ਗੁਰਮਤਿ ਗਿਆਨ ਮਿਸ਼ਨਰੀ ਕਾਲਜ
Gurmat Gian Missionary College

ਪ੍ਰਿੰ. ਗੁਰਬਚਨ ਸਿੰਘ ਪੰਨਵਾਂ # 99155-29725

ਸਿੱਖੀ ਦੇ ਵਿਹੜੇ ਵਿਚ ਨਿੱਤ ਨਵੇਂ ਕਰਮ-ਕਾਂਡ

ਬਾਣੀ ਦੀ ਰਚਨਾ ਇਸ ਲਈ ਕੀਤੀ ਗਈ ਸੀ ਕਿ ਅਸੀ ਪਖੰਡ ਛੱਡੀਏ ਪਰ ੳਸੀ ਪਖੰਡ ਤਾਂ ਕੀ ਛੱਡਣੇ ਸੀ, ਉਲਟਾ ਪਖੰਡ ਕਰਨ ਲਈ ਬਾਣੀ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਗਿਆਨ ਹੀਣ ਸ਼ਰਧਾ ਤੇ ਸ਼ਰਧਾਹੀਣ ਗਿਆਨ ਦੋਵੇਂ ਹੀ ਮਨੁੱਖ ਨੂੰ ਜ਼ਿੰਦਗੀ ਦੀ ਲੀਹ ਤੋਂ ਲਾਹੁੰਦੇ ਹਨ। ਗੁਰਬਾਣੀ ਵਾਕ ਹੈ— ਗਿਆਨ ਹੀਣੰ ਅਗਿਆਨ ਪੂਜਾ ॥ ਅੰਧ ਵਰਤਾਵਾ ਭਾਉ ਦੂਜਾ ॥ (1412)
ਗੁਰਬਾਣੀ ਨੂੰ ਸਮਝਣ ਲਈ ਅੱਖ਼ਰ ਗਿਆਨ, ਸ਼ਬਦ ਗਿਆਨ ਤੇ ਫਿਰ ਵਾਕ ਬਣਤਰ ਦੀ ਸੋਝੀ ਹੋਣੀ ਚਾਹੀਦੀ ਹੈ। ਸ਼ਬਦ ਅਰਥ, ਤੁਕ ਅਰਥ, ਸਮੁੱਚੇ ਸ਼ਬਦ ਦੇ ਅਰਥ, ਰਹਾਉ ਦੀ ਤੁਕ ਦਾ ਫਲਸਫਾ ਤੇ ਫਿਰ ਭਾਵ ਅਰਥਾਂ ਨੂੰ ਸਮਝਿਆ ਜਾਏਗਾ। ਗੁਰਬਾਣੀ ਦੇ ਭਾਵ ਅਰਥ ਹੀ ਜ਼ਿੰਦਗੀ ਵਿਚ ਲਾਗੂ ਹੁੰਦੇ ਹਨ। ਗੁਰਬਾਣੀ ਫਲਸਫੇ ਦੀ ਵਿਧੀ ਵਿਧਾਨ ਨੂੰ ਕੋਈ ਸਮਝਣ ਲਈ ਤਿਆਰ ਨਹੀਂ ਹੈ। ਡੇਰੇਦਾਰਾਂ ਦੀ ਮਰਯਾਦਾ ਵੱਖਰੀ ਹੈ ਕਿਉਂਕਿ ਉਹ ਗੁਰਬਾਣੀ ਦੇ ਅੱਖਰੀਂ ਅਰਥਾਂ ‘ਤੇ ਬਿਰਤਾਂਤ ਸਿਰਜਦੇ ਹਨ। ਹਰ ਡੇਰਾ ਕੋਈ ਨਾ ਕੋਈ ਨਵੀਂ ਘੜੁੱਤ ਛੱਡ ਕੇ ਉਸ ਨੂੰ ਪੁਰਾਤਨਤਾ ਦਾ ਨਾਂ ਦੇਂਦਾ ਹੈ। ਹੋਰ ਵੀਹ ਸਾਲਾਂ ਤਕ ਚੌਪਹਿਰਿਆਂ ਦੀ ਪੁਰਾਤਨ ਮਰਯਾਦਾ ਅਮਰ ਵੇਲ ਦਾ ਰੂਪ ਧਾਰ ਚੁੱਕੀ ਹੋਵੇਗੀ। ਇਨ੍ਹਾਂ ਚੌਪਹਿਰਿਆਂ ਦਾ ਨਵਾਂ ਇਤਿਹਾਸ ਸਿਰਜਿਆ ਜਾਏਗਾ। ਚੌਪਹਿਰਿਆਂ ਸਬੰਧੀ ਵੰਨ ਸੁਵੰਨੀਆਂ ਪੁਸਤਕਾਂ ਹੋਂਦ ਵਿਚ ਆ ਜਾਣਗੀਆਂ। ਜਿਹੜਾ ਇਨ੍ਹਾਂ ਦੇ ਪਾਖੰਡ ਵਿਰੁੱਧ ਬੋਲੇਗਾ ਉਹ ਪੰਥ ਦੋਖੀ, ਸਰਕਾਰੀ ਬੰਦਾ ਤੇ ਆਰ. ਐਸ. ਐਸ. ਦਾ ਏਜੰਟ ਗਰਦਾਨਿਆ ਜਾਏਗਾ।
ਬਹੁਮੁੱਲੇ ਇਤਿਹਾਸਕ ਲੇਖ ਸੰਪਾਦਕ ਸ੍ਰ ਕਰਮ ਸਿੰਘ ਦੀ ਪੁਸਤਕ ਦੇ ਪੰਨਾ ਨੰਬਰ 74 ਤੇ ਸ੍ਰੀ ਮਾਨ ਤੇਜਾ ਸਿੰਘ ਐਮ. ਏ. ਬਨਾਉਟੀ ਇਤਿਹਾਸ ਦੇ ਸਿਰਲੇਖ ਹੇਠ ਲਿਖਦੇ ਹਨ, ਕਿ “ਸਿੱਖਾਂ ਵਿਚ ਵੀ ਗੁਰਦੁਆਰਿਆਂ ਦੀ ਮਾਨਤਾ ਵਧਾਉਣ ਲਈ ਕਈਆਂ ਨੇ ਕਈ ਸਾਖੀਆਂ ਜਾਂ ਇਤਿਹਾਸਕ ਯਾਦਗਾਰਾਂ ਬਣਾ ਲਈਆਂ ਹਨ। ਜਿਨ੍ਹਾਂ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦੇ ਜਨਮ ਦੀ ਤਰੀਕ ਦਾ ਪਤਾ ਨਹੀਂ ਉਹ ਦਸਦੇ ਫਿਰਦੇ ਹਨ ਕਿ ਇਹ ਟਾਂਗੂ ਸਾਹਿਬ ਹੈ, ਇਥੋਂ ਗੁਰੂ ਸਾਹਿਬ ਰੁੱਖ ਉੱਤੇ ਬੈਠੇ ਆਪਣੀਆਂ ਮਹੀਆਂ ਗਾਈਆਂ ਦੀ ਰਖਵਾਲੀ ਕਰਦੇ ਸਨ। ਇਹ ਪੱਟੀ ਸਾਹਿਬ ਹੈ, ਇੱਥੇ ਗੁਰੂ ਸਾਹਿਬ ਨੇ ਪਾਂਧੇ ਪਾਸ ਪੱਟੀ ਲਿਖੀ ਸੀ। ਇਸੇ ਤਰ੍ਹਾਂ ਬੀਬੀ ਨਾਨਕੀ ਜੀ ਦੇ ਹੱਥਾਂ ਦਾ ਕੱਢਿਆ ਹੋਇਆ ਰੁਮਾਲ ਭੀ ਦਿਖਾਇਆ ਜਾਂਦਾ ਹੈ। ਹੁਣੇ ਹੀ ਨਨਕਾਣਾ ਸਾਹਿਬ ਵਿਚ ਰਾਏ ਬੁਲਾਰ ਦੀ ਕਬਰ ਦਾ ਢਕਵੰਜ ਖੜਾ ਕੀਤਾ ਜਾ ਰਿਹਾ ਹੈ। ਜੋ ਯਾਤਰੀ ਜਾਂਦਾ ਹੈ, ਕਹਿੰਦਾ ਹੈ, ਕਿ ਮੈਂ ਰਾਏ ਬੁਲਾਰ ਦੀ ਕਬਰ ਵੀ ਵੇਖ ਆਇਆ ਹਾਂ। ਹਾਲਾਂ ਕਿ ਇਸ ਗੱਲ ਲਈ ਪੁਰਾਣੇ ਥੇਹ ਉੱਤੇ ਕੋਈ ਨਿਸ਼ਾਨੀ ਜਾਂ ਕੋਈ ਸਬੂਤ ਨਹੀਂ, ਇਕ ਦੋ ਸਾਲ ਵਿਚ ਇਹ ਗੱਲ ਪੱਕੀ ਹੋ ਜਾਏਗੀ ਕਿ ਅਸਲ ਇਤਿਹਾਸ ਹੈ”। ਸਿੱਖੀ ਦੇ ਵੇਹੜੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਧਾਰਾ ਨੂੰ ਨਾ ਸਮਝਣ ਕਰਕੇ ਕਈ ਪ੍ਰਕਾਰ ਦੇ ਵਹਿਮ ਭਰਮ ਜਾਂ ਕਰਮ-ਕਾਂਡ ਫੈਲਾਏ ਜਾ ਰਹੇ ਹਨ। ਗੁਰਬਾਣੀ ਦਾ ਸੰਕਲਪ ‘ਸਚਿਆਰ ਮਨੁੱਖ’ ਬਣਨ ਦਾ ਸੀ ਜਿਹੜਾ “ਸਿਖੀ ਸਿਖਿਆ ਗੁਰ ਵੀਚਾਰਿ” ਦੇ ਨਾਲ ਪ੍ਰਗਟ ਹੁੰਦਾ ਹੈ। ਬਹੁਤਾਤ ਵਿਚ ਡੇਰੇ ਗੁਰਬਾਣੀ ਸੰਕਲਪ ਨੂੰ ਭੁੱਲ ਕੇ ਕਰਮ ਕਾਂਡਾਂ ਤੇ ਧਾਰਮਿਕ ਪਾਖੰਡਾਂ ਵਿਚ ਗਵਾਚ ਗਏ ਹਨ—ਜੇਹਾ ਕਿ ਗੁਰਬਾਣੀ ਵਾਕ ਹੈ— ਹਿਰਦੈ ਸਚੁ ਏਹ ਕਰਣੀ ਸਾਰੁ ॥ ਹੋਰੁ ਸਭੁ ਪਾਖੰਡੁ ਪੂਜ ਖੁਆਰੁ ॥ (1343) ਗੁਰਬਾਣੀ ਦਾ ਤੱਤ ਗਿਆਨ ਹੈ ਕਿ ਅਕਲ, ਗਿਆਨ ਆਤਮਿਕ ਸੂਝ ਨਾਲ ਹੀ ਸਾਨੂੰ ਜ਼ਿੰਦਗੀ ਵਿਚ ਵਿਚਰਨਾ ਚਾਹੀਦਾ ਹੈ। ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥ (1245)
ਅਸਲ ਅਕਲ ਇਹ ਹੈ ਕਿ ਪ੍ਰਭੂ ਦੇ ਭੇਦਾਂ ਨੂੰ ਸਮਝ ਕੇ ਅਕਲ ਨਾਲ ਜ਼ਿੰਦਗੀ ਨੂੰ ਜਿਉਣ ਦਾ ਯਤਨ ਕੀਤਾ ਜਾਏ। ਉਹ ਕਾਹਦੀ ਅਕਲ ਹੈ ਜਿਹੜੀ ਧਾਗ੍ਹੇ ਤਵੀਤ, ਕਰਮ ਕਾਂਡ ਤੇ ਪਾਖੰਡਾਂ ਵਿਚ ਹੀ ਗਵਾਚ ਜਾਏ। ਗੁਰੂ ਅਮਰਦਾਸ ਜੀ ਦਾ ਵਾਕ ਹੈ ਕਿ ਬਾਹਰੋਂ ਧਰਮ ਦੇ ਨਾਂ ‘ਤੇ ਪਾਖੰਡ ਕਰ ਰਿਹਾ ਏਂ ਪਰ ਆਪਣੇ ਅੰਦਰ ਕਪਟ ਲੁਕਾ ਕਿ ਰੱਖਿਆ ਹੋਇਆ ਹੈ। ਬਾਹਰਿ ਪਾਖੰਡ ਸਭ ਕਰਮ ਕਰਹਿ ਮਨਿ ਹਿਰਦੈ ਕਪਟੁ ਕਮਾਇ ॥ ਖੇਤਿ ਸਰੀਰਿ ਜੋ ਬੀਜੀਐ ਸੋ ਅੰਤਿ ਖਲੋਆ ਆਇ ॥ (1418) ਸਿੱਖੀ ਦੇ ਵਿਹੜੇ ਵਿਚ ਵੇਖਾ ਵੇਖਾ ਗੁਰਬਾਣੀ ਦੇ ਅਧਾਰਤ ਹੀ ਨਵੇਂ ਨਵੇਂ ਅਜੇਹੇ ਕਰਮ ਧਰਮ ਸ਼ੁਰੂ ਹੋਏ ਹਨ ਜਿੰਨਾਂ ਦਾ ਗੁਰਮਤਿ ਨਾਲ ਕੋਈ ਵੀ ਵਾਹ ਵਾਸਤਾ ਨਹੀਂ ਹੈ। ਸਿੱਖੀ ਦੇ ਵਿਹੜੇ ਵਿਚ ਕਰਮ-ਕਾਂਡਾਂ ਦੀ ਲਿਸਟ ਬਹੁਤ ਲੰਮੀ ਹੈ ਪਰ ਸੰਖੇਪ ਵਿਚ ਕੁਝ ਕੁ ਕਰਮ ਕਾਂਡਾ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਦੇਖਣ ਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਇਹ ਗੁਰਬਾਣੀ ਪੜ੍ਹ ਰਿਹਾ ਹੈ ਪਰ ਗੁਰਬਾਣੀ ਰਾਂਹੀਂ ਹੀ ਧਰਮ ਦੇ ਨਾਂ ‘ਤੇ ਕਰਮ-ਕਾਂਡ ਕਰ ਰਿਹਾ ਹੈ।
ਦੁੱਖ ਭੰਜਨੀ ਦੇ ਗੁਟਕੇ ਗੁਰਬਾਣੀ ਵਿਚੋਂ ਕੁਝ ਉਹ ਚੋਣਵੇਂ ਸ਼ਬਦ ਲਏ ਗਏ ਹਨ ਜਿੰਨ੍ਹਾਂ ਵਿਚ ਤਾਤੀ ਵਾਉ, ਦੁਖ ਭੰਜਨ, ਰੋਗ, ਤਾਪ ਨਵਾਂ ਨਰੋਆ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਸ਼ਬਦਾਂ ਦੇ ਸੰਗ੍ਰਹਿ ਦਾ ਨਾਂ ਰੱਖ ਦਿੱਤਾ ਦੁੱਖ ਭੰਜਨ ਸਾਹਿਬ। ਹਰੇਕ ਸ਼ਬਦ ਨੂੰ ਪੜ੍ਹਨ ਦੀ ਵਿਧੀ ਦੱਸੀ ਗਈ ਹੈ ਕਿ ਕਿਸ ਸ਼ਬਦ ਦਾ ਪਾਠ ਕਿਸ ਵਿਧੀ ਨਾਲ ਕਰਨਾ ਹੈ। ਜਨ ਸਧਾਰਨ ਸੰਗਤ ਇਸ ਭੁਲੇਖੇ ਵਿਚ ਫਸ ਗਈ ਕਿ ਸ਼ਾਇਦ ਸ਼ਬਦਾਂ ਨੂੰ ਬਾਰ ਬਾਰ ਵਿਧੀ ਨਾਲ ਪੜ੍ਹਿਆਂ ਸਾਡਾ ਰੋਗ ਦੂਰ ਹੋ ਜਾਏਗਾ। ਗੁਰਬਾਣੀ ਦੇ ਮਹੱਤਵ ਨੂੰ ਸਮਝਣ ਦੀ ਥਾਂ ‘ਤੇ ਗੁਰਬਾਣੀ ਦਾ ਹੀ ਓਟ ਆਸਰਾ ਲੈ ਕੇ ਵੱਡਾ ਪਾਖੰਡ ਖੜਾ ਕਰ ਦਿੱਤਾ ਗਿਆ ਹੈ। ਹੁਣ ਜੇ ਕੋਈ ਸਮਝਾਉਣ ਦਾ ਯਤਨ ਕਰੇਗਾ ਤਾਂ ਅੱਗੋਂ ਜੁਆਬ ਆਏਗਾ ਤੁਸੀਂ ਬਾਣੀ ਪੜ੍ਹਨ ਤੋਂ ਰੋਕਦੇ ਹੋ? ਕੀ ਬਾਣੀ ਪੜ੍ਹਨੀ ਮਾੜੀ ਗੱਲ ਹੈ? ਧਾਰਮਿਕ ਕਰਮ-ਕਾਂਡਾ ਨੂੰ ਗੁਰਬਾਣੀ ਦਲੀਲਾਂ ਨਾਲ ਸਹੀ ਸਾਬਤ ਕਰਨ ਦਾ ਯਤਨ ਕਰਦੇ ਹਨ। ਕੀ ਗੁਰਬਾਣੀ ਦੇ ਇਸ ਵਾਕ ਨੂੰ ਵਿਚਾਰਨ ਦਾ ਉਪਰਾਲਾ ਕਰਾਂਗੇ? ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥ ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥ (669)
ਸਰਬ ਰੋਗ ਕਾ ਅਉਖਦੁ ਨਾਮੁ “ਸਰਬ ਰੋਗ ਕਾ ਅਉਖਦੁ ਨਾਮੁ” ਦਾ ਭਰਮ ਵੀ ਏਸੇ ਵਿਚੋਂ ਪੈਦਾ ਹੋਇਆ ਹੈ। ਅਗਲਿਆਂ ਨੇ ਇਸ ਨਾਂ ‘ਤੇ ਵੱਡੀ ਸਾਰੀ ਸੰਸਥਾ ਵੀ ਬਣਾ ਲਈ ਪਰ ਆਪਣਾ ਇਲਾਜ ਕਰਾਉਣ ਲਈ ਡਾਕਟਰਾਂ ਦੀ ਸਲਾਹ ਲੈਂਦੇ ਹਨ ਤੇ ਕਈ ਅਮਰੀਕਾ ਵਰਗੇ ਮੁਲਕਾਂ ਵਿਚ ਆਪਣਾ ਇਲਾਜ ਕਰਾ ਰਹੇ ਹਨ। ਗੁਰਬਾਣੀ ਤਾਂ ਮਨ ਦੇ ਰੋਗ ਦੂਰ ਕਰਦੀ ਹੈ ਪਰ ਇਹ ਲੋਕ ਸ਼ਬਦਾਂ ਦਾ ਰਟਨ ਕਰਕੇ ਸਰੀਰਕ ਰੋਗ ਦੂਰ ਕਰਨ ਦਾ ਦਾਅਵਾ ਕਰਦੇ ਹਨ। ਇਨ੍ਹਾਂ ਨੂੰ ਕੌਣ ਸਮਝਾਵੇ ਕਿ ਸਰੀਰਕ ਰੋਗਾਂ ਲਈ ਗੁਰੂ ਅਮਰਦਾਸ ਜੀ ਨੇ ਵੈਦ ਰੱਖੇ ਸਨ ਜਦ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਕੋਹੜੀ ਘਰ ਬਣਾਇਆ ਤੇ ਗੁਰੂ ਹਰਿ ਰਾਇ ਸਾਹਿਬ ਜੀ ਦੇਸੀ ਦਵਾਈਆਂ ਦਾ ਵੱਡ-ਅਕਾਰੀ ਦਵਾਖਾਨਾ ਬਣਵਾਇਆ। ਏਸੇ ਦਵਾਖ਼ਾਨੇ ਤੋਂ ਹੀ ਦਾਰਾ ਸ਼ਿਕੋਹ ਲਈ ਦਵਾਈ ਗਈ ਸੀ।
ਸੰਕਟ ਮੋਚਨ ਇਹ ਠੀਕ ਹੈ ਕਿ ਸਮਾਜ ਵਿਚ ਰਹਿੰਦਿਆਂ ਕਈ ਪ੍ਰਕਾਰ ਦੀਆਂ ਪਰੇਸ਼ਾਨੀਆਂ ਆਉਂਦੀਆਂ ਹਨ ਪਰ ਅਸੀਂ ਉਨ੍ਹਾਂ ਪਰੇਸ਼ਾਨੀਆਂ ਦੇ ਹੱਲ ਲੱਭਣ ਦੀ ਥਾਂ ‘ਤੇ ਕੋਈ ਸੌਖਾ ਰਾਹ ਚੁਣਦੇ ਹਾਂ। ਇਸ ਸੌਖੇ ਰਾਹ ਵਿਚ ਬ੍ਰਾਹਮਣੀ ਤਰਜ਼ ‘ਤੇ ਗੁਰਬਾਣੀ ਸ਼ਬਦਾਂ ਨੂੰ ਮੰਤ੍ਰਾਂ ਵਾਂਗ ਤੋਤਾ ਰਟਨ ਕਰਨ ਦਾ ਰੋਝਾਨ ਪੈਦਾ ਹੋ ਗਿਆ। ਸ਼ਰਾਰਤੀ ਦਿਮਾਗ ਨੇ ਗੁਰਬਾਣੀ ਵਿਚਾਰ ਕੇ ਸਮੱਸਿਆਂਵਾਂ ਦਾ ਹੱਲ ਲੱਭਣ ਦੀ ਥਾਂ ‘ਤੇ ਕੁਝ ਸ਼ਬਦਾਂ ਦਾ ਜਾਪ ਕਰਨ ਦੀ ਵਿਧੀ ਨੂੰ ਜਨਮ ਦਿੱਤਾ। ਸੰਕਟ ਮੋਚਨ ਵਾਲੀ ਪੋਥੀ ਵਿਚ ਧੰਨ ਦੌਲਤ ਦੀ ਪ੍ਰਾਪਤੀ, ਮੁਕਦਮੇ ਦੀ ਜਿੱਤ, ਪੁੱਤਰ ਦੀ ਲਾਲਸਾ, ਵਰ-ਕੰਨਿਆਂ ਦਾ ਸੰਯੋਗ, ਨੌਕਰੀ ਦੀ ਪ੍ਰਾਪਤੀ, ਮਨ ਦੀ ਇੱਛਾ ਜਾਂ ਕਈ ਹੋਰ ਸਮੱਸਿਆਵਾਂ ਦੇ ਹੱਲ ਲਈ ਵਿਧੀ ਪੂਰਵਕ ਗਿਣਤੀ ਦੇ ਪਾਠ ਕਰਨ ਦੀਆਂ ਮਨਘੜ੍ਹਤ ਬੇ-ਫ਼ਜੂਲ ਯੁਗਤੀਆਂ ਦੱਸੀਆਂ ਗਈਆਂ ਹਨ। ਗੁਰਬਾਣੀ ਅਜਿਹੇ ਵਿਧੀ ਪੂਰਵਕ ਪਾਖੰਡਾਂ ਨੂੰ ਰੱਦ ਕਰਦੀ ਹੈ– ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ ॥ (474) ਅਤੇ ਮੰਨੇ ਨਾਉ ਸੋਈ ਜਿਣਿ ਜਾਇ ॥ ਅਉਰੀ ਕਰਮ ਨ ਲੇਖੈ ਲਾਇ ॥ (954) ਮੰਨ ਲਓ ਜੇ ਦੱਸੀ ਵਿਧੀ ਅਨੁਸਾਰ ਜੇ ਬੰਦੇ ਦਾ ਮੁਕਦਮਾ ਨਾ ਜਿੱਤਿਆ ਗਿਆ ਤਾਂ ਫਿਰ ਗੁਰਬਾਣੀ ਸ਼ਬਦ ਦੀ ਕੀ ਮਹਾਨਤਾ ਰਹੇਗੀ?
ਚੋਪਹਿਰਾ ਵਰਤਮਾਨ ਸਮੇਂ ਵਿਚ ਸਭ ਤੋਂ ਵੱਧ ਤੇਜ਼ੀ ਨਾਲ ਚੋਪਹਿਰਾ ਪ੍ਰਫੁੱਲਤ ਹੋਇਆ ਹੈ। ਦਿਨ ਦੇ ਚੌਥੇ ਭਾਗ ਨੂੰ ਚੁਪਹਿਰਾ ਕਿਹਾ ਜਾਂਦਾ ਹੈ। ਹੁਣ ਚੋਪਹਿਰੇ ਤੋਂ ਚੋਪਹਿਰਾ ਸਾਹਿਬ ਬਣ ਗਿਆ ਹੈ। ‘ਸਾਹਿਬ’ ਸ਼ਬਦ ਪਹਿਲਾਂ ਪਹਿਲ ਕੇਵਲ ਗੁਰੂ ਨਾਂਵਾਂ ਨਾਲ ਹੀ ਲਗਾਇਆ ਜਾਂਦਾ ਸੀ ਫਿਰ ਗੁਰੂ ਸਾਹਿਬ ਨਾਲ ਸਬੰਧਿਤ ਅਸਥਾਨਾਂ ਨਾਲ ਲਾਇਆ ਜਾਣ ਲਗ ਪਿਆ। ਹੁਣ ਹਰੇਕ ਵਸਤੂ ਜਾਂ ਗੁਰਮਤਿ ਸਿਧਾਂਤੋਂ ਥਿੜਕੇ ਸਾਧੜਿਆਂ ਦੇ ਨਾਂਵਾਂ ਅਤੇ ਉਨ੍ਹਾਂ ਨਾਲ ਸਬੰਧਿਤ ਥਾਂਵਾਂ ਨਾਲ ਵੀ ਸਾਹਿਬ ਸ਼ਬਦ ਲਗਣਾ ਸ਼ੁਰੂ ਹੋ ਗਿਆ ਹੈ। ਹਨੇਰ ਸਾਂਈਂ ਦਾ ਇਕ ਹੋਰ ਉਖੜੇ ਤੇ ਸਿੱਖ ਸਿਧਾਂਤੋਂ ਥਿੜਕੇ ਡੇਰੇ ਵਲੋਂ ਦਿਨ ਦੇ ਚੌਥੇ ਪਹਿਰ ਨੂੰ ਚੋਪਹਿਰਾ ਸਾਹਿਬ ਸ਼ਬਦ ਨਾਲ ਪ੍ਰਚੱਲਤ ਕਰ ਦਿੱਤਾ ਹੈ। ਸਿੱਖੀ ਨੂੰ ਹਿੰਦੂਤਵ ਵਿਚ ਰੰਗਣ ਲਈ ਕਈ ਤਰ੍ਹਾਂ ਦੇ ਪ੍ਰਯੋਗ ਕੀਤੇ ਜਾ ਰਹੇ ਹਨ ਉਨ੍ਹਾਂ ਵਿਚੋਂ ਬਹੁਤੇ ਡੇਰੇ ਭਗਵੇ ਵਿਚ ਰੰਗੇ ਜਾ ਚੁੱਕੇ ਹਨ। ਨਵੀਆਂ ਨਵੀਆਂ ਸੰਪ੍ਰਦਾਵਾਂ ਰਾਹੀਂ ਗੁਰਬਾਣੀ ਦਾ ਓਟ ਆਸਰਾ ਲੈ ਕੇ ਗੁਰਬਾਣੀ ਰਾਹੀਂ ਹੀ ਗੁਰਬਾਣੀ ਸਿਧਾਂਤ ਨਾਲੋਂ ਤੋੜਿਆ ਜਾ ਰਿਹਾ ਹੈ। ਅੰਮ੍ਰਿਤਸਰ ਵਿਖੇ ਇਕ ਡੇਰੇ ਵਲੋਂ ਬਾਬਾ ਦੀਪ ਸਿੰਘ ਜੀ ਦੀ ਮਹਾਨ ਸ਼ਹਾਦਤ ਦੇ ਮਹੱਤਵ ਨੂੰ ਸਮਝਣ ਸਮਝਾਉਣ ਦੀ ਥਾਂ ‘ਤੇ ਉਨ੍ਹਾਂ ਦੇ ਨਾਂ ‘ਤੇ ਕਰਮ-ਕਾਂਡ ਤੇ ਪਾਖੰਡ ਨੂੰ ਚੋਪਹਿਰਿਆਂ ਦੇ ਨਾਂ ਨਾਲ ਨਵਾਂ ਚੰਦ ਚਾੜ੍ਹਿਆ ਹੈ। ਦੁੱਖ ਇਸ ਗੱਲ ਦਾ ਹੈ ਕਿ ਸਿੱਖ ਸਿਧਾਂਤ ‘ਤੇ ਪਹਿਰਾ ਦੇਣ ਲਈ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਭ ਕੁਝ ਨੱਕ ਹੇਠ ਤਥਾ ਪ੍ਰਬੰਧ ਹੇਠ ਹੋ ਰਿਹਾ ਹੈ। ਸਿੱਖ ਰਹਿਤ ਮਰਯਾਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸਿੱਖ ਕੌਮ ਦੇ ਜੱਥੇਦਾਰ ਜਾਣਦੇ ਹੋਏ ਵੀ ਇਸ ਪਾਸੇ ਧਿਆਨ ਨਹੀਂ ਦੇ ਰਹੇ। ਸ਼੍ਰੋਮਣੀ ਕਮੇਟੀ ਨੂੰ ਧਿਆਨ ਦੇਣ ਦੀ ਵੀ ਕੀ ਲੋੜ ਹੈ ਗੋਲਕ ਭਰਨੀ ਚਾਹੀਦੀ ਹੈ ਸਿਧਾਂਤ ਪਏ ਢੱਠੇ ਖੂਹ ਵਿਚ। ਸੁਣਨ ਵਿਚ ਆਉਂਦਾ ਹੈ ਇਨ੍ਹਾਂ ਦੀ ਬੁਗਨੀ ਇਕ ਐਤਵਾਰ ਨੂੰ ਕਰੋੜ ਕਮਾ ਲੈਂਦੀ ਹੈ। ਇਸਤ੍ਰੀ ਪੁਰਖਾ ਦਾਮ ਹਿਤ ਭਾਵੇਂ ਆਇ ਕਿਥਾਊਂ ਜਾਈ॥ (ਭਾਈ ਗੁਰਦਾਸ ਜੀ ਵਾਰ-1, ਪਉੜੀ-30)
ਜਦੋਂ ਚੋਪਹਿਰਿਆਂ ਦੀ ਕਾਢ ਵਾਲਿਆਂ ਨੇ ਚੁਪਹਿਰੇ ਦੀ ਜੋ ਰੂਪ ਰੇਖਾ ਤਿਆਰ ਕੀਤੀ ਹੈ ਉਹ ਪੜ੍ਹ ਕੇ ਕੀ ਕੋਈ ਕਹਿ ਸਕਦਾ ਹੈ ਕੀ ਇਹ ਗੁਰਮਤਿ ਹੈ? ਚੋਪਹਿਰਿਆਂ ਦੇ ਵਿਸਥਾਰ ਨੂੰ ਸਮਝਣ ਲਈ 9/9/2023 ਨੂੰ ਜੱਗ ਬਾਣੀ ਵਿਚ ਛਪੀ ਲਿਖਤ ਨੂੰ ਸਮਝਣ ਦਾ ਯਤਨ ਕੀਤਾ ਜਾਏਗਾ। ਕੀ ਹੁੰਦਾ ਹੈ ਚੋਪਹਿਰਾ ਸਾਹਿਬ? ਜਾਣੋ ਘਰ ਵਿੱਚ ਚੋਪਹਿਰਾ ਕੱਟਣ ਦੀ ਮਰਿਯਾਦਾ ਤੇ ਵਿਧੀ ਅੰਮ੍ਰਿਤਸਰ—ਗੁਰਦੁਆਰਾ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਵਿਖੇ ਹਰ ਐਤਵਾਰ ਨੂੰ ਚੋਪਹਿਰਾ ਸਾਹਿਬ ਕੱਟਿਆ ਜਾਂਦਾ ਹੈ। ਉਹ ਬਿਪਤਾ ਸਹੇੜਦੇ ਹੀ ਕਿਉਂ ਹਾਂ ਜਿਹੜੀ ਕੱਟਣੀ ਪੈਣੀ ਹੈ। ਪਹਿਲੀ ਗੱਲ ਤਾਂ ਕੱਟਣਾ ਸ਼ਬਦ ਦਾ ਅਰਥ ਮਹਾਨ ਕੋਸ਼ ਵਿਚ ਲਿਖਿਆ ਹੈ—ਵਿਤਾਉਣਾ, ਗ਼ੁਜ਼ਾਰਨਾ–ਵੇਲਾ ਕੱਟਣਾ ਅਤੇ ਦਿਨ ਕੱਟਣਾ ਆਦਿ, ਉਂਝ ਸਾਡੀ ਬੋਲੀ ਵਿਚ ਕੈਦ ਜਾਂ ਜੇਲ੍ਹ ਕੱਟਣੀ ਆਮ ਪ੍ਰਚੱਲਤ ਸ਼ਬਦ ਹੈ। ਔਖਾ ਸਮਾਂ ਲੰਘ ਜਾਏ ਸਮਝਿਆ ਜਾਂਦਾ ਹੈ ਕਿ ਸਾਡਾ ਕਲੇਸ਼ ਕੱਟਿਆ ਗਿਆ। ਕਿਸੇ ਨੇ ਕੋਈ ਸਜਾ ਹੋਈ ਹੋਵੇ ਤਾਂ ਉਹ ਜੇਲ੍ਹ ਵਿਚ ਕੈਦ ਕੱਟਦਾ ਹੈ। ਇਸ ਦਾ ਅਰਥ ਹੈ ਕੋਈ ਗੁਰਬਾਣੀ ਪੜ੍ਹਨ ਸਮਝਣ ਜਾਂ ਵਿਚਾਰਨ ਲਈ ਨਹੀਂ ਜਾਂਦਾ ਸਗੋਂ ਸਮਾਂ ਕੱਟਣ ਨੂੰ ਚੋਪਹਿਰਾ ਕਿਹਾ ਜਾਂਦਾ ਹੈ। ਹਰ ਐਤਵਾਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਚੋਪਹਿਰਾ ਸਾਹਿਬ ਜੀ ਦਾ ਪਾਠ ਹੁੰਦਾ ਹੈ। ਜੇ ਕੋਈ ਸੰਗਤ ਇਸ ਗੁਰਦੁਆਰਾ ਸਾਹਿਬ ਨਹੀਂ ਪਹੁੰਚ ਸਕਦੀ ਤਾਂ ਉਹ ਆਪਣੇ ਘਰ ਵਿਚ ਵੀ ਚੋਪਹਿਰਾ ਸਾਹਿਬ ਜੀ ਦਾ ਪਾਠ ਕਰ ਸਕਦਾ ਹੈ। ਚੌਪਹਿਰੇ ਤੋਂ ਭਾਵ ਚਾਰ ਘੰਟੇ ਜਦੋਂ ਸੰਗਤ ਅਕਾਲ ਪੁਰਖ ਦੀ ਉਸਤਤ ਕਰਦੀ ਹੈ। ਸੰਗਤ ਦਾ ਵਿਸ਼ਵਾਸ ਹੈ ਕਿ ਚੋਪਹਿਰਾ ਸਾਹਿਬ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਹਾਜ਼ਰ ਹੁੰਦੇ ਹਨ। ਇਨ੍ਹਾਂ ਨੂੰ ਪੁੱਛਣਾ ਬਣਦਾ ਹੈ ਕਿ ਫਿਰ ਦਸ ਗੁਰੂ ਸਾਹਿਬਾਨ ਦਾ ਕੀ ਮਹੱਤਵ ਹੋਇਆ? ਗੁਰੂ ਗ੍ਰੰਥ ਸਾਹਿਬ ਜੀ ਦਾ ਕੀ ਮਹੱਤਵ ਹੈ? ਕੀ ਬਾਕੀ ਸ਼ਹੀਦਾਂ ਦਾ ਰੁਤਬਾ ਛੋਟਾ ਹੈ? ਜਦ ਕਿ ਸ਼ਹੀਦ ਤਾਂ ਸਾਰੇ ਬਰਾਬਰ ਦਾ ਦਰਜਾ ਰੱਖਦੇ ਹਨ। ਅਰਦਾਸ ਵਿਚ ਸਾਰਿਆਂ ਸ਼ਹੀਦਾਂ ਨੂੰ ਯਾਦ ਕਰਕੇ ਕਿਹਾ ਜਾਂਦਾ ਹੈ ਜਿੰਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਚੋਪਹਿਰਾ ਸਾਹਿਬ ਕੱਟਣ ਵੇਲੇ ਘਰੋਂ ਕੇਸੀ ਇਸ਼ਨਾਨ ਕਰਕੇ ਸਾਫ਼ ਸੁਥਰੇ ਕੱਪੜੇ ਪਾ ਕੇ ਜਾਣਾ ਚਾਹੀਦਾ ਹੈ। ਜੇ ਕਰ ਸੰਗਤ ਨੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਵਿੱਚ ਚੋਪਹਿਰਾ ਕੱਟਣਾ ਹੈ ਤਾਂ ਦੋ ਘੰਟੇ ਪਹਿਲਾਂ ਪਹੁੰਚਣਾ ਚਾਹੀਦਾ ਹੈ ਤਾਂ ਕਿ ਅਸਾਨੀ ਨਾਲ ਬੈਠਣ ਦੀ ਜਗ੍ਹਾ ਮਿਲ ਸਕੇ। ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤਕ 5 ਪਾਠ ਜਪੁ ਜੀ ਸਾਹਿਬ ਜੀ ਦੇ 2 ਪਾਠ ਚੌਪਈ ਸਾਹਿਬ ਜੀ ਦੇ ਇਕ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਹੈ। ਕੀ ਗੁਰਬਾਣੀ ਗਿਣਤੀ ਦੇ ਪਾਠਾਂ ਨੂੰ ਕੋਈ ਮਾਨਤਾ ਦਿੰਦੀ ਹੈ? ਜੇਕਰ ਲੋੜ ਪਵੇ ਤਾਂ ਇਸ ਦੌਰਾਨ 15-20 ਮਿੰਟ ਅਰਾਮ ਵੀ ਕੀਤਾ ਜਾ ਸਕਦਾ ਹੈ। ਇਸ ਸਮੇਂ ਦੌਰਾਨ ਕੁਝ ਚਾਹ ਪਾਣੀ ਛਕਣਾ ਹੋਵੇ ਜਾਂ ਵਾਸ਼ਰੂਮ ਵਗੈਰਾ ਜਾਣ ਦੀ ਲੋੜ ਹੈ ਤਾਂ ਜਾਇਆ ਜਾ ਸਕਦਾ ਹੈ। ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਅਨੰਦ ਸਾਹਿਬ ਜੀ ਦੀਆਂ ਛੇ ਪਉੜੀਆਂ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਨੀ ਹੈ। ਕਈ ਵਾਰ ਸੰਗਤ ਚਾਰ ਘੰਟੇ ਤੋਂ ਪਹਿਲਾਂ ਵੀ ਪਾਠ ਕਰ ਲੈਂਦੀ ਹੈ। ਜੇ ਕਰ ਕਿਸੇ ਨੇ ਸਾਢੇ ਤਿੰਨ ਘੰਟਿਆਂ ਵਿੱਚ ਪਾਠ ਕਰ ਲਿਆ ਹੈ ਤਾਂ ਬਾਕੀ ਬਚੇ ਅੱਧੇ ਘੰਟੇ ਵਿੱਚ ਵਾਹਿਗੁਰੂ ਸਿਮਰਨ ਕੀਤਾ ਜਾ ਸਕਦਾ ਹੈ ਜਾਂ ਗੁਰਬਾਣੀ ਦੇ ਕਿਸੇ ਸ਼ਬਦ ਦਾ ਸਿਮਰਨ ਕਰਨਾ ਹੈ। ਭਾਵ ਕੇ 12 ਤੋਂ ਲੈ ਕੇ 4 ਵਜੇ ਤਕ ਬਾਣੀ ਪੜ੍ਹਨੀ ਹੈ। ਇਸ ਦਾ ਭਾਵ ਹੈ ਗੁਰਬਾਣੀ ਵਿਚਾਰਨ ਦੀ ਕੋਈ ਲੋੜ ਨਹੀਂ ਕੇਵਲ ਰਟਨ ਦੀ ਲੋੜ ਹੈ। ਹੁਣ ਗੁਰਬਾਣੀ ਦੇ ਇਸ ਵਾਕ ਨੂੰ ਵੀ ਸਮਝ ਲੈਣਾ ਚਾਹੀਦਾ ਹੈ— ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥ (148)
ਦੂਸਰਾ ਘਰ ਵਿਚ ਚੋਪਹਿਰਾ ਸਾਹਿਬ ਕੱਟਣ ਦੀ ਮਰਿਯਾਦਾ ਤੇ ਵਿਧੀ- ਘਰ ਵਿਚ ਚੋਪਹਿਰਾ ਸਾਹਿਬ ਕੱਟਣ ਲਈ ਐਤਵਾਰ ਦੇ ਦਿਨ ਅੰਮ੍ਰਿਤ ਵੇਲੇ ਉੱਠੇ। ਇਸ਼ਨਾਨ ਪਾਣੀ ਕਰਕੇ ਘਰ ਦੀ ਅਤੇ ਖ਼ਾਸ ਰਸੋਈ ਦੀ ਸਫ਼ਾਈ ਕਰੇ। ਫਿਰ ਇਸ਼ਨਾਨ ਕਰਕੇ ਸੁੱਚਮਤਾ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ। ਜਿੱਥੇ ਚੋਪਹਿਰਾ ਸਾਹਿਬ ਕੱਟਣਾ ਹੋਵੇ ਸਾਫ ਵਸਤਰ ਵਿਛਾ ਕੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਉੱਚੇ ਥਾਂ ਰੱਖਣੀ ਹੈ ਤੇ ਫੋਟੋ ਅੱਗੇ ਜੋਤ ਜਗਾਉਣੀ ਹੈ। ਜੇ ਕਿਸੇ ਨੂੰ ਡਰ ਲੱਗਦਾ ਹੈ ਕਿ ਜੋਤ ਜਗਾਉਣ ਨਾਲ ਮਰਯਾਦਾ ਦਾ ਪਾਲਣ ਨਹੀਂ ਕਰ ਸਕਦੇ ਬੇਸ਼ੱਕ ਜੋਤ ਨਾ ਜਗਾਓ। ਜੋਤ ਜਗਾਉਣਾ ਜਾਂ ਨਾ ਜਗਾਉਣਾ ਵਿਆਕਤੀ ਤੇ ਨਿਰਭਰ ਕਰਦਾ ਹੈ। ਇਹ ਕੋਈ ਬੰਦਸ਼ ਨਹੀਂ ਹੈ। ਇਸ ਦਾ ਭਾਵ ਹੈ ਸਿੱਖ ਰਹਿਤ ਮਰਯਾਦਾ ਦੇ ਸਿਧਾਂਤ ਤੋਂ ਵੀ ਡਰਦੇ ਹਨ ਇਸ ਲਈ ਇਹ ਛੋਟ ਦੇ ਰਹੇ ਹਨ। ਜਦੋਂ ਵੀ ਸਮਾਂ ਮਿਲੇ ਜੋਤ ਦੇ ਨਾਂ ਦਾ ਘਿਓ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅੰਮ੍ਰਿਤਸਰ ਵਿਖੇ ਭੇਟਾ ਕਰ ਸਕਦੇ ਹੋ। ਹੁਣ ਸਿੱਖ ਰਹਿਤ ਮਰਯਾਦਾ ਵਿਚ ਤਾਂ ਜੋਤ ਦਾ ਖੰਡਨ ਕੀਤਾ ਗਿਆ ਹੈ। ਕੀ ਗੁਰਬਾਣੀ ਜੋਤ ਦੀ ਗੱਲ ਨਹੀਂ ਕਰਨੀ ਚਾਹੀਦੀ? ਦੇਗ ਬਣਾਉਣ ਤੇ ਜੋਤ ਜਗਾਉਣ ਤੋਂ ਬਾਅਦ ਦੁਪਹਿਰ ਦੇ ਬਾਰ੍ਹਾਂ ਵਜੇ ਬਾਬਾ ਦੀਪ ਸਿੰਘ ਜੀ ਦਾ ਨਾਂ ਲੈ ਕੇ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਹੈ। ਸਿੱਖ ਰਹਿਤ ਮਰਯਾਦਾ ਵਿਚ ਅਰਦਾਸ ਕੇਵਲ ਅਕਾਲ ਪੁਰਖ ਅੱਗੇ ਕਰਨ ਦੀ ਤਾਗ਼ੀਦ ਕੀਤੀ ਜਾਂਦੀ ਹੈ। ਅਰਦਾਸ ਕਿਸ ਕਾਰਜ ਲਈ, ਦੇਹ ਅਰੋਗਤਾ ਜਾਂ ਹੋਰ ਕਿਸੇ ਸੁੱਖ ਲਈ ਵੀ ਹੋ ਸਕਦੀ ਹੈ। ਇਸ ਤੋਂ ਬਾਅਦ 12 ਵਜੇ ਤੋਂ ਲੈ ਕੇ 4 ਵਜੇ ਤਕ 5 ਪਾਠ ਜਪੁ ਜੀ ਸਾਹਿਬ ਜੀ ਦੇ ਦੋ ਪਾਠ ਚੌਪਈ ਸਾਹਿਬ ਜੀ ਦੇ ਅਤੇ ਇਕ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਹੈ। ਗੁਰਦੁਆਰਾ ਸਾਹਿਬ ਵਾਂਗ ਏੱਥੇ ਵੀ 15-20 ਮਿੰਟ ਅਰਾਮ ਕਰ ਸਕਦੇ ਹੋ। ਇਸ ਸਮੇਂ ਦੌਰਾਨ ਕੁਝ ਚਾਹ ਪਾਣੀ ਛੱਕਣਾ ਹੋਵੇ ਜਾਂ ਵਾਸ਼ਰੂਮ ਵਗੈਰਾ ਜਾਣ ਦੀ ਲੋੜ ਹੈ ਤਾਂ ਜਾਇਆ ਜਾ ਸਕਦਾ ਹੈ। ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਅਨੰਦ ਸਾਹਿਬ ਜੀ ਦੀਆਂ ਦੀਆਂ ਛੇ ਪਉੜੀਆਂ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਨੀ ਹੈ। ਇਸ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਗਾਉਣਾ ਹੈ। ਚੌਪਹਿਰੇ ਵਾiਲ਼ਆਂ ਦੀ ਚਲਾਕ ਬਿਰਤੀ ਅਨੁਸਾਰ ਏਦਾਂ ਗੁਰਬਾਣੀ ਪੜ੍ਹਨ ਨਾਲ ਫਾਇਦਾ ਹੈ। ਸੰਗਤਾਂ ਦਾ ਵਿਸ਼ਵਾਸ ਹੈ ਕਿ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਜਦੋਂ ਮਨੁੱਖ ਸੱਚੇ ਦਿਲੋਂ ਚੋਪਹਿਰਾ ਕੱਟਦਾ ਹੈ ਤਾਂ ਉਸ ਦੀਆਂ ਸਾਰੀਆਂ ਅਰਦਾਸਾਂ ਪੂਰੀਆਂ ਹੋ ਜਾਂਦੀਆਂ ਹਨ। ਚੋਪਹਿਰੇ ਵਿਚ ਐਨੀ ਸ਼ਕਤੀ ਹੈ ਕਿ ਜੋ ਕਿਸਮਤ ਵਿਚ ਨਹੀਂ ਲਿਖਿਆ ਹੁੰਦਾ ਪਰਮਾਤਮਾ ਉਹ ਵੀ ਬਖਸ਼ ਦਿੰਦਾ ਹੈ। ਏਦ੍ਹਾਂ ਦੀਆਂ ਮਨ ਘੜਤ ਬੇ-ਥਵਾ ਗੱਲਾਂ ਸਬੰਧੀ ਗੁਰੂ ਨਾਨਕ ਸਾਹਿਬ ਜੀ ਪ੍ਰਤੱਖ ਫੁਰਮਾਣ ਹੈ— ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥ (418)
ਜਿਹੜੇ ਪਾਖੰਡਾਂ ਦੀਆਂ ਗੁਰੂ ਸਾਹਿਬ ਜੀ ਨੇ ਧੁਕੀਆਂ ਉਡਾਈਆਂ ਸਨ ਉਹ ਪਾਖੰਡ ਇਨ੍ਹਾਂ ਨੇ ਬਹਾਦਰ ਕੌਮ ਦੇ ਗਲ਼ ਦਿਨ ਦੀਵੀਂ ਮੜ੍ਹ ਦਿੱਤੇ ਹਨ। ਚੋਪਹਿਰੇ ਵਾਲੇ ਅੰਧ ਭਗਤਾਂ ਨੂੰ ਬੇਨਤੀ ਹੈ ਕਿ ਤੁਹਾਡੇ ਅਨੁਸਾਰ ਚੋਪਹਿਰਿਆਂ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਤਾਂ ਫਿਰ ਬੰਦੀ ਸਿੰਘਾਂ ਦੀ ਰਿਹਾਈ ਲਈ ਚੌਪਹਿਰੇ ਕੱਟ ਲਓ। ਘੱਟੋ ਘੱਟ ਪੰਥਕ ਕਾਰਜ ਤਾਂ ਹੋ ਜਾਏਗਾ। ਪੰਜਾਬ ਦਾ ਪਾਣੀ ਜ਼ਮੀਨ ਵਿਚੋਂ ਗਵਾਚ ਗਿਆ ਹੈ, ਉਸ ਨੂੰ ਲੱਭਣ ਲਈ ਦੋ ਚਾਰ ਚੋਪਹਿਰੇ ਕੱਟ ਲਓ। ਪੰਜਾਬ ਸਿਰ ਕਰਜ਼ੇ ਦਾ ਪੰਡ ਚੜ੍ਹੀ ਹੋਈ ਹੈ ਉਸ ਨੂੰ ਉਤਾਰਨ ਲਈ ਚੋਪਹਿਰ ਕੱਟ ਲਓ ਤਾਂ ਕਿ ਪੰਜਾਬ ਦੀ ਹੋਣੀ ਸਵਾਰੀ ਜਾ ਸਕੇ। ਗੁਰਬਾਣੀ ਦਾ ਫੁਰਮਾਣ ਤਾਂ ਸਾਨੂੰ ਰੱਬੀ ਹੁਕਮ ਵਿਚ ਚੱਲਣ ਦੀ ਤਾਗ਼ੀਦ ਕਰਦਾ ਹੈ— ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥ (3) ਅੰਧ ਭਗਤਾਂ ਦੇ iਖ਼ਆਲ ਅਨੁਸਾਰ ਚੌਪਹਿਰਿਆਂ ਨਾਲ ਜੋ ਮੰਗਾਂਗੇ ਉਹ ਮਿਲ ਜਾਏਗਾ। ਇਸ ਦਾ ਅਰਥ ਹੈ ਜਿਹੜਾ ਮੋਟਰ-ਗੱਡੀਆਂ ਦੇ ਚਿੱਬ ਕੱਢਦਾ ਹੈ ਉਹ ਇਸ ਲਈ ਚੋਪਹਿਰਾ ਕੱਟੇ ਕਿ ਵੱਧ ਤੋ ਵੱਧ ਐਕਸੀਡੈਂਟ ਹੋਣ ਤੇ ਸਾਡੇ ਕਾਰੋਬਾਰ ਵਿਚ ਵਾਧਾ ਹੋਵੇ। ਇਕ ਡਾਕਟਰ ਇਸ ਲਈ ਚੋਪਹਿਰਾ ਕੱਟੇ ਕਿ ਲੋਕ ਵੱਧ ਤੋਂ ਵੱਧ ਬਿਮਾਰ ਹੋਣ ਤਾਂ ਕਿ ਮੇਰਾ ਹਸਪਤਾਲ ਵੱਧ ਕਮਾਈ ਕਰ ਸਕੇ। ਰਾਜਨੀਤਿਕ ਪਾਰਟੀਆਂ ਇਸ ਲਈ ਚੋਪਹਿਰਾ ਕੱਟਣ ਕਿ ਸਾਡੀ ਹੀ ਜਿੱਤ ਹੋਵੇ। ਜਿਸ ਦਾ ਮੁਕਦਮਾ ਚੱਲ ਰਿਹਾ ਹੈ ਉਹ ਇਸ ਲਈ ਚੋਪਹਿਰਾ ਕੱਟੇ ਕਿ ਸਾਡਾ ਝੂਠਾ ਕੇਸ ਜਿੱਤਿਆ ਜਾਏ। ਨਿਆਣਿਆਂ ਨੂੰ ਹੁਣ ਪੜ੍ਹਨ ਦੀ ਲੋੜ ਨਹੀਂ ਕਿ ਚੋਪਹਿਰਾ ਕੱਟਣ ਨਾਲ ਹੀ ਪਾਸ ਹੋ ਜਾਣਗੇ। ਸੂਰਬੀਰਾਂ ਦੀ ਕੌਮ ਨੂੰ ਚਲੀਹੇ ਦੀ ਤਰਜ਼ ਤੇ ਚੌਪਹਿਰੇ ਕੱਟਣ ਵਲ ਤੌਰ ਦਿੱਤਾ। ਚੌਪਹਿਰਿਆਂ ਦੀ ਕਾਢ ਵਾਲੇ ਨੂੰ ਦਾਦ ਦੇਣੀ ਤਾਂ ਬਣਦੀ ਹੀ ਹੈ ਪਰ ਨਾਲ ਇੱਕੀ ਤੋਪਾਂ ਦੀ ਸਲਾਮੀ ਵੀ ਦੇਣੀ ਚਾਹੀਦੀ ਹੈ। ਆਹ ਗੁਰਬਾਣੀ ਵਿਚਾਰ ਤਾਂ ਇਨ੍ਹਾਂ ਦੇ ਉਤੋਂ ਦੀ ਲੰਘ ਜਾਣੇ ਨੇ। 1 ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ ॥ ਨਾ ਤੂ ਆਵਹਿ ਵਸਿ ਬੇਦ ਪੜਾਵਣੇ ॥ (962) 2 ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ ॥ (15) 3 ਨਾਨਕ ਵਿਣੁ ਨਾਵੈ ਕੋ ਥਿਰੁ ਨਹੀ ਪੜਿ ਪੜਿ ਹੋਇ ਖੁਆਰੁ ॥ (84) 4 ਪੜਿ ਪੜਿ ਪੰਡਿਤ ਮੋਨੀ ਥਕੇ ਚਉਥੇ ਪਦ ਕੀ ਸਾਰ ਨ ਪਾਵਣਿਆ ॥ (117) 5 ਲੇਖਾ ਪੜਿ ਨ ਪਹੂਚੀਐ ਕਥਿ ਕਹਣੈ ਅੰਤੁ ਨ ਪਾਇ ॥ (427)
ਹਾਂਗਕੌਂਗ ਦੇ ਸੰਸਾਰ ਪ੍ਰਸਿੱਧ ਗੁਰਦੂਆਰੇ ਵਿੱਚ ਇਕ ਬਾਬੇ ਨੇ ਸਟੇਜ ਤੋਂ ਕਿਹਾ ਕਿ ਇਕ ਦਿਨ ਵਿਚ 151 ਵਾਰ ਜਪੁ ਬਾਣੀ ਦਾ ਪਾਠ ਤੇ ਪੰਜ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣ ਫਿਰ ਜੋ ਮੰਗੋਗੇ ਉਹ ਮਿਲ ਜਾਏਗਾ। ਬਾਬਾ ਜੀ ਨੂੰ ਸਿੱਧਾ ਜੇਹਾ ਸੁਆਲ ਕੀਤਾ ਕਿ ਬਾਬਾ ਜੀ ਜੇ ਜਪੁ ਬਾਣੀ ਦੇ ਇਕ ਪਾਠ ਨੂੰ ਦਸ ਮਿੰਟ ਵੀ ਲਗਦੇ ਹੋਣ ਤਾਂ 151 ਪਾਠ 1510 ਮਿੰਟ ਵਿਚ ਹੋਣਗੇ ਜਦ ਕਿ ਦਿਨ ਰਾਤ ਵਿਚ 1440 ਮਿੰਟ ਬਣਦੇ ਹਨ ਤੇ ਪੰਜ ਸੁਖਮਨੀ ਸਾਹਿਬ ਦੇ ਪਾਠ ਵੱਖਰੇ ਹਨ। ਕੁਲ ਮਿਲਾ ਕਿ ਇਹ 31-32 ਘੰਟੇ ਬਣਦੇ ਹਨ। ਹੁਣ ਦੱਸੋ ਕਿ ਇਸ ਤੋਂ ਵੱਧ ਗੱਪ ਕੀ ਹੋ ਸਕਦੀ ਹੈ? ਗੁਰੂ ਅਰਜਨ ਪਾਤਸ਼ਾਹ ਜੀ ਦਾ ਪਿਆਰਾ ਵਾਕ ਹੈ— ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ ॥ ਗੁਰ ਪਰਸਾਦਿ ਪਦਾਰਥੁ ਪਾਇਆ ਸਤਿਗੁਰ ਕਉ ਇਹੁ ਮਨੁ ਦੀਜੈ ॥ (1325) ਅਤੇ ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥ ਸੰਤਹੁ ਸਾਗਰੁ ਪਾਰਿ ਉਤਰੀਐ ॥ ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ ॥ (747)
ਬਾਬਾ ਦੀਪ ਸਿੰਘ ਸ਼ਹੀਦ ਮਿਸਲ ਦੇ ਮੁੱਖ ਜਥੇਦਾਰ ਰਹੇ ਹਨ। 1757 ਈ. ਨੂੰ ਜਦੋਂ ਤੈਮੂਰ ਸ਼ਾਹ ਤੇ ਨਾਦਰ ਸ਼ਾਹ ਨੇ ਦਰਬਾਰ ਸਾਹਿਬ ਨੂੰ ਪੂਰ ਦੇਣ ਵਾਲੀ ਘਟਨਾ ਦਾ ਪਤਾ ਲੱਗਿਆ ਤਾਂ ਬਾਬਾ ਦੀਪ ਸਿੰਘ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਵਲ ਨੂੰ ਚੱਲ ਪਏ। ਸਿੱਖ ਰਵਾਇਤਾਂ ਅਨੁਸਾਰ 5 ਤੋਂ 7 ਹਜ਼ਾਰ ਤਕ ਸਿੰਘਾਂ ਦੀ ਗਿਣਤੀ ਹੋ ਗਈ ਸੀ। ਡਾਕਟਰ ਦਿਲਗੀਰ ਜੀ ਸਿੱਖ ਤਵਰੀਖ ਭਾਗ ਦੂਜਾ ਦੇ ਪੰਨਾ 206 ਤੇ ਲਿਖਦੇ ਹਨ ਕਿ ਦਰਬਾਰ ਸਾਹਿਬ ਦੇ ਨੇੜੇ ਬਾਬਾ ਦੀਪ ਸਿੰਘ ਦੀ ਗਰਦਨ ‘ਤੇ ਬਹੁਤ ਗਹਿਰਾ ਫੱਟ ਲੱਗਿਆ ਪਰ ਬਾਬਾ ਦੀਪ ਸਿੰਘ ਸਿੰਘ ਨੇ ਇਕ ਹੱਥ ਨਾਲ ਗਰਦਨ ਨੂੰ ਸਹਾਰਾ ਦੇ ਕੇ ਦੂਜੇ ਹੱਥ ਨਾਲ ਖੰਡਾ ਵਾਹੁੰਣਾ ਸ਼ੁਰੂ ਕੀਤਾ ਤਾਂ ਦੁਸ਼ਮਨ ਦੀ ਫੌਜ ਅਜੇਹੀ ਬਹਾਦਰੀ ਦੇਖ ਕੇ ਭੱਜ ਉੱਠੀ। ਬਾਬਾ ਦੀਪ ਸਿੰਘ ਜੀ ਨੇ ਦਰਬਾਰ ਸਾਹਿਬ ਦੀ ਅਜ਼ਾਦੀ ਲਈ ਆਪਣੀ ਸ਼ਹਾਦਤ ਦਿੱਤੀ। ਸਿੱਖ ਇਤਿਹਾਸ ਵਿਚ ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਦੀ ਤਰ੍ਹਾਂ ਸ਼ਹੀਦਾਂ ਦੀ ਕਤਾਰ ਬਹੁਤ ਲੰਮੀ ਹੈ। ਅਸੀਂ ਹਰ ਰੋਜ਼ ਸਵੇਰੇ ਸ਼ਾਮ ਅਰਦਾਸ ਵਿਚ ਯਾਦ ਕਰਦੇ ਹਾਂ ਕਿ ਜਿੰਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ‘ਤੇ ਚੜੇ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਨੂੰ ਯਾਦ ਕਰਦੇ ਹਾਂ। ਦੁਖ ਦੀ ਗੱਲ ਹੈ ਕਿ ਚੋਪਹਿਰਾ ਭਗਤਾਂ ਨੇ ਬਾਬਾ ਦੀਪ ਸਿੰਘ ਦੀ ਮਹਾਨ ਸ਼ਹੀਦੀ ਦੇ ਫਲਸਫੇ ਨੂੰ ਹਿੰਦੂ ਕਰਮ-ਕਾਂਡ ਵਿਚ ਬਦਲ ਦਿੱਤਾ ਹੈ। ਉਧਰ ਹਨੂਮਾਨ ਚਲੀਹਾ ਕੱਟਿਆ ਜਾਂਦਾ ਹੈ ਤੇ ਏੱਥੇ ਚੋਪਹਿਰਾ ਕੱਟਣਾ ਸ਼ੁਰੂ ਹੋ ਗਿਆ। ਗੁਰਬਾਣੀ ਦੇ ਅਗੰਮੀ ਸਿਧਾਂਤ ਨੂੰ ਜਾਣਦਿਆਂ ਬੁਝਦਿਆਂ ਸਿੱਖਾਂ ਨੂੰ ਵਿਚਾਰਵਾਨ ਬਣਾਉਣ ਦੀ ਥਾਂ ‘ਤੇ ਭਰਮਾਂ ਵਹਿਮਾਂ ਵਿਚ ਪਾਇਆ ਜਾ ਰਿਹਾ ਹੈ। ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ (594)
ਜੋ ਕੁਝ ਚੌਪਹਿਰੇ ਦੇ ਨਾਂ ‘ਤੇ ਕੀਤਾ ਜਾ ਰਿਹਾ ਹੈ ਇਹ ਨਾ ਤਾਂ ਗੁਰਬਾਣੀ ਸਿਧਾਂਤ ਤੇ ਨਾ ਹੀ ਰਹਿਤ ਮਰਯਾਦਾ ਅਨੁਸਾਰ ਹੈ। ਇਹ ਸਾਰਾ ਕੁਝ ਮੰਦਰਾਂ ਦੀ ਤਰਜ਼ ‘ਤੇ ਹੋ ਰਿਹਾ ਹੈ। ਦੇਸ-ਵਿਦੇਸ਼ ਵਿਚ ਬਾਬਾ ਦੀਪ ਸਿੰਘ ਜੀ ਨਾਂ ‘ਤੇ ਗਰੁਦੁਆਰੇ ਖੋਲ੍ਹ ਕੇ ਪੂਰਾ ਮਨਮਤੀ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਸਾਰਾ ਕੁਝ ਹਿੰਦੂਤਵੀ ਮੰਦਰਾਂ ਤੇ ਦੇਵੀ ਦੇਵਤਿਆਂ ਦੀ ਪੂਜਾ ਵਾਂਗ ਕੀਤਾ ਜਾ ਰਿਹਾ ਹੈ। ਇਹ ਵੀ ਮੰਨਣਾ ਪਏਗਾ ਇਨ੍ਹਾਂ ਲੋਕਾਂ ਨੇ ਬਾਬਾ ਦੀਪ ਸਿੰਘ ਦੀ ਸ਼ਹਾਦਤ ਨੂੰ ਸਮਝਣ ਦੀ ਥਾਂ ‘ਤੇ ਕਰਮ-ਕਾਂਡ ਸ਼ੁਰੂ ਕਰ ਦਿੱਤਾ। ਕਾਸ਼ ਗੁਰਬਾਣੀ ਸਿਧਾਂਤ ਸਮਝਿਆ ਜਾਂਦਾ ਤਾਂ ਅਜੇਹੇ ਕਰਮ ਕਾਂਡ ਕਦੇ ਵੀ ਜਨਮ ਨਾ ਲੈਂਦੇ— ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥ (88) ਅਤੇ ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥ (1418)
ਚੋਪਹਿਰਿਆਂ ਦੇ ਵਹਿਮ ਵਿਚ ਪੈਣ ਦੀ ਥਾਂ ‘ਤੇ ਜੇ ਕੋਈ ਕਹੇ ਭਾਈ ਗੁਰਬਾਣੀ ਆਪ ਸੁਣ ਤੇ ਆਪ ਸਮਝੋ ਤੇ ਹੋਰਨਾਂ ਨੂੰ ਸਮਝਾਉਣ ਦਾ ਯਤਨ ਕਰੋ। ਅੰਧ ਭਗਤ ਕਹਿੰਦੇ ਹਨ ਕਿ ਜੀ ਇਹ ਗੁਰਬਾਣੀ ਪੜ੍ਹਨ ਤੋਂ ਰੋਕਦੇ ਹਨ। ਇਹ ਵੀ ਕਹਿੰਦੇ ਹਨ ਕਿ ਕੀ ਗੁਰਬਾਣੀ ਪੜ੍ਹਨੀ ਕੋਈ ਮਾੜੀ ਗੱਲ ਹੈ। ਨਹੀਂ ਜੀ ਕੋਈ ਮਾੜੀ ਗੱਲ ਨਹੀਂ ਹੈ, ਪਰ ਜਿਹੜਾ ਚੋਪਹਿਰਿਆ ਵਾਲਾ ਸਿਧਾਂਤ ਘੜਿਆ ਗਿਆ ਹੈ ਉਹ ਗੁਰਮਤਿ ਨਹੀਂ ਹੈ। ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥ ਕੂਕ ਪੂਕਾਰ ਨ ਚੁਕਈ ਨਾ ਸੰਸਾ ਵਿਚਹੁ ਜਾਇ ॥ ਨਾਨਕ ਨਾਮ ਵਿਹੂਣਿਆ ਮੁਹਿ ਕਾਲੈ ਉਠਿ ਜਾਇ॥ (647)