਲ ਕਰਨ ਲਈ ਥੈਲੀਆਂ ਦੇਣ ਦੀਆਂ ਖਬਰਾਂ ਛੱਪ ਜਾਂਦੀਆਂ ਹਨ। ਜਿਸ ਦੀ ਟਿਕਟ ਕੱਟੀ ਜਾਂਦੀ ਹੈ ਉਹ ਸਹਿਜੇ ਹੀ ਕਹਿ ਦਿੰਦਾ ਹੈ ਕਿ ਮੇਰੀ ਟਿਕਟ ਵਿਕ ਗਈ। ਏੱਥੇ ਬੰਦੇ ਵਿਕਦੇ ਦੇਖੇ ਨੇ, ਏੱਥੇ ਹਾੜੇ ਵਿਕਦੇ ਦੇਖੇ ਨੇ। ਇਸ ਜੱਗ ਦੀ ਉਲਟੀ ਗੰਗਾ ਵਿਚ, ਫੁੱਲ ਡੁੱਬਦਾ ਪੱਥਰ ਤਰਦੇ ਦੇਖੇ ਨੇ। (ਉਸਤਾਦ ਦਾਮਨ)
ਇਹ ਇਖ਼ਲਾਕੀ ਪੱਧਰ ਦੀ ਸਭ ਤੋਂ ਵੱਡੀ ਗਿਰਾਵਟ ਹੈ। ਕੀ ਕੋਈ ਪਾਰਟੀ ਦਾ ਹੋਰ ਵਰਕਰ ਟਿਕਟ ਦਾ ਹੱਕਦਾਰ ਨਹੀਂ ਹੋ ਸਕਦਾ? ਯੂ. ਐਸ. ਏ. ਪਿੰ੍ਰਸੀਪਲ ਪ੍ਰੀਤਮ ਸਿੰਘ ਜੀ ਦੇ ਘਰ ਦੁਪਹਿਰੇ ਬੈਠਿਆਂ ਸ੍ਰ. ਮੋਹਨ ਸਿੰਘ ਸਠਿਆਲਾ ਸਾਬਕਾ ਐਮ. ਐਲ. ਏੇ. ਨੇ ਗੱਲਬਾਤ ਕਰਦਿਆਂ ਅਕਾਲੀਆਂ ਵਿਚ ਟਿਕਟ ਵੰਡ ਦੀ ਗੱਲ ਸੁਣਾਈ ਕਿ ਪਹਿਲਾਂ ਬਕਾਇਦਾ ਰਾਜਸੀ ਪਾਰਟੀ ਦਾ ਚੋਣ ਬੋਰਡ ਬੈਠਦਾ ਹੁੰਦਾ ਸੀ, ਜੋ ਰਜ਼ਾਮੰਦੀ ਨਾਲ ਟਿਕਟ ਦਾ ਫੈਸਲਾ ਕਰ ਦਿੰਦਾ ਸੀ। ਜੇ ਅੱਠ ਨੇਤਾਵਾਂ ਨੇ ਐਮ. ਐਲ. ਏੇ. ਦੀ ਟਿਕਟ ਲੈਣ ਲਈ ਅਰਜ਼ੀ ਦਿੱਤੀ ਹੁੰਦੀ ਸੀ ਤਾਂ ਉਹ ਅੱਠਾਂ ਨਾਲ ਗੱਲਬਾਤ ਕਰਦੇ ਸਨ। ਕਈ ਵਾਰੀ ਭਾਈਚਾਰਕ ਸਾਂਝ ਕਰਕੇ ਬੋਰਡ ਕਹਿ ਦਿੰਦਾ ਸੀ, ਕਿ ਭਾਈ ਤੁਹਾਡੇ ਪ੍ਰਵਾਰਾਂ ਦੀਆਂ ਪੰਥ ਲਈ ਕੁਰਬਾਨੀਆਂ ਬਹੁਤ ਵੱਡੀਆਂ ਹਨ, ਤੁਹਾਡਾ ਪਾਰਟੀ ਪ੍ਰਤੀ ਬਹੁਤ ਯੋਗਦਾਨ ਰਿਹਾ ਹੈ, ਤੁਸੀਂ ਸਾਰੇ ਹੀ ਟਿਕਟ ਦੇ ਹੱਕਦਾਰ ਹੋ ਪਰ ਹੁਣ ਆਪਸ ਵਿਚ ਫੈਸਲਾ ਕਰ ਲਓ ਕਿ ਟਿਕਟ ਕਿਸ ਨੇ ਲੈਣੀ ਹੈ। ਟਿਕਟ ਲੈਣ ਦੇ ਚਾਹਵਾਨਾਂ ਵਿਚ ਆਪਣੀ ਪਾਰਟੀ ਦਾ ਦਰਦ ਹੁੰਦਾ ਸੀ ਆਪਸੀ ਸਲਾਹ ਮਸ਼ਵਰਾ ਕਰਕੇ ਇਕ ਨੇਤਾ ਨੂੰ ਟਿਕਟ ਦਿੱਤੀ ਜਾਂਦੀ ਸੀ। ਬਾਕੀ ਸਹਿਮਤ ਹੋ ਜਾਂਦੇ ਸਨ ਤੇ ਉਹ ਤਨਦੇਹੀ ਨਾਲ ਆਪਣੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਲਈ ਪੂਰਾ ਜ਼ੋਰ ਲਗਾ ਦਿੰਦੇ ਸਨ। ਹਾਂ ਜੇ ਫਿਰ ਵੀ ਕੋਈ ਆਪਣਾ ਬਹੁਤਾ ਹੱਕ ਸਮਝਦਾ ਸੀ ਤਾਂ ਉਹ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਲੈਂਦਾ ਸੀ। ਜੇ ਅਜ਼ਾਦ ਚੋਣ ਜਿੱਤ ਜਾਂਦਾ ਸੀ ਤਾਂ ਉਹ ਬਿਨਾ ਸ਼ਰਤ ਆਪਣੀ ਮਾਂ ਪਾਰਟੀ ਨੂੰ ਹਮਾਇਤ ਦਿੰਦਾ ਸੀ। ਅਜ਼ਾਦ ਚੋਣ ਜਿੱਤਣ ਦੇ ਬਾਵਜੂਦ ਵੀ ਪਾਰਟੀ ਦੀ ਵਫ਼ਾਦਾਰੀ ਨੂੰ ਨਹੀਂ ਭਲਾਉਂਦੇ ਸਨ। ਹੁਣ ਚੋਣ ਕਮੇਟੀ ਕੋਲੋਂ ਇਹ ਮਤਾ ਪਵਾ ਲਿਆ ਜਾਂਦਾ ਹੈ ਕਿ ਪ੍ਰਧਾਨ ਜੀ ਤੁਸੀਂ ਹੀ ਟਿਕਟਾਂ ਦੀ ਵੰਡ ਕਰ ਦਿਓ। ਪ੍ਰਧਾਨ ਫਿਰ ਆਪਣੀ ਮਨ ਮਰਜ਼ੀ ਕਰਦਾ ਹੈ। ਲੋਕਰਾਜ ਤਾਂ ਇਥੋਂ ਹੀ ਖਤਮ ਹੋ ਜਾਂਦਾ ਹੈ। ਅਸਲ ਸਮੱਸਿਆਵਾਂ ਪਾਰਟੀ ਆਗੂਆਂ ਨੇ ਆਪ ਖੜੀਆਂ ਕੀਤੀਆਂ ਹਨ ਜਦੋਂ ਕੁਰਬਾਨੀ ਵਾਲੇ ਪਰਵਾਰਾਂ ਨੂੰ ਛੱਡ ਕਿ ਮੁੜ ਮੁੜ ਆਪਣਿਆਂ ਨੂੰ ਹੀ ਟਿਕਟਾਂ ਦਈ ਜਾਣੀਆਂ ਹਨ ਤਾਂ ਦਰੀਆਂ ਵਿਛਾਉਣ ਵਾਲੇ ਨੇਤਾਵਾਂ ਦੇ ਮਨ ਵਿਚ ਕੁਦਰਤੀ ਬਦਲਾ ਲੈਣ ਦੀ ਭਾਵਨਾ ਜਾਗ ਪੈਂਦੀ ਹੈ। ਆਪਣਾ ਹੱਕ ਨਾ ਮਿਲਦਾ ਦੇਖ ਕੇ ਦੂਜੀ ਪਾਰਟੀ ਵਿਚ ਚਲੇ ਜਾਣ ਨੂੰ ਤਰਜੀਹ ਦੇਣਗੇ। ਅਕਾਲੀ ਦਲ ਆਪਣੇ ਆਪ ਨੂੰ ਕੁਰਬਾਨੀ ਵਾਲੀ ਪਾਰਟੀ ਗਿਣਦਾ ਹੈ ਪਰ ਇਸ ਨੇ ਆਪਣੇ ਵਫ਼ਾਦਾਰ ਲੀਡਰਾਂ ਨੂੰ ਛੱਡ ਕੇ ਸਾਲੇ, ਭਣਵੱਈਏ ਤੇ ਅਗਾਂਹ ਉਨ੍ਹਾਂ ਦੇ ਪਰਵਾਰਾਂ ਨੂੰ ਟਿਕਟਾਂ ਦਿੱਤੀਆਂ। ਪਰਵਾਰਵਾਦ ਦੀ ਪਕੜ ਵਿਚੋਂ ਬਾਗੀ ਉਮੀਦਵਾਰ ਪਾਰਟੀ ਤੋਂ ਬਾਗੀ ਹੋਣੇ ਕੁਦਰਤੀ ਹਨ। ਹੁਣ ਤਾਂ ਅਕਾਲੀ ਲੀਡਰ ਬਹੁਤ ਹੀ ਨੀਵੇਂ ਪੱਧਰ ਦੀ ਰਾਜਨੀਤੀ ਵਿਚ ਉਤਰ ਗਏ ਹਨ। ਅਸੂਲ ਪ੍ਰਸਤ ਅਕਾਲੀ ਦਲ ਦੇ ਨੇਤਾਵਾਂ ਨੇ ਪੰਥਕ ਅਸੂਲ ਹੀ ਵੇਚ ਦਿੱਤੇ ਹਨ- ਕਿਸੇ ਅਦੀਬ ਦੇ ਬੋਲ ਹਨ— ਯਿਹ ਮੰਡੀ ਹੈ ਪੰਥ ਫ਼ਰੋਸ਼ੋਂ ਕੀ, ਯਹਾਂ ਅਕਾਲੀ ਲੀਡਰ ਬਿਕਤੇ ਹੈਂ। ਗ਼ਰ ਯਕਮੁਸ਼ਤ ਨਾ ਲੇਨਾ ਚਾਹੋ ਤੋ, ਕਿਸ਼ਤੋਂ ਪਰ ਭੀ ਮਿਲਤੇ ਹੈਂ।
ਅਕਾਲੀ ਦਲ ਕੋਲ ਕੋਈ ਜੁਆਬ ਨਹੀਂ ਹੈ ਕਿ “ਸੜਕਾਂ ‘ਤੇ ਅੱਗ ਤੁਰੀ ਜਾਂਦੀ ਐ” ਗਉਣ ਵਾਲੇ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਸੀ। ਉਂਝ ਕਹਿੰਦੇ ਹਨ ਕਿ ਸਾਡੀ ਪਾਰਟੀ ਸ਼ਹੀਦਾਂ ਦੀ ਜੱਥੇਬੰਦੀ ਹੈ। ਅਕਾਲੀ ਦਲ ਪਿਛਲੇ 75 ਸਾਲਾਂ ਤੋਂ ਕਾਂਗਰਸ ਨੂੰ ਆਪਣਾ ਰਵਾਇਤੀ ਦੁਸ਼ਮਣ ਪ੍ਰਚਾਰ ਕੇ ਵੋਟਾਂ ਬਟੋਰਦਾ ਰਿਹਾ ਹੈ। ਕੀ ਅਕਾਲੀ ਦਲ ਦੱਸ ਸਕਦਾ ਹੈ ਕਿ ਹੁਣ ਇਸ ਦੀ ਕੀ ਮਜ਼ਬੂਰੀ ਹੈ ਪੱਕੇ ਕਾਂਗਰਸੀ ਨੂੰ ਰਾਤੋ ਰਾਤ ਅਕਾਲੀ ਦਲ ਦਾ ਵਫ਼ਾਦਾਰ ਬਣਾ ਦਿੱਤਾ। ਸਾਡੇ ਮੁਲਕ ਵਿਚ ਕਹਿਣ ਨੂੰ ਲੋਕ ਰਾਜ ਹੈ ਪਰ ਹੇਠਲੇ ਪੱਧਰ ਤੋਂ ਲੈ ਕੇ ਉੱਚ ਪੱਧਰ ਤਕ ਕਿਤੇ ਵੀ ਲੋਕ ਰਾਜ ਦਾ ਕਿਣਕਾ ਵੀ ਦਿਖਾਈ ਨਹੀਂ ਦਿੰਦਾ। ਨਿੱਕੀਆਂ ਸੰਸਥਾਵਾਂ ਵਿਚ ਜੇ ਕੋਈ ਇਕ ਵਾਰ ਮੁਖੀਆ ਬਣ ਜਾਂਦਾ ਹੈ ਤਾਂ ਅਗਾਂਹ ਉਹ ਹੋਰ ਕਿਸੇ ਨੂੰ ਵੀ ਅੱਗੇ ਨਹੀਂ ਆਉਣ ਦਿੰਦਾ। ਜਿਹੜਾ ਇਕ ਵਾਰ ਪ੍ਰਧਾਨ ਬਣ ਗਿਆ ਉਹ ਸਾਰੀ ਜ਼ਿੰਦਗੀ ਪ੍ਰਧਾਨਗੀ ਦਾ ਪੱਟਾ ਕਰ ਲੈਂਦਾ ਹੈ। ਰਾਜਨੀਤਿਕ ਪਾਰਟੀਆਂ ਪਰਿਵਾਰ ਭੇਟ ਜਾਂ ਲੀਡਰ ਭੇਟ ਚੜ੍ਹ ਗਈਆਂ ਹਨ। ਪਾਰਟੀਆਂ ਵਿਚ ਨਾ ਮਾਤਰ ਲੋਕ ਰਾਜ ਰਹਿ ਗਿਆ ਹੈ।
ਪੜਚੋਲ ਕੀਤੀ ਜਾਏ ਤਾਂ ਸਮਝ ਆਉਂਦੀ ਹੈ ਕਿ ਦਲ ਬਦਲੀਆਂ ਤਾਂ ਹੁਣ ਰਾਜਸੀ ਪਾਰਟੀਆਂ ਦੇ ਜੀਵਨ ਦਾ ਇਕ ਹਿੱਸਾ ਬਣ ਚੁੱਕਾ ਹੈ। ਦਲ ਬਦਲੀਆਂ ਦੀ ਭੈੜੀ ਖੇਡ ਵਿਚ ਅਨੁਸ਼ਾਸਨ ਤੇ ਸੰਵਿਧਾਨਿਕ ਕਦਰਾਂ ਕੀਮਤਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਦਲ ਬਦਲੀ ਦੇ ਇਤਿਹਾਸ ਵਲ ਝਾਤੀ ਮਾਰਦੇ ਹਾਂ ਤਾਂ ਦਲ ਬਦਲੀ ਕਰਨ ਵਾਲਾ ਦੋ ਤਰਕ ਦਿੰਦਾ ਹੈ ਕਿ ਹੁਣ ਪਾਰਟੀ ਮੈਨੂੰ ਸਨਮਾਨ ਨਹੀਂ ਦਿੰਦੀ ਦੂਜਾ ਹੁਣ ਮੈਂ ਆਪਣੀ ਜ਼ਮੀਰ ਦੀ ਅਵਾਜ਼ ਸੁਣੀ ਹੈ। ਫਿਰ ਦਲ ਬਦਲੀ ਦਾ ਪੂਰਾ ਡਰਾਮਾ ਕੀਤਾ ਜਾਂਦਾ ਹੈ। ਪਹਿਲਾਂ ਹਲਕੇ ਦੇ ਚਾਰ ਪੰਜ ਸੌ ਲੋਕਾਂ ਨੂੰ ਇਕੱਠੇ ਕੀਤਾ ਜਾਂਦਾ ਹੈ ਜਿਹੜੇ ਲੀਡਰ ਦੇ ਖਾਸਮ-ਖਾਸ ਹੁੰਦੇ ਹਨ। ਰੋਣ ਵਾਲਾ ਮੂੰਹ ਬਣਾ ਕਿ ਧੂੰਆਂ ਧਾਰ, ਭਾਸ਼ਨ ਦਿੱਤਾ ਜਾਂਦਾ ਹੈ ਕਿ ਮੇਰਾ ਹੁਣ ਪਾਰਟੀ ਵਿਚ ਦਮ ਘੁੱਟਦਾ ਜਾ ਰਿਹਾ ਸੀ। ਹਲਕੇ ਦੇ ਵਿਕਾਸ ਲਈ ਮੈਂ ਪਾਰਟੀ ਬਦਲ ਰਿਹਾ ਹਾਂ। ਅੱਗੇ ਬੈਠੈ ਜਨ ਸਧਾਰਨ ਲੋਕ ਅਵਾਜ਼ ਦਿੰਦੇ ਹਨ—“ਪਾਰਟੀ ਬਦਲਣ ਵਾਲਿਆ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ”। ਜੇ ਨੇਤਾ ਵੱਡਾ ਹੁੰਦਾ ਹੈ ਤਾਂ ਦੂਜੀ ਪਾਰਟੀ ਦੇ ਮੋਹਤਬਰ ਉਸ ਦੇ ਘਰ ਜਾਂਦੇ ਹਨ ਜੇ ਸਧਾਰਨ ਜੇਹਾ ਹੋਵੇ ਤਾਂ ਉਸ ਨੂੰ ਪਾਰਟੀ ਦਫਤਰ ਸੱਦ ਕਿ ਗਲ ਵਿਚ ਪਾਰਟੀ ਦੇ ਨਿਸ਼ਾਨ ਵਾਲੀ ਲੀਰ ਪਾ ਦਿੱਤੀ ਜਾਂਦੀ ਹੈ। ਏਦਾਂ ਵੀ ਕਿਹਾ ਜਾ ਸਕਦਾ ਹੈ ਕਿ ਪਾਰਟੀ ਬਦਲਣ ਦਾ ਪੱਕਾ ਪੱਟਾ ਗਲ਼ ਪਾ ਦਿੱਤਾ ਜਾਂਦਾ ਹੈ। ਪ੍ਰੈਸ ਵਿਚ ਬਿਆਨ ਦਿੱਤਾ ਜਾਂਦਾ ਹੈ, ਜਿਸ ਪਾਰਟੀ ਵਿਚ ਮੈਂ ਸ਼ਾਮਿਲ ਹੋਇਆ ਹਾਂ ਇਹ ਦੁੱਧ ਧੋਤੀ ਨਹੀਂ, ਸਗੋਂ ਰੋਜ਼ ਸਵੇਰੇ ਉੱਠ ਕੇ ਦੁੱਧ ਵਿਚ ਨਹਾਉਂਦੀ ਹੈ।
ਦਲ ਬਦਲੂਆਂ ਦਾ ਇਤਿਹਾਸ ਇਕ ਅਜਿਹਾ ਸਮਾਂ ਸੀ ਜਦੋਂ ਅੰਗਰੇਜ਼ਾਂ ਵਾਂਗ ਭਾਰਤ ਵਿਚ ਕਾਂਗਰਸ ਦਾ ਵੀ ਸੂਰਜ ਨਹੀਂ ਡੁਬਦਾ ਸੀ। ਮੁਲਕ ਨੂੰ ਅਜੇ ਅਜ਼ਾਦ ਹੋਇਆ ਦਸ ਸਾਲ ਹੀ ਹੋਏ ਸਨ ਜਦੋਂ ਕਾਂਗਰਸ ਵਲੋਂ ਦਲ ਬਦਲੂਆਂ ਦਾ ਯੁੱਗ ਆਰੰਭ ਕੀਤਾ ਗਿਆ। 1957 ਤੋਂ ਲੈ ਕੇ 1967 ਦਰਮਿਆਨ 419 ਵਿਧਾਇਕ ਕਾਂਗਰਸ ਵਿਚ ਸ਼ਾਮਿਲ ਹੋਏ। ਦਲ ਬਦਲੀ ਦੀ ਸ਼ੁਰੂਆਤ ਕਾਂਗਰਸ ਵਲੋਂ ਕੀਤੀ ਗਈ ਸੀ ਤਾਂ ਅੱਜ ਸਭ ਤੋਂ ਵੱਧ ਖ਼ਮਿਆਜ਼ਾ ਕਾਂਗਰਸ ਹੀ ਭੁਗਤ ਰਹੀ ਹੈ। 7 ਮਾਰਚ 1978 ਨੂੰ ਬਸੰਤ ਦਾਦਾ ਪਾਟਿਲ ਦੀ ਅਗਵਾਈ ਵਿਚ ਸਰਕਾਰ ਬਣੀ ਤੇ 18 ਜੁਲਾਈ 1978 ਨੂੰ ਸ਼ਰਦ ਪਵਾਰ ਪਾਟਿਲ ਦੀ ਸਰਕਾਰ ਦੇ ਦੁਪਹਿਰ ਤੱਕ ਗੀਤ ਗਾਉਂਦੇ ਰਹੇ ਤੇ ਸ਼ਾਮ ਪੈਂਦਿਆਂ ਬਗਾਵਤ ਕਰਕੇ ਆਪ ਮੁੱਖ ਮੰਤ੍ਰੀ ਬਣ ਗਏ। ਹਰਿਆਣੇ ਦੇ ਭਜਨ ਲਾਲ ਨੇ ਕਾਂਗਰਸ ਵਜੋਂ ਸਿਆਸਤ ਸ਼ੁਰੂ ਕੀਤੀ ਤੇ 1977 ਵਿਚ ਸ਼ਾਮਿਲ ਹੋ ਕੇ ਦੇਵੀ ਲਾਲ ਦੇ ਮੰਤ੍ਰੀ ਮੰਡਲ ਵਿਚ ਸ਼ਾਮਿਲ ਹੋ ਗਿਆ। ਹਨੇਰ ਸਾਂਈ ਦਾ 1980 ਵਿਚ ਇੰਦਰਾ ਗਾਂਧੀ ਦੀ ਕੇਂਦਰ ਵਿਚ ਵਾਪਸੀ ਹੋਈ ਤਾਂ ਸਭ ਤੋਂ ਪਹਿਲਾਂ ਭਜਨ ਲਾਲ ਪੂਰੇ ਮੰਤ੍ਰੀ ਮੰਡਲ ਸਮੇਤ ਕਾਂਗਰਸ ਵਿਚ ਸ਼ਾਮਿਲ ਹੋ ਗਿਆ। ਰਾਜ ਸੱਤਾ ਦੀ ਸਭ ਤੋਂ ਵੱਡੀ ਭੁੱਖ ਨਜ਼ਰ ਆਉਂਦੀ ਹੈ। ਹਰਿਆਣੇ ਦੇ ਇਕ ਐਮ. ਐਲ. ਏੇ. ਨੇ 15 ਦਿਨ ਵਿਚ ਚਾਰ ਵਾਰ ਪਾਰਟੀ ਬਦਲ ਕੇ ਕੀਰਤੀਮਾਨ ਸਥਾਪਿਤ ਕੀਤਾ। ਐਸੇ ਲੀਡਰ ਨੂੰ 21 ਤੋਪਾਂ ਦੀ ਸਲਾਮੀ ਦੇਣੀ ਚਾਹੀਦੀ ਹੈ। ਕਾਂਗਰਸ ਪਾਰਟੀ ਦੀ ਜਦੋਂ ਤੂਤੀ ਬੋਲਦੀ ਸੀ ਤਾਂ 1967 ਤੋਂ ਲੈ ਕੇ 1973 ਤੱਕ ਇਸ ਨੇ ਕਈ ਵਾਰ ਸੂਬਾ ਸਰਕਾਰਾਂ ਡੇਗੀਆਂ ਜਾਂ ਡਿੱਗੀਆਂ ਪਈਆਂ। 1960 ਵਿਚ ਕਾਂਗਰਸ ਨੇ ਦਲ ਬਦਲੀਆਂ ਨੂੰ ਪੂਰੀ ਹਵਾ ਦਿੱਤੀ ਜਿਸ ਦਾ ਸਿਖਰ ਅੱਜ ਦੇਖਿਆ ਜਾ ਸਕਦਾ ਹੈ।
ਕਾਂਗਰਸ ਨੇ ਪੰਜਾਬ ਵਿਚ ਵੀ ਸਰਕਾਰਾਂ ਤੋੜਨ ਦਾ ਰਿਕਾਰਡ ਬਣਾਇਆ। 1962 ਅਤੇ 1966 ਵਿਚ ਅਕਾਲੀ ਦਲ ਅਤੇ ਅਜ਼ਾਦ ਵਿਧਾਇਕ ਪੁੱਟ ਕੇ ਸਰਕਾਰਾਂ ਤੋੜੀਆਂ। ਹਰਿਆਣੇ ਵਿਚ ਭਜਨ ਲਾਲ, ਪੰਜਾਬ ਵਿਚ ਜਸਟਿਸ ਗੁਰਨਾਮ ਸਿੰਘ ਤੇ ਲਛਮਣ ਸਿੰਘ ਗਿੱਲ ਦੀਆਂ ਸਰਕਾਰਾਂ ਤੋੜ ਕੇ ਨਵਾਂ ਮੀਲ ਪੱਥਰ ਗੱਡਿਆ। ਇਤਿਹਾਸ ਵਿਚ ਸਦਾ ਅੰਕਤ ਰਹੇਗਾ ਕਿ 1967 ਵਿਚ ਲਛਮਣ ਸਿੰਘ ਗਿੱਲ ਅਤੇ ਹੋਰ 16 ਵਿਧਾਇਕਾਂ ਦੀ ਦਲ ਬਦਲੀ ਕਰਾ ਕੇ ਗੁਰਨਾਮ ਸਿੰਘ ਦੀ ਸਰਕਾਰ ਤੋੜੀ ਗਈ। ਅਜਿਹੇ ਘਟਨਾ ਕਰਮ ਨੂੰ ਲਾਹਨਤ ਵੀ ਕਿਹਾ ਜਾਏ ਤਾਂ ਕੋਈ ਮਾੜੀ ਗੱਲ ਨਹੀਂ ਹੈ। 1967 ਤੇ 1971 ਵਿਚ ਜਸਟਿਸ ਗੁਰਨਾਮ ਸਿੰਘ ਦੀ ਦੋ ਵਾਰ ਸਰਕਾਰ ਤੋੜੀ। ਇਸ ਸਮੇਂ ਦਰਮਿਆਨ ਪ੍ਰਕਾਸ਼ ਸ਼ਿੰਘ ਬਾਦਲ ਦੀ ਸਰਕਾਰ ਬਣੀ ਤੇ ਕੁਝ ਮਹੀਨਿਆਂ ਵਿਚ ਹੀ ਤੋੜ ਦਿੱਤੀ ਗਈ। ਸਿਆਸਤਦਾਨਾਂ ਨੇ ਹਮੇਸ਼ਾਂ ਕਾਨੂੰਨ ਏਦਾਂ ਦੇ ਬਣਾਏ ਹਨ ਕਿ ਹਰ ਕਾਨੂੰਨ ਉਨ੍ਹਾਂ ਦੇ ਹੱਕ ਵਿਚ ਭੁਗਤਦਾ ਨਜ਼ਰ ਆਉਂਦਾ ਹੈ। ਦਲ ਬਦਲੀ ਰੋਕਣ ਲਈ 1985 ਨੂੰ ਸੰਵਿਧਾਨ ਦੀ 52 ਵੀਂ ਸੋਧ ਕਰਕੇ ਕਾਨੂੰਨ ਬਣਾਇਆ ਗਿਆ। ਇਸ ਕਾਨੂੰਨ ਤਹਿਤ ਜੇ ਕੋਈ ਵਿਧਾਇਕ ਵਿੱਪ ਜਾਰੀ ਹੋਣ ਦੇ ਉਲਟ ਵੋਟ ਪਾਉਂਦਾ ਹੈ ਤਾਂ ਉਸ ਦੀ ਮੈਂਬਰਸ਼ਿੱਪ ਖਤਮ ਕੀਤੀ ਜਾ ਸਕਦੀ ਹੈ। ਕਾਨੂੰਨ ਤਾਂ ਜ਼ਰੂਰ ਬਣਿਆ ਪਰ ਇਕ ਮਦ ਇਹ ਵੀ ਰੱਖ ਲਈ ਕਿ ਜੇਕਰ ਦੋ ਤਿਹਾਈ ਜਾਂ ਇਸ ਤੋਂ ਵੱਧ ਸਾਂਸਦ ਜਾਂ ਵਿਧਾਇਕਾਂ ਦਾ ਸਮੂਹ ਕਿਸੇ ਦੂਜੀ ਪਾਰਟੀ ਵਿਚ ਜਾਣਾ ਚਾਹੁੰਣ ਤਾਂ ਉਹ ਜਾ ਸਕਦੇ ਹਨ। ਫਿਰ ਦਲ ਬਦਲੀ ਕਾਨੂੰਨ ਲਾਗੂ ਨਹੀਂ ਹੁੰਦਾ। ਇਕ ਬਰੀਕੀ ਹੋਰ ਵੀ ਰੱਖੀ ਗਈ ਹੈ ਕਿ ਕਿਸ ਵਿਧਾਇਕ ਤੇ ਕਾਨੂੰਨ ਲਾਗੂ ਹੋਏਗਾ ਜਾਂ ਨਹੀਂ ਹੋਏਗਾ ਇਹ ਸਪੀਕਰ ‘ਤੇ ਛੱਡਿਆ ਗਿਆ ਹੈ। ਦਲ ਬਦਲੀ ਕਾਨੂੰਨ ਹੋਣ ਦੇ ਬਾਵਜੂਦ ਵੀ ਨੇਤਾਜਨ ਆਪਣੇ ਹੱਕ ਵਿਚ ਭਗਤਾਉਣ ਲਈ ਕਾਨੂੰਨ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਰਹਿੰਦੇ ਹਨ।
ਪਿਛਲੇ ਪੰਜ ਸਾਲਾਂ ਵਿਚ ਸਾਂਸਦਾਂ ਅਤੇ ਵਿਧਾਇਕਾਂ ਨੇ ਜਿਹੜਾ ਸਿਆਸੀ ਤੋੜ ਵਿਛੋੜਾ ਕੀਤਾ, ਦੁਬਾਰਾ ਚੋਣ ਲੜੀ, ਇਸ ਸਬੰਧੀ ਇਕ ਵਿਸ਼ੇਸ਼ ਰਿਪੋਰਟ ਛਪੀ ਜਿਸ ਅਨੁਸਾਰ 443 ਸਾਂਸਦਾਂ ਤੇ ਵਿਧਾਇਕਾਂ ਨੇ ਦਲ ਬਦਲੀ ਕਾਨੂੰਨ ਤੋੜਿਆ। 170 ਵਿਚੋਂ 42 ਫੀਸਦੀ ਨੇ ਕਾਂਗਰਸ ਛੱਡੀ ਤੇ ਦੂਜੀਆਂ ਪਾਰਟੀਆਂ ਵਿਚ ਸ਼ਾਮਿਲ ਹੋਏ। ਵਰਤਮਾਨ ਸਮੇਂ ਵਿਚ ਭਾਜਪਾ ਨੇ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਜਮ੍ਹਾਂ ਕਰਨ ਲਈ ਪਿਛਲੇ ਸਾਰੇ ਰਿਕਾਰਡ ਤੋੜੇ ਹਨ। ਭਾਜਪਾ ਪਾਰਟੀ ਕਾਂਗਰਸ ਵਲੋਂ ਦੋ ਪੈਰ ਅਗਾਂਹ ਪੁਟਦਿਆਂ ਜਿਹੜੇ ਮਰਜ਼ੀ ਲੀਡਰ ਨੂੰ ਈ. ਡੀ. ਦਾ ਡਰਾਵਾ ਦੇ ਕੇ ਆਪਣੇ ਖੇਮੇ ਵਿਚ ਕਰ ਰਹੀ ਹੈ। ਅਜੇਹੇ ਡਰ ਨਾਲ ਸਾਰੀਆਂ ਪਾਰਟੀਆਂ ਦੇ ਉੱਚ ਨੇਤਾ ਆਪਣੀਆਂ ਜਮਾਂਦਰੂ ਪਾਰਟੀਆਂ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਰਹੇ ਹਨ। ਇਹ ਯਕੀਨਨ ਹੈ ਕਿ ਜ਼ਿੰਮੇਵਾਰ ਆਗੂਆਂ ਵਲੋਂ ਪਾਰਟੀ ਛੱਡਣ ਨਾਲ ਪਾਰਟੀ ਧੁਰ ਅੰਦਰ ਤੱਕ ਹਿੱਲ ਜਾਂਦੀ ਹੈ। ਪਿੱਛਲੇ ਪੰਜ ਸਾਲਾਂ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਕਾਂਗਰਸ ਪਾਰਟੀ ਦਾ ਪਿਛਲਾ ਰਿਕਾਰਡ ਤੋੜਦਿਆਂ ਦਲ ਬਦਲੀ ਨੂੰ ਪੂਰੇ ਜ਼ੋਰ ਸ਼ੋਰ ਨਾਲ ਉਤਸ਼ਾਹਤ ਕੀਤਾ ਗਿਆ। ਮੱਧ ਪ੍ਰਦੇਸ, ਮਣੀਪੁਰ, ਅਰੁਣਾਚਲ ਪ੍ਰਦੇਸ਼, ਪਾਂਡੀਚਿਰੀ ਅਤੇ ਕਰਨਾਟਕਾ ਵਿਚ ਪੁਰਾਣੀਆਂ ਸਰਕਾਰਾਂ ਟੁੱਟ ਗਈਆਂ ਜਾਂ ਤੋੜ ਦਿੱਤੀਆਂ ਗਈਆਂ। 43 ਫੀਸਦੀ ਸਾਂਸਦਾਂ ਵਿਰੁੱਧ ਅਦਾਲਤਾਂ ਵਿਚ ਅਪਰਾਧਿਕ ਮਾਮਲੇ ਚਲਦੇ ਹੋਣ ਤਾਂ ਕੀ ਓਥੋਂ ਨੈਤਿਕਤਾ ਦੀ ਆਸ ਰੱਖੀ ਜਾ ਸਕਦੀ ਹੈ?
ਸਾਰੀਆਂ ਹੀ ਪਾਰਟੀਆਂ ਵਿਚੋਂ ਲੋਕ ਤੰਤਰ ਮਰ ਚੁੱਕਿਆ ਹੈ। ਪਾਰਟੀਆਂ ਕੇਵਲ ਇਕ ਆਗੂ ਜਾਂ ਇੱਕ ਪਰਿਵਾਰ ਦੀ ਭੇਟ ਚੜ੍ਹ ਚੁੱਕੀਆਂ ਹਨ। ਜੇ 2014 ਤੋਂ ਦਲ ਬਦਲੀ ਦਾ ਰੁਝਾਨ ਦੇਖਿਆ ਜਾਏ ਤਾਂ ਕਾਂਗਰਸ ਦੇ 50 ਤੋਂ ਵੀ ਜ਼ਿਆਦਾ ਸਿਰ ਕੱਢ ਨੇਤਾ, 15 ਮੁੱਖ ਮੰਤ੍ਰੀ, ਐਨੇ ਹੀ ਕੇਂਦਰੀ ਮੰਤ੍ਰੀ ਆਲ ਇੰਡੀਆਂ ਕਾਂਗਰਸ ਕਮੇਟੀ ਦੇ ਆਲ੍ਹਾ ਮੈਂਬਰ ਜਾਂ ਅਹੁਦੇਦਾਰ ਵੱਖ ਵੱਖ ਪਾਰਟੀਆਂ ਵਿਚ ਚਲੇ ਗਏ ਜਾਂ ਵੱਖਰੇ ਹੋ ਕੇ ਪਾਰਟੀ ਬਣਾ ਲਈ। ਐਸ. ਐਮ. ਕ੍ਰਿਸ਼ਨਨ, ਗੁਲਾਮ ਨਬੀ ਅਜ਼ਾਦ ਕੈਪਟਨ ਅਮਰਿੰਦਰ ਸਿੰਘ, ਨਰਾਇਣ ਦੱਤ ਤਿਵਾੜੀ, ਅਸ਼ੋਕ ਚੌਹਾਨ, ਕਿਰਣ ਰੈਡੀ, ਵਿਜੈ ਬਹੁਗੁਣਾ, ਨਰਾਇਣ ਰਾਏ, ਮੁਕੁਲ ਸੰਗਮਾ, ਪ੍ਰਨੀਤ ਕੌਰ ਅਤੇ ਹੋਰ ਨਾਮੀ ਨੇਤਾਵਾਂ ਨੇ ਕਾਂਗਰਸ ਨੂੰ ਅੰਗੂਠਾ ਦਿਖਾ ਕੇ ਦੂਜੀਆਂ ਪਾਰਟੀਆਂ ਦਾ ਪਟਾ ਗਲ ਪਵਾ ਲਿਆ ਹੈ। ਹੈਰਾਨਗੀ ਦੇਖੋ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਪਿਛਲੇ ਕਈ ਸਾਲ ਤੋਂ ਕਾਂਗਰਸ ਪਾਰਟੀ ਵਿਚ ਤੁਰਿਆ ਆ ਰਿਹਾ ਹੈ। ਗੁਰਬੰਤਾ ਸਿੰਘ ਦਾ ਚੌਧਰੀ ਪਰਿਵਾਰ, ਧੁਰੰਤਰ ਕਾਂਗਰਸੀ ਨੇਤਾ ਬਲਰਾਮ ਜਾਖੜ ਦਾ ਪੁੱਤਰ ਸੁਨੀਲ ਜਾਖੜ ਸੂਬਾ ਪ੍ਰਧਾਨ ਵੀ ਰਿਹਾ ਹੈ, ਬੇਅੰਤ ਸਿੰਘ ਦਾ ਪੋਤਰਾ ਰਵਨੀਤ ਸਿੰਘ ਬਿੱਟੂ ਜਿਸ ਨੂੰ ਰਾਹੁਲ ਗਾਂਧੀ ਦਾ ਥਾਪੜਾ ਰਿਹਾ ਹੋਵੇ, ਛੋਟੀ ਉਮਰ ਵਿਚ ਐਮ. ਪੀ. ਭਰਾ ਸਿੱਧਾ ਡੀ ਐਸ ਪੀ ਭਰਤੀ ਹੋਇਆ ਹੋਵੇ ਉਹ ਵੀ ਕਾਂਗਰਸ ਛੱਡ ਗਏ। ਰਵਨੀਤ ਬਿੱਟੂ ਦਾ ਕਾਂਗਰਸ ਛੱਡ ਜਾਣਾ ਇਤਿਹਾਸ ਵਿਚ ਸਭ ਤੋਂ ਵੱਧ ਕਲੰਕਤ ਕਰਮ ਗਿਣਿਆ ਜਾਏਗਾ। ਹਾਲਾਂ ਕਿ ਰਵਨੀਤ ਬਿੱਟੂ ਦੇ ਕਾਂਗਰਸ ਵਿਚ ਅੱਗੇ ਵੱਧਣ ਦੇ ਬਹੁਤ ਮੌਕੇ ਸਨ।
ਦਲ ਬਦਲੀਆਂ ਨਾਲ ਪਾਰਟੀਆਂ ਦਾ ਢਾਂਚਾ ਤਹਿਸ਼ ਨਹਿਸ਼ ਹੁੰਦਾ ਹੈ ਪਰ ਏਥੇ ਇਕ ਇਹ ਵੀ ਪਹਿਲੂ ਵਿਚਾਰਨ ਵਾਲਾ ਹੈ ਕਿ ਪਾਰਟੀਆਂ ਦੇ ਨਿਸ਼ਕਾਮ ਸੇਵਕ ਜਿਹੜੇ ਵਰਿ੍ਹਆਂ ਬੱਧੀ ਪਾਰਟੀ ਲਈ ਕੰਮ ਕਰਦੇ ਹੋਣ ਉਨ੍ਹਾਂ ਦੀ ਕੋਈ ਸਾਰ ਨਾ ਲਏ, ਹੱਕ ਮਾਰਿਆ ਜਾਏ ਜਾਂ ਜ਼ਲੀਲ ਕੀਤਾ ਜਾਏ ਉਹ ਪਾਰਟੀ ਛੱਡਣ ਲਈ ਮਜ਼ਬੂਰ ਹੋ ਜਾਂਦਾ ਹੈ। ਹਾਂ ਜੇ ਪਾਰਟੀ ਮੈਰਿਟ ਦੇ ਅਧਾਰਿਤ ਫੈਸਲੇ ਲਵੇ ਤਾਂ ਪਾਰਟੀ ਦਾ ਨੁਕਸਾਨ ਨਹੀਂ ਹੋ ਸਕਦਾ। 1947 ਵਿੱਚ ਪੰਜਾਬ ਤੇ ਬੰਗਾਲ ਦੀ ਗੈਰ-ਕੁਦਰਤੀ ਵੰਡ ਹੋਈ ਹੈ। ਸਿਤਮ ਸ਼ਰੀਫੀ ਦੀ ਗੱਲ ਦੇਖੋ ਬੰਗਾਲ ਦੀਆਂ ਚੋਣਾਂ ਵਿਚ ਆਪਣਾ ਅਕਾਰ ਵੱਡਾ ਕਰਨ ਲਈ ਭਾਜਪਾ ਨੇ ਥੋਕ ਰੂਪ ਵਿਚ ਦਲ ਬਦਲੀ ਕਰਾਈ ਤੇ ਹੁਣ ਲੋਕ ਸਭਾ ਚੋਣਾਂ ਵਿਚ ਸਭ ਤੋਂ ਵੱਧ ਦਲ ਬਦਲੀ ਦੀ ਅੱਗ ਪੰਜਾਬ ਵਿਚ ਬਾਲੀ ਗਈ ਹੈ।
ਸ੍ਰ: ਗੁਰਮੀਤ ਸਿੰਘ ਪਲਾਹੀ ਲਿਖਦੇ ਹਨ ਕਿ “ਸਭ ਤੋਂ ਵੱਧ ਸੋਚਣ ਵਾਲੀ ਗੱਲ ਹੈ ਕਿ ਵੱਖ ਵੱਖ ਸਿੱਖ ਚਿਹਰੇ, ਬੁੱਧੀਜੀਵੀ, ਹਰੇਕ ਪਾਰਟੀ ਦੇ ਉਹ ਰੱਜੇ ਪੁੱਜੇ ਨੇਤਾ ਜਿਹੜੇ ਆਪੋ ਆਪਣੀ ਪਾਰਟੀ ਵਿਚ ਟਿਕਟ ਨਹੀਂ ਲੈ ਸਕੇ, ਉਹ ਭਾਜਪਾ ਦਾ ਖਾਜਾ ਬਣ ਗਏ ਹਨ”। ਅਸਲ ਵਿਚ ਭਾਜਪਾ ਆਪਣੇ ਵੋਟ ਬੈਂਕ ਵਿਚ ਵਾਧਾ ਕਰਨ ਲੱਗੀ ਹੋਈ ਹੈ। ਮਹਿਸੂਸ ਹੁੰਦਾ ਹੈ ਕਿ ਭਾਜਪਾ ਇਸ ਸਾਰੇ ਵਰਤਾਰੇ ਵਿਚ ਹਿੰਦੂਤਵੀ ਫਲਸਫੇ ਨੂੰ ਮਜ਼ਬੂਤ ਕਰਨ ਲਈ ਸਾਰਾ ਬ੍ਰਿਤਾਂਤ ਸਿਰਜ ਰਹੀ ਹੈ। ਦਲ ਬਦਲੀ ਦੀ ਬਿਮਾਰੀ ਨੇ ਸਮੁੱਚੇ ਦੇਸ਼ ਦੀ ਸਿਆਸਤ ਨੂੰ ਪ੍ਰਭਾਵਤ ਕੀਤਾ ਹੈ। ਅਜੇਹੇ ਕਰਮ ਨਾਲ ਮੁਲਕ ਵਿਕਾਸ ਵਲ ਨਹੀਂ ਵੱਧੇਗਾ ਸਗੋਂ ਮਨਮਾਨੀਆਂ ਕਰਨ ਵਲ ਵੱਧੇਗਾ ਜੋ ਚਿੰਤਾ ਦਾ ਵਿਸ਼ਾ ਹੈ। ਇਹ ਵੀ ਮੰਨਿਆ ਜਾ ਸਕਦਾ ਹੈ ਕਿ ਜਦੋਂ ਤੱਕ ਮੈਗਜ਼ੀਨ ਪਾਠਕਾਂ ਦੇ ਹੱਥਾਂ ਵਿਚ ਪਹੁੰਚ ਰਿਹਾ ਹੋਵੇਗਾ ਓਦੋਂ ਤਕ ਲੋਕ ਦਲ ਬਦਲੀ ਵਾਲਿਆਂ ਨੂੰ ਸਬਕ ਸਿਖਾ ਚੁੱਕੇ ਹੋਣਗੇ। ਜੇ ਅਜੇਹਾ ਨਹੀਂ ਹੁੰਦਾ ਲੋਕ ਆਪ ਹਲਾਲ ਹੋ ਕੇ ਬਰਿਆਨੀ ਬਣਨ ਲਈ ਤਿਆਰ ਰਹਿਣ। ਦਲ ਬਦਲੀ ਦੇਸ਼ ਵਿਚ ਅਸਿਰਥਤਾ ਪੈਦਾ ਕਰੇਗਾ। ਮਜ਼ਬੂਤ ਵਿਰੋਧੀ ਧਿਰ ਖਤਮ ਹੋ ਜਾਏਗੀ। ਦੇਸ਼ ਹਿੰਦੂਤਵ ਦੇ ਏਜੰਡੇ ਵਲ ਨੂੰ ਵਧੇਗਾ। 2024 ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੇ ਤਮਾਮ ਨੇਤਾ ਪੰਜਾਬ ਦੀਆਂ ਬੁਨਿਆਦੀ ਮੰਗਾਂ ਵਲੋਂ ਪੂਰੀ ਤਰ੍ਹਾਂ ਮੂੰਹ ਮੋੜ ਗਏ ਹਨ। ਰਵਾਇਤੀ ਪਾਰਟੀਆਂ ਆਪੋ ਆਪਣੀ ਹੋਂਦ ਬਚਾਉਣ ਵਿਚ ਲੱਗੀਆਂ ਰਹੀਆਂ ਸਨ। ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਮੈਨੀਫੈਸਟੋ ਵਿਚ ਮੁਫਤ ਦੀਆਂ ਸਹੂਲਤਾਂ ਦੀ ਹੀ ਗੱਲ ਕੀਤੀ ਗਈ ਹੈ। ਬੁਨਿਆਦੀ ਮੁੱਦਿਆਂ ਵਲੋਂ ਪਾਸਾ ਵਟਿਆ ਹੈ।
ਕਰਜ਼ਾ ਚੁੱਕ ਕੇ ਮੁਫਤ ਦੀਆਂ ਸਹੂਲਤਾਂ ਦਾ ਵਾਅਦਾ ਕਰਨ ਦੀ ਥਾਂ ‘ਤੇ ਪੰਜਾਬ ਦੀਆਂ ਹਕੀਕੀ ਮੰਗਾਂ ਮੰਗਣ ‘ਤੇ ਜ਼ੋਰ ਦੇਣਾ ਚਾਹੀਦਾ ਸੀ। ਅਕਾਲੀਆਂ ਨੂੰ ਚੋਣਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਦਾ ਵੀ ਚੇਤਾ ਆ ਜਾਂਦਾ ਹੈ। ਪਾਠਕ ਆਪ ਵੇਖ ਲੈਣ ਕਿ ਕਿਹੜੀ ਪਾਰਟੀ ਨੇ ਪੰਜਾਬ ਦਾ ਕੋਈ ਰੋਡ ਮੈਪ ਦਿੱਤਾ ਹੈ। ਕਿਸੇ ਵੀ ਪਾਰਟੀ ਨੇ ਬਾਰਡਰ ਸੂਬਾ ਹੋਣ ਨਾਤੇ ਪਾਕਿਸਤਾਨ ਨਾਲ ਵਪਾਰ ਖੋਲ੍ਹਣ ਦੀ ਗੱਲ ਨਹੀਂ ਕੀਤੀ। ਜਿੱਤਣ ਵਾਲੇ ਜਿੱਤ ਕੇ ਤੁਰ ਗਏ, ਕਿਸੇ ਨਾ ਪੂਛ ਫੜਾਈ। ਕੁਰਸੀ ਉੱਤੇ ਬੈਠਦਿਆਂ ਹੀ, ਐਸੀ ਕਲਮ ਚਲਾਈ। ਸਾਡਾ ਸਿਰ ਤੇ ਸਾਡੀ ਜੁੱਤੀ, ਫੜ ਸਾਡੀ ਰੇਲ ਬਣਾਈ। ਜਦੋਂ ਵੀ ਮੰਗੇ ਹੱਕ ਆਪਣੇ, ਇਨ੍ਹਾਂ ਡਾਂਗ ਵਰ੍ਹਾਈ। ਭੈਣੀ ਵਾਲੇ ਮਾਨ ਨੇ ਯਾਰੋ, ਸੱਚੀ ਗੱਲ ਸੁਣਾਈ। ਲੀਡਰਾਂ ਪਿੱਛੇ ਕਾਹਨੂੰ ਲੋਕੋ, ਲੈਂਦੇ ਮੁੱਲ ਲੜਾਈ। (ਅਵਤਾਰ ਸਿੰਘ ਮਾਨ)