ਇਸ ਦੀ ਕਾਰਜ ਕਾਰਨੀ ਦੇ ਗਿਆਰਾਂ ਮੈਂਬਰ ਤੇ ਇੱਕ ਸੰਘ ਦਾ ਮੁੱਖੀਆ ਮੁੱਖ ਤੋਰ ਤੇ ਕੰਮ ਕਰਦੇ ਹਨ। ਭਾਰਤ ਤੋਂ ਇਲਾਵਾ ਬਾਹਰਲੇ ਮੁਲਕਾਂ ਵਿੱਚ ਵੀ ਇਸ ਨੇ ਆਪਣੇ ਪੱਕੇ ਤਰੀਕੇ ਨਾਲ ਪੈਰ ਜਮਾਏ ਹੋਏ ਹਨ।
ਆਰ ਐਸ ਐਸ ਦੀਆਂ ਹੋਰ ਜੱਥੇਬੰਦੀਆਂ ਹਿੰਦੂਤਵ ਦੇ ਉਦੇਸ਼ ‘ਤੇ ਕੰਮ ਕਰ ਰਹੀਆਂ ਹਨ।
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਭਾਰਤੀ ਮਜ਼ਦੂਰ ਸੰਘ, ਭਾਰਤੀ ਵਿਕਾਸ਼ ਪ੍ਰੀਸ਼ਦ, ਵਿਸ਼ਵ ਹਿੰਦੂ ਪ੍ਰੀਸ਼ਦ, ਵਿਸ਼ਵ ਵਿਭਾਗ, ਅਖਿਲ ਭਾਰਤੀ ਸਾਹਿਤ ਪ੍ਰੀਸ਼ਦ, ਰਾਸ਼ਟਰੀ ਸਿੱਖ ਸੰਗਤ, ਭਾਰਤੀ ਸਿੱਖਿਆ ਮੰਡਲ, ਅਖਿਲ ਭਾਰਤੀ ਗ੍ਰਾਹਕ ਪੰਚਾਇਤ, ਅਖਿਲ ਭਾਰਤੀ ਸਿੱਖਿਆ ਸੰਸਥਾ, ਅਖਿਲ ਭਾਰਤੀ ਵਨਵਾਸੀ ਕਲਿਆਣ ਆਸ਼ਰਮ, ਸਹਿਕਾਰ ਭਾਰਤੀ, ਭਾਰਤੀ ਕਿਸਾਨ ਸੰਘ, ਜਨ ਸੰਘ, ਸੇਵਾ ਭਾਰਤੀ ਅਤੇ ਤਤਸਮ, ਸੰਸਕਾਰ ਭਾਰਤੀ, ਸਵਦੇਸੀ ਜਾਗਰਣ ਮੰਚ, ਵਿਗਿਆਨ ਭਾਰਤੀ, ਸੰਸਕ੍ਰਿਤ ਭਾਰਤੀ, ਪੂਰਵ ਸੈਨਿਕ ਸੇਵਾ ਪ੍ਰੀਸ਼ਦ, ਹਿੰਦੂ ਜਾਗਰਣ ਮੰਚ ਅਤੇ ਬਹੁਤ ਸਾਰੇ ਸੰਘ ਹਿੰਦੂਤਵ ਦੇ ਉਦੇਸ਼ ‘ਤੇ ਕੰਮ ਕਰ ਰਹੇ ਹਨ।
ਆਰ ਐਸ ਐਸ ਆਪਣੇ ਉਦੇਸ਼ ਦੀ ਪੂਰਤੀ ਲਈ ਵੱਖ ਵੱਖ ਸ਼ਹਿਰਾਂ ਵਿੱਚ ਵਿਧੀਪੂਰਵਕ ਕੈਂਪ ਲਗਾਉਂਦੀ ਹੈ। ਇਹਨਾਂ ਕੈਂਪਾਂ ਵਿੱਚ ਬਹੁਤ ਸਾਰੇ ਭੋਲੇ-ਭਾਲ਼ੇ ਵਿਦਿਆਰਥੀ ਵੀ ਸ਼ਾਮਲ ਹੁੰਦੇ ਹਨ। ਇਹਨਾਂ ਕੈਂਪਾਂ ਵਿੱਚ ਹਿੰਦੂਤਵ, ਕੱਟੜਤਾ, ਲਾਠੀ ਚਲਾਉਣੀ ਜਾਂ ਹੋਰ ਹਥਿਆਰ ਚਲਾਉਣ ਦੀ ਥੋੜ ਚਿਰੀ ਸਿੱਖਿਆ ਦਿੱਤੀ ਜਾਂਦੀ ਹੈ। ਏਸੇ ਨੀਤੀ ਤਹਿਤ ਪੰਜਾਬ ਵਿੱਚ ਵੀ ਆਰ ਐਸ ਐਸ ਵਲੋਂ ੧ ਜੂਨ ਤੋਂ ੨੦ ਜੂਨ ੧੯੯੪ ਵਿੱਚ ਪਠਾਨਕੋਟ ਦੇ ਆਦਰਸ਼ ਭਾਰਤੀ ਕਾਲਜ ਵਿੱਚ ਕੈਂਪ ਲੱਗਿਆ। ਇਸ ਕੈਂਪ ਦਾ ਆਗੂ ਬ੍ਰਿਜ ਭੂਸ਼ਨ ਸਿੰਘ ਬੇਦੀ ਸੀ। ਏਸੇ ਕਾਲਜ ਦਾ ਪ੍ਰਿੰਸੀਪਲ ਇਸ ਕੈਂਪ ਦਾ ਸਕੱਤਰ ਸੀ। ੪੧੬ ਦੇ ਕਰੀਬ ਹਿੰਦੂ ਅਤੇ ਹੋਰ ਵੀ ਵਿਦਿਆਰਥੀ ਸ਼ਾਮਲ ਹੋਏ ਸਨ। ਇਹਨਾਂ ਵਿਦਿਆਰਥੀਆਂ ਵਿੱਚ ਹਿੰਦੂਤਵ ਦੀ ਕੱਟੜਤਾ ਭਰਨ ਲਈ ਸੌ ਦੇ ਕਰੀਬ ਅਧਿਆਪਕਾਂ ਨੇ ਕੰਮ ਕੀਤਾ।
ਆਰ.ਐਸ.ਐਸ. ਵਲੋਂ ਪੰਜਾਬ ਵਿਚ ਆਪਣੀ ਸ਼ਾਖ ਲਗਾਉਣ ਲਈ ਤੇ ਸਿੱਖਾਂ ਨੂੰ ਆਪਣੇ ਪ੍ਰਭਾਵ ਹੇਠ ਲਿਆਉਣ ਲਈ ਨਵੀਂ ਜਥੇਬੰਦੀ ਕਾਇਮ ਕਰਦਿਆਂ ੩੧ ਅਕਤੁਬਰ ੧੯੯੭ ਨੂੰ ਬਣਾਈ ਜਿਸ ਵਿਚ ਚਿੰਰਜੀਵ ਸਿੰਹੁ ਦੀ ਅਗਵਾਈ ਹੇਠ ਫਤਹਿਗੜ੍ਹ ਚੂੜੀਆਂ ਸ਼ਹਿਰ ਵਿੱਚ ਇੱਕ ਵੱਡੀ ਪੱਧਰ ’ਤੇ ਸਮਾਗਮ ਹੋਇਆ। ਇਸ ਸਮਾਗਮ ਦੀ ਪ੍ਰਾਧਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਨੇ ਕੀਤੀ। ਇੰਜ ਹੀ ਗੁਰੂ ਦੀਕਸ਼ਾ ਸਮਾਗਮ ਬਠਿੰਡੇ ਵਿੱਚ ਹੋਇਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਚੋਣਵੇਂ ਮੈਂਬਰ ਸ਼ਾਮਿਲ ਹੋਏ ਸਨ। ਇਸ ਸਮਾਗਮ ਵਿੱਚ ਕੁੱਝ ਮੁੱਦਿਆਂ ‘ਤੇ ਖੁਲ੍ਹ ਕੇ ਵਿਚਾਰਾਂ ਹੋਈਆਂ ਕਿ ਘੱਟ ਗਿਣਤੀ ਵਾਲੀਆਂ ਕੌਮਾਂ ਨੂੰ ਹੋਰ ਕਿਹੜੇ ਸੌਖੇ ਤਰੀਕੇ ਨਾਲ ਭਗਵੇਂ ਰੰਗ ਵਿੱਚ ਰੰਗਿਆ ਜਾ ਸਕਦਾ ਹੈ। ਉਨ੍ਹਾਂ ਵਿਚਾਰਾਂ ਦਾ ਤੱਤਸਾਰ ਹੇਠਾਂ ਅੰਕਤ ਹੈ–
ਹਿੰਦੂ ਧਰਮ ਹੀ ਸਭ ਤੋਂ ਪੁਰਾਤਨ ਧਰਮ ਅਤੇ ਸਰਬ ਉਤਮ ਧਰਮ ਹੈ।
ਹਿੰਦੂ ਧਰਮ ਦੀ ਸਥਾਪਨਾ ਲਈ ਭਾਰਤੀ ਸੰਵਿਧਾਨ ਨੂੰ ਸੋਧਣਾ ਜ਼ਰੂਰੀ ਹੈ।
ਦੇਸ਼ ਦੀ ਸਿਆਸਤ ਉਪਰ ਹਿੰਦੂ ਧਰਮ ਹੀ ਕਾਬਜ਼ ਹੋਏ।
ਕੇਸਰੀ (ਭਗਵਾ) ਝੰਡਾ ਹੀ ਸਰਬ ਉਚਤਾ ਦਾ ਚਿੰਨ੍ਹ ਹੈ।
ਗਊ ਨੂੰ ਰਾਸ਼ਟਰੀ ਪਸ਼ੂ ਐਲਾਨਿਆ ਜਾਏ।
ਹਾਈਕੋਰਟ ਵਿੱਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਜਾਣ।
ਭਾਰਤੀ ਇਤਿਹਾਸ ਨੂੰ ਹਿੰਦੂ-ਸੰਸਕ੍ਰਿਤੀ ਅਨੁਸਾਰ ਲਿਖਿਆ ਜਾਏ।
ਦੂਸਰੇ ਧਰਮ ਆਪਣੇ ਆਪ ਨੂੰ ਹਿੰਦੂ ਧਰਮ ਦਾ ਅੰਗ ਕਬੂਲਣ।
ਹਿੰਦੂ ਤਿਉਹਾਰਾਂ (ਦਿਵਾਲੀ, ਦੁਸਹਿਰਾ, ਜਨਮ ਅਸਟਮੀ, ਰਾਮ ਨੌਮੀ) ਨੂੰ ਰਾਸ਼ਟਰੀ ਤਿਉਹਾਰ ਐਲਾਨਿਆ ਜਾਏ।
ਸੰਸਕ੍ਰਿਤ ਭਾਸ਼ਾ ਨੂੰ ਸਕੂਲਾਂ ਵਿੱਚ ਲਾਜ਼ਮੀ ਕਰਾਰ ਦਿੱਤਾ ਜਾਏ।
ਕਾਮਰੇਡਾਂ, ਤਰਕਸ਼ੀਲਾਂ ਨੂੰ ਹਿੰਦੂ ਰਾਸ਼ਟਰ ਵਿੱਚ ਕੋਈ ਜਗ੍ਹਾ ਨਹੀਂ ਹੈ।
ਡਾ. ਸੁਖਪ੍ਰੀਤ ਸਿੰਘ ਓਦੋਕੇ “ਤਬੈ ਰੋਸ ਜਾਗਿਓ” ਪੁਸਤਕ ਵਿੱਚ ਲਿਖਦੇ ਹਨ ਕਿ ਉਸ ਦਿਨ ਕੌਮ ਲਈ ਇੱਕ ਕਾਲ਼ੇ ਅਧਿਆਏ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਅਕਾਲ ਤਖਤ ਦੇ ਉਸ ਸਮੇਂ ਦੇ ਮੌਜੂਦਾ ਜੱਥੇਦਾਰ ਪੂਰਨ ਸਿੰਘ ਨੇ ਰਣਜੀਤ ਐਵੇਨਿਉ ਅੰਮ੍ਰਿਤਸਰ ਦੇ ਮਾਧਵ ਵਿਦਿਆ ਨਿਕੇਤਨ ਸਕੂਲ ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦਿਆਂ ਇਹ ਕਿਹਾ ਕਿ ਸਿੱਖ ਕੌਮ ਲਵ ਕੁਸ਼ ਦੀ ਔਲਾਦ ਹੈ।
ਸ਼੍ਰੋਮਣੀ ਅਕਾਲੀ ਦਲ ਵਲੋਂ ਗੁੱਝਾ ਤੇ ਪ੍ਰਤੱਖ ਸਮਰਥਣ ਦੇਣਾ
ਸ਼ਹੀਦਾਂ ਦੀ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਸੁਆਰਥੀ ਨੇਤਾਵਾਂ ਨੇ ਇਹ ਸਮਝ ਲਿਆ ਕਿ ਜੇ ਅਸੀਂ ਪੰਜਾਬ ਵਿੱਚ ਰਾਜ ਕਾਇਮ ਕਰਨਾ ਹੈ ਤਾਂ ਅੰਦਰ ਖਾਤੇ ਸਿੱਖ ਸਿਧਾਂਤ ਦੀ ਵਿਰੋਧਤਾ ਕਰਨ ਵਾਲੀ ਜੱਥੇਬੰਦੀ ਜਨ ਸੰਘ ਨਾਲ ਸਮਝੋਤਾ ਕੀਤਾ ਜਾਏ, ਹਿੰਦੂ ਰੰਗ ਵਿੱਚ ਰੰਗੀ ਜੱਥੇਬੰਦੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਗੈਰ ਇਖ਼ਲਾਕੀ ਤੇ ਗੈਰ ਕੁਦਰਤੀ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਇਸ ਗਠਜੋੜ ਸਮਝੌਤੇ ਨੇ ਸਿੱਖ ਸਿਧਾਂਤ ਨਾਲ ਖਿਲਵਾੜ ਕੀਤਾ ਹੈ। ਸ਼ਾਇਦ ਅਕਾਲੀ ਦਲ ਨੇ ਆਪਣੇ ਆਪ ਨੂੰ ਕਮਜ਼ੋਰ ਸਮਝ ਲਿਆ ਕਿ ਜਨਸੰਘ ਦੇ ਸਮਝੌਤੇ ਤੋਂ ਬਿਨਾਂ ਅਸੀਂ ਰਾਜ ਭਾਗ ਦੇ ਮਾਲਕ ਨਹੀਂ ਬਣ ਸਕਦੇ। ਸੱਤਾ ਦੇ ਲਾਲਚ ਵਿੱਚ ਆ ਕੇ ਸਾਡੇ ਮੌਜੂਦਾ ਸਿੱਖ ਨੇਤਾਵਾਂ ਨੇ ਸਿੱਖ ਸਿਧਾਂਤ ‘ਤੇ ਪੋਚਾ ਫੇਰਦਿਆਂ ਪੰਜਾਬੀ ਪਾਰਟੀ ਬਣਾ ਕੇ ਰਾਸ਼ਟਰੀ ਸਿੱਖ ਸੰਗਤ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨੀ ਸ਼ੁਰੂ ਕਰ ਦਿੱਤੀ। ੧੬ ਨਵੰਬਰ ੧੯੯੭ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸੰਘ ਵਲੋਂ ਮਨਾਈ ਜਾ ਰਹੀ ਸਵਰਨ ਜੈਯੰਤੀ ‘ਤੇ ਹਾਜ਼ਰੀ ਭਰੀ।
ਸੰਘ ਦੀਆਂ ਪ੍ਰਕਾਸ਼ਨਾਵਾਂ ਦੇ ਵਿਸਥਾਰ ਵਿੱਚ ਜਾਂਦਿਆਂ ਇੱਕ ਵੱਡਅਕਾਰੀ ਲੇਖ ਬਣ ਜਾਣਾ ਹੈ ਸੰਖੇਪ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਇਹਨਾਂ ਪ੍ਰਕਾਸ਼ਨਾਵਾਂ ਵਿੱਚ ਸਿੱਖਾਂ ਦੀ ਨਿਆਰੀ ਹਸਤੀ ਨੂੰ ਹਿੰਦੂ ਮਿਥਿਹਾਸ ਨਾਲ ਜੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਘੱਟ ਗਿਣਤੀ ਕੌਮਾਂ ਨੂੰ ਆਪਣੇ ਵਿੱਚ ਹਜ਼ਮ ਕਰਨ ਲਈ ਵਿਸ਼ੇਸ਼ ਤੌਰ ‘ਤੇ ਉਹਨਾਂ ਵਿਚੋਂ ਹੀ ਜੱਥੇਬੰਦੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਅਜਿਹੀਆਂ ਜੱਥੇਬੰਦੀਆਂ ਦੇਖਣ ਨੂੰ ਤਾਂ ਵੱਖਰੀਆਂ ਲਗਦੀਆਂ ਹਨ ਪਰ ਕਰਮ ਸਾਰੇ ਬਿਪਰਵਾਦੀ ਹੀ ਹੁੰਦੇ ਹਨ।
ਰਾਸ਼ਟਰੀ ਸਿੱਖ ਸੰਗਤ- ੨੨ ਨਵੰਬਰ ੧੯੮੬ ਨੂੰ ਰਾਸ਼ਟਰੀ ਸਿੱਖ ਸੰਗਤ ਦੀ ਅੰਮ੍ਰਿਤਸਰ ਵਿਖੇ ਸਥਾਪਨਾ ਹੋਈ ਸੀ ਤੇ ਇਸ ਦਾ ਪਹਿਲਾ ਪ੍ਰਧਾਨ ਸ਼ਮਸ਼ੇਰ ਸਿੰਹੁ ਸੀ। ਇਸ ਜੱਥੇਬੰਦੀ ਦਾ ਮੁੱਖ ਉਦੇਸ਼ ਹੌਲ਼ੀ ਹੌਲ਼ੀ ਸਿੱਖੀ ਜਜ਼ਬੇ ਨੂੰ ਹਿੰਦੂ ਪ੍ਰੰਪਰਾ ਅਨੁਸਾਰ ਢਾਲਣਾ ਹੈ। ਇਹ ਜੱਥੇਬੰਦੀ ਬਾਹਰੋਂ ਸਿੱਖੀ ਸਰੂਪ ਵਿੱਚ ਦਿਸਦੀ ਹੈ ਪਰ ਅੰਦਰੂਨੀ ਤੌਰ ਤੇ ਸਿੱਖ ਇਤਿਹਾਸ ਅਤੇ ਗੁਰਬਾਣੀ ਵਿਚਾਰ ਨੂੰ ਵੇਦਾਂ ਪੁਰਾਣਾਂ ਦੀ ਲੀਹ ‘ਤੇ ਪੇਸ਼ ਕਰਨਾ ਚਾਹੁੰਦੀ ਹੈ। ਇਹ ਜੱਥੇਬੰਦੀ ਉਹਨਾਂ ਗ੍ਰੰਥਾਂ ਨੂੰ ਸਭ ਤੋਂ ਵੱਧ ਤਰਜੀਹ ਦੇਂਦੀ ਹੈ ਜਿਨ੍ਹਾਂ ਵਿੱਚ ਹਿੰਦੂ ਮਿਥਿਹਾਸ ਅਨੁਸਾਰ ਸਿੱਖੀ ਸਿਧਾਂਤ ਦੀ ਵਿਆਖਿਆ ਹੁੰਦੀ ਹੈ। ਮੋਟੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਇਹ ਜੱਥੇਬੰਦੀ ਸਿੱਖੀ ਦਾ ਪੂਰੀ ਤਰ੍ਹਾਂ ਭਗਵਾਕਰਨ ਵਿੱਚ ਲੱਗੀ ਹੋਈ ਹੈ ਤੇ ਸਿੱਖ ਸਿਧਾਂਤ ਨੂੰ ਹਿੰਦੂ ਵਿਚਾਰਧਾਰਾ ਅਧੀਨ ਲਿਆਉਣ ਲਈ ਗੁੱਝੇ ਰੂਪ ਵਿੱਚ ਕੰਮ ਕਰ ਰਹੀ ਹੈ। ਇਹ ਜੱਥੇਬੰਦੀ ਤਥਾਂ ਨੂੰ ਤੋੜਨ ਮਰੋੜਨ ਵਿੱਚ ਲੱਗੀ ਹੋਈ ਹੈ—ਜੇਹਾ ਕਿ ਸਿੱਖ ਹਿੰਦੂ ਧਰਮ ਦੀ ਇਕਾਈ ਹਨ—ਹਿੰਦੂ ਕਲਪ ਬ੍ਰਿਛ ਹੈ ਤੇ ਖਾਲਸਾ ਉਸ ਦਾ ਅੰਮ੍ਰਿਤ ਫਲ਼ ਹੈ—ਗੁਰਬਾਣੀ ਐਸਾ ਗਿਆਨ ਹੈ ਜਿਹੜਾ ਗੰਗੋਤਰੀ ਵਿਚੋਂ ਨਿਕਲਦਾ ਹੈ—ਜਪੁਜੀ ਗੀਤਾ ਦਾ ਸਾਰ ਹੈ—ਖਾਲਸਾ ਪੰਥ ਦੀ ਸਥਾਪਨਾ ਹਿੰਦੂ ਧਰਮ ਦੀ ਰੱਖਿਆ ਲਈ ਹੋਈ ਹੈ—ਬਾਬਾ ਬੰਦਾ ਸਿੰਘ ਬਹਾਦਰ ਬੈਰਾਗੀ ਸੀ—ਗੁਰੂ ਗੋਬਿੰਦ ਸਿੰਘ ਜੀ ਦੇਵੀ ਪੂਜਕ ਸਨ—ਸਿੱਖ ਲਵ ਕੁਸ਼ ਦੀ ਸੰਤਾਨ ਹਨ—ਭਾਈ ਮਤੀ ਦਾਸ ਜੀ ਨੂੰ ਹਿੰਦੂ ਸਾਬਤ ਕਰਨ ਲਈ ‘ਸ਼ਰਮ’ ਲਿਖਣਾ ਆਦਿ ਹੋਰ ਬਹੁਤ ਸਾਰੀਆਂ ਵਿਚਾਰਾਂ ਹਨ ਜਿਹੜੀਆਂ ਸਿੱਖ ਸਿਧਾਂਤ ਨੂੰ ਬ੍ਰਾਹਮਣੀ ਸੋਚ ਵਿੱਚ ਦਿਨ ਦਿਹਾੜੇ ਡੋਬਦੀਆਂ ਹਨ। ਇਹਨਾਂ ਦੀ ਸੋਚ ਹੈ ਕਿ ਸਿੱਖ ਬਾਹਰੋਂ ਸਿੱਖੀ ਸਰੂਪ ਵਾਲੇ ਬੇਸ਼ੱਕ ਦਿਸਦੇ ਰਹਿਣ ਪਰ ਇਹਨਾਂ ਦੇ ਸਾਰੇ ਸੰਸਕਾਰ ਬਿਪਰਵਾਦੀ ਹੋਣੇ ਚਾਹੀਦੇ ਹਨ। ਰਾਸ਼ਟਰੀ ਸਿੱਖ ਸੰਗਤ ਦੇ ਕਾਰਕੁੰਨ ਸਿੱਖੀ ਪਹਿਰਾਵੇ ਵਿੱਚ ਹਰੇਕ ਜਗ੍ਹਾਂ ਘੁਸਪੈਠ ਕਰ ਚੁੱਕੇ ਹਨ ਜਿਹੜੇ ‘ਨਾਮ’ ਦੇ ਦੈਵੀ ਸਰੂਪ ਨੂੰ ਸਮਝਣ ਦੀ ਥਾਂ ‘ਤੇ ਰੱਟੇ ਲਗਵਾ ਰਹੇ ਹਨ। ਗੁਰਬਾਣੀ ਦੀ ਵਿਚਾਰ ਨੂੰ ਸਮਝਣ ਦੀ ਥਾਂ ‘ਤੇ ਸੰਪਟ ਪਾਠ ਨੂੰ ਤਰਜੀਹ ਦੇ ਰਹੇ ਹਨ। ਗੁਰਦੁਆਰਿਆਂ ਵਿੱਚ ਯੋਗਾ ਕਰਾਉਣ ਦੀਆਂ ਜਮਾਤਾਂ ਲਗਣੀਆਂ ਆਦਿ ਸਾਰਾ ਕੁੱਝ ਸਿੱਖੀ ਦਾ ਭਗਵਾਂਕਰਨ ਲਈ ਹੀ ਕੀਤਾ ਜਾ ਰਿਹਾ ਹੈ।
ਸਾਨੂੰ ਕੀ ਕਰਨਾ ਚਾਹੀਦਾ ਹੈ- ਸਿੱਖ ਸਿਧਾਂਤ ਜਿਹੜਾ ਮਨੁੱਖੀ ਭਾਈਚਾਰੇ ਨੂੰ ਕਰਮਕਾਂਡੀ ਬੰਧਨਾਂ ਤੋਂ ਮੁਕਤੀ ਦਿਵਾਉਦਾ ਹੈ ਉਸ ਫਲਸਫੇ ਨੂੰ ਗੁਰਬਾਣੀ ਦੁਆਰਾ ਸਮਝਣ ਦਾ ਯਤਨ ਕੀਤਾ ਜਾਏ। ਉਹ ਹਰ ਪ੍ਰੰਪਰਾ ਰੱਦ ਹੋਣੀ ਚਾਹੀਦੀ ਹੈ ਜਿਹੜੀ ਸਮਾਜਿਕ ਬੁਰਾਈਆਂ ਤੇ ਧਾਰਮਿਕ ਕਰਮਕਾਂਡ ਨੂੰ ਜਨਮ ਦੇਂਦੀ ਹੈ।
ਸਿੱਖ ਨੇਤਾਵਾਂ ਦੀ ਵੱਡੀ ਤਰਾਸਦੀ ਹੈ ਕਿ ਇਹ ਵੋਟਾਂ ਦੇ ਲਾਲਚ ਵੱਸ ਹੋ ਕੇ ਸਿੱਖ ਸਿਧਾਂਤ ਨਾਲ ਸਮਝੌਤਾ ਕਰ ਚੁੱਕੇ ਹਨ। ਵੋਟਾਂ ਦੀ ਪ੍ਰਾਪਤੀ ਲਈ ਇਹ ਨੇਤਾ ਕਿਸੇ ਹੱਦ ਤੱਕ ਵੀ ਚਲੇ ਜਾਂਦੇ ਹਨ। ਸਿੱਖ ਜ਼ਜ਼ਬਾਤ ਭੜਕਾਉਂਦਿਆਂ ਸੰਵਿਧਾਨ ਦੀ ੨੫ ਧਾਰਾ ਸਾੜਨ ਲਈ ਪੂਰੀ ਤਿਆਰੀ ਕਰਦੇ ਹਨ ਕਿ ਇਹ ਮਦ ਸਿੱਖਾਂ ਨੂੰ ਹਿੰਦੂ ਸਾਬਤ ਕਰਦੀ ਹੈ। ਸਾਡਾ ਮੱਤ ਹੈ ਕਿ ਸੰਵਿਧਾਨ ਦੀ ਅਜੇਹੀ ਧਾਰਾ ਖਤਮ ਹੋਣੀ ਚਾਹੀਦੀ ਹੈ ਜਿਹੜੀ ਘੱਟ ਗਿਣਤੀ ਕੌਮਾਂ ਦੇ ਹੱਕਾਂ ਨੂੰ ਹੜੱਪਦੀ ਹੋਵੇ। ਪਰ ਕੀ ਕੌਮ ਦੇ ਨੇਤਾ, ਜੱਥੇਦਾਰ, ਸਿੱਖ ਸਾਹਿਤਕਾਰ, ਸਿੰਘ ਸਾਹਿਬਾਨ, ਗ੍ਰੰਥੀ, ਰਾਗੀ-ਢਾਡੀ-ਪ੍ਰਚਾਰਕ ਅਤੇ ਹੋਰ ਬੁੱਧੀਜੀਵੀਏ ਇਸ ਪਾਸੇ ਧਿਆਨ ਕਦੋਂ ਦਿਵਾਉਣਗੇ? ਜਿਵੇਂ ਕਿ ੨੫ ਧਾਰਾ ਤਾਂ ਅਸੀਂ ਸਾੜ ਲਈ ਹੈ ਪਰ ਕੀ ਅਨਮਤੀ ਗ੍ਰੰਥਾਂ ਦੀ ਜਿਹੜੀ ਵਿਆਖਿਆ ਗੁਰਦੁਆਰਿਆਂ ਵਿੱਚ ਹੋ ਰਹੀ ਹੈ, ਉਸ ਨੂੰ ਅਸੀਂ ਕਦੋਂ ਬੰਦ ਕਰਾਂਗੇ? ਸੰਵਿਧਾਨ ਦੀ ਧਾਰਾ ੨੫ ਸਾੜਨੀ ਸਿੱਖ ਕੌਮ ਦੇ ਧਾਰਮਿਕ ਤੇ ਰਾਜਨੀਤਕ ਆਗੂਆਂ ਦੇ ਦੋਹਰੇ ਕਿਰਦਾਰ ਦੀ ਝਲਕ ਪੇਸ਼ ਕਰਦੀ ਹੈ। ਧਾਰਾ ੨੫ ਇਸ ਲਈ ਸਾੜੀ ਜਾ ਰਹੀ ਹੈ ਕਿ ਕੇਵਲ ਅਸੀਂ ਹੀ ਸਿੱਖ ਕੌਮ ਦੇ ਸਿਧਾਂਤ ਦੀ ਰਾਖੀ ਕਰ ਰਹੇ ਹਾਂ ਤੇ ਆਮ ਸਿੱਖਾਂ ਦੀ ਹਮਦਰਦੀ ਲਈ ਜਾ ਰਹੀ ਹੈ। ਦੂਜੇ ਪਾਸੇ ਇਤਿਹਾਸਕ ਤੇ ਲੋਕਲ ਗੁਰਦੁਆਰਿਆਂ ਵਿੱਚ ਇਹਨਾਂ ਆਗੂਆਂ ਦੇ ਨੱਕ ਹੇਠ ਸਾਰਾ ਉਹ ਕੁੱਝ ਸੁਣਾਇਆ ਤੇ ਵੇਚਿਆ ਜਾ ਰਿਹਾ ਹੈ ਜਿਹੜਾ ਆਪਣੇ ਆਪ ਹੀ ਭਗਵੇ ਰੰਗ ਵਿੱਚ ਡੋਬ ਰਿਹਾ ਹੈ। ਅਜੇ ਤੱਕ ਸਾਡੀ ਨੁਮਾਇੰਦਾ ਜਮਾਤ ਸਿਧਾਂਤਕ ਵਿਆਖਿਆ ਪ੍ਰਣਾਲੀ ਹੀ ਨਹੀਂ ਦੇ ਸਕੀ। ਆਰ ਐਸ ਐਸ ਦਾ ਪਿੱਟ ਸਿਆਪਾ ਤਾਂ ਅਸੀਂ ਬਹੁਤ ਕਰ ਰਹੇ ਹਾਂ ਪਰ ਸਿੱਖ ਸਿਧਾਂਤ ਨੂੰ ਸਮਝਣ ਸਮਝਾਉਣ ਦਾ ਯੋਗ ਉਪਰਾਲਾ ਕਦੋਂ ਕਰਾਂਗੇ?
ਬਚਿੱਤ੍ਰ ਨਾਟਕ ਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤਾ ਜਾ ਰਿਹਾ ਹੈ। ਪਰ ਸਿੱਖਾਂ ਦੇ ਧਾਰਮਕ ਤੇ ਰਾਜਨੀਤਕ ਆਗੂ ਮੂਕ ਦਰਸ਼ਕ ਬਣ ਕੇ ਦੇਖ ਰਹੇ ਹਨ। ਸਿੱਖੀ ਵਿੱਚ ਹਿੰਦੁਤਵ ਲਿਆਉਣ ਲਈ ਇਕੱਲਾ ਗੁਰਪ੍ਰਤਾਪ ਸੂਰਜ ਗ੍ਰੰਥ ਹੀ ਬਹੁਤ ਹੈ ਜਿਸ ਦੀ ਹਰੇਕ ਗੁਰਦੁਆਰੇ ਵਿੱਚ ਕਥਾ ਹੋ ਰਹੀ ਹੈ। ਕੌਮ ਵਾਸਤੇ ਹੈਰਾਨਗੀ ਹੈ ਕਿ ਭਗਤ ਮਾਲਾ ਦੀਆਂ ਕਥਾਵਾਂ ਹੋ ਰਹੀਆਂ ਹਨ ਜਿਹੜੀਆਂ ਸਿੱਧੀਆਂ ਸਿੱਧੀਆਂ ਹੀ ਗੁਰੂ ਸਾਹਿਬਾਨ ਦੇ ਜੀਵਨ ਨੂੰ ਭਗਵਾ ਕਰਕੇ ਪੇਸ਼ ਕਰਦੀਆਂ ਹਨ ਤੇ ਆਮ ਉਹੀ ਪ੍ਰੰਪਰਾਗਤ ਇਤਿਹਾਸ ਸੁਣਾਇਆ ਜਾ ਰਿਹਾ ਹੈ। ਗੁਰੂਆਂ ਦੇ ਜੀਵਨ ਨੂੰ ਦੇਵਤਿਆਂ ਦੇ ਅਵਤਾਰ ਦੱਸਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਸੰਵਿਧਾਨ ਦੀ ੨੫ ਧਾਰਾ ਸਾੜਨ ਦਾ ਡਰਾਮਾ ਵੀ ਪੂਰਾ ਕੀਤਾ ਜਾ ਰਿਹਾ ਹੈ। ਹੈ ਨਾ ਜੱਗ੍ਹੋਂ ਤੇਰ੍ਹਵੀਂ–
ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕੇਵਲ ਆਪਣਿਆਂ ਨੂੰ ਨੌਕਰੀਆਂ ਦੇਣ ਲਈ ਨਹੀਂ ਬਣੀ ਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੂੰ ਝੂਟੇ ਦੇਣ ਲਈ ਬਣੀ ਹੈ। ਇਸ ਦਾ ਕਾਰਜ ਸੀ ਕਿ ਸਿੱਖੀ ਦੇ ਆਲਮੀ ਫਲਸਫੇ ਨੂੰ ਦੁਨੀਆਂ ਤੱਕ ਪਹੁੰਚਾਉਂਦੀ। ਇਹ ਵਿਚਾਰੇ ਤਾਂ ਨਾਨਕਸ਼ਾਹੀ ਕੈਲੰਡਰ ਦਾ ਨਾਂ ਲੈਣ ਲਈ ਵੀ ਤਿਆਰ ਨਹੀਂ ਹਨ ਕਿ ਕਿਤੇ ਕੋਈ ਕੁਰਹਿਤ ਨਾ ਹੋ ਜਾਏ, ਕਿਤੇ ਰਾਸ਼ਟਰੀ ਸੰਗਤ ਨਾ ਨਰਾਜ਼ ਹੋ ਜਾਏ। ਬਿਪਰ ਨੂੰ ਖੁਸ਼ ਕਰਨ ਲਈ ਅਸਾਂ ਨਾਨਕਸ਼ਾਹੀ ਕੈਲੰਡਰ ਦਾ ਦਿਨ ਦੀਵੀਂ ਕਤਲ ਕਰਨ ਤੋਂ ਭੋਰਾ ਸੰਕੋਚ ਨਹੀਂ ਕੀਤਾ। ਮੁੱਕਦੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਪੰਥਕ ਹਿਤੈਸ਼ੀ ਜੱਥੇਬੰਦੀਆਂ ਨੂੰ ਉਹ ਸਭ ਮਾਨਤਾਵਾਂ, ਪ੍ਰੰਪਰਾਵਾਂ, ਤਿਉਹਾਰ, ਰੀਤੀ ਰਿਵਾਜ ਇਕਵੱਢਿਓਂ ਰੱਦ ਕਰ ਦੇਣੇ ਚਾਹੀਦੇ ਹਨ ਜਿਹੜੇ ਸਾਨੂੰ ਭਗਵਾਕਰਨ ਦੇ ਖਾਰੇ ਸਮੁੰਦਰ ਵਿੱਚ ਡੋਬਦੇ ਹਨ। ਆਓ ਗੁਰੂ ਸਾਹਿਬਾਨ ਵਲੋਂ ਮਨੁੱਖਤਾ ਲਈ ਕੀਤੇ ਪਰਉਪਕਾਰ ਤੇ ਆਲਮੀ ਫਲਸਫੇ ਨਾਲ ਪਿਆਰ ਕਰੀਏ ਭਗਵਾਂਕਰਨ ਤੇ ਨਾਨਕਈ ਫਲਸਫੇ ਦੇ ਫਰਕ ਨੂੰ ਸਮਝਣ ਦਾ ਯਤਨ ਕਰੀਏ।