ਗੁਰਮਤਿ ਗਿਆਨ ਮਿਸ਼ਨਰੀ ਕਾਲਜ
Gurmat Gian Missionary College

ਪ੍ਰਿੰ. ਗੁਰਬਚਨ ਸਿੰਘ ਪੰਨਵਾਂ # 99155-29725

ਜੂਨ ਅਤੇ ਨਵੰਬਰ 1984 ਦੀਆਂ ਦਿੱਲ ਕੰਬਾਊ ਘਟਨਾਵਾਂ

ਜੂਨ ਤੇ ਨਵੰਬਰ 1984 ਦੇ ਉਹ ਕਹਿਰ ਵਾਲੇ ਮਹੀਨੇ ਹਨ ਜਿਨ੍ਹਾਂ ਪ੍ਰਤੀ ਲਿਖਣ ਲੱਗਿਆਂ ਵੀ ਸੀਨਾ ਫਟਦਾ ਹੈ। ਸਿੱਖ ਕੌਮ ਦਾ ਇਸ ਤੋਂ ਪਹਿਲਾਂ ਵੀ ਕਤਲੇਆਮ ਹੋਇਆ ਹੈ। ਸਭ ਤੋਂ ਪਹਿਲਾਂ 1746 ਨੂੰ ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਛੰਭ ਵਿੱਚ ਹੋਇਆ ਜਿਸ ਵਿਚ 10000 ਦੇ ਕਰੀਬ ਸਿੰਘ ਸ਼ਹੀਦ ਹੋਏ। ਦੂਜਾ 1762 ਨੂੰ ਕੁੱਪ ਰਹੀੜੇ (ਮਲੇਰ ਕੋਟਲਾ) ਦੇ ਨੇੜੇ ਵੱਡਾ ਘੱਲੂਘਾਰਾ ਹੋਇਆ ਜਿਸ ਵਿਚ 30000 ਦੇ ਕਰੀਬ ਸਿੰਘ ਸਿੰਘਣੀਆਂ ਸ਼ਹੀਦ ਹੋਏ।
ਇਨ੍ਹਾਂ ਘੱਲੂਘਾਰਿਆਂ ‘ਤੇ ਕੋਈ ਗਿਲ੍ਹਾ ਸ਼ਿਕਵਾ ਨਹੀਂ ਸੀ ਕਿਉਂ ਕਿ ਉਹ ਬਾਹਰਲੇ ਹਮਲਾਵਰਾਂ ਨੇ ਕੀਤੇ ਸਨ। ਗੁਰੂ ਨਾਨਕ ਸਾਹਿਬ ਦੀ ਧਰਤੀ ਦੇਸ਼ ਪੰਜਾਬ ਨੂੰ ਅਜ਼ਾਦ ਕਰਾਉਣ ਲਈ ਸ਼ਹਾਦਤਾਂ ਦਾ ਜਾਮ ਪੀਣਾ ਹੀ ਪੈਣਾ ਸੀ। ਤੀਸਰਾ ਘੱਲੂ ਘਾਰਾ 1947 ਨੂੰ ਹੋਇਆ ਜਿਹੜਾ ਭਾਰਤ ਨੂੰ ਅਜ਼ਾਦ ਕਰਾਉਂਦਿਆਂ ਕਰਾਉਂਦਿਆਂ ਦੇਸ਼ ਪੰਜਾਬ ਦੀ ਹੀ ਬਰਬਾਦੀ ਹੋ ਗਈ। ਪੰਜਾਬ ਦੀ ਜ਼ਰਖ਼ੇਜ਼ ਜ਼ਮੀਨ ਮਨੁੱਖੀ ਲਾਸ਼ਾਂ ਨਾਲ ਭਰ ਗਈ। 47 ਦੀ ਬਰਬਾਦੀ ਨੂੰ ਦੋ ਸਤਰਾਂ ਤੋਂ ਵੇਖਿਆ ਜਾ ਸਕਦਾ ਹੈ— ਉੱਠ ਦਰਦ ਮੰਦਾਂ ਦਿਆ ਦਰਦੀਆ! ਉੱਠ ਤਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿੱਛੀਆਂ ਤੇ ਲਹੂ ਦੀ ਭਰੀ ਚਨਾਬ। ਇਸ ਜ਼ਰਖ਼ੇਜ਼ ਜ਼ਮੀਨ ਦੇ ਲੂੰ ਲੂੰ ਫੁੱਟਿਆ ਜ਼ਹਿਰ। ਗਿੱਠ ਗਿੱਠ ਚੜ੍ਹੀਆਂ ਲਾਲੀਆਂ ਫੁੱਟ ਫੁੱਟ ਚੜ੍ਹਿਆ ਕਹਿਰ।
ਦੁੱਖ ਇਸ ਗੱਲ ਦਾ ਹੈ ਕਿ ਅਜ਼ਾਦ ਭਾਰਤ ਵਿਚ ਜੂਨ 1984 ਨੂੰ ਦਿਨ ਦੀਵੀਂ ਆਪਣੀਆਂ ਹੀ ਫੌਜਾਂ ਵਲੋਂ ਸਿੱਖ ਕੌਮ ਦਾ ਕਤਲੇਆਮ ਕੀਤਾ ਗਿਆ। ਸੀਂਚਾ ਥਾ ਜਿਸ ਪੇੜ ਆਪਨਾ ਖੂਨ ਦੇ ਦੇ ਕੇ, ਉਸ ਪੇੜ ਸੇ ਛਾਏ ਸੇ ਆਗ ਬਰਸ ਰਹੀ ਹੈ। ਜੂਨ ਅਤੇ ਨਵੰਬਰ ਦਾ ਉਹ ਕਹਿਰ, ਜ਼ੁਲਮ, ਫਿਰਕਪ੍ਰਸਤੀ ਦਾ ਨੰਗਾ ਨਾਚ ਖੇਡਿਆ ਗਿਆ ਜਿਹੜਾ ਅਜ਼ਾਦ ਭਾਰਤ ‘ਤੇ ਇਕ ਕਲੰਕ ਹੈ। ਇਹ ਨਾ ਭੁੱਲਣ ਯੋਗ ਹੈ ਤੇ ਨਾ ਹੀ ਭੁਲਾਇਆ ਜਾ ਸਕਦਾ ਹੈ। ਇਨ੍ਹਾਂ ਘਟਾਨਵਾਂ ਦਾ ਵੇਰਵਾ ਤਾਂ ਲੰਮੇਰਾ ਹੈ ਪਰ ਸੰਖੇਪ ਵਿਚ ਦਰਜ ਕੀਤਾ ਜਾ ਰਿਹਾ ਹੈ। 1951 ਦੀ ਮਰਦਮਸ਼ੁਮਾਰੀ ਵਿਚ ਲਾਲਾ ਜਗਤ ਨਰਾਇਣ ਵਰਗਿਆਂ ਨੇ ਪੰਜਾਬੀ ਹਿੰਦੂਆਂ ਨੂੰ ਆਪਣੀ ਮਾਤ ਭਾਸ਼ਾ ਹਿੰਦੀ ਲਿਖਾਉਣ ਲਈ ਕਿਹਾ। 10 ਅਕਤੂਬਰ 1947 ਨੂੰ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਸਿੱਖ ਕੌਮ ਜਰਾਇਮ ਪੇਸ਼ਾ ਕੌਮ ਹਨ ਗਸ਼ਤੀ ਪੱਤਰ ਕੱਢਿਆ। 1953 ਨੂੰ ਭਾਰਤ ਸਰਕਾਰ ਨੇ ਰਾਜਾਂ ਦੇ ਪੁਨਰ ਗਠਨ ਲਈ ਹੱਦ ਬੰਦੀ ਕਮਿਸ਼ਨ ਨਿਯੁਕਤ ਕੀਤਾ। ਬੜੀ ਜਦੋ-ਜਹਿਦ ਮਗਰੋਂ ਪੰਜਬੀ ਸੂਬਾ 1 ਨਵੰਬਰ 1966 ਨੂੰ ਹੋਂਦ ਵਿਚ ਆਇਆ ਪਰ ਪੂਰੀ ਤਰ੍ਹਾਂ ਲੰਗੜਾ।
ਮੁੱਦਾ ਰਾਜਾਂ ਨੂੰ ਵੱਧ ਅਧਿਕਾਰਾਂ ਦਾ ਚੱਲਿਆ– 11 ਦਸੰਬਰ 1972 ਨੂੰ ਅਨੰਦਪੁਰ ਦਾ ਨਵਾਂ ਮੈਨੀਫੈਸਟੋ ਵਾਸਤੇ ਨਵੀਂ ਕਮੇਟੀ ਬਣਾਈ। 16-17 1973 ਨੂੰ ਅਨੰਦਪੁਰ ਵਿਖੇ ਜਿਹੜਾ ਮਤਾ ਪਾਸ ਕੀਤਾ ਗਿਆ ਉਸ ਨੂੰ ਅਨੰਦਪੁਰ ਦਾ ਮਤਾ ਕਿਹਾ ਗਿਆ। 1974 ਨੂੰ ਭਾਰਤ ਵਿਚ ਇੰਦਰਾ ਗਾਂਧੀ ਵਿਰੁੱਧ ਵੱਡੀ ਜਦੋਜਹਿਦ ਸ਼ੁਰੂ ਕੀਤੀ ਗਈ। 12 ਜੂਨ 1975 ਨੂੰ ਇੰਦਰਾ ਗਾਂਧੀ ਦੀ ਚੋਣ ਰੱਦ ਕਰ ਦਿੱਤੀ 25 ਜੂਨ 1975 ਨੂੰ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਦਿੱਤੀ। 9 ਜੁਲਾਈ 1975 ਨੂੰ ਅਕਾਲੀ ਦਲ ਨੇ ਮੋਰਚਾ ਲਾ ਦਿੱਤਾ। 21 ਜਨਵਰੀ 1977 ਤਕ ਇਹ ਮੋਰਚਾ ਚੱਲਿਆ। ਜੂਨ 1977 ਨੂੰ ਅਕਾਲੀ ਦਲ ਨੇ ਪੰਜਾਬ ਵਿਚ ਪੂਰਨ ਤੌਰ ‘ਤੇ ਜਿੱਤ ਹਾਸਲ ਕੀਤੀ ਪਰ ਤੀਜਾ ਹਿੱਸਾ ਵਜ਼ੀਰੀਆਂ ਦਾ ਭਾਰਤੀ ਜਨਤਾ ਪਾਰਟੀ ਨੂੰ ਦਿੱਤਾ ਗਿਆ ਜਿੱਥੋਂ ਅਕਾਲੀ ਦਲ ਦੇ ਪੱਤਣ ਦਾ ਮੁੱਢ ਬੱਝਾ। 13 ਅਪ੍ਰੈਲ 1978 ਨੂੰ ਨਿਰੰਕਾਰੀ ਕਾਂਡ ਵਾਪਰਿਆ ਤੇ ਅਕਾਲ਼ੀ ਦਲ ਦੀ ਸਰਕਾਰ ਹੋਣ ਦੇ ਬਾਵਜੂਦ ਇਹ ਨਿਰੰਕਾਰੀਆਂ ਦੇ ਹੱਕ ਵਿਚ ਭੁਗਤੇ।
4 ਜਨਵਰੀ 1980 ਨੂੰ ਕਰਨਾਲ ਅਦਾਲਤ ਦੇ ਗੁਪਤੇ ਜੱਜ ਨੇ ਮੁਜਰਮਾਂ ਨੂੰ ਬਰੀ ਕਰ ਦਿੱਤਾ। ਅਕਾਲੀ ਸਰਕਾਰ ਨੇ ਕੱਖ ਨਹੀਂ ਕੀਤਾ ਜਿਸ ਨਾਲ ਕੌਮ ਵਿਚ ਰੋਸ ਪੈਦਾ ਹੋ ਗਿਆ। 24 ਅਪ੍ਰੈਲ 1980 ਨੂੰ ਨਿਰੰਕਾਰੀ ਮੁਖੀ ਨੂੰ ਭਾਈ ਰਣਜੀਤ ਸਿੰਘ ਤੇ ਭਾਈ ਕਾਬਲ ਸਿੰਘ ਨੇ ਮੌਤ ਦੇ ਘਾਟ ਉਤਾਰ ਦਿੱਤਾ। 11 ਮਈ 1981 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਇਕ ਮਤਾ ਪਾਸ ਕੀਤਾ ਕਿ ਸਿੱਖ ਕੌਮ ਇਕ ਵੱਖਰੀ ਕੌਮ ਹੈ। 24 ਸਤੰਬਰ 1980 ਨੂੰ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇੰਦਰਾ ਗਾਂਧੀ ਨੂੰ ਮਿਲ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤ੍ਰਤਾ ਦਾ ਦਰਜਾ ਦੇਣ ਲਈ ਕਿਹਾ, ਪਰ ਇੰਦ੍ਰਾ ਗਾਂਧੀ ਨੇ ਗੱਲ ਹੀ ਨਹੀਂ ਸੁਣੀ ਸੀ। ਸਿੱਖਾਂ ਨੂੰ ਚਿੜਾਉਣ ਲਈ ਸਾਰੇ ਕਾਂਗਰਸੀ, ਜਨਸੰਘੀ, ਭਾਜਪਾਈ, ਆਰੀਆ ਸਮਾਜੀ, ਰਾਸ਼ਟਰੀ ਸੰਘ ਤੇ ਹੋਰ ਫਿਰਕੂ ਜੱਥੇਬੰਦੀਆਂ ਨੇ ਇਕ ਜਲੂਸ ਕੱਢਿਆ ਜਿਸ ਵਿੱਚ ਤ੍ਰਿਸ਼ੂਲ, ਤਲਵਾਰਾਂ ਬਰਛਿਆਂ ਅਤੇ ਡਾਂਗਾਂ ਉੱਤੇ ਸਿਗਰਟਾਂ ਦੀਆਂ ਡੱਬੀਆਂ ਟੰਗੀਆਂ ਹੋਈਆਂ ਸਨ ਤੇ ਨਾਅਰੇ ਲਗਾ ਰਹੇ ਸਨ— ਸਿਗਰਟ ਬੀੜੀ ਪੀਏਗੇਂ ਔਰ ਸ਼ਾਨ ਸੇ ਜੀਏਂਗੇ। ਕੜਾ ਕੰਘਾ ਕਿਰਪਾਨ, ਸਿੱਖਾਂ ਨੂੰ ਭੇਜੋ ਪਾਕਿਸਤਾਨ। ਊੜੀ ਐੜੀ ਨਹੀਂ ਪੜ੍ਹੇਂਗੇ, ਜੂੜਾ ਜੂੜੀ ਕਾਟ ਧਰੇਂਗੇ।
ਸਿੱਖ ਕੌਮ ਦੇ ਸ਼ਾਨਾਮਤੀ ਵਿਰਸੇ ਨੂੰ ਸਮਝਣ ਦੀ ਬਜਾਏ ਹੱਸਦੇ ਵੱਸਦੇ ਪੰਜਾਬ ਵਿਚ ਗਿਣੀ ਮਿੱਥੀ ਸਾਜਿਸ਼ ਤਹਿਤ ਫਿਰਕੂ ਅੱਗ ਲਾਈ ਗਈ। ਅਕਤੂਬਰ 1981 ਨੂੰ ਅਕਾਲੀ ਦਲ ਨੇ ਅਨੰਦਪੁਰ ਦੇ ਮਤੇ ਤੋਂ ਪਿੱਛੇ ਹੱਟਦਿਆਂ ਕੇਵਲ 15 ਮੰਗਾਂ ਤਕ ਸੀਮਤ ਹੋ ਕੇ ਰਹਿ ਗਏ। 16 ਨਵੰਬਰ 1981 ਤੋਂ ਲੈ ਕੇ 2 ਫਰਵਰੀ 1984 ਤਕ ਅਕਾਲੀ ਨੇਤਾਵਾਂ ਦੀਆਂ 26 ਮੁਲਾਕਾਤਾਂ ਹੋਈਆਂ। ਤਿੰਨ ਪ੍ਰਧਾਨ ਮੰਤਰੀ ਨਾਲ, ਚਾਰ ਕੇਂਦਰੀ ਮੰਤਰੀਆਂ ਨਾਲ, 9 ਗੁਪਤ ਤੇ 10 ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਹਾਜ਼ਰੀ ਵਿੱਚ ਹੋਈਆਂ। ਅਸਲ ਵਿਚ ਦੇਸ ਦੀ ਪ੍ਰਧਾਨ ਮੰਤਰੀ ਇੰਦ੍ਰਾ ਗਾਂਧੀ ਅਕਾਲੀਆਂ ਨਾਲ ਸਿਆਸਤ ਖੇਡ ਰਹੀ ਸੀ। ਪੰਜਾਬ ਦੀਆਂ ਹੱਕੀ ਮੰਗਾਂ ਮਨਾਉਣ ਲਈ ਅਕਾਲੀ ਦਲ ਨੇ ਐਲਾਨ ਕੀਤਾ ਕਿ 19 ਨਵੰਬਰ ਤੋਂ ਲੈ ਕੇ 4 ਦਸੰਬਰ 1982 ਤਕ ਏਸ਼ੀਆਈ ਖੇਡਾਂ ਸਮੇਂ ਦਿੱਲੀ ਵਿਚ ਰੋਸ ਪ੍ਰਦ੍ਰਸ਼ਨ ਕੀਤਾ ਜਾਏਗਾ। ਇਸ ਰੋਸ ਪ੍ਰਦਸ਼ਨ ਦਾ ਇਕੋ ਪੱਖ ਸੀ ਕਿ ਅੰਤਰ ਰਾਸ਼ਟਰੀ ਮੀਡੀਏ ਵਿਚ ਸਾਡੀ ਗੱਲ ਸੁਣੀ ਜਾਏਗੀ। ਇੰਦਰਾ ਗਾਂਧੀ ਇਸ ਰੋਸ ਪ੍ਰਦਰਸ਼ਨ ਨੂੰ ਆਪਣੇ ਵਿਰੁੱਧ ਸਮਝ ਕੇ ਸਮੁੱਚੀ ਸਿੱਖ ਕੌਮ ਨੂੰ ਤੰਗ ਕਰਨਾ ਸ਼ੁਰੂ ਕੀਤਾ। ਇੰਦਰਾ ਗਾਂਧੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਹਰਿਆਣੇ ਦੇ ਮੁੱਖ ਮੰਤ੍ਰੀ ਭਜਨ ਲਾਲ ਸਭ ਤੋਂ ਮੋਹਰੀ ਰਿਹਾ। ਹਰਿਆਣੇ ਦੇ ਮੁੱਖ ਮੰਤ੍ਰੀ ਭਜਨ ਲਾਲ ਨੇ ਸਿੱਖਾਂ ਤੇ ਬੇ-ਲੋੜੀ ਸਖਤਾਈ ਕੀਤੀ। ਹਰਿਆਣਾ ਬਾਰਡਰ ਸੀਲ ਕਰ ਦਿੱਤਾ। ਹਰਿਆਣਾ ਸਰਕਾਰ ਨੇ ਅਜ਼ਾਦੀ ਦੇ 47 ਸਾਲ ਬਾਅਦ ਸਿੱਖ ਕੌਮ ਨੂੰ ਬੇਗਾਨਗੀ ਦਾ ਅਹਿਸਾਸ ਕਰਾਇਆ। ਏੱਥੋਂ ਤਕ ਕਿ ਸਿੱਖ ਫੌਜੀ ਅਫ਼ਸਰਾਂ ਨਾਲ ਵੀ ਦੁਰਵਿਹਾਰ ਕੀਤਾ ਗਿਆ।
ਇਸ ਤੋਂ ਪਹਿਲਾਂ 1977 ਵਿਚ ਸ਼੍ਰੋਮਣੀ ਅਕਾਲੀ ਦਲ ਨੇ ਪਾਣੀਆਂ ਦਾ ਕੇਸ ਸੁਪਰੀਮ ਕੋਰਟ ਵਿਚ ਦਾਖਲ ਕੀਤਾ। 31 ਦਸੰਬਰ 1981 ਨੂੰ ਦਰਬਾਰਾ ਸਿੰਘ ਤੇ ਦਬਾਅ ਪਾ ਕੇ ਸੁਪਰੀਮ ਕੋਰਟ ਵਿਚੋਂ ਕੇਸ ਵਾਪਸ ਕਰਾਇਆ। ਜਿਹੜਾ ਪੰਜਾਬ ਦੀ ਬਰਬਾਦੀ ਦਾ ਮੁੱਢ ਬੰਨ੍ਹਦਾ ਹੈ ਤੇ ਪੰਜਾਬ ਨੂੰ ਅੰਨ੍ਹੇ ਖੂਹ ਵਿਚ ਧੱਕਦਾ ਹੈ। 8 ਅਪ੍ਰੈਲ 1982 ਨੂੰ ਇੰਦਰਾ ਗਾਂਧੀ ਨੇ ਧੱਕੇ ਨਾਲ ਕਪੂਰੀ ਵਿਖੇ ਸਤਲੁਜ ਜਮਨਾ ਜਮਨਾ ਲਿੰਕ ਨਹਿਰ ਦਾ ਟੱਕ ਲਾਉਣ ਦਾ ਐਲਾਨ ਕਰ ਦਿੱਤਾ। ਇੰਦ੍ਰਾ ਗਾਂਧੀ ਨੂੰ ਖੁਸ਼ ਕਰਨ ਲਈ ਪੰਜਾਬ ਦੇ ਕਾਂਗਰਸੀਏ ਪੱਬਾਂ ਭਾਰ ਹੋ ਕੇ ਪੰਜਾਬ ਦੇ ਵਿਰੋਧ ਵਿਚ ਖੜੇ ਹੋਏ। ਪਾਣੀ ਤਾਂ ਪੰਜਾਬ ਦਾ ਸਾਂਝਾ ਮੁੱਦਾ ਸੀ। (ਨੋਟ ਇਸ ਸਮੇਂ ਪੰਜਾਬ ਦੀ ਕੋਈ ਵੀ ਰਾਜਸੀ ਪਾਰਟੀ ਪੰਜਾਬ ਦੇ ਹੱਕਾਂ ਤੇ ਪਾਣੀਆਂ ਲਈ ਖੜੀ ਨਹੀਂ ਹੋਈ) ਪਾਣੀਆਂ ਦੇ ਮਸਲੇ ਤੇ ਅਕਾਲੀ ਦਲ ਹਮੇਸ਼ਾਂ ਫੇਲ੍ਹ ਹੋਇਆ ਹੈ। ਸਮਝੌਤਿਆਂ ਵਿਚ ਚਵਾਨੀ ਲੈ ਕੇ ਅਠਾਨੀ ਵਾਪਸ ਦੇ ਆਉਂਦਾ ਰਿਹਾ ਹੈ। 4 ਅਗਸਤ 1982 ਨੂੰ ਲੌਂਗੋਵਾਲ ਨੂੰ ਧਰਮ ਯੁੱਧ ਮੋਰਚੇ ਦਾ ਡਿਕਟੇਟਰ ਮੰਨ ਕੇ ਮੋਰਚਾ ਸ਼ੁਰੂ ਕੀਤਾ ਗਿਆ। ਪੰਜਾਬ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਮੋਰਚਾ ਅੱਗੇ ਵੱਧਦਾ ਗਿਆ। ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣੇ ਆਦਿਕ ਮੰਗਾਂ ਮੰਨ ਕੇ ਇੰਦਰਾ ਮੁੱਕਰ ਜਾਂਦੀ ਰਹੀ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਸਰਬ ਸੰਮਤੀ ਨਾਲ ਫੈਸਲਾ ਕੀਤਾ ਹੋਇਆ ਇੰਦ੍ਰਾ ਗਾਂਧੀ ਨੇ ਰੱਦ ਕਰ ਦਿੱਤਾ, ਕਿ “ਕੀ ਮੈਂ ਹਰਿਆਣੇ ਦੀ ਧਰਤੀ ਪੰਜਾਬ ਨੂੰ ਦੇ ਦਿਆਂ”। ਉਸ ਨੇ 23 ਜੂਨ 1983 ਨੂੰ ਕਿਹਾ—ਸਿੱਖ ਇਤਿਹਾਸ ਭਾਗ ਦੂਜਾ ਪੰਨਾ 342 ਅੱਗੇ ਸ੍ਰ ਖੁਸ਼ਵੰਤ ਸਿੰਘ ਲਿਖਦੇ ਹਨ ਕਿ ਅਤਿਅੰਤ ਉਪਰਾਮਤਾ ਮਗਰੋਂ ਅਕਾਲੀਆਂ ਨੇ ਕੇਂਦਰੀ ਸਰਕਾਰ ਨੂੰ ਪਰੇਸ਼ਾਨ ਕਰਨ ਦਾ ਫੈਸਲਾ ਲਿਆ।
6 ਅਗਸਤ 1983 ਨੂੰ ਦਰਬਾਰਾ ਸਿੰਘ ਦੀ ਸਰਕਾਰ ਬਰਤਰਫ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ। 15 ਜਨਵਰੀ 1984 ਨੂੰ ਸਿੱਖ ਤਵਾਰੀਖ ਪੰਨਾ 239 ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਤਿਆਰੀ ਲਈ ਆਲ੍ਹਾ ਅਫਸਰਾਂ ਨੂੰ ਕਹਿ ਦਿੱਤਾ ਸੀ। 28 ਮਈ 1984 ਨੂੰ ਭਾਰਤ ਸਰਕਾਰ ਨੇ ਸਾਰੇ ਪੰਜਾਬ ਵਿਚ ਫੌਜ ਤਾਇਨਾਤ ਕਰਨ ਦੇ ਹੁਕਮ ਦਿੱਤੇ। ਬਹੁਤ ਮਹੀਨੇ ਪਹਿਲੇ ਮਸੂਰੀ ਦੇ ਨੇੜੇ ਚਕਰਾਤਾ ਵਿਖੇ ਦਰਬਾਰ ਸਾਹਿਬ ਦਾ ਸਮੂੰਹ ਪ੍ਰਤਿਰੂਪ ਤਿਆਰ ਕਰਕੇ ਜੰਗੀ ਅਭਿਆਸ ਕੀਤਾ ਗਿਆ। 2 ਜੂਨ 1984 ਨੂੰ ਇੰਦਰਾ ਗਾਂਧੀ ਨੇ ਟੈਲੀਵਿਜ਼ਨ ਪ੍ਰਸਾਰਨ ਰਾਹੀਂ ਰਾਸ਼ਟਰ ਨੂੰ ਉਸ ਕਾਰਵਾਈ ਲਈ ਸੁਚੇਤ ਕੀਤਾ ਜੋ ਅਕਾਲੀਆਂ ਵਿਰੁੱਧ ਨਹੀਂ ਸਗੋਂ ਸਮੁੱਚੇ ਪੰਜਾਬ ਦੇ ਸਿੱਖਾਂ ਵਿਰੁੱਧ ਜਾ ਰਹੀ ਸੀ। 1 ਜੂਨ ਨੂੰ 1984 ਨੂੰ ਤੜਕਸਾਰ ਫੌਜ ਅੰਮ੍ਰਿਤਸਰ ਵਲ ਨੂੰ ਚੱਲ ਪਈ ਸੀ। ਇਕ ਅੰਦਾਜ਼ੇ ਮੁਤਾਬਿਕ ਕਿਸੇ ਨਾ ਕਿਸੇ ਰੂਪ ਵਿਚ ਤਿੰਨ ਲੱਖ ਫੌਜ ਲਾ ਦਿੱਤੀ ਗਈ। (ਡਾ. ਦਿਲਗੀਰ ਜੀ) ਪਹਿਲੀ ਜੂਨ ਨੂੰ ਚੰਡੀਗੜ ਕੋਲ ਚੰਡੀ ਮੰਦਰ 2 ਕੋਰ ਦੇ ਹੈੱਡਕਵਾਟਰ ਵਿੱਚ ਕੇ. ਐਸ. ਬਰਾੜ, ਲੈਫਟੀਨੈਂਟ ਜਨਰਲ ਕੇ. ਸੁੰਦਰਜੀ. ਆਰ. ਐਸ. ਦਿਆਲ ਅਤੇ ਕਈ ਹੋਰ ਅਫ਼ਸਰ ਇਕੱਠੇ ਹੋਏ। ਅੰਮ੍ਰਿਤਸਰ ਦੇ ਇਸ ਅਪਰੇਸ਼ਨ ਦੀ ਸਾਰੀ ਕਾਰਵਾਈ ਇੰਦਰਾ ਗਾਂਧੀ, ਰਾਜੀਵ ਗਾਂਧੀ, ਅਰੁਣ ਨਹਿਰੂ, ਅਰੁਣ ਸਿੰਹੁ ਵਗੈਰਾ ਦੇਖ ਰਹੇ ਸਨ।
3 ਜੂਨ 1984 ਨੂੰ ਦਰਬਾਰ ਸਾਹਿਬ ਦੇ ਆਲੇ ਦੁਆਲੇ ਸਾਰੀਆਂ ਇਮਾਰਤਾਂ ‘ਤੇ ਮੋਰਚੇ ਸੰਭਾਲ਼ ਲਏ ਸਨ। 3 ਜੂਨ 1984 ਨੂੰ ਸਾਰੇ ਪੰਜਾਬ ਵਿਚ 36 ਘੰਟੇ ਦਾ ਕਰਫਿਊ ਲਾ ਦਿੱਤਾ ਗਿਆ। 3 ਜੂਨ 1984 ਨੂੰ ਫੋਜ ਨੇ 300 ਮੀਟਰ ਦੀ ਦੂਰੀ ਤੇ ਆਪਣਾ ਕੰਟਰੋਲ ਰੂਮ ਕਾਇਮ ਕਰ ਲਿਆ। ਅੰਮ੍ਰਿਤਸਰ ਦੇ ਤੱਤਕਾਲੀ ਡਿਪਟੀ ਕਮਿਸ਼ਨਰ ਨੇ ਸ੍ਰ. ਗੁਰਦੇਵ ਸਿੰਘ ਨੇ ਰਸਮੀ ਮਨਜ਼ੂਰੀ ਦੇਣ ਤੋਂ ਕੋਰੀ ਨਾਂਹ ਕਰਨ ‘ਤੇ ਉਸ ਨੂੰ ਜਬਰੀ ਛੁੱਟੀ ‘ਤੇ ਭੇਜ ਦਿੱਤਾ ਗਿਆ। ਇਸਦੀ ਜਗ੍ਹਾਂ ਰਮੇਸ਼ਇੰਦਰ ਸਿੰਘ ਨੂੰ ਅੰਮ੍ਰਿਤਸਰ ਲਿਆਂਦਾ ਗਿਆ। ਇਸ ਨੇ ਚੁੱਪਚਾਪ ਦਸਖਤ ਕਰ ਦਿੱਤੇ। ਜਦੋਂ ਬਾਦਲ ਦੋ ਵਾਰ ਮੁੱਖ ਮੰਤਰੀ ਬਣਿਆ ਤਾਂ ਬਾਦਲ ਨੇ ਆਪਣਾ ਚੀਫ਼ ਸੈਕਟਰੀ ਲਾਇਆ ਸੀ। 3-4 ਜੂਨ ਦੀ ਰਾਤ ਨੂੰ ਦਰਬਾਰ ਸਾਹਿਬ ਦੀ ਬਿਜਲੀ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ। 4 ਜੂਨ ਨੂੰ 1984 ਨੂੰ ਭਾਰਤੀ ਫੌਜ ਨੇ ਸਵੇਰੇ ਚਾਰ ਵੱਜ ਕੇ ਚਾਲੀ ਮਿੰਟ ਤੇ ਦਰਬਾਰ ਸਾਹਿਬ ‘ਤੇ ਹਮਲਾ ਕਰ ਦਿੱਤਾ। ਇਹ ਅਸਲ ਵਿਚ ਲੜਾਈ ਸ਼ੁਰੂ ਕੀਤੀ ਗਈ। 4 ਜੂਨ 1984 ਨੂੰ ਰਾਗੀ ਸਿੰਘਾਂ ਨੇ ਬਹੁਤ ਹੀ ਜੋਸ਼ ਨਾਲ ਕੀਰਤਨ ਕੀਤਾ। 4 ਵੱਜ ਕੇ 45 ਮਿੰਟ ‘ਤੇ ਇਕ ਗੋਲਾ ਦਰਬਾਰ ਸਾਹਿਬ ਆਇਆ ਸਾਰਾ ਇਲਾਕਾ ਗੂੰਜ ਉੱਠਿਆ।
ਫੌਜ ਦਾ ਖਿਆਲ ਸੀ ਕਿ ਅਸੀਂ 6 ਜੂਨ ਤਕ ਸਾਰਾ ਕੰਮ ਮੁਕਾ ਲਵਾਂਗੇ। 5 ਜੂਨ ਦਾ ਦਿਨ ਤੇ ਰਾਤ ਸਾਰੀ ਗੋਲਾਬਾਰੀ ਵਿਚ ਲੰਘ ਗਈ। 6 ਜੂਨ 1984 ਨੂੰ ਫੌਜ ਨੇ ਅਕਾਲ ਤੱਖਤ ਤੇ ਕਬਜ਼ਾ ਕਰ ਲਿਆ। 5 ਅਤੇ 6 ਜੂਨ 1984 ਦੀ ਰਾਤ ਨੂੰ ਫੌਜ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਸਾਰਾ ਸਮਾਨ ਚੁੱਕ ਲਿਆ। ਲਾਇਬ੍ਰੇਰੀ ਦਾ ਸਾਰਾ ਸਮਾਨ 200 ਬੋਰੀਆਂ ਬਕਸਿਆਂ ਵਿਚ ਬੰਨ੍ਹ ਲਿਆ ਗਿਆ। ਬਾਕੀ ਅਲਮਾਰੀਆਂ ਨੂੰ ਅੱਗ ਲਾ ਦਿੱਤੀ ਗਈ। ਇੰਝ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਸਾਰਾ ਰਿਕਾਰਡ ਚੁੱਕ ਕੇ ਲੈ ਗਈ। ਸਿੱਖਾਂ ਦੀਆਂ ਲਾਸ਼ਾਂ ਚੁੱਕਣ ਲਈ ਮਿਉਂਸਪਲ ਕਮੇਟੀ ਦੀਆਂ ਕੂੜਾ ਚੁੱਕਣ ਵਾਲੀਆਂ ਟਰਾਲੀਆਂ iਲ਼ਆਦੀਆਂ ਗਈਆਂ। ਲਾਸ਼ਾਂ ਚੁੱਕਣ ਵਾਲੇ ਸੇਵਕਾਂ ਨੂੰ ਲਾਲਚ ਦਿੱਤਾ ਗਿਆ ਕਿ ਜੋ ਕੁਝ ਜੇਬ੍ਹਾਂ ਵਿਚੋਂ ਨਿਕਲੇ ਉਹ ਤੁਹਾਡਾ ਹੈ। ਸਿੱਖ ਤਵਾਰੀਖ ਲਿਖਤ ਡਾ. ਹਰਜਿੰਦਰ ਸਿੰਘ ਦਿਲਗੀਰ ਪੰਨਾ 1315 ਲਿਖਦੇ ਹਨ ਕਿ 7 ਲੱਖ ਰਮ ਦੀਆਂ ਬੋਤਲਾਂ, 30 ਹਜ਼ਾਰ ਵਿਸਕੀ ਦੇ ਅਧੀਏ, 60 ਹਜ਼ਾਰ ਬਰਾਂਡੀ ਦੇ ਅਧੀਏ, ਇਕ ਲੱਖ 60 ਹਜ਼ਾਰ ਬੀਅਰ ਦੀਆਂ ਬੋਲਤਾਂ ਖਰੀਦੀਆਂ ਗਈਆਂ ਜਿਸ ਦਾ ਟੈਕਸ ਪੰਜਾਬ ਸਰਕਾਰ ਨੇ ਮੁਆਫ ਕੀਤਾ ਹੋਇਆ ਸੀ। ਸਿੱਖ ਫੋਜੀਆਂ ਵਲੋਂ ਬਗਾਵਤ ਹੋਈ ਗੰਗਾ ਨਗਰ, ਰਾਮਗੜ੍ਹ ਬਿਹਾਰ, ਯੂ ਪੀ ਕਸ਼ਮੀਰ ਵਿਚੋਂ ਬਗਾਵਤ ਹੋਈ। ਸਰਕਾਰ ਦੀ 17 ਅਗਸਤ 1984 ਦੀ ਰਿਪੋਰਟ ਮੁਤਾਬਿਕ 2334 ਸਿੱਖਾਂ ਨੇ ਦਰਬਾਰ ਸਾਹਿਬ ਵਲ ਚਾਲੇ ਪਾਏ ਸਨ।ਇਨ੍ਹਾਂ ਵਿਚੋਂ 67 ਸਿੱਖ ਮਾਰੇ ਗਏ ਸਨ, 31 ਲਾਪਤਾ ਐਲਾਨੇ ਗਏ ਸਨ।(ਸ਼ਾਇਦ ਤਸੀਹੇ ਦੇ ਕੇ ਮਾਰ ਦਿੱਤੇ ਗਏ) 172 ਨੂੰ ਮੁਕੱਦਮਾ ਚਲਾ ਕੇ ਸਜਾ ਦਿੱਤੀ ਗਈ। 6 ਜੂਨ ਤੋਂ ਲੈ ਕੇ 8 ਜੂਨ ਤਕ ਦਰਬਾਰ ਸਾਹਿਬ ਕੀਰਤਨ ਨਹੀਂ ਹੋਣ ਦਿੱਤਾ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਦਿੱਤਾ ਗਿਆ ਜੋ 220 ਸਾਲ ਬਾਅਦ ਹੋਇਆ। ਦਰਬਾਰ ਸਾਹਿਬ ਤੇ ਅਕਾਲ ਤੱਖਤ ਤੇ ਭਾਰਤੀ ਫੌਜ ਦਾ ਕਬਜ਼ਾ ਰਿਹਾ। 4,5,6 ਜੂਨ 1984 ਨੂੰ ਜੋ ਕਹਿਰ ਵਰਤਿਆ ਉਸ ਦਾ ਜ਼ਿਕਰ ਕਰਨਾ ਬਹੁਤ ਔਖਾ ਹੈ।
8 ਜੂਨ 1984 ਨੂੰ ਜ਼ੈਲ ਸਿੰਘ ਇਹ ਦੇਖਣ ਲਈ ਆਇਆ ਸੀ ਕਿ ਜਿਸ ਕਾਰਵਾਈ ਤੇ ਮੈਂ ਦਸਤਖਤ ਕੀਤੇ ਸਨ ਉਹ ਤਬਾਹ ਕਿੰਨਾ ਕੁ ਹੋਇਆ ਹੈ? 23 ਜੂਨ 1984 ਨੂੰ ਇੰਦਰਾ ਗਾਂਧੀ ਆਈ ਪਰ ਉਸ ਨੇ ਭੋਰਾ ਵੀ ਸ਼ਰਮ ਮਹਿਸੂਸ ਨਹੀਂ ਕੀਤੀ ਕਿ ਮੈਂ ਸਿੱਖ ਕੌਮ ਨਾਲ ਧੋ੍ਰਅ ਕਮਾਇਆ ਹੈ। ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਕੋਕਾ ਕੋਲਾ, ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦਿੱਤਾ। ਸਿਮਰਨਜੀਤ ਸਿੰਘ ਨੇ ਅਸਤੀਫਾ ਦਿੱਤਾ। ਇਤਿਹਾਸਕਾਰ ਗੰਡਾ ਸਿੰਘ ਸਾਧੂ ਸਿੰਘ ਹਮਦਰਦ ਤੇ ਭਗਤ ਪੂਰਨ ਸਿੰਘ ਹੁਰਾਂ ਨੇ ਸਰਕਾਰ ਵਲੋਂ ਮਿਲੇ ਸਨਮਾਨ ਮੋੜ ਦਿੱਤੇ। ਅਡਵਾਨੀ ਦੀ ਛਪੀ ਪੁਸਤਕ ਆਪਣੀ ਜੀਵਨੀ ਵਿੱਚ ਲਿਖਦਾ ਹੈ ਕਿ ਮੈਂ ਬਾਰ ਬਾਰ ਇੰਦ੍ਰਾ ਗਾਂਧੀ ਨੂੰ ਦਰਬਾਰ ਸਾਹਿਬ ਤੇ ਹਮਲੇ ਲਈ ਜ਼ੋਰ ਪਾਉਂਦਾ ਸੀ। ਸਿੱਖ ਤਵਾਰੀਖ ਦੇ ਪੰਨਾ ਨੰਬਰ 1318 ‘ਤੇ ਡਾ. ਦਿਲਗੀਰ ਜੀ ਲਿਖਦੇ ਹਨ ਕਿ (ਇਸ ਕਿਤਾਬ ਦਾ ਰਾਜ਼ ਖੁਲ੍ਹਣ ਦੇ ਕੁਝ ਦਿਨ ਮਗਰੋਂ ਹੀ ਅਡਵਾਨੀ ਨੂੰ, ਅਕਾਲੀ ਦਲ ਬਾਦਲ ਵਲੋਂ ਉਸ ਦੇ ਘਰ ਜਾ ਕੇ ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਹੇਠ ਵਿਾਸਖੀ 2008 ਦੇ ਦਿਨ ਸਿਰੋਪਾ ਦਿੱਤਾ ਗਿਆ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਅਡਾਵਨੀ ਨੂੰ ਸਿਰੋਪਾ ਦੇਣ ਵਾਲੇ ਇਹ ਸਿੱਖ ਵੀ ਦਰਬਾਰ ਸਾਹਿਬ ਤੇ ਹਮਲੇ ਦੇ ਹਮਾਇਤੀ ਸਨ।
ਭਾਵੇਂ ਸਰਕਾਰੀ ਰਿਪੋਰਟ ਵਿੱਚ ਮਰਨ ਵਾਲਿਆਂ ਗਿਣਤੀ ਸਿਰਫ਼ 83 ਫੌਜੀ ਤੇ 493 ਸਿੱਖ ਸਨ, ਪਰ ਗੈਰ-ਸਰਕਾਰੀ ਰਿਪੋਰਟਾਂ ਮੁਤਾਬਿਕ 1208 ਫ਼ੌਜੀ, 122 ਦੇ ਕਰੀਬ ਖਾੜਕੂ ਅਤੇ 3228 ਸਿੱਖ ਯਾਤਰੂ ਤੇ ਬੰਗਲਾਦੇਸ਼ੀ ਮੁਸਾਫ਼ਿਰ ਮਾਰੇ ਗਏ ਸਨ। ਸਰਕਾਰੀ ਵਾਈਟ ਪੇਪਰ ਮੁਤਾਬਿਕ ਹੋਰ ਗੁਰਦੁਆਰਿਆਂ ਵਗੈਰਾ ‘ਚ ਹਮਲਿਆਂ ਦੌਰਾਨ 9 ਫ਼ੌਜੀ ਤੇ 60 ਸਿੱਖ ਮਾਰੇ ਗਏ ਸਨ। ਸਰਕਾਰ ਨੇ 287 ਫ਼ੌਜੀਆਂ ਦਾ ਜ਼ਖ਼ਮੀ ਹੋਣਾ ਅਤੇ 121 ਸਿੱਖਾਂ ਦਾ ਫੱਟੜ ਹੋਣਾ ਮੰਨਿਆ ਹੈ। ਗ਼ੈਰ-ਸਰਕਾਰੀ ਸੋਮਿਆਂ ਮੁਤਾਬਿਕ ਜ਼ਖ਼ਮੀਆਂ ਵਿੱਚ 3000 ਫੌਜੀ, 12 ਖਾੜਕੂ ਅਤੇ 1526 ਸਿੱਖ ਤੇ ਬੰਗਲਾ ਦੇਸ਼ੀ ਮੁਸਾਫਿਰ ਸਨ। ਇਸੇ ਰਿਪੋਰਟ ‘ਚ ਸਰਕਾਰ ਨੇ ਦਰਬਾਰ ਸਾਹਿਬ ਚ 1592, ਹੋਰ ਗੁਰਦੁਆਰਿਆਂ ਚੋਂ 796 ਤੇ ਬਾਕੀ ਜਗ੍ਹਾ ਤੋਂ 2324 (ਕੁਲ 4712) ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਮੰਨੀਆਂ ਹਨ। ਹਵਾਲਾ (ਸਿੱਖ ਤਵਾਰੀਖ ਪੰਨਾ 1314) 6 ਜੂਨ ਤੋਂ ਲੈ ਕੇ 8 ਜੂਨ ਤਕ ਦਰਬਾਰ ਸਾਹਿਬ ਕੀਰਤਨ ਨਹੀਂ ਹੋਣ ਦਿੱਤਾ ਗਿਆ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਦਿੱਤਾ ਗਿਆ। ਅਜਿਹਾ ਵਾਕਿਆ 220 ਸਾਲ ਬਾਅਦ ਹੋਇਆ ਕਿਉਂਕਿ ਦਰਬਾਰ ਸਾਹਿਬ ਤੇ ਅਕਾਲ ਤੱਖਤ ਤੇ ਭਾਰਤੀ ਫੌਜ ਦਾ ਕਬਜ਼ਾ ਸੀ। ਬੂਟਾ ਸਿੰਘ ਮੰਤਰੀ ਨੇ ਇੰਦਰਾ ਦੇ ਕਹੇ ‘ਤੇ ਬਾਬਾ ਖੜਕ ਸਿੰਘ ਨੂੰ ਕਾਰ ਸੇਵਾ ਲਈ ਕਿਹਾ ਪਰ ਉਨ੍ਹਾਂ ਨਾਂਹ ਕਰ ਦਿੱਤੀ। ਫਿਰ ਸੰਤਾ ਸਿੰਘ ਨਿਹੰਗ ਅੱਗੇ ਆਇਆ। 12 ਅਕਤੂਬਰ 1984 ਨੂੰ ਅੰਮ੍ਰਿਤਸਰ ਸਰੋਵਰ ਦੀ ਕਾਰ-ਸੇਵਾ ਸ਼ੁਰੂ ਹੋਈ। ਭਾਈ ਬੇਅੰਤ ਸਿੰਘ ਬੇ-ਸ਼ੱਕ ਸਰਕਾਰੀ ਨੌਕਰੀ ਕਰਦੇ ਸਨ ਪਰ ਅੰਦਰ ਸਿੱਖੀ ਦੀ ਚੀਸ ਲੈ ਕੇ ਬੈਠੇ ਸਨ। ਉਨ੍ਹਾਂ ਨੇ ਆਪਣੇ ਮਾਮਾ ਕੇਹਰ ਸਿੰਘ ਨਾਲ ਗੱਲ ਕੀਤੀ ਪ੍ਰੋਫੈਸਰ ਦਰਸ਼ਨ ਸਿੰਘ ਵਲੋਂ ਕੀਤੇ ਕੀਰਤਨ ਨੂੰ ਸੁਣ ਕੇ ਮਨ ਵਿਚ ਵਲਵਲੇ ਉੱਠੇ। ਭਾਈ ਸਤਵੰਤ ਸਿੰਘ ਅਗਵਾਨ ਦਾ ਸਾਥ ਵੀ ਮਿਲ ਗਿਆ।
31 ਅਕਤੂਬਰ 1984 ਨੂੰ ਇੰਦਰਾ ਆਪਣੇ ਘਰੋਂ ਬੀ.ਬੀ.ਸੀ. ਦੀ ਟੈਲੀਵਿਜ਼ਨ ਮੰਡਲੀ ਨੂੰ ਆਪਣੇ ਦਫ਼ਤਰ ਦੇ ਬਗੀਚੇ ਵਿਚ ਮਿਲਣ ਲਈ ਬਾਹਰ ਆਈ। 31 ਅਕਤੂਬਰ 1984 ਦੇ ਦਿਨ ਇਨ੍ਹਾਂ ਦੋਹਾਂ ਨੇ ਇੰਦਰਾ ਗਾਂਧੀ ਨੂੰ ਸਿੱਖਾਂ ‘ਤੇ ਜ਼ੁਲਮ ਕਰਨ, ਦਰਬਾਰ ਸਾਹਿਬ ਦੀ ਬੇ-ਹੁਰਮਤੀ ਕਰਨ ਅਤੇ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਕਤਲੇਆਮ ਕਰਨ ਦੀ ਮੌਤ ਦੀ ਸਜਾ ਦੇ ਦਿੱਤੀ। ਇੰਦਰਾ ਦੇ ਸਰੀਰ ਵਿਚ 18 ਗੋਲੀਆਂ ਲੱਗੀਆਂ। ਇੰਦ੍ਰਾ ਦਾ ਕਤਲ ਕਰਕੇ ਇਹ ਦੋਵੇਂ ਸਿੰਘ ਭੱਜੇ ਨਹੀਂ ਸਨ। ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 38 ਸਾਲਾ ਭਾਈ ਬੇਅੰਤ ਸਿੰਘ ਨੂੰ ਦਫ਼ਤਰ ਵਿਚ ਲਿਜਾ ਕੇ ਗੋਲੀਆਂ ਦੀ ਵਾਛੜ ਕਰ ਦਿੱਤੀ ਤੇ ਉਹ ਸ਼ਹੀਦ ਹੋ ਗਇਆ ਜਦ ਕਿ 21 ਸਾਲਾ ਭਾਈ ਸਤਵੰਤ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਇਆ। ਬੇਅੰਤ ਸਿੰਘ ਦਾ ਸਸਕਾਰ ਪੁਲੀਸ ਨੇ ਕੀਤਾ ਅਸਥੀਆਂ ਵੀ ਨੱਹੀਂ ਦਿੱਤੀਆਂ ਗਈਆਂ ਸਨ। 31 ਅਕਤੂਬਰ 1984 ਦੀਆਂ ਤਰਕਾਲਾਂ ਵੇਲੇ ਏਮਜ਼ ਦੇ ਦੁਆਲੇ ਹਜੂਮ ਜੁੜਨਾ ਸ਼ੁਰੂ ਹੋ ਗਿਆ। ਨੇੜੇ ਤੇੜੇ ਜੋ ਵੀ ਸਿੱਖ ਮਿਲਿਆ ਉਸ ਦੀ ਖਿੱਚ-ਧੂਅ ਸ਼ੁਰੂ ਕਰ ਦਿੱਤੀ। ਜ਼ੈਲ ਸਿੰਘ ਸਰਕਾਰੀ ਦੌਰੇ ‘ਤੇ ਯਮਨ ਗਏ ਹੋਏ ਸਨ ਤੇ ਰਜੀਵ ਕਲਕੱਤੇ ਵਿੱਚ ਸੀ। ਜ਼ੈਲ ਸਿੰਘ ਜਦੋਂ ਹਸਪਤਾਲ ਇੰਦਰਾ ਦਾ ਪਤਾ ਲੈਣ ਆਇਆ ਤਾਂ ਉਸ ਦੀ ਗੱਡੀ ‘ਤੇ ਪਥਰ ਮਾਰੇ ਗਏ। ਜ਼ੈਲ ਸਿੰਘ ਨੇ ਬਿਨਾ ਕਿਸੇ ਦੇ ਸਲਾਹ ਕੀਤਿਆਂ ਚੁੱਪ ਕਰਕੇ ਰਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਧਰਿਆ ਜੋ ਉਸ ਦੀ ਸਭ ਤੋਂ ਵੱਡੀ ਭੁੱਲ ਜਾਂ ਮੂਰਖਤਾ ਸੀ।
ਇੰਦ੍ਰਾ ਗਾਂਧੀ ਦੇ ਕਤਲ ਪਿੱਛੋਂ ਜੋ ਕੁਝ ਵੀ ਹੋਇਆ ਉਹ ਇਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਹੋਇਆ ਹੈ। ਰਜੀਵ ਨੇ ਭੀੜ ਨੂੰ ਉਕਸਾਉਣ ਲਈ ਕਿਹਾ ਜਦੋਂ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੈ। ਭਾਵੇਂ ਮਗਰੋਂ ਆਪ ਹੀ ਹਿੱਲ ਗਿਆ ਸੀ। 31 ਅਕਤੂਬਰ 1984 ਨੂੰ ਸ਼ਾਮ ਪੈਂਦਿਆਂ ਤਕ ਲੁੱਟ ਖੋਹ ਅੱਗਜ਼ਨੀ ਦੀਆਂ ਘਟਨਾਵਾਂ ਇਕ ਦਮ ਤੇਜ਼ ਹੋ ਗਈਆਂ। ਪੁਲੀਸ ਤਮਾਸ਼ਾ ਬਣੀ ਸਭ ਕੁਝ ਦੇਖ ਰਹੀ ਸੀ। 31 ਅਕਤੂਬਰ 1984 ਦੀ ਸ਼ਾਮ ਨੂੰ ਮੀਟਿੰਗ ਬੁਲਾਈ ਗਈ ਜਿਸ ਵਿਚ ਦਿੱਲੀ ਦਾ ਉਪ ਰਾਜਪਾਲ, ਦਿੱਲੀ ਦਾ ਪੁਲੀਸ ਕਮਿਸ਼ਨਰ ਤੇ ਐਮ. ਫੋਤੇਦਾਰ ਹਾਜ਼ਰ ਸਨ। ਇਸ ਮੀਟਿੰਗ ਵਿਚ ਪੁਲੀਸ ਦੇ ਉਚ ਅਧਿਾਕਰੀਆਂ ਨੇ ਵਿਚਾਰ ਪ੍ਰਗਟ ਕੀਤਾ ਕਿ ਫੌਜ ਬੁਲਾਈ ਜਾਏ ਪਰ ਇਸ ਵਿਚਾਰ ਵਲ ਕਿਸੇ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਸੀ। ਗ੍ਰਹਿ ਮੰਤ੍ਰੀ ਨਰ ਸਿੰਮਾ ਰਾਓ ਸੀ। ਇੰਦ੍ਰਾ ਗਾਂਧੀ ਦੇ ਕਤਲ ਦੀ ਪਹਿਲੀ ਖਬਰ ਬੀ.ਬੀ.ਸੀ. ਨੇ 10 ਵਜੇ ਸਵੇਰੇ ਦਿੱਤੀ। ਇੰਦਰਾ ਦੇ ਕਤਲ ਪਿੱਛੋਂ ਰਾਜੀਵ ਗਾਂਧੀ ਦੇ ਚਾਪਲੂਸ, ਐਚ. ਕੇ. ਐਲ ਭਗਤ, ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਲਲਿਤ ਮਾਕਨ, ਅਰਜਨ ਦਾਸ ਧਰਮਦਾਸ ਸ਼ਾਸਤਰੀ ਤੇ ਹੋਰ ਦਰਜਨਾਂ ਕਾਂਗਰਸੀਆਂ ਨੇ ਦਿੱਲੀ ਵਿੱਚ ਪੁਲੀਸ ਦੀ ਮਦਦ ਨਾਲ ਹਜ਼ਾਰਾਂ ਸਿੱਖਾਂ ਦਾ ਵਹਿਸ਼ੀਅਨ ਤਰੀਕੇ ਨਾਲ ਕਤਲ ਕਰਵਾਇਆ ਗਿਆ। ਸਿੱਖ ਤਵਾਰੀਖ਼ ਦੇ ਸਫ਼ਾ 1329 ‘ਤੇ “ਹੂ ਆਰ ਗਿਲਟੀ” ਦੀ ਰਿਪੋਰਟ ਅਨੁਸਾਰ 198 ਲੋਕਾਂ ਦੇ ਨਾਂ ਸ਼ਾਮਿਲ ਹਨ ਜਿੰਨ੍ਹਾਂ ਵਿਚੋਂ ਕੁਝ ਨਾਂ ਇਸ ਪ੍ਰਕਾਰ ਹਨ—ਰਾਜੀਵ, ਨਰਸਿੰਮਾ ਰਾਓ, ਮੰਗਤ ਰਾਮ ਸਿੰਗਲਾ, ਡਾ. ਅਸੋਕ ਕੁਮਾਰ, ਈਸ਼ਵਰ ਸਿੰਹੁ, ਅਸਿਸਟੈਂਟ ਪੁਲੀਸ ਕਮਿਸ਼ਨਰ ਮਲਹੋਤਰਾ, ਐਸ. ਐਚ. ਓਗ਼, ਜੈ ਸਿੰਹੁ, ਰਾਓ ਰਾਮ ਮਿਹਰ, ਗੁੰਡੇ ਲੁਟੇਰੇ ਸਮਾਜ ਵਿਰੋਧੀ ਅਨਸਰਾਂ ਨੇ ਪੂਰੀ ਤਰ੍ਹਾਂ ਸਿੱਖ ਕੌਮ ਦਾ ਘਾਣ ਕੀਤਾ, ਤੇ ਕਰਾਇਆ ਗਿਆ। ਸਿੱਖਾਂ ਨੂੰ ਸਬਕ ਸਿਖਾਓ’ ਦੀ ਕਾਰਵਾਈ ਪੂਰੀ ਤਰ੍ਹਾਂ ਗਿਣ ਮਿੱਥ ਕੇ 31 ਅਕਤੂਬਰ ਦੀ ਰਾਤ ਨੂੰ ਸ਼ੁਰੂ ਕੀਤੀ ਗਈ। ਖਬਰ ਫੈਲਾਈ ਗਈ ਕਿ ਸਿੱਖ ਇੰਦਰਾ ਦੇ ਕਤਲ ਦੀ ਖੁਸ਼ੀ ਵਿਚ ਮਠਿਆਈਆਂ ਵੰਡ ਰਹੇ ਤੇ ਭੰਗੜੇ ਪਾ ਕੇ ਖੁਸ਼ੀ ਮਨਾ ਰਹੇ ਹਨ। ਦੂਸਰੀ ਖਬਰ ਫੈਲਾਈ ਗਈ ਕਿ ਸਿੱਖ ਪਾਣੀ ਦੀਆਂ ਟੈਂਕੀਆਂ ਵਿਚ ਜ਼ਹਿਰ ਮਿਲਾ ਰਹੇ। ਸਰਦਾਰ ਖੁਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਭਾਗ ਦੂਜਾ ਵਿਚ ਲਿਖਦੇ ਹਨ ਅੱਧੀ ਰਾਤ ਨੂੰ ਇਹ ਖਬਰ ਵੀ ਫੈਲਾ ਦਿੱਤੀ ਕਿ ਸਿੱਖਾਂ ਵਲੋਂ ਕਤਲ ਕੀਤੇ ਹਿੰਦੂਆਂ ਦੀਆਂ ਭਰੀਆਂ ਗੱਡੀਆਂ ਪੰਜਾਬ ਵਿਚੋਂ ਦਿੱਲੀ ਪਹੁੰਚ ਗਈਆਂ ਹਨ। ਇਹ ਸਾਰੀਆਂ ਝੂਠੀਆਂ ਅਫਵਾਵਾਂ ਫੈਲਾਈਆਂ ਗਈਆਂ ਸਨ। 3 ਨਵੰਬਰ 1984 ਨੂੰ ਇੰਦ੍ਰਾ ਦਾ ਸਸਕਾਰ ਕੀਤਾ ਗਿਆ।
1 ਨਵੰਬਰ 1984 ਨੂੰ ਕਰਫਿਊ ਲਾਇਆ ਪਰ ਉਸ ਦਾ ਅਸਰ ਕੋਈ ਨਹੀਂ ਸੀ ਹੋ ਰਿਹਾ। ਪੁਲੀਸ ਸਾਰਾ ਤਮਾਸ਼ਾ ਦੇਖ ਰਹੀ ਸੀ। 2 ਨਵੰਬਰ ਨੂੰ ਅਖ਼ਬਾਰਾਂ ਵਿਚ ਮੋਟੇ ਅੱਖ਼ਰਾਂ ਵਿਚ ਛਾਪਿਆ ਗਿਆ ਕਿ “ਵੇਖਦਿਆਂ ਹੀ ਗੋਲ਼ੀ ਮਾਰਨ”।ਇਹ ਇਕ ਖਾਨਾਪੂਰਤੀ ਸੀ। ਕਿਸੇ ਨੇ ਵੀ ਵੇਖਦਿਆਂ ਗੋਲੀ ਨਹੀਂ ਮਾਰੀ ਸਗੋਂ ਹਲਾ ਸ਼ੇਰੀ ਦਿੰਦੇ ਰਹੇ। 3 ਨਵੰਬਰ 1984 ਨੂੰ ਫੌਜ ਬਲਾਈ ਗਈ ਵੇਖਦਿਆਂ ਗੋਲੀ ਮਾਰਨ ਲਈ ਨਹੀਂ ਸੀ ਸਗੋਂ ਇੰਦ੍ਰਾ ਦੇ ਸਸਕਾਰ ਵਿਚ ਸ਼ਾਮਿਲ ਹੋਣ ਵਾਲਿਆਂ ਦੀ ਸੁਰੱਖਿਆ ਲਈ ਸੀ। 4 ਨਵੰਬਰ 1984 ਤਕ ਦਿੱਲੀ ਸਿੱਖਾਂ ਦਾ ਖ਼ੂਨ ਪੀ ਚੁੱਕੀ ਸੀ। 19 ਨਵੰਬਰ 1984 ਨੂੰ ਇੰਦਰਾ ਦੇ ਜਨਮ ‘ਤੇ ਰਾਜੀਵ ਗਾਂਧੀ ਫਿਰ ਬੋਲਿਆ ਜਦ ਵੱਡਾ ਬੋਹੜ ਦਾ ਦਰੱਖਤ ਡਿਗਦਾ ਹੈ ਤਾਂ ਜ਼ਮੀਨ ਹਿਲਦੀ ਹੈ। ਇਸ ਸਾਰੇ ਕਾਸੇ ਵਿਚ 1809 ਵਿਆਕਤੀਆਂ ਨੂੰ ਫੜਿਆ ਗਿਆ ਜਿੰਨ੍ਹਾਂ ਨੂੰ ਜ਼ਿਆਦਾਤਰ ਜ਼ਮਾਨਤਾਂ ਤੇ ਛੱਡ ਦਿੱਤਾ ਗਿਆ। ਇਸ ਪਾਸੇ “ਦੀ ਪੀਪਲਜ਼ ਯੂਨੀਅਨ ਫੋਰ ਡੈਮੋਕ੍ਰੈਟਿਕ ਰਾਈਟਸ ਤੇ ਪੀਪਲਜ਼ ਯੂਨੀਅਨ ਫੋਰ ਸਿਵਲ ਲਿਬਰਟੀਜ਼” ਨੇ ਪਹਿਲ ਕੀਤੀ। ਘੱਲੂਘਾਰੇ ਤੇ ਸਿੱਖ ਕਤਲੇਆਮ ਦੇ ਬਚ ਰਹੇ ਚਸ਼ਮਦੀਦ ਗਵਾਹਾਂ ਤੋਂ “ਨਾਗਰਿਕ ਏਕਤਾ ਮੰਚ” ਦੇ ਸੇਵਕਾਂ ਨੇ ਜਾਣਕਾਰੀ ਇਕੱਠੀ ਕੀਤੀ। ਇਨ੍ਹਾਂ ਸੰਸਥਾਵਾਂ ਵਿਚ ਇਕ ਵੀ ਸਿੱਖ ਨਹੀਂ ਸੀ। ਇਨ੍ਹਾਂ ਵਲੋਂ “ਕੌਣ ਦੋਸ਼ੀ ਹਨ” ਦੇ ਸਿਰਲੇਖ ਹੇਠ ਕਿਤਾਬਚਾ ਛਾਪਿਆ ਗਿਆ। ਇਸ ਕਿਤਾਬਚੇ ਵਿਚ ਘਟਨਾਵਾਂ ਨੂੰ ਸਿਲਸਲੇਵਾਰ ਵਰਣਨ ਕਰਨ ਪਿੱਛੋਂ ਸਿਆਸਦਾਨਾਂ, ਪੁਲੀਸ ਵਾiਲ਼ਆਂ, ਤੇ ਦੂਸਰੇ ਵਿਆਕਤੀਆਂ ਦੇ ਨਾਮ ਛੱਪਣ ਦੀ ਦਲੇਰੀ ਵੀ ਕੀਤੀ।
ਚਸ਼ਮਦੀਦ ਗਵਾਹਾਂ ਨੇ ਕੇਂਦਰੀ ਮੰਤਰੀ ਮੰਡਲ ਦੇ ਮੰਤਰੀ ਹਰੀ ਕ੍ਰਿਸ਼ਨ ਲਾਲ ਭਗਤ ਤੇ ਤਿੰਨ ਲੋਕ ਸਭਾ ਦੇ ਮੈਂਬਰ ਜਗਦੀਸ਼ ਟਾਇਟਲਰ, ਸੱਜਣ ਕੁਮਾਰ ਤੇ ਧਰਮ ਕੁਮਾਰ ਸ਼ਾਸਤਰੀ ਨੂੰ ਪਛਾਣ ਲਿਆ ਸੀ। “ਦੋਸ਼ੀ ਕੌਣ ਪਿੱਛੋਂ” ਦੇ ਮਗਰੋਂ ਇੱਕ ਹੋਰ ਉੱਚ ਅਧਿਕਾਰਤ ਗੈਰ ਸਰਕਾਰੀ ਪੜਤਾਲੀਆ ਕਮਿਸ਼ਨ ਜਿਸ ਦੇ ਮੁੱਖੀ ਸੁਪਰੀਮ ਕੋਰਟ ਦੇ ਰਿਟਾਇਰਡ ਚੀਫ਼ ਜਸਟਿਸ ਐਸ. ਐਮ. ਸੀਕਰੀ ਸਨ ਇਸ ਕਮਿਸ਼ਨ ਨੇ ਥਾਂ-ਪਰ-ਥਾਂ ਜਾ ਕੇ ਜਾਣਕਾਰੀ ਇਕੱਠੀ ਕੀਤੀ ਪਰ ਨਰ ਸਿੰਮਾ ਰਾਓ ਤੇ ਰਾਜੀਵ ਗਾਂਧੀ ਨੇ ਮਿਲਣ ਦਾ ਸਮਾਂ ਨਹੀਂ ਦਿੱਤਾ। 18 ਜਨਵਰੀ 1985 ਨੂੰ ਇਨ੍ਹਾਂ ਨੇ ਜਿਹੜੀ ਰਿਪੋਰਟ ਛਾਪੀ ਉਸ ਦਾ ਸਿੱਟਾ ਕੱਢਿਆ ਕਿ ਸਿੱਖਾਂ ਨੂੰ “ਸਬਕ ਸਿਖਾਇਆ ਜਾਏ”। ਇਨ੍ਹਾਂ ਨੇ ਪੁਲੀਸ, ਸਰਕਾਰੀ ਮਿਲੀ ਭੁਗਤ, ਲਾਪ੍ਰਵਾਹੀ, ਜਾਣਬੁਝ ਕੇ ਅਜੇਹਾ ਕੁਝ ਕਰਨ ਦੇ ਅਵਸਰ ਮੁਹੱਈਆ ਕਰਾਏ ਗਏ ਜਿਸ ਨਾਲ ਅਜ਼ਾਦ ਭਾਰਤ ਵਿਚ ਸਰਕਾਰੀ ਗੁੰਡਾ ਗਰਦੀ ਦਾ ਨੰਗਾ ਨਾਚ ਹੋਇਆ। ਕਮਿਸ਼ਨ ‘ਤੇ ਕਮਿਸ਼ਨ ਬਿਠਾਏ ਗਏ ਪਰ 1947 ਉਪਰੰਤ ਇਕ ਵਾਰ ਫਿਰ ਸਿੱਖ ਕੌਮ ਦਾ ਉਜਾੜਾ, ਵਡਾਂਗਾ, ਮਾਵਾਂ-ਧੀਆਂ-ਭੈਣਾਂ ਦੇ ਬਲਾਤਕਾਰ, ਕਾਰੋਬਾਰ ਬੇਸ਼੍ਰਮੀ ਨਾਲ ਲੁੱਟੇ, ਘਰ ਸਾੜੇ, ਟਰੱਕ ਸਾੜੇ ਗਏ। ਬੜੀ ਤਰਤੀਬ ਨਾਲ ਭਾਰਤ ਦੇ ਬਾਕੀ ਸ਼ਹਿਰਾਂ ਵਿੱਚ ਸਿੱਖ ਕੌਮ ਦਾ ਕਤਲੇਆਮ ਕੀਤਾ ਗਿਆ।
ਇਹ ਦੰਗੇ ਨਹੀਂ ਹੋਏ ਇਹ ਸਿੱਖ ਕੌਮ ਦਾ ਘਾਣ, ਸਿੱਖ ਕੌਮ ਦੀ ਨਸਲ ਕੁਸ਼ੀ ਤੇ ਕਤਲੇਆਮ ਹੋਇਆ ਹੈ ਜਿਹੜਾ ਅੱਖਰਾਂ ਦੀ ਬੰਦਸ਼ ਵਿਚ ਨਹੀਂ ਆ ਸਕਦਾ। 1984 ਦੀਆਂ ਚੋਣਾਂ ਲਈ ਕਾਂਗਰਸ ਨੇ ਮਾਹੌਲ ਤਿਆਰ ਕੀਤਾ। ਸਿੱਖ ਕੌਮ ਦੇ ਅਕਸ ਨੂੰ ਵਿਗਾੜ ਕੇ ਸਾਰੇ ਭਾਰਤ ਵਿਚੋਂ ਹਮਦਰਦੀ ਦੀਆਂ ਵੋਟਾਂ ਬਟੋਰੀਆਂ ਗਈਆਂ। ਸਿੱਖ ਵਰਦੀ ਵਿਚ ਇੰਦਰਾ ਨੂੰ ਗੋਲੀ ਮਾਰਦੇ ਦਿਖਾਏ ਗਏ। ਬੇੜਾ ਬਹਿ ਗਿਆ ਕਾਂਗਰਸ ਦਾ ਜਦੋਂ ਇੰਦਰਾ ਗਾਂਧੀ ਪੋਸਟਰਾਂ ਵਿਚ ਬੀਬੀਆਂ ਨੂੰ ਬਿੰਦੀਆਂ ਵੰਡਦੀ ਦਿਖਾਈ ਗਈ। ਏਦਾਂ ਦਾ ਬਿਰਤਾਂਤ ਸਿਰਜਿਆ ਗਿਆ ਜੇ ਮੈਂ ਮਰ ਜਾਵਾਂ ਤਾਂ ਮੇਰੇ ਖੂਨ ਦਾ ਇਕ ਕਤਰਾ ਵੀ ਦੇਸ਼ ਨੂੰ ਬਲ ਦੇਵੇਗਾ। ਨਤੀਜਾ ਜਿਹੜਾ ਚਾਹੀਦਾ ਸੀ ਉਹ ਮਿਲ ਗਿਆ, 540 ਸੀਟਾਂ ਵਿਚੋਂ 410 ਭਾਵ 80% ਸੀਟਾਂ ਕਾਂਗਰਸ ਲੈ ਗਈ। ਇਕੱਲੇ ਦਿੱਲੀ ਵਿਚ 1000 ਗੁਰਦੁਆਰੇ ਹਜ਼ਾਰਾਂ ਦੁਕਾਨਾਂ, ਘਰ, ਕਾਰਖਾਨੇ, ਅਜ਼ਾਦ ਭਾਰਤੀਆਂ ਨੇ ਲੁੱਟ ਕੇ ਬਰਬਾਦ ਕੀਤੇ। ਕੋਈ ਬੱਚਾ, ਜਵਾਨ ਬੁੱਢਾ ਇਸ ਹਜ਼ੂਮ ਨੇ ਬਖਸ਼ਿਆ ਨਹੀਂ ਸੀ। ਪਹਿਲਾਂ ਲੋਹੇ ਦੇ ਰਾਡਾਂ ਨਾਲ ਕੁੱਟਦੇ ਸਨ ਫਿਰ ਪੈਟ੍ਰੋਲ ਪਾ ਕੇ ਅੱਗ ਲਗਾ ਦਿੰਦੇ ਸਨ। ਸਿੱਖ ਅਵਾਮ ਨਾਲ ਅਜ਼ਾਦ ਭਾਰਤੀਆਂ ਨੇ ਘਟੀਆ ਤੋਂ ਘਟੀਆ ਹਰਕਤਾਂ ਕੀਤੀਆਂ। ਗਲਾਂ ਵਿਚ ਬਲ਼ਦੇ ਟਾਇਰ ਪਾਏ ਗਏ। ਇਹ ਸਿਰੇ ਦੇ ਚਵਲ, ਇਨਸਾਨੀਅਤ ਦੇ ਕਿਰਦਾਰ ਤੋਂ ਗਿਰੇ ਹੋਏ ਸਨ, ਕਹਿੰਦੇ ਸਨ, “ਦੇਖੋ ਸਿੱਖ ਨਾਚ ਕਰ ਰਿਹਾ ਹੈ”। ਲੱਖ ਲਾਹਨਤ ਅਜੇਹੀ ਘਟੀਆਂ ਸੋਚ ਦੇ।
ਸਿੱਖ ਕੌਮ ਦਾ ਕਿੰਨਾ ਨੁਕਸਾਨ ਹੋਇਆ ਸਹੀ ਗਿਣਤੀ ਕਰਨੀ ਅਸੰਭਵ ਹੈ। ਦਿੱਲੀ ਤੋਂ ਬਿਨਾ ਸਮੂੰਹਕ, ਕਤਲ, ਬਲਤਕਾਰ ਦੀਆਂ ਘਟਨਾਵਾਂ ਹਿਮਾਚਲ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਵਿਚ ਹੋਈਆਂ। ਸਭ ਤੋਂ ਵੱਧ ਨੁਕਸਾਨ ਉੱਤਰ ਪ੍ਰਦੇਸ, ਬਿਹਾਰ, ਕਾਨਪੁਰ, ਲਖਨਊ, ਰਾਂਚੀ ਤੇ ਰੌੜਕਲਾ ਵਰਗੇ ਸ਼ਹਿਰਾਂ ਵਿਚ ਹੋਇਆ। 8000 ਹਜ਼ਾਰ ਤੋਂ ਵੱਧ ਸਿੱਖਾਂ ਦਾ ਜਾਨੀ ਨੁਕਸਾਨ ਹੋਇਆ 30 ਫੌਜੀ ਅਫ਼ਸਰ ਮਾਰੇ ਗਏ।ਦੋ ਹਜ਼ਾਰ ਤੋਂ ਵੱਧ ਟੈਕਸੀਆਂ ਤੇ ਟਰੱਕਾਂ ਦਾ ਨੁਕਸਾਨ ਹੋਇਆ। ਇੰਝ ਅਜ਼ਾਦ ਭਾਰਤ ਵਿਚ ਸਿੱਖ ਕੌਮ ਦੀ ਬਰਬਾਦੀ ਦੀ ਦਾਸਤਾਂ 1 ਨਵੰਬਰ 1984 ਦੀ ਸਵੇਰ ਤੋਂ ਸ਼ੁਰੂ ਹੋ ਕੇ 4 ਨਵੰਬਰ ਦੀ ਢਲ਼ਦੀ ਦੁਪਹਿਰ ਤੱਕ ਚਲਦੀ ਰਹੀ। ਦੂਰਦਰਸ਼ਨ ਤੋਂ ਇੰਦਰਾ ਗਾਂਧੀ ਦੀਆਂ ਵਾਰ ਵਾਰ ਤਸਵੀਰਾਂ ਦਿਖਾਈਆਂ ਜਾ ਰਹੀਆਂ ਸਨ ਤਾ ਕਿ ਸਿੱਖ ਕੌਮ ਦਾ ਵੱਧ ਤੋਂ ਵੱਧ ਨੁਕਸਾਨ ਕੀਤਾ ਜਾ ਸਕੇ।
ਸਿੱਖ ਕੌਮ ਦੇ ਕਤਲੇਆਮ ਲਈ 4 ਕਮਿਸ਼ਨ 9 ਕਮੇਟੀਆਂ ਅਤੇ ਦੋ ਸਿਟ ਬਣੀਆਂ ਪਰ ਨਤੀਜਾ ਸਿਫਰ ਦੇ ਬਰਾਬਰ ਹੈ। ਕਿਹਾ ਜਾ ਸਕਦਾ ਹੈ ਜਾ ਬੇਈਮਾਨੀਏ ਤੇਰਾ ਹੀ ਆਸਰਾ। 1 ਨਵੰਬਰ ਆਉਂਦੀ ਤਾਂ ਸਾਡੇ ਲਈ ਫਿਰ ਚੌਰਾਸੀ ਆ ਗਈ ਇਹ ਬੋਲ ਦਿੱਲੀ ਦੀ ਵਿਧਵਾ ਕਲੋਨੀ ਦੇ ਮਕਾਨ ਨੰ. 86 ਏ ਵਿੱਚ ਰਹਿ ਰਹੀ ਭੈਣ ਨਿਰਮਲ ਕੌਰ ਦੇ ਹਨ। ਜੋ ਹੁਣ ਤਕ ਇਨਸਾਫ਼ ਦੀ ਉਡੀਕ ਕਰ ਰਹੀ ਹੈ। ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਛੋਟੇ ਛੋਟੇ ਫਲੈਟ ਅਲਾਟ ਕੀਤੇ ਗਏ ਜਿਸ ਵਿਚ ਦੋ ਹਜ਼ਾਰ ਦੇ ਕਰੀਬ ਪਰਿਵਾਰ ਰਹਿ ਰਹੇ ਹਨ। ਬੜੀ ਸ਼ਰਮਨਾਕ ਗੱਲ ਹੈ ਅਜ਼ਾਦ ਭਾਰਤ ਵਿਚ ਇਸ ਕਲੋਨੀ ਨੂੰ ਹੀ ਵਿਧਵਾ ਕਲੋਨੀ ਕਿਹਾ ਜਾਣ ਲੱਗ ਪਿਆ।ਇਹ ਸਿੱਖ ਆਗੂਆਂ ਦੇ ਮੱਥੇ ‘ਤੇ ਵੀ ਕਲੰਕ ਹੀ ਹੈ। ਖੁੱਡਿਆਂ ਵਰਗੇ ਘਰਾਂ ਵਿਚ ਰਹਿ ਰਹੇ ਸਿੱਖ ਪ੍ਰਵਾਰ ਗੁਜ਼ਾਰੇ ਲਈ ਆਟੋ ਰਿਕਸ਼ਾ, ਸਬਜ਼ੀ ਆਦਿ ਦਾ ਕੰਮ ਕਰਦੇ ਹਨ। ਭੈਣ ਨਿਰਮਲ ਕੌਰ ਦੀ ਜ਼ਬਾਨੀ ਜੋ ਸਟੋਰੀ ਚਰਜੀਤ ਸਿੰਘ ਸੁਰਖ਼ਾਬ ਨੇ ਸਪੋਕਸਮੈਨ ਵਿਚ 3 ਨਵੰਬਰ 2022 ਨੂੰ ਛਾਪੀ ਸੀ। ਨਿਰਮਲ ਕੌਰ ਨੇ ਦੱਸਿਆ ਕਿ ਮੇਰੇ ਪਿਤਾ ਨੂੰ ਵੱਢਿਆ ਟੁਕਿਆ ਗਿਆ ਫਿਰ ਚਿੱਟੇ ਰੰਗ ਦਾ ਪਉਡਰ ਪਾ ਕੇ ਸਾੜ ਦਿੱਤਾ ਗਿਆ। ਨਿਰਮਲ ਕੌਰ ਨੇ ਦੱਸਿਆ ਕਿ ਮੇਰੇ ਪਿਤਾ ਜੀ ਨੂੰ ਮੇਰੇ ਸਾਹਮਣੇ ਘਿਨਾਉਣੀ ਮੌਤ ਦੇ ਘਾਟ ਉਤਾਰਿਆ ਗਿਆ। ਆਪਣੀਆਂ ਅੱਖਾਂ ਨਾਲ ਮਾਮੇ ਨੂੰ ਸੜਿਆ ਦੇਖਿਆ ਤਾਂ ਮੇਰੀ ਚੀਕ ਵੀ ਨਹੀਂ ਨਿਕਲ ਰਹੀ ਸੀ। ਚਾਚੇ ਨੂੰ ਰਾਡਾ ਨਾਲ ਕੁਟਿਆ ਗਿਆ ਫਿਰ ਚਿੱਟਾ ਪਾਊਡਰ ਪਾ ਕੇ ਸਾੜ ਦਿੱਤਾ ਗਿਆ।
ਅਸੀਂ 31 ਅਕਤੂਬਰ ਦੀ ਇਕੱਠੀ ਰੋਟੀ ਖਾਧੀ ਸੀ। ਮੁੜ ਇਕੱਠੇ ਨਹੀਂ ਹੋਏ ਮੇਰੇ ਪਰਿਵਾਰ ਦੇ 12 ਜੀ ਮਾਰੇ ਗਏ ਸਨ ਕੈਂਪ ਵਿਚ ਰਹਿੰਦਿਆਂ ਇਕੋ ਸੂਟ ਹੀ ਚਾਰ ਮਹੀਨੇ ਪਹਿਨਿਆਂ। ਦਿੱਲ ਨੂੰ ਚੀਰਨ ਵਾਲੀ ਅਵਾਜ਼ ਵਿੱਚ ਦੱਸਿਆ ਕਿ ਮੇਰੀ ਮਾਮੀ ਨੇ ਆਪਣੇ ਛੋਟੇ ਬੱਚੇ ਨੂੰ ਪਾਣੀ ਦੀ ਥਾਂ ‘ਤੇ ਪਿਸ਼ਾਬ ਪਿਲਾਇਆ ਕਿਉਂਕਿ ਪਾਣੀ ਬੰਦ ਸੀ। ਤ੍ਰਿਲੋਕਪੁਰੀ 32 ਬਲਾਕਪੁਰੀ ਪੱਪੀ ਕੌਰ 10 ਜੀਅ, ਪਿਤਾ, ਤਾਇਆ, ਚਾਚਾ, ਵੱਡਾ ਭਰਾ, ਮਾਮਾ, ਮਾਸੜ,ਜੀਜਾ, ਫੁੱਫੜ ਦੇ ਗਲ਼ਾਂ ਵਿਚ ਟਾਇਰ ਪਾ ਕੇ ਜਿਉਂਦੇ ਸਾੜੇ ਗਏ। ਪੱਪੀ ਕੌਰ ਨੇ ਦੱਸਿਆ ਕਿ ਭੀੜ ਵਿਚੋਂ ਅਵਾਜ਼ਾਂ ਆ ਰਹੀਆਂ ਸਨ ਕਿ “ਸਰਦਾਰੌਂ ਕਾ ਏਕ ਭੀ ਬੱਚਾ ਬਚਣਾ ਨਹੀਂ ਚਾਹੀਏ, ਯੇਹ ਸਭ ਸਪੋਲੇ ਹਨ ਹਮੀਂ ਕੋ ਡਸੇਗੇਂ, ਇਨ ਕੋ ਮਾਰੋ। ਦਸ ਦਸ ਬੰਦਿਆਂ ਨੇ ਕੁੜੀਆਂ ਨਾਲ ਦੁਸ਼ਕਰਮ ਕੀਤੇ ਰੌਂਗਟੇ ਖੜੇ ਹੁੰਦੇ ਹਨ। ਬੜਾ ਵੱਡਾ ਦੁੱਖ ਹੈ ਅਕਾਲੀ ਸਰਕਾਰਾਂ ਬਣੀਆਂ, ਕਹਿਣ ਨੂੰ ਅਕਾਲੀ ਦਲ ਪੰਥ ਦਾ ਰਖਵਾਲਾ, ਸ਼੍ਰੋਮਣੀ ਕਮੇਟੀ ਅਮਿੰ੍ਰਤਸਰ, ਦਿੱਲੀ ਪ੍ਰਬੰਧ ਕਮੇਟੀ, ਦੇਸ਼ ਦੇ ਕਾਬਲ ਲੋਕ ਸਿੱਖ ਕਤਲੇਆਮ ਦੇ ਸਬੂਤ ਹੀ ਨਹੀਂ ਜੁਟਾ ਪਾ ਸਕੇ। ਗਵਾਹ ਗਵਾਹੀਆਂ ਹੀ ਨਹੀਂ ਦੇਣ ਗਏ। ਕਿਹਾ ਜਾ ਸਕਦਾ ਹੈ ਜਾ ਸਕਦਾ ਹੈ ਕਿ ਅਜ਼ਾਦ ਭਾਰਤ ਵਿਚੋਂ ਨੈਤਿਕਤਾ, ਸਮਾਜਿਕ ਸਰੋਕਾਰ ਅਤੇ ਇਨਸਾਨੀਅਤ ਵਰਗੀਆਂ ਵਰਗੀਆਂ ਕਦਰਾਂ ਕੀਮਤਾਂ ਜ਼ਮੀਨ ਵਿਚ ਦਫਨ ਹੋ ਗਈਆਂ ਹਨ।
6 ਜੂਨ 1985 ਨੂੰ ਇੰਦਰਾ ਕਤਲ ਦੀ ਸੁਣਾਵਈ ਹੋਈ ਤੇ 28 ਜਨਵਰੀ 1986 ਨੂੰ ਇਸ ਕੇਸ ਦਾ ਫੈਸਲਾ ਸੁਣਾਇਆ ਗਿਆ। ਸੈਸ਼ਨ ਜੱਜ ਮਹੇਸ਼ ਚੰਦਰ ਨੇ ਸਤਵੰਤ ਸਿੰਘ, ਬਲਬੀਰ ਸਿੰਘ ਤੇ ਕੇਹਰ ਸਿੰਘ ਨੂੰ ਸਜ਼ਾ-ਇ-ਮੌਤ ਸੁਣਾਈ। ਆਖੀਰ 6 ਜਨਵਰੀ 1989 ਦੇ ਦਿਨ ਭਾਈ ਕੇਹਰ ਸਿੰਘ ਤੇ ਭਾਈ ਸਤਵੰਤ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ। ਸ੍ਰ. ਕੇਹਰ ਸਿੰਘ ਦੀ ਸਜਾ ਬਾਰੇ ਦੁਨੀਆਂ ਭਰ ਦੇ ਕਾਨੂੰਨ ਦਾਨਾਂ ਨੂੰ ਸਦਮਾ ਲੱਗਾ ਕਿ ਉਸ ਨੂੰ ਬੇ-ਗੁਨਾਹ ਹੋਣ ਦੇ ਬਾਵਜੂਦ ਵੀ ਫਾਂਸੀ ਦਿੱਤੀ ਗਈ। ਇਹ ਦੁਨੀਆਂ ਭਰ ਦੀ ਤਾਰੀਖ਼ ਦਾ ਸਭ ਤੋਂ ਵਧੇਰੇ ਬੇਇਨਸਾਫ਼ੀ ਵਾਲਾ ਫੈਸਲਾ ਸੀ। ਹਾਂ ਦੂਜਿਆਂ ‘ਤੇ ਦੁੱਖ ਜ਼ਰੂਰ ਹੁੰਦਾ ਹੈ ਪਰ ਆਪਣਿਆਂ ਵੀ ਕਿਸੇ ਢੰਗ ਤਰੀਕੇ ਨਾਲ ਕੋਈ ਪੁਖਤਾ ਕੰਮ ਨਹੀਂ ਕੀਤਾ। ਇਕਾ ਦੁੱਕਾ ਵਕੀਲ ਛੱਡ ਦਿਓ ਬਾਕੀ ਸਾਰੇ ਇਸ ਹਮਾਮ ਵਿਚ ਨੰਗੇ ਹਨ— ਜ਼ਮਾਨਾ ਕਾਂਪ ਉੱਠੇਗਾ, ਯਿਹ ਖ਼ੂਨੀ ਮਾਜਰਾ ਸੁਨ ਕਰ, ਕਿ ਮੇਰੇ ਸਾਹਮਨੇ ਫੂੰਕਾ ਗਿਆ ਹੈ ਆਸ਼ੀਆ ਮੇਰਾ।