ਗੁਰਮਤਿ ਗਿਆਨ ਮਿਸ਼ਨਰੀ ਕਾਲਜ
Gurmat Gian Missionary College

ਪ੍ਰਿੰ. ਗੁਰਬਚਨ ਸਿੰਘ ਪੰਨਵਾਂ # 99155-29725

ਸਿੱਖ ਰਹਿਤ ਮਰਿਯਾਦਾ ਦੀ ਮਹਾਨਤਾ

ਸਿੱਖ ਮਰਿਯਾਦਾ ਦੀ ਲੋੜ ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਇੱਕ ਸਭਿਅਕ ਸਮਾਜ ਠੋਸ ਨਿਯਮਾਂ ਤਹਿਤ ਚਲਦਾ ਹੈ।ਸਮਾਜ ਦੀ ਨਿਰਧਾਰਤ ਕੀਤੀ ਨਿਯਮਾਂਵਲੀ ਨੂੰ ਮਰਿਯਾਦਾ ਕਿਹਾ ਜਾਂਦਾ ਹੈ। ਮਰਿਯਾਦਾ ਇਕ ਅਜੇਹਾ ਸੂਤਰ ਹੈ ਜੋ ਧਾਰਮਿਕ ਏਕਤਾ, ਇਕਸੁਰਤਾ, ਇਕਸਾਰਤਾ ਦੀ ਜਾਮਨੀ ਭਰਦਾ ਹੈ। ਸਿੱਖ ਰਹਿਤ ਮਰਿਯਾਦਾ ਛੋਟਾ ਜੇਹਾ ਦਸਤਾਵੇਜ਼ ਹੈ ਜਿਸ ਵਿੱਚ ਸਿੱਖ ਦੀ ਨਿੱਜੀ ਜ਼ਿੰਦਗੀ, ਸਿੱਖ ਫਲਸਫਾ, ਪਰੰਪਰਾਵਾਂ, ਸਮਾਜਿਕ ਬੰਧਾਨ ਤੇ ਧਾਰਮਿਕ ਰਹੁਰੀਤੀ ਨੂੰ ਸਰਲ ਤੇ ਸਾਦੇ ਢੰਗ ਨਾਲ ਅੰਕਤ ਕੀਤਾ ਗਿਆ ਹੈ।
ਮਾਰਚ 1900 ਈ. ਨੂੰ ਅਖ਼ਬਾਰ ‘ਆਮ’ ਦੇ ਸੰਪਾਦਕ ਨੇ ਸਿੱਖ ਧਰਮ ਦੀ ਨਿੰਦਿਆਂ ਕਰਦਿਆਂ ਮਸਲਾ ਉਠਾਇਆ ਸੀ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਪੜ੍ਹਨੇ ਤੇ ਭੀ ਸਿੱਖਾਂ ਦੀ ਰਾਹੇ ਰਸਮ ਅਤੇ ਕਾਰ-ਵਿਹਾਰ ਦਾ ਕੋਈ ਕਥਨ ਨਹੀਂ ਮਿਲਦਾ। ਇਸ ਦੇ ਪ੍ਰਤੀਕਰਮ ਵਿੱਚ ਗਿਆਨੀ ਦਿੱਤ ਸਿੰਘ ਜੀ ਨੇ ‘ਖਾਲਸਾ ਅਖ਼ਬਾਰ’ ਲਾਹੌਰ ਵਿੱਚ ਮਿਤੀ 6 ਅਪ੍ਰੈਲ 1900 ਈ. ਨੂੰ ਉੱਤਰ ਦਿੱਤਾ ਕਿ— “ਜਦ ਅਸੀਂ ਹਿੰਦੂਆਂ ਦੇ ਵੇਦਾਂ ਨੂੰ ਭੀ ਦੇਖਦੇ ਹਾਂ ਤਦ ਵੀ ਏਹੋ ਪਾਉਂਦੇ ਹਾਂ ਕਿ ਉਨ੍ਹਾਂ ਵਿੱਚ ਭੀ ਹਿੰਦੂਆਂ ਦੀ ਰਾਹੋ ਰਸਮ ਦਾ ਕੋਈ ਕਥਨ ਨਹੀਂ ਹੈ, ਪ੍ਰੰਤੂ ਵੇਦਾਂ ਦੇ ਮਗਰੋਂ ਮਨੂੰ ਜੈਸੇ ਰਿਖੀਆਂ ਨੇ ਧਰਮ ਸ਼ਾਸਤ੍ਰ ਬਨਾਏ ਜਿੰਨ੍ਹਾਂ ਤੇ ਸਾਰੇ ਕਾਰ-ਵਿਹਾਰ ਅੱਜ ਚਲ ਰਹੇ ਹਨ—ਪਰ ਜਦੋਂ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦਾ ਵਿਚਾਰਦਾ ਹੈ ਤਾਂ ਸਾਰੀ ਸਮਝ ਆ ਜਾਂਦੀ ਹੈ। ਫਿਰ ਵੀ ਨਿੱਜੀ, ਸਮਾਜਿਕ, ਧਾਰਮਿਕ ਬੰਧਾਨ ਲਈ ਅਜੇਹਾ ਦਸਤਾਵੇਜ਼ ਚਾਹੀਦਾ ਸੀ ਜਿਹੜਾ ਸੌਖੇ ਢੰਗ ਨਾਲ ਸਿੱਖ ਸਿਧਾਂਤ ਦੀ ਵਿਆਖਿਆ ਕਰਦਾ ਹੋਵੇ। ਨਿਰਸੰਦੇਹ ਸਿੱਖ ਰਹਿਤ ਮਰਿਯਾਦਾ ਦਾ ਬੀਜ ਏੱਥੋਂ ਪੁੰਗਰਨਾ ਸ਼ੁਰੂ ਹੋ ਗਿਆ ਸੀ”।
ਸਿੱਖ ਰਹਿਤ ਮਰਿਯਾਦਾ ਦਾ ਜਨਮ ਮਾਰਚ 1915 ਵਿਚ ਚੀਫ਼ ਖ਼ਾਲਸਾ ਦੀਵਾਨ ਵਲੋਂ 1915 ਵਿੱਚ ਪ੍ਰਕਾਸ਼ਿਤ ਗੁਰਮਤਿ ਪ੍ਰਕਾਸ਼ ਭਾਗ-ਸੰਸਕਾਰ ਨਾਮ ਦੀ ਪੁਸਤਕ ਛਾਪੀ ਗਈ ਇਸ ਦੀ ਭੂਮਿਕਾ ਵਿੱਚ ਇਸ ਦਾ ਮਕਸਦ ਅਤੇ ਸੰਖੇਪ ਸਿੱਖ ਇਤਿਹਾਸ ਵਰਣਨ ਕੀਤਾ ਗਿਆ ਸੀ। ਇਸ ਮੁਤਾਬਿਕ ਸਾਰੇ ਪੰਥ ਲਈ ਇੱਕ ਰਹਿਤ ਮਰਿਯਾਦਾ ਦੀ ਲੋੜ ਅਤੇ ਉਪਰਾਲੇ ਬਾਰੇ ਪਤਾ ਲੱਗਦਾ ਹੈ। ਸਿੱਖ ਰਹਿਤ ਮਰਿਯਾਦਾ ਸਾਡਾ ਕੌਮੀ ਕਾਨੂੰਨ ਹੈ ਜੋ ਇਕ ਸੰਵਿਧਾਨ ਦੀ ਤਰ੍ਹਾਂ ਹੈ। ਇਸ ਦੀ ਇਕ ਇਕ ਸਤਰ ਵਿਚ ਬਹੁਤ ਸਾਰੀਆਂ ਰਮਜ਼ਾਂ ਹਨ। ਅਕਾਲ ਤਖ਼ਤ ਦੀ ਛੱਤਰ ਛਾਇਆ ਹੇਠ ਸਿੱਖ ਰਹਿਤ ਮਰਿਯਾਦਾ ਦੀ ਤਿਆਰੀ 1925 ਵਿਚ ਅਰੰਭ ਹੋਈ ਤੇ 1936 ਵਿਚ ਇਸ ਨੂੰ ਪੰਥ ਦੀ ਪ੍ਰਵਾਨਗੀ ਮਿਲੀ ਫਿਰ ਵੀ ਧਰਮ ਪ੍ਰਚਾਰ ਕਮੇਟੀ ਨੇ ਕਈ ਇਕੱਤ੍ਰਤਾਵਾਂ ਕਰਕੇ 1945 ਵਾਲਾ ਸਵਰੂਪ ਕੌਮ ਦੇ ਸਾਹਮਣੇ ਲਿਆਂਦਾ। ਪੜਾਅ-ਦਰ-ਪੜਾਅ ਇਕੱਤ੍ਰਤਾਵਾਂ ਹੁੰਦੀਆਂ ਰਹੀਆਂ। 7 ਜਨਵਰੀ 1945 ਨੂੰ ਧਾਰਮਿਕ ਸਲਾਹਕਾਰ ਕਮੇਟੀ ਦੀ ਤੇਰ੍ਹਵੀਂ ਇਕੱਤ੍ਰਤਾ ਵਿਚ 28 ਜੁਲਾਈ 1944 ਦੁਆਰਾ ਪ੍ਰਵਾਨ ਕੀਤਾ ਮਤਾ ਦੁਬਾਰਾ ਪੇਸ਼ ਹੋ ਕੇ ਸਿੱਖ ਰਹਿਤ ਮਰਿਯਾਦਾ ਵਿਚ ਵਾਧੇ ਘਾਟੇ ਕਰਨ ਦੀ ਸਿਫ਼ਰਾਸ਼ ਕੀਤੀ ਗਈ। ਇਸ ਵਿਚ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਜੱਥੇਦਾਰ ਅਕਾਲ ਤੱਖਤ ਸਾਹਿਬ, ਭਾਈ ਸਾਹਿਬ ਭਾਈ ਅੱਛਰ ਸਿੰਘ ਜੀ ਹੈੱਡ ਗ੍ਰੰਥੀ ਦਰਬਾਰ ਸਾਹਿਬ ਅੰਮ੍ਰਿਤਸਰ, ਪ੍ਰੋ. ਤੇਜਾ ਸਿੰਘ ਜੀ, ਪਿੰ੍ਰ ਗੰਗਾ ਸਿੰਘ ਜੀ, ਗਿਆਨੀ ਲਾਲ ਸਿੰਘ ਜੀ, ਪ੍ਰੋ ਸ਼ੇਰ ਸਿੰਘ ਜੀ ਬਾਬਾ ਪ੍ਰੇਮ ਸਿੰਘ ਹੋਤੀ ਅਤੇ ਗਿਆਨੀ ਬਾਦਲ ਸਿੰਘ ਜੀ ਸ਼ਾਮਿਲ ਹੋਏ। 3 ਫਰਵਰੀ 1945 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਇਕੱਤ੍ਰਤਾ ਨੇ ਮਤਾ ਨੰਬਰ 97 ਰਾਹੀਂ ਰਹਿਤ ਮਰਿਯਾਦਾ ਵਿੱਚ ਅਹਿਮ ਸੋਧਾਂ ਦੀ ਪ੍ਰਵਾਨਗੀ ਦਿੱਤੀ। ਸਮਝਿਆ ਜਾ ਸਕਦਾ ਹੈ ਕਿ ਸਿੱਖ ਰਹਿਤ ਮਰਿਯਾਦਾ ਦੀ ਤਿਆਰੀ ਸਮੁੱਚੇ ਪੰਥਕ ਵਿਦਵਾਨਾਂ ਨੇ ਪੂਰੀ ਗੰਭੀਰਤਾ ਨਾਲ ਕੀਤੀ। ਸ਼੍ਰੋਮਣੀ ਕਮੇਟੀ ਨੇ ਪੂਰੇ ਸਾਧਨ ਪ੍ਰਦਾਨ ਕਰਕੇ ਵਿਦਵਾਨਾਂ ਦੀਆਂ ਸੇਵਾਵਾਂ ਲੈ ਕੇ ਰਹਿਤ ਮਰਿਯਾਦਾ ਦਾ ਖਰੜਾ (ਦਸਤਾਵੇਦ) ਤਿਆਰ ਕਰਵਾਇਆ ਤੇ ਫਿਰ ਜਨਰਲ ਇਜਲਾਸ ਵਿਚੋਂ ਪਾਸ ਕਰਵਾਇਆ।
ਸਿੱਖ ਰਹਿਤ ਮਰਿਯਾਦਾ ਦੀ ਮਹਾਨਤਾ ਨੂੰ ਸਮਝਣ ਲਈ ਦੋ ਵਾਕਿਆ ਦਾ ਜ਼ਿਕਰ ਕਰਾਂਗੇ— ਮਰਿਯਾਦਾ ਨਾਲ ਛੇੜ ਛਾੜ ਜੋ ਪ੍ਰਵਾਨ ਨਾ ਹੋ ਸਕੀ– ਸਿੱਖ ਰਹਿਤ ਮਰਿਯਾਦਾ ਸਬੰਧੀ ਇਕ ਅਜੇਹਾ ਮਤਾ ਵੀ ਆਇਆ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੱਦ ਕਰ ਦਿੱਤਾ। 28 ਅਪ੍ਰੈਲ 1985 ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤ੍ਰਤਾ ਸਿੱਖ ਰਹਿਤ ਮਰਿਯਾਦਾ ਵਿਚ ਕੁਝ ਸੋਧਾਂ ਦਾ ਮਤਾ ਪਾਸ ਕੀਤਾ ਗਿਆ। “ਸਿੱਖ ਰਹਿਤ ਮਰਿਯਾਦਾ ਦੇ ਪੰਨਾ 9 ਅਤੇ ਪੰਨਾ 26 ਉੱਪਰ ਨਿੱਤਨੇਮ ਦੀਆਂ ਬਾਣੀਆਂ ਵਿੱਚ ਇਸ ਤਰ੍ਹਾਂ ਸੋਧ ਕਰ ਦਿੱਤੀ ਜਾਏ: ਜਪੁ, ਜਾਪੁ, 10 ਸਵੱਯੇ (ਸ੍ਰਾਵਗ ਸੁਧ ਵਾਲੇ) ਬੇਨਤੀ ਚੌਪਈ ਤੇ ਅਨੰਦੁ” ਪਰ ਨਾ ਇਹ ਫੈਸਲਾ ਅਮਲ ਵਿਚ ਹੀ ਆਇਆ ਤੇ ਨਾ ਹੀ ਸਿੰਘ ਸਾਹਿਬਾਨ ਵੱਲੋਂ ਇਸ ਬਾਰੇ ਕੋਈ ਅਗਲੀ ਕਾਰਵਾਈ ਕੀਤੀ ਗਈ। ਇਕ ਵਾਰ ਫਿਰ 29 ਮਾਰਚ 1988 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਦੀ ਦਰਸ਼ਨੀ ਡਿਉਢੀ ਵਿੱਚ ਇਕੱਤ੍ਰਤਾ ਹੋਈ ਇਸ ਵਿੱਚ ਤਿੰਨ ਮਤੇ ਪ੍ਰਵਾਨ ਕੀਤੇ ਗਏ ਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਜਾਰੀ ਕੀਤੀ ਕਿ ਉਹ ਇਸ ਨੂੰ ਲਾਗੂ ਕਰੇ। ਇਸ ਦਾ ਵੇਰਵਾ ਸ੍ਰ ਕੁਲਵੰਤ ਸਿੰਘ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਪੁਸਤਕ ਸ਼੍ਰੋਮਣੀ ਕਮੇਟੀ ਨੂੰ ਗ੍ਰਹਿਣ ਦੇ ਪੰਨਾ 155-56 ‘ਤੇ ਦਿੱਤਾ ਹੈ— 1 ਪੁਰਤਨ ਪੰਜ ਗ੍ਰੰਥੀ ਵਿੱਚ ਜੋ ਭਾਈ ਮਨੀ ਸਿੰਘ ਜੀ ਵਾਲੀ ਸੰਪੂਰਨ ਰਹਿਰਾਸ ਸਾਹਿਬ ਹੈ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੜ੍ਹੀ ਜਾਵੇ। 2 ਰਹਿਰਾਸ ਸਾਹਿਬ ਜੀ ਦੇ ਭੋਗ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖਵਾਕ ਲਿਆ ਜਾਵੇ। 3 ਮੂਲ ਮੰਤ੍ਰ ਸਾਹਿਬ ਜੀ ਦਾ ਮੰਗਲਾਚਰਨ ਨਾਨਕ ਹੋਸੀ ਭੀ ਸਚੁ ਤਕ ਉਚਾਰਨ ਕੀਤਾ ਜਾਵੇ।
ਮਰਿਯਾਦਾ ਦਾ ਪੁਰਾਣਾ ਰੂਪ ਹੀ ਬਹਾਲ ਰਿਹਾ ਦੋ ਵਾਰ ਇਹ ਤਬਦੀਲੀ ਕੀਤੀ ਗਈ ਸੀ ਜਿਹੜੀ ਪ੍ਰਵਾਨ ਨਹੀਂ ਚੜ੍ਹ ਸਕੀ ਕਿਉਂਕਿ ਇਹ ਤਬਦੀਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿੰ੍ਰਗ ਕਮੇਟੀ ਦੀ ਉਚੇਚੀ ਇਕੱਤ੍ਰਤਾ 30-5-1988 ਨੂੰ ਅੰਮ੍ਰਿਤਸਰ ਵਿਖੇ ਹੋਈ ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ “ਸ੍ਰੀ ਦਰਬਾਰ ਸਾਹਿਬ ਅੰਦਰ ਪਹਿਲੀ ਮਰਿਯਾਦਾ ਹੀ ਲਾਗੂ ਰਹੇਗੀ। ਉਸ ਵਿੱਚ ਕੋਈ ਤਬਦੀਲੀ ਕਰਨ ਤੋਂ ਪਹਿਲਾਂ ਸਿੰਘ ਸਭਾਵਾਂ, ਸਿੱਖ ਸੰਪਰਦਾਵਾਂ, ਬੁੱਧੀਜੀਵੀਆਂ, ਸਿੱਖ ਸੰਸਥਾਵਾਂ ਦੀ ਰਾਏ ਲਈ ਜਾਵੇਗੀ। (ਹੁਕਨਾਮੇ ਆਦੇਸ਼ ਸੰਦੇਸ਼, ਰੂਪ ਸਿੰਘ ਪੰਨਾ 127” ਇਸ ਦਾ ਅਰਥ ਹੈ ਕਿ ਸਿੱਖ ਰਹਿਤ ਮਰਿਯਾਦਾ ਕੋਈ ਆਮ ਦਸਤਾਵੇਜ਼ ਨਹੀਂ ਹੈ ਜਿਹੜਾ ਮਰਜ਼ੀ ਉੱਠ ਕੇ ਬਦਲ ਲਏ ਇਹ ਸਮੁੱਚੇ ਪੰਥ ਨੂੰ ਪਿਆਰ ਕਲ਼ਾਵੇ ਵਿਚ ਲੈਂਦਾ ਹੈ। ਦੂਲੇ ਪੰਥ ਵਿਚ ਗੁਰ-ਬਿਲਾਸ ਵਰਗੀਆਂ ਪੁਸਤਕਾਂ ਹੋਂਦ ਵਿਚ ਆਉਣ ਨਾਲ ਨਿਆਰੇਪਨ ਨੂੰ ਢਾਹ ਲੱਗਣੀ ਸ਼ੁਰੂ ਹੋਈ। ਵੱਖ ਵੱਖ ਰਹਿਤਨਾਮਿਆਂ ਵਿਚ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਮਿਲਦੀਆਂ ਹਨ ਜਿਹੜੀਆਂ ਗੁਰਬਾਣੀ ਦੀ ਕਸਵੱਟੀ ‘ਤੇ ਪੂਰੀਆਂ ਨਹੀਂ ਉੱਤਰਦੀਆਂ ਹਨ। ਇਹ ਮੰਨਣਾ ਪਏਗਾ ਕਿ ਬਿਪਰੀ ਸੋਚ 1708 ਉਪਰੰਤ ਬਹੁਤ ਹੀ ਸ਼ਾਤਰ ਚਾਲ ਨਾਲ ਸਿੱਖੀ ਵਿਚ ਘੁੱਸਪੈਠ ਕਰਨ ਦਾ ਯਤਨ ਕੀਤਾ ਸੀ ਜਿਸ ਦਾ ਸਿੱਖ ਰਹਿਤ ਮਰਿਯਾਦਾ ਨੇ ਨਿਖੇੜਾ ਕੀਤਾ।
ਸ਼੍ਰੋਮਣੀ ਕਮੇਟੀ ਤੇ ਪੰਥਕ ਵਿਦਵਾਨਾਂ ਵਲੋਂ ਉਪਰਾਲੇ ਰਹਿਤ ਮਰਿਯਾਦਾ ਦੀ ਲੋੜ ਨੂੰ ਮਹਿਸੂਸ ਕਰਦਿਆਂ 15 ਮਾਰਚ 1927 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਇਕੱਤ੍ਰਤਾ ਹੋਈ ਜਿਸ ਵਿਚ ਮਤਾ ਪਾਸ ਕੀਤਾ ਗਿਆ ਕਿ ਪੰਥਕ ਵਿਦਵਾਨਾਂ ਕੋਲੋਂ ਪੰਥ ਲਈ ਵਿਧੀ ਵਿਧਾਨ ਤਿਆਰ ਕਰਾਇਆ ਜਾਏ ਜਿਹੜਾ ਖਾਲਸਈ ਸ਼ਾਨ ਨੂੰ ਨਿਖਾਰਦਾ ਹੋਵੇ। 27 ਵਿਦਵਾਨਾਂ ਦੀ ਕਮੇਟੀ ਬਣੀ 27 ਫਰਵਰੀ 1933 ਨੂੰ ਬਾਬੁ ਮੱਲ ਸਿੰਘ ਵਲੋਂ ਭਾਈ ਰਣਧਰਿ ਸਿੰਘ ਦਾ ਨਾਂ ਸ਼ਾਮਿਲ ਕੀਤਾ ਗਿਆ।ਇੰਝ ਕੁੱਲ ਗਿਣਤੀ 29 ਹੋ ਗਈ। 3-4 ਅਕਤੂਬਰ 1931, 3 ਜਨਵਰੀ 1932, 31 ਜਨਵਰੀ 1932 ਨੂੰ ਅਕਾਲ ਤੱਖਤ ‘ਤੇ ਇਕੱਤ੍ਰਤਾਵਾਂ ਹੁੰਦੀਆਂ ਰਹੀਆਂ। ਕਰਦਿਆਂ ਕਤਰਦਿਆਂ 30 ਦਸੰਬਰ 1933 ਦੀ ਇਕੱਤ੍ਰਤਾ ਦੌਰਾਨ ਸਾਹਮਣੇ ਆਏ ਵਿਚਾਰਾਂ ਨੂੰ ਧਿਆਨ ਵਿਚ ਰੱਖਦਿਆਂ ਪਹਿਲੇ ਖਰੜੇ ਵਿਚ ਸੋਧਾਂ, ਹੋਰ ਰਾਵਾਂ ਲਈ ਇਸ ਦੀਆਂ ਕਾਪੀਆਂ ਵੰਡੀਆਂ ਗਈਆਂ।
ਸਿੱਖ ਰਹਿਤ ਮਰਿਯਾਦਾ ਨੂੰ ਪ੍ਰਵਾਨਗੀ ਬਹੁਤ ਸਾਰੇ ਡੇਰੇ ਤੇ ਉਨ੍ਹਾਂ ਵਲੋਂ ਥਾਪੇ ਵਿਦਵਾਨਾਂ ਵਲੋਂ ਅੱਜ ਤੱਕ ਇਹ ਰੌਲ਼ਾ ਪਵਾਇਆ ਜਾ ਰਿਹਾ ਹੈ ਕਿ ਜੀ ਇਹ ਤਾਂ ਇਕ ਖਰੜਾ ਹੈ ਇਸ ਨੂੰ ਤਾਂ ਪ੍ਰਵਾਨਗੀ ਹੀ ਨਹੀਂ ਮਿਲੀ ਜਦ ਕਿ ਇਸ ਦਸਤਾਵੇਜ਼ ਨੂੰ ਪ੍ਰਵਾਨਗੀ ਮਿਲੀ ਹੋਈ ਹੈ। ਤਰੀਕਾਂ ਸਾਹਿਤ ਪੂਰਾ ਵੇਰਵਾ ਹੇਠਾਂ ਅੰਕਤ ਹੈ। ਪੌਣੇ ਤਿੰਨ ਸਾਲ ਵਿਚਾਰ ਵਟਾਂਦਰਾ ਹੁੰਦਾ ਰਿਹਾ ਅਖੀਰ ਸੋਧੇ ਹੋਏ ਖਰੜੇ ਨੂੰ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੇ ਆਪਣੀ ਇਕੱਤ੍ਰਤਾ 1-8-1936 ਮਤਾ ਨੰਬਰ 1 ਰਾਹੀਂ ਇਸ ਨੂੰ ਪਾਸ ਕਰ ਦਿੱਤਾ। ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਇਕੱਤ੍ਰਤਾ 12-10-1936 ਨੂੰ ਮਤਾ ਨੰਬਰ 149 ਰਾਹੀਂ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਅਤੇ ਅਕਾਲ ਤੱਖਤ ਦੇ ਜੱਥੇਦਾਰ ਵਲੋਂ ਪੰਥ ਦੇ ਨਾਮ ਜਾਰੀ ਕੀਤੀ।
ਕੁਝ ਸੰਪਰਦਾਵਾਂ ਨੇ ਟਿੰਡ ਵਿਚ ਕਾਨਾ ਪਾਇਆ ਸੀ ਜਿਸ ਕਰਕੇ 7 ਜਨਵਰੀ 1944 ਨੂੰ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੇ ਧਾਰਮਿਕ ਸਲਾਹਕਾਰ ਕਮੇਟੀ ਵਲੋਂ ਕੁਝ ਵਾਧਾ ਘਾਟਾ ਕਰਨ ਲਈ ਵਿਚਾਰ ਵਟਾਂਦਰਾ ਹੋਇਆ।ਧਾਰਮਿਕ ਸਲਾਕਾਰ ਕਮੇਟੀ ਦੀ ਸਿਫਾਰਸ਼ ਨੂੰ ਸ਼੍ਰੋਮਣੀ ਕਮੇਟੀ ਦੀ ਵਿਸ਼ੇਸ਼ ਜਨਰਲ ਇਕੱਤ੍ਰਤਾ 3 ਫਰਵਰੀ 1945 ਨੇ ਮਤਾ ਨੰਬਰ 97 ਰਾਹੀਂ ਵੀਚਾਰ ਕੇ ਪ੍ਰਵਾਨਗੀ ਦਿੱਤੀ। 1) ਸਿੱਖ ਰਹਿਤ ਮਰਿਯਾਦਾ ਦੀ ਮਹਾਨਤਾ- ਰਹਿਤ ਮਰਿਯਾਦਾ ਦੀ ਸਭ ਤੋਂ ਪਹਿਲੀ ਖੂਬੀ ਹੈ ਕਿ ਇਹ ਕੌਮ ਨੂੰ ਇਕ ਗ੍ਰੰਥ, ਇਕ ਪੰਥ, ਇਕ ਮਰਿਯਾਦਾ ਦੇ ਸੂਤਰ ਵਿਚ ਪਰੋਂਦੀ ਹੈ। ਕੌਮ ਨੂੰ ਇਕਸਾਰਤਾ ਵਿੱਚ ਰੱਖਣ ਲਈ ਰਹਿਤ ਮਰਿਯਾਦਾ ਦਾ ਸਭ ਤੋਂ ਵੱਡਾ ਸੂਤਰ ਹੈ। ਗੁਰੂ ਨਾਨਕ ਸਾਹਿਬ ਜੀ ਚੱਕੀ ਤੇ ਦਾਣਿਆਂ ਦੀ ਵਿਚਾਰ ਦੇ ਕੇ ਸਮਝਾਉਂਦੇ ਹਨ ਕਿ ਜਿਹੜੇ ਦਾਣੇ ਚੱਕੀ ਦੇ ਧੁਰੇ ਨੇੜੇ ਪਏ ਰਹਿੰਦੇ ਹਨ ਉਹ ਪੀਸਣ ਤੋਂ ਬਚ ਜਾਂਦੇ ਹਨ ਤੇ ਜਿਹੜੇ ਧੁਰੇ ਦਾ ਸਾਥ ਛੱਡ ਜਾਂਦੇ ਹਨ ਉਹ ਆਟਾ ਬਣ ਜਾਂਦੇ ਹਨ। ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ॥ ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥1॥ (142) ਅਤੇ ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ ॥ ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ ॥1॥ (319)
2) ਸਿੱਖ ਰਹਿਤ ਮਰਿਯਾਦਾ ਦੁਬਿਧਾਵਾਂ ਨੂੰ ਖਤਮ ਕਰਦੀ ਹੈ— ਡੇਰੇਦਾਰਾਂ ਵਲੋਂ ਆਮ ਹੀ ਕਿਹਾ ਜਾਂਦਾ ਹੈ ਕਿ ਜੀ ਮਿਸ਼ਨਰੀ ਦੁਬਿਧਾ ਖੜੀ ਕਰਦੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਮਿਸ਼ਨਰੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਿਰਮੋਰਤਾ ਅਤੇ ਸਿੱਖ ਰਹਿਤ ਮਰਿਯਾਦਾ ਨੂੰ ਮੰਨ ਕੇ ਚੱਲਦੇ ਹਨ। ਇਹ ਸਵਾਲ ਤਾਂ ਉਨ੍ਹਾਂ ਨੂੰ ਕਰਨਾ ਬਣਦਾ ਹੈ ਜਿਹੜੇ ਰਹਿਤ ਮਰਿਯਾਦਾ ਨੂੰ ਮੰਨਦੇ ਹੀ ਨਹੀਂ ਹਨ। ਦੁਬਿਧਾ ਤਾਂ ਉਹ ਡੇਰੇ ਖੜੀ ਕਰਦੇ ਹਨ ਜਿਹੜੇ ਸਿੱਖ ਰਹਿਤ ਮਰਿਯਾਦਾ ਤੋਂ ਪੂਰੀ ਤਰ੍ਹਾਂ ਮੁਨਕਰ ਹਨ। ਸਿੱਖ ਰਹਿਤ ਮਰਿਯਾਦਾ ਨੇ ਮੰਗਲਾ ਚਰਨ ਦਾ ਰੂਪ ਸਭ ਦੇ ਸਾਹਮਣੇ ਰੱਖਿਆ ਹੈ ਪਰ ਡੇਰੇ ਵਾਲੇ ਆਖਦੇ ਹਨ ਕਿ ਹੋਸੀ ਭੀ ਤਕ ਹੈ। ਫਿਰ ਇਹ ਵਿਚਾਰ ਕਰਨੀ ਬਣਦੀ ਹੈ ਵਿਰੋਧ ਕੌਣ ਕਰਦਾ ਹੈ? ਇਹ ਬਿਲਕੁਲ ਠੀਕ ਹੈ ਇਨ੍ਹਾਂ ਡੇਰਿਆਂ ਦੀ ਮਰਿਯਾਦਾ ਆਪੋ ਆਪਣੀ ਹੈ ਇਨ੍ਹਾਂ ਡੇਰਿਆਂ ਦੀ ਆਪਸ ਵਿਚ ਕਿਸੇ ਦੀ ਵੀ ਨਹੀਂ ਬਣਦੀ। ਪਰ ਸਿੱਖ ਰਹਿਤ ਮਰਿਯਾਦਾ ਦਾ ਵਿਰੋਧ ਕਰਨ ਲਈ ਇਹ ਸਾਰੇ ਇਕੱਠੇ ਹੋ ਜਾਂਦੇ ਹਨ। ਇਹ ਸੰਪਟ ਲਾ ਕੇ ਪਾਠ ਕਰਨ ਗੁਟਕੇ ਤਿਆਰ ਕਰਨ ਤਾਂ ਕੋਈ ਦੁਬਿਧਾ ਪੈਦਾ ਨਹੀਂ ਹੁੰਦੀ ਜੇ ਮਿਸ਼ਨਰੀ ਕਾਲਜ ਸਿੱਖ ਰਹਿਤ ਮਰਿਯਾਦਾ ਨੂੰ ਸਮਝਾਉਣ ਦਾ ਯਤਨ ਕਰਨ ਝੱਟ ਇਕੱਠੇ ਹੋ ਜਾਂਦੇ ਹਨ ਕਿ ਜੀ ਇਹ ਕੌਮ ਵਿਚ ਦੁਬਿਧਾ ਖੜੀ ਕਰਦੇ ਹਨ। ਸਿੱਖੀ ਭੇਸ ਵਿਚ ਬਹੁਤ ਸਾਰੇ ਡੇਰੇ ਤੇ ਸੰਪਰਦਾਵਾਂ ਰਹਿਤ ਮਰਿਯਾਦਾ ਦੀ ਧਾਰਾ ਨਾਲੋਂ ਟੁਟ ਕੇ ਆਪਣੀ ਆਪਣੀ ਰਹਿਤ ਮਰਿਯਾਦਾ ਬਣਾਈ ਫਿਰਦੇ ਹਨ। ਕਈ ਡੇਰਿਆਂ ਨੇ ਪੁਰਾਤਨਤਾ ਦਾ ਨਾਂ ਦੇਕੇ ਆਪਣੇ ਆਪ ਨੂੰ ਸਥਾਪਿਤ ਕੀਤਾ ਹੋਇਆ ਹੈ। ਸਿੱਖ ਰਹਿਤ ਮਰਿਯਾਦਾ ਤੋਂ ਮੁਨਕਰ ਡੇਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਬਿਪਰਵਾਦੀ ਸੋਚ ਪ੍ਰਭਵਸ਼ਾਲੀ ਢੰਗ ਨਾਲ ਪ੍ਰਫੁੱਲਤ ਹੋਈ ਹੈ ਇਹ ਇਕ ਸੋਚਣ ਵਾਲਾ ਮੁੱਦਾ ਹੈ ਕਿ ਰਹਿਤ ਮਰਿਯਾਦਾ ਨੂੰ ਨਾ ਮੰਨਣ ਕਰਕੇ ਪੰਥ ਵਿਚ ਦੁਬਿਧਾਵਾਂ ਖੜੀਆਂ ਕਿਸ ਨੇ ਕੀਤੀਆਂ ਹਨ? ਪਾਣੀ ਹਮੇਸ਼ਾਂ ਦੋ ਕੰਢਿਆਂ ਦੇ ਵਿਚਕਾਰ ਚੱਲ ਕੇ ਸੁਮੰਦਰ ਤਕ ਦੀ ਦੂਰੀ ਤਹਿ ਕਰਦਾ ਹੈ। ਕਈ ਵਾਰੀ ਹੜ੍ਹ ਆਉਣ ਨਾਲ ਦਰਿਆਵਾਂ ਦਾ ਪਾਣੀ ਕੰਢਿਆਂ ਤੋਂ ਬਾਹਰ ਚਲਿਆ ਜਾਂਦਾ ਹੈ। ਅਜੇਹਾ ਪਾਣੀ ਛੱਪੜੀ ਦਾ ਰੂਪ ਧਾਰਨ ਕਰ ਜਾਂਦਾ ਹੈ। ਖਲੋਤੇ ਪਾਣੀ ਵਿਚ ਸੜ੍ਹਾਂਦ ਪੈਦਾ ਹੋ ਜਾਂਦੀ ਹੈ। ਜੇ ਪਾਣੀ ਵਿਚ ਰਵਾਨਗੀ ਰਹੇਗੀ ਤਾਂ ਉਹ ਨਿਰਮਲ ਜਲ ਅਖਵਾਉਂਦਾ ਹੈ ਧਾਰਾ ਨਾਲੋਂ ਟੁੱਟ ਜਾਏ ਤਾਂ ਛੱਪੜੀ ਅਖਵਾਉਂਦਾ ਹੈ। ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਣ ਵਾਲਾ ਰਹਿਤ ਮਰਿਯਾਦਾ ਦੇ ਬੰਧਾਨ ਵਿਚ ਚੱਲਣ ਵਾਲਾ ਇਕਸਾਰਤਾ ਵਿਚ ਰਹਿੰਦਾ ਹੈ। ਗੁਰਬਾਣੀ ਵਾਕ ਹੈ— ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥ ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ ॥ (646)
3) ਸਾਦੇ ਜੀਵਨ ਦੀ ਪ੍ਰੋੜਤਾ- ਰਹਿਤ ਮਰਿਯਾਦਾ ਦੀ ਤੀਜੀ ਖੂਬੀ ਬੜੀ ਮਹੱਤਵ ਪੂਰਨ ਹੈ ਕਿ ਇਹ ਸਾਦੇ ਜੀਵਨ ਦੀ ਵਿਆਖਿਆ ਕਰਦੀ ਹੈ। ਇਹ ਹੁਣ ਸਾਡੇ ‘ਤੇ ਨਿਰਭਰ ਕਰਦਾ ਹੈ ਕਿ ਅਸਾਂ ਸਾਦਾ ਰਹਿਣਾ ਹੈ ਜਾਂ ਉਝੜਨਾ ਹੈ। ਅਨੰਦ ਕਾਰਜ ਦੇ ਸਿਰਲੇਖ ਹੇਠ ਕ ਭਾਗ ਵਿਚ ਲਿਖਿਆ ਹੈ ਕਿ ਅਨੰਦ ਕਾਰਜ ਤੋਂ ਪਹਿਲਾਂ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ, ਪਰ ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸਾ ਸੋਧ ਕੇ ਇਕ ਕਿਰਪਾਨ, ਕੜਾ ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ। ਅਨੰਦ ਕਾਰਜ ਦੇ ਕੱਕਾ ਭਾਗ ਨੂੰ ਅਸਾਂ ਸਾਦਾ ਰਹਿਣ ਨਹੀਂ ਦਿੱਤਾ। ਸਾਡੇ ਅਨੰਦ ਕਾਰਜ ਵੱਖ ਵੱਖ ਧਰਮਾਂ ਦੇ ਰੀਤੀ ਰਿਵਾਜਾਂ ਦੀ ਭੇਟ ਚੜ੍ਹ ਗਏ ਹਨ। ਪਹਿਲਾਂ ਰੋਕ, ਰਿੰਗ ਸੈਰੇਮਨੀ, ਸ਼ਗਨ, ਚੁੰਨੀ ਚੜ੍ਹਾਉਣੀ ਤੇ ਫਿਰ ਅਨੰਦ ਕਾਰਜ। ਰਹਿਤ ਮਰਿਯਾਦਾ ਨੇ ਤਾਂ ਸਾਦੇ ਵਿਆਹ ਦੀ ਤਾਗ਼ੀਦ ਕੀਤੀ ਸੀ ਪਰ ਅਸੀਂ ਆਪ ਹੀ ਮਹਿੰਗੇ ਪਾਸੇ ਤੁਰ ਪਏ ਹਾਂ। ਲੜਕੇ ਦੇ ਸਗਨ ਦੀ ਵਿਚਾਰ ਤਾਂ ਆਉਂਦੀ ਪਰ ਹੁਣ ਬਰਾਬਰਤਾ ਦੇ ਨਾਂ ਹੇਠ ਲੜਕੀ ਨੂੰ ਵੀ ਓਸੇ ਤਰ੍ਹਾਂ ਸਗ਼ਨ ਦੀ ਰਸਮ ਅਦਾ ਕੀਤੀ ਜਾ ਰਹੀ ਹੈ ਜੋ ਕਿ ਰਹਿਤ ਮਰਿਯਾਦਾ ਵਿਚ ਅੰਕਤ ਨਹੀਂ ਹੈ। ਪੰਜਾਬ ਵਿਚ ਮੈਰਿਜ ਪੈਲਿਸ ਦੇ ਸਭਿਅਚਾਰ ਨੇ ਰਹਿਤ ਮਰਿਯਾਦਾ ਨੂੰ ਬਹੁਤ ਵੱਡਾ ਖੋਰਾ ਲਾਇਆ ਹੈ। ਜੇ ਰਹਿਤ ਮਰਿਯਾਦਾ ਵਿਚਲੇ ਅਨੰਦ ਕਾਰਜ ਦੀ ਮਹੱਤਤਾ ਨੂੰ ਸਮਝਿਆ ਜਾਂਦਾ ਤਾਂ ਨਿਰ ਸੰਦੇਹ ਅਸੀਂ ਫਜੂਲ ਦੇ ਖਰਚੇ ਤੋਂ ਬਚ ਸਕਦੇ ਹਾਂ। ਅਨੰਦ ਕਾਰਜ ਦੀ ਮਰਿਯਾਦਾ ਸਾਰੇ ਸਿੱਖ ਜਗਤ ਨੂੰ ਬਰਾਬਰਤਾ ਤੇ ਏਕੇ ਵਿਚ ਜੋੜਦੀ ਹੈ।
4) ਜਾਤ-ਪਾਤ ਤੇ ਛੂਤ-ਛਾਤ- ਦੇਖਿਆ ਸਮਝਿਆ ਜਾਏ ਤਾਂ ਸਿੱਖ ਧਰਮ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਧ ਝੰਡਾ ਬਰਦਾਰ ਹੈ ਜਿੱਥੇ “ਸਭੇ ਸਾਂਝੀਵਾਲ ਸਦਾਇਨਿ” ਦਾ ਨਾਅਰਾ ਬੁਲੰਦ ਕੀਤਾ। ਇਕ ਸਰੋਵਰ, ਇਕ ਬਉਲੀ, ਇਕ ਪੰਗਤ ਇਕ ਸੰਗਤ ਵਿਚ ਸਭ ਨੂੰ ਬਰਾਬਰ ਦੇ ਅਧਿਕਾਰ ਪਰਦਾਨ ਹੁੰਦੇ ਹਨ। ਜਦੋਂ ਇਕੋ ਬਾਟੇ ਵਿਚੋਂ ਖੰਡੇ ਦੀ ਪਹੁਲ ਪ੍ਰਾਪਤ ਹੁੰਦੀ ਹੈ ਤਾਂ ਜਾਤ ਵੰਡ ਤੇ ਛੂਤ ਛਾਤ ਵਰਗੀਆਂ ਬਿਮਾਰੀਆਂ ਰਹਿ ਹੀ ਨਹੀਂ ਜਾਂਦੀਆਂ। ਹੁਣ ਕੋਈ ਕਹਿੰਦਾ ਹੈ ਮੈਂ ਜੱਟ, ਤਰਖਾਣ, ਖੱਤਰੀ ਹਾਂ ਜੇ ਇਹ ਕਹਿਣਾ ਸ਼ੁਰੂ ਹੋਵੇ ਕਿ ਮੈਂ ਸਰਦਾਰ ਹਾਂ ਤਾਂ ਸਾਡੀਆਂ ਜਾਤ ਪਾਤ ਛੂਤ ਛਾਤ ਵਰਗੀਆਂ ਬਿਮਾਰੀਆਂ ਆਪਣੇ ਆਪ ਖਤਮ ਹੋ ਜਾਂਦੀਆਂ ਹਨ। ਜਟ ਬੂਟ ਕਹੇ ਜਗ ਮਾਹੀ। ਬਾਣੀਏ ਕਿਰਾੜ ਖੱਤਰੀ ਸਦਾਹੀ। ਲੋਹਾਰ ਤਰਖਾਨ ਹੋਤ ਜਾਤ ਕਮੀਨੀ। ਪੀਪੀ ਕਲਾਲ ਨੀਚਨ ਪਹਿ ਕਿਰਪਾ ਕੀਨੀ ਗੁਜਰ, ਗੁਆਰ ਹੀਰ ਕਮਜਾਤ। ਕਮਯੋ ਸ਼ੂਦਰ ਕੋਈ ਪੁਛੇ ਨਾ ਬਾਤ। ਝੀਵਰ ਨਾਈ ਰੋੜੇ ਘੁਮਿਆਰ। ਸੈਣੀ ਸੁਨਿਆਰ ਚੂਹੜੇ ਚਮਿਆਰ। ਬੱਟ ਔ ਬ੍ਰਾਹਮਣ ਹੋਤ ਮੰਗਵਾਰ। ਬਹੁਰੂਪੀੲ ਲਬਾਨੇ ਔ ਘੁਮਿਆਰ। ਇਨ ਗਰੀਬ ਸਿੱਖਨ ਕੋ ਦਿਓ ਪਾਤਸ਼ਾਹੀ। ਏਹ ਯਾਦ ਰੱਖੇ ਹਮਰੀ ਗੁਰਿਆਈ। ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ।
5) ਕਰਮ-ਕਾਂਡ- ਨਿਰ ਸੰਦੇਹ ਗੁਰਬਾਣੀ ਉਪਦੇਸ਼ ਬਿੱਪਰੀ ਕਰਮ ਕਾਡਾਂ ਤੋਂ ਸਾਡਾ ਖਹਿੜਾ ਛਡਾਉਂਦੀ ਹੈ, ਸਿੱਖ ਰਹਿਤ ਮਰਿਯਾਦਾ ਵਿਚ ਗੁਰਮਤਿ ਦੀ ਰਹਿਣੀ ਸਿਰਲੇਖ ਹੇਠ ਵਿਸਥਾਰ ਨਾਲ ਕਰਮਕਾਡਾਂ ਦਾ ਜ਼ਿਕਰ ਆਉਂਦਾ ਹੈ। ਸਭ ਤੋਂ ਪਹਿਲਾਂ ਇਕ ਅਕਾਲ ਪੁਰਖ ਤੋਂ ਇਲਾਵਾ ਕਿਸੇ ਦੇਵੀ ਦੇਵਤੇ ਨੂੰ ਕੋਈ ਮਾਨਤਾ ਨਹੀਂ ਹੈ। ਜੰਤ੍ਰ ਮੰਤ੍ਰ ਤੰਤ੍ਰ, ਤਿੱਥ, ਮਹੂਰਤ, ਗ੍ਰਹਿ, ਰਾਸ਼, ਸ਼ਰਾਧ, ਪਿੱਤ੍ਰ, ਖਿਆਹ, ਪਿੰਡ, ਪੱਤਲ, ਦੀਵਾ, ਕਿਰਿਆ ਕਰਮ, ਹੋਮ, ਜੱਗ, ਤਰਪਣ, ਸਿੱਖਾ, ਸੂਤ, ਭੱਦਣ, ਇਕਾਦਸ਼ੀ, ਪੂਰਨਮਾਸ਼ੀ, ਆਦਿ ਦੇ ਵਰਤ, ਤਿਲਕ, ਜੰਝੂ, ਤੁਲਸੀ, ਮਾਲਾ, ਗੋਰ, ਮੱਠ, ਮੜ੍ਹੀ, ਮੂਰਤੀ, ਪੂਜਾ ਅਦਿ ਦੇ ਭਰਮ-ਰੂਪੀ ਕਰਮਾਂ ਉੱਤੇ ਨਿਸਚਾ ਨਹੀਂ ਕਰਨਾ। ਗੁਰ ਅਸਥਾਨ ਤੋਂ ਛੁਟ ਕਿਸੇ ਅਨ-ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ।
6) ਨਿਰਮਲ ਪੰਥ ਦੀ ਨਿਰਲਮਤਾ- ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਮਾਰਿਆ ਸਿੱਕਾ ਜਗਤ੍ਰ ਵਿਚ ਨਾਨਕ ਨਿਰਮਲ ਪੰਥ ਚਲਾਇਆ, ਗੁਰੂ ਨਾਨਕ ਸਾਹਿਬ ਜੀ ਪੁਰਾਣੇ ਰਾਹਾਂ ‘ਤੇ ਨਹੀਂ ਗੁਰੂ ਨਾਨਕ ਸਾਹਿਬ ਜੀ ਤੁਰੇ ਹਨ ਤਾਂ ਰਾਹ ਬਣਿਆ। ਕੁਝ ਪ੍ਰਮਾਣਾਂ ਨੂੰ ਸਮਝਾਂਗੇ— ਜਨੇਊ ਵਾਲੀ ਘਟਨਾ— ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥ ਸਿਖਾ ਕੰਨ ਚੜਾਈਆ ਗੁਰੁ ਬ੍ਰਾਹਮਣੁ ਥਿਆ॥ 471॥ ਅਤੇ ਕਬੀਰ ਸਾਹਿਬ ਜੀ ਨੇ ਪੂਰਾ ਵਿਸਥਾਰ ਹੀ ਦੇ ਦਿੱਤਾ। ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥1॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥2॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥3॥ (1159) ਰਹਿਤ ਮਰਿਯਾਦਾ ਵਿਚ ਹੋਰ ਵਿਸਥਾਰ ਦਿੱਤਾ ਹੈ— ਪੀਰ, ਬ੍ਰਾਹਮਣ, ਪੁਛਣਾ, ਸੁੱਖਣਾ, ਸ਼ੀਰਨੀ, ਵੇਦ ਸ਼ਾਸਤਰ, ਗਾਇਤ੍ਰੀ, ਗੀਤਾ, ਕੁਰਾਨ, ਅੰਜੀਲ, ਆਦਿ ਉੱਤੇ ਨਿਸ਼ਚਾ ਨਹੀਂ ਕਰਨਾ। ਹਾਂ ਆਮ ਵਾਕਫੀਅਤ ਲਈ ਅਨਮਤਾਂ ਦੇ ਗ੍ਰੰਥਾਂ ਦਾ ਪੜ੍ਹਨਾ ਯੋਗ ਹੈ। ਏੱਥੇ ਇਕ ਖੁਬਸੂਰਤ ਗੱਲ ਕੀਤੀ ਹੈ ਕਿ ਜੇ ਖਾਲਸਾ ਆਪਣੇ ਆਪ ਨੂੰ ਨਿਆਰਾ ਸਮਝਦਾ ਹੈ ਤਾਂ ਕਿਸੇ ਦਾ ਦਿਲ ਨਾ ਦੁਖਾਵੇ।
7) ਨਸ਼ਿਆਂ ਸਬੰਧੀ- ਰਹਿਤ ਮਰਿਯਾਦਾ ਵਿਚ ਤਮਾਕੂ ਨੂੰ ਬੱਜਰ ਕੁਹਿਰਤ ਮੰਨਿਆ ਗਿਆ ਹੈ, ਗੁਰਮਤਿ ਰਹਿਣੀ ਵਿਚ (ਙ) ਸਿਰਲੇਖ ਹੇਠ ਭੰਗ, ਅਫੀਮ, ਸ਼ਰਾਬ ਤੇ ਅੰਮ੍ਰਿਤ ਸੰਸਕਾਰ ਵਿੱਚ ਤਨਖਾਹੀਏ ਮੰਨਿਆ ਗਿਆ ਹੈ। ਸਿਰਲੇਖ ਹੇਠ ਨੰਬਰ 6 ਕੋਈ ਨਸ਼ਾ (ਭੰਗ, ਅਫ਼ੀਮ, ਸ਼ਰਾਬ, ਪੋਸਤ, ਕੁਕੀਨ ਆਦਿ ਵਰਤਣ ਵਾਲਾ ਤਨਖਾਹੀਆ ਮੰਨਿਆ ਗਿਆ। ਬੱਜਰ ‘ਤੇ ਤਨਖਾਹੀਏ ਵਿਚ ਫਰਕ ਹੈ। ਬੱਜਰ ਕੁਰਹਿਤ ਹੋ ਜਾਂਦੀ ਹੈ ਤਾਂ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਦੁਬਾਰਾ ਅੰਮ੍ਰਿਤ ਛੱਕਣਾ ਪੈਂਦਾ ਹੈ। ਜਦ ਕਿ ਤਨਖਾਹੀਆ ਨੂੰ ਖਾਲਸੇ ਦੇ ਦੀਵਾਨ ਵਿਚ ਹਾਜ਼ਰ ਹੋ ਕੇ ਬੇਨਤੀ ਕਰਕੇ ਤਨਖਾਹ ਬਖਸ਼ਾਉਣੀ ਪੈਂਦੀ ਹੈ। ਇਸ ਬਰੀਕੀ ਵਿਚ ਬਹੁਤ ਖੁਲ੍ਹਾ ਪੱਖ ਰੱਖਿਆ ਗਿਆ ਹੈ।
8) ਦੇਗ ਤੇਗ ਫਤਿਹ- ਦੇਗ ਤੇਗ ਨੂੰ ਅਰਦਾਸ ਵਿਚ ਦੋ ਵਾਰ ਵਰਤਿਆ ਹੈ। ਇਕ ਵਾਰ ਜਿੰਨ੍ਹਾਂ ਦੇਗ ਚਲਾਈ ਤੇਗ ਵਾਹੀ ਦੂਜੀ ਵਾਰ ਦੇਗ ਤੇਗ ਫਤਹਿ ਜੋ ਕਿ ਇਹ ਸਾਡਾ ਕੌਮੀ ਤਰਾਨੇ ਦਾ ਰੂਪ ਧਾਰ ਚੁੱਕਾ ਹੈ। ਦੇਗ ਦਾ ਖੇਤਰ ਬਹੁਤ ਵਿਸਾਲ ਤੇ ਮੁਕਮੰਲ ਸੰਸਥਾ ਹੈ, ਕਿਰਤੀ ਤੇ ਕਿਰਤ ਦੇ ਸਾਧਨ ਪੈਦਾ ਕਰਨ ਤੋਂ ਹੈ। ਦੇਗ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦੀ। ਸੰਸਾਰ ਵਿਚ ਕਿਤੇ ਵੀ ਕੋਈ ਆਫ਼ਤ ਆਉਂਦੀ ਹੈ ਦੇਗ ਪ੍ਰਗਟ ਹੋ ਕੇ ਆਪਣਾ ਪ੍ਰਤੱਖ ਰੂਪ ਦਿਖਾਉਂਦੀ ਹੈ। ਦੇਗ ਦਾ ਸਿੱਧਾ ਸਬੰਧ ਆਰਥਿਕ ਪੱਖ, ਖੁਸ਼ਹਾਲਤਾ ਤੇ ਮਿਹਨਤ ਤੋਂ ਹੈ। ਤੇਗ-ਖ਼ੁਦ-ਮੁਖ਼ਤਿਆਰੀ ਨੂੰ ਜਨਮ ਦੇ ਕੇ ਅਜ਼ਾਦੀ ਦਾ ਬਿਗਲ ਵਜਾਉਂਦੀ ਹੈ। ਤੇਗ ਅਜ਼ਾਦੀ ਦਾ ਰਾਹ ਪੱਧਰਾ ਕਰਕੇ ਗ਼ੁਲਾਮੀ ਦੀਆਂ ਜੜ੍ਹਾਂ ਵੱਢਦੀ ਹੈ। ਤੇਗ ਨੂੰ ਅਜ਼ਾਦ ਹੋਂਦ ਦਾ ਪ੍ਰਤੱਖ ਪ੍ਰਤੀਕ ਮੰਨਿਆ ਗਿਆ ਹੈ। ਭਾਈ ਕਾਨ੍ਹ ਸਿੰ੍ਹਘ ਜੀ ਨਾਭਾ ਦਾ ਕਥਨ ਹੈ, ਦੇਗ ਤੇਗ ਫਤਿਹ ਦਾ ਸਿੱਧਾ ਅਰਥ ਹੈ ਸਿੰਘਾਂ ਦੀ ਕ੍ਰਿਪਾਨ ਅਤੇ ਕੜਛੀ ਹਿਲਦੀ ਰਹਿਣੀ ਚਾਹੀਦੀ ਹੈ। ਇਨ੍ਹਾਂ ਨੂੰ ਜੰਗਾਲ਼ ਨਹੀਂ ਲਗਣਾ ਚਾਹੀਦਾ। ਸਪੂਰਨ ਤੌਰ ‘ਤੇ ਰਾਜ-ਭਾਗ ਦੀ ਸ਼ਕਤੀ ਹਾਸਲ ਕਰਨ ਲਈ ਸੁਚੇਤ ਹੋਣਾ, ਆਪਣੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਦਿਆਂ ਜਾਨ ਦੀ ਬਾਜ਼ੀ ਲਾ ਦੇਣੀ, ਮਜ਼ਲੂਮ ਦੀ ਰੱਖਿਆ ਤੇ ਇਨਸਾਫ਼ ਲਈ ਡੱਟਣ ਦਾ ਗਹਿਰਾ ਸੁਨੇਹਾ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਹੜਾ ਪਹਿਲਾ ਸਿੱਕਾ ਜਾਰੀ ਕੀਤਾ ਉਸ ‘ਤੇ ਇਹ ਅੱਖਰ ਉਕਰੇ ਹੋਏ ਸਨ— ਦੇਗੋ ਤੇਗੋ ਫ਼ਤਿਹ ਓ ਨਸਰਤ ਬੇ-ਦਿਰੰਗ। ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਲੰਗਰ, ਸ਼ਸਤ੍ਰ ਸਫਲਤਾ ਅਤੇ ਬੇਰੋਕ ਜਿੱਤ ਨਾਨਕ ਗੁਰੂ ਗੋਬਿੰਦ ਸਿੰਘ ਦੇ ਮਿਹਰ ਸਦਕਾ ਹੈ।
9) ਸਖ਼ਤ ਚਿਤਾਵਨੀ- ਜਿਉਂਦਾ ਸਮਾਜ ਬੱਝਵੀਂ ਨਿਯਮਾਵਲੀ ‘ਤੇ ਖੜਾ ਹੈ। ਸਮਾਜ ਨੂੰ ਖੁਲ੍ਹਾ ਨਹੀਂ ਛੱਡਿਆ ਜਾ ਸਕਦਾ। ਖੁਲ੍ਹਾ ਸਮਾਜ ਪਸ਼ੂ ਤਲ ‘ਤੇ ਆ ਜਾਂਦਾ ਹੈ। ਨਿਰੋਏ ਸਮਾਜ ਦੀ ਸਿਰਜਣਾ ਲਈ ਸਿੱਖ ਰਹਿਤ ਮਰਿਯਾਦਾ ਵਿਚ ਚਾਰ ਅਜੇਹੀਆਂ ਮੱਦਾਂ ਹਨ ਜਿਨ੍ਹਾਂ ਨੂੰ ਬੱਜਰ ਕੁਹਿਰਤਾਂ ਕਿਹਾ ਗਿਆ ਹੈ। ਇਨ੍ਹਾਂ ਨੂੰ ਸਖ਼ਤ ਚਿਤਾਵਨੀ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਇਨ੍ਹਾਂ ਬੱਜਰ ਕੁਰਹਿਤਾਂ ਵਿਚੋਂ ਕੋਈ ਇਕ ਕੁਰਹਿਤ ਹੋ ਜਾਂਦੀ ਹੈ ਤਾਂ ਉਹ ਸਿੱਖ ਭਾਈਚਾਰੇ ਵਿਚੋਂ ਆਪਣੇ ਆਪ ਹੀ ਬਾਹਰ ਹੋ ਜਾਂਦਾ ਹੈ। ਕੇਸਾਂ ਦੀ ਬੇ ਅਦਬੀ ਕੁੱਠਾ ਨਹੀਂ ਖਾਣਾ, ਪਰ ਪੁਰਸ਼ ਜਾਂ ਪਰ ਇਸਤ੍ਰੀ ਦਾ ਗ਼ਮਨ ਕਰਨਾ ਤੇ ਚੌਥਾ ਤਮਾਕੂ ਦਾ ਵਰਤਣਾ। ਤਮਾਕੂ ਜਗਤ ਝੂਠ ਹੈ ਕਿਉਂ ਕਿ ਤਮਾਕੂ ਦਾ ਧੂੰਆਂ ਕੋਲ ਬੈਠੈ ਸਾਰੇ ਲੋਕਾਂ ਦੇ ਸਾਹ ਵਿਚ ਚਲਾ ਜਾਂਦਾ ਹੈ। ਸਿੱਖੀ ਵਿਚ ਮਾਸ ਖਾਣ ਦੀ ਕੋਈ ਮਨਾਹੀ ਨਹੀਂ ਹੈ ਜਦ ਕਿ ਕੁਝ ਲੋਕ ਕੇਵਲ ਮਾਸ ਖਾਣ ਦੀ ਮਨਾਹੀ ਹੀ ਕਹੀ ਜਾ ਰਹੇ ਹਨ ਜੋ ਕਿ ਸਿਧਾਂਤਿਕ ਤੌਰ ‘ਤੇ ਗਲਤ ਹੈ। ਕੁਠੇ ਦਾ ਭਾਵ ਵੀ ਬਲੀ ਤੋਂ ਸੀ ਜਿਹੜਾ ਸਿੱਖ ਨੂੰ ਪਰਵਾਨ ਨਹੀਂ ਹੈ। 1935 ਈ. ਨੂੰ ਜੰਡਿਆਲਾ ਸ਼ੇਰ ਖਾਂ ਝਟਕਾ ਕਾਨਫ੍ਰੰਸ ਦੋ ਦਿਨ ਹੁੰਦੀ ਰਹੀ ਜਿਸ 25 ਇਕ ਦਿਨ ਤੇ 25 ਦੂਜੇ ਦਿਨ ਬੱਕਰੇ ਝਟਕਾਏ ਗਏ ਕਿਉਂਕਿ ਸਾਡੀ ਅਣਖ਼ ਦਾ ਸਵਾਲ ਸੀ। ਅੱਜ ਵੀ ਸਿੱਖੀ ਦਿਖ ਵਿਚ ਬਣੇ ਡੇਰੇ ਮਾਸ ਨਾ ਖਾਣ ਦੀ ਬੇ-ਲੋੜੀ ਵਕਾਲਤ ਕਰਦੇ ਹਨ ਇਨ੍ਹਾਂ ਨੂੰ ਪਛਾਨਣ ਦੀ ਲੋੜ ਹੈ।
10 ਰਹਿਤ ਮਰਿਯਾਦਾ ਦੀ ਵਿਲੱਖਣਤਾ ਪੰਥਕ ਰਹਿਣੀ ਵਿਚ ਸਥਾਨਿਕ ਫੈਸਲਿਆਂ ਦੀ ਅਪੀਲ ਆਉਂਦੀ ਹੈ। ਇਸ ਸਤਰ ਵਿਚ ਕਮਾਲ ਦੀ ਵਿਆਖਿਆ ਆਉਂਦੀ ਹੈ। ਸਥਾਨਿਕ ਗੁਰ-ਸੰਗਤ ਦੇ ਫੈਸਲਿਆਂ ਦੀ ਅਪੀਲ ਅਕਾਲ ਤੱਖਤ ਸਾਹਿਬ ਪਾਸ ਹੋ ਸਕਦੀ ਹੈ। ਇਸ ਵਿਚ ਦੋ ਸ਼ਬਦ ਵਿਚਾਰਨ ਵਾਲੇ ਹਨ ਗੁਰ-ਸੰਗਤ ਤੇ ਅਪੀਲ, ਇਸ ਦਾ ਅਰਥ ਹੈ ਕਿ ਸਥਾਨਿਕ ਸੰਗਤ ਨੂੰ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਸਥਾਨਿਕ ਤੌਰ ਤੇ ਹੀ ਹੱਲ ਹੋਣਾ ਚਾਹੀਦਾ ਹੈ। ਪ੍ਰਬੰਧਕ ਕਮੇਟੀਆਂ ਨਿਰਪੱਖ ਪੰਜਾਂ ਪਿਆਰਿਆਂ ਦੀ ਚੋਣ ਕਰਕੇ ਫੈਸਲੇ ਕਰਾ ਸਕਦੀ ਹੈ। ਸਿਰਫ ਅਪੀਲ ਹੀ ਅਕਾਲ ਤੱਖਤ ਤੇ ਆਉਣੀ ਚਾਹੀਦੀ ਹੈ।
11 ਸੁਚੇਤ ਹੋਣ ਦੀ ਜ਼ਰੂਰਤ ਹੈ ਰਹਿਤ ਮਰਿਯਾਦਾ ਵਿਚ ਗੁਰਦੁਆਰੇ ਦੇ ਸ ਸਿਰਲੇਖ ਹੇਠ ਲਿਖਿਆ ਹੈ ਕਿ ਹਾਂ ਸਥਾਨ ਨੂੰ ਸੰਗੰਧਿਤ ਕਰਨ ਲਈ ਫੁੱਲ, ਧੂਪ ਆਦਿ ਸੁਗੰਧੀਆਂ ਵਰਤਣੀਆਂ ਵਿਵਰਜਿਤ ਨਹੀਂ ਹਨ ਪਰ ਅਸਾਂ ਖੁੱਲ੍ਹ ਹੀ ਲੈ ਲਈ ਹੁਣ ਲੋਕ ਦਿਖਾਵੇ ਵਾਲੇ ਪਾਸੇ ਹੋ ਤੁਰੇ ਹਾਂ। ਚਾਰ ਚਾਰ ਕ੍ਰੋੜ ਰੁਪਏ ਦੇ ਫੁੱਲਾਂ ਦੀ ਵਰਤੋਂ ਕਰਨਾ ਇਹ ਵੀ ਕੋਈ ਦਿਆਨਤਦਾਰੀ ਨਹੀਂ ਹੈ। ਜੱਥੇਦਾਰ ਗੁਰਦਿਆਲ ਸਿੰਘ ਅਜਨੋਹਾ ਜਦੋਂ ਅਕਾਲ ਤੱਖਤ ਦੇ ਜੱਥੇਦਾਰ ਸਨ ਉਹਨਾਂ ਕੋਲ ਰਾਂਚੀ ਦੇ ਗੁਰਸਿੱਖ ਸਰਦਾਰ ਫੁਲੇਲ ਸਿੰਘ ਆਏ ਤੇ ਕਹਿਣ ਲੱਗੇ ਕਿ ਮੇਰੀ ਇੱਛਾ ਹੈ ਕਿ ਮੈ ਦਰਬਾਰ ਸਾਹਿਬ ਬਹੁਤ ਸੁੰਦਰ ਇਕ ਪਾਲਕੀ ਭੇਂਟ ਕਰਾਂ। ਬੇਬਾਕ ਜੱਥੇਦਾਰ ਗੁਰਦਿਆਲ ਸਿੰਘ ਅਜਨੋਹਾ ਕਹਿਣ ਲੱਗੇ ਕਿ, “ਸ੍ਰ. ਸਾਹਿਬ ਕੀ ਤੁਹਾਨੂੰ ਨਹੀਂ ਲਗਦਾ ਕਿ ਤੁਹਾਡੇ ਤੋਂ ਪਹਿਲਾਂ ਇੱਥੇ ਕੋਈ ਸਿਆਣਾ ਅਤੇ ਤੁਹਾਡੇ ਤੋਂ ਵੱਧ ਧਨਾਢ ਸਿੱਖ ਆਇਆ ਹੋਵੇਗਾ? ਜੇ ਕਰ ਦਰਬਾਰ ਸਾਹਿਬ ਫਿਰ ਵੀ ਪਾਲਕੀ ਨਹੀਂ ਹੈ ਤਾਂ ਇਹ ਸਮਝਣ ਦੀ ਲੋੜ ਹੈ ਕਿ ਕਿਉਂ ਨਹੀਂ? ਇਸ ਦੇ ਬਾਅਦ ਜੱਥੇਦਾਰ ਸਾਹਿਬ ਨੇ ਇਸ ਬਾਰੇ ਜਾਣਕਾਰੀ ਦੇ ਕੇ ਉਨ੍ਹਾਂ ਦੀ ਤਸੱਲੀ ਕਰਵਾ ਦਿੱਤੀ। ਅੱਜ ਤਕ ਕਦੇ ਵੀ ਦਰਬਾਰ ਸਾਹਿਬ ਵਿੱਚ ਪਾਲਕੀ ਨਹੀਂ ਹੋਈ ਬਲ ਕਿ ਮੰਜੀ ਸਾਹਿਬ ‘ਤੇ ਹੀ ਪ੍ਰਕਾਸ਼ ਹੁੰਦਾ ਹੈ। ਪੰਥਕ ਏਕਤਾ ਤੇ ਸਿੱਖ ਸਿਧਾਂਤ ਲਈ ਜ਼ਰੂਰੀ ਹੈ ਕਿ ਅਰਦਾਸ ਵਿਚ ਇਕਸਾਰਤਾ ਰੱਖੀ ਜਾਏ। ਜਿਸ ਤਰ੍ਹਾਂ ਅਰਦਾਸ ਦੇ ਬੋਲ ਹਨ– ਅਰਦਾਸ ਦੇ ਅਖੀਰ ਵਿਚ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਦੇ ਹਜ਼ੂਰ ਅਰਦਾਸ ਬੇਨਤੀ ਪਰ ਅੱਜ ਸਾਂਝਾ ਉਪਦੇਸ਼ ਛੱਡ ਕੇ ਆਪੋ ਮਰਜ਼ੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਸਥਾਨਿਕ ਗੁਰਦੁਆਰੇ ਜਿਸ ਦੇ ਨਾਂ ‘ਤੇ ਬਣੇ ਹਨ ਉਨ੍ਹਾਂ ਅੱਗੇ ਅਰਦਾਸ ਕਰਦੇ ਹਾਂ। ਸਭ ਡੇਰੇ ਵਾਲੇ ਆਪੋ ਆਪਣੇ ਮਰ ਚੁੱਕੇ ਬਾਬਿਆਂ ਦੇ ਨਾਂ ਲ਼ੈਂਦੇ ਹਨ। ਮੇਰਾ ਮੰਨਣਾ ਹੈ ਕਿ ਥੋੜੀ ਜੇਹੀ ਖੁਲ੍ਹ ਨਾਲ ਸਿਧਾਂਤਕ ਬਖੇੜਾ ਖੜਾ ਹੁੰਦਾ ਹੈ ਤੇ ਪੰਥਕ ਏਕਤਾ ਨੂੰ ਖੋਰਾ ਲਗਦਾ ਹੈ। ਬਹੁਤ ਸਾਰੇ ਡੇਰਿਆਂ ਵਲੋਂ ਮਰ ਚੁੱਕੇ ਸਾਧਾਂ ਦੀਆਂ ਬਰਸੀਆਂ ਮਨਾਉਣ ਦਾ ਰੁਝਾਨ ਪੈਦਾ ਹੋ ਗਿਆ ਹੈ ਪਰ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਲਾਸਾਨੀ ਸ਼ਹੀਦ ਨੂੰ ਕਦੇ ਵੀ ਇਨ੍ਹਾਂ ਡੇਰਿਆ ਵਿਚ ਕੋਈ ਪ੍ਰੋਗਰਾਮ ਨਹੀਂ ਹੋਇਆ। ਬਰਸੀਆਂ ਦਾ ਸਿੱਖੀ ਸਿਧਾਂਤ ਨਾਲ ਕੋਈ ਲੈਣ ਦੇਣ ਨਹੀਂ ਹੈ। ਐ ਪੰਥ ਖਾਲਸਾ ਹੋਸ਼ ਮੇਂ ਆ, ਔਰ ਨਬਜ਼ ਪਹਿਚਾਨ ਜ਼ਮਾਨੇ ਦੀ, ਯਾਂ ਹਰ ਕੋਈ ਅਪਨੇ ਦਾਓ ਪੇ ਹੈ, ਸੱਚ ਬਾਤ ਕਹੂੰ ਸਮਝਾਨੇ ਕੀ। ਅਬ ਜੋਸ਼ਿ ਪੰਥ ਖ਼ਾਮੋਸ਼ ਨ ਰਹ, ਗੈਰੋਂ ਨੇ ਤੇਰਾ ਘਰ ਲੂਟ ਲੀਆ, ਇਨ ਲੰਪਟ ਚੋਰ ਲੁਟੇਰੋਂ ਕੋ ਤੁਝੇ ਗਰਜ਼ ਹੈ ਸਬਕ ਸਿਖਾਨੇ ਕੀ। ਪਿੰ੍ਰ. ਹਰਭਜਨ ਸਿੰਘ ਜੀ ਚੰਡੀਗੜ੍ਹ ਵਾਲੇ